.

ੴਸਤਿਨਾਮ

ਕਉਣ ਮਾਸ ਕਉਣ ਸਾਗ ਕਹਾਵੈ

(ਭਾਗ ਛੇਵਾਂ)

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥

ਵਾਲੇ ਇਸ ਸ਼ਬਦ ਵਿੱਚ ਇਹ ਤਾਂ ਕੋਈ ਛੱਕ ਨਹੀਂ ਹੈ, ਕਿ ਇਹ ਸਾਰਾ ਸ਼ਬਦ ਗੁਰੂ ਨਾਨਕ ਦੇਵ ਜੀ ਨੇਂ ਪੰਡਿਤ ਨੂੰ ਸੰਬੋਧਨ ਕਰ ਕੇ, ਜਾਂ ਪੰਡਿਤ ਨੂੰ ਸਮਝਾਉਣ ਵਾਸਤੇ, ਜਾਂ ਇਹ ਕਹਿ ਲਵੋ ਕਿ ਪੰਡਿਤ ਦੇ ਮਨ ਦੇ ਭਰਮ ਅਤੇ ਅਗਿਆਨਤਾਂ ਨੂੰ ਦੂਰ ਕਰਨ ਵਾਸਤੇ, ਇੱਕ ਸਿੱਖਿਆ ਦੇ ਰੂਪ ਵਿੱਚ ਲਿਖਿਆ ਜਾਂ ਉਚਾਰਿਆ ਹੈ।

(ਇਹ ਸ਼ਬਦ ਪਾਂਡੇ ਨੂੰ ਬਹੁਤ ਵੱਡੀ ਸਿਖਿਆ ਹੈ, ਇਹ ਸ਼ਬਦ ਪਾਂਡੇ ਨੂੰ ਤਾਅਨਾਂ ਮਿਹਣਾਂ ਜਾਂ ਪਾਂਡੇ ਨਾਲ ਝੱਗੜਾ ਨਹੀਂ ਹੈ)

ਅਤੇ ਇਹ ਪੂਰੇ ਦਾ ਪੂਰਾ ਸ਼ਬਦ, ਇਕੋ ਹੀ ਰੌਂ ਲੈਅ ਜਾਂ ਬੰਦ ਵਿੱਚ ਪੂਰਾ ਕੀਤਾ ਹੈ। ਸੋ ਕਹਿ ਸੱਕਦੇ ਹਾਂ ਕਿ ਇਹ ਪੂਰੇ ਦਾ ਪੂਰਾ ਸ਼ਬਦ, ਪੰਡਿਤ ਦੇ ਪ੍ਰਥਾਇ ਹੈ।

ਅਤੇ ਇਸ ਸ਼ਬਦ ਦਾ ਮੁੱਖ ਵਿਸ਼ਾ ਮਾਸ ਹੈ।

ਸਾਡੇ ਸਾਰਿਆਂ ਦੀਆਂ ਹੀ ਅੱਖਾਂ ਉਤੇ ਆਪਣੇਂ ਆਪਣੇਂ ਵਿਚਾਰਾਂ, ਆਪਣੀਂ ਆਪਣੀਂ ਸੋਚ, ਅਤੇ ਆਪਣੇਂ ਹੀ ਗਿਆਨ ਦੀ, . . ਕੱਟੜਤਾ ਦੀਆਂ ਐਨਕਾਂ ਲੱਗੀਆਂ ਹੋਈਆਂ ਹਨ।

ਕੱਟੜਤਾ ਅਤੇ ਹਉਂ ਛੱਡਣਾਂ ਨਹੀਂ ਚਾਹੁੰਦੇ, ਪਰ ਨਰਕ ਨੂੰ ਜਾਣਾਂ ਮਨਜ਼ੂਰ ਹੈ। ਗਿਆਨ ਲੈਣਾਂ ਦੂਸਰਿਆਂ ਦੇ ਸਾਹਮਣੇਂ ਆਪਣੀਂ ਬੇਜ਼ਤੀ ਸਮਝਦੇ ਹਾਂ। ਇਸ ਵਾਸਤੇ ਕੋਈ ਵੀਰ ਦੱਸੇ,

ਜੇ ਅੱਜ ਤੱਕ ਕਿਸੇ ਨੇਂ ਗਿਆਨ ਹਾਸਲ ਕਰਨਾਂ ਮਨਜ਼ੂਰ ਕੀਤਾ ਹੋਵੇ?

ਐਨਕਾਂ ਤੋਂ ਮੈਨੂੰ ਯਾਦ ਆਇਆ, ਸਾਡੇ ਸ਼ਹਿਰ ਦੇ ਨਾਲ ਮਿਲਟਰੀ ਛਾਉਣੀਂ ਵੀ ਹੈ, ਜਿੱਥੇ ਕਿ ਮਿਲਟਰੀ ਦੇ ਡੇਅਰੀ ਫਾਰਮ ਵਿਚ, ਮੱਝਾਂ ਅਤੇ ਘੋੜੇ ਵੀ ਰੱਖੇ ਜਾਂਦੇ ਹਨ। ਇੱਕ ਵਾਰ ਸਾਡੀ ਇੱਕ ਮੱਝ ਬਿਮਾਰ ਹੋ ਗਈ। ਤਾਂ ਮੈਂ ਪਸੂਆਂ ਦੇ ਡਾਕਟਰ ਨੂੰ ਲੈਣ ਵਾਸਤੇ ਮਿਲਟਰੀ ਡੇਅਰੀ ਫਾਰਮ ਗਿਆ। ਉਥੇ ਮੈਂ ਦੇਖਿਆਂ ਕੇ ਘੋੜਿਆਂ ਨੂੰ ਐਨਕਾਂ ਲੱਗੀਆਂ ਹੋਈਆਂ ਸਨ। ਘੋੜਿਆਂ ਦੇ ਅੱਗੇ (ਖੁਰਲੀਆਂ ਵਿਚ) ਸੁਕਾ ਘਾਹ ਪਾਇਆ ਹੋਇਆ ਸੀ। ਅਤੇ ਘੋੜੇ ਸੁੱਕਾ ਘਾਹ ਖਾਈ ਜਾ ਰਹੇ ਸਨ। ਮੈਂ ਡਾਕਟਰ ਨੂੰ ਪੁੱਛਿਆ, ਕਿ ਘੋੜਿਆਂ ਨੂੰ ਐਨਕਾਂ ਕਿਉਂ ਲਾਈਆਂ ਹੋਈਆਂ ਹਨ। ਤਾਂ ਡਾਕਟਰ ਨੇਂ ਦੱਸਿਆ ਕਿ ਘੋੜੇ ਸੁੱਕਾ ਘਾਹ ਖਾਂਦੇ ਨਹੀਂ ਹਨ। ਇਸ ਵਾਸਤੇ ਅਸੀਂ ਇਹਨਾਂ ਨੂੰ ਹਰੇ ਰੰਗ ਦੀਆਂ ਐਨਕਾਂ ਲਾ ਦੇਂਦੇ ਹਾਂ ਅਤੇ ਇਹ ਘਾਹ ਨੂੰ ਹਰਾ ਸਮਝ ਕੇ ਖਾਈ ਜਾਂਦੇ ਹਨ।

ਵੀਰੋ ਚਾਹੇ ਕਿਸੇ ਨੂੰ ਕਿਸੇ ਵੀ ਰੰਗ (ਵਿਚਾਰਾਂ) ਦੀਆਂ ਐਨਕਾਂ ਲੱਗੀਆਂ ਹੋਣ। ਬੇਨਤੀ ਹੈ ਕਿ ਇੱਕ ਵਾਰ, ਸਿਰਫ ਕੁੱਝ ਦੇਰ ਵਾਸਤੇ, ਆਪਣੀਆਂ ਆਪਣੀਆਂ ਐਨਕਾਂ ਉਤਾਰ ਕੇ, ਆਪਣੇਂ ਆਪ ਨੂੰ ਭੁੱਲ ਕੇ, ਕਿ ਅਸੀਂ ਸੱਭ ਤੋਂ ਵੱਡੇ ਗਿਆਨੀਂ ਹਾਂ। ਆਉ. .

ਆਉ ਇਸ ਸ਼ਬਦ ਨੂੰ, ਜਾਂ ਗੁਰੂ ਨਾਨਕ ਦੇ ਹੁਕਮ, ਜਾਂ ਗੁਰੂ ਨਾਨਕ ਦੀ ਸਿਖਿਆ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।

ਇਹ ਸ਼ਬਦ ਗੁਰੂ ਨਾਨਕ ਜੀ ਨੇਂ ਪੰਡਿਤ ਨੂੰ ਸਮਝਾਉਣ ਵਾਸਤੇ (ਗਿਆਨ ਦੇਣ ਵਾਸਤੇ) ਜਾਂ ਪੰਡਿਤ ਦੇ ਵਹਿਮ ਭਰਮ ਦੂਰ ਕਰਨ ਵਾਸਤੇ ਲਿਖਿਆ ਹੈ।

(ਗੁਰੂ ਨਾਨਕ ਦੇ ਇਸ ਉਪਦੇਸ਼ ਨਾਲ, ਵਹਿਮ ਭਰਮ ਤਾਂ, ਪੰਡਿਤ ਦੇ ਦੂਰ ਹੋ ਗਏ। . . ਪਰ ਅਸੀਂ ਇਸ ਗੱਲ ਤੇ ਧੱਕੇ ਨਾਲ ਹੀ ਕਬਜਾ ਕਰੀ ਜਾਂਦੇ ਹਾਂ। . . ਕਿ ਗੁਰੂ ਨਾਨਕ ਜੀ ਨੇਂ ਸਾਡੇ ਵਹਿਮ ਭਰਮ ਦੂਰ ਕਰ ਦਿੱਤੇ ਹਨ।)

ਗੁਰੂ ਨਾਨਕ ਜੀ ਨੇਂ ਇਹ ਸ਼ਬਦ, ਪੰਡਿਤ ਨਾਲ ਝਗੜਾ ਕਰਨ ਵਾਸਤੇ, ਜਾਂ ਪੰਡਿਤ ਦੀ ਨਿੰਦਾ ਕਰਨ ਵਾਸਤੇ, ਨਹੀਂ ਲਿਖਿਆਂ ਹੈ। ਬੇਸ਼ੱਕ ਪੰਡਿਤ ਭਾਵੇਂ ਕਿੰਨਾਂ ਵੀ ਪਾਪੀ ਅਤੇ ਅਪਰਾਧੀ ਹੀ ਕਿਉਂ ਨਾਂ ਹੋਵੇ।

ਅਤੇ ਨਾਂ ਹੀ ਇਹ ਸ਼ਬਦ ਸਾਡੇ ਝਗੜਾ ਕਰਨ ਵਾਸਤੇ ਲਿਖਿਆ ਹੈ।

ਪਰ ਅਸੀਂ ਇੱਕ ਮਾਸ ਖਾਣ ਤੋਂ ਇਲਾਵਾ, ਇਸ ਸ਼ਬਦ ਵਿਚੋਂ ਹੋਰ ਕਿਹੜੀ ਸਿੱਖਿਆ ਲਈ ਹੈ।

ਜੇ ਕਿਸੇ ਨੇਂ ਇਸ ਸ਼ਬਦ ਵਿਚੋਂ, ਮਾਸ ਖਾਣ ਜਾਂ ਝਗੜਾ ਕਰਨ ਤੋਂ ਇਲਾਵਾ ਕੋਈ ਹੋਰ ਸਿੱਖਿਆ ਲਈ ਹੈ ਤਾਂ ਦੱਸੋ? ?

ਹੁਣ ਇਸ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਨੇਂ ਪੰਡਿਤ ਨੂੰ (ਸਾਨੂੰ) ਕੀ ਸਿੱਖਿਆ (ਮੱਤ) ਦਿੱਤੀ ਹੈ, ਇਸ ਦੀ ਆਪਾਂ ਵਿਚਾਰ ਕਰਨੀਂ ਹੈ।

ਸਾਰਾ ਹੀ ਸੰਸਾਰ ਵਹਿਮਾਂ ਭਰਮਾਂ ਵਿੱਚ ਪਿਆ ਹੋਇਆ ਸੀ/ਹੈ। ਤਰਾਂ ਤਰਾਂ ਦੇ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਸੀ/ਹੈ। ਵੇਦਾਂ ਅਨੂੰਸਾਰ ਪੁੰਨਾਂ ਪਾਪਾਂ ਅਦਿ ਦੇ ਜਾਲ ਵਿੱਚ ਉਲਝਿਆ ਹੋਇਆ ਸੀ। ਇਕੱਲਾ ਪੰਡਿਤ ਹੀ ਨਹੀਂ, ਹੋਰ ਵੀ ਸਾਰੇ ਜਗਤ ਦੇ ਜੀਵ ਕਰਮ ਕਾਂਡਾਂ ਵਿੱਚ ਫਸੇ ਹੋਇ ਸਨ/ਹਨ।

ਵਿਚਾਰ ਦੀ ਗੱਲ ਇਹ ਹੈ, ਕਿ ਕੀ ਸਿਰਫ ਇਕੱਲੇ ਪੰਡਿਤ ਜਾਂ ਬ੍ਰਾਹਮਣ ਹੀ ਭੁੱਲੇ ਭਰਮੇਂ ਹੋਇ ਸਨ? ਕੀ ਬਾਕੀ ਸੰਸਾਰ ਭਰਮਾਂ ਵਿਚੋਂ ਨਿਕਲਿਆ ਹੋਇਆ ਸੀ? ।

ਗੁਰੂ ਨਾਨਕ ਜੀ ਕਹਿੰਦੇ ਹਨ।

ਮਹਲਾ ੧॥ ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ॥ ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ॥ ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ॥ ੧॥ ੬੧

ਸਾਰਾ ਸੰਸਾਰ ਹੀ ਪੁਤਾਂ, ਧੀਆਂ, ਇਸਤਰੀ, (ਸੁਹਣੀਆਂ ਸੂਰਤਾਂ) ਤ੍ਰਿਸ਼ਨਾਂ, ਮਾਇਆ, ਘਰ ਮਹਿਲ ਮਕਾਨ, ਧਨ, ਜੋਬਨ, ਲਬੁ ਲੋਭ, ਹੰਕਾਰ, ਵਿੱਚ ਠੱਗਿਆ ਹੋਇਆ ਸੀ।

ਇਹਨਾਂ ਪਦਾਰਥਾਂ ਪੁਤਾਂ, ਧੀਆਂ, ਇਸਤਰੀ, ਅਦਿ ਦੇ ਮੋਹ ਦੀ ਠੱਗੀ ਨੇਂ ਸਾਰੇ ਸੰਸਾਰ ਨੂੰ ਲੁੱਟ ਲਿਆ ਹੈ। ਮੈਂ ਵੀ ਠੱਗਿਆ ਗਿਆ।

ਇਹੁ ਜਗਤੁ ਭਰਮਿ ਭੁਲਾਇਆ॥ ਆਪਹੁ ਤੁਧੁ ਖੁਆਇਆ॥ ਮ: ੧ ੭੨

ਸਾਰਾ ਜਗਤ ਹੀ ਭਰਮਾਂ ਵਿੱਚ ਪਿਆ ਹੋਇਆ ਹੈ। ਅਤੇ ਤੂੰ (ਪ੍ਰਭੂ) ਆਪ ਹੀ ਸਾਰੇ ਜਗਤ ਨੂੰ ਭਰਮਾਂ ਵਿੱਚ ਭੁਲਾਇਆ ਹੋਇਆ ਹੈ।

ਇਸ ਸ਼ਬਦ ਅਨੂਸਾਰ ਗੈਂਡਾ ਮਾਰ ਕੇ ਹੋਮ ਜੱਗ ਕਰਨ ਵਾਲੇ, ਕੀ ਭਰਮਾਂ ਵਿਚੋਂ ਨਿਕਲੇ ਹੋਇ ਸਨ? ? ? ? ?

ਬਾਕੀ ਸੰਸਾਰ ਦੇ ਜੀਵ ਵੀ ਭਰਮਾਂ ਵਿੱਚ ਹੀ ਭੁੱਲੇ ਹੋਇ ਸਨ।

ਕੋਈ ਮਾਸ ਖਾਣ ਨੂੰ ਪਾਪ ਸਮਝਦਾ ਸੀ, ਅਤੇ ਕੋਈ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਮਾਸ ਦਾ ਭੋਗ (ਪਰਸ਼ਾਦਿ) ਚੜ੍ਹਾਉਂਦਾ ਸੀ।

ਇਸ ਸ਼ਬਦ ਦੇ ਦੋ ਪਹਿਲੂ ਹਨ, ਇੱਕ ਮਾਸਾਹਾਰੀ ਪੱਖ, ਅਤੇ ਦੂਜਾ ਸ਼ਾਕਾਹਾਰੀ ਪੱਖ।

ਅਤੇ ਇਹ ਦੋਨੋਂ ਹੀ ਤਰਾਂ ਦੇ ਕਰਮ, ਉਸ ਵਕਤ ਸੰਸਾਰ ਦੇ ਸਾਰੇ ਹੀ ਲੋਕ ਕਰਦੇ ਸਨ।

ਜੇ ਅਸੀਂ (ਜਾਂ ਗੁਰੂ ਨਾਨਕ ਜੀ)

ਇਹਨਾਂ ਦੋਨੌਂ ਤਰਾਂ ਦੇ ਕਰਮਾਂ ਵਿਚੋਂ ਸਿਰਫ ਇੱਕ ਨੂੰ ਰੱਦ ਕਰਦੇ ਹਨ,

. . ਤਾਂ ਦੂਸਰੇ ਤਰਾਂ ਦੇ ਕਰਮ ਨੂੰ ਤਾਂ ਆਪਣੇਂ ਆਪ ਹੀ ਮਾਨਤਾ ਮਿਲ ਜਾਂਦੀ ਹੈ

ਸਾਡੇ ਕਥਨ ਅਨੂੰਸਾਰ

ਜੇ ਗੁਰੂ ਨਾਨਕ ਨੇਂ, ਪੰਡਿਤ ਨੂੰ ਝੂਠਾ (ਮੂਰਖ) ਕਿਹਾ ਹੈ।

ਤਾਂ ਹੀ ਤੇ ਅਸੀਂ,

ਮਾਸ ਖਾਣ ਨੂੰ ਮਾਨਤਾ ਦੇ ਦਿੱਤੀ ਹੈ, ਅਤੇ ਮਾਸ ਖਾਣ ਨੂੰ ਜਾਇਜ ਠਹਿਰਾ ਰਹੇ ਹਾਂ।

ਅਤੇ ਇਸ ਗੱਲ ਨੂੰ ਮਾਸ ਖਾਣ ਦੇ ਇੱਕ ਬਹਾਨੇਂ ਵਜੋਂ ਵਰਤ ਰਹੇ ਹਾਂ. . ਹੋਰ ਕਿਥੇ ਲਿਖਿਆ ਹੈ, ਕਿ ਗੁਰੂ ਨਾਨਕ ਜੀ ਨੇਂ ਕਿਹਾ ਹੋਵੇ, ਕਿ ਮਾਸ ਖਾ ਲੈਣਾਂ ਚਾਹੀਦਾ ਹੈ।

ਇਹ ਸਭ ਅਰਥ, ਇਹ ਸਭ ਮਤਲਬ, ਇਹ ਸਭ ਅੰਦਾਜ਼ੇ, ਅਸੀਂ ਆਪਣੇਂ ਹਿਸਾਬ ਨਾਲ (ਜਾਂ ਅਪਣੀਂ ਬਿਬੇਕ ਬੁੱਧੀ ਨਾਲ) ਹੀ ਕੱਢੇ ਜਾਂ ਲਗਾਏ ਹਨ।

ਹੋਰ ਜੇ ਕਿਤੇ ਜੇ ਮਾਸ ਖਾਣ ਬਾਰੇ ਲਿਖਿਆ ਹੈ ਤਾਂ ਦਿਖਾਵੋ? ।

ਅਸੀਂ ਕਹਿੰਦੇ ਹਾਂ, ਕਿ ਮਾਸ ਤੋਂ ਨਫਰਤ ਕਰਨ ਵਾਲੇ ਪੰਡਿਤ ਨੂੰ ਗੁਰੂ ਨਾਨਕ ਜੀ ਨੇਂ ਮੂਰਖ ਅਤੇ ਗਲਤ ਠਹਿਰਾਇਆ ਹੈ।

ਤਾਂ ਕੀ ਇਸ ਦਾ ਮਤਲਬ ਤਾਂ ਇਹ ਹੋਇਆ

ਕਿ ਜਿਹੜੇ ਲੋਕ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ, ਗੈਡੇ ਦੇ ਮਾਸ ਦਾ ਭੋਗ ਲਵਾਉਂਦੇ ਸਨ,

ਗੁਰੂ ਨਾਨਕ ਜੀ ਉਹਨਾਂ ਨੂੰ ਸਿਆਣੇਂ ਜਾਂ ਸਹੀ ਕਹਿ ਰਹੇ ਹਨ।

ਜਿਵੇਂ ਕਿ ਇਸ ਸ਼ਬਦ ਵਿੱਚ ਇਹ ਪੰਕਤੀ ਹੈ।

ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥

ਇਹ ਗੈਡਾ ਮਾਰ ਕੇ ਹੋਮ ਜੱਗ ਕਰਨ ਵਾਲੀ ਸਿੱਖਿਆ ਤੇ ਤਾਂ ਅਸੀਂ ਕਦੇ ਅਤੇ ਕਿਸੇ ਨੇਂ ਵੀ ਸਵਾਲ ਨਹੀਂ ਉਠਾਇਆ ਸੀ? ? ?

ਕਿ ਇਹ ਸਿੱਖਿਆ ਗੁਰੂ ਨਾਨਕ ਜੀ ਨੇਂ ਦਿੱਤੀ ਸੀ? ? ? ? ? ।

ਅਤੇ

ਜਾਂ ਫਿਰ ਇਹ, ਕਿ ਗੁਰੂ ਨਾਨਕ ਜੀ ਪੰਡਿਤ ਨੂੰ ਸਮਝਾਉਣ ਵਾਸਤੇ, ਗੈਂਡੇ ਦੀ ਇਹ ਉਧਾਰਨ ਦੇ ਰਹੇ ਹਨ। (ਜਿਵੇਂ ਕਿ ਮਾਸ ਖਾਣ ਦੇ ਹੱਕ ਵਿੱਚ ਅਸੀਂ ਕਈ ਉਧਾਰਣਾਂ ਦੇਂਦੇ ਹਾਂ)

(ਜਿਵੇਂ ਕਿ ਸਾਡੇ ਅਨੂਸਾਰ) ਗੁਰੂ ਜੀ ਕਹਿੰਦੇ ਹਨ, ਕੇ ਦੇਖ ਪੰਡਿਤ, ਤੂੰ ਕਹਿੰਦਾ ਹੈ, ਕੇ ਮਾਸ ਖਾਣਾਂ ਪਾਪ ਹੈ, ਤੈਨੂੰ ਅਸੀਂ ਇੱਕ ਮਿਸਾਲ ਦੇਂਦੇ ਹਾਂ, ਕਿ. .

. . ਦੇਖ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਤਾਂ ਲੋਕ ਗੈਂਡਾ ਮਾਰ ਕੇ ਹੋਮ ਜੱਗ ਕਰਦੇ ਹਨ। ਇਸ ਨਾਲ ਤਾਂ ਦੇਵਤੇ ਵੀ ਖੁਸ਼ ਹੋ ਜਾਂਦੇ ਹਨ। (ਅਤੇ ਕਿਰਪਾ ਦੀ ਦ੍ਰਿਸ਼ਟੀ ਕਰਦੇ ਹਨ।) …ਪਰ ਤੂੰ ਕਹਿੰਦਾ ਹੈ ਮਾਸ ਖਾਣਾਂ ਪਾਪ ਹੈ! ! ! ! ! …ਕਿੰਨੀਂ ਹੈਰਾਨੀਂ ਦੀ ਗੱਲ ਹੈ।

(ਕੀ ਸੱਚਮੁੱਚ ਹੀ ਗੁਰੂ ਨਾਨਕ ਜੀ ਦੇ ਕਹਿਣ ਦਾ ਇਹ ਹੀ ਮਤਲਬ ਹੈ?)

. . ਸਾਡੀ ਤੈਨੂੰ ਇਹ ਮੱਤਿ ਹੈ ਕਿ ਤੁੰ ਮਾਸ ਤੋਂ ਨਫਰਤ ਛੱਡ (ਇਹ ਮੂਰਖਤਾ ਹੈ) ਤੂੰ ਖੁਦ ਵੀ ਮਾਸ ਖਾ, ਅਤੇ ਦੇਵਤਿਆ ਨੂੰ ਵੀ ਭੋਗ ਲਵਾ।

ਮਾਸ ਖਾਣ ਦੇ ਹੱਕ ਵਿੱਚ ਲਿਖਣ ਵਾਲੇ ਵੀਰਾਂ ਨੂੰ ਬੇਨਤੀ ਹੈ। ਕਿ ਉਹ ਬਿਬੇਕ ਬੁੱਧੀ ਨਾਲ ਵਿਚਾਰ ਕਰਨ।

ਕਿ ਕੀ ਉਹ ਵੀਰ ਗੈਂਡਾ ਮਾਰ ਕੇ ਹੋਮ ਜੱਗ ਕਰਨ ਨੂੰ ਮਾਨਤਾ ਦੇਂਦੇ ਹਨ।

(ਕਿਉਂ ਕਿ ਤਾਂ ਹੀ ਤੇ ਪੰਡਿਤ ਝੂਠਾ ਸਾਬਿਤ ਹੋਵੇ ਗਾ)

ਬੇਨਤੀ ਹੈ ਜੀ ਕਿ ਇਸ ਲੇਖ ਬਾਰੇ ਕਿਸੇ ਕਿਸਮ ਦਾ ਕਿੰਤੂ ਪ੍ਰੰਤੂ ਕਰਨ ਤੋਂ ਪਹਿਲੇ. .

ਪਹਿਲੋਂ

ਉਹ ਸੱਜਣ ਇਸ ਹੋਮ ਜੱਗ ਵਾਲੀ ਗੱਲ ਨੂੰ ਸਪਸ਼ਟ ਕਰਨ. .

ਬਾਦ ਵਿੱਚ ਜੋ ਮਰਜ਼ੀ ਹੈ ਲਿਖੀ ਜਾਣ।

ਅਤੇ ਦੱਸੋ:-

ਕਿ ਗੈਂਡਾ ਮਾਰ ਕੇ ਹੋਮ ਜੱਗ ਕਰਨੇਂ, ਕੀ ਗੁਰਮਤਿ ਅਨੂਸਾਰ ਸਹੀ ਹਨ? ? ।

ਕਿਉਂ ਕਿ ਮਾਸ ਦਾ ਵਿਰੋਧ ਕਰਨ ਵਾਲਾ ਪੰਡਿਤ ਤਾਂ ਝੂਠਾ ਹੈ।

ਅਤੇ ਕਿਉਂ ਕੇ ਇਸ ਸ਼ਬਦ ਵਿਚ, ਇੱਕ ਪੰਡਿਤ ਦੀ ਗੱਲ ਤੋਂ ਬਿਨਾਂ, . .

ਬਾਕੀ ਸੱਭ ਗੱਲਾਂ ਨੂੰ. . ਵਿਦਵਾਨਾਂ ਵੱਲੋਂ ਜਾਇਜ਼, . . ਅਤੇ ਮਾਸ ਖਾਣ ਦਾ ਵਿਰੋਧ ਕਰਨ ਵਾਲੇ (ਪੰਡਿਤ) ਦੇ ਖਿਲਾਫ ਵਰਤਿਆ ਜਾ ਰਿਹਾ ਹੈ।

ਅਤੇ ਜਾਂ ਫਿਰ ਬਾਕੀ ਸਾਰੀਆਂ ਗੱਲਾਂ ਨੂੰ, ਖੁਦ ਲਈ ਮਾਸ ਖਾਣ ਦਾ ਪਰਮਿਟ ਹਾਸਲ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ।

ਅਤੇ ਦੱਸੋ ਕੀ ਗੁਰੂ ਨਾਨਕ ਜੀ ਨੇਂ ਪੰਡਿਤ ਨੂੰ ਮੂਰਖ ਅਤੇ ਝੂਠਾ ਸਾਬਤ ਕਰਨ ਵਾਸਤੇ ਗੈਂਡਾ ਮਾਰ ਕੇ ਹੋਮ ਜੱਗ ਕਰਨ ਨੂੰ ਮਾਨਤਾ ਦੇ ਦਿੱਤੀ ਹੈ।

ਕਿਉਂ ਕਿ ਸਾਡੇ ਵਿਦਵਾਨਾਂ ਦੇ ਕੀਤੇ ਹੋਇ ਅਰਥਾਂ ਮੁਤਬਿਕ ਗੁਰੂ ਨਾਨਕ ਜੀ ਨੇਂ ਪੰਡਿਤ ਨੂੰ ਮੂਰਖ ਕਿਹਾ ਹੈ ਅਤੇ ਗੈਂਡਾ ਮਾਰ ਕੇ ਹੋਮ ਜੱਗ ਕਰਨ ਨੂੰ ਉਚਿੱਤ ਠਹਿਰਾਇਆ ਹੈ।

ਮਾਸੁ ਪੁਰਾਣੀ ਮਾਸੁ ਕਤੇਬੀਂ ਚਹੁ ਜੁਗਿ ਮਾਸੁ ਕਮਾਣਾ

ਵੇਦ ਕਤੇਬ ਤੇ ਪੁਰਾਣ ਆਦਿ ਜੇ ਮਾਸ ਵਰਤਨ ਦਾ ਜਿਕਰ ਕਰਦੇ ਹਨ। (ਇਹਨਾਂ ਕਿਤਾਬਾਂ ਵਿੱਚ ਮਾਸ ਵਰਤਨ ਦਾ ਜਿਕਰ ਹੈ) ਤਾਂ ਅਜੇਹੀ (ਮਾਸ ਖਾਣ ਵਾਲੀ) ਗੱਲ ਤਾਂ ਅਸੀਂ ਵੇਦਾਂ ਕਤੇਬਾਂ ਅਤੇ ਪੁਰਾਣ ਦੀ ਵੀ ਸੱਤਬਚਨ ਕਹਿ ਕੇ ਮੰਨ ਲਈ ਹੋਈ ਹੈ।

(ਭਾਵ ਮਾਸ ਖਾਣ ਵਾਸਤੇ ਤਾਂ ਸਾਨੂੰ ਵੇਦਾਂ, ਪਾਰਾਣਾਂ ਅਤੇ ਕਤੇਬਾਂ ਦੀ ਵੀ ਇਸ ਗੱਲ ਤੇ ਕੋਈ ਇਤਰਾਜ ਨਹੀਂ ਹੈ, ਜਿਵੇਂ ਕਿ ਬਾਕੀ ਸੱਭ ਗੱਲਾਂ ਤੇ ਹੈ)

ਪਰ ਜੇ ਵੇਦਾਂ ਕਤੇਬਾਂ ਅਤੇ ਪੁਰਾਣਾਂ ਦੀ,

ਜੇ ਮਾਸ ਸਬੰਧੀ ਗੱਲ ਅਸੀਂ ਮੰਨ ਲਈ ਹੈ,

ਤਾਂ ਵੇਦਾਂ ਕਤੇਬਾਂ ਅਤੇ ਪੁਰਾਣਾਂ ਦੀਆਂ ਬਾਕੀ ਗੱਲਾਂ ਅਸੀਂ ਕਿਉਂ ਨਹੀਂ ਮੰਨਦੇ? ? ।

ਅੱਗੇ ਆਪਾਂ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ ਵਾਲੇ ਸ਼ਬਦ ਦੇ ਅੱਖਰ ਅੱਖਰ ਅਰਥ ਵਿਚਾਰਦੇ ਹਾਂ।

॥ ਸ਼ਬਦ॥

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥

ਮੂਰਖ ਮਾਸ ਦਾ ਝਗੜਾ ਪਾਈ ਬੈਠੇ ਹਨ, ਪਰ ਕਿਸੇ ਨੂੰ ਗਿਆਨ ਨਹੀਂ ਕਿਸੇ ਨੂੰ ਸਮਝ ਨਹੀਂ। ਕਿ ਮਾਸ ਅਤੇ ਸਾਗ ਵਿੱਚ ਕੀ ਫਰਕ ਹੈ।

ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ॥

ਸਾਡੇ ਕੀਤੇ ਅਰਥਾਂ ਅਨੂਸਾਰ. .

ਇਸ ਪੰਗਤੀ ਦਾ ਭਾਵ ਜਾਂ ਅਰਥ ਇਹ ਹਨ

ਕਿ ਹੇ ਪੰਡਿਤ ਮਾਸ ਤਾਂ ਇੱਕ ਚੰਗੀ ਚੀਜ ਹੈ, ਮਾਸ ਤਾਂ ਭੋਜਨ ਹੈ. . ਉਹ ਲੋਗ ਵੀ ਤਾਂ ਹਨ! …ਜੋ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਗੈਡੇ ਨੂੰ ਮਾਰ ਕੇ ਹੋਮ ਜੱਗ ਕਰਦੇ ਹਨ। . . ਦੂਜੇ ਤੁਹਾਡੇ ਵਰਗੇ ਉਹ ਲੋਕ ਵੀ ਹਨ, ਜੋ ਮਾਸ ਦੀ ਬੂ ਤੋਂ ਹੀ ਨੱਕ ਫੜ ਕੇ ਬੈਠ ਜਾਂਦੇ ਹਨ, ਪਰ ਤੁਸੀਂ ਰਾਤੀ (ਲੁਕ ਲੁਕ ਕੇ) ਮਨੁੱਖ ਦਾ ਲਹੂ ਪੀਣ ਦੇ ਮਨਸੂਬੇ ਬਨਾਉਂਦੇ ਹੋ।

ਨੋਟ:-

ਕਿਸੇ ਦਾ ਹੱਕ ਖੋਹਣਾਂ, ਗਰੀਬ ਮਾਰ ਕਰਨੀਂ, ਕਿਸੇ ਤੇ ਜੁਲਮ ਕਰਨਾਂ, ਜੋਰ ਜਬਰ ਕਰਨਾਂ, ਇਹ ਵੀ ਮਾਸ ਖਾਣ ਜਾ ਰੱਤ ਪੀਣ ਦੇ ਬਰਾਬਰ ਹੈ। ਪਰ ਅਜੇਹਾ ਜੋਰ ਜਬਰ ਦਾ ਕੰਮ ਕਰਨ ਵਾਲੇ ਲੋਕ ਲੁਕ ਕੇ ਜਾਂ ਰਾਤ ਨੂੰ ਘੱਟ ਹੀ ਅਜੇਹੇ ਕੰਮ ਕਰਦੇ ਹਨ, ਜੋ ਕਰਦੇ ਹਨ ਦਿਨੇਂ ਕਰਦੇ ਹਨ ਅਤੇ ਧੱਕੇ ਨਾਲ ਕਰਦੇ ਹਨ। ਪਰ ਇਥੇ ਗੁਰੂ ਜੀ “ਰਾਤ” ਦਾ ਜ਼ਿਕਰ ਕਰ ਰਹੇ ਹਨ।

ਵੈਸੇ ਵੀ ਆਮ ਕਰਕੇ ਧੱਕਾ ਜਾਂ ਜੋਰ ਜਬਰ ਵਾਲਾ ਮਨੁੱਖ, ਮਾਸ ਤੋਂ ਨੱਕ ਕਦੇ ਨਹੀਂ ਪਕੜਦਾ। ਸਗੋਂ ਮਾਸ ਤਾਂ ਅਜੇਹੇ ਲੋਕਾਂ ਦਾ ਮਨ ਪਸੰਦ ਭੋਜਨ ਹੁੰਦਾ ਹੈ।

ਤਾਂ ਫਿਰ ਕੀ ਬ੍ਰਾਹਮਣ ਰਾਤ ਨੂੰ ਮਾਸ ਖਾਂਦੇ ਸਨ? ? ।

ਨਹੀਂ ਨਹੀਂ. . ਕਦੇ ਵੀ ਨਹੀਂ! ! !

ਗੁਰੂ ਨਾਨਕ ਜੀ ਨੇਂ ਬ੍ਰਾਹਮਣਾਂ ਨੂੰ ਇਹ ਨਹੀਂ ਕਿਹਾ, ਕੇ ਤੁਸੀਂ ਲੋਕਾਂ ਤੋਂ ਚੋਰੀ ਰਾਤ ਨੂੰ ਮਾਸ ਖਾਂਦੇ ਹੋ।

ਗੁਰੂ ਜੀ ਤਾਂ ਕਹਿ ਰਹੇ ਹਨ, ਕਿ ਬ੍ਰਾਹਮਣ ਤਾਂ ਰਾਤ ਨੂੰ ਸੱਚਮੁਚ ਹੀ ਜੀਂਦੇ ਜਾਗਦੇ ਮਾਣਸ (ਮਨੁੱਖ) ਖਾ ਜਾਂਦੇ ਹਨ।

ਗੁਰੂ ਨਾਨਕ ਦੇ ਮੌਜੂਦਾ ਸਮੇਂ ਵਿੱਚ ਵੀ ਬ੍ਰਾਹਮਣ ਜਿਉਂਦੇ ਬੰਦੇ ਖਾਦੇ ਹੰਦੇ ਸਨ।

ਅਤੇ ਗੁਰੂ ਨਾਨਕ ਜੀ ਦੇ ਬਾਦ ਵੀ ਖਾਦੇ ਰਹੇ ਹਨ।

ਬ੍ਰਾਹਮਣਾਂ ਵਲੋਂ ਇਹ ਜਿਉਂਦੇ ਮਾਣਸ ਖਾਣ ਦਾ, ਇਹ ਕੰਮ ਤਾਂ, ਤਕਰੀਬਨ ਦੋ ਕੂ ਸੌ ਸਾਲ ਪਹਿਲੇ ਅੰਗਰੇਜਾਂ ਨੇਂ ਬੰਦ ਕਰਵਾਇਆ ਸੀ. .

ਉਹ ਵੀ ਡੰਡੇ ਦੇ ਜੋਰ ਨਾਲ।

ਹੋਰ ਗੁਰੂ ਨਾਨਕ ਦੇ ਕਹਿਣੇਂ ਦਾ ਬ੍ਰਾਹਮਣਾਂ ਤੇ ਕੋਈ ਅਸਰ ਨਹੀਂ ਹੋਇਆ ਸੀ,

ਜਿਵੇਂ ਕਿ ਅਜ ਸਾਡੇ ਤੇ ਵੀ ਗੁਰੂ ਨਾਨਕ ਦੀ ਕਹੀ ਹੋਈ ਕਿਸੇ ਵੀ ਗੱਲ ਦਾ, ਕੋਈ ਵੀ ਅਸਰ ਨਹੀਂ ਹੁੰਦਾ/ਨਹੀਂ ਹੋ ਰਿਹਾ।

ਬ੍ਰਾਹਮਣ ਤਾਂ ਅਸੀਂ ਆਪ ਹਾਂ

ਜੋ ਗੁਰੂ ਨਾਨਕ ਦੇ ਹੁਕਮ ਨੂੰ, ਨਾਂ ਤੇ ਮੰਨ ਰਹੇ ਹਾਂ ਅਤੇ ਨਾਂ ਹੀ ਬੁੱਝ ਰਹੇ ਹਾਂ, ਪਰ ਬ੍ਰਾਹਮਣ ਅਸੀਂ ਦੂਸਰਿਆਂ ਨੂੰ ਦਸ ਰਹੇ ਹਾਂ।

ਗੁਰੂ ਨਾਨਕ ਜੀ ਕਦੇ ਵੀ ਗਲਤ ਨਹੀਂ ਕਹਿੰਦੇ।

ਮੈਂ ਗੁਰੂ ਨਾਨਕ ਜੀ ਦੇ ਕਿਸੇ ਵੀ ਕਥਨ ਨੂੰ ਝੂਠਾ ਨਹੀਂ ਕਹਿ ਸੱਕਦਾ

ਪਰ ਸਾਡੇ ਵਿਦਵਾਨ ਗੁਰੂ ਨਾਨਕ ਜੀ ਦੇ ਕਹੇ ਨੂੰ ੯੦ ਪ੍ਰਤੀਸ਼ਤ ਤੋਂ ਵੀ ਵੱਧ, ਜਾਂ ਕਹਿ ਲਵੋ ਕਿ ੧੦੦ ਪ੍ਰਤੀਸ਼ਤ ਹੀ ਗਲਤ ਸਾਬਤ ਕਰੀ ਜਾਂਦੇ ਹਨ।

ਅਤੇ ਮਾਣਸ (ਜਿਉਂਦੇ ਬੰਦੇ) ਖਾਣ ਦੇ ਅਰਥ ਮਹਿਜ਼. . ਸਿਰਫ ਲਹੂ ਪੀਣ ਦੇ ਮਨਸੂਬੇ ਬਨਾਉਣਾਂ ਕਹਿੰਦੇ ਹਨ,

ਅਤੇ ਮਾਸ ਖਾਣ ਨੂੰ ਮਹਿਜ਼. .

ਹੱਕ ਖੋਹਣਾਂ, ਗਰੀਬ ਮਾਰ ਕਰਨੀਂ, ਕਿਸੇ ਤੇ ਜੁਲਮ ਕਰਨਾਂ, ਜੋਰ ਜਬਰ ਕਰਨਾਂ ਆਦੀ ਕਰਦੇ ਹਾਂ। ਮਾਸ ਨੂੰ ਮਾਸ ਨਹੀਂ ਮੰਨਦੇ।

ਇਸ ਤਰਾਂ ਕਹਿ ਕੇ ਅਸੀਂ ਕਿਸੇ ਦਾ ਹੱਕ ਖੋਹਣਾਂ, ਗਰੀਬ ਮਾਰ ਕਰਨੀਂ, ਕਿਸੇ ਤੇ ਜੁਲਮ ਕਰਨਾਂ, ਜੋਰ ਜਬਰ ਕਰਨਾਂ ਆਦਿ ਨੂੰ ਤਾਂ ਬੁਰੇ ਕਰਮਾਂ ਦੀ ਸੂਚੀ ਵਿੱਚ ਗਿਣਾਂ ਦੇਂਦੇ ਹਾਂ,

ਅਤੇ ਮਾਸ ਖਾਣ ਨੂੰ ਇੱਕ ਭੋਜਨ ਦੀ ਸੂਚੀ ਵਿੱਚ ਸ਼ਾਮਲ ਕਰ ਲੈਂਦੇ ਹਾਂ।

ਮਾਣਸ ਖਾਣੇਂ ਬ੍ਰਾਹਮਣ ਨਾਲ ਅਤੇ ਮਾਸ ਖਾਣ ਵਾਲੇ ਕਿਸੇ ਹੋਰ ਮਨੁੱਖ ਨਾਲ, ਇਹ ਰਿਆਇਤ ਜਾਂ ਲਿਹਾਜ ਕਿਉਂ? ?

ਅਸੀਂ ਠੋਕ ਵਜਾ ਕੇ ਗੱਲ ਕਿਉਂ ਨਹੀਂ ਕਰਦੇ? ਕੇ ਮਾਸ ਖਾਣਾਂ ਮਾਸ ਖਾਣਾਂ ਹੀ ਹੁੰਦਾ ਹੈ। ਅਤੇ ਮਾਣਸ ਖਾਣਾਂ ਸੱਚਮੁਚ ਮਾਣਸ ਨੂੰ ਖਾਣਾਂ ਹੀ ਹੁੰਦਾ ਹੈ

ਜਿਵੇਂ ਕੇ ਮਾਣਸ ਖਾਣੇਂ ਬ੍ਰਾਹਮਣ ਨੂੰ ਗੁਰੂ ਨਾਨਕ ਜੀ ਠੋਕ ਵਜਾ ਕੇ ਮਾਣਸ ਖਾਣਾਂ ਬ੍ਰਾਹਮਣ ਕਹਿੰਦੇ ਹਨ।

ਇਹ ਗੱਲ ਸ਼ਾਇਦ ਅਸੀਂ ਇਸ ਲਈ ਨਹੀਂ ਕਹਿੰਦੇ… ਕਿਉਂ ਕੇ ਅਸੀਂ ਖੁਦ ਮਾਸ ਖਾਦੇ ਹਾਂ, ਜਾਂ ਖਾਣਾਂ ਚਾਹੁੰਦੇ ਹਾਂ।

ਆਉ ਇਹ ਜਾਣੀਏਂ ਕੇ ਬ੍ਰਾਹਮਣ ਜਿਉਂਦੇ “ਮਾਣਸ” ਕਿਵੇਂ ਖਾਦੇ ਸਨ।

ਬਹੁਤ ਸਮੇਂ ਪਹਿਲੇ ਬ੍ਰਾਹਮਣਾਂ ਨੇਂ ਕਾਂਸੀ ਵਿੱਚ ਇੱਕ ਆਰਾ ਲਾਇਆ ਹੋਇਆ ਸੀ। ਬ੍ਰਾਹਮਣਾਂ ਦਾ ਕਹਿਣਾਂ ਸੀ, ਕਿ ਜਿਹੜਾ ਵੀ ਆਪਣੀਂ ਵਿਤ ਅਨੂੰਸਾਰ ਯੱਥਾਸ਼ਕਤ ਦਾਨ ਪੁੰਨ ਕਰ ਕੇ, ਇੱਕ ਖਾਸ ਸ਼ੁਭ ਸਮੇਂ (ਮਹੂਰਤ) ਵਿੱਚ ਇਸ ਆਰੇ ਨਾਲ ਆਪਣਾਂ ਤਨ ਅੱਧ ਵਿਚਕਾਰੋਂ ਕਟਵਾ ਕੇ ਮਰ ਜਾਵੇ ਗਾ, ਜਾਂ ਸਰੀਰ ਤਿਆਗੇ ਗਾ। ਉਸ ਵਾਸਤੇ ਬੈਕੂਠਾਂ ਦੇ ਦਰਵਾਜੇ ਖੁਲ ਜਾਣ ਗੇ। ਅਤੇ ਕੀਤੇ ਹੋਇ ਦਾਨ ਪੁੰਨ ਤੋਂ ਸੈਂਕੜੇ ਗੁਣਾਂ ਜਿਆਦਾ, ਧਨ ਦੌਲਤ ਉਸ ਨੂੰ, ਅਗੇ ਜਾ ਕੇ ਮਿਲੇ ਗਾ।

ਵੱਡੇ ਵੱਡੇ ਸੇਠ, ਸ਼ਾਹੁਕਾਰ, ਰਾਜੇ, ਮਹਾਂਰਾਜੇ, ਉਹਨਾਂ ਬ੍ਰਾਹਮਣਾਂ ਦੇ ਝਾਸੇ ਵਿੱਚ ਆ ਜਾਂਦੇ ਸਨ। ਪਾਂਡੇ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਧਨ ਦੌਲਤ ਲੁਟ ਲੈਦੇ ਸਨ।

ਉਸ ਆਰੇ ਨੂੰ ਕਰਵੱਤ ਕਹਿੰਦੇ ਹਨ,

ਉਸ ਆਰੇ ਨੂੰ ਅੰਗਰੇਜਾਂ ਨੇਂ ਬੰਦ ਕਰਵਾ ਦਿੱਤਾ ਸੀ। ਮੇਰਾ ਖਿਆਲ ਹੈ ਕਿ ਉਹ ਆਰਾ ਅੱਜ ਵੀ ਕਾਂਸ਼ੀ ਵਿੱਚ ਮੌਜੂਦ ਹੈ। ਪਰ ਉਹ ਹੁਣ ਨੁਮਾਇਸ਼ ਵਾਸਤੇ ਰੱਖਿਆ ਹੋਇਆ ਹੈ।

ਉਸ ਆਰੇ (ਕਰਵੱਤ) ਦਾ ਜਿਕਰ ਗੁਰੂ ਨਾਨਕ ਦੇਵ ਜੀ ਵੀ ਆਪਣੀਂ ਬਾਣੀਂ ਵਿੱਚ ਕਰ ਰਹੇ ਹਨ।

ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ॥ ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ॥ ਹਰਿ ਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ॥ ੩॥ ੬੨

ਉਹ ਬ੍ਰਾਹਮਣ ਜਿਉਂਦੇ ਜਾਗਦੇ ਮਨੁੱਖਾਂ ਨੂੰ ਮਾਰ ਦੇਂਦੇ ਸਨ। ਅਤੇ ਉਹਨਾਂ ਦਾ ਧੰਨ ਦੌਲਤ ਵੀ ਲੁੱਟ ਲੈਂਦੇ ਸਨ।

(ਵੀਰੋ ਇਹ ਹੈ ਮਾਣਸ ਖਾਣੇਂ ਦਾ ਅਸਲੀ ਮਤਲਬ)

ਪਰ ਉਹ ਬ੍ਰਾਹਮਣ ਜਿਉਂਦੇ ਮਾਣਸ ਖਾ ਕੇ ਵੀ,

ਮਾਸ ਖਾਣ ਤੋਂ ਫਿਰ ਵੀ ਉਸੇ ਹੀ ਤਰਾਂ ਨਫਰਤ ਕਰਦੇ ਸਨ। ਮਾਸ ਦੀ ਬੂ ਤੋਂ ਉਸੇ ਤਰਾਂ ਹੀ ਨੱਕ ਬੰਦ ਕਰ ਲੈਦੇ ਸਨ।

ਇਸੇ ਹੀ ਵਾਸਤੇ ਗੁਰੂ ਨਾਨਕ ਦੇਵ ਜੀ ਨੇਂ ਉਹਨਾਂ ਪੰਡਤਾਂ ਨੂੰ ਕਿਹਾ ਹੈ।

ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ॥

ਕਿ ਪਾਂਡੇ ਤੂੰ ਮਾਸ ਦੀ ਤਾਂ ਬੋ ਤੋਂ ਹੀ ਨੱਕ ਬੰਦ ਕਰ ਲੈਂਦਾ ਹੈ। ਪਰ ਧੋਖੇ ਨਾਲ ਤੂੰ ਜਿਉਂਦੇ ਜਾਗਦੇ ਮਾਣਸਾਂ ਨੂੰ ਖਾ ਜਾਂਦਾ ਹੈ।

ਵੀਰੋ ਪੜ੍ਹੋ ਅਤੇ ਵਿਚਾਰ ਕਰੋ, ਵੇਖੋ ਗੁਰੂ ਨਾਨਕ ਜੀ ਨੇਂ ਇਹ ਸ਼ਬਦ ਵਿੱਚ ਕੀ ਸਿੱਖਿਆ ਦਿੱਤੀ ਹੈ।

ਪਰ ਅਸੀਂ ਇਸ ਸ਼ਬਦ ਦੇ ਅਰਥ, ਸਿਰਫ ਇੱਕ ਮਾਸ ਖਾਣ ਦੀ ਖਾਤਰ ਕੀ ਦੇ ਕੀ ਕਰੀ ਜਾਂਦੇ ਹਾਂ।

ਅਤੇ ਮਾਣਸ ਖਾਣੇਂ ਬ੍ਰਾਹਮਣਾਂ ਨੂੰ ਅਸੀਂ, ਕਿਵੇਂ ਅਸਲ ਦੋਸ਼ ਤੋਂ ਮੁਕਤ ਕਰ ਕੇ, ਸਿਰਫ ਛੋਟਾ ਜਿਹਾ ਆਪਣੇਂ ਮਤਲਬ ਦਾ ਦੋਸ਼ (ਲਹੂ ਪੀਣ ਦੇ ਮਨਸੂਬੇ ਵਾਲਾ) ਲਾ ਕੇ, ਆਪਣੇਂ ਲਈ ਮਾਸ ਖਾਣ ਦਾ ਰਾਹ ਸਾਫ ਕਰ ਲਿਆ ਹੋਇਆ ਹੈ।

ਵੀਰੋ ਬ੍ਰਾਹਮਣ ਸਿਰਫ ਲਹੁ ਪੀਣ ਦੇ ਮਨਸੂਬੇ ਨਹੀਂ ਬਨਾਉਂਦੇ ਸਨ, ਬਲਕਿ ਭਰਮਾਂ ਦੇ ਜਾਲ ਦੇ ਰਾਤ ਵਰਗੇ ਹਨੇਰੇ ਵਿਚ,

ਸੱਚਮੁਚ ਮਾਣਸ ਖਾਦੇ ਹੁੰਦੇ ਸਨ।

ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ॥

ਹੁਣ ਅਸੀਂ ਊਪਰ ਪਹਿਲੇ ਵਾਲੀ ਕੜੀ ਦੇ ਅਤੇ ਸਾਰੇ ਸ਼ਬਦ ਦੇ ਅਸਲ ਅਰਥ ਦੁਬਾਰਾ ਇਸ ਫੜੁ ਕਰਿ ਲੋਕਾਂ ਨੋ ਦਿਖਲਾਵਹਿ. . ਵਾਲੀ ਕੜੀ ਨਾਲ ਮਿਲਾ ਕੇ ਪੜ੍ਹਦੇ ਹਾਂ।

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ॥

ਗੁਰੂ ਨਾਨਕ ਜੀ ਸੱਭ ਤੋਂ ਪਹਿਲੀ ਤੁਕ ਵਿੱਚ ਸਮਝਾਉਂਦੇ ਹਨ।

ਮੂਰਖ ਮਾਸ ਦਾ ਪਾਈ ਬੈਠੇ ਹਨ, ਪਰ ਕਿਸੇ ਨੂੰ ਗਿਆਨ ਨਹੀਂ ਕਿਸੇ ਨੂੰ ਸਮਝ ਨਹੀਂ, ਕਿ ਸਾਗ ਕੀ ਹੈ, ਅਤੇ ਮਾਸ ਕੀ ਹੈ।

ਦੂਸਰੀ ਤੁਕ ਵਿੱਚ ਗੁਰੂ ਨਾਨਕ ਜੀ ਦੱਸਦੇ ਹਨ।

ਕੋਈ ਤਾਂ ਗੈਂਡਾ ਮਾਰ ਕੇ ਆਪਣੇਂ ਦੇਵਤਿਆ ਦੀ ਰੀਤ ਰਸਮ ਅਨੂਸਾਰ ਹੋਮ ਜਗ ਵਗੈਰਾ ਕਰਦਾ ਹੈ. . ਅਤੇ ਕੋਈ ਮਾਸ ਦੀ ਗੰਧ ਤੋਂ ਹੀ ਨੱਕ ਬੰਦ ਕਰ ਲੈਦਾ ਹੈ। ਕਈ ਮਾਣਸ ਖਾਣੇਂ ਧੋਖੇ ਨਾਲ ਜਿਉਂਦੇ ਮਨੁੱਖਾਂ ਨੂੰ ਹੀ ਜਿਬ੍ਹਾ ਕਰ ਦੇਂਦੇ ਹਨ।

ਦੂਜੀ ਪੰਕਤੀ ਵਿੱਚ ਦੱਸਦੇ ਹਨ। ਇਹ ਸੱਭ ਤਰਾਂ ਦੇ (ਊਪਰ ਦੋਨੋਂ ਪੰਕਤੀਆਂ ਵਾਲੇ) ਕਰਮ ਕਾਂਡ ਪਖੰਡ ਹਨ. . ਇਹਨਾਂ ਕਰਮ ਕਾਂਡਾਂ ਨੂੰ ਕਰਨ ਵਾਲੇ, ਪਖੰਡ ਕਰ ਕਰ ਕੇ ਦੁਨੀਆਂ ਨੂੰ ਦਿਖਾਉਂਦੇ ਹਨ। ਆਪਣੇਂ ਆਪ ਨੂੰ ਧਰਮੀ ਅਤੇ ਗਿਆਨੀਂ ਦੱਸਦੇ ਹਨ। . . ਨਾਂ ਤਾਂ ਇਹਨਾਂ ਨੂੰ ਕੋਈ ਗਿਆਨ ਹੈ, ਅਤੇ ਨਾਂ ਹੀ ਕੋਈ ਇਹਨਾਂ ਦੇ ਧਿਆਨ ਵਿੱਚ ਪ੍ਰਮਾਤਮਾਂ ਹੈ।

ਗੁਰੂ ਨਾਨਕ ਜੀ ਕਹਿੰਦੇ ਹਨ। ਇਹੋ ਜਿਹੇ ਅੰਧੇ ਲੋਕਾਂ ਨੂੰ ਕੀ ਕਹੀਏ, ਨਾਂ ਤਾਂ ਇਹਨਾਂ ਨੂੰ ਖੁਦ ਨੂੰ ਕੋਈ ਸਮਝ ਹੈ। ਅਤੇ ਨਾਂ ਹੀ ਇਹ ਲੋਕ ਸਾਡੇ ਸਮਝਾਇਆ ਸਮਝਦੇ ਹਨ, ਅਤੇ ਨਾਂ ਹੀ ਇਹ ਸਾਡਾ ਕਹਿਆ ਸਮਝਦੇ ਜਾਂ ਬੁਝਦੇ ਹਨ।

ਨੋਟ:-

ਊਪਰ ਵਾਲੀ ਗੈਂਡਾ ਮਾਰਿ ਹੋਮ ਜਗ. . ਵਾਲੀ ਪੰਕਤੀ ਵਿੱਚ ਦੋਵੇਂ ਤਰਾਂ ਦੇ ਹੀ ਲੋਕ ਆ ਗਏ ਹਨ। ਮਾਸ ਖਾਣ ਵਾਲੇ ਵੀ, ਅਤੇ ਮਾਸ ਦੀ ਬੂੰ ਤੋਂ ਨੱਕ ਬੰਦ ਕਰਨ ਵਾਲੇ ਵੀ।

ਦੋਹਾਂ ਨੂੰ ਹੀ ਗੁਰੂ ਨਾਨਕ ਜੀ ਪਖੰਡੀ ਦੱਸਦੇ ਹਨ।

ਪਰ ਅਸੀਂ ਸਿਰਫ ਇੱਕ ਪਾਂਡੇ ਨੂੰ ਹੀ ਪਖੰਡੀ ਕਹਿੰਦੇ ਹਾਂ। ਹੋਮ ਜੱਗ ਵਾਲੇ ਨੂੰ ਗਿਆਨੀਂ ਧਿਆਨੀਂ ਤੇ ਸੱਚਾ ਸਮਝਦੇ ਹਾਂ।

ਕਿਉਂ ਕਿ ਹੋਮ ਜੱਗ ਵਾਲੇ ਨੂੰ ਝੂਠਾ ਕਹਿਣ ਨਾਲ, ਸਾਡਾ ਮਾਸ ਖਾਣ ਦਾ ਦਾਵਾ ਰੱਦ ਹੁੰਦਾ ਹੈ।

ਬਸ ਇਹੀ ਫਰਕ ਹੈ ਸਾਡੇ ਅਰਥਾਂ ਅਤੇ ਗੁਰੂ ਨਾਨਕ ਦੀ ਸਿਖਿਆ ਵਿਚ।

ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ॥

ਊਪਰ ਵਾਲੀ ਪੰਕਤੀ ਵਿਚ, ਇਹਨਾਂ ਪਖੰਡ ਕਰਨ ਵਾਲਿਆਂ ਨੂੰ, ਗੁਰੂ ਨਾਨਕ ਜੀ ਨੇਂ ਅੰਧੇ ਕਿਹਾ ਹੈ। ਇਸ ਪੰਕਤੀ ਵਿੱਚ ਆਪਣੇਂ ਕਹੇ ਨੂੰ ਹੋਰ ਸਪਸ਼ਟ ਕਰਨ ਵਾਸਤੇ ਦੱਸਦੇ ਹਨ। ਅਸਲ ਵਿੱਚ ਅੰਧਾ ਉਹ ਹੈ, ਜਿਸ ਦੇ ਹਿਰਦੇ ਵਿੱਚ ਗਿਆਨ ਦੀਆਂ ਅੱਖਾਂ ਨਹੀਂ ਹਨ। ਅਤੇ ਬਾਹਰਲੀਆਂ ਅੱਖਾਂ ਹੁੰਦਿਆਂ ਵੀ ਉਹ ਅੰਨ੍ਹੇ ਹਨ, ਅੰਨੇਰੇ ਵਿੱਚ ਹੈ।

ਉਹ ਅੰਧੇ (ਮੂਰਖਾਂ ਅਤੇ ਅਗਿਆਨੀਆਂ ਵਾਲੇ) ਕੰਮ ਕਰਦਾ ਹੈ। ਕਹਿੰਦਾ ਹੈ ਮੱਛੀ ਮਾਸ ਖਾਣਾਂ ਪਾਪ ਹੈ, (ਬਾਕੀ ਸਭ ਕੁੱਝ ਖਾਧੀ ਜਾਂਦਾ ਹੈ) ਅਤੇ ਆਪਣੇਂ ਆਪ ਨੂੰ ਬੜਾ ਧਰਮੀ ਅਤੇ ਗਿਆਨੀਂ ਸਮਝਦਾ ਹੈ।

ਮੂਰਖ ਪਾਂਡੇ, ਤੂੰ ਇਸ ਮਾਸ ਤੋਂ ਕਿਵੇਂ ਬਚੇਂ ਗਾ, ਅਤੇ ਕਿੱਧਰ ਭੱਜੇਂ ਗਾ, ਕੀ ਤੂੰ ਭੁੱਲ ਗਿਆ ਹੈ, ਕਿ ਤੂੰ ਵੀ ਮਾਸ ਤੋਂ ਬਣਿਆਂ ਹੋਇਆ ਹੈਂ। ਤੂੰ ਵੀ ਆਪਣੇਂ ਮਾਤਾ ਪਿਤਾ ਦੀ ਰਕਤ ਬਿੰਦ ਤੋਂ ਬਣਿਆਂ ਹੋਇਆ ਹੈ।

ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ॥

ਪਾਠਕ ਵੀਰੋ ਵਿਚਾਰ ਕਰੋ, ਜੋ ਗੱਲ ਗੂਰੂ ਜੀ ਪਾਂਡੇ ਨੂੰ ਸਮਝਾਉਣਾਂ ਚਾਹੁਦੇ ਹਨ, ਜਾਂ ਸਮਝਾ ਰਹੇ ਹਨ। ਉਹ ਸਾਰੀ ਪੂਰੀ ਦੀ ਪੂਰੀ ਗੱਲ ਇੱਕ ਹੀ ਪੰਕਤੀ ਵਿੱਚ ਪੂਰੀ ਕਰਨੀ ਨਾਂ ਮੁਮਕਿਨ ਹੈ। ਇੱਕ ਪੰਕਤੀ ਦੀ ਅਧੂਰੀ ਗੱਲ ਨੂੰ ਅਗਲੀ ਪੰਕਤੀ ਵਿੱਚ ਪੂਰੀ ਕਰਦੇ ਹਨ।

ਊਪਰ ਵਾਲੀ ਮਛੀ ਮਾਸੁ ਨ ਖਾਂਹੀ ਵਾਲੀ ਪੰਕਤੀ ਪੜ੍ਹ ਕੇ ਇੰਜ ਲੱਗੇ ਗਾ, ਕਿ ਜਿਵੇਂ ਗੁਰੂ ਜੀ ਕਹਿ ਰਹੇ ਹੋਣ। ਕਿ ਪਾਂਡੇ ਤੂੰ ਮੱਛੀ ਮਾਸ ਨਹੀਂ ਖਾਂਦਾ, ਪਰ ਤੂੰ ਵੀ ਆਪਣੇਂ ਮਾਤਾ ਪਿਤਾ ਦੀ ਰੱਤ ਤੋਂ ਬਣਿਆਂ ਹੈਂ। ਫਿਰ ਮਾਸ ਤੋਂ ਨਫਰਤ ਕਿਉਂ। . . (ਅਸੀਂ ਇਸ ਦੇ ਇਹ ਅਰਥ ਲੈਂਦੇ ਹਾਂ)

ਇਸ ਤਰਾਂ ਇਸ ਪੰਕਤੀ ਦਾ ਬੜੀ ਆਸਾਨੀ ਨਾਲ, ਉਲਟਾ ਅਰਥ ਕੱਢਿਆ ਜਾਂ ਸੱਕਦਾ ਹੈ। ਜਿਵੇਂ ਕੇ ਅਸੀਂ ਕੱਢਿਆ ਵੀ ਹੋਇਆ ਹੈ।

ਪਰ ਗੁਰੂ ਨਾਨਕ ਜੀ, ਅਗਲੀ ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ. . ਵਾਲੀ ਪੰਕਤੀ ਵਿੱਚ ਸਾਫ ਸਾਫ ਕਹਿ ਰਹੇ ਹਨ।

ਕਿ ਹੇ ਮੂਰਖ ਪਾਂਡੇ ਜਦੋਂ ਤੇਰੇ ਮਾਂ ਅਤੇ ਬਾਪ ਆਪਸ ਵਿੱਚ ਮਿਲੇ, ਤਾਂ ਉਦੋਂ ਵੀ ਤਾਂ ਉਹਨਾਂ ਨੇਂ ਮਿਲ ਕੇ ਇਹ ਮੰਦ (ਗੰਦ) ਹੀ ਕਮਾਇਆ। ਭਾਵ ਹੋਰ ਮਾਸ ਨੂੰ ਜਨਮ ਦਿੱਤਾ। (ਦੇਖ ਲਵੋ ਗੁਰੂ ਜੀ ਇਸ ਨੂੰ ਵੀ ਗੰਦ ਜਾਂ ਮੰਦ ਕਹਿ ਕਹੇ ਹਨ) (ਪਰ ਅਸੀਂ ਇਸ ਨੂੰ ਚਾਵਾਂ ਭਰਿਆ ਕੰਮ ਕਹਿੰਦੇ ਹਾਂ, ਅਤੇ ਨਵੇਂ ਪੈਦਾ ਹੋਇ ਮਾਸ ਦੀਆਂ ਖੁਸ਼ੀਆਂ ਮਨਾਉਂਦੇ ਹਾਂ)

ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਡੇ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ॥

ਅਤੇ ਆਪਾਂ ਸਾਰੇ ਵੀ ਤਾਂ, ਮਾਸ ਵਿਚੋਂ ਹੀ ਜਮੇਂ ਹਾਂ, ਅਤੇ ਮਾਸ ਵਿਚੋਂ ਹੀ ਸਾਡਾ ਮੁੱਢ ਬੱਝਾ ਹੈ। ਅਤੇ ਆਪਾਂ ਸਾਰੇ ਮਾਸ ਦੇ ਹੀ ਭਾਡੇ ਹਾਂ, ਮਾਸ ਦੇ ਹੀ ਬਣੇਂ ਹਾਂ। ਪਾਂਡੇ ਤੈਨੂੰ ਮਾਸ ਦੀ ਸੂਝ (ਸਮਝ) ਹੀ ਨਹੀਂ ਹੈ, . . ਹੇ ਪਾਂਡੇ ਫਿਰ ਵੀ ਤੂੰ ਆਪਣੇਂ ਆਪ ਨੂੰ ਬਹੁਤ ਚਾਲਾਕ ਚਤਰਾ ਅਤੇ ਸਿਆਣਾਂ ਸਮਝਦਾ ਹੈਂ।

ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ॥ ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ॥

ਹੇ ਸਵਾਮੀਂ ਹੇ ਬ੍ਰਾਹਮਣ ਦੇਖ ਲੈ ਆਪਾਂ ਸਾਰੇ ਹੀ ਇਕੋ ਹੀ ਮਾਸ ਤੋਂ ਬਣੇਂ ਹਾਂ। ਜੇ ਬਾਹਰ ਦਾ ਮਾਸ ਮੰਦਾ ਹੈ ਤਾਂ ਘਰ ਦਾ ਮਾਸ ਚੰਗਾ ਕਿਵੇਂ ਹੋਇਆ।

ਇਸ ਸੰਸਾਰ ਦੇ ਕੁੱਲ ਜੀਵ ਜੰਤੂ ਸਾਰੇ ਹੀ ਮਾਸ ਤੋਂ ਪੈਦਾ ਹੋਏ ਹਨ। ਅਤੇ ਜੀਵ (ਆਤਮਾਂ) ਨੇਂ ਮਾਸ ਦੇ ਵਿੱਚ ਹੀ ਵਸੇਰਾ ਕੀਤਾ ਹੋਇਆ ਹੈ।

ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ॥

ਨੋਟ:- ਇਸ ਪੰਕਤੀ ਦੇ ਅਰਥ ਕੀ ਇਹ ਹਨ? , ਕਿ ਬ੍ਰਾਹਮਣ ਬਾਹਰ ਦੇ ਮਾਸ ਨੂੰ ਤਾਂ ਬੁਰਾ ਸਮਝਦਾ ਸੀ, ਅਤੇ ਘਰ ਦੇ ਮਾਸ ਨੂੰ ਚੰਗਾ ਸਮਝਦਾ ਸੀ। ਜਾਂ ਬਾਹਰ ਤਾਂ ਮਾਸ ਨਹੀਂ ਖਾਂਦਾ ਸੀ, ਪਰ ਘਰ ਆ ਕੇ ਮਾਸ ਖਾ ਲੈਂਦਾ ਸੀ।

ਜੇ ਇੰਜ ਹੈ ਤਾਂ ਦੱਸੋ ਘਰ ਆ ਕੇ ਕਿਸ ਦਾ ਮਾਸ ਖਾਂਦਾ ਸੀ? ।

ਝਗੜੇ ਦਾ ਕੀ ਹੈ, ਇਸੇ ਤੁਕ ਨੂੰ ਲੈ ਕੇ ਵੀ ਝਗੜਾ ਕੀਤਾ ਜਾ ਸੱਕਦਾ ਹੈ।

ਜੇ ਨੀਅਤ ਹੀ ਸਿਰਫ ਝਗੜਾ ਕਰਨ ਦੀ ਹੋਵੇ, ਤਾਂ ਬਾਣੀਂ ਦੀ ਕਿਸੇ ਵੀ ਤੁਕ ਨੂੰ ਪਕੜ ਕੇ ਸਾਰੀ ਉਮਰ ਤੱਕ ਝਗੜਾ ਕੀਤਾ ਜਾ ਸੱਕਦਾ ਹੈ।

ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ॥

ਪਾਠਕ ਵੀਰੋ ਇਸ ਪੰਗਤੀ ਦੀ ਵਿਚਾਰ ਜਰਾ ਗੌਰ ਨਾਲ ਕੀਤੀ ਜਾਵੇ। ਅਭੱਖ ਦੇ ਅਰਥ ਹਨ ਨਾਂ ਖਾਣ ਯੋਗ ਪਦਾਰਥ, ਅਤੇ ਭੱਖੁ ਦਾ ਅਰਥ ਹੈ ਖਾਣ ਯੋਗ ਪਦਾਰਥ

ਆਮ ਕਰਕੇ ਵਿਦਵਾਨ ਵੀਰ ਨਾਂ ਖਾਣ ਯੋਗ ਚੀਜ “ਅਭਖੁ” ਦਾ ਅਰਥ ਸਿਰਫ ਪਰਾਇਆ ਹੱਕ ਕਹਿੰਦੇ ਹਨ।

ਅਤੇ ਖਾਣ ਯੋਗ ਚੀਜ “ਭੱਖ” ਦਾ ਅਰਥ ਮਾਸ ਲੈਦੇ ਹਨ। ਭਾਵ ਮਾਸ ਨੂੰ ਖਾਣ ਯੋਗ ਪਦਾਰਥ ਸਮਝਦੇ ਹਨ।

“ਭੱਖ” ਕੀ ਹੈ ਅਤੇ “ਅਭੱਖ” ਕੀ ਹੈ? ।

ਜੇ ਇਸ ਦਾ ਹੀ ਪਤਾ ਨਾਂ ਲੱਗਾ, ਤਾਂ ਝਗੜਾ ਤਾਂ ਫਿਰ ਉਥੇ ਦਾ ਉਥੇ ਹੀ ਰਹਿ ਗਿਆ।

ਮਾਸ ਕੀ ਹੈ, ਇਸ ਦਾ ਫੈਸਲਾ ਬਾਣੀਂ ਨੇਂ ਅਜੇ ਸੁਨਾਉਣਾਂ ਹੈ। ਪਰ ਮਾਸ ਖਾਣ ਵਾਲੇ ਅਤੇ ਮਾਸ ਦਾ ਵਿਰੋਧ ਕਰਨ ਵਾਲੇ. .

. . ਦੋਹਾਂ ਨੂੰ ਹੀ ਗੁਰੂ ਨਾਨਕ ਜੀ ਇਸੇ ਹੀ ਸ਼ਬਦ ਵਿੱਚ ਮੂਰਖ (ਪਖੰਡੀ) ਕਹਿ ਚੁੱਕੇ ਹਨ। ਜੋ ਅਸੀਂ ਪਹਿਲੇ ਪੜ੍ਹ ਚੁਕੇ ਹਾਂ।

ਫਿਰ ਵੀ ਜੇ ਕਿਸੇ ਨੂੰ ਅਜੇ ਵੀ ਭਲੇਖਾ ਹੈ, ਤਾਂ ਗੁਰੂ ਨਾਨਕ ਜੀ ਬਾਕੀ ਦਾ ਭੁਲੇਖਾ ਵੀ, ਅੱਗੇ ਚੱਲ ਕੇ, ਇਸੇ ਹੀ ਸ਼ਬਦ ਵਿੱਚ ਕਿਲਕੁਲ ਕੱਢ ਦੇਣ ਗੇ।

ਗੁਰੂ ਨਾਨਕ ਜੀ ਮਾਸ ਨੂੰ “ਭੱਖ” ਜਾਂ ਖਾਣ ਯੋਗ ਚੀਜ ਕਹਿੰਦੇ ਹਨ,

ਇਹ ਸਾਡਾ ਆਪਣਾਂ ਅਨੁੰਮਾਨ ਜਾਂ ਆਪਣੀਂ ਸੋਚ ਹੈ, ਜਾਂ ਆਪਣੇਂ ਕੀਤੇ ਅਰਥ ਹਨ।

ਬਾਣੀਂ ਤਾਂ ਸਿਰਫ “ਭੱਖ” ਅਤੇ “ਅਭੱਖ” ਦਾ ਜਿਕਰ ਕਰਦੀ ਹੈ। ਅਤੇ ਨਾਲ ਹੀ ਇਹ ਵੀ ਕਹਿੰਦੀ ਹੈ, ਕਿ ਇਹ ਕੰਮ ਉਹ ਕਰਦੇ ਹਨ, (ਭਾਵ “ਭੱਖ” ਤਜਦੇ ਅਤੇ “ਅਭੱਖ” ਨੂੰ ਖਾਂਦੇ) ਜਿੰਨ੍ਹਾਂ ਦਾ ਗੁਰੂ ਅੰਧਾ ਹੈ।

ਪਰ ਜਿੰਨ੍ਹਾਂ ਦਾ ਅੰਧਾ ਗੁਰੂ ਵੀ ਨਾਂ ਹੋਵੇ, (ਗੁਰੂ ਉਸ ਦਾ ਹੈ ਜਿਹੜਾ ਮੰਨੇਂ) ਭਾਵ ਜਿਹੜੇ ਗੁਰੂ ਦੇ ਬਚਨ ਜਾਂ ਗੁਰੂ ਦੇ ਕਹੇ (ਬਾਣੀਂ ਨੂੰ) ਨੂੰ ਮੰਨਦੇ ਹੀ ਨਾਂ ਹੋਣ, ਉਹਨਾਂ ਨੂੰ ਕਿਵੇਂ ਪਤਾ ਲੱਗੇ ਕਿ “ਭੱਖ” ਕੀ ਹੈ ਅਤੇ “ਅਭੱਖ” ਕੀ ਹੈ। ਮੰਨ ਲਉ ਕਿ ਪੰਡਿਤ ਤਾਂ ਮਾਸ ਇਸ ਵਾਸਤੇ ਤਜਦਾ ਸੀ, ਕਿ ਉਸ ਦਾ ਗੁਰੂ ਅੰਧਾ ਸੀ। ਤਾਂ ਕੀ ਗੈਂਡਾ ਮਾਰਕੇ ਹੋਮ ਜੱਗ ਕਰਨ ਵਾਲਿਆਂ ਦਾ ਗੁਰੂ (ਦੇਵਤਾ) ਪੂਰਾ ਸੀ?

ਕਿੰਨੀਂ ਹੈਰਾਨੀ ਦੀ ਗੱਲ ਹੈ, ਕਿ ਬਾਕੀ ਸਾਰੀ ਬਾਣੀਂ ਨੂੰ ਰੱਦ ਕਰਨ ਵਾਲੇ, ਵੇਖੋ “ਭੱਖ” ਦੇ ਅਰਥ ਨੂੰ ਕਿੰਨੀਂ ਛੇਤੀ ਸਮਝੇ ਅਤੇ ਮੰਨਦੇ ਹਨ,

ਅਤੇ ਇਸ “ਭਖ” ਵਾਲੀ ਗੱਲ ਤੇ ਕਿੰਨੀਂ ਜੀ ਜਾਨ ਨਾਲ, ਜਾਂ ਤਨੋਂ ਮਨੋਂ ਅਮਲ ਕਰਦੇ ਹਨ।

ਪਰ ਗੁਰਮਤਿ ਵਿੱਚ (ਭੱਖ) ਜਾਂ ਖਾਣ ਵਾਲੀ ਉਹ ਚੀਜ,

ਜਿਸ ਨੂੰ ਸਪੱਸ਼ਟ ਸ਼ਬਦਾਂ ਵਿੱਚ ਗੁਰੂ ਨਾਨਕ ਜੀ ਨੇਂ ਅੰਮ੍ਰਿਤ ਭੋਜਨ ਦਾ ਨਾਮ ਦਿੱਤਾ ਗਿਆ ਹੈ।

ਉਹ ਵੱਸਤ ਸਾਨੂੰ ਜ਼ਹਿਰ ਸਮਾਨ ਲੱਗਦੀ ਹੈ।

ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ

ਨਾਮ ਵਾਲੇ ਅੰਮ੍ਰਿਤ ਭੋਜਨ ਦੀ ਗੱਲ ਕਰਨ ਵਾਲਾ ਸਾਨੂੰ ਦੁਸ਼ਮਣ, ਅਤੇ ਨਾਮ ਦਾ ਲਫਜ਼ ਸਾਨੂੰ ਬਿੱਛੂ ਦੇ ਡੰਗ ਵਾਂਗ ਚੁਭਦਾ ਹੈ, ਬਿੱਛੂ ਦੇ ਡੰਗ ਜਿਨੀਂ ਤਕਲੀਫ ਦੇਂਦਾ ਹੈ।

ਪਾਠਕ ਵੀਰੋ ਆਉ ਵੇਖੀਏ/ਪੜ੍ਹੀਏ ਕਿ ਗੁਰੂ ਨਾਨਕ ਜੀ ਸਾਨੂੰ ਕਿਹੜਾ ਭੋਜਨ ਖਾਣ ਵਾਸਤੇ ਕਹਿੰਦੇ ਹਨ।

ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥ ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ॥ ਮ: ੧ ੧੫੦

ਉਸ ਭੋਜਨ ਨੂੰ ਰੱਜ ਰੱਜ ਕੇ ਖਾਣ ਵਾਸਤੇ, ਗੁਰੂ ਨਾਨਕ ਦੇਵ ਜੀ ਬੜੇ ਹੀ ਸਪੱਸ਼ਟ ਸ਼ਬਦਾਂ ਵਿਚ, ਅਤੇ ਠੇਠ ਪੰਜਾਬੀ ਵਿੱਚ ਕਹਿ ਰਹੇ ਹੈ।

ਦੱਸੋ ਕੌਣ ਗੁਰੂ ਨਾਨਕ ਦੇ ਦੱਸੇ ਉਸ ਭੋਜਣ ਨੂੰ ਖਾਂਦਾ ਹੈ? ? ? ?

“ਭੱਖ” ਤਾਂ ਸਾਡੀ ਸਮਝ ਵਿੱਚ ਅਤੇ ਮੰਨਣ ਵਿੱਚ ਆ ਗਿਆ, ਪਰ “ਅੰਮ੍ਰਿਤ” ਸਾਡੀ ਸਮਝ ਅਤੇ ਮੰਨਣ ਵਿੱਚ ਕਿਉਂ ਨਾਂ ਆਇਆ? ? ? ? ? ? ? ।

ਦੁਬਾਰਾ ਫਿਰ ਫਿਰ ਪੜਦੇ ਹਾਂ ਇਸ ਪੰਕਤੀ ਨੂੰ।

ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ॥

ਗੁਰੂ ਨਾਨਕ ਜੀ ਇਸ ਕੜੀ ਵਿੱਚ ਇਹ ਕਹਿ ਰਹੇ ਹਨ। ਨਾਂ ਖਾਣ ਵਾਲੀ ਚੀਜ ਨੂੰ ਖਾਂਦੇ ਹਨ, ਅਤੇ ਖਾਣ ਵਾਲੀ ਚੀਜ ਨੂੰ ਤਜ ਛੱਡਿਆ ਹੋਇਆ ਹੈ।

ਭਾਵ ਜਿੰਨਾਂ ਦਾ ਗੁਰੂ ਅੰਧਾ ਹੈ, ਉਹਨਾਂ ਨੂੰ ਭੱਖ ਅਤੇ ਅਭਖ ਦਾ ਪਤਾ ਹੀ ਨਹੀਂ ਹੈ। (ਮਾਸ ਇਥੇ ਕਿਥੋਂ ਆ ਗਿਆ)

ਇਕ ਬਹੁਤ ਹੀ ਉੱਘੇ ਵਿਦਵਾਨ ਨੇਂ ਤਾਂ ਸਾਫ ਲਫਜਾਂ ਵਿੱਚ ਲਿਖ ਦਿੱਤਾ ਹੋਇਆ ਹੈ।

ਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨ੍ਹਾ ਹੈ ਉਹ ਨਾਹ ਖਾਣ-ਜੋਗ ਚੀਜ਼ (ਭਾਵ, ਪਰਾਇਆ ਹੱਕ) ਤਾਂ ਖਾਂਦੇ ਹਨ ਤੇ ਖਾਣ-ਜੋਗ ਚੀਜ਼ (ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਹੀ ਮੁੱਢ ਬੱਝਾ, ਉਸ ਨੂੰ ਤਿਆਗਦੇ ਹਨ।

ਕੀ ਮਾਸ ਦੇ ਤਿਆਗੀ (ਸਾਰੇ) ਸੱਚਮੁਸ ਪਰਾਇਆ ਹੱਕ ਖਾਦੇ ਹਨ, ਅਤੇ ਮਾਸ ਖਾਣ ਵਾਲੇ ਕੀ ਪਰਾਇਆ ਮਾਸ ਵੀ ਨਹੀਂ ਖਾਦੇ। ਕੀ ਉਹ ਸਿਰਫ ਆਪਣਾਂ ਮਾਸ ਹੀ ਖਾਦੇ ਹਨ? ? ? ? ?

ਗੁਰੂ ਨਾਨਕ ਜੀ ਦਾ ਜੋ ਹੁਕਮ, ਕਿ ਦਿਨ ਦੇ ਸੂਰਜ ਵਾਂਗ ਸਪੱਸ਼ਟ ਹੈ। “ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ” ਉਸ ਨੂੰ ਤਾਂ ਅਸੀਂ ਮੰਨਦੇ ਨਹੀਂ। ਅਤੇ ਆਪਣੇਂ ਮਤਲਬ ਦੀ ਅਸਪਸ਼ਟ ਗੱਲ ਨੂੰ ਵੀ ਕਿੰਨੀਂ ਛੇਤੀ ਮੰਨਦੇ ਹਾਂ।

ਮਾਸੁ ਪੁਰਾਣੀ ਮਾਸੁ ਕਤੇਬੀਂ ਚਹੁ ਜੁਗਿ ਮਾਸੁ ਕਮਾਣਾ॥ ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ॥

ਪਾਂਡੇ! ਪੁਰਾਣਾਂ ਵਿੱਚ ਅਤੇ ਮੁਸਲਮਾਨਾਂ ਦੀਆਂ ਕਤਾਬਾਂ ਵਿੱਚ ਵੀ ਮਾਸ ਵਰਤਨ ਜਾਂ ਖਾਣ ਦਾ ਜਿਕਰ ਹੈ। ਅਤੇ ਇਹ ਸਿਲਸਲਾ ਜਾਂ ਕੰਮ ਚਾਰਾਂ ਹੀ ਜੁੱਗਾਂ ਵਿੱਚ ਲੋਕ ਕਰਦੇ ਆਏ ਹਨ।

ਜੰਜ ਕਾਜ ਵਿਆਹਾਂ ਸ਼ਾਦੀਆਂ ਵਿੱਚ ਵੀ ਮਾਸ ਪਰੋਸਿਆ ਜਾਂਦਾ ਹੈ।

(ਇਹ ਸੰਸਾਰ ਦੀ ਰੀਤ ਦਾ ਜਿਕਰ ਹੈ, ਮਾਸ ਖਾਣ ਵਾਸਤੇ ਹੁਕਮ ਨਹੀਂ ਹੈ। ਕਿ ਜੋ ਸਾਰੇ ਕਰਦੇ ਹਨ ਤੁਸੀਂ ਵੀ ਕਰੀ ਜਾਉ)

ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ॥ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨੑ ਕਾ ਦਾਨੁ ਨ ਲੈਣਾ॥

ਮੂਰਖ ਪਾਂਡੇ, ਸੱਭ ਇਸਤਰੀ ਪੁਰਸ਼ ਰਾਜੇ ਮਹਾਂਰਾਜੇ ਸ਼ਾਹ ਪਾਤਸ਼ਾਹ, ਸਾਰੇ ਹੀ ਮਾਸ ਤੋਂ ਬਣੇਂ ਹਨ। ਜੇ ਤੈਨੂੰ ਉਹ ਨਰਕ ਨੂੰ ਜਾਂਦੇ ਦਿੱਸਦੇ ਹਨ, ਤਾਂ ਤੂੰ ਉਹਨਾਂ ਦਾ ਦਾਨ ਕਿਉਂ ਲੈਂਦਾ ਹੈ।

(ਇਹ ਸਿੱਖਿਆ ਦਿੱਤੀ ਹੈ ਪੰਡਿਤ ਨੂੰ ਗੁਰੂ ਨਾਨਕ ਨੇਂ, ਮੇਹਣਾਂ ਨਹੀਂ ਮਾਰਿਆ)

ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ॥ ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ॥

ਮੂਰਖ ਬ੍ਰਾਹਮਣਾਂ, ਇਹ ਕਿੱਧਰ ਦਾ ਨਿਆਂ ਹੈ, ਕੇ ਦਾਨ ਦੇਣ ਵਾਲਾ ਤਾਂ ਨਰਕ ਨੂੰ ਜਾਵੇ, ਅਤੇ ਦਾਣ ਲੈਣ ਵਾਲਾ, ਭਾਵ ਤੂੰ ਸੁਰਗਾਂ ਨੂੰ ਜਾਣ ਦੀ ਆਸ ਲਾਈ ਬੈਠਾ ਹੈਂ। ਆਪ ਨੂੰ ਤਾਂ ਤੈਨੂੰ ਕੋਈ ਸਮਝ ਨਹੀਂ, ਅਤੇ ਤੂੰ ਲੋਕਾਂ ਨੂੰ ਮੱਤਾਂ ਦੇਂਦਾ ਹੈ। ਆਪਣੇਂ ਆਪ ਨੂੰ ਤੂੰ ਬਹੁਤ ਚਾਤਰ ਅਤੇ ਸਿਆਣਾਂ ਸਮਝਦਾ ਹੈਂ।

(ਇਹ ਵੀ ਪਾਂਡੇ ਵਾਸਤੇ ਸਿਖਿਆ ਹੈ)

ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ॥

ਮੂਰਖ ਪਾਂਡੇ ਤੂ ਨਹੀਂ ਜਾਣਦਾ ਕਿ ਮਾਸ ਕਿਤੋਂ ਪੈਦਾ ਹੋਇਆ ਹੈ।

ਮੂਰਖ ਤੂੰ ਨਹੀਂ ਜਾਣਦਾ ਕਿ ਅੰਨ, ਕਮਾਦ, ਗੁੜ ਗੰਨਾਂ ਅਤੇ ਸਾਰਾ ਹੀ ਸੰਸਾਰ, ਭਾਵ ਸੰਸਾਰ ਦੀ ਹਰ ਵਸਤ ਇਕੋ ਹੀ ਚੀਜ ਹੈ। ਸੱਭ ਦਾ ਮੂਲ ਪਾਣੀਂ ਹੈ।

(ਇਹ ਵੀ ਸਿੱਖਿਆ ਜਾਂ ਗਿਆਨ ਦਿੱਤਾ ਹੈ ਪਾਂਡੇ ਨੂੰ, ਮੇਹਣਾਂ ਨਹੀਂ ਮਾਰਿਆ)

ਪਾਠਕ ਵੀਰੋ ਧਿਆਨ ਦਿਉ ਅਗਲੀ ਪੰਕਤੀ ਇਸ ਸ਼ਬਦ ਦੀ ਆਖਰੀ ਪੰਕਤੀ ਹੈ। ਅਤੇ ਇਹ ਪੰਕਤੀ ਇਸ ਮਾਸ ਦੇ ਸਾਰੇ ਝਗੜੇ ਦਾ ਨਬੇੜਾ ਕਰ ਰਹੀ ਹੈ।

ਹੋਰ ਪੰਕਤੀਆਂ ਵਿਚੋਂ ਤਾਂ ਸਾਨੂੰ ਕੋਈ ਮਾੜਾ ਮੋਟਾ ਭੁਲੇਖਾ ਵੀ ਲੱਗ ਸੱਕਦਾ ਹੈ। ਅਤੇ ਉਹਨਾਂ ਦੇ ਅਰਥਾਂ ਦਾ ਸਾਡੇ ਵਿੱਚ ਭਾਵੇਂ ਝਗੜਾ ਵੀ ਹੋਵੇ।

ਪਰ ਇਸ ਪੰਕਤੀ ਵਿੱਚ ਗੁਰੂ ਨਾਨਕ ਜੀ ਸਾਰਾ ਹੀ ਝਗੜਾ ਛੱਡਣ ਵਾਸਤੇ ਕਹਿ ਰਹੇ ਹਨ।

(ਪਾਂਡੇ ਵਾਸਤੇ ਇਹ ਅਗਲੀ ਪੰਕਤੀ ਸੱਭ ਤੋਂ ਵੱਡੀ ਸਿੱਖਿਆ ਹੈ, ਪਰ ਸਾਡੇ ਵਾਸਤੇ ਪਤਾ ਨਹੀਂ ਕੀ ਹੈ)

ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ॥ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ॥ ੨॥

ਪੰਡਿਤ ਤੇਰੇ ਵਾਂਗ ਤੋਆ (ਪਾਣੀਂ) ਵੀ ਕਹਿੰਦਾ ਹੈ, ਕਿ ਮੈਂ ਬਹੁਤ ਅੱਛਾ ਹਾਂ। (ਅਤੇ ਅੱਛਾ ਹੈ ਵੀ ਹੈ, ਇਸ ਵਿੱਚ ਕੋਈ ਛੱਕ ਨਹੀ ਹੈ) (ਵੈਸੇ ਵੀ ਹਿੰਦੂ ਗ੍ਰੰਥਾਂ ਵਿੱਚ ਪਾਣੀਂ ਨੂੰ ਜਲ ਦੇਵਤਾ ਕਿਹਾ ਗਿਆ ਹੈ)

ਤੋਐ ਬਹੁਤੁ ਬਿਕਾਰਾ।

ਪਰ ਇਹ ਸਾਰੇ ਹੀ ਬਿਕਾਰ ਜਾਂ ਰਸ ਵੀ ਪਾਣੀਂ ਤੋਂ ਹੀ ਪੈਦਾ ਹੋਇ ਹਨ,

ਏਤੇ ਰਸ ਛੋਡਿ ਹੋਵੈ ਸੰਨਿਆਸੀ

(ਹੇ ਪੰਡਿਤ ਇਸ ਸ਼ਬਦ ਦੀਆਂ ਪਹਿਲੀਆਂ ਸਾਰੀਆਂ ਪੰਕਤੀਆ ਵਿੱਚ ਅਸੀਂ ਤੇਰਾ ਧਿਆਨ, ਤੇਰੇ ਵਹਿਮਾਂ ਅਤੇ ਭਰਮਾਂ ਵੱਲ ਦੁਆਇਆ ਹੈ। ਇਸ ਪੰਕਤੀ ਵਿੱਚ ਅਸੀਂ ਤੈਨੂੰ ਤੇਰੇ ਭਲੇ ਵਾਸਤੇ ਮੱਤ ਦੇਂਦੇ ਹਾਂ) ਕਿ,

(ਜੇ ਕਰ ਮਾਸ ਦੇ ਜਾਲ ਵਿਚੋਂ ਮੁਕਤੀ ਚਾਹੁੰਦਾ ਹੈਂ)

ਇਹ ਕੁੱਲ ਦੇ ਕੁਲ, ਸਾਰੇ ਰਸ ਜਾਂ ਬਿਕਾਰ ਜੋ ਪਾਣੀਂ ਤੋਂ ਪੈਦਾ ਹੋਇ ਹਨ। (ਮਾਸ ਦੇ ਨਾਲ) ਇਹਨਾਂ ਨੂੰ ਵੀ ਛੱਡ ਕੇ (ਤਿਆਗ ਕੇ) ਸਨਿਆਸੀ ਹੋ ਜਾ, . . ਸੱਭ ਕੁੱਝ ਤਿਆਗ ਦੇ,

ਨਾਨਕੁ ਕਹੈ ਵਿਚਾਰਾ॥ ੨॥

ਨਾਨਕ ਤਾਂ ਤੈਨੂੰ ਵਿਚਾਰ ਦੀ ਇਹ ਗੱਲ ਦਸਦਾ ਹੈ, ਨਾਨਕ ਤਾਂ ਤੈਨੂੰ ਇੱਕ ਮੱਤ ਦੇਂਦਾ ਹੈ।

ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ॥ ੨॥

ਹੇ ਪਾਂਡੇ, ਮਾਸ ਤੋਂ ਤੂੰ ਬਚ ਨਹੀਂ ਸੱਕਦਾ, ਜੇ ਕਰ ਸੱਚਮੁਚ ਮਾਸ ਤੋਂ ਮੁਕਤੀ ਚਾਹੁੰਦਾ ਹੈਂ। ਤਾਂ. . ਇਹ ਸਾਰੇ ਰਸ ਜੋ ਪਾਣੀਂ ਤੋਂ ਪੈਦਾ ਹੋਇ ਹਨ, (ਇਕੱਲਾ ਮਾਸ ਹੀ ਨਹੀਂ) ਕਣਕ, ਕਮਾਦ, ਗੁੜ ਗਨਾਂ ਕਪਾਹ, ਆਦੀ ਵੀ ਛੱਡਣਾਂ ਪਵੇ ਗਾ।

ਅਸੀਂ ਤੈਨੂੰ ਆਪਣਾਂ ਵਿਚਾਰ ਦੱਸ ਦਿੱਤਾ ਹੈ। ਮੰਨਣਾਂ ਜਾਂ ਨਾਂ ਮੰਨਣਾਂ ਇਹ ਤੇਰੀ ਮਰਜੀ ਹੈ।

ਨੋਟ:- ਮਾਸ ਤੋਂ ਮੁਕਤੀ ਦਾ ਅਰਥ ਹੈ

ਆਵਾਗਉਣ ਤੋਂ ਮੁਕਤੀ,

ਜਮਣ ਮਰਨ ਤੋਂ ਮੁਕਤੀ,

ਰਕਤ ਬਿੰਦ ਤੋਂ ਮੁਕਤੀ,

ਮਾਂ ਦੇ ਗਰਭ ਤੋਂ ਮੁਕਤੀ,

ਆਪਣੇਂ ਮਾਸ ਤੋਂ ਵੀ ਮੁਕਤੀ,

ਅਤੇ

ਬਾਹਰ ਦੇ ਮਾਸ ਤੋਂ ਵੀ ਮੁਕਤੀ।

ਸਲੋਕ ਮਃ ੧॥ ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ॥ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ॥ ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ॥ ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ॥ ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ॥ ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ॥ ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ॥ ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ॥ ੧॥

ਸੱਭ ਪਾਸੇ ਮਾਸ ਦਾ ਹੀ ਬਾਜ਼ਾਰ ਲੱਗਾ ਹੋਇਆ ਹੈ।

ਇਹ ਆਵਾਗਉਣ ਦਾ ਬਾਜ਼ਾਰ ਹੈ

ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ॥

ਜਿਸ ਨੇਂ ਇਹ ਬਾਜ਼ਾਰ (ਮਾਸ ਦਾ) ਰਚਾਇਆ ਹੈ। ਉਸ ਦਾ ਭੇਦ ਜਾਂ ਅੰਤ ਕਿਸੇ ਨੇਂ ਨਹੀਂ ਪਾਇਆ ਹੈ।

ਕੋਈ ਬੇਟਾ, ਕੋਈ ਧੀ, ਕੋਈ ਬਾਪ, ਕੋਈ ਮਾਂ, ਕੋਈ ਪਤੀ, ਕੋਈ ਪਤਨੀਂ, ਕੋਈ ਰਿਸਤੇ ਦਾਰ, ਆਦੀ ਬਣ ਕੇ, ਕੋਈ ਆ ਰਿਹਾ ਹੈ ਕੋਈ ਜਾ ਰਿਹਾ ਹੈ। ਸੱਭੋ ਹੀ ਬਾਜ਼ਾਰੀ ਹਨ।

ਸਭ ਦੁਨੀਆ ਆਵਣ ਜਾਣੀਆ॥ ੩॥ ਮ: ੧ ੨੬

ਅਸੀਂ ਬਾਜ਼ਾਰ ਜਾਂਦੇ ਹਾਂ, ਬਾਂਜ਼ਾਰ ਵਿੱਚ ਮਨ ਨੂੰ ਲੁਭਾਉਣ ਵਾਲੀਆਂ ਬਹੁਤ ਚੀਜਾਂ ਹੁੰਦੀਆਂ ਹਨ।

ਇਸੇ ਤਰਾਂ ਮਾਸ ਦੇ ਬਾਜਾਰ ਵਿੱਚ ਵੀ ਸਾਡਾ ਮਨ ਲੁਭਾਇਮਾਨ ਹੋਇਆ ਬੈਠਾ ਹੈ।

ਆਪਣਾਂ ਘਰ ਛੱਡ ਕੇ ਜੇ ਕੋਈ ਬਾਜ਼ਾਰ ਵਿੱਚ ਹੀ ਰਹਿਣਾਂ ਚਾਹੇ, ਭਾਵ ਬਜਾਰ ਨੂੰ ਆਪਣਾਂ ਘਰ ਸਮਝੇ, ਤਾਂ ਉਸ ਵਰਗਾ ਮਹਾਂ ਮੂਰਖ ਹੋਰ ਕੋਈ ਨਹੀਂ ਹੋ ਸੱਕਦਾ।

ਰਾਤ ਨੂੰ (ਮੌਤ ਸਮੇਂ) ਬਾਜ਼ਾਰ ਬੰਦ ਹੋ ਜਾਵੇ ਗਾ। ਫਿਰ ਉਸ ਦੀ ਹਾਲਤ ਧੋਬੀ ਦੇ ਕੁੱਤੇ ਨਾਲੋਂ ਵੀ ਬਦਤਰ ਹੋ ਜਾਵੇ ਗੀ।

ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ॥

ਜਿੰਨਾਂ ਨੇਂ ਸਤਿਗੁਰੂ ਦੇ ਹੁਕਮ ਨੂੰ ਬੁੱਝ ਲਿਆ। (ਭਾਵ ਕੋਇਲ ਦੇ ਬੱਚੇ ਨੇਂ ਕੋਇਲ ਦੀ ਆਵਾਜ਼ ਪਹਿਚਾਣ ਲਈ, ਫਿਰ ਕੋਇਲ ਆਪਣੇਂ ਬੱਚੇ ਨੂੰ ਬਾਜ਼ਾਰ (ਜੰਗਲ) ਵਿਚੋਂ ਕੱਢ ਕੇ ਆਪਣੇਂ ਘਰ ਲੈ ਜਾਂਦੀ ਹੈ) ਉਸ ਨੂੰ ਬਾਜ਼ਾਰ ਵੀ ਤੇ ਘਰ ਵੀ ਸੱਭ ਕੁੱਝ ਰਾਸ ਆ ਜਾਂਦਾ ਹੈ।

ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ॥ ੧॥

ਗੁਰੂ ਨਾਨਕ ਜੀ ਕਹਿੰਦੇ ਹਨ, ਆਪਣੇਂ ਆਪ ਕੋਈ ਵੀ ਇਸ ਮਾਸ ਦੇ ਬਾਜ਼ਾਰ ਵਿਚੋਂ ਛੁੱਟ (ਨਿਕਲ) ਨਹੀਂ ਸੱਕਦਾ।

ਐਵੇ ਖਾਲੀ ਗੱਲਾਂ (ਬਹਿਸ ਮੁਬਹਿਸੇ) ਨਾਲ ਤਾਂ ਵਿਨਾਸ਼ ਹੀ ਵਿਨਾਸ਼ ਹੁੰਦਾ ਹੈ।

ਜੇ ਬਚਨਾਂ ਚਾਹੁੰਦੇ ਹੋ ਤਾਂ ਸਤਿਗੁਰੂ ਦਾ ਹੁਕਮ ਬੁੱਝੋ, ਭਾਵ ਕੋਇਲ ਦੀ ਆਵਾਜ਼ ਨੂੰ ਪਕੜੋ।

ਸੁਜਾਖੇ ਸਿਆਣੇਂ ਅਤੇ ਗਿਆਨੀਂ ਵੀਰਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ

ਜੇ ਕਿਸੇ ਨੂੰ ਇਸ ਸ਼ਬਦ ਦੇ ਅਰਥਾਂ ਬਾਰੇ ਅਜੇ ਵੀ ਕੋਈ ਭੁਲੇਖਾ ਹੈ, ਤਾਂ ਉਹ

ਇਸ “ਮਾਸੁ ਮਾਸੁ ਕਰਿ ਮੂਰਖੁ ਝਗੜੇ” ਵਾਲੇ ਸ਼ਬਦ ਦੀਆਂ ਅਗਲੀਆਂ ਚਾਰ ਪੰਕਤੀਆ

ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ॥ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨੑ ਕਾ ਦਾਨੁ ਨ ਲੈਣਾ॥ ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ॥ ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ॥

ਨੂੰ ਧਿਆਨ ਵਿੱਚ ਰੱਖ ਕੇ, ਅਗੇ ਸ਼ਬਦ ਦੀ ਅਖੀਰਲੀ ਪੰਕਤੀ

ਤੋਐ ਬਹੁਤੁ ਬਿਕਾਰਾ। ਏਤੇ ਰਸ ਛੋਡਿ ਹੋਵੈ ਸੰਨਿਆਸੀ

ਵਾਲੀ ਪੰਕਤੀ ਦੀ ਧਿਆਨ ਨਾਲ ਵਿਚਾਰ ਕਰੋ।

ਊਪਰ ਵਾਲੀਆਂ ਚਾਰ ਪੰਕਤੀਆਂ ਵਿਚ, ਗੁਰੂ ਨਾਨਕ ਜੀ ਜੇ ਕਰ ਪੰਡਿਤ ਨੂੰ ਇਹ ਕਹਿ ਰਹੇ ਹਨ ਕਿ,

ਪਾਂਡੇ, ਇਹ ਤਾਂ ਤੇਰੀ ਅਚਰਜ ਅਤੇ ਅਜੀਬ ਧੱਕੇ ਦੀ ਗੱਲ ਹੈ, ਕਿ ਦਾਨ ਦੇਣ ਵਾਲਾ ਤਾਂ ਨਰਕਾਂ ਵਿੱਚ ਜਾਵੇ, ਅਤੇ ਦਾਣ ਲੈਣ ਵਾਲਾ ਸੁਰਗਾਂ ਵਿੱਚ ਜਾਵੇ! ! !

ਤਾਂ ਕੀ ਗੁਰੂ ਨਾਨਕ ਦੇਵ ਜੀ ਦਾ. . ਵੀ,. . ਇਹ ਅਚਰਜ ਅਤੇ ਅਜੀਬ ਧੱਕਾ ਨਹੀਂ ਹੈ।

ਕਿ ਸਿੱਖਾਂ ਨੂੰ ਤਾਂ ਮਾਸ ਅਤੇ ਹਰ ਚੀਜ ਖਾਣ ਦੀ ਖੁੱਲ ਦੇਣ ਵਾਸਤੇ ਐਡਾ ਵੱਡਾ ਸ਼ਬਦ ਲਿਖ ਮਾਰਿਆ।

ਭਾਵ ਸਿੱਖਾਂ ਨੂੰ ਤਾਂ ਮਾਸ ਖਾਣ ਦੀ ਖੁੱਲ ਵੀ ਖੁੱਲ ਦੇ ਦਿੱਤੀ।

ਪਰ ਪੰਡਿਤ ਵਿਚਾਰੇ ਨੂੰ ਸਬਦ ਦੇ ਅਖੀਰ ਤੇ ਇਹ ਕਹਿੰਦੇ ਹਨ, ਕੇ. .

ਏਤੇ ਰਸ ਛੋਡਿ ਹੋਵੈ ਸੰਨਿਆਸੀ

ਕਿ ਤੈਨੂੰ ਇਹ ਸਾਰੇ ਹੀ ਵੀ ਰਸ ਜੋ ਪਾਣੀਂ ਤੋਂ ਪੈਦਾ ਹੋਇ ਹਨ,

(ਕਣਕ, ਕਮਾਦ, ਗੁੜ ਗਨਾਂ ਕਪਾਹ,) ਆਦੀ, . . ਸਾਰੇ ਹੀ ਛੱਡਣੇਂ ਪੈਣ ਗੇ, . . ਸਾਰੇ ਹੀ ਤਿਆਗਣੇਂ ਪੈਣ ਗੇ,

. . ਅਤੇ ਇਹਨਾਂ ਸਾਰਿਆਂ ਰਸਾਂ ਤੋਂ ਤੈਨੂੰ ਸਨਿਆਸ ਲੈਣਾਂ ਪਵੇ ਗਾ! ! ! ! ।

ਇਹ ਕਿੱਧਰ ਦਾ ਨਿਆਂ ਹੈ? ? ? ? ।

ਕੀ ਇਹ ਧੱਕਾ ਨਹੀਂ ਹੈ? ? ? ? ? ? ? ? ? ? ? ? ? ? ।

ਕਿ ਇਕਨਾਂ ਦੇ ਮੂੰਹ ਵਿੱਚ ਤਾਂ ਗੁਰੂ ਨਾਨਕ ਜੀ ਮਾਸ ਪਾਉਂਦੇ ਹਨ, ਅਤੇ ਇੱਕ ਨੂੰ ਅੰਨ ਦਾ ਦਾਣਾਂ ਖਾਣ ਤੋਂ ਵੀ ਰੋਕ ਰਹੇ ਹਨ। ਕਹਿੰਦੇ ਹਨ ਗੁੜ ਗੰਨਾਂ ਵੀ ਨਾਂ ਖਾਹ।

ਗਿਆਨੀਂ ਅਤੇ ਪਾਠਕ ਵੀਰ, ਕਿਰਪਾ ਕਰ ਕੇ ਇਸ ਗੱਲ ਦੀ ਵਿਚਾਰ ਜਰੂਰ ਕਰਨ ਜੀ

ਇਸ ਗੱਲ ਨੂੰ ਨੋਟ ਕੀਤਾ ਜਾਵੇ ਜੀ:-

ਜਿਵੇਂ ਕਿ ਮੈਂ ਇੱਕ ਬਹੁਤ ਹੀ ਉੱਘੇ ਵਿਦਵਾਨ ਦੇ ਕੀਤੇ ਟੀਕੇ ਵਿਚੋਂ ਇਸ ਥੱਲੇ ਲਿਖੇ ਪਹਿਰੇ ਦੀ ਊਪਰ ਮਿਸਾਲ ਦਿੱਤੀ ਸੀ।

ਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨ੍ਹਾ ਹੈ ਉਹ ਨਾਹ ਖਾਣ-ਜੋਗ ਚੀਜ਼ (ਭਾਵ, ਪਰਾਇਆ ਹੱਕ) ਤਾਂ ਖਾਂਦੇ ਹਨ ਤੇ ਖਾਣ-ਜੋਗ ਚੀਜ਼ (ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਹੀ ਮੁੱਢ ਬੱਝਾ, ਉਸ ਨੂੰ ਤਿਆਗਦੇ ਹਨ।

ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ॥

ਅਗਰ ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਦੀ, ਇਸ ਊਪਰ ਵਾਲੀ ਪੰਕਤੀ ਦਾ, ਸਚਮੁੱਚ ਹੀ ਇਹ ਅਰਥ ਹੈ, ਜੋ ਇਸ ਟੀਕਾਕਾਰ ਨੇਂ ਕੀਤਾ ਹੈ।

ਤਾਂ. . ਇਹ ਤਾਂ ਫਿਰ ਗੁਰੂ ਨਾਨਕ ਦੇਵ ਜੀ ਦੀ, ਦੋਗਲੀ ਗੱਲ ਹੋ ਗਈ।

ਕਿਉਂਕੇ ਇਸੇ ਹੀ ਸ਼ਬਦ ਦੀ ਅਗਲੀ ਪੰਕਤੀ ਵਿਚ, ਗੁਰੂ ਨਾਨਕ ਜੀ ਪੰਡਿਤ ਨੂੰ ਇਹ ਕਹਿ ਰਹੇ ਹਨ,

ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ॥ ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ॥ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ॥ ੨॥

ਭਾਵ ਇੱਕ ਪਾਸੇ ਤਾਂ ਪੰਡਿਤ ਨੂੰ ਕਹਿ ਰਹੇ ਹਨ ਕਿ ਮਾਸ ਭਖਣ ਯੋਗ (ਖਾਣ ਯੋਗ) ਚੀਜ ਹੈ। ਪਰ ਦੂਜੇ ਪਾਸੇ ਪੰਡਿਤ ਨੂੰ ਇਹ ਕਹਿ ਰਹੇ ਹਨ, ਕਿ ਮਾਸ, ਅੰਨ, ਕਮਾਦ, ਕਪਾਹ, ਗੰਨਾਂ ਅਦਿ ਵੀ ਖਾਣ ਯੋਗ ਨਹੀਂ ਹੈ। ਇਸ ਨੂੰ ਵੀ ਤਿਆਗ ਦੇ।

ਗੁਰੂ ਨਾਨਕ ਜੀ ਕਹਿੰਦੇ ਹਨ, ਮਾਸ, ਅੰਨ, ਕਮਾਦ, ਕਪਾਹ, ਗੰਨਾਂ, ਅਤੇ ਸਾਰੀ ਤ੍ਰਿਲੋਕੀ ਦੇ ਸਾਰੇ ਪਦਾਰਥ ਪਾਣੀਂ ਤੋਂ ਹੀ ਪੈਦਾ ਹੋਇ ਹਨ। ਇਹ ਸਾਰੇ ਹੀ ਰਸ ਛੱਡ, ਅਤੇ ਇਹਨਾਂ ਪਦਾਰਥਾਂ ਤੋਂ ਸਨਿਆਸੀ ਹੋ ਜਾ।

“ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ” ਗੁਰੂ ਨਾਨਕ ਜੀ ਇਸ ਵਿਚਾਰ, ਇਸ ਸਿਖਿਆ, ਇਸ ਸਲਾਹ, ਇਸ ਹੁਕਮ, ਤੇ ਆਪਣੇਂ ਨਾਮ ਦੀ ਮੋਹਰ ਲਾਉਂਦੇ ਹਨ।

ਵੀਰੋ ਹੁਣ ਦੱਸੋ ਗੁਰੂ ਨਾਨਕ ਦੀ ਮੋਹਰ ਸਹੀ ਹੈ ਜਾਂ, ਟੀਕਾ ਕਾਰ ਦੀ ਮੋਹਰ ਸਹੀ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ, ਕਿ ਮਾਸ ਵੀ ਨਾਂ ਖਾਈਏ, ਅੰਨ ਕਮਾਦ ਵੀ ਨਾਂ ਖਾਈਏ, ਤਾਂ ਖਾਈਏ ਕੀ, ਜਿੰਦਾ ਕਿਵੇਂ ਰਹੀਏ? ?

ਇਸ ਸਵਾਲ ਦਾ ਇਹ ਉੱਤਰ ਹੈ ਕਿ. .

ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ॥ ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ॥ ੧॥

. . ਇਹ ਗੁਰੂ ਨਾਨਕ ਜੀ ਦੱਸਣ ਗੇ ਕਿ ਕੀ ਖਾਣਾਂ ਹੈ। ਜਿਹੜੇ ਕਿ ਇਹਨਾਂ ਚੀਜਾਂ ਤੋਂ ਵਰਜ ਰਹੇ ਹਨ, ਇਹ ਦੱਸਣਾਂ ਉਹਨਾਂ ਦੀ ਜਿੰਮੇਂਵਾਰੀ ਹੈ।

ਨਹੀਂ ਤਾਂ, ਗੁਰੂ ਨਾਨਕ ਦੇ ਬਚਨ ਨੂੰ ਕੋਈ ਝੂਠਾ ਸਾਬਤ ਕਰ ਕੇ ਦਿਖਾਵੇ,

ਅਤੇ ਆਪਣੇਂ ਆਪ ਜੇ ਕੋਈ ਛੁੱਟ ਸੱਕਦਾ ਹੈ,

ਤਾਂ ਛੁੱਟ ਕੇ ਦਿਖਾਵੇ, ਜਾਂ ਛੁੱਟ ਜਾਵੇ।

(ਚੱਲਦਾ)

ਬਲਦੇਵ ਸਿੰਘ “ਚਾਕਰ”

ਜੁਲਾਈ ੮/੨੦੧੨
.