.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧-ਸਟੀਕ (ਪੰ: ੧੩੭- ੧੫੮)

(ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ) (ਕਿਸ਼ਤ ੧੫)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(ਪਉੜੀ ਨੰ: ੯ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕੁ ਮਃ ੧॥ ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ॥ ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ॥ ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ॥ ਭੀ ਤੂੰ ਹੈ ਸਾਲਾਹਣਾ ਆਖਣ ਲਹੈ ਨ ਚਾਉ॥ ੧ 

ਮਃ ੧॥ ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ॥ ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ॥ ਭੀ ਤੂੰ ਹੈ ਸਾਲਾਹਣਾ ਆਖਣ ਲਹੈ ਨ ਚਾਉ॥ ੨ 

ਮਃ ੧॥ ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ॥ ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ॥ ਭੀ ਤੂੰ ਹੈ ਸਾਲਾਹਣਾ ਆਖਣ ਲਹੈ ਨ ਚਾਉ॥ ੩ 

ਮਃ ੧॥ ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ॥ ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ॥ ਭੀ ਤੂੰ ਹੈ ਸਾਲਾਹਣਾ ਆਖਣ ਲਹੈ ਨ ਚਾਉ॥ ੪ 

ਪਵੜੀ॥ ਬਦਫੈਲੀ ਗੈਬਾਨਾ ਖਸਮੁ ਨ ਜਾਣਈ॥ ਸੋ ਕਹੀਐ ਦੇਵਾਨਾ ਆਪੁ ਨ ਪਛਾਣਈ॥ ਕਲਹਿ ਬੁਰੀ ਸੰਸਾਰਿ ਵਾਦੇ ਖਪੀਐ॥ ਵਿਣੁ ਨਾਵੈ ਵੇਕਾਰਿ ਭਰਮੇ ਪਚੀਐ॥ ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ॥ ਕੁਫਰ ਗੋਅ ਕੁਫਰਾਣੈ ਪਇਆ ਦਝਸੀ॥ ਸਭ ਦੁਨੀਆ ਸੁਬਹਾਨੁ ਸਚਿ ਸਮਾਈਐ॥ ਸਿਝੈ ਦਰਿ ਦੀਵਾਨਿ ਆਪੁ ਗਵਾਈਐ॥ ੯ 

(ਸਟੀਕ ਪਉ: ੯-ਲੋੜੀਂਦੀ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮ: ੧॥ ਨਦੀਆ ਹੋਵਹਿ ਧੇਣਵਾ, ਸੁੰਮ ਹੋਵਹਿ ਦੁਧੁ ਘੀਉ॥ ਸਗਲੀ ਧਰਤੀ ਸਕਰ ਹੋਵੈ, ਖੁਸੀ ਕਰੇ ਨਿਤ ਜੀਉ॥ ਪਰਬਤੁ ਸੁਇਨਾ ਰੁਪਾ ਹੋਵੈ, ਹੀਰੇ ਲਾਲ ਜੜਾਉ॥ ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਉ॥ ੧॥ {ਪੰਨਾ ੧੪੧}

ਪਦ ਅਰਥ:ਧੇਣਵਾ—ਗਾਈਆਂ ਭਾਵ ਦੁਧ ਦੇਣ ਵਾਲੇ ਪਸ਼ੂ ਜਿਵੇਂ ਗਾਈਆਂ ਮਝਾਂ। ਨਦੀਆ ਹੋਵਹਿ ਧੇਣਵਾ ਮੇਰੇ ਕੋਲ ਗਾਵਾਂ ਮਝਾਂ ਇਨੀਂਆਂ ਵਧ ਹੋਵਣ ਜਿਵੇਂ ਕਿ ਕਿਸੇ ਨਦੀ `ਚ ਪਾਣੀ। ਸੁੰਮ—ਸੋਮੇ, ਚਸ਼ਮੇ। ਸੁੰਮ ਹੋਵਹਿ ਦੁਧੁ ਘੀਉ… (ਉਨ੍ਹਾਂ ਬੇਅੰਦਾਜ਼ ਗਾਈਆਂ ਮਝਾਂ ਕਾਰਨ) ਮੇਰੇ ਕੋਲ ਦੁਧ ਘਿਉ ਦੇ ਜਸ਼ਮੇ ਚਲਦੇ ਹੋਣ। ਸਕਰ… ਮਿਠੇ ਦੇ ਸੁਆਦਲੇ ਪਦਾਰਥ। ਜੀਉ—ਜਿੰਦ, ਜੀਵ, ਜੀਵਾਤਮਾ। ਰੁਪਾ—ਚਾਂਦੀ। ਆਖਣ ਚਾਉ—ਤੇਰੀ ਵਡਿਆਈਆਂ ਸਿਫ਼ਤਾਂ ਗਾੳੇੁਣ ਦਾ ਚਾਉ। ਤੂੰ ਹੈ—ਤੈਨੂੰ ਹੀ, ਤੇਰੀ ਹੀ। ਇਸ ਸਾਰੇ ਦੇ ਬਾਵਜੂਦ ਹੇ ਕਰਤਾ ਪੁਰਖ ਜੀ! ਫ਼ਿਰ ਵੀ ਤੇਰੀ ਹੀ। ਸਾਲਾਹਣਾ… ਸਿਫ਼ਤ ਸਲਾਹ `ਚ ਲਗਾ ਰਹਾਂ। ਆਖਣ ਲਹੈ ਨ ਚਾਉ … ਮੇਰੇ ਅੰਦਰੋਂ ਇਹ ਭੁਖ ਭਾਵ ਤੇਰੀ ਸਿਫ਼ਤ ਸਲਾਹ ਵਾਲੀ ਭੁਖ ਕਦੇ ਖਤਮ ਹੀ ਨਾ ਹੋਵੇ, ਕਦੇ ਨਾ ਮੁੱਕੇ (ਇਹ ਪੰਕਤੀ ਆਪਣੇ ਆਪ `ਚ ਅਕਾਲ ਪੁਰਖ ਦੇ ਚਰਨਾਂ `ਚ ਅਰਦਾਸ ਰੂਪ ਹੈ)

ਅਰਥ: “ਨਦੀਆ ਹੋਵਹਿ ਧੇਣਵਾ, ਸੁੰਮ ਹੋਵਹਿ ਦੁਧੁ ਘੀਉ” ਹੇ ਅਕਾਲ ਪੁਰਖ! ਜੇ ਮੇਰੇ ਕੋਲ ਗਊਆਂ ਭਾਵ ਦੁਧ ਦੇਣ ਵਾਲੇ ਡੰਗਰ ਇਨੇਂ ਹੋਣ ਕਿ ਮੇਰੇ ਆਸ ਪਾਸ ਉਨ੍ਹਾਂ ਡੰਗਰਾਂ ਦੀਆਂ ਨਦੀਆਂ ਚੱਲਦੀਆਂ ਹੋਣ। ਉਸੇ ਤੋਂ ਮੇਰੇ ਆਸ ਪਾਸ ਦੁਧ-ਘਿਉ ਦੇ ਚਸ਼ਮੇ ਵੀ ਬਹਿਣ ਲੱਗ ਜਾਣ।

“ਸਗਲੀ ਧਰਤੀ ਸਕਰ ਹੋਵੈ, ਖੁਸੀ ਕਰੇ ਨਿਤ ਜੀਉ” ਮੇਰੇ ਲਈ ਇਹ ਸਾਰੀ ਧਰਤੀ ਹੀ ਸ਼ਕਰ ਭਾਵ ਇਤਨੇ ਵਧ ਮਿਠੇ ਤੇ ਸੁਆਦਲੇ ਪਦਾਰਥਾਂ ਨਾਲ ਭਰੀ ਹੋਵੇ ਜਿਨ੍ਹਾਂ ਨੂੰ ਪਾ ਕੇ ਮੇਰੇ ਮਨ `ਚ ਹਰ ਸਮੇਂ ਖੁਸ਼ੀਆਂ ਤੇ ਖੇੜੇ ਬਣੇ ਰਹਿਣ।

“ਪਰਬਤੁ ਸੁਇਨਾ ਰੁਪਾ ਹੋਵੈ, ਹੀਰੇ ਲਾਲ ਜੜਾਉ” ਇਹੀ ਨਹੀਂ, ਧਨ ਪਦਾਰਥਾਂ ਵੱਲੋਂ ਵੀ ਜੇ ਸੋਨੇ ਚਾਂਦੀ ਅਤੇ ਹੀਰੇ ਲਾਲਾਂ ਨਾਲ ਜੜੇ ਹੋਏ ਪਰਬਤ ਭਾਵ ਮੇਰੇ ਕੋਲ ਅੰਬਾਰ ਲੱਗੇ ਹੋਣ।

“ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਉ” ਤਾਂ ਵੀ ਹੇ ਕਰਤਾ ਪੁਰਖ ਜੀ! ਮਿਹਰ ਕਰੀਂ ਕਿ ਮੈਂ ਇਨ੍ਹਾਂ ਪਦਾਰਥਾਂ ਦੀ ਲਲਕ `ਚ ਹੀ ਉਲਝ ਕੇ ਨਾ ਰਹਿ ਜਾਵਾਂ; ਤੇਰੀ ਸਿਫ਼ਤਿ-ਸਲਾਹ ਕਰਣ ਵੱਲੋਂ ਨਾ ਟੁੱਟਾਂ। ਤੇਰੀ ਸਿਫ਼ਤਿ-ਸਾਲਾਹ ਤੇ ਵਡਿਆਈਆਂ ਹੀ ਕਰਦਾ ਰਵਾਂ, ਤੇਰੀਆਂ ਸਿਫ਼ਤਾਂ ਤੇ ਵਡਿਆਈਆਂ ਕਰਣ ਵਾਲਾ ਮੇਰਾ ਇਹ ਚਾਉ ਕਦੇ ਨਾ ਮੁੱਕੇ। ੧।

ਗੁਰਮੱਤ ਵਿਚਾਰ ਦਰਸ਼ਨ- ਗੁਰਬਾਣੀ ਅਨੁਸਾਰ ਜੀਵ ਨੂੰ ਅਨੰਤ ਜੂਨਾਂ ਦੇ ਗੇੜ `ਚੋਂ ਕੱਢ ਕੇ, ਕਰਤੇ ਵੱਲੋਂ ਮਨੁੱਖਾ ਜੂਨ ਵਾਲਾ ਅਵਸਰ ਮਿਲਦਾ ਹੀ ਇਸ ਲਈ ਹੈ ਕਿ ਜੀਵ ਗੁਰੂ ਗਿਆਨ ਦੀ ਕਮਾਈ ਕਰਕੇ ਆਪਣਾ ਲੋਕ ਵੀ ਸੁਆਰੇ ਤੇ ਪਰਲੋਕ ਵੀ। ਇਸ ਤਰ੍ਹਾਂ ਚਲਦੇ ਆ ਰਹੇ ਜਨਮਾਂ ਦੇ ਗੇੜ `ਚੋਂ ਸਦਾ ਲਈ ਆਜ਼ਾਦ ਹੋ ਜਾਵੇ ਅਤੇ ਜੀਊਂਦੇ ਜੀਅ ਕਰਤੇ `ਚ ਅਭੇਦ ਹੋ ਜਾਵੇ।

ਜਦਕਿ ਗੁਰਬਾਣੀ ਦਾ ਇਹ ਵੀ ਫ਼ੈਸਲਾ ਹੈ ਕਿ ਬਹੁਤਾ ਕਰਕੇ ਹੁੰਦਾ ਇਸ ਦੇ ਉਲਟ ਹੀ ਹੈ। ਮਨੁੱਖ ਸੰਸਾਰਕ ਪ੍ਰਾਪਤੀਆਂ ਤੇ ਮੋਹ ਮਾਇਆ `ਚ ਉਲਝ ਕੇ ਇਸ ਦੁਰਲਭ ਮਨੁੱਖਾ ਜਨਮ ਨੂੰ ਵੀ ਬਿਰਥਾ ਕਰ ਦਿੰਦਾ ਹੈ। ਇਸ ਤਰ੍ਹਾਂ ਮੁੜ ਉਨ੍ਹਾਂ ਹੀ ਭਿੰਨ ਭਿੰਨ ਜੂਨਾਂ ਦੇ ਗੇੜ `ਚ ਪੈ ਜਾਂਦ ਹੈ।

ਦਰਅਸਲ ਗੁਰਦੇਵ ਇਸ ਸਲੋਕ `ਚ ਮਨੁੱਖ ਨੂੰ ਇਸੇ ਪੱਖ ਤੋਂ ਸੁਚੇਤ ਕਰ ਰਹੇ ਹਨ। ਫ਼ੁਰਮਾਅ ਰਹੇ ਹਨ ਕਿ ਐ ਭਾਈ! ਮਨੁੱਖਾ ਜਨਮ ਪਾ ਕੇ ਇਸ ਅਮੋਲਕ ਜਨਮ ਨੂੰ ਮਾਇਕ ਖਿੱਚਾਂ `ਚ ਹੀ ਨਾ ਮੁਕਾਅ ਦੇਵੀਂ। ਇਸ ਦੁਰਲਭ ਜਨਮ ਦੀ ਸਫ਼ਲਤਾ ਲਈ ਤੂੰ ਸੁਆਸ ਸੁਆਸ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜ। ਗੁਰਦੇਵ ਅਜਿਹੇ ਉੱਤਮ ਜੀਵਨ ਦੀ ਪ੍ਰਾਪਤੀ ਲਈ ਹੀ ਕਰਤੇ ਦੇ ਚਰਨਾਂ `ਚ ਅਰਦਾਸ ਕਰਣ ਲਈ ਪ੍ਰੇਰਣਾ ਕਰ ਰਹੇ ਹਨ ਤੇ ਜਾਚ ਵੀ ਸਿਖਾਅ ਰਹੇ ਹਨ।

ਮ: ੧॥ ਭਾਰ ਅਠਾਰਹ ਮੇਵਾ ਹੋਵੈ, ਗਰੁੜਾ ਹੋਇ ਸੁਆਉ॥ ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ, ਨਿਹਚਲੁ ਹੋਵੈ ਥਾਉ॥ ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਉ॥ ੨॥ {ਪੰਨਾ ੧੪੨}

ਪਦ ਅਰਥ:ਭਾਰ ਅਠਾਰਹ—੧੮ ਭਾਰ, ਸਾਰੀ ਬਨਸਪਤੀ। ਗਰੁੜਾ—ਮੂੰਹ `ਚ ਘੁਲ ਜਾਣ ਵਾਲੇ ਅਜਿਹੇ ਰਸੀਲੇ ਪਦਾਰਥ ਜਿਨ੍ਹਾਂ ਨੂੰ ਚਬਾਉਣ ਲਈ ਵੀ ਮਿਹਨਤ ਨਾ ਕਰਣੀ ਪਵੇ ਤੇ ਆਪਣੇ ਆਪ ਸਰੀਰ ਦੀ ਲੋੜ ਤੇ ਖ਼ੁਰਾਕ ਪੱਖੋਂ ਵੀ ਪੂਰਤੀ ਕਰਦੇ ਹੋਣ। ਸੁਆਉ—ਸੁਆਦ। ਫਿਰਦੇ ਰਖੀਅਹਿ …. ਜਿਵੇਂ ਚੰਦ ਤੇ ਸੂਰਜ ਦੋਵੇਂ ਤੇਰੀ ਰਚਨਾ `ਚ ਆਜ਼ਾਦੀ ਨਾਲ ਘੁਮਦੇ ਤੇ ਉਨ੍ਹਾਂ ਦੀ ਰਿਹਾਇਸ਼ਗਾਹ ਵੀ ਉਹੀ ਹੈ; ਇਸੇ ਤਰ੍ਹਾਂ ਤੇਰੀ ਸਾਰੀ ਰਚਨਾ ਹੀ ਮੇਰੀ ਰਿਹਾਇਸ਼ਗਾਹ ਹੋਵੇ ਤੇ ਸੈਰ ਗਾਹ ਵੀ। ਨਿਹਚਲੁ ਹੋਵੈ ਥਾਉ …. ਉਂਜ ਤਾਂ ਕਰਤੇ ਦੀ ਰਚਨਾ ਦਾ ਹਰੇਕ ਅੰਗ ਚਲਾਏਮਾਨ ਹੈ, ਥਿਰ ਨਹੀਂ, ਫ਼ਿਰ ਇਥੋਂ ਤੱਕ ਕਿ ਤੇਰੀ ਰਚਨਾ `ਚ ਜੇਕਰ ਮੈਨੂੰ ਅਟਲ ਪਦਵੀ ਵੀ ਪ੍ਰਾਪਤ ਹੋ ਜਾਵੇ ਭਾਵ ਮੇਰੀ ਕਦੇ ਮੌਤ ਵੀ ਨਾ ਹੋਵੇ।

ਨੋਟ- (੧) ਭਾਰ ਅਠਾਰਹ-ਪੁਰਾਤਨ ਬ੍ਰਾਹਮਣੀ ਵਿਸ਼ਵਾਸ ਹੈ, ਜੇਕਰ ਹਰੇਕ ਕਿਸਮ ਦੇ ਪੇੜ-ਬੂਟੇ ਦਾ ਇੱਕ ਇਕ ਪੱਤਾ ਲੈ ਕੇ ਇਕੱਠੇ ਤੋਲੇ ਜਾਣ ਤਾਂ ਇਹ ਸਾਰਾ ਵਜ਼ਨ ‘੧੮ ਭਾਰ’ ਬਣਦਾ ਹੈ। ਜਦਕਿ ਇੱਕ ਭਾਰ ਦਾ ਮਤਲਬ ਹੈ ‘ਸਾਢੇ ਪੰਜ ਕੱਚੇ’ ਮਣ। ਉਪ੍ਰੰਤ ਕੱਚਾ ਮਨ ਬਰਾਬਰ ਹੈ ਪੁਰਾਤਨ ਸਾਢੇ ੧੫ ਸੇਰ ਜਾਂ ਅਜੋਕੇ ਲਗਭਗ ੧੪ ਕਿਲੋ)

(੨) ਬ੍ਰਾਹਮਣੀ ਗਿਣਤੀਆਂ ਮਿੰਣਤੀਆਂ ਅਤੇ ਗੁਰਮੱਤ-ਸਮਝਣ ਦਾ ਵਿਸ਼ਾ ਹੈ ਕਿ ਅਨੰਤ ਪ੍ਰਭੂ ਦੀ ਬੇਅੰਤ ਰਚਨਾ ਸਬੰਧੀ ਜਿਤਣੀਆਂ ਵੀ ਪੁਰਾਤਣ ਤੇ ਬ੍ਰਾਹਮਣੀ ਗਿਣਤੀਆਂ ਮਿੰਣਤੀਆਂ ਆਈਆਂ ਤੇ ਲਗਾਈਆਂ ਹੋਈਆਂ ਹਨ। ਗੁਰਮੱਤ ਨੇ ‘ਭਾਰ ਅਠਾਰਹ’ ਸਮੇਤ `ਚੋਰਾਸੀ ਲਖ ਜੂਨ’, `ਚਾਰ ਖਾਣੀਆਂ’, ‘ਤਿੰਨ ਲੋਕ’ ਆਦਿ ਕਿਸੇ ਵੀ ਗਿਣਤੀ-ਮਿੰਣਤੀ ਨੂੰ ਪ੍ਰਵਾਣ ਨਹੀਂ ਕੀਤਾ। ਉਲਟਾ, ਇਨ੍ਹਾਂ ਗਿਣਤੀਆਂ ਮਿੰਣਤੀਆਂ ਬਨਾਉਣ, ਘੜਣ ਤੇ ਪ੍ਰਚਲਤ ਕਰਣ ਵਾਲਿਆਂ ਨੂੰ ਧਰਮ ਦੇ ਆਗੂ ਨਹੀਂ ਬਲਕਿ “…ਜੇ ਕੋ ਆਖੈ ਬੋਲੁਵਿਗਾੜੁ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ” (ਬਾਣੀ ਜਪੁ) ਵਾਲੀ ਸ਼ਬਦਾਵਲੀ ਨਾਲ ਹੀ ਬਿਆਣਿਆ ਹੈ। ਇਹ ਵੱਖਰੀ ਗੱਲ ਹੈ ਕਿ ਉਹ ਸਾਰੀਆਂ ਗਿਣਤੀਆਂ ਮਿੰਣਤੀਆਂ ਗੁਰਬਾਣੀ `ਚ ਵੀ ਦਰਜ ਹੋਈਆਂ ਹਨ ਪਰ ਸਿਧਾਂਤਕ ਪੱਖੋਂ ਨਹੀਂ, ਕੇਵਲ ਮੁਹਾਵਰੇ ਦੇ ਤੌਰ `ਤੇ।

ਅਰਥ: “ਭਾਰ ਅਠਾਰਹ ਮੇਵਾ ਹੋਵੈ, ਗਰੁੜਾ ਹੋਇ ਸੁਆਉ” ਜੇ ਸਾਰੀ ਬਨਸਪਤੀ ਮੇਰੇ ਲਈ ਮੇਵਾ ਬਣ ਜਾਏ। ਉਪ੍ਰੰਤ ਉਹ ਮੇਵਾ ਵੀ ਅਜਿਹਾ ਰਸੀਲਾ ਤੇ ਸੁਆਦਲਾ ਹੋਵੇ ਜਿਸ ਨੂੰ ਚਬਾਉਣ ਤੇ ਹਜ਼ਮ ਕਰਣ ਲਈ ਵੀ ਮਿਹਨਤ ਨਾ ਕਰਣੀ ਪਵੇ ਤੇ ਆਪਣੇ ਆਪ ਹੀ ਮੇਰੀਆਂ ਸਰੀਰਕ ਲੋੜਾਂ ਨੂੰ ਪੂਰੀਆਂ ਕਰਣ ਵਾਲਾ ਹੋਵੇ।

ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ, ਨਿਹਚਲੁ ਹੋਵੈ ਥਾਉ” ਇਹੀ ਨਹੀਂ ਜੇਕਰ ਚੰਦ ਤੇ ਸੂਰਜ ਦੋਨਾਂ ਵਾਂਙ ਸਾਰੀ ਰਚਨਾ ਹੀ ਫਿਰਦੇ ਰਖੀਅਹਿ ਭਾਵ ਮੇਰੀ ਰਿਹਾਇਸ਼ ਤੇ ਸੈਰਗਾਹ ਵੀ ਹੋਵੇ। ਇਸ ਦੇ ਨਾਲ, ਨਿਹਚਲੁ ਹੋਵੈ ਥਾਉ” ਉਂਜ ਤਾਂ ਸਾਰੀ ਰਚਨਾ ਚਲਾਏਮਾਨ ਹੈ ਪਰ ਇਸ ਵਿਸ਼ੇ `ਤੇ ਵੀ ਜੇ ਕਰ ਮੈਂ ਅਟੱਲ ਪਦਵੀ ਨੂੰ ਪ੍ਰਾਪਤ ਕਰ ਲਵਾਂ ਅਤੇ ਮੈਂ ਕਦੇ ਵੀ ਨਾ ਮਰਾਂ।

“ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਉ” ਤਾਂ ਵੀ ਹੇ ਕਰਤੇ! ਮੇਰੇ `ਤੇ ਬਖ਼ਸ਼ਿਸ਼ ਰਖੀਂ ਕਿ ਮੈਂ ਜੀਵਨ ਦੀ ਅਜਿਹੀ ਅਟੱਲ ਪਦਵੀ ਤੇ ਸਦਾ ਥਿਰ ਆਰਾਮ ਦੇਹ ਖੁੱਲੀ ਡੁੱਲੀ ਜ਼ਿੰਦਗੀ ਨੂੰ ਪਾ ਕੇ ਵੀ ਤੇਰੀ ਸਿਫ਼ਤਿ-ਸਲਾਹ ਕਰਣ ਵੱਲੋਂ ਪਿਛੇ ਨਾ ਹਟਾਂ। ਤੇਰੀ ਸਿਫ਼ਤਿ-ਸਾਲਾਹ ਤੇ ਵਡਿਆਈਆਂ ਹੀ ਕਰਦਾ ਰਵਾਂ, ਤੇਰੀਆਂ ਵਡਿਆਈਆਂ ਕਰਣ ਵਾਲਾ ਮੇਰਾ ਚਾਉ ਕਦੇ ਨਾ ਮੁੱਕੇ। ੨।

ਗੁਰਮੱਤ ਵਿਚਾਰ ਦਰਸ਼ਨ-ਗੁਰਦੇਵ ਆਰਾਮਦੇਹ ਤੇ ਲੰਮੀ ਜ਼ਿੰਦਗੀ ਦੀ ਉਸ ਸੀਮਾਂ ਤੱਕ ਪਹੁੰਚਾ ਕੇ, ਜਿਹੜੀ ਕਿ ਅਸੰਭਵ ਹੈ, ਦ੍ਰਿੜ ਕਰਵਾਉਂਦੇ ਹਨ; ਮਨੁੱਖਾ ਜਨਮ ਪਾ ਕੇ ਜੇਕਰ ਮਨੁੱਖ ਨੂੰ ਕਰਤੇ ਵੱਲੋਂ ਜੀਵਨ ਦੀ ਅਜਿਹੀ ਅਨਹੋਣੀ ਅਵਸਥਾ ਵੀ ਪ੍ਰਾਪਤ ਹੋ ਜਾਵੇ ਤਾਂ ਵੀ ਉਹ ਮਨੁੱਖਾ ਜਨਮ ਦੇ ਅਸਲ ਮਕਸਦ ਸਾਹਮਣੇ ਤੁੱਛ ਹੈ। ਮਨੁੱਖਾ ਜਨਮ ਦਾ ਮੂਲ ਮਕਸਦ ਹੀ ਕਰਤੇ ਦੀ ਸਿਫ਼ਤ ਸਲਾਹ ਰਾਹੀਂ ਇਸ ਅਮੁਲੇ ਜਨਮ ਨੂੰ ਸਫ਼ਲ ਕਰਣਾ ਤੇ ਜੀਊਂਦੇ ਜੀਅ ਕਰਤੇ `ਚ ਅਭੇਦ ਹੋਣਾ ਹੈ। ਇਸ ਤਰ੍ਹਾਂ ਸਦਾ ਲਈ ਜਨਮ ਮਰਨ ਦੇ ਚਲਦੇ ਆ ਰਹੇ ਗੇੜ ਤੋਂ ਛੁਟਕਾਰਾ ਪਾਉਣਾ ਹੈ।

ਮ: ੧॥ ਜੇ ਦੇਹੈ ਦੁਖੁ ਲਾਈਐ, ਪਾਪ ਗਰਹ ਦੁਇ ਰਾਹੁ॥ ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ॥ ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਉ॥ ੩॥ {ਪੰਨਾ ੧੪੨}

ਪਦ ਅਰਥ:ਦੇਹੈ—ਸਰੀਰ ਨੂੰ। ਰਾਹੁ—ਰਾਹੂ ਗ੍ਰਹਿ। ਦੁਇ—ਦੋਵੇਂ ਰਾਹੂ ਤੇ ਕੇਤੂ। ਪਾਪ ਗਰਹ—ਪਾਪਾਂ ਦੇ ਗ੍ਰਹ, ਮਨਹੂਸ ਤਾਰੇ। ਰਤੁ ਪੀਣੇ- ਖੂਨ ਚੂਸਣ ਵਾਲੇ, ਜ਼ਾਲਮ। ਏਵੈ—ਇਹੋ ਜਿਹੀ, ਇਸੇ ਤਰ੍ਹਾਂ। ਭਾਉ—ਪਿਆਰ। ਜਾਪੈ—ਪ੍ਰਗਟ ਹੋਵੇ, ਜ਼ਾਹਿਰ ਹੋਵੇ। .

ਨੋਟ- (੧) ਪੁਰਾਣਾਂ ਵਿਚਲੀ ਇੱਕ ਕਥਾ ਦਾ ਸੰਖੇਪ ਹੈ ਕਿ ਦੇਵਤਿਆਂ ਤੇ ਰਾਖਸ਼ਾਂ ਨੇ ਮਿਲ ਕੇ ਸਮੁੰਦਰ ਨੂੰ ਰਿੜਕਿਆ। ਸਮੁੰਦਰ ਦੇ ਇਸ ਮੰਥਨ ਲਈ ਉਨ੍ਹਾਂ ਮਦਰਾਚਲ ਪਰਬਤ ਨੂੰ ਮਧਾਨੀ ਬਣਾਇਆ ਤੇ ਸ਼ੇਸ਼ ਨਾਗ ਨੂੰ ਰਸੀ। ਇਸ ਤਰ੍ਹਾਂ ਸਮੁੰਦਰ `ਚੋ ਚੌਦਾਂ ਰਤਨ ਨਿਕਲੇ ਜਿਸ `ਚ ਇੱਕ ਅੰਮ੍ਰਿਤ ਦਾ ਘੜਾ ਞੀ ਸੀ। ਕਹਾਣੀ ਮੁਤਾਬਕ ਇਸ ਘੜੇ ਦੀ ਅਪਣਤ ਲਈ ਦੇਵਤਿਆਂ ਤੇ ਰਾਖਸ਼ਾਂ `ਚ ਲੜਾਈ ਹੋ ਗਈ। ਵਿਸ਼ਨੂੰ ਨੇ ਮੋਹਨੀ ਅਵਤਾਰ ਧਾਰ ਕੇ ਧੋਖੇ ਨਾਲ ਇਹ ਅੰਮ੍ਰਿਤ ਕਲੱਸ਼ ਦੇਵਤਿਆਂ ਨੂੰ ਦੇ ਦਿੱਤਾ। ਜਦਕਿ ਵਿਸ਼ਨੂ ਦੀ ਇਸ ਸਾਰੀ ਕਰਣੀ ਨੂੰ ਰਾਹੂ ਨਾਮਕ ਇੱਕ ਦੈਂਤ ਨੇ ਦੇਖ ਲਿਆ ਸੀ। ਇਸ ਤਰ੍ਹਾਂ ਉਹ ਵੀ ਕਲੱਸ ਨੂੰ ਲਿਜਾਣ ਸਮੇਂ ਭੇਸ ਬਦਲ ਕੇ ਦੇਵਤਿਆਂ ਦੇ ਨਾਲ ਹੋ ਟੁਰਿਆ। ਉਪ੍ਰੰਤ ਸੁਰਗ `ਚ ਪਹੁੰਚ ਕੇ ਜਦੋਂ ਅੰਮ੍ਰਿਤ ਦੇਵਤਿਆਂ ਨੂੰ ਪੰਕਤਾਂ `ਚ ਬਿਠਾ ਕੇ ਪਿਲਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਹੀ ਪੰਕਤਾਂ `ਚ ਬੈਠ ਕੇ ਰਾਹੂ ਦੈਂਤ ਨੇ ਵੀ ਅੰਮ੍ਰਿਤ ਪੀ ਲਿਆ। ਇਸ ਸਮੇਂ ਚੰਦ੍ਰਮਾ ਤੇ ਸੂਰਜ ਦੋਨਾਂ ਨੇ ਦੈਂਤ ਨੂੰ ਪਛਾਣ ਲਿਆ। ਉਨ੍ਹਾਂ ਇਸ ਦਾ ਭੇਦ ਮੋਹਨੀ ਅਵਤਾਰ ਭਾਵ ਵਿਸ਼ਨੂ ਨੂੰ ਦੇ ਦਿੱਤਾ ਪਰ ਤਦ ਤੱਕ ਦੈਂਤ ਵੀ ਅਮ੍ਰਿਤ ਪੀ ਕੇ ਅਮਰ ਹੋ ਚੁੱਕਾ ਸੀ।

ਇਸ `ਤੇ ਮੋਹਨੀ ਭੇਸ `ਚ ਵਿਚਰ ਰਹੇ ਵਿਸ਼ਨੂੰ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਦੈਂਤ ਦਾ ਸਿਰ ਕੱਟ ਦਿੱਤਾ। ਜਦਕਿ ‘ਅੰਮ੍ਰਿਤ’ ਪੀਣ ਕਰਕੇ ਇਹ ਵੀ ਮਰ ਨ ਮਰਿਆ। ਪਰ ਇਸ ਤਰ੍ਹਾਂ ਇਸ ਦੇ ਸਰੀਰ ਦੇ ਦੋ ਟੁਕੜੇ ਹੋ ਗਏ ਜਿਨ੍ਹਾਂ ਦੇ ਨਾਮ ਹਨ ਰਾਹੂ ਤੇ ਕੇਤੂ। ਕੇਤੂ ਦੇ ਅਰਥ ਹਨ ਪੂਛਲ ਭਾਵ ਕੇਤੂ ਦਾ ਧੜ ਤੇ ਰਾਹੂ ਹੈ ਰਾਹੂ ਦਾ ਸਿਰ ਵਾਲਾ ਭਾਗ। ਇਸ ਤਰ੍ਹਾਂ ਉਸ ਪ੍ਰਚਲਣ ਮੁਤਾਬਕ ਜਦੋਂ ਜਦੋਂ ਰਾਹੂ ਤੇ ਕੇਤੂ ਨੂੰ ਬੀਤੀ ਚੇਤੇ ਆਉਂਦੀ ਅਤੇ ਇਸ ਦੇ ਲਈ ਗੁੱਸਾ ਆਉਂਦਾ ਹੈ, ਉਹ ਵੈਰ ਕੱਢਣ ਲਈ ਅੱਜ ਤਕ ਕਦੇ ਚੰਦ੍ਰਮਾ ਤੇ ਕਦੇ ਸੂਰਜ ਨੂੰ ਆ ਗ੍ਰਸਦੇ ਹਨ। ਬੱਸ ਇਹੀ ਹੈ ਬ੍ਰਾਹਮਣੀ ਵਿਸ਼ਵਸਾਂ ਅਨੁਸਾਰ ਸੂਰਜ ਗ੍ਰਿਹਣ ਤੇ ਚੰਦ ਗ੍ਰਿਹਣ। ਉਪ੍ਰੰਤ ਇਸੇ ਕਹਾਣੀ ਦੇ ਆਧਾਰ `ਤੇ ਬ੍ਰਾਹਮਣੀ ਵਿਸ਼ਵਾਸਾਂ `ਚ ਇਹ ਦੋਵੇਂ ਗ੍ਰਿਹ ਵੱਡੇ ਮਨਹੂਸ ਗ੍ਰਿਹ ਵੀ ਮੰਨੇ ਜਾਂਦੇ ਹਨ।

ਨੋਟ- (੨) ਇਸ ਦੇ ਨਾਲ ਇਹ ਵੀ ਧਿਆਨ ਰਹੇ ਕਿ ਰਾਹੂ ਕੇਤੂ ਵਾਲਾ ਵਿਸ਼ਵਾਸ ਗੁਰਮੱਤ ਦਾ ਵਿਸ਼ਵਾਸ ਨਹੀਂ। ਇਥੇ ਤਾਂ ਵਿਸ਼ੇ ਨੂੰ ਸਪਸ਼ਟ ਕਰਣ ਲਈ ਗੁਰਦੇਵ ਨੇ ਕੇਵਲ ਮਿਸਾਲ ਵੱਜੋਂ ਹੀ ਲਿਆ ਹੈ ਨਾ ਕਿ ਉਸ ਘਟਣਾ ਜਾਂ ਸਮੁੰਦਰ ਮੰਥਨ ਲਈ ਗਵਾਹੀ ਭਰੀ ਹੈ। ਗੁਰਬਾਣੀ ਦੇ ਅਰਥ ਭਾਵਾਂ ਨੂੰ ਸਮਝਣ ਲਈ ਗੁਰਬਾਣੀ ਦੇ ਇਸ ਪੱਖ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਉਂਜ ਵੀ ਗੁਰਬਾਣੀ ਇਨਾਂ ਦੇਵੀ ਦੇਵਤਿਆਂ ਦੀ ਹੋਂਦ `ਚ ਮੂਲੋਂ ਹੀ ਵਿਸ਼ਵਾਸ ਨਹੀਂ ਰਖਦੀ। ਬਲਕਿ ਇਸ ਬਾਰੇ ਤਾਂ ਗੁਰਬਾਣੀ ਦਾ ਫ਼ੈਸਲਾ ਬਿਲਕੁਲ ਸਪਸ਼ਟ ਹੈ ਜਿਵੇਂ “ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ” (ਪੰ: ੧੨੯)

ਅਰਥ: “ਜੇ ਦੇਹੈ ਦੁਖੁ ਲਾਈਐ, ਪਾਪ ਗਰਹ ਦੁਇ ਰਾਹੁ” ਹੇ ਮੇਰੇ ਕਰਤਾ ਪੁਰਖ ਜੀ! ਜੇ (ਮੇਰੇ) ਸਰੀਰ ਨੂੰ ਕੋਈ ਅਜਿਹਾ ਕਰੜਾ ਦੁੱਖ ਲੱਗਾ ਦੇਵੇੇਂ ਕਿ ਮੰਨੇ ਜਾਂਦੇ ਦੋਵੇਂ ਮਨਹੂਸ ਤਾਰੇ ਰਾਹੂ ਤੇ ਕੇਤੂ ਮੇਰੇ `ਤੇ ਭਾਰੂ ਹੋ ਜਾਣ।

“ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ” ਇਤਨਾ ਹੀ ਨਹੀਂ ਬਲਕਿ ਜੇ ਮੈਂ ਅਜਿਹੇ ਰਾਜ ਦਾ ਵਾਸੀ ਹੋਵਾਂ, ਜਿਸ ਰਾਜ ਦਾ ਰਾਜਾ ਵੀ ਰਜਵੀਂ ਜ਼ਾਲਮ ਕਰਣੀ ਤੇ ਤਬੀਅਤ ਵਾਲਾ ਹੋਵੇ ਤੇ ਖੇਡ `ਚ ਮੇਰੇ `ਤੇ ਰਜਵੇਂ ਜ਼ੁਲਮ ਵੀ ਕਰਦਾ ਹੋਵੇ।

“ਏਵੈ ਜਾਪੈ ਭਾਉ” ਫ਼ਿਰ ਵੀ ਹੇ ਪ੍ਰਭੂ ਜੀ! ਜੇ ਮੇਰੇ ਲਈ ਤੇਰਾ ਪਿਆਰ ਇਸੇ ਤਰ੍ਹਾਂ ਤੇ ਇਨ੍ਹਾਂ ਦੁੱਖਾਂ ਦੇ ਰੂਪ `ਚ ਹੀ ਮੇਰੇ `ਤੇ ਪ੍ਰਗਟ ਹੁੰਦਾ ਹੋਵੇ।

“ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਉ” ਤਾਂ ਵੀ ਪ੍ਰਭੂ! ਸਮ੍ਰਥਾ ਦੇਵੀਂ ਕਿ ਅਜਿਹੇ ਭਿਆਨਕ ਦੁਖਾਂ ਤੋਂ ਘਬਰਾ ਕੇ, ਕਿਧਰੇ ਮੈ ਤੈਨੂੰ ਨਾ ਵਿਸਾਰ ਦਿਆਂ। ਜੀਵਨ ਦੀ ਅਜਿਹੀ ਹਾਲਤ `ਚ ਵੀ ਮੈ ਤੇਰੀ ਸਿਫ਼ਤਿ-ਸਾਲਾਹ ਕਰਾਂ, ਤੇਰੀ ਵਡਿਆਈ ਕਰਣ ਵਾਲਾ ਮੇਰਾ ਚਾਉ ਨਾ ਘਟੇ। ੩।

ਗੁਰਮੱਤ ਵਿਚਾਰ ਦਰਸ਼ਨ- ਬਹੁਤਾ ਕਰਕੇ ਦੁਨੀਆਵੀ ਸੁਖਾਂ ਸਮੇਂ ਅਗਿਆਨੀ ਮਨੁੱਖ ਕਾਦਿਰ ਨੂੰ ਵੀ ਵਿਸਾਰ ਦਿੰਦਾ ਹੈ। ਜਦਕਿ ਦੁਖਾਂ ਸਮੇਂ ਤਾਂ ਕਰਤੇ ਨੂੰ ਉਲਾਹਮੇ ਦੇਣੇ ਤੇ ਬੁਰਾ ਭਲਾ ਕਹਿਣਾ ਵੀ ਸ਼ੁਰੂ ਕਰ ਦਿੰਦਾ ਹੈ; ਪਰ ਗੁਰਮੁਖ ਦਾ ਸੁਭਾਅ ਅਜਿਹਾ ਨਹੀਂ ਹੁੰਦਾ। ਗੁਰਮੁਖ ਜਨ ਜਾਣਦੇ ਹਨ ਕਿ ਸੰਸਾਰਰਿਕ ਦੁਖ ਹੋਣ ਜਾਂ ਸੁਖ, ਦੋਵੇਂ ਆਪਣੇ ਕੀਤੇ ਕਰਮਾਂ ਅਨੁਸਾਰ ਜਾਂ ਕਰਤੇ ਦੀ ਖੇਡ `ਚ ਹੀ ਮਨੁੱਖਾ ਸਰੀਰ ਦਾ ਅਣਿਖੜਵਾਂ ਅੰਗ ਹੁੰਦੇ ਹਨ ਤੇ ਇਹ ਸਾਰਿਆਂ ਨੇ ਭਾਵ ਹਰੇਕ ਸਰੀਰ ਨੇ ਹੰਡਾਣੇ ਹੀ ਹੁੰਦੇ ਹਨ।

ਗੁਰਮੁਖ ਜਨ, ਭਿਆਨਕ ਦੁਖਾਂ ਸਮੇਂ ਵੀ ਕਰਤੇ ਨੂੰ ਉਲਾਹਮੇ ਨਹੀਂ ਦਿੰਦੇ ਬਲਕਿ ਉਸ ਦੀ ਰਜ਼ਾ ਅੱਗੇ ਹੀ ਸਿਰ ਝੁਕਾਂਦੇ ਤੇ ਖਿੜੇ ਮੱਥੇ, ਉਨ੍ਹਾਂ ਨੂੰ ਉਸੇ ਤਰ੍ਹਾਂ ਪ੍ਰਵਾਣ ਕਰਦੇ ਹਨ ਜਿਵੇਂ ਸੁਖਾਂ ਨੂੰ। ਦਰਅਸਲ ਸਲੋਕ `ਚ ਗੁਰਦੇਵ ਜਗਿਆਸੂ ਨੂੰ ਇਹੀ ਦ੍ਰਿੜ ਕਰਵਾ ਰਹੇ ਹਨ ਕਿ ਉਸ ਨੇ ਦੁਰਲਭ ਮਨੁੱਖਾ ਜਨਮ ਨੂੰ ਇਨ੍ਹਾਂ ਸੰਸਾਰਕ ਦੁਖਾਂ ਸੁਖਾਂ ਦੀ ਗਿਣਤੀ ਮਿਣਤੀ `ਚ ਹੀ ਖ਼ਤਮ ਨਹੀਂ ਕਰ ਦੇਣਾ। ਬਲਕਿ ਮਨੁੱਖਾ ਜਨਮ ਦੇ ਅਸਲ ਮਕਸਦ ਨੂੰ ਸਮਝਦੇ ਹੋਏ ਇਸ ਨੇ ਸੁਆਸ ਸੁਆਸ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿਣਾ ਹੈ। ਉਸ ਨੇ ਤਾਂ ਹਰ ਪਲ ਕਰਤੇ ਦੇ ਚਰਨਾਂ `ਚ ਅਰਦਾਸ ਕਰਣੀ ਹੈ ਕਿ ਪ੍ਰਭੂ ਉਸ ਨੂੰ ਆਪਣੀ ਸਿਫ਼ਤ ਸਲਾਹ ਵਾਲੀ ਦਾਤ ਤੋਂ ਕਦੇ ਵਾਂਝਾ ਨਾ ਕਰੇ।

ਮ: ੧॥ ਅਗੀ ਪਾਲਾ ਕਪੜੁ ਹੋਵੈ, ਖਾਣਾ ਹੋਵੈ ਵਾਉ॥ ਸੁਰਗੈ ਦੀਆ ਮੋਹਣੀਆ ਇਸਤ੍ਰੀਆ ਹੋਵਨਿ, ਨਾਨਕ ਸਭੋ ਜਾਉ॥ ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਉ॥ ੪॥ {ਪੰਨਾ ੧੪੨}

ਪਦ ਅਰਥ:ਅਗੀ—ਅੱਗ, ਗਰਮੀਆਂ `ਚ ਸੂਰਜ ਦੀ ਤਪਦੀ ਧੁੱਪ ਤੇ ਉਸਦਾ ਸੇਕ। ਪਾਲਾ—ਸਿਆਲੀ ਠੰਢ। ਵਾਉ—ਹਵਾ। ਮੋਹਣੀਆ—ਮਨ ਨੂੰ ਮੋਹ ਲੈਣ ਵਾਲੀਆਂ। “ਸੁਰਗੈ ਦੀਆ ਮੋਹਣੀਆ ਇਸਤ੍ਰੀਆ” …. ਸੁਰਗ ਅਥਵਾ ਦੇਵ ਲੋਕ ਦੀਆਂ ਸੁੰਦਰ ਇਸਤ੍ਰੀਆਂ, ਪਰੀਆਂ, ਅਪਸ੍ਰਾਵਾਂ। ਜਾਉ—ਨਾਸਵੰਤ, ਬਿਨਸਨਹਾਰ, ਜੋ ਸਦੀਵੀ ਨਹੀਂ।

ਨੋਟ- (੧) “ਸੁਰਗੈ ਦੀਆ ਮੋਹਣੀਆ ਇਸਤ੍ਰੀਆ” -ਬ੍ਰਾਹਮਣ ਰਾਹੀਂ ਪ੍ਰਗਟ ਸੁਰਗ ਅਥਵਾ ਦੇਵ ਲੋਕ `ਚ ਪਰੀਆਂ (ਅਪਸ੍ਰਾਂਵਾਂ, ਮੋਹਣੀਆਂ ਇਸਤ੍ਰੀਆਂ) ਦਾ ਵੀ ਵਾਸਾ ਹੁੰਦਾ ਹੈ। ਜਦਕਿ ਗੁਰਮੱਤ ਅਜਿਹੇ ਕਿਸੇ ਵੀ ਬ੍ਰਾਹਮਣੀ ਸੁਰਗ-ਨਰਕ, ਦੇਵ ਲੋਕ, ਬੈਕੁੰਠ (ਬਿਸ਼ਨ ਪੁਰੀ), ਬ੍ਰਹਮ ਲੋਕ, ਸ਼ਿਵ ਲੋਕ ਆਦਿ ਹੀ ਹੋਂਦ ਨੂੰ ਵੀ ਪ੍ਰਵਾਣ ਨਹੀਂ ਕਰਦੀ ਤੇ ਉਨ੍ਹਾਂ ਨੂੰ ਕਲਪਤ ਦੱਸਦੀ ਹੈ। ਇਸ ਲਈ ਇਥੇ ਇਹ ਕੇਵਲ ਵਿਸ਼ੇ ਨੂੰ ਸਮਝਾਉਣ ਲਈ ਹੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਇਸ ਤੋਂ ਪਹਿਲੇ ਸਲੋਕ `ਚ ਲਫ਼ਜ਼ “ਭਾਰ ਅਠਾਰਹ” ਆਇਆ ਹੈ ਪਰ ਉੇਥੇ ਵੀ ਉਹ ਗੁਰਮੱਤ ਅਰਥਾਂ `ਚ ਨਹੀਂ ਆਇਆ, ਕੇਵਲ ਵਿਸ਼ੇ ਨੂੰ ਸਪਸ਼ਟ ਕਰਣ ਲਈ ਮਿਸਾਲ ਵੱਜੋਂ ਹੀ ਆਇਆ ਹੈ।

(੨) ਦਰਅਸਲ ਬ੍ਰਾਹਮਣੀ ਸੁਰਗ, ਦੇਵ ਲੋਕ ਭਾਵ ਬੈਕੁੰਠ ਦੀ ਲੋਹ ਲੁਪਤਾ ਨੂੰ ਵਧਾਉਣ ਅਤੇ ਸ਼੍ਰਧਾਲੂਆਂ ਦੇ ਮਨ `ਚ ਉਸ ਲਈ ਵਧ ਤੋਂ ਵਧ ਖਿੱਚ ਪੈਦਾ ਕਰਣ ਲਈ, ਬ੍ਰਾਹਮਣ ਨੇ ਉਸ ਸੁਰਗ ਨਾਲ ਇਕੱਲਾ “ਸੁਰਗੈ ਦੀਆ ਮੋਹਣੀਆ ਇਸਤ੍ਰੀਆ” ਵਾਲਾ ਵਿਸ਼ਾ ਹੀ ਨਹੀਂ ਜੋੜਿਆ ਹੋਇਆ। ਬਲਕਿ ਗੰਧ੍ਰਵ, ਕਿੰਨਰ, ਕਾਮਧੇਨ ਗਊ, ਕਲਪ ਪਾਰਜਾਤ ਆਦਿ ਪੰਜ ਖਾਸ ਜਾਤੀਆਂ ਦੇ ਬਿਰਖ, ਧਨਵੰਤ੍ਰੀ ਵੈਦ ਆਦਿ ਹੋਰ ਵੀ ਬਹੁਤ ਕੁੱਝ ਜੋੜਿਆ ਤੇ ਪ੍ਰਚਲਤ ਕੀਤਾ ਹੋਇਆ ਹੈ।

(੪) ਗੁਰਬਾਣੀ `ਚ ਵੀ ਇਸ ਬ੍ਰਾਹਮਣੀ ਸੁਰਗ ਤੇ ਇਸ ਨਾਲ ਜੋੜੀ ਹੋਈ ਉਪ੍ਰੋਕਤ ਸਾਰੀ ਸ਼ਬਦਾਵਲੀ ਆਈ ਹੈ। ਪਰ ਮੁੱਖ ਤੌਰ `ਤੇ ਤਿੰਨ ਅਰਥਾਂ `ਚ (i) ਕੇਵਲ ਮਿਸਾਲਾਂ ਵੱਜੋਂ () ਨਵੇਂ ਤੇ ਬਦਲਵੇਂ ਗੁਰਮੱਤ ਅਰਥਾਂ `ਚ (i) ਇਨ੍ਹਾਂ ਦੀ ਹੋਂਦ ਨੂੰ ਕਲਪਤ ਤੇ ਖੋਖਲੀ ਦੱਸਣ ਲਈ।

(੫) ਸ਼ਾਸਤ੍ਰਾਂ `ਚ ਪਤੰਜਲੀ ਰਿਸ਼ੀ ਦੁਆਰਾ ਰਚਿਤ ਯੋਗ ਦਰਸ਼ਨ ਅਥਵਾ ਸ਼ਾਸਤ੍ਰ ਵੀ ਹੈ। ਭਾਰਤੀ ਜੋਗ ਮੱਤ ਉਸੇ `ਤੇ ਆਧਾਰਿਤ ਹੈ। ਕਿਸੇ ਸਮੇਂ ਭਾਰਤ `ਚ ਇਸ ਮੱਤ ਦਾ ਬੋਲ ਬਾਲਾ ਵੀ ਰਿਹਾ ਹੈ। ਜਦਕਿ ਗੁਰਮੱਤ ਨੇ ਇਸ ਨੂੰ ‘ਸੱਚ ਧਰਮ’ ਦੀ ਕਸਵਟੀ `ਤੇ ਪ੍ਰਵਾਣ ਨਹੀਂ ਕੀਤਾ। ਇਹ ਲੋਕ ਰਿਧੀਆਂ ਸਿਧੀਆਂ `ਚ ਵਿਸ਼ਵਾਸ ਰਖਦੇ ਹਨ ਤੇ ਭੋਲੀ ਭਾਲੀ ਲੋਕਾਈ ਨੂੰ ਭਰਮਾਉਣ ਲਈ ਯੋਗ ਮੱਤ ਦੀਆਂ ਕੁੱਝ ਵਿਸ਼ੇਸ਼ ਕ੍ਰਿਆਵਾਂ, ਆਸਨ ਤੇ ਪ੍ਰਗਟਾਵੇ ਵੀ ਕਰਦੇ ਹਨ।

ਇਸ ਸਲੋਕ `ਚ ਗੁਰਦੇਵ ਨੈ ਯੋਗ ਮੱਤ ਦੀਆਂ ਉਨ੍ਹਾਂ ਸਰੀਰਕ ਕ੍ਰਿਆਵਾਂ ਨੂੰ ਕਰਤੇ ਦੀ ਸਿਫ਼ਤ ਸਲਾਹ ਸਾਹਮਣੇ ਤੁੱਛ ਦੱਸਿਆ ਹੈ। ਇਸ ਦੇ ਨਾਲ ਹੀ ਇਸ ਦੁਰਲਭ ਮਨੁੱਖਾ ਜਨਮ ਦੇ ਮਕਸਦ ਦੀ ਪ੍ਰਾਪਤੀ ਤੇ ਸਫ਼ਲਤਾ ਲਈ ਇਸ ਯੋਗ ਮੱਤ ਨੂੰ ਬੇਲੋੜਾ, ਅਰਥ ਹੀਣ ਤੇ ਰੁਕਾਵਟ ਵੀ ਦੱਸਿਆ ਹੈ ਤਾਂ ਤੇ ਇਸ ਸਲੋਕ ਵਿਚਲੇ “ਅਗੀ ਪਾਲਾ ਕਪੜੁ ਹੋਵੈ, ਖਾਣਾ ਹੋਵੈ ਵਾਉ” ਸਬੰਧੀ:

ਵਿਸ਼ੇਸ਼ ਨੋਟ- (੧) ਅਕੱਟ ਸਚਾਈ ਹੈ ਕਿ ਸਾਡਾ ਸਰੀਰ ਅਤਿ ਦੀ ਗਰਮੀ ਹੋਵੇ ਜਾਂ ਸਰਦੀ, ਦੋਨਾਂ ਨੂੰ ਕਿਸੇ ਵਿਸ਼ੇਸ਼ ਸੀਮਾ ਤੱਕ ਹੀ ਸਹਿਨ ਕਰ ਸਕਦਾ ਹੈ। ਨਹੀਂ ਤਾਂ ਗਰਮੀ ਜਾਂ ਸਰਦੀ ਦੋਨਾਂ `ਚੋਂ ਕਿਸੇ ਇੱਕ ਦੇ ਵੀ ਅਸੀਮ ਹੋਣ `ਤੇ ਮਨੁੱਖ ਦੀ ਮੌਤ ਦਾ ਹੋਣਾ ਨਿਸ਼ਚਤ ਹੈ।

(੨) ਇਸੇ ਤਰ੍ਹਾਂ ਸਾਡੇ ਸਰੀਰ ਨੂੰ ਭੋਜਨ ਦੀ ਲੋੜ ਵੀ ਹੁੰਦੀ ਹੈ। ਇਹ ਵੀ ਕਿ ਸਾਡਾ ਸਰੀਰ ਕਿਸੇ ਸੀਮਾ ਤੱਕ ਹੀ ਭੁਖ ਨੂੰ ਸਹਿਨ ਕਰ ਸਕਦਾ ਹੈ, ਨਹੀਂ ਤਾਂ ਲਗਾਤਾਰ ਭੁੱਖੇ ਰਹਿਣ ਕਾਰਨ ਮਨੁੱਖ ਦੀ ਮੌਤ ਦਾ ਹੋਣਾ ਨਿਸ਼ਚਤ ਹੈ।

(੩) ਇਸ ਤੋਂ ਬਾਅਦ ਇਹ ਵੀ ਯੋਗ ਮੱਤ ਹੀ ਹੈ ਜੋ ਉਹ ਲੋਕ, ਸੁਆਸ ਕ੍ਰਿਆ ਦੇ ਵਾਧੇ ਘਾਟਿਆਂ ਤੇ ਆਪਣੀਆਂ ਰਿਧੀਆਂ ਸਿਧੀਆਂ ਨੂੰ ਆਧਾਰ ਬਣਾ ਕੇ, ਬਹੁਤ ਵਾਰੀ ਗਰਮੀ, ਸਰਦੀ ਤੇ ਭੁੱਖ ਆਦਿ ਦੀ ਸਹਿਣ ਸ਼ਕਤੀ ਦੇ ਆਧਾਰ `ਤੇ ਵੀ ਭੋਲੀ ਭਾਲੀ ਲੋਕਾਈ ਨੂੰ ਭਰਮਾਉਂਦੇ ਹਨ।

(੪) ਸੰਸਾਰ `ਚ ਉਹ ਲੋਕ ਵੀ ਹਨ ਜਿਨ੍ਹਾਂ ਦਾ ਵਿਸ਼ਵਾਸ ਹੈ “ਖਾਓ ਪੀਓ ਤੇ ਐਸ਼ ਕਰੋ” ਭਾਵ ਮਨੁੱਖ ਦੀ ਜ਼ਿੰਦਗੀ ਕੇਵਲ ਤੇ ਕੇਵਲ ਐਸ਼ੋ ਇਸ਼ਰਤ ਲਈ ਹੀ ਹੈ। ਉਨ੍ਹਾਂ ਅਨੁਸਾਰ ਇਸ ਮਨੁੱਖਾ ਜਨਮ ਦਾ ਇਸ ਤੋਂ ਵਧ ਹੋਰ ਕੋਈ ਮਕਸਦ ਨਹੀਂ ਅਤੇ ਹਰ ਸਮੇਂ ਮੌਜ ਮੇਲੇ ਦੀ ਭਾਵਨਾ। ਜੇ ਨਹੀਂ ਤਾਂ ਇਤਨਾ ਜ਼ਰੂਰ ਹੁੰਦਾ ਹੈ ਕਿ ਅਜਿਹੇ ਲੋਕ ਸੰਸਾਰਕ ਮੌਜ ਮੇਲਿਆਂ ਤੇ ਐਸ਼ੋ ਇਸ਼ਰਤ `ਚ ਹੀ ਇਨਾਂ ਵਧ ਗ਼ਲਤਾਨ ਰਹਿੰਦੇ ਹਨ ਕਿ ਜ਼ਿੰਦਗੀ ਮੁੱਕ ਜਾਂਦੀ ਹੈ ਪਰ ਜੀਵਨ ਦੀ ਸੰਭਾਲ ਵਾਲੇ ਪਾਸੇ ਸੋਚ ਨਹੀਂ ਆਉਂਦੀ। ਉਸ ਦਾ ਨਤੀਜਾ ਹੁੰਦਾ ਹੈ ਕਿ ਜਨਮ ਬਿਰਥਾ ਹੋ ਜਾਂਦਾ ਹੈ ਤੇ ਮੁੜ ਉਸੇ ਜਨਮ ਮਰਨ ਤੇ ਭਿੰਨ ਭਿੰਨ ਜੂਨਾਂ ਦੇ ਗੇੜ `ਚ ਪਾ ਦਿੱਤੇ ਜਾਂਦੇ ਹਨ।

ਜਦਕਿ ਹੱਥਲੇ ਸਲੋਕ `ਚ ਗੁਰਦੇਵ ਨੇ ਮਨੁੱਖਾ ਜੀਵਨ ਨੂੰ, ਪਹਿਲਾਂ ਯੋਗ ਮੱਤ ਤੋਂ ਪ੍ਰਗਟ ਹੋਣ ਵਾਲੀਆਂ ਸੁਆਸ ਕ੍ਰਿਆਵਾਂ ਤੇ ਆਧਾਰਤ ਉਨ੍ਹਾਂ ਖੇਡਾਂ ਜਿਵੇਂ ਅਤਿ ਦੀ ਸਰਦੀ ਜਾਂ ਅਤਿ ਦੀ ਗਰਮੀ ਨੂੰ ਸਹਿਣ ਕਰਣਾ, ਨਿਰਾਹਾਰੀ ਰਹਿ ਕੇ ਲੰਮੀਆਂ ਸਮਾਧੀਆਂ ਲਗਾਉਣੀਆਂ, ਯੋਗ ਆਸਨ ਤੇ ਸਾਧਨਾਵਾਂ ਅਤੇ ਰਿਧੀਆਂ ਸਿਧੀਆਂ ਵਾਲੇ ਕਰਤਬ ਕਰਕੇ ਲੋਕਾਈ ਨੂੰ ਭਰਮਾਉਣਾ।

ਦੂਜਾ ਮਨੁੱਖ ਅੰਦਰਲੀ ਐਸ਼ੋ ਇਸ਼ਰਤ ਵਾਲੀ ਸੋਚ ਤੇ ਕਰਣੀ। ਗੁਰਦੇਵ ਨੇ ਮਨੁੱਖਾ ਜੀਵਨ ਦੀਆਂ ਇਨ੍ਹਾਂ ਦੋਨਾਂ ਕਰਣੀਆਂ ਤੇ ਸੋਚਣੀਆਂ ਨੂੰ ਮਨੁੱਖਾ ਜਨਮ ਦੇ ਮਕਸਦ ਤੇ ਉਸ ਦੀ ਪ੍ਰਾਪਤੀ ਲਈ ਅਤੇ ਕਰਤੇ ਦੀ ਸਿਫ਼ਤ ਸਲਾਹ ਸਾਹਮਣੇ ਤੁੱਛ ਦੱਸਿਆ ਹੈ। ਤਾਂ ਤੇ ਸਲੋਕ ਦੇ ਅਰਥ ਹਨ:

ਅਰਥ:“ਅਗੀ ਪਾਲਾ ਕਪੜੁ ਹੋਵੈ” ਐ ਅਕਾਲ ਪੁਰਖ! ਜੇ ਤੂੰ ਮੈਨੂੰ ਇਤਨਾ ਸਮ੍ਰਥ ਕਰ ਦੇਵੇਂ ਕਿ ਅੱਗ ਦੀ ਸੀਮਾ ਤੱਕ ਪੁੱਜੀ ਗਰਮੀ ਤੇ ਉਸ ਦੇ ਉਲਟ ਅਸੀਮਤ ਸਰਦੀ, ਇਹੀ ਦੋਵੇਂ ਮੇਰੇ ਪਹਿਨਣ ਲਈ, ਮੇਰੇ ਸਰੀਰ ਦੇ ਕਪੜੇ ਹੋਣ। ਭਾਵ ਅਸੀਮਤ ਸਰਦੀ ਹੋਵੇ ਜਾਂ ਅੱਗ ਦੀ ਸੀਮਾ ਤੱਕ ਪੁੱਜੀ ਹੋਈ ਗਰਮੀ, ਮੇਰੇ ਸਰੀਰ `ਤੇ ਵਿਰੋਧੀ ਪ੍ਰਭਾਵ ਨਾ ਪਾ ਸਕਣ; ਤੇ ਇਨ੍ਹਾਂ ਤੋਂ ਆਪਣੇ ਬਚਾਅ ਲਈ ਮੈਨੂੰ ਕਿਸੇ ਤਰ੍ਹਾਂ ਦੇ ਵਿਸ਼ੇਸ਼ ਕਪੜੇ ਆਦਿ ਪਹਿਨਣ ਦੀ ਵੀ ਲੋੜ ਨਾ ਪਵੇ।

“ਖਾਣਾ ਹੋਵੈ ਵਾਉ” ਕੋਈ ਵੀ ਮਨੁੱਖਾ ਸਰੀਰ ਭੋਜਨ ਤੋਂ ਬਿਨਾ ਜੀਵਤ ਨਹੀਂ ਰਹਿੰਦਾ। ਫ਼ਿਰ ਵੀ ਐ ਮੇਰੇ ਕਰਤੇ! ਜੇ ਤੂੰ ਮੈਨੂੰ ਇਤਨਾ ਸਮ੍ਰਥ ਕਰ ਦੇਵੇਂ ਕਿ ਮੈਂ ਜ਼ਿੰਦਗੀ ਭਰ ਖਾਵਾਂ ਵੀ ਕੁੱਝ ਨਾ ਤੇ ਕੇਵਲ ਹਵਾ ਹੀ ਮੇਰਾ ਖਾਣਾ ਹੋਵੇ ਭਾਵ ਤਾਂ ਵੀ ਉਸ ਕਾਰਨ ਮੇਰੀ ਮੌਤ ਨਾ ਹੋਵੇ। “ਖਾਣਾ ਹੋਵੈ ਵਾਉ” ਫ਼ਿਰ ਇਤਨਾ ਹੀ ਨਹੀਂ, ਹੇ ਕਰਤੇ! ਜੇ ਤੂੰ ਮੈਨੂੰ ਇਨਾਂ ਸਮ੍ਰਥ ਬਣਾ ਦੇਵੇਂ ਕਿ ਮੇਰੀ ਜ਼ਿੰਦਗੀ ਦਾ ਭੋਜਨ ਵੀ ਕੇਵਲ ਹਵਾ ਹੀ ਹੋਵੇ। ਭਾਵ ਜੀਵਨ ਭਰ ਮੈਂ ਖਾਵਾਂ ਵੀ ਕੁੱਝ ਨਾ, ਫ਼ਿਰ ਵੀ ਮੇਰੀ ਮੌਤ ਨਾ ਹੋਵੇ।

ਸਪਸ਼ਟ ਹੈ ਸੰਸਾਰ `ਚ ਜਿਸ ਸੀਮਾ ਤੱਕ ਸੁਆਸਾਂ ਨੂੰ ਰੋਕ ਕੇ ਤੇ ਰਿਧੀਆਂ ਸਿਧੀਆਂ ਵੱਸ `ਚ ਕਰਕੇ ਵੱਡੇ ਤੋਂ ਵੱਡੇ ਸਿਧ ਹਸਤ ਜੋਗੀ ਵੀ ਜਿਥੋਂ ਤੱਕ ਸਫ਼ਲ ਨਹੀਂ ਹੋ ਸਕਦੇ। ਗੁਰਦੇਵ ਉਸ ਤੋਂ ਵੀ ਬਹੁਤ ਅੱਗੇ ਜਾ ਕੇ ਗਰਮੀ ਸਰਦੀ ਤੇ ਭੁਖ ਨਾਲ ਮੁਕਾਬਲਾ ਕਰਣ ਦੀ ਗੱਲ ਕਰ ਰਹੇ ਹਨ। ਉਹ ਵੀ ਬਿਨਾ ਰਿਧੀਆਂ ਸਿਧੀਆਂ ਤੇ ਸੁਆਸਾਂ ਨੂੰ ਰੋਕਣ ਆਦਿ ਵਾਲੇ ਦਿਖਾਵੇ ਦੇ ਕਰਮਾਂ ਦੇ।

“ਸੁਰਗੈ ਦੀਆ ਮੋਹਣੀਆ ਇਸਤ੍ਰੀਆ ਹੋਵਨਿ, ਨਾਨਕ ਸਭੋ ਜਾਉ” ਸੰਸਾਰ `ਚ ਉਹ ਲੋਕ ਵੀ ਹੁੰਦੇ ਹਨ ਜਿਹੜੇ ਆਪਣੀ ਐਸ਼ੋ ਇਸ਼ਰਤ ਤੇ ਸੰਸਾਰਕ ਰਸਾਂ `ਚ ਹੀ ਇਤਨਾ ਵਧ ਉਲਝੇ ਰਹਿੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਉਸੇ `ਚ ਮੁੱਕ ਜਾਂਦੀ ਹੈ। ਉਨ੍ਹਾਂ ਨੂੰ ਅੰਦਰ ਵੱਸ ਰਹੇ ਜੀਵਨ ਦਾਤੇ ਅਕਾਲ ਪੁਰਖ ਦਾ ਜਾਂ ਮਨੁੱਖਾ ਜਨਮ ਦੇ ਮਕਸਦ ਨੂੰ ਸਭਾਂਲਣ ਦਾ ਵੀ ਚੇਤਾ ਨਹੀਂ ਆਉਂਦਾ। ਤ ਵਾਲੇ ਪਾਸੇ ਉਨ੍ਹਾਂ ਦੀ ਸੋਚ ਹੀ ਨਹੀਂ ਜਾਂਦੀ।

ਜਦਕਿ ਸੰਸਾਰਕ ਐਸੋ ਇਸ਼ਰਤ ਤਾਂ ਫ਼ਿਰ ਵੀ ਤੁੱਛ ਹੈ, ਹੇ ਕਰਤਾ ਪੁਰਖ ਜੀ! ਜੇ ਸੁਰਗ ਦੀਆਂ ਅਪੱਛ੍ਰਾਵਾਂ ਵੀ ਤੂੰ ਮੇਰੇ ਘਰ ਕੋਲ ਭੇਜ ਦੇਵੇਂ ਤਾਂ ਤੇਰੀ ਸਿਫ਼ਤ ਸਲਾਹ ਦੇ ਮੁਕਾਬਲੇ ਉਹ ਵੀ ਮੇਰੀ ਗਿਣਤੀ `ਚ ਨਹੀਂ ਹਨ, ਕਿਉਂਕਿ ਉਹ ਸਭ ਵੀ ਤਾਂ ਨਾਸ਼ਵੰਤ ਹਨ। ਇਕ ਤੇਰੀ ਸਿਫ਼ਤ ਸਲਾਹ ਹੀ ਜੋ ਹੈ ਸਦਾ ਥਿਰ ਰਹਿਣ ਵਾਲੀ ਹੈ ਤੇ ਮਨੁੱਖ ਨੂੰ ਸੱਚ ਧਰਮ ਦੇ ਰਾਹ ਪਾਉਣ ਦੇ ਸਮ੍ਰਥ ਹੈ।

“ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਉ” ਤਾਂ ਤੇ ਹੇ ਪ੍ਰਭੂ! ਮੇਰੇ `ਤੇ ਇਹ ਮਿਹਰ ਕਰ ਕਿ ਕਿਸੇ ਵੀ ਸੰਸਾਰਕ ਉਤਾਰ ਚੜ੍ਹਾਵ `ਚ ਮੈਂ ਤੈਨੂੰ ਨਾ ਵਿਸਾਰਾਂ। ਜੀਵਨ ਭਰ ਤੇਰੀ ਸਿਫ਼ਤਿ-ਸਲਾਹ ਕਰਦਾ ਰਹਾਂ, ਤੇਰੀ ਵਡਿਆਈ ਕਰਨ ਵਾਲਾ ਇਹ ਮੇਰਾ ਚਾਉ ਕਦੇ ਨਾ ਮੁੱਕੇ। ੪।

ਗੁਰਮੱਤ ਵਿਚਾਰ ਦਰਸ਼ਨ- ਸਲੋਕ ਵਿਚਲਾ ਮੁੱਖ ਵਿਸ਼ਾ ਜੋ ਵਿਸ਼ੇਸ਼ ਧਿਆਨ ਮੰਗਦਾ ਹੈ ਉਹ ਇਹ ਹੈ, ਉਂਜ ਤਾਂ ਭਾਵੇਂ ਜ਼ਿੰਦਗੀ ਦਾ ਕੋਈ ਵੀ ਪਹਿਲੂ ਕਿਉਂ ਨਾ ਹੋਵੇ, ਹਰ ਸਮੇਂ ਇਨਸਾਨ ਕੋਲ ਸੰਭਲਣ ਦਾ ਅਤੇ ਮਨੁੱਖਾ ਜਨਮ ਦੇ ਨਿਵੇਕਲੇ ਅਵਸਰ ਤੇ ਇਕੋ ਇੱਕ ਮਕਸਦ ਨੂਂ ਸੰਭਾਲਣ ਦਾ, ਕਰਤੇ ਵੱਲੋਂ ਕਦੇ ਤੇ ਕਦੋਂ ਵੀ ਮੌਕਾ ਬਣ ਸਕਦਾ ਹੈ। ਮਿਸਾਲ ਵੱਜੋਂ, ਸਿੱਖ ਧਰਮ `ਚ ਪ੍ਰਵੇਸ਼ ਕਰਣ ਲਈ ਤੀਜੇ ਪਾਤਸ਼ਾਹ ਨੂੰ, ਅਕਾਲ ਪੁਰਖ ਨੇ ਜਦੋਂ ਇਹ ਸੁਭਾਗਾ ਸਮਾਂ ਬਖ਼ਸ਼ਿਆ ਤਾਂ ਉਸ ਸਮੇਂ ਉਨ੍ਹਾਂ ਦੀ ਸੰਸਾਰਕ ਆਰਜਾ ਬਾਹਠ ਵਰਿਆਂ ਦੀ ਸੀ। ਜਦਕਿ ਇਸ ਸਲੋਕ ਵਿਚਲੀ ਵਿਸ਼ੇਸ਼ ਗੱਲ ਇਹ ਹੈ ਕਿ ਫ਼ਿਰ ਵੀ ਦੋ ਤਰ੍ਹਾਂ ਦੇ ਰੁਝੇਵੇਂ ਮਨੁੱਖ ਨੂੰ ਸੰਸਾਰ `ਚ ਇਤਨਾ ਡੁੱਬੋ ਦਿੰਦੇ ਹਨ, ਜਿਸ ਤੋਂ ਵਿਰਲੇ ਹੀ ਸੰਭਲਦੇ ਤੇ ਆਪਣੇ ਅਮੁੱਲੇ ਮਨੁੱਖਾ ਜਨਮ ਦੀ ਸੰਭਾਲ ਕਰਦੇ ਹਨ।

ਇਨ੍ਹਾਂ `ਚੋਂ ਇੱਕ ਹੁੰਦੇ ਹਨ ਜੋ ਰਿਧੀਆਂ ਸਿਧੀਆਂ ਤੇ ਕਰਾਮਾਤਾਂ ਦੇ ਚੱਕਰ `ਚ ਪੈ ਜਾਂਦੇ ਹਨ ਤੇ ਦੂਜੇ ਉਹ, ਜੋ ਐਸ਼ੋ ਇਸ਼ਰਤ `ਚ ਗ਼ਲਤਾਨ ਰਹਿੰਦੇ ਹਨ। ਜਦਕਿ ਸਲੋਕ ਰਾਹੀਂ ਗੁਰਦੇਵ ਚੇਤਾਵਣੀ ਦਿੰਦੇ ਹਨ ਕਿ ਇਨ੍ਹਾਂ ਦੋ ਵਰਗਾਂ ਨੂੰ ਵੀ ਸੰਭਲਣ ਦੀ ਲੋੜ ਹੈ। ਜੇ ਕਰ ਉਨ੍ਹਾਂ ਆਪਣੇ ਮਨੁੱਖਾ ਜਨਮ ਨਾਲ ਨਿਆਂ ਕਰਣਾ ਹੈ, ਇਸ ਨੂੰ ਬਿਰਥਾ ਨਹੀਂ ਕਰਣਾ ਤਾਂ ਉਨ੍ਹਾਂ ਨੂੰ ਬਿਨਾ ਢਿੱਲ ਕਰਤੇ ਦੀ ਸਿਫ਼ਤ ਸਲਾਨ ਨਾਲ ਜੁੜ ਕੇ ਆਪਣੇ ਸੁਆਸਾਂ ਨੂੰ ਸਫ਼ਲ ਕਰ ਲੈਣਾ ਚਾਹੀਦਾ ਹੈ। ਇਸ ਸਫ਼ਲਤਾ ਲਈ ਉਨ੍ਹਾਂ ਨੂੰ ਵੀ ਕਰਤੇ ਦੇ ਚਰਨਾਂ `ਚ ਤਨੋ ਮਨੋ ਅਰਦਾਸ ਕਰਣ ਦੀ ਲੋੜ ਹੈ।

ਪਵੜੀ॥ ਬਦਫੈਲੀ ਗੈਬਾਨਾ, ਖਸਮੁ ਨ ਜਾਣਈ॥ ਸੋ ਕਹੀਐ ਦੇਵਾਨਾ, ਆਪੁ ਨ ਪਛਾਣਈ॥ ਕਲਹਿ ਬੁਰੀ ਸੰਸਾਰਿ, ਵਾਦੇ ਖਪੀਐ॥ ਵਿਣੁ ਨਾਵੈ ਵੇਕਾਰਿ, ਭਰਮੇ ਪਚੀਐ॥ ਰਾਹ ਦੋਵੈ, ਇਕੁ ਜਾਣੈ, ਸੋਈ ਸਿਝਸੀ॥ ਕੁਫਰਗੋਅ ਕੁਫਰਾਣੈ, ਪਇਆ ਦਝਸੀ॥ ਸਭ ਦੁਨੀਆ ਸੁਬਹਾਨੁ, ਸਚਿ ਸਮਾਈਐ॥ ਸਿਝੈ ਦਰਿ ਦੀਵਾਨਿ, ਆਪੁ ਗਵਾਈਐ॥ ੯॥ {ਪੰਨਾ ੧੪੨}

ਪਦ ਅਰਥ:ਬਦਫੈਲੀ—ਮੰਦੀ ਕਰਤੂਤ, ਕੁਕਰਮ। ਖਸਮੁ ਨ ਜਾਣਈ … ਮਨ `ਚੋਂ ਪ੍ਰਭੂ ਵਿਸਰਿਆ ਹੁੰਦਾ ਹੈ, ਮਨ `ਚ ਕਰਤੇ ਦਾ ਨਿਰਮਲ ਭਉ ਨਹੀਂ ਹੁੰਦਾ, ਕਰਤੇ ਨੂੰ ਜ਼ਰੇ ਜ਼ਰੇ `ਚ ਮਹਿਸੂਸ ਨਹੀਂ ਕਰਦਾ, ਆਪਣੇ ਅੰਦਰ ਵੱਸ ਰਹੇ ਕਰਤੇ ਦੀ ਪਹਿਚਾਣ ਨਹੀਂ ਕਰਦਾ। ਗੈਬਾਨਾ—ਲੁਕ ਕੇ, ਦੂਸਰਿਆਂ ਕੋਲੋਂ ਛੁਪਾ ਕੇ। ਕਲਹਿ— ਕਲਿਹ ਕਲੇਸ਼, ਬਿਖਾਂਧ, ਝਗੜਾ, ਜੋ ਬਣੀ ਹੋਈ ਸ਼ਾਂਤੀ ਦਾ ਨਾਸ ਕਰੇ। ਵਾਦੇ—ਝਗੜੇ `ਚ ਹੀ, ਵਾਦ ਵਿਵਾਦ `ਚ ਹੀ। ਵੇਕਾਰਿ … ਕੁਕਰਮਾਂ ਕਾਰਨ ਜੀਵਨ `ਚ ਬਣੀ ਰਹਿਣ ਵਾਲੀ ਭਟਕਣਾ। ਭਰਮੇ ਪਚੀਐ … ਭਰਮਿਆ ਤੇ ਪ੍ਰੇਸ਼ਾਨ ਰਹਿੰਦਾ ਹੈ। ਕੁਫਰ—ਝੂਠ। ਕੁਫਰਗੋਅ—ਝੂਠ ਬੋਲਣ ਵਾਲਾ। ਕੁਫਰਾਣੈ …. ਝੂਠ ਬੋਲਣ ਦੇ ਸੁਭਾਅ ਕਾਰਨ। ਦਝਸੀ—ਸੜੇਗਾ। ਸੁਬਹਾਨੁ—ਸੁੰਦਰ। ਦੋਵੈ ਰਾਹ—ਧਨ ਤੇ ਨਾਮ, ਸੰਸਾਰਕ ਤੇ ਅਧਿਯਾਤਮਕ ਜੀਵਨ। ਸਿਝੈ … ਸੁਰਖਰੂ ਹੁੰਦਾ ਹੈ, ਪ੍ਰਭੂ ਦਰ `ਤੇ ਕਬੂਲ ਹੁੰਦਾ ਹੈ, ਪ੍ਰਵਾਣ ਹੁੰਦਾ ਹੈ। ਦਰਿ ਦੀਵਾਨਿ ਕਰਤੇ ਦੇ ਦਰ `ਤੇ, ਪ੍ਰਭੂ ਦੀ ਦਰਗਾਹ `ਚ, ਪ੍ਰਭੂ ਦੇ ਨਿਆਂ `ਚ। ਆਪੁ ਗਵਾਈਐ…ਖ਼ੁਦੀ ਮਿਟਾ ਕੇ, ਹਉਮੈ ਤੋਂ ਛੁਟਕਾਰਾ ਪਾ ਕੇ, ਪੂਰਣ ਸਮਰਪਣ ਦੀ ਭਾਵਨਾ ਨਾਲ।

ਅਰਥ: “ਬਦਫੈਲੀ ਗੈਬਾਨਾ, ਖਸਮੁ ਨ ਜਾਣਈ” ਜੋ ਮਨੁੱਖ ਆਪਣੇ ਵੱਲੋਂ ਤਾਂ ਲੁਕ ਕੇ ਕੁਕਰਮ ਕਰਦਾ ਹੈ ਤੇ ਕਰਤੇ ਨੂੰ ਜ਼ਰੇ ਜ਼ਰੇ `ਚ ਮਹਿਸੂਸ ਨਹੀਂ ਕਰਦਾ। ਮਾਲਕ ਨੂੰ ਹਰ ਥਾਂ ਹਾਜ਼ਰ ਨਾਜ਼ਰ ਨਹੀਂ ਸਮਝਦਾ।

“ਸੋ ਕਹੀਐ ਦੇਵਾਨਾ, ਆਪੁ ਨ ਪਛਾਣਈ” ਉਸ ਨੂੰ ਅਸਲ `ਚ ਪਾਗਲ ਮਨੁੱਖ ਹੀ ਕਹਣਾ ਚਾਹੀਦਾ ਹੈ, ਕਿਉਂਕਿ ਉਹ ਆਪਣੀ ਅਸਲੀਅਤ ਤੇ ਆਪਣੇ ਅਸਲੇ ਨੂੰ ਨਹੀਂ ਪਛਾਣਦਾ।

“ਕਲਹਿ ਬੁਰੀ ਸੰਸਾਰਿ, ਵਾਦੇ ਖਪੀਐ” ਸੰਸਾਰ `ਚ ਵਿਕਾਰਾਂ ਤੋਂ ਪੈਦਾ ਹੋਇਆ ਹਰ ਪਾਸੇ ਕਲਿਹ ਕਲੇਸ਼ ਅਜਿਹੀ ਬਿਖਾਂਧ ਭਾਵ ਗੰਦਗੀ ਹੈ ਜਿਥੋਂ ਕਿ ਵਿਕਾਰਾਂ ਦੀ ਜਕੜ `ਚ ਆਇਆ ਮਨੁੱਖ, ਵਾਧੂ ਦੇ ਵਾਦ ਵਿਵਾਦਾਂ `ਚ ਪਿਆ ਤੇ ਹਰ ਸਮੇਂ ਖਪਦਾ ਹੀ ਰਹਿੰਦਾ ਹੈ।

“ਵਿਣੁ ਨਾਵੈ ਵੇਕਾਰਿ, ਭਰਮੇ ਪਚੀਐ” ਪ੍ਰਭੂ ਦੀ ਸਿਫ਼ਤ ਸਲਾਹ ਭਾਵ ਕਰਤੇ ਦੇ ਨਾਮ ਵਾਲਾ ਜੀਵਨ ਦਾ ਅਸਲ ਮਾਰਗ ਤਿਆਗ ਕੇ, ਕੁਕਰਮਾਂ ਦੀ ਭਟਕਣਾ `ਚ ਪਿਆ, ਖ਼ੁਆਰ ਤੇ ਪ੍ਰੇਸ਼ਾਨ ਰਹਿੰਦਾ ਹੈ।

“ਰਾਹ ਦੋਵੈ, ਇਕੁ ਜਾਣੈ, ਸੋਈ ਸਿਝਸੀ” ਮਨੁੱਖਾ ਜੀਵਨ ਦੇ ਦੋ ਹੀ ਰਸਤੇ ਹਨ। ਇਹ ਹਨ ‘ਮਾਇਆ ਤੇ ਨਾਮ’ ਭਾਵ ਸੰਸਾਰਕ ਜੀਵਨ ਤੇ ਅਧਿਯਾਤਮ ਜੀਵਨ ਦਾ ਸੰਤੁਲਨ ਬਣਾ ਕੇ ਜੀਵਨ ਬਤੀਤ ਕਰਣਾ; ਜੀਵਨ ਰਾਹ ‘ਸ਼ਬਦ ਗੁਰੂ’ ਤੋਂ ਲੈਣਾ ਤੇ ਸੰਸਾਰਕ ਜੀਵਨ `ਚ ਉਸ ਦੀ ਵਰਤੋਂ ਕਰਣੀ। ਇਸ ਤਰ੍ਹਾਂ ਇਸ ਜੀਵਨ `ਚ ਉਹੀ ਸਫ਼ਲ ਹੁੰਦਾ ਹੈ ਜੋ ਸੰਸਾਰ `ਚ ‘ਸੰਸਾਰਕ ਤੇ ਅਧਿਆਤਮਕ ਜੀਵਨ’, ਦੋਨਾਂ ਦਾ ਸੰਤੁਲਣ ਬਣਾ ਕੇ ਵਿਚਰਦਾ ਹੈ।

“ਕੁਫਰਗੋਅ ਕੁਫਰਾਣੈ, ਪਇਆ ਦਝਸੀ” ਨਹੀਂ ਤਾਂ ਝੂਠ ਭਾਵ ਕੁਰਾਹੇ ਪਿਆ ਤੇ ਕੂੜ ਕਰਮਾਂ `ਚ ਗ਼ਲਤਾਨ ਹੋਇਆ, ਹੋਇਆ ਹੀ ਮਨੁੱਖ ਜੀਵਨ ਭਰ ਵਿਕਾਰਾਂ `ਚ ਸੜਦਾ ਰਹਿੰਦਾ ਹੈ।

“ਸਭ ਦੁਨੀਆ ਸੁਬਹਾਨੁ, ਸਚਿ ਸਮਾਈਐ” ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ `ਚ, ਮਨ ਚਿਤ ਕਰਕੇ ਜੁੜਿਆ ਰਹਿੰਦਾ ਹੈ, ਉਸ ਲਈ ਸਾਰਾ ਸੰਸਾਰ ਹੀ ਸੋਹਣਾ ਹੁੰਦਾ ਹੈ ਭਾਵ ਉਸ ਨੂੰ ਸਾਰੇ ਸੰਸਾਰ `ਚ ਹੀ ਕਰਤੇ ਦੀਆਂ ਖੇਡਾਂ ਤੇ ਉਸ ਦੇ ਦਰਸ਼ਨ ਦੀਦਾਰੇ ਹੁੰਦੇ ਹਨ।

“ਸਿਝੈ ਦਰਿ ਦੀਵਾਨਿ, ਆਪੁ ਗਵਾਈਐ” ਅਜਿਹਾ ਮਨੁੱਖ ਅਸਲ `ਚ ਖ਼ੁਦੀ ਨੂੰ ਮਿਟਾ ਕੇ ਸੰਸਾਰ `ਚ ਵਿਚਰਦਾ ਹੈ ਅਤੇ ਪ੍ਰਭੂ ਦੇ ਦਰ `ਤੇ ਵੀ ਕਬੂਲ ਹੁੰਦਾ ਹੈ। ੯।

ਗੁਰਮੱਤ ਵਿਚਾਰ ਦਰਸ਼ਨ- ਸੰਸਾਰ `ਚ ਮਨੁੱਖ ਦੋ ਤਰ੍ਹਾਂ ਵਿਰੋਧੀ ਜੀਵਨ ਜੀਅ ਰਿਹਾ ਹੁੰਦਾ ਹੈ। ਇੱਕ ਹੈ ਸਫ਼ਲ ਜੀਵਨ ਤੇ ਦੂਜਾ ਹੈ ਅਸਫ਼ਲ ਜੀਵਨ। ਇੱਕ ਤਾਂ ਉਹ ਮਨਮੁਖ ਹੁੰਦੇ ਹਨ, ਬਲਕਿ ਇਹ ਵੀ ਸਮਝਦੇ ਹਨ ਕਿ ਉਹ ਜਦੋਂ ਦੂਜਿਆਂ ਤੋਂ ਛੁਪ ਕੇ ਕੁਕਰਮ ਕਰਦੇ ਹਨ ਤਾ ਉਨ੍ਹਾਂ ਦੇ ਕੁਕਰਮਾਂ ਬਾਰੇ ਕੋਈ ਨਹੀਂ ਜਾਣਦਾ। ਅਸਲ `ਚ ਉਹ ਜੀਵਨ ਦੀ ਸਚਾਈ ਤੋਂ ਅਨਜਾਣ ਹੁੰਦੇ ਹਨ। ਦਰਅਸਲ ਉਨ੍ਹਾਂ ਨੂੰ ਜ਼ਰੇ ਜ਼ਰੇ `ਚ ਵੱਸ ਰਹੇ ਕਰਤੇ ਬਾਰੇ ਸੋਝੀ ਨਹੀਂ ਹੁੰਦੀ। ੳੇੁਹ ਇਹ ਵੀ ਨਹੀਂ ਜਾਣਦੇ ਕਿ ਕਰਤਾ ਤਾਂ ਉਨ੍ਹਾਂ ਦੇ ਅੰਦਰ ਬੈਠਾ ਸਭਕੁਝ ਜਾਣਦਾ ਹੈ ਅਤੇ ਉਹ ਉਸ ਕਰਤੇ ਪ੍ਰਭੂ ਕੋਲੋਂ ਕੁੱਝ ਵੀ ਨਹੀਂ ਛੁਪਾ ਸਕਦੇ।

ਉਨ੍ਹਾਂ ਦੇ ਆਪਣੇ ਕੁਕਰਮਾ ਦਾ ਹੀ ਨਤੀਜਾ ਹੁੰਦਾ ਹੈ ਕਿ ਉਹ ਹਰ ਸਮੇਂ ਵਿਕਾਰੀ ਤਬੀਅਤ ਬਣੇ ਰਹਿੰਦੇ ਹਨ। ਉਨ੍ਹਾਂ ਦਾ ਜੀਵਨ ਕਲਿਹ ਕਲੇਸ਼ਾਂ ਨਾਲ ਭਰਿਆ ਰਹਿੰਦਾ ਹੈ। ਹਰ ਸਮੇੰ ਭਟਕਣਾ `ਚ ਪਏ ਅਤੇ ਖਪਦੇ ਰਹਿੰਦੇ ਹਨ ਪਰ ਸਮਝ ਨਹੀਂ ਪਾਂਦੇ ਕਿ ਉਨ੍ਹਾਂ ਦੇ ਜੀਵਨ `ਚ ਅਜਿਹਾ ਉਖਾੜ ਕਿਉਂ ਹੈ ਤੇ ਇਸ ਦਾ ਹੱਲ ਕੀ ਹੈ। ਜਿਤਨਾ ਇਸ ਚੋਂ ਨਿਕਲਣ ਲਈ ਹੱਥ ਪੈਰ ਮਾਰਦੇ ਹਨ, ਹੋਰ ਤੇ ਹੋਰ ਉਲਝਦੇ ਜਾਂਦੇ ਹਨ। ਇਸ ਤਰ੍ਹਾਂ ਜੀਵਨ ਭਰ ਵਿਕਾਰਾਂ ਦੀ ਅੱਗ `ਚ ਹੀ ਸੜਦੇ ਹਨ।

ਦੂਜੇ ਗੁਰਮੁਖ ਜਨ ਸੰਸਾਰਕ ਜੀਵਨ ਤੇ ਅਧਿਆਤਮਵਾਦ ਨੂੰ ਸੰਤੁਲਿਤ ਕਰਕੇ ਚਲਾਂਦੇ ਹਨ। ਭਾਵ ਸ਼ਬਦ ਗੁਰੂ ਤੋਂ ਜੀਵਨ ਦਾ ਰਸਤਾ ਲੈਂਦੇ ਹਨ ਤੇ ਉਸਦੀ ਕਮਾਈ ਸੰਸਾਰਕ ਜੀਵਨ `ਚ ਕਰਦੇ ਹਨ। ਦਰਅਸਲ ਅਜਿਹੇ ਜੀਊੜਿਆਂ ਨੂੰ ਸਾਰੇ ਸੰਸਾਰ `ਚੋਂ ਕਰਤੇ ਦੇ ਦਰਸ਼ਨ ਹੁੰਦੇ ਹਨ। ਉਨ੍ਹਾਂ ਨੁੰ ਸਾਰਾ ਸੰਸਾਰ ਤੇ ਸੰਸਾਰ `ਚ ਕਰਤੇ ਦੀ ਲੀਲ੍ਹਾ ਸੁਹਾਵਣੀ ਲਗਦੀ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਉਨ੍ਹਾਂ ਦਾ ਇਹ ਲੋਕ ਵੀ ਸੁਹਾਵਨਾ ਹੁੰਦਾ ਹੈ ਪ੍ਰਲੋਕ ਵੀ। ਇਸ ਤਰ੍ਹਾਂ ਉਹ ਕਰਤੇ ਦੇ ਦਰ `ਤੇ ਵੀ ਕਬੂਲ ਹੋ ਜਾਂਦੇ ਹਨ; ਭਾਵ ਸਰੀਰਕ ਮੌਤ ਬਾਅਦ, ਮੁੜ ਜਨਮਾਂ ਦੇ ਗੇੜ `ਚ ਨਹੀਂ ਆਉਂਦੇ। ਜੀਊਂਦੇ ਜੀਅ ਵੀ ਕਰਤੇ `ਚ ਅਭੇਦ ਹੋ ਕੇ ਜੀਂਦੇ ਤੇ ਜੀਵਨ ਅੰਦਰੋਂ ਇਲਾਹੀ ਗੁਣਾਂ ਦਾ ਆਨੰਦ ਮਾਣਦੇ ਹਨ ਤੇ ਸਰੀਰ ਤਿਆਗਣ ਬਾਅਦ ਵੀ ਕਰਤੇ `ਚ ਹੀ ਸਮਾ ਜਾਂਦੇ ਹਨ।

ਪਉੜੀ ਅਤੇ ਸਲੋਕਾਂ ਦੀ ਆਪਸੀ ਸਾਂਝ- ਜਿਵੇਂ ਕਿ ਪਉੜੀ `ਚ ਗੁਰਦੇਵ ਨੇ ਸਫ਼ਲ ਤੇ ਅਸਫ਼ਲ ਜੀਵਨ ਨੂੰ ਨਿਖੇੜਿਆ ਤੇ ਖੋਲਿਆ ਹੈ। ਠੀਕ ਉਸੇ ਤਰ੍ਹਾਂ ਪਉੜੀ ਨਾਲ ਜੋੜੇ ਚਾਰਾਂ ਸਲੋਕਾਂ `ਚ ਸਫ਼ਲ ਜੀਵਨ ਦੇ ਪ੍ਰਾਪਤੀ ਵਾਲੇ ਮਾਰਗ ਨੂੰ ਹੀ ਦਰਸਾਇਆ ਹੈ। ਚਾਰਾਂ ਸਲੋਕਾਂ `ਚ ਵਿਸ਼ਾ ਇਕੋ ਹੀ ਹੈ ਤੇ ਉਹ ਹੈ “ਭੀ ਤੂੰ ਹੈ ਸਾਲਾਹਣਾ ਆਖਣ ਲਹੈ ਨ ਚਾਉ”।

ਇਸ ਤਰ੍ਹਾਂ ਵਾਰੀ ਵਾਰੀ ਚਾਰਾਂ ਸਲੋਕਾਂ `ਚ ਦ੍ਰਿੜ ਕਰਵਾਇਆ ਹੈ ਜੇਕਰ ਆਪਣੀ ਮਿਹਰ ਕਰਕੇ ਜੀਵ ਨੂੰ ਮਨੁੱਖਾ ਜਨਮ ਅਤੇ ਪ੍ਰਾਪਤ ਉਸ ਮਨੁੱਖਾ ਜਨਮ ਸਮੇਂ ਉਸ ਨੂੰ (੧) ਇਤਨੇ ਵਧ ਪਦਾਰਥ ਸੁਖ ਸਹੂਲਤਾਂ ਤੇ ਸੰਸਾਰਕ ਮਾਲ ਧਨ ਬਖ਼ਸ਼ ਦੇਵੇ (੨) ਜੇਕਰ ਕਰਤਾ ਉਸ ਨੂੰ ਸੰਸਾਰਕ ਰਸਾਂ ਦੇ ਨਾਲ ਨਾਲ, ਕਦੇ ਨਾ ਖ਼ਤਮ ਹੋਣ ਵਾਲਾ ਸਰੀਰ ਤੇ ਸਾਰੀ ਰਚਨਾ ਨੂੰ ਉਸ ਦੇ ਲਈ ਵਸੇਵਾਂ ਤੇ ਸੈਰਗਾਹ ਬਣਾ ਦੇਵੇ ਸ ਜੇ ਕਰ ਇਸ ਸਾਰੇ ਦੇ ਉਲਟ ਉਸ ਦੇ ਸਰੀਰ ਨੂੰ ਸ਼ੰਸਾਰ ਤਲ ਦੇ ਵੱਡੇ ਤੋਂ ਵੱਡੇ ਦੁਖ ਦੇ ਦੇਵੇ ਜਿਹੜੇ ਕਿ ਕਿਸੇ ਵੀ ਸਰੀਰ ਦੀ ਸਹਿਣ ਸ਼ਕਤੀ ਤੋਂ ਵੀ ਬਾਹਰ ਹੋਣ। (੪) ਫ਼ਿਰ ਇਹੀ ਕਿ ਵੱਡੇ ਤੋਂ ਵੱਡੇ ਸੁਖ ਅਥਵਾ ਦੁਖ ਹੀ ਨਹੀਂ ਬਲਕਿ ਉਸ ਦੇ ਸਰੀਰ ਨੂੰ ਇਤਨਾ ਸਮ੍ਰਥ ਬਣਾ ਦੇਵੇ ਕਿ ਸੂਰਜ ਦੀ ਅੱਗ ਤੇ ਚੰਦ ਦੀ ਅਸੀਮ ਠੰਡਕ ਵੀ ਉਸ ਦੇ ਨਿਵਸਤ੍ਰ ਸਰੀਰ ਤੱਕ ਨੂੰ ਨੁਕਸਾਨ ਪਹੁੰਚਾਉਣ `ਚ ਅਸਮ੍ਰਥ ਹੋ ਜਾਵੇ। ਭਾਵ ਸੰਸਾਰ ਤਲ ਦਾ ਯੋਗ ਮੱਤ ਤੇ ਉਸ ਦੀਆਂ ਰਿਧੀਆਂ ਸਿਧੀਆਂ ਵੀ ਉਸ ਸਾਹਮਣੇ ਸ਼ਰਮਸਾਰ ਹੋ ਜਾਣ। ਫ਼ਿਰ ਇਤਨਾ ਹੀ ਨਹੀਂ ਬਲਕਿ ਸੰਸਾਰ ਦੇ ਵੱਡੇ ਤੋਂ ਵੱਡੇ ਰੰਗ ਤਮਾਸ਼ੇ ਤੇ ਖਿੱਚਾਂ ਵੀ ਉਸ ਨੂੰ ਕਰਤੇ ਵੱਲੋ ਆਪ ਮੁਹਾਰੇ ਪ੍ਰਾਪਤ ਰੰਗ ਤਮਾਸ਼ਿਆਂ ਖਿਚਾਂ ਸਾਹਮਣੇ ਫਿਕੇ ਹੋਣ।

ਤਾਂ ਵੀ ਮਨੁਖ ਵੱਲੋਂ ਕਰਤੇ ਦੇ ਚਰਨਾਂ `ਚ ਸਦਾ ਇਕੋ ਹੀ ਅਰਦਾਸ ਹੋਵੇ ਕਿ ਅਮੋਲਕ ਤੇ ਦੁਰਲਭ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਨ ਤੋਂ ਬਾਅਦ, ਕਰਤਾ ਸੰਸਾਰ `ਚ ਵਿਚਰਦੇ ਇਸ ਜੀਵ ਕੋਲੋਂ, ਆਪਣੀ ਸਿਫ਼ਤ ਸਲਾਹ ਵਾਲਾ ਰਾਹ ਨਾ ਖੋਵੇ। ਜੀਵ ਕੋਲੌ, ਆਪਣੀ ਸਿਫ਼ਤ ਸਲਾਹ ਵਾਲੀ ਦਾਤ ਵਾਪਿਸ ਨਾ ਲੈ ਲਵੇ।

“ਸਭ ਦੁਨੀਆ ਸੁਬਹਾਨੁ, ਸਚਿ ਸਮਾਈਐ” ਅਨੁਸਾਰ ਸੰਸਾਰ ਦੇ ਹਰੇਕ ਰੰਗ `ਚ ਉਸ ਨੂੰ ਕਰਤੇ ਦੀ ਲੀਲ੍ਹਾ ਤੇ ਖੇਡਾਂ ਦੇ ਹੀ ਦਰਸ਼ਨ ਹੋਣ। ਮਨੁੱਖਾ ਸਰੀਰ ਦੀ ਚਾਰ ਦਿਵਾਰੀ `ਚ ਰਹਿੰਦਾ ਹੋਇਆ ਵੀ ਜੀਵ ਸੁਆਸ ਸੁਆਸ ਕਰਤੇ ਦੀ ਵਡਿਆਈਆਂ ਨਾਲ ਹੀ ਜੁੜਿਆ ਰਵੇ। ਉਸ ਦੇ ਮਨ ਅੰਦਰੋਂ ਸਾਰੀਆਂ ਦਾਤਾਂ ਤੇ ਦੁਖ ਸੁਖ ਦੇਣ ਵਾਲੇ ਦਾਤੇ ਨਾਲੋਂ ਕਦੇ ਪਲ ਭਰ ਦਾ ਵੀ ਵਿਛੋੜਾ ਨਾ ਹੋਵੇ। (ਚਲਦਾ) #15 MkV.GVDs15.9.04.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” being loaded in instalments. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.