.

ਬ੍ਰਾਹਮਣੀ ਮਾਇਆ ਜਾਲ ਦੇ ਦੁਖਦਾਈ ਰੰਗ ਨੇ ਰੂਪ ਵਟਾਇਆ-

ਸਿੱਖਾਂ ਨੂੰ ਬ੍ਰਾਹਮਣੀ ਭੋਜਨ? ਦਰਬਾਰ ਸਾਹਿਬ ਦੀ ਪੂਜਾ ਦੀ ਓਟ ਵਿੱਚ ਸੀਤਲਾ ਦੇਵੀ ਦੀ ਪੂਜਾ?

ਜੋਦੋਂ ਸਾਹਿਬਜ਼ਾਦਾ ਜੀ ਤਿੰਨ ਸਾਲ ਦੇ ਹੋ ਗਏ ਤਾਂ ਮਾਤਾ ਜੀ ਨੇ ਸਤਿਗੁਰੂ ਜੀ ਦੀ ਸੇਵਾ ਵਿੱਚ (ਜੇ ਬ੍ਰਾਹਮਣਾ ਨੂੰ ਨਹੀਂ ਤਾਂ) ਸਿੱਖਾਂ ਨੂੰ ਹੀ ਪ੍ਰਸ਼ਾਦਾ ਛਕਾਉਣ ਦਾ ਸੁਝਾ ਰਖਿਆ:-

ਤੀਨਿ ਬਰਸ ਕਾ ਸੁਤ ਜਬ ਚੀਨੋ। ਮਾਤ ਗੰਗ ਅਸ ਉਦਮ ਕੀਨੋ।

ਗੁਰ ਅਰਜਨ ਕੋ ਕਹਾ ਸੁਨਾਈ। ਸਿਖਨ ਕੋ ਪਰਸ਼ਾਦ ਕਰਾਈ॥ 111॥

ਸ੍ਰੀ ਗੁਰ ਕਹਾ ਦੇਰ ਨਹਿ ਲਾਵੋ। ਭੋਜ ਦਰਬ ਬਹੁ ਵਸਤੁ ਮੰਗਾਵੋ।

ਤਬੈ ਮਾਤਾ ਸਭ ਵਸਤੁ ਮੰਗਾਈ। ਦੀਨ ਕੜ੍ਹਾਹੇ ਅਨਿਕ ਚੜ੍ਹਾਈ। 112.

ਗ਼ਰੀਬਾਂ ਲੋੜਵੰਦ ਭੁਖਿਆਂ ਲਈ ਲੰਗਰ ਦੀ ਪਰੰਪਰਾ ਸਤਿਗੁਰੂ ਨਾਨਕ ਸਾਹਿਬ ਜੀ ਦੇ ਕਰਤਾਰ ਪੁਰ ਨਿਵਾਸ ਸਮੇ ਤੋਂ ਹੀ ਅਰੰਭ ਹੋ ਗਈ ਹੋਈ ਸੀ। ਸਰਬ ਸਾਂਝੇ ਲੰਗਰ ਦੀ ਪਰੰਮਰਾ ਤੇ ਪ੍ਰਸੰਨ ਹੋ ਕੇ ਹੀ ਦਿੱਲੀ ਦੇ ਸਮਰਾਟ ਅਕਬਰ ਨੇ ਬੀੜ ਵਾਲੀ ਜ਼ਮੀਨ ਦਾ ਪਟਾ ਲਿਖ ਦਿੱਤਾ ਸੀ। ਕਥਿਤ ਤੌਰ ਤੇ ਗੁਰੁ ਹਰਿਗੋਬਿੰਦ ਜੀ ਦੇ ਆਗਮਨ ਦਾ ਵਰ ਦੇਣ ਵਾਲੇ ਬਾਬਾ ਬੁੱਢਾ ਜੀ ਉਸੇ ਧਰਤੀ ਦੇ ਪਰਬੰਧਕ ਸਨ। ਸੋ ਸਰਬ ਸਾਂਝੇ ਲੰਗਰ ਦੀ ਗੱਲ ਛੱਡ ਕੇ ਕੇਵਲ ਸਿੱਖਾਂ ਨੂੰ ਪ੍ਰਸ਼ਾਦੇ ਛਕਾਉਣ ਲਈ ਪਕਵਾਨਾ ਲਈ ਅਨੇਕਾਂ ਕੜਾਹੇ ਚੜ੍ਹਾ ਦੇਣ ਵਾਲਾ ਦਾ ਉਚੇਚਾ ਪ੍ਰਬੰਧ? ਸਾਰਾ ਕੁੱਝ ਗੁਰਮਤਿ ਦੇ ਵਿਰੁੱਧ। ਬ੍ਰਾਹਮਣਵਾਦ ਨੂੰ ਸੁਰਜੀਤ ਕਰਾਈ ਰੱਖਣ ਦੀ ਕੁਟਲਾਤਾ? ਕਿਸੇ ਭਰਮ ਦੇ ਅਧੀਂਨ ਅਥਵਾ ਪੁੰਨ ਕਰਮ ਜਾਣਕੇ ਕਿਸੇ ਨੂੰ ਉਚੇਚਾ ਪ੍ਰਸ਼ਾਦਾ ਛਕਉਣਾ ਗੁਰਮਤਿ ਨਹੀ ਸਗੋਂ ਬ੍ਰਾਹਮਣੀ ਮਾਇਆ ਜਾਲ ਹੈ।

ਅਨਗਿਣਤ ਭਾਂਤਾਂ ਦੇ ਪਕਵਾਨ ਤਿਆਰ ਕੀਤੇ ਜਾਣ ਦਾ ਜ਼ਿਕਰ-ਮਨ ਬਾਂਛਤ ਭੋਜਨ ਦੀਯੋ ਗਨਨਾ ਗਨੀ ਨ ਜਾਇ॥ 115॥ ਪਰਸ਼ਾਦ ਪਾਣੀ ਛਕ ਕੇ ਸਿੱਖਾਂ ਨੇ ਰਲ ਕੇ ਸਾਹਿਬਜ਼ਾਦਾ ਜੀ ਦੀ ਲੰਮੀ ਉਮਰ ਲਈ ਅਰਦਾਸ ਕੀਤੀ। ਅਤੇ ਸਿੱਖ-ਭੋਜਨ ਲੈ ਨਿਜ ਧਾਮ ਸਿਧਾਨੇ-ਨਿਰਾ ਰੱਜ ਕੇ ਖਾਧਾ ਹੀ ਨਹੀਂ ਸਗੋਂ ਬ੍ਰਾਹਮਣੀ ਰਿਵਾਜ ਵਾਂਗ ਭੋਜਨ ਘਰਾਂ ਨੂੰ ਵੀ ਸਿੱਖ ਲੈ ਗਏ। ਕਈ ਪ੍ਰਕਾਰ ਦੇ ਸਵਾਦਿਸ਼ਟ ਪਕਵਾਨ ਵੀ ਨਿਰੇ ਨਹੀਂ ਸਨ ਬਣੇ ਸਗੋਂ, ਵਡਾ ਵਾਧਾ ਇਹ ਵੀ ਸੀ, ਕਿ- “ਬਹੁਤ ਨਫੀਰੀ ਤੂਤੀਆਂ ਬਾਜੇ ਬਜਤ ਅਪਾਰ। {120} ਭੇਅੰਤ ਵਾਜੇ, ਤੂਤੀਆਂ, ਡੱਫਾਂ, ਕਈ ਸ਼ਹਿਨਾਈਆਂ ਵਜਾਈਆਂ ਗਈਆਂ ਲੋਕ ਵਿਖਾਵੇ ਦਾ ਪੂਰਾ ਗੁਰਮਤਿ ਵਿਰੋਧੀ ਪ੍ਰਬੰਧ। ਵੇਰਵਾ ਇਸ ਪ੍ਰਕਾਰ ਹੈ:--

(1) ਦਾਲ ਫੁਲਕੇ ਵਾਲਾ ਸਾਦਾ, ਜ਼ਾਤ ਪਾਤ ਦੇ ਭਿੰਨ ਭੇਤ ਤੋਂ ਬਿਨਾ, ਸਰਬਸਾਂਝਾ ਅਤੁੱਟ ਗੁਰੂ ਲੰਗਰ ਵਰਦਾ ਹੋਣ ਵਾਲੀ ਗੁਰਮਤਿ ਮਰਯਾਦਾ ਦੇ ਥਾਂ, ਸ਼ਾਹੀ ਠਾਠ ਨਾਲ ਤਿਆਰ ਕੀਤਾ, ਵਡੇ ਧੰਨਵਾਨਾ ਵਾਲਾ ਬ੍ਰ੍ਹਮ ਭੋਜ? ਵਿਖਾਵੇ ਵਾਲੇ ਅਡੰਬਰਾਂ ਨੂੰ ਤਿਆਗ ਕੇ ਸਾਦਾ ਜੀਵਨ ਜੁਗਤ ਦਾ ਰਾਹ ਦਰਸਾ ਰਹੇ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰੋਂ ਇਹ ਉਪਦੇਸ਼ ਮਿਲ ਰਿਹਾ ਹੈ:-

12- ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ॥ ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ॥ 27॥ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥ ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ॥ 28॥ ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥ 29॥ {1379}

ਉਸ ਸਤਿਗੁਰੂ ਜੀ ਦੇ ਘਰ ਵਾਜਿਆਂ ਗਾਜਿਆਂ ਨਾਲ ਅਹੰਕਾਰ ਦੀ ਪ੍ਰਦਰਸ਼ਨੀ-ਰੂਪ ਰੰਗਾ ਰੰਗ ਸੁਆਦਾਂ ਵਾਲਾ ਸ਼ਾਹੀ ਭੋਜ? ਸਾਦਗੀ ਦੇ ਜੀਵਨ ਦੇ ਥਾਂ ਮਿੱਠੇ ਪਕਵਾਨ ਖਾਣ ਦੇ ਸੁਆਦ ਤੋਂ ਗੁਰੂ ਫ਼ੁਰਮਾਨ-ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ॥” ਉਹੀ ਕੁੱਝ ਸਤਿਗੁਰੂ ਜੀ ਦੇ ਆਪਣੇ ਘਰ? ਗੁਰਮਤਿ ਵਿਰੋਧੀ ਰਸਮਾ, ਸਤਿਗੁਰੂ ਜੀ ਦੇ ਪਾਵਨ ਨਾਮਣੇ ਨਾਲ ਜੋੜ ਕੇ ਹੁਸ਼ਿਆ ਲਿਖਾਰੀ ਗੁਰਸਿੱਖਾਂ ਨੂੰ ਬ੍ਰਾਹਮਣੀ ਰੀਤਾਂ ਦਾ ਧਾਰਨੀ ਬਣਾ ਰਿਹਾ ਹੈ। ਪੰਚਮ ਪਾਤਸ਼ਾਹ ਜੀ ਦਾ ਬਹੁਪੱਖੀ ਗਿਆਨ ਦਾ ਭੰਡਾਰ ਫ਼ੁਰਮਾਨ:--

13- ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ॥ ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ॥ ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ॥ 1॥ ਮੇਰੇ ਮਨ ਸਤਗੁਰ ਕੀ ਸੇਵਾ ਲਾਗੁ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ॥ 1॥ ਰਹਾਉ॥ ਜਿਉ ਕੂਕਰੁ ਹਰਕਾਇਆਧਾਵੈ ਦਹ ਦਿਸ ਜਾਇ॥ ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥ ਕਾਮ ਕ੍ਰੋਧ ਮਦਿ ਬਿਆਪਿਆਫਿਰਿ ਫਿਰਿ ਜੋਨੀ ਪਾਇ॥ 2॥ ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ॥ ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ॥ ਜਿਨਿ ਕੀਤਾ ਤਿਸਹਿ ਨ ਜਾਣਈ ਫਿਰਿ ਫਿਰਿ ਆਵੈ ਜਾਇ॥ 3॥ {ਸ੍ਰੀ ਮ: 5-ਪੰਨਾ 50} -21-91

ਅਰਥ:-ਹੇ ਮੇਰੇ ਮਨ! ਗੁਰੂ ਦੀ (ਦੱਸੀ ਹੋਈ) ਸੇਵਾ ਵਿੱਚ ਰੁੱਝਾ ਰਹੁ। (ਹਾ ਭਾਈ) ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇ ਤੇ

(ਦੁਨੀਆ ਦੇ ਪਦਾਰਥਾਂ ਦਾ ਮੋਹ ਤਿਆਗ ਕਿਉਂਕਿ) ਜੋ ਕੁੱਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ। (ਸਤਿਗੁਰੂ ਜੀ ਦਾ ਸਪੱਸ਼ਟ ਫ਼ੁਰਮਾਨ ਹੈ ਕਿ ਧਰਮ ਮੰਦਰਾਂ ਦੇ ਕੰਧਾ ਕੋਠੇ ਵੀ ਅਬਿਨਾਸ਼ੀ ਨਹੀਂ ਹਨ। ਇਹ ਵੀ ਸਮੇ ਗੇੜ ਨਾਲ ਰੂਪ ਵਟਾਉਂਦੇ ਆਏ ਹਨ। ਇਹ ਵੀ ਨਾਸਵੰਤ ਪਦਰਾਰਥ ਹੀ ਹਨ, ਇਨ੍ਹਾਂ ਦੀ ਪੂਜਾ ਵੀ ਮਨਮਤਿ ਹੈ)। 1. ਰਹਾਉ।

ਜੀਵ ਦੁਨੀਆ ਦੇ ਪਦਾਰਥਾਂ ਨੂੰ ਸੁਆਦਲੇ ਜਾਣ ਕੇ ਖਾਂਦਾ (ਖੁਲਾਉਂਦਾ) ਵਰਤਦਾ ਹੈ, ਪਰ ਇਨ੍ਹਾਂ ਭੋਗਾਂ ਦਾ ਸੁਆਦ (ਅੰਤ ਵਿਚ) ਕੌੜਾ (ਦੁਖਦਾਈ) ਸਾਬਤ ਹੁੰਦਾ ਹੈ (ਵਿਕਾਰ ਤੇ ਰੋਗ ਪੈਦਾ ਹੁੰਦੇ ਹਨ)। ਮਨੁੱਖ (ਜਗਤ ਵਿਚ) ਭਰਾ ਮਿੱਤਰ ਦੋਸਤ (ਆਦਿਕ) ਬਣਾਉਂਦਾ ਹੈ ਤੇ (ਇਸ ਤਰ੍ਹਾਂ ਇਹ) ਮਾਇਆ ਦਾ ਹੀ ਝਗੜਾ ਖੜਾ ਕਰ ਰਿਹਾ ਹੁੰਦਾ ਹੈ। ਪਰ ਅਸਚਰਜ ਗੱਲ ਇਹ ਹੈ ਕਿ ਪਰਮਾਤਮਾ ਦੇ ਨਾਮ ਤੋ ਬਿਨਾ ਕਿਸੇ ਵੀ ਸ਼ੈ ਨੂੰ ਨਾਸ ਹੁੰਦਿਆ ਚਿਰ ਨਹੀਂ ਲੱਗਦਾ (ਤੇ ਮਨੁੱਖ ਫ਼ਿਰ ਵੀ ਪ੍ਰਭੂ-ਨਾਮ ਦੇ ਥਾਂ, ਧਰਮ ਅਸਥਾਨਾ ਦੇ ਕੰਧਾਂ ਕੋਠਿਆਂ ਆਦਿ, ਦ੍ਰਿਸ਼ਟਮਾਨ-ਨਾਸਵੰਤ ਪਦਾਰਥਾਂ ਦੇ ਮੋਹ ਵਿੱਚ ਹੀ ਫਸਿਆ ਚੋਟਾਂ ਖਾਂਦਾ ਰਹਿਣ ਵਿੱਚ ਆਪਣੀ ਕਲਿਆਣ ਮੰਨੀ ਬੈਠਾ ਹੈ)। 1. ਜਿਵੇਂ ਹਲਕਾਇਆ ਕੁੱਤਾ ਹਰ ਪਾਸੇ ਭੱਜਾ ਫਿਰਦਾ ਹੈ, ਤਿਵੇਂ ਲੋਭੀ ਜੀਵ ਨੂੰ ਵੀ ਕੁੱਝ ਨਹੀਂ ਸੁੱਝਦਾ, ਚੰਗੀ ਮੰਦੀ ਹਰੇਕ ਚੀਜ਼ ਖਾ ਲੈਂਦਾ ਹੈ (ਮੋਹ ਪਾ ਬੇਠਦਾ ਹੈ)। ਕਾਮ ਕ੍ਰੋਧ ਦੇ ਨਸ਼ੇ ਵਿੱਚ ਫਸਿਆ ਮਨੁੱਖ ਮੁੜ ਮੁੜ ਜੂਨਾਂ ਵਿੱਚ ਪੈਂਦਾ ਹੈ। 2. ਮਾਇਆ ਨੇ ਵਿਸ਼ਿਆਂ ਦੇ ਚੋਗ਼ੇ ਵਾਲਾ ਜਾਲ ਖਿਲਾਰਿਆ ਹੋਇਆ ਹੈ, ਮਾਇਆ ਦੀ ਤ੍ਰਿਸ਼ਨਾਂ ਨੇ ਜੀਵ- ਪੰਖੀ ਨੂੰ (ਉਸ ਜਾਲ ਵਿਚ) ਫਸਾਇਆ ਹੋਇਆ ਹੈ। (ਜੀਵ ਉਸ ਜਾਲ ਵਿਚੋਂ) ਖ਼ਲਾਸੀ ਪ੍ਰਾਪਤ ਨਹੀਂ ਕਰ ਸਕਦਾ, (ਕਿਉਂਕਿ) ਜਿਸ ਕਰਤਾਰ ਨੇ (ਇਹ ਸਭ ਕੁਝ) ਪੈਦਾ ਕੀਤਾ ਹੈ ਉਸ ਨਾਲ ਇਹ ਜੀਵ ਸਾਂਝ ਨਹੀਂ ਪਾਉਂਦਾ, ਜਿਸ ਕਾਰਨ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ। 3. ਇਸ ਮਾਇਆ ਨੇ

ਅਕਾਲਪੁਰਖ ਦੇ ਥਾਂ ਕਦੇ ਕੰਧਾ ਕੋਠਿਆਂ ਦੀ ਪੂਜਾ ਅਤੇ, ਕਦੇ ਸਾਦਗੀ ਤਿਆਗ ਕੇ ਕਈ ਤਰ੍ਹਾਂ ਦੇ ਸੁਆਦਿਸ਼ਟ ਭੋਜਨ ਖੁਆਲਣ-ਰੂਪ ਪੂਜਾ ਦੇ ਬਦਲੇ ਮੁੱਨੁਖਾਂ ਤੋਂ ਅਸੀਸਾਂ ਲਈਆਂ ਜਾਂਦੀਆਂ, ਗੁਰਮਤਿ ਤੋਂ ਸਭ ਕੁੱਝ ਉਲਟ ਵਿਹਾਰ ਹੁੰਦਾ ਦਰਸਾ ਕੇ ਸਿੱਖੀ ਵਿੱਚ ਬ੍ਰਾਹਮਣਵਾਦ ਵਾੜਿਆ ਜਾਣ ਦੀ ਕੁਟਲਤਾ? ਮੁੜ ਮੁੜ ਸਤਿਗੁਰੂ ਜੀ ਨੂੰ ਆਪਣੇ ਬਚਨਾ ਤੋ ਖਿਸਕੇ ਹੋਏ ਦਰਸਾ ਕੇ ਸਾਨੂੰ ਭਰਮੀ ਬਾਣਾਉਣ ਲਈ ਲਿਖਾਰੀ ਪੂਰਾ ਜ਼ੋਰ ਲਾਈ ਤੁਰਿਆ ਜਾ ਰਿਹਾ ਹੈ।

ਸੀਤਲਾ ਅਥਵਾ ਮਾਤਾ ਰੋਗ

ਸਾਹਿਬਜ਼ਾਦਾ ਜੀ, (ਲਿਖਾਰੀ ਦੇ ਚਤੁਰਭੁਜੀ-ਰੱਬ ਜੀ, ਜਦ ਪੰਜ ਸਾਲ ਦੇ ਹੋਏ ਤਾਂ ਉਨ੍ਹਾਂ ਨੂੰ ਸੀਤਲਾ (ਮਾਤਾ) ਨਿਕਲ ਆਈ। ਅਖੀਆਂ ਵੀ ਢੱਕੀਆਂ ਗਈਆਂ ਤਾਂ-ਬਹੁਤ ਖੇਦ ਬਾਲਿਕ ਤਨ ਲਏ॥ 129॥ ਬਾਲਕ ਨੇ ਬਹੁਤ ਦੁਖ ਪਾਇਆ। ਹਰ ਥਾਂ ‘ਕ੍ਰਿਪਾ ਸਿੰਧ ਲਿਖਣ ਵਾਲੇ ਲਿਖਾਰੀ ਦਾ ਏਥੇ ਸਾਹਿਬਜ਼ਾਦਾ ਜੀ ਨੂੰ ਬਾਲਕ ਲਿਖਣ ਵਿੱਚ ਕੋਈ ਖ਼ਾਸ ਭੇਤ ਤਾਂ ਨਹੀਂ? ਪੰਜੀਂ ਦਿਨੀ ਜਦ ਮਾਤਾ ਰਾਣੀ ਨੇ ਮੋੜਾ ਖਾ ਲਿਆ ਤਾਂ-

“ਕੜਾਹ ਪ੍ਰਸ਼ਾਦੁ ਪ੍ਰਭ ਕੀਯੋ ਬਿਅੰਤਾ। ਗੁਰੂ ਗ੍ਰੰਥ ਕੀ ਭੇਟ ਅਨੰਤਾ।

ਜਰੀ ਰਮਾਲ ਬਹੁਤ ਬਨਾਈ। ਸ੍ਰੀ ਦਰਬਾਰ ਕੈ ਊਪਰਿ ਪਾਏ॥ 131॥

ਪ੍ਰਭੂ ਜੀ ਨੇ ਬਹੁਤ ਸਾਰਾ ਕੜਾਹ ਪ੍ਰਸ਼ਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੇਟਾ ਜਾ ਕੀਤਾ॥ ਅਤੇ ਸੁਨਹਿਰੀ ਜੜਤ ਵਾਲੇ ਬਹੁਤ ਸਾਰੇ ਰੁਮਾਲੇ (ਸ੍ਰੀ) ਦਰਬਾਰ ਸਾਹਿਬ ਦੇ ਉੱਪਰ ਜਾ ਪਾਏ।

ਸਾਹਿਬਜ਼ਾਦਾ ਜੀ ਨੂੰ ‘ਗੁਰੂ ਨਿਰੰਕਾਰੀ ‘.’ਗੁਰੂ ਗਰੀਬ ਨਿਵਾਜ਼ ‘ “ਬਾਲ ਮੁਰਾਰੀ “ਅਦਿ ਤੋਂ ‘ਬਾਲਕ’ ਕਈ ਪੈਂਤੜੇ ਬਦਲ ਰਿਹਾ ਲਿਖਾਰੀ ਕੀ ਇਹ ਭੁੱਲ ਗਿਆ ਕਿ, ਸਾਹਿਬਜ਼ਾਦਾ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹਾੜ ਸੰਮਤ 1652 ਵਿੱਚ ਹੋਇਆ ਸੀ, ਜਦ ਕਿ ਲਿਖਾਰੀ ਦੇ ਹੀ ਲਿਖਣ ਅਨੁਸਾਰ ਸੀਤਲਾ ਪੰਜ ਸਾਲ ਦੀ ਉਮਰੇ ਭਾਵ ਸੰਮਤ 1657 ਵਿੱਚ ਨਿਕਲੀ ਸੀ। ਪਰ (ਮਹਾਨ ਕੋਸ਼ ਦੇ 436 ਸਫ਼ੇ ਅਨੁਸਾਰ) ਸਤਿਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਇਕੱਤਰ ਕਰਕੇ 1660 ਵਿੱਚ ਰਾਮਸਰ ਦੇ ਕੰਢੇ ਭਾਈ ਗੁਰਦਾਸ ਜੀ ਕੋਲੋਂ ਲਿਖਵਾਉਂਣੀ ਅਰੰਭ ਕਰਵਾਈ ਸੀ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਭਾਦੋਂ ਸੁਦੀ 1 ਸੰਮਤ 1661 ਨੂੰ (ਭਾਵ, ਸ਼ਾਹਿਜ਼ਾਦਾ ਜੀ ਨੂੰ ਸੀਤਲਾ ਲਿਕਲ ਕੇ ਮੂੜ ਜਾਣ ਤੋਂ 4 ਸਾਲ ਪਿਛੋਂ), ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਸੀ। ਲਿਖਾਰੀ ਜੀ, ਪ੍ਰਸ਼ਾਦ ਤੇ ਰੁਮਾਲੇ ਕਿਹੜੇ ਗੁਰੂ ਗ੍ਰੰਥ ਜੀ ਤੇ ਚੜ੍ਹਵਾ ਰਹੇ ਹਨ? ਇਸ ਸ਼ੰਕੇ ਦਾ ਠੀਕ ਉੱਤਰ ਕੋਣ ਦੇਵੇ … …. ?

ਸਿੰਘ ਸਾਹਿਬ ਗਿ: ਜੋਗਿੰਦਰ ਸਿੰਘ ਵੇਦਾਂਤੀ ਜੀ ਤਾਂ ਖ਼ਾਲਸਾ ਜੀ ਨੂੰ ਕੁਰਾਹੇ ਪਾ ਕੇ ਵੇਦਾਂ ਦੇ ਪੁਜਾਰੀਆਂ ਵਾਲੀ ਸੇਵਾ ਨਿਭਾ ਰਹੇ ਹੋਣਗੇ, ਪਰ, ਸਿੰਘ ਸਾਹਿਬ ਪ੍ਰੋਫ਼ੈਸਰ ਮਨਜੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜਿਨ੍ਹਾਂ ਨੇ ਪੁਸਤਕ ਦੇ 26 ਸਫ਼ੇ ਤੇ “ਅਦੁੱਤੀ ਸੇਵਾ” ਸਿਰਲੇਖ ਵਾਲੇ ਆਪਣੇ ਪ੍ਰਸੰਸਾ ਪੱਤਰ ਵਿੱਚ ਲਿਖਾਰੀ ਨੂੰ ਨਿਸਕਾਮ ਤੇ ਗੁਰਮੁਖਿ ਲਿਖਣ ਦੇ ਨਾਲ ਇਹ ਬਚਨ ਵੀ ਅੰਕਿਤ ਕੀਤੇ ਹੋਏ ਹਨ:-ਦਲਭੰਜਨ ਗੁਰੂ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਜੀ ਦੇ ਕੌਤਕਾਂ ਨੂੰ ਲੇਖਣੀ ਦੁਆਰਾ ਕਲਮਬੰਦ ਕਰਨ ਵਾਲੇ ਨਿਸ਼ਕਾਮ ਗੁਰਮੁਖ ਲਿਖਾਰੀ ਦੇ ‘ਕਰ’ ਧੰਨਤਾਯੋਗ ਹਨ ਜਿਸ ਨੇ ਅਲਾਹੀ ਨੂਰ ਗੁਰੂ ਜੀ ਦੇ ਚੋਜਾਂ ਨੂੰ ਗੁਰਬਿਲਾਸ ਅੰਦਰ ਲਿਖਤੀ ਰੂਪ ਦੁਆਰ ਾਆਉਣ ਵਾਲੀਆਂ ਨਸਲਾਂ ਲਈ ਸੰਭਾਲ ਕੇ ਇੱਕ ਮਹਾਨ ਪਰਉਪਕਾਰੀ ਕਾਰਜ ਕੀਤਾ ਹੈ ‘ਬਾਬਾਣੀਆਂ ਕਹਾਣੀਆਂ ਪੁਤ ਸਪੁਤ ਕਰੇਨ’ ਦੇ ਗੁਰੂ ਹੁਕਮ ਨੂੰ ਸਨਮੁਖ ਰੱਖਕੇ ਪ੍ਰਭੂ ਦੀ ਇੱਛਾ ਤੇ ਮੌਜ ਵਿੱਚ ਪ੍ਰਗਟ ਹੋਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਰੋਸਾਏ ‘ਉਤਮ ਪੰਥ’ ਦੀ ਸਿਰਮੌਰ ਤੇ ਪ੍ਰਤੀਨਿਧ ਧਾਰਮਿਕ ਸੰਸਥਾ ਸ਼ੋ: ਗੁ: ਪ੍ਰ: ਕਮੇਟੀ ਦੀ ਧਰਮ ਪਰਚਾਰ ਕਮੇਟੀ ਵਲੋਂ ਬੰਦੀ ਛੋੜ ਦਾਤੇ ਦੇ 400 ਸਾਲਾ ਸੰਸਾਰ ਆਗਮਨ ਦੀ ਮਹਾਨ ਸ਼ਤਾਬਦੀ ਨੂੰ ਸਦੀਵੀ ਤੌਰ ਤੇ ਇੱਕ ਯਾਦ-ਗਾਰੀ ਰੂਪ ਪ੍ਰਦਾਨ ਕਰਨ ਹਿਤ ਗੁਰੂ ਜੀ ਦੇ ਜੀਵਨ ਨਾਲ ਸੰਬੰਧਤ ਮਹੱਤਵ ਪੂਰਨ ਗ੍ਰੰਥ ਗੁਰਬਿਲਾਸ ਨੂੰ ਛਾਪ ਕੇ ਇੱਕ ਸ਼ਲਾਘਾਯੋਗ ਕਾਰਜ ਕੀਤਾ ਹੈ। ਇਸ ਕਾਰਜ ਨੂੰ ਯਾਦਗਾਰੀ ਸਰੂਪ ਪ੍ਰਦਾਨ ਕਰਨ ਦਾ ਸਿਹਰਾ ਸਤਿਕਾਰਯੋਗ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਤੇ ਡ: ਅਮਰਜੀਤ ਸਿੰਘ ਨੂੰ ਜਾਂਦਾ ਹੈ ਜਿਨ੍ਹਾਂ ਨੇ ਭੈ-ਭਾਵਨੀ ਵਿੱਚ ਰਹਿੰਦਿਆਂ ਪੂਰੀ ਲਗਨ ਤੇ ਮਿਹਨਤ ਨਾਲ ਪ੍ਰਾਚੀਨ ਹੱਥ ਲਿਖਤ ਖਰੜਿਆਂ ਦਾ ਮੁਤਾਲਿਆ ਕਰਕੇ ਸ਼ੁਧ ਪਾਠ ਨੂੰ ਸਾਹਮਣੇ ਲਿਆਉਣ ਦੇ ਇਸ ਕੰਮ ਨੂੰ ਨੇਪਰੇ ਚਾੜਿਆ ਹੈ ਗੁਰੂ ਪਾਤਸ਼ਾਹ ਇਨ੍ਹਾਂ ਦੀ ਕਲਮ ਨੂੰ ਹੋਰ ਸਮਰੱਥਾ ਪ੍ਰਦਾਨ ਕਰਨ ਤਾਂ ਕਿ ਗੁਰੂ ਪੰਥ ਦੀ ਸੇਵਾ ਵਿੱਚ ਇਹ ਕਲਮ ਨਿਰੰਤਰ ਚਲਦੀ ਰਹੇ”। ਕੀ ਉਹ ਵੀ ਇਤਿਹਾਸ ਦੀ ਇਸ ਉਪ੍ਰੋਕਤ ਸਚਾਈ ਨੂੰ ਭੁੱਲ ਚੁੱਕੇ ਸਨ? ਕੀ ਉਨ੍ਹਾਂ ਨੇ ਵੀ ਸਤਿਗੁਰੂ ਜੀ ਦੀ ਪਾਵਨ ਸ਼ਾਨ ਵਿਰੁੱਧ ਲਗੇ ਕਈ ਗੁਣਾ ਵੱਧ ਘਿਣਾਵਣੇ ਦੋਸ਼ਾਂ ਨੂੰ ਸਚੁ-ਅੰਮ੍ਰਿਤ ਮੰਨ ਲਿਆ? ਉਨ੍ਹਾਂ ਨੇ ਭਲਾ, ਇਸ ਲਿਖਾਰੀ ਨੂੰ ਕਿਸੇ ਗੱਲੋਂ ਵੀ ਬੁਰਾ ਕਿਉਂ ਨਾ ਆਖਿਆ? ਇਨ੍ਹਾਂ 14 ਰਤਨਾ ਨੇ ਰਲ ਕੇ ਸਲਾਹ ਨਾਲ ਕਿ ਜਾਂ ਲਾਪਰਾਹੀ ਵਾਲੀ ਨੀਂਦ ਵਿੱਚ ਸੁਤਿਆਂ ਨੇ ਹੀ ਦੂਲੇ ਪੰਥ ਲਈ ਮੰਦਰਾਂ ਵਿੱਚ ਟੱਲੀਆਂ ਵਜਾਉਂਦਾ ਦਾ ਰਸਤਾ ਤਿਆਰ ਕੀਤਾ ਹੋਵੇਗਾ?

ਫੇਰ ਉਹੀ ਕੁੰਡਲੀਆ ਸੱਪ?

ਕੁੰਡਲੀਆ॥ ਸ੍ਰੀ ਦਰਬਾਰ ਕੀ ਕ੍ਰਿਪਾ ਤੇ ਦੁਰਗਾ ਭਈ ਪ੍ਰਸੰਨ।

ਸਪਤ ਦਿਵਸ ਬੀਤਤ ਭਏ ਠੰਡੀ ਕਹਿ ਧੰਨ ਧੰਨ।

ਠੰਢੀ ਕਹਿ ਧੰਨ ਧੰਨ ਗੁਰ ਗੁਵਿੰਦ ਹਰਿ ਨੈਨ ਉਘਾਰੇ।

ਦਿਖਿ ਹਰਖੀ ਤਬ ਮਾਤ ਔਰ ਦਿਖਿ ਸਭੁ ਪਰਵਾਰੇ।

ਸ੍ਰੀ ਗੁਰ ਅਰਜਨ ਦੇਵ ਸ੍ਰੀ ਮੁਖਿ ਸਬਦ ਉਚਾਰਯੋ।

ਨਿਜ ਸੁਤ ਕੇ ਪ੍ਰਥਾਇ ਔਰ ਸਭਿ ਜਗ ਕੋ ਤਾਰਯੋ॥ 132}

ਅਰਥ:-ਦਰਬਾਰ ਸਾਹਿਬ ਦੀ ਕਿਰਪਾ ਨਾਲ ਦੁਰਗਾ ਪ੍ਰਸੰਨ ਹੋ ਗਈ ਅਤੇ ਸਤ ਦਿਨ ਬਤੀਤ ਹੁੰਦਿਆ ਸੀਤਲਾ ਗੁਰੂ ਗੋਵਿੰਦ (ਸਾਹਿਬਜ਼ਾਦਾ ਜੀ) ਨੂੰ ਧੰਨ ਧੰਨ ਕਹਿਆ ਤੇ ਉਨ੍ਹਾਂ ਨੇ ਨੇਤ੍ਰ ਖੋਹਲ ਲਏ। ਵੇਖ ਕੇ ਮਾਤਾ (ਗੰਗਾ) ਜੀ ਬਹੁਤ ਖ਼ੁਸ਼ ਹੋਏ ਅਤੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਦੀ ਪ੍ਰਥਾਏ ਸਾਰੇ ਜਗਤ ਦੇ ਭਲੇ ਲਈ ਆਪਣੇ ਮੁਖਾਰਬਿੰਦ ਚੋਂ ਸ਼ਬਦ ਉਚਾਰਨ ਕੀਤਾ।

ਦੋਹਰਾ। ਇੱਕ ਸੌ ਤਿੰਨਿ ਪੁਰਿ ਸ਼ਬਦ ਹੈ ਗਉੜੀ ਰਾਗ ਮਝਾਰ। ਠੰਢੀ ਕਸ਼ਟ ਨ ਵਿਆਪਈ ਜੋ ਨਰ ਸਬਦੁ ਉਚਾਰਿ॥ 133॥

ਉਹ ਸ਼ਬਦ 103 ਨੰਬਰ ਤੇ ਗੌੜੀ ਰਾਗ ਵਿੱਚ ਹੈ। ਜਿਹੜਾ ਪ੍ਰਾਣੀ ਉਸ ਸ਼ਬਦ ਦਾ ਉਚਾਰਨ ਕਰੇਗਾ ਉਸ ਨੂੰ ਸੀਤਲਾ ਦੁਖੀ ਨਹੀਂ ਕਰੇਗੀ।

ਸਵੱਯਾ॥ ਨੈਨ ਪ੍ਰਕਾਸ਼ ਗੁਰਦੇਵ ਕੀਯੋ, ਭ੍ਰਮ ਦੂਰਿ ਭਯੋ ਮਨ ਮੈ ਸੁਖੁ ਪਾਯੋ।

ਪੂਰਨ ਸੇਵ ਭਈ ਹਮਰੀ ਅਬ, ਸੀਤਲਾ ਰੱਛ ਕਰੀ ਬਿਰਦਾਯੋ।

ਪਾਰਬ੍ਰਹਮਿ ਕਰੀ ਕਿਰਪਾ ਹਮਰੇ ਸੁਤ, ਨਾਨਕ ਨਾਮ ਮਹਾ ਰਸੁ ਖਾਯੋ।

ਸਤ ਸੰਗਤਿ ਬੁੱਢੇ ਜੜ੍ਹ ਹੋਈ ਹਰੀ, ਹਰਿ ਅੰਮ੍ਰਿਤ ਪਾਨਿ ਕੈ ਦੂਖ ਗਵਾਯੋ॥ 134॥

ਅਰਥ:-ਅੱਖਾਂ ਦੀ ਜੋਤਿ ਪਰਗਟ ਹੋ ਆਈ ਭ੍ਰਮ ਦੂਰ ਗਏ ਅਤੇ ਮਨ ਸੁਖੀ ਹੋਇਆ। ਸਾਡੀ ਸੇਵਾ ਪੂਰਨ ਹੋਈ ਅਤੇ ਬਿਰਦ ਪਲਣਹਾਰੀ ਸੀਤਲਾ ਦੇਵੀ ਨੇ ਸਾਡੀ ਰਖਿਆ ਕੀਤੀ। ਨਾਨਕ ਨਾਮ ਦਾ ਮਹਾ ਰਸ ਚਖਿਆ ਤੇ ਪਾਰਬ੍ਰਹਮ ਨੇ ਸਾਡੇ ਪੁੱਤਰ ਤੇ ਮਿਹਰ ਕਰ ਦਿੱਤੀ। ਸਾਧ ਸੰਗਤਿ ਤੇ ਬਾਬਾ ਬੁਢਾ ਜੀ ਦਾ ਸਦਕਾ ਚੇਚਕ ਦੀ ਬਿਮਾਰੀ ਦੂਰ ਹੋ ਗਈ। ਨਾਮ ਰੂਪੀ ਅੰਮ੍ਰਿਤ ਛਕ ਕੇ ਦੁਖ ਦੂਰ ਹੋ ਗਏ। 134.

ਉਪਰੋਕ ਅਰਥ ਉਸੇ ਸਫ਼ੇ ਦੇ ਹੇਠਾਂ ਟੂਕ ਵਿੱਚ ਲਿਖਿਆਂ ਅਰਥਾਂ ਦੇ ਅਧਾਰ ਤੇ ਲਿਖੇ ਹਨ। ਭਾਵ. ਸੀਤਲਾ ਦੇਵੀ, ਬਾਬਾ ਬੁੱਢਾ ਜੀ, ਸਾਧ ਸੰਗਤ ਤੇ ਪਰਮਾਤਮਾ ਸਾਰਿਆਂ ਦੀ ਰਲਵੀਂ ਕਿਰਪਾ ਨਾਲ ਸਾਹਿਜ਼ਾਦੇ ਦਾ ਦੁਖ ਦੂਰ ਹੋਇਆ ਹੈ, ਕੇਵਲ ਪਰਮਾਤਮਾ ਦੀ ਓਟ ਲਿਖਾਰੀ ਨੂੰ ਕਿਵੇ ਭਾਉਂਦੀ। ਕੁੰਡਲੀਆ ਦਾ ਲਿਖਾਰੀ ਗੁਰਬਾਣੀ ਦੇ ਅਰਥ ਵੀ ਆਪਣੀ ਵਿਉਂਤ ਦੇ ਲਿਖਦਾ ਆ ਰਿਹਾ ਹੈ। ਗਉੜੀ ਰਾਗ ਦੇ ਜਿਸ ਸ਼ਬਦ ਦਾ ਜ਼ਿਕਰ ਲਿਖਾਰੀ ਨੇ ਕੀਤਾ ਹੈ ਆਉ ਉਸ ਗੁਰੂ ਸ਼ਬਦ ਦੇ ਦਰਸ਼ਨ, “ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ “(ਪੋਥੀ ਦੂਜੀ ਸਫ਼ਾ 249-50) ਦੇ ਝਰੋਖੇ ਵਿੱਚ ਦੀ ਕਰੀਏ:-

14- ਗਉੜੀ ਮਹਲਾ 5॥ ਨੇਤ੍ਰ ਪ੍ਰਗਾਸੁ ਕੀਆ ਗੁਰਦੇਵ॥ ਭਰਮ ਗਏ ਪੂਰਨ ਭਈ ਸੇਵ॥ 1॥ ਰਹਾਉ॥ ਸੀਤਲਾ ਤੇ ਰਖਿਆ ਬਿਹਾਰੀ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ॥ 1॥ ਨਾਨਕ ਨਾਮੁ ਜਪੈ ਸੋ ਜੀਵੈ॥

ਸਾਧਸੰਗਿ ਹਰਿ ਅੰਮ੍ਰਿਤੁ ਪੀਵੈ॥ 2॥ 103॥ 172॥ {200}

ਅਰਥ:-ਹੇ ਗੁਰਦੇਵ! ਜਿਸ ਮਨੁੱਖ ਦੀਆਂ (ਆਤਮਕ) ਅੱਖਾਂ ਨੂੰ ਤੂੰ (ਗਿਆਨ ਦਾ) ਚਾਨਣਾ ਬਖ਼ਸ਼ਿਆ, ਉਸ ਦੇ ਸਾਰੇ (ਥਾਂ ਥਾਂ ਦੇ ਭਟਕਣ) ਦੂਰ ਹੋ ਗਏ, ਤੇਰੇ ਦਰ ਤੇ ਟਿਕ ਕੇ ਕੀਤੀ ਹੋਈ ਉਸ ਦੀ) ਸੇਵਾ ਸਿਰੇ ਚੜ੍ਹ ਗਈ। 1. ਰਹਾਉ। ਹੇ ਸੁੰਦਰ ਸਰੂਪ! ਹੇ ਪਾਬ੍ਰਹਮ! ਹੇ ਪ੍ਰਭੂ! ਤੂੰ ਹੀ ਕਿਰਪਾ ਕਰਕੇ ਸੀਤਲਾ ਤੋਂ ਬਚਾਇਆ ਹੈ (ਹੋਰ ਕੋਈ ਦੇਵੀ ਆਦਿਕ ਤੇਰੇ ਬਰਾਬਰ ਦੀ ਨਹੀ) {ਨੋਟ:-ਸੰਨ 1594 ਤੋਂ 1599 ਤਕ ਮਾਝੇ ਵਿੱਚ ਸਖ਼ਤ ਕਾਲ ਪਿਆ ਰਿਹਾ। ਸੀਤਲਾ ਆਦਿਕ ਬਿਮਾਰੀਆਂ ਦਾ ਵੀ ਬੜਾ ਜ਼ੋਰ ਰਿਹਾ। ਗੁਰੂ ਅਰਜਨ ਸਾਹਿਬ ਜੀ ਭੁੱਖੇ ਤੇ ਰੋਗ-ਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਚਾਰ ਪੰਜ ਸਾਲ ਮਾਝੇ ਦੇ ਪਿੰਡਾਂ ਵਿਚ, ਫਿਰ ਲਹੌਰ ਸ਼ਹਿਰ ਵਿੱਚ ਵੀ ਵਿਚਰਦੇ ਰਹੇ। ਬਾਲਕ ਗੁਰੂ ਹਰਿਗੋਬਿੰਦ ਜੀ ਨੂੰ ਵੀ ਆਪਣੇ ਨਾਲ ਹੀ ਰੱਖਣ ਦੀ ਅਵਸ਼ਕਤਾ ਬਣੀ ਰਹੀ, ਕਿਉਂਕਿ ਬਾਬਾ ਪ੍ਰਿਥੀ ਚੰਦ ਉਨ੍ਹਾਂ ਦੀ ਜਾਨ ਦੇ ਲਾਗੂ ਸਨ)। ਚੀਚਕ ਵਾਲੇ ਇਲਾਕੇ ਵਿੱਚ ਫਿਰਨ ਕਰਕੇ ਅੰਮ੍ਰਿਤਸਰ ਵਾਪਸ ਆਉਣ ਤੇ ਸਾਹਿਜ਼ਾਦਾ ਜੀ ਨੂੰ ਮਾਤਾ ਨਿਕਲ ਆਈ। ਵਹਮਣ ਭਰਮਣ ਇਸਤਰੀਆਂ ਆ ਆ ਕੇ ਸੀਤਲਾ ਦੇਵੀ ਦੀ ਪੂਜਾ ਕਰਨ ਦੀ ਪ੍ਰੇਰਨਾ ਕਰਦੀਆਂ ਰਹੀਆਂ। ਇਸ ਭਰਮ ਵਹਿਮ ਤੋਂ ਸਦਾ ਲਈ ਬਚਨ ਵਾਸਤੇ ਗੁਰੂ ਅਰਜਨ ਸਾਹਿਬ ਜੀ ਨੇ ਇਸ ਸ਼ਬਦ ਦੀ ਰਾਹੀਂ ਉਦੇਸ਼ ਕੀਤਾ ਹੈ}। 1. ਹੇ ਨਾਨਕ! (ਆਖ-ਹੇ ਭਾਈ!) ਜਿਹੜਾ ਮਨੁੱਖ (ਹੋਰ ਸਾਰੇ ਆਸਰੇ ਛੱਡ ਕੇ) ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ (ਕਿਉਂਕਿ) ਉਹ ਸਾਧ ਸੰਗਤਿ ਵਿੱਚ ਰਹਿ ਕੇ ਆਤਮਕ ਜੀਚਨ ਦੇਣ ਵਾਲਾ ਹਰਿ-ਨਾਮ-ਰਸ ਪੀਂਦਾ ਰਹਿੰਦਾ ਹੈ। 2. 103. ਮਾਤਾ ਅਥਵਾ ਚੇਚਿਕ ਰੋਗ ਦੇ ਸਮੇ ਸੀਤਲਾ ਦੇਵੀ ਦੀ ਪੂਜਾ ਦਾ ਰਿਵਾਜ ਭਾਰਤ ਵਿੱਚ ਬਹੁਤ ਪੁਰਾਣਾ ਹੈ। ਜਮੂ ਕਸ਼ਮੀਰ ਕਾਂਗੜਾ ਅਦਿ ਪਹਾੜੀ ਇਲਾਕਿਆਂ ਦੇ ਕਈ ਗੁਰ-ਸਿੱਖ ਪ੍ਰਵਾਰ, ਰੋਗੀ ਦੇ ਭਲੇ ਲਈ ਸੀਤਲਾ ਮਾਤਾ ਦੀ ਪੁਜਾ ਕਰਨ ਦੇ ਭਰਮ ਨੂੰ ਪੂਰੀ ਤਰ੍ਹਾਂ ਅਜੇ ਤਕ ਵੀ ਨਹੀਂ ਤਿਆਗ ਸਕੇ। ਸਤਿਗੁਰੂ ਜੀ ਨੇ ਕੇਵਲ ਇੱਕ (ਉਪਰੋਕਤ) ਸ਼ਬਦ ਹੀ ਨਹੀ ਉਚਾਰਿਆ, ਦੇਵੀ ਦੀ ਪੂਜਾ ਦੇ ਭਰਮ ਨੂੰ ਦੂਰ ਕਰਨ ਲਈ ਪੰਚਮ ਪਾਤਸ਼ਾਹ ਜੀ ਨੇ ਸੀਤਲਾ ਦੇ ਜ਼ਿਕਰ ਵਾਲੇ, ਹੇਠਾਂ ਲਿਖੇ ਤਿੰਨ ਹੋਰ ਸ਼ਬਦ ਵੀ ਉਚਾਰੇ ਹਨ। ਜਾਣਕਾਰੀ ਲਈ ਉਨ੍ਹਾਂ ਪਾਵਨ ਗੁਰੂ ਸ਼ਬਦਾਂ ਦੀ ਸੂਚੀ ਇਸ ਪ੍ਰਕਾਰ ਹੈ: (1) -ਸੋਰਠਿ ਮਹਲਾ 5॥ ਸਦਾ ਸਦਾ ਹਰਿ ਜਾਪੇ॥ ਪ੍ਰਭ ਬਾਲਕ ਰਾਖੇ ਆਪੇ॥ ਸੀਤਲਾ ਠਾਕਿ ਰਹਾਈ॥ ਬਿਘਨ ਗਏ ਹਰਿ ਨਾਈ॥ 1॥ … … 2॥ 11॥ 75॥ {627} (2) ਕਾਨੜਾ ਮਹਲਾ 5॥ … ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ॥ 1॥ ਰਹਾਉ॥ …. . {1300} - (3) -ਕਾਨੜਾ ਮਹਲਾ 5॥ … ਸੀਤਲਾ ਹਰਿ ਨਾਮੁ ਤੇਰਾ॥ … 4॥ 6॥ 17॥ {1301} - ਚੌਥਾਂ ਪੂਰਾ ਗੁਰੂ ਸ਼ਬਦ ਅਰਥਾਂ ਸਮੇਤ ਲਿਖਿਆ ਹੈ ਤਾਂ ਜੋ ਦੇਵੀ ਦੇਵਤਿਆਂ ਦੀ ਅੱਡੀ ਹੋਂਦ ਬਾਰੇ ਗੁਰਮਤਿ ਦੇ ਪੱਖ ਦੀ ਹੋਰ ਵੀ ਸਪੱਸ਼ਟਤਾ ਹੋ ਜਾਵੇ:-

15- ਗੋਂਡ॥ ਭੈਰਉ ਭੂਤ ਸੀਤਲਾ ਧਾਵੈ॥ ਖਰ ਬਾਹਨੁ ਉਹੁ ਛਾਰੁ ਉਡਾਵੈ॥ 1॥ ਹਉ ਤਉ ਏਕੁ ਰਮਈਆ ਲੈਹਉ॥ ਆਨ ਦੇਵ ਬਦਲਾਵਨਿ ਦੈਹਉ॥ 1॥ ਰਹਾਉ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ॥ ਬਰਦ ਚਢੇ ਡਉਰੂ ਢਮਕਾਵੈ॥ 2॥ ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੈ॥ 3॥ ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥ 4॥ ਗੁਰਮਤਿ ਰਾਮ ਨਾਮ ਗਹੁ ਮੀਤਾ॥ ਪ੍ਰਣਵੈ ਨਾਮਾ ਇਉ ਕਹੈ ਗੀਤਾ॥ 5॥ 2॥ 6॥

ਅਰਥ:-ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਪੂਜਾ ਅਰਾਧਨਾ ਕਰਦਾ ਹੈ) ਉਹ (ਵੱਧ ਤੋਂ ਵੱਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ (ਭਾਵ, ਜੋ ਕਿਸੇ ਦੇ ਪੱਲੇ ਹੈ ਉਸ ਨੇ ਆਪਣੇ ਭਗਤ ਨੂੰ ਵੀ ਉਹੀ ਦੇਣਾ ਹੈ, ਨਾਲੇ, ਜੈਸਾ ਸਿਮਰੇ ਵੈਸਾ ਹੀ ਹੋਵੇ)। ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਵਾਂਗ) ਸੁਆਹ ਹੀ ਉਡਾਉਂਦਾ ਹੈ। 1. (ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ, (ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ (ਪ੍ਰਭੂ-) ਨਾਮ ਦੇ ਵੱਟੇ ਵਿੱਚ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਦੇਵੀ ਦੇਵਤੇ ਦੀ ਕੋਈ ਲੋੜ ਨਹੀਂ। 1॥ ਰਹਾਉ। ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵੱਧ ਤੋ ਵੱਧ ਜੋ ਕੁੱਝ ਹਾਸਲ ਕਰ ਸਕਦਾ ਹੈ ਇਹ ਹੈ ਕਿ, ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ ਹੀ) ਡੰਭਰੂ ਵਜਾਉਂਦਾ ਹੈ। 2. ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) 3. ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਸਮੇ ਤੂੰ ਵੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈ (ਭਾਵ, ਮੁਕਤੀ ਭਵਾਨੀ ਕੋਲ ਵੀ ਨਹੀਂ ਹੈ)। 4. ਸੋ ਨਾਮਦੇਵ ਬੇਨਤੀ ਕਰਦਾ ਹੈ--ਹੇ ਮਿੱਤਰ (ਪੰਡਤ) ਸਤਿਗੁਰੂ (ਨਾਨਕ ਜੀ) ਦੀ ਸਿਖਿਆ ਲੈ ਤੇ ਪਰਮਾਤਮਾ ਦੇ ਨਾਮ ਦੀ ਓਟ ਫੜ, (ਤੁਹਾਡੀ ਧਰਮ-ਪੁਸਤਕ) ਗੀਤਾ ਵੀ ਇਹੀ ਆਖਦੀ ਹੈ। 5. ਦੇਵੀ ਦੇਵਤਿਆਂ ਦੀ ਹੋਂਦ ਨੂੰ ਮੰਨਣ ਵਾਲਿਆਂ ਦੇ ਮੂੰਹ ਤੇ ਬੜੀ ਕਰਾਰੀ ਚੋਟ ਹੈ।

ਸ਼ਾਂਤੀ ਅਤੇ ਸਬਰ ਸੰਤੋਖ ਦੇ ਪੁੰਜ, “ਸਹਜ ਧਿਆਨਿ ਬੈਰਾਗੀ॥” ਪ੍ਰਭੂ ਦੀ ਰਜ਼ਾ ਵਿੱਚ ਸਦਾ ਸੁਖੀ ਰਹਿਣ ਵਾਲੇ ਸਤਿਗੁਰ ਅਰਜਨ ਸਾਹਿਬ ਜੀ ਤੋਂ, ਜਿਵੇ ਸਾਹਿਬਜ਼ਾਦਾ ਜੀ ਦੇ ਅਰੋਗ ਹੋ ਜਾਣ ਦੀ ਖ਼ੁਸ਼ੀ ਝੱਲੀ ਹੀ ਨਾ ਜਾਂਦੀ ਹੋਵੇ? - “ਪੂਜਨ ਕੀ ਤਿਅਰੀ ਕਰੀ ਰਾਮਦਾਸ ਦਰਬਾਰ।” {135} ਕੁਟਲ ਲਿਖਾਰੀ ਨੇ, ਸਤਿਗੁਰੂ ਜੀ ਨੂੰ ਬੇਅੰਤ ਧਨ, ਦਾਨ ਵਜੋਂ ਵੰਡਦੇ ਹੋਏ, (ਉਸੇ ਚਰਬਾਰ ਸਾਹਿਬ ਦੇ ਕੰਧਾ ਕੋਠਿਆਂ ਦੀ ਅਪਾਰ ਪੂਜਾ ਦੇ ਚਾਉ ਵਿੱਚ ਵਿਚਰਦੇ ਦਰਸਾਇਆ ਹੈ, ਜਿਸ ਨੂੰ ਉਨ੍ਹਾਂ ਨੇ ਆਪ ਹੀ ਸਿਰਜਆ ਸੀ ਤੇ ਸਤਿਗਰ ਤੋਂ ਬਿਨਾ ਜਿਸ ਸਾਹਿਬ ਦੇ ਅੰਦਰ ਦੂਜੀ ਕਿਸੇ ਵੀ ਵਸਤੂ ਦੀ ਪੂਜਾ ਗੁਰਮਤਿ ਵਿਰੋਧੀ ਹੈ। ਬਾਬਾ ਪ੍ਰਿਥੀ ਚੰਦ ਤੇ ਉਨ੍ਹਾਂ ਦੀ ਪਤਨੀ ਬੇਬੇ ਕਰਮੋ ਸਮੇਤ, ਸਾਰਾ ਪਰਵਾਰਾ, ਅੱਗੇ ਅੱਗੇ ਵਾਜਿਆਂ ਦੀ ਘਣਕੋਰ ਵਾਲੇ ਜਲੂਸ ਵਿਚ, ਅਪਾਰ ਧਨ ਤੇ ਕੜ੍ਹਾ ਪ੍ਰਸ਼ਾਦ ਦਰਬਾਰ ਵਿੱਚ ਭੇਟਾ ਕਰਨ ਲਈ, ਸਤਿਗੁਰੂ ਅਰਜਨ ਸਾਹਿਬ ਜਾਂਦੇ ਅਤੇ ਉਥੇ ਮੁੜ ਮੁੜ ਮੱਥੇ ਰਗੜਦੇ, ਪਰਿਕ੍ਰਮਾ ਕਰਦੇ ਦਰਸਾਏ ਹੋਏ ਹਨ। ਵਾਜੇ ਵਜਾਉਣ ਦਾ, ਇਸਤ੍ਰੀਆਂ ਦੇ ਗੀਤ ਗਾਉਣ ਦੇ ਅਤੇ ਸੁਰਗਾਂ ਵਿਚੋਂ ਫੁੱਲਾਂ ਦੀ ਵਰਖਾ ਹੋਣ ਦੇ ਅਜੀਬ ਨਜ਼ਾਰੇ ਨੂੰ ਲਿਖਾਰੀ ਨੇ ਬੜੇ ਵਿਸ਼ਥਾਰ ਨਾਲ ਦਰਸਾਇਆ ਹੋਇਆ ਹੈ। ਹਰਖ, ਸੋਗ ਤੋ ਨਿਆਰੇ ਰਹਿਣ ਵਾਲਾ ਗੁਰੂ ਉਪਦੇਸ਼, ਖੰਭ ਲਾ ਕੇ ਕਿਤੇ ਉੱਡ ਗਿਆ ਅਨੁਭਵ ਹੋ ਰਿਹਾ ਹੈ। ਕਦਮ ਕਦਮ ਤੇ ਗੁਰਮਤਿ ਵਿਰੋਧੀ ਕਾਰੇ, ਸਤਿਗੁਰੂ ਜੀ ਦੇ ਹਥੋਂ ਕਰਵਾਏ ਹੋਏ ਝੱਲ ਲੈਣ ਨਾਲੋਂ ਤਾਂ ਕੁੱਝ ਖਾ ਕੇ … …. ਪਰ ਖ਼ਾਲਸਾ ਜੀ ਦੀ ਜਥੇਦਾਰੀ ਨੂੰ ਕੀ ਆਖੀਏ?

ਪਰਿਕ੍ਰਮਾ ਲਫ਼ਜ਼ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਨਾ ਹੋਣ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਪਰਿਕ੍ਰਮਾ ਕਰਨੀਆਂ ਗੁਰਮਤਿ ਵਿੱਚ ਸ਼ਾਮਲ ਨਹੀਂ ਹੈ। ਨਿਰਸੰਦੇਹ ਇਹ ਰਿਵਾਜ ਬ੍ਰਾਹਮਣੀ ਕੁਟਲਤਾ ਦੀ ਉਪਜ ਹੈ। ਅਤੇ ਜਿਨ੍ਹਾਂ 200 ਸਾਲਾਂ ਵਿੱਚ ਉਦਾਸੀ, ਨਿਰਮਲੇ, ਮਹੰਤ ਰੂਪ ਬਿੱਪਰ ਸਾਡਾ ਧਰਮ ਆਗੂ ਬਣਿਆ ਰਿਹਾ ਸੀ ਅਜੇਹੇ ਕਰਮਕਾਂਡ ਸਾਡੇ ਵਿੱਚ ਆ ਵੜਨੇ ਉਨ੍ਹਾਂ ਦਿਨਾਂ ਦੀ ਦੇਣ ਹੈ। ਧਰਮ-ਕਰਮ ਸਮਝ ਕੇ ਨੰਗੇ ਪੈਰੀਂ ਫਿਰਨਾ ਵੀ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਨਹੀਂ ਸੀ ਭਾਇਆ। ਫੋਕਟ ਧਰਮ ਕਰਮਾ ਦੀ ਖੰਡਣਾ ਕਰ ਰਹੇ ਆਸਾ ਦੀ ਵਾਰ ਦੀ ਨੌਵੀਂ ਪਉੜੀ ਦੇ ਨਾਲ ਦੇ ਸਲੋਕ ਵਿੱਚ ਨੰਗੇ ਪੈਰੀਂ ਫਿਰਨ ਨੂੰ, ਸਤਿਗੁਰਾਂ ਨੇ ਪਿਛਲੇ ਕੀਤੇ ਕਰਮਾਂ ਦਾ ਡੰਨ ਲਿਖਿਆ ਅਸਾਂ ਪਿਛੇ ਪੜ੍ਹ ਲਿਆ ਹੈ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.