.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 16)

ਮੈਕਸ ਆਰਥਰ ਮੈਕਾਲਿਫ ‘Sikh Religion -Vol, 1 & 2`, ਜੋ ਪਹਿਲੀ ਵਾਰ ਸੰਨ ੧੯੦੯ ਵਿੱਚ ਛਪਿਆ ਸੀ, ਵਿੱਚ ਭਾਈ ਬਲਵੰਡ ਰਾਇ ਤੇ ਭਾਈ ਸੱਤਾ ਜੀ ਅਤੇ ਇਹਨਾਂ ਦੀ ਵਾਰ ਸਬੰਧੀ ਇਉਂ ਲਿਖਦੇ ਹਨ:

“ਬਲਵੰਡ ਅਤੇ ਸੱਤਾ, ਗੁਰੂ ਅੰਗਦ ਦੇਵ ਜੀ ਪਾਸ ਆਈਆਂ ਸੰਗਤਾਂ ਨੂੰ ਆਪਣੇ ਕੀਰਤਨ ਤੇ ਸੰਗੀਤ ਨਾਲ ਨਿਹਾਲ ਕਰਦੇ ਸਨ, ਪਰ ਗੁਰੂ ਜੀ ਦੀ ਮਹਿਮਾ ਵਧਦੀ ਵੇਖ ਕੇ ਉਨ੍ਹਾਂ ਦਾ ਅਹੰਕਾਰ ਅਤੇ ਲਾਲਚ ਵੀ ਉਤਨਾ ਹੀ ਵੱਧ ਗਿਆ। ਉਹ ਅਭਿਮਾਨ ਨਾਲ ਕਹਿਣ ਲੱਗ ਪਏ ਕਿ ਸਾਡੇ ਹੀ ਸੰਗੀਤ ਕਰਕੇ ਗੁਰੂ ਜੀ ਪ੍ਰਸਿੱਧ ਹੋ ਗਏ ਹਨ। ਇੱਕ ਦਿਨ ਇੱਕ ਬ੍ਰਿਧ ਸਿੱਖ ਨੇ ਉਨ੍ਹਾਂ ਨੂੰ ਕਿਹਾ ਕਿ ਕੋਈ ਸ਼ਬਦ ਸੁਣਾਓ। ਪਰ ਉਨ੍ਹਾਂ ਇਉਂ ਕਹਿ ਕੇ ਖਰ੍ਹਵਾ ਉੱਤਰ ਦਿੱਤਾ: “ਕੀ ਅਸੀਂ ਜੱਟਾਂ ਗਵਾਰਾਂ ਲਈ ਸ਼ਬਦ ਗਾਵੀਏ? “ ਇਸ ਸੁਣ ਕੇ ਗੁਰੂ ਜੀ ਨੂੰ ਦੁੱਖ ਹੋਇਆ। ਸ਼ਾਮ ਦੇ ਦੀਵਾਨ ਵਿੱਚ ਜਦੋਂ ਬਲਵੰਡ ਤੇ ਸੱਤਾ ਕੀਰਤਨ ਕਰਨ ਆਏ ਤਾਂ ਗੁਰੂ ਜੀ ਨੇ ਉਨ੍ਹਾਂ ਵੱਲ ਪਿੱਠ ਕਰ ਦਿੱਤੀ। ਉਹ ਮੁੜ ਕੇ ਗੁਰੂ ਜੀ ਵੱਲ ਹੋਏ ਤਾਂ ਜੋ ਗੁਰੂ ਜੀ ਸਾਨੂੰ ਵੇਖਣ, ਪਰ ਫਿਰ ਵੀ ਗੁਰੂ ਨੇ ਉਨ੍ਹਾਂ ਦੇ ਨਮਸਕਾਰ ਕਰਨ ਨੂੰ ਟਾਲ ਦਿੱਤਾ। ਉਹ ਪੁੱਛਣ ਲੱਗੇ: “ਮਹਾਰਾਜ, ਅਸਾਂ ਕੀ ਅਵੱਗਿਆ ਕੀਤੀ ਹੈ? “ ਗੁਰੂ ਜੀ ਨੇ ਫੁਰਮਾਇਆ ਕਿ ਜੇ ਤੁਸੀਂ ਸਾਡੇ ਸਿੱਖਾਂ ਅੱਗੇ ਨਹੀਂ ਗਾਉਂਦੇ, ਤਾਂ ਸਾਡੇ ਅੱਗੇ ਵੀ ਬਿਲਕੁਲ ਨਾ ਗਾਉ। ਉਹ ਗੁਰੂ ਜੀ ਦੇ ਚਰਨਾਂ ਤੇ ਢਹਿ ਪਏ ਅਤੇ ਗੁਰੂ ਜੀ ਨੂੰ ਬਖਸ਼ ਦੇਣ ਲਈ ਬੇਨਤੀ ਕੀਤੀ। ਗੁਰੂ ਜੀ ਬੜੇ ਦਿਆਲੂ ਸਨ, ਉਨ੍ਹਾਂ ਨੂੰ ਬਖਸ਼ ਦਿੱਤਾ। ਪਰ ਉਨ੍ਹਾਂ ਦਾ ਅਹੰਕਾਰ ਚੰਗੀ ਤਰ੍ਹਾਂ ਨਾ ਭੱਜਿਆ (ਭਾਵ ਦੂਰ ਨਾ ਹੋਇਆ), ਉਨ੍ਹਾਂ ਮਨ ਵਿੱਚ ਪੱਕਾ ਧਾਰ ਲਿਆ ਕਿ ਅਸੀਂ ਅੱਗੇ ਲਈ ਤਦ ਹੀ ਚੌਕੀ ਕਰਾਂਗੇ ਜੇਕਰ ਸਾਨੂੰ ਜ਼ਿਆਦਾ ਅਰਦਾਸ ਕਰਾਈ ਜਾਏਗੀ। (ਭਾਵ ਰੋਜ਼ੀਨਾ/ਤਨਖ਼ਾਹ ‘ਵਾਧਾ) ਕੁੱਝ ਸਮੇਂ ਪਿੱਛੋਂ ਉਨ੍ਹਾਂ ਗੁਰੂ ਜੀ ਨੂੰ ਬੇਨਤੀ ਕੀਤੀ “ਮਹਾਰਾਜ ਆਪਣੀਆਂ ਲੜਕੀਆਂ ਵਿਚੋਂ ਅਸੀਂ ਇੱਕ ਦਾ ਵਿਆਹ ਕਰਨਾ ਹੈ, ਇਸ ਲਈ ਕਿਰਪਾ ਕਰਕੇ ਪੰਜ ਸੌ ਰੁਪਏ ਦਿਓ। “ ਗੁਰੂ ਜੀ ਨੇ ਇੱਛਿਆ ਪ੍ਰਗਟ ਕੀਤੀ ਕਿ ਦੋ ਮਹੀਨੇ ਉਡੀਕੋ ਅਤੇ ਅਸੀਂ ਵਿਸਾਖੀ ਦੇ ਸਾਲਾਨਾ ਮੇਲੇ ਉੱਤੇ ਤੁਹਾਡਾ ਸਭ ਲੇਖਾ ਮੁਕਾ ਦਿਆਂਗੇ। ਬਲਵੰਡ ਕਹਿਣ ਲੱਗਾ: “ਅਸੀਂ ਇੰਨਾ ਚਿਰ ਨਹੀਂ ਉਡੀਕ ਸਕਦੇ, ਸਾਨੂੰ ਰੁਪਿਆ ਛੇਤੀ ਚਾਹੀਦਾ ਹੈ, ਇਸ ਲਈ ਸਾਨੂੰ ਕਿਤੋਂ ਉਧਾਰ ਲੈ ਕੇ ਜ਼ਰੂਰ ਹੀ ਦੇ ਦੇਉ। “ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਧਾਰ ਲੈਣਾ ਚੰਗੀ ਗੱਲ ਨਹੀਂ, ਤੁਸੀਂ ਧੀਰਜ ਕਰੋ, ਵੇਖੋ ਵਾਹਿਗੁਰੂ ਕੀ ਕਰਦਾ ਹੈ। ਤਾਂ ਉਹ ਗੁਰੂ ਜੀ ਨੂੰ ਨਿਰਾਦਰੀ ਭਰੇ ਢੰਗ ਨਾਲ ਕਹਿਣ ਲੱਗੇ: “ਇਹ ਅਸੀਂ ਹੀ ਹਾਂ ਜਿਨ੍ਹਾਂ ਤੁਹਾਡੀ ਉਸਤਤੀ ਗਾ ਗਾ ਕੇ ਤੁਹਾਨੂੰ ਉੱਘਾ ਕਰ ਦਿੱਤਾ ਹੈ। ਜੇ ਅਸੀਂ ਗੁਰਬਾਣੀ ਦਾ ਕੀਰਤਨ ਨਾ ਕਰਦੇ ਤਾਂ ਸਿੱਖ ਤੁਹਾਨੂੰ ਕਦੀ ਚੜ੍ਹਾਵਾ ਨਾ ਚੜ੍ਹਾਂਦੇ, ਇਸ ਲਈ ਸਾਡੀ ਬੇਨਤੀ ਨੂੰ ਅਪ੍ਰਵਾਨ ਨਾ ਕਰੋ। ਜੇਕਰ ਤੁਸੀਂ ਸਾਨੂੰ ਲੋੜਵੰਦੀ ਰਕਮ ਨਹੀਂ ਦਿਉਗੇ ਤਾਂ ਅਸੀਂ ਆਪਣੇ ਘਰ ਬੈਠ ਕੇ ਹੀ ਭਜਨ ਗਾਇਆ ਕਰਾਂਗੇ। “

ਇਹ ਝਗੜਾ ਨਾ ਮੁੱਕਾ ਅਤੇ ਦੁਜੇ ਦਿਨ ਬਲਵੰਡ ਤੇ ਸੱਤਾ ਰਬਾਬੀ ਦੀਵਾਨ ਵਿੱਚ ਨਾ ਆਏ। ਗੁਰੂ ਜੀ ਨੇ ਉਨ੍ਹਾਂ ਨੂੰ ਬੁਲਾ ਘਲਿਆ ਪਰ ਉਹ ਗੁਰੂ ਜੀ ਦੇ ਸੱਦੇ ਤੇ ਵੀ ਨਾ ਗਏ। ਗੁਰੂ ਜੀ ਨੇ ਫਿਰ ਇੱਕ ਆਦਮੀ ਉਚੇਚਾ ਘਲਿਆ ਕਿ ਉਨ੍ਹਾਂ ਨੂੰ ਕਹੋ ਦੇਰ ਨਾ ਲਾਉਣ, ਛੇਤੀ ਸਾਡੇ ਪਾਸ ਆ ਜਾਣ। ਜਿੰਨੇ ਗੁਰੂ ਜੀ ਨੀਂਵੇ ਹੋਣ ਉਹ ਅੱਗੋਂ ਆਕੜਨ ਲੱਗ ਪਏ। ਉਹ ਕਹਿਣ ਲੱਗੇ: “ਗੁਰੂ ਜੀ ਸਾਡੀ ਕਦਰ ਨਹੀਂ ਜਾਣਦੇ, ਸਾਡੇ ਬਿਨਾਂ ਉਨ੍ਹਾਂ ਦੇ ਦਰਬਾਰ ਵਿੱਚ ਕੋਈ ਰੋਣਕ ਨਹੀਂ ਹੋਵੇਗੀ। ਗੁਰੂ ਨਾਨਕ ਦੇਵ ਦੇ ਦਰਬਾਰ ਨੂੰ ਵੀ ਮਰਦਾਨੇ ਦੇ ਕੀਰਤਨ ਬਾਝੋਂ ਕੋਈ ਨਾ ਜਾਣਦਾ। “ ਗੁਰੂ ਜੀ ਬਲਵੰਡ ਅਤੇ ਸੱਤੇ ਰਬਾਬੀਆਂ ਦੀ ਅਕ੍ਰਿਤਘਣਤਾ ਨੂੰ ਸਹਾਰ ਸਕਦੇ ਸਨ, ਭਾਵੇਂ ਸਭ ਕੁੱਝ ਉਨ੍ਹਾਂ ਪਾਸ ਗੁਰੂ ਜੀ ਦਾ ਦਿੱਤਾ ਹੋਇਆ ਸੀ, ਪਰ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਦੀ ਹੋਈ ਨਿਰਾਦਰੀ ਨੂੰ ਨਹੀਂ ਸੀ ਸਹਿ ਸਕਦੇ। ਗੁਰੂ ਜੀ ਨੇ ਉਨ੍ਹਾਂ ਨੂੰ ਸਰਾਪ ਦਿੱਤਾ ਕਿ: “ਇਨ੍ਹਾਂ ਦੇ ਪੁੱਤਰ ਪੋਤਰੇ ਦਰ-ਬ-ਦਰ ਅਨਾਥ ਫਿਰਨਗੇ ਅਤੇ ਉਨ੍ਹਾਂ ਦੀ ਕੋਈ ਬਾਤ ਨਹੀਂ ਪੁੱਛੇਗਾ। “ ਕੀਰਤਨ ਕਰਨ ਦਾ ਕੰਮ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਸੌਪਿਆ। ਭਲੇ ਕੰਮ ਲਈ ਪ੍ਰੇਮੀ ਨਿਕਲ ਹੀ ਪੈਂਦੇ ਹਨ। ਭਾਈ ਰਾਮੂ, ਭਾਈ ਦੀਪਾ, ਭਾਈ ਉਗਰਸੈਨ ਅਤੇ ਭਾਈ ਨਗੌਰੀ ਡੱਲੇ ਤੋਂ ਆਪਣੇ ਨਾਲ ਸਰੰਦੇ ਅਤੇ ਛੇਣੇ ਲੈ ਕੇ ਆਏ ਅਤੇ ਉਨ੍ਹਾਂ, ਨਸ਼ੁਕਰੇ ਬਲਵੰਡ ਅਤੇ ਸੱਤੇ ਦੀ ਥਾਂ ਸੰਭਾਲੀ। ਰਾਗ ਅਤੇ ਪ੍ਰੇਮ ਦੀ ਬਰਖਾ ਹੋਣ ਲੱਗ ਪਈ ਤੇ ਸੰਗਤਾਂ ਨਿਹਾਲ ਹੋਈਆਂ। ਬਲਵੰਡ ਅਤੇ ਸੱਤਾ ਘਰ ਜਾ ਕੇ ਗੁਰਬਾਣੀ ਦਾ ਕੀਰਤਨ ਕਰਦੇ ਰਹੇ ਤਾਂ ਕਿ ਗੁਰੂ ਜੀ ਵਲੋਂ ਹਟ ਕੇ ਸਿੱਖ ਸਾਡੇ ਵੱਲ ਆ ਜਾਣ, ਪਰ ਉਨ੍ਹਾਂ ਪਾਸ ਨਾ ਜਾਵੇ ਤੇ ਨਾ ਹੀ ਉਨ੍ਹਾਂ ਦਾ ਕੋਈ ਰਾਗ ਸੁਣੇ, ਨਾ ਹੁਣ ਉਨ੍ਹਾਂ ਪਾਸ ਅੰਨ ਸੀ ਤੇ ਨਾ ਹੀ ਅੰਨ ਖਰੀਦਣ ਲਈ ਪੈਸੇ ਸਨ।

ਉਹ ਹੁਣ ਆਪਣੀ ਗੁਸਤਾਖੀ ਅਤੇ ਮੂਰਖਤਾ ਉੱਤੇ ਪਛਤਾਉਣ ਲੱਗੇ। ਉਹ ਕੁੱਝ ਕੁ ਉਨ੍ਹਾਂ ਸਿੱਖਾਂ ਨੂੰ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਆਸ ਸੀ ਕਿ ਉਹ ਉਹਨਾਂ ਅਤੇ ਗੁਰੂ ਜੀ ਵਿੱਚ ਵਿਚੋਲੇ ਦਾ ਕੰਮ ਕਰਨਗੇ, ਕਹਿਣ ਲੱਗੇ ਕਿ ਅਸੀਂ ਆਪਣੇ ਕੰਮ ਤੇ ਮੁੜ ਆਉਂਦੇ ਹਾਂ ਜੇਕਰ ਸਾਨੂੰ ਰੋਟੀ ਕੱਪੜਾ ਹੀ ਮਜ਼ਦੂਰੀ ਮਿਲ ਜਾਵੇ। ਸਿਖਾਂ ਨੇ ਇਹ ਗੱਲ ਗੁਰੂ ਜੀ ਨੂੰ ਦੱਸੀ ਪਰ ਗੁਰੂ ਜੀ ਨੇ ਉਨ੍ਹਾਂ ਸਿੱਖਾਂ ਨੂੰ ਕਰੜਾਈ ਨਾਲ ਕਿਹਾ ਕਿ ਸਾਡੇ ਪਾਸ ਉਨ੍ਹਾਂ ਆਦਮੀਆਂ ਬਾਰੇ ਕੁੱਝ ਨਾ ਕਰੋ, ਜਿਨ੍ਹਾਂ ਨੇ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਨਿਰਾਦਰੀ ਕੀਤੀ ਹੈ। ਗੁਰੂ ਜੀ ਨੇ ਹੁਕਮ ਕੀਤਾ ਕਿ ਜੇਕਰ ਕੋਈ ਬਲਵੰਡ ਤੇ ਸੱਤੇ ਦੀ ਸਾਡੇ ਅੱਗੇ ਆ ਕੇ ਸਿਫਾਰਸ਼ ਕਰੇਗਾ, ਅਸੀਂ ਉਸਦਾ ਮੂੰਹ ਕਾਲਾ ਕਰਕੇ ਖੋਤੇ ਤੇ ਚੜ੍ਹਾ ਕੇ ਫੇਰਾਂਗੇ। (ਨੋਟ: ਅਸਲ ਲਿਖਤ ਇਸ ਤਰ੍ਹਾਂ ਹੈ: He said he would have the beard and moustaches of any one who again spoke in their favour cut off and his face blackened, and he would then have him mounted on a donkey and led in disgrace through the city.)

ਇਸ ਦੇ ਦੋ ਮਹੀਨੇ ਮਗਰੋਂ ਬਲਵੰਡ ਅਤੇ ਸੱਤਾ ਇੱਕ ਭਾਈ ਲੱਧਾ ਜੀ ਨੂੰ ਲਾਹੌਰ ਮਿਲਣ ਗਏ। ਉਨ੍ਹਾਂ ਨੂੰ ਪਤਾ ਸੀ ਕਿ ਭਾਈ ਲੱਧਾ ਜੀ ਦਾ ਬੜਾ ਰਸੂਖ ਹੈ। ਉਨ੍ਹਾਂ ਨੇ ਭਾਈ ਲੱਧਾ ਜੀ ਨੂੰ ਗੁਰੂ ਜੀ ਨਾਲ ਆਪਣੇ ਝਗੜੇ ਸਬੰਧੀ ਸਭ ਹਾਲ ਦੱਸੇ ਅਤੇ ਪ੍ਰਾਰਥਨਾ ਕੀਤੀ ਕਿ ਵਿੱਚ ਪੈ ਕੇ ਗੁਰੂ ਜੀ ਅੱਗੇ ਬੇਨਤੀ ਕਰੋ। ਭਾਈ ਲੱਧਾ ਜੀ ਨੇ ਸੋਚਿਆ: “ਇਹ ਭਲਾ ਕਰਨ ਦਾ ਮੌਕਾ ਹੈ। ਇਹ ਦੌਲਤ ਸਦਾ ਨਹੀਂ ਰਹਿਣੀ। ਜਿਹੜਾ ਕੋਈ ਭਲਾ ਕੰਮ ਕਰਦਾ ਹੈ ਕੇਵਲ ਉਹ ਹੀ ਲਾਹਾ ਲੈਂਦਾ ਹੈ। “ ਭਾਈ ਲੱਧਾ ਜੀ ਨੇ ਬਲਵੰਡ ਅਤੇ ਸੱਤੇ ਨੂੰ ਪਹਿਲਾਂ ਭੇਜ ਦਿੱਤਾ, ਫਿਰ ਆਪ ਆਪਣਾ ਮੂੰਹ ਕਾਲਾ ਕਰ ਖੋਤੇ ਉੱਤੇ ਸੁਆਰੀ ਕਰ ਲਈ ਅਤੇ ਮੂੰਹ ਉਸ ਦੀ ਪੂਛ ਵਾਲੇ ਪਾਸੇ ਕੀਤਾ। ਖਡੂਰ ਸਾਹਿਬ ਦੇ ਆਲੇ-ਦੁਆਲੇ ਫਿਰਿਆ ਅਤੇ ਅੰਤ ਨੂੰ ਗੁਰੂ ਜੀ ਦੀ ਹਜ਼ੂਰੀ ਵਿੱਚ ਪੁੱਜਾ। ਗੁਰੂ ਜੀ ਨੇ ਉਸ ਪਾਸੋਂ ਪੁੱਛਿਆ ਕਿ ਇਹ ਕੀ ਰੂਪ ਧਾਰਿਆ ਹੈ? ਭਾਈ ਲੱਧਾ ਜੀ ਨੇ ਉੱਤਰ ਦਿੱਤਾ: “ਮਹਾਰਾਜ, ਮੈਂ ਕੇਵਲ ਆਪ ਦਾ ਹੁਕਮ ਮੰਨਿਆ ਹੈ। “ ਭਾਈ ਲੱਧਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਨ੍ਹਾਂ ਰਬਾਬੀਆਂ ਨੂੰ ਬਖਸ਼ ਦਿਓ, ਅਤੇ ਫਿਰ ਕੀਰਤਨ ਦੀ ਸੇਵਾ ਬਖਸ਼ੋ। ਭਾਈ ਲੱਧਾ ਜੀ ਨੇ ਫਿਰ ਬੇਨਤੀ ਕੀਤੀ: “ਸਿੱਖ ਭੁਲਦੇ ਹਨ ਪਰ ਗੁਰੂ ਬਖਸ਼ ਕੇ ਟੁੱਟੀ ਗੰਢ ਸਕਦਾ ਹੈ। “ ਗੁਰੂ ਜੀ ਨੇ ਭਾਈ ਲੱਧਾ ਜੀ ਦੀ ਬੇਨਤੀ ਕਬੂਲ ਕਰ ਲਈ ਅਤੇ ਉਸ ਦੀ ਕੁਰਬਾਨੀ ਦੀ ਬੜੀ ਸ਼ਲਾਘਾ ਕੀਤੀ। ਗੁਰੂ ਜੀ ਨੇ ਇਸ ਸਮੇਂ ਪਰਉਪਕਾਰੀ ਦੇ ਗੁਣਾਂ ਤੇ ਵਿਸਥਾਰ ਸਹਿਤ ਇਉਂ ਉਪਦੇਸ਼ ਕੀਤਾ-

ਸਭ ਤੋਂ ਚੰਗੀ ਭਗਤੀ ਸੱਚੇ ਨਾਮ ਦੀ ਯਾਦ ਹੈ। ਸਭ ਤੋਂ ਚੰਗਾ ਕਰਮ ਪਰਉਪਕਾਰ ਹੈ। ਇਨ੍ਹਾਂ ਦੋਹਾਂ ਤੋਂ ਬਿਨਾਂ ਆਦਮੀ ਦਾ ਮਨੁੱਖੀ ਜਨਮ ਧ੍ਰਿਗ ਹੈ, ਜੋ ਆਦਮੀ ਐਵੇਂ ਹੀ ਵਧਦਾ ਹੈ, (ਨੋਟ: ਅਸਲ ਲਿਖਤ ਇਉਂ ਹੈ: ‘The best devotion is the remembrance of the True Name; the best act is philanthropy; without both of these accursed is man’s human birth.) ਅਤੇ ਜੋ ਗੱਲ ਉਸਦੇ ਲਈ ਸਭ ਤੋਂ ਚੰਗੀ ਹੈ ਉਸਦੇ ਵੱਲ ਧਿਆਨ ਨਹੀਂ ਦੇਂਦਾ, ਉਹ ਬਿਨਾਂ ਪੂਛ ਅਤੇ ਸਿੰਗ ਦੇ ਇੱਕ ਪਸ਼ੂ ਹੈ ਤੇ ਉਸਦਾ ਸੰਸਾਰ ਵਿੱਚ ਆਉਣਾ ਨਿਸਫਲ ਹੈ। ਅੰਤ ਸਮੇਂ ਜਮਦੂਤ ਉਸ ਨੂੰ ਡਾਢਾ ਫਾਹੁਣਗੇ ਅਤੇ ਉਹ ਖਾਲੀ ਹੱਥੀਂ ਰੋਂਦਾ ਜਾਏਗਾ। ਪੁੰਨ, ਦਾਨ, ਤਪ, ਅਤੇ ਬਲੀਦਾਨ ਪਰਉਪਕਾਰ ਦੇ ਬਰਾਬਰ ਨਹੀਂ। ਅਨੇਕਾਂ ਪਾਪ ਜੋ ਆਦਮੀ ਕਰਦਾ ਹੈ, ਉਨ੍ਹਾਂ ਵਿਚੋਂ ਅਪਸਵਾਰਥ ਤੋਂ ਵੱਧ ਕੋਈ ਵੀ ਭੈੜਾ ਨਹੀਂ। “

ਬਲਵੰਡ ਅਤੇ ਸੱਤਾ ਗੁਰੂ ਜੀ ਦੇ ਚਰਨਾਂ ਉੱਤੇ ਢਹਿ ਪਏ, ਪਰ ਉਹ ਇੰਨੇ ਸ਼ਰਮਿੰਦੇ ਸਨ ਕਿ ਆਪਣੀਆਂ ਅੱਖਾਂ ਉਠਾ ਕੇ ਗੁਰੂ ਜੀ ਦੇ ਨੇਤਰਾਂ ਵੱਲ ਨਹੀਂ ਕਰ ਸਕਦੇ ਸਨ। ਗੁਰੂ ਜੀ ਨੇ ਉਨ੍ਹਾਂ ਦੇ ਹੱਥਾਂ ਵਿੱਚ ਰਬਾਬ ਦਿੱਤੀ ਅਤੇ ਹੁਕਮ ਕੀਤਾ ਕਿ ਉਨ੍ਹਾਂ ਹੀ ਮੂੰਹਾਂ ਅਤੇ ਉਨ੍ਹਾਂ ਹੀ ਸਾਜਾਂ ਨਾਲ ਗੁਰੂ ਨਾਨਕ ਦੇਵ ਜੀ ਦੀ ਉਸਤਤੀ ਗਾਵੋ, ਜਿਨ੍ਹਾਂ ਨਾਲ ਤੁਸਾਂ ਕੁਬਚਨ ਬੋਲੇ ਸਨ। ਤਦ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਉਸਤਤ ਵਿੱਚ ਰਾਮਕਲੀ ਦੇ ਵਾਰ ਵਿੱਚ ਪੰਜ ਪਉੜੀਆਂ ਬਣਾ ਕੇ ਗਾਵੀਆਂ। ਇਨ੍ਹਾਂ ਪੰਜ ਪਉੜੀਆਂ ਨੂੰ ਤਿੰਨ ਹੋਰ ਪਉੜੀਆਂ ਨਾਲ ਪੂਰਾ ਕਰਕੇ ਗੁਰੂ ਅਰਜਨ ਦੇਵ ਜੀ ਨੇ ਮਗਰੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੜ੍ਹਾਇਆ। ਸਿੱਖਾਂ ਵਿੱਚ ਇਹ ਰਚਨਾ “ਟਿੱਕੇ ਦੀ ਵਾਰ” ਕਰਕੇ ਪ੍ਰਸਿੱਧ ਹੈ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਸਬੰਧੀ ਪਉੜੀਆਂ ਇਹ ਹਨ-

ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ-

ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ।। ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ।। ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ।। … ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ।। ੫।।

ਆਪ ਭਾਈ ਮਰਦਾਨਾ ਜੀ ਦੇ ਅਕਾਲ-ਚਲਾਣੇ ਉਪਰੰਤ ਗੁਰੂ ਨਾਨਕ ਸਾਹਿਬ ਵਲੋਂ ਭਾਈ ਸ਼ਾਹਜ਼ਾਦੇ ਰਬਾਬੀ ਨੂੰ ਕੀਰਤਨ ਕਰਨ ਦੀ ਸੇਵਾ ਸੌਂਪਣ ਦਾ ਵਰਣਨ ਕਰਦੇ ਹਨ। ਆਪ ਜੀ ਅਨੁਸਾਰ ਭਾਈ ਸ਼ਾਹਜ਼ਾਦਾ ਭਾਈ ਮਰਦਾਨਾ ਜੀ ਦਾ ਸਪੁੱਤਰ ਸੀ। ਆਪ ਲਿਖਦੇ ਹਨ: “ਸ਼ਾਹਜ਼ਾਦੇ ਨੂੰ ਗੁਰੂ ਜੀ ਨੇ ਕਿਹਾ ਕਿ ਤੂੰ ਸਾਡੇ ਕੋਲ ਆਪਣੇ ਪਿਤਾ ਜੀ ਦੀ ਥਾਂ ਤੇ ਆ ਕੇ ਉਸੇ ਤਰ੍ਹਾਂ ਰਹੋ ਅਤੇ ਫੇਰ ਤੇਰਾ ਵੀ ਉਨ੍ਹਾਂ ਹੀ ਆਦਰਮਾਨ ਹੋਵੇਗਾ। ਰਬਾਬੀ ਸ਼ਾਹਜ਼ਾਦੇ ਨੇ ਗੁਰੂ ਜੀ ਦਾ ਹੁਕਮ ਮੰਨਿਆ ਅਤੇ ਗੁਰੂ ਜੀ ਦੇ ਅਕਾਲ-ਚਲਾਣੇ ਤੱਕ ਉਨ੍ਹਾਂ ਦਾ ਸੱਚਾ ਸੇਵਕ ਬਣ ਕੇ ਸਾਥ ਦਿੱਤਾ। “

ਮੈਕਾਲਿਫ ਹੁਰੀਂ ਗੁਰੂ ਅੰਗਦ ਸਾਹਿਬ ਦੇ ਨਿਤ ਦੇ ਕਰਮ ਦਾ ਵਰਣਨ ਕਰਦਿਆਂ ਜਿੱਥੇ ਸਬ੍ਹਾ ਰਬਾਬੀਆਂ ਵਲੋਂ ਆਸਾ ਕੀ ਵਾਰ ਦੇ ਕੀਰਤਨ ਦਾ ਵਰਣਨ ਕਰਦੇ ਹਨ ਉੱਥੇ ਸ਼ਾਮ ਦੇ ਨੇਮ ਦਾ ਵਰਣਨ ਕਰਦਿਆਂ ਲਿਖਦੇ ਹਨ:

“ਇਸ ਤੋਂ ਉਪਰੰਤ ਗੁਰੂ ਜੀ ਦੀਵਾਨ ਲਾਂਦੇ ਜਿਸ ਵਿੱਚ ਉਸ ਵੇਲੇ ਦੇ ਦੋ ਮਸ਼ਹੂਰ ਰਬਾਬੀ ਸੱਤਾ ਤੇ ਬਲਵੰਡ ਆਪਣੇ ਸੁਰ ਤੇ ਸਾਜ਼ਾ ਨਾਲ ਸੰਗਤਾ ਨੂੰ ਨਿਹਾਲ ਕਰਦੇ। “

ਇਸ ਦੀ ਵਾਰ ਦੀ ਛੇਵੀਂ ਪਉੜੀ ਸਬੰਧੀ ਮੈਕਾਲਿਫ ਹੁਰੀਂ ਲਿਖਦੇ ਹਨ ਕਿ ਇਹ ਪਉੜੀ ਭਾਈ ਸੱਤਾ ਜੀ ਨੇ ਗੁਰੂ ਅਮਰਦਾਸ ਜੀ ਦੀ ਨਿਤ ਦੀ ਕ੍ਰਿਆ ਅਥਵਾ ਉਦਾਰਤਾ ਦੇਖ ਕੇ ਉਚਾਰਣ ਕੀਤੀ ਸੀ। ਆਪ ਦੇ ਸ਼ਬਦਾਂ ਵਿਚ:

“ਗੁਰੂ ਅਮਰਦਾਸ ਜੀ ਦੀ ਉਦਾਰਤਾ ਵੇਖ ਕੇ ਰਬਾਬੀ ਸੱਤੇ ਨੇ ਹੇਠ ਲਿਖੀ ਟਿੱਕੇ ਦੀ ਵਾਰ ਦੀ ਵਾਰ ਦੀ ਛੇਵੀਂ ਪੌੜੀ ਰਚੀ” ਰਾਗ ਰਾਮਕਲੀ ਕੀ ਵਾਰ

ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ। . . ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ।। ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ।। ੬।।

ਸਤਵੀਂ ਪਉੜੀ ਬਾਰੇ ਮੈਕਾਲਿਫ ਹੁਰੀਂ ਲਿਖਦੇ ਹਨ:

ਸੱਤੇ ਰਬਾਬੀ ਨੇ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਤੇ ਬੈਠਣ ਸਮੇਂ ਪਿੱਛੇ ਦੱਸੀ ‘ਟਿਕੇ ਦੀ ਵਾਰ` ਦੀ ਸਤਵੀਂ ਪਉੜੀ ਉਨ੍ਹਾਂ ਨੂੰ ਸਮਰਪਣ ਕੀਤੀ। ਇਹ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਅਤੇ ਪ੍ਰਸਿੱਧ ਹੈ ਕਿ ਸਤੇ ਬਲਵੰਡ ਦੋਹਾਂ ਦੀ ਸਾਂਝੀ ਰਚਨਾ ਹੈ।

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।। . . ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ।। ਗੁਰੁ ਡਿਠਾ ਤਾਂ ਮਨੁ ਸਾਧਾਰਿਆ।। ੭।।

ਵਾਰ ਦੀ ਅੱਠਵੀਂ ਪਉੜੀ ਸਬੰਧੀ ਮੈਕਾਲਿਫ ਹੁਰੀਂ ਲਿਖਦੇ ਹਨ ਕਿ ਇਹ ਪਉੜੀ ਸੱਤਾ ਜੀ ਨੇ ਗੁਰੂ ਅਰਜਨ ਸਾਹਿਬ ਦੀ ਉਸਤਤ ਵਿੱਚ ਉਚਾਰ ਕੇ ਇਸ ਵਾਰ ਨੂੰ ਸੰਪੂਰਨ ਕੀਤਾ ਸੀ। ਆਪ ਜੀ ਦੇ ਸ਼ਬਦਾਂ ਵਿਚ:

“ਸੱਤਾ ਰਬਾਬੀ ਵੀ ਗੁਰੂ ਜੀ ਪਾਸ ਆਇਆ ਜਿਸ ਨੇ ਗੁਰੂ ਰਾਮਦਾਸ ਜੀ ਦੇ ਆ ਕੇ ਦਰਸ਼ਨ ਕੀਤੇ ਸਨ ਅਤੇ ਬਲਵੰਡ ਦੀ ਆਰੰਭ ਕੀਤੀ ਹੋਈ ਲੰਮੀ ਵਾਰ ਨੂੰ ਉਸ ਨੇ ਗੁਰੂ ਅਰਜਨ ਦੇਵ ਜੀ ਦੀ ਉਸਤਤ ਵਿੱਚ ਹੇਠ ਲਿਖੀ ਪਉੜੀ ਉਚਾਰਕੇ ਸੰਪੂਰਨ ਕੀਤਾ-

ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ। . . ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ।। ੮।।

ਨੋਟ: ਉਪਰੋਕਤ ਬਿਰਤਾਂਤ ਅਸੀਂ ‘ਸਿੱਖ ਇਤਿਹਾਸ` ਭਾਗ ਪਹਿਲਾ ਅਤੇ ਦੂਜਾ ਵਿਚੋਂ ਲਿਆ ਹੈ। ਅਜੈਬ ਸਿੰਘ ਜੀ ਨੇ ਇਸ ਦਾ ਟ੍ਰਾਂਰਸਲਸ਼ੇਨ ਕੀਤਾ ਹੋਇਆ ਹੈ ਅਤੇ ਡਾਕਟਰ ਜੀ. ਐਸ. ਔਲਖ ਹੁਰਾਂ ਨੇ ਇਸ ਨੂੰ ਰਿਵਾਇਜ਼ ਕੀਤਾ ਹੋਇਆ ਹੈ। ਬਰੈਕਟਾਂ ਵਿੱਚ ਲਿਖੇ ਸ਼ਬਦ ਅਸੀਂ ਆਪਣੇ ਵਲੋਂ ਲਿਖੇ ਹੋਏ ਹਨ।

ਮੈਕਾਲਿਫ ਹੁਰਾਂ ਨੇ ਫੁਟ ਨੋਟ ਵਿੱਚ ਲਿਖਿਆ ਹੈ:

੧. ਉਪਰਲਾ ਬਿਰਤਾਂਤ ਭਾਈ ਧਿਆਨ ਸਿੰਘ ਗਿਆਨੀ, ਜੋ ਕਿ ਭਾਈ ਸਰਦੂਲ ਸਿੰਘ ਗਿਆਨੀ ਦੇ ਵਡੇਰੇ ਸਨ (grand uncle) , ਦੇ ਹਵਾਲੇ ਤੋਂ ਲਿਆ ਗਿਆ ਹੈ।

ਭਾਈ ਸੰਤੋਖ ਸਿੰਘ ਜੀ ਦਾ ਕਥਨ ਹੈ ਕਿ ਇਹ ਰਚਨਾਂ ਗੁਰੂ ਅਰਜਨ ਸਾਹਿਬ ਦੇ ਸਮੇਂ ਲਿਖੀ ਗਈ ਸੀ। ਇਸ ਦੀ ਕੁਛ ਕੁ ਪ੍ਰੋੜ੍ਹਤਾ ਭਾਈ ਗੁਰਦਾਸ ਜੀ ਵੀ ਕਰਦੇ ਹਨ। ਉਹ ਇਸ ਦਾ ਸ਼੍ਰੋਤ ਭਾਈ ਲੱਧਾ ਪਰਉਪਕਾਰੀ ਨੂੰ ਮੰਨਦੇ ਹਨ, ਜਿਨ੍ਹਾਂ ਨੇ ਬਲਵੰਡ ਅਤੇ ਸੱਤੇ ਦੀ ਵਿਚੋਲਗੀ ਗੁਰੂ ਅੰਗਦ ਸਾਹਿਬ ਕੋਲ ਕੀਤੀ ਸੀ। ਭਾਈ ਲੱਧਾ ਜੀ ਗੁਰੂ ਅਰਜਨ ਸਾਹਿਬ ਦੇ ਸਮੇਂ ਮੌਜੂਦ ਸਨ। ਇਸ ਤੋਂ ਇਹ ਨਹੀਂ ਮੰਨਿਆ ਜਾ ਸਕਦਾ ਕਿ ਭਾਈ ਲੱਧਾ ਗੁਰੂ ਅੰਗਦ ਸਾਹਿਬ ਦੇ ਸਮੇਂ ਵਿੱਚ ਨਹੀਂ ਸਨ। ਇਸ ਰਚਨਾ ਨੂੰ ਗਹੁ ਨਾਲ ਘੋਖਿਆਂ ਪਤਾ ਚਲਦਾ ਹੈ ਕਿ ਇਹ ਘਟਨਾਂ ਗੁਰੂ ਅਰਜਨ ਸਾਹਿਬ ਦੇ ਸਮੇਂ ਵਿੱਚ ਨਹੀਂ ਸੀ ਵਾਪਰੀ। ਇਹ ਰਚਨਾਂ ਬਲਵੰਡ ਰਬਾਬੀ ਨੇ ਗੁਰੂ ਅੰਗਦ ਸਾਹਿਬ ਨਾਲ ਸੁਲ੍ਹਾ ਕਰਨ ਲਈ ਲਿਖੀ ਸੀ। ਸੱਤੇ ਨੇ ਬਾਅਦ ਵਿੱਚ ਤਿੰਨ ਪੌੜੀਆਂ ਗੁਰੂ ਅਰਜਨ ਸਾਹਿਬ ਦੇ ਸਮੇਂ ਵਿੱਚ ਉਨ੍ਹਾਂ ਦੀ ਪ੍ਰਸੰਸਾ ਵਿੱਚ ਲਿਖੀਆਂ। ਹੋਰ ਤਿੰਨ ਪਉੜੀਆਂ ਸ਼ਾਮਲ ਕਰਨ ਦਾ ਮੁੱਖ ਮੰਤਵ ਇਹ ਸੀ ਕਿ ਗੁਰੂ ਅਰਜਨ ਦੇਵ ਜੀ ਤੱਕ ਸਾਰੇ ਗੁਰੂ ਸਾਹਿਬਾਨ ਦੀ ਉਸਤਤ ਵਿੱਚ ਇਹ ਰਚਨਾ ਸੰਪੂਰਨ ਕੀਤੀ ਜਾਵੇ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਨ ਦਾ ਮਾਣ ਪ੍ਰਾਪਤ ਹੋ ਸਕੇ।
.