.

ਮਨੁੱਖੀ ਹੱਕਾਂ ਸੰਬੰਧੀ ਕੌਣ ਦਹਿਸ਼ਤਗਰਦ?
ਰਾਮ ਸਿੰਘ, ਗ੍ਰੇਵਜ਼ੈਂਡ

ਮਨੁੱਖ ਨੂੰ ਪ੍ਰਮਾਤਮਾ ਵਲੋਂ ਬਖਸ਼ੇ ਬੜੇ ਕੀਮਤੀ ਦਿਮਾਗ ਨੇ ਜਿੱਥੇ ਦੁਨੀਆਂ ਨੂੰ ਸਵਰਗ ਬਨਾਉਣ ਤੇ ਅਮਨ ਸ਼ਾਂਤੀ ਨਾਲ ਰਹਿਣ ਲਈ ਬੜਾ ਕੁੱਛ ਕੀਤਾ ਉੱਥੇ ਇਸੇ ਦਿਮਾਗ ਨੇ ਇੱਕ ਹੋਰ ਸ਼ਕਲ ਵਿੱਚ ਹੋ ਕੇ ਦੁਨੀਆਂ ਨੂੰ ਨਰਕ ਬਨਾਉਣ ਵਿੱਚ ਵੀ ਬਹੁਤ ਬੜਾ ਹਿੱਸਾ ਪਾਇਆ। ਇੱਥੇ ਸਿਰਫ ਦੁਨੀਆਂ ਨੂੰ ਨਰਕ ਬਨਾਉਣ ਵਾਲਿਆਂ ਸੰਬੰਧੀ ਹੀ ਵਿਚਾਰ ਕੀਤੀ ਜਾਵੇਗੀ।
ਜਦ ਮਨੁੱਖ ਦੇ ਹੱਥ ਤਾਕਤ ਆਈ, ਭਾਵ ਉਸ ਨੂੰ ਹੁਕਮਰਾਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਉਸ ਨੇ ਸਾਥੀਆਂ ਸਮੇਤ ਇਹ ਸਮਝਿਆ ਕਿ ਜੋ ਉਹ ਕਰਦੇ ਹਨ ਜਾ ਕਰਨਗੇ ਉਹ ਸੱਭ ਠੀਕ ਹੀ ਹੈ, ਭਾਵੇਂ ਬਹੁਤ ਸਾਰੇ ਲੋਕਾਂ ਜਾ ਕਿਸੇ ਇੱਕ ਜਾਂ ਕੁੱਛ ਗੁੱਟਾਂ ਦੇ ਹੱਕਾਂ ਦੇ ਵਿਰੁੱਧ ਹੀ ਹੋਵੇ, ਜਿੱਸ ਬਾਰੇ ਉਹ ਸੋਚਣ ਦੀ ਪ੍ਰਵਾਹ ਹੀ ਨਹੀਂ ਕਰਦੇ। ਦੂਸਰੇ, ਜਦ ਕਿਸੇ ਮਨੁੱਖੀ ਗੁੱਟ ਨੇ ਜ਼ੋਰ, ਜ਼ੁਲਮ ਦੁਆਰਾ ਕਿਸੇ ਦੂਸਰੇ ਦੇਸ ਜਾਂ ਦੂਸਰੀ ਕੌਮ ਤੇ ਕਬਜ਼ਾ ਕਰ ਲਿਆ ਹੋਵੇ ਤਾਂ ਉੱਸ ਦੇਸ ਜਾਂ ਕੌਮ ਨੂੰ ਅਧੀਨ ਰੱਖਣ ਲਈ ਆਪਣੇ ਅਸੂਲਾਂ ਤੇ ਕਾਨੂੰਨ ਅਨੁਸਾਰ ਚੱਲਣ ਲਈ ਮਜਬੂਰ ਕੀਤਾ ਗਿਆ ਤੇ ਕੀਤਾ ਜਾਂਦਾ ਹੈ। ਮਿਸਾਲ ਵਜੋਂ ਜਦ ਮੁਗਲਾਂ ਨੇ ਹਿੰਦੋਸਤਾਨ ਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਨੇ ਜਿਨ੍ਹਾਂ ਅਸੂਲਾਂ ਤੇ ਕਾਂਨੂੰਨ ਅਨੁਸਾਰ ਹਿੰਦੋਸਤਾਨੀਆਂ ਨੂੰ ਚਲਾਉਣ ਲਈ ਮਜਬੂਰ ਕੀਤਾ ਉਸ ਬਾਰੇ ਸੱਭ ਜਾਣਦੇ ਹਨ। ਸੱਭ ਤੋਂ ਬੜੀ ਆਪਣੇ ਆਪਣੇ ਧਰਮ ਦੀ ਆਪਣੇ ਧਰਮ ਅਨੁਸਾਰ ਪੂਜਾ ਤੇ ਪਾਬੰਦੀ। ਇਸ ਦੇ ਖਿਲਾਫ ਆਵਾਜ਼ ਉਠਾਉਣ ਵਾਲਿਆਂ ਨੂੰ ਦਹਿਸ਼ਤਗਰਦ ਕਹਿ ਕੇ ਉਨ੍ਹਾਂ ਤੇ ਤਸੀਹਿਆਂ ਦੀ ਝੜੀ ਅਤੇ ਅੰਤ ਮੌਤ ਦੀ ਸਜ਼ਾ। ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦੁਰ ਅਤੇ ਹੋਰ ਬੇਅੰਤ ਸ਼ਹੀਦੀਆਂ ਇਸ ਦੀ ਗਵਾਹੀ ਭਰਦੀਆਂ ਹਨ।
ਪਰ ਇਹ ਵਾਤਾਵਰਨ ਪੈਦਾ ਕਰਨ, ਭਾਵ ਮਨੁੱਖੀ ਹੱਕਾਂ ਤੋਂ ਵਾਂਝੇ ਰੱਖ ਕੇ ਲੋਕਾਂ ਨੂੰ ਉਸ ਵਿਰੁੱਧ ਆਵਾਜ਼ ਉਠਾਉਣ, ਆਵਾਜ਼ ਨੂੰ ਬੰਦ ਕਰਨ ਲਈ ਕਤਲ-ਆਮ ਤੱਕ ਕਰਨਾ ਅਤੇ ਉਨ੍ਹਾਂ ਮਜ਼ਲੂਮਾਂ ਨੂੰ ਨਾ ਵੀ ਚਾਹੁੰਦੇ ਹੋਏ ਹਥਿਆਰ ਤੱਕ ਚੁੱਕਣ ਲਈ ਮਜਬੂਰ ਕਰਨਾ, ਕੀ ਜਿਨ੍ਹਾਂ ਦੇ ਹੱਕ ਖੋਹੇ ਗਏ ਹੋਣ ਉਹ ਕਸੂਰਵਾਰ ਹਨ ਜਾਂ ਹੱਕਾਂ ਤੇ ਛਾਪਾ ਮਾਰਨ ਵਾਲੇ? ਪਰ ਇਹ ਸਥਿੱਤੀ ਪਹਿਲਾਂ ਤੋਂ ਹੀ ਰਹੀ ਹੈ ਕਿ ਹੱਥ ਵਿੱਚ ਤਾਕਤ ਹੋਣ ਵਾਲੇ ਨੇ ਹੱਕ ਖੋਹਣ ਦੇ ਨਾਲ ਆਪਣੇ ਵਲੋਂ ਬਣਾਏ ਗਏ ਕਾਨੂੰਨ ਨੂੰ ਨਾ ਮੰਨਣ ਵਾਲਿਆਂ ਨੂੰ ਦਹਿਸ਼ਤਗਰਦ ਕਹਿ ਕੇ ਬੜੇ ਬੜੇ ਅਨਰਥ ਕੀਤੇ ਹਨ, ਜਿਨ੍ਹਾਂ ਬਾਰੇ ਇਤਿਹਾਸ ਭਰੇ ਪਏ ਹਨ। ਫਿਰ ਦਹਿਸ਼ਤਗਰਦ ਕੌਣ ਹੋਏ?
ਮੁਗਲਾਂ ਅਤੇ ਅੰਗ੍ਰੇਜ਼ਾਂ ਦਾ ਜ਼ਮਾਨਾਂ ਯਾਦ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਜ਼ਾਦੀ ਦੇ ਘੁਲਾਟੀਆਂ ਨੂੰ ਦਹਿਸ਼ਤਗਰਦ ਹੀ ਕਿਹਾ। ਇਸ ਵਿੱਚ ਦੇਸੀ ਬੰਦੇ ਵੀ ਆਪਣਾ ਹਿੱਸਾ ਪਾਉਂਦੇ ਰਹੇ ਹਨ। ਅੰਗ੍ਰੇਜ਼ਾਂ ਦਾ ਸਮਾਂ ਹੀ ਲਓ। ਆਜ਼ਾਦੀ ਦੇ ਘੁਲਾਟੀਏ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਸੁਭਾਸ਼ ਚੰਦਰ ਬੋਸ ਆਦਿ, ਜਿਨ੍ਹਾਂ ਨੂੰ ਅੰਗ੍ਰੇਜ਼ਾਂ ਨੇ ਤਾਂ ਦਹਿਸ਼ਤਗਰਦ ਕਿਹਾ ਹੀ, ਪਰ ਆਪੂੰ ਬਣੇ ਬਾਪੂ ਮਿਸਟਰ ਗਾਂਧੀ ਨੇ ਵੀ ਦਹਿਸ਼ਤਗਰਦ ਕਿਹਾ ਤੇ ਨਾਲ ਇਹ ਕਿਹਾ ਕਿ ਅੰਗ੍ਰੇਜ਼ਾਂ ਤੋਂ ਰਾਜ ਲੈ ਕੇ ਇਨ੍ਹਾਂ ਦੇ ਹੱਥ ਰਾਜ ਹੋਣਾਂ ਦਹਿਸ਼ਤਗਰਦਾਂ ਦੇ ਹੱਥ ਰਾਜ ਹੋਵੇਗਾ। ਮਿਸਟਰ ਗਾਂਧੀ ਅੰਗ੍ਰੇਜ਼ਾਂ ਦਾ ਕਿੱਨਾਂ ਹਿਤੂ ਸੀ, ਕੁੱਛ ਸਾਲ ਪਹਿਲਾਂ ਬੀ. ਬੀ. ਸੀ. ਵਲੋਂ ਦਿਖਾਈ ਫਿਲਮ
“Enemy of the Empire” ਵਿੱਚ ਸੁਭਾਸ਼ ਚੰਦਰ ਬੋਸ ਨੂੰ ਰਾਜ ਦਾ ਦੁਸ਼ਮਣ ਦਿਖਾਇਆ ਗਿਆ ਅਤੇ ਮਿਸਟਰ ਗਾਂਧੀ ਤੇ ਮਿਸਟਰ ਨਹਿਰੂ ਨੂੰ ਰਾਜ ਦੇ ਮਿੱਤਰ ਦਿਖਾਇਆ ਗਿਆ। ਆਜ਼ਾਦੀ ਦੇ ਘੁਲਾਟੀਏ ਆਮ ਬੰਦਿਆਂ ਭਾਵ ਸੱਭ ਦੇ ਹੱਕਾਂ ਬਾਰੇ ਜੂਝਦੇ ਹੁੰਦੇ ਹਨ, ਪਰ ਜਿਹੜੇ ਬਦੇਸੀ ਰਾਜ ਸਮੇਂ ਵੀ ਇਨ੍ਹਾਂ ਆਜ਼ਾਦੀ ਦੇ ਘੁਲਾਟੀਆਂ ਨੂੰ ਦਹਿਸ਼ਤਗਰਦ ਹੀ ਕਹਿੰਦੇ ਹੋਣ ਤਾਂ ਆਪਣੇ ਰਾਜ ਸਮੇਂ ਇਨ੍ਹਾਂ ਜਾਂ ਇਨ੍ਹਾਂ ਦੇ ਵਾਰਸਾਂ ਪਾਸੋਂ ਆਮ ਬੰਦੇ ਆਪਣੇ ਹੱਕਾਂ ਸੰਬੰਧੀ ਕੀ ਆਸ ਰੱਖ ਸਕਦੇ ਹਨ?
ਦੇਸ ਆਜ਼ਾਦ ਹੋ ਗਿਆ, ਪਰ ਕਰਤਾਰ ਸਿੰਘ ਸਰਾਭੇ, ਭਗਤ ਸਿੰਘ, ਸੁਭਾਸ਼ ਚੰਦਰ ਬੋਸ ਆਦਿ ਦੇ ਵਾਰਸਾਂ ਨੂੰ “ਘਿਓ ਵਿੱਚੋਂ ਵਾਲ ਬਾਹਰ ਕੱਢਣ” ਵਾਂਗ ਬਿਲਕੁੱਲ ਬਾਹਰ ਰੱਖਿਆ ਗਿਆ ਅਤੇ ਰਾਜ ਸੱਤਾ ਅੰਗ੍ਰੇਜ਼ਾਂ ਦੇ ਮਿੱਤਰ ਟੋਲੇ ਦੇ ਹੱਥ ਆ ਗਈ। ਲੋਕਾਂ ਨੂੰ ਚੁੱਪ ਰੱਖਣ ਲਈ, ਜਿਨ੍ਹਾਂ ਨੂੰ ਕਦੇ ਦਹਿਸ਼ਤਗਰਦ ਕਿਹਾ ਜਾਂਦਾ ਸੀ, ਇਨ੍ਹਾਂ ਸ਼ਹੀਦ ਹੋ ਚੁੱਕੇ ਅਸਲੀ ਦੇਸ਼ ਭਗਤਾਂ ਨੂੰ ਸ਼ਹੀਦ ਅਤੇ ਦੇਸ਼ ਭਗਤ ਕਰਕੇ ਤਾਂ ਅਪਨਾ ਲਿਆ ਪਰ ਉਨ੍ਹਾਂ ਦੇ ਕਾਰਨਾਮਿਆਂ ਤੇ ਚੱਲਣ ਵਾਲਿਆਂ (ਭਾਵ ਖੋਹੇ ਗਏ ਜਾਂ ਖੋਹੇ ਜਾਂਦੇ ਹੱਕਾਂ ਲਈ ਸੰਘਰਸ਼ ਕਰਨ ਵਾਲਿਆਂ) ਨੂੰ ਦਹਿਸ਼ਤਗਰਦ ਆਦਿ ਦੀਆਂ ਉਪਾਧੀਆਂ ਨਾਲ ਹੀ ਨਿਵਾਜ਼ਿਆ ਗਿਆ ਤੇ ਜਾ ਰਿਹਾ ਹੈ। ਲੋਕੀਂ ਸੰਘਰਸ਼ ਕਰਨ ਲਈ ਕਿਉਂ ਮਜਬੂਰ ਹੁੰਦੇ ਆ ਰਹੇ ਹਨ? ਕੇਂਦਰ ਸਮੇਤ ਪੰਜਾਬ ਸ੍ਰਕਾਰ ਵਲੋਂ ਅਸਲੀਅਤ ਨੂੰ ਜਾਣ ਬੁੱਝ ਕੇ ਅਨਗੌਲਿਆਂ ਕਰਕੇ ਸੰਘਰਸ਼ ਨੂੰ ਉਲਟਾ ਅਮਨ-ਸ਼ਾਂਤੀ ਭੰਗ ਕੀਤੇ ਜਾਣ ਦਾ ਫਤਵਾ ਦੇ ਕੇ ਲਾਠੀ-ਚਾਰਜ, ਗੋਲੀ ਦਾ ਨਿਸ਼ਾਨਾ ਅਤੇ ਘਰਾਂ ਤੋਂ ਚੁੱਕ ਚੁੱਕ ਕੇ ਨੌਜਵਾਨਾਂ ਨੂੰ ਫਰਜ਼ੀ ਪੁਲਸ ਮੁਕਾਬਲੇ ਬਣਾ ਬਣਾ ਕੇ ਸ਼ਹੀਦ ਕਰਨਾ ਲੋਕ-ਰਾਜ ਦਾ ਕਿਹੜਾ ਨਮੂਨਾ ਹੈ?
ਦਰਬਾਰ ਸਾਹਿਬ ਸਮੂਹ ਤੇ ਸਦਾਚਾਰ ਤੋਂ ਗਿਰ ਕੇ ਹਮਲਾ ਕਰਨ ਦੀ ਹੱਦ ਤੱਕ ਜਾਣ ਵਾਲੇ ਕੌਣ ਹਨ? ਪਹਿਲਾਂ, ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਇਕਰਾਰ ਤੇ ਬਚਨਾਂ ਤੋਂ ਬੇਸ਼ਰਮੀ ਦੀ ਹੱਦ ਟੱਪ ਕੇ ਮੁਕਰਨਾ, ਫਿਰ ਆਪੂੰ ਬਣਾਏ ਵਿਧਾਨ ਦੇ ਵਿਰੁੱਧ ਪੰਜਾਬ ਨਾਲ ਅਤਿ ਦਰਜੇ ਦਾ ਵਿਤਕਰਾ ਕਰਕੇ ਪੰਜਾਬ ਦੇ ਦਰਿਆਵਾਂ ਦਾ ਪਾਣੀ, ਬਿਜਲੀ ਅਤੇ ਪੰਜਾਬ ਦੇ ਪਿੰਡ ਉਜਾੜ ਕੇ ਬਣਾਈ ਪੰਜਾਬ ਦੀ ਰਾਜਧਾਨੀ, ਚੰਡੀਗੜ੍ਹ ਕੇਂਦਰ ਅਧੀਨ ਰੱਖਣਾ, ਫਸਲਾਂ ਦਾ ਮੁੱਲ ਕੇਂਦਰ ਵਲੋਂ ਨੀਯਤ ਕਰਨਾ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖ ਕੇ ਇਨ੍ਹਾਂ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲਈ ਮਜਬੂਰ ਕਰਨਾ, ਕੀ ਇਹ ਦਿਮਾਗ ਦੀ ਗਲਤ ਵਰਤੋਂ ਅਤੇ ਵਾਤਾਵਰਨ ਨੂੰ ਨਰਕ ਬਨਾਉਣ ਤੁੱਲ ਨਹੀਂ? ਦਹਿਸ਼ਤਗਰਦ ਕੌਣ ਹੋਏ, ਹੱਕ ਖੋਹਣ ਵਾਲੇ ਜਾਂ ਜਾਇਜ਼ ਹੱਕ ਮੰਗਣ ਵਾਲੇ? ਇੱਥੇ ਸਿਰਫ ਕੇਂਦਰ ਵਿੱਚ ਕਾਬਜ਼ ਲੋਕ ਹੀ ਪੰਜਾਬ ਨਾਲ ਵਿਤਕਰਾ ਕਰਨ ਵਾਲੇ ਨਹੀਂ, ਇਸ ਪਵਿੱਤਰ ਧਰਤੀ ਤੇ ਜੰਮਣ, ਪਲਣ, ਇੱਥੇ ਦਾ ਖਾ ਪੀ ਕੇ ਇੱਥੇ ਹੀ ਆਖਰੀ ਸਾਹ ਲੈਣ ਵਾਲੇ ਪੰਜਾਬ ਦੇ ਕਪੁੱਤਰ ਵੀ ਇਸ ਦਾਇਰੇ ਵਿੱਚ ਆਉਂਦੇ ਹਨ, ਜਿਨ੍ਹਾਂ (ਭਾਵ ਪੰਜਾਬ ਦੇ ਕਾਂਗਰਸੀ, ਕਮਿਉਨਿਸਟ, ਭਾਜਪਾ ਆਦਿ) ਨੇ ਕਦੇ ਵੀ ਪੰਜਾਬ ਦੇ ਹੱਕ ਪ੍ਰਾਪਤ ਕਰਨ ਲਈ ਆਪਣੀ ਜ਼ਬਾਨ ਤੱਕ ਵੀ ਖੋਲੀ ਹੋਵੇ। ਸਗੋਂ ਪੰਜਾਬ ਵਿੱਚ ਲੰਬੇ ਸਮੇਂ ਲਈ ਵਰਤਣ ਵਾਲੇ ਘੱਲੂਘਾਰੇ ਲਈ ਉੱਨੇ ਹੀ ਜ਼ੁੰਮੇਵਾਰ ਹਨ। ਪੰਜਾਬ ਹਿਊਮਨ ਰਾਈਟਸ ਗਰੁੱਪ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ ਜੀ ਦੇ ਅੱਜ ਤੋਂ ਬਾਰਾਂ ਸਾਲ ਪਹਿਲੇ ਕਹੇ ਸੱਚੇ ਸੱਚੇ ਵਿਚਾਰ ਹੋਰ ਵੀ ਖੋਲ ਕੇ ਸਪੱਸ਼ਟ ਕਰਦੇ ਹਨ, “ਬ੍ਰਾਹਮਣਵਾਦ ਦਾ ਤੀਰ, ਕਾਂਗਰਸ ਪਾਰਟੀ ਦਾ ਧਰੋਹ, ਅਕਾਲੀ ਲੀਡਰਾਂ ਦੀ ਨਿਪੁੰਸਕਤਾ, ਅਖੌਤੀ ਕਮਿਊਨਿਸਟਾਂ ਦੀ ਪੰਜਾਬ ਨਾਲ ਗੱਦਾਰੀ, ਅਖੌਤੀ ਸਾਧ-ਸੰਤਾਂ ਦੀ ਮੱਕਾਰੀ, ਇਨ੍ਹਾਂ ਸਾਰੀਆਂ ਧਿਰਾਂ ਨੇ ਪੰਜਾਬ ਅਤੇ ਪੰਥ ਵਿੱਚ ਸਾੜ੍ਹਸਤੀ ਖੜੀ ਕਰਨ ਲਈ ਸਮੇਂ ਸਮੇਂ ਰੋਲ ਨਿਭਾਇਆ ਹੈ”। ਅੱਗੇ ਉਹ ਹੋਰ ਕਹਿੰਦੇ ਨੇ, “ਧਰਮ ਯੁੱਧ ਮੋਰਚੇ ਦਾ ਨਾਹਰਾ ਲਾ ਕੇ, ਦੇਸ ਦੀ ਰਾਜਧਾਨੀ ਦੇ ਚੌਕ ਵਿੱਚ ਸੰਵਿਧਾਨ ਦੀ ਧਾਰਾ ਸਾੜ ਕੇ ਕੌਮ ਦੇ ਨੌਜਵਾਨਾਂ ਨੂੰ ਇਨ੍ਹਾਂ ਅਕਾਲੀ ਆਗੂਆਂ ਨੇ ਉਕਸਾਇਆ। ਧਰਮੀਂ ਵੀਰਾਂ ਨੇ ਹੱਸ ਹੱਸ ਕੁਰਬਾਨੀਆਂ ਦਿੱਤੀਆਂ, ਗੋਲੀਆਂ ਦੀ ਦੁਵੱਲੀ ਵਾਸ਼ੜ ਨਾਲ ਪੰਜਾਬ ਦੀ ਧਰਤੀ ਰੱਤੋ ਰੱਤ ਹੋ ਗਈ, ਘਰ ਘਰ ਮਾਤਮੀ ਸਫਾਂ ਵਿੱਛ ਗਈਆਂ। ਪੰਜਾਬ ਵਿੱਚ ਕੋਈ ਗਭਰੂ ਜੰਜੇ ਚੜ੍ਹਨ ਵਾਲਾ ਨਾ ਰਿਹਾ ਤਾਂ ਇਹ ਅਕਾਲੀ ਆਗੂ ਲਾਡਲੇ ਸਪੂਤ ਹੁਣ ਘੁਰਨਿਆਂ ਵਿੱਚੋਂ ਬਾਹਰ ਨਿਕਲ ਆਏ। ਸਿਰਾਂ ਤੇ ਵਜ਼ੀਰੀਆਂ ਦੇ ਕਲਗੇ ਲਾ ਕੇ ਚਾਰ-ਚਾਰ ਪੁਲੀਸ ਦੀਆਂ ਜਿਪਸੀਆਂ ਨਾਲ ਲਈ ਸ਼ਹੀਦਾਂ ਦੇ ਲਹੂ ਨਾਲ ਰੱਤੀ ਮਿੱਟੀ ਦੀ ਧੂੜ ਉੜਾ ਰਹੇ ਨੇ! ! !” ਇਨ੍ਹਾਂ ਅਕਾਲੀ ਲੀਡਰਾਂ ਨੇ ਉਨ੍ਹਾਂ ਨੌਜਵਾਨ ਸ਼ਹੀਦਾਂ ਦੀ ਕਦਰ ਤਾਂ ਕੀ ਪਾਉਣੀ, ਉਨ੍ਹਾਂ ਦੀ ਯਾਦਗਾਰ ਅਸਲੀ ਰੂਪ ਵਿੱਚ ਬਨਾਂਉਣ ਤੋਂ ਵੀ ਡਰਦੇ ਆ ਰਹੇ ਹਨ, ਭਲਾ ਕਿਉਂ? ਇਸ ਤੋਂ ਉਲਟ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਪੁਲੀਸ ਅਫਸਰਾਂ ਨੂੰ ਤਰੱਕੀਆਂ ਦੀ ਬਖਸ਼ਿਸ਼ ਕਰ ਰਹੇ ਹਨ, ਇਹ ਸਿੱਖ ਕੌਮ ਦੇ ਬਹੁਤ ਬੜੇ ਖੈਰਖਾਹ! ਗੁਰੂ ਜੀ ਇਨ੍ਹਾਂ ਨੂੰ ਸਮੱਤ ਬਖਸ਼ਣ!
ਅੰਤ ਵਿੱਚ ਇਹ ਨਿਰਨਾ ਕਰਨਾ ਵੀ ਜ਼ਰੂਰੀ ਹੈ, ਕਿ ੧੯੮੪ ਵਿੱਚ ਅਤੇ ਉੱਸ ਤੋਂ ਬਾਅਦ ਹਜ਼ਾਰਾਂ ਹੀ ਨਿਰਦੋਸ਼ ਮਾਰੇ ਗਏ ਨੌਜਵਾਨ, ਬਜ਼ੁਰਗ, ਬੱਚੇ ਅਤੇ ਬੀਬੀਆਂ, ਅਠਾਰਵੀਂ ਸਦੀ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਦੀ ਦਾਸਤਾਨ ਤਾਜ਼ਾ ਮੱਲੋ ਮੱਲੀ ਕਰਾ ਦਿੰਦੇ ਹਨ। ਜਿੱਦਾਂ ਸਿੱਖ ਕੌਮ ਉਨ੍ਹਾਂ ਨੂੰ ਭੁੱਲੀ ਨਹੀਂ, ਸਗੋਂ ਅਰਦਾਸ ਦਾ ਹਿੱਸਾ ਬਣਾ ਲਿਅ ਹੈ, (ਉਦੋਂ ਯਾਦਗਾਰ ਬਨਾਉਣੀ ਅਸੰਭਵ ਸੀ) ਇਸੇ ਤਰ੍ਹਾਂ ਹੀ ਇਹ ਚੌਰਾਸੀ ਅਤੇ ਬਾਅਦ ਦੇ ਸ਼ਹੀਦ ਸਦਾ ਯਾਦ ਰਹਿਣਗੇ ਅਤੇ ਇੱਡੇ ਵੱਡੇ ਖੂਨੀ ਸਾਕੇ ਦੀ ਯਾਦਗਾਰ ਬਨਾਉਣਾ ਸਿੱਖ ਕੌਮ ਦਾ ਪੂਰਾ ਪੂਰਾ ਹੱਕ ਹੀ ਨਹੀਂ ਜ਼ਿੱਮੇਵਾਰੀ ਬਣਦੀ ਹੈ। ਜੇ ਐਮਰਜੈਂਸੀ ਲਾ ਕੇ ਲੋਕਾਂ ਨੂੰ ਤੰਗ ਕਰਨ ਅਤੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾ ਕੇ ਹਜ਼ਾਰਾਂ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖਿਲਾਉਣ ਵਾਲੀ ਬੀਬੀ ਦੀ ਯਾਦ ਵਿੱਚ ਏਅਰਪੋਰਟ ਅਤੇ ਹੋਰ ਕਈ ਸੰਸਥਾਵਾਂ ਬਣ ਸਕਦੀਆਂ ਹਨ ਅਤੇ ਦਿੱਲੀ ਕਤਲੇਆਮ ਕਰਵਾਉਣ (“ਜਦੋਂ ਬੜਾ ਦਰਖਤ ਡਿਗਦਾ ਹੈ ਤਾਂ ਹਜ਼ਾਰਾਂ ਕੀੜੇ ਮਕੌੜੇ ਮਰਦੇ ਹੀ ਹਨ” ਮਿਸਟਰ ਰਾਜੀਵ ਦੇ ਸ਼ਬਦ ਹਨ, ਜੋ ਸਿੱਖਾਂ ਨੂੰ ਕੀੜੇ ਮਕੌੜੇ ਹੀ ਸਮਝਦਾ ਸੀ) ਵਾਲੇ ਦੀ ਯਾਦ ਵਿੱਚ ਵੀ ਕਈ ਸੰਸਥਾਵਾਂ ਬਣੀਆਂ ਹਨ, ਤਾਂ ਸਿੱਖਾਂ ਦੇ ਖੂਨੀ ਸਾਕੇ ਦੀ ਯਾਦਗਾਰ ਕਿਉਂ ਨਹੀਂ ਬਣ ਸਕਦੀ? ਵੱਧ ਤੋਂ ਵੱਧ ਨਾਵਾਂ ਸਮੇਤ ਬਣਨੀ ਯੋਗ ਹੈ। ਉਹ ਦਹਿਸ਼ਤਗਰਦ ਨਹੀਂ, ਮਹਾਨ ਸ਼ਹੀਦ ਸਨ, ਜੋ ਆਪਣੇ ਨਹੀਂ, ਪੰਜਾਬ ਦੇਹੱਕਾਂ ਲਈ ਸੰਘਰਸ਼ ਕਰਦੇ ਸ਼ਹੀਦ ਹੋਏ! ਦਿੱਲੀ ਰਾਜ ਦੀ ਮੁੱਖ ਮੰਤਰੀ ਬੀਬੀ ਸ਼ੀਲਾ ਦਿਕਸ਼ਤ ਦੇ ਸ਼ਾਬਾਸ਼, ਜੋ ਉਸਨੇ ਕਿਹਾ ਹੈ ਕਿ ੧੯੮੪ ਦੇ ਸਿੱਖ ਕਤਲੇਆਮ ਦੀ ਜੇ ਕੋਈ ਯਾਦਗਾਰ ਬਨਾਉਣਾ ਚਾਹੁੰਦਾ ਹੈ, ਉਹ ਉਸਦੀ ਸਹਾਇਤਾ ਕਰਨਗੇ।
.