.

ਗੁਰਮਤਿ ਅਤੇ ਵਿਗਿਆਨ

ਹਾਕਮ ਸਿੰਘ

ਕਈ ਵਿਦਵਾਨ ਗੁਰਮਤਿ ਵਿਚਾਰਧਾਰਾ ਨੂੰ ਵਿਗਿਆਨਕ ਅਤੇ ਤਾਰਕਕ ਆਖਦੇ ਹਨ। ਡਾ. ਭਾਈ ਜੋਧ ਸਿੰਘ ਨੇ ਆਪਣੀ ਪੁਸਤਕ ਗੁਰਮਤਿ ਨਿਰਨਯਵਿਚ ਵਿਗਿਆਨੀਆਂ ਦੀਆਂ ਲਿਖਤਾਂ ਦੇ ਹਵਾਲੇ ਦੇ ਕੇ ਗੁਰਬਾਣੀ ਦੇ ਕੁਝ ਸੰਕਲਪਾਂ ਦੀ ਵਿਗਿਆਨ ਵੱਲੋਂ ਪੁਸ਼ਟੀ ਦਰਸਾਈ ਹੈ। ਗਿਆਨੀ ਸ਼ੇਰ ਸਿੰਘ ਨੇ “Philosophy of Sikhism” ਵਿਚ ਭਾਰਤੀ ਅਤੇ ਪੱਛਮੀ ਫ਼ਿਲਾਸਫ਼ੀ ਦੀਆਂ ਉਦਾਹਰਣਾਂ ਦੇ ਕੇ ਗੁਰਮਤਿ ਨੂੰ ਇਕ ਉਨੱਤ ਫ਼ਿਲਾਸਫ਼ੀ ਸਿਧ ਕਰਨ ਦਾ ਜਤਨ ਕੀਤਾ ਹੈ। ਕਿਸੇ ਬੇਜੋੜ ਵਿਚਾਰਧਾਰਾ ਦੁਆਰਾ ਗੁਰਬਾਣੀ ਉਪਦੇਸ਼ ਦੀ ਪੁਸ਼ਟੀ ਗੁਰਬਾਣੀ ਨੂੰ ਛੁਟਿਆਉਣ ਤੁੱਲ ਹੈ। ਗੁਰਬਾਣੀ ਨੇ ਤੇ ਫੁਰਮਾਨ ਕੀਤਾ ਹੋਇਆ ਹੈ: “ਭਗਤਾ ਤੈ ਸੈਸਾਰੀਆ ਜੋੜ ਕਦੇ ਨ ਆਇਆ॥” (ਪੰ: 145) ਗੁਰਮਤਿ ਵਿਚਾਰਧਾਰਾ ਨੂੰ ਕਿਸੇ ਵਿਗਿਆਨ ਜਾਂ ਫਲਾਸਫੀ ਦੀ ਅਨੁਮਤੀ ਦੀ ਲੋੜ ਨਹੀਂ ਹੈ। ਗੁਰਮਤਿ ਅਧਿਆਤਮਿਕ ਗਿਆਨ ਹੈ। ਇਸ ਨੂੰ ਸੰਸਾਰਕ ਜਾਣਕਾਰੀ ਜਾਂ ਵਿਚਾਰਧਾਰਾ ਨਾਲ ਰਲ ਗੱਡ ਕਰਨਾ ਅਣਉਚੱਤ ਹੈ। ਗੁਰਮਤਿ ਗਿਆਨ ਅਤੇ ਵਿਗਿਆਨਕ/ਸੰਸਾਰਕ ਜਾਣਕਾਰੀ ਦੇ ਆਧਾਰ, ਵਿਸ਼ਾ ਵਸਤੂ, ਮਨੋਰਥ, ਗਿਆਨ ਪਰਾਪਤੀ ਦੇ ਢੰਗਾਂ, ਉਪਯੋਗ, ਉਪਭੋਗਤਾਵਾਂ ਅਤੇ ਉਹਨਾਂ ਦੀਆਂ ਅਭਿਲਾਸ਼ਾਵਾਂ ਵਿਚ ਬਹੁਤ ਭਾਰੀ ਅੰਤਰ ਹੈ। ਇਸ ਅੰਤਰ ਨੂੰ ਧਿਆਨ ਵਿਚ ਰੱਖੇ ਬਿਨਾ ਗੁਰਮਤਿ ਦੇ ਉਪਦੇਸ਼ ਬਾਰੇ ਸਪੱਸ਼ਟਤਾ ਹੋਣੀ ਸੰਭਵ ਨਹੀਂ।

ਆਧਾਰ- ਗੁਰਮਤਿ ਗਿਆਨ ਦਾ ਆਧਾਰ ਵਿਸ਼ਵਾਸ ਹੈ। ਗੁਰਬਾਣੀ ਦਾ ਕਥਨ ਹੈ: “ਜਾ ਕੈ ਰਿਦੈ ਬਿਸਵਾਸ ਪ੍ਰਭੁ ਆਇਆ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ॥” (ਪੰ: 285)। ਗੁਰਮਤਿ ਨੂੰ ਸਮਝਣ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ ਵਿਚ ਪੂਰਨ ਅਤੇ ਅਤੁੱਟ ਵਿਸ਼ਵਾਸ ਹੋਣਾ ਜ਼ਰੂਰੀ ਹੈ। ਵਿਸ਼ਵਾਸ ਦੀ ਘਾਟ ਕਾਰਨ ਹੀ ਕਈ ਸ਼ਰਧਾਲੂ ਗੁਰਬਾਣੀ ਦੇ ਉਪਦੇਸ਼ ਨੂੰ ਆਪਣੀ ਸੋਚ ਅਤੇ ਰੁਚੀ ਅਨੁਸਾਰ ਬਦਲ ਲੈਂਦੇ ਹਨ, ਜੋ ਉੱਚਤ ਨਹੀਂ ਹੈ। ਪਰ ਵਿਗਿਆਨ ਵਿਸ਼ਵਾਸ ਨੂੰ ਪਰਵਾਨ ਨਹੀਂ ਕਰਦਾ। ਵਿਗਿਆਨਕ ਜਾਣਕਾਰੀ ਪਰਮਾਣ ਅਤੇ ਤਰਕ ਤੇ ਆਧਾਰਤ ਹੁੰਦੀ ਹੈ। ਜੋ ਜਾਣਕਾਰੀ ਪਰਮਾਣ ਜਾਂ ਤਰਕ ਰਾਹੀਂ ਸਿੱਧ ਨਹੀਂ ਹੁੰਦੀ ਵਿਗਿਆਨੀ ਉਸ ਜਾਣਕਾਰੀ ਨੂੰ ਅਸਵੀਕਾਰ ਕਰ ਦਿੰਦੇ ਹਨ। ਪਰ ਗੁਰਮਤਿ ਵਿਚ ਗੁਰੂ ਦਾ ਬਚਨ ਹੀ ਪਰਮਾਣ ਹੈ, ਅਤੇ ਪਰਵਾਨਗੀ ਦਾ ਆਧਾਰ ਵੀ: “ਜੈਸਾ ਸਤਿਗੁਰੁ ਸੁਣੀਦਾ ਤੇਸੋ ਹੀ ਮੈ ਡੀਠ” (ਪੰ: 957)। ਗੁਰਮਤਿ ਅਤੇ ਵਿਗਿਆਨ ਦੇ ਆਧਾਰ ਵਿਚ ਮੂਲ਼ ਅੰਤਰ ਹੈ।

ਵਿਸ਼ਾ ਵਸਤੂ- ਗੁਰਮਤਿ ਆਤਮਕ ਗਿਆਨ ਹੈ। ਇਸ ਦਾ ਵਿਸ਼ਾ ਵਸਤੂ ਆਤਮਾ, ਮਨ ਅਤੇ ਪ੍ਰਭੂ ਪਰਮਾਤਮਾ, ਅਤੇ ਇਹਨਾਂ ਦੇ ਪਰਸਪਰ ਸਬੰਧ ਹੈ। ਇਹ ਅਦਿੱਖ ਦਾ ਗਿਆਨ ਹੈ। ਇਹ ਪ੍ਰਭੂ ਪਰਮਾਤਮਾ ਦੇ ਗੁਣਾਂ ਦੇ ਵਰਨਣ ਰਾਹੀਂ ਮਨੁੱਖਤਾ ਨੂੰ ਪ੍ਰਭੂ ਦੀ ਹੋਂਦ, ਅਨੰਤਤਾ, ਕਲਾਕਰਿਤੀ, ਸਥਿਰਤਾ ਅਤੇ ਸਰਬ ਵਿਆਪਕਤਾ ਦੀ ਸੂਝ ਬਖਸ਼ਦੀ ਹੈ, ਅਤੇ ਮਨੁੱਖਾ ਜੀਵਨ ਦੇ ਮਨੋਰਥ ਅਤੇ ਉਸ ਦੀ ਪਰਾਪਤੀ ਦੀ ਵਿਧੀ ਦਰਸਾਉਂਦੀ ਹੈ। “ਭਉ ਭਗਤਿ ਗੁਰਮਤੀ ਪਾਏ॥ ਹਉਮੈ ਵਿਚਹੁ ਸਬਦਿ ਜਲਾਏ॥ ਧਾਵਤੁ ਰਾਖੇ ਠਾਕਿ ਰਹਾਏ॥ ਸਚਾ ਨਾਮੁ ਮੰਨ ਵਸਾਏ॥” (ਪੰ: 1342)। ਐਸਾ ਆਤਮਕ ਗਿਆਨ ਸਦੀਵੀ ਸੱਚ ਹੈ। ਇਹ ਸਮੇ ਤੇ ਸਥਾਨ ਨਾਲ ਨਹੀਂ ਬਦਲਦਾ। ਪਰ ਵਿਗਿਆਨ ਦਿਖਾਈ ਦੇ ਰਹੇ ਪਦਾਰਥਕ ਸੰਸਾਰ, ਬਰੈਹਮੰਡ, ਅਤੇ ਇਹਨਾਂ ਦੇ ਆਪਸੀ ਰਿਸ਼ਤਿਆਂ ਦੀ ਜਾਣਕਾਰੀ ਹੈ ਜੋ ਬਦਲਦੀ ਰਹਿੰਦੀ ਹੈ। ਬਰੈਹਮੰਡ ਅਤੇ ਸੰਸਾਰ ਖ਼ੁਦ ਵੀ ਨਿਰੰਤਰ ਬਦਲ ਰਹੇ ਹਨ, ਚਲਾਇਮਾਨ ਹਨ। ਹਰ ਪਲ ਬਦਲਣ ਕਰਕੇ ਸੰਸਾਰ ਦੀ ਅਸਲੀਅਤ ਨੂੰ ਜਾਨਣਾ ਵੀ ਸੰਭਵ ਨਹੀਂ ਹੈ ਕਿਉਂਕਿ ਜੋ ਅਸਲ ਹੈ ਉਹ ਨਜ਼ਰ ਨਹੀਂ ਆਉਂਦਾ ਅਤੇ ਜੋ ਨਜ਼ਰ ਆਉਂਦਾ ਹੈ ਉਹ ਅਸਲ ਦਾ ਬਦਲ ਹੁੰਦਾ ਹੈ। ਪਰ ਵਿਗਿਆਨੀ ਇਸ ਚਲਾਇਮਾਨ ਬਰੈਹਮੰਡ ਅਤੇ ਇਸ ਵਿਚ ਕਾਰਜਸ਼ੀਲ ਕੁਦਰਤੀ ਨਿਯਮਾਂ ਬਾਰੇ ਭਰੋਸੇ ਯੋਗ ਜਾਣਕਾਰੀ ਪਰਾਪਤ ਕਰ ਕੇ ਉਸ ਤੋਂ ਲਾਭ ਲੈਣ ਦੇ ਢੰਗ ਲੱਭਦੇ ਹਨ। ਇਕ ਸਮਾਂ ਸੀ ਜਦੋਂ ਕੁਝ ਵਿਗਿਆਨੀ ਕੁਦਰਤ ਨੂੰ ਕੰਟਰੋਲ ਕਰਨ ਦਾ ਦਾਹਵਾ ਕਰਨ ਲੱਗ ਪਏ ਸਨ, ਪਰ ਛੇਤੀ ਹੀ ਉਹਨਾਂ ਨੂੰ ਆਪਣੀ ਅਯੋਗਤਾ ਦਾ ਐਹਸਾਸ ਹੋ ਗਿਆ। ਗੁਰਬਾਣੀ ਦਾ ਇਸ ਭਰਮ ਬਾਰੇ ਫੁਰਮਾਨ ਹੈ: “ਮਨਮੁਖ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ॥ ਮੂਰਖ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ॥” (ਪੰ: 938)।

ਮਨੋਰਥ- ਗੁਰਬਾਣੀ ਦਾ ਮਨੋਰਥ ਮਨੁੱਖ ਨੂੰ ਸੰਸਾਰ ਵਿਚ ਮਾਇਆ ਦੇ ਪਰਭਾਵ ਤੋਂ ਮੁਕਤ ਹੋ ਕੇ ਪ੍ਰਭੂ ਦੀ ਰਜ਼ਾ ਵਿਚ ਰਹਿੰਦੇ ਹੋਏ ਸਤਿ ਸੰਗਤ ਵਿਚ ਨਾਮ ਸਿਮਰਨ ਦੁਆਰਾ ਪ੍ਰਭੂ ਨਾਲ ਇਕ ਮਿਕ ਹੋਣ ਦੀ ਸਿੱਖਿਆ ਪਰਦਾਨ ਕਰਨਾ ਹੈ। ਪੰਜ ਵਿਸ਼ੇ ਵਿਕਾਰਾਂ, ਕਾਮ, ਕਰੋਧ, ਲੋਭ , ਮੋਹ ਅਤੇ ਅਹੰਕਾਰ ਤੇ ਕਾਬੂ ਪਾਉਣ, ਪ੍ਰਭੂ ਦਾ ਭਾਣਾ ਮੰਨਣ, ਅਤੇ ਨਾਮ ਸਿਮਰਨ ਲਈ ਸ਼ਰਧਾਲੂ ਨੂੰ ਗੁਰ-ਸ਼ਬਦ ਦੀ ਓਟ ਲੈ ਕੇ ਆਪਣਾ ਮਨ ਸਾਧਨ ਦੀ ਲੋੜ ਹੁੰਦੀ ਹੈ ਜਿਸ ਲਈ ਉਸ ਨੂੰ ਹਰ ਪਲ ਮਨ ਨਾਲ ਜੂਝਣਾ ਪੈਂਦਾ ਹੈ ਕਿਉਂਕਿ “ਮਨ ਸਿਉ ਜੂਝਿ ਮਰੈ ਪ੍ਰਭੁ ਪਾਇ ਮਨਸਾ ਮਨਹਿ ਸਮਾਏ॥ ਨਾਨਕ ਕ੍ਰਿਪਾ ਕਰੇ ਜਗ ਜੀਵਨੁ ਸਹਜ ਭਾਇ ਲਿਵ ਲਾਏ” (ਪੰ: 353)। ਮਨ ਨੂੰ ਸਾਧਨ ਦੀ ਪਰਕਿਰਿਆ ਦਾ ਸੰਸਾਰਕ ਸਫਲਤਾ ਨਾਲ ਸਿਧਾ ਕੋਈ ਸਬੰਧ ਨਹੀਂ ਹੈ।

ਵਿਗਿਆਨ ਦਾ ਮੰਤਵ ਬਰੈਹਮੰਡ ਅਤੇ ਸੰਸਾਰ ਬਾਰੇ ਪਰਮਾਣਿਕ ਜਾਣਕਾਰੀ ਪਰਾਪਤ ਕਰਨਾ ਹੈ। ਉਸ ਜਾਣਕਾਰੀ ਦਾ ਮਨੋਰਥ ਅਨਿਸ਼ਚਿਤ ਹੁੰਦਾ ਹੈ। ਉਹ ਜਾਣਕਾਰੀ ਮਨੁੱਖਤਾ ਦੇ ਭਲੇ ਲਈ ਵੀ ਵਰਤੀ ਜਾ ਸਕਦੀ ਹੈ ਅਤੇ ਮਨੁੱਖਤਾ ਦੇ ਵਿਨਾਸ਼ ਲਈ ਵੀ। ਉਸ ਦੀ ਵਰਤੋਂ ਦਾ ਨਿਰਣਾ ਵਿਗਿਆਨੀ ਨਹੀਂ ਰਾਜ ਸਰਕਾਰਾਂ ਜਾਂ ਉਦਯੋਗਪਤੀ ਕਰਦੇ ਹਨ। ਵਿਗਿਆਨ ਦੇ ਸਮਰਥਕ ਅਕਸਰ ਇਹ ਦਾਹਵਾ ਕਰਦੇ ਹਨ ਕਿ ਵਿਗਿਆਨ ਨੇ ਲੋਕਾਂ ਦਾ ਜੀਵਨ ਬਹੁਤ ਸੁਖਾਲਾ ਅਤੇ ਸੁੱਖੀ ਬਣਾ ਦਿੱਤਾ ਹੈ। ਪਰ ਮਨੁੱਖਤਾ ਦਾ ਇਤਹਾਸ ਇਸ ਵਿਚਾਰ ਦੀ ਪੁਸ਼ਟੀ ਨਹੀਂ ਕਰਦਾ। ਇਹ ਠੀਕ ਹੈ ਕਿ ਉਨੱਤ ਦੇਸਾਂ ਦੇ ਬਹੁਤੇ ਲੋਕਾਂ ਦੀ ਇਹ ਰਾਏ ਬਣੀ ਹੋਈ ਹੈ ਕਿ ਉਹ ਮਨੁੱਖੀ ਸੱਭਿਅਤਾ ਦੀ ਪਰਗਤੀ ਦੇ ਅਲਮ ਬਰਦਾਰ ਹਨ ਪਰ ਮਾਨਵਤਾ ਇਸ ਰਾਏ ਨੂੰ ਵੀ ਪਰਵਾਨ ਨਹੀਂ ਕਰਦੀ। ਯੂਰਪ ਵਿਚ ਰਿਨਾਏਸਾਂ ਅਤੇ ਰੈਫਰਮੇਸ਼ਨ ਤੋਂ ਲੈ ਕੇ ਜਿਊਂ ਜਿਊਂ ਵਿਗਿਆਨ ਤਰੱਕੀ ਕਰਦਾ ਗਿਆ ਤਿਊਂ ਤਿਊਂ ਸਾਮਰਾਜੀ ਸ਼ਕਤੀਆਂ ਦਾ ਵਿਸ਼ਵ ਦੀ ਲੋਕਾਈ ਤੇ ਗੁਲਾਮੀ, ਲੁਟ ਖੁਸਟ, ਅਤਿਆਚਾਰ ਅਤੇ ਅਨਿਆਂ ਦਾ ਘੇਰਾ ਵੱਧਦਾ ਗਿਆ। ਪਹਿਲਾਂ ਇਹਨਾਂ ਸ਼ਕਤੀਆਂ ਨੇ ਅਮਰੀਕਾ ਦੇ ਰੈਡ ਇੰਡੀਅਨ ਆਖੇ ਜਾਣ ਵਾਲੇ ਆਦਿਵਾਸੀ ਲੋਕਾਂ ਦੀ ਨਸਲਕੁਸ਼ੀ ਕੀਤੀ ਅਤੇ ਅਫਰੀਕਨ ਮਾਵਾਂ ਦੇ ਜਵਾਨ ਪੁੱਤਰਾਂ ਦਾ ਅਪਹਰਣ ਕਰ ਕੇ ਉਹਨਾਂ ਨੂੰ ਪਸ਼ੂਆਂ ਵਾਂਗ ਵਰਤਿਆ। ਫਿਰ ਇਹ ਸ਼ਕਤੀਆਂ ਏਸ਼ੀਆ, ਅਰਬ ਅਤੇ ਅਫਰੀਕਾ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਉਹਨਾਂ ਦਾ ਆਰਥਕ ਅਤੇ ਸਮਾਜਕ ਸ਼ੋਸ਼ਨ ਕਰ ਦੀਆਂ ਰਹਿਈਆਂ। ਵੀਹਵੀਂ ਸਦੀ ਵਿਚ ਇਹਨਾਂ ਦੋ ਭਿਆਨਕ ਵਿਸ਼ਵ ਯੁੱਧ ਛੇੜ ਕੇ ਆਪਣੀ ਵਿਗਿਆਨਕ ਜਾਣਕਾਰੀ ਦੇ ਬਲ ਤੇ ਕਰੋੜਾਂ ਮਾਸੂਮਾਂ ਨੂੰ ਐਟਮ ਅਤੇ ਹੋਰ ਭਿਆਨਕ ਬੰਬਾਂ ਨਾਲ ਮਾਰ ਮੁਕਾ ਛੱਡਿਆ।

ਕੰਪਯੂਟਰ ਅਤੇ ਹੋਰ ਮਸ਼ੀਨਾਂ ਨੇ ਮਨੁੱਖ ਦੀ ਕੰਮ ਕਰਨ ਦੀ ਸਮਰਥਾ ਅਤੇ ਰਫਤਾਰ ਵਿਚ ਹੈਰਾਨੀਜਨਕ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਆਮ ਲੋਕਾਂ ਦੀ ਇਹ ਆਸ ਬੱਝੀ ਸੀ ਕਿ ਉਹਨਾਂ ਦੇ ਵਿਹਲ ਵਿਚ ਵਾਧਾ ਹੋ ਜਾਵੇਗਾ ਪਰ ਹੋਇਆ ਇਸ ਤੋਂ ਉਲਟ। ਉਹਨਾਂ ਦੀ ਵਿਹਲ ਘਟ ਗਈ ਹੈ ਅਤੇ ਉਹ ਹੋਰ ਮਸਰੂਫ ਰਹਿਣ ਲੱਗ ਪਏ ਹਨ। ਫੈਕਟਰੀਆਂ ਵਿਚ ਕਾਮਿਆਂ ਦਾ ਮਸ਼ੀਨਾਂ ਨਾਲ ਮੁਕਾਬਲਾ ਚੱਲ ਪਿਆ ਹੈ। ਗਰੀਬੀ, ਭੁਖਮਰੀ ਅਤੇ ਬੀਮਾਰੀ ਵਪਾਰੀਆਂ ਦੀ ਮੁਨਾਫਾਖੋਰੀ ਦਾ ਵਸੀਲਾ ਬਣ ਗਈਆਂ ਹਨ। ਨਸ਼ੇ ਅਤੇ ਅਪਰਾਧ ਵੱਧ ਗਏ ਹਨ। ਸਮਾਜਕ ਢਾਂਚਾ, ਲੋਕਾਂ ਦੀ ਆਪਸੀ ਨੇੜਤਾ, ਉਹਨਾਂ ਦਾ ਇਕ ਦੂਜੇ ਤੇ ਭਰੋਸਾ ਅਤੇ ਵਿਹਾਰ ਬਦਲ ਗਏ ਹਨ। ਕਈ ਆਦੀ ਵਾਸੀ ਸਮਾਜਕ ਇਕਾਈਆਂ ਜਿਨ੍ਹਾਂ ਵਿਚ ਈਰਖਾ, ਹਿੰਸਾ, ਝੂਠ ਅਤੇ ਵੈਰ ਵਿਰੋਧ ਦੀ ਅਣਹੋਂਦ ਹੈ ਇਸ ਮਸ਼ੀਨੀ ਸਭਿਅਤਾ ਦੇ ਉਜਾੜੇ ਤੋਂ ਬਚਣ ਲਈ ਹੱਥ ਪੈਰ ਮਾਰਨ ਲੱਗ ਪਈਆਂ ਹਨ। ਵਿਗਿਆਨ ਦੇ ਇਤਿਹਾਸਕਾਰਾਂ ਦੀ ਰਾਏ ਹੈ ਕਿ ਵਿਗਿਆਨ ਜੰਗ ਸਮੇਂ ਬਹੁਤ ਤਰੱਕੀ ਕਰਦਾ ਹੈ। ਸਰਕਾਰਾਂ ਨੂੰ ਜੰਗਾਂ ਕਰਨ ਲਾਈ ਬਹੁਤ ਹੱਦ ਤੱਕ ਵਿਗਿਆਨ ਹੀ ਉਤਸ਼ਾਹਿਤ ਕਰਦਾ ਹੈ। ਗੁਰਬਾਣੀ ਦਾ ਫੁਰਮਾਨ ਹੈ: “ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ॥ ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ॥” (ਪੰ: 790)।

ਵਿਗਿਆਨ ਦੀ ਏਨੀ ਪਰਗਤੀ ਦੇ ਬਾਵਜੂਦ ਦੁਨੀਆਂ ਦੀ ਬਹੁਤੀ ਆਬਾਦੀ ਅੱਜ ਵੀ ਗ਼ਰੀਬੀ, ਭੁੱਖ ਮਰੀ, ਬੇਘਰੀ, ਹਿੰਸਾ, ਦੁੱਖ ਅਤੇ ਅਗਿਆਨ ਤੋਂ ਪੀੜਤ ਹੈ ਪਰ ਵਿਗਿਆਨੀਆਂ ਨੂੰ ਪੁਲਾੜ ਦੀ ਖੋਜ ਤੋਂ ਵੇਹਲ ਨਹੀਂ ਮਿਲ ਰਹੀ। ਸੱਚ ਤੇ ਇਹ ਹੈ ਕਿ ਆਧੁਨਿਕ ਯੁਗ ਦਾ ਵਿਗਿਆਨ ਸਰਕਾਰਾਂ ਦੀ ਸ਼ਕਤੀ ਅਤੇ ਉਦਯੋਗਪਤੀਆਂ ਦੇ ਮੁਨਾਫ਼ੇ ਵਧਾਉਣ ਦਾ ਸਾਧਨ ਹੈ। ਪਰ ਕਿਉਂਕਿ ਇਹਨਾਂ ਸਕਤੀਆਂ ਨੂੰ ਆਮ ਲੋਕਾਂ ਦੀ ਹਮਾਇਤ ਚਾਹੀਦੀ ਹੁੰਦੀ ਹੈ ਇਸ ਲਈ ਇਹ ਲੋਕਾਂ ਵਿਚ ਝੂਠਾ ਪਰਚਾਰ ਕਰਦੇ ਹਨ ਕਿ ਵਿਗਿਆਨਕ ਉੱਨਤੀ ਮਨੁੱਖਾ ਜੀਵਨ ਨੂੰ ਸੁੱਖੀ ਬਣਾ ਰਹੀ ਹੈ। ਗੁਰਬਾਣੀ ਐਸੇ ਹੀ ਹਾਸੋਹੀਣੇ ਵਿਹਾਰ ਦਾ ਵਰਨਣ ਕਰਦੀ ਹੋਈ ਫ਼ੁਰਮਾਉਂਦੀ ਹੈ: “ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥3॥ ਸੂਤੇ ਕਉ ਜਾਗਤ ਕਹੇ ਜਾਗਤ ਕਉ ਸੂਤਾ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ॥4॥ ਆਵਤ ਕਉ ਜਾਤਾ ਕਹੇ ਜਾਤੇ ਕਉ ਆਇਆ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ॥5॥ ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ॥ ਰਾਤੇ ਕੀ ਨੰਦਾ ਕਰਿਹ ਐਸਾ ਕਲ ਮਹਿ ਡੀਠਾ॥ ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ॥ ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰਸਿੈ॥” (ਪੰ: 229)।

ਸਮਾਜ ਦੀ ਮਧ ਸ਼੍ਰੇਣੀ, ਜੋ ਵਿਗਿਆਨਕ ਪਰਗਤੀ ਦੀ ਉਪਜ ਹੈ ਅਤੇ ਇਸ ਦੀ ਵੱਡੀ ਮੁਦੱਈ ਵੀ, ਵਿਗਿਆਨਕ ਤਕਨਾਲੌਜੀ ਨਾਲ ਬਣਾਈਆਂ ਮਸ਼ੀਨਾਂ ਨੂੰ ਮੂਲ ਮਨੁੱਖੀ ਲੋੜਾਂ, ਰੋਟੀ, ਕਪੜਾ ਅਤੇ ਮਕਾਨ, ਦੀ ਪੂਰਤੀ ਲਈ ਵਰਤਦੀ ਹੈ। ਤਕਨਾਲੌਜੀ ਨੇ ਮਸ਼ੀਨਾਂ ਵਿਚ ਵਿਭਿੰਨਤਾ ਲਿਆ ਦਿੱਤੀ ਹੈ। ਘਰਾਂ ਅਤੇ ਰਸੋਈਆਂ ਵਿਚ ਹੱਥ ਦੇ ਕੰਮ ਮਸ਼ੀਨਾਂ ਕਰਨ ਲੱਗ ਪਈਆਂ ਹਨ, ਜਿਸ ਨਾਲ ਕੰਮ ਕਰਨ ਦਾ ਢੰਗ ਬਦਲ ਗਿਆ ਹੈ, ਮਾਨਸਕ ਤਣਾਓ ਵਧ ਗਿਆ ਹੈ, ਚੁੱਲ੍ਹੇ ਚੌਂਕੇ ਵਿਚੋਂ ਰਸਮੀ ਪਾਠ ਪੂਜਾ ਲੋਪ ਹੋ ਗਈ ਹੈ ਅਤੇ ਸਰੀਰ ਨੂੰ ਕਸਰਤ ਦੀ ਲੋੜ ਪੈਣ ਲੱਗ ਪਈ ਹੈ। ਮਸ਼ੀਨੀਕਰਨ ਨੇ ਲੋਕਾਂ ਦੀ ਮਸ਼ੀਨਾਂ ਲਈ ਲੋੜ ਵਧਾ ਦਿੱਤੀ ਹੈ ਅਤੇ ਨਿਤ ਦੇ ਜੀਵਨ ਵਿਚੋਂ ਸਰੀਰਕ ਕੰਮ ਅਤੇ ਧਾਰਮਕ ਕਿਰਿਆਵਾਂ ਘਟਾ ਦਿੱਤੀਆਂ ਹਨ। ਸ਼ਰਧਾਲੂ ਹੁਣ ਦਫਤਰਾਂ ਵਿਚ ਧਾਰਮਕ ਤਸਵੀਰਾਂ ਲਾ ਕੇ ਅਤੇ ਗੱਡੀਆਂ ਵਿਚ ਟੇਪਾਂ ਤੋਂ ਕੀਰਤਨ ਸੁਣ ਕੇ ਧਰਮ ਨਾਲ ਆਪਣਾ ਰਿਸ਼ਤਾ ਕਾਇਮ ਰੱਖ ਰਹੇ ਹਨ। ਤਕਨਾਲੌਜੀ ਨੇ ਜੀਵਨ ਦੀਆਂ ਮਨੋਰੰਜਕ ਗਤੀ ਵਿਧਿਆਂ ਵਿਚੋਂ ਮਨੁੱਖੀ ਨਾਤੇ ਮਿਟਾ ਕੇ ਮਨ ਪਰਚਾਵੇ ਨੂੰ ਇਕ ਵੱਡਾ ਵਪਾਰ ਬਣਾ ਦਿੱਤਾ ਹੈ। ਵਿਗਿਆਨਕ ਉੱਨਤੀ ਹੋਣ ਨਾਲ ਸਿੱਖਿਆ ਕੇਂਦਰ, ਸਕੂਲ਼, ਕਾਲਜ ਅਤੇ ਯੂਨੀਵਰਸਿਟੀਆਂ, ਜੀਵਨ ਦੇ ਇਹਨਾਂ ਤਿੰਨ ਖੇਤਰਾਂ ਵਿਚ ਨਿਪੁੰਨਤਾ ਪਰਦਾਨ ਕਰਨ ਲੱਗ ਪਈਆਂ ਹਨ: (1) ਚੋਣਵੇਂ ਕਿੱਤੇ; (2) ਸਭਿਆ ਰਹਿਣੀ ਬਹਿਣੀ; ਅਤੇ (3) ਸਾਧਾਰਣ ਜਾਣਕਾਰੀ। ਇਹਨਾਂ ਸਿੱਖਿਆ ਕੇਂਦਰਾਂ ਵਿਚ ਧਰਮ ਜਾਂ ਗੁਰਮਤਿ ਦੀ ਸਿੱਖਿਆ ਦੇਣ ਦੀ ਕੋਈ ਵਿਸ਼ੇਸ਼਼ ਵਿਵਸਥਾ ਨਹੀਂ ਹੈ। ਇਹ ਤਿੰਨੋਂ ਸਿੱਖਿਆਵਾਂ ਅਤੇ ਇਸ ਦੇ ਨਾਲ ਧਾਰਮਕ ਸਿੱਖਿਆ ਪਹਿਲੇ ਪਰਵਾਰਾਂ ਵਿਚ ਦਿੱਤੀਆਂ ਜਾਂਦੀਆਂ ਸਨ, ਪਰ ਸਿੱਖਿਆ ਕੇਂਦਰਾਂ ਨੇ ਬੱਚਿਆਂ ਅਤੇ ਪਰਵਾਰਾਂ ਵਿਚ ਸੰਚਾਰ ਦੀ ਸਾਂਝ ਘਟਾ ਦਿੱਤੀ ਹੈ ਅਤੇ ਉਹਨਾਂ ਦੇ ਸਬੰਧਾਂ ਵਿਚ ਓਪਰਾਪਣ ਆ ਰਿਹਾ ਹੈ। ਵੇਖਿਆ ਜਾਵੇ ਤਾਂ ਵਿਗਿਆਨ ਧਰਮ ਅਤੇ ਇਸ ਦੀ ਸਿੱਖਿਆ ਨੂੰ ਮਨੁੱਖੀ ਜੀਵਨ ਵਿਚ ਬੇਲੋੜਾ ਜਾਂ ਤੁੱਛ ਬਣਾਉਣ ਲੱਗਾ ਹੋਇਆ ਹੈ।

ਰੇਡੀਓ, ਟੈਲੀਵੀਜਨ, ਟੈਲੀਫ਼ੋਨ ਅਤੇ ਇੰਟਰਨੈਟ ਨੇ ਗੁਰਬਾਣੀ ਸੰਚਾਰ ਨੂੰ ਬਹੁਤ ਲਾਭਵੰਦ ਸੁਵਿਧਾ ਪਰਦਾਨ ਕੀਤੀ ਹੈ। ਇਹਨਾਂ ਸਾਧਨਾਂ ਰਾਹੀਂ ਵਿਸ਼ਵ ਵਿਚ ਰਹਿ ਰਹੇ ਗੁਰਮਤਿ ਦੇ ਧਾਰਨੀ ਆਪਸੀ ਸੰਪਰਕ ਅਤੇ ਵਿਚਾਰ ਵਟਾਂਦਰਾ ਕਰਨ ਦੇ ਸਮਰਥ ਹੋ ਗਏ ਹਨ। ਹੁਣ ਗੁਰਮਤਿ ਦੇ ਸੁੱਧ ਅਤੇ ਸ਼ਰਧਾਪੂਰਨ ਸੰਚਾਰ ਦੀ ਸੰਗਠਿਤ ਜਿੰਮੇਵਾਰੀ ਵਿਸ਼ਵ ਦੇ ਚੋਣਵੇਂ ਗੁਰਸਿੱਖ ਸ਼ਰਧਾਲੂਆਂ ਨੂੰ ਸਾਂਭਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ ਜਿਸ ਦੇ ਹੋਂਦ ਵਿਚ ਆਉਣ ਨਾਲ ਸਰਕਾਰੀ ਪੁਜਾਰੀਆਂ ਦੀ ਗੁਰਮਤਿ ਵਿਚ ਨਾਜਾਇਜ਼ ਅਤੇ ਬੇਲੋੜੀ ਦਖ਼ਲ਼ ਅੰਦਾਜ਼ੀ ਸਮਾਪਤ ਹੋ ਜਾਵੇਗੀ।

ਕਈ ਵਿਦਵਾਨ ਸਾਇੰਸਦਾਨਾਂ ਨੂੰ ਲੋਕ ਸੇਵਕ ਆਖਦੇ ਹਨ। ਐਸਾ ਕਹਿਣਾ ਤਰਕਹੀਣ ਹੈ। ਵਿਗਿਆਨੀ ਸਰਕਾਰਾਂ, ਵੱਡੇ ਉਦਯੋਗਾਂ ਅਤੇ ਯੂਨੀਵਰਸਿਟੀਆਂ ਦੇ ਤਨਖ਼ਾਦਾਰ ਕਰਮਚਾਰੀ ਹੁੰਦੇ ਹਨ। ਉਹਨਾਂ ਦੀ ਖੋਜ ਲਈ ਪਰਵਾਨਗੀ ਅਤੇ ਵਿੱਤੀ ਸਹਾਇਤਾ ਸਰਕਾਰਾਂ, ਉਦਯੋਗਪਤੀ ਜਾਂ ਯੂਨੀਵਰਸਿਟੀਆਂ ਦਿੰਦੀਆਂ ਹਨ। ਸਰਕਾਰਾਂ ਆਪਣੀ ਸ਼ਕਤੀ, ਉਦਯੋਗਪਤੀ ਆਪਣੇ ਮੁਨਾਫ਼ੇ ਅਤੇ ਯੂਨੀਵਰਸਿਟੀਆਂ ਆਪਣੇ ਫੰਡਾਂ ਵਿਚ ਵਾਧਾ ਕਰਨ ਲਈ ਵਿਗਿਅਨੀਆਂ ਨੂੰ ਵਰਤਦੇ ਹਨ। ਵਿਗਿਆਨੀ ਪਰਾਫੈਸ਼ਨਲ, ਤੀਖਣ ਬੁੱਧੀ ਵਾਲੇ ਭਲੇ ਲੋਕ ਹੁੰਦੇ ਹਨ ਅਤੇ ਅੱਛੀਆਂ ਤਨਖਾਹਾਂ ਤੇ ਨੌਕਰੀਆਂ ਕਰਦੇ ਹਨ। ਪਰ ਇਹਨਾਂ ਦਾ ਕੰਮ ਲੋਕ ਸੇਵਾ ਜਾਂ ਭਲਾਈ ਕਰਨਾ ਨਹੀਂ ਹੈ। ਕਈ ਵਿਗਿਆਨੀ ਧਰਮ ਨੂੰ ਫਾਲਤੂ ਦਾ ਅੰਧ ਵਿਸ਼ਵਾਸ ਸਮਝਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਧਰਮ ਦੇ ਸ਼ਰਧਾਲੂ ਧਰਮ ਦੇ ਐਸੇ ਮੁਖਾਲਿਫਾਂ ਦੀ ਪ੍ਰਸੰਸਾ ਕਰਨ ਵਿਚ ਫਖਰ ਕਿਉਂ ਮੈਹਸੂਸ ਕਰਦੇ ਹਨ?

ਇਹ ਠੀਕ ਹੈ ਕਿ ਜੋ ਵੀ ਵਿਗਿਆਨੀ, ਕਲਾਕਾਰ, ਕਾਰੀਗਰ ਜਾਂ ਕਿਰਸਾਨ ਆਪਣਾ ਕੰਮ ਬਿਰਤੀ ਇਕਾਗਰ ਕਰ ਮਨ ਲਾ ਕੇ ਬਿਨਾ ਕਿਸੇ ਕਾਮਨਾ ਦੇ ਕਰਦੇ ਹਨ ਉਹਨਾਂ ਦੇ ਕੰਮ ਵਿਚ ਹਉਮੈ ਨਹੀਂ ਰਹਿੰਦੀ। ਐਸਾ ਕੰਮ ਨਿਰਮਲ ਮਨ ਤੋਂ ਉਪਜੀ ਜਨ ਸੇਵਾ ਅਤੇ ਪ੍ਰਭੂ ਭਗਤੀ ਹੁੰਦਾ ਹੈ। ਗੁਰਬਾਣੀ ਦਾ ਕਥਨ ਹੈ: ਸੇਵਾ ਕਰਤ ਹੋਇ ਨਿਹਕਾਮੀ॥ਤਿਸ ਕਉ ਹੋਤ ਪਰਾਪਤ ਸੁਆਮੀ॥” (ਪੰ: 286) ਉਦਾਹਰਨ ਵਜੋਂ, ਆੲਨਿਸਟਾਇਨ ਨੇ ਇਕਾਗਰ ਮਨ ਨਾਲ ਕਾਦਰ ਦੀ ਕੁਦਰਤ ਦਾ ਨਿਰੀਖਣ ਕਰ ਕੇ ਇਹ ਗਿਆਨ ਪਰਾਪਤ ਕੀਤਾ ਕਿ ਦਿਖਾਈ ਦੇ ਰਿਹਾ ਸੰਸਾਰਕ ਪਦਾਰਥ ਅਦਿੱਖ ਸ਼ਕਤੀ (ਊਰਜਾ) ਦਾ ਸਰਗੁਣ ਸਰੂਪ ਹੈ, ਜਿਸ ਨੂੰ e=mc2 ਕਿਹਾ ਗਿਆ। ਇਹ ਫਾਰਮੁਲਾ ਸਿੱਧ ਕਰਦਾ ਹੈ ਕਿ ਦਿਖਾਈ ਦੇ ਰਿਹਾ ਪਦਾਰਥ ਅਦਿੱਖ ਊਰਜਾ ਹੀ ਹੈ, ਅਤੇ ਪਦਾਰਥ ਨੂੰ ਊਰਜਾ ਵਿਚ ਬਦਲਣ ਦੀ ਸੰਭਾਵਨਾ ਵੀ ਬਣਦੀ ਹੈ, ਜਿਵੇ ਹੁਣ ਨਿਊਕਲੀ ਊਰਜਾ ਪਰਾਪਤੀ ਲਈ ਕੀਤਾ ਜਾਂਦਾ ਹੈ। ਅਤੇ, ਕੁਐਂਟਮ ਮਕੇਨਿਕਸ ਠੌਸ ਪਦਾਰਥ ਦੇ ਅਦਿੱਖ ਲਹਿਰ ਬਨਣ ਦੀ ਅਸਚਰਜਤਾ ਦੀ ਪੜਤਾਲ ਵਿਚ ਲੱਗੀ ਹੋਈ ਹੈ।

ਗਿਆਨ ਪਰਾਪਤੀ ਦੇ ਢੰਗ- ਗੁਰਮਤਿ ਗਿਆਨ ਪਰਾਪਤ ਕਰਨ ਲਈ ਗੁਰਬਾਣੀ ਗੁਰਮਤਿ ਅਨੁਸਾਰੀ ਜੀਵਨ, ਨਾਮ ਸਿਮਰਨ ਅਤੇ ਸਤਿ ਸੰਗਤ ਦੇ ਮਹਤੱਵ ਦਾ ਵਰਨਨ ਕਰਦੀ ਹੈ। ਨਾਮ ਸਿਮਰਨ ਤੋਤਾ ਰਟਨੀ ਨਹੀਂ ਹੁੰਦਾ। ਮਨ ਨੂੰ ਇਕਾਗਰ ਕਰ ਕੇ ਸੁਰਤ ਨੂੰ ਸ਼ਬਦ ਵਿਚ ਜੋੜਣ ਨਾਲ ਪ੍ਰਭੂ ਦੇ ਗੁਣਾਂ ਦੀ ਸੂਝ ਪੈਣ ਦੀ ਸੰਭਾਵਨਾ ਬਣਦੀ ਹੈ। ਦਰ ਅਸਲ ਸਿਮਰਨ ਮਨ ਨੂੰ ਸਾਧਣ ਦੀ ਪਰਕਿਰਿਆ ਹੈ। ਜੇਕਰ ਮਨ ਨੂੰ ਪ੍ਰਭੂ ਦੀ ਯਾਦ ਦਾ ਰਸ ਆਉਣ ਲੱਗ ਪਵੇ ਤਾਂ ਹੀ ਮਨ ਪ੍ਰਭੂ ਦਾ ਗਿਆਨ ਪਰਾਪਤ ਕਰਨ ਦੇ ਸਮਰਥ ਹੋ ਸਕਦਾ ਹੈ। ਪਰ ਜਿਤਨਾ ਇਹ ਕਹਿਣਾ ਸੌਖਾ ਹੈ ਉਤਨਾ ਹੀ ਕਰਨਾ ਔਖਾ। ਗੁਰੂ ਦੀ ਕਿਰਪਾ ਹੀ ਇਸ ਕਾਰਜ ਨੂੰ ਸੌਖਾ ਬਣਾਉਂਦੀ ਹੈ। ਗੁਰੂ ਨਾਨਕ ਸਾਹਿਬ ਨੇ ਜਪੁ ਜੀ ਬਾਣੀ ਵਿਚ ਪ੍ਰਭੂ ਦਾ ਗਿਆਨ ਪਰਾਪਤ ਕਰਨ ਅਤੇ ਪ੍ਰਭੂ ਨਾਲ ਮਿਲਾਪ ਲਈ ਪੰਜ ਪੜਾਵਾਂ ਦਾ ਵਰਨਨ ਕੀਤਾ ਹੈ। ਉਹ ਪੰਜ ਪੜਾ ਹਨ: ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸਚਿ ਖੰਡ।

ਵਿਗਿਆਨੀਆਂ ਨੇ ਜਾਣਕਾਰੀ ਪਰਾਪਤ ਕਰਨ ਲਈ ਵਿਗਿਆਨਕ ਢੰਗ ਦਾ ਅਵਿਸ਼ਕਾਰ ਕੀਤਾ ਹੈ ਜਿਸ ਵਿਚ ਪੂਰਵ ਧਾਰਨਾ ਨੂੰ ਪਰਖ ਕੇ ਪਰਵਾਨ ਕਰਨ ਦੀ ਵਿੱਧੀ ਅਪਣਾਈ ਜਾਂਦੀ ਹੈ। ਵਿਗਿਆਨ ਕੇਵਲ ਉਹਨਾਂ ਅਸਤਿਤਵਾਂ ਬਾਰੇ ਜਾਣਕਾਰੀ ਦਿੰਦਾ ਹੈ ਜਿਹਨਾਂ ਨੂੰ ਗਿਣਿਆ, ਮਿਣਿਆ ਜਾਂ ਤੋਲਿਆ ਜਾ ਸਕਦਾ ਹੋਵੇ। ਜੋ ਪਦਾਰਥ ਜਾਂ ਸਥਿਤੀ ਗਿਣੀ ਮਿਣੀ ਜਾਂ ਤੋਲੀ ਨਹੀਂ ਜਾ ਸਕਦੀ ਵਿਗਿਆਨ ਉਸ ਬਾਰੇ ਕੋਈ ਜਾਣਕਾਰੀ ਦੇਣ ਦੇ ਸਮਰਥ ਨਹੀਂ ਹੁੰਦਾ। ਇਸੇ ਲਈ ਗਣਿਤ ਨੂੰ ਵਿਗਿਆਨ ਦੀ ਮਾਂ ਸਮਝਿਆ ਜਾਂਦਾ ਹੈ। ਗੁਰਬਾਣੀ ਗਿਣਤੀ ਮਿਣਤੀ ਨੂੰ ਨਕਾਰਦੀ ਹੈ। ਕੇਵਲ ਇਕ, ਸ਼ੁਨੰ ਅਤੇ ਅਨੰਤ ਦੇ ਹੁਕਮ ਨੂੰ ਪਰਵਾਨ ਕਰਦੀ ਹੈ। ਗੁਰਵਾਕ ਹੈ: “ਚਿੰਤ ਅੰਦੇਸਾ ਗਣਤ ਤਜਿ ਜਨਿ ਹੁਕਮੁ ਪਛਾਤਾ॥ ਨਹ ਬਿਨਸੈ ਨਹ ਛੋਡਿ ਜਾਇ ਨਾਨਕ ਰੰਗਿ ਰਾਤਾ॥” (ਪੰ: 813)। ਗੁਰਮਤਿ ਗਿਆਨ ਅਤੇ ਵਿਗਿਆਨਕ ਜਾਣਕਾਰੀ ਪਰਾਪਤ ਕਰਨ ਦੇ ਢੰਗਾਂ ਵਿਚ ਵੀ ਕੋਈ ਸਾਂਝ ਨਹੀਂ ਹੈ।

ਉਪਯੋਗਤਾ- ਗੁਰਮਤਿ ਇਕ ਜੀਵਨ ਜਾਚ ਹੈ ਜਿਸ ਦਾ ਮਨੋਰਥ ਸਰਿਸ਼ਟੀ ਦੇ ਰਚਨਹਾਰ ਪ੍ਰਭੂ ਪਰਮੇਸ਼ਰ ਨਾਲ ਇਕ ਮਿਕ ਹੋਣਾ ਹੈ। ਗੁਰਮਤਿ ਅਨੁਸਾਰੀ ਜੀਵਨ ਅਪਨਾਉਣਾ ਅਤੇ ਜੀਣਾ ਬਹੁਤ ਕਠਨ ਹੈ। ਐਸਾ ਜੀਵਨ ਮਨ ਨੂੰ ਸਾਧ ਕੇ ਹੀ ਜੀਵਿਆ ਜਾ ਸਕਦਾ ਹੈ। ਮਨ ਨੂੰ ਸਾਧਣਾ ਕੋਈ ਆਸਾਨ ਕੰਮ ਨਹੀਂ ਹੈ। ਧਰਮ ਦਾ ਇਤਹਾਸ ਇਕ ਪਖੋਂ ਮਨੁੱਖਤਾ ਵਲੋਂ ਮਨ ਨੂੰ ਸਾਧਣ ਦੇ ਸੰਘਰਸ਼ ਦੀ ਹੀ ਕਹਾਣੀ ਹੈ। ਵਿਗਿਆਨ ਵਿਚ ਆਮ ਲੋਕਾਂ ਦਾ ਸਰੀਰਕ ਜੀਵਨ ਸੁਅਸਥ ਅਤੇ ਸੁਖਾਲਾ ਬਨਾਉਣ ਦੀ ਯੋਗਤਾ ਹੈ। ਪਰ ਇਸ ਯੋਗਤਾ ਨੂੰ ਕਾਰਗਰ ਬਨਾਉਣ ਲਈ ਸਰਕਾਰਾਂ ਨੂੰ ਆਪਣੀ ਪੂਰਵਵਰਤਤਾ ਬਦਲਣ ਦੀ ਲੋੜ ਹੈ ਜਿਸ ਨੂੰ ਧਨ ਕਮਾਉਣ ਦੀਆਂ ਚਾਹਵਾਨ ਰਾਜਸੀ ਪਾਰਟੀਆਂ ਦੀਆਂ ਆਧੁਨਿਕ ਲੋਕਤੰਤਰਕ ਸਰਕਾਰਾਂ ਕਰਨ ਲਈ ਤਿਆਰ ਨਹੀਂ ਹਨ। ਉਪਯੋਗਤਾ ਪਖੋਂ ਵੀ ਗੁਰਮਤਿ ਅਤੇ ਵਿਗਿਆਨਕ ਜਾਣਕਾਰੀ ਵਿਚ ਭਿੰਨਤਾ ਹੈ।

ਉਪਭੋਗਤਾ- ਗੁਰਮਤਿ ਮਾਨਵਤਾ ਦੇ ਕਲਯਾਣ ਹਿੱਤ ਧੁਰ ਕੀ ਬਾਣੀ ਦਾ ਉਪਦੇਸ਼ ਹੈ। ਜਦੋਂ ਤੋਂ ਮਨੁਖਤਾ ਦੇ ਇਤਹਾਸ ਦਾ ਵਰਨਨ ਮਿਲਦਾ ਹੈ ਉਦੋਂ ਤੋਂ ਹੀ ਮਨੁੱਖ ਕਿਸੇ ਨਾ ਕਿਸੇ ਗ਼ੈਬੀ ਸ਼ਕਤੀ ਦੀ ਸਹਾਇਤਾ ਲਈ ਅਰਦਾਸਾਂ ਅਤੇ ਭੇਟਾਵਾਂ ਕਰਦਾ ਆ ਰਿਹਾ ਹੈ। ਗੁਰਬਾਣੀ ਉਸ ਗ਼ੈਬੀ ਸ਼ਕਤੀ ਦੇ ਮਾਲਕ ਪ੍ਰਭੂ ਦੇ ਗੁਣਾਂ ਦਾ ਵਰਨਨ ਕਰਦੀ ਹੈ ਅਤੇ ਮਨੁੱਖ ਨੂੰ ਆਪਣੇ ਅੰਦਰ ਵਸ ਰਹੇ ਪ੍ਰਭੂ ਦੀ ਭਾਲ ਕਰਨ ਦਾ ਉਪਦੇਸ਼ ਕਰਦੀ ਹੈ। ਇਸ ਲਈ ਗੁਰਮਤਿ ਦੇ ਧਾਰਨੀਆਂ ਨੂੰ ਮਨ ਨੂੰ ਬਾਹਰ ਭਟਕਣ ਤੋਂ ਹਟਾ ਕੇ ਆਪਣੇ ਆਪ ਨਾਲ ਜੂਝ ਕੇ ਆਪਣੀ ਸੁਤੰਤਰ ਹੋਂਦ ਦਾ ਭਰਮ ਮਿਟਾਉਣਾ ਪੈਂਦਾ ਹੈ। ਇਹ ਇਕ ਨਿੱਜੀ ਪਰਕਿਰਿਆ ਹੈ ਜਿਸ ਲਈ ਗੁਰੂ ਦੀ ਕਿਰਪਾ ਅਤੇ ਅਗਵਾਈ ਦੀ ਲੋੜ ਹੁੰਦੀ ਹੈ, ਅਤੇ ਜਿਸ ਨੂੰ ਹੋਰ ਸ਼ਰਧਾਲੂਆਂ ਦੀ ਸੰਗਤ ਤੋਂ ਉਤਸ਼ਾਹ ਅਤੇ ਸਹਾਇਤਾ ਮਿਲਦੀ ਹੈ।

ਵਿਗਿਆਨਕ ਖੋਜ ਦਾ ਪਰਬੰਧ ਸਰਕਾਰਾਂ, ਉਦਯੋਗ ਅਤੇ ਯੂਨੀਵਰਸਿਟੀਆਂ ਕਰਦੀਆਂ ਹਨ। ਸਰਕਾਰਾਂ ਵਿਗਿਆਨਕ ਜਾਣਕਾਰੀ ਨੂੰ ਆਪਣੀ ਸ਼ਕਤੀ ਵਧਾਉਣ ਅਤੇ ਆਪਣਾ ਕੰਟਰੋਲ ਸਥਾਪਤ ਕਰਨ ਲਈ ਵਰਤਦੀਆਂ ਹਨ। ਉਦਯੋਗ ਵਿਗਿਆਨਕ ਜਾਣਕਾਰੀ ਅਤੇ ਤਕਨਾਲੌਜੀ ਦੇ ਪੇਟੈਂਟ ਲੈ ਕੇ ਉਹਨਾਂ ਨੂੰ ਮੁਨਾਫਾ ਖਟਣ ਲਈ ਦੂਜੇ ਉਦਯੋਗਾਂ ਨੂੰ ਵੇਚਦੇ ਹਨ, ਜਿਸ ਨੂੰ ਗੁਰਬਾਣੀ ‘ਬਿਦਿਆ ਬਿਕ੍ਰਦਾ’ ਆਖਦੀ ਹੈ। ਇਸ ਤਰ੍ਹਾਂ ਵਿਗਿਆਨ ਅਤੇ ਤਕਨਾਲੌਜੀ ਆਧੁਨਿਕ ਸਭਿਆਚਾਰ ਅਤੇ ਅਰਥ ਵਿਵਸਥਾ ਬਰਕਰਾਰ ਰਖਣ ਦੇ ਜ਼ਰੂਰੀ ਅੰਗ ਬਣ ਗਏ ਹਨ, ਅਤੇ ਬਹੁਤੇ ਲੋਕਾਂ ਲਈ ਹੁਣ ਮਸ਼ੀਨਾਂ ਤੋਂ ਬਿਨਾ ਜੀਵਨ ਦੀ ਕਲਪਨਾ ਕਰਨੀ ਔਖੀ ਹੋ ਗਈ ਹੈ। ਇਹ ਕਹਿਣਾ ਸ਼ਾਇਦ ਅਣਉਚੱਤ ਨਾ ਹੋਵੇ ਕਿ ਮਸ਼ੀਨ ਅੱਜ ਮਨੁੱਖ ਦੀ ਰਾਹਬਰ ਅਤੇ ਮਾਲਕ ਬਣੀ ਹੋਈ ਹੈ।

ਉਪਭੋਗਤਾਵਾਂ ਦੀਆਂ ਅਭਿਲਾਸ਼ਾਵਾਂ- ਗੁਰਮਤਿ ਦੇ ਧਾਰਨੀ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਨਣ ਦੇ ਚਾਹਵਾਨ ਹੁੰਦੇ ਹਨ। ਇਹ ਮਾਰਗ ਬਹੁਤ ਔਖਾ ਹੈ। ਜਿਹਨਾਂ ਨੂੰ ਨਾਮ ਦਾ ਰਸ ਆ ਜਾਵੇ ਉਹੋ ਇਸ ਮਾਰਗ ਤੇ ਚਲਣ ਦਾ ਹੀਆ ਕਰ ਸਕਦੇ ਹਨ। ਇਹ ਸੰਸਾਰਕ ਸਫਲਤਾ ਜਾਂ ਰਾਜਸੀ ਸ਼ਕਤੀ ਪਰਾਪਤ ਕਰਨ ਦਾ ਮਾਰਗ ਨਹੀਂ ਹੈ। ਸੰਸਾਰਕ ਸਫਲਤਾ ਅਤੇ ਰਾਜਸੀ ਸ਼ਕਤੀ ਦੀ ਪਰਾਪਤੀ ਲਈ ਜਿਹਨਾਂ ਯੋਗਤਾਵਾਂ ਦੀ ਲੋੜ ਹੁੰਦੀ ਹੈ ਗੁਰਮਤਿ ਦੇ ਧਾਰਨੀਆਂ ਵਿਚ ਅਜਿਹੀਆਂ ਯੋਗਤਾਵਾਂ ਦੀ ਅਕਸਰ ਘਾਟ ਹੁੰਦੀ ਹੈ। ਸਿੱਖ ਧਰਮ ਦੇ ਬਹੁਤੇ ਸ਼ਰਧਾਲੂ ਇਸ ਮਾਰਗ ਦੀ ਵਾਸਤਵਿਕਤਾ ਬਾਰੇ ਅਨਜਾਣ ਹਨ। ਇਹ ਸਚਿਆਰਿਆਂ ਵਾਲਾ ਚਣੌਤੀਆਂ ਭਰਿਆ ਜੀਵਨ ਹੁੰਦਾ ਹੈ ਜੋ ਮਨ ਸਾਧ ਕੈ ਹੀ ਜੀਵਿਆ ਜਾ ਸਕਦਾ ਹੈ। ਸਚਿਆਰੇ ਜੀਵਨ ਵਾਲੇ ਮਨ ਦੀਆਂ ਚਣੌਤੀਆਂ ਬਾਰੇ ਤੇ ਗੁਰਮਤਿ ਦੇ ਧਾਰਨੀ ਹੀ ਦੱਸ ਸਕਦੇ ਹਨ, ਪਰ ਏਨਾ ਜ਼ਰੂਰ ਆਖਿਆ ਜਾ ਸਕਦਾ ਹੈ ਕਿ ਇਹਨਾਂ ਚਣੌਤੀਆਂ ਸਾਹਮਣੇ ਸਰੀਰਕ ਕੁਰਬਾਨੀ ਕੋਈ ਵੱਡੀ ਗੱਲ ਨਹੀਂ, ਕਿਊਂਕੇ ਮਨ ਤੋਂ ਤੰਗ ਆਏ ਲੋਕ ਮਨ ਤੋਂ ਛੁਟਕਾਰਾ ਪਾਉਣ ਲਈ ਆਤਮ ਹਤਿਆ ਨੂੰ ਅਕਸਰ ਇਕ ਸੌਖਾ ਰਾਹ ਸਮਝਦੇ ਹਨ।

ਨਵੀਂ ਤਕਨਾਲੌਜੀ ਤੋਂ ਬਣੀਆਂ ਮਸ਼ੀਨਾਂ ਸਾਧਾਰਣ ਵਿਅਕਤੀ ਨੂੰ ਚਕਾ ਚੂੰਧ ਕਰ ਦਿੰਦੀਆਂ ਹਨ। ਮਸ਼ੀਨ ਹੁਣ ਮਨੁੱਖੀ ਜੀਵਨ ਦਾ ਅਟੁੱਟਵਾਂ ਅੰਗ ਬਣ ਚੁੱਕੀ ਹੈ। ਸਮਸਿਆ ਇਹ ਹੈ ਕਿ ਮਸ਼ੀਨ ਮਨੁੱਖੀ ਸੁਤੰਤਰਤਾ ਨੂੰ, ਜਿਸ ਲਈ ਮਾਨਵਤਾ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ, ਸੀਮਤ ਕਰ ਰਹੀ ਹੈ, ਅਤੇ ਮਨੁੱਖਾ ਜੀਵਨ ਦੇ ਨਿਰਨੇ ਮਸ਼ੀਨਾਂ ਤੇ ਨਿਰਭਰ ਕਰਨ ਲੱਗ ਪਏ ਹਨ। ਚਾਹੀਦਾ ਤੇ ਇਹ ਸੀ ਕਿ ਮਸ਼ੀਨ ਮਨੁੱਖ ਦੇ ਅਧੀਨ ਅਤੇ ਉਸ ਦੀ ਸਹਾਇਕ ਹੁੰਦੀ ਪਰ ਹੋ ਰਿਹਾ ਹੈ ਇਸ ਤੋਂ ਉਲਟ। ਮਸ਼ੀਨ ਮਨੁੱਖ ਦੀ ਮਾਲਕ ਬਣਦੀ ਜਾ ਰਹੀ ਹੈ, ਅਤੇ ਮਸ਼ੀਨਾਂ ਦੇ ਉਦਯੋਗਪਤੀ ਮਾਲਕ ਇਸ ਤੋਂ ਮੁਨਾਫ਼ਾ ਖੱਟ ਰਹੇ ਹਨ।

ਗੁਰਮਤਿ ਅਤੇ ਸਿੱਖ ਧਰਮ ਵਿਚ ਵੀ ਅੰਤਰ ਹੈ ਜਿਸ ਨੂੰ ਅਕਸਰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਗੁਰਮਤਿ ਅਧਿਆਤਮਿਕ ਵਿਚਾਰਧਾਰਾ ਹੈ ਅਤੇ ਸਿੱਖ ਧਰਮ ਉਸ ਵਿਚਾਰਧਾਰਾ ਦਾ ਸਮਾਜਕ ਵਿਸਤਾਰ ਹੈ। ਸਿੱਖ ਧਰਮ ਦੀ ਲੋਕ ਪਰੀਅਤਾ ਅਤੇ ਸਤਿਕਾਰ ਗੁਰਬਾਣੀ ਦੇ ਸ਼ੁੱਧ ਸੰਚਾਰ ਤੇ ਨਿਰਭਰ ਕਰਦੇ ਹਨ। ਵੇਖਣ ਵਿਚ ਆਇਆ ਹੈ ਕਿ ਸਮਾਜਕ ਸਕਤੀਆਂ ਧਾਰਮਕ ਸੁਤੰਤਰਤਾ ਲਈ ਵਚਨਬੱਧ ਹੁੰਦੀਆਂ ਹੋਈਆਂ ਵੀ ਧਰਮ ਨੂੰ ਆਪਣੀਆਂ ਸ਼ਰਤਾਂ ਤੇ ਹੀ ਪਰਵਾਨ ਕਰ ਦੀਆਂ ਹਨ। ਵਿਗਿਆਨ ਅਤੇ ਸਮਾਜ ਅਧਿਆਤਮਕ ਵਿਚਾਰਧਾਰਾ ਦੇ ਸੁਭਾਵਕ ਵਿਰੋਧੀ ਹਨ ਕਿਊਂਕੇ ਸਮਾਜ ਦਾ ਆਧਾਰ ਹਉਮੈ ਹੈ ਅਤੇ ਸਮਾਜ ਵਿਚ ਮਾਇਆ ਦਾ ਵਰਤਾਰਾ ਹੈ। ਗੁਰਬਾਣੀ ਦਾ ਕਥਨ ਹੈ: “ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਇਹੁ ਮਾਇਆ ਜਿਤੁ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ॥” (ਪੰ: 921)। ਪਰ ਸਮਾਜ ਅਧਿਆਤਮਕਤਾ ਦਾ ਵਿਰੋਧੀ ਹੁੰਦੇ ਹੋਏ ਵੀ ਆਮ ਤੌਰ ਤੇ ਧਾਰਮਕ ਗਤੀ ਵਿਧਿਆਂ ਨੂੰ ਉਤਸ਼ਾਹਤ ਕਰਦਾ ਹੈ। ਇਸ ਲਈ ਧਰਮ ਦੇ ਆਗੂਆਂ ਨੂੰ ਅਧਿਆਤਮਕ ਵਿਚਾਰਧਾਰਾ ਦੀ ਥਾਂ । ਆਪਣੇ ਸ਼ਰਧਾਲੂਆਂ ਦੀ ਗਿਣਤੀ ਅਤੇ ਆਪਣੀ ਆਮਦਨੀ ਵਧਾਉਣ ਦੀ ਚਿੰਤਾ ਰਹਿੰਦੀ ਹੈ। ਪਰ ਗੁਰਮਤਿ ਦੇ ਧਾਰਨੀ ਜ਼ਰੂਰ ਸਿੱਖ ਸਮਾਜ ਵਿਚ ਗੁਰਬਾਣੀ ਉਪਦੇਸ਼ ਦੀ ਵਧ ਰਹੀ ਅਸ਼ੁੱਧਤਾ ਅਤੇ ਅਗਿਆਨਤਾ ਤੋਂ ਚਿੰਤਤ ਹਨ।

ਗੁਰਮਤਿ ਅਤੇ ਪਛਮੀ ਵਿਚਾਰਧਾਰਾ ਦਾ ਸਬੰਧ 1881 ਵਿਚ ਅਰਨੈਸਟ ਟਰੰਪ ਦੇ ਲਿੱਖੇ ਸਿੱਖ ਰਿਲੀਜਨ ਤੋਂ ਅਰੰਭ ਹੁੰਦਾ ਹੈ। ਉਸ ਸਮੇ ਤੱਕ ਗੁਰਮਤਿ ਦਾ ਸੰਚਾਰ ਰਵਾਇਤੀ ਢੰਗ ਨਾਲ ਗੁਰਮਤਿ ਦੇ ਸ਼ਰਧਾਲੂ ਕਰਦੇ ਆ ਰਹੇ ਸਨ। ਪਰ ਕਿਉਂਕਿ ਬਹੁਤੇ ਗੁਰਦੁਆਰਿਆਂ ਦੀਆਂ ਸੰਪੱਤੀਆਂ ਐਸੇ ਮਹੰਤਾਂ ਦਾ ਕਬਜ਼ੇ ਵਿਚ ਸਨ ਜੋ ਗੁਰਬਾਣੀ ਦਾ ਸਤਿਕਾਰ ਨਹੀਂ ਸੀ ਕਰਦੇ, ਸਵਾਰਥੀ ਅਤੇ ਲਾਲਚੀ ਪੁਜਾਰੀ ਸ਼ਰਧਾਲੂਆਂ ਦਾ ਸ਼ੋਸ਼ਣ ਕਰ ਰਹੇ ਸਨ ਅਤੇ ਗੁਰਮਤਿ ਵਿਰੋਧੀ ਲੇਖਕ ਗੁਰਬਾਣੀ ਵਿਚ ਰਲਾ ਕਰਨ, ਝੂਠੇ ਗ੍ਰੰਥ ਰਚਣ ਅਤੇ ਗੁਰ ਇਤਹਾਸ ਨੂੰ ਵਿਗਾੜਨ ਵਿਚ ਰੁੱਝੇ ਹੋਏ ਸਨ, ਇਸ ਲਈ ਉਸ ਬਿਖੜੇ ਸਮੇਂ ਦੇ ਸਿਦਕੀ ਸ਼ਰਧਾਲੂਆਂ ਦੀ ਸੇਵਾ ਦੀ ਜਾਣਕਾਰੀ ਦੇ ਸਰੋਤ ਘੱਟ ਮਿਲਦੇ ਹਨ। ਪਛਮੀ ਸਿਖਿਆ ਅਤੇ ਵਿਚਾਰਧਾਰਾ ਨੇ ਸਿੱਖ ਧਰਮ ਵਿਚ ਨਵੀਂ ਸੋਚ ਨੂੰ ਜਨਮ ਦਿੱਤਾ ਜਿਸ ਨਾਲ ਗੁਰਮਤਿ ਦੇ ਨਵੇਂ ਸ਼ਰਧਾਲੂ ਆਪਣੀ ਵਖਰੀ ਰਾਹ ਤੇ ਟੁਰ ਪਏ। ਉਹਨਾਂ ਵਿਚੋਂ ਬਹੁਤੇ ਗੁਰਬਾਣੀ ਦਾ ਰਵਾਇਤੀ ਢੰਗ ਨਾਲ ਪਰਚਾਰ ਕਰਨ ਵਾਲਿਆਂ ਨੂੰ, ਜਿਹਨਾਂ ਦੀ ਰਹਿਤ ਪਰੰਪਰਾਗਤ ਹੈ, ਪਛੜੇ ਹੋਏ ਸਮਝਦੇ ਹਨ। ਇਹ ਠੀਕ ਹੈ ਕਿ ਇਹਨਾਂ ਦੇ ਬਹੁਤੇ ਡੇਰੇ ਅੱਜ ਵੀ ਸ਼ਰਧਾਲੁਆਂ ਨੂੰ ਵਹਿਮਾਂ ਭਰਮਾਂ ਵਿਚ ਪਾ ਕੇ ਲੁੱਟ ਰਹੇ ਹਨ। ਪਰ ਪਛਮੀ ਵਿਦਿਆ ਅਤੇ ਵਿਚਾਰਧਾਰਾ ਤੋਂ ਪਰਭਾਵਤ ਆਧੁਨਿਕਤਾ ਦੇ ਅਨੁਯਾਈ ਸ਼ਰਧਾਲੂਆਂ ਵਿਚੋਂ ਬਹੁਤੇ ਗੁਰਮਤਿ ਨਾਲੋਂ ਗੁਰ ਇਤਹਾਸ ਤੋਂ ਪਰੇਰਨਾ ਲੈਂਦੇ ਹਨ, ਅਤੇ ਸੰਸਾਰਕ ਸਫਲਤਾ ਅਤੇ ਰਾਜਸੀ ਸ਼ਕਤੀ ਪਰਾਪਤ ਕਰਨ ਦੇ ਅਭਿਲਾਸ਼ੀ ਹਨ। ਕਈ ਸ਼ਰਧਾਲੂ ਵਿਗਿਆਨ ਨੂੰ ਗੁਰਮਤਿ ਵਿਚਾਰਧਾਰਾ ਪਰਖਣ ਲਈ ਕਸਵੱਟੀ ਵਜੋਂ ਵਰਤਣ ਦੇ ਹਾਮੀ ਵੀ ਹਨ। ਪਦਾਰਥਵਾਦ ਵਲ ਪਰਵਿਰਤ ਪਛਮੀ ਵਿਚਾਰਧਾਰਾ ਤੋਂ ਪਰਭਾਵਤ ਸੋਚ ਵਾਲੇ ਵਿਅਕਤੀਆਂ ਲਈ ਗੁਰਮਤਿ ਦੇ ਆਤਮਾ ਅਤੇ ਮਨ ਦੇ ਸੰਕਲਪਾਂ ਅਤੇ ਸੰਸਾਰਕ ਜੀਵਨ ਵਿਚ ਨਿਸ਼ਕਾਮ ਕਰਮ ਅਤੇ ਮਨੁੱਖੀ ਬਰਾਬਰਤਾ ਦੇ ਉਪਦੇਸ਼ ਨੂੰ ਸਮਝਣ ਅਤੇ ਪਰਵਾਨ ਕਰਨ ਵਿਚ ਮਾਨਸਕ ਔਕੜਾਂ ਪੇਸ਼ ਆ ਰਹੀਆਂ ਹਨ। ਪੁਜਾਰੀ ਵਰਗ ਇਹਨਾਂ ਦੋਨੋਂ ਵਿਚਾਰਾਂ ਦੇ ਅਨੁਯਾਈਆਂ ਵਿਚਕਾਰ ਫਸਿਆ ਹੋਇਆ ਹੈ ਅਤੇ ਕਦੇ ਸਾਧਾਂ ਸੰਤਾਂ ਨਾਲ ਲੱਗ ਲੈਂਦਾ ਹੈ ਅਤੇ ਕਦੇ ਪੜ੍ਹੇ ਲਿਖਿਆਂ ਨਾਲ। ਭਾਵੇਂ ਦੋਨੋਂ ਰਾਹਾਂ ਦੇ ਪਾਂਧੀ ਗੁਰਬਾਣੀ ਤੋਂ ਸੇਧ ਲੈਣ ਦਾ ਦਾਹਵਾ ਕਰਦੇ ਹਨ ਪਰ ਇਹਨਾਂ ਦਾ ਆਪਸ ਵਿਚ ਬਹੁਤ ਘੱਟ ਸੰਪਰਕ ਹੈ। ਇਹ ਸਥਿਤੀ ਸੰਤੋਖ ਜਨਕ ਨਹੀਂ ਹੈ। ਗੁਰਮਤਿ ਦੇ ਉਪਾਸ਼ਕਾਂ ਵਿਚ ਸੰਮਤੀ ਹੋਣ ਨਾਲ ਹੀ ਗੁਰਮਤਿ ਵਿਰੋਧੀਆਂ ਅਤੇ ਸਵਾਰਥੀ ਅਨਸਰਾਂ ਦੀ ਪਛਾਣ ਕਰ ਕੇ ਉਹਨਾਂ ਨਾਲ ਨਜਿੱਠਿਆ ਜਾ ਸਕਦਾ ਹੈ।




.