.

ਕੀ ਗੁਰੂਆਂ ਦੇ ਵਿਵਹਾਰ ਵਿੱਚ ਨਾਮ ਅੰਮ੍ਰਿਤ ਨਹੀਂ ਸੀ?

ਹਰਦੇਵ ਸਿੰਘ, ਜੰਮੂ

ਸਾਰੇ ਪ੍ਰਚਾਰਕ ਇਸ ਗਲ ਤੇ ਸਹਿਮਤ ਹਨ ਕਿ ‘ਗੁਰਮਤਿ` ਗੁਰਬਾਣੀ ਪੜਨ ਦੇ ਨਾਲ-ਨਾਲ ਸਮਝਣ ਦੀ ਗਲ ਹੈ! ਇਸ ਤੋਂ ਵੀ ਜ਼ਿਆਦਾ ਉਹ ਇਸ ਗਲ ਨੂੰ ਦ੍ਰਿੜ ਕਰਵਾਉਂਦੇ ਅਤੇ ਪ੍ਰਚਾਰਦੇ ਹਨ ਕਿ ਗੁਰਮਤਿ ਬਾਣੀ ਸਮਝਣ ਦੇ ਨਾਲ-ਨਾਲ ਵਰਤਨ ਦੀ ਗਲ ਹੈ।

ਗਲ ਵੀ ਸਹੀ ਹੈ ਕਿ ਬਾਣੀ ਦਾ ਅੰਮ੍ਰਿਤ ਤਾਂ ਵਿਵਹਾਰ ਵਿੱਚ ਉਤਰਨਾ ਚਾਹੀਦਾ ਹੈ। ਬਾਣੀ-ਨਾਮ ਅੰਮ੍ਰਿਤ ਜੇ ਕਰ ਵਿਵਹਾਰ ਵਿੱਚ ਨਾ ਉਰਤੇ ਤਾਂ ਬੰਦਾ ਸਿਆਣਾ ਬੇਸ਼ਕ ਹੋਵੇ ਪਰ ਸਚਿਆਰਾ ਨਹੀਂ ਹੋ ਸਜਦਾ। ਇਸ ਗਲ ਵਿੱਚ ਵੀ ਕਈ ਸ਼ੱਕ ਨਹੀਂ।

ਸੋ ਕੁੱਝ ਉੱਗੇ ਪ੍ਰਚਾਰਕ ਅਤੇ ਵਿਦਵਾਨ ਅਖਵਾਉਂਦੇ ਸੱਜਣ ਇਸ ਵਾਸਤਵਿਕਤਾ ਦਾ ਬੜੇ ਜੋਰ-ਸ਼ੌਰ ਨਾਲ ਪ੍ਰਚਾਰ ਕਰਦੇ ਗਰਬ ਮਹਸੂਸ ਕਰਦੇ ਹਨ ਕਿ ਉਹ ਗੁਰਮਤਿ ਦੀ ਗਲ ਕਰਦੇ ਹਨ। ਗੁਰਮਤਿ ਦੀ ਗਲ ਕਰਨ ਤੋਂ ਚੰਗੀ ਗਲ ਅਗਰ ਕੋਈ ਹੋ ਸਕਦੀ ਹੈ ਤਾਂ ਉਹ ਹੈ ਗੁਰਮਤਿ ਉਤੇ ਵਿਵਹਾਰ ਰਾਹੀਂ ਚਲਣਾ! ਨਾਮ ਰੂਪੀ ਅੰਮ੍ਰਿਤ ਨੂੰ ਪ੍ਰਚਾਰਨ ਵਾਲੇ ਕੁੱਝ ਵਿਦਵਾਨ ਤਾਂ ਅੰਮ੍ਰਿਤਸਰ ਸਰੋਵਰ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਨਕਾਰਾਤਮਕ ਟਿੱਪਣੀਆਂ ਵੀ ਕਰ ਗਏ। ਦਰਬਾਰ ਸਾਹਿਬ ਸਰੋਵਰ ਦੀ ਉਸਾਰੀ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਗੁਰੂਆਂ ਦੇ ਵਿਵਹਾਰਕ ਕਾਰਜ ਸਨ ਜਿਨ੍ਹਾ ਨੂੰ ਲੈ ਕੇ ਕੁੱਝ ਵਹਿਮ-ਭਰਮ ਵੀ ਸਿੱਖਾਂ ਦੀ ਸੋਚ ਵਿੱਚ ਘਰ ਕਰ ਗਏ। ਕਿਸੇ ਵਿਦਵਾਨ ਦਾ ਮਕਸਦ ਸ਼ਾਯਦ ਦਰਬਾਰ ਸਾਹਿਬ ਸਰੋਵਰ ਅਤੇ ਖੰਡੇ ਦੇ ਅੰਮ੍ਰਿਤ ਨਾਲ ਜੁੜੇ ਭਰਮਾਂ ਦਾ ਖੰਡਨ ਕਰਨਾ ਰਿਹਾ ਹੋਵੇਗਾ। ਪਰ ਕਿਸੇ ਭਰਮ ਦਾ ਖੰਡਨ ਕਰਦੀਆਂ ਕਿਸੇ ਵਿਦਵਾਨ ਦਿਆਂ ਨੱਕਾਰਾਤਮਕ ਟਿੱਪਣੀਆਂ ਜੇਕਰ ਦਰਬਾਰ ਸਾਹਿਬ ਸਰੋਵਰ ਅਤੇ ਖੰਡੇ ਦੇ ਅੰਮ੍ਰਿਤ ਆਦਿ ਦੇ ਪਿੱਛੇ ਗੁਰੂ ਦੇ ਅਸਲ ਭਾਵ ਨੂੰ ਵੀ ਰੱਧ ਕਰਨ ਦੀ ਹੱਦ ਤਕ ਪਹੁੰਚਦੀਆਂ ਹੋਂਣ ਤਾਂ ਉਹ ਵਿਦਵਾਨ ਇਸ ਨੁੱਕਤੇ ਬਾਰੇ ਮੂਲੋਂ ਭੁੱਲਿਆ ਹੋਇਆ ਕਹਿਆ ਜਾਏਗਾ।

ਹੁਣ ਜ਼ਰਾ ਕੁ ਗੁਰੂਆਂ ਦੇ ਅਮਲ ਨੂੰ ਵਿਚਾਰੀਏ ਤਾਂ ਪਤਾ ਚਲਦਾ ਹੈ ਕਿ ਉਹ ਬਾਣੀ-ਨਾਮ ਅੰਮ੍ਰਿਤ ਦੇ ਸਰੋਵਰ ਵਿੱਚ ਆਪਣੇ ਵਿਵਹਾਰ ਰਾਹੀਂ ਨਿਤ ਇਸ਼ਨਾਨ ਕਰਦੇ ਸੀ। ਉਨ੍ਹਾਂ ਦੇ ਵਿਵਹਾਰ ਦਿਆਂ ਕਈਂ ਨਿਰਵਿਵਾਦਤ ਮਿਸਾਲਾਂ ਸਾਡੇ ਸ੍ਹਾਮਣੇ ਹਨ! ਗੁਰੂ ਅਰਜਨ ਦੇਵ ਜੀ ਦਾ ਤੱਤੀ ਤਵੀ ਤੇ ਬੈਠਣਾ ਜਾਂ ਦੇਗ ਵਿੱਚ ਉਭਲਣਾ ਕੀ ਨਾਮ-ਅੰਮ੍ਰਿਤ ਵਿੱਚ ਇਸ਼ਨਾਨ ਨਹੀਂ ਸੀ? ਹੈ ਕੋਈ ਇਨਕਾਰੀ? ਨਿਰਸੰਦੇਹ: ਕੋਈ ਨਹੀਂ! ਇੰਝ ਹੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੀ ਭੇਂਟ ਵਿੱਚ ਕਿਸੇ ਨੂੰ ਨਾਮ ਦਾ ਅੰਮ੍ਰਿਤ ਨਜ਼ਰ ਨਾ ਆਏ ਤਾਂ ਉਹ ਇਸ ਪੱਖੋਂ ਅਕਲੋਂ ਅੰਨਾਂ ਜਾਂ ਅਗਿਆਨੀ ਹੀ ਕਹਿਆ ਜਾ ਸਕਦਾ ਹੈ। ਖੰਡੇ ਬਾਟੇ ਦਾ ਅੰਮ੍ਰਿਤ, ਚਮਕੋਰ ਦੀ ਗੜੀ ਅਤੇ ਸਿਰਹੰਦ ਦੇ ਸਾਕੇ ਜੇ ਕਰ ਨਾਮ ਦੇ ਅੰਮ੍ਰਿਤ ਤੋਂ ਵਹੀਨ ਕਹੇ ਜਾਂਣ ਤਾਂ ਵਿਵਹਾਰ ਦੀ ਅਹਿਮੀਅਤ ਹੀ ਕੀ ਬੱਚਦੀ ਹੈ? ਜੇ ਕਰ ਗੁਰੂਆਂ ਦੇ ਅੰਦਰ ਇਲਾਹੀ ਗਿਆਨ ਸੀ ਤਾਂ ਉਨ੍ਹਾਂ ਦੇ ਵਿਵਹਾਰ ਵਿੱਚ ਕੀ ਸੀ? ਕੀ ਉਨ੍ਹਾਂ ਦਾ ਵਿਵਹਾਰ ਇਲਾਹੀ ਗਿਆਨ ਤੋਂ ਵਹੀਨ ਸੀ? ਨਿਰਸੰਦੇਹ: ਗੁਰੂ ‘ਕਥਨੀ` (ਗੁਰਬਾਣੀ) ਅਤੇ ‘ਕਰਨੀ` (ਵਿਵਹਾਰ) ਵਿੱਚ ਇੱਕ ਸਨ! ਉਨ੍ਹਾਂ ਦੇ ਵਿਵਹਾਰ ਦਾ ਤਿਰਸਕਾਰ ਨਹੀਂ ਕੀਤਾ ਜਾ ਸਕਦਾ! ਕੀਤਾ ਜਾ ਸਕਦਾ ਹੈ?

ਅਚਰਜ ਦੀ ਗਲ ਹੈ ਕਿ ਅੱਜ ਦੇ ਕੁੱਝ ਉਹ ਵਿਚਾਰਕ, ਜੋ ਕਿ ਵਿਵਹਾਰ ਦੇ ਅੰਦਰ ਹੀ ਬਾਣੀ-ਨਾਮ ਵਿੱਚ ਇਸ਼ਨਾਨ ਪ੍ਰਚਾਰਦੇ ਹਨ, ਨਾਲ ਇਹ ਵੀ ਪ੍ਰਚਾਰ ਰਹੇ ਹਨ ਕਿ ਗੁਰਬਾਣੀ ਅਨੁਸਾਰੀ ਗੁਰੂ ਦੇ ਕਾਰਜਾਂ (ਵਿਵਹਾਰ) ਵਿੱਚ ਨਾਮ ਦਾ ਅੰਮ੍ਰਿਤ ਨਹੀਂ ਸੀ ਉਹ ਕੇਵਲ ਇਤਹਾਸ ਹੈ ਜਾਂ ਕੁੱਝ ਐਸੇ ਕੰਮ ਸਨ ਜੋ ਕਿ ਪਵਿੱਤਰ ਨਹੀਂ ਕਹੇ ਜਾਣੇ ਚਾਹੀਦੇ। ਇਸ ਲਈ ਉਨ੍ਹਾਂ ਦੇ ਕੰਮਾਂ ਨੂੰ ਪਵਿੱਤਰ ਮੰਨਣਾ/ਕਹਿਣਾ ਬ੍ਰਾਹਮਣਵਾਦ ਹੈ। ਇਥੋਂ ਤਕ ਕਿ ਉਹ ਨਾਮ ਅੰਮ੍ਰਿਤ ਨਾਲ ਭਰੀਆਂ ਵਿਸ਼ੇਸ਼ ਘਟਨਾਵਾਂ ਨੂੰ ਯਾਦ ਕਰਨ ਤਕ ਵੀ ਪਾਬੰਦੀ ਦੀ ਮੰਗ ਕਰਦੇ ਹਨ! ਬਾਣੀ ਵਿਚਲਾ ਗਿਆਨ ਪਵਿੱਤਰ ਹੈ ਇਸ ਗਲ ਤੋਂ ਉਨਾਂ ਵਿਚੋਂ ਕੋਈ ਇਨਕਾਰੀ ਨਹੀਂ ਤਾਂ ਜਿਸ ਗੁਰੂ ਨੇ ਆਪਣੇ ਵਿਵਹਾਰ ਵਿੱਚ ਬਾਣੀ ਦੇ ਅੰਮ੍ਰਿਤ ਨੂੰ ਉਤਾਰਿਆ ਹੈ ਤਾਂ ਉਸ ਵਿਵਹਾਰ ਜਾਂ ਉਸਦੇ ਪ੍ਰਗਟਾਵੇ ਦੀ ਪਵਿੱਤਰਤਾ ਤੋਂ ਇਨਕਾਰ ਕਿਵੇਂ ਅਤੇ ਕਿਉਂ? ਕੀ ਗੁਰੂ ਨਾਨਕ ਵਲੋਂ ਕੀਤੀ ਗ੍ਰਹਸਤ ਪਵਿੱਤਰ ਨਹੀਂ? ਕੀ ਗੁਰੂ ਨਾਨਕ ਵਲੋਂ ਕੀਤੀਆਂ ਯਾਤਰਾਵਾਂ ਪਵਿੱਤਰ ਨਹੀਂ? ਕੀ ਗੁਰੂਬਾਣੀ ਦੇ ਰਸ ਨਾਲ ਲਭਰੇਜ਼ ਗੁਰ ਨਾਨਕ ਦੇ ਕਦਮ (Steps) ਪਵਿੱਤਰ ਨਹੀਂ ਜਿਸ ਰਾਹੀਂ ਉਨ੍ਹਾਂ ਹਜ਼ਾਰਾ ਮੀਲ ਆਪਣੇ ਅਧਿਆਤਮ ਦੇ ਵਿਵਹਾਰਕ ਪੈਂਡੇ ਤੈਅ ਕੀਤੇ?

ਗੁਰੂ ਕਾਰਜ ਦੀ ਪਵਿੱਤਰਤਾ ਦਾ ਭਾਵ ਕਿਸੇ ਵਿਸ਼ੇਸ਼ ਕਾਰਜ ਦਾ ਈਸ਼ਟ ਹੋ ਜਾਣਾ ਨਹੀਂ ਹੁੰਦਾ ਬਲਕਿ ਉਸ ਕਾਰਜ ਦੀ ਪਵਿੱਤਰਤਾ ਦਾ ਭਾਵ ਈਸ਼ਟ ਦੇ ਗੁਣਾਂ ਨੂੰ ਵਿਵਹਾਰ ਵਿੱਚ ਧਾਰਨ ਕਰਨ ਦਾ ਸੂਚਕ ਹੋ ਜਾਣਾ ਹੁੰਦਾ ਹੈ ਜਿਸ ਰਾਹੀ ‘ਗੁਰੂ` ਅਤੇ ‘ਵਾਹਿਗੁਰੂ` ਇੱਕ ਰੰਗ ਹੋਏ ਨਜ਼ਰ ਆਉਂਦੇ ਹਨ। ਜੇ ਕਰ ਅਸੀਂ ਗੁਰੂਆਂ ਦੀ ਸਭ ਜਾਣਦੇ ਹਾਂ ਤਾਂ ਗੁਰੂ ਸਾਡੇ ਨਾਲੋਂ ਜ਼ਿਆਦਾ ਕਿਵੇਂ ਜਾਣਦੇ ਸਨ?

ਰਾਜਨੀਤਕ ਜਾਂ ਕਿਸੇ ਬਾਦਸ਼ਾਹ ਦਾ ਵਿਕਾਸ ਕਾਰਜ ਕਿਸੇ ਨਿਜ ਭਾਵਨਾ ਤੋਂ ਪ੍ਰਰੇਰਤ ਹੋ ਸਕਦਾ ਹੈ ਪਰ ਸੱਚੇ ਪਾਤਿਸ਼ਾਹਾਂ` ਦਾ ਪਿਆਸੇ ਲਈ ਖੁਹ ਖੋਦਣ ਵਿੱਚ ਬਾਣੀ ਦੇ ਰਸ ਦੀ ਪਵਿੱਤਰਤਾ ਹੈ। ਐਸੀ ਪਵਿੱਤਰਤਾ ਨੂੰ ਬ੍ਰਾਹਮਣਵਾਦ ਸਮਝਣ ਵਾਲਾ ਆਪ ਅਗਿਆਨੀ ਹੈ ਅਤੇ ਇਸ ਲਈ ਉਹ ਸੱਚ ਦਾ ਗਿਆਨ ਨਹੀਂ ਬਲਕਿ ਅਗਿਆਨ ਹੀ ਵੰਡੇਗਾ। ਗੁਰੂ ਦੇ ਕਿਸੇ ਵਿਸ਼ੇਸ਼ ਕਾਰਜ ਨਾਲ ਜੁੜੇ ਭਰਮ ਦੀ ਨਿੰਦਾ ਗੁਰਮਤਿ ਹੈ ਪਰ ਗੁਰੂ ਦੇ ਕਾਰਜ (ਵਿਵਹਾਰ) ਵਿਚਲੇ ਅੰਮ੍ਰਿਤ ਦੇ ਰਸ ਦੀ ਪਵਿੱਤਰਤਾ ਨੂੰ ਵੀ ਨਿੰਦ ਜਾਣ ਵਾਲੇ ਪ੍ਰਚਾਰਕਾਂ/ਲਿਖਾਰੀਆਂ ਨੂੰ ਅੱਜੇ ਗੁਰਮਤਿ ਦੇ ਕੁੱਝ ਪੱਖਾਂ ਨੂੰ ਸਮਝਣ ਦੀ ਲੋੜ ਹੈ।

ਸਦਿਆਂ ਤਕ ਅਨਪੜਤਾ ਅਤੇ ਵਸੀਲੇ ਘਟ ਹੋਂਣ ਕਾਰਨ ਸਿੱਖ ਮੋਖਿਕ ਢੰਗ ਨਾਲ ਸੁਣ-ਸੁਣ ਅਤੇ ਬੋਲ-ਬੋਲ ਕੇ ਬਾਣੀ ਕੰਠ ਕਰਦੇ ਸੀ। ਜੇ ਕਰ ਕੰਠ ਨਾ ਕਰਦੇ ਤਾਂ ਨਿਤਨੇਮ ਕਿਵੇਂ ਕਰਦੇ? ਖ਼ੈਰ! ਬਾਣੀ ਨੂੰ ਕੇਵਲ ਪੜਨ ਦੀ ਕ੍ਰਿਆ ਨੂੰ ਤੋਤਾ ਰਟਨ ਕਹਿਣ ਵਾਲੇ ਅਤੇ ਬਾਣੀ ਸਮਝਣ ਨੂੰ ਕੇਵਲ ਸਿਆਣਪ ਮਾਤਰ ਕਹਿਣ ਵਾਲੇ ਵਿਦਵਾਨ, ਬਾਣੀ ਨੂੰ ਵਿਵਹਾਰ ਵਿੱਚ ਉਤਾਰਨ ਨੂੰ ਮੂਲ ਗਲ ਮੰਨਦੇ ਹਨ। ਇਸ ਵਿੱਚ ਸ਼ੱਕ ਵੀ ਨਹੀਂ। ਪਰ ਨਾਲ ਹੀ ਗੁਰੂਆਂ ਨੂੰ ਲੇ ਕੇ ਉਹ ਉਲਟਾ ਚਿੰਤਨ ਕਰਦੇ ਹਨ। ਕਹਿੰਦੇ ਹਨ ਬਾਣੀ ਤਾਂ ਪਵਿੱਤਰ ਹੈ ਪਰ ਗੁਰੂਆਂ ਵਲੋਂ ਕੀਤੇ ਕਾਰਜ ਪਵਿੱਤਰ ਨਹੀਂ! ! ਭਲਾ ਗੁਰੂ ਦੇ ਵਿਵਹਾਰ ਵਿੱਚ ਉਤਰਿਆ ਨਾਮ ਅੰਮ੍ਰਿਤ, ਅੰਮ੍ਰਿਤ ਨਹੀਂ ਰਹਿ ਜਾਂਦਾ? ਗੁਰੂ ਦੇ ਕਿਸੇ ਵਿਸ਼ੇਸ਼ ਕਾਰਜ ਦੇ ਅਸਲ ਪਰਿਪੇਖ ਵਿੱਚ ਉਸ ਕਾਰਜ ਦਾ ਸਤਿਕਾਰ ਕਰਨਾ ਬਣਦਾ ਹੈ। ਗੁਰੂ ਦਾ ਵਿਵਹਾਰ ਇਲਾਹੀ ਗਿਆਨ ਦੇ ਸੁਨੇਹੇ ਨੂੰ ਵਧੇਰੇ ਸਪਸ਼ਟ ਕਰਦਾ ਦ੍ਰਿੜ ਕਰਵਾਉਂਦਾ ਹੈ! ਗੁਰੂ ਦੇ ਕਾਰਜ ਵਿਚੋਂ ਇਲਾਈ ਗਿਆਨ ਦਾ ਅੰਸ (Divine Element) ਵੱਖਰਾ ਨਹੀਂ ਕੀਤਾ ਜਾ ਸਕਦਾ। ਗੁਰੂ ਨੇ ਤਾਂ ਵਿਕਾਰਾਂ ਨਾਲ ਭਰੇ ਮਨੁੱਖ ਵਿੱਚ ਵੀ ਰੱਬੀ ਜੋਤ ਹੇਂਣ ਦੀ ਵਾਸਤਵਿਕਤਾ ਤੋਂ ਇਨਕਾਰ ਨਹੀਂ ਕੀਤਾ। ਪਰ ਅਸੀਂ ਗੁਰੂਆਂ ਦੇ ਵਿਵਹਾਰ ਵਿੱਚ ਈਸ਼ਵਰੀਯ ਅੰਸ਼ ਨੂੰ ਸਵੀਕਾਰ ਕਰਨ ਤੋਂ ਮੁਨਕਰ ਜਿਹੇ ਹੋ ਰਹੇ ਹਾਂ! ਅਸੀਂ ਅਣਜਾਣੇ ਉਨ੍ਹਾਂ ਨੂੰ ‘ਪਲੇਟੋ` ਜਾਂ ‘ਸੁਕਰਾਤ` ਜਿਹੇ ਫ਼ਿਲਾਸਫ਼ਰਾਂ ਦੀ ਸ਼੍ਰੇਣੀ ਵੱਲ ਲੇ ਜਾ ਰਹੇ ਹਾਂ।

ਖੰਡੇ ਦਾ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਇੱਕ ਮਹੱਤਵ ਪੁਰਨ ਕਾਰਜ ਸੀ। ਪਰ ਵਿਵਹਾਰ ਨੂੰ ਹੀ ਪ੍ਰਮੁੱਖਤਾ ਦੇਂਣ ਵਾਲੇ ਕੁੱਝ ਸੱਜਣਾ ਲਈ ਇਹ ਕਾਰਜ ਕੇਵਲ ਇੱਕ “ਨਾਟਕ” ਮਾਤਰ ਸੀ ਉਹ ਵੀ ਕੇਵਲ ੧੬੯੯ ਦੀ ਵਸਾਖੀ ਵਾਲੇ ਦਿਨ ਲਈ! ਸਿੱਖ ਗੁਰਮਤਿ ਅਨੁਸਾਰ ਵਿਵਹਾਰ ਨਾ ਕਰੇ ਤਾਂ ਮਨਮਤਿਆ ਅਤੇ ਬ੍ਰਾਹਮਣ ਵਰਗੇ ਸੰਬੋਧਨਾਂ ਨਾਲ ਭੰਡਿਆ ਜਾਂਦਾ ਹੈ। ਪਰ ਨਾਲ ਹੀ ਦੂਜੇ ਪਾਸੇ ਗੁਰੂ ਦੇ ਵਿਵਹਾਰਕ ਕਾਰਜਾਂ ਨੂੰ ਜਾਂ ਤਾਂ ਇਤਹਾਸ ਕਹਿ ਦੇ ਰੱਧ ਕੀਤਾ ਜਾਂਦਾ ਹੈ ਜਾਂ ਫ਼ਿਰ ਉਨ੍ਹਾਂ ਕਾਰਜਾਂ ਵਿਚਲੀ ਪਵਿੱਤਰਤਾ ਨੂੰ ਵੀ ਬ੍ਰਾਹਮਣਵਾਦ ਕਹਿ ਕੇ ਉਸਦਾ ਅੰਨਾ ਵਿਰੌਧ ਕੀਤਾ ਜਾਂਦਾ ਹੈ।

ਉੱਤਰ ਭਾਰਤ ਦੇ ਪੰਜਾਬ ਖੇਤਰ ਵਿੱਚ ਖੁਹ ਪਿਆਉ ਪਾਣੀ ਦਾ ਮੁੱਖ ਵਸੀਲਾ ਰਹੇ ਹਨ। ਤੁਰਕਾਂ ਦੀ ਆਮਦ (ਤ੍ਹੇਰਵੀ ਸਦੀ ਦੇ ਆਸਪਾਸ) ਦੇ ਨਾਲ ਭਾਰਤ ਵਿੱਚ ਰਹਟ (ਖੁਹ ਵਿਚੋਂ ਪਾਣੀ ਕੱਢਣ ਦਾ ਯੰਤਰ) ਦੀ ਤਕਨੀਕ ਵੱਡੇ ਪੱਧਰ ਤੇ ਆਰੰਭ ਹੋਈ। ਇਸ ਤਕਨੀਕ ਨੂੰ ਤੂਰਕ ਹੀ ਭਾਰਤ ਲੈ ਕੇ ਆਏ ਸੀ ਅਤੇ ਇਹ ਉਸ ਵੇਲੇ ਦੇ ਭਾਰਤ ਵਿੱਚ ਇੱਕ ਵੱਡਾ ਤਕਨਾਲੋਜੀਕਲ ਬਦਲਾਉ ਸੀ। ਇਸ ਨਾਲ ਖ਼ੁਹ ਵਿਚੋਂ ਪਾਣੀ ਕੱਡਣਾ ਆਸਾਨ ਸੀ। ਵੈਸੇ ਵੀ ਤਲਾਅ ਤਾਂ ਉਨ੍ਹਾਂ ਇਲਾਕਿਆਂ ਵਿੱਚ ਹੁੰਦੇ ਸੀ ਜਿਸ ਖੇਤਰ ਵਿੱਚ ਪਾਣੀ ਬਹੁਤ ਘੱਟ ਮਾਤਰਾ ਵਿੱਚ ਉਪਲੱਭਦ ਹੋਵੇ। ਦਰਬਾਰ ਸਾਹਿਬ ਇਲਾਕੇ ਵਿੱਚ ਪਿਆਉ ਪਾਣੀ ਦੀ ਕਮੀ ਨਹੀਂ ਸੀ।

ਅਸੀਂ ਜਾਣਦੇ ਹਾਂ ਕਿ ਦਰਬਾਰ ਸਾਹਿਬ ਦੇ ਕਰੀਬ ਸ਼੍ਰੀ ਅਕਾਲ ਤਖ਼ਤ ਦੀ ਪੁਰਾਣੀ ਇਮਾਰਤ ਦੇ ਪਿੱਛੇ ਇੱਕ ਖੁਹ ਸੀ ਜੋ ਕਿ ਦਰਬਾਰ ਸਾਹਿਬ ਆਉਂਣ ਵਾਲੇ ਸਿੱਖਾਂ ਨੂੰ ਪਿਆਉ ਪਾਣੀ ਉਪਲੱਭਦ ਕਰਵਾਉਂਦਾ ਸੀ। ਪਰ ਕੁੱਝ ਸੱਜਣਾ ਦਾ ਇਹ ਪ੍ਰਚਾਰਨਾ ਹੈ ਕਿ ਦਰਬਾਰ ਸਾਹਿਬ ਦਾ ਸਰੋਵਰ ਕੇਵਲ ਪਾਣੀ ਪੀਣ, ਆਮ ਤੋਰ ਤੇ ਨਾਹਾਉਣ ਅਤੇ ਕਪੜੇ ਧੋਂਣ ਲਈ ਬਨਵਾਈਆ ਗਿਆ ਸੀ ਅਤੇ ਉਸ ਦਾ ਗੁਰਬਾਣੀ ਦੇ ਕਿਸੇ ਸੰਦੇਸ਼ ਨਾਲ ਕੋਈ ਸਬੰਧ ਨਹੀਂ ਸੀ। ਪਰ ਐਸੇ ਵਿਰਲੇ ਸੱਜਣਾ ਤੋਂ ਛੁੱਟ ਜ਼ਿਆਦਾਤਰ ਪ੍ਰਚਾਰਕਾਂ ਵਲੋਂ ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਦਰਬਾਰ ਸਾਹਿਬ ਸਰੋਵਰ ਦਾ ਅਸਲ ਮਕਸਦ ਉਸ ਥਾਂ ਆਉਂਣ ਵਾਲਿਆਂ ਨੂੰ ਗੁਰਬਾਣੀ ਦਾ ਇਹ ਸਬਕ ਸਿਖਾਉਂਣ ਲਈ ਸੀ ਕਿ ਮਨੁੱਖ ਜਾਤ ਦੇ ਅਧਾਰ ਤੇ ਨੀਚ ਜਾਂ ਤੁੱਛ ਨਹੀਂ ਸਮਝਿਆ ਜਾਣਾ ਚਾਹੀਦਾ। ਉਹ ਵੀ ਧਰਮ ੳਪਦੇਸ਼ਾਂ ਦੇ ਨਾਮ ਤੇ! ਸਿੱਖ ਬਾਣੀ ਦੀ ਇਸ ਸਿਖਿਆ ਨੂੰ ਸਰੋਵਰ ਵਿੱਚ ਇਸ਼ਨਾਨ ਕਰਕੇ ਵਿਵਹਾਰਕ ਰੂਪ ਵਿੱਚ ਅਪਨਾਉਂਦੇ ਸੀ। ਉਸ ਵਿਵਹਾਰਕ ਰੂਪ ਵਿੱਚ ਜਿਸ ਨੂੰ ਅੱਜ ਦੇ ਪ੍ਰਚਾਰਕ ਬਾਣੀ ਤੇ ਅਮਲ ਕਰਨਾ ਕਹਿੰਦੇ ਹਨ। ਸਰੋਵਰ ਵਿੱਚ ਇਸ਼ਨਾਨ ਗੁਰ ਆਗਿਆ (ਬਾਣੀ ਦੇ ਹੁਕਮ ਤੇ) ਦੀ ਅਮਲੀ ਤਾਮੀਲ ਹੀ ਸੀ। ਹੁਣ ਕੋਈ ਵਧੇਰਾ ਭਰਮ ਪਾਲ ਲਵੇ ਤਾਂ ਇਸ ਦਾ ਅਰਥ ਇਹ ਨਹੀਂ ਕਿ ਗੁਰੂ ਦੀ ਆਗਿਆ ਤੇ ਵੀ ਅਮਲ ਨਾ ਕੀਤਾ ਜਾਏ ਜਾਂ ਉਸਦਾ ਮਜ਼ਾਕ ਜਿਹਾ ਉਡਾਇਆ ਜਾਏ! ਇਤਹਾਸ ਵਿੱਚ ਆਉਂਦਾ ਹੈ ਕਿ ਗੁਰੂ ਸਾਹਿਬਾਨ ਆਪ ਉਸ ਸਰੋਵਰ ਵਿੱਚ ਇਸ਼ਨਾਨ ਕਰਦੇ ਸੀ।

ਕੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਗੁਰਬਾਣੀ ਰੂਪੀ ਅੰਮ੍ਰਿਤ ਦਾ ਇਹ ਸੁਨੇਹਾ ਅਤੇ ਵਿਵਹਾਰ ਨਹੀਂ ਹੈ ਕਿ ਮਨੁੱਖ ਜਾਤਿਗਤ ਤੌਰ ਤੇ ਇੱਕ ਹੈ ਨਾ ਕਿ ਉੱਚਾ ਜਾਂ ਨੀਵਾਂ? ਨਿਰਸੰਦੇਹ: ਉਸ ਸਰੋਵਰ ਵਿੱਚ ਇਹ ਸੁਨੇਹਾ ਹੈ ਜੋ ਕਿ ਨਾ ਤਾਂ ਇਸ਼ਨਾਨ ਕਰਨ ਵਾਲੇ ਭਰਮੀਆਂ ਨੂੰ ਸਮਝ ਆਉਂਦਾ ਹੈ ਅਤੇ ਨਾ ਹੀ ਵਿਚਾਰਕ ਅਤਿ ਚੁੱਕਣ ਵਾਲੇ ਕੁੱਝ ਕਥਿਤ ਜਾਗਰੂਕਾਂ ਨੂੰ ਜੋ ਕਿ ਆਪਣੇ ਲੈਕਚਰਾਂ ਤੇ ਲੇਖਾਂ ਵਿੱਚ ਆਮ ਸਿੱਖ ਨੂੰ ਅਮਲੀ ਨਾ ਹੋਂਣ ਕਰਕੇ ਲਤਾੜਦੇ ਹਨ ਪਰ ਨਾਮ ਰੂਪੀ ਅੰਮ੍ਰਿਤ ਤੇ ਲਭਰੇਜ਼ ਗੁਰੂ ਕਾਰਜਾਂ ਵਿਚਲੀ ਪਵਿੱਤਰਤਾ ਨੂੰ ਬ੍ਰਾਹਮਣਵਾਦ ਕਹਿ ਕੇ ਭੰਡਦੇ ਹਨ! ਇਹ ਦੋਹਰੇ ਮਾਪਦੰਡ ਕਿਉਂ?

ਉਹ ਇਤਨੇ ਅੰਧਵਿਰੌਧੀ ਕਿਉਂ ਹਨ ਕਿ ਗੁਰੂਆਂ ਦੇ ਕਾਰਜਾਂ ਵਿਚਲੀ ਗੁਰੂਭਾਵਨਾ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦੀ? ਉਹ ਭਰਮ ਦਾ ਵਿਰੌਧ ਕਰਨ ਪਰ ਗੁਰੂਆਂ ਦੇ ਅਸਲ ਮਕਸਦ ਨੇ ਉਨ੍ਹਾਂ ਦਾ ਕੀ ਵਿਗਾੜੇਆ ਹੈ? ਉਹ ਅਗਿਆਨਤਾ ਵਿੱਚ ਗੁਰੂ ਵਿਰੌਧੀ ਜਿਹੇ ਕਿਉਂ ਬਣ ਬੈਠੇ ਹਨ? ਜੇ ਕਰ ਨਹੀਂ ਤਾਂ ਉਹ ਸੱਜਣ ਹੀ ਦੱਸਣ ਕਿ ਗੁਰੂ ਸਾਹਿਬਾਨ ਨਾਮ ਰੂਪੀ ਅੰਮ੍ਰਿਤ ਵਿੱਚ ਕਿਵੇਂ ਇਸ਼ਨਾਨ ਕਰਦੇ ਸੀ? ਕੀ ਗੁਰੂਆਂ ਦੇ ਵਿਵਹਾਰ ਵਿੱਚ ਨਾਮ ਅੰਮ੍ਰਿਤ ਨਹੀਂ ਸੀ? ਨਿਰਸੰਦੇਹ: ਹੈ ਸੀ! !

ਹਰਦੇਵ ਸਿੰਘ, ਜੰਮੂ-੨੪-੬-੧੨




.