.

ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਕੋਝਾ ਠੱਠਾ?

ਸਾਹਿਬਜ਼ਾਦਾ-ਰੂਪ ਭਗਵਾਨ ਦੀ ਜ਼ਬਾਨੀ ਜਦੋਂ ਮਾਤਾ ਜੀ ਨੂੰ ਦਾਈ ਦੇ ਪਿਛਲੇ ਗੰਧ੍ਰਬੀ ਵਾਲੇ ਜਨਮ ਵਿੱਚ ਸਰਾਪੀ ਜਾਣ ਦੀ ਅਤੇ ਫਿਰ ਦਾਈ ਦੇ ਜਨਮ ਵਿੱਚ ਸਰਾਪ ਮੁਕਤ ਹੋ ਕੇ ਕਥਿਤ ਬੈਕੁੰਠ ਧਾਮ ਨੂੰ ਵਾਪਸੀ ਵਾਲੀ ਗਾਥਾ ਸੁਣਵਾ ਲਈ ਤਾਂ ਲਿਖਾਰੀ ਨੇ ਫਿਰ ਮਾਤਾ ਗੰਗਾ ਜੀ ਨੂੰ ਆਪਣੇ ਪੁੱਤਰ-ਰੂਪ ਭਗਵਾਨ ਜੀ ਦੀ ਉਸਤਤਿ ਵਿੱਚ ਇਉਂ ਕਹਿੰਦੇ ਦਰਸਾ ਦਿੱਤਾ:- ਦੋਹਰਾ॥ ਮਾਤ ਗੰਗ ਯੌਂ ਸੁਨਤ ਹੀ ਉਸਤਤਿ ਕੀਨ ਅਪਾਰ।

ਮਮ ਸੁਤ ਕਰਿ ਜਾਨੋ ਪ੍ਰਭੂ ਬਖਸੋ ਭੂਲ ਹਮਾਰ॥ 41॥

ਅਰਥ:-ਇਉਂ ਸੁਣਦਿਆਂ ਸਾਰ ਮਾਤਾ ਗੰਗਾ ਜੀ ਨੇ ਅਪਾਰ ਉਸਤਤਿ ਕਰਦਿਆਂ ਆਖਿਆਂ ਕਿ, ਹੇ ਪ੍ਰਭੂ! ਤੁਹਾਨੂੰ ਆਪਣਾ ਪੁੱਤਰ ਸਮਝਣ ਵਾਲੀ ਜੋ ਮੈਂ ਭੁੱਲ ਕਰ ਬੈਠੀ ਹਾਂ ਮੇਰੀ ਉਹ ਭੁੱਲ ਦੀ ਖਿਮਾ ਬਖ਼ਸ਼ਸ਼ ਕਰੋ। 41.

ਸਵੱਯਾ॥ ਬਾਲ ਕੋ ਰੂਪ ਧਰਯੋ ਹਮਰੋ ਗ੍ਰਿਹਿ, ਤੋਹਿ ਸਭੀ ਜਗੁ ਨੇਤਿ ਬਤਾਵੈ।

ਸ਼ੰਕਰ ਔ ਚਤੁਰਾਨਨ ਢੂੰਢਤ, ਔਰ ਤਪੀ ਬਹੁ ਧਯਾਨ ਲਗਾਵੈ।

ਨਾਰਦ ਸਾਰਦ ਖੋਜ ਥਕੇ ਸਭਿ, ਮਰਮ ਤੁਮ੍ਹਾਰ ਕੋਊ ਨਹਿ ਪਾਵੈ।

ਸੋ ਤੁਮ ਬਾਲਕ ਰੂਪ ਬਨਾਇ, ਸੁ ਦੇਖਤ ਹੈਂ ਮਮ ਗੋਦ ਸੁਹਾਏ॥ 42॥

ਅਰਥ:-ਤੈਨੂੰ ਸਾਰਾ ਜਗ ਨੇਤਿ (ਪਰੇ ਤੋਂ ਪਰੇ) ਪੁਕਾਰਦਾ ਹੈ ਪਰ ਤੂੰ ਮੇਰੇ ਘਰ ਵਿੱਚ ਬਾਲ ਰੂਪ ਆ ਧਾਰਿਆ ਹੈ। ਜਿਸ ਨੂੰ ਸ਼ਿਵ ਤੇ ਬ੍ਰਹਮਾ ਲੱਭਦੇ ਫਿਰਦੇ ਹਨ, ਜਿਸ ਨੂੰ ਪਾਉਣ ਲਈ ਕਈ ਤਪੀ ਸਮਾਧੀਆਂ ਲਾ ਰਹੇ ਹਨ। ਨਾਰਦ ਤੇ ਵਿਦਿਆ ਦੀ ਦੇਵੀ ਸਰਸਵਤੀ ਲੱਭ ਲੱਭ ਕੇ ਥੱਕ ਗਏ ਹਨ ਪਰ ਤੇਰਾ ਭੇਤ ਨਹੀਂ ਪਾ ਸਕੇ ਪਰ ਤੂੰ ਬਾਲਕ ਰੂਪ ਧਾਰ ਕੇ ਮੇਰੀ ਗੋਦ ਨੂੰ ਸੁਭਾਇਮਾਨ ਕਰ ਰਿਹਾ ਹੈਂ।

ਪੰਚਮ ਸਤਿਗੁਰੂ ਜੀ ਦੇ ਮਹਿਲ (ਮਾਤਾ ਗੰਗਾ ਜੀ) ਜੋ 16 ਸਾਲ ਤੋਂ ਸਤਿਗਰਾਂ ਦੀ ਸੰਗਤ ਵਿੱਚ ਰਹਿਣ ਦੀ ਰੱਬੀ ਬਖ਼ਸ਼ਸ਼ ਨੂੰ ਮਾਣ ਰਹੇ ਸਨ, ਉਨ੍ਹਾਂ ਬਾਰੇ ਇਹ ਕਿਵੇਂ ਮੰਨਿਆਂ ਜਾਵੇ ਕਿ, ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅਰੰਭ ਤੋਂ ਹੀ ਪਰਮਾਤਮਾ ਨੂੰ, ਨਿਰਅਕਾਰ, ਅਦ੍ਰਿਸ਼ਟ, ਅਗੋਚਰ, ਅਗੰਮ, ਅਪਾਰ, ਅਜੋਨੀ-, ਫ਼ੁਰਮਾਨ ਕਰ ਦਿੱਤਾ ਸੀ। ਅਥਵਾ-ਕੀ ਮਾਤਾ ਗੰਗਾ ਜੀ ਨੂੰ ਆਸਾ ਜੀ ਦੀ ਵਾਰ ਦੀ ਇਸ ਤੁਕ ਦਾ- “ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥” ਦਾ ਵੀ ਗਿਆਨ ਨਹੀਂ ਸੀ ਜੋ ਚਤੁਰਭੁਜੀ ਰੱਬ ਦਾ ਜਨਮ ਆਪਣੇ ਪੇਟੋਂ ਹੋਇਆ ਸਚੁ ਮੰਨ ਬੈਠੇ? ਫਿਰ ਸਨਮਾਨ ਯੋਗ ਭਗਤਾਂ ਸਮੇਤ ਗੁਰੂ ਸਾਹਿਬਾਨ ਵੀੇ ਸਿਰਜਣਹਾਰ ਪਰਮਾਤਮਾ ਦੇ ਉਪ੍ਰੋਕਤ ਗੁਣਾ ਤੋਂ ਮਨੁੱਖ ਮਾਤਰ ਨੂੰ ਲਗਾਤਾਰ ਜਾਣੂ ਕਰਵਾ ਰਹੇ ਸਨ। ਗੁਰਮੁਖ ਮਾਤਾ ਜੀ ਇਹ ਵੀ ਭਲੀ ਭਾਂਤੀ ਜਾਣਦੇ ਸਨ ਕਿ, ਉਨ੍ਹਾਂ ਦੇ ਪਤੀ ਪਰਮੇਸ਼ਵਰ ਜੀ ਸਮੇਤ ਗੁਰੂ ਸਾਹਿਬਾਨ ਨੇ ਸਾਡੀ ਸਦੀਵੀ ਅਗਵਾਈ ਲਈ ਅਜੇਹੇ ਕਈ ਗੁਰੂ ਸ਼ਬਦ ਲਿਖੇ ਹਨ, ਜਿਵੇਂ ਉਦਾਹਰਣ ਵਜੋਂ:-

6- ਸੋਰਠਿ ਮਹਲਾ 1॥ ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ॥ ਜਾਤਿ

ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ॥ 1॥ ਸਾਚੇ ਸਚਿਆਰ ਵਿਟਹੁ ਕੁਰਬਾਣੁ॥ ਨਾ

ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ॥ ਰਹਾਉ॥ ਨਾ ਤਿਸੁ ਮਾਤ ਪਿਤਾ

ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ॥ ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ

॥ 2॥ ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ॥ ਬਜਰ ਕਪਾਟ ਮੁਕਤੇ

ਗੁਰਮਤੀ ਨਿਰਭੈ ਤਾੜੀ ਲਾਈ॥ 3॥ ਜੰਤ ਉਪਾਇ ਕਾਲੁ ਸਿਰਿ ਜੰਤਾ ਵਸਗਤਿ ਜੁਗਤਿ ਸਬਾਈ॥

ਸਤਿਗੁਰੁ ਸੇਵਿ ਪਦਾਰਥੁ ਪਾਵਹਿ ਛੂਟਹਿ ਸਬਦੁ ਕਮਾਈ॥ 4॥ ਸੂਚੈ ਭਾਡੈ ਸਾਚੁ ਸਮਾਵੈ ਵਿਰਲੇ

ਸੂਚਾਚਾਰੀ॥ ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ॥ 5॥ 6॥ {597}

ਪਦ ਅਰਥ:-ਅਲਖ= {Invisible} ਅਦ੍ਰਿਸ਼ਟ, ਬਾਹਰੀ ਸਰੀਰਕ ਅੱਖੀਆਂ ਨਾਲ ਨਾ ਵੇਖਿਆ ਜਾਣ ਵਾਲਾ। ਅਗੰਮ=ਅਪਹੁੰਚ। ਗੋ=ਗਿਆਨ ਇੰਦ੍ਰੇ। ਗੋਚਰ=ਜਿਸ ਤੱਕ ਗਿਆਨ ਇੰਦ੍ਰੇ ਪਹੁੰਚ ਸਕਦੇ ਹੋਣ। ਅਗੋਚਰ=ਜਿਸ ਤੱਕ ਗਿਆਨ ਇੰਦ੍ਰੇ ਨਾ ਪਹੁੰਚ ਸਕਦੇ ਹੋਣ, ਪਹੰਚ ਤੋ ਪਰੇ। ਕਾਲੁ=ਮੌਤ। ਕਰਮਾ=ਕਰਮ, ਕੰਮ। ਅਜਾਤਿ=ਜਿਸ ਦੀ ਕੋਈ ਜ਼ਾਤ ਨਾ ਹੋਵੇ। ਸੰਭਉ=ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਭਾਉ=ਮੋਹ। 1. ਸਚਿਆਰ=ਸੱਚ ਦਾ ਸੋਮਾ। ਬਿਟਹੁ=ਤੋਂ। ਵਰਨੁ=ਰੰਗ। ਰੇਖਿਆ=ਚਿਹਨ। ਨੀਸਾਣੁ=ਥਹੁ ਪਤਾ। ਰਹਾਉ। ਸੁਤ=ਪੁੱਤਰ। ਬੰਧਪ=ਰਿਸ਼ਤੇਦਾਰ। ਕਾਮੁ=ਕਾਮ-ਵਾਸਨਾ। ਅਕੁਲ=ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਪਰੰਪਰ=ਪਰੇ ਤੋਂ ਪਰੇ, ਬੇਅੰਤ {Infinite, Lacking limit}। 2. ਅੰਤਰਿ=ਅੰਦਰ। ਘਟਿ ਘਟਿ=ਹਰੇਕ ਹਿਰਦੇ ਵਿਚ। ਸਬਾਈ=ਹਰ ਥਾਂ॥ ਬਜਰ=ਪੱਥਰ ਵਰਗੇ। ਕਪਾਟ=ਕਿਵਾੜ, ਭਿੱਤ। ਮੁਕਤੇ=ਖੁਲ੍ਹ ਜਾਂਦੇ ਹਨ। ਨਿਰਭੈ=ਨਿਡਰ ਅਵਸਥਾ। ਤਾੜੀ=ਸਮਾਧੀ। 3. ਸਿਰਿ ਜੰਤਾ=ਸਭ ਦੇ ਸਿਰ ਤੇ। ਸਬਾਈ=ਸਾਰੀ। ਵਸਗਤਿ=ਵੱਸ ਵਿੱਚ ਕੀਤੀ ਹੋਈ। ਪਾਵਹਿ=ਜੀਵ ਪ੍ਰਾਪਤ ਕਰਦੇ ਹਨ। ਕਮਾਈ=ਕਮਾਇ, ਕਮਾ ਕੇ। 4. ਭਾਡੇ=ਭਾਂਡੇ ਵਿਚ। ਸੂਚਾਚਾਰੀ=ਸੁੱਚੇ ਆਚਾਰ ਵਾਲੇ। ਤੰਤੈ ਕਉ=ਜੀਵਾਤਮਤ ਨੂੰ। ਪਰਮ ਤੰਤੁ=ਪਰਮ ਆਤਮਾ। 5. {ਸੂਚੀ- (2) -- ਰਾਮਕਲੀ ਮਹਲਾ 5 ਅਸਟਪਦੀ॥ …. ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ॥ 18॥ … 21॥ 1॥ 6॥ {915} (3) -ਮਾਰੂ ਮਹਲਾ 5 …. . ਅਮੋਘ ਦਰਸਨ ਆਜੂਨੀ ਸੰਭਉ॥ ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ॥ ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ॥ 7॥ …. 21॥ 2॥ 11॥॥ {1082} (4) ਸਾਰਗ ਮਹਲਾ 1॥ … …. . ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ॥ ਸੁਭਰ ਭਰੇ ਨਾਹੀ ਚਿਤੁ ਡੋਲੈ ਮਨ ਹੀ ਤੇ ਮਨੁ ਮਾਨਿਆ॥ 7॥ … 8॥ 2॥ {1233}

ਮਾਤਾ ਗੰਗਾ ਜੀ ਨੂੰ ਗਰਭਵਤੀ ਹੋਈ ਨੂੰ ਦਸ ਮਹੀਨੇ ਹੋਏ ਤਾਂ ਉਸੇ ਦੇ ਗ੍ਰਭ ਤੋਂ ਪੈਦਾ ਹੋਇਆ ਪੱਤਰ ਅਜੋਨੀ ਕਿਵੇਂ ਮੰਨਿਆਂ ਜਾਵੇ? ਮਾਤਾ ਦੀ ਗੋਦੀ ਵਿੱਚ ਪਿਆ ਬਾਲ, ਅਦ੍ਰਿਸ਼ਟ, ਅਗੋਚਰ ਅਤੇ ਬੇਅੰਤ ਅਥਵਾ ਨੇਤਿ ਨੇਤਿ ਕਿਵੇਂ ਅਖਵਾਇਆ? ਉਪਰੋਕਤ ਉਸਤਤਿ ਮਾਤਾ ਗੰਗਾ ਜੀ ਦੇ ਮੁਖਾਰਬਿੰਦ ਵਿੱਚ ਪਾਉਣੀ ਅਤੀਅੰਤ ਦਰਜੇ ਦੀ ਕੁਟਲਤਾ ਅਥਵਾ ਸਤਿਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਕੀਤਾ ਘਿਣਾਵਣਾ ਮਖ਼ੌਲ ਹੈ। ਕੀ, ਵੇਦਾਂਤੀ ਜੀ ਸਮਝਾਉਣ ਦੀ ਖੇਚਲ ਝੱਲ ਸਕਣਗੇ ਕਿ, ਅਜੇਹੀ ਪੁਸਤਕ ਨੂੰ ਗੁਰੂ ਪੰਥ ਲਈ ਸੁਗ਼ਾਤ ਕਹਿਣ ਵਾਲੇ ਨੂੰ ਸੁਹਿਰਦ ਗੁਰਸਿੱਖ ਕਿਵੇ ਮੰਨਿਆਂ ਜਾਵੇ ਜੀ? ਉਪਰੋਕਤ ਤੱਥ ਸਿੱਧ ਕਰਦੇ ਹਨ ਕਿ, ਇਸ ਗਾਥਾ ਨਾਲ ਗੁਰੂ ਪਰਵਾਰ ਦਾ ਜ਼ਰਾ ਵੀ ਕੋਈ ਵਾਸਤਾ ਨਹੀਂ ਹੈ।

ਦਾਈ ਵਾਲੀ ਝੂਠ-ਗਾਥਾ ਉਪ੍ਰੰਤ ਦੂਜਾ ਪੁਰਾਣਕ ਕੁਫ਼ਰ।

ਸਰਪ-ਜੂਨੀ ਪਏ ਬ੍ਰਾਹਮਣ ਦਾ ਉਧਾਰ?

ਸਤਿਗੁਰੂ ਜੀ ਦੇ ਇਸ ਅਨਮੋਲ ਉਪਦੇਸ਼ ਨੂੰ ਕੌਣ ਸੁਣਦਾ ਹੈ? ਝੂਠ ਤਾ ਸਾਡੇ ਲਈ ਸਗੋਂ ਮਿੱਠਾ ਮਾਖਿਓਂ ਬਣ ਬੈਠਾ ਹੋਇਆ ਹੈ। ਇੱਕ ਦਿਨ ਮਾਤਾ ਗੰਗਾ ਜੀ ਕਿਸੇ ਕੰਮ ਵਿੱਚ ਰੁਝੇ ਹੋਏ ਸਨ ਕਿ, ਸਾਹਿਬਜ਼ਾਦਾ ਜੀ ਰਿੜ੍ਹਦੇ ਹੋਏ ਅਜੇਹੇ ਥਾਂ ਚਲੇ ਗਏ ਜਿੱਥੇ ਬੜਾ ਲੰਮਾ ਤੇ ਮੋਟਾ ਸਪ ਨਿਕਲਿਆ ਫਿਰਦਾ ਸੀ-“ਏਕ ਸਰਪ ਨਿਕਸਯੋ ਤਬੈ ਲਾਂਬੋ-ਡੀਲ ਸੁਹਾਏ”। ਬਾਲ ਸਾਹਿਬਜ਼ਾਦਾ ਜੀ ਨੇ ਦੋਹਾਂ ਹੱਥਾਂ ਨਾਲ ਫੜ ਕੇ ਉਸ ਭਿਆਨਕ ਸੱਪ ਨੂੰ ਧਰਤੀ ਤੇ ਪਟਕ ਪਟਕ ਕੇ ਮਾਰ ਦਿੱਤਾ। ਮਾਤਾ ਜੀ ਨੇ- ‘ਹਾ ਹਾ-ਕਾਰ ਸੁ ਸਬਦ ਪੁਕਾਰਯੋ।’ {50} ਤੇ ਦੌੜ ਕੇ ਕਾਕਾ ਜੀ ਵਲ ਆਏ। ਪਰ ਉਨ੍ਹਾਂ ਦੇ ਪੁਜਦਿਆਂ ਨੂੰ ਮੁਰਦਾ ਸਰਪ ਵਿਚੋਂ ਮਨੁੱਖ-ਰੂਪ ਦੇਵਤਾ ਪ੍ਰਗਟ ਹੋ ਗਿਆ। ਮਾਤਾ ਜੀ ਨੇ ਉਸ ਤੋਂ ਪੁੱਛ ਲਿਆ- “ਭਾਈ! ਤੂੰ ਕੌਣ ਹੈ” ? ਤੇ ਸੱਪ ਦਾ ਰੂਪ ਕਿਉਂ ਧਾਰਿਆ ਸੀ? ਉਸ ਨੇ ਆਪਣੀ ਕਥਾ ਇਉਂ ਕਹਿ ਸੁਣਾਈ--“ਹੇ ਮਾਤਾ ਜੀ! ਪਿਛਲੇ ਜਨਮ ਵਿੱਚ ਮੈ ਬ੍ਰਾਹਮਣ ਸਾਂ। ਮੈਨੂੰ ਆਪਣੀ ਵਿਦਿਆ ਦਾ ਬੜਾ ਅਹੰਕਾਰ ਸੀ। ਇੱਕ ਦਿਨ ਨਾਰਦ ਮੁਨੀ ਜੀ ਆਏ ਤਾਂ ਮੈਂ ਅਹੰਕਾਰ ਵਸ ਹੋਏ ਨੇ ਉਨ੍ਹਾਂ ਨੂੰ ਠੱਠਾ ਕੀਤਾ। ਨਾਰਦ ਜੀ ਨੇ ਕ੍ਰੋਧਵਾਨ ਹੋ ਕੇ ਮੈਨੂੰ ਸਰਾਪ ਦਿੱਤਾ- ‘ਧਰੋ ਸਰਪ ਬਪੁ ਅਤਿ ਦੁਖਦਾਈ’। ਸਰਪ ਜੂਨੀ ਪੈਣ ਦਾ ਸਰਾਪ ਸੁਣ ਕੇ ਮੈ ਬੜਾ ਡਰਿਆ ਅਤੇ ਰਹਿਮ ਦੀ ਭਿਖਿਆ ਮੰਗੀ। ਨਾਰਦ ਜੀ ਨੇ ਕਿਹਾ ਕਿ, ਗਊ ਬ੍ਰਾਹਮਣ ਦੀ ਰਖਿਆ ਲਈ, ( “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥” ਦੁਖਿਆਰੇ ਅਨਾਥਾਂ ਲੋੜਵੰਦਾਂ ਦੀ ਰਖਿਆ ਕਰਨ ਵਾਲਾ ਗੁਰਮਤਿ ਸਿਧਾਂਤ ਅਲੋਪ?) ਗੁਰੂ ਅਰਜਨ (ਸਾਹਿਬ ਜੀ) ਦੇ ਘਰ, (ਉਹ ਅਕਾਲ ਪੁਰਖ ਜਿਸ ਬਾਰੇ ਗੁਰਮਤਿ ਦਾ ਅਗ਼ਟੱਲ ਸਿਧਾਂਤ ਅਜੂਨੀ, ਅਜਨਮਾ, ਅਬਿਨਾਸੀ, ਨਿਰ-ਅਕਾਰ-ਰੱਬ ਜੀ ਅਵਾਤਾਰੀ ਹੋਣਗੇ, ਭਾਵ,) ਜਨਮ ਲੈਣਗੇ ਤੇ, ਨਾਮ, ਹਰਿਗੋਬਿੰਦ ਹੋਵੇਗਾ, ਉਹ ਤੇਰੀ ਜੂਨ ਕੱਟੇਗਾ। ਉਸ ਦਿਨ ਤੋਂ ਸੱਪ ਦੀ ਜੂਨ ਪਿਆ ਅੱਜ ਦਾ ਦਿਨ ਉਡੀਕ ਰਿਹਾ ਸਾਂ”। ਮਾਤਾ ਜੀ:-

ਛੁਵਤ ਹਾਥ ਸੁ ਪ੍ਰਾਨ ਤਜੇ ਮਮ, ਸੁੰਦਰ ਦੇਹ ਸੁਰੰ ਏਹ ਪਾਯੋ।

ਆਦਿ ਨਰਾਇਣ ਹੈ ਸੁਤ ਤੋਹਿ, ਧਰੇ ਬਪੁ ਮਾਨੁਖ ਚਰਿਤ ਦਿਖਾਯੋ॥ 62॥

ਅਰਥ:- (ਹੇ ਮਾਤਾ ਜੀ!) ਤੁਹਾਡਾ ਪੁੱਤਰ ਜਗ ਦਾ ਮੂਲ ਪਰਮਾਤਮਾ ਆਪ ਹੀ ਮਨੁੱਖਾ ਸਰੀਰ ਧਾਰ ਕੇ ਕੌਤਕ ਕਰ ਰਿਹਾ ਹੈ, ਵੇਖੋ ਉਨ੍ਹਾਂ ਦਾ ਹੱਥ ਲਗਦਿਆਂ ਹੀ ਮੈ ਪ੍ਰਾਣ ਤਿਅਗ ਦਿੱਤੇ ਅਤੇ ਮੈਨੂੰ ਦੇਵਤੇ ਵਾਲਾ ਸੁੰਦਰ ਸਰੀਰ ਮਿਲ ਗਿਆ ਹੈ।

ਸਰੀਰ ਵਿੱਚ ਪ੍ਰਾਣ ਨਿਕਲ ਜਾਣ ਤੇ ਕਿਸੇ ਨੇ ਇਸ ਤਰ੍ਹਾਂ ਦੇਵਤੇ ਵਾਲਾ ਸਰੀਰ ਪ੍ਰਾਪਤ ਕਰ ਲਿਆ ਹੋਵੇ, ਇਸ ਤਬਲੀਲੀ ਦੀ ਪੁਸ਼ਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਕਰਦੇ। ਮੌਤ ਉਪ੍ਰੰਤ ਆਤਮਾ ਕਿਧਰ ਚਲਾ ਜਾਂਦਾ ਹੈ, ਪਰਮਾਤਮਾ ਤੋਂ ਬਿਨਾ ਕਿਸੇ ਦੂਜੇ ਨੂੰ ਕੋਈ ਸੂਹ ਨਹੀਂ ਮਿਲਦੀ-“ ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ॥ {149} ਸਿਰਜਣਾ ਅਤੇ ਜੀਵਾਂ ਦਾ ਸੰਸਾਰ ਤੇ ਆਉਣਾ ਜਾਣਾ, ਸਭ ਕੁੱਝ ਅਦ੍ਰਿਸ਼ਟ ਅਗੋਚਰ ਪਰਮਾਤਮਾ ਦੇ ਵੱਸ ਵਿੱਚ ਹੀ ਹੈ। ਆਉਣ ਜਾਣ ਵਾਲੇ ਭੇਤ ਦੀ ਅਸਲੀਅਤ ਕੇਵਲ ਉਹ ਆਪ ਹੀ ਜਾਣਦਾ ਹੈ:-

7- ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ॥ ਆਪੇ ਵੇਖਿ ਵਿਗਸਦਾ ਦੂਜਾ ਕੋ ਨਾਹੀ॥ ਜਿਉ ਭਾਵੈ ਤਿਉ ਰਖੁ ਤੂ ਗੁਰ ਸਬਦਿ ਬੁਝਾਹੀ॥ ਸਭਨਾ ਤੇਰਾ ਜੋਰੁ ਹੈ ਜਿਉ ਭਾਵੈ ਤਿਵੈ ਚਲਾਹੀ॥ ਤੁਧੁ ਜੇਵਡ ਮੈ ਨਾਹਿ ਕੋ ਕਿਸੁ ਆਖਿ ਸੁਣਾਈ॥ 2॥ {947} -ਪਉ

ਹਰ ਕਦਮ ਤੇ ਗੁਰੂ ਬਾਣੀ ਦੀ ਖੰਡਣਾ ਕਰ ਰਿਹਾ ਇਹ ਲਿਖਾਰੀ ਅੱਗੇ ਲਿਖਦਾ ਹੈ ਕਿ, ਇਹ ਕਹਿ ਕੇ ਸੱਪ ਤੋਂ (ਬ੍ਰਾਹਮਣ ਨਹੀਂ ਸਗੋਂ) ਦੇਵਤਾ ਬਣੇ ਨੇ, ਬੜੀ ਅਧੀਨਗੀ ਨਾਲ, ਮਾਤਾ ਗੰਗਾ ਜੀ ਦੀਆਂ ਤਿਨ ਪ੍ਰਕਰਮਾ ਕੀਤੀਆਂ ਅਤੇ ਫਿਰ, ‘ਬਹੁਰੇ ਸ੍ਰੀ ਗੁਰ ਚਰਨ ਗਹਾਨੇ। ਬਾਲ ਰੂਪ ਸੁੰਦਰ ਸੁਖਕਾਨੇ॥ 63॥

ਲਿਖਾਰੀ ਮੁੜ ਮੁੜ “ਗੁਰੂ” ਪਦ ਵਰਤ ਕੇ ਯਕੀਨ ਦਿਵਾਈ ਜਾ ਰਿਹਾ ਹੈ ਕਿ, ਸ੍ਰੀ ਗੁਰੂ ਅਰਜਨ ਸਾਹਿਬ ਜੀ ਵਲੋਂ ਸਾਹਿਬਜ਼ਾਦਾ ਸਾਹਿਬ ਜੀ ਨੂੰ ਗੁਰਿਆਈ (ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥) ਪ੍ਰਾਪਤ ਹੋਣ ਦੀ ਕੋਈ ਮੁਥਾਜੀ ਨਹੀਂ ਸੀ।।

ਬੰਦਨ ਕਰਿ ਤਬ ਚੜਯੋ ਬਿਬਾਨਾ। ਗਯੋ ਸੑਰਗ ਗੁਰ ਸੁਜਸੁ ਬਖਾਨਾ।

ਤਬ ਮਾਤਾ ਮਨਿ ਅਨੰਦੁ ਪਾਈ। ਸੁਤ ਕੀ ਕੀਨੀ ਤਬੈ ਬਡਾਈ॥ 64॥

ਸਾਡੇ ਸਾਹਿਜ਼ਾਦਾ ਸਾਹਿਬ ਪਰ ਲਿਖਾਰੀ ਦੇ, ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਕੇ ਸੱਪ ਤੋਂ ਬਣੇ ਦੇਵਤਾ ਜੀ, ਬਿਬਾਨ ਤੇ ਚੜ੍ਹ ਕੇ ਸੁਰਗਾਂ ਨੂੰ ਤੁਰ ਗਏ।

ਚੁਣ ਚੁਣ ਕੇ ਗੁਰਮਤਿ ਸਿਧਾਂਤਾਂ ਦੀ ਨਿਰੰਤਰ ਖੰਡਨਾ ਕਰੀ ਰੱਖਣ ਦੇ ਨਾਲ ਪੁਸਤਕ ਵਿੱਚ ਕਈ ਥਾਂਈਂ ਗੁਰਬਾਣੀ ਦੇ ਸ਼ਬਦ ਲਿਖ ਰਿਹਾ ਇਹ ਲਿਖਾਰੀ, ਨਿਰਸੰਦੇਹ ਗੁਰੂ ਬਾਣੀ ਦਾ ਪੂਰਨ ਗਿਆਤਾ ਹੈ। ਪਰ ਸਤਿਗੁਰੂ ਜੀ ਦੇ ਇਸ ਉਪਦੇਸ਼ ਵਲ-ਝੂਠੁ ਨ ਬੋਲਿ ਪਾਡੇ ਸਚੁ ਕਹੀਐ॥ ਹਉਮੈ ਜਾਇ ਸਬਦਿ ਘਰੁ ਲਹੀਐ॥ 1॥ ਰਹਾਉ॥ “ ਜ਼ਰਾ ਵੀ ਧਿਆਨ ਨਾ ਦੇ ਕੇ, ਸਗੇਂ ਪ੍ਰਤੱਖ ਝੂਠ ਲਿਖਣ ਵਿੱਚ ਜ਼ਰਾ ਵੀ ਸੰਗ ਨਹੀਂ ਮਨ ਰਿਹਾ। ਜਿਸ ਮਾਤਾ ਗੰਗਾ ਜੀ ਨੇ ਪੁੱਤਰ-ਰੂਪ ਰੱਬ ਜੀ ਦਾ ਏਡਾ ਵਡਾ ਚਮਤਕਾਰ ਵੇਖਿਆ ਅਤੇ ‘ਸੁਤ ਕੀ ਕੀਨੀ ਤਬੈ ਬਡਾਈ॥ 64॥ ‘ਉਸ ਰੱਬ ਪੁੱਤਰ ਦੀ ਵਡਿਆਈ ਕਰਦੇ ਦਰਸਾਇਆ ਹੈ ਉਥੇ ਨਾਲ ਹੀ ਕੁਫ਼ਰ ਦਾ ਇਹ ਰੰਗ:-

ਅਬ ਮੇਰੋ ਸੁਤ ਪ੍ਰਭੂ ਬਚਾਯੋ। ਨਾਤਰੁ ਕਾਲ ਭੁਯੰਗਮ ਖਾਯੋ।

ਅਸ ਕਹਿ ਦੀਨੋ ਦਾਨ ਬਿਅੰਤਾ। ਕੀਨ ਵਾਰਨੇ ਗੁਰ ਅਤਿਅੰਤਾ॥ 66॥

ਅਰਥ:- (ਸ਼ੁਕਰ ਹੈ) ਪ੍ਰਭੂ ਨੇ ਮੇਰਾ ਪੁੱਤਰ ਬਚਾ ਲਿਆ ਨਹੀਂ ਤਾਂ ਕਾਲ ਰੂਪ ਸੱਪ ਨੇ ਬਾਲ ਨੂੰ ਖਾ ਜਾਣਾ ਸੀ। ਇਉਂ ਕਹਿ ਕੇ (ਮਾਤਾ ਗੰਗਾ ਜੀ ਨੇ) ਗੁਰੂ ਦੇ ਸਿਰ ਤੋਂ ਵਾਰ ਕੇ ਬੇਅੰਤ ਧਨ ਦਾਨ ਕੀਤਾ। (ਮਾਤਾ ਜੀ ਵੀ ਸਾਹਿਬਜ਼ਾਦਾ ਜੀ ਨੂੰ ਗੁਰੂ ਕਹਿਂਦੇ ਹੀ ਦਰਸਾਏ ਹਨ)।

ਇਉਂ ਕਹਿ ਕੇ ਮਾਤਾ ਜੀ ਨੇ ਵਡਾਲੀ ਪਿੰਡ ਦਾ ਵਸੇਬਾ ਤਿਆਗ ਦੇਣ ਦਾ ਵਿਚਾਰ ਬਣਾ ਲਿਆ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.