.

ਸਿਖ ਮੱਤ ਦੀ ਅਧਿਆਤਮਿਕਤਾ

ਭਾਗ ਤੀਜਾ

ਲੇਖ ਦੇ ਪਹਿਲੇ ਦੋ ਭਾਗਾਂ ਵਿੱਚ ਅਸੀਂ ਸਿਖ ਮੱਤ ਦੀ ਅਧਿਆਤਮਿਕਤਾ ਦੇ ਸਰੂਪ ਅਤੇ ਇਸ ਦੀਆਂ ਕੁੱਝ ਵਿਸ਼ੇਸਤਾਵਾਂ ਤੇ ਨਜ਼ਰ ਮਾਰੀ ਹੈ। ਇਸ ਆਖਰੀ ਭਾਗ ਵਿੱਚ ਸਿਖ ਮੱਤ ਦੀ ਅਧਿਆਤਮਿਕਤਾ ਦੇ ਕੁੱਝ ਹੋਰ ਪੱਖਾਂ ਬਾਰੇ ਵਿਚਾਰ ਕੀਤੀ ਜਾਵੇਗੀ।

ਜੀਵਨ ਮਨੋਰਥ

ਗੁਰਬਾਣੀ ਮਨੁੱਖ ਦੇ ਮਰਨ ਉਪਰੰਤ ਮਿਲਣ ਵਾਲੀ ‘ਮੁਕਤੀ’ ਜਾਂ ‘ਸਵਰਗ’ ਦੀ ਪਰਾਪਤੀ ਨੂੰ ਮਨੁੱਖੀ ਜੀਵਨ ਦਾ ਮਨੋਰਥ ਨਹੀਂ ਮਿਥਦੀ। ਗੁਰਬਾਣੀ ਮਨੱਖ ਦੇ ਜੀਂਦੇ-ਜੀ ਜਾਂ ਮਰਨ-ਉਪਰੰਤ ਆਤਮਾ ਭਾਵ ਰੂਹ ਦੇ ਪਰਮਾਤਮਾ ਭਾਵ ‘ਸਰਵਸ੍ਰੇਸ਼ਟ ਰੂਹ’ ਨਾਲ ਮੇਲ ਨੂੰ ਵੀ ਮਨੁਖੀ ਜੀਵਨ ਦਾ ਮਨੋਰਥ ਨਹੀਂ ਮੰਨਦੀ (ਇਹ ਇਸ ਲਈ ਕਿ ਅਜਿਹਾ ਮਨੋਰਥ ਹਿੰਦੂ ਮੱਤ ਦੀ ਅਦਵੈਤ ਵਾਲੀ ਧਾਰਨਾ ਅਤੇ ਯੋਗ-ਸ਼ਾਸਤਰ ਦੇ ਸਿਧਾਂਤ ਦਾ ਅਨੁਸਾਰੀ ਹੈ ਜਿਹਨਾਂ ਨੂੰ ਗੁਰਮੱਤ ਮਾਨਤਾ ਨਹੀਂ ਦਿੰਦੀ)। ਗੁਰਮੱਤ ਅਨੁਸਾਰ ਮਨੁੱਖੀ ਜੀਵਨ ਦਾ ਅਸਲੀ ਮਨੋਰਥ ਹੈ ਮਨੁੱਖ ਵੱਲੋਂ ਆਪਣੇ ‘ਸਵੈ’ ਦੀ ‘ਵਡੇਰੇ ਸਵੈ’ ਭਾਵ ਪ੍ਰਭੂ-ਪਰਮੇਸ਼ਵਰ ਦੇ ਇੱਕ ਅੰਗ ਵੱਜੋਂ ਅਨੁਭੂਤੀ (ਗਿਆਨ ਜਾਂ ਬੋਧ) ਪਰਾਪਤ ਕਰਨੀ ਅਤੇ ਇਸ ਅਨੁਭੂਤੀ ਦੇ ਇਹਸਾਸ ਨੂੰ ਮਾਣਨਾ। ਮਨੁੱਖ ਦੀ ਇਸ ਅਵਸਥਾ ਸਬੰਧੀ ਗੁਰਬਾਣੀ ਵਿੱਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:

ਆਤਮੇ ਨੋ ਆਤਮੇ ਦੀ ਪ੍ਰਤੀਤ ਹੋਇ ਤਾ ਘਰ ਹੀ ਪਰਚਾ ਪਾਇ॥ (ਪਵਿੱਤਰ ਗ੍ਰੰਥ, ਪੰਨਾਂ 87)

ਆਤਮਾ ਪਰਾਤਮਾ ਏਕੋ ਕਰੈ॥

ਅੰਤਰ ਕੀ ਦੁਬਿਧਾ ਅੰਤਰਿ ਮਰੈ॥ (ਪਵਿੱਤਰ ਗ੍ਰੰਥ, ਪੰਨਾਂ 661)

ਇਸ ਅਵਸਥਾ ਦੀ ਪਰਾਪਤੀ ਹਿਤ ਗੁਰਬਾਣੀ ਵਿੱਚ ‘ਆਤਮ ਚੀਨਣ’ ਨੂੰ ਮੁੱਢਲੇ ਅਧਿਆਤਮਿਕ ਕਾਰਜ ਦਾ ਦਰਜਾ ਦਿੱਤਾ ਗਿਆ ਹੈ (ਅਤੇ ਕਿਸੇ ਧਾਰਮਿਕ ਅਡੰਬਰ ਦੀ ਗੁਰਮੱਤ ਵਿੱਚ ਕੋਈ ਥਾਂ ਨਹੀਂ)। ‘ਆਤਮ ਚੀਨਣ’ ਰਾਹੀਂ ਮਨੁੱਖ ਆਪਣੇ ਸਵੈ ਅਤੇ ਪ੍ਰਭੂ ਦੀ ਹੋਂਦ ਸਬੰਧੀ ਗਿਆਨ ਪਰਾਪਤੀ ਵੱਲ ਵਧਦਾ ਹੋਇਆ ਆਪਣੇ ਅੰਦਰ ‘ਸਚਿਆਰ’ ਵਾਲੇ ਗੁਣ ਉਤਪੰਨ ਕਰ ਲੈਂਦਾ ਹੈ ਅਤੇ ਆਖਰ ਸਚਿਆਰ ਮਨੁੱਖ ਪ੍ਰਭੂ ਨਾਲ ਆਪਣੇ ਸਬੰਧ ਦੀ ਅਨੁਭੂਤੀ ਪਰਾਪਤ ਕਰ ਲੈਂਦਾ ਹੈ। ਇਸ ਸਥਿਤੀ ਨੂੰ ਹੇਠਾਂ ਦਿੱਤੀਆਂ ਸਤਰਾਂ ਵਿੱਚ ਦਰਸਾਇਆ ਗਿਆ ਹੈ:

ਆਤਮ ਚੀਨਿ ਪਰਮ ਰੰਗ ਮਾਨੀ॥ (ਪਵਿੱਤਰ ਗ੍ਰੰਥ, ਪੰਨਾਂ 187)

ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ॥ (ਪਵਿੱਤਰ ਗ੍ਰੰਥ, ਪੰਨਾਂ 1030)

ਅਸਲ ਵਿੱਚ ਗੁਰਮੱਤ ਅਨੁਸਾਰ ਆਪਣੇ ‘ਸਵੈ’ ਦੇ ਪ੍ਰਭੂ-ਪਰਮੇਸ਼ਵਰ ਦੇ ਇੱਕ ਅੰਗ ਵੱਜੋਂ ਬੋਧ ਅਤੇ ਇਸ ਬੋਧ ਦੇ ਇਹਸਾਸ ਨੂੰ ਮਾਣਨ ਦੀ ਸਥਿਤੀ ਹੀ ਪ੍ਰਭੂ-ਮਿਲਣ ਹੈ। ਅਜਿਹੇ ਪ੍ਰਭੂ-ਮਿਲਣ ਦੀ ਅਵਸਥਾ ਨੂੰ ਗੁਰਬਾਣੀ ਦੀਆਂ ਹੇਠਾਂ ਦਿੱਤੀਆਂ ਸਤਰਾਂ ਵਿੱਚ ਚੰਗੀ ਤਰ੍ਹਾਂ ਪ੍ਰਗਟਾਇਆ ਗਿਆ ਹੈ:

ਪ੍ਰਭ ਮਿਲਣੈ ਕੀ ਏਹ ਨੀਸਾਣੀ॥

ਮਨਿ ਇਕੋ ਸਚਾ ਹੁਕਮੁ ਪਛਾਣੀ॥ (ਪਵਿੱਤਰ ਗ੍ਰੰਥ, ਪੰਨਾਂ 106)

ਮੁਕਤੀ

ਉੱਪਰ ਦਰਸਾਈ ਗਈ ਪ੍ਰਭੂ-ਮਿਲਣ ਦੀ ਅਵਸਥਾ ਨੁੰ ਗੁਰਬਾਣੀ ‘ਮੁਕਤੀ’ ਦਾ ਨਾਮ ਦਿੰਦੀ ਹੈ ਜਿਵੇਂ ਕਿ ਹੇਠਾਂ ਦਿੱਤੀਆਂ ਸਤਰਾਂ ਵਿੱਚ ਦਰਸਾਇਆ ਗਿਆ ਹੈ:

ਮੁਕਤਿ ਭਇਆ ਜਿਸੁ ਰਿਦੈ ਵਸੇਰਾ॥ (ਪਵਿੱਤਰ ਗ੍ਰੰਥ, ਪੰਨਾਂ 101)

ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ॥ (ਪਵਿੱਤਰ ਗ੍ਰੰਥ, ਪੰਨਾਂ 122)

ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ॥ (ਪਵਿੱਤਰ ਗ੍ਰੰਥ, ਪੰਨਾਂ 43)

ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆੲਆ ਜੀ ਤਿਨ ਟੂਟੀ ਜਮ ਕੀ ਫਾਸੀ॥ (ਪਵਿੱਤਰ ਗ੍ਰੰਥ, ਪੰਨਾਂ 11)

ਗੁਰਬਾਣੀ ‘ਮੁਕਤੀ’ ਦੀ ਅਵਸਥਾ ਵਿੱਚ ਪਹੁੰਚਣ ਲਈ ਚੰਗੇ ਕਰਮ ਕਰਨ ਤੇ ਵੀ ਜ਼ੋਰ ਦਿੰਦੀ ਹੈ ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ:

ਬਿਨੁ ਕਰਤੂਤੀ ਮੁਕਤਿ ਨ ਪਾਈਐ॥ (ਪਵਿੱਤਰ ਗ੍ਰੰਥ, ਪੰਨਾਂ 201)

ਗੁਰਬਾਣੀ ਮਨੁੱਖ ਦੇ ਮਰਨ ਉਪਰੰਤ ਮਿਲਣ ਵਾਲੀ ‘ਮੁਕਤੀ’ ਦੇ ਸੰਕਲਪ ਨੂੰ ਮਾਨਤਾ ਨਹੀਂ ਦਿੰਦੀ। ਗੁਰਮੱਤ ਅਨੁਸਾਰ ਮਨੁੱਖ ਨੂੰ ਉੱਪਰ ਦਰਸਾਈ ‘ਮੁਕਤੀ’ ਦੀ ਅਵਸਥਾ ਆਪਣੇ ਜੀਵਨ ਦੇ ਅਰਸੇ ਦੌਰਾਨ ਪਰਾਪਤ ਹੋਣੀ ਹੈ ਨਾ ਕਿ ਮਰਨ ਤੋਂ ਪਿੱਛੋਂ। ਅਜਿਹਾ ਹੇਠਾਂ ਦਿੱਤੀਆਂ ਸਤਰਾਂ ਵਿੱਚੋਂ ਭਲੀ-ਭਾਂਤ ਸਪਸ਼ਟ ਹੋ ਜਾਂਦਾ ਹੈ:

ਭਈ ਪਰਾਪਤਿ ਮਾਨੁਖ ਦੇਹੁਰੀਆ॥

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਪਵਿੱਤਰ ਗ੍ਰੰਥ, ਪੰਨਾਂ 131)

ਭਾਵ ਅਰਥ: ਮਨੁੱਖ ਨੂੰ ਸਰੀਰ ਦੀ ਅਉਧ ਤਕ ਹੀ ਪ੍ਰਭੂ-ਮਿਲਣ ਭਾਵ ਮੁਕਤੀ ਪਰਾਪਤੀ ਦਾ ਅਵਸਰ ਉਪਲਭਦ ਹੈ।

ਬਿਖੜਾ ਪੈਂਡਾ

ਕੁਝ ਵਿਚਾਰਵਾਨ ਸਿਖ ਅਧਿਆਤਮਿਕਤਾ ਦੇ ਖੇਤਰ ਵਿੱਚ ‘ਪ੍ਰਭੂ-ਮਿਲਣ’ ਅਤੇ ‘ਮੁਕਤੀ’ ਦੀ ਪਰਾਪਤੀ ਕਰ ਲੈਣ ਨੂੰ ਔਖਾ ਪੈਂਡਾ ਦਰਸਾਉਂਦੇ ਹਨ। ਅਜਿਹੇ ਵਿਚਾਰਵਾਨਾਂ ਦਾ ਤਰਕ ਹੈ ਕਿ ਸਾਧਾਰਨ ਮਨੁੱਖੀ ਬੁਧੀ ਇਸ ਕਾਬਲ ਨਹੀਂ ਕਿ ਉਹ ਸਿਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਅਧਿਆਤਮਿਕ ਫਲਸਫੇ ਨੂੰ ਚੰਗੀ ਤਰ੍ਹਾਂ ਸਮਝ ਸਕੇ ਅਤੇ ਇਹ ਵੀ ਕਿ ਆਮ ਮਨੁੱਖ ਲਈ ਇਸ ਫਲਸਫੇ ਅਨੁਸਾਰ ਪ੍ਰਭੂ-ਮਿਲਣ/ਮੁਕਤੀ ਦੀ ਸਥਿਤੀ ਤਕ ਪਹੁੰਚਣਾ ਲਗ-ਭਗ ਅਸੰਭਵ ਹੈ। ਇਸ ਸੰਦਰਭ ਵਿੱਚ ਉਹ ਗੁਰਬਾਣੀ ਵਿੱਚੋਂ ਹੀ ਲਈ ਹੋਈ ਹੇਠਾਂ ਦਿਤੀ ਸਤਰ ਦਾ ਹਵਾਲਾ ਦੇ ਦਿੰਦੇ ਹਨ:

ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥ (ਪਵਿੱਤਰ ਗ੍ਰੰਥ, ਪੰਨਾਂ 918)

ਇਹ ਸਹੀ ਹੈ ਕਿ ਗੁਰਬਾਣੀ ਵਿੱਚ ਨਿਰਧਾਰਿਤ ਅਧਿਆਤਮਿਕਤਾ ਦੇ ਖੇਤਰ ਵਿੱਚ ਸੰਪੂਰਨ ਸਫਲਤਾ ਪਰਾਪਤ ਕਰ ਲੈਣੀ ਕੋਈ ਸੌਖੀ ਗੱਲ ਨਹੀ। ਪਰੰਤੂ ਇਸ ਸਥਿਤੀ ਦਾ ਕਾਰਨ ਇਹ ਨਹੀਂ ਕਿ ਮਨੁੱਖੀ ਬੁੱਧੀ ਇਸ ਦੇ ਸਮਰੱਥ ਨਹੀਂ। ਸਗੋਂ ਅਜਿਹਾ ਇਸ ਕਰ ਕੇ ਹੈ ਕਿ ਵਿਵਹਾਰਿਕ ਤੌਰ ਤੇ ਮਨ ਭਾਵ ਭਾਵਨਾਵਾਂ ਵਿਸ਼ੇਸ਼ ਕਰ ਕੇ ਹਉਮੇਂ ਅਤੇ ਹੋਰ ਬੇਕਾਬੂ ਲਾਲਸਾਵਾਂ (ਵਿਕਾਰਾਂ) ਨੂੰ ਕਾਬੂ ਹੇਠ ਲੈ ਆਉਣਾ ਅਤਿਅੰਤ ਔਖਾ ਕਾਰਜ ਹੈ ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ:

ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ॥ (ਪਵਿੱਤਰ ਗ੍ਰੰਥ, ਪੰਨਾਂ 509)

ਗੁਰਬਾਣੀ ਵਿੱਚ ਦਰਸਾਈੇ ਪ੍ਰਭੂ-ਮਿਲਣ/ਮੁਕਤੀ ਦੀ ਅਵਸਥਾ ਪਰਾਪਤ ਕਰਨ ਹਿਤ ਮਨ ਨੂੰ ਕਾਬੂ ਵਿੱਚ ਕਰਨਾ ਸਵੈ ਦੇ ਭਾਰੀ ਗੜ੍ਹ (ਕਿਲ੍ਹੇ) ਨੂੰ ਸਰ ਕਰ ਲੈਣ ਦੇ ਬਰਾਬਰ ਬਿਖਮ ਕਾਰਜ ਹੈ ਜਿਵੇਂ ਕਿ ਹੇਠਾਂ ਦਿੱਤੀ ਸਤਰ ਵਿੱਚ ਸਪਸ਼ਟ ਕੀਤਾ ਗਿਆ ਹੈ:

ਦਰਸਨਿ ਤੇਰੇ ਭਵਨ ਪੁਨੀਤਾ॥

ਆਤਮ ਗੜੁ ਬਿਖਮੁ ਤਿਨਾ ਹੀ ਜੀਤਾ॥ (ਪਵਿੱਤਰ ਗ੍ਰੰਥ, ਪੰਨਾਂ 99)

ਇਸ ਬਿਖਮ ਕਾਰਜ ਨੂੰ ਸਿਰੇ ਚਾੜ੍ਹਨ ਲਈ ਤਾਂ ਗੁਰਬਾਣੀ ਇਸ ਤੋਂ ਵੀ ਅਗਲੇਰੀ ਸਥਿਤੀ ਵੱਲ ਹੇਠਾਂ ਦਿੱਤੇ ਅਨੁਸਾਰ ਇਸ਼ਾਰਾ ਕਰਦੀ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ II ਸਿਰੁ ਧਰਿ ਤਲੀ ਗਲੀ ਮੇਰੀ ਆਉ II

ਇਤੁ ਮਾਰਗਿ ਪੈਰੁ ਧਰੀਜੈ II ਸਿਰੁ ਦੀਜੈ ਕਾਣਿ ਨ ਕੀਜੈ II (ਪਵਿੱਤਰ ਗ੍ਰੰਥ, ਪੰਨਾਂ 1412)

ਇਤਹਾਸ ਗਵਾਹ ਹੈ ਕਿ ਗੁਰਬਾਣੀ ਵਿੱਚ ਦਰਸਾਈ ‘ਪ੍ਰੇਮ’ ਖੇਡ ਦੇ ਬਿਖੜੇ ਪੈਂਡੇ ਤੇ ਚਲਦਿਆਂ ਸਿਖ ਰਹਿਬਰਾਂ ਅਤੇ ਸ਼ਰਧਾਲੂਆਂ ਨੇ ਅਣਗਿਣਤ ਸਿਰ ਭੇਂਟ ਕੀਤੇ ਹਨ।

ਨੈਤਿਕ ਸਿਖਿਆ

ਸੰਸਾਰ ਦੇ ਹਰ ਮੱਤ ਵਾਂਗ ਸਿਖ ਮੱਤ ਵੀ ਮਨੁੱਖ ਨੂੰ ਨੈਤਿਕਤਾ ਪੱਖੋਂ ਆਦਰਸ਼ਕ ਜੀਵਨ-ਜਾਚ ਅਪਣਾਉਣ ਦੀ ਪ੍ਰੇਰਨਾ ਦਿੰਦਾ ਹੈ ਅਤੇ ਗੁਰਬਾਣੀ ਵਿੱਚ ਨੈਤਿਕਤਾ ਨੂੰ ਪਰਚਾਰਨ ਲਈ ਅਪਣਾਈ ਗਈ ਵਿਧੀ ਬੇਹੱਦ ਪਰਭਾਵਸ਼ਾਲੀ ਹੈ। ਗੁਰਬਾਣੀ ਵਿਚਲੀ ਪਰਚਾਰ ਵਿਧੀ ਦੇ ਚਾਰ ਮੁੱਖ ਪਹਿਲੂ ਹਨ:

1. ਗੁਰਬਾਣੀ ਅਸਾਨ ਅਤੇ ਪਰਚਲਤ ਭਾਸ਼ਾ ਵਿੱਚ ਆਪਣਾ ਸੰਦੇਸ਼/ਉਪਦੇਸ਼ ਦਿੰਦੀ ਹੈ।

2. ਗੁਰਬਾਣੀ ਲੋਕਧਾਰਾਇਕ ਪਰੰਪਰਾਵਾਂ ਅਤੇ ਪਰਚਲਤ ਮਨੌਤਾਂ ਨੂੰ ਵਿਚਾਰਾਂ ਦੇ ਪ੍ਰਗਟਾਵੇ ਦਾ ਹਿੱਸਾ ਬਣਾਉਂਦੀ ਹੈ।

3. ਗੁਰਬਾਣੀ ਕਾਵਿਕ ਅਤੇ ਸੰਗੀਤਕ ਰਸ ਨਾਲ ਭਰਪੂਰ ਹੋਣ ਕਰ ਕੇ ਅਤੇ ਇਸ ਵਿੱਚ ਬਹੁਤੀ ਬਹੁਤੀ ਰਚਨਾ ਛੰਦ-ਬੱਧ ਹੋਣ ਕਰ ਕੇ ਗੁਰਬਾਣੀ ਦਾ ਸੰਦੇਸ਼/ਉਪਦੇਸ਼ ਬੇਹੱਦ ਅਸਰਦਾਰ ਢੰਗ ਨਾਲ ਵਿਅਕਤ ਹੁੰਦਾ ਹੈ।

4. ਜੀਵਨ ਦਾ ਕੋਈ ਵੀ ਐਸਾ ਪੱਖ ਨਹੀਂ ਜਿਸ ਸਬੰਧੀ ਗੁਰਬਾਣੀ ਆਪਣਾ ਨੈਤਿਕ ਸੰਦੇਸ਼/ਉਪਦੇਸ਼ ਨਾ ਦਿੰਦੀ ਹੋਵੇ। ਇੱਥੋਂ ਤਕ ਕਿ ਆਧੁਨਿਕ ਜੀਵਨ ਦੇ ਸਾਰੇ ਖੇਤਰਾਂ ਅਤੇ ਉਹ ਵੀ ਗਲੋਬਲ ਪੱਧਰ ਤੇ ਉਤਪੰਨ ਹੋ ਰਹੀ ਹਰ ਸਮਾਜਿਕ ਅਤੇ ਮਾਨਸਿਕ ਸਥਿਤੀ ਲਈ ਗੁਰਬਾਣੀ ਦਾ ਸੰਦੇਸ਼/ਉਪਦੇਸ਼ ਢੁੱਕਵਾਂ ਹੈ।

ਗੁਰਬਾਣੀ ਵਿੱਚ ਦਰਜ ਨੈਤਿਕ ਸਿਖਿਆਵਾਂ ਵਾਲੀਆਂ ਅਨੇਕਾਂ ਸਤਰਾਂ ਮੁਹਾਵਰਿਆਂ ਦਾ ਰੂਪ ਧਾਰਨ ਕਰ ਗਈਆਂ ਹੋਈਆਂ ਹਨ ਜਿਵੇਂ ਕਿ “ਮਨਿ ਜੀਤੈ ਜਗੁ ਜੀਤੁ”, “ਸਰਬ ਰੋਗ ਕੋ ਔਖਧ ਨਾਮੁ”, “ਵਿਦਿਆ ਵੀਚਾਰੀ ਤਾ ਪਰਉਪਕਾਰੀ”, “ਦੁਖ ਦਾਰੂ ਸੁਖ ਰੋਗ ਭਇਆ”, “ਏਕ ਨੂਰ ਤੇ ਸਭੁ ਜਗੁ ਉਪਜਿਆ”, “ਖੋਜੀ ਉਪਜੈ ਬਾਦੀ ਬਿਨਸੈ” ਆਦਿਕ।

ਧਰਮ-ਮਰਯਾਦਾ

ਗੁਰਮੱਤ ਵਿੱਚ ਪੁਜਾਰੀ ਦੀ ਕੋਈ ਵਿਵਸਥਾ ਨਹੀਂ, ਨਾ ਹੀ ਗੁਰਮੱਤ ਵਿੱਚ ਕਿਸੇ ਪੂਜਾ-ਅਸਥਾਨ ਜਾਂ ਪੂਜਾ-ਵਿਧਾਨ ਨੂੰ ਮਾਨਤਾ ਪਰਾਪਤ ਹੈ। ਸਿਖ ਮੱਤ ਵਿੱਚ ਗੁਰੂ ਸਾਹਿਬਾਨ ਨੇ ਧਰਮਸਾਲ ਦਾ ਸੰਕਲਪ ਦਿੱਤਾ ਸੀ ਅਤੇ ਧਰਮਸਾਲ ਵਿੱਚ ਹੇਠਾਂ ਦਰਸਾਏ ਤਿੰਨ ਕਿਸਮਾਂ ਦੇ ਕਾਰਜ ਹੁੰਦੇ ਸਨ:

1. ਗੁਰਬਾਣੀ ਦੀ ਵਿਆਖਿਆ

2. ਗੁਰਬਾਣੀ ਦਾ ਕਾਵਿਕ ਪਾਠ (recitation) ਜਾਂ ਰਾਗਾਂ ਅਨੁਸਾਰ ਕੀਰਤਨ

3. ਜਮਾਜ-ਭਲਾਈ ਦੇ ਕਾਰਜ

ਸਿਖ ਮੱਤ ਦੀ ਸਭ ਤੋਂ ਪਹਿਲੀ ਧਰਮਸਾਲ ਦਰਬਾਰ ਸਾਹਿਬ ਅੰਮ੍ਰਿਤਸਰ ਸੀ ਜਿੱਥੇ ਕਿ 1604 ਈਸਵੀ ਤੋਂ ਆਦਿ ਗ੍ਰੰਥ ਨੂੰ ਵੀ ਸ਼ੁਸ਼ੋਭਿਤ ਕਰ ਦਿੱਤਾ ਗਿਆ ਸੀ। ਕੁੱਝ ਸਮੇਂ ਬਾਦ ਆਦਿ ਗ੍ਰੰਥ ਦੀ ਮੌਲਿਕ ਬੀੜ ਮੌਜੂਦ ਨਹੀਂ ਸੀ ਰਹੀ ਅਤੇ ਦਮਦਮੀ ਬੀੜ ਵੀ ਵੱਡੇ ਘਲੂਘਾਰੇ ਦੇ ਸਮੇਂ ਸਿਖ ਕੌਮ ਦੇ ਹੱਥੋਂ ਨਿਕਲ ਗਈ ਸੀ। ਉਨ੍ਹੀਵੀਂ ਸਦੀ ਵਿੱਚ ਕੁੱਝ ਸੁਹਿਰਦ ਸਿਖ ਸ਼ਰਧਾਲੂਆਂ ਦੀ ਮਿਹਨਤ ਸਦਕਾ ਸਿਖ ਮੱਤ ਦੇ ਧਾਰਮਿਕ ਗ੍ਰੰਥ ਦੀਆਂ ਹੱਥ-ਲਿਖਤ ਬੀੜਾਂ ਉਪਲਭਦ ਹੋਣ ਲੱਗ ਪਈਆਂ ਸਨ (ਭਾਵੇਂ ਕਿ ਮੂਲ-ਸਰੋਤਾਂ ਦੀ ਅਣਹੋਂਦ ਕਰਕੇ ਇਹਨਾਂ ਵਿੱਚ ਪਾਠ ਦੀਆਂ ਕੁੱਝ ਉਕਾਈਆਂ ਵੀ ਸ਼ਾਮਲ ਹੋ ਗਈਆਂ ਹੋਈਆਂ ਹਨ)। ਇਸ ਦੇ ਨਾਲ ਹੀ ਪਿੰਡਾਂ ਸ਼ਹਿਰਾਂ ਵਿੱਚ ਧਰਮਸਾਲਾਂ ਸਥਾਪਤ ਕਰ ਕੇ ਇਹਨਾਂ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਰਜ਼ ਤੇ ਗ੍ਰੰਥ ਦੀਆਂ ਬੀੜਾਂ ਨੂੰ ਸ਼ੁਸ਼ੋਭਿਤ ਕਰਨ ਦੇ ਨਾਲ-ਨਾਲ ਬੀੜ ਨੂੰ ਗੁਰੂ ਰੂਪ ਕਿਆਸਦੇ ਹੋਏ ਧਰਮਸਾਲ ਨੂੰ ‘ਗੁਰੂ ਦੁਆਰਾ’ ਕਹਿਣ ਦੀ ਪਰੰਪਰਾ ਚਲ ਪਈ (ਉਂਜ ਤਾਂ ਧਰਮਸਾਲ ਲਈ ਘੜਿਆ ਗਿਆ ਸ਼ਬਦ-ਜੁੱਟ ‘ਗੁਰੂ ਦੁਆਰਾ’ ਗੁਰਬਾਣੀ ਵਿੱਚ ਆਉਂਦੇ ‘ਗੁਰੂ ਦੁਆਰੈ’ ਤੇ ਅਧਾਰਿਤ ਕੀਤਾ ਗਿਆ ਜਾਪਦਾ ਹੈ ਭਾਵੇਂ ਕਿ ਗੁਰਬਾਣੀ ਵਿੱਚ ਇੱਥੇ ‘ਗੁਰੂ’ ਨੂੰ ‘ਪ੍ਰਭੂ’ ਅਤੇ ‘ਦੁਆਰੈ’ ਨੁੰ ‘ਦੁਆਰਾ/ਰਾਹੀਂ’ ਦੇ ਤੌਰ ਤੇ ਵਰਤਿਆ ਗਿਆ ਹੋਇਆ ਹੈ ਜਿਸ ਨਾਲ ‘ਗੁਰੂ ਦੁਆਰੈ’ ਦਾ ਅਰਥ ‘ਪ੍ਰਭੂ ਦੁਆਰਾ’ ਜਾਂ ‘ਪ੍ਰਭੂ ਦੇ ਰਾਹੀਂ’ ਬਣਦਾ ਹੈ)। ਪਰੰਤੂ ਧਰਮਸਾਲ ਲਈ ਅਨੁਚਿਤ ਤੌਰ ਤੇ ਕਿਆਸਿਆ ਗਿਆ ਸ਼ਬਦ-ਜੁੱਟ ‘ਗੁਰੂ ਦੁਆਰਾ’ ਹੀ ਤਬਦੀਲ ਹੋ ਕੇ ਸ਼ਬਦ-ਰੂਪ ‘ਗੁਰਦੁਆਰਾ’ ਬਣਿਆਂ। ਹੁਣ, ਇਹ ਮਹੱਤਵ ਨਹੀਂ ਰੱਖਦਾ ਕਿ ਸ਼ਬਦ-ਰੂਪ ‘ਗੁਰਦੁਆਰਾ’ ਕਿਵੇਂ ਬਣਿਆਂ ਪਰੰਤੂ ਜੋ ਕੁੱਝ ਅਜ ਗੁਰਦੁਆਰਿਆਂ ਵਿੱਚ ਹੋ ਰਿਹਾ ਹੈ ਉਹ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਅਜ ਧਰਮਸਾਲਾਂ ਦੇ ਵਿਕਲਪ ਵਜੋਂ ਸਥਾਪਤ ਹੋਏ ਸਿਖ ਮੱਤ ਦੇ ਧਾਰਮਿਕ ਅਸਥਾਨਾਂ ਦੇ ਤੌਰ ਤੇ ਚੱਲ ਰਹੇ ‘ਗੁਰਦੁਆਰਿਆਂ’ ਵਿੱਚ ਹਿੰਦੂ ਮੰਦਰਾਂ ਵਾਂਗ ਕਰਮ-ਕਾਂਡਾਂ ਦੀ ਭਰਮਾਰ ਹੈ, ਮਨਮੱਤੀ ਕਾਰਵਾਈਆਂ ਹੋ ਰਹੀਆਂ ਹਨ ਅਤੇ ਤਲਵਾਰਾਂ ਲਹਿਰਾਈਆਂ ਜਾ ਰਹੀਆਂ ਹਨ। ਪਰਤੱਖ ਹੈ ਕਿ ਇਹ ਸਾਰਾ ਕੁੱਝ ਗੁਰਮੱਤ ਦੀ ਭਾਵਨਾਂ ਦੇ ਵਿਪਰੀਤ ਹੈ।

ਸ਼ਖਸੀ ਗੁਰੂ ਸਾਹਿਬਾਨ ਦੇ ਸਮੇਂ ਗੁਰੂ ਤੋਂ ਬਾਹਰਾ ਇੱਕੋ-ਇਕ ਧਾਰਮਿਕ ਅਹੁਦਾ ਧਰਮਸਾਲ ਦੇ ਸੇਵਾਦਾਰ ਦਾ ਸੀ (ਸਭ ਤੋਂ ਪਹਿਲਾ ਅਜਿਹਾ ‘ਸੇਵਾਦਾਰ’ ਬਾਬਾ ਬੁੱਢਾ ਸੀ)। ਸਿਖ ਮੱਤ ਵਿੱਚ ਪੁਜਾਰੀ ਦਾ ਕੋਈ ਅਹੁਦਾ ਨਹੀਂ ਸੀ ਭਾਵੇਂ ਕਿ ਅਠਾਰ੍ਹਵੀਂ ਸਦੀ ਈਸਵੀ ਵਿੱਚ ਸਿਖ ਧਾਰਮਿਕ ਅਸਥਾਨਾਂ/ਧਰਮਸਾਲਾਵਾਂ ਦਾ ਪ੍ਰਬੰਧ ਨਿਰਮਲੇ/ਉਦਾਸੀ ਫਿਰਕਿਆਂ ਦੇ ਹੱਥਾਂ ਵਿੱਚ ਆ ਜਾਣ ਤੇ ‘ਸੇਵਾਦਾਰ’ ਦੀ ਜਗਹ ‘ਪੁਜਾਰੀ’ ਨੇ ਲੈ ਲਈ। ਇਹ ਵਿਵਸਥਾ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਖੂਬ ਪ੍ਰਫੁੱਲਤ ਹੋਈ ਅਤੇ ਉਨ੍ਹੀਵੀਂ ਸਦੀ ਈਸਵੀ ਵਿੱਚ ਅੱਗੇ ਵੀ ਜਾਰੀ ਰਹੀ ਜਦੋਂ ਬ੍ਰਾਹਮਣਵਾਦੀ ਪਰਭਾਵ ਹੇਠ ਗੁਰਦੁਆਰਿਆਂ ਵਿੱਚ ਸਿਖ ਧਾਰਮਿਕ ਗ੍ਰੰਥ ਦੀ ਬੀੜ ਦੀ ਮੂਰਤੀ ਦੇ ਤੌਰ ਤੇ ਪੂਜਾ ਸ਼ੁਰੂ ਹੋ ਗਈ ਭਾਵੇਂ ਕਿ ਹੁਣ ਪੁਜਾਰੀ ਨੂੰ ‘ਗ੍ਰੰਥੀ’ ਕਿਹਾ ਜਾਣ ਲੱਗਾ ਸੀ। 1925 ਈਸਵੀ ਵਿੱਚ ਗੁਰਦੁਆਰਾ ਐਕਟ ਬਣਨ ਤੇ ਹੈੱਡ-ਗ੍ਰੰਥੀ ਦਾ ਵੀ ਅਹੁਦਾ ਕਾਇਮ ਹੋ ਗਿਆ ਅਤੇ ਅਖੌਤੀ ਅਕਾਲ ਤਖਤ ਦੇ ‘ਜੱਥੇਦਾਰ’ ਦਾ ਅਹੁਦਾ ਬਗੈਰ ਨਿਯਮਾਂ ਤੋਂ ਹੀ ਘੜ ਲਿਆ ਗਿਆ। ਇਸ ਤਰ੍ਹਾ ਗੁਰਮੱਤ ਦੇ ਉਲਟ ਸਿਖ ਮੱਤ ਵਿੱਚ ਪੁਜਾਰੀ ਸ਼੍ਰੇਣੀ ਵੀ ਹੋਂਦ ਵਿੱਚ ਆ ਗਈ ਅਤੇ ਪੁਜਾਰੀ ਸ਼੍ਰੇਣੀ ਦੀ ਦਰਜਾਬੰਦੀ (hierarchy) ਵੀ। ਅਜਿਹੀ ਵਿਵਸਥਾ ਨੇ ਸਿਖ ਮੱਤ ਦੀ ਅਧਿਆਤਮਿਕਤਾ ਦਾ ਅਕਸ ਧੁੰਦਲਾ ਕਰਨ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ।

ਬ੍ਰਾਹਮਣਵਾਦੀ ਵਿਆਖਿਆ

ਬ੍ਰਾਹਮਣਵਾਦੀ ਪਰਭਾਵ ਹੇਠ ਕੀਤੀ ਗਈ ਗੁਰਬਾਣੀ ਦੀ ਵਿਆਖਿਆ ਵੀ ਸਿਖ ਮੱਤ ਦੀ ਅਧਿਆਤਮਿਕਤਾ ਲਈ ਭਾਰੀ ਨੁਕਸਾਨ ਦਾ ਸਬੱਬ ਬਣੀ ਹੋਈ ਹੈ। ਬ੍ਰਾਹਮਣਵਾਦ ਨੇ ਸਿਖ ਮਾਨਸਿਕਤਾ ਨੂੰ ਇੱਥੋਂ ਤਕ ਸਮੋਹਿਕ ਕਰ ਰਖਿੱਆ ਹੈ ਕਿ ਅਸੀਂ ਗੁਰਬਾਣੀ ਦੇ ਅਰਥ ਵੀ ਬ੍ਰਾਹਮਣਵਾਦੀ ਸ਼ਬਦਾਵਲੀ ਅਤੇ ਸਿਧਾਂਤਾਂ ਰਾਹੀਂ ਹੀ ਕਰਨ ਦੇ ਆਦੀ ਹੋ ਚੁੱਕੇ ਹਾਂ। ਆਤਮ ਨੂੰ ਆਤਮਾ (soul) ਅਤੇ ਪ੍ਰਭੂ ਨੂੰ ਪਰਮਾਤਮਾ (supreme soul) ਦਰਸਾਉਣ ਦੀ ਸਥਿਤੀ ਉੱਤੇ ਤਾਂ ਅਸੀਂ ਪਹਿਲਾਂ ਹੀ ਵਿਚਾਰ ਕਰ ਆਏ ਹਾਂ ਅਤੇ ਸਾਰੀ ਗੁਰਬਾਣੀ ਨੂੰ ਮੰਤਰ-ਸਮੱਗਰੀ ਦੇ ਤੌਰ ਤੇ ਪੇਸ਼ ਕਰਦੇ ਹੋਏ ਇਸ ਦੇ ਤੋਤਾ-ਰੱਟਣ ਦਾ ਪਰਚਾਰ ਕਰਨਾ ਵੀ ਬ੍ਰਾਹਮਣਵਾਦੀ ਵਰਤਾਰਾ ਹੀ ਹੈ। ਗੁਰਬਾਣੀ ਦੀ ਬ੍ਰਾਹਮਣਵਾਦ ਅਧਾਰਿਤ ਵਿਆਖਿਆ ਦੀ ਢੁੱਕਵੀਂ ਉਦਾਹਰਨ ਦੇਣੀ ਹੋਵੇ ਤਾਂ ਇਹ ਸਿਖ ਮੱਤ ਦੇ ਪਵਿੱਤਰ ਗ੍ਰੰਥ ਦੀ ਸਭ ਤੋਂ ਪਹਿਲੀ ਰਚਨਾ ਤੋਂ ਲਈ ਜਾ ਸਕਦੀ ਹੈ। ਇਹ ਕਿਤੇ ਵੀ ਅੰਕਿਤ ਨਹੀਂ ਕੀਤਾ ਗਿਆ ਕਿ ਇਸ ਰਚਨਾ ਨੂੰ ਕੋਈ ਸਿਰਲੇਖ ਦਿੱਤਾ ਗਿਆ ਹੋਇਆ ਹੈ। ਪਹਿਲਾਂ ਤਾਂ ਅਸੀਂ ਇਸ ਰਚਨਾ ਵਿੱਚ ਆਉਂਦੀ ਇਕ-ਸ਼ਬਦੀ ਸਤਰ ‘ਜਪੁ॥’ ਨੂੰ (‘ਜਪੁ’ ਨੂੰ ‘ਤੋਤਾ-ਰਟਣ’ ਦੇ ਅਰਥ ਦਿੰਦੇ ਹੋਏ) ਇਸ ਰਚਨਾ ਦਾ ਸਿਰਲੇਖ ਕਿਆਸ ਲੈਂਦੇ ਹਾਂ ਅਤੇ ਫਿਰ ਇਸ ਨੂੰ ਬਦਲ ਕੇ ‘ਜਪੁਜੀ’ ਦਾ ਰੂਪ ਦੇ ਦਿੰਦੇ ਹਾਂ। ਇੱਥੇ ਹੀ ਬਸ ਨਹੀਂ, ਇਸ ਤੋਂ ਅੱਗੇ ਅਸੀਂ ਇਸ ਨੂੰ ‘ਜਪੁਜੀ ਸਾਹਿਬ’ ਵਿੱਚ ਬਦਲ ਦਿੰਦੇ ਹਾਂ। ਅਸੀਂ ਇਹ ਕਦੀ ਵੀ ਨਹੀਂ ਸੋਚਦੇ ਕਿ ਗੁਰਬਾਣੀ ਵਿੱਚ ਕੋਈ ਤਬਦੀਲੀ ਕਰਨ ਅਤੇ ਪਵਿੱਤਰ ਗ੍ਰੰਥ ਦੀ ਕਿਸੇ ਰਚਨਾ ਦੇ ਮਨਮਰਜ਼ੀ ਦੇ ਸਿਰਲੇਖ ਦੇਣ ਦਾ ਕਿਸੇ ਨੂੰ ਕੋਈ ਹੱਕ ਪਰਾਪਤ ਨਹੀਂ। ਇਸ ਵੇਲੇ ਤਾਂ ਇਹਯੋ ਹੀ ਕਹਿਣਾ ਬਣਦਾ ਹੈ ਕਿ ਬ੍ਰਾਹਮਣਵਾਦੀ ਮਾਨਸਿਕਤਾ ਵਿੱਚੋਂ ਉਪਜੇ ਇਸ ਸਿਰਲੇਖ ਨੂੰ ਤਿਆਗਦੇ ਹੋਏ ਇਸ ਰਚਨਾ ਨੂੰ ‘ਜਪੁ ਬਾਣੀ’ ਹੀ ਕਿਹਾ ਜਾਵੇ ਤਾਂ ਉਚਿਤ ਰਹੇਗਾ। ਫਿਰ ਰਚਨਾ ਦੀ ਸਭ ਤੋਂ ਪਹਿਲੀ ਸਤਰ ਹੈ “ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੂਨੀ ਸੈਭੰ ਗੁਰ ਪ੍ਰਸਾਦਿ॥” ਸਿਖ ਸ਼ਰਧਾਲੂਆਂ ਨੇ ਇਸ ਸਤਰ ਨੂੰ ਬ੍ਰਾਹਮਣਵਾਦੀ ਨਾਮ ‘ਮੂਲ ਮੰਤਰ’ ਦੇ ਰਖਿੱਆ ਹੈ। ਹੁਣ ‘ਮੰਤਰ’ ਤਾਂ ਕਿਸੇ ਐਸੇ ਸ਼ਬਦ-ਸਮੂਹ (text) ਨੂੰ ਕਿਹਾ ਜਾਵੇਗਾ ਜਿਸ ਦੇ ਕਿਸੇ ਸਥਿਤੀ ਵਿੱਚ ਕੀਤੇ ਉਚਾਰਨ ਜਾਂ ਜਾਪ ਦਾ ਕਰਾਮਾਤੀ ਪਰਭਾਵ ਪੈਦਾ ਹੁੰਦਾ ਹੋਵੇ। ਪਰੰਤੂ ਗੁਰਮੱਤ ਅਨੁਸਾਰ ਅਜਿਹਾ ਨਾਮ ਗੁਰਬਾਣੀ ਦੀ ਕਿਸੇ ਵੀ ਸਤਰ ਨੂੰ ਨਹੀਂ ਦਿੱਤਾ ਜਾ ਸਕਦਾ। ਇਹਯੋ ਸਥਿਤੀ ਇਸ ਸਤਰ ਨੂੰ ‘ਮੰਗਲਾਚਰਣ’ ਕਰ ਕੇ ਦਰਸਾਉਣ ਵਿੱਚ ਬਣਦੀ ਹੈ। ਚੰਗਾ ਹੈ ਕਿ ਇਸ ਸਤਰ ਨੂੰ ‘ਅਰੰਭਕ ਉਪਦੇਸ਼’ ਜਿਹਾ ਕੋਈ ਢੁੱਕਵਾਂ ਨਾਮ ਦਿੱਤਾ ਜਾਵੇ। ਅੱਗੇ ਹੈ ‘ੴ’ ਜਿਸ ਨੂੰ ਅਕਾਰਨ ਹੀ ‘ਇਕ ਓਅੰਕਾਰ’ ਕਰ ਕੇ ਉਚਾਰਿਆ ਜਾਂਦਾ ਹੈ। ਹੁਣ ਜੇਕਰ ‘ਜਪੁ ਬਾਣੀ’ ਦੇ ਰਚਨਾਕਾਰ ਨੇ ਕਿਤੇ ਇਹ ਨਹੀਂ ਦਸਿੱਆ ਕਿ ‘ੴ’ ਇੱਕ ਸੰਖਿਪਤ-ਰੂਪ (abbreviation ) ਹੈ ਅਤੇ ਇਸ ਦਾ ਪੂਰਾ ਰੂਪ ‘ਇਕ ਓਅੰਕਾਰ’ ਹੈ ਤਾਂ ਹੋਰ ਕਿਸੇ ਨੂੰ ‘ੴ’ ਵਿੱਚ ਆਉਂਦੇ ‘ਓ’ ਨੂੰ ‘ਓਅੰਕਾਰ’ ਵਿੱਚ ਬਦਲਣ ਦਾ ਹੱਕ ਪਰਾਪਤ ਨਹੀਂ ਹੋ ਜਾਂਦਾ, ਉਹ ਵੀ ਇੱਕ ਅਜਿਹੇ ਸ਼ਬਦ ਵਿੱਚ ਬਦਲਣ ਦਾ ਜੋ ਬ੍ਰਾਹਮਣਵਾਦੀ ਸ਼ਬਦਾਵਲੀ ਦਾ ਹਿੱਸਾ ਹੈ ਅਤੇ ਅੱਗੋਂ ਇਹ ਸ਼ਬਦ ਬ੍ਰਾਹਮਣਵਾਦੀ ਮੂਲ (root) ‘ਓਅਮ’ ਤੋਂ ਆਇਆ ਹੈ (ਜਿਸ ਕਰ ਕੇ ‘ੴ’ ਨੂੰ ‘ਬੀਜ ਮੰਤਰ’ ਕਹਿਣ ਦੀ ਗਲਤੀ ਵੀ ਕੀਤੀ ਜਾਂਦੀ ਹੈ)। ਇਸ ਕਰਕੇ ‘ੴ’ ਦਾ ਸਹੀ ਉਚਾਰਨ ‘ਏਕੋ’ ਹੀ ਸਮਝਿਆ ਜਾਣਾ ਚਾਹੀਦਾ ਹੈ ਜੋ ਗੁਰਬਾਣੀ ਵਿੱਚ ਵਾਰ-ਵਾਰ ਆਉਂਦਾ ਹੈ ਜਿਵੇਂ ਕਿ ਹੇਠਾਂ ਦਿੱਤੀ ਸਤਰ ਵਿੱਚ ਮੌਜੂਦ ਹੈ:

ਸਾਹਿਬ ਮੇਰਾ ਏਕੋ ਹੈ॥

ਏਕੋ ਹੈ ਭਾਈ ਏਕੋ ਹੈ॥ (ਪਵਿੱਤਰ ਗ੍ਰੰਥ, ਪੰਨਾਂ 350)

ਗੁਰਬਾਣੀ ਦੀ ਬ੍ਰਾਹਮਣਵਾਦੀ ਰੰਗਤ ਵਾਲੀ ਵਿਆਖਿਆ ਦੀਆਂ ਅਨੇਕਾਂ ਹੋਰ ਉਦਾਹਰਨਾਂ ਲਈਆਂ ਜਾ ਸਕਦੀਆਂ ਹਨ ਪਰੰਤੂ ਇੱਥੇ ਵਿਸਥਾਰ ਵਿੱਚ ਜਾਣਾ ਸੰਭਵ ਨਹੀਂ।

ਧਰਮ ਜਾਂ ਲਹਿਰ

ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿਖ ਮੱਤ ਦਾ ਬਾਨੀ ਮੰਨਿਆਂ ਜਾਦਾ ਹੈ। ਪਰੰਤੂ ਗਹੁ ਨਾਲ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਗੁਰੂ ਜੀ ਨੇ ਦੂਜੇ ਧਰਮਾਂ ਦੇ ਮੁਕਾਬਲੇ ਤੇ ਕੋਈ ਨਵਾਂ ਧਰਮ ਚਾਲੂ ਨਹੀਂ ਕੀਤਾ ਸੀ। ਉਹਨਾਂ ਨੇ ਮੁਢੱਲੇ ਤੌਰ ਇੱਕ ਸੁਧਾਰਵਾਦੀ ਲਹਿਰ ਚਲਾਈ ਸੀ ਜਿਸਦਾ ਨਿਸ਼ਾਨਾ ਇੱਕ ਪਾਸੇ ਮਨੁੱਖ ਦੀ ਸ਼ਖਸੀਅਤ ਦਾ ਸੰਪੂਰਨ ਵਿਕਾਸ ਕਰਨਾ ਸੀ ਅਤੇ ਦੂਸਰੇ ਪਾਸੇ ਸਮਾਜਕ ਢਾਂਚੇ ਦਾ ਸਮੁੱਚੇ ਰੂਪ ਵਿੱਚ ਕਾਇਆ ਕਲਪ ਕਰਨਾ ਸੀ। ਪ੍ਰੰਤੂ ਗੁਰੂ ਜੀ ਦੀ ਦ੍ਰਿਸ਼ਟੀ ਦਾ ਫੋਕਸ ਕੋਈ ਇੱਕ ਖਿੱਤੇ ਵਿਸ਼ੇਸ਼ ਦਾ ਮਨੁੱਖ ਜਾਂ ਸਮਾਜ ਨਹੀਂ ਸੀ। ਉਹਨਾਂ ਦੀ ਵਿਉਂਤ ਧਰਤੀ ਉਤਲੀ ਸਾਰੀ ਲੋਕਾਈ ਨੂੰ ਹੀ ਆਪਣੀ ਸੋਚ ਅਤੇ ਇਸ ਵਿਚੋਂ ਉਪਜੀ ਲਹਿਰ ਦੇ ਕਲਾਵੇ ਵਿੱਚ ਲਿਆਉਣ ਦੀ ਸੀ। ਜੇਕਰ ਇਸ ਲਹਿਰ ਦੇ ਇਤਹਾਸਿਕ ਅਤੇ ਦਾਰਸ਼ਨਿਕ ਪਹਿਲੂਆਂ ਨੂੰ ਇੱਕ ਸ਼ਬਦ-ਰੂਪ ਰਾਹੀਂ ਪ੍ਰਗਟਾਉਣਾ ਹੋਵੇ ਤਾਂ ਇਹ ਸ਼ਬਦ-ਰੂਪ ਹੈ ‘ਮਾਨਵਵਾਦ’ (Humanism )। ਯੂਰਪ ਵਿੱਚ ਤੇਰ੍ਹਵੀਂ ਸਦੀ ਤੋਂ ਲੈ ਕੇ ‘ਮਾਨਵਵਾਦ’ ਦੇ ਅਰਥ ਪੁਰਾਣੇ ਯੂਨਾਨੀ ਅਤੇ ਲਾਤੀਨੀ ਗ੍ਰੰਥਾਂ ਦੇ ਅਧਿਐਨ ਕਰਨ ਤਕ ਸੀਮਤ ਰਹੇ। ਅਗਲੀਆਂ ਚਾਰ ਸਦੀਆਂ ਤੋਂ ਵੱਧ ਦੇ ਸਮੇਂ ਤੋਂ ਬਾਦ (ਸੰਨ 1798 ਈਸਵੀ ਵਿੱਚ ਆਏ ਫਰਾਂਸੀਸੀ ਇਨਕਲਾਬ ਦੇ ਸਮੇਂ ਤੋਂ ਲੈ ਕੇ) ਇਸ ਸ਼ਬਦ ਦੇ ਅਰਥ ਬਦਲ ਗਏ। ਹੁਣ ਇਸ ਸਬਦ ਦਾ ਪਰਯੋਗ ਐਸੇ ਧਰਮ-ਨਿਰਪੇਖ ਫਲਸਫੇ ਲਈ ਹੋਣ ਲੱਗਾ ਜੋ ਕਰਾਮਾਤ ਅਤੇ ਧਾਰਮਿਕ ਹਠਧਰਮੀ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਹੋਇਆਂ ਕੇਵਲ ਤਰਕ, ਨੈਤਕਿਤਾ ਅਤੇ ਨਿਆਂ ਦੀ ਪਰੋੜਤਾ ਕਰਦਾ ਸੀ। ਮਾਨਵਵਾਦ ਦੀ ਇਸ ਆਧੁਨਿਕ ਪ੍ਰੀਭਾਸ਼ਾ ਦੇ ਤਿੰਨ ਪ੍ਰਮੁੱਖ ਅੰਗ ਇਹ ਮੰਨੇ ਗਏ: ਮਨੁੱਖੀ ਹੱਕ, ਮਨੁੱਖੀ ਵਕਾਰ (dignity ) ਅਤੇ ਮਨੁੱਖ ਦੇ ਹਿਤ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵਵਾਦ ਦੇ ਹੂਬਹੂ ਉਪਰੋਕਤ ਦਰਸਾਏ ਫਲਸਫੇ ਦਾ ਹੀ ਪਰਚਾਰ ਅਰੰਭਿਆ, ਉਹ ਸਾਰੀ ਉਮਰ ਇਸ ਨੂੰ ਸਮਰਪਤ ਰਹੇ ਅਤੇ ਉਹਨਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਇਸ ਦੀ ਵਿਆਖਿਆ ਅਤੇ ਸਿਖਿਆ ਪੇਸ਼ ਕੀਤੀ। ਜੁਗਰਾਫੀਆਈ ਕਾਰਨਾਂ ਕਰ ਕੇ ਯੂਰਪ ਨਾਲ ਉਹਨਾਂ ਦਾ ਕੋਈ ਸੰਪਰਕ ਨਹੀਂ ਸੀ ਅਤੇ ਭਾਰਤ ਦੇ ਅੰਦਰ ਅਤੇ ਉਦਾਸੀਆਂ ਦੌਰਾਨ ਸੰਸਾਰ ਦੇ ਜਿਹੜੇ ਭਾਗਾਂ ਵਿੱਚ ਉਹ ਗਏ ਉੱਥੋਂ ਦੀਆਂ ਪਰਚਲਤ ਧਾਰਮਿਕ ਅਤੇ ਸਮਾਜਿਕ ਮਾਨਤਾਵਾਂ ਵਿੱਚ ਉਹਨਾਂ ਨੂੰ ਮਾਨਵਵਾਦ ਦੀ ਘਾਟ ਹੀ ਨਜ਼ਰੀਂ ਪਈ। ਨਿਰਸੰਦੇਹ ‘ਮਾਨਵਵਾਦ’ ਦਾ ਨਵੀਨ ਸੰਕਲਪ ਉਹਨਾਂ ਦਾ ਮੌਲਿਕ ਫਲਸਫਾ ਸੀ ਅਤੇ ਉਹਨਾਂ ਨੇ ਆਪਣੀ ਸੁਧਾਰਵਾਦੀ ਲਹਿਰ ਰਾਹੀਂ ਇਹ ਸੰਕਲਪ ਯੂਰਪ ਦੇ ਵਿਦਵਾਨਾਂ ਤੋਂ ਘਟੋ-ਘਟ ਤਿੰਨ ਸਦੀਆਂ ਪਹਿਲਾਂ ਸੰਸਾਰ ਨੂੰ ਦੇ ਦਿੱਤਾ ਸੀ। ਨਿਸਚੇ ਹੀ ਗੁਰੂ ਜੀ ਵੱਲੋਂ ਅਰੰਭੀ ਗਈ ਇਹ ਲਹਿਰ ਇੱਕ ਵੱਡਾ ਅਤੇ ਬਿਖਮ ਕਾਰਜ ਸੀ ਜਿਸ ਨੂੰ ਪਰਭਾਵਸ਼ਾਲੀ ਰੂਪ ਦੇਣ ਲਈ ਕੁੱਝ ਅਰਸਾ ਵੀ ਚਾਹੀਦਾ ਸੀ। ਇੱਸੇ ਕਰਕੇ ਹੀ ਉਹਨਾਂ ਨੇ ਜੀਂਦੇ-ਜੀ ਆਪਣਾ ਉਤੱਰ-ਅਧਿਕਾਰੀ ਥਾਪ ਕੇ ਇਸ ਫਲਸਫੇ ਦੇ ਪਰਚਾਰ ਦੇ ਕਾਰਜ ਨੂੰ ਅੱਗੇ ਤੋਰ ਦਿੱਤਾ ਜਿਸ ਲਈ ਅਗਲੀਆਂ ਨੌਂ ਪੀੜ੍ਹੀਆਂ ਦੇ ਆਗੂਆਂ ਅਤੇ ਸ਼ਰਧਾਲੂ ਪੈਰੋਕਾਰਾਂ ਦੀ ਹਿੱਸੇਦਾਰੀ ਦੀ ਲੋੜ ਪਈ। ਅਗਲੇ ਨੌਂ ਗੁਰੂ ਸਾਹਿਬਾਨ ਵੱਲੋਂ ਪਰਦਾਨ ਕੀਤੀ ਗਈ ਅਗਵਾਈ ਅਤੇ ਅਠਾਰ੍ਹਵੀਂ ਸਦੀ ਈਸਵੀ ਦੌਰਾਨ ਸਿਖ ਸ਼ਰਧਾਲੂਆਂ ਵੱਲੋਂ ਗਿਆਰ੍ਹਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਜੀ ਦੀ ਸਰਪਰਸਤੀ ਹੇਠ ਜ਼ੁਲਮ ਦੇ ਖਿਲਾਫ ਕੀਤੀ ਜਦੋ-ਜਹਿਦ ਨੇ ਧਰਤੀ ਦੇ ਨਕਸ਼ੇ ਉੱਤੇ ਇੱਕ ਅਨੋਖਾ ਇਤਹਾਸ ਸਿਰਜ ਦਿੱਤਾ। ਸਿਖ ਲਹਿਰ ਦੇ ਤਕਰੀਬਨ ਤਿੰਨ ਸਦੀਆਂ ਦੇ ਇਸ ਇਤਹਾਸ ਵਿੱਚੋਂ ਹੀ ਸਵੈਸੰਪੰਨ ਸਰੂਪ ਵਾਲਾ ਸਿਖ ਮੱਤ ਉਜਾਗਰ ਹੋਇਆ। ਇਸ ਤਰ੍ਹਾਂ ਸਿਖ ਮੱਤ ਸੁਚੇਤ ਤੌਰ ਤੇ ਸਥਾਪਤ ਕੀਤਾ ਮੱਤ ਨਹੀਂ ਸਗੋਂ ਬਾਕੀ ਪਰਚਲਤ ਮੱਤਾਂ ਦੀਆਂ ਅਨੁਚਿਤ ਧਾਰਨਾਵਾਂ, ਅਣਸੁਖਾਵੀਆਂ ਮਰਿਯਾਦਾਵਾਂ ਅਤੇ ਪਲਾਇਣਵਾਦੀ ਪਹੁੰਚ ਦੇ ਵਿਕਲਪ ਦੇ ਤੌਰ ਤੇ ਪੇਸ਼ ਕੀਤੇ ਗਏ ਆਦਰਸ਼ਕ ਜੀਵਨ-ਜਾਚ ਦੇ ਸੰਕਲਪ ਵਿੱਚੋਂ ਸਹਿਜ-ਸੁਭਾ (spontaneously) ਅਤੇ ਕੁਦਰਤੀ ਵਰਤਾਰੇ ਦੇ ਤੌਰ ਤੇ ਉਭਰਿਆ ਇੱਕ ਵਿਲੱਖਣ ਮੱਤ ਹੈ।

ਅਠਾਰ੍ਹਵੀਂ ਸਦੀ ਈਸਵੀ ਵਿੱਚ ਜਦੋਂ ਸਿਖ ਸ਼ਰਧਾਲੂ ਮਨੁੱਖੀ ਹੱਕਾਂ ਦੀ ਬਹਾਲੀ ਹਿਤ ਜ਼ੁਲਮ ਨਾਲ ਟੱਕਰ ਲੈਣ ਵਿੱਚ ਪੂਰੀ ਤਰ੍ਹਾਂ ਉਲਝੇ ਹੋਏ ਸਨ ਅਤੇ ਬਾਦ ਵਿੱਚ ਜਦੋਂ ਸਿਖ ਰਾਜ-ਭਾਗ ਵਿੱਚ ਮਸਤ ਹੋ ਗਏ ਤਾਂ ਨਿਰਮਲੇ ਅਤੇ ਉਦਾਸੀ ਫਿਰਕਿਆਂ ਨੂੰ ਇਹ ਮੌਕਾ ਮਿਲ ਗਿਆ ਕਿ ਸਿਖ ਮੱਤ ਨੂੰ ਬ੍ਰਾਹਮਣਵਾਦੀ ਰੰਗਤ ਦੇ ਦਿੱਤੀ ਜਾਵੇ। ਭਾਵੇਂ ਕਿ ਇਹਨਾਂ ਦੋਖੀ ਧਿਰਾਂ ਦੀ ਇਹ ਕੋਸ਼ਿਸ਼ ਸਫਲ ਰਹੀ ਹੈ ਫਿਰ ਵੀ ਲਹਿਰ ਰੂਪੀ ਸਿਖ ਮੱਤ ਦੀ ਨਿਵੇਕਲੀ ਅਧਿਆਤਮਿਕਤਾ ਅਤੇ ਇਸ ਦੇ ਵਿਲੱਖਣ ਇਤਹਾਸਿਕ ਵਿਰਸੇ ਦੇ ਅਧਾਰ ਤੇ ਇਸ ਮੱਤ ਦਾ ਗਲੋਬਲ ਪੱਧਰ ਤੇ ਆਦਰਸ਼ਕ ਰੂਪ ਬਹਾਲ ਕਰ ਲਏ ਜਾਣ ਦੀਆਂ ਪੂਰੀਆਂ ਸੰਭਾਵਨਾਵਾਂ ਮੌਜੂਦ ਹਨ।

ਵਿਗਿਆਨਕ ਪਹੁੰਚ

ਕੁਝ ਸਿਖ ਵਿਚਾਰਵਾਨ ਇਸ ਗੱਲ ਤੋਂ ਡਰਦੇ ਹਨ ਕਿ ਗੁਰਬਾਣੀ ਦੀ ਪਹੁੰਚ ਨੂੰ ਵਿਗਿਆਨਕ ਪਹੁੰਚ ਕਹਿਣ ਨਾਲ ਅਸੀਂ ਗੁਰਬਾਣੀ ਨੁੰ ਅਧਿਆਤਮਿਕਤਾ ਤੋਂ ਸੱਖਣੀ ਸਾਬਤ ਕਰ ਰਹੇ ਹੋਵਾਂਗੇ। ਇੱਸੇ ਕਰ ਕੇ ਉਹ ਗੁਰਬਾਣੀ ਵਿੱਚ ਵਿਗਿਆਨਕ ਅਤੇ ਤਰਕਸ਼ੀਲ ਅੰਸ਼ਾਂ ਦੀ ਨਿਸ਼ਾਨਦੇਹੀ ਕਰਨ ਵਾਲਿਆਂ ਨੂੰ ‘ਨਾਸਤਿਕ’ ਅਤੇ ‘ਕਾਮਰੇਡ’ ਦੇ ਲਕਬ ਦੇਣ ਲੱਗ ਪੈਂਦੇ ਹਨ। ਅਸਲ ਵਿੱਚ ਅਜਿਹੇ ਸੱਜਣ ਆਪੂੰ ਬ੍ਰਾਹਮਣਵਾਦੀ ਮਾਨਸਿਕਤਾ ਵਿੱਚ ਗ੍ਰਸੇ ਹੋਣ ਕਰਕੇ ਸਿਖ ਮੱਤ ਦੀ ਅਧਿਆਤਮਿਕਤਾ ਵਿੱਚ ਦੇਵਤਵੀ, ਅਵਤਾਰੀ ਅਤੇ ਪਰਾਲੌਕਿਕੀ ਅੰਸ਼ ਭਰੀ ਰੱਖਣਾ ਚਾਹੁੰਦੇ ਹਨ। ਇਹ ਤਾਂ ਦੋਗਲਾਪਣ ਹੋਇਆ ਕਿ ਇੱਕ ਪਾਸੇ ਅਸੀਂ ਫੜ੍ਹ ਮਾਰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਪੰਜ ਸੌ ਸਾਲ ਪਹਿਲਾਂ ਕਿਹਾ ਵਿਗਿਆਨ ਉਸ ਨੂੰ ਬਹੁਤ ਪਿੱਛੋਂ ਜਾ ਕੇ ਸਾਬਤ ਕਰ ਰਿਹਾ ਹੈ ਅਤੇ ਦੂਸਰੇ ਪਾਸੇ ਅਸੀਂ ਗੁਰਬਾਣੀ ਦੀ ਪਹੁੰਚ ਨੂੰ ਵਿਗਿਆਨਕ ਅਤੇ ਤਰਕਸ਼ੀਲ ਪਹੁੰਚ ਕਹਿਣ ਨੂੰ ਸਹਿਣ ਨਹੀਂ ਕਰਦੇ। ਵਿਗਿਆਨ ਵਿੱਚ ਲੱਭਤ ਜਾਂ ਆਵਿਸ਼ਕਾਰ ਮਹੱਤਵਪੂਰਨ ਨਹੀਂ ਹੁੰਦੀ ਸਗੋਂ ਲੱਭਤ ਜਾਂ ਆਵਿਸ਼ਕਾਰ ਪੇਸ਼ ਕਰਨ ਵਾਲੇ ਦੀ ਵਿਗਿਆਨਕ ਪਹੁੰਚ ਮਹੱਤਵਪੂਰਨ ਹੁੰਦੀ ਹੈ ਜੋ ਉਸ ਨੂੰ ਲੱਭਤ ਜਾਂ ਆਵਿਸ਼ਕਾਰ ਤਕ ਪਹੁੰਚਾਉਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵਿਗਿਆਨੀ ਤਾਂ ਨਹੀਂ ਸਨ ਪਰੰਤੂ ਉਹਨਾਂ ਦੀ ਪਹੁੰਚ ਜ਼ਰੂਰ ਵਿਗਿਆਨਕ ਸੀ ਅਤੇ ਜੇਕਰ ਗੁਰੂ ਜੀ ਦੀ ਪਹੁੰਚ ਵਿਗਿਆਨਕ ਸੀ ਤਾਂ ਸਾਨੂੰ ਗੁਰਬਾਣੀ ਦੀ ਪਹੁੰਚ ਨੂੰ ਵਿਗਿਆਨਕ ਕਹਿਣ ਤੋਂ ਡਰਨਾ ਨਹੀਂ ਚਾਹੀਦਾ। ਦੂਸਰੇ ਪਾਸੇ ਵਿਗਿਆਨ ਦੀ ਹਰ ਲੱਭਤ ਆਪਣੇ ਆਪ ਵਿੱਚ ਕੁੱਝ ਵੀ ਨਹੀਂ; ਇਹ ਸ੍ਰਿਸ਼ਟੀ ਦੇ ਨਿਯਮਾਂ ਦਾ ਹੀ ਪ੍ਰਗਟਾਵਾ ਹੁੰਦਾ ਹੈ। ਹਰ ਲੱਭਤ ਨਾਲ ਵਿਗਿਆਨਕ ਨੂੰ ਇਹ ਵੀ ਗਿਆਨ ਹੋ ਜਾਂਦਾ ਹੈ ਕਿ ਸ੍ਰਿਸ਼ਟੀ ਦੀ ਖੋਜ ਦਾ ਖੇਤਰ ਅਨੰਤ ਹੈ। ਅਜਿਹਾ ਗਿਆਨ ਵਿਗਿਆਨਕ ਨੂੰ ਗੁਰਬਾਣੀ ਵਿੱਚ ਪੇਸ਼ ਕੀਤੀ ਅਧਿਆਤਮਿਕਤਾ ਦੇ ਨੇੜੇ ਲੈ ਆਉਂਦਾ ਹੈ। ਵਿਗਿਆਨ ਆਤਮਾ (ਰੂਹ), ਪਰਮਾਤਮਾ (ਸਰਵਸ੍ਰੇਸ਼ਟ ਰੂਹ), ਸ਼ਖਸੀ ਰੱਬ, ਆਵਾਗਵਣ ਅਤੇ ਸਵਰਗ-ਨਰਕ ਵਰਗੇ ਸੰਕਲਪਾਂ ਕਰ ਕੇ ਹਿੰਦੂ ਅਤੇ ਹੋਰ ਮੱਤਾਂ ਦੇ ਵਿਰੋਧ ਵਿੱਚ ਤਾਂ ਜਾ ਸਕਦਾ ਹੈ ਪਰੰਤੂ ਇਹ ਸਿਖ ਮੱਤ ਦੀ ਅਧਿਆਤਮਿਕਤਾ ਦੀਆਂ ਧਾਰਨਾਵਾਂ ਦੇ ਹੱਕ ਵਿੱਚ ਆਣ ਖਲੋਂਦਾ ਹੈ। ਗੁਰਬਾਣੀ ਪਭੂ ਨੂੰ ‘ਸੱਚ’ ਦਾ ਨਾਮ ਦਿੰਦੀ ਹੈ ਅਤੇ ਮਾਨਵਤਾ ਨੂੰ ਪ੍ਰਭੂ ਦੇ ਨਾਲ ਜੋੜਦੇ ਹੋਏ ਮਨੁੱਖੀ ਭਲਾਈ ਦੇ ਰਸਤੇ ਵੱਲ ਨੂੰ ਤੋਰਦੀ ਹੈ। ਵਿਗਿਆਨ ਸੱਚ ਦੀ ਤਲਾਸ਼ ਵਿੱਚ ਕਾਰਜਸ਼ੀਲ ਹੋ ਕੇ ਪ੍ਰਭੂ-ਰੂਪ ਸ੍ਰਿਸ਼ਟੀ ਦੇ ਅਧਿਐਨ ਰਾਹੀਂ ਮਨੁੱਖੀ ਭਲਾਈ ਸੁਨਿਸਚਤ ਕਰਨ ਦਾ ਯਤਨ ਹੈ। ਇਸ ਤਰ੍ਹਾਂ ਵਿਗਿਆਨ ਦੀ ਪਹੁੰਚ ਅਤੇ ਸਿਖ ਮੱਤ ਦੀ ਅਧਿਆਤਮਿਕਤਾ ਵਿੱਚ ਕੋਈ ਆਪਸੀ ਵਿਰੋਧ ਮੌਜੂਦ ਨਹੀਂ। ਸਗੋਂ ਵਿਗਿਆਨ ਸਿਖ ਮੱਤ ਦੀ ਅਧਿਆਤਮਿਕਤਾ ਦਾ ਇੱਕ ਅੰਗ ਬਣ ਕੇ ਉਭਰਦਾ ਪਰਤੀਤ ਹੁੰਦਾ ਹੈ। ਸਿਖ ਮੱਤ ਦੀ ਅਧਿਆਤਮਿਕਤਾ ਬ੍ਰਾਹਮਣਵਾਦੀ ਸੋਚ ਦੀ ਅਨੁਯਾਈ ਤਾਂ ਬਣ ਨਹੀਂ ਸਕਦੀ ਪਰੰਤੂ ਇਸ ਵੱਲੋਂ ਵਿਗਿਆਨ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਚੱਲਣਾ ਤਰਕਸੰਗਤ ਵੀ ਹੈ ਅਤੇ ਲਾਹੇਵੰਦ ਵੀ।

ਲੇਖ ਦੇ ਤਿੰਨਾਂ ਭਾਗਾਂ ਵਿੱਚ ਦਿੱਤੇ ਵਿਸਥਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਿਖ ਮੱਤ ਦੀ ਅਧਿਆਤਮਿਕਤਾ ਦਾ ਆਪਣਾ ਸਪਸ਼ਟ ਤੌਰ ਤੇ ਪਰਿਭਾਸ਼ਿਤ ਅਤੇ ਨਿਵੇਕਲਾ ਸਰੂਪ ਹੈ। ਸੋ ਸਿਖ ਸ਼ਰਧਾਲੂਆਂ ਨੂੰ ਚਾਹੀਦਾ ਹੈ ਕਿ ਉਹ ਸਿਖ ਮੱਤ ਦੀ ਅਧਿਆਤਮਿਕਤਾ ਵਿੱਚ ਦਰਸਾਈ ਵਿਧੀ ਨੂੰ ਸਮਝਦੇ ਹੋਏ ਆਪਣੇ-ਆਪਣੇ ਜੀਵਨ ਨੂੰ ਇਸ ਦੇ ਅਨੁਸਾਰ ਢਾਲਣ ਦਾ ਯਤਨ ਕਰਨ। ਉੱਧਰ ਸਿਖ ਵਿਚਾਰਵਾਨਾਂ, ਵਿਆਖਿਆਕਾਰਾਂ ਅਤੇ ਪਰਚਾਰਕਾਂ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਗੁਰਮੱਤ ਦੇ ਸਹੀ ਪਰਚਾਰ ਰਾਹੀਂ ਸਿਖ ਮੱਤ ਦੀ ਅਧਿਆਤਮਿਕਤਾ ਦੀ ਮੌਲਿਕਤਾ ਅਤੇ ਨਿਵੇਕਲੇਪਣ ਨੂੰ ਬਰਕਰਾਰ ਰੱਖਣ ਹਿਤ ਲੋੜੀਂਦਾ ਯੋਗਦਾਨ ਦੇਣ ਲਈ ਅੱਗੇ ਆਉਣ।

(ਸਮਾਪਤ)

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।
.