.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਝ
(ਕਿਸ਼ਤ ਦੂਸਰੀ)

ਅਮੋਲਕ ਸਿੰਘ ਨੂੰ ਮੁੜ ਪਿੱਛੇ ਵੇਖਣ ਦੀ ਲੋੜ ਨਹੀਂ ਪਈ, ਅਸਲ ਵਿੱਚ ਉਸ ਦੇ ਵਾਹਿਗੁਰੂ `ਤੇ ਭਰੋਸੇ ਅਤੇ ਅਨਥਕ ਮਿਹਨਤ ਨੇ ਇਸ ਪਹਾੜ ਜੇਡੀ ਆਈ ਮੁਸੀਬਤ ਨੂੰ ਬਹੁਤ ਛੋਟਾ ਬਣਾ ਦਿੱਤਾ ਸੀ। ਸਭ ਦੁੱਖ ਤਕਲੀਫਾਂ ਉਸ ਦੀ ਹਿੰਮਤ ਅਤੇ ਪੱਕੇ ਇਰਾਦੇ ਅੱਗੇ ਹਾਰ ਗਈਆਂ, ਨਾਲ ਹਰਨਾਮ ਕੌਰ ਨੇ ਵੀ ਪੂਰਾ ਸਾਥ ਦਿੱਤਾ। ਮਾਂ ਨੇ ਜਿਹੜੀ ਘਰ ਸੁਆਰਨ ਲਈ ਕਸੀਦਾ-ਕਢਾਈ ਸਿਖਾਈ ਸੀ, ਹੁਣ ਔਖੇ ਵੇਲੇ ਚਾਰ ਪੈਸੇ ਕਮਾਉਣ ਦੇ ਕੰਮ ਆ ਗਈ। ਜਿਵੇਂ ਜਿਵੇਂ ਕਾਰੋਬਾਰ ਵਿੱਚ ਵਾਧਾ ਹੁੰਦਾ ਗਿਆ, ਉਨ੍ਹਾਂ ਦਾ ਸਤਿਗੁਰੂ `ਤੇ ਭਰੋਸਾ ਹੋਰ ਵਧਦਾ ਗਿਆ। ਪਾਕਿਸਤਾਨ ਵਿੱਚ ਰਹਿ ਗਈ ਜ਼ਮੀਨ ਜਾਇਦਾਦ ਦਾ ਕਲੇਮ ਮਿਲ ਜਾਣ ਨਾਲ ਤਾਂ ਹੱਥ ਹੋਰ ਸੌਖਾ ਹੋ ਗਿਆ ਤੇ ਸਭ ਤੋਂ ਵੱਡੀ ਗੱਲ ਆਪਣਾ ਘਰ ਵੀ ਬਣ ਗਿਆ। ਟੁੱਟਾ ਭਜਾ ਪੁਰਾਣਾ ਹੀ ਸਹੀ, ਸਿਰ ਤੇ ਆਪਣੀ ਛੱਤ ਤਾਂ ਹੋ ਗਈ।
ਹੌਲੇ ਹੌਲੇ ਗੁਮਟੀ ਨੰਬਰ ਪੰਜ ਵਿੱਚ ਆਲੀਸ਼ਾਨ ਦੁਕਾਨ ਬਣ ਗਈ ਅਤੇ ਪਹਿਲਾਂ ਤਾਂ ਘਰ ਵੀ ਉਥੇ ਨੇੜੇ ਹੀ ਬਣਾਇਆ ਸੀ ਪਰ ਬਲਦੇਵ ਸਿੰਘ ਜੁਆਨ ਹੋ ਗਿਆ ਤਾਂ ਉਸ ਨੂੰ ਨਵੀਂ ਕੋਠੀ ਬਨਾਉਣ ਦਾ ਸ਼ੌਕ ਸੀ, ਇਸ ਵਾਸਤੇ ਅਸ਼ੋਕ ਨਗਰ ਵਿੱਚ ਕੋਠੀ ਬਣਾ ਲਈ। ਭਾਵੇਂ ਬਜਾਜੀ ਦਾ ਕੰਮ ਬਹੁਤ ਰੁਝੇਵਿਆਂ ਵਾਲਾ ਸੀ ਪਰ ਫੇਰ ਵੀ ਸ੍ਰ. ਅਮੋਲਕ ਸਿੰਘ ਧਾਰਮਿਕ ਅਤੇ ਸਮਾਜਕ ਸੇਵਾ ਦੇ ਕੰਮਾਂ ਲਈ ਵੀ ਸਮਾਂ ਕੱਢ ਹੀ ਲੈਂਦੇ। ਉਨ੍ਹਾਂ ਦਾ ਅੰਮ੍ਰਿਤ ਵੇਲੇ ਦਾ ਗੁਰਦੁਆਰੇ ਦਾ ਨੇਮ ਤਾਂ ਪੱਕਾ ਹੀ ਸੀ। ਉਂਜ ਵੀ ਗੁਰਦੁਆਰੇ ਵਾਸਤੇ ਜਾਂ ਕਿਸੇ ਪੰਥਕ ਕੰਮ ਵਾਸਤੇ ਮਾਇਆ ਦੀ ਲੋੜ ਪੈਂਦੀ ਤਾਂ ਉਨ੍ਹਾਂ ਦਾ ਹਿੱਸਾ ਸਭ ਤੋਂ ਵਧੇਰੇ ਹੁੰਦਾ। ਸਾਰੀ ਸਿੱਖ ਕੌਮ ਵਿੱਚ ਉਨ੍ਹਾਂ ਦਾ ਬਹੁਤ ਮਾਣ-ਸਤਿਕਾਰ ਸੀ। ਉਂਜ ਉਨ੍ਹਾਂ ਦੀ ਇਹ ਸੇਵਾ ਕੇਵਲ ਕੌਮ ਤਕ ਸੀਮਤ ਨਹੀਂ ਸੀ, ਹਰ ਸਮਾਜਕ ਕੰਮ ਵਿੱਚ ਖੁਲ੍ਹ ਕੇ ਹਿਸਾ ਪਾਉਂਦੇ। ਇਸ ਕਰ ਕੇ ਪੂਰੇ ਕਾਨਪੁਰ ਵਿੱਚ ਉਨ੍ਹਾਂ ਦਾ ਆਪਣਾ ਖਾਸ ਰੁਤਬਾ ਸੀ। ਵਾਹਿਗੁਰੂ ਨੇ ਇਤਨੇ ਸੁਖ ਅਤੇ ਮਾਨ-ਸਤਿਕਾਰ ਦਿੱਤਾ ਕਿ ਉਹ ਵੰਡ ਵੇਲੇ ਦੇ ਸਾਰੇ ਦੁਖ ਭੁਲ-ਭੁਲਾ ਗਏ।
ਬਲਦੇਵ ਸਿੰਘ ਪੜ੍ਹਾਈ ਵਿੱਚ ਤਾਂ ਵਧੀਆ ਨਿਕਲਿਆ ਹੀ ਸੀ, ਕਾਰੋਬਾਰ ਵਿੱਚ ਵੀ ਬਹੁਤ ਦਿਲਚਸਪੀ ਲੈਂਦਾ ਸੀ। ਉਸ ਦੇ ਆ ਜਾਣ ਨਾਲ ਤਾਂ ਕਾਰੋਬਾਰ ਨੂੰ ਹੋਰ ਚਾਰ ਚੰਨ ਲੱਗ ਗਏ। ਅਮੋਲਕ ਸਿੰਘ ਨੂੰ ਇੱਕ ਹੋਰ ਫਾਇਦਾ ਹੋ ਗਿਆ ਕਿ ਹੁਣ ਉਸ ਨੂੰ ਸਮਾਜਕ ਕਾਰਜਾਂ ਵਾਸਤੇ ਵਧੇਰੇ ਸਮਾਂ ਮਿਲ ਜਾਂਦਾ। ਭਾਵੇਂ ਲੋਕ ਇਸ ਨੂੰ ਸਿਆਸਤ ਸਮਝਦੇ ਪਰ ਉਸ ਵਾਸਤੇ ਇਹ ਸਿਆਸਤ ਬਿਲਕੁਲ ਨਹੀਂ ਸੀ, ਉਸ ਨੂੰ ਤਾਂ ਪਹਿਲੇ ਤੋਂ ਹੀ ਦੇਸ਼ ਨਾਲ ਦਿਲੋਂ ਪਿਆਰ ਸੀ। ਹਾਂ! ਅਜ਼ਾਦੀ ਤੋਂ ਬਾਅਦ ਦੇਸ਼ ਵਾਸੀਆਂ ਦੇ ਆਚਰਨ ਵਿੱਚ ਹਰ ਦਿਨ ਆ ਰਹੀ ਗਿਰਾਵਟ ਤੋਂ ਉਹ ਬਹੁਤ ਦੁਖੀ ਹੁੰਦਾ।
ਅਮੋਲਕ ਸਿੰਘ ਚਾਹੁੰਦਾ ਸੀ ਕਿ ਛੇਤੀ ਛੇਤੀ ਬੱਲੂ ਦਾ ਵਿਆਹ ਕਰ ਦੇਵੇ ਤੇ ਨੂੰਹ ਘਰ ਆ ਜਾਵੇ ਪਰ ਬੱਲੂ ਦੀ ਜ਼ਿਦ ਸੀ ਕਿ ਪਹਿਲਾਂ ਪੰਮੀ ਤੇ ਗੁੱਡੀ ਦਾ ਵਿਆਹ ਹੋਣ ਤੋਂ ਬਾਅਦ ਹੀ ਉਹ ਵਿਆਹ ਕਰਵਾਏਗਾ। ਪੰਮੀ ਨੇ ਬੀ ਏ ਪਾਸ ਕੀਤੀ ਹੀ ਸੀ ਕਿ ਇੱਕ ਵਧੀਆ ਪਰਿਵਾਰ ਮਿਲ ਗਿਆ ਤੇ ਪੰਮੀ ਆਪਣੇ ਸਹੁਰੇ ਤੁਰ ਗਈ। ਉਸ ਦੇ ਸਹੁਰਿਆ ਵਿੱਚੋਂ ਹੀ ਇੱਕ ਰਿਸ਼ਤੇਦਾਰ ਨੂੰ ਗੁੱਡੀ ਪਸੰਦ ਆ ਗਈ। ਪਰਿਵਾਰ ਤੇ ਮੁੰਡਾ ਅਮੋਲਕ ਸਿੰਘ ਹੁਰਾਂ ਨੂੰ ਵੀ ਬਹੁਤ ਪਸੰਦ ਸੀ ਪਰ ਉਹ ਚਾਹੁੰਦੇ ਸਨ ਕਿ ਉਹ ਘੱਟੋ-ਘੱਟ ਬੀ ਏ ਤਾਂ ਕਰ ਲਵੇ ਪਰ ਉਹ ਐਸੇ ਖਹਿੜੇ ਪਏ ਕਿ ਉਸ ਦੀ ਕਾਲਜ ਦੀ ਪੜ੍ਹਾਈ ਦੇ ਵਿੱਚੇ ਹੀ ਵਿਆਹ ਕਰਨਾ ਪਿਆ। ਪਰ ਅਮੋਲਕ ਸਿੰਘ ਨੇ ਉਨ੍ਹਾਂ ਤੋਂ ਇਹ ਬਚਨ ਲੈ ਲਿਆ ਕਿ ਉਹ ਵਿਆਹ ਤੋਂ ਬਾਅਦ ਗੁੱਡੀ ਦੀ ਬੀ ਏ ਦੀ ਪੜ੍ਹਾਈ ਜ਼ਰੂਰ ਪੂਰੀ ਕਰਾ ਦੇਣਗੇ।
ਉਸ ਤੋਂ ਬਾਅਦ ਉਹ ਸੁਭਾਗਾ ਦਿਨ ਆਇਆ ਜਿਸ ਦੀ ਅਮੋਲਕ ਸਿੰਘ ਤੇ ਹਰਨਾਮ ਕੌਰ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਬਲਦੇਵ ਸਿੰਘ ਲਾੜ੍ਹਾ ਬਣਿਆ ਤੇ ਗੁਰਮੀਤ ਕੌਰ ਨੂੰ ਵਹੁਟੀ ਬਣਾ ਘਰ ਲੈ ਆਇਆ। ਮਾਂ ਪਿਓ ਨੇ ਰੱਜ-ਰੱਜ ਕੇ ਚਾਅ ਲਾਹੇ। ਨੂੰਹ ਵੀ ਉਹ ਮਿਲੀ, ਰੂਪ-ਰੰਗ ਵਿੱਚ ਭਰ ਸੁਣੱਖੀ ਅਤੇ ਗੁਣਾ ਦੀ ਪਟਾਰੀ। ਹੁਣ ਤਾਂ ਦੋਹਾਂ ਦੀ ਇਕੋ ਮੁਰਾਦ ਬਾਕੀ ਸੀ, ਛੇਤੀ-ਛੇਤੀ ਪੋਤੇ ਦਾ ਮੂੰਹ ਵੇਖਣ ਦੀ, ਤੇ ਸਤਿਗੁਰੂ ਨੇ ਸਾਲ ਵਿੱਚ ਹੀ ਉਹ ਵੀ ਪੂਰੀ ਕਰ ਦਿੱਤੀ। ਧੀ ਬੱਬਲ ਹਰਮੀਤ ਨਾਲੋਂ ਚਾਰ ਸਾਲ ਬਾਅਦ ਜੰਮੀਂ ਸੀ। ਅਮੋਲਕ ਸਿੰਘ ਤੇ ਹਰਨਾਮ ਕੌਰ ਦੋਵੇਂ ਬਹੁਤ ਖੁਸ਼ ਸਨ ਕਿ ਵਾਹਿਗੁਰੂ ਨੇ ਪੋਤਰਾ ਤੇ ਪੋਤਰੀ ਦੋਹਾਂ ਦੀ ਦਾਤ ਬਖਸ਼ ਦਿੱਤੀ ਹੈ।
ਬਲਦੇਵ ਸਿੰਘ ਨੇ ਕਾਰੋਬਾਰ ਅਤੇ ਘਰ ਦੀਆਂ ਜਿਮੇਂਵਾਰੀਆਂ ਨੂੰ ਬਹੁਤ ਵਧੀਆਂ ਤਰੀਕੇ ਨਾਲ ਸੰਭਾਲ ਲਿਆ। ਅਮੋਲਕ ਸਿੰਘ ਤਾਂ ਬਸ ਹੁਣ ਸਮਾਜ ਸੇਵਾ ਦੇ ਕੰਮਾਂ ਵਿੱਚ ਹੀ ਲਗਾ ਰਹਿੰਦਾ ਤੇ ਹਰਨਾਮ ਕੌਰ ਪੋਤੇ ਪੋਤੀ ਵਿੱਚ ਇਤਨੀ ਲੀਨ ਹੋ ਗਈ ਕਿ ਉਸ ਨੂੰ ਹੋਰ ਕੁੱਝ ਸੁਝਦਾ ਹੀ ਨਾ।
ਕਹਿੰਦੇ ਨੇ, ਸਮੇਂ ਦੀ ਬੜੀ ਰਫਤਾਰ ਹੁੰਦੀ ਹੈ ਬਲਕਿ ਸੁੱਖਾਂ ਦਾ ਸਮਾਂ ਤਾਂ ਜਿਵੇਂ ਖੰਭ ਲਾ ਕੇ ਉਡਦੈ। ਬਲਦੇਵ ਸਿੰਘ ਦਾ ਪੁੱਤਰ ਹਰਮੀਤ ਵੀ ਜੁਆਨੀ ਦੀਆਂ ਬਰੂਹਾਂ `ਤੇ ਪੁਜ ਗਿਆ। ਅਮੋਲਕ ਸਿੰਘ ਤੇ ਹਰਨਾਮ ਕੌਰ ਦੇ ਮਨ ਵਿੱਚ ਇੱਕ ਹੋਰ ਚਾਅ ਪੈਦਾ ਹੋ ਗਿਆ, ਬਈ ਵਾਹਿਗੁਰੂ ਮਿਹਰ ਕਰੇ ਪੋਤਰੇ ਦਾ ਵਿਆਹ ਵੇਖਣ ਦਾ ਮੌਕਾ ਮਿਲ ਜਾਵੇ ਪਰ ਹਰਮੀਤ ਅਜੇ ਵਿਆਹ ਦੀ ਉਮਰੇ ਨਹੀਂ ਸੀ ਪੁੱਜਾ, ਨਾਲੇ ਅਜੇ ਤਾਂ ਕਾਲਜ ਵਿੱਚ ਸੀ ਤੇ ਉਸ ਦੀ ਨੀਅਤ ਅਜੇ ਹੋਰ ਪੜ੍ਹਾਈ ਕਰਨ ਦੀ ਸੀ। ਮਨੁੱਖ ਤਾਂ ਬੜੇ ਦਾਵ੍ਹੇ ਬੰਨਦੈ ਪਰ ਇਹ ਕੌਣ ਜਾਣਦੈ ਅਕਾਲ-ਪੁਰਖ ਨੇ ਕੀ ਲੇਖ ਲਿਖੇ ਨੇ?
‘ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ’ ਵਾਲੀ ਗੱਲ ਬਣੀ ਸ੍ਰ. ਅਮੋਲਕ ਸਿੰਘ ਇੱਕ ਰਾਤ ਚੰਗੇ-ਭਲੇ ਸੁੱਤੇ ਪਰ ਸਵੇਰੇ ਉੱਠੇ ਨਹੀਂ। ਕਿਸੇ ਨੂੰ ਇਸ ਗੱਲ ਦਾ ਚਿੱਤ ਚੇਤਾ ਨਹੀਂ ਸੀ। ਘਰ ਦੇ ਸਾਰੇ ਜੀਅ ਇਸ ਅਚਨਚੇਤ ਵਾਪਰੇ ਹਾਦਸੇ ਨਾਲ ਤੜਫ ਉਠੇ ਪਰ ਅਕਾਲ-ਪੁਰਖ ਅੱਗੇ ਕਿਸ ਦਾ ਜ਼ੋਰ ਚਲਦਾ ਹੈ? ਬਲਦੇਵ ਸਿੰਘ ਭਾਵੇਂ ਸਾਰੇ ਕੰਮ ਸਿਆਣਪ ਨਾਲ ਸੰਭਾਲਦਾ ਸੀ ਪਰ ਫਿਰ ਵੀ ਉਸ ਨੂੰ ਰੋਜ਼ ਦਾਰਜੀ ਨਾਲ ਕੋਈ ਨਾ ਕੋਈ ਸਲਾਹ ਕਰਨ ਦੀ ਲੋੜ ਪੈਂਦੀ, ਉਂਜ ਵੀ ਪਿਤਾ ਦੇ ਸਿਰ `ਤੇ ਬੈਠਿਆਂ, ਉਸ ਦੇ ਅੰਦਰ ਇੱਕ ਅਲੱਗ ਹੀ ਸੁਰਖਿਆ ਦੀ ਭਾਵਨਾ ਸੀ, ਪਰ ਵਾਹਿਗੁਰੂ ਦੇ ਭਾਣੇ ਅੱਗੇ ਸਿਰ ਨਿਵਾਂ ਦਿੱਤਾ, ਹੋਰ ਚਾਰਾ ਵੀ ਕੀ ਸੀ?
ਕੁਝ ਦਿਨਾਂ ਵਿੱਚ ਹੀ ਹੋਰ ਤਾਂ ਸਭ ਕੁੱਝ ਆਮ ਵਰਗਾ ਹੋ ਗਿਆ, ਪਰ ਹਰਨਾਮ ਕੌਰ ਤਾਂ ਜਿਵੇਂ ਬੁਤ ਬਣ ਗਈ। ਉਸ ਦੀ ਖੁਸ਼ੀ ਤਾਂ ਜਿਵੇਂ ਪਤੀ ਦੇ ਨਾਲ ਹੀ ਚਲੀ ਗਈ ਸੀ। ਬਲਦੇਵ ਸਿੰਘ ਤੇ ਗੁਰਮੀਤ ਉਸ ਨੂੰ ਬੜਾ ਰਿਝਾਉਣ ਦੀ ਕੋਸ਼ਿਸ਼ ਕਰਦੇ, ਉਸ ਦੀ ਹਰ ਲੋੜ ਦਾ ਖਾਸ ਖਿਆਲ ਰਖਦੇ ਪਰ ਹਰਨਾਮ ਕੌਰ ਤਾਂ ਬਸ ਚੁੱਪ ਹੀ ਵੱਟ ਗਈ ਸੀ। ਕਿਸੇ ਵੇਲੇ ਹੀ ਭਾੜੇ ਦਾ ਬੋਲਦੀ। ਹਰਮੀਤ ਅਤੇ ਬੱਬਲ ਦਾ ਲਾਡ ਪਿਆਰ ਵੀ ਹਰਨਾਮ ਕੌਰ ਦੇ ਚਿਹਰੇ ਦੀ ਖੁਸ਼ੀ ਵਾਪਸ ਨਾ ਲਿਆ ਸਕਿਆ ਅਤੇ ਸਾਲ ਤੋਂ ਪਹਿਲੇ ਹੀ ਉਹ ਵੀ ਪਤੀ ਦੇ ਮਗਰ ਤੁਰ ਗਈ।
ਕਹਿੰਦੇ ਨੇ, ‘ਮਾਵਾਂ ਠੰਡੀਆਂ ਛਾਵਾਂ’। ਮਾਂ ਦੀ ਮੌਤ `ਤੇ ਬਲਦੇਵ ਸਿੰਘ ਨੂੰ ਮਹਿਸੂਸ ਹੋਇਆ ਕਿ ਉਹ ਸੱਚ-ਮੁੱਚ ਅਨਾਥ ਹੋ ਗਿਐ। ਕੁੱਝ ਦਿਨ ਸਾਰੇ ਘਰ ਵਿੱਚ ਉਦਾਸੀ ਛਾਈ ਰਹੀ ਪਰ ਕੁਦਰਤ ਦਾ ਬਣਾਇਆ ਖੇਲ ਬੜਾ ਅਸਚਰਜ ਹੈ, ਮਾਂ-ਬਾਪ ਭਾਵੇਂ ਭੁਲਦੇ ਕਦੇ ਨਹੀਂ ਪਰ ਦਿਨਾਂ ਵਿੱਚ ਹੀ ਸਭ ਕੁੱਝ ਆਮ ਵਰਗਾ ਹੋ ਗਿਆ।
ਇਸ ਤਰ੍ਹਾਂ ਬਲਦੇਵ ਸਿੰਘ ਨੂੰ ਕਾਰੋਬਾਰ, ਧੰਨ-ਦੋਲਤ ਤੇ ਸਮਾਜ ਵਿੱਚ ਮਾਨ-ਸਤਿਕਾਰ ਵਿਰਾਸਤ ਵਿੱਚ ਮਿਲ ਗਏ ਸਨ। ਉਸ ਨੂੰ ਪਤਾ ਸੀ, ਉਸ ਦੇ ਪਿਤਾ ਨੇ ਇਹ ਸਭ ਕੁੱਝ ਬਨਾਉਣ ਲਈ ਕਿਤਨੀ ਮਿਹਨਤ ਕੀਤੀ ਸੀ, ਆਪਣੇ ਸ਼ਰੀਰ `ਤੇ ਕਿਤਨੇ ਦੁਖ-ਤਕਲੀਫਾਂ ਝੱਲੇ ਸਨ, ਉਸ ਨੇ ਪਿਤਾ ਦੀ ਇਸ ਵਿਰਾਸਤ ਨੂੰ ਨਾ ਸਿਰਫ ਸੰਭਾਲਿਆ ਬਲਕਿ ਹਰ ਪੱਖੋਂ ਹੋਰ ਵਧਾਇਆ, ਪ੍ਰਫੁਲਤ ਕੀਤਾ। ਪੰਥਕ ਕਾਰਜਾਂ ਵਿੱਚ ਤਾਂ ਉਹ ਪਿਤਾ ਨਾਲੋਂ ਵਧੇਰੇ ਹਿਸਾ ਲੈਂਦਾ। ਕੁੱਝ ਸਾਲਾਂ ਵਿੱਚ ਹੀ ਉਹ ਕਾਨਪੁਰ ਵਿੱਚ ਸਿੱਖ ਕੌਮ ਦੀ ਸਭ ਤੋਂ ਵਧ ਸਤਿਕਾਰਤ ਸ਼ਕਸੀਅਤ ਸੀ।
ਚੌਧਰੀ ਹਰੀਸ਼ਰਨ ਰਾਏ ਨਾਲ ਉਸ ਦੀ ਦੋਸਤੀ ਸਕੂਲ ਦੇ ਸਮੇਂ ਤੋਂ ਸੀ। ਭਾਵੇ ਹਰੀਸ਼ਰਨ ਉਸ ਨਾਲੋਂ ਦੋ ਜਮਾਤਾਂ ਅੱਗੇ ਸੀ ਪਰ ਸਕੂਲ ਦੀ ਵਾਲੀਬਾਲ ਟੀਮ ਵਿੱਚ ਦੋਵੇਂ ਇਕੱਠੇ ਖੇਡਦੇ ਸਨ ਇਸ ਲਈ ਕਾਫੀ ਨੇੜਤਾ ਬਣੀ ਰਹਿੰਦੀ ਸੀ। ਸਕੂਲ ਕਾਲਜ ਛੁੱਟ ਗਏ ਪਰ ਨੇੜਤਾ ਬਣੀ ਰਹੀ। ਇਸ ਨੇੜਤਾ ਦਾ ਇੱਕ ਕਾਰਨ ਹੋਰ ਵੀ ਸੀ। ਹਰੀਸ਼ਰਨ ਦੇ ਪਿਤਾ ਚੌਧਰੀ ਹਰੀਬੰਸ ਰਾਇ ਕਾਨਪੁਰ ਦੇ ਉਘੇ ਸਿਆਸੀ ਆਗੂ ਸਨ। ਸਿਆਸੀ ਆਗੂ ਦੀਆਂ ਆਪਣੀਆਂ ਲੋੜਾਂ ਹੁੰਦੀਆਂ ਹਨ ਕਿ ਹਰ ਉਹ ਵਿਅਕਤੀ ਜਿਸ ਰਾਹੀ ਕੁੱਝ ਵੋਟਾਂ ਮਿਲ ਸਕਦੀਆਂ ਹੋਣ, ਨਾਲ ਚੰਗੇ ਸਬੰਧ ਬਣਾ ਕੇ ਰਖੇ ਜਾਣ। ਇਸ ਨਾਤੇ ਉਹ ਸ੍ਰ. ਅਮੋਲਕ ਸਿੰਘ ਨਾਲ ਖਾਸ ਮਿਤਰਤਾ ਬਣਾ ਕੇ ਰਖਦੇ ਸਨ ਅਤੇ ਉਨ੍ਹਾਂ ਦਾ ਬਹੁਤ ਸਤਿਕਾਰ ਕਰਨ ਦਾ ਪੂਰਾ ਵਿਖਾਵਾ ਕਰਦੇ ਸਨ। ਸ੍ਰ. ਅਮੋਲਕ ਸਿੰਘ ਨੂੰ ਇੱਕ ਤਾਂ ਵੈਸੇ ਹੀ ਕਾਂਗਰਸ ਨਾਲ ਖਾਸ ਲਗਾਵ ਸੀ ਕਿਉਂਕਿ ਉਹ ਸਮਝਦੇ ਸਨ ਕਿ ਕਾਂਗਰਸ ਨੇ ਦੇਸ਼ ਅਜ਼ਾਦ ਕਰਾਇਐ, ਦੂਸਰਾ ਉਨ੍ਹਾਂ ਨੂੰ ਚੌਧਰੀ ਹਰੀਬੰਸ ਰਾਇ ਰਾਹੀਂ ਕੌਮ ਦੇ ਕਈ ਕੰਮ ਵੀ ਕਰਾਉਣੇ ਪੈਂਦੇ ਸਨ। ਇਸ ਬਹਾਨੇ ਦੋਹਾਂ ਦਾ ਇੱਕ ਦੁਜੇ ਦੇ ਘਰ ਆਣਾ-ਜਾਣਾ ਬਣਿਆ ਰਹਿੰਦਾ ਸੀ ਅਤੇ ਕੁੱਝ ਪਰਿਵਾਰਕ ਸਾਂਝ ਵੀ ਬਣੀ ਰਹਿੰਦੀ ਸੀ।
ਚੌਧਰੀ ਹਰੀਸ਼ਰਨ ਨੂੰ ਇਹ ਲੀਡਰੀ ਪਿਤਾ ਪਾਸੋਂ ਵਿਰਾਸਤ ਵਿੱਚ ਮਿਲੀ ਸੀ ਅਤੇ ਨਾਲ ਹੀ ਉਸ ਪਿਤਾ ਵਾਲੇ ਇਹ ਗੁਰ ਵੀ ਚੰਗੀ ਤਰ੍ਹਾਂ ਸਿੱਖ ਲਏ ਸਨ। ਜਿਵੇਂ ਜਿਵੇਂ ਉਹ ਵੱਡਾ ਲੀਡਰ ਬਣਦਾ ਗਿਆ, ਪਤਾ ਨਹੀਂ ਬਲਦਵੇ ਸਿੰਘ ਵਾਸਤੇ ਵੀ ਉਹ ਕਦੋਂ ਹਰੀਸ਼ਰਨ ਤੋਂ ਚੌਧਰੀ ਸਾਬ ਬਣ ਗਿਆ। ਭਾਵੇਂ ਉਹ ਬਲਦੇਵ ਨਾਲ ਸਕੂਲ ਕਾਲਜ ਸਮੇਂ ਵੀ ਕਈ ਵਾਰੀ ਉਨ੍ਹਾਂ ਦੇ ਘਰ ਆਇਆ ਸੀ, ਪਰ ਸ੍ਰ. ਅਮੋਲਕ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਬਲਦੇਵ ਸਿੰਘ ਨਾਲ ਯਾਰਾਨਾਂ ਵੀ ਵੱਧ ਗਿਆ ਅਤੇ ਘਰ ਆਉਣਾ-ਜਾਣਾ ਵੀ।
ਉਹ ਜਦੋਂ ਕਦੇ ਬਲਦੇਵ ਸਿੰਘ ਦੇ ਘਰ ਆਉਂਦਾ, ਘਰ ਵਿੱਚ ਸਾਰਿਆਂ ਨਾਲ ਆਪਣਿਆਂ ਵਾਂਗੂ ਵਰਤਦਾ, ਇਸੇ ਬਹਾਨੇ ਉਹ ਗੁਰਮੀਤ ਕੌਰ ਨਾਲ ਵੀ ਖੁਲ੍ਹ ਲੈਣ ਦੀ ਕੋਸ਼ਿਸ਼ ਕਰਦਾ, ਪਰ ਗੁਰਮੀਤ ਨੂੰ ਪਹਿਲੇ ਦਿਨ ਤੋਂ ਹੀ ਉਸ ਦੀਆਂ ਹਰਕਤਾਂ ਚੰਗੀਆਂ ਨਹੀਂ ਸੀ ਲੱਗੀਆਂ। ਉਸ ਨੂੰ ਚੌਧਰੀ ਦੀਆਂ ਅੱਖਾਂ ਵਿੱਚ ਮੈਲ ਮਹਿਸੂਸ ਹੁੰਦੀ, ਉਸ ਦੀ ਹਰ ਤੱਕਣੀ ਵਿੱਚੋਂ ਵਿਕਾਰ ਝਲਕਦਾ ਸੀ। ਉਂਜ ਵੀ ਉਸ ਨੂੰ ਜਾਪਦਾ ਸੀ ਕਿ ਚੌਧਰੀ ਅਤਿ ਸੁਆਰਥੀ ਕਿਸਮ ਦਾ ਵਿਅਕਤੀ ਹੈ, ਜੋ ਕੇਵਲ ਦੋਸਤੀ ਦਾ ਵਿਖਾਵਾ ਕਰਦਾ ਹੈ। ਕਈ ਵਾਰੀ ਉਸ ਦਾ ਦਿੱਲ ਕਰਦਾ, ਉਹ ਬਲਦੇਵ ਸਿੰਘ ਨੂੰ ਆਖੇ ਕਿ ਉਹ ਚੌਧਰੀ ਦੀ ਦੋਸਤੀ ਛੱਡ ਦੇਵੇ ਪਰ ਫਿਰ ਸੋਚਦੀ, ਬਲਦੇਵ ਸਿੰਘ ਬੁਰਾ ਹੀ ਨਾ ਮਨ ਜਾਵੇ, ਨਾਲੇ ਉਸ ਨੂੰ ਆਪਣੇ ਪਤੀ `ਤੇ ਪੂਰਾ ਭਰੋਸਾ ਸੀ ਕਿ ਉਹ ਕਿਸੇ ਦੇ ਔਗੁਣਾ ਦਾ ਸਾਂਝੀਦਾਰ ਨਹੀਂ ਬਣ ਸਕਦਾ। ਭਾਵੇਂ ਉਸ ਨੇ ਕਦੇ ਬਲਦੇਵ ਸਿੰਘ ਨਾਲ ਇਸ ਗੱਲ ਦੀ ਚਰਚਾ ਨਹੀਂ ਸੀ ਕੀਤੀ ਪਰ ਉਸ ਨੇ ਹਮੇਸ਼ਾਂ ਚੌਧਰੀ ਤੋਂ ਇੱਕ ਲੋੜੀਂਦੀ ਦੂਰੀ ਬਣਾਕੇ ਰੱਖੀ। ਹਰ ਗੱਲ ਦਾ ਸੰਖੇਪ ਲਫਜ਼ਾਂ ਵਿੱਚ ਜੁਆਬ ਦੇਂਦੀ ਅਤੇ ਆਪਣੇ ਕੰਮ ਵਿੱਚ ਰੁਝ ਜਾਂਦੀ।
ਬਲਦੇਵ ਸਿੰਘ ਦੇ ਪਰਿਵਾਰ ਦੀ ਜ਼ਿੰਦਗੀ ਆਮ ਰਫਤਾਰ `ਤੇ ਚਲ ਰਹੀ ਸੀ। ਕਮੀਂ ਤਾਂ ਵੈਸੇ ਹੀ ਕਿਸੇ ਚੀਜ਼ ਦੀ ਨਹੀਂ ਸੀ, ਪਰ ਸਭ ਤੋਂ ਜ਼ਿਆਦਾ ਤਸੱਲੀ ਇਸ ਗੱਲ ਦੀ ਸੀ ਕਿ ਪੁਤਰ ਹਰਮੀਤ ਸਿੰਘ ਤੇ ਬੇਟੀ ਬਲਪ੍ਰੀਤ ਕੌਰ ਜਿਸਨੂੰ ਉਹ ਘਰ ਵਿੱਚ ਪਿਆਰ ਨਾਲ ਬੱਬਲ ਆਖਦੇ ਸਨ, ਬਹੁਤ ਸਿਆਣੇ ਨਿਕਲੇ ਸਨ। ਪੜ੍ਹਾਈ ਵਿੱਚ ਵੀ ਦੋਵੇਂ ਪਿਤਾ ਵਾਂਗ ਵਧੀਆ ਸਨ ਹੀ, ਹਰਮੀਤ ਕਾਰੋਬਾਰ ਵਿੱਚ ਅਤੇ ਬੱਬਲ ਘਰ ਦੇ ਕੰਮ ਕਾਜ ਵਿੱਚ ਪੂਰਾ ਸ਼ੌਕ ਰਖਦੀ ਸੀ। ਫਿਰ ਕੋਈ ਐਬ ਜਾਂ ਮਾੜੀ ਆਦਤ ਨਹੀਂ, ਮਾਤਾ ਪਿਤਾ ਨੂੰ ਇਸ ਤੋਂ ਵਧ ਹੋਰ ਕੀ ਚਾਹੀਦਾ ਹੁੰਦੈ? ਹਰਮੀਤ ਤਾਂ ਹੁਣ ਦਿੱਲੀ ਵਿੱਚ ਐਮ. ਬੀ. ਏ. ਦੀ ਪੜ੍ਹਾਈ ਕਰ ਰਿਹਾ ਸੀ ਅਤੇ ਬੱਬਲ ਉਥੇ ਕਾਨਪੁਰ ਵਿੱਚ ਹੀ ਬੀ. ਏ. । ਬਬਲ ਖੂਬਸੂਰਤੀ ਵਿੱਚ ਮਾਂ ਨਾਲੋ ਵੀ ਦੋ ਕਦਮ ਅੱਗੇ ਨਿਕਲੀ ਸੀ। ਗੋਰਾ ਗੁਲਾਬੀ ਰੰਗ, ਸਰੂ ਵਰਗਾ ਕੱਦ, ਖੂਬਸੂਰਤ ਬਲੌਰੀ ਅੱਖਾਂ ਤੇ ਭਰਿਆ ਹੋਇਆ ਸ਼ਰੀਰ, ਉਸ ਦੇ ਉਤੇ ਹਸੂੰ-ਹਸੂੰ ਕਰਦਾ ਚਿਹਰਾ ਤੇ ਮਿੱਠੇ ਬੋਲ। ਪਰ ਹੈਰਾਨਗੀ ਦੀ ਗੱਲ, ਇਸ ਉਮਰ ਵਿੱਚ ਨਾ ਕੋਈ ਭੜਕੀਲਾ ਪਹਿਰਾਵਾ ਨਾ ਵਾਧੂ ਦੇ ਫੈਸ਼ਨ ਤੇ ਸੱਜ ਸਜਾਵਟ। ਉਸ ਦੇ ਨਾਲ ਦੀਆਂ ਕੁੜੀਆਂ ਕਈ ਤਰ੍ਹਾਂ ਦੇ ਫੈਸ਼ਨ ਕਰਕੇ ਅਤੇ ਭੜਕੀਲੇ ਲਿਬਾਸ ਪਾਕੇ ਵੀ ਉਸ ਦੇ ਸਾਹਮਣੇ ਫਿਕੀਆਂ ਸਨ। ਸੱਚ ਹੀ ਕਹਿੰਦੇ ਨੇ ਖੂਬਸੂਰਤੀ ਨੂੰ ਸ਼ਿੰਗਾਰ ਦੀ ਲੋੜ ਨਹੀਂ ਹੁੰਦੀ। ਇੱਕ ਹੋਰ ਵੱਡਾ ਫਰਕ ਸੀ, ਹੋਰਨਾ ਕੁੜੀਆਂ ਨੂੰ ਵੇਖ ਕੇ ਨਾਲ ਪੜ੍ਹਦੇ ਕਈ ਮੁੰਡਿਆਂ ਦੇ ਮਨਾਂ ਵਿੱਚ ਵਿਕਾਰ ਅਤੇ ਬੱਬਲ ਨੂੰ ਵੇਖ ਕੇ ਸਤਿਕਾਰ ਪੈਦਾ ਹੁੰਦਾ, ਕਿਉਂਕਿ ਉਨ੍ਹਾਂ ਦੇ ਸ਼ਰੀਰ ਦੇ ਅੰਗ ਕਪੜਿਆਂ `ਚੋਂ ਬਾਹਰ ਝਾਕਣ ਦੀ ਕੋਸ਼ਿਸ਼ ਕਰਦੇ ਜਾਪਦੇ ਅਤੇ ਬੱਬਲ ਸਾਦੇ ਕਮੀਜ਼-ਸਲਵਾਰ ਵਿੱਚ ਦੁਪੱਟੇ ਨਾਲ ਸਿਰ ਢੱਕ ਕੇ ਕੋਈ ਸ਼ਰਧਾ ਦੀ ਮੂਰਤ ਜਾਪਦੀ।
ਬਲਦੇਵ ਸਿੰਘ ਇਸ ਗੱਲ ਦਾ ਸਾਰਾ ਮਾਣ ਆਪਣੀ ਪਤਨੀ ਗੁਰਮੀਤ ਕੌਰ ਨੂੰ ਦੇਂਦਾ। ਉਹ ਸਮਝਦਾ ਸੀ, ਇੱਕ ਤਾਂ ਮੀਤਾ ਨੇ ਆਪ ਸਾਦਗੀ ਰੱਖ ਕੇ ਬੱਚਿਆ ਵਾਸਤੇ, ਵਿਸ਼ੇਸ਼ ਕਰਕੇ ਧੀ ਵਾਸਤੇ ਵਧੀਆ ਲੀਹਾਂ ਪਾਈਆਂ ਨੇ। ਉਸ ਤੋਂ ਵੱਧ ਗੁਰਮੀਤ ਨੇ ਬੱਚਿਆਂ ਨੂੰ ਸ਼ੁਰੂ ਤੋਂ ਗੁਰਬਾਣੀ ਨਾਲ ਜੋੜ ਕੇ ਰਖਿਆ ਸੀ। ਬਚਪਣ ਤੋਂ ਹੀ ਬੱਚਿਆਂ ਨੂੰ ਗੁਰਬਾਣੀ ਕੰਠ ਕਰਾਉਣ ਲੱਗ ਪਈ, ਜਿਸ ਵੇਲੇ ਕੁੱਝ ਸਮਝਣ ਜੋਗੇ ਹੋਏ, ਉਹ ਆਪ ਬੈਠ ਕੇ ਉਨ੍ਹਾਂ ਨੂੰ ਸ਼ਬਦਾਂ ਦੇ ਭਾਵ ਸਮਝਾਉਂਦੀ ਅਤੇ ਉਸ ਅਨੁਸਾਰ ਜੀਵਨ ਢਾਲਣ ਦੀ ਪ੍ਰੇਰਨਾ ਦੇਂਦੀ। ਬਲਦੇਵ ਸਿੰਘ ਦੀ ਖੁਸੀ ਨੂੰ ਹੋਰ ਚਾਰ ਚੰਨ ਲੱਗ ਗਏ, ਜਦੋਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਆਗਮਣ ਦਿਵਸ `ਤੇ ਬੱਬਲ ਮਾਂ ਨਾਲ ਗੁਰਦੁਆਰੇ ਗਈ ਤੇ ਵਾਪਸ ਖੰਡੇ ਦੀ ਪਾਹੁਲ ਛੱਕ ਕੇ ਮੁੜੀ। ਹਰਮੀਤ ਨੂੰ ਉਨ੍ਹਾਂ ਦਿੱਲੀ ਭੇਜਣ ਤੋਂ ਪਹਿਲਾਂ ਪਾਹੁਲ ਛਕਾ ਦਿੱਤੀ ਸੀ। ਭਾਵੇਂ ਉਨ੍ਹਾਂ ਨੂੰ ਹਰਮੀਤ ਦੇ ਆਚਰਨ ਬਾਰੇ ਪੂਰੀ ਤਸੱਲੀ ਸੀ, ਪਰ ਬਲਦੇਵ ਸਿੰਘ ਚਾਹੁੰਦਾ ਸੀ, ਘਰੋਂ ਬਾਹਰ ਜਾਣ ਤੋਂ ਪਹਿਲਾਂ ਉਹ ਜੀਵਨ ਨੂੰ ਨੇਮ ਵਿੱਚ ਬੰਨ੍ਹ ਲਵੇ, ਬਾਹਰ ਜਾਕੇ ਕਈ ਵਾਰੀ ਬੱਚਾ ਅਵੇਸਲਾ ਹੋ ਜਾਂਦੈ, ਨਾਲੇ ਮਾੜੀ ਸੰਗਤ ਦਾ ਡੱਰ ਰਹਿੰਦੈ। ਬੱਬਲ ਤਾਂ ਆਪੇ ਹੀ ਛਕ ਆਈ ਸੀ, ਕਿਸੇ ਨੂੰ ਆਖਣ ਦੀ ਲੋੜ ਨਹੀਂ ਪਈ। ਮੀਤਾ ਨੇ ਦਸਿਆ ਕਿ ਗੁਰਦੁਆਰੇ ਪਾਹੁਲ ਛਕਾਉਣ ਦਾ ਸਮਾਗਮ ਵੇਖ ਕੇ ਉਸ ਨੇ ਇੱਕ ਦਮ ਆਪੇ ਹੀ ਮਨ ਬਣਾ ਲਿਆ, ਮੈਂ ਵੀ ਸੋਚਿਆ, ਬੱਚਾ ਗੁਰੂ ਦੇ ਰਾਹ `ਤੇ ਤੁਰਨਾ ਚਾਹੁੰਦੈ, ਮੈਂ ਕਿਉਂ ਰੋਕਣੈ। ਬਲਦੇਵ ਸਿੰਘ ਨੇ ਘੁੱਟ ਕੇ ਗਲਵਕੜੀ ਵਿੱਚ ਲੈਕੇ ਕਈ ਵਾਰੀ ਸਿਰ ਚੁੰਮਿਆਂ ਅਤੇ ਅਸੀਸਾਂ ਦੇ ਭੰਡਾਰ ਖੋਲ ਦਿੱਤੇ। ਪਿਤਾ ਦਾ ਇਤਨਾ ਪਿਆਰ ਮਿਲਣ `ਤੇ ਬੱਬਲ ਦੀਆਂ ਅੱਖਾਂ ਖੁਸ਼ੀ ਦੇ ਅਥਰੂਆਂ ਨਾਲ ਭਰ ਆਈਆਂ, ਹੋਰ ਚਾਹੀਦਾ ਵੀ ਕੀ ਸੀ, ਗੁਰੂ ਦੀ ਬਖਸ਼ਿਸ਼ ਅਤੇ ਮਾਤਾ-ਪਿਤਾ ਦਾ ਪਿਆਰ, ਦੋਹਾਂ ਦੇ ਭੰਡਾਰ ਖੁਲ ਗਏ ਸਨ।
ਪਿਛਲੇ ਕੁੱਝ ਦਿਨਾਂ ਤੋਂ ਬਲਦੇਵ ਸਿੰਘ ਕੁੱਝ ਪਰੇਸ਼ਾਨ ਰਹਿੰਦਾ ਸੀ। ਪੰਜਾਬ ਵਿੱਚੋਂ ਬਹੁਤ ਮਾੜੀਆਂ ਖਬਰਾਂ ਆ ਰਹੀਆਂ ਸਨ। ਕਦੇ ਖਬਰ ਆਉਂਦੀ, ਮੋਟਰ ਸਾਈਕਲ `ਤੇ ਸੁਵਾਰ ਸਿੱਖ ਨੋਜੁਆਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਕੇ ਨਿਰਦੋਸ਼ ਲੋਕਾਂ ਨੂੰ ਮਾਰ ਦਿੱਤਾ। ਕਦੇ ਖਬਰ ਆਉਂਦੀ ਸਿੱਖ ਆਤੰਕਵਾਦੀਆਂ ਨੇ ਬੱਸ `ਚੋਂ ਕੱਢ ਕੇ ਕਈ ਨਿਰਦੋਸ਼ਾਂ ਦੀ ਜਾਣ ਲੈ ਲਈ। ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਸਿੱਖ ਅਤਿਵਾਦੀਆਂ ਦੀਆਂ ਖਬਰਾਂ ਨਾਲ ਭਰੀਆਂ ਹੁੰਦੀਆਂ। ਟੈਲੀਵਿਜ਼ਨ ਵਿੱਚ ਤਾਂ ਖਬਰਾਂ ਹੀ ਇਹੀ ਰਹਿ ਗਈਆਂ ਸਨ। ਬਲਦੇਵ ਸਿੰਘ ਬੜਾ ਹੈਰਾਨ ਹੁੰਦਾ ਕਿ ਭਲਾ, ਕੋਈ ਸਿੱਖ ਕਿਵੇ ਆਤੰਕਵਾਦੀ ਹੋ ਸਕਦਾ ਹੈ? ਸਾਰੇ ਦੇਸ਼ ਦਾ ਮਹੌਲ ਸਿੱਖ ਵਿਰੋਧੀ ਹੁੰਦਾ ਜਾ ਰਿਹਾ ਸੀ। ਕਾਨਪੁਰ ਵਿੱਚ ਵੀ ਲੋਕ ਸਿੱਖਾਂ ਨੂੰ ਮਾੜੀ ਅੱਖ ਨਾਲ ਵੇਖਣ ਲੱਗ ਪਏ ਸਨ। ਮੂੰਹ `ਤੇ ਭਾਵੇ ਕੋਈ ਕੁੱਝ ਨਾ ਬੋਲੇ, ਪਿਛੇ ਕਈ ਤਰ੍ਹਾਂ ਦੀ ਖੁਸਰ-ਪੁਸਰ ਹੁੰਦੀ। ਕਈ ਬੜਬੋਲੇ ਤਾਂ ਮੂੰਹ `ਤੇ ਕਹਿਣੋ ਵੀ ਨਾ ਝਕਦੇ।
ਅਕਸਰ ਗੁਰਦੁਆਰੇ ਵੀ ਇਸ ਗੱਲ ਦੀ ਚਰਚਾ ਚਲਦੀ, ਅਖੇ, ਸਿੱਖ ਕੌਮ ਵਾਸਤੇ ਆਪਣਾ ਘਰ ‘ਖਾਲਿਸਤਾਨ’ ਮੰਗਦੇ ਨੇ। ਇਹ ਸਿੱਖ ਕੌਮ ਦੀ ਅਜ਼ਾਦੀ ਦੀ ਜੰਗ ਚੱਲ ਰਹੀ ਏ। ਸੁਣ ਕੇ ਉਸ ਨੂੰ ਬਹੁਤ ਗੁੱਸਾ ਆਉਂਦਾ, ਇਤਨੀਆਂ ਕੁਰਬਾਨੀਆਂ ਕਰਕੇ ਸਦੀਆਂ ਬਾਅਦ ਤਾਂ ਦੇਸ ਅਜ਼ਾਦ ਕਰਾਇਐ, ਹੋਰ ਕਿਹੜੀ ਅਜ਼ਾਦੀ ਮੰਗਦੇ ਨੇ? ਜਦੋਂ ਕੋਈ ਉਨ੍ਹਾਂ ਖਾੜਕੂਆਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਕੁੱਝ ਬੋਲਦਾ, ਬਲਦੇਵ ਸਿੰਘ ਨੂੰ ਬਹੁਤ ਬੁਰਾ ਲੱਗਦਾ। ਉਹ ਅਕਸਰ ਉਸ ਨੂੰ ਝਾੜ ਦੇਂਦਾ, ‘ਅਸੀਂ ਜਿਹੜੇ ਪੰਜਾਬੋਂ ਬਾਹਰ ਬੈਠੇ ਹਾਂ, ਉਨ੍ਹਾਂ ਦਾ ਵੀ ਕੁੱਝ ਸੋਚ ਕੇ ਗੱਲ ਕਰਿਆ ਕਰੋ’। ਉਸ ਕਈ ਵਾਰੀ ਚੌਧਰੀ ਸਾਬ ਨਾਲ ਮਿੱਲ ਕੇ ਖਾੜਕੂਆਂ ਦੇ ਖਿਲਾਫ ਲੈਕਚਰ ਵੀ ਕੀਤੇ, ਕਈ ਬਿਆਨ ਵੀ ਦਿੱਤੇ। ਭਾਵੇਂ ਉਥੇ ਵੀ ਬਹੁਤੇ ਸਿੱਖਾਂ ਉਤੇ ਖਾੜਕੂਆਂ ਦਾ ਰੰਗ ਚੜ੍ਹਦਾ ਜਾਂਦਾ ਸੀ, ਕਈ ਅੰਦਰੋ-ਅੰਦਰੀ ਉਨ੍ਹਾਂ ਦੀ ਹਿਮਾਇਤ ਵਿੱਚ ਗੱਲਾਂ ਕਰਣ ਲੱਗ ਪਏ ਸਨ, ਖਾਸ ਤੌਰ `ਤੇ ਜਦੋਂ ਇਹ ਖਬਰਾਂ ਆਉਂਦੀਆਂ ਕਿ ਸਰਕਾਰ ਦੀ ਸ਼ਹਿ `ਤੇ ਪੁਲੀਸ ਸਿੱਖ ਨੌਜੁਆਨਾਂ ਦਾ ਨਾਜਾਇਜ਼ ਕਤਲੇ-ਆਮ ਕਰ ਰਹੀ ਹੈ, ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਖਾ ਕੇ ਮਾਰਿਆ ਜਾ ਰਿਹੈ, ਉਥੇ ਦੇ ਸਿੱਖਾਂ ਵਿੱਚ ਵੀ ਰੋਹ ਜਾਗ ਪੈਂਦਾ ਪਰ ਉਹ ਚਾਹੁੰਦਾ ਸੀ ਹਰ ਕੋਸ਼ਿਸ਼ ਕਰੇ ਜਿਸ ਨਾਲ ਉਨ੍ਹਾਂ ਦੇ ਸ਼ਹਿਰ ਦੇ ਬਹੁਗਿਣਤੀ ਲੋਕਾਂ ਨੂੰ ਇਹ ਵਿਸ਼ਵਾਸ ਰਹੇ ਕਿ ਉਥੇ ਦੇ ਸਿੱਖ ਇਨ੍ਹਾਂ ਅਤਿਵਾਦੀਆਂ ਨਾਲ ਸਹਿਮਤ ਨਹੀਂ ਅਤੇ ਪੂਰੇ ਦੇਸ਼ ਭਗਤ ਨੇ।
ਚਲਦਾ … … ….
(ਪਾਠਕਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਨਾਵਲ, ਸਿੱਖ ਕੌਮ ਉੱਤੇ ਵਾਪਰੇ, ਜੂਨ, 1984 ਅਤੇ ਨਵੰਬਰ, 1984 ਦੇ ਘੱਲੂਘਾਰਿਆਂ ਨਾਲ ਸਬੰਧਤ ਹੈ। ਇਸ ਵਿੱਚ ਦਿੱਤੇ ਜਾ ਰਹੇ ਇਤਿਹਾਸਕ ਪੱਖ ਬਿਲਕੁਲ ਸੱਚੇ ਹਨ ਅਤੇ ਇਹ ਨਾਵਲ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਛਾਪਣ ਤੋਂ ਪਹਿਲਾਂ ਇਹ ਸੂਝਵਾਨ ਪਾਠਕਾਂ ਦੇ ਸਾਹਮਣੇ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ। ਜੇ ਕਿਸੇ ਪਾਠਕ ਨੂੰ ਇਤਿਹਾਸਕ ਪੱਖੋਂ ਕੁੱਝ ਗਲਤ ਜਾਪੇ ਜਾਂ ਇਸ ਦੇ ਬਾਰੇ ਕੋਈ ਹੋਰ ਉਸਾਰੂ ਸੁਝਾ ਹੋਵੇ ਤਾਂ ਦਾਸ ਉਸ ਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ
ਟੈਲੀਫੋਨ +91 98761 04726
.