.

ਗੁਰਬਾਣੀ ਵਿਚ ਆਤਮਾ ਦਾ ਸੰਕਲਪ

ਹਾਕਮ ਸਿੰਘ


ਆਤਮਾ ਦੇ ਵਿਸ਼ੇ ਤੇ ਸਿੱਖ ਮਾਰਗਤੇ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਪ੍ਰਿ: ਗੁਰਬਚਨ ਸਿੰਘ ਪੰਨਵਾਂ, ਸ਼੍ਰ. ਗੁਰਚਰਨ ਸਿੰਘ (ਜੀਉਣ ਵਾਲਾ) ਬਰੈਂਪਟਨ, ਅਤੇ ਸ੍ਰ. ਜਸਬੀਰ ਸਿੰਘ (ਕੈਲਗਰੀ) ਜੀ ਨੇ ਆਪਣੇ ਲੇਖਾਂ ਵਿਚ ਗੁਰਬਾਣੀ ਤੇ ਆਧਾਰਤ ਵਿਚਾਰ ਪਰਗਟ ਕੀਤੇ ਹਨ। ਸ੍ਰ. ਗੁਰਇੰਦਰ ਸਿੰਘ ਪਾਲ ਅਤੇ ਸ੍ਰ. ਦਰਸ਼ਨ ਸਿੰਘ ਵੁਲਵਰੈਂਪਟਨ ਜੀ ਨੇ ਵੀ ਆਤਮਾ ਨਾਲ ਸਬੰਧਿਤ ਕੁਝ ਵਿਸ਼ਿਆਂ ਤੇ ਚਾਨਣਾ ਪਾਇਆ ਹੈ। ਆਤਮਾ ਦਾ ਸੰਕਲਪ ਪਰਾਚੀਨ ਸਮਿਆਂ ਤੋਂ ਧਾਰਮਕ ਵਿਚਾਰਧਾਰਾ ਅਤੇ ਸ਼ਰਧਾ ਭਾਵਨਾ ਨਾਲ ਜੁੜਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਪਰਮਾਤਮਾ, ਆਤਮਾ ਅਤੇ ਮਨ ਕੇਂਦਰੀ ਪਰਕਰਨ ਹਨ। ਇਹ ਵਿਸ਼ੇ ਗੁਰਮਤਿ ਵਿਚਾਰਧਾਰਾ ਦਾ ਮੂਲ ਹਨ ਅਤੇ ਗੁਰੂ ਸਾਹਿਬਾਨ ਨੇ ਸਿੱਖ ਧਰਮ ਨੂੰ ਗੁਰਮਤਿ ਦੀ ਇਸੇ ਕੇਂਦਰੀ ਵਿਚਾਰਧਾਰਾ ਦੀ ਬੁਨਿਆਦ ਤੇ ਉਸਾਰਿਆ ਹੈ। ਵੇਖਣ ਵਿਚ ਆਇਆ ਹੈ ਕਿ ਸਿੱਖ ਧਰਮ ਦੇ ਉਪਾਸ਼ਕ ਪਰਮਾਤਮਾ, ਆਤਮਾ ਅਤੇ ਮਨ ਦੇ ਗੁਰਮਤਿ ਦੇ ਮੂਲ ਸਿਧਾਂਤ ਨੂੰ ਅਣਗੌਲਿਆ ਕਰਦੇ ਆ ਰਹੇ ਹਨ। ਸਿੱਖ ਧਰਮ ਦੇ ਪਰਚਾਰ, ਸਿੱਖ ਸਮਾਜ, ਸਿੱਖ ਇਤਹਾਸ, ਅਤੇ ਧਾਰਮਕ ਗਤਿਵਧੀਆਂ ਵਿਚ ਗੁਰਬਾਣੀ ਦੇ ਇਹਨਾਂ ਅਧਿਆਤਮਕ ਵਿਸ਼ਿਆਂ ਨਾਲ ਸਬੰਧਤ ਵਿਚਾਰਾਂ ਨੂੰ ਅਕਸਰ ਨਜ਼ਰ ਅੰਦਾਜ਼ ਕਰਨ ਦੀ ਰੀਤ ਬਣੀ ਹੋਈ ਹੈ। ਸਿੱਖੀ ਦਾ ਬੂਟਾ ਆਪਣੀ ਜੜ ਨਾਲੋਂ ਟੁਟਦਾ ਜਾ ਰਿਹਾ ਹੈ। ਸਿੱਖ ਧਰਮ ਬਾਰੇ ਹੁਣ ਵਿਸ਼ਵ ਵਿਚ ਦਿਲਚਸਪੀ ਵਧ ਰਹੀ ਹੈ ਅਤੇ ਮਾਨਵਤਾ ਨੂੰ ਅਜੋਕੇ ਬਿਖੜੇ ਸਮੇਂ ਵਿਚ ਗੁਰਮਤਿ ਦੀ ਨਿਵੇਕਲੀ ਅਧਿਆਤਮਕ ਵਿਚਾਰਧਾਰਾ ਦੀ ਅਗਵਾਈ ਦੀ ਲੋੜ ਹੈ। ਪਰ ਬਹੁਤੇ ਸਿੱਖ ਵਿਦਵਾਨ ਸਿੱਖ ਧਰਮ ਨੂੰ ਦਰਪੇਸ਼ ਕਾਲਪਨਕ ਸਮਾਜਕ ਸੰਕਟਾਂ ਵਿਚ ਉਲਝੇ ਹੋਏ ਹਨ ਜਾਂ ਫਿਰ ਆਪਣੇ ਵਿਚਾਰ ਗੁਰਬਾਣੀ ਦੀ ਰਸਮੀ ਵਿਆਖਿਆ ਤਕ ਸੀਮਤ ਰਖਦੇ ਹਨ, ਅਤੇ ਸਿੱਖ ਜਗਤ ਵਿਚ ਪਛਮੀ ਆਧੁਨਿਕ ਪਦਾਰਥਵਾਦ ਵਲ ਪਰਵਿਰਤ ਵਿਚਾਰਧਾਰਾ ਦਾ ਪਰਭਾਵ ਗੁਰਬਾਣੀ ਦੇ ਅਧਿਆਤਮਕ ਗਿਆਨ ਨੂੰ ਅਸੰਗਤ (ਰਿਰeeaਨਟ) ਬਣਾਉਣ ਵਿਚ ਲਗਾ ਹੋਇਆ ਹੈ ਜਿਸ ਦੇ ਫਲ ਸਰੂਪ ਗੁਰਮਤਿ ਦਾ ਸਹੀ ਸੰਦੇਸ਼ ਦੇਣ ਵਾਲੇ ਸਿੱਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਗੁਰੂ ਕਾਲ ਅਤੇ ਉਸ ਤੋਂ ਉਪਰੰਤ ਸਿੱਖੀ ਗੁਰਮਤਿ ਦੀ ਅਧਿਆਤਮਕ ਵਿਚਾਰਧਾਰਾ ਤੋਂ ਪਰੇਰਤ ਹੋ ਕੇ ਪਰਫੁਲਤ ਹੋਈ ਸੀ। ਹੁਣ ਸਿੱਖ ਆਗੂ ਗੁਰਮਤਿ ਵਿਚਾਰਧਾਰਾ ਦੀ ਥਾਂ ਸਿੱਖ ਇਤਹਾਸ ਜਾਂ ਪਛਮੀ ਵਿਚਾਰਧਾਰਾ ਤੋਂ ਪਰੋਤਸਾਹਨ ਲੈ ਕੇ ਸਿੱਖੀ ਨੂੰ ਉਨੱਤ ਕਰਨ ਦਾ ਜਤਨ ਕਰ ਰਹੇ ਹਨ। ਉਹਨਾਂ ਨੇ ਆਪਣੇ ਮੂੰਹ ਪਰਮਾਤਮਾ ਤੋਂ ਮੋੜ ਕੇ ਸੰਸਾਰ ਵਲ ਕਰ ਲਏ ਹਨ।

ਆਤਮਾ, ਅਤੇ ਮਨ ਦੇ ਸੰਕਲਪ ਸਰਿਸ਼ਟੀ ਰਚਨਾ ਨਾਲ ਜੁੜੇ ਹੋਏ ਹਨ। ਸਰਿਸ਼ਟੀ ਰਚਨਾ ਤੋਂ ਪਹਿਲੋਂ ਆਤਮਾ ਅਤੇ ਮਨ ਦੀ ਕੋਈ ਹੋਂਦ ਨਹੀਂ ਸੀ। ਗੁਰਬਾਣੀ ਦੇ ਕਥਨ ਹਨ: ਕੇਤੇ ਜੁਗ ਵਰਤੇ ਗੁਬਾਰੈ॥ ਤਾੜੀ ਲਾਈ ਅਪਰ ਅਪਾਰੈ। ਧੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ॥੧॥ ਜੁਗ ਛਤੀਹ ਤਿਨੈ ਵਰਤਾਏ॥ ਜਿਉ ਤਿਸੁ ਭਾਣਾ ਤਿਵੈ ਚਲਾਏ॥ ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ॥੨॥ ਗੁਪਤੇ ਬੂਝਹੁ ਜੁਗ ਚਤੁਆਰੇ॥ ਘਟਿ ਘਟਿ ਵਰਤੈ ਉਦਰ ਮਝਾਰੇ॥ ਜੁਗੁ ਜੁਗੁ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ॥੩॥ ਬਿੰਦੁ ਰਕਤੁ ਮਿਲਿ ਪਿੰਡੁ ਸਰੀਆ॥ ਪਉਣੁ ਪਾਣੀ ਅਗਨੀ ਮਿਲਿ ਜੀਆ॥ ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾ ਹੇ॥੪॥ (ਪੰ: ੧੦੨੬); “ਅਰਬਦ ਨਰਬਦ ਧੁੰਧੂਕਾਰਾ। ਧਰਣਿ ਨ ਗਗਨਾ ਹੁਕਮੁ ਅਪਾਰਾ॥ ਨ ਦਿਨੁ ਰੈਨਿ ਨ ਚੰਦ ਨ ਸੂਰਜ ਸੁੰਨਿ ਸਮਾਧਿ ਲਗਾਇਦਾ॥ …. ਕਰਮ ਧਰਮ ਨਹੀ ਮਾਇਆ ਮਾਖੀ॥ ਜਾਤਿ ਜਨਮੁ ਨਹੀ ਦੀਸੈ ਆਖੀ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨ ਕੋ ਕਿਸੈ ਧਿਆਇਦਾ॥ ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥ ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥ ੧੪॥ ਵਿਰਲੇ ਕਉ ਗੁਰ ਸਬਦੁ ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥੧੫। ਤਾ ਕਾ ਅੰਤੁ ਨ ਜਾਣੈ ਕੋਈ। ਪੂਰੇ ਗੁਰ ਤੇ ਸੋਝੀ ਹੋਈ॥ ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ॥੧੬॥ (ਪੰ ੧੦੩੫-੩੬); “ਅਵਲਿ ਅਲਹੁ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ॥ ਏਕ ਨੂਰ ਤੇ ਸਭ ਜਗ ਉਪਜਿਆ ਕਉਣ ਭਲੇ ਕੋ ਮੰਦੇ॥ (ਪੰ:੧੩੪੯); “ਹੁਕਮੀ ਹੋਵਨਿ ਆਕਾਰ ਹੁਕੁਮ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ (ਪੰ: ੧)। ਗੁਰਬਾਣੀ ਦੱਸਦੀ ਹੈ ਕਿ ਸਰਸ਼ਿਟੀ ਦੀ ਰਚਨਾ ਪਰਮਾਤਮਾ ਨੇ ਆਪ ਆਪਣੇ ਹੁਕਮ ਨਾਲ ਕੀਤੀ ਹੈ, ਇਸ ਤੋਂ ਪਹਿਲੋਂ ਸੁੰਨ, ਅਫੁਰ ਅਵਸਥਾ ਸੀ। ਰਚਨਹਾਰੇ ਪ੍ਰਭੂ ਦਾ ਅੰਤ ਕੋਈ ਨਹੀਂ ਪਾ ਸਕਦਾ। ਉਸ ਦੀਆਂ ਚੋਜਾਂ ਦੇ ਰਹੱਸ ਨੂੰ ਉਹੀ ਜਾਣਦਾ ਹੈ। ਗੁਰੂ ਨਾਨਾਕ ਸਹਿਬ ਵਿਸਮਾਦ ਵਿਚ ਆ ਕੇ ਪ੍ਰਭੂ ਦੇ ਗੁਣ ਗਾਉਣ ਦਾ ਉਪਦੇਸ਼ ਕਰਦੇ ਹਨ। 

ਗੁਰਬਾਣੀ ਅਨੁਸਾਰ ਪਰਮਾਤਮਾ ਨੇ ਜਗਤ ਦੀ ਉਤਪਤੀ ਵਿਚ ਹਉਮੈ (ego) ਨੂੰ ਪਰਧਾਨ ਬਣਾਇਆ ਹੈ ਅਤੇ ਮਨੁੱਖਾਂ ਦਾ ਜਨਮ ਹਉਮੈ ਵਿਚ ਹੁੰਦਾ ਹੈ। ਕਿਤੁ ਕਿਤੁ ਬਿਧਿ ਜਗ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ॥ ਹਉਮੈ ਵਿਚਿ ਜਗ ਉਪਜੈ ਪੁਰਖਾ ਨਾਮਿ ਵਿਸਰੀਐ ਦੁਖ ਪਾਈ॥“ (ਪੰ: ੯੪੬); “ਹਉ ਵਿਚ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥“ (ਪੰ: ੪੬੬); “ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ॥ ਮਮਤਾ ਲਾਇ ਭਰਮਿ ਭੋਲਾਇਆ॥“ (ਪੰ: ੧੧੨੮)। ਪ੍ਰਭੂ ਦੀ ਸਿਰਜੀ ਸਰਿਸ਼ਟੀ ਮਾਇਆ ਰੂਪੇ ਚਲਾਏਮਾਨ ਰਚਨਾ ਹੈ। ਮਾਇਆ ਨੇ ਇਸ ਰਚਨਾ ਨੂੰ ਸੁਤੰਤਰ ਹੋਂਦ ਦਾ ਭਰਮ ਪਾਇਆ ਹੋਇਆ ਹੈ। ਗੁਰਬਾਣੀ ਦੱਸਦੀ ਹੈ ਕਿ ਪ੍ਰਭੂ ਤੋਂ ਬਿਨਾ ਹੋਰ ਕਿਸੇ ਦੂਜੇ ਦੀ ਹੋਂਦ ਨਹੀਂ ਹੈ। ਸਰਿਸ਼ਟੀ ਪ੍ਰਭੂ ਦੀ ਮਾਇਆ ਰੂਪੀ ਕਿਰਤ ਹੈ ਅਤੇ ਇਸ ਦੀ ਸੁਤੰਤਰ ਕੋਈ ਹੋਂਦ ਨਹੀਂ ਹੈ। ਇਹ ਪ੍ਰਭੂ ਦੀ ਰਚੀ ਇਕ ਖੇਡ ਹੈ। ਪ੍ਰਭੂ ਦੀ ਇਸ ਖੇਡ ਦੀ ਵਿਲੱਖਣਤਾ ਇਹ ਹੈ ਕਿ ਪ੍ਰਭੂ ਆਪ ਇਸ ਵਿਚ ਸੁਭਾਇਮਾਨ ਹੈ। ਕਰਤਾ ਆਪਣੀ ਕਿਰਤ ਵਿਚ ਵਿਦਮਾਨ ਹੈ ਅਤੇ ਸਾਰੀ ਸਰਿਸ਼ਟੀ ਵਿਚ ਉਸ ਦਾ ਵਾਸਾ ਹੈ। ਉਹ ਇਕ ਹੁੰਦਾ ਹੋਇਆ ਅਨੇਕਤਾ ਵਿਚ ਪਰਿਵਰਤਿਤ ਹੈ ਅਤੇ ਨਿਰਗੁਣ ਸਰੂਪ ਹੁੰਦਾ ਹੋਇਆ ਸਰਗੁਣ ਸਰੂਪ ਧਾਰਨ ਕੀਤੇ ਹੋਏ ਹੈ। ਗੁਰਵਾਕ ਹਨ: “ਆਤਮ ਰਾਮੁ ਸੰਸਾਰਾ॥ ਸਾਚਾ ਖੇਲੁ ਤੁਮਾਰਾ॥ ਸਚੁ ਖੇਲੁ ਤੁਮਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ॥ ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ॥“ (ਪੰ: ੭੬੪); “ਆਦਿ ਕਉ ਬਿਸਮਾਦੁ ਬੀਚਾਰ ਕਥੀਅਲੇ ਸੁੰਨ ਨਿਰੰਤਰ ਵਾਸੁ ਲੀਆ॥ ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ॥“ (ਪੰ: ੯੪੦); “ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥“ (ਪੰ: ੧੯); “ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧ ਵਿਚ ਤਾ ਤੂ ਜਗ ਮਹਿ ਆਇਆ॥“ (ਪ: ੯੨੧); “ਮੈ ਨਾਹੀ ਪਰਭੁ ਸਭ ਕਿਛੁ ਤੇਰਾ॥ ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ॥“ (ਪੰ: ੮੨੭)। 

ਜਗਤ ਵਿਚ ਪ੍ਰਭੂ ਦਾ ਨਿਵਾਸ ਹੈ ਪਰ ਹਉਮੈ ਦਾ ਪਰਭਾਵ ਹੈ। ਗੁਰਬਾਣੀ ਅਨੁਸਾਰ “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥“ (ਪੰ: ੫੬੦)। ਇਸ ਪ੍ਰਤੀਕੂਲਤਾ ਨੂੰ ਪ੍ਰਭੂ ਨੇ ਸਰਿਸ਼ਟੀ ਵਿਚ ਇਕ ਵਚਿਤਰ ਦਵੈਤ ਅਵਸਥਾ ਬਣਾ ਕੇ ਅਭਿਵਿਅਕਤ ਕੀਤਾ ਹੈ। ਗੁਰਬਾਣੀ ਇਸ ਪ੍ਰਤੀਕੂਲਤਾ ਦਾ ਪਰਗਟਾਵਾ ਜਗਤ ਦੇ ਦੋ ਪਰਸਪਰ ਵਿਰੋਧੀ ਰੂਪਾਂ ਵਿਚ ਕਰਦੀ ਹੈ। ਇਕ ਉਹ ਰੂਪ ਜੋ ਸਾਨੂੰ ਨਜ਼ਰ ਆਉਂਦਾ ਹੈ, ਜਿਸ ਵਿਚ ਮਾਇਆ ਪਰਧਾਨ ਹੈ. ਪਰ ਜੋ ਨਿਰੰਤਰ ਬਦਲ ਰਿਹਾ ਹੈ ਅਤੇ ਜਿਸ ਨੂੰ ਗੁਰਬਾਣੀ ਭਰਮ, ਭੁਲੇਖਾ ਅਤੇ ਦੂਜਾ ਭਾਵ ਆਖਦੀ ਹੈ। ਅਤੇ ਦੂਜਾ, ਸੱਚੇ ਕਰਤੇ ਦਾ ਸਰਗੁਣ ਸਰੂਪ ਜੋ ਸਾਰੀ ਸਰਿਸ਼ਟੀ ਵਿਚ ਵਿਆਪਕ ਹੈ ਪਰ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ ਅਤੇ ਨਾ ਹੀ ਅਨੁਭਵ ਕਰ ਸਕਦੇ ਹਾਂ। “ਤੂ ਸਚਾ ਸਿਰਜਣਹਾਰੁ ਅਲਖ ਸਿਰੰਦਿਆ ਜੀਉ॥ ਏਕ ਸਾਹਿਬੁ ਦੁਇ ਰਾਹ ਵਾਦ ਵਧੰਦਿਆ ਜੀਉ॥ ਦੁਇ ਰਾਹ ਚਲਾਏ ਹੁਕਮਿ ਸਬਾਏ ਜਨਮਿ ਮੁਆ ਸੰਸਾਰਾ॥ ਨਾਮ ਬਿਨਾ ਨਾਹੀ ਕੋ ਬੇਲੀ ਬਿਖੁ ਲਾਦੀ ਸਿਰਿ ਭਾਰਾ॥“ (ਪੰ: ੬੮੮)।

ਸੰਸਾਰ ਦੇ ਪਹਿਲੇ ਰੂਪ ਨੂੰ, ਜੋ ਸਾਨੂੰ ਨਜ਼ਰ ਆਉਂਦਾ ਹੈ, ਗੁਰਬਾਣੀ ਤ੍ਰੈਗੁਣੀ, ਸੁਪਨਾ, ਪਾਣੀ ਦਾ ਬੁਲਬੁਲਾ, ਝੂਠਾ, ਫਾਨੀ, ਜਮਨ-ਮਰਨ ਦਾ ਗੇੜ, ਆਦਿ ਆਖਦੀ ਹੈ। ਗੁਰਵਾਕ ਹਨ: “ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰ॥ ਅਤੇ “ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ॥“ (ਪੰ: ੪੬੮); “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੋ ਰੇ ਮੀਤ॥“ (ਪੰ: ੧੪੨੯); “ਜਿਉ ਜਲ ਊਪਰ ਫੇਨੁ ਬੁਦਬੁਦਾ॥ ਤੈਸਾ ਇਹੁ ਸੰਸਾਰਾ॥“ ( ਪੰ:੧੨੫੭-੮); “ਇਹੁ ਜਗੁ ਧੁਏ ਕਾ ਪਹਾਰ॥ ਤੈ ਸਾਚਾ ਮਾਨਿਆ ਕਿਹ ਬਿਚਾਰਿ॥“ (ਪੰ: ੧੧੮੭); “ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ॥“ (ਪੰ: ੪੩੭); “ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ॥“ (ਪੰ: ੭੨੧); “ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ॥ ਨਾਨੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈ॥“ (ਪੰ: ੧੨੭੪); “ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ॥“ (ਪੰ: ੪੩੩); “ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ॥“ (ਪੰ: ੨੦੫); “ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ॥“ (ਪੰ: ੧੪੨੭); “ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ॥ ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਿਹ ਗਵਾਰ॥“ (ਪੰ: ੮੦੮); “ਰੇ ਨਰ ਇਹ ਸਾਚੀ ਜੀਅ ਧਾਰਿ॥ ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ॥“ (ਪੰ: ੬੩੩); “ਭਭਾ ਭਰਮੁ ਮਿਟਾਵਹੁ ਅਪਨਾ॥ ਇਆ ਸੰਸਾਰੁ ਸਗਲ ਹੈ ਸੁਪਨਾ॥“ (ਪੰ: ੨੫੮); “ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰ ਹੋਇ ਜੀਉ॥“ (ਪੰ: ੪੪੭)। ਤ੍ਰੈ-ਗੁਣੀ ਸੰਸਾਰ ਦੇ ਇਕ ਹੋਰ ਗੁਣ ਦਾ ਵੀ ਗੁਰਬਾਣੀ ਵਰਨਨ ਕਰਦੀ ਹੈ। ਸੰਸਾਰ ਨਿਰੰਤਰ ਬਦਲ ਰਿਹਾ ਹੈ, ਚਲਾਇਮਾਨ ਹੈ। “ਮੁਕਾਮੁ ਤਿਸਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ॥ ਅਸਮਾਨੁ ਧਰਤੀ ਚਲਸੀ ਮੁਕਾਮੁ ੳਹੀ ਏਕੁ॥੭॥ ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੌਇ॥ ਮੁਕਾਮੁ ੳਹੀ ਏਕੁ ਹੈ ਨਾਨਕਾ ਸਚੁ ਬੁਗੋਇ॥“ (ਪੰ: ੬੪)। ਨਿਰੰਤਰ ਬਦਲ ਰਹੇ ਚਲਾਇਮਾਨ ਪਦਾਰਥਕ ਜਗਤ ਦੀ ਅਸਲੀਅਤ ਤੇ ਤਾਂ ਹੀ ਜਾਣੀ ਜਾ ਸਕਦੀ ਹੈ ਜੇਕਰ ਉਹ ਚਲਣੋਂ ਹਟੇ, ਪਰ ਬਰੈਹਮੰਡ ਅਤੇ ਮਨੁੱਖਾ ਜੀਵਨ ਤੇ ਚਲਣੋਂ ਕਦੇ ਨਹੀਂ ਰੁਕਦੇ ਅਤੇ ਨਾ ਹੀ ਰੁਕ ਸਕਦੇ ਹਨ। ਇਸ ਲਈ ਚਲਾਇਮਾਨ ਜਗਤ ਦਾ ਅਸਲੀ ਰੂਪ ਜਾਨਣਾ ਸੰਭਵ ਨਹੀਂ ਹੈ।

ਸੰਸਾਰ ਦਾ ਦੂਜਾ ਰੂਪ ਉਹ ਹੈ ਜਿਸ ਵਿਚ ਸੱਚਾ ਪਰਭੂ ਵਸਿਆ ਹੋਇਆ ਹੈ ਪਰ ਜਿਸ ਨੂੰ ਨਾ ਤੇ ਅਸੀਂ ਦੇਖ ਸਕਦੇ ਹਾਂ ਅਤੇ ਨਾ ਹੀ ਅਨੁਭਵ ਕਰ ਸਕਦੇ ਹਾਂ। ਗੁਰਵਾਕ ਹਨ: “ਇਹੁ ਜਗੁ ਸਚੇ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ ਇਕਨਾ ਹੁਕਮਿ ਸਮਾਇ ਲਏ ਇਕਨਾ ਹੁਕਮੇ ਕਰੇ ਵਿਣਾਸੁ॥“ (ਪੰ: ੪੬੩); “ਏਹੁ ਵਿਸੁ ਸੰਸਾਰ ਤੁਮ ਦੇਖਦੇ ਇਹੁ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਆਇਆ॥“ (ਪੰ: ੯੨੨); “ਜੋ ਦੀਸੈ ਸੋ ਤੇਰਾ ਰੂਪ॥ ਗੁਣ ਨਿਧਾਨ ਗੋਵਿੰਦ ਅਨੂਪ॥“ (ਪੰ: ੭੨੪); “ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ॥ ਹਿੰਦੂ ਤੁਰਕ ਦੁਹੂੰ ਮੈਹਿ ਏਕੈ ਕਹੈ ਕਬੀਰ ਪੁਕਾਰੀ॥“ (ਪੰ: ੪੩੩); “ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ॥ ਅਨਿਕ ਭਾਂਤ ਹੋਇ ਪਸਰਿਆ ਨਾਨਕ ਏਕੰਕਾਰੁ॥“ (ਪੰ: ੨੯੬); “ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥“ (ਪੰ: ੪੬੩); “ਆਪੇ ਜਲੁ ਆਪੇ ਥਲੁ ਥੰਮਨੁ ਆਪੇ ਕੀਆ ਘਟਿ ਘਟਿ ਬਾਸਾ॥ “(ਪੰ: ੧੪੦੩); “ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ॥“ (ਪੰ: ੬੭੭); “ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ॥ ਰਹਾਉ॥ ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪ ਕਿਨੇਹਾ॥“ (ਪੰ: ੫੯੬); “ਸੋ ਅੰਤਰਿ ਸੋ ਬਾਹਰਿ ਅਨੰਤ॥ ਘਟਿ ਘਟਿ ਬਿਆਪਿ ਰਹਿਆ ਭਗਵੰਤ॥“ (ਪੰ: ੨੯੩); ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ॥“ (ਪੰ: ੬੧੭); “ਸਰਬ ਜੋਤ ਮਹਿ ਜਾਕੀ ਜੋਤਿ॥ ਧਾਰਿ ਰਹਿੳ ਸੁਆਮੀ ੳਤਿ ਪੋਤਿ॥“ (ਪੰ: ੨੯੪)। ਭਾਵੇਂ ਗੁਪਤ ਕਰਤਾ (creator) ਆਪਣੀ ਕਿਰਤ ਵਿਚ ਮੌਜੂਦ ਹੈ ਪਰ ਮਨੁੱਖ ਵਿਚ ਉਸ ਨੂੰ ਦੇਖਣ ਅਤੇ ਅਨੁਭਵ ਕਰਨ ਦੀ ਯੋਗਤਾ ਨਹੀਂ ਹੈ, ਕਿਊਂਕੇ ਮਨੁੱਖ ਤੇ ਆਪ ਉਸ ਦੀ ਕਿਰਤ ਹੈ। ਕਿਰਤ ਵਿਚ ਕਰਤੇ ਨੂੰ ਦੇਖਣ ਦੀ ਯੋਗਤਾ ਨਹੀਂ ਹੁੰਦੀ। ਗੁਰਬਾਣੀ ਦੇ ਕਥਨ ਹਨ: “ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ॥ ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ॥“ (ਪੰ: ੭੨੦); “ਕਰਤੇ ਕੀ ਮਿਤਿ ਨ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ॥“  (ਪੰ: ੨੮੫); “ਕੁਦਰਤਿ ਕਰਨੈਹਾਰ ਅਪਾਰਾ ਕੀਤੇ ਕਾ ਨਾਹੀ ਕਿਹੁ ਚਾਰਾ॥“ (ਪੰ: ੧੦੪੨) ; “ਪਿਤਾ ਕਾ ਜਨਮੁ ਕਿ ਜਾਣੈ ਪੂਤੁ॥ (ਪੰ: ੨੮੪); “ਤਾਕੀ ਗਤਿ ਮਤਿ ਕਹੀ ਨਾ ਜਾਇ॥ ਦੂਸਰੁ ਹੋਇ ਤ ਸੋਝੀ ਪਾਇ॥“ ( ਪੰ: ੨੯੪); “ਅਤੁਲੁ ਕਿਉ ਤੋਲਿਆ ਜਾਈ॥ ਦੂਜਾ ਹੋਇ ਤ ਸੋਝੀ ਪਾਇ॥ ਤਿਸਤੇ ਦੂਜਾ ਨਾਹੀ ਕੋਇ॥ ਤਿਸਦੀ ਕੀਮਤਿ ਕਿਕੂ ਹੋਇ॥“ (ਪੰ: ੭੯੭)। ਮਨੁੱਖ ਕੋਲ ਐਸੀਆਂ ਅਖਾਂ ਹੀ ਨਹੀਂ ਹਨ ਜਿਹਨਾਂ ਨਾਲ ਪ੍ਰਭੂ ਨੂੰ ਦੇਖਿਆ ਜਾ ਸਕਦਾ ਹੋਵੇ। “ਲ਼ੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ॥ ਨਾਨਕ ਸੇ ਅਖੜੀਆਂ ਬਿਅੰਨ ਜਿਨੀ ਡਿਸੰਦੋ ਮਾ ਪਿਰੀ॥“ (ਪੰ: ੫੭੭)। ਗੁਰਬਾਣੀ ਮਨੁੱਖ ਨੂੰ ਸੁਤਾ ਹੋਇਆ ਸੁਪਨੇ ਲੈਂਦਾ ਆਖਦੀ ਹੈ, ਇਸ ਲਈ ਉਹ ਪ੍ਰਭੁ ਨੂੰ ਦੇਖਣ ਦੇ ਸਮਰਥ ਨਹੀਂ ਹੈ। “ਮਨਮੁਖਿ ਸੂਤਾ ਮਾਇਆ ਮੋਹਿ ਪਿਅਰਿ॥ ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ॥ ਸੇ ਜਨ ਜਾਗੇ ਜਿਨ ਨਾਮ ਪਿਆਰਿ॥“ (ਪੰ: ੧੬੦)। ਸਰਿਸ਼ਟੀ ਵਿਚ ਜੋ ਕੁੱਝ ਵੀ ਵਾਪਰਦਾ ਹੈ ਉਹ ਪ੍ਰਭੂ ਦੇ ਹੁਕਮ ਵਿਚ ਉਸ ਦੇ ਕੁਦਰਤੀ ਨਿਯਮਾਂ ਅਨੁਸਾਰ ਵਾਪਰਦਾ ਹੈ। ਗੁਰਵਾਕ ਹਨ: “ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥“ (ਪੰ: ੨੬੮) ; “ਸਗਲ ਪਰੋਈ ਅਪਨੇ ਸੂਤਿ॥“ (ਪੰ: ੨੮੪); “ਕੁਦਰਤਿ ਤਖਤੁ ਰਚਾਇਆ ਸਚਿ ਨਬੇੜਣਹਾਰੋ॥“ (ਪੰ: ੫੮੦)।

ਗੁਰਬਾਣੀ ਅਨੁਸਾਰ ਮਨੁੱਖ ਸਰਿਸ਼ਟੀ ਦਾ ਪ੍ਰਤੀਰੂਪ (Replica) ਹੈ। “ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥“ (ਪੰ: ੬੯੫); “ਕਾਇਆ  ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ॥ ਕਾਇਆ ਅੰਦਰਿ ਜਗ ਜੀਵਨ ਦਾਤਾ ਵਸੈ ਸਭਨਾ ਕਰੈ ਪ੍ਰਤਿਪਾਲਾ॥“ (ਪੰ: ੭੫੪)। ਮਨੁੱਖ ਸਰੀਰ, ਆਤਮਾ ਅਤੇ ਮਨ ਦੇ ਸੰਜੋਗ ਦੀ ਉਪਜ ਹੈ। ਸਰੀਰ ਸਥੂਲ ਹੈ ਅਤੇ ਨਜ਼ਰ ਆਉਂਦਾ ਹੈ ਪਰ ਆਤਮਾ ਅਤੇ ਮਨ ਅਪਦਾਰਥਕ ਹਨ ਅਤੇ ਨਜ਼ਰ ਨਹੀਂ ਆਉਂਦੇ। ਆਤਮਾ ਪਰਮਾਤਮਾ ਦਾ ਅੰਸ਼ ਹੈ। ਗੁਰਵਾਕ ਹਨ: “ਪੰਚ ਤਤੁ ਮਿਲਿ ਕਾਇਆ ਕੀਨੀ॥ ਤਿਸ ਮਹਿ ਰਾਮ ਰਤਨੁ ਲੈ ਚਨੀ॥ ਆਤਮ ਰਾਮੁ ਰਾਮ ਹੈ ਆਤਮ॥ ਹਰਿ ਪਾਈਐ ਸਬਦਿ ਵਿਚਾਰਾ ਹੇ॥“ (ਪੰ: ੧੦੩੦); “ਅਚਰਜ ਕਥਾ ਮਹਾ ਅਨੂਪੁ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪ॥ … ਨਾ ਇਹੁ ਬਿਨਸੈ ਨ ਇਹ ਜਾਇ॥ ਆਦਿ ਜੁਗਾਦੀ ਰਹਿਆ ਸਮਾਇ॥ …  ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ॥ ਘਟ ਘਟ ਅੰਤਰਿ ਸਦ ਹੀ ਜਾਗੈ॥“ (ਪੰ: ੮੬੮); “ਇਆ ਮੰਦਰ ਮਹਿ ਕੌਨ ਬਸਾਈ॥ ਤਾ ਕਾ ਅੰਤੁ ਨ ਕੋਊ ਪਾਇ॥੧॥ ਰਹਾਉ॥ … ਕਹੁ ਕਬੀਰ ਇਹੁ ਰਾਮ ਕੀ ਅੰਸੁ॥ ਜਸ ਕਾਗਦ ਪਰ ਮਿਟੈ ਨ ਮੰਸੁ॥“ (ਪੰ: ੮੭੧); “ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ॥“ (ਪੰ: ੧੧੫੩); “ਆਤਮਾ ਬਾਸੁ ਦੇਵਸਿ ਜੇ ਕੋ ਜਾਣੈ ਭੇਉ॥“ (ਪੰ: ੪੬੯)। ਆਤਮਾ ਜੀਵ ਦੀ ਚੇਤਨਤਾ ਅਤੇ ਸ਼ਕਤੀ ਦਾ ਸੋਮਾ ਹੈ।
ਗੁਰਬਾਣੀ ਵਿਚ ਮਨ ਦਾ ਵਰਨਨ ਰਹੱਸਾਤਮਕ ਹੈ। ਮਨ ਆਤਮਾ ਦਾ ਉਹ ਭਾਗ ਹੈ ਜਿਸ ਦਾ ਕਰਤਵ ਸਰੀਰ ਨੂੰ ਸੰਸਾਰਕ ਜ਼ਿਮੇਵਾਰੀਆਂ ਨਿਭਾਉਣ ਅਤੇ ਪ੍ਰਭੂ ਦਾ ਸਿਮਰਣ ਕਰਨ ਲਈ ਪਰੇਰਤ ਕਰਨਾ ਅਤੇ ਮੁੜ ਆਤਮਾ ਵਿਚ ਮਿਲ ਜਾਣਾ ਹੈ। ਇਹ ਤਨ ਦੀ ਹੱਟੀ ਵਿਚ ਨਾਮ ਦਾ ਵਪਾਰ ਕਰਨ ਆਇਆ ਵਣਜਾਰਾ ਹੈ। “ਤਨੁ ਹਟੜੀ ਇਹੁ ਮਨ ਵਣਜਾਰਾ॥ “ (ਪੰ: ੯੪੨)। ਪਰ ਤਨ ਦੀ ਹੱਟੀ ਤੇ ਮਾਇਆ ਦਾ ਕਾਬੂ ਹੈ ਅਤੇ ਮਾਇਆ ਪ੍ਰਭੂ ਨੇ ਬਹੁਤ ਪਰਭਾਵਸ਼ਾਲੀ ਅਤੇ ਆਕਰਸ਼ਕ ਬਣਾਈ ਹੈ। ਉਹ ਮਨ ਨੂੰ ਪਰਭਾਵਤ ਕਰ ਕੇ ਆਪਣੇ ਵਸ ਕਰ ਲੈਂਦੀ ਹੈ। “ਕਾਇਆ ਕੋਟੁ ਹੈ ਆਕਾਰਾ॥ ਮਾਇਆ ਮੋਹੁ ਪਸਰਿਆ ਪਸਾਰਾ॥“ (ਪੰ: ੧੦੫੯)। “ਕਾਇਆ ਅੰਦਿਰ ਹਉਮੈ ਮੇਰਾ॥ ਜੰਮਣ ਮਰਣੁ ਨ ਚੂਕੈ ਫੇਰਾ॥“ (ਪੰ: ੧੨੬); “ਮਾਇਆ ਐਸੀ ਮੋਹਨੀ ਭਾਈ॥ ਜੇਤੇ ਜੀਅ ਤੇਤੇ ਡਹਕਾਈ॥“ (ਪੰ: ੧੧੬੦)। ਮਾਇਆ ਵਸ ਹੋਏ ਮਨ ਨੂੰ ਹਉਮੈ “ਹਾਂ ਮੈਂ ਹਾਂ” ਵਾਲੀ ਸਵਾਧੀਨ ਹੋਂਦ ਦਾ ਭਰਮ ਪਾ ਦਿੰਦੀ ਹੈ। “ਖਸਮੁ ਛੋਡਿ ਦੂਜੇ ਲਗੇ ਡੁਬੇ ਸੇ ਵਣਜਾਰਿਆ॥“ (ਪੰ: ੪੭੦); “ਤ੍ਰੈ ਗੁਣ ਸਭੈ ਧਾਤੁ ਹੈ ਨਾ ਹਰਿ ਭਗਤਿ ਨ ਭਾਇ॥ ਗਤਿ ਮੁਕਤਿ ਕਦੇ ਨ ਹੋਵਈ ਹਉਮੈ ਕਰਮ ਕਮਾਹਿ॥“ (ਪੰ: ੧੨੫੮)। ਹਉਮੈ ਦੇ ਪਰਭਾਵ ਅਧੀਨ ਮਨ ਆਪਣਾ ਕਰਤਵ ਵਿਸਾਰ ਕੇ ਆਪਣਾ ਸੰਤੁਲਨ ਖੋ ਬੈਠਦਾ ਹੈ। “ਤ੍ਰੈ ਗੁਣ ਕੀਆ ਪਸਾਰਾ॥ ਨਰਕ ਸੁਰਗ ਅਵਤਾਰਾ॥ ਹਉਮੈ ਆਵੈ ਜਾਈ॥ ਮਨੁ ਟਿਕਣੁ ਨ ਪਾਵੈ ਰਾਈ॥“ (ਪੰ: ੧੦੦੩); “ਪ੍ਰਾਣੀ ਤੂ ਆਇਆ ਲਾਹਾ ਲੈਣ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣ॥“ (ਪੰ: ੪੩)। ਮਾਇਆ ਦੇ ਪੰਜ ਵਿਸ਼ੇ ਵਿਕਾਰ ਅਤੇ ਤਰਿਸ਼ਨਾ ਮਨ ਨੂੰ  ਭਟਕਣਾ ਵਿਚ ਪਾਈ ਰਖਦੇ ਹਨ। “ਭੀਤਰਿ ਪੰਚ ਗੁਪਤ ਮਨਿ ਵਾਸੇ॥ ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ॥ ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ॥ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ॥“ (ਪੰ: ੩੫੯); “ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿa ਤਿਹ ਸੰਗ॥“ (ਪ: ੨੫੮)।

ਮਾਇਆ ਭਾਵੇਂ ਮਨ ਨੂੰ ਭਟਕਣ ਵਿਚ ਪਾਈ ਰਖਦੀ ਹੈ ਪਰ ਮਨ ਦੀ ਮੂਲ਼ ਰੂਪਤਾ ਨੂੰ ਪਰਭਾਵਤ ਨਹੀਂ ਕਰ ਪਾਉਂਦੀ ਅਤੇ ਨਾ ਹੀ ਮਨ ਨੂੰ ਆਪਣਾ ਕਰਤਵ ਭੁਲਾ ਸਕਦੀ ਹੈ। ਗੁਰਬਾਣੀ ਦੇ ਕਥਨ ਹਨ: “ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥“ (ਪੰ: ੬੮੬); “ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ॥“ (ਪੰ: ੩੪੨)। ਮਨ ਸਰੀਰ ਦੀ ਸ਼ਕਤੀ ਹੈ, ਅਨੰਦ-ਸਰੂਪ ਹਰਿ ਹੈ ਅਤੇ ਟਿਕਾਓ ਵਿਚ ਆ ਕੇ ਪ੍ਰਭੂ ਦੀਆਂ ਗੱਲਾਂ ਕਰਦਾ ਹੈ। ਮਾਇਆ ਮਨ ਨੂੰ ਭੁਚਲਾ ਸਕਦੀ ਹੈ ਪਰ ਬਦਲ ਨਹੀਂ ਸਕਦੀ, ਕਿਊਂਕੇ “ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲ ਹੈ ਗੁਰਮਤੀ ਰੰਗ ਮਾਣਿ॥“ (ਪੰ: ੪੪੧); “ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ॥ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ॥“ (ਪ: ੮੭੯)। ਮਨ ਜੋਤ ਸਰੂਪ ਹੈ ਅਤੇ ਆਤਮਾ ਇਸ ਦਾ ਮੂਲ਼ ਹੈ। ਮਨ ਅਤੇ ਆਤਮਾ ਇਕ ਹਨ ਪਰ ਸਰੀਰ ਵਿਚ ਹਉਮੈ ਨੇ ਜੁਦੇ ਕੀਤੇ ਹੋਏ ਹਨ। ਉਹਨਾਂ ਦੀ ਜੁਦਾਈ ਨੂੰ ਗੁਰਬਾਣੀ ਪਾਣੀ ਵਿਚ ਉੱਠੀ ਲਹਿਰ, ਸੂਰਜ ਤੋਂ ਨਿਕਲੀ ਕਿਰਨ, ਅਤੇ ਸਾਗਰ ਦੇ ਪਾਣੀ ਦੀ ਬੂੰਦ ਨਾਲ ਤੁਲਨਾ ਦਿੰਦੀ ਹੈ, ਜੋ ਇਕ ਹੁੰਦੇ ਹੋਏ ਵੀ ਦੋ ਜਾਪਦੇ ਹਨ। “ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ॥ ਕਨਕ ਕਟਿਕ ਜਲ ਤਰੰਗ ਜੈਸਾ॥“ (ਪੰ: ੯੩); “ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥ ਅਨਲ ਅਗਮ ਜੈਸੇ ਲਹਰਿ ਮਾਇ aਦਧਿ ਜਲ ਕੇਵਲ ਜਲ ਮਾਹੀ॥“ (ਪੰ: ੬੫੭); “ਸੂਰਜ ਕਿਰਣਿ ਮਿਲੇ ਜਲ ਕਾ ਜਲ ਹੂਆ ਰਾਮੁ॥ ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮੁ॥ “ (ਪੰ:੮੪੬); ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ॥ ਕਵਣੁ ਬੂਝੇ ਬਿਧ ਜਾਣੈ॥ ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ॥“ (ਪੰ: ੮੭੮); “ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉੇ ਦੂਜਾ॥“ (ਪੰ: ੧੨੪੨)। ਮਨ ਦਾ ਆਤਮਾ ਨਾਲੋਂ ਜੁਦਾਈ ਦਾ ਕਾਰਨ ਹਉਮੈ ਹੈ। ਗੁਰਬਾਣੀ ਦੇ ਫੁਰਮਾਨ ਹਨ: “ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ॥ ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ॥“ (ਪੰ: ੧੨੬੩); “ਹਉਮੈ ਕਰੀ ਤਾਂ ਤੂ ਨਾਹੀ ਤੂ ਹੋਵਿਹ ਹਉ ਨਾਹਿ॥ ਬੂਝਹੁ ਗਿਆਨੀ ਬੂਝਣਾ ਇਹ ਅਕਥਿ ਕਥਾ ਮਨ ਮਾਹਿ॥“ (ਪੰ: ੧੦੯੨)। ਮਨ ਆਤਮਾ ਦੇ ਨਾਲ ਵਸਦੇ ਹੋਏ ਵੀ ਪਰਦੇਸੀ ਬਣਿਆ ਰਹਿੰਦਾ ਹੈ। “ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥ ਏਕ ਬਸਤੁ ਬਿਨੁ ਪੰਚ ਦੁਹੇਲੇ ਉਹ ਬਸਤ ਅਗੋਚਰ ਠਾਈ॥ ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ॥ ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ॥“  (ਪੰ: ੨੦੫)। 

ਮਨ ਆਤਮਾ ਦਾ ਕਿਰਿਆਸ਼ੀਲ ਸਰੂਪ ਹੈ ਅਤੇ ਜੰਮਣ ਮਰਨ ਦੇ ਗੇੜ ਤੋਂ ਰਹਿਤ ਹੈ। “ਇਸੁ ਮਨ ਕਉ ਨਹੀ ਆਵਨ ਜਾਨ” (ਪੰ: ੩੩੦)। ਸ਼ਰੀਰ ਦਾ ਜਨਮ ਅਤੇ ਮੌਤ ਹਉਮੈ ਵਿਚ ਹੁੰਦੀ ਹੈ। ਪੰਜ ਭੋਤਕ ਸਰੀਰ ਤੇ ਸਮਾਂ ਆਉਣ ਤੇ ਖਤਮ ਹੋ ਜਾਂਦਾ ਹੈ ਪਰ ਹਉਮੈ ਕਰਮਾਂ ਦੀ ਮੈਲ ਨਾਲ ਲਥਪਥ ਹੋਈ ਜਮਣ-ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ। “ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥“ (ਪੰ: ੪੬੬); “ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ ਜਨਮ ਮਰਣੁ ਉਸ ਹੀ ਕਉ ਹੈ ਰੇ aਹਾ ਆਵੈ ਜਾਈ॥“ (ਪੰ: ੯੯੯)। ਸਰੀਰ ਇਕ ਵਾਰ ਹੀ ਜੰਮਦਾ-ਮਰਦਾ ਹੈ ਅਤੇ ਮੁੜ ਕੇ ਜਨਮ ਨਹੀਂ ਲੈਂਦਾ। ਪਰ ਹਉਮੈ ਜੰਮਣ-ਮਰਨ ਦੇ ਚਕਰ ਵਿਚ ਪਈ ਰਹਿੰਦੀ ਹੈ। ਹੳਮੈ ਦਾ ਕੋਈ ਸਰੂਪ ਨਹੀਂ ਹੈ। ਗੁਰਬਾਣੀ ਅਨੁਸਾਰ ਹਉਮੈ ਇਕ ਭਰਮ, ਇਕ ਆਕਰਸ਼ਕ ਭਾਵਨਾ ਜਾਂ ਵਲਵਲਾ (emotion) ਹੈ ਜੋ ਮਨ ਨੂੰ ਭੁਚਲਾ ਕੇ ਖੁਆਰ ਕਰਨ ਲਈ ਸਰੀਰ ਨਾਲ ਜਨਮ ਲੈਂਦੀ ਹੈ। “ਤ੍ਰੈ ਗੁਣ ਕੀਆ ਪਸਾਰਾ॥ ਨਰਕ ਸੁਰਗ ਅਵਤਾਰਾ॥ ਹਉਮੈ ਆਵੈ ਜਾਈ॥ ਮਨੁ ਟਿਕਣੁ ਨ ਪਾਵੈ ਰਾਈ॥“ (ਪੰ: ੧੦੦੩)। ਹਉਮੈ ਵਸ ਮਨ ਪ੍ਰਭੂ ਨੂੰ ਭੁਲਾ ਦਿੰਦਾ ਹੈ ਅਤੇ ਮੈਲਾ ਹੋ ਜਾਂਦਾ ਹੈ।  “ਇਹੁ ਮਨੁ ਮੈਲਾ ਇਕੁ ਨ ਧਿਆਇ॥ ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਇ॥“ (ਪੰ: ੧੧੬)। ਹਉਮੈ ਦੀ ਜਨਮ ਜਨਮਾਂਤਰਾਂ ਦੀ ਮੈਲ਼ ਮਨ ਨੂੰ ਕਾਲਾ ਸਿਆਹ ਕਰ ਦਿੰਦੀ ਹੈ। “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ” (ਪੰ: ੬੫੧)। ਜਦੋਂ ਤੱਕ ਮਨ ਦੀ ਮੈਲ ਨਹੀਂ ਲਹਿੰਦੀ ਮਨ ਆਤਮਾ ਨਾਲ ਮਿਲਣਯੋਗ ਨਹੀਂ ਹੁੰਦਾ। ਮਨ ਦੀ ਮੈਲ ਕੇਵਲ ਮਨ ਹੀ ਉਤਾਰ ਸਕਦਾ ਹੈ ਹੋਰ ਕੋਈ ਨਹੀਂ। “ਏਹੁ ਮਨ ਮਾਰਿਆ ਨ ਮਰੈ ਜੇ ਲੋਚੇ ਸਭ ਕੋਇ॥ ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੂ ਭੇਟੈ ਸੋਇ॥“ (ਪੰ: ੧੦੮੯); “ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ॥ ਮਨੁ ਜੋਗੀ ਮਨੁ ਬਿਨਸਿ ਬਿaਗੀ ਮਨੁ ਸਮਝੈ ਗੁਣੁ ਗਾਈ॥“ (ਪੰ: ੧੧੨੫)। ਹਉਮੈ ਤੋਂ ਲੱਗੀ ਮੈਲ ਉਤਰਣ ਨਾਲ ਮਨ ਦੀ ਸਵਾਧੀਨ ਹੋਂਦ ਦਾ ਭਰਮ ਮਿਟ ਜਾਂਦਾ ਹੈ ਅਤੇ ਉਹ ਆਤਮਾ ਸਰੂਪ ਹੋ ਜਾਂਦਾ ਹੈ। ਗੁਰਬਾਣੀ ਮਨ ਦੇ ਆਤਮਾ ਨਾਲ ਮਿਲਾਪ ਨੂੰ ਮਨੁੱਖਾ ਜਨਮ ਦਾ ਮਨੋਰਥ ਆਖਦੀ ਹੈ। “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰਆਿ” (ਪੰ: ੧੨)।

ਗੁਰਬਾਣੀ ਵਿਚ ਸ਼ਬਦ-ਗੁਰੂ ਦੀ ਓਟ ਲੈ ਕੇ ਮਨ ਨੂੰ ਸਾਧਣ, ਮਾਰਨ, ਵਸ ਕਰਨ, ਸਵਾਧੀਨ ਹਸਤੀ ਦਾ ਭਰਮ ਮਿਟਾਉਣ, ਜਾਂ ਮੈਲ ਉਤਾਰਨ ਦੇ ਕਈ ਵਰਨਨ ਮਿਲਦੇ ਹਨ। “ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ॥ ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗ॥“ (ਪੰ:੨੬੦); “ਮਨ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ॥“ (ਪੰ: ੨੮੯); “ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ॥ (ਪੰ: ੧੦੪); “ਮਨ ਅਸਾਧੁ ਸਾਧੈ ਜਨ ਕੋਈ॥ ਅਚਰੁ ਚਰੈ ਤਾ ਨਿਰਮਲੁ ਹੋਈ॥ ਗੁਰਮੁਖਿ ਇਹੁ ਮਨ ਲਇਆ ਸਵਾਰਿ॥ ਹਉਮੈ ਵਿਚਹੁ ਤਜੈ ਵਿਕਾਰ॥“ (ਪੰ: ੬੬੫); “ਮਨੁ ਮਰੈ ਧਾਤੁ ਮਰਿ ਜਾਇ॥ ਬਿਨੁ ਮਨ ਮੂਏ ਕੈਸੇ ਹਰਿ ਪਾਇ॥ ਇਹੁ ਮਨੁ ਮਰੈ ਦਾਰੂ ਜਾਣੈ ਕੋਇ॥ ਮਨੁ ਸਬਦਿ ਮਰੈ ਬੂਝੈ ਜਨੁ ਸੋਇ॥“ (ਪੰ: ੬੬੫); “ਕਹਿ ਕਹਿ ਕਹਣੁ ਕਹੈ ਸਭ ਕੋਇ॥ ਬਿਨੁ ਮਨ ਮੂਏ ਭਗਤਿ ਨ ਹੋਇ॥“ ( ਪੰ: ੧੨੭੭); “ਗੁਰਮਖਿ ਮਨੁ ਜੀਤਾ ਹਉਮੈ ਮਾਰਿ॥ ਗੁਰਮਖਿ ਸਾਚੁ ਰਖਿਆ ਉਰਧਾਰਿ॥“ (ਪੰ: ੯੪੬); “ਘਰਿ ਰਹੁ ਰੇ ਮਨ ਮੁਗਧ ਇਆਨੇ॥ ਰਾਮ ਜਪਹੁ ਅੰਤਰਗਤਿ ਧਿਆਨੇ॥ ਲਾਲਚ ਛੋਡਿ ਰਚਹੁ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ॥“ (ਪੰ: ੧੦੩੦); “ਇਹੁ ਮਨੁ ਖੇਲੈ ਹੁਕਮ ਕਾ ਬਾਧਾ ਇਕ ਖਿਨ ਮਹਿ ਦਹਿਦਿਸਿ ਫਿਰ ਆਵੈ॥ ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ ਮਨ ਗੁਰਮੁਖਿ ਤਤਕਾਲ ਵਸਿ ਆਵੈ॥“ (ਪੰ: ੧੨੬੦)। 


ਗੁਰਬਾਣੀ ਕਥਨਾਂ ਤੇ ਆਧਾਰਤ ਉਪਰੋਕਤ ਵਿਚਾਰ ਇਕ ਬੌਧਿਕ ਵਿਵਰਨ (intellectual description) ਹੈ। ਗੁਰਬਾਣੀ ਮਾਨਵਤਾ ਦੇ ਕਲਯਾਨ ਹਿੱਤ ਇਕੱਤਰਤ ਕੀਤੀ ਧੁਰ ਕੀ ਬਾਣੀ ਦਾ ਅਧਿਆਤਮਕ ਗਿਆਨ ਹੈ ਕੋਈ ਸਮਾਜ ਸ਼ਾਸਤਰ ਜਾਂ ਫਲਸਫਾ ਨਹੀਂ ਹੈ। ਇਹ ਵੀ ਸੱਚ ਹੈ ਕਿ ਗੁਰਬਾਣੀ ਦੇ ਬਹੁਤੇ ਅਨੁਯਾਈਆਂ ਨੂੰ ਗੁਰਬਾਣੀ ਉਪਦੇਸ਼ਾਂ ਨੂੰ ਜਾਨਣ ਦੀ ਲੋੜ ਨਹੀਂ ਭਾਸਦੀ ਕਿਊਂਕੇ ਉਹ ਆਪਣੀ ਸ਼ਰਧਾ ਨੂੰ ਹੀ ਗੁਰਮਤਿ ਗਿਆਨ ਸਮਝਦੇ ਹਨ, ਅਤੇ ਗੁਰਬਾਣੀ ਨੂੰ ਆਪਣੀ ਸੋਚ, ਮਰਜ਼ੀ ਜਾਂ ਲੋੜ ਅਨੁਸਾਰ ਵਰਤਦੇ ਹਨ। ਕ੍ਰੋੜਾਂ ਲੋਕ ਐਸੇ ਵੀ ਹਨ ਜਿਹਨਾਂ ਨੂੰ ਗਰਬਾਣੀ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਜੋ ਗੁਰਬਾਣੀ ਗਿਆਨ ਦੇ ਚਾਨਣ ਤੋਂ ਵਾਂਝੇ ਹਨ। ਜਿਹਨਾਂ ਲੋਕਾਂ ਨੂੰ ਗੁਰਬਾਣੀ ਦੀ ਜਾਣਕਾਰੀ ਹੈ ਉਹਨਾਂ ਵਿਚੋਂ ਬਹੁਤਿਆਂ ਦਾ ਗੁਰਬਾਣੀ ਤੇ ਵਿਸ਼ਵਾਸ ਨਹੀਂ ਹੈ, ਅਤੇ ਜਿਹਨਾਂ ਦਾ ਗੁਰਬਾਣੀ ਤੇ ਵਿਸ਼ਵਾਸ ਹੈ ਉਹ ਗੁਰਬਾਣੀ ਨੂੰ ਆਪਣੀ ਸੋਚ ਅਤੇ ਲੋੜ ਅਨੁਸਾਰ ਵਰਤਣ ਨੁੰ ਹੀ ਸਹੀ ਕਰਾਰ ਦਿੰਦੇ ਹਨ। ਕਈ ਸ਼ਰਧਾਲੂ ਗੁਰਬਾਣੀ ਨੂੰ ਮੰਤਰ ਸਮਝਦੇ ਹਨ ਅਤੇ ਇਸ ਤੋਂ ਸੰਸਾਰਕ ਸਫਲਤਾ ਅਤੇ ਸੁੱਖ ਦੀ ਕਾਮਨਾ ਕਰਦੇ ਹਨ। ਕਈ ਇਸ ਨੂੰ ਵਿਸ਼ੇਸ਼ ਪਹਿਰਾਵਾ ਮੰਨਦੇ ਹਨ। ਕਈ ਇਸ ਦਾ ਵਪਾਰ ਕਰਦੇ ਹਨ ਜਾਂ ਇਸ ਨੂੰ ਆਪਣੇ ਵਪਾਰ ਵਿਚ ਲਾਹਾ ਖੱਟਣ ਲਈ ਵਰਤਦੇ ਹਨ। ਕਈ ਇਸ ਨੂੰ ਰਾਜਸੀ ਸ਼ਕਤੀ ਦਾ ਹਥਿਆਰ ਬਣਾ ਕੇ ਰਾਜ ਸੱਤਾ ਦੀ ਪਰਾਪਤੀ ਲਈ ਵਰਤਦੇ ਹਨ। ਕਈਆਂ ਦਾ ਇਹ ਕਿੱਤਾ ਬਣੀ ਹੋਈ ਹੈ। ਕਈ ਇਸ ਨੂੰ ਸਮਾਜ ਸੁਧਾਰ ਦਾ ਵਸੀਲਾ ਆਖਦੇ ਹਨ। ਕਈ ਇਸ ਨੂੰ ਨੈਤਿਕ ਜੀਵਨ ਦਾ ਆਧਾਰ ਬਣਾ ਕੇ ਇਸ ਤੋਂ ਨੇਕ ਨੀਤੀ ਦੇ ਜੀਵਨ ਵਿਚ ਅਗਵਾਈ ਲੈਂਦੇ ਹਨ। ਕੋਈ ਵਿਰਲੇ ਐਸੇ ਵੀ ਹਨ ਜੋ ਗੁਰ-ਸ਼ਬਦ ਦੀ ਓਟ ਲੈ ਕੇ ਆਪਣੇ ਮਨ ਨੂੰ ਸਾਧਣ ਦਾ ਜਤਨ ਕਰਦੇ ਹਨ। ਉਹ ਆਪਣੇ ਜੀਵਨ ਵਿਚ ਐਸੇ ਗੁਣ ਧਾਰਨ ਕਰਨ ਦਾ ਪਰਿਆਸ ਕਰਦੇ ਹਨ ਜੋ ਗੁਰਬਾਣੀ ਉਪਦੇਸ਼ ਦੇ ਅਨੁਕੂਲ ਹੋਣ, ਜਿਵੇਂ ਹਲੀਮੀ, ਮਨੁੱਖੀ ਬਰਾਬਰਤਾ, ਪਰੇਮ ਭਾਵਨਾ, ਸੇਵਾ ਭਾਵਨਾ, ਨਿਰਵੈਰਤਾ, ਨਿਰਭੈਤਾ, ਸਹਿਜ, ਸ਼ਾਂਤੀ, ਨਿਸ਼ਕਾਮ ਕਰਮ ਕਰਨਾ, ਸੰਸਾਰਕ ਜ਼ਿਮੇਵਾਰੀ ਨਿਭਾਉਣਾ, ਪ੍ਰਭੂ ਦਾ ਭਾਣਾ ਮੰਨਣਾ, ਆਦਿ। ਉਹ ਪ੍ਰਭੂ ਦੇ ਭੈ, ਭਾਓ ਅਤੇ ਯਾਦ ਵਿਚ ਰਹਿ ਕੇ ਸਮਾਜ ਵਿਚ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਕਾਰ ਵਿਹਾਰ ਕਰਦੇ ਹਨ ਅਤੇ ਸਤਿ ਸੰਗਤ ਵਿਚ ਜੁੜ ਕੇ ਪ੍ਰਭੂ ਦਾ ਸਿਮਰਨ ਕਰਦੇ ਹਨ ਤਾਂ ਜੋ ਉਹ ਗੁਰਮਤਿ ਗਾਡੀ ਰਾਹ ਦੇ ਪਾਂਧੀਆਂ ਵਜੋਂ ਪਰਵਾਨ ਹੋ ਸਕਣ। ਐਸੇ ਸ਼ਰਧਾਲੂਆਂ ਨੂੰ ਵਿਸ਼ੇ ਵਿਕਾਰਾਂ ਪਰ ਕਾਬੂ ਪਾਉਣ ਲਈ ਮਨ ਨੂੰ ਤਕੜਾ ਕਰਨਾ ਪੈਂਦਾ ਹੈ। ਇਸ ਦੇ ਨਾਲ ਨਾਲ ਉਹਨਾਂ ਨੂੰ ਸਮਾਜਕ ਸ਼ਕਤੀਆਂ ਦੀ ਵਿਰੋਧਤਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਿਊਂਕੇ ਸਮਾਜਕ ਸ਼ਕਤੀਆਂ ਪਰਚਲਤ ਸਮਾਜਕ ਵਿਹਾਰ ਅਤੇ ਆਪਣੇ ਅਧਿਕਾਰਾਂ ਨੂੰ ਕਿਸੇ ਪਰਕਾਰ ਦੀ ਚਣੌਤੀ ਬਰਦਾਸ਼ਤ ਨਹੀਂ ਕਰਦੀਆਂ ਭਾਵੇਂ ਉਹ ਕਲਪਤ ਹੀ ਕਿਊਂ ਨਾ ਹੋਵੇ। ਸਿੱਖ ਧਰਮ ਦਾ ਉਪਾਸ਼ਕ ਬਨਣਾ ਸੁਖਾਲਾ ਹੈ ਪਰ ਗੁਰਮਤਿ ਦਾ ਧਾਰਨੀ ਹੋਣਾ ਬਹੁਤ ਔਖਾ ਹੈ। ਗੁਰਮਤਿ ਅਤੇ ਸਿੱਖ ਧਰਮ ਦੇ ਅੰਤਰ ਨੂੰ ਗਰੈਹਣ ਕਰ ਕੇ ਹੀ ਗੁਰਮਤਿ ਦੀ ਵਾਸਤਵਿਕਤਾ ਦੀ ਸਮਝ ਪੈ ਸਕਦੀ ਹੈ। ਗੁਰਮਤਿ ਅਧਿਆਤਮਕ ਵਿਚਾਰਧਾਰਾ ਹੈ ਅਤੇ ਸਿੱਖ ਧਰਮ ਦੀ ਬੁਨਿਆਦ ਹੈ। ਪਰ ਸਿੱਖ ਧਰਮ ਇਕ ਸਮਾਜਕ ਇਕਾਈ ਹੈ ਜੋ ਮਾਇਆ ਵਿਢੇ ਸੰਸਾਰ ਵਿਚ ਗੁਰਮਤਿ ਵਿਚਾਰਧਾਰਾ ਨੂੰ ਅਭਿਵਿਅਕਤ ਕਰਨ ਦਾ ਪਰਿਆਸ ਕਰਦੀ ਹੈ। ਦਰ ਅਸਲ ਗੁਰਮਤਿ ਪਰਮਾਤਮਾ, ਆਤਮਾ ਅਤੇ ਮਨ ਦਾ ਗਿਆਨ ਹੈ ਜਿਸ ਦਾ ਅਨੁਭਵ ਅਤੇ ਪਰਾਪਤੀ ਭਾਗਾਂ ਵਾਲਿਆਂ ਨੂੰ ਹੁੰਦੀ ਹੈ।
.