.

ਸਿਖ ਮੱਤ ਦੀ ਅਧਿਆਤਮਿਕਤਾ

ਭਾਗ ਦੂਜਾ

ਲੇਖ ਦੇ ‘ਭਾਗ ਪਹਿਲਾ’ ਵਿੱਚ ਅਸੀਂ ਸੰਸਾਰ ਦੇ ਪਰਮੁੱਖ ਧਰਮਾਂ ਦਾ ਤੁਲਨਾਤਮਿਕ ਅਧਿਐਨ ਕਰਦੇ ਹੋਏ ਵੇਖਿਆ ਹੈ ਕਿ ਅਧਿਆਤਮਿਕਤਾ ਦੇ ਪੱਖੋਂ ਸਿੱਖ ਮੱਤ ਦੀ ਬਿਲਕੁਲ ਹੀ ਨਿਵੇਕਲੀ ਤਸਵੀਰ ਪਰਗਟ ਹੁੰਦੀ ਹੈ। ਇਸ ਸੰਦਰਭ ਵਿੱਚ ਸਿੱਖ ਮੱਤ ਦੀ ਅਧਿਆਤਮਿਕਤਾ ਦੇ ਕੁੱਝ ਪਹਿਲੂ ਵਿਸ਼ੇਸ਼ ਤੌਰ ਤੇ ਧਿਆਨ ਮੰਗਦੇ ਪਰਤੀਤ ਹੁੰਦੇ ਹਨ ਜਿਹਨਾਂ ਬਾਰੇ ਸੰਖੇਪ ਵਿੱਚ ਕੁੱਝ ਵਿਚਾਰ ਇੱਥੇ ਅਤੇ ‘ਭਾਗ ਤੀਜਾ’ ਵਿੱਚ ਦਿੱਤੇ ਜਾ ਰਹੇ ਹਨ।

ਆਤਮਾ

ਅਸੀਂ ਵੇਖਿਆ ਹੈ ਕਿ ਗੁਰਮੱਤ ਵਿੱਚ ‘ਆਤਮਾ’ ਦਾ ਰੂਹ (soul ) ਦੇ ਤੌਰ ਤੇ ਸੰਕਲਪ ਮੌਜੂਦ ਨਹੀਂ। ਉੱਧਰ ਗੁਰਬਾਣੀ ਵਿੱਚ ਸ਼ਬਦ-ਰੂਪ ‘ਆਤਮਾ’ ਅਤੇ ‘ਆਤਮ’ ਦੋਵੇਂ ਹੀ ਖੁਲ੍ਹੇ ਤੌਰ ਤੇ ਵਰਤੇ ਹੋਏ ਮਿਲਦੇ ਹਨ। ਸਮੁੱਚੀ ਗੁਰਬਾਣੀ ਵਿੱਚ ਸ਼ਬਦ-ਰੂਪ ‘ਆਤਮ’ ਅਜ਼ਾਦ ਰੂਪ ਵਿੱਚ ਅਤੇ ਦੂਸਰੇ ਸ਼ਬਦਾਂ ਦੇ ਹਿੱਸੇ (stem ) ਦੇ ਤੌਰ ਤੇ ਤਕਰੀਬਨ ਡੇਢ ਸੌ ਵਾਰ ਵਰਤਿਆ ਗਿਆ ਹੈ ਪਰੰਤੂ ਹਰ ਥਾਂ ਤੇ ਇਸ ਦਾ ਅਰਥ ‘ਸਵੈ’ (self) ਤੋਂ ਹੈ (ਜਿਸ ਨੂੰ ‘ਨਿੱਜ’, ‘ਆਪਾ’ ਜਾਂ ‘ਆਪਣਾ-ਆਪ’ ਵੀ ਕਿਹਾ ਜਾ ਸਕਦਾ ਹੈ)। ਕਿਸੇ ਜਗਹ ਤੇ ਇਹ ‘ਸਵੈ’ ਮਨੁੱਖ ਦਾ ‘ਆਪਾ’ ਹੈ ਅਤੇ ਕਿਸੇ ਜਗਹ ਤੇ ਇਹ ‘ਸਵੈ’ ਪ੍ਰਭੂ ਦਾ ‘ਆਪਾ’ ਵੀ ਹੈ ਜੋ ‘ਵਡੇਰਾ ਸਵੈ’ (the greater self) ਹੈ। ਇੱਸੇ ਤਰ੍ਹਾਂ ਗੁਰਬਾਣੀ ਵਿੱਚ ‘ਆਤਮਾ’ ਅਜ਼ਾਦ ਰੂਪ ਵਿੱਚ ਪੰਦਰਾਂ ਕੁ ਵਾਰ ਵਰਤਿਆ ਗਿਆ ਹੈ ਪਰੰਤੂ ਇਹ ਸ਼ਬਦ-ਰੂਪ ਵੀ, ਕਦੀ ਮਨੁੱਖ ਲਈ ਅਤੇ ਕਦੇ ਪ੍ਰਭੂ ਲਈ, ‘ਆਪਣਾ-ਆਪ’ ਜਾਂ ‘ਸਵੈ’ (self) ਦੇ ਅਰਥਾਂ ਵਿੱਚ ਹੀ ਵਰਤਿਆ ਗਿਆ ਹੈ, ‘ਰੂਹ’ (soul) ਦੇ ਅਰਥਾਂ ਵਿੱਚ ਨਹੀਂ। ‘ਆਤਮਾ’ ਨੂੰ ‘ਰੂਹ’ ਦੇ ਤੌਰ ਤੇ ਲੈਂਦੇ ਹੋਏ ਇਸ ਨੂੰ ਇਸਤਰੀਲਿੰਗ ਦੇ ਤੌਰ ਤੇ ਹੀ ਕਿਆਸਿਆ ਜਾਂਦਾ ਹੈ ਪਰੰਤੂ ਸਮੁੱਚੀ ਗੁਰਬਾਣੀ ਵਿੱਚ ‘ਆਤਮ’ ਅਤੇ ‘ਆਤਮਾ’ ਦੋਵੇਂ ਸ਼ਬਦ-ਰੂਪ ਮਨੁੱਖ ਅਤੇ ਪ੍ਰਭੂ ਦੇ ‘ਸਵੈ’ ਦੇ ਤੌਰ ਤੇ ਕਿਆਸੇ ਗਏ ਹੋਣ ਕਰਕੇ ਪੁਲਿੰਗਵਾਚੀ ਸ਼ਬਦਾਂ ਦੇ ਤੌਰ ਤੇ ਵਰਤੇ ਗਏ ਹਨ।

ਸਿਖ ਵਿਚਾਰਵਾਨਾਂ ਦੀ ਹਾਲਤ ਨੂੰ ਵੇਖਿਆ ਜਾਵੇ ਤਾਂ ਉਹਨਾਂ ਵਿੱਚੋਂ ਬਹੁ-ਗਿਣਤੀ ਵਿੱਚ ਗੁਰਬਾਣੀ ਵਿੱਚ ਆਏ ‘ਆਤਮ’ ਅਤੇ ‘ਆਤਮਾ’ ਨੂੰ ‘ਰੂਹ’ (soul) ਦੇ ਅਰਥ ਹੀ ਦੇਈ ਜਾ ਰਹੇ ਹਨ ਅਤੇ ਪਾਠਕ/ਸਰੋਤਿਆਂ ਅੱਗੇ ਗੁਰਬਾਣੀ ਦੀ ਅਨੁਚਿਤ ਵਿਆਖਿਆ ਪਰੋਸੀ ਜਾ ਰਹੇ ਹਨ। ਦੂਸਰੇ ਪਾਸੇ ਜੋ ਵਿਚਾਰਵਾਨ ਗੁਰਬਾਣੀ ਦੇ ਸੰਦਰਭ ਵਿੱਚ ‘ਆਤਮ’ ਜਾਂ ‘ਆਤਮਾ’ ਨੂੰ ‘ਰੂਹ’ (soul ) ਦੇ ਅਰਥ ਦੇਣ ਦੀ ਗਲਤੀ ਨੂੰ ਸਮਝਦੇ ਹਨ ਉਹ ਸਹੀ ਗੱਲ ਨੂੰ ਖੁਲ੍ਹ ਕੇ ਨਹੀਂ ਕਰਦੇ। ਸਗੋਂ ਅਜਿਹੇ ਵਿਚਾਰਵਾਨਾਂ ਨੇ ਕੁੱਝ ਅਜਿਹੇ ਸ਼ਬਦ-ਰੂਪ ਘੜ ਰੱਖੇ ਹਨ ਜੋ ਗੁਰਬਾਣੀ ਵਿੱਚ ਵਰਤੇ ਹੋਏ ‘ਆਤਮ’ ਜਾਂ ‘ਆਤਮਾ’ ਦੇ ਵਿਕਲਪ ਦੇ ਤੌਰ ਤੇ ਵਰਤੇ ਜਾਣ ਤੇ ਆਤਮ/ਆਤਮਾ ਦੇ ‘ਰੂਹ’ ਹੋਣ ਦਾ ਭੁਲੇਖਾ ਹੀ ਪਾਉਂਦੇ ਹਨ। ਅਜਿਹੇ ਸ਼ਬਦ-ਰੂਪਾਂ ਵਿੱਚੋਂ ਹਨ ‘ਜੀਵਾਤਮਾ’, ‘ਅੰਤਰਾਤਮਾ’, ‘ਹੰਸ’ ਅਤੇ ‘ਜੋਤ’ ; ਭਾਵ ਉਹ ਵਿਚਾਰਵਾਨ ਗੁਰਬਾਣੀ ਵਿੱਚ ਵਰਤੇ ਹੋਏ ‘ਆਤਮ’ ਜਾਂ ‘ਆਤਮਾ’ ਨੂੰ ਸਿੱਧੇ ਤੌਰ ਤੇ ‘ਸਵੈ’ ਜਾਂ ‘ਆਪਾ’ ਕਹਿਣ ਦੀ ਬਜਾਏ ‘ਜੀਵਾਤਮਾ’, ‘ਅੰਤਰਾਤਮਾ’, ‘ਹੰਸ’ ਜਾਂ ‘ਜੋਤ’ ਕਹਿ ਦਿੰਦੇ ਹਨ ਅਤੇ ਨਾਲ ਹੀ ਪ੍ਰਭੂ ਲਈ ‘ਪਰਮਾਤਮਾ’ ਸ਼ਬਦ ਦਾ ਵੀ ਪਰਯੋਗ ਕਰਦੇ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਪਾਠਕ ਜਾਂ ਸਰੋਤਾ ‘ਜੀਵਾਤਮਾ’, ‘ਅੰਤਰਾਤਮਾ’, ‘ਹੰਸ’ ਜਾਂ ‘ਜੋਤ’ ਨੂੰ ‘ਰੂਹ’ ਦੇ ਤੌਰ ਤੇ ਹੀ ਲੈਂਦਾ ਹੈ ਅਤੇ ਗੱਲ ਉੱਥੇ ਦੀ ਉੱਥੇ ਹੀ ਰਹਿੰਦੀ ਹੈ। ਹੋਰ ਸ਼ਬਦ-ਰੂਪ ਜਿਹਨਾਂ ਨੂੰ ਗੁਰਬਾਣੀ ਵਿੱਚ ਆਏ ‘ਆਤਮ’ ਜਾਂ ‘ਆਤਮਾ’ ਦੀ ਜਗਹ ਤੇ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਹਨ ‘ਜੀਵਨ ਸ਼ਕਤੀ’ (Life-Force) ਅਤੇ ‘ਜੀਵਨ ਊਰਜਾ’ (Life-Energy)। ਉਂਜ ਸਾਰੇ ਜਾਨਦਾਰ ਜੀਵਾਂ ਵਿੱਚ ‘ਜੀਵਨ ਸ਼ਕਤੀ’ ਜਾਂ ‘ਜੀਵਨ ਊਰਜਾ’ ਦਾ ਮੌਜੂਦ ਹੋਣਾ ਇੱਕ ਕੁਦਰਤੀ ਵਰਤਾਰਾ ਹੈ ਅਤੇ ਹਰ ਕੁਦਰਤੀ ਵਰਤਾਰੇ ਜਾਂ ਨਿਯਮ ਨੂੰ ਗੁਰਬਾਣੀ ਪੂਰੀ-ਸੂਰੀ ਮਾਨਤਾ ਦਿੰਦੀ ਹੈ। ਕਿਸੇ ਵੀ ਜੀਵ ਦੇ ਸਰੀਰ ਦਾ ਹਰੇਕ ਕੋਸ਼ਾਣੂ (cell) ਇੱਕ ਅਤੀ ਗੁੰਝਲਦਾਰ ਪਰੰਤੂ ਸ਼ਕਤੀ-ਭਰਪੂਰ ਸੰਰਚਨਾ ਹੁੰਦੀ ਹੈ ਅਤੇ ਇੱਸੇ ਤਰ੍ਹਾਂ ਕਿਸੇ ਵੀ ਨਿਰਜਿੰਦ ਪਦਾਰਥ ਵਿੱਚ ਸ਼ਾਮਲ ਹਰ ਅਣੂ ‘ਊਰਜਾ’ ਨਾਲ ਭਰਪੂਰ ਹੈ ਕਿਉਂਕਿ ਅਣੂ ਦੇ ਆਪਣੇ ਅੰਸ਼ ( components) ਹਰ ਪਲ ਗਤੀਸ਼ੀਲ ਰਹਿੰਦੇ ਹਨ। ਚਾਹੀਦਾ ਤਾਂ ਇਹ ਹੈ ਕਿ ‘ਸ਼ਕਤੀ’ ਅਤੇ ‘ਊਰਜਾ’ ਵਰਗੇ ਸ਼ਬਦ-ਰੂਪਾਂ ਨੂੰ ‘ਸਵੈ’ ਦੀਆਂ ਵਿਸ਼ੇਸਤਾਵਾਂ ਦੇ ਤੌਰ ਤੇ ਦਰਸਾਇਆ ਜਾਵੇ ਨਾਂ ਕਿ ਸ਼ਬਦ-ਰੂਪ ‘ਰੂਹ’ ਦੇ ਬਦਲ ਦੇ ਤੌਰ ਤੇ। ਗੁਰਮੱਤ ਦੀ ਸਹੀ ਪੇਸ਼ਕਾਰੀ ਲਈ ਜੀਵੰਤ ਹੋਣ ਦੀ ਸਥਿਤੀ ਨੂੰ ‘ਜੀਵਨ-ਪ੍ਰਵਾਹ’ ਦੇ ਤੌਰ ਤੇ ਦਰਸਾਇਆ ਜਾ ਸਕਦਾ ਹੈ ਅਤੇ ਨਿਰਜਿੰਦ ਪਦਾਰਥਾਂ ਦੇ ਅਸਤਿੱਤਵ ਨੂੰ ‘ਅਣੂ-ਭੰਡਾਰ’ ਦੇ ਤੌਰ ਤੇ। ਗੁਰਬਾਣੀ ਵਿੱਚ ਨਾਂ ਤਾਂ ਸ਼ਬਦ-ਰੂਪ ‘ਜੀਵਾਤਮਾ’ ਦੀ ਵਰਤੋਂ ਕੀਤੀ ਗਈ ਹੈ ਅਤੇ ਨਾਂ ਹੀ ‘ਅੰਤਰਾਤਮਾ’ ਦੀ। ਉੱਧਰ ਗੁਰਬਾਣੀ ਵਿੱਚ ਆਉਂਦੇ ਸ਼ਬਦ-ਰੂਪਾਂ ‘ਹੰਸ’ ਅਤੇ ‘ਜੋਤ’ ਦੀ ਵਰਤੋਂ ‘ਜੀਵਨ-ਪ੍ਰਵਾਹ’ ਦੇ ਪਰਤੀਕ ਦੇ ਤੌਰ ਤੇ ਕੀਤੀ ਗਈ ਹੈ, ‘ਰੂਹ’ (soul) ਦੇ ਪਰਤੀਕ ਦੇ ਤੌਰ ਤੇ ਨਹੀਂ ਜਿਵੇਂ ਕਿ ਹੇਠਾਂ ਦਿੱਤੀਆਂ ਸਤਰਾਂ ਵਿੱਚ ਵੇਖਿਆ ਜਾ ਸਕਦਾ ਹੈ:

ਹੰਸ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ॥ (ਪਵਿੱਤਰ ਗ੍ਰੰਥ, ਪੰਨਾਂ 794)

ਸਭ ਮਹਿ ਜੋਤਿ ਜੋਤਿ ਹੈ ਸੋਇ॥ (ਪਵਿੱਤਰ ਗ੍ਰੰਥ, ਪੰਨਾਂ 13)

ਸੋ ਸਿਖ ਸ਼ਰਧਾਲੂਆਂ ਅਤੇ ਗੁਰਬਾਣੀ ਦੇ ਸਾਰੇ ਵਿਆਖਿਆਕਾਰਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਭੂ ਲਈ ‘ਪਰਮਾਤਮਾ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕਰਦੇ ਹੋਏ ਗੁਰਬਾਣੀ ਦੇ ਸੰਦਰਭ ਵਿੱਚ ਵਰਤੇ ਗਏ ਸ਼ਬਦ-ਰੂਪਾਂ ‘ਆਤਮ’ ਜਾਂ ‘ਆਤਮਾ’ ਦੀ ਵਿਆਖਿਆ ਕਰਨ ਵੇਲੇ ਬੇਝਿਜਕ ਹੋ ਕੇ ਅਤੇ ਸਪਸ਼ਟ ਰੂਪ ਵਿੱਚ ਇਹਨਾਂ ਸ਼ਬਦ-ਰੂਪਾਂ ਦੇ ਗੁਰਬਾਣੀ ਦੀ ਭਾਵਨਾਂ ਅਨੁਸਾਰ ‘ਰੂਹ’ ਦੀ ਬਜਾਇ ‘ਸਵੈ’ ਵਾਲੇ ਅਰਥ ਪੇਸ਼ ਕਰਨ।

ਪ੍ਰਭੂ ਦੀ ਹੋਂਦ

ਜਿਵੇਂ ਕਿ ਪਹਿਲੇ ਦਸਿੱਆ ਜਾ ਚੁੱਕਾ ਹੈ ਸਿਖ ਮੱਤ ਵਿੱਚ ਪ੍ਰਭੂ-ਪਰਮੇਸ਼ਵਰ (God ) ਦੀ ਹੋਂਦ ਨੂੰ ਪੂਰੀ-ਸੂਰੀ ਮਾਨਤਾ ਪਰਾਪਤ ਹੈ। ਗੁਰਬਾਣੀ ਵਿੱਚ ਦੋ ਥਾਵਾਂ ਤੇ ‘ਆਤਮ’ ਸ਼ਬਦ-ਰੂਪ ‘ਪਰਾਤਮ’ (ਪਰ+ਆਤਮ) ਦੇ ਹਿੱਸੇ ਦੇ ਤੌਰ ਤੇ ਆਇਆ ਹੈ ਅਤੇ ਇਹਨਾਂ ਦੋਵਾਂ ਥਾਵਾਂ ਤੇ ‘ਪਰਾਤਮ’ ਦਾ ਅਰਥ ਪ੍ਰਭੂ-ਪਰਮੇਸ਼ਵਰ ਦੇ ‘ਵਡੇਰਾ ਸਵੈ’ ਹੋਣ ਤੋਂ ਹੈ। ਉੱਧਰ ਗੁਰਬਾਣੀ ਵਿੱਚ ਇੱਕ ਥਾਂ ਤੇ ‘ਆਤਮ’ ਸ਼ਬਦ-ਰੂਪ ‘ਪਰਮਾਤਮੁ’ (ਪਰਮ+ਆਤਮ) ਦੇ ਹਿੱਸੇ ਦੇ ਤੌਰ ਤੇ ਆਇਆ ਹੈ ਜਿਵੇਂ ਕਿ ਹੇਠਾਂ ਵਿਖਾਇਆ ਗਿਆ ਹੈ:

ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ॥

ਏਕੋ ਅੰਮ੍ਰਿਤੁ ਬਿਰਖ ਹੈ ਫਲੁ ਅੰਮ੍ਰਿਤੁ ਹੋਈ॥ (ਪਵਿੱਤਰ ਗ੍ਰੰਥ, ਪੰਨਾਂ 421)

ਭਾਵ ਅਰਥ: ਜੋ ਮਨੁੱਖ ਆਪਣੇ ਸਵੈ ਦੀ (ਪ੍ਰਭੂ ਦੇ ਅੰਸ਼ ਦੇ ਤੌਰ ਤੇ) ਪਛਾਣ ਕਰ ਲੈਂਦਾ ਹੈ ਉਹ ਪ੍ਰਭੂ (supreme self) ਦਾ ਰੂਪ ਹੀ ਬਣ ਜਾਂਦਾ ਹੈ। ਅਜਿਹਾ ਮਨੁੱਖ ‘ਅੰਮ੍ਰਿਤ ਬਿਰਖ’ ਰੂਪੀ ਪ੍ਰਭੂ ਦੇ ਫਲ ਵਾਂਗ ਹੈ ਜੋ ਉੱਸੇ ਹੀ ਅੰਮ੍ਰਿਤ ਨਾਲ ਰਸਿਆ ਹੋਇਆ ਹੈ। ਭਾਵ ਇੱਥੇ ‘ਪਰਮਾਤਮੁ’ ਸ਼ਬਦ ‘ਪਰਮ+ਆਤਮਾ’ ਜਾਂ ‘ਸਰਵਸ੍ਰੇਸ਼ਟ ਰੂਹ’ (supreme soul) ਦੇ ਅਰਥ ਬਿਲਕੁਲ ਨਹੀ ਦਿੰਦਾ।

ਗੁਰਬਾਣੀ ਵਿੱਚ ਪ੍ਰਭੂ-ਪਰਮੇਸ਼ਵਰ ਲਈ ਸ਼ਬਦ-ਰੂਪ ‘ਆਤਮਾ’ ਦੀ ਵਰਤੋਂ ਕੀਤੀ ਹੋਈ ਵੀ ਮਿਲਦੀ ਹੈ ਪਰੰਤੂ ਇਹ ਵਰਤੋਂ ‘ਆਤਮਾ ਦੇਓ’, ‘ਆਤਮਾ ਰਾਮੁ’ ਜਾਂ ‘ਪਰਾਤਮਾ’ ਦੇ ਰੂਪ ਵਿੱਚ ਕੀਤੀ ਗਈ ਹੋਈ ਹੈ ਅਤੇ ਇਸ ਵਰਤੋਂ ਵਿੱਚ ਵੀ ‘ਆਤਮਾ’ ਦਾ ਅਰਥ ‘ਵਡੇਰਾ ਸਵੈ’ (the greater self) ਤੋਂ ਹੈ, ‘ਸਰਵਸ੍ਰੇਸ਼ਟ ਆਤਮਾ’ (supreme soul ) ਤੋਂ ਨਹੀਂ। ‘ਪਰਾਤਮਾ’ ਵਾਂਗ ਸਾਰੀਆਂ ਥਾਵਾਂ ਤੇ ਪ੍ਰਭੂ-ਪਰਮੇਸ਼ਵਰ ਲਈ ਇਹ ਵਰਤੋਂ ‘ਪਰ’ ਭਾਵ ‘ਵਡੇਰਾ/ਉਚੇਰਾ’ (greater / senior ) ਦੇ ਅਰਥਾਂ ਵਿੱਚ ਕੀਤੀ ਗਈ ਹੋਈ ਹੈ ਜਿਵੇਂ ਕਿ ‘ਪੜਦਾਦਾ’, ‘ਪੜਨਾਨੀ’ ਆਦਿਕ ਸ਼ਬਦ-ਰੂਪਾਂ ਵਿੱਚ ‘ਪੜ’ ਦੀ ਵਰਤੋਂ ਕੀਤੀ ਜਾਂਦੀ ਹੈ ਜੋ ‘ਪਰ’ (ਵਡੇਰਾ) ਦਾ ਹੀ ਬਦਲਿਆ ਹੋਇਆ ਰੂਪ ਹੈ।

ਗੁਰਬਾਣੀ ਵਿੱਚ ਸ਼ਬਦ-ਰੂਪ ‘ਪਰਮਾਤਮਾ’ ਦੀ ਵਰਤੋਂ ਇੱਕ ਵਾਰ ਵੀ ਨਹੀਂ ਹੋਈ। ਗੁਰਬਾਣੀ ਵਿੱਚ ਰੱਬ ਲਈ ‘ਪਰਮਾਤਮਾ’ ਸ਼ਬਦ-ਰੂਪ ਦੀ ਵਰਤੋਂ ਦਾ ਨਾ ਹੋਣ ਦਾ ਵਿਸ਼ੇਸ਼ ਮਤਲਬ ਇਹਯੋ ਹੀ ਹੈ ਕਿ ਗੁਰਬਾਣੀ ਰੱਬ ਨੂੰ ‘ਪਰਮ ਆਤਮਾ’ (supreme soul) ਦੇ ਤੌਰ ਤੇ ਮਾਨਤਾ ਨਹੀਂ ਦਿੰਦੀ। ਗੁਰਬਾਣੀ ਵਿੱਚ ਰੱਬ (God) ਲਈ ਅਨੇਕਾਂ ਸ਼ਬਦ-ਰੂਪ ਵਰਤੇ ਗਏ ਹਨ ਜਿਵੇਂ ਕਿ ਸੱਚ, ਗੁਰੂ, ਸਤਿਗੁਰੂ, ਪਰਮੇਸਰ, ਪਾਰਬ੍ਰਹਮ, ਕਰਤਾਰ, ਵਾਹਗੁਰੂ, ਧਰਮ ਰਾਜ, ਰਾਮ, ਆਤਮਾ ਰਾਮ, ਹਰੀ, ਸਵਾਮੀ, ਮਾਲਿਕ, ਜਗਦੀਸ, ਪੀਤੰਬਰ ਆਦਿਕ ਪਰੰਤੂ ਇਹਨਾਂ ਵਿੱਚੋਂ ਕੋਈ ਵੀ ਸ਼ਬਦ-ਰੂਪ ‘ਪਰਮ ਆਤਮਾ’ (supreme soul) ਦਾ ਅਰਥ ਨਹੀਂ ਦਿੰਦਾ। ਇਸ ਤੋਂ ਸਿੱਟਾ ਇਹੀ ਨਿਕਲਦਾ ਹੈ ਕਿ ਅਸੀਂ ਗੁਰਮੱਤ ਦੇ ਸੰਦਰਭ ਵਿੱਚ ਪ੍ਰਭੂ-ਪਰਮੇਸ਼ਵਰ ਲਈ ‘ਪਰਮਾਤਮਾ’ ਸ਼ਬਦ ਦੀ ਵਰਤੋਂ ਕਰ ਕੇ ਭੁੱਲ ਕਰਦੇ ਆ ਰਹੇ ਹਾਂ। ਪਰੰਤੂ ਆਮ ਬੋਲ-ਚਾਲ ਵਿੱਚ ਵੀ ਅਤੇ ਗੁਰਬਾਣੀ ਦੀ ਵਿਆਖਿਆ ਵੇਲੇ ਵੀ ਪ੍ਰਭੂ ਲਈ ‘ਪਰਮਾਤਮਾ’ ਸ਼ਬਦ-ਰੂਪ ਦੀ ਵਰਤੋਂ ਇਤਨੀ ਆਮ ਹੈ ਕਿ ਅਸੀਂ ਇਹ ਸੋਚਦੇ ਹੀ ਨਹੀਂ ਕਿ ਅਜਿਹਾ ਅਸੀਂ ਆਪਣੇ ਮਨਾਂ ਦੇ ਅਵਚੇਤਨ ਵਾਲੇ (sub-conscious) ਹਿੱਸੇ ਵਿੱਚ ਜੜ੍ਹਾਂ ਲਗਾ ਕੇ ਜੰਮੇਂ ਬੈਠੇ ਹਿੰਦੂ ਪਰਭਾਵ ਕਰਕੇ ਕਰ ਰਹੇ ਹੁੰਦੇ ਹਾਂ। ਜੇਕਰ ਅਸੀਂ ਗੁਰਮੱਤ ਪ੍ਰਤੀ ਸੁਹਿਰਦ ਹਾਂ ਤਾਂ ਸਾਨੂੰ ਪ੍ਰਭੂ ਲਈ ‘ਪਰਮਾਤਮਾ’ ਸ਼ਬਦ-ਰੂਪ ਦੀ ਵਰਤੋਂ ਉੱਤੇ ਰੋਕ ਲਗਾ ਲੈਣੀ ਚਾਹੀਦੀ ਹੈ ਅਤੇ ਵਿਆਖਿਆਕਾਰਾਂ ਨੂੰ ਗੁਰਬਾਣੀ ਦੇ ਇਸ ਪੱਖ ਦਾ ਬੇਝਿਜਕ ਹੋ ਕੇ ਅਤੇ ਖੁਲ੍ਹ ਕੇ ਪਰਚਾਰ ਕਰਨਾ ਚਾਹੀਦਾ ਹੈ।

ਮਨੁੱਖ ਅਤੇ ਪ੍ਰਭੂ ਦਾ ਸਬੰਧ

ਗੁਰਬਾਣੀ ਮਨੁੱਖੀ ਹੋਂਦ ਨੂੰ ਪੰਜ ਤੱਤਾਂ (ਪੰਜ ਭੂਤਾਂ) ਦਾ ਸੁਮੇਲ ਗਿਣਦੀ ਹੈ ਅਤੇ ਇਹ ਤੱਤ ਹਨ: ਧਰਤੀ, ਪਾਣੀ, ਹਵਾ, ਅਗਨੀ ਅਤੇ ਅਕਾਸ਼। ਪੰਜ ਤੱਤ ਵਾਲੀ ਇਹ ਧਾਰਨਾ ਗੁਰਬਾਣੀ ਵਿੱਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:

ਪੰਚ ਤਤ ਕਾ ਰਚਨ ਰਚਾਨਾ॥ (ਪਵਿੱਤਰ ਗ੍ਰੰਥ, ਪੰਨਾਂ 1073)

ਪੰਚ ਤਤੁ ਮਿਲ ਕਾਇਆ ਕੀਨੀ॥ ਤਿਸ ਮਹਿ ਰਾਮ ਰਤਨੁ ਲੈ ਚੀਨੀ॥ (ਪਵਿੱਤਰ ਗ੍ਰੰਥ, ਪੰਨਾਂ 1030)

ਆਤਮ ਜਾਂ ਆਤਮਾ ਮਨੁੱਖ ਦਾ ‘ਸਵੈ’ ਜਾਂ ‘ਆਪਣਾ-ਆਪ’ (self) ਹੈ ਜਿਸ ਵਿੱਚ ਸਰੀਰ ਦੇ ਨਾਲ-ਨਾਲ ਉਸ ਦਾ ਮਨੋਵਿਗਿਆਨਕ ਪੱਖ ਵੀ ਸ਼ਾਮਲ ਹੈ। ਅਸੀਂ ਵੇਖ ਚੁੱਕੇ ਹਾਂ ਕਿ ਗੁਰਬਾਣੀ ਮਨੋਵਿਗਿਆਨਕ ਪੱਖੋਂ ਮਨੁੱਖ ਵਿੱਚ ਪੰਜ ਅੰਸ਼ਾਂ ਦੀ ਹੋਂਦ ਨੂੰ ਮੰਨਦੀ ਹੈ: ਸੁਰਤਿ ਭਾਵ ਚੇਤਨਤਾ, ਮਤਿ ਭਾਵ ਬੁੱਧੀ/ਵਿਵੇਕ, ਮਨ ਭਾਵ ਭਾਵਨਾਵਾਂ ਅਤੇ ਬੇਕਾਬੂ ਲਾਲਸਾਵਾਂ (ਵਿਕਾਰ), ਬੁਧਿ ਭਾਵ ਸਿਰਜਣਾਤਮਿਕ ਸਮਰੱਥਾ ਅਤੇ ਸੁਧਿ ਭਾਵ ਪ੍ਰਭੂ-ਮਿਲਾਪ ਦੀ ਅਨੁਭੂਤੀ ਦੀ ਅਵਸਥਾ। ਕੁੱਝ ਵਿਚਾਰਵਾਨ ਉਪਰੋਕਤ ਪੰਜ ਸ਼ਬਦ-ਰੂਪਾਂ (terms) ਦੀ ਵਿਆਖਿਆ ਕੁੱਝ ਅੱਡਰੇ ਢੰਗ ਨਾਲ ਕਰਨਾ ਵੀ ਪਸੰਦ ਕਰਨਗੇ ਪਰੰਤੂ ਜਿਸ ਲੜੀ (sequence) ਵਿੱਚ ਇਹਨਾਂ ਸ਼ਬਦ-ਰੂਪਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪਰੋਇਆ ਗਿਆ ਹੈ ਉਸ ਅਨੁਸਾਰ ਉੱਪਰ ਦਿੱਤੀ ਗਈ ਵਿਆਖਿਆ ਆਦਰਸ਼ਕ ਭਾਸਦੀ ਹੈ। ਇੱਸੇ ਤਰ੍ਹਾਂ ਸ੍ਰਿਸ਼ਟੀ ਵੀ ਪੰਜਾਂ ਤੱਤਾਂ ਦਾ ਸੁਮੇਲ ਹੈ ਅਤੇ ਸਮੁੱਚੀ ਸ੍ਰਿਸ਼ਟੀ ਪ੍ਰਭੂ ਦੀ ਹੋਂਦ ਵਿੱਚ ਸਮਾਈ ਹੋਈ ਹੈ। ਇਸ ਸਥਿਤੀ ਨੂੰ ਹੇਠਾਂ ਦਿੱਤੀਆਂ ਪੰਕਤੀਆਂ ਵਿੱਚ ਬੜੇ ਹੀ ਸੁੰਦਰ ਢੰਗ ਨਾਲ ਦਰਸਾਇਆ ਗਿਆ ਹੈ:

ਸਗਲੀ ਬਣਤ ਬਣਾਈ ਆਪੇ॥ ਆਪੇ ਕਰੇ ਕਰਾਏ ਥਾਪੇ॥

ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸ ਮਾਹਿ ਸਮਾਏ ਜੀਉ॥ (ਪਵਿੱਤਰ ਗ੍ਰੰਥ, ਪੰਨਾਂ 131)

ਸ੍ਰਿਸ਼ਟੀ ਵਿਚਲਾ ਕੁਦਰਤ ਦਾ ਪਸਾਰਾ ਪ੍ਰਭੂ ਦਾ ਸਰਗੁਣ ਰੂਪ ਹੈ। ਉੱਧਰ ਪ੍ਰਭੂ ਦਾ ਆਪਣਾ ਮਨੋਵਿਗਿਆਨਕ ਪੱਖ ਵੀ ਹੈ ਜੋ ਸਰਗੁਣ ਰੂਪ ਵਾਂਗ ਸਮਤੋਲ (equilibrium) ਵਿੱਚ ਰਹਿੰਦੇ ਹੋਏ ਅਡੋਲ ਅਵਸਥਾ ਵਿੱਚ ਰਹਿੰਦਾ ਹੈ ਅਤੇ ਇਹ ਉਸਦਾ ਨਿਰਗੁਣ ਰੂਪ ਹੈ। ਮਨੁੱਖੀ ਹੋਂਦ ਦਾ ਸ੍ਰਿਸ਼ਟੀ ਦਾ ਇੱਕ ਅੰਸ਼ ਹੋਣ ਕਰ ਕੇ ਮਨੁੱਖ ਅਤੇ ਪ੍ਰਭੂ ਦਾ ਆਪਸੀ ਸਬੰਧ ਸਹਿਜੀਵਤਾ (symbiosis) ਵਾਲਾ ਹੋ ਨਿਬੜਦਾ ਹੈ। ਜਦੋਂ ਵੀ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਸਮਤੋਲ ਵਿੱਚ ਵਿਗਾੜ ਪੈਦਾ ਹੋ ਜਾਂਦਾ ਹੈ ਤਾਂ ਉਸਨੂੰ ਆਦਰਸ਼ਿਕ ਸਥਿਤੀ ਵਿੱਚ ਲਿਆਉਣ ਵਾਸਤੇ ਪ੍ਰਭੂ ਦਾ ਹੀ ਆਸਰਾ ਲੈਣਾ ਪੈਂਦਾ ਹੈ ਭਾਵ ਮਨੁੱਖ-ਪ੍ਰਭੂ ਦੇ ਆਪਸੀ ਸਬੰਧ ਉੱਤੇ ਧਿਆਨ ਲਗਾਉਣਾ ਪੈਂਦਾ ਹੈ (ਜਿਸ ਨੂੰ ਸਿਮਰਨ ਕਰਨਾ ਜਾਂ ਨਾਮ ਜਪਣਾ ਵੀ ਕਿਹਾ ਜਾਂਦਾ ਹੈ)। ਪ੍ਰਭੂ ਦੇ ਨਿਰਗੁਣ ਰੂਪ ਹੋਣ ਦਾ ਅਰਥ ਇਹ ਵੀ ਹੈ ਕਿ ਪ੍ਰਭੂ ਹਿੰਦੂ ਮੱਤ ਵਿੱਚ ਮੰਨੇਂ ਜਾਦੇ ‘ਮਾਇਆ’ ਦੇ ਤਿੰਨ ਅੰਗਾਂ – ਸਤ, ਰਜ ਅਤੇ ਤਮ – ਤੋਂ ਸੁਤੰਤਰ ਹੈ, ਪ੍ਰਭੂ ਦਾ ‘ਸਵੈ’ ਬਹੁਤ ਵਡੇਰਾ ਹੈ ਅਤੇ ਮਾਇਆ ਉਸ ਦੇ ‘ਸਵੈ’ ਦਾ ਕੇਵਲ ਇੱਕ ਅੰਸ਼ ਮਾਤਰ ਹੋ ਸਕਦਾ ਹੈ।

‘ਜਪੁ’ ਬਾਣੀ ਦੇ ਅਰੰਭ ਵਿੱਚ ਦਿੱਤੇ ਗਏ ਮੂਲ-ਉਪਦੇਸ਼ ਵਿੱਚ ਪ੍ਰਭੂ ਦੇ ਪਰਮੁੱਖ ਗੁਣ ਬਾਖੂਬੀ ਦਰਸਾਏ ਗਏ ਹਨ: “ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੂਨੀ ਸੈਭੰ ਗੁਰ ਪ੍ਰਸਾਦਿ॥” ਪਰੰਤੂ ਗੁਰਬਾਣੀ ਅਨੁਸਾਰ ਪ੍ਰਭੂ ਦੇ ਗੁਣ ਬੇਅੰਤ ਹਨ, ਪ੍ਰਭੂ ਦੇ ਗੁਣਾਂ ਦਾ ਕੋਈ ਲੇਖਾ-ਜੋਖਾ ਨਹੀਂ ਕੀਤਾ ਜਾ ਸਕਦਾ। ਇਸ ਲਈ ਮਨੁੱਖ ਨੂੰ ਪ੍ਰਭੂ ਦੀ ਹੋਂਦ ਦੇ ਵਿਸ਼ਲੇਸ਼ਣ ਵਿੱਚ ਪੈਣ ਦੀ ਬਜਾਇ ਸਦਾ ਹੀ ਪ੍ਰਭੂ ਨਾਲ ਆਪਣੇ ਆਪੇ ਦੇ ਸਬੰਧ ਦੀ ਪਛਾਣ ਵੱਲ ਧਿਆਨ ਲਗਾਈ ਰੱਖਣਾ ਚਾਹੀਦਾ ਹੈ। ਗੁਰਬਾਣੀ ਆਪਣੇ ਨਿਵੇਕਲੇ ਸਿਧਾਂਤ ਅਨੁਸਾਰ ਮਨੁੱਖੀ ਹੋਂਦ (human self) ਨੂੰ ਕਿਸੇ ਆਤਮਾ (soul), ਦੇਵੀ-ਦੇਵਤੇ ਅਤੇ ‘ਪਰਮ ਆਤਮਾ’ (supreme soul) ਦੇ ਨਾਲ ਜੋੜਨ ਦੀ ਬਜਾਇ ਸਿੱਧਾ ਹੀ ‘ਪਰ ਆਤਮਾ’ (greater self) ਭਾਵ ਪ੍ਰਭੂ-ਪਰਮੇਸ਼ਵਰ ਨਾਲ ਜੋੜਦੀ ਹੈ। ਅਸਲ ਵਿੱਚ ਗੁਰਬਾਣੀ ਮਨੁੱਖੀ ਸਵੈ ਨੂੰ ‘ਪਰ ਆਤਮਾ’ (greater self) ਦੇ ਇੱਕ ਅੰਸ਼ ਦੇ ਤੌਰ ਤੇ ਕਿਆਸਦੀ ਹੈ। ਇੱਸੇ ਕਰਕੇ ਗੁਰਬਾਣੀ ਵਿੱਚ ‘ਆਤਮ ਚੀਨਣ’ ਭਾਵ ਆਪੇ ਦੀ ਪਛਾਣ ਕਰਨ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਅਤੇ ਇਸ ਨੂੰ ‘ਅਧਿਆਤਮ’ ਭਾਵ ਅਧਿਆਤਮਿਕ ਕਾਰਜ ਦਾ ਦਰਜਾ ਦਿੱਤਾ ਗਿਆ ਹੈ। ‘ਆਤਮ ਚੀਨਣ’ ਰਾਹੀਂ ਮਨੁੱਖ ਅਤੇ ਪ੍ਰਭੂ ਦੇ ਆਪਸੀ ਸਬੰਧ ਦੀ ਅਨੁਭੂਤੀ ਕਰਨਾ ਹੀ ਪ੍ਰਭੂ-ਮਿਲਣ ਹੈ ਜਿਵੇਂ ਕਿ ਹੇਠਾਂ ਦਿੱਤੀਆਂ ਸਤਰਾਂ ਵਿੱਚ ਦਰਸਾਇਆ ਗਿਆ ਹੈ:

ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ॥

ਸਤਿ ਸੰਤੋਖਿ ਰਹਹੁ ਜਨ ਭਾਈ॥ ਖਿਮਾ ਗਹਹੁ ਸਤਿਗੁਰ ਸਰਣਾਈ॥

ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ॥ (ਪਵਿੱਤਰ ਗ੍ਰੰਥ, ਪੰਨਾਂ 1030)

ਉਪਰੋਕਤ ਸਤਰਾਂ ਦਾ ਭਾਵ ਸਮਝਣ ਵੇਲੇ ‘ਆਤਮ’ ਨੂੰ ਸਹੀ (‘ਰੂਹ’ ਦੀ ਬਜਾਇ ‘ਸਵੈ’ ਦੇ) ਅਰਥ ਦੇਣ ਨਾਲ ਸਿਖ ਅਧਿਆਤਮਕਾ ਦੀ ਪੂਰੀ ਤਸਵੀਰ ਸਾਹਮਣੇ ਆ ਜਾਂਦੀ ਹੈ।

ਇੱਥੇ ਇਸ ਤੱਥ ਨੂੰ ਵਿਸ਼ੇਸ ਤੌਰ ਤੇ ਧਿਆਨ ਵਿੱਚ ਰੱਖੇ ਜਾਣ ਦੀ ਲੋੜ ਹੈ ਕਿ ਗੁਰਬਾਣੀ ਦੇ ਸੰਦਰਭ ਵਿੱਚ ‘ਆਤਮ’ ਜਾਂ ‘ਆਤਮਾ’ ਨੂੰ ‘ਰੂਹ’ (soul ) ਦੇ ਅਰਥ ਦਿੱਤੇ ਜਾਣ ਅਤੇ ਰੱਬ ਨੂੰ ‘ਪਰਮ+ਆਤਮਾ’ (supreme soul) ਦੇ ਤੌਰ ਤੇ ਕਿਆਸਣ ਨਾਲ ਸਿਖ ਮੱਤ ਦੇ ਅਧਿਆਤਮਕ ਸਿਧਾਂਤ ਅਤੇ ਹਿੰਦੂ ਮੱਤ ਦੇ ਅਦਵੈਤ ਦੇ ਸਿਧਾਂਤ ਵਿਚਕਾਰ ਕੋਈ ਫਰਕ ਨਹੀਂ ਰਹਿ ਜਾਂਦਾ। ਜਾਂ ਇਉਂ ਕਹਿ ਲਵੋ ਕਿ ਗੁਰਮੱਤ ਦੇ ਸੰਦਰਭ ਵਿੱਚ ‘ਆਤਮ’ ਜਾਂ ‘ਆਤਮਾ’ ਨੂੰ ‘ਰੂਹ’ (soul ) ਦੇ ਅਤੇ ਰੱਬ ਨੂੰ ‘ਪਰਮ+ਆਤਮਾ’ (supreme soul) ਦੇ ਅਰਥ ਦੇਣ ਨਾਲ ਸਿਖ ਮੱਤ ਆਪਣੇ ਆਪ ਹੀ ਹਿੰਦੂ ਮੱਤ ਦਾ ਇੱਕ ਅੰਗ ਬਣ ਜਾਂਦਾ ਹੈ।

ਆਵਾਗਵਣ

ਜਦੋਂ ਗੁਰਮੱਤ ‘ਆਤਮਾ’ ਨੂੰ ‘ਰੂਹ’ (soul) ਦੇ ਤੌਰ ਤੇ ਮਾਨਤਾ ਨਹੀਂ ਦਿੰਦੀ, ਗੁਰਮੱਤ ਵਿੱਚ ਆਵਾਗਵਣ (ਪੂਰਵ-ਜਨਮ, ਪੁਨਰ-ਜਨਮ), ਪਰੇਤ-ਅਵਸਥਾ, ਦੇਹ-ਅੰਤਰਣ ਅਤੇ ਸਵਰਗ-ਨਰਕ ਦੇ ਸੰਕਲਪਾਂ ਨੂੰ ਵੀ ਕੋਈ ਮਾਨਤਾ ਪਰਾਪਤ ਨਹੀਂ ਹੋ ਸਕਦੀ। ਜਿਵੇਂ ਕਿ ਪਹਿਲਾਂ ਦਸਿੱਆ ਜਾ ਚੁੱਕਾ ਹੈ ਗੁਰਬਾਣੀ ਅਨੁਸਾਰ ਮਨੁੱਖ ਸਮੇਤ ਹਰ ਜੀਵ ਦਾ ਸਰੀਰ ਪੰਜ ਤੱਤਾਂ ਦਾ ਸੁਮੇਲ ਹੁੰਦਾ ਹੈ ਅਤੇ ਇਹ ਪੰਜੇ ਤੱਤ ਸ੍ਰਿਸ਼ਟੀ ਵਿੱਚ ਵਿਆਪਕ ਪੱਧਰ ਤੇ ਮੌਜੂਦ ਹਨ। ਮਨੁੱਖ ਦੇ ਸਮੁੱਚੇ ਸਵੈ ਦੀ ਉਤਪਤੀ ਇਹਨਾਂ ਪੰਜਾਂ ਤੱਤਾਂ ਵਿੱਚੋਂ ਹੁੰਦੀ ਹੈ ਅਤੇ ਉਸ ਦਾ ਵਿਕਾਸ ਇਹਨਾਂ ਪੰਜਾਂ ਤੱਤਾਂ ਰਾਹੀਂ ਹੀ ਹੁੰਦਾ ਹੈ; ਮਰਨ ਬਾਦ ਮਨੁੱਖ ਸ੍ਰਿਸ਼ਟੀ ਵਿੱਚ ਮੌਜੂਦ ਇਹਨਾਂ ਪੰਜਾਂ ਤੱਤਾਂ ਵਿੱਚ ਹੀ ਸਮਾ ਜਾਂਦਾ ਹੈ। ਗੁਰਬਾਣੀ ਵਿੱਚ ਇਸ ਵਿਚਾਰ ਨੂੰ ਹੇਠਾਂ ਦਿੱਤੇ ਅਨੁਸਾਰ ਪ੍ਰਗਟਾਇਆ ਗਿਆ ਹੈ:

ਪੰਚ ਭੂ ਆਤਮਾ ਹਰਿ ਨਾਮ ਰਸ ਪੇਖੈ॥ (ਪਵਿੱਤਰ ਗ੍ਰੰਥ, ਪੰਨਾਂ 299)

ਨਹ ਬਿਨਸੈ ਅਬਿਨਾਸੀ ਹੋਗੁ॥

ਨਾ ਕੋਈ ਮਰੈ ਨ ਆਵੈ ਜਾਇਆ॥ (ਪਵਿੱਤਰ ਗ੍ਰੰਥ, ਪੰਨਾਂ 885)

ਪਵਨੈ ਮਹਿ ਪਵਨ ਸਮਾਇਆ॥

ਜੋਤੀ ਮਹਿ ਜੋਤਿ ਰਲ ਜਾਇਆ॥

ਮਾਟੀ ਮਾਟੀ ਹੋਈ ਏਕ॥ (ਪਵਿੱਤਰ ਗ੍ਰੰਥ, ਪੰਨਾਂ 885)

ਇਹ ਸੰਭਵ ਹੈ ਕਿ ਇੱਕ ਵਿਅਕਤੀ ਵਿਸ਼ੇਸ ਦੀ ਹੋਂਦ ਦੇ ਪੰਜ ਤੱਤ ਉਸ ਨੂੰ ਵਰਤਮਾਨ ਜੀਵਨ ਮਿਲਣ ਤੋਂ ਪਹਿਲਾਂ ਸਮੇਂ-ਸਮੇਂ ਵੱਖਰੇ-ਵੱਖਰੇ ਜੀਵਾਂ (ਜੂਨਾਂ) ਦੀ ਹੋਂਦ ਦਾ ਹਿੱਸਾ ਰਹੇ ਹਨ। ਗੁਰਬਾਣੀ ਵਿੱਚੋਂ ਲਈਆਂ ਹੇਠਾਂ ਦਿੱਤੀਆਂ ਸਤਰਾਂ ਇੱਸੇ ਵਿਚਾਰ ਨੂੰ ਪ੍ਰਗਟਾਉਂਦੀਆਂ ਹਨ:

ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥

ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬਿਥਖ ਜੋਇਓ॥ (ਪਵਿੱਤਰ ਗ੍ਰੰਥ, ਪੰਨਾਂ 176)

ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ॥

ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ॥ (ਪਵਿੱਤਰ ਗ੍ਰੰਥ, ਪੰਨਾਂ 207)

ਪਹਿਲੀਆਂ ਜੂਨਾਂ ਚੁਰਾਸੀ ਲੱਖ ਵੀ ਹੋ ਸਕਦੀਆਂ ਹਨ ਅਤੇ ਵੱਧ ਜਾਂ ਘਟ ਵੀ। ਗੁਰਬਾਣੀ ਵਿੱਚ `ਚੁਰਾਸੀ ਲੱਖ ਜੂਨਾਂ’ ਦਾ ਹਵਾਲਾ ਕੇਵਲ ਪਰਚਲਤ ਮੁਹਾਵਰੇ ਦੀ ਵਰਤੋਂ ਅਧੀਨ ਕੀਤਾ ਗਿਆ ਹੈ। ਇਸ ਤਰ੍ਹਾਂ ਮਨੁੱਖ ਦਾ ਕੋਈ ਪੂਰਵ-ਜਨਮ ਜਾਂ ਪਹਿਲਾ ਜੀਵ-ਰੂਪ ਨਹੀਂ ਹੋ ਸਕਦਾ। ਦੂਸਰੇ ਪਾਸੇ ਇਹ ਵੀ ਕਿਆਸਿਆ ਨਹੀਂ ਜਾ ਸਕਦਾ ਕਿ ਮੌਤ ਤੋਂ ਬਾਦ ਮਨੁੱਖ ਦੀ ਹੋਂਦ ਦੇ ਪੰਜਾਂ ਤੱਤਾਂ ਨੇ ਕਿਹੜੇ ਜੀਵਾਂ (ਜੂਨਾਂ) ਦੀ ਹੋਂਦ ਦਾ ਹਿੱਸਾ ਬਣਨਾ ਹੈ। ਇਸ ਲਈ ਮਨੁੱਖ ਦਾ ਹੂਬਹੂ ਰੂਪ ਵਿਚ, ਬਦਲੇ ਹੋਏ ਮਨੁੱਖੀ ਸਰੀਰ ਵਿਚ, ਬਦਲਵੇਂ ਤੌਰ ਤੇ (as substitute) ਕਿਸੇ ਹੋਰ ਜੀਵ ਦੇ ਰੂਪ ਜਾਂ ਪਰੇਤ ਰੂਪ ਵਿੱਚ ਪੁਨਰ-ਨਿਰਮਾਣ ਸੰਭਵ ਨਹੀਂ। ਪਰੰਤੂ ਮਨੁੱਖ ਜਾਤੀ ਦੀ, ਬਾਕੀ ਜੀਵ-ਸ਼੍ਰੇਣੀਆਂ ਵਾਂਗ, ਪੁਨਰ-ਉਤਪਤੀ ਜ਼ਰੂਰ ਹੁੰਦੀ ਰਹਿੰਦੀ ਹੈ ਅਤੇ ਪੁਨਰ-ਉਤਪਤੀ ਕੁਦਰਤ ਦਾ ਅੱਟਲ ਨਿਯਮ ਹੈ। ਕਈ ਵਿਚਾਰਵਾਨਾਂ ਵੱਲੋਂ ਇੱਥੇ ਭਗਤ ਤ੍ਰਿਲੋਚਨ ਦੀ ਗੁਰਬਾਣੀ ਵਿੱਚ ਸ਼ਾਮਲ ਰਚਨਾਂ ਵਿੱਚੋਂ ਉਸ ਸ਼ਬਦ ਦਾ ਹਵਾਲਾ ਆਮ ਹੀ ਦੇ ਦਿੱਤਾ ਜਾਂਦਾ ਹੈ ਜਿਸ ਵਿੱਚ ਅਗਲੇ ਜਨਮ ਦੀਆਂ ‘ਜੂਨਾਂ’ ਦੀ ਗੱਲ ਕੀਤੇ ਹੋਣ ਦਾ ਦਾਵਾ ਕੀਤਾ ਜਾਂਦਾ ਹੈ। ਸਬੰਧਤ ਸ਼ਬਦ ਹੇਠਾਂ ਦਿੱਤੇ ਅਨੁਸਾਰ ਹੈ:

ਅੰਤ ਕਾਲਿ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਸਰਪ ਜੋਨਿ ਵਲਿ ਵਲਿ ਅਉਤਰੈ॥ 1॥

ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥

ਅੰਤ ਕਾਲਿ ਜੋ ਇਸਤ੍ਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਬੇਸਵਾ ਜੋਨਿ ਵਲਿ ਵਲਿ ਅਉਤਰੈ॥ 2॥

ਅੰਤ ਕਾਲਿ ਜੋ ਲੜਿਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਸੂਕਰ ਜੋਨਿ ਵਲਿ ਵਲਿ ਅਉਤਰੈ॥ 3॥

ਅੰਤ ਕਾਲਿ ਜੋ ਮੰਦਿਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਪ੍ਰੇਤ ਜੋਨਿ ਵਲਿ ਵਲਿ ਅਉਤਰੈ॥ 4॥

ਅੰਤ ਕਾਲਿ ਜੋ ਨਾਰਾਇਣੁ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰ ਵਾ ਕੇ ਰਿਦੈ ਬਸੈ॥ 5॥ (ਪਵਿੱਤਰ ਗ੍ਰੰਥ, ਪੰਨਾਂ 526)

ਉਪਰੋਕਤ ਸ਼ਬਦ ਦੀ ਵਿਆਖਿਆ ਵੇਲੇ ਪਹਿਲੀ ਗੱਲ ਇਹ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਗੁਰਬਾਣੀ ਅਨੁਸਾਰ ਕੋਈ ਵੀ ਮਨੁੱਖ (ਭਾਵੇਂ ਅਧਿਆਤਮਿਕ ਪੱਖੋਂ ਉਹ ਕਿੰਨਾਂ ਵੀ ਪਹੁੰਚਿਆ ਹੋਇਆ ਕਿਉਂ ਨਾਂ ਹੋਵੇ) ਭਵਿਖਬਾਣੀ ਨਹੀਂ ਕਰ ਸਕਦਾ। ਅਸਲ ਵਿੱਚ ਭਗਤ ਤ੍ਰਿਲੋਚਨ ਜੀ ਨੇ ਸ਼ਬਦ ਵਿਚਲੀ ‘ਰਹਾਉ’ ਵਾਲੀ ਪੰਕਤੀ ਅਤੇ ਸ਼ਬਦ ਦੀ ਅਖੀਰਲੀ ਪੰਕਤੀ ਵਿਚਲੇ ਭਾਵ ਨੂੰ ਵਿਅਕਤ ਕਰਨ ਖਾਤਰ ਪਰਚਲਤ ਮੁਹਾਵਰੇ ਦੀ ਵਰਤੋਂ ਕੀਤੀ ਹੈ। ਜਾਂ ਫਿਰ, ਸਬੰਧਤ ਸਤਰਾਂ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ: “ਜੇਕਰ ਕਿਸੇ ਮਨੁੱਖ ਦੀ ‘ਅੰਤ ਕਾਲਿ’ ਭਾਵ ‘ਅੰਤ ਸਮੇਂ’ ਤੇ ਪਹੁੰਚ ਕੇ ਵੀ ਵਿਕਾਰਾਂ ਵਿੱਚ ਬਿਰਤੀ ਲੱਗੀ ਹੋਈ ਹੈ ਤਾਂ ਇਸ ਦਾ ਅਰਥ ਇਹ ਹੈ ਕਿ ਉਸ ਨੇ ਸਾਰੀ ਉਮਰ ਵਿਕਾਰਾਂ ਵਿੱਚ ਗ੍ਰਸਤ ਹੋ ਕੇ ਬਿਤਾਈ ਹੈ ਅਤੇ ਇਸ ਤਰ੍ਹਾਂ ਉਸ ਨੇ ਮਨੁੱਖ ਹੋ ਕੇ ਵੀ ਸੱਪ, ਵੇਸਵਾ, ਸੂਰ ਅਤੇ ਮੁਰਦੇ ਵਾਲਾ ਗੈਰ-ਮਨੁੱਖੀ ਅਤੇ ਗੈਰ-ਕੁਦਰਤੀ ਜੀਵਨ ਬਿਤਾਇਆ ਹੈ (ਇੱਥੇ ‘ਪਰੇਤ’ ਤੋਂ ਭਾਵ ‘ਮੁਰਦਾ’ ਹੈ)।”

ਪਵਿੱਤਰ ਗ੍ਰੰਥ ਦੇ ਪੰਨਾਂ 1030 ਤੇ ਆਈ ਸਤਰ “ਸੁਖੁ ਦੁਖੁ ਪੁਰਬ ਜਨਮ ਕੇ ਕੀਏ॥” ਵਿਚਲੇ ਸ਼ਬਦ-ਜੁੱਟ ‘ਪੁਰਬ ਜਨਮ’ ਤੋਂ ਭਾਵ ‘ਆਦਿ ਕਾਲ ਤੋਂ ਮਨੁੱਖ ਜਾਤੀ ਦਾ ਚੱਲਿਆ ਆ ਰਿਹਾ ਵਰਤਾਰਾ’ ਹੈ ਅਤੇ ‘ਪਿਛਲਾ ਜਨਮ’ ਨਹੀਂ। ਇੱਸੇ ਤਰ੍ਹਾਂ ਪੰਨਾਂ 198 ਤੇ ਦਰਜ “ਹਰਿ ਕੇ ਚਰਣ ਹਿਰਦੈ ਕਰ ਓਟ॥ ਜਨਮ ਮਰਣ ਤੇ ਹੋਵਤ ਛੋਟ॥” ਵਿੱਚ ‘ਜਨਮ ਮਰਣ’ ਤੋਂ ਭਾਵ ‘ਆਵਾਗਵਣ ਦੀ ਚਿੰਤਾ’ ਤੋਂ ਹੈ। ਸੋ ਗੁਰਬਾਣੀ ਅਨੁਸਾਰ ਮਨੁੱਖ ਨਾਲ ਜੋ ਬੀਤਦੀ ਹੈ ਉਹ ਇੱਸੇ ਜਨਮ ਦੀ ਖੇਡ ਹੈ, ਕਿਉਂਕਿ ਮਨੁੱਖ ਦਾ ਪਿਛਲਾ ਜਾਂ ਅਗਲਾ ਜਨਮ ਹੁੰਦਾ ਹੀ ਨਹੀਂ। ਕਿਸੇ ਵਿਅਕਤੀ ਵਿਸ਼ੇਸ਼ ਦੇ ਸੁਖ-ਦੁਖ ਮਨੁੱਖ ਜਾਤੀ ਦੇ ਚੱਲੇ ਆ ਰਹੇ ਵਰਤਾਰੇ (‘ਪੁਰਬ ਜਨਮ’) ਕਰ ਕੇ ਵੀ ਹਨ ਅਤੇ ਉਸ ਵੱਲੋਂ ਕੀਤੇ ਕਰਮਾਂ ਕਰਕੇ ਵੀ ਜਿਹਨਾਂ ਦੇ ਫਲ ਸਬੰਧੀ ਗੁਰਬਾਣੀ ਵਿੱਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:

ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥ (ਪਵਿੱਤਰ ਗ੍ਰੰਥ, ਪੰਨਾਂ 473)

ਸਭਨਾ ਕਾ ਦਰ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥ (ਪਵਿੱਤਰ ਗ੍ਰੰਥ, ਪੰਨਾਂ 952)

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ (ਪਵਿੱਤਰ ਗ੍ਰੰਥ, ਪੰਨਾਂ 08)

ਸਪਸ਼ਟ ਹੈ ਕਿ ਗੁਰਬਾਣੀ ਵਿਚ ਪ੍ਰਤਿਫਲ (retribution / nemisis) ਦੇ ਸੰਕਲਪ ਨੂੰ ਵੀ ਨਕਾਰਿਆ ਗਿਆ ਸਾਬਤ ਹੋ ਜਾਂਦਾ ਹੈ ਅਤੇ ਪਰਾਲਬੱਧ (predestiny) ਦੇ ਸੰਕਲਪ ਨੂੰ ਵੀ (‘ਪ੍ਰਤਿਫਲ’ ਤੋਂ ਭਾਵ ਇਹ ਕਹਿਣਾ ਹੈ ਕਿ ਕੀਤੇ ਕਰਮਾਂ ਦਾ ਫਲ ਮਰਨ ਤੋਂ ਬਾਦ ਜ਼ਰੂਰ ਮਿਲੇਗਾ ਅਤੇ ‘ਪਰਾਲਬੱਧ’ ਤੋਂ ਭਾਵ ਇਹ ਕਹਿਣਾ ਹੈ ਕਿ ਜੋ ਕਿਸਮਤ ਵਿੱਚ ਲਿਖਿਆ ਹੈ ਮਨੁੱਖ ਨੂੰ ਉਹੀਯੋ ਹੀ ਮਿਲਦਾ ਹੈ)।

ਇਸ ਤਰ੍ਹਾਂ ਗੁਰਬਾਣੀ ਵਿੱਚ ਜੋ ਵੀ ਪੂਰਵ-ਜਨਮ, ਪੁਨਰ-ਜਨਮ, ਪਰੇਤ-ਜੂਨ, ਚੁਰਾਸੀ ਲੱਖ ਜੂਨਾਂ, ਪਰਾਲਬੱਧ, ਪ੍ਰਤਿਫਲ, ਸਵਰਗ-ਨਰਕ ਆਦਿਕ ਦੇ ਹਵਾਲੇ ਮੌਜੂਦ ਹਨ ਉਹ ਕੇਵਲ ਪਰਚਲਤ ਮੁਹਾਵਰੇ ਦੀ ਵਰਤੋਂ ਕਰਨ ਲਈ ਜਾਂ ਦ੍ਰਿਸ਼ਟਾਂਤਾਂ ਦੇ ਤੌਰ ਤੇ ਵਰਤੇ ਹੋਏ ਹਨ ਤਾਂ ਕਿ ਸ਼ਰਧਾਲੂਆਂ ਨੂੰ ਉਹਨਾਂ ਦੀ ਭਾਸ਼ਾ ਅਤੇ ਉਹਨਾਂ ਦੀਆਂ ਮਨੌਤਾਂ ਰਾਹੀਂ ਗੱਲ ਨੂੰ ਸਰਲ ਬਣਾ ਕੇ ਪੇਸ਼ ਕੀਤਾ ਜਾਵੇ ਅਤੇ ਸ਼ਰਧਾਲੂ ਲੋਕ ਗੁਰਬਾਣੀ ਦੇ ਭਾਵ ਨੂੰ ਸੌਖਿਆਂ ਹੀ ਸਮਝ ਸਕਣ। ਉਂਜ ਗੁਰਬਾਣੀ ਅਧਿਆਤਮਿਕਤਾ ਦੇ ਆਪਣੇ ਸਿਧਾਂਤ ਪ੍ਰਤੀਂ ਪੂਰੀ ਤਰ੍ਹਾ ਸਪਸ਼ਟ ਹੈ।

(ਚਲਦਾ)

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।
.