.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 12)

‘ਮਹਿਮਾ ਪ੍ਰਕਾਸ਼ ਕਵਿਤਾ’ ਦਾ ਕਰਤਾ ਗੁਰੂ ਅੰਗਦ ਸਾਹਿਬ ਦੀ ਉਸਤਤ ਵਿੱਚ ਭਾਈ ਬਲਵੰਡ ਰਾਇ ਜੀ ਵਲੋਂ ਵਾਰ ਦੀ ਪੰਜਵੀਂ ਪਉੜੀ ਗਾਉਣ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ:
ਦੋਹਿਰਾ
ਪੌੜੀ ਕਰੀ ਬਲਵੰਡ ਇਹ ਟਿਕੇ ਕੀ ਵਾਰ ਮਿਲਾਇ। ਸੋਹਤ ਸ੍ਰੀ ਗ੍ਰੰਥ ਮੋ ਸਭਕੋ ਗਾਵਤ ਤਾਹ। ੫੧। ਭਾਵ: ਭਾਈ ਬਲਵੰਡ ਜੀ ਨੇ ਜੋ ਇਹ ਪਉੜੀ ਉਚਾਰਨ ਕੀਤੀ, ਇਸ ਨੂੰ ਵੀ ਟਿਕੇ ਕੀ ਵਾਰ ਦੀਆਂ ਦੂਜੀਆਂ ਪਉੜੀਆਂ ਨਾਲ ਸ਼ਾਮਲ ਕਰ ਲਿਆ ਗਿਆ। ਇਹ ਵਾਰ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹੈ ਅਤੇ ਜਿਸ ਨੂੰ ਸਾਰੇ ਗਾਂਦੇ ਹਨ। ਵਾਰ ਦੀ ਇਹ ਪਉੜੀ ਇਸ ਤਰ੍ਹਾਂ ਹੈ:
‘ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥ ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ॥ ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ॥ ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ॥ ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ॥ ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ॥ ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ॥ ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ॥ ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥ ੫॥’ (ਪੰਨਾ ੯੬੭-੬੮)
ਸੁਨਿ ਬਾਕ ਬਿਲਾਸ ਬਲਵੰਡ ਕੇ ਸਤਿਗੁਰ ਭਏ ਪ੍ਰਸੰਨ। ਪਉੜੀ ਸੁਨ ਕਰ ਵਾਰ ਕੀ ਸਭ ਲੋਕ ਕਰੇਂ ਧਨ ਧੰਨ। ੫੨। (ਸਾਖੀ ੧੩) ਭਾਵ: ਸਤਿਗੁਰੂ ਜੀ ਭਾਈ ਬਲਵੰਡ ਪਾਸੋਂ ਇਹ ਸੁਣ ਕੇ ਬਹੁਤ ਪ੍ਰਸੰਨ ਹੋਏ। ਸੰਗਤਾਂ ਵੀ ਭਾਈ ਬਲਵੰਡ ਜੀ ਦੇ ਮੁਹੋਂ ਗੁਰੂ ਉਸਤਤ ਨਾਲ ਭਰਪੂਰ ਇਸ ਪਉੜੀ ਨੂੰ ਸੁਣ ਕੇ ਆਪ ਜੀ ਨੂੰ ਧੰਨ ਧੰਨ ਆਖਣ ਲੱਗ ਪਈਆਂ।
‘ਮਹਿਮਾ ਪ੍ਰਕਾਸ਼ ਵਾਰਤਕ’ ਵਾਂਗ ‘ਮਹਿਮਾ ਪ੍ਰਕਾਸ਼ ਕਵਿਤਾ’ ਤੋਂ ਵੀ ਇਹ ਗੱਲ ਸਪਸ਼ਟ ਹੁੰਦੀ ਹੈ ਕਿ ‘ਟਿਕੇ ਕੀ ਵਾਰ’ ਇਕੋ ਹੀ ਸਮੇਂ ਨਹੀਂ ਰਚੀ ਗਈ। ‘ਮਹਿਮਾ ਪ੍ਰਕਾਸ਼ ਕਵਿਤਾ’ ਅਨੁਸਾਰ ਵਾਰ ਦੀਆਂ ਪਹਿਲੀਆਂ ਚਾਰ ਪਉੜੀਆਂ ਭਾਈ ਬਲਵੰਡ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਕਹਿਣ `ਤੇ ਉਚਾਰਨ ਕੀਤੀਆਂ ਸਨ ਪਰੰਤੂ ਪੰਜਵੀਂ ਪਉੜੀ ਬਾਰੇ ਲੇਖਕ ਕਿਧਰੇ ਵੀ ਇਹ ਵਰਣਨ ਨਹੀਂ ਕਰਦਾ ਕਿ ਇਹ ਪਉੜੀ ਭਾਈ ਬਲਵੰਡ ਜੀ ਨੇ ਗੁਰੂ ਸਾਹਿਬ ਦੇ ਆਖਣ ਤੇ ਇਹ ਪਉੜੀ ਉਚਾਰਨ ਕੀਤੀ ਹੋਵੇ। ਇਹ ਗੱਲ ਵੀ ਧਿਆਨ ਯੋਗ ਹੈ ਕਿ ‘ਮਹਿਮਾ ਪ੍ਰਕਾਸ਼ ਕਵਿਤਾ’ ਦੇ ਕਰਤਾ ਅਨੁਸਾਰ ਭਾਈ ਬਲਵੰਡ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਇਹ ਕਹਿੰਦੇ ਹਨ ਕਿ, “ਕਛੁ ਉਸਤਤ ਮੁਖ ਤੇ ਕਰੋ ਭੁਲ ਤੁਮਾਰੀ ਜਾਇ”। ‘ਮਹਿਮਾ ਪ੍ਰਕਾਸ਼’ ਦੀ ਇਸ ਲਿਖਤ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਗੁਰੂ ਸਾਹਿਬ ਭਾਈ ਬਲਵੰਡ ਜੀ ਨੂੰ ਆਪਣੀ ਜਾਂ ਗੁਰੂ ਨਾਨਕ ਸਾਹਿਬ ਦੀ ਉਸਤਤ ਕਰਨ ਲਈ ਆਖ ਰਹੇ ਹਨ। ਭਾਈ ਸੱਤਾ ਜੀ ਵਲੋਂ ਇਸ ਵਾਰ ਦੀਆਂ ਕੁੱਝ ਪਉੜੀਆਂ ਦੇ ਉਚਾਰਨ ਦਾ ਵਰਣਨ ਤਾਂ ਇਹਨਾਂ ਦੋਹਾਂ ਪੁਸਤਕਾਂ ਵਿੱਚ ਮਿਲਦਾ ਹੈ ਪਰੰਤੂ ਭਾਈ ਸੱਤਾ ਜੀ ਨੂੰ ਕਿਧਰੇ ਵੀ ਇਹ ਲੇਖਕ ਗੁਰੂ ਸਾਹਿਬ ਦੀ ਸ਼ਾਨ ਦੇ ਵਿਰੁੱਧ ਬੋਲਣ ਦਾ ਵਰਣਨ ਨਹੀਂ ਕਰਦੇ ਹਨ। ਭਾਈ ਸੱਤੇ ਬਾਰੇ ਇਹ ਦੋਵੇਂ ਲੇਖਕ ਕਿਧਰੇ ਵੀ ਕੋਈ ਵਰਣਨ ਨਹੀਂ ਕਰਦੇ ਜਿਸ ਤੋਂ ਇਹ ਜ਼ਾਹਰ ਹੁੰਦਾ ਹੋਵੇ ਕਿ ਭਾਈ ਸੱਤਾ ਜੀ ਨੇ ਕਦੀ ਕੋਈ ਭੁੱਲ ਕੀਤੀ ਹੋਵੇ।
‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਕਰਤਾ ਇਹ ਲਿਖਦਾ ਹੈ ਕਿ ਭਾਈ ਬਲਵੰਡ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਇਹ ਆਖਣ `ਤੇ ਕਿ, “ਮੇਰੇ ਬਚਨ ਕਰਕੇ ਤੂ ਉਸਤਤ ਕਰ। ਤਬ ਬਲਵੰਡ ਨੇ ਟਿਕੇ ਦੀ ਵਾਰ ਆਖੀ’ ਲਿਖਿਆ ਹੈ। ਭਾਈ ਬਲਵੰਡ ਜੀ ਨੇ ਇਸ ਸਮੇਂ ਕਿਤਨੀਆਂ ਪਉੜੀਆਂ ਉਚਾਰਨ ਕੀਤੀਆਂ ਸਨ, ਇਸ ਗੱਲ ਦਾ ‘ਮਹਿਮਾ ਪ੍ਰਕਾਸ਼ ਵਾਰਤਕ’ ਵਰਣਨ ਨਹੀਂ ਕਰਦਾ ਹੈ। ‘ਮਹਿਮਾ ਪ੍ਰਕਾਸ਼ ਕਵਿਤਾ’ ਦੇ ਕਰਤਾ ਨੇ ਭਾਈ ਬਲਵੰਡ ਜੀ ਵਲੋਂ ਵਾਰ ਦੀਆਂ ਪਹਿਲੀਆਂ ਚਾਰ ਪਉੜੀਆਂ ਦੇ ਉਚਾਰਨ ਕਰਨ ਦਾ ਵਰਣਨ ਕੀਤਾ ਹੈ।
ਇਹਨਾਂ ਦੋਹਾਂ ਪੁਸਤਕਾਂ ਵਿੱਚ ਇਸ ਗੱਲ ਦਾ ਵੀ ਕਿਧਰੇ ਵਰਣਨ ਨਹੀਂ ਹੈ ਕਿ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਇਹਨਾਂ ਨੂੰ ਮੂੰਹ ਨਾ ਲਾਉਣ ਜਾਂ ਇਹਨਾਂ ਦੀ ਸਿਫ਼ਾਰਸ਼ ਕਰਨ ਵਾਲੇ ਦਾ ਮੂੰਹ ਕਾਲਾ ਕਰਕੇ ਖੋਤੇ `ਤੇ ਚੜ੍ਹਾਉਣ ਜਾਂ ਸਿਰ ਮੁੰਨਾਉਣ ਦੀ ਹਿਦਾਇਤ ਕੀਤੀ ਹੋਵੇ। ਇਹਨਾਂ ਦੋਹਾਂ ਪੁਸਤਕਾਂ ਵਿੱਚ ਇਸ ਗੱਲ ਦਾ ਵੀ ਕਿਧਰੇ ਜ਼ਿਕਰ ਨਹੀਂ ਹੈ ਕਿ ਗੁਰੂ ਸਾਹਿਬ ਨੇ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਨੂੰ ਕੋਹੜ ਦਾ ਸਰਾਪ ਦਿੱਤਾ ਹੋਵੇ ਜਾਂ ਇਹਨਾਂ ਨੂੰ ਇਹ ਰੋਗ ਹੋ ਗਿਆ ਹੋਵੇ ਅਤੇ ਇਹ ਵਾਰ ਉਚਾਰਨ ਨਾਲ ਇਹਨਾਂ ਦਾ ਇਹ ਰੋਗ ਦੂਰ ਹੋਇਆ ਹੋਵੇ।
ਜਿਸ ਤਰ੍ਹਾਂ ‘ਗੁਰ ਬਿਲਾਸ ਪਾਤਸ਼ਾਹੀ ੬’ ਦਾ ਕਰਤਾ, ਭਾਈ ਲੱਧਾ ਜੀ ਨੂੰ ਗੁਰੂ ਅਰਜਨ ਸਾਹਿਬ ਰਬਾਬੀਆਂ ਦੀ ਸਿਫ਼ਾਰਸ਼ ਕਰਨ ਦਾ ਵਰਣਨ ਕਰਦਾ ਹੈ, ਇਹਨਾਂ ਦੋਹਾਂ ‘ਮਹਿਮਾ ਪ੍ਰਕਾਸ਼’ ਦੇ ਲੇਖਕਾਂ ਨੇ ਅਜਿਹਾ ਕੁੱਝ ਨਹੀਂ ਲਿਖਿਆ ਹੈ।
‘ਮਹਿਮਾ ਪ੍ਰਕਾਸ਼ ਵਾਰਤਕ’ ਵਾਂਗ ਸਰੂਪ ਦਾਸ ਭੱਲਾ ਵੀ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਵਲੋਂ ਇਕੱਠਿਆਂ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਕੀਰਤਨ ਕਰਨ ਦਾ ਵਰਣਨ ਕਰਦੇ ਹਨ:
ਬਲਵੰਡ ਰਬਾਬੀ ਸਤਾ ਆਏ। ਅਦਭੁਤ ਦਰਸਨ ਸਤਿਗੁਰ ਪਾਏ। ਤਿਨ ਧੁਨ ਰਬਾਬ ਕਰ ਉਸਤਤ ਕਰੀ। ਟਿਕੇ ਕੀ ਵਾਰ ਕੀ ਪਉੜੀ ਕਰੀ। ਭਾਵ: ਭਾਈ ਬਲਵੰਡ ਅਤੇ ਭਾਈ ਸੱਤੇ ਨੇ ਆ ਕੇ ਸਤਿਗੁਰੂ ਜੀ ਦੇ ਅਦਭੁੱਤ ਦਰਸ਼ਨ ਕੀਤੇ। ਇਹਨਾਂ ਦੋਹਾਂ ਨੇ ਫਿਰ ਰਬਾਬ ਬਜਾ ਕੇ ਗੁਰੂ ਜੀ ਦੀ ਉਸਤਤ ਕਰਦਿਆਂ ਹੋਇਆਂ ਟਿਕੇ ਕੀ ਵਾਰ ਦੀ ਪਉੜੀ ਉਚਾਰਨ ਕੀਤੀ।
ਇੱਥੇ ਫਿਰ ਵਾਰ ਦੀ ਛੇਵੀਂ ਪਉੜੀ ਦਾ ਜ਼ਿਕਰ ਕੀਤਾ ਹੈ।
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥ ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ॥ ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ॥ ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ॥ ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ॥ ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ॥ ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ॥ ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ॥ ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ॥ ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ॥ ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ॥ ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ॥ ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ॥ ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ॥ ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ॥ ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ॥ ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ॥ ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ॥ ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥ ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ॥ ੬॥ (ਪੰਨਾ ੯੬੮)
ਵਾਰ ਦੀ ਇਸ ਪਉੜੀ ਵਿੱਚ ਗੁਰੂ ਅੰਗਦ ਸਾਹਿਬ ਜੀ ਦੀ ਉਪਮਾ ਕੀਤੀ ਗਈ ਹੈ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਕਈ ਲੇਖਕਾਂ ਨੇ ਇਸ ਪਉੜੀ ਤੋਂ ਇਹ ਸਿੱਟਾ ਕਢਿਆ ਹੈ ਕਿ ਭਾਈ ਸੱਤਾ ਜੀ ਆਪਣੀ ਗ਼ਲਤੀ ਦਾ ਅਹਿਸਾਸ ਕਰ ਰਹੇ ਹਨ। ਅਜਿਹਾ ਸਿੱਟਾ ਕੱਢਣ ਕਾਰਨ ਹੀ ਕਈ ਵਿਦਵਾਨ ਸੱਜਣਾਂ ਨੇ ਇਸ ਗੱਲ ਦੀ ਕਲਪਣਾ ਕੀਤੀ ਹੈ ਕਿ ਭਾਈ ਸੱਤਾ ਜੀ ਦੀ ਹੀ ਸਪੁੱਤਰੀ ਸੀ ਜਿਸ ਦੇ ਵਿਆਹ ਲਈ ਗੁਰੂ ਸਾਹਿਬ ਤੋਂ ਇਹਨਾਂ ਨੇ ਪੈਸਿਆਂ ਦੀ ਮੰਗ ਕੀਤੀ ਸੀ।
‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਲੇਖਕ ਭਾਈ ਸਰੂਪ ਦਾਸ ਭੱਲਾ ਵੀ ਭਾਈ ਸੱਤਾ ਜੀ ਦਾ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਕੀਰਤਨ ਕਰਨ ਦਾ ਵਰਣਨ ਕਰਦਾ ਹੈ।
ਚੌਪਈ
ਸੁਨਤ ਦਇਆਲ ਕਿਰਪਾ ਬਹੁ ਕਰੀ। ਟਿਕੇ ਕੀ ਵਾਰ ਮਾਹਿ ਲਿਖ ਧਰੀ। ਸਭ ਸੰਗਤ ਦਰਸਨ ਕੋ ਆਏ। ਸਤਿਗੁਰ ਦਰਸਨ ਕਰ ਫਲੇ ਪਾਏ। ਭਾਵ: ਸਤਿਗੁਰੂ ਜੀ ਨੇ ਵਾਰ ਦੀ ਇਹ ਪਉੜੀ ਸੁਣ ਕੇ ਇਹਨਾਂ ਉੱਤੇ ਬਹੁਤ ਕਿਰਪਾ ਕੀਤੀ ਅਤੇ ਇਹਨਾਂ ਦੀ ਇਸ ਵਾਰ ਨੂੰ ਲਿਖ ਕੇ ਸੰਭਾਲ ਲਿਆ। ਸਾਰੀਆਂ ਸੰਗਤਾਂ ਹਜ਼ੂਰ ਦੇ ਦਰਸ਼ਨ ਕਰਨ ਲਈ ਆਈਆਂ ਅਤੇ ਹਜ਼ੂਰ ਦਾ ਦਰਸ਼ਨ ਕਰਕੇ ਮਨ ਇੱਛਤ ਫਲ ਪਾਏ।
‘ਮਹਿਮਾ ਪ੍ਰਕਾਸ਼ ਕਵਿਤਾ’ ਦਾ ਲੇਖਕ ਗੁਰੂ ਅਮਰਦਾਸ ਜੀ ਦੀ ਨਿਤ ਦੀ ਕ੍ਰਿਆ ਦਾ ਵਰਣਨ ਕਰਦੇ ਹੋਏ ਲਿਖਦਾ ਹੈ: ਚੌਪਈ:
ਜਬ ਪਹਰ ਰਾਤ ਰਹੇ ਅਮ੍ਰਿਤ ਵੇਲਾ। ਗੁਰ ਕਰੈ ਬਿਵਸਥਾ ਜਾਗ੍ਰਤ ਕੇਲਾ। ਆਗਿਆ ਲੇ ਬਲੂ ਜਲ ਲਿਆਵੈ। ਸਤਿਗੁਰ ਜੀ ਇਸਨਾਨੁ ਕਰਾਵੈ। ੩। ਦਹੀ ਕੇਸ ਮੋ ਨਿਤਪ੍ਰਤ ਪਾਰੇ। ਬਲੂ ਉਪਰਨ ਮਰਦਨੁ ਕਰੇ। ਪ੍ਰਭ ਬਸਤ੍ਰ ਇਸਨਾਨ ਕਰ ਤਨ ਧਰੇ। ਮਸਤਕ ਤਿਲਕੁ ਗੁਰਮੁਖੀ ਕਰੇ। ੪। ਨਿਜ ਭਗਤ ਸਿੰਘਾਸਨ ਹੋਇ ਅਸੀਨ। ਸਹਜ ਸਮਾਧ ਨਿਜ ਸੁਖ ਮੋ ਲੀਨ। ਇਸੀ ਜੁਗਤ ਹੋਇ ਪ੍ਰਾਤਹਕਾਲ। ਪੁਨ ਸਤਾ ਸਬਦ ਧੁਨਿ ਕਰੇ ਬਿਸਾਲ। ੫।
ਦੋਹਰਾ: ਅਮ੍ਰਿਤਬਾਨੀ ਰਾਗ ਧਰ ਕਰੋ ਅਮ੍ਰਿਤ ਸਮੇ ਉਚਾਰ। ਬਾਜੇ ਤਾਰ ਰਬਾਬ ਕੀ ਪ੍ਰਗਟ ਧੁਨੀ ਓਅੰਕਾਰ। ੬। …
ਦਿਨ ਤੀਨ ਜਾਮ ਬੀਤਾਇ ਤਬ ਸਮਾ ਕਥਾ ਸੁਹਾਇ। . . ਧੁਨ ਹੋਇ ਭਜਨ ਅਖੰਡ। ਸਤਾ ਕਰੇ ਬਲਵੰਡ। ੧੮। ਇਮ ਕਥਾ ਕੀਰਤਨ ਨੀਤ। ਹੋਇ ਪਹਰ ਰਾਤ ਬਿਤੀਤ। (ਸਾਖੀ ੮੩)
ਲੇਖਕ ਸਵੇਰ ਦੇ ਕੀਰਤਨ ਸਮੇਂ ਕੇਵਲ ਭਾਈ ਸੱਤਾ ਜੀ ਦਾ ਹੀ ਵਰਣਨ ਕਰਦਾ ਹੈ ਪਰੰਤੂ ਤੀਜੇ ਪਹਿਰ ਮਗਰੋਂ ਕੀਰਤਨ ਸਮੇਂ ਭਾਈ ਬਲਵੰਡ ਜੀ ਦਾ ਵੀ ਵਰਣਨ ਕਰਦਾ ਹੈ।
‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਕਰਤਾ ਗੁਰੂ ਰਾਮਦਾਸ ਸਾਹਿਬ ਤੋਂ ਬਾਅਦ ਕਿਸੇ ਵੀ ਰਬਾਬੀ ਦਾ ਨਾਮ ਨਹੀਂ ਲਿਖਦਾ, ਕੇਵਲ ਰਬਾਬੀ ਜਾਂ ਰਬਾਬੀਆਂ ਸ਼ਬਦ ਦੀ ਹੀ ਵਰਤੋਂ ਕਰਦਾ ਹੈ।
ਭਾਈ ਸਰੂਪ ਦਾਸ ਭੱਲਾ ਵੀ ਗੁਰੂ ਰਾਮਦਾਸ ਜੀ ਦੀ ਨਿਤ ਦੀ ਕ੍ਰਿਆ ਦਾ ਵਰਣਨ ਕਰਦੇ ਹੋਏ ਸੁਬ੍ਹਾ ਸ਼ਾਮ ਨੂੰ ਕੀਰਤਨ ਦਾ ਵਰਣਨ ਤਾਂ ਕਰਦੇ ਹਨ ਪਰ ਕੀਰਤਨ ਕਰਨ ਵਾਲੇ ਰਬਾਬੀਆਂ ਦੇ ਨਾਮ ਦਾ ਵਰਣਨ ਨਹੀਂ ਕਰਦੇ ਹਨ: “ਤਬ ਕੀਰਤ ਭਜਨ ਹੋਇ ਨਿਰਬਾਨ। ਬਜੇ ਰਬਾਬ ਅਨਹਦ ਧੁਨ ਤਾਨ. . ਪੁਨ ਕੀਰਤਨ ਭਜਨ ਹੋਇ। ਬਜੇ ਰਬਾਬ ਤਾਲ ਮ੍ਰਿਦੰਗ। ਸਤਿਗੁਰ ਸਨਮੁਖ ਸੰਗਤ ਸੁਨੇ। ਤਿਨ ਸਫਲ ਜਨਨ ਬਡਭਾਗੀ ਗਨੇ। ੯। . . ਪੁਨ ਪਹਰ ਰਾਤ ਲਗ ਕੀਰਤਨ ਹੋਇ। ਜਬ ਹਰਿ ਪ੍ਰੇਮੀ ਆਵੈ ਕੋਇ। ੧੪।” (ਸਾਖੀ ੧੧੯)
ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਹਜ਼ੂਰ ਦੇ ਪੰਚ ਭੂਤਕ ਸਰੀਰ ਨੂੰ ਸਸਕਾਰ ਹਿਤ ਲੈ ਕੇ ਜਾਣ ਸਮੇਂ ਵੀ ਲੇਖਕ ਸ਼ਬਦ ਦੇ ਗਾਇਣ ਦਾ ਵਰਣਨ ਕਰ ਰਿਹਾ ਹੈ ਪਰ ਕਿਸੇ ਵਿਸ਼ੇਸ਼ ਕੀਰਤਨੀਏ ਦਾ ਵਰਣਨ ਨਹੀਂ ਕਰਦਾ “ਭਜਨ ਕਰਤ ਲੇ ਚਲੇ ਬਿਬਾਨ। ਸਭ ਮਗ ਬਿਵਹਾਰ ਭਏ ਪਰਮਾਨ।” (ਸਾਖੀ ੮; ਸ੍ਰੀ ਸਤਿਗੁਰੂ ਜੀ ਕੇ ਜੋਤੀ ਜੋਤ ਸਮਾਵਣੇ ਕੀ ਵਾਰਤਾ)
ਨੋਟ: ਲੇਖਕ ਵਲੋਂ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਕੀਰਤਨ ਕਰਨ ਵਾਲੇ ਕਿਸੇ ਰਬਾਬੀ ਦੇ ਨਾਮ ਦਾ ਵਰਣਨ ਨਾ ਕਰਨ ਕਾਰਨ ਹੀ (ਸ਼ਾਇਦ) ਭਾਈ ਕਾਨ੍ਹ ਸਿੰਘ ਨਾਭਾ ਨੇ ਭਾਈ ਬਲਵੰਡ ਜੀ ਨੂੰ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦਾ ਰਬਾਬੀ ਲਿਖਿਆ ਹੈ, ਜੋ ਭਾਈ ਸੱਤਾ ਜੀ ਨਾਲ ਮਿਲ ਕੇ ਕੀਰਤਨ ਕਰਦੇ ਸੀ।
‘ਮਹਿਮਾ ਪ੍ਰਕਾਸ਼ ਕਵਿਤਾ’ ਦਾ ਕਰਤਾ ਗੁਰੂ ਅਰਜਨ ਸਾਹਿਬ ਦੇ ਗੁਰਗੱਦੀ ਉੱਤੇ ਬਰਾਜਮਾਨ ਹੋਣ ਸਮੇਂ ਭਾਈ ਸੱਤਾ ਜੀ ਵਲੋਂ ਗੁਰੂ ਜੀ ਦੇ ਸਨਮੁਖ ਹੋ ਕੇ ਕੀਰਤਨ ਕਰਨ ਦਾ ਵਰਣਨ ਕਰਦਾ ਹੈ:
ਬਲਵੰਡ ਪੁਤ੍ਰ ਸਤਾ ਤਹ ਆਇਆ। ਆਨ ਹਜੂਰ ਰਬਾਬ ਵਜਾਇਆ। ਗੁਰ ਉਸਤਤ ਕਰਿ ਗਾਵਨ ਲਾਗਾ। ਕਰੇ ਭਜਨ ਪ੍ਰੇਮ-ਰਸ ਪਾਗਾ। ਪਉੜੀ ਕਰ ਉਸਤਤ ਮੁਖਿ ਗਾਈ। ਟਿੱਕੇ ਕੀ ਵਾਰ ਮਾਹਿ ਸੋ ਲਾਈ। ਸਤਿਗੁਰ ਤਾ ਪਰ ਕ੍ਰਿਪਾ ਕਰੀ। ਸੰਗ ਲਗਾਇ ਗਿੰਥ ਲਿਖ ਧਰੀ। (ਸਾਖੀ ੨)
ਭਾਵ: ਭਾਈ ਬਲਵੰਡ ਜੀ ਦਾ ਪੁੱਤਰ ਭਾਈ ਸੱਤਾ ਜੀ, ਜਿਹੜੇ ਪ੍ਰੇਮ ਰਸ ਭਰਿਆ ਸ਼ਬਦ ਕੀਰਤਨ ਕਰਦੇ ਸਨ, ਗੁਰਦੇਵ ਜੀ ਦੇ ਪਾਸ ਆ ਕੇ ਰਬਾਬ ਵਜਾ ਕੇ ਗੁਰੂ ਜੀ ਦੀ ਉਸਤਤ ਕਰਨ ਲੱਗ ਪਏ। ਸਤਿਗੁਰੂ ਜੀ ਨੇ ਇਹਨਾਂ ਉੱਤੇ ਕਿਰਪਾ ਕਰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਵਾਰ ਨੂੰ ਦਰਜ ਕਰ ਲਿਆ।
ਪੌੜੀ ਟਿੱਕੇ ਕੀ ਵਾਰ:
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ॥ ਆਪੀਨੈੑ ਆਪੁ ਸਾਜਿਓਨੁ ਆਪੇ ਹੀ ਥੰਮਿੑ ਖਲੋਆ॥ ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ॥ ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ॥ ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥ ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ॥ ਜਿਨੀੑ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ॥ ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ॥ ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ॥ ੮॥ (ਪੰਨਾ ੯੬੯)
‘ਮਹਿਮਾ ਪ੍ਰਕਾਸ਼ ਕਵਿਤਾ’ ਦਾ ਕਰਤਾ ਇਸ ਵਾਰ ਦੀ ਸਤਵੀਂ ਪਉੜੀ ਬਾਰੇ ਕੁੱਝ ਨਹੀਂ ਲਿਖਦਾ ਕਿ ਇਹ ਪਉੜੀ ਇਹਨਾਂ ਨੇ ਗੁਰੂ ਦਰਬਾਰ ਵਿੱਚ ਕਦੋਂ ਗਾਈ। ਇਹ ਪਉੜੀ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਹੈ। ਇਸ ਵਾਰ ਦੀਆਂ ਕੁਲ ਅੱਠ ਪਉੜੀਆਂ ਹਨ; ਇਹਨਾਂ ਵਿਚੋਂ ਸੱਤ ਪਉੜੀਆਂ ਦਾ ਲੇਖਕ ਵਰਣਨ ਕਰਦਾ ਹੈ ਪਰੰਤੂ ਸਤਵੀਂ ਬਾਰੇ ਕੋਈ ਸੰਕੇਤ ਨਹੀਂ ਕਰਦਾ।
ਸਰੂਪ ਦਾਸ ਭੱਲਾ ਭਾਈ ਸੱਤੇ ਨੂੰ ਭਾਈ ਬਲਵੰਡ ਦਾ ਪੁੱਤਰ ਲਿਖਦਾ ਹੈ ਪਰ ‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਲੇਖਕ ਇਹਨਾਂ ਦੋਹਾਂ ਦੀ ਕਿਸੇ ਤਰ੍ਹਾਂ ਦੀ ਰਿਸ਼ਤੇਦਾਰੀ ਦਾ ਵਰਣਨ ਨਹੀਂ ਕਰਦਾ ਜਦੋਂ ਕਿ ‘ਗੁਰ ਬਿਲਾਸ ਪਾਤਸ਼ਾਹੀ ੬’ ਦਾ ਕਰਤਾ ਭਾਈ ਬਲਵੰਡ ਅਤੇ ਭਾਈ ਸੱਤਾ ਜੀ ਨੂੰ ਭਰਾਤਾ ਲਿਖਦਾ ਹੈ।
ਭਾਈ ਸਰੂਪ ਦਾਸ ਭੱਲਾ ਗੁਰੂ ਅਰਜਨ ਸਾਹਿਬ ਨੂੰ ਬਾਬਾ ਮੋਹਨ ਜੀ ਪਾਸੋਂ ਪੋਥੀਆਂ ਲਿਆਉਣ ਲਈ ਗੋਇੰਦਵਾਲ ਵਿਖੇ ਜਾਣ ਦਾ ਵਰਣਨ ਕਰਦੇ ਹਨ ਤਦੋਂ ਗੁਰੂ ਅਰਜਨ ਸਾਹਿਬ ਵਲੋਂ ਭਾਈ ਸੱਤੇ ਨੂੰ ਵੀ ਆਪਣੇ ਨਾਲ ਲੈ ਕੇ ਜਾਣ ਦਾ ਵਰਣਨ ਕਰਦੇ ਹਨ:
“ਸਤਿਗੁਰ ਅੰਤਰਜਾਮੀ ਜਾਨੇ। ਕਾਹੂ ਕੀ ਸੰਸਰਾਮ ਨਹੀਂ ਮਾਨੇ। ਮੋਹਨ ਜੀ ਜਬ ਕਹ ਪਠਾਏ। ਤਬ ਦੇਵੈ ਪੋਥੀ ਯਹੀ ਉਪਾਏ। ਤਬ ਸਤਿਗੁਰ ਪਰਮ ਚਤਰ ਪ੍ਰਬੀਨਾ। ਮੋਹਨ ਕੀ ਉਸਤਤ ਛੰਤ ਇਕੁ ਕੀਨਾ। ਸਤਾ ਰਬਾਬੀ ਲੀਨਾ ਸਾਥ। ਅਉਰ ਗੁਰਮੁਖ ਸਿਖ ਸੰਗ ਜੋੜੇ ਹਾਥ। ਮੋਹਨ ਜੀ ਪਹਿ ਗਏ ਦਿਆਲ। ਸਭ ਸੰਗਤ ਕੀਨਾ ਭਜਨ ਬਿਸਾਲ। ਯੇਹੀ ਛੰਤ ਜਬ ਊਹਾ ਗਾਇਆ। ਸੁਨ ਮੋਹਨ ਬਿਗਸੇ ਸਭ ਪੂਛ ਪੁਛਾਇਆ।”
ਭਾਵ: ਅੰਤਰਜਾਮੀ ਗੁਰੂ ਅਰਜਨ ਸਾਹਿਬ ਨੇ ਇਹ ਜਾਣ ਲਿਆ ਕਿ ਸੰਸਰਾਮ ਹੁਰੀਂ ਕਿਸੇ ਹੋਰ ਦੀ ਗੱਲ ਨਹੀਂ ਮੰਨਣਗੇ। ਬਾਬਾ ਮੋਹਨ ਜੀ ਜਦ ਉਹਨਾਂ ਨੂੰ ਆਖਣਗੇ ਤਦ ਹੀ ਉਹ ਪੋਥੀ ਦੇਣਗੇ। ਸਤਿਗੁਰੂ ਜੀ ਨੇ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਨਾਲ ਹੀ ਪੋਥੀ ਲਈ ਜਾ ਸਕਦੀ ਹੈ। ਤਦ ਪ੍ਰਬੀਨ ਅਤੇ ਪਰਮ ਸੁਘੜ ਸਤਿਗੁਰੂ ਜੀ ਨੇ ਮੋਹਨ ਜੀ ਦੀ ਉਸਤਤ ਵਿੱਚ ਇੱਕ ਛੰਤ ਉਚਾਰਨ ਕੀਤਾ। ਗੁਰਦੇਵ ਨੇ ਭਾਈ ਸੱਤੇ ਰਬਾਬੀ ਅਤੇ ਕੁੱਝ ਹੋਰ ਗੁਰਸਿੱਖਾਂ ਨੂੰ ਆਪਣੇ ਨਾਲ ਲੈ ਲਿਆ। ਦਿਆਲੂ ਸਤਿਗੁਰੂ ਜੀ ਬਾਬਾ ਮੋਹਨ ਜੀ ਦੇ ਪਾਸ ਗਏ। ਸਾਰੀਆਂ ਸੰਗਤਾਂ ਨੇ ਗੁਰਬਾਣੀ ਦਾ ਗਾਇਣ ਕੀਤਾ। ਇਹੀ ਛੰਤ ਜਦ ਮੋਹਨ ਜੀ ਪਾਸ ਗਾਇਆ ਤਾਂ ਬਾਬਾ ਮੋਹਨ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ।
ਚੱਲਦਾ




.