.

ੴਸਤਿਨਾਮ

ਕਉਣ ਮਾਸ ਕਉਣ ਸਾਗ ਕਹਾਵੈ

(ਭਾਗ ਤੀਜਾ)

ਸਿਆਣੇਂ ਲੋਕਾਂ ਨੂੰ ਇਹ ਕਹਿੰਦਿਆਂ ਆਮ ਹੀ ਸੁਣਦਾ ਰਹਿੰਦਾ ਹਾਂ, ਕਿ ਗੁਰੂ ਨਾਨਕ ਜੀ ਨੇਂ ਸਾਡੇ ਵਾਸਤੇ ਬਾਣੀਂ ਦਾ ਇੱਕ ਗਾਡੀ ਰਾਹ ਬਣਾਇਆ ਹੈ। ਜਿਸ ਤੇ ਚੱਲ ਕੇ ਅਸੀਂ, ਸਭ ਦੁੱਖਾਂ ਕਲੇਸਾਂ, ਲੜਾਈ ਝਗੜਿਆਂ, ਵਹਿਮਾਂ ਭਰਮਾਂ, ਆਦੀ ਤੋਂ ਮੁਕਤ ਹੋ ਜਾਂਦੇ/ਸਕਦੇ ਹਾਂ।

ਪਰ ਪੰਜ ਸੌ ਸਾਲ ਬੀਤ ਜਾਣ ਦੇ ਬਾਵਜੂਦ ਵੀ, ਅਸੀਂ ਸਿਰਫ ਇੱਕ ਇਸ ਮਾਸ ਵਾਲੇ ਝਗੜੇ ਤੋਂ ਵੀ ਮੁਕਤੀ ਹਾਸਲ ਨਹੀਂ ਕਰ ਸਕੇ।

ਕੀ ਕਾਰਨ ਹੈ! ਕਿਥੇ ਗਲਤੀ ਹੈ! ਕੀ ਕਮੀਂ ਹੈ! ਕਿਸ ਦਾ ਦੋਸ਼ ਹੈ!

ਇਸ ਝਗੜੇ ਨੂੰ ਸੁਲਝਾਉਣ ਵਾਸਤੇ ਤਾਂ ਗੁਰੂ ਨਾਨਕ ਦੇਵ ਜੀ ਨੇਂ ਵੀ, ਦਖਲ ਦਿੱਤਾ ਹੈ/ਸੀ। ਕੀ ਗੁਰੂ ਨਾਨਕ ਜੀ ਦੇ ਸਮਝਾਉਣ ਵਿੱਚ ਹੀ ਕੋਈ ਕਮੀਂ ਰਹਿ ਗਈ ਹੈ! ! ! !

ਇਸ ਤੋਂ ਇਲਾਵਾ ਵੱਡੇ ਵੱਡੇ, ਬੜੇ ਮਹਾਨ ਫਿਲੌਸਫਰ ਅਤੇ ਵਿਦਵਾਨ, ਵੀ ਹੋ ਚੁਕੇ ਹਨ ਸਾਡੀ ਕੌਮ ਵਿਚ, ਜਿੰਨ੍ਹਾਂ ਤੇ ਕੌਮ ਫਖ਼ਰ ਕਰ ਸੱਕਦੀ ਹੈ। ਪਰ ਝਗੜਾ ਉਥੇ ਦਾ ਉਥੇ ਹੀ ਹੈ।

ਅੱਜ ਵੀ ਹਰ ਇੱਕ ਵਿਦਵਾਨ ਆਪਣੇਂ ਆਪ ਨੂੰ ਸੱਭ ਤੋਂ ਸਿਆਣਾਂ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਹਰ ਕੋਈ ਮੂਰਖ ਮੂਰਖ ਵਾਲਾ ਖਿਤਾਬ ਦੂਸਰਿਆਂ ਨੂੰ ਦੇ ਰਿਹਾ ਹੈ।

ਮਾਸ ਦੇ ਹੱਕ ਅਤੇ ਵਿਰੋਧ ਵਿਚ, ਕਈ ਕਿਤਾਬਾਂ ਵੀ ਲਿਖੀਆਂ ਜਾ ਚੁਕੀਆਂ ਹਨ। ਫਿਰ ਵੀ ਝਗੜਾ ਜਿਉਂ ਦਾ ਤਿਉਂ ਹੈ।

ਇਸ ਦਾ ਕਾਰਨ ਸ਼ਾਇਦ ਇਹ ਹੋਵੇ, ਕੇ ਸਮਝਾਉਣ ਵਾਲੇ ਤਾਂ ਸਾਰੇ ਹੀ ਹਨ, ਪਰ ਸਮਝਣ ਵਾਲਾ ਕੋਈ ਵੀ ਨਹੀਂ ਹੈ।

ਇੰਜ ਲੱਗਦਾ ਹੈ ਜਿਵੇਂ ਸਮਝਣ ਵਾਲੇ ਜਾਂ ਸਮਝਦਾਰ ਸਾਰੇ ਹੀ ਸਿੱਖਾਂ ਨੂੰ, ਗੁਰੂ ਨਾਨਕ ਜੀ ਇਸ ਝਗੜੇ ਤੋਂ ਦੂਰ ਆਪਣੇਂ ਨਾਲ ਹੀ ਲੈ ਗਏ ਹੋਣ।

ਇਸ ਲੇਖ ਵਿੱਚ ਆਪਾਂ ਇਹ ਵਿਚਾਰ ਵੀ ਕਰਾਂ ਗੇ, ਕਿ ਕਿਵੇਂ ਸੱਚਮੁਚ ਹੀ ਗੁਰੂ ਨਾਨਕ ਦੇਵ ਜੀ, ਆਪਣੇਂ ਸਿੱਖਾਂ ਨੂੰ ਤਾਂ ਇਸ ਦੇਸ ਵਿਚੋਂ ਕਦੋਂ ਦੇ ਹੀ ਕੱਢ ਕੇ ਲੈ ਜਾ ਚੁੱਕੇ ਹਨ।

ਕਈ ਵੀਰ ਸਮਝਣ (ਸਿੱਖਣ) ਦਾ ਬਹਾਨਾਂ ਬਨਾ ਕੇ, ਸਾਡੇ ਵਿੱਚ ਆਏ, ਪਰ ਜਲਦ ਹੀ ਉਹਨਾਂ ਦਾ ਵੀ ਅਸਲੀ ਚੇਹਰਾ ਸਾਹਮਣੇ ਆ ਗਿਆ। ਕਿ ਉਹ ਸਮਝਣ ਵਾਸਤੇ ਨਹੀਂ ਉਹ ਵੀ ਸਮਝਾਉਣ ਵਾਸਤੇ ਹੀ ਆਏ ਸਨ। ਸਮਝਣ ਦੀ ਚਾਹ ਰੱਖਣ ਵਾਲਾ ਕੋਈ ਵੀ ਨਹੀਂ ਹੈ।

ਗੁਰੂ ਨਾਨਕ ਦੇਵ ਜੀ ਆਪਣੇਂ ਸਿੱਖਾਂ ਨੂੰ ਨਾਲ ਲੈ ਗਏ, ਜਾਂ ਉਹਨਾਂ ਦੇ ਸਿੱਖ ਉਹਨਾਂ ਦੇ ਨਾਲ ਹੀ ਚਲੇ ਗਏ।

ਇਸ ਸਬੰਧ ਵਿੱਚ ਇੱਕ ਸੱਚੀ ਕਹਾਣੀਂ ਦੀ ਮਿਸਾਲ, ਪਾਠਕਾਂ ਦੇ ਸਾਹਮਣੇਂ ਰੱਖ ਰਿਹਾ ਹਾਂ। ਇਹ ਮਿਸਾਲ ਅਸੀਂ ਅੱਜ ਵੀ ਆਪਣੀਆਂ ਅੱਖਾਂ ਨਾਲ ਦੇਖ ਸੱਕਦੇ ਹਾਂ। ਇਹ ਮਿਸਾਲ ਜੁਗਾਂ ਤੋਂ ਚੱਲਦੀ ਆਈ ਹੈ, ਅਤੇ ਚੱਲਦੀ ਹੀ ਰਹੇ ਗੀ। ਇਹ ਮਿਸਾਲ ਇੱਕ ਪੰਛੀ ਦੀ ਹੈ। ਅਗਰ ਪੰਛੀ ਆਪਣਾਂ ਅਸੂਲ ਜਾਂ ਕੁਦਰਤ ਦਾ ਨੇਂਮ ਨਹੀਂ ਤੋੜਦੇ/ ਜਾਂ ਉਹਨਾਂ ਦਾ (ਪੰਛੀਆਂ ਦਾ) ਨੇਂਮ ਨਹੀਂ ਬਦਲਦਾ। ਤਾਂ ਸਤਿਗੁਰੂ ਦਾ ਨੇਂਮ ਕੌਣ ਬਦਲ ਸੱਕਦਾ ਹੈ। ਗੁਰੂ ਨਾਨਕ ਦਾ ਨੇਮ ਅੱਜ ਵੀ ਉਹੋ ਹੀ ਹੈ। ਕੱਲ ਵੀ ਉਹੋ ਹੀ ਸੀ। ਅਤੇ ਜੁਗਾਂ ਜੁਗਾਂਤਰਾਂ ਤੱਕ ਵੀ ਉਹੋ ਹੀ ਰਹੇ ਗਾ। ਕਦੇ ਵੀ ਬਦਲੇ ਗਾ ਨਹੀਂ।

ਕੋਇਲ ਦੇ ਨਾਮ ਤੋਂ ਸਾਰੇ ਹੀ ਵਾਕਫ ਹਨ। ਇਹ ਕਾਲੇ ਰੰਗ ਦਾ ਕਾਂ ਨਾਲ ਮਿਲਦਾ ਜੁਲਦਾ ਪੰਛੀ ਹੁੰਦਾ ਹੈ। ਇਹ ਆਪਣਾਂ ਆਲ੍ਹਣਾਂ ਨਹੀਂ ਬਨਾਉਂਦਾ ਹੈ। ਅਤੇ ਨਾਂ ਹੀ ਮਾਦਾ ਕੋਇਲ ਆਪਣੇਂ ਆਂਡਿਆਂ ਤੇ ਬੈਠ ਕੇ (ਆਂਡਿਆਂ ਨੂੰ ਸੇਵ ਕੇ) ਬੱਚੇ ਕੱਢਦੀ ਹੈ। ਕੋਇਲ ਆਂਡਿਆਂ ਵਿਚੋਂ ਬੱਚੇ ਕੱਢ ਕੇ ਅਤੇ ਪਾਲਣ ਪੋਸਣ ਤੱਕ ਦਾ ਇਹ ਸਾਰਾ ਕੰਮ ਕਾਂ ਤੋਂ ਲੈਂਦੀ/ਕਰਵਾਉਂਦੀ ਹੈ। ਕਾਂ ਆਪਣੇਂ ਆਪ ਵਿੱਚ ਬਹੁਤ ਹੀ ਸਿਆਣਾਂ ਪੰਛੀ ਹੁੰਦਾ ਹੈ, ਜਾਂ ਕਾਂ ਬਹੁਤ ਹੀ ਚਲਾਕ ਅਤੇ ਖਚਰਾ ਪੰਛੀ ਮੰਨਿਆਂ ਜਾਂਦਾ ਹੈ। ਪਰ ਕੋਇਲ ਉਸ ਨੂੰ ਵੀ ਧੋਖਾ ਦੇ ਜਾਂਦੀਂ ਹੈ।

ਕੋਇਲ ਨੇਂ ਜਦ ਆਡੇ ਦੇਣੇਂ ਹੁੰਦੇ ਹਨ, ਤਾਂ ਉਹ ਮੌਕਾ ਵੇਖ ਕੇ (ਜਦ ਕਿ ਮਾਦਾ ਕਾਂ ਆਪਣੇਂ ਆਲ੍ਹਣੇਂ ਵਿਚੋਂ ਬਾਹਰ ਚੋਗਾ ਪਾਣੀਂ ਵਾਸਤੇ ਗਈ ਹੁੰਦੀ ਹੈ) ਕਿਸੇ ਮਾਦਾ ਕਾਂ ਦੇ ਆਹਲਣੇਂ ਵਿੱਚ ਜਾ ਕੇ ਆਪਣੇਂ ਆਂਡੇ ਉਸ ਦੇ ਅ੍ਹਾਲਣੇਂ ਵਿੱਚ ਦੇ ਆਉਂਦੀ ਹੈ। ਕੋਇਲ ਜਿਨੇਂ ਆਂਡੇ ਆਪਣੇਂ ਦੇਂਦੀ ਹੈ, ਉਤਨੇਂ ਆਂਡੇ ਕਾਂ ਦੇ ਭੰਨ ਦੇਂਦੀ ਹੈ, ਅਤੇ ਗਿਣਤੀ ਪੂਰੀ ਕਰ ਦੇਂਦੀ ਹੈ। ਹਾਲਾਂ ਕਿ ਕੋਇਲ ਦੇ ਆਂਡੇ ਕਾਂ ਦੇ ਆਂਡਿਆਂ ਨਾਲੋਂ ਜਰਾ ਕੂ ਛੋਟੇ ਹੁੰਦੇ ਹਨ। ਅਤੇ ਕਾਂ ਬਹੁਤ ਚਲਾਕ ਹੋਣ ਦੇ ਬਾਵਜੂਦ ਫਿਰ ਵੀ ਇਸ ਧੋਖੇ ਨੂੰ ਪਹਿਚਾਨ ਨਹੀਂ ਸਕਦਾ।

ਕਾਂ ਹੀ ਕੋਇਲ ਦੇ ਬਚਿਆਂ ਨੂੰ ਆਂਡਿਆਂ ਵਿਚੋਂ ਕੱਢ ਕੇ ਚੋਗ ਚੁਗਾਉਂਦਾ ਅਤੇ ਪਾਲਦਾ ਪੋਸਦਾ ਹੈ। ਜਦਿ ਬਚੇ ਉਡਾਰੂ ਹੋ ਜਾਂਦੇ ਹਨ ਤਾਂ। ਕੋਇਲ ਆ ਕੇ ਆਪਣੀਂ ਮਿੱਠੀ ਆਵਾਜ਼ ਵਿੱਚ ਕੂਕਦੀ ਹੈ। ਜਿਹੜੇ ਕੋਇਲ ਦੇ ਬੱਚੇ ਹੁੰਦੇ ਹਨ, ਉਹ ਕੋਇਲ ਦੀ ਆਵਾਜ ਸੁਣ ਕੇ ਝੱਟ ਕੋਇਲ ਦੇ ਪਿੱਛੇ ਲੱਗ ਜਾਂਦੇ ਹਨ। ਅਤੇ ਕੋਇਲ ਦੇ ਨਾਲ ਉੱਡ ਕੇ ਬਾਗਾਂ ਵਿੱਚ ਚਲੇ ਜਾਂਦੇ ਹਨ। ਕੋਇਲ ਦੇ ਬੱਚੇ ਵੀ ਕੋਇਲ ਵਾਂਗ ਮਿੱਠੀ ਬੋਲੀ ਬੋਲਦੇ ਹਨ। ਜਦ ਕੋਇਲ ਮਿੱਠੀ ਬੋਲੀ ਵਿੱਚ ਕੂਕਦੀ ਹੈ, ਤਾਂ ਸੱਭ ਦੇ ਕੰਨਾਂ ਨੂੰ ਜਾਂ ਮਨ ਨੂੰ ਭਾਉਂਦੀ ਹੈ। ਕੋਇਲ ਦੀ ਮਿੱਠੀ ਬੋਲੀ ਸੁਣ ਕੇ ਹਰ ਕੋਈ ਕੰਨ ਉਧਰ ਲਾ ਲੈਂਦਾ ਹੈ।

ਜਿਹੜੇ ਕਾਂ ਦੇ ਬੱਚੇ ਹੁੰਦੇ ਹਨ, ਉਹ ਕਦੇ ਵੀ ਕੋਇਲ ਮਗਰ ਨਹੀਂ ਲੱਗਦੇ, ਅਤੇ ਗੰਦ ਵਿੱਚ ਹੀ ਚੁੰਜਾਂ ਮਾਰਦੇ ਰਹਿ ਜਾਂਦੇ ਹਨ। ਅਤੇ ਜਦ ਕਦੇ ਇਕੱਠੇ ਹੋ ਕੇ ਕਾਂ ਕਾਂ ਦੀ ਕਾਵਾਂਰੌਲੀ ਪਾਉਂਦੇ ਹਨ, ਤਾਂ ਇਹ ਸੰਕੇਤ ਹੁੰਦਾ ਹੈ, ਉਹਨਾਂ ਦੇ ਝੂੰਡ ਦੇ ਕਰੋਧ ਦਾ। ਕਾਵਾਂ ਤੋਂ ਡਰਦੇ, ਬੱਚੇ ਤਾਂ ਆਪਣੇਂ ਸਿਰਾਂ ਤੇ ਹੱਥ ਰੱਖ ਕੇ ਜਾਂ ਸਿਰਾਂ ਨੂੰ ਕਿਸੇ ਤਰਾਂ ਢੱਕ ਕੇ ਦੌੜ ਜਾਂਦੇ ਹਨ। ਅਤੇ ਜਿਹੜੇ ਵੱਡੇ ਹੁੰਦੇ ਹਨ, ਉਹ ਡਿੱਲਾਂ ਰੋੜੇ ਮਾਰ ਕੇ ਕਾਵਾਂ ਨੂੰ ਭਜਾਉਣ/ਖਿੰਡਾਉਣ ਦਾ ਜਤਨ ਕਰਦੇ ਹਨ।

ਨੋਟ:-

ਗੁਰੂ ਨਾਨਕ ਦੇ ਸਿੱਖ (ਬੱਚੇ) ਤਾਂ ਗੈਰ ਸਿੱਖਾਂ ਦੇ ਘਰ ਹੀ ਪੈਦਾ ਹੋਇ ਸਨ। ਕੁੱਝ ਹਿੰਦੂਆਂ ਦੇ ਘਰ ਵੀ ਪੈਦਾ ਹੋਇ ਸਨ, ਅਤੇ ਕੁੱਝ ਮੁਸਲਮਾਨਾਂ ਜਾਂ ਹੋਰ ਫਿਰਕਿਆਂ ਦੇ ਘਰ ਵਿੱਚ ਵੀ ਪੈਦਾ ਹੋਇ ਸਨ। ਗੁਰੂ ਨਾਨਕ ਜੀ ਕੋਇਲ ਵਾਂਗ, ਆਪਣੇਂ ਬਚਿਆਂ ਨੂੰ ਲੈਣ ਵਾਸਤੇ, ਜਾਂ ਆਵਾਜ਼ ਜਾਂ “ਬੋਲ” (ਇਹ ਉਹ ਬੋਲ ਹੈ ਜਿਸ ਦਾ ਜਿਕਰ ਜਾਂ ਸਵਾਲ ਦਾਸ ਨੇਂ ਪਿਛਲੇ ਹਫਤੇ ਦੇ ਲੇਖ ਵਿੱਚ ਕੀਤਾ ਸੀ) ਸੁਨਾੳਣ ਵਾਸਤੇ, ਮੱਕੇ ਮਦੀਨੇਂ ਸਮੇਤ ਦੁਨੀਆਂ ਦੇ ਚਾਰੋਂ ਕੋਨਿਆਂ ਵਿੱਚ ਗਏ ਸਨ।

ਜਿਥੇ ਜਿਥੇ ਵੀ ਗੁਰੂ ਨਾਨਕ ਦੇ ਬੱਚੇ ਸਨ, ਉਹਨਾਂ ਨੇਂ ਝੱਟ ਉਹਨਾਂ (ਗੁਰੂ ਨਾਨਕ) ਦੇ “ਬੋਲ” ਨੂੰ ਪਕੜ ਲਿਆ। ਉਹ ਗੁਰਮੁਖ ਬਣ ਗਏ। ਅਤੇ ਗੁਰੂ ਨਾਨਕ ਦੇ ਪਿੱਛੇ ਪਿੱਛੇ ਉਹ ਵੀ ਗੁਰੂ ਨਾਨਕ ਦੇ ਦੇਸ ਵਿੱਚ ਚਲੇ ਗਏ।

ਕੋਇਲ ਦੇ ਬਚਿਆਂ ਨੇਂ ਵੀ ਕੋਇਲ ਦਾ ਬੋਲ ਪਹਿਚਾਨ ਲਿਆ, ਪਰ ਸਾਡੇ ਪਾਸੋਂ ਅੱਜ ਤੱਕ ਗੁਰੂ ਨਾਨਕ ਦਾ ਬੋਲ ਪਹਿਚਾਣਿਆਂ ਨਾਂ ਗਿਆ। ਜਿੰਨ੍ਹਾਂ ਨੇਂ ਪਹਿਚਾਨ ਲਿਆ ਉਹ ਕਾਵਾਂ ਦੇ ਇਸ ਦੇਸ ਵਿੱਚ ਨਹੀਂ ਰਹਿ ਸਕਦੇ।

ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ॥ ੧॥ ਜਿਹੜੇ ਦੁਨੀਆਂ ਦਾਰ ਸਨ, (ਜਿਹੜੇ ਕਾਵਾਂ ਦੇ ਬੱਚੇ ਸਨ, ਉਹਨਾਂ ਨੇਂ ਨਾਂ ਉਦੋਂ ਸੁਣਿਆਂ ਅਤੇ ਨਾਂ ਹੀ ਹੁਣ ਸੁਣ ਸੱਕਦੇ ਹਨ) ਜਿਹੜੇ ਮਇਆ ਦੇ ਅਧੀਨ ਸਨ, ਜਾਂ ਜਿਹੜੇ ਸਾਡੇ ਵਰਗੇ ਮਨਮੁਖ ਸਨ। ਉਹ ਕਾਵਾਂ ਦੇ ਬਚਿਆਂ (ਕਾਵਾਂ ਵਾਂਗ) ਵਾਂਗ ਉਦੋਂ ਵੀ ਕਾਵਾਂ ਰੌਲੀ ਪਾਉਂਦੇ ਰਹੇ। ਗੁਰੂ ਨਾਨਕ ਦਾ ਅਤੇ ਗੁਰੂ ਨਾਨਕ ਦੇ ਸਿੱਖਾਂ ਦਾ ਵਿਰੋਧ ਕਰਦੇ ਰਹਿ ਗਏ। ਕਾਵਾਂ ਵਾਂਗ ਚੁੰਜਾਂ ਮਾਰਦੇ ਰਹੇ। ਅਤੇ ਅੱਜ ਵੀ ਮਾਰ ਰਹੇ ਹਨ, ਅਤੇ ਹਮੇਸ਼ਾਂ ਮਾਰਦੇ ਰਹਿਣ ਗੇ, ਕਦੇ ਵੀ ਉਹਨਾਂ ਦੀ ਆਦਤ ਨਹੀਂ ਬਦਲ ਸੱਕਦੀ। ਗੁਰੂ ਨਾਨਕ ਦਾ ਸਿੱਖ ਜੇ ਦੁਨੀਆਂ ਵਿੱਚ ਰਹਿ ਜਾਵੇ ਇਹ ਵੀ ਤਾਂ ਅਨਹੋਣੀਂ ਹੀ ਹੈ।

ਜੇ ਕੋਇਲ ਆਪਣੇਂ ਬੱਚਿਆਂ ਨੂੰ ਕਾਵਾਂ ਵਿੱਚ ਨਹੀਂ ਰਹਿਣ ਦੇਂਦੀ, ਜਾਂ ਜੇ ਕੋਇਲ ਦੇ ਬੱਚੇ ਕਾਵਾਂ ਵਿੱਚ ਨਹੀਂ ਰਹਿ ਸੱਕਦੇ, ਤਾਂ ਗੁਰੂ ਨਾਨਕ ਦੇ ਬੱਚੇ (ਸਿੱਖ) ਮਨਮੁੱਖਾਂ ਵਿੱਚ ਕਿਵੇਂ ਰਹਿ ਸੱਕਦੇ ਹਨ। “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ”

ਪਉੜੀ॥ ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥ ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ॥ ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ॥ ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ॥ ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ॥ ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ॥ ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ॥ ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ॥ ੧੬॥ ਮ: ੩ ੧੪੫

ਜਦ ਕੋਇਲ ਦੇ ਬੱਚੇ ਕਾਂ ਦਾ ਸਾਥ ਛੱਡ ਕੇ ਕੋਇਲ ਮਗਰ ਉੱਡਣ ਦੀ ਤਿਆਰੀ ਕਰਦੇ ਹਨ, ਤਾਂ ਉਹੀ ਕਾਂ, ਜਿਸ ਨੇਂ ਕਿ ਉਹ ਬੱਚੇ ਪਾਲੇ ਹੁੰਦੇ ਸਨ। ਉਹਨਾਂ ਬਚਿਆਂ ਨੂੰ ਉਹੀ ਕਾਂ ਚੁੰਝਾਂ ਮਾਰਨ ਲੱਗ ਪੈਂਦੇ ਹਨ। ਇਹ ਤਮਾਸ਼ਾਂ ਛੋਟੇ ਹੁੰਦਿਆਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਇੱਕ ਵਾਰ ਮੈਂ ਸੜਕ ਤੇ ਆਪਣੇਂ ਦਾਦਾ ਜੀ ਨਾਲ ਮੱਝਾਂ ਚਾਰ ਰਿਹਾ ਸੀ। ਤਾਂ ਇੱਕ ਕਾਂ ਦੇ ਬੱਚੇ ਕਾਂ (ਜਾਂ ਕਾਉਣੀਂ) ਨਾਲ ਇਧਰ ਉਧਰ ਉੱਡ ਰਹੇ ਸਨ, ਭਾਵ ਛੋਟੀਆਂ ਛੋਟੀਆਂ ਉਡਾਰੀਆਂ ਮਾਰ ਰਹੇ ਸਨ। ਅਤੇ ਜਦ ਬੋਲਦੇ ਸਨ ਤਾਂ ਨਾਲ ਹੀ ਮਾੜੀ ਮਾੜੀ ਕੋਇਲ ਵਰਗੀ (ਕੁਹੁ ਕੁਹੁ) ਆਵਾਜ਼ ਵੀ ਕੱਢਦੇ ਸਨ, ਜੋ ਮੈਨੂੰ ਬੜੀ ਅਜੀਬ ਅਤੇ ਦਿਲਚਸਪ ਲੱਗੀ ਸੀ। ਬਾਦ ਵਿੱਚ ਮੈਨੂੰ ਮੇਰੇ ਦਾਦਾ ਜੀ ਨੇਂ ਦੱਸਿਆ ਕੇ ਇਹ ਕੋਇਲ ਦੇ ਬੱਚੇ ਹਨ। ਅਤੇ ਉਹਨਾਂ ਨੇਂ ਮੈਨੂੰ ਕਾਂ ਅਤੇ ਕੋਇਲ ਦੀ ਸਾਰੀ ਕਹਾਣੀਂ ਵਿਸਥਾਰ ਨਾਲ ਸੁਣਾਈ।

ਵਿਚਾਰਨ ਵਾਲੀ ਗੱਲ ਹੈ, ਕਿ ਇੱਕ ਆਮ ਪੰਛੀ (ਕੋਇਲ) ਦੇ ਬੱਚੇ, ਆਪਣੀਂ ਮਾਂ ਨੂੰ ਮਿਲਣ ਤੋਂ ਪਹਿਲੇ ਹੀ, ਆਪਣੀਂ ਬੋਲੀ ਬੋਲਣ ਕੀ ਕੋਸ਼ਿਸ਼ ਕਰ ਰਹੇ ਸਨ। ਭਾਵ “ਬੋਲ” ਨੂੰ ਭੁੱਲੇ ਨਹੀਂ ਸਨ।

ਅਤੇ ਜਦੋਂ ਹੀ ਉਹਨਾਂ ਨੇਂ ਆਪਣੀਂ ਮਾਂ ਦੀ ਕੂਕ ਆਵਾਜ਼ ਜਾਂ ਬੋਲੀ ਸੁਣੀਂ, ਉਹ ਇੱਕ ਪਲ ਵਿੱਚ ਪਹਿਚਾਣ ਗਏ ਉਸ “ਬੋਲ” ਨੂੰ।

ਪਰ ਅਸੀਂ ਆਪਣੇਂ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ, ਕਈ ਸਦੀਆਂ ਬੀਤ ਜਾਣ ਤੇ ਵੀ, ਗੁਰੂ ਨਾਨਕ ਦੇ “ਬੋਲ” ਨੂੰ ਪਹਿਚਾਣ ਨਾਂ ਸਕੇ।

ਕਿਸੇ ਨੂੰ ਪਹਿਚਾਣ ਹੈ, ਜਾਂ ਕੋਈ ਜਾਣਦਾ ਹੈ ਉਸ ਬੋਲ ਨੂੰ, ਤਾਂ ਦੱਸੋ? ? ? ? ।

ਅਤੇ ਹੈ ਕੋਈ ਜੋ ਕੋਇਲ ਦੇ ਬਚਿਆਂ ਵਾਂਗ ਆਪਣੇਂ ਆਪ ਨੂੰ ਗੁਰੂ ਨਾਨਕ ਦਾ ਸਿੱਖ (ਬੱਚਾ) ਸਾਬਤ ਕਰ ਕੇ ਦਿਖਾ ਸੱਕਦਾ ਹੋਵੇ।

ਵੀਰੋ ਇਸ ਗੱਲ ਦੀ ਵਿਚਾਰ ਕਰੋ। ਅਤੇ…

…ਅਤੇ ਕੋਇਲ ਦੀ ਮਿਸਾਲ ਨੂੰ ਸਾਹਮਣੇਂ ਰੱਖ ਕੇ, ਫੈਸਲਾ ਕਰੋ ਕੇ ਆਪਾਂ ਕੋਇਲ ਦੇ ਬੱਚੇ ਹਾਂ, ਜਾਂ ਕਾਵਾਂ ਦੇ ਬੱਚੇ ਹਾਂ। ਭਾਵ ਅਸੀਂ ਗੁਰੂ ਨਾਨਕ ਦੇ ਬੱਚੇ (ਸਿੱਖ) ਹਾਂ, ਜਾਂ……।

ਬਾਣੀਂ ਦੀ ਅਗਲੀ ਪੰਕਤੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਦੀ ਬਾਣੀਂ ਵਿਚੋਂ ਹੈ। ਇਸ ਦਾ ਭਾਵ ਵੀ ਕੁੱਝ ਕੋਇਲ ਦੀ ਦੀ ਮਿਸਾਲ ਵਰਗਾ ਹੀ ਹੈ।

ਪਤਣਿ ਕੂਕੇ ਪਾਤਣੀ ਵੰਞਹੁ ਧ੍ਰੁਕਿ ਵਿਲਾੜਿ॥ ਪਾਰਿ ਪਵੰਦੜੇ ਡਿਠੁ ਮੈ ਸਤਿਗੁਰ ਬੋਹਿਥਿ ਚਾੜਿ॥ ੬॥ ਮ: ੧ ੧੦੧੫

ਗੁਰੂ ਜੀ ਦੱਸਦੇ ਹਨ, ਜਿਸ ਤਰਾਂ ਦਰਿਆ ਦੇ ਪੱਤਣ ਤੇ ਬੇੜੀ ਲੈ ਕੇ ਖਲੋਤਾ ਮਲਾਹ, ਉਚੀ ਉੱਚੀ ਵਾਜਾਂ ਮਾਰਦਾ ਹੈ, ਉਚੀ ਉੱਚੀ ਪੁਕਾਰਦਾ ਹੈ, ਕਿ ਆਉ (ਧ੍ਰਕਿ) ਦੌੜ ਕੇ ਆਉ, (ਵਿਲਾੜਿ) ਛਾਲ ਮਾਰ ਕੇ ਆਉ। (ਵੰਝਹੁ) ਦਰਿਆ ਲੰਘ ਜਾਉ। ਜਿਹੜੇ ਮਲਾਹ ਦੀ ਪੁਕਾਰ ਜਾਂ ਆਵਾਜ ਸੁਣ ਕੇ ਬੇੜੇ ਤੇ ਬੈਠ ਜਾਂਦੇ ਹਨ। ਉਹ ਦਰਿਆਉਂ ਪਾਰ ਲੰਘ ਜਾਂਦੇ ਹਨ।

ਇਸੇ ਤਰਾਂ ਸਤਿਗੁਰੂ ਤਾਂ ਨਾਮ ਜਹਾਜ਼ ਲੈ ਕੇ ਆਇਆ ਹੈ, ਸਾਨੂੰ ਇਸ ਸੰਸਾਰ ਦੇ ਸਾਗਰ ਤੋਂ ਪਾਰ ਕਰਨ ਵਾਸਤੇ। ਅਤੇ ਉੱਚੀ ਉੱਚੀ ਅਵਾਜ਼ਾਂ ਲਗਾ ਰਿਹਾ ਹੈ ਸਾਨੂੰ। ਜਿਹੜੇ ਸਤਿਗੁਰੂ (ਗੁਰੂ ਨਾਨਕ) ਦੇ ਸਿੱਖ ਹਨ/ਸਨ, ਉਹ ਤਾਂ ਛਾਲਾਂ ਮਾਰ ਕੇ ਜਹਾਜ ਵਿੱਚ ਚੜ੍ਹ ਗਏ। ਅਤੇ ਚਲੇ ਗਏ ਗੁਰੂ ਨਾਨਕ ਦੇ ਨਾਲ ਹੀ ਉਹਨਾਂ ਦੇ ਦੇਸ ਨੂੰ। ਬਾਕੀ ਸਾਡੇ ਵਰਗੇ ਕਾਂ, ਰਹਿ ਗਏ ਕਾਂ ਕਾਂ ਕਰ ਕੇ ਕਾਵਾਂ ਰੌਲੀ ਪਾਉਣ, ਅਤੇ ਇੱਕ ਦੂਜੇ ਨੂੰ ਚੁੰਝਾ ਮਾਰਨ ਨੂੰ।

ਕੋਇਲ ਦੇ ਬੱਚਿਆਂ ਨੇਂ ਤਾਂ ਕੋਇਲ ਦੀ ਅਵਾਜ਼ ਪਹਿਚਾਣ ਲਈ ਸੀ, ਪਰ ਅਸੀਂ ਗੁਰੂ ਦੇ ਹੋਕੇ, ਆਵਾਜ਼ ਨੂੰ ਨਹੀਂ ਸੁਣਦੇ।

ਪਰ ਜਿਨ੍ਹਾਂ ਨੇਂ ਗੁਰੂ ਦਾ ਹੋਕਾ (ਬੋਲ) ਸੁਣ ਲਿਆ। ਉਹਨਾਂ ਵਾਸਤੇ ਗੁਰੂ ਨਾਨਕ ਜੀ ਕਹਿੰਦੇ ਹਨ, ਉਹ ਸਿੱਖ ਅਸੀਂ ਆਪਣੀਆਂ ਅੱਖਾਂ ਨਾਲ। ਇਸ ਸੰਸਾਰ ਸਾਗਰ ਤੋਂ ਪਾਰ ਲੰਘਦੇ ਵੇਖੇ ਹਨ।

ਪਾਰਿ ਪਵੰਦੜੇ ਡਿਠੁ ਮੈ ਸਤਿਗੁਰ ਬੋਹਿਥਿ ਚਾੜਿ॥

ਕੋਇਲ ਦੇ ਗੁਣ ਆਪਾਂ ਪੜ੍ਹ ਲਏ ਹਨ, ਸ੍ਰੀ ਗੁਰੂ ਰਾਮ ਦਾਸ ਜੀ ਮਹਾਂਰਾਜ ਜੀ ਸਾਨੂੰ ਅਗਲੇ ਸ਼ਬਦ ਵਿੱਚ ਕਾਂ ਦੇ ਲੱਛਣ ਦੱਸਦੇ ਹਨ।

ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ॥ ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ॥ ੩॥ ਮ: ੪ ੪੯੩

ਕਾਂ ਨੂੰ ਭਾਵੇਂ ਕਿਨੇਂ ਵੀ ਅਮ੍ਰਿਤ ਵਰਗੇ ਰਸ ਅਤੇ ਸੁਆਦਲੇ ਖਾਣੇਂ ਖਾਣ ਵਾਸਤੇ ਦੇਈਏ। ਪਰ ਉਹ ਵਿਸ਼ਟਾ (ਗੰਦਗੀ) ਖਾ ਕੇ ਹੀ ਪ੍ਰਸੰਨ ਹੁੰਦਾ ਹੈ। ਇਸੇ ਤਰਾਂ ਕਾਂ ਬ੍ਰਿਤੀ ਵਾਲੇ ਬਦ ਕਿਸਮਤ ਲੋਕ, ਅਪਣੀਂ ਖੋਟੀ ਜਾਂ ਭੈੜੀ ਮਤਿ ਦੇ ਕਾਰਨ, ਅਮ੍ਰਿਤ ਨਾਮ ਦੀ ਗੱਲ ਸੁਣ ਕੇ ਹੀ ਕ੍ਰੋਧ ਨਾਲ ਭਰ ਜਾਂਦੇ ਹਨ। ਕਿਉਂ ਕਿ ਜਿੱਥੇ ਨਾਮ ਦੀ ਗੱਲ ਆਵੇ ਗੀ ਤਾਂ ਮਾਸ ਤਿਆਗਣ ਦੀ ਗੱਲ ਸੱਭ ਤੋਂ ਪਹਿਲੇ ਆਵੇ ਗੀ।

ਮਃ ੧॥ ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ॥ ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ॥ ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ॥ ਓਨਾ ਰਿਜਕੁ ਨ ਪਇਓ ਓਥੈ ਓਨਾੑ ਹੋਰੋ ਖਾਣਾ॥ ਮ: ੧ ੫੬੯

ਇਕ ਹੁੰਦਾ ਹੈ “ਹੰਸ” ਅਤੇ ਇੱਕ ਹੁੰਦਾ ਹੈ “ਬਗਲਾ ਅਤੇ ਕਾਂ” ਹੰਸਾਂ ਦਾ ਖਾਣਾਂ ਮੋਤੀ ਹੁੰਦਾ ਹੈ, ਕਾਂ ਅਤੇ ਬਗਲੇ ਦਾ ਖਾਣਾਂ, ਗੰਦਗੀ ਅਤੇ ਕੁਰੰਗ, ਜਾਂ ਮੱਛੀ ਮਾਸ ਆਦੀ ਹੁੰਦਾ ਹੈ।

ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ ਬਗਲੇ ਅਤੇ ਕਾਂ ਦੀ ਬ੍ਰਿਤੀ ਵਾਲੇ ਲੋਕ ਹਮੇਸ਼ਾਂ ਨੀਚਾਂ ਦੀ ਸੰਗਤ ਕਰਦੇ ਹਨ। ਉਹ ਸਤਿਗੁਰ ਦੀ ਸੰਗਤ ਨਹੀਂ ਕਰ ਸੱਕਦੇ।

ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ॥

ਬਗਲਾ ਅਤੇ ਕਾਂ ਭਾਵੇਂ ਕਿਨਾਂ ਵੀ ਸਿਆਣਾਂ ਕਿਉਂ ਨਾਂ ਹੋਵੇ। ਉਹ ਸਰਵਰ ਦੇ ਪਾਸ ਨਹੀਂ ਰਹਿ ਸੱਕਦਾ। ਕਿਉਂ ਕਿ. .

ਓਨਾ ਰਿਜਕੁ ਨ ਪਇਓ ਓਥੈ ਓਨਾੑ ਹੋਰੋ ਖਾਣਾ॥

. . ਕਿਉਂ ਕੇ ਸਰਵਰ ਦੇ ਵਿੱਚ ਉਹਨਾਂ (ਕਾਂ ਅਤੇ ਬਗਲੇ) ਦਾ ਰਿਜਕ (ਖਾਣਾਂ) ਨਹੀਂ ਹੁੰਦਾ। ਉਹਨਾਂ ਨੇਂ ਤਾਂ “ਹੋਰੋ” ਹੀ (ਮੱਛੀ ਮਾਸ ਅਤੇ ਗੰਦਗੀ ਨੂੰ) ਖਾਣਾਂ ਹੁੰਦਾ ਹੈ।

ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ॥ ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ

ਹੰਸ ਅਤੇ ਸਰੋਵਰ ਦਾ ਮੇਲਾ ਤਾਂ ਧੁਰੋਂ ਹੀ ਲਿਖਿਆ ਹੋਇਆ ਹੈ। ਸਰਵਰ ਦੇ ਅੰਦਰ ਅੰਮ੍ਰਿਤ ਹੁੰਦਾ ਹੈ, ਹੀਰੇ ਮੋਤੀ ਹੁੰਦੇ ਹਨ, ਅਤੇ ਹੀਰੇ ਤੇ ਮੋਤੀ ਅਤੇ ਅੰਮ੍ਰਿਤ ਹੰਸਾਂ ਦਾ ਖਾਣਾਂ (ਭੋਜਨ) ਹੁੰਦਾ ਹੈ। ਕਾਂ ਅਤੇ ਬਗੁਲੇ ਉਸ ਨੂੰ ਨਹੀਂ ਖਾ ਸੱਕਦੇ। ਇਸ ਵਾਸਤੇ ਕਾਂ ਅਤੇ ਬਗਲੇ ਸਰਵਰ ਦੇ ਪਾਸ ਨਹੀਂ ਰਹਿ ਸਕਦੇ।

ਇਸ ਤਰਾਂ ਕਈ ਸਾਡੇ ਵਰਗੇ ਬਗਲੇ ਅਤੇ ਕਾਂ ਬਿਰਤੀ ਵਾਲੇ ਬਹੁਤੇ ਸਿਆਣੇਂ ਲੋਕ, ਅੰਮ੍ਰਿਤ ਨਹੀਂ, ਵਿਸ਼ਟਾ ਅਤੇ ਕੁਰੰਗ ਖਾਂਦੇ ਹਨ। ਅਤੇ ਆਪਣੀਂ ਅਕਲ ਅਤੇ ਬੁੱਧੀ ਨਾਲ ਸੌ ਵਲ ਫਰੇਬ ਕਰ ਕੇ ਵੀ ਮਾਸ ਖਾਣ ਦੇ ਬਹਾਨੇਂ ਘੜ ਲੈਂਦੇ ਹਨ।

ਅੱਗੇ ਕਬੀਰ ਸਾਹਿਬ ਜੀ ਦੀ ਬਾਣੀਂ ਦਾ ਇੱਕ ਸਲੋਕ ਹੈ।

ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ॥ ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ॥ ੧੮੮॥

ਕਬੀਰ ਜੀ ਕਹਿ ਰਹੇ ਹਨ ਖਿਚੜੀ ਬਹੁਤ ਵਧੀਆ ਭੋਜਨ (ਖਾਣਾਂ) ਹੈ। ਜਿਸ ਵਿੱਚ ਸਿਰਫ ਅਨਾਜ ਅਤੇ ਲੂਣ ਹੈ। ਹੇਰਾ (ਮਾਸ) ਭੋਜਨ ਖਾਣ ਵਾਸਤੇ, ਜਾਂ ਮਾਸ ਖਾਣ ਦੇ ਬਦਲੇ ਗਲਾ ਕਟਾਉਣਾਂ ਪਵੇ ਗਾ। ਸੋਚ ਲਵੋ ਕਉਣ ਗਲਾ ਕਟਾਵੇ ਗਾ। (ਜਿਸ ਨੇਂ ਗਲਾ ਕਟਾਉਣਾਂ ਹੈ ਖਾ ਲਵੇ)

ਨੋਟ:- ਜੇ ਕਿਸੇ ਨੂੰ ਇਹ ਸ਼ੱਕ ਹੋਵੇ, ਕਿ “ਹੇਰਾ” ਦਾ ਮਤਲਬ ਮਾਸ ਨਹੀਂ ਹੈ। ਤਾਂ ਉਹ ਵੀਰ ਗੁਰੂ ਨਾਨਕ ਦੀ ਬਾਣੀਂ ਦੀ ਇਸ ਪੰਕਤੀ “ਓਨਾ ਰਿਜਕੁ ਨ ਪਇਓ ਓਥੈ ਓਨਾੑ ਹੋਰਖਾਣਾ” ਨੂੰ ਪੜ੍ਹ ਅਤੇ ਵਿਚਾਰ ਲੈਣ, ਜੋ ਅਸੀਂ ਊਪਰ ਪਹਿਲੇ ਵੀ ਪੜ੍ਹ ਚੁੱਕੇ ਹਾਂ।

ਦਾਸ ਨੇਂ ਪਿਛਲੇ ਲੇਖ ਵਿੱਚ ਆਪਣੇਂ ਜਟਕੇ ਜਿਹੇ ਵਿਚਾਰ ਲਿਖੇ ਸਨ। ਅਤੇ ਜਟਕੀਆਂ ਜਿਹੀਆਂ ਉਧਾਰਨਾਂ ਪੇਸ਼ ਕੀਤੀਆਂ ਸਨ। ਮੈਂ ਤਾਂ ਆਪਣੇਂ ਮਨ ਵਿੱਚ ਸਿਆਣਿਆਂ ਦੀ ਗੱਲ ਤੇ ਵਿਸ਼ਵਾਸ ਕਰ ਕੇ, ਬਾਣੀਂ ਨੂੰ ਇੱਕ ਗਾਡੀ ਰਾਹ ਮੰਨ ਕੇ, ਚੱਲ ਪਿਆ ਹਾਂ। ਜਿਧਰ ਨੂੰ ਗਾਡੀ ਰਾਹ ਤੁਰਿਆ ਜਾਂਦਾ ਹੈ, ਪਿੱਛੇ ਪਿੱਛੇ ਮੈਂ ਵੀ ਤੁਰਿਆ ਜਾਂਦਾ ਹਾਂ।

ਮੈਂ ਬਾਣੀਂ ਦੇ ਕਿਸੇ ਵੀ ਅੱਖਰ ਤੇ ਕਿਂਤੂ ਨਹੀਂ ਕਰਦਾ। ਮੈਨੂੰ ਤਾਂ ਬਾਣੀਂ ਸੱਚਮੁਚ ਗਾਡੀ ਰਾਹ ਲੱਗਦਾ ਹੈ। ਅਤੇ ਮੇਰੀ ਸਮਝ ਵੀ ਜਟਕੀ ਜਿਹੀ ਹੈ। ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਦੀ ਬਾਣੀਂ ਦਾ ਇਹ ਅਗਲਾ ਸ਼ਬਦ ਵੀ, ਮੈਨੂੰ ਤਾਂ ਬੜੀ ਜਟਕੀ ਜਿਹੀ ਸਪੱਸ਼ਟ ਭਾਸ਼ਾ ਵਿੱਚ ਲਿਖਿਆ ਲੱਗਦਾ ਹੈ। ਪਤਾ ਨਹੀਂ ਬਿਬੇਕ ਬੁੱਧੀ ਵਾਲੇ ਫਿਲੋਸਫਰਾਂ ਦੇ ਮੰਨਣ ਵਿੱਚ ਆਵੇ ਜਾਂ ਨਾਂ ਆਵੇ। ਆਉ ਵਿਚਾਰਦੇ ਹਾਂ।

ਸਲੋਕ ਮਃ ੧॥ ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ॥ ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ॥ ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ॥ ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ॥ ੧॥ ਮ: ੧ ੧੨੪੨

ਸ੍ਰੀ ਗੁਰੂ ਨਾਨਕ ਜੀ ਮਹਾਂਰਾਜ ਜੀ ਨੂੰ ਪੰਜ ਸਦੀਆਂ ਹੋ ਚੁੱਕੀਆਂ ਹਨ। ਇਹ ਬਾਣੀਂ ਕੋਈ ਆਉਣ ਵਾਲੇ ਸਮੇਂ ਦੀ (ਜਾਂ ਅੱਜ ਆ ਚੁਕੇ ਸਮੇਂ ਦੀ) ਭਵਿਸ਼ਬਾਣੀਂ ਨਹੀਂ ਸੀ। ਗੁਰੂ ਜੀ ਬਾਣੀਂ ਦੁਆਰਾ ਦੱਸ ਰਹੇ ਹਨ। ਕਿ ਇਹ ਸੰਸਾਰ ਉਸ ਸਮੇਂ ਤੋਂ ਪਹਿਲੇ, ਜਾਂ ਉਸ ਸਮੇਂ ਤਕ, ਕਿਸ ਤਰਾਂ ਕਲਯੁਗੀ ਪ੍ਰਭਾਵ ਹੇਠ ਆ ਚੁਕਾ ਸੀ। ਇਸ ਬਾਣੀਂ ਵਿੱਚ ਕਲਜੁਗ ਦੇ ਜੀਵਾਂ ਦੇ ਲੱਛਣ ਕੁਲੱਸ਼ਣ, ਦੱਸੇ ਗਏ ਹਨ। ਜੀਵਾਂ ਦੀ ਇਹ ਹਾਲਤ ਹੋ ਚੁੱਕੀ ਸੀ, ਕਿ ਇਹਨਾਂ ਵਿਚਾਰਿਆਂ ਦੀ ਜਿਊਂਦੇ ਜੀ ਵੀ ਕੋਈ ਇਜ਼ਤ ਪਤ ਨਹੀਂ ਸੀ। ਅਤੇ ਮਰਨ ਤੋਂ ਬਾਦ ਵੀ, ਇਹਨਾਂ ਦੀ ਬਹੁਤ ਹੀ ਮੰਦੀ ਹਾਲਤ ਹੁੰਦੀ ਸੀ।

ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ॥

ਹੁਣ ਆਪਣੀਂ ਅੱਖੀਂ ਸੱਭ ਕੁੱਝ ਵੇਖਦਿਆਂ ਹੋਇਆਂ, ਸੱਭ ਕੁੱਝ ਸਮਝਦਿਆਂ, ਅਤੇ ਜਾਣਦਿਆਂ ਹੋਇਆਂ, ਸੱਭ ਕੁੱਝ ਬਾਣੀਂ ਰਾਹੀਂ ਬਿਆਨ ਕਰਦਿਆਂ ਹੋਇਆਂ। ਅਤੇ ਦੁਨੀਆਂ ਨੂੰ ਚੰਗੀ ਮੱਤ ਦੇਂਦਿਆਂ ਹੋਇਆਂ, ਗੁਰੂ ਨਾਨਕ ਜੀ, ਆਪਣੇਂ ਬਚਿਆਂ (ਸਿੱਖਾਂ) ਨੂੰ ਮੁਰਦਾਰ ਖਾਣ ਦੀ ਮਾੜੀ ਮੱਤ ਕਿਵੇਂ ਦੇ ਸੱਕਦੇ ਹਨ।

ਗੁਰੂ ਨਾਨਕ ਜੀ ਇਸ ਸ਼ਬਦ ਵਿੱਚ ਦੱਸ ਰਹੇ ਹਨ, ਕਲਜੁਗੀ ਜੀਵਾਂ ਦੀ ਹਾਲਤ ਕੁੱਤਿਆਂ ਵਰਗੀ ਹੋ ਗਈ ਹੈ।

ਕਿਉਂ ਹੋ ਗਈ ਹੈ ਜੀਵਾਂ (ਮਨੁੱਖਾਂ) ਦੀ ਹਾਲਤ ਕੁੱਤਿਆਂ ਵਰਗੀ? (ਇਹ ਤਾਂ ਇੱਕ ਕਿਸਮ ਦੀ ਗਾਹਲੀ ਹੀ ਹੈ)

ਕਿਉਂ ਕੇ ਕੁਤਿਆਂ ਦਾ ਕੰਮ ਹੈ ਖਾਣਾਂ ਅਤੇ ਭੌਂਕਣਾਂ।

ਕੁੱਤਿਆਂ ਦਾ ਮਨ ਭਾਉਂਦਾ ਖਾਣਾਂ ਹੈ ਮਾਸ (ਮੁਰਦਾਰ)

ਮੁਰਦਾਰ ਕਿਸ ਨੂੰ ਕਹਿੰਦੇ ਹਨ:-

ਮੁਰਦਾਰ ਦੇ ਅਰਥ ਹਨ, ਪ੍ਰਾਣ ਰਹਿਤ ਦੇਹ, ਮੁਰਦਾ ਦੇਹ, ਲੋਥ ਜਾਂ ਲਾਸ਼, ਅਤੇ ਇਹ ਦੇਹ, ਲੋਥ ਜਾਂ ਲਾਸ਼, “ਮਾਸ” ਹੀ ਹੁੰਦੀਆਂ ਹਨ।

ਪਰਾਇਆ ਹੱਕ, ਕੂੜ (ਝੂਠ) ਠੱਗੀ, ਚੱਟੀ, ਹਰਾਮ ਦਾ ਖਾਣਾਂ, ਵੱਢੀ ਅਦਿ ਮੁਰਦਾਰ ਵਰਗੀਆਂ ਹੁੰਦੀਆਂ ਹਨ, ਪਰ ਮੁਰਦਾਰ ਜਾਂ ਮਾਸ ਨਹੀਂ ਹੁੰਦੀਆ। ਮੁਰਦਾਰ ਤਾਂ ਹੋਰ ਵੀ ਮਾੜੀ ਚੀਜ ਹੈ।

(ਬੇਸ਼ੱਕ ਇੱਕ ਖਾਸ ਨੁਕਤੇ ਤੇ ਜਾ ਕੇ ਜਾਂ ਪਹੁੰਚ ਕੇ, ਗੁਰਮੱਤ ਅਨੂੰਸਾਰ ਗੁੜ ਗੰਨਾਂ ਸਾਗ ਅਤੇ ਮਾਸ ਬਰਾਬਰ ਹੋ ਜਾਂਦੇ ਹਨ, ਪਰ ਪਹਿਲੇ ਕੋਈ ਉਸ ਨੁਕਤੇ ਤੇ ਪਹੂੰਚੇ ਤਾਂ ਸਹੀ, ਜਾਂ ਗੁਰਮਤਿ ਤੇ ਚੱਲੇ ਤਾਂ ਸਹੀ, ਕੌਣ ਪਹੁੰਚਿਆ ਹੈ ਉਸ ਨੁਕਤੇ ਤੇ, ਜਾਂ ਕੌਣ ਜਾਣਦਾ ਹੈ ਗੁਰਮਤਿ ਨੂੰ, ਕੋਈ ਦੱਸੇ ਤਾਂ ਸਹੀ।)

ਪਰਾਇਆ ਹੱਕ, ਕੂੜ (ਝੂਠ) ਠੱਗੀ, ਚੱਟੀ, ਹਰਾਮ ਦੇ ਖਾਣੇਂ, ਵਰਜਿਤ ਜਾਂ ਮਨਾਂ ਕਰਨ ਵਾਸਤੇ, ਗੁਰੂ ਜੀ ਨੇਂ ਮੁਰਦਾਰ ਦਾ ਨਾਂ ਲੈ ਕੇ ਇੱਕ “ਕਸਮ” ਖੁਆਈ/ਪਾਈ ਹੈ

ਕਿ ਇਹ ਸਾਰੀਆਂ ਚੀਜਾਂ ਜਾਂ ਇਹ ਸਾਰੇ ਕਰਮ, ਧਰਮ ਅਨੂੰਸਾਰ ਨਾਂ ਖਾਣ ਯੋਗ, ਜਾਂ ਮਨ੍ਹਾਂ ਹਨ। ਅਤੇ ਮੁਰਦਾਰ ਖਾਣ ਦੇ ਬਰਾਬਰ ਹਨ।

ਹੁਣ ਵਿਚਾਰਨ ਵਾਲੀ ਗੱਲ ਇਹ ਹੈ, ਕਿ ਜਿਹੜੀਆਂ ਚੀਜਾਂ ਨੂੰ ਸਿਰਫ “ਮਾਸ” ਖਾਣ “ਤੁੱਲ” (ਵਰਗੀਆਂ) ਹੀ ਕਰਾਰ ਦਿੱਤਾ ਹੈ। ਅਤੇ ਜੇ ਉਹਨਾਂ ਮਾਸ ਵਰਗੀਆਂ ਚੀਜਾਂ ਨੂੰ ਵੀ ਖਾਣ ਦੀ ਮਨਾਹੀਂ ਹੈ, ਤਾਂ

ਅਤੇ “ਮਾਸ” ਜੋ ਹੈ ਹੀ “ਮਾਸ” ਹੈ। ਉਸ ਨੂੰ ਖਾਣ ਦੀ ਆਗਿਆ ਕਿਵੇਂ ਦੇ ਸਕਦੇ ਹਨ, ਗੁਰੂ ਨਾਨਕ ਜੀ।

ਦੂਜੀ ਗੱਲ: ਜੇ ਪਰਾਇਆ ਹੱਕ, ਕੂੜ (ਝੂਠ) ਠੱਗੀ, ਚੱਟੀ, ਹਰਾਮ ਦਾ ਖਾਣਾਂ, ਵੱਢੀ ਅਦਿ “ਮੁਰਦਾਰ” ਵਰਗੀਆਂ ਹੁੰਦੀਆਂ ਹਨ। ਤਾਂ ਦਸੋ “ਮਾਸ” ਕਿਸ ਵਰਗਾ ਹੁੰਦਾ ਹੈ? ? ? ? ।

ਅਤੇ ਕੀ ਮਾਸ, ਪਰਾਇ ਹੱਕ, ਕੂੜ (ਝੂਠ) ਠੱਗੀ, ਚੱਟੀ, ਹਰਾਮ ਦੇ ਖਾਣੇਂ, ਅਤੇ ਵੱਢੀ ਅਦਿ ਵਰਗਾ ਵੀ ਨਹੀਂ ਹੈ? ? ? ?

ਭਾਵ ਕੀ ਮਾਸ, ਪਰਾਇ ਹੱਕ, ਕੂੜ (ਝੂਠ) ਠੱਗੀ, ਚੱਟੀ, ਹਰਾਮ ਦੇ ਖਾਣੇਂ, ਅਤੇ ਵੱਢੀ, ਆਦਿ ਤੋਂ ਚੰਗਾ ਹੈ। ਜਿਸ ਨੂੰ ਕਿ ਖਾਣ ਦੀ ਆਗਿਆ, ਗੁਰੂ ਨਾਨਕ ਜੀ ਦੇ ਗਏ ਹਨ।

ਕੁਚਲਾ ਵੀ ਜ਼ਹਿਰ ਹੈ, ਅਤੇ ਸੰਖੀਆ ਵੀ ਜ਼ਹਿਰ ਹੈ। ਦੋਹਾਂ ਦੇ ਹੀ ਖਾਣ ਨਾਲ ਮੌਤ ਨਿਸਚਿਤ ਹੈ।

ਜਿਵੇਂ ਕੇ ਸੱਭ ਜਾਣਦੇ ਹਨ, ਡਾਕਟਰੀ ਜਾਂ ਸਾਇਂਸ ਦੀ ਖੋਜ ਇਹ ਸਾਬਤ ਕਰਦੀ ਹੈ, ਕਿ ਗਾਜਰ ਵਿੱਚ ਸਾਰੇ ਉਹ ਖਣਿਜ ਤੱਤ ਹੁੰਦੇ ਹਨ, ਜੋ ਇੱਕ ਸੇਬ ਵਿੱਚ ਹੁੰਦੇ ਹਨ, ਗਾਜਰ ਗਰੀਬਾਂ ਦਾ ਸੇਬ ਮੰਨੀਂ ਜਾਂਦੀ ਹੈ। ਭਾਵ ਜਿਹੀ ਗਾਜਰ ਖਾ ਲਈ ਤੇਹਾ ਸੇਬ ਖਾ ਲਿਆ।

ਇਸੇ ਤਰਾਂ, ਗੁਰੂ ਨਾਨਕ ਜੀ, ਆਪਣੀਂ ਬਾਣੀਂ ਦੁਆਰਾ ਸਾਬਤ ਕਰਦੇ ਹਨ, ਕਿ ਪਰਾਇਆ ਹੱਕ, ਕੂੜ (ਝੂਠ) ਠੱਗੀ, ਚੱਟੀ, ਹਰਾਮ ਦਾ ਖਾਣਾਂ, ਵੱਢੀ ਆਦਿ, ਮਾਸ (ਮੁਰਦਾਰ) ਖਾਣ ਬਰਾਬਰ ਹਨ। ਭਾਵ ਜਿਹਾ ਮਾਸ ਖਾ ਲਿਆ ਤਿਹੀਆਂ ਇਹ ਸੱਭ ਚੀਜਾਂ ਖਾ ਲਈਆਂ। ਜਾਂ ਦੂਜੇ ਲਫਜ਼ਾਂ ਵਿੱਚ ਇਹ ਕਹਿ ਲਵੋ, ਕਿ ਜਿਹੀਆਂ ਇਹ ਸਭ ਚੀਜਾਂ ਖਾ ਲਈਆਂ, ਤੇਹਾ ਮਾਸ ਖਾ ਲਿਆ, ਗੱਲ ਤਾਂ ਇਕੋ ਹੀ ਹੈ।

ਹੁਣ ਦਿਮਾਗ ਤੇ ਜਰਾ ਬੋਝ ਪਾਈਏ, ਭਾਵ ਥੋੜਾ ਜਿਹਾ ਸੋਚੀਏ। ਕਿ ਜੇ ਦੋਵੇਂ ਚੀਜਾਂ ਇੱਕ ਬਰਾਬਰ ਹਨ, ਜੇ ਦੋਹਾਂ ਵਿਚੋਂ ਇੱਕ ਚੀਜ ਖਾਧੀ ਜਾ ਸਕਦੀ ਹੈ ਤਾਂ। ਤਾਂ ਦੋਹਾਂ ਨੂੰ ਹੀ ਜਾਂ ਬਾਕੀਆਂ ਦੇ ਖਾਣ ਵਿੱਚ ਕੀ ਗਲਤ ਜਾ ਕੀ ਹਰਜ ਹੈ? ? ।

ਗੁਰੂ ਨਾਨਕ ਦੇਵ ਜੀ ਸਾਫ ਲਫਜ਼ਾਂ ਵਿੱਚ ਸਾਨੂੰ ਸਮਝਾ ਰਹੇ ਹਨ, ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ॥ ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ॥ ਕਲਜੁਗ ਵਿੱਚ ਜੀਵਾਂ ਜਾਂ ਲੋਕਾਂ ਨੂੰ, ਕੁੱਤੇ ਵਾਗ ਖਾਣ ਦਾ ਹਲਕ ਕੁਦਿੱਆ ਹੋਇਆ ਹੈ। “ਕੁਤੇ ਮੁਹੀ” (ਕੁੱਤੇ ਦੇ ਮੂਹ ਵਾਲੀ) ਇਹਨਾਂ ਨੂੰ ਕੁੱਤੇ ਦਾ ਮੂੰਹ ਲੱਗਿਆ ਹੋਇਆ ਹੈ। ਕੁੱਤੇ ਦਾ ਮਨ ਭਾਉਂਦਾ ਖਾਣਾਂ ਮੁਰਦਾਰ (ਮਾਸ) ਹੈ। ਧਰਮ ਦਾ ਤਾਂ ਗਿਆਨ ਹੀ ਨਹੀਂ ਰਿਹਾ ਇਹਨਾਂ ਨੂੰ। ਜੋ ਧਰਮ ਜਾਂ ਗਿਆਨ ਦੀ ਗੱਲ ਕਰਦੇ ਵੀ ਹਨ। ਝੂਠ ਬੋਲਦੇ ਹਨ, ਝੂਠ ਬੋਲ ਕੇ ਉੱਚੀ ਉੱਚੀ, ਕੁੱਤਿਆਂ ਵਾਂਗ ਭੌਂਕਦੇ ਹਨ,

ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ॥

ਅਸੀਂ ਬਾਣੀਂ ਪੜ੍ਹਦੇ ਤਾਂ ਹਾਂ, ਵਿਚਾਰ ਦਾ ਸਿਰਫ ਨਾਂਮ ਲੈਂਦੇ ਹਾਂ, ਪਰ ਵਿਚਾਰ ਨਹੀਂ ਕਰਦੇ, ਜੇ ਵਿਚਾਰ ਕਰੀਏ ਤਾਂ, ਗੁਰੂ ਨਾਨਕ ਜੀ ਤਾਂ ਸਾਫ ਲਫਜ਼ਾਂ ਵਿੱਚ ਇਹ ਕਹਿ ਰਹੇ ਹਨ, ਕਿ ਮਾਸ ਖਾਣਾਂ ਕੁੱਤਿਆਂ ਦਾ ਕੰਮ ਹੈ। ਪਰ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਜੀ ਕਹਿੰਦੇ ਹਨ, ਕਿ ਮਾਸ ਖਾਣਾਂ ਅਤੇ ਸਾਗ ਖਾਣਾਂ ਇੱਕ ਬਰਾਬਰ ਹੈ

ਬਿਬੇਕ ਬੁੱਧ ਨਾਲ ਵਿਚਾਰਨ ਦੀ ਲੋੜ ਹੈ ਕਿ, ਗੁਰੂ ਨਾਨਕ ਜੀ ਨੇਂ ਪੰਡਿਤ ਨੂੰ ਸਿਰਫ ਇਹ ਕਿਹਾ ਹੈ, “ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ” ਕਿ ਹੇ ਪੰਡਿਤ ਤੂੰ ਇਹ ਨਹੀਂ ਜਾਣਦਾ, ਕਿ ਮਾਸ ਅਤੇ ਸਾਗ ਵਿੱਚ ਕੀ ਫਰਕ ਹੈ, ਅਤੇ ਕਿਸ ਦੇ ਖਾਣ ਵਿੱਚ ਪਾਪ ਹੈ।

ਸੋ ਗੁਰੂ ਨਾਨਕ ਜੀ ਨੇਂ ਇਹ ਨਹੀਂ ਕਿਹਾ ਕਿ ਹੇ ਪੰਡਿਤ ਮਾਸ ਅਤੇ ਸਾਗ ਇਕੋ ਹੀ ਚੀਜ ਹੈ, ਇਸ ਵਾਸਤੇ ਤੂੰ ਮਾਸ ਵੀ ਖਾ ਲਿਆ ਕਰ।

ਵਿਚਾਰ:- ਫਿਰ ਵੀ ਅੱਗੇ ਛੋਟੇ ਛੋਟੇ ਛੇ ਸੱਤ ਪਹਿਰੇ ਇਸ ਗੱਲ ਦੀ ਵਿਚਾਰ ਕਰਨੀ ਮੰਗਦੇ ਹਨ। ਇਹ ਵੀ ਇੱਕ ਆਮ ਸਮਝ ਵਿਚਾਰ ਦੀਆਂ, ਸਧਾਰਨ ਜਟਕੀਆਂ ਜਿਹੀਆਂ ਗੱਲਾਂ ਹਨ। ਹੋ ਸੱਕਦਾ ਹੈ, ਕੋਈ ਸਧਾਰਨ ਜਿਹੀ ਗੱਲ, ਸਾਡਾ ਜੀਵਨ ਜਾਂ ਸਾਡੀ ਸੋਚ ਬਦਲ ਦੇਵੇ।

(੧) ਗੁਰੂ ਨਾਨਕ ਜੀ ਦਾ ਕੋਈ ਬਚਨ ਜਾਂ ਸ਼ਬਦ, ਕੀ ਪ੍ਰੇਰਣਾਂ ਜਾਂ ਉਪਦੇਸ਼ ਰਹਿਤ ਹੋ ਸੱਕਦਾ ਹੈ। ਅਤੇ ਕੀ ਸਚਮੁੱਚ ਹੀ ਗੁਰੂ ਜੀ ਨੇਂ ਇਹ ਸ਼ਬਦ ਪੰਡਿਤ ਨੂੰ ਮਾਸ ਖਾਣ ਵੱਲ ਪਰੇਰਿਤ ਕਰਨ ਵਾਸਤੇ ਹੀ ਬੋਲਿਆ ਜਾਂ ਉਚਾਰਿਆ ਸੀ? ।

(੨) ਕੀ ਗਿਆਨੀ ਵੀਰ ਇਹ ਦੱਸ ਸੱਕਦੇ ਹਨ, (ਮਾਸ ਖਾਣ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਲਿਆਂ ਅਨੂੰਸਾਰ) ਕਿ ਜਿਸ ਪੰਡਿਤ ਨੂੰ ਗੁਰੂ ਨਾਨਕ ਦੇਵ ਜੀ ਨੇਂ ਇਸ ਸ਼ਬਦ ਰਾਹੀਂ ਇਹ ਸਿਖਿਆ ਦਿੱਤੀ ਸੀ, ਕਿ ਮਾਸ ਖਾਣ ਵਿੱਚ ਕੋਈ ਪਾਪ ਨਹੀਂ ਹੈ, ਕੀ ਉਸ ਪੰਡਿਤ ਨੇਂ ਗੁਰੂ ਨਾਨਕ ਜੀ ਦੀ ਇਸ ਸਿੱਖਿਆ ਨੂੰ ਕਬੂਲ ਕਰ ਲਿਆ ਸੀ।

(੩) ਕਹਿਣ ਦਾ ਭਾਵ, ਕਿ ਕੀ ਉਸ ਪੰਡਿਤ ਨੇਂ ਗੁਰੂ ਨਾਨਕ ਦੀ ਸਿੱਖਿਆ ਤੇ ਅਮਲ ਕਰ ਕੇ, ਮਾਸ ਖਾਣਾਂ ਸ਼ੁਰੂ ਕਰ ਦਿੱਤਾ ਹੋਵੇ ਗਾ? ।

(੪) ਅਤੇ ਉਸ ਵਕਤ ਗੁਰੂ ਨਾਨਕ ਦੇਵ ਜੀ ਦੇ ਹੋਰ ਕਿਨੇਂ ਸਿੱਖ ਸਨ, ਜਿਨ੍ਹਾਂ ਨੇਂ ਇਸ ਸਿੱਖਿਆ (ਮਾਸ ਖਾਣ ਵਾਲੀ) ਤੇ ਅਮਲ ਕੀਤਾ ਸੀ। ਅਤੇ ਜਾਂ ਕੀ, ਅੱਜ ਵਾਂਗ ਕੁੱਝ ਸਿੱਖ ਐਸੇ ਵੀ ਸਨ, ਜੋ ਗੁਰੂ ਨਾਨਕ ਦੀ ਇਸ ਸਿੱਖਿਆ ਤੋਂ ਮੁਨੱਕਰ ਹੋ ਗਏ ਸਨ। ਅਤੇ ਜਾਂ ਕੇ ਸਾਰੇ ਸਿੱਖਾਂ ਨੇਂ ਹੀ ਮਾਸ ਖਾਣਾਂ ਸ਼ੁਰੂ ਕਰ ਦਿੱਤਾ ਸੀ।

(ਇਹ ਸੱਭ ਜਨਰਲ ਨੋਲਿਜ਼ ਜਾਂ ਆਮ ਜਾਣਕਾਰੀ ਦੀਆਂ ਗੱਲਾਂ ਹਨ, ਇਹ ਸਵਾਲ ਸਾਨੂੰ ਕੋਈ ਹੋਰ ਵੀ ਪੁੱਛ ਸੱਕਦਾ ਹੈ)

(੫) ਹੁਣ ਇਹ ਤਾਂ ਹੋ ਨਹੀਂ ਸੱਕਦਾ, ਕੇ ਗੁਰੂ ਨਾਨਕ ਦੇਵ ਜੀ ਦੇ ਹੁੰਦਿਆਂ ਹੀ, ਅਤੇ ਸ਼ੁਰੂਆਤੀ ਦੌਰ ਵਿੱਚ ਹੀ, ਸਿੱਖਾਂ ਵਿੱਚ ਇਸ ਵਿਸ਼ੇ ਤੇ ਕੋਈ ਝਗੜਾ ਚੱਲੇ। ਉਸ ਵਕਤ ਗੁਰੂ ਨਾਨਕ ਦੇ ਸਿੱਖਾਂ ਵਿੱਚ ਭਾਈ ਲਹਿਣਾਂ ਜੀ (ਗੁਰੂ ਅੰਗਦ ਦੇਵ ਜੀ) ਵੀ ਸ਼ਾਮਲ ਸਨ। ਇਹ ਵੀ ਨਹੀਂ ਹੋ ਸੱਕਦਾ ਕਿ, ਗੁਰੂ ਨਾਨਕ ਜੀ ਦੇ ਸਾਹਮਣੇਂ ਕੋਈ ਆਪਣੀਂ ਮੱਤਿ ਪੇਸ਼ ਕਰੇ। ਸੋ ਜਾਂ ਤਾਂ ਸਾਰੇ ਹੀ ਮਾਸ ਖਾਣ ਵਾਲੇ ਹੋਣ ਗੇ, ਅਤੇ ਜਾਂ ਫਿਰ ਕੋਈ ਵੀ ਨਹੀਂ ਖਾਂਦਾ ਹੋਵੇ ਗਾ।

(੬) ਜੇ ਦੋ ਪੱਖ ਹੋਣ ਗੇ, ਭਾਵ ਕੁੱਝ ਮਾਸ ਖਾਣ ਦੇ ਹੱਕ ਵਿੱਚ ਹੋਣ ਗੇ, ਅਤੇ ਕੁੱਝ ਮਾਸ ਖਾਣ ਦੇ ਵਿਰੋਧ ਵਿੱਚ ਹੋਣ ਗੇ, ਫਿਰ ਤਾਂ ਝਗੜਾ ਚੱਲੇ ਗਾ ਹੀ ਚਲੇ ਗਾ, ਇਸ ਵਾਸਤੇ ਫਿਰ ਤਾਂ ਗੁਰੂ ਨਾਨਕ ਜੀ ਨੂੰ, ਪੰਡਤਾਂ ਨੂੰ ਸੰਬੋਧਨ ਕਰ ਕੇ ਇਹ ਸ਼ਬਦ ਲਿਖਣ ਦੀ ਤਾਂ ਲੋੜ ਹੀ ਨਹੀਂ ਰਹਿ ਜਾਂਦੀ ਸੀ। ਜੇ ਗੁਰੂ ਜੀ ਇਸ ਵਿਸ਼ੇ ਤੇ ਕਿਸੇ ਨੂੰ ਕੁੱਝ ਸਮਝਾਉਣਾਂ ਵੀ ਚਾਹੁੰਦੇ, ਤਾਂ ਫਿਰ ਪੰਡਿਤ ਦੀ ਥਾਂ “ਭਾਈ ਸਿਖਹੁ” ਲਿਖਿਆ ਹੋਣਾਂ ਚਾਹੀਦਾ ਸੀ। ਕਿਉਂ ਕੇ ਇਹ ਤਾਂ ਹੋ ਨਹੀਂ ਸਕਦਾ। ਕਿ ਆਪਣੇਂ ਘਰ ਵਿੱਚ (ਸਿੱਖਾਂ ਵਿਚ) ਤਾਂ ਇਹ ਝਗੜਾ ਪੈ/ਚੱਲ ਰਿਹਾ ਹੋਵੇ, ਅਤੇ ਗੁਰੂ ਨਾਨਕ ਜੀ ਹੋਰਾਂ ਦੇ ਘਰ ਜਾਕੇ ਉਹਨਾਂ ਨੂੰ ਸਮਝਾਉਣ ਲੱਗ ਪੈਣ।

(੭) ਅਤੇ ਕੀ ਇਸ ਗੱਲ ਦਾ ਸਬੂਤ ਹੈ ਕਿਸੇ ਪਾਸ, ਕਿ ਭਾਈ ਗੁਰਦਾਸ ਜੀ ਦੀਆਂ ਲਿਖਤਾਂ (ਵਾਰਾਂ), ਜਾਂ ਬਾਬਾ ਬੁੱਢਾ ਜੀ ਵਰਗੇ ਗੁਰ ਸਿੱਖ, ਜਿੰਨ੍ਹਾਂ ਨੇ ਗੁਰੂ ਨਾਨਕ ਦੇ ਸਮੇਂ ਤੋਂ ਲੈਕੇ ਕਈ ਪੀੜ੍ਹੀਆਂ ਤੱਕ ਗੁਰੂ ਘਰ ਦੀ ਸੇਵਾ ਕੀਤੀ। ਜਾਂ ਗੁਰੂ ਘਰ ਦੇ ਐਸੇ ਐਸੇ ਹੋਰ ਵੀ ਅਨੇਕਾਂ ਅਨਿਨ ਭਗਤਾਂ ਦੇ ਜੀਵਨ, ਇਤਿਹਾਸ ਵਿੱਚ ਕੋਈ ਐਸੀ ਘਟਨਾਂ ਜਾਂ ਉਧਾਰਨ ਮਿਲਦੀ ਹੈ, ਜਿਸ ਤੋਂ ਇਹ ਸਾਬਤ ਹੋ ਸਕੇ, ਕੇ ਗੁਰੂ ਨਾਨਕ ਦੇ ਸਿੱਖਾਂ ਵਿਚੋਂ, ਗੁਰੂ ਨਾਨਕ ਦੀ ਇਸ ਸਿੱਖਿਆ ਤੇ ਅਮਲ ਕਰ ਕੇ, ਕਿਸੇ ਇੱਕ ਸਿੱਖ ਨੇਂ ਵੀ ਮਾਸ ਖਾਣਾਂ ਸ਼ੁਰੂ ਕਰ ਦਿੱਤਾ ਹੋਵੇ। ਜਾਂ ਖਾਂਦਾ ਸੀ।

(੮) ਜੇ ਤਾਂ ਉਹਨਾਂ ਵਿਚੋਂ ਕਿਸੇ ਇੱਕ ਨੇਂ ਵੀ, ਗੁਰੂ ਨਾਨਕ ਦੀ ਇਸ ਮਾਸ ਖਾਣ ਵਾਲੀ ਸਿਖਿਆ ਤੇ ਅਮਲ ਨਹੀਂ ਕੀਤਾ। ਤਾਂ ਕੀ ਅੱਜ ਮਾਸ ਖਾਣ ਵਾਲੇ ਵੀਰ ਜਾਂ ਪਰਚਾਰਕ, ਗੁਰੂ ਨਾਨਕ ਦੇਵ ਜੀ ਦਾ, ਇਹ ਮਾਸ ਖਾਣ ਵਾਲਾ ਹੁਕਮ (ਜੋ ਹੁਕਮ ਕਿ ਉਸ ਵੇਲੇ ਦੇ ਉਹਨਾਂ ਅਨਿਨ ਭਗਤਾਂ ਅਤੇ ਗੁਰ ਸਿੱਖਾਂ ਤੋਂ ਤਾਂ ਮੰਨਿਆਂ ਨਾਂ ਜਾ ਸਕਿਆ) ਮੰਨ ਕੇ, ਕੀ ਅੱਜ ਇਹ ਸੱਜਣ ਉਹਨਾਂ ਅਨਿਨ ਭਗਤਾਂ ਤੋਂ ਵੀ ਵੱਡੇ ਗੁਰਮੁਖ ਬਣ ਗਏ ਹਨ।

“ਬੋਲ” ਦੇ ਸਬੰਧ ਵਿਚ” ਕੋਇਲ ਦੀ ਉਧਾਰਨ ਵਰਗੀ ਹੀ ਇੱਕ ਹੋਰ ਮਿਸਾਲ ਦੇਣੀਂ ਚਾਹੁੰਦਾ ਹਾਂ।

ਇਹ ਮਿਸਾਲ ਇੱਕ ਕੀੜੇ ਦੀ ਮਿਸਾਲ ਹੈ। ਜੋ ਸੱਚੀ ਹੈ। (ਇਸ ਨੂੰ ਕੁਦਰਤ ਦਾ ਇੱਕ ਬਹੁਤ ਵੱਡ ਕ੍ਰਿਸ਼ਮਾਂ ਕਿਹਾ ਜਾ ਸੱਕਦਾ ਹੈ।) ਅਤੇ ਜਿੰਨ੍ਹਾਂ ਨੇਂ ਇਹ ਕ੍ਰਿਸ਼ਮਾਂ ਵੇਖਣਾਂ ਹੋਵੇ, ਪੰਜਾਬ ਦੇ ਪਿੰਡਾਂ ਵਿਚ, ਘਰਾਂ ਵਿੱਚ ਇਹ ਕ੍ਰਿਸ਼ਮਾਂ ਅੱਜ ਵੀ ਵੇਖ ਸੱਕਦੇ ਹਾਂ।

ਭ੍ਰਿੰਗੀ (ਘਰਘੈਣ) ਇੱਕ ਉੱਡਣ ਵਾਲਾ ਕੀੜਾ ਹੁੰਦਾ ਹੈ। ਉਹ ਆਪ ਨਾਂ ਤਾਂ ਆਂਡੇ ਦੇਂਦਾ ਹੈ, ਅਤੇ ਨਾਂ ਹੀ ਬੱਚੇ ਦੇਂਦਾ ਹੈ, ਉਹ ਫਿਰ ਵੀ ਆਪਣੀਂ ਅੰਸ ਵਧਾਉਂਦਾ ਹੈ। (ਕੋਇਲ ਤਾਂ ਫਿਰ ਵੀ ਅੰਡੇ ਦੇਂਦੀ ਹੈ)। ਉਹ ਭ੍ਰਿੰਗੀ (ਘਰਘੈਣ) ਚੇਤਰ ਵਿਸਾਖ ਦੇ ਦਿਨਾਂ ਵਿੱਚ ਬਾਹਰੋਂ ਗਿੱਲੀ ਮਿੱਟੀ ਲਿਆ ਕੇ। ਅਤੇ ਆਪਣੀਂ ਥੁੱਕ ਲਗਾ ਲਗਾ ਕੇ, ਘਰ ਦੀ ਇੱਕ ਠੰਡੀ ਜਾਂ ਹਨੇਰੀ ਜਿਹੀ ਨੁੱਕਰੇ ਇੱਕ ਮੋਰੀ ਜਿਹੀ ਵਰਗਾ ਬਹੁਤ ਹੀ ਸੁਹਣਾਂ ਜਿਹਾ ਘਰ ਬਨਾਉਂਦੀ ਹੈ। (ਇਹ ਸੱਭ ਕੁੱਝ ਦਾਸ ਨੇਂ ਆਪਣੀਆਂ ਅੱਖਾਂ ਨਾਲ ਕਈ ਵਾਰ ਵੇਖਿਆ ਹੋਇਆ ਹੈ। ਜੇ ਚਾਹੋ ਤਾਂ ਤੁਸੀਂ ਵੀ ਵੇਖ ਸੱਕਦੇ ਹੋ)। ਘਰ ਬਨਾਉਣ ਤੋਂ ਬਾਦ ਉਹ ਭ੍ਰਿੰਗੀ, ਬਰਸੇਮ ਜਾਂ ਸ਼ਟਾਲੇ ਦੇ ਪਠਿਆਂ ਵਿਚੋਂ ਜਾਂ ਹੋਰ ਕਿਸੇ ਪੌਦੇ ਨਾਲੋਂ ਕੋਈ ਵੀ ਕੀੜਾ ਚੁੱਕ ਲਿਆਉਂਦੀ ਹੈ। ਜਿਸ ਕੀੜੇ ਨਾਲ ਕੇ ਉਸ ਦਾ ਦੂਰ ਦੂਰ ਤੱਕ ਵੀ ਜੀਨਜ਼ ਅਦਿ ਦਾ ਵੀ ਕੋਈ ਸਬੰਧ ਨਹੀਂ ਹੁੰਦਾ।

ਕੀੜੇ ਨੂੰ ਚੁੱਕ ਕੇ ਲਿਆ ਕੇ, ਉਹ ਮਿੱਟੀ ਦੇ ਬਨਾਇ ਹੋਇ ਘਰ ਵਿੱਚ ਰੱਖ ਕੇ, ਊਪਰੋਂ ਚੰਗੀ ਤਰਾਂ ਮਿਟੀ ਦਾ ਲੇਪ ਕਰ ਕੇ ਮੁੰਹ ਬੰਦ ਕਰ ਦੇਂਦੀ ਹੈ। ਫਿਰ ਉਹ ਬਹੁਤ ਹੀ ਮਧੁਰ ਆਵਾਜ਼ ਵਿੱਚ ਰਾਗ ਜਿਹਾ ਅਲਾਪਦੀ ਹੈ। ਮਿੱਟੀ ਦੇ ਘਰ ਵਿੱਚ ਬੰਦ ਜਿਸ ਕੀੜੇ ਦੀ “ਤਵੱਜੋਂ” ਉਸ ਘਰਘੈਣ ਦੇ ਰਾਗ, “ਬੋਲ” ਵਿੱਚ ਜੁੜ ਜਾਂਦੀ ਹੈ, ਜਾਂ ਜਿਹੜਾ ਵੀ ਕੀੜਾ ਭ੍ਰਿੰਗੀ ਦੀ ਆਵਾਜ਼ ਨੂੰ ਸੁਣ ਲੈਂਦਾ ਹੈ। ਉਹ ਕੀੜਾ ਵੀ ਭ੍ਰਿੰਗੀ ਹੀ ਬਣ ਜਾਂਦਾ ਹੈ। ਜੋ ਕੀੜਾ ਭ੍ਰਿੰਗੀ ਦੀ ਅਵਾਜ ਵਿੱਚ ਤਵੱਜੋਂ ਨਹੀਂ ਜੋੜ ਸੱਕਦਾ, ਵਿਚੇ ਹੀ ਮਰ ਜਾਂਦਾ ਹੈ।

ਅਗੇ ਕਬੀਰ ਸਾਹਿਬ ਜੀ ਦੀ ਸ਼ਬਦਾਵਲੀ ਦੇ ਦੋ ਸਲੋਕ ਵੀ ਭ੍ਰਿੰਗੀ ਵਾਲੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ।

ਪਹਿਲਾ ਸਲੋਕ ਹੈ।

ਗੁਰ ਕੋ ਕੀਜੈ ਦੰਡਵਤ ਕੋਟਿ ਕੋਟਿ ਪ੍ਰਨਾਮ, ਕੀਟ ਨ ਜਾਨੈ ਭ੍ਰਿਗ ਕੋ, ਵਹਿ ਕਰਿ ਲੇ ਆਪ ਸਮਾਨ।

“ਕੀਟ ਨ ਜਾਨੈ ਭ੍ਰਿਗ ਕੋ, ਵਹਿ ਕਰਿ ਲੇ ਆਪ ਸਮਾਨ” ਜਿਵੇਂ ਕਿ ਇੱਕ ਕੀੜਾ, ਭ੍ਰਿੰਗੀ ਨੂੰ ਜਾਣਦਾ ਤੱਕ ਵੀ ਨਹੀਂ ਹੈ। ਅਤੇ ਨਾਂ ਹੀ ਉਸ ਕੀੜੇ ਦਾ, ਦੂਰੋਂ ਨੇੜਿਉਂ ਵੀ ਭ੍ਰਿੰਗੀ ਦੇ ਖਾਨ ਦਾਨ ਨਾਲ ਕੋਈ ਸਬੰਧ ਨਹੀਂ ਹੁੰਦਾ। ਫਿਰ ਵੀ ਭ੍ਰਿੰਗੀ ਦੇ ਬੋਲ ਜਾਂ ਰਾਗ ਵਿੱਚ ਇਹ ਤਾਕਤ ਹੁੰਦੀ ਹੈ। ਕਿ ਜਿਹੜਾ ਵੀ ਕੀੜਾ ਉਸ ਦੇ ਬੋਲ ਵਿੱਚ ਆਪਣੀਂ ਤਵੱਜੋਂ ਲਾ ਦੇਂਦਾ ਹੈ। ਉਹ ਕੀੜਾ ਭ੍ਰਿੰਗੀ ਹੀ ਬਣ ਜਾਂਦਾ ਹੈ। ਅਤੇ ਉਸ ਵਿੱਚ ਵੀ ਅਗੋਂ ਕੀੜਿਆਂ ਨੂੰ ਭ੍ਰਿੰਗੀ ਬਨਾਉਣ ਦੀ ਤਾਕਤ ਆ ਜਾਂਦੀ ਹੈ। ਤਾਂ ਗੁਰੂ ਦੇ ਬੋਲ ਵਿੱਚ ਕਿਨੀਂ ਤਾਕਤ ਹੋਵੇ ਗੀ, ਕੀ ਕੋਈ ਅੰਦਾਜ਼ਾ ਲਗਾ ਸਕਦਾ ਹੈ। ਗੁਰੂ ਦੇ ਬੋਲ ਨੂੰ ਪਕੜ ਕੇ ਅਸੀਂ ਗੁਰੂ ਵਰਗੇ ਕੀ ਬਣਨਾਂ ਸੀ। ਸਾਨੂੰ ਤਾਂ ਗੁਰੂ ਨੂੰ ਗੁਰੂ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ।

ਜੇ ਇੱਕ ਕੀੜੇ ਵਿੱਚ ਇਹ ਤਾਕਤ ਹੈ, ਕਿ ਉਹ ਕਿਸੇ ਵੀ ਐਰੇ ਗੈਰੇ ਕੀੜੇ ਨੂੰ ਫੜ ਕੇ, ਆਪਣੇਂ ਵਰਗਾ ਬਨਾ ਸੱਕਦਾ ਹੈ। ਤਾਂ ਕੀ ਗੁਰੂ ਵਿੱਚ ਏਨੀਂ ਵੀ ਤਾਕਤ ਨਹੀਂ, ਕਿ ਉਹ ਸਾਨੂੰ ਵੀ ਆਪਣੇਂ ਵਰਗਾ ਬਨਾ ਸਕੇ, ਜਦਿ ਕੇ ਅਸੀਂ ਤਾਂ ਉਸ ਦੇ ਸਿੱਖ ਅਖਵਾਉਂਦੇ ਹਾਂ।

ਜੇ ਐਸਾ ਨਹੀਂ ਹੋ ਸਕਦਾ, ਤਾਂ ਐਸਾ ਗੁਰੂ ਤਾਂ ਇੱਕ ਭ੍ਰਿੰਗੀ ਨਾਲੋਂ ਵੀ ਗਿਆ ਗੁਜਰਿਆ ਸਮਝੋ। ਅਤੇ ਅਸੀਂ ਕੀੜਿਆਂ ਤੋਂ ਬਦਤਰ ਹਾਂ।

“ਗੁਰ ਕੋ ਕੀਜੈ ਦੰਡਵਤ ਕੋਟਿ ਕੋਟਿ ਪ੍ਰਨਾਮ” ਕਬੀਰ ਸਾਹਿਬ ਜੀ ਦੱਸਦੇ ਹਨ। ਗੁਰੂ ਨੂੰ ਤਾਂ ਕਰੋੜਾਂ ਕਰੋੜਾਂ ਨਮਸਕਾਰਾਂ ਕਰਨੀਆਂ ਚਾਹੀਦੀਆਂ ਹਨ। ਜਿਹੜਾ ਸਾਨੂੰ ਵੀ ਆਪਣੇਂ ਵਰਗਾ ਬਨਾ ਲੇਂਦਾ ਹੈ।

ਦੂਜਾ ਸਲੋਕ ਹੈ।

ਸੁਮਿਰਨ ਸੇ ਮਨ ਲਾਈਏ ਜੈਸੇ ਕੀਟ ਭ੍ਰਿੰਗ, ਕਬੀਰ ਬਿਸਰੇ ਆਪ ਕੋ ਹੋਇ ਜਾਹਿ ਤੇਹਿ ਰੰਗੁ।

“ਸੁਮਿਰਨ ਸੇ ਮਨ ਲਾਈਏ ਜੈਸੇ ਕੀਟ ਭ੍ਰਿੰਗ” ਕਬੀਰ ਜੀ ਦੱਸਦੇ ਹਨ। ਗੁਰੂ ਦੇ ਸਿਮਰਨ ਵਿੱਚ ਇਸ ਤਰਾਂ ਮਨ ਲਗਾਉ ਜਿਵੇਂ ਇੱਕ ਕੀੜਾ ਭ੍ਰਿੰਗੀ ਦੇ ਸ਼ਬਦ (ਰਾਗ) ਵਿੱਚ ਲਗਾਉਂਦਾ ਹੈ। ਕੀੜਾ ਆਪਣੇਂ ਆਪ ਨੂੰ ਭੁੱਲ ਜਾਂਦਾ ਹੈ। ਅਤੇ ਉਸੇ (ਭ੍ਰਿੰਗੀ) ਦਾ ਹੀ ਰੂਪ ਹੋ ਜਾਂਦਾ ਹੈ।

ਕਬੀਰ ਬਿਸਰੇ ਆਪ ਕੋ ਹੋਇ ਜਾਹਿ ਤੇਹਿ ਰੰਗੁ” ਜੇ ਗੁਰੂ ਵਰਗਾ ਬਣਨਾਂ ਹੈ ਤਾਂ, ਆਪਣੇਂ ਆਪ ਨੂੰ ਭੁੱਲ ਜਾਵੋ, ਭਾਵ ਆਪਾਂ ਭੁਲਾ ਦੇਵੋ, ਹਉਂ ਨੂੰ ਖਤਮ ਕਰ ਦੇਵੋ, ਅਤੇ ਗੁਰੂ ਦੇ “ਬੋਲ” ਨੂੰ ਪਕੜ ਲਵੋ, ਇਸ ਤਰਾਂ ਅਸੀਂ ਉਸ ਵਰਗੇ ਬਣ ਸੱਕਦੇ ਹਾਂ।

ਬਲਦੇਵ ਸਿੰਘ `ਚਾਕਰ’

੦੬-੦੩-੨੦੧੨
.