.

ਖਾਲਸਾਵਾਦ - ਸਿੱਖੀ - ਡੇਰਾਵਾਦ

ਨਾ ਤਾਂ ਮੈ ਲਿਖਾਰੀ ਹਾਂ ਤੇ ਨਾ ਹੀ ਗੁਣੀ ਗਿਆਨੀ, ਪਰ ‘ਹਉ ਪਾਪੀ ਪਤਿਤੁ ਪਰਮ ਪਾਖੰਡੀ’ ਨੂੰ ਪਿਛਲੇ ਦਿਨੀ ਅਖਬਾਰਾਂ `ਚ ਸਤਿਕਾਰਯੋਗ ਪੰਥ-ਹਤੈਸ਼ੀਆਂ ਵਲੋਂ ਸਿੱਖੀ ਵਿੱਚ ਵਧਦੇ ਪਤਿਤਪੁਣੇ ਤੇ ਡੇਰਾਵਾਦ ਬਾਰੇ ਅਫ਼ਸੋਸ ਤੇ ਚਿੰਤਾ ਭਰੇ ਲੇਖ ਪੜ੍ਹ ਕੇ ਤੁੱਛ ਬੁੱਧੀ `ਚ ਜੋ ਖਿਆਲ ਆਏ, ਉਹ ਲਿਖਣ ਦਾ ਜਤਨ ਕਰਦਾ ਹਾਂ ਤੇ ਸਿੱਖੀ ਬਾਰੇ ਬਹੁਤ ਘੱਟ ਸਮਝ ਹੋਣ ਕਾਰਨ ਕੁੱਝ ਹੋਰ ਸਿੱਖਣ ਲਈ ਪਤਵੰਤੇ ਗੁਰਸਿੱਖਾਂ ਨੂੰ ਰਹਿਨੁਮਾਈ ਕਰਨ ਲਈ ਬੇਨਤੀ ਕਰਦਾ ਹਾਂ।

ਮੇਰੀ ਸੋਚ ਅਨੁਸਾਰ ਜਦੋਂ ਵੀ ਕਿਸੇ ਧਰਮ ਜਾਂ ਸਮਾਜ `ਚ ਗਿਰਾਵਟ ਆਉਂਦੀ ਹੈ ਤਾਂ ਆਮ ਤੌਰ ਤੇ ਦੋਸ਼ ਦੂਜੇ ਧਰਮਾਂ ਜਾਂ ਸਮਾਜਾਂ `ਤੇ ਲਾਇਆ ਜਾਂਦਾ ਹੈ ਅਤੇ ਕਦੇ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਕੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਜੇ ਕੋਈ ਵਿਅਕਤੀ ਹਿੰਮਤ ਕਰਕੇ ਇਹੋ ਜਿਹਾ ਸੁਝਾਅ ਦੇਣ ਦੀ ਕੋਸ਼ਿਸ਼ ਕਰੇ ਵੀ ਤਾਂ ਉਸ ਨੂੰ ਅਧਰਮੀ ਅਤੇ ਨਾਸਤਿਕ ਕਹਿ ਕੇ ਦੁਰਕਾਰ ਦਿੱਤਾ ਜਾਂਦਾ ਹੈ।

ਜਿਵੇਂ ਜਦੋਂ ਬਹੁਤ ਸਾਰੇ ਹਿੰਦੂਆਂ, ਦਲਿਤਾਂ ਅਤੇ ਸ਼ੂਦਰਾਂ ਨੇ ਇਸਲਾਮ ਜਾਂ ਇਸਾਈ ਧਰਮ ਨੂੰ ਅਪਣਾਇਆ ਤਾਂ ਸਾਰਾ ਦੋਸ਼ ਇਸਲਾਮ ਦੇ ‘ਜਬਰ ਤੇ ਜ਼ੁਲਮ’ ਅਤੇ ਇਸਾਈਆਂ ਦੇ ‘ਮਨ-ਲੁਭਾਣੇ ਝੂਠੇ ਲਾਲਚਾਂ’ ਨੂੰ ਦਿੱਤਾ ਗਿਆ, ਪਰ ਇਹ ਸਵੀਕਾਰ ਕਰਨ ਨੂੰ ਕੋਈ ਤਿਆਰ ਨਹੀਂ ਕਿ ਇਸ ਧਰਮ ਪਰਿਵਰਤਨ `ਚ ਬਹੁਤਾ ਹੱਥ ਬ੍ਰਾਹਮਣਾਂ ਅਤੇ ਹੋਰ ਉੱਚੀ ਜਾਤੀਆਂ ਵੱਲੋਂ ਦੂਸਰਿਆਂ ਨਾਲ ਅਮਾਨਵੀ ਵਰਤਾਓ ਦਾ ਸੀ, ਜੋ ਵਰਤਾਰਾ ਅਜੇ ਵੀ ਜਾਰੀ ਹੈ।

ਕੁੱਝ ਇਹੋ ਜਿਹਾ ਹਾਲ ਅੱਜ ਸਿੱਖੀ ਦਾ ਹੋ ਰਿਹਾ ਹੈ! ਸਿੱਖੀ ਵਿੱਚ ਪਿਛਲੇ ਕਈ ਦਹਾਕਿਆਂ ਤੋਂ ‘ਖ਼ਾਲਸਾ’ ਦੀ ਥਾਂ ‘ਖ਼ਾਲਸਾਵਾਦ’ ਵਧ ਰਿਹਾ ਹੈ। ਅਤੇ ਮੋਟੇ ਤੌਰ `ਤੇ ਇਹੀ ਸਿੱਖਾਂ ਦੇ ਪਤਿਤਪੁਣੇ, ਭ੍ਰਿਸ਼ਟਾਚਾਰ ਤੇ ਵਧਦੇ ਡੇਰਾਵਾਦ, ਅਖਾਉਤੀ ਗੁਰੂਆਂ, ਸੰਤਾਂ ਤੇ ਡੇਰੇਦਾਰਾਂ ਦਾ ਕਾਰਨ ਹੈ।

ਇਹ ਨਵਾਂ ਸ਼ਬਦ ‘ਖ਼ਾਲਸਾਵਾਦ’ ਕੀ ਹੈ? ਸਿਰਫ਼ ਅੰਮ੍ਰਿਤ (ਖੰਡੇ ਦੀ ਪਾਹੁਲ) ਧਾਰੀ ‘ਖ਼ਾਲਸਾ’ ਹੀ ਸਿੱਖ ਹੈ ਤੇ ਬਾਕੀ ਸਭ ਪਤਿਤ! ! !

ਇਸ ਸੰਬੰਧ ਵਿੱਚ ਆਮ ਹੀ ਵਿਚਾਰ ਪ੍ਰਗਟ ਕੀਤੇ ਜਾਂਦੇ ਹਨ: ਅੰਮ੍ਰਿਤ ਛਕਣ ਦਾ ਮਤਲਬ ਹੈ: ‘ਗੁਰੂ ਗ੍ਰੰਥ ਜੀ ਨੂੰ ਗੁਰੂ ਧਾਰਨ ਕਰਨਾ’ ; ‘ਅੰਮ੍ਰਿਤ ਛਕਣਾ ਹੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰਨ ਕਰਨ ਦਾ ਇੱਕੋ ਇੱਕ ਢੰਗ ਹੈ’ ; ‘ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਦਾ ਅਸਲ ਨਾਮ ਹੀ ਖੰਡੇ ਦੀ ਪਾਹੁਲ ਪ੍ਰਾਪਤ ਕਰਨਾ ਹੈ’ ; ‘ਅੰਮ੍ਰਿਤ ਛਕੋ ਤੇ ਗੁਰੂ ਕੇ ਬਣੋ’ ……ਆਦਿ ਆਦਿ। ਪਰ ਇਹ ਕੋਈ ਨਹੀਂ ਦੱਸਦਾ ਕਿ ‘ਅੰਮ੍ਰਿਤ ਸਿਰ ਦੇ ਕੇ ਮਿਲਦਾ ਹੈ’! ! ! ਸਿੱਖ ਤੇ ਖ਼ਾਲਸਾ ਦੇ ਇੱਕ ਹੋਣ ਦਾ ਪ੍ਰਚਾਰ ਨਿਰਮੂਲ ਹੈ ਤੇ ਸੱਚਾਈ ਤੋਂ ਕੋਹਾਂ ਦੂਰ ਹੈ। ਇੱਥੋਂ ਤਕ ਕਿ ਕਈ ਵਿਦਵਾਨ ਤਾਂ ਇਹ ਵੀ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵੈਸਾਖੀ ਨੂੰ ਸਿੱਖ ਪੰਥ (ਧਰਮ) ਦੀ ਸਥਾਪਨਾ ਕੀਤੀ ਸੀ! ਉਹ ਇਹ ਭੁੱਲ ਜਾਂਦੇ ਹਨ ਕਿ ਸਿੱਖੀ ਦਾ ਬੂਟਾ ਤਾਂ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਨੇ ਲਾਇਆ ਸੀ! !

‘ਸਿੱਖ’ ਦਾ ਮਤਲਬ ਸ਼ਿਸ਼ੂ, ਵਿਦਿਆਰਥੀ ਹੈ। ਸਿੱਖੀ ਦੀ ਯੂਨੀਵਰਸਿਟੀ `ਚ, 1469 ਤੋਂ ਲੈ ਕੇ 1699 ਤਕ, ਦਸ ਗੁਰੂ ਸਾਹਿਬਾਨ ਦੀ 230 ਸਾਲ ਦੀ ਘੋਰ ਮਿਹਨਤ, ਤਪੱਸਿਆ ਨਾਲ ਇਸ ਸ਼ਿਸ਼ ਨੂੰ ਕੱਚੀ ਪੱਕੀ ਜਮਾਤ ਤੋਂ ਸ਼ੁਰੂ ਕਰ, ਪੜ੍ਹਾ, ਸਮਝਾ ਤੇ ਟੈਸਟ ਲੈ ਲੈ ਕੇ ਇਨਸਾਨੀਅਤ ਦੀ ਸਿਖਰ ਤੇ ਲੈ ਗਏ ਤੇ ਇਸ ਦਾ ਆਖਰੀ ਇਮਤਿਹਾਨ ਨੰਗੀ ਤਲਵਾਰ ਲੈ ਕੇ ਇਸ ਨੂੰ ਸਭ ਤੋਂ ਉੱਚੀ ਡਿਗਰੀ (ਪੀ: ਐਚ: ਡੀ: ਜਾਂ ਡਾਕਟਰੇਟ) ‘ਖੰਡੇ ਦੀ ਪਾਹੁਲ’ ਤੇ ਪੰਜ ਕਕਾਰਾਂ ਦਾ ਗਾਉਣ (ਅਕੈਡਿਮਿਕ ਰੋਬ Academic Robe) ਤੇ ਖ਼ਾਲਸੇ ਦਾ ਨਾਮ (ਉਪਾਧੀ) ਬਖ਼ਸ਼ੇ। ਸੋ, ਖ਼ਾਲਸਾ ਤਾਂ ਸਿੱਖ, ਪੂਰਨ ਸਿੱਖ ਹੈ, ਪਰ ਹਰ ਸਿੱਖ ਖ਼ਾਲਸਾ ਨਹੀਂ! ਅਤੇ ਮੇਰੇ ਵਰਗੇ ਬੁੱਧੂ ਤੇ ਆਲਸੀ ਕੱਚੀ ਪੱਕੀ ਦੇ ਵਿਦਿਆਰਥੀ ਨੂੰ ਤਾਂ ਸ਼ਾਇਦ ਕਈ ਜਨਮ ਵੀ ਇਸ ਸਿਖਰ `ਤੇ ਪਹੁੰਚਣ ਲਈ ਥੋੜੇ ਹੋਣ!

ਅੱਜ ਕੱਲ੍ਹ ਬਹੁਤੇ ਪਰਚਾਰਕ ਵਰਗਲਾ ਕੇ ਤੇ ‘ਨਾਮ ਅੰਮ੍ਰਿਤ’ ਵਾਲੀਆਂ ਤੁਕਾਂ ਗੁਰਬਾਣੀ `ਚੋਂ ਸੁਣਾ ਕੇ (ਖੰਡੇ ਦੀ ਪਾਹੁਲ ਬਾਰੇ ਤਾਂ ਕੋਈ ਤੁਕ ਕਦੇ ਨਜ਼ਰ ਪਈ ਨਹੀਂ) ਤੇ ਇੱਕ ਦੋ ਕਕਾਰ ਵੀ ਕੋਲੋਂ ਦੇ ਕੇ ਮੇਰੇ ਵਰਗੇ ਸਿੱਖੀ ਵਿੱਚ ਬਿਲਕੁਲ ਅਨਪੜ੍ਹ, ਉਜੱਡ ਤੇ ਗਵਾਰ ਨੂੰ ਸਿੱਖੀ ਦੀ ਸਭ ਤੋਂ ਉੱਚੀ ਡਿਗਰੀ ‘ਖੰਡੇ ਦੀ ਪਾਹੁਲ’ ਦੇ ਦਿੰਦੇ ਹਨ ਤੇ ਕਹਿੰਦੇ ਹਨ ਕਿ ਤੁਸੀਂ ‘ਗੁਰੂ ਕੇ ਬਣ ਗਏ’, ‘ਗੁਰੂ ਵਾਲੇ ਹੋ ਗਏ’! ! ਪਰ ਉਹ ਗੁਰੂ ਦੇ ਬਣਦੇ ਨਹੀਂ ਸਗੋਂ ਗੁਰੂ ਨੂੰ ਆਪਣਾ ਬਣਾ ਲੈਂਦੇ ਹਨ।

ਹੁਣ ਇਹ ‘ਖ਼ਾਲਸਾ’ ਸਿੱਖੀ ਦੇ ਪਾਠ ਕਿਉਂ ਪੜ੍ਹੇ? ਜਦੋਂ ਕਿ ਜਿਨ੍ਹਾਂ ਪਾਠਾਂ ਦੇ ਪੜ੍ਹੇ ਤੇ ਯਾਦ ਕੀਤੇ ਬਿਨਾਂ ਹੀ, ‘ਅੰਮ੍ਰਿਤ’ ਛਕ ਕੇ ਖ਼ਾਲਸੇ ਦੀ ਪਦਵੀ `ਤੇ ਪਹੁੰਚ ਜਾਣਾ ਹੋਇਆ! ਸਹੀ ਗੱਲ ਤਾਂ ਇਹ ਹੈ ਕਿ ਸਿੱਖੀ ਦੇ ਮੂਲ ਪਾਠ (ਨਿਯਮ/ਸਿੱਧਾਂਤ) ਪੜ੍ਹਣੇ, ਸਮਝਣੇ ਤੇ ਅਪਣਾਉਣੇ ਬਹੁਤ ਹੀ ਜ਼ਰੂਰੀ ਹਨ।

ਉਪਰੋਕਤ ਵਰਨਣ ਕੀਤੇ ਗਏ ਸਿੱਖੀ ਦੇ ਪਾਠ ਹਨ: ਗੁਰੂ ਨਾਨਕ ਦੇਵ ਜੀ ਦੀ ‘ਮਿਠਤ ਨੀਵੀਂ’ ਤੇ ‘ਨਾਮ, ਦਾਨ, ਇਸ਼ਨਾਨ’ ; ਗੁਰੂ ਅੰਗਦ ਦੇਵ ਜੀ ਦਾ ‘ਬਿਰਹਾ’ ਤੇ ‘ਪੰਗਤ’ ; ਗੁਰੂ ਅਮਰ ਦਾਸ ਜੀ ਦਾ ‘ਸੇਵਾ’ ਤੇ ‘ਭਲਾ ਜੀ, ਭਲਾ ਜੀ, ਭਲਾ ਜੀ’ ; ਚੌਥੇ ਪਾਤਸ਼ਾਹ ਦੀ ‘ਹਲੀਮੀ’ “ਹਮ ਕੀਰੇ ਕਿਰਮ”, ‘ਸਿਦਕ’ ਤੇ ‘ਕਿਰਤ’ ; ਪੰਜਵੇਂ ਪਾਤਸ਼ਾਹ ਦੀ ‘ਸਰਬ ਸਾਂਝੀਵਾਲਤਾ’, ‘ਸੰਗਤ 21 ਵਿਸਵੇ’ ‘ਸੰਗਤ ਦੀ ਸੇਵਾ’, “ਤੇਰਾ ਕੀਆ ਮੀਠਾ ਲਾਗੈ” ਅਤੇ ‘ਅਦੁੱਤੀ ਕੁਰਬਾਨੀ’ ; ਛੇਵੀਂ ਪਾਤਸ਼ਾਹੀ ਦੀ ‘ਨਿਡਰਤਾ ਤੇ ਬਹਾਦੁਰੀ’ ; ਗੁਰੂ ਹਰਿ ਰਾਏ ਜੀ ਦੀ ‘ਕੋਮਲਤਾ’ ਤੇ ‘ਜ਼ਬਤ’ ; ਗੁਰੂ ਹਰਿ ਕ੍ਰਿਸ਼ਨ ਜੀ ਦੀ ‘ਮਾਸੂਮੀਅਤ ਤੇ ਦ੍ਰਿੜਤਾ’ ; ਨੌਵੇਂ ਪਾਤਸ਼ਾਹ ਦੀ ‘ਤਪੱਸਿਆ ਤੇ ਤਿਆਗ’ ; ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਦਾ ‘ਅਕਾਲ ਪੁਰਖ `ਤੇ ਅਟਲ ਵਿਸ਼ਵਾਸ’, ‘ਗੁਰੂ ਚੇਲਾ’ ਅਤੇ ‘ਅਦੁੱਤੀ ਸਰਬੰਸ ਦਾਨ’! ! !

ਪਿਛਲੇ ਕਈ ਦਹਾਕਿਆਂ ਦੇ ਤਖ਼ਤ ਸਾਹਿਬਾਨ ਦੇ ਸਤਿਕਾਰਯੋਗ ਜਥੇਦਾਰ ਸਾਹਿਬਾਨ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਕਾਰਕੁਨਾਂ, ਪ੍ਰਬੰਧਕਾਂ, ਗ੍ਰੰਥੀ ਸਾਹਿਬਾਨ, ਪ੍ਰਚਾਰਕਾਂ, ਦਰਜਨ ਭਰ ਅਕਾਲੀ ਦਲਾਂ ਦੇ ਪ੍ਰਧਾਨਾਂ, ਮੰਤਰੀਆਂ, ਵਿਸ਼ਵ ਵਿਦਿਆਲਿਆਂ ਦੇ ਕੁਲਪਤੀਆਂ ਆਦਿ ਦੇ ਜੀਵਨ ਵਿੱਚ ਕੀ ਇਨ੍ਹਾਂ ਸਿੱਖੀ ਦੇ ਪਾਠਾਂ, ਗੁਣਾਂ ਤੇ ਨਿਯਮਾਂ ਦਾ ਝਲਕਾਰਾ ਤਕ ਵੀ ਮਹਿਸੂਸ ਹੁੰਦਾ ਹੈ? ਕੀ ਇਨ੍ਹਾਂ ਨੂੰ ਖ਼ਾਲਸੇ ਦੀ ਡਿਗਰੀ ਬਿਨਾਂ ਪੜ੍ਹਾਈ ਜਾਂ ਥੋੜੀ ਬਹੁਤ ਪੜ੍ਹਾਈ ਕੀਤਿਆਂ ਹੀ ਮਿਲ ਗਈ ਸੀ?

ਦੂਜੀ ਖ਼ਾਲਸਾਵਾਦ ਨੇ ਸਿੱਖੀ ਨੂੰ ਜੋ ਵੱਡੀ ਢਾਹ ਲਾਈ ਹੈ ਕਿ ਸਿੱਖੀ ਦੀ ਅਦੁੱਤੀ ਯੂਨੀਵਰਸਿਟੀ ਦਰਬਾਰ ਸਾਹਿਬ, ਗੁਰਦਵਾਰੇ ਦੇ ਗੁਰੂ ਸਾਹਿਬਾਨ ਨੇ ਚਾਰ ਦਰਵਾਜ਼ੇ ਰੱਖੇ ਜਦੋਂ ਕਿ ਬਾਕੀ ਸਭ ਵਿਸ਼ਵ ਵਿਦਿਆਲਿਆਂ, ਮੰਦਰਾਂ, ਮਸਜਿਦਾਂ ਤੇ ਚਰਚਾਂ ਆਦਿ, ਦਾ ਇੱਕੋ ਇੱਕ ਦਰਵਾਜ਼ਾ ਹੁੰਦਾ ਹੈ। ਦੁੱਖ ਹੈ ਕਿ ਅੱਜ ਦੇ ਖ਼ਾਲਸਾਵਾਦ ਨੇ ਚਾਰੇ ਦਰਵਾਜ਼ੇ ਪੱਕੀ ਤਰ੍ਹਾਂ ਬੰਦ ਕਰ ਦਿੱਤੇ ਹਨ ਤੇ ਕੇਵਲ ਆਪਣੇ ਲਈ ਇੱਕ ਛੋਟੀ ਜਿਹੀ ਮੋਰੀ ਰੱਖ ਲਈ ਹੈ ਜਿਸ ਵਿੱਚੋਂ ਕੇਵਲ ਪੰਜ ਕਕਾਰੀ, ਅੰਮ੍ਰਿਤਧਾਰੀ ਹੀ ਲੰਘ ਸਕਦਾ ਹੈ; ਜਦੋਂਕਿ ਹੁਕਮ ਹੈ, “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਓ॥”

ਦਰਵਾਜ਼ੇ ਬੰਦ ਕਰਨ ਦਾ ਨਤੀਜਾ ਕੀ ਹੋਇਆ ਕਿ ਸਿੱਖੀ ਤੇ ਸਿੱਖ, ਜਿੱਥੇ ਦਰਵਾਜ਼ਾ ਖੁਲ੍ਹਾ ਮਿਲਿਆ (ਰਾਧਾ ਸੁਆਮੀ, ਨਿਰੰਕਾਰੀ, ਸੱਚਾ ਸੌਦਾ, ਸੂਰਮਾ, ਬਾਪੂ ਆਸਾ ਰਾਮ, ਸਾਈ ਬਾਬਾ ਸੰਤ ਤੇ ਇਨ੍ਹਾਂ ਦੇ ਡੇਰੇ ਆਦਿ) ਉੱਥੇ ਚਲੇ ਗਏ।

ਪਿੱਛੇ ਜਿਹੇ ਸਤਿਕਾਰਯੋਗ ਭਾਈ ਮਰਦਾਨਾ ਜੀ ਦੀ ਵੰਸ਼ ਦੇ ਮਹਾਂ ਪੁਰਸ਼ ਬੜੀ ਸ਼ਰਧਾ ਤੇ ਹਲੀਮੀ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸੀ ਤੇ ਉਨ੍ਹਾਂ ਨੇ ਬੜੇ ਅਦਬ ਨਾਲ ਹਰਿਮੰਦਰ ਸਾਹਿਬ `ਚ ਗੁਰੁ-ਸ਼ਬਦ ਦਾ ਕੀਰਤਨ ਕਰਨ ਦੀ ਅਧੀਨਗੀ ਨਾਲ ਬੇਨਤੀ ਕੀਤੀ ਪਰ ਅੱਜ ਦੇ ਖ਼ਾਲਸਾਵਾਦ ਨੇ ਉਨ੍ਹਾਂ ਨੂੰ ਕੋਰੀ ਨਾਂਹ ਕਰ ਦਿੱਤੀ ਕਿਉਂਕਿ ਉਹ ਪੰਜ ਕਕਾਰੀ ਅੰਮ੍ਰਿਤ ਧਾਰੀ ਨਹੀਂ ਸਨ! ਕੁੱਝ ਇਹੋ ਜਿਹਾ ਹੀ ਵਰਤਾਰਾ ਸਵਰਨ ਮੰਦਰ ਦੀ ਨੀਂਹ ਰੱਖਣ ਵਾਲੇ ਫ਼ਕੀਰ ਪੀਰ ਮੀਆਂ ਮੀਰ ਜੀ ਦੇ ਵੰਸ਼ ਨਾਲ ਵੀ ਕੀਤਾ ਗਿਆ!

ਭਾਈ ਮਰਦਾਨਾ ਜੀ 40 ਸਾਲ ਗੁਰੂ ਨਾਨਕ ਦੇਵ ਜੀ ਨਾਲ ਰਹੇ ਤੇ ਰਬਾਬ ਨਾਲ ਕੀਰਤਨ ਕਰਦੇ ਰਹੇ ਅਤੇ ਆਪਣੇ 3 ਸ਼ਬਦਾਂ (?) ਨਾਲ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਸਸ਼ੋਬਤ ਹਨ। ਮੇਰੀ ਤੁੱਛ ਬੁੱਧੀ ਨੂੰ ਸਮਝ ਨਹੀਂ ਆਉਂਦੀ ਕਿ ਇਹ ਨਾਂਹ ਕਿਸ ਸਿੱਖੀ ਦੇ ਕਿਸ ਉੱਚੇ ਆਦਰਸ਼, ਅਸੂਲ, ਜਾਂ ਹੁਕਮ ਨੂੰ ਮੁੱਖ ਰੱਖ ਕੇ ਕੀਤੀ ਗਈ! ਕੀ ਅਜਿਹਾ ਹਰਮੰਦਰ ਸਾਹਿਬ ਦੀ ਪਵਿੱਤਰਤਾ ਲਈ ਕੀਤਾ ਗਿਆ? ਸਤਿਕਾਰਯੋਗ ਮਰਦਾਨਾ ਜੀ ਦੇ ਸਨਮਾਨ `ਚ ਕੀਤਾ ਗਿਆ? ਜਾਂ ਫਿਰ ਇਹ ਵਰਤਾਰਾ ਸਿੱਖ ਕੌਮ ਦਾ ਮਰਦਾਨਾ ਜੀ ਪ੍ਰਤੀ ਰੋਮ ਰੋਮ ਰਿਣੀ ਹੋਣ ਦੇ ਸਬੂਤ ਵਜੋਂ ਕੀਤਾ ਗਿਆ?

ਦਾਸ ਨੂੰ 1945-46 `ਚ ਇਨ੍ਹਾਂ ਦੇ ਵਡੇਰੇ ਭਾਈ ਚਾਂਦ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਗੁਰੂਦਵਾਰੇ ਵਿੱਚ ਉਨ੍ਹਾਂ ਦੇ ਪ੍ਰਕਾਸ਼ ਉਤਸਵ ਤੇ ਕੀਰਤਨ ਕਰਦੇ ਸੁਣਨ ਦਾ ਸੁਭਾਗ ਪ੍ਰਾਪਤ ਹੈ। ਸੱਠ ਸਾਲਾਂ ਵਿੱਚ ਕੀ ਦਾ ਕੀ ਹੋ ਗਿਆ ਹੈ?

ਮੈਨੂੰ ਇਹ ਵੀ ਯਾਦ ਹੈ ਕਿ ਜਦੋਂ ਪਹਿਲੇ ਪਹਿਲ ਬਣੀ ਸਰਬ ਹਿੰਦ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਮੀਤ ਪ੍ਰਧਾਨ (ਪ੍ਰੋ: ) ਹਰਬੰਸ ਲਾਲ ਜੀ ਹੋਇਆ ਕਰਦੇ ਸਨ! ਕੀ ਅੱਜ ਕੋਈ ‘ਲਾਲ’, ‘ਦਾਸ’ ਜਾਂ ‘ਦੇਵ’ ਇਸ ਫ਼ੈਡਰੇਸ਼ਨ ਦਾ ਮੈਂਬਰ ਹੋ ਸਕਦਾ ਹੈ? ਸਹਿਜਧਾਰੀ (ਮੋਨੇ) ਸਿੱਖ ਨੂੰ ਖ਼ਾਲਸਾਵਾਦ ਨਿਗਲ ਗਿਆ ਹੈ!

ਆਸਟਰੇਲੀਆ ਦੇ ਸਿਡਨੀ ਸ਼ਹਿਰ `ਚ ਬਣੇ ਸਭ ਤੋਂ ਪੁਰਾਣੇ ਗੁਰੂਦਵਾਰਾ ਸਾਹਿਬ ‘ਰਿਵਜਾਬੀ’ ਵਿਖੇ ਮੋਨੇ ਸਿੱਖਾਂ ਦੇ ਗੁਰਦੁਆਰੇ ਆਉਣ ਤੇ ਤਿੱਖੀ ਟਿੱਪਣੀ ਕੀਤੀ ਗਈ ਤੇ ਪੁਲਿਸ ਨੂੰ ਕਾਰਵਾਈ ਕਰਨੀ ਪਈ। ਇਹੋ ਜਿਹੀਆਂ ਅਧਾਰਮਿਕ ਤੇ ਸ਼ਰਮਨਾਕ ਖ਼ਬਰਾਂ ਕਈ ਥਾਵਾਂ ਤੋਂ ਆਉਂਦੀਆਂ ਰਹਿੰਦੀਆਂ ਹਨ।

ਤੀਜੀ ਤੇ ਸਭ ਤੋਂ ਵਧੇਰੇ ਦੁਖਦਾਈ ਸੱਟ ‘ਸਿੱਖੀ’ ਨੂੰ ਉਦੋਂ ਲੱਗੀ ਜਦੋਂ ਖ਼ਾਲਸਾਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਘੱਟ ਤੇ ਜਾਇਦਾਦ (ਖਿਮਾ ਕਰਨਾ) ਜ਼ਿਆਦਾ ਸਮਝ ਬੈਠਾ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਜੱਫਾ ਮਾਰ ਲਿਆ ਪਰ ਬਾਣੀ ਨੂੰ ਨਹੀਂ ਪਕੜਿਆ। ਥੋੜੀ ਜਾਂ ਬਹੁਤੀ ਗੁਰਬਾਣੀ ਤੇ ਗੁਰਬਾਣੀ ਵਿਚਾਰ ਰਾਧਾ ਸੁਆਮੀ, ਨਿਰੰਕਾਰੀ, ਸੱਚਾ ਸੌਦਾ ਤੇ ਹੋਰ ਡੇਰਿਆਂ ਵਾਲੇ ਲੈ ਗਏ। ਨਹੀਂ ਤਾਂ ਜ਼ਰਾ ਸੋਚੋ ਕਿ ਇਨ੍ਹਾਂ: ਰਾਧਾ ਸੁਆਮੀ, ਨਿਰੰਕਾਰੀ ਤੇ ਸੱਚਾ ਸੌਦੇ ਆਦਿ ਵਾਲਿਆਂ ਕੋਲ ਆਪਣਾ ਕੀ ਹੈ? ਕੁੱਝ ਵੀ ਨਹੀਂ! ਇਹ ਗੁਰਬਾਣੀ ਤੇ ਗੁਰਬਾਣੀ ਦੀ ਥੋਹੜੀ ਬਹੁਤ ਵਿਚਾਰ ਹੀ ਹੈ ਜਿਹੜੀ ਸਿੱਖੀ ਨੂੰ ਉਧਰ ਲੈ ਗਈ। ਇਹਨਾਂ ਦੇ ਆਮ ਸਾਧਾਰਨ ਵਕਤੇ ਨੂੰ ਵੀ ਇੰਨੀ ਗੁਰਬਾਣੀ ਕੰਠ ਹੈ ਤੇ ਉਹ ਬਾਣੀ ਦਾ ਇਨਾਂ ਸ਼ੁੱਧ ਉਚਾਰਣ ਤੇ ਵਿਆਖਿਆ ਕਰਦੇ ਹਨ ਕਿ ਸਾਡੇ ਸ਼ਰੋਮਣੀ ਕਮੇਟੀ ਦੇ ਪ੍ਰਚਾਰਕਾਂ ਤੇ ਮਿਸ਼ਨਰੀ ਕਾਲਜਾਂ ਵਾਲਿਆਂ ਕੋਲ ਲੱਗਦਾ ਹੈ ਕੁੱਝ ਵੀ ਨਹੀਂ ਸਵਾਏ ‘ਅੰਮ੍ਰਿਤ ਛਕੋ ਤੇ ਗੁਰੂ ਕੇ ਬਣੋਂ’। ਗੁਰ-ਫ਼ੁਰਮਾਨ ਹੈ: “ਸਿਖੀ ਸਿਖਿਆ ਗੁਰ ਵੀਚਾਰਿ”॥

ਕਿਸੇ ਅਖ਼ਬਾਰ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਦਾ ਇੱਕ ਲੇਖ ਪੜ੍ਹ ਕੇ ਮਨ ਨੂੰ ਬਹੁਤ ਕਸ਼ਟ ਹੋਇਆ। ਇਸ ਵਿੱਚ ਸ਼ਾਇਦ ਮੇਰੀ ਹੀ ਬੇਸਮਝੀ ਹੋਵੇ! ਇਹ ਜਥੇਦਾਰ ਗੁਰੂ ਨਾਨਕ ਦੇਵ ਜੀ ਦੇ ਜਨੇਊ ਬਾਰੇ ਬੜੇ ਪ੍ਰਸਿੱਧ ਸ਼ਬਦਾਂ ਨੂੰ ਲਿਖ ਕੇ ਹੇਠਾਂ ਲਿਖਦਾ ਹੈ: ‘ਕੀ ਇਨ੍ਹਾਂ ਆਦਰਸ਼ਾਂ ਅਨੁਸਾਰ ਹਿੰਦੂ ਪੱਥਰ, ਮੂਰਤੀ ਪੂਜਾ, ਬ੍ਰਾਹਮਣ ਦੀ ਅਗਵਾਈ, ਮੱਥੇ ਟਿੱਕਾ, ਜਨੇਊ ਆਦਿ ਦਾ ਤਿਆਗ ਕਰੇਗਾ? ਜੇ ਨਹੀਂ ਕਰ ਸਕਦਾ ਤਾਂ ਐਵੇਂ ਪੱਥਰ ਦੇ ਬੁੱਤਾਂ ਦੇ ਨਾਲ ਸਿੱਖ ਸਿਧਾਂਤ ਦੇ ਉਲਟ ਮੰਦਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਬੇਅਦਬੀ ਕਿਉਂ ਕਰਨਾ ਚਾਹੁੰਦਾ ਹੈ’ ?

ਕੀ ਕਦੇ ਗੁਰੂ ਨਾਨਕ ਦੇਵ ਜੀ, ਜਾਂ ਕਿਸੇ ਹੋਰ ਗੁਰੂ ਜਾਂ ਗੁਰੂ ਗ੍ਰੰਥ ਸਾਹਿਬ ਨੇ ਕਿਸੇ ਨੂੰ ਜਨੇਊ ਤਿਆਗਣ ਨੂੰ ਕਿਹਾ? ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਗੁਰਿਅਈ ਗ੍ਰੰਥ ਸਾਹਿਬ ਨੂੰ ਦਿੱਤੀ, ਦੀ ਆਸ਼ਾ ਜਾਂ ਮੰਤਵ ਜਨੇਊ ਦਾ ਤਿਆਗ ਕਰਵਾਉਣਾ ਹੀ ਹੁੰਦਾ ਤਾਂ ਉਹ ਜਨੇਊ ਦੇ ਵੈਰੀ ਔਰੰਗਜ਼ੇਬ ਨਾਲ ਹੱਥ ਮਿਲਾਉਂਦੇ? ਫਿਰ ਉਨ੍ਹਾਂ ਨੇ ਤਾਂ ਇਸ ਦੇ ਉਲਟ ਆਪਣੇ ਗੁਰੂ ਪਿਤਾ ਜੀ ਨੂੰ ਜਨੇਊ ਦੀ ਰੱਖਿਆ ਕਰਨ ਲਈ ਕੁਰਬਾਨੀ ਦੇਣ ਦੀ ਬੇਨਤੀ ਕੀਤੀ ਤੇ 9 ਸਾਲ ਦੀ ਛੋਟੀ ਉਮਰ `ਚ ਯਤੀਮ ਹੋਣਾ ਕਬੂਲ ਕਰ ਲਿਆ ਤੇ ਮੁਗ਼ਲ ਰਾਜ ਨਾਲ ਟੱਕਰ ਲੈ ਲਈ ਤੇ ਆਪਣਾ ਸਰਬੰਸ ਲੁਟਾ ਦਿੱਤਾ। ਅਸਲ ਵਿੱਚ ਮੰਦਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਦੀਵੀ ਪ੍ਰਕਾਸ਼ ਕਰਨ ਦੀ ਹੋਰ ਗੱਲ ਹੈ ਅਤੇ ਜਨੇਊ ਆਦਿ ਉਤਾਰਨ ਦੀ ਹੋਰ ਗੱਲ ਹੈ। ਕੀ ਇਹ ਵਿਦਵਾਨ ਜਥੇਦਾਰ ਇਹ ਦੱਸਣ ਦੀ ਕਿਰਪਾ ਕਰੇਗਾ ਕਿ ਜੇ ਕੋਈ ਜਨੇਊ ਧਾਰੀ ਪੰਡਤ ਇਸ਼ਨਾਨ ਆਦਿ ਕਰਕੇ ਗੁਰੂਦੁਆਰੇ ਦੀ ਪੂਰਨ ਮਰਿਯਾਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪ ਪਾਠ ਕਰਨਾ ਚਾਹੇ ਤਾਂ ਕੀ ਉਹ ਕਰ ਸਕਦਾ ਹੈ ਜਾਂ ਨਹੀਂ?

ਸੱਚੀ ਗੱਲ ਤਾਂ ਇਹ ਹੈ ਕਿ ਇਹ ਜਥੇਦਾਰ ਸਾਹਿਬ ਕਿਸ ਸਿਧਾਂਤ ਦੀ ਗੱਲ ਕਰ ਰਹੇ ਹਨ ਤੇ ਕੌਣ ਕਿਸ ਦੀ ਬੇਅਦਬੀ ਕਰਦਾ ਹੈ? ਮੇਰੀ ਤੁੱਛ ਬੁੱਧੀ ਤੋਂ ਪਰੇ ਦੀ ਗੱਲ ਹੈ!

ਜਥੇਦਾਰ ਸਾਹਿਬ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ, ਉਸ ਵਿੱਚ ਚਾਰ ਬ੍ਰਾਹਮਣ (ਸੂਰ ਦਾਸ ਜੀ, ਜੈ ਦੇਵ ਜੀ, ਰਾਮਾ ਨੰਦ ਜੀ ਤੇ ਪਰਮਾ ਨੰਦ ਜੀ) ਅਤੇ ਇੱਕ ਖੱਤਰੀ ਰਾਜਪੂਤ (ਪੀਪਾ ਜੀ) ਜਨੇਊ ਪਾਈ, ਤੇ ਸ਼ਾਇਦ ਸਾਬਤ ਸੂਰਤ ਵੀ ਨਾ ਹੋਣ, ਬਰਾਜਮਾਨ ਹਨ। ਜਦੋਂ ਇਹ ਜਥੇਦਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਨ ਉਦੋਂ ਇਨ੍ਹਾਂ ਜਨੇਊ ਵਾਲੇ ਭਗਤਾਂ ਦੀ ਬਾਣੀ ਨੂੰ ਵੀ ਨਮਸਕਾਰ ਕਰਦੇ ਹਨ ਕਿ ਨਹੀਂ?

ਅੱਜ ਦਾ ਖਾਲਸਾਵਾਦ ਗੁਰਬਾਣੀ ਦੀ ਵਿਚਾਰ ਵੀ ਨਹੀਂ ਕਰਦਾ। ਮੁੰਦਾਵਨੀ ਮਹਲਾ ਪੰਜਵਾਂ, ਜਿਸ ਨੂੰ ਅਸੀਂ ਭੋਗ ਦਾ ਸ਼ਬਦ ਕਹਿ ਕੇ ਜਲਦੀ ਦੇ ਕੇ ਪੜ੍ਹ ਜਾਂਦੇ ਹਾਂ, ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਥੋੜੇ ਤੇ ਸਾਫ਼ ਸ਼ਬਦਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਚੋੜ ਸਮਝਾ ਦਿੱਤਾ ਹੈ: “ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥ ……” ਗੁਰੂ ਗ੍ਰੰਥ ਸਾਹਿਬ ਰੂਪੀ ਥਾਲ `ਚ ਤਿੰਨ ਚੀਜ਼ਾਂ - ਸਤੁ, ਸੰਤੋਖ ਤੇ ਵਿਚਾਰ - ਦਾ ਭੋਜਨ ਪ੍ਰੋਸਿਆ ਹੈ ਅਤੇ ਸੁਆਮੀ ਮਾਲਕ ਦਾ ਨਾਮ ਰੂਪੀ ਅੰਮ੍ਰਿਤ, ਜੋ ਸਾਰਿਆਂ ਦਾ ਆਸਰਾ ਹੈ, ਉਹ ਵੀ ਪਾਇਆ ਹੈ, ਅਤੇ ਜੋ ਕੋਈ ਇਸ ਭੋਜਨ ਨੂੰ ਖਾਂਦਾ, ਨਾਮ-ਅੰਮ੍ਰਿਤ-ਜਲ ਪੀਂਦਾ ਹੈ ਤੇ ਇਸ ਦੇ ਸਵਾਦ ਨੂੰ ਮਾਣਦਾ ਹੈ ਤਾਂ ਉਸ ਦਾ ਕਲਿਆਣ ਹੋ ਜਾਂਦਾ ਹੈ।

‘ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥’ ਇੱਥੇ ਤਾਂ ਪੜ੍ਹ ਪੜ੍ਹ (?) ਕੇ ‘ਨਾਮ’ ਹੀ ਵੇਚਿਆ ਜਾ ਰਿਹਾ ਹੈ!

ਇੱਕ ਹੋਰ ਵੱਡੀ ਵਲੰਬਣਾ ਇਹ ਹੈ ਕਿ ਪੰਜ ਕਕਾਰੀ ਖਾਲਸਾ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਉਸ ਵਿੱਚ ਪੰਜ ਕਕਾਰੀ ਖਾਲਸੇ ਤੋਂ ਬਿਨਾਂ ਸਭ ਦੀ ਬਾਣੀ ਹੈ ਤੇ ਇਸ ਵਿੱਚ ਖਾਲਸੇ ਬਾਰੇ ਵੀ ਕੁੱਝ ਨਹੀਂ ਸਿਵਾਏ ਭਗਤ ਕਬੀਰ ਦੇ ਇੱਕ ਸ਼ਬਦ ਵਿੱਚ ‘ਖਾਲਸਾ’ ਸ਼ਬਦ ਦੇ! ਅਤੇ ਪੰਜ ਕਕਾਰੀ ਖਾਲਸੇ ਨੇ ਸਭ ਨੂੰ ਕੱਢ ਦਿੱਤਾ ਸਿੱਖੀ ਵਿੱਚੋਂ ਤੇ ਆਪ ਕਾਬਜ਼ ਹੋ ਗਿਆ!

‘ਖਾਲਸੇ’ ਕੋਲ ਹਿੰਦੂ, ਮੁਸਲਮਾਨ ਤੇ ਹੋਰ ਸਭ ਦੀਆਂ ਕੁਰੀਤੀਆਂ ਤੇ ਕਮਜ਼ੋਰੀਆਂ `ਤੇ ਉਂਗਲ ਉਠਾਉਣ ਤੇ ਆਪਣੀ ਹਉਮੈ ਨੂੰ ਪੱਠੇ ਪਾਉਣ ਵਾਸਤੇ ਗੁਰਬਾਣੀ ਹੈ, ਪਰ ਆਪਣੀਆਂ ਕਮਜ਼ੋਰੀਆਂ ਲਈ ਕੁੱਝ ਨਹੀਂ!

ਕੀ ਜਨੇਊ ਵਾਲਾ ਸ਼ਬਦ ਖਾਲਸੇ ਦੀ ਕ੍ਰਿਪਾਨ - ਕਿਰਪਾ + ਆਨ - ਤੇ ਗਾਤਰੇ `ਤੇ ਲਾਗੂ ਨਹੀਂ ਹੁੰਦਾ? ਪੰਜ ਨਮਾਜ਼ਾਂ ਵਾਲਾ ਸ਼ਬਦ ਖਾਲਸੇ ਦੀਆਂ ਪੰਜ ਬਾਣੀਆਂ ਤੇ ਨਹੀਂ ਢੁੱਕਦਾ? ਬਾਣੀ ਤੋਂ ਯਾਦ ਆਇਆ, ਸੁਣਨ ਵਿੱਚ ਇਹ ਵੀ ਆਇਆ ਹੈ ਕਿ ਅੱਜ ਦੇ ਖਾਲਸਾਵਾਦ ਨੇ ਪੰਜ ਬਾਣੀਆਂ ਦਾ ਪਾਠ ਨਾ ਕਰਨ ਦੀ ਆਗਿਆ ਵੀ ਦੇ ਦਿੱਤੀ ਹੈ! ਕਦੇ ਕਦਾਈਂ `ਚੌਪਈ’ ਦਾ ਪਾਠ ਕਰ ਲੈਂਦੇ ਹਨ ਕਿਉਂਕਿ ਇਸ ਦੇ ਵਿੱਚ “ਪੂਰਨ ਹੋਏ ਚਿਤ ਕੀ ਇੱਛਾ” ਹੈ।

ਅੰਤ ਵਿੱਚ ਦਾਸ ਇਹ ਤਾਂ ਯਕੀਨ ਨਾਲ ਕਹਿ ਸਕਦਾ ਹੈ ਕਿ ਸਿੱਖੀ ਦਾ ਬੂਟਾ ਜਿਸ ਨੂੰ ਗੁਰੂ ਸਾਹਿਬਾਨ ਨੇ ਆਪਣੀ ਹੱਥੀਂ ਲਾਇਆ ਤੇ ਪਾਲਿਆ ਤੇ ਜਿਸ ਨੂੰ ਸਰਬ ਸਾਂਝੀਵਾਲਤਾ ਤੇ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ, ਤਪੱਸਿਆ ਤੇ ਤਿਆਗ ਦੀ ਮੂਰਤੀ ਗੁਰੂ ਤੇਗ ਬਹਾਦੁਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਰਬੰਸ ਤੇ ਹੋਰ ਬੇ-ਅੰਤ ਸ਼ਹੀਦਾਂ ਨੇ ਆਪਣੇ ਖੂਨ ਨਾਲ ਸਿੰਜਿਆ, ਉਹ ਮੁਰਝਾ ਕਦਾ ਚਿਤ ਨਹੀਂ ਸਕਦਾ ਤੇ ਨਾ ਹੀ ਸੰਸਾਰ ਦੀ ਕੋਈ ਤਾਕਤ ਇਸ ਨੂੰ ਕਮਜ਼ੋਰ ਕਰ ਸਕਦੀ ਹੈ। ਪਰ ਇਸ ਦੀ ਅਦੁੱਤੀ ਤੇ ਲਾ-ਜਵਾਬ ਸ਼ਾਨ ਕਾਇਮ ਰੱਖਣ ਲਈ ਅੱਜ ਦੇ ਸਿੱਖ ਜਗਤ, ਖਾਸ ਕਰ ਆਗੂਆਂ, ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਗੁਰੁ-ਆਸ਼ੇ ਤੇ ਸਿੱਖ ਫਿਲਾਸਫੀ ਨੂੰ ਸਮਝਣਾ ਚਾਹੀਦਾ ਹੈ ਤੇ ਜਗਤ-ਗੁਰੂ ਗ੍ਰੰਥ ਸਾਹਿਬ ਦੀ ਧੁਰ ਦੀ ਬਾਣੀ ਨੂੰ ਆਪ ਸਮਝ ਕੇ, ਜੀਵਨ ਵਿੱਚ ਢਾਲ ਕੇ ਇਸ ਦੀ ਰੌਸ਼ਨੀ ਨੂੰ ਘਰ ਘਰ ਕਿਸੇ ਵਿਤਕਰੇ ਤੋਂ ਬਿਨਾਂ ਬੜੇ ਪਿਆਰ ਤੇ ਸਤਿਕਾਰ ਨਾਲ ਪਹੁੰਚਾਉਣਾ ਚਾਹੀਦਾ ਹੈ।

ਅਖੀਰ ਵਿੱਚ ਇੱਕ ਵਾਰੀ ਫੇਰ ਮੈਂ ਕੂਕਰ “ਹਮ ਅਗਿਆਨ ਅਲਪ ਮਤਿ ਥੋਰੀ” ਆਪਣੀ ਅਗਿਆਨਤਾ ਤੇ ਥੋਥੇਪਨ ਨੂੰ ਜਾਣਦਾ ਹੋਇਆ ਕਿਸੇ ਅਯੋਗ ਸ਼ਬਦ, ਪ੍ਰਚਾਰ ਜਾਂ ਭੁੱਲ ਲਈ ਬੜੀ ਨਿਮਰਤਾ ਨਾਲ ਖਿਮਾ ਦਾ ਜਾਚਕ ਹਾਂ।

ਪਰਮਿੰਦਰ ਸਿੰਘ

 




.