.

ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਰਹਿਤਨਾਮੇ, ਪੁਰਾਤਨ ਜਨਮ ਸਾਖੀਆਂ, ਤੇ ਹੋਰ ਪੁਸਤਕਾਂ

ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਅਨੇਕਾਂ ਰਹਿਤਨਾਮੇ ਤੇ ਪੁਰਾਤਨ ਜਨਮ ਸਾਖੀਆਂ ਗੁਰੂ ਗੋਬਿੰਦ ਸਿੰਘ ਜੀ ਦੇ ੧੭੦੮ ਈਸਵੀ ਵਿਚ, ਜੋਤੀ ਜੋਤਿ ਸਮਾਉਨ ਤੋਂ ਬਾਅਦ ਵਜੂਦ ਵਿੱਚ ਆਏ। ਦਸਮ ਗ੍ਰੰਥ ਤੇ ਸਰਬ ਲੋਹ ਗ੍ਰੰਥ ਨੂੰ ਪਾ: ੧੦ ਕ੍ਰਿਤ ਮੰਨਿਆ ਜਾਂਦਾ ਹੈ।

ਕੁਝ ਪੁਸਤਕਾਂ ਤੇ ਰਹਿਤਨਾਮਿਆਂ ਦੇ ਨਾਮ ਅਸੀਂ ਹੇਠਾਂ ਲਿਖੇ ਹਨ:

* ਗੁਰਬਿਲਾਸ ਪਾ: 10, ਭਾਈ ਸੁਖਾ ਸਿੰਘ, ਸੰਨ 1727

* ਗੁਰਬਿਲਾਸ ਪਾ: 10, ਕੋਇਰ ਸਿੰਘ, ਸੰਨ 1751

* ਬੰਸਾਵਲੀ ਨਾਮਾ, ਕੇਸਰ ਸਿੰਘ ਛਿੱਬਰ, ਸੰਨ 1770

* ਗੁਰੂ ਕੀਆਂ ਸਾਖੀਆਂ, ਸਰੂਪ ਸਿੰਘ ਕੋਸ਼ਕ, ਸੰਨ 1790

* ਸੂਰਜ ਪ੍ਰਕਾਸ਼, ਕਵੀ ਸੰਤੋਖ ਸਿੰਘ, ਸੰਨ 1843

* ਪੰਥ ਪ੍ਰਕਾਸ਼, ਸੰਨ 1880

* ਸਰਬ ਲੋਹ ਗ੍ਰੰਥ

* ਤਨਖ਼ਾਹ ਨਾਮਾ, ਨੰਦ ਲਾਲ

* ਰਹਿਤਨਾਮਾ, ਪ੍ਰਹਿਲਾਦ ਸਿੰਘ

* ਰਹਿਤਨਾਮਾ, ਦਯਾ ਸਿੰਘ

* ਰਤਨ ਮਾਲ

* ਰਹਿਤਨਾਮਾ, ਹਜ਼ੂਰੀ ਭਾਈ ਚਉਪਾ ਸਿੰਘ

ਗੁਰੂ ਗੋਬਿੰਦ ਸਿੰਘ ਜੀ 1708 ਈਸਵੀ ਵਿੱਚ ਜੋਤੀ ਜੋਤਿ ਸਮਾਏ। ਇਸ ਤੋਂ ਬਾਦ ਬੰਦਾ ਬਹਾਦਰ ਦੀ ਸ਼ਹਾਦਤ ਹੋਈ, ਤੇ ਮੁਗ਼ਲ ਹਕੂਮਤ, ਸਿੱਖਾਂ ਦਾ ਸੰਘਾਰ ਕਰਨ ਵਿੱਚ ਜੁੱਟੀ। ਸਿੱਖ ਛੋਟੇ ਛੋਟੇ ਟੋਲਿਆਂ ਵਿੱਚ ਜਾਨ ਬਚਾਉਣ ਲਈ ਜੰਗਲਾਂ ਵਿੱਚ ਰਹਿਣ ਲੱਗੇ।

ਇਸ ਭਿਆਨਕ ਸਮੇਂ ਵਿੱਚ ਨਿਰਮਲਿਆਂ ਤੇ ਉਦਾਸੀ ਮਹੰਤਾਂ ਨੇ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ। ਇਹ ਵੇਦ ਮਤ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਵਿਦਵਾਨ ਸਨ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਧਰਮ ਪ੍ਰਚਾਰ ਸ਼ੁਰੂ ਕੀਤਾ। ਇਹ ਵੇਦਾਂ ਸ਼ਾਸਤਰਾਂ ਨੂੰ ਸੱਤ ਮੰਨਦੇ ਸਨ। ਇਹ ਆਪਣੀ ਕਥਾ ਵਿਚਾਰ ਤੇ ਪੁਸਤਕਾਂ ਵਿੱਚ ਵੇਦਾਂ ਸ਼ਾਸਤਰਾਂ ਸਿਮ੍ਰਿਤੀਆਂ ਨੂੰ ਤੇ ਦੇਵੀ ਦੇਵਤਿਆਂ ਨੂੰ ਸੱਤ ਮੰਨ ਕੇ, ਗੁਰਬਾਣੀ ਦੇ ਅਰਥ ਵਿਚਾਰ ਵੇਦਕ ਰੰਗਤ ਵਿੱਚ ਕਰਦੇ ਸਨ।

ਗੁਰੂ ਜੀ ਨੇ ਗੁਰਬਾਣੀ ਰਾਹੀਂ ਗੁਰਮਤ ਦੀ ਤੁਲਨਾ ਵੇਦ ਮਤ ਨਾਲ ਕੀਤੀ ਤੇ ਵੇਦ ਮਤ ਨੂੰ ਮੂਲੋਂ ਹੀ ਭੁੱਲਾ ਮਾਰਗ ਸਿੱਧ ਕੀਤਾ।

ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਰਹਿਤਨਾਮਿਆਂ, ਜਨਮ ਸਾਖੀਆਂ ਦੀ ਪਰਖ ਗੁਰਬਾਣੀ ਦੀ ਕਸਵਟੀ ਤੇ

ਪੁਰਾਤਨ ਸਿੱਖ ਇਤਿਹਾਸ ਦੀਆਂ ਪੁਸਤਕਾਂ ਗੁਰਬਾਣੀ ਉਪਦੇਸ਼ਾਂ ਅਨੁਸਾਰ ਹੋ ਸਕਦੀਆਂ ਹਨ ਜਾਂ ਅਨੇਕਾਂ ਦੇਵੀ ਦੇਵਤਿਆਂ ਕਾਲ, ਦੁਰਗਾ, ਭਗਉਤੀ ਆਦਿ ਨੂੰ ਇਸ਼ਟ ਮੰਨਨ ਵਾਲੇ ਹਿੰਦੂ ਧਰਮ ਗ੍ਰੰਥਾ, ਵੇਦ, ਸਿਮ੍ਰਿਤੀਆਂ, ਸ਼ਾਸ਼ਤਰਾਂ ਦੇ ਅਨੁਸਾਰ ਹੋ ਸਕਦੀਆਂ ਹਨ। ਗੁਰਬਾਣੀ ਇਹਨਾਂ ਵਿੱਚ ਭੇਦ ਨੂੰ ਸਪਸ਼ਟ ਕਰਦੀ ਹੈ। ਧਰਮ ਦੀ ਪਛਾਣ ਉਸ ਦੇ ਇਸ਼ਟ ਤੋਂ ਹੁੰਦੀ ਹੈ।

ਬੇਦ ਮੱਤ ਬ੍ਰਹਮਾ ਬਿਸ਼ਨ, ਮਹੇਸ਼ ਨੂੰ ਰੱਬ, ਭਗਵਾਨ ਜਾਣ ਕੇ ਉਹਨਾਂ ਦੇ ਜਪ/ਸਿਮਰਣ ਆਰਾਧਨਾਂ ਦਾ ਉਪਦੇਸ਼ ਦਿੰਦਾ ਹੈ।

ਗੁਰਬਾਣੀ ਦਾ ਇਸ਼ਟ ਨਾਮ ਰੂਪ ਅਕਾਲ ਪੁਰਖ ਹੈ। ਪੂਰੇ ਗੁਰੂ ਤੇ ਅਕਾਲ ਪੁਰਖ ਵਿੱਚ ਕੋਈ ਭੇਦ ਨਹੀਂ।

ਵੇਦ ਮਤ ਨਾਮ ਰੂਪ ਅਕਾਲ ਪੁਰਖ ਨੂੰ ਨਹੀਂ ਜਾਣਦਾ ਪਛਾਣਦਾ। ਇੱਕ ਏਕੰਕਾਰ, ਅਕਾਲ ਪੁਰਖ, ਸੰਸਾਰ ਨੂੰ ਰਚਨ ਵਾਲਾ ਸੰਸਾਰ ਤੋਂ ਪਾਰ ਹਸਤੀ ਹੈ। ਵੇਦ ਮਤ ਕੇਵਲ ਕਾਲ ਪੁਰਖ ਤੇ ਆਕਾਰ ਵਾਲੀ ਸ੍ਰਿਸ਼ਟੀ ਨੂੰ ਜਾਣਦਾ ਹੈ। ਕਾਲ ਨੂੰ ਇਕੋ ਇੱਕ ਸਦੀਵ ਹਸਤੀ, ਅਕਾਲ ਪੁਰਖ ਨੇ ਉਪਾਇਆ। ਕਾਲ ਪੁਰਖ, ਅਕਾਲ ਪੁਰਖ ਦੀ ਉਪਾਈ ਮਾਇਆ ਹੈ।

ਚਾਰੇ ਬੇਦ ਕਥਹਿ ਆਕਾਰੁ॥ ਤੀਨਿ ਅਵਸਥਾ ਕਹਹਿ ਵਖਿਆਨੁ॥

ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ॥ (ਪੰਨਾ 154, ਗੁਰੂ ਗ੍ਰੰਥ ਸਾਹਿਬ)

(ਚਾਰੇ ਵੇਦ ਆਕਾਰ ਵਾਲੀ ਸ੍ਰਿਸ਼ਟੀ, ਤ੍ਰਿਗੁਣੀ ਮਾਇਆ ਦਾ ਵਖਿਆਨ ਕਰਦੇ ਹਨ। ਤੁਰੀਆ ਅਵਸਥਾ, ਤ੍ਰਿਗੁਣ ਮਾਇਆ ਆਕਾਰ ਵਾਲੀ ਸ੍ਰਿਸ਼ਟੀ ਤੋਂ ਪਾਰ ਦੀ ਅਵਸਥਾ, ਸਤਿਗੁਰੂ ਤੋਂ ਜਾਣੀ ਜਾਂਦੀ ਹੈ।)

ਸਿਮ੍ਰਿਤਿ ਸਾਸਤ ਅੰਤੁ ਨ ਜਾਣੈ॥ ਮੂਰਖੁ ਅੰਧਾ ਤਤੁ ਨ ਪਛਾਣੈ॥

ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ (ਪੰਨਾ 1061, ਗੁਰੂ ਗ੍ਰੰਥ ਸਾਹਿਬ)

(ਸਿਮ੍ਰਿਤ ਸ਼ਾਸਤ੍ਰ ਨਾਮ ਤੱਤ ਰੂਪ ਅਕਾਲ ਪੁਰਖ ਨੂੰ ਨਹੀਂ ਜਾਣਦਾ, ਮੂਰਖ ਅੰਧਾ ਅਗਿਆਨੀ ਹੈ। ਅਕਾਲ ਪੁਰਖ ਆਪ ਹੀ ਸਭ ਕੁੱਝ ਕਰਦਾ ਕਰਾਉਂਦਾ ਹੈ ਤੇ ਆਪ ਮੈਂ ਹਾਂ ਦਾ ਭਰਮ ਦੇ ਕੇ ਅਕਾਲ ਪੁਰਖ ਤੋਂ ਵਿਛੋੜ ਦਿੰਦਾ ਹੈ।)

ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ

ਵਿਚਿ ਹਉਮੈ ਕਾਰ ਕਮਾਈ॥ (ਪੰਨਾ 735, ਗੁਰੂ ਗ੍ਰੰਥ ਸਾਹਿਬ)

(ਬੇਦ ਮੱਤ ਦੇ ਦੇਵਤੇ ਤ੍ਰੈ ਗੁਣ ਰੋਗੀ ਹਨ, ਹਉਮੈ ਵਿੱਚ ਕਾਰ ਕਰਦੇ ਹਨ)

ਗੁਰਬਾਣੀ ਦਾ ਇਸ਼ਟ, ਇਕੋ ਇੱਕ ਸਦੀਵ ਹਸਤੀ ਨਾਮ ਜੋਤਿ ਰੂਪ ਅਕਾਲ ਪੁਰਖ – ਪਾਰਬ੍ਰਹਮ

ਗੁਰਬਾਣੀ ਦਾ ਇਸ਼ਟ, ਰੱਬ, ਭਗਵਾਨ, ਇੱਕੋ ਇੱਕ ਸਤ ਤੇ ਸਦੀਵ ਹਸਤੀ ‘ਨਾਮ’ ਏਕੰਕਾਰ ਅਕਾਲ ਪੁਰਖ ਹੈ। ਗੁਰਬਾਣੀ ਇੱਕ ਦੀ ਸਿਫਤ ਸਾਲਾਹ, ਜਪ ਸਿਮਰਣ ਆਰਾਧਨਾ ਦਾ ਉਪਦੇਸ਼ ਦਿੰਦੀ ਹੈ।

ਗੁਰਬਾਣੀ ਦਾ ਫ਼ੁਰਮਾਣ ਹੈ ਜੋ ਇਕੋ ਇੱਕ ਹਸਤੀ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਇਸ਼ਟ, ਦੇਵੀ, ਦੇਵਤਾ, ਕਾਲ ਪੁਰਖ, ਕਾਲ, ਮਹਾਕਾਲ, ਬ੍ਰਹਮਾ ਬਿਸਨ ਮਹੇਸ, ਭਗਉਤੀ, ਦੁਰਗਾ ਆਦਿ ਦੀ ਉਸਤਤਿ ਆਰਾਧਨਾ ਕਰਦੇ ਹਨ, ਉਹ ਮੂੜ ਮੁਗਧ ਹਨ, ਖੋਤੇ ਹਨ। --ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ॥ (ਪੰਨਾ 1267, ਗੁਰੂ ਗ੍ਰੰਥ ਸਾਹਿਬ)

ਮਾਈ ਰੀ ਆਨ ਸਿਮਰਿ ਮਰਿ ਜਾਂਹਿ॥

ਤਿਆਗਿ ਗੋਬਿਦੁ ਜੀਅਨ ਕੋ ਦਾਤਾ ਮਾਇਆ ਸੰਗਿ ਲਪਟਾਹਿ॥ 1॥

ਨਾਮੁ ਬਿਸਾਰਿ ਚਲਹਿ ਅਨ ਮਾਰਗਿ ਨਰਕ ਘੋਰ ਮਹਿ ਪਾਹਿ (ਪੰਨਾ 1225, ਗੁਰੂ ਗ੍ਰੰਥ ਸਾਹਿਬ)

(ਜੋ ਨਾਮ ਨੂੰ ਛਡ ਕੇ ਕਿਸੇ ਦੇਵੀ ਦੇਵਤਾ ਨੂੰ ਸਿਮਰਦੇ ਹਨ ਉਹ ਅਕਾਲ ਪੁਰਖ ਵੱਲੋਂ ਮਰ ਜਾਂਦੇ ਹਨ। ਉਹ ਨਾਮ ਰੂਪ ਅਕਾਲ ਪੁਰਖ ਨੂੰ ਵਿਸਾਰ ਕੇ ਦੂਜੇ ਦੀ ਸੇਵਾ ਕਰਦੇ ਹਨ ਤੇ ਘੋਰ ਨਰਕ ਵਿੱਚ ਸੁੱਟੇ ਜਾਂਦੇ ਹਨ।)

ਇਸ਼ਟ ਦੀ ਉਸਤਤਿ, ਜਪ ਸਿਮਰਣ ਆਰਾਧਨਾ ਦੇ ਫਲ

ਜਿਸ ਇਸ਼ਟ ਦਾ ਜਪ/ਸਿਮਰਣ ਆਰਾਧਨਾਂ ਉਸਤਤਿ ਕੀਤੀ ਜਾਂਦੀ ਹੈ, ਸੇਵਕ ਵਿੱਚ ਉਸ ਦੇ ਗੁਣ ਅਵਗੁਣ ਆ ਜਾਂਦੇ ਹਨ ਤੇ ਸੇਵਕ ਓਹੋ ਜਿਹਾ ਹੀ ਹੋ ਜਾਂਦਾ ਹੈ।

ਨਾਮ ਰੂਪ ਅਕਾਲ ਪੁਰਖ ਗੁਣੀ ਭਰਪੂਰ ਹੈ। ਸਤਿਗੁਰੂ ਤੋਂ ਉਪਦੇਸ਼ ਲੈ ਕੇ ਨਾਮ ਦਾ ਜਪ ਸਿਮਰਣ ਕਰਨ ਵਾਲੇ ਗੁਣੀ ਭਰਪੂਰ ਹੋ ਜਾਂਦੇ ਹਨ। ਸਤਿਗੁਰੂ ਦੀ ਕਿਰਪਾ ਨਾਲ ਹਉਂ ਦਾ ਭਰਮ (ਮੈਂ, ਮੇਰੀ ਦਾ ਭਰਮ) ਕੱਟਿਆ ਜਾਂਦਾ ਹੈ। ਗੁਰਮਤਿ ਨਾਮ ਵਾਹਿਗੁਰੂ ਨੂੰ ਸਿਮਰਣ ਵਾਲੇ ਨਾਮ ਜੋਤਿ ਵਿੱਚ ਹੀ ਅਭੇਦ ਹੋ ਜਾਂਦੇ ਹਨ, ਤੇ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਜੈਸਾ ਸੇਵੈ ਤੈਸੋ ਹੋਇ॥ (ਪੰਨਾ 1113, ਗੁਰੂ ਗ੍ਰੰਥ ਸਾਹਿਬ)

(ਜੈਸੇ ਇਸ਼ਟ ਨੂੰ ਆਰਾਧਦੇ ਹਨ ਵੈਸੇ ਹੀ ਹੋ ਜਾਂਦੇ ਹਨ।)

ਦੇਵੀ ਦੇਵਤੇ ਅਕਾਲ ਪੁਰਖ ਦੀ ਉਪਾਈ ਮਾਇਆ ਹਨ, ਅਕਾਲ ਪੁਰਖ ਦੇ ਭੈ ਵਿੱਚ ਕਾਰ ਕਰਦੇ ਹਨ, ਹਉਂ ਦੇ ਭਰਮ ਵਿੱਚ ਹਨ। ਇਹ ਗੁਣੀ ਭਰਪੂਰ ਨਹੀਂ, ਇਹਨਾ ਵਿੱਚ ਗੁਣ ਵੀ ਹਨ ਤੇ ਅਵਗੁਣ ਵੀ ਹਨ। ਇਹਨਾਂ ਦੀ ਉਸਤਤਿ ਅਰਾਧਨਾ ਕਰਨ ਵਾਲੇ ਇਹਨਾਂ ਜਿਹੇ ਹੋ ਜਾਂਦੇ ਹਨ, ਤੇ ਜਨਮ ਮਰਨ ਦੇ ਗੇੜ ਵਿੱਚ ਰਹਿੰਦੇ ਹਨ।

ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਸਾਹਿਬ ਦੇ ਦਸਵਾਂ ਸਰੂਪ ਹਨ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸਉਪਣ ਵਾਲੇ ਹਨ। ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਦੀ ਸਿੱਖਿਆ ਦੇ ਖਿਲਾਫ਼ ਦੇਵੀ ਦੇਵਤਿਆਂ ਦੀ ਉਸਤਤਿ ਤੇ ਜਪ ਸਿਮਰਣ ਕਰਨ ਕਰਾਵਨ ਵਾਲੀ ਕੋਈ ਰਚਨਾ ਨਹੀਂ ਰਚ ਸਕਦੇ।

ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਬੇਦ ਬਾਣੀ ਪੜ੍ਹਣ ਸੁਣਨ ਦਾ ਉਪਦੇਸ਼ ਨਹੀਂ ਦੇ ਸਕਦੇ। ਬੇਦ ਬਾਣੀ ਨੂੰ ਰਿਸ਼ੀਆਂ ਨੇ ਲਿਖਿਆ ਹੈ, ਤੇ ਇਸਨੂੰ ਸੁਣਨ ਵਾਲੇ ਵੀ ਕੱਚੇ ਹਨ।

ਦਸਮ ਗ੍ਰੰਥ ਦੀਆਂ ਸਭ ਰਚਨਾਵਾਂ ਦੇਵੀ ਦੇਵਤਿਆਂ ਦੀ ਉਸਤਤਿ ਤੇ ਵੇਦ ਬਾਣੀ ਤੇ ਆਧਾਰਿਤ ਹਨ।

ਅਸੀਂ ਹੁਣ, ਸਰਬ ਲੋਹ ਗ੍ਰੰਥ ਸ੍ਰੀ ਮੁਖਵਾਕ ਪਾ: ੧੦ ਦੀ ਵਿਚਾਰ ਕਰਦੇ ਹਾਂ।

ਸਿੱਖ ਜਗਤ ਵਿੱਚ ਸਰਬ ਲੋਹ ਗ੍ਰੰਥ ਪਾ: ੧੦ ਕ੍ਰਿਤ ਮੰਨਿਆ ਗਿਆ ਹੈ। ਇਸ ਦੇ ਅੰਸ਼ ਕੀਰਤਨੀ ਪੋਥੀਆਂ ਵਿੱਚ ਹਨ। ਇਸ ਪੁਸਤਕ ਦੇ 1575 ਪੰਨੇ ਹਨ। ਇਸ ਪੁਸਤਕ ਵਿੱਚ ਸਰਬ ਲੋਹ ਦੇਵਤਾ, ਤੇ ਦੇਵੀ ਦੇਵਤਿਆਂ ਨੇ ਅਨੇਕਾਂ ਸਰੂਪਾਂ ਦੀ ਉਸਤਤਿ ਹੈ, ਤੇ ਦੈਂਤਾਂ ਨਾਲ ਯੁੱਧਾਂ ਦਾ ਵਰਣਨ ਹੈ।

ਇਸ ਰਚਨਾਂ ਵਿੱਚ ਲੇਖਕ ਨੇ ਪਾ: 10 ਦੇ ਮੁਖੋਂ ਅਖਵਾਇਆ ਹੈ ਕਿ ਉਹ ਦੇਵੀ ਦੇਵਤਿਆਂ ਦੀ ਉਸਤਤਿ ਤੇ ਸਿਮਰਣ ਕਰਦੇ ਹਨ। ਇਹਨਾਂ ਦੀ ਸਹਾਇਤਾ ਤੋਂ ਬਿਨਾ ਪਾ: 10 ਕੁੱਝ ਵੀ ਨਹੀਂ ਕਰ ਸਕਦੇ।

ਸ੍ਰੀ ਵਾਹਿਗੁਰੂ ਜੀ ਕੀ ਫਤਹਿ॥

ਸ੍ਰੀ ਭਵਾਨੀ ਜੀ ਸਹਾਇ, ਸ੍ਰੀ ਮਾਯਾ ਲਛਮੀ ਜੀ ਸਹਾਇ॥

ਉਸਤਤਿ ਸ੍ਰੀ ਮਾਇਆ ਲਛਮੀ ਜੀ ਕੀ॥

ਸ੍ਰੀ ਮੁਖਿਵਾਕ ਪਾਤਿਸ਼ਾਹੀ ੧੦॥

ਦੋਹਿਰਾ॥ ਛਾਯਾ ਰੂਪੀ ਹੋਇ ਕੈ ਬਿਚਰਤ ਸ੍ਰੀ ਗੋਪਾਲ॥ ਆਪਹਿ ਲਛਮੀ ਬਪੁ ਧਰੇ, ਜਉ ਜੰਤੁ ਪ੍ਰਤਿਪਾਲ॥ ਸ੍ਰੀ ਮਾਇਆ ਮੁਖ ਕਰੋ ਉਚਾਰ॥ ਦਰਿਦਰ ਸਗਲ ਤੇ ਲੇਹੁ ਉਬਾਰਿ॥

(ਦੇਵੀ ਦੇਵਤਿਆਂ ਦੀ ਆਰਾਧਨਾ ਕਰਨ ਵਾਲੇ ਲਿਖਾਰੀ ਨੇ, ਪਾ: ੧੦ ਦੇ ਮੁਖ ਤੋਂ ਉਚਾਰਣ ਕੀਤਾ ਦਰਸਾਇਆ ਹੈ ਕਿ, ਮੈ ਸ੍ਰੀ ਮਾਯਾ ਦਾ ਨਾਮ ਮੁਖ ਤੋਂ ਉਚਾਰਦਾ ਹਾਂ, ਤੁਸੀਂ ਅਪਨੇ ਸੇਵਕਾਂ ਨੂੰ ਸਭ ਦੁਖਾਂ ਤੋਂ ਉਬਾਰਿ ਲੈਂਦੇ ਹੋ।)

ਸਰਬਲੋਹ ਗ੍ਰੰਥ ਦੇ ਲਿਖਾਰੀ ਨੇ ਸੱਚੇ ਗੁਰੂ ਗੋਬਿੰਦ ਸਿੰਘ ਦਾ ਦੇਵੀ ਦੇਵਤਿਆਂ ਨੂੰ ਅਰਾਧਨ ਵਾਲਾ ਝੂਠਾ ਸਰੂਪ ਘੜਿਆ।)

ਦੋਹਿਰਾ॥ ਆਦਿ ਭਵਾਨੀ ਈਸੁਰੀ ਮਾਯਾ ਜਾ ਕੋ ਨਾਮ॥

ਇਨ ਬਿਨ ਸਰੈ ਨ ਏਕ ਛਿਨ ਪੂਰਨ ਹੋਤ ਨ ਕਾਮ॥

ਸੁਖਦਾਇਕ ਮੰਗਲਕਰਨ, ਪ੍ਰਤਿਪਾਲੇ ਬਹੁ ਭਾਂਤਿ॥

ਸੁਬੁਧਿ ਦੈਨ ਜੈ ਜੈ ਕਰਨਿ ਮਾਯਾ ਸ੍ਰੀ ਜਗਮਾਤਿ॥

(ਆਦਿ ਭਵਾਨੀ ਈਸਰੀ ਦਾ ਨਾਮ ਮਾਯਾ ਹੈ। ਇਸ ਤੋਂ ਬਿਨਾ ਮੈ ਇੱਕ ਛਿਨ ਨਹੀ ਰਹਿ ਸਕਦਾ ਤੇ ਕੋਈ ਕਮ ਪੂਰਾ ਨਹੀਂ ਹੁੰਦਾ। ਤੁਸੀਂ ਸੁਖ ਦਿੰਦੇ ਹੋ, ਹਰ ਤਰਾਂ ਪ੍ਰਤਿਪਾਲਨਾ ਕਰਦੇ ਹੋ ਤੁਹਾਡੀ ਜੈ ਜੈ ਕਾਰ ਹੋਵੇ, ਤੁਸੀਂ ਜਗਤ ਦੀ ਮਾਤਾ ਹੋ।)

ਛਮੋ ਨਾਥ ਹਮਰੀ ਢੀਠਾਈ॥ ਹਮ ਲਹੁਰੇ ਤੁਮ ਅਤਿ ਗੁਰੂਆਈ॥

ਜਹੰ ਬਿਧਿ ਰਖਯਾ ਦੇਵਨ ਕਰੇ॥ ਅਭਯ ਦਾਨ ਦੇ ਅਸੁਰਨ ਮਰੇ॥

ਤਿਮ ਮੁਰ ਰਖਯਾ ਕਰਹੁ ਗੁਸਾਈਂ। ਮੈਂ ਆਯੋ ਤੁਮਰੀ ਸਰਨਾਈ॥

ਦਾਸ ਗੁਬਿੰਦ ਫਤਹ ਨਰਹਰੀ॥ ਸਰਬ ਲੋਹ ਉਚਰਹੁ ਪਲ ਘਰੀ॥

(ਦਾਸ ਗੁਬਿੰਦ, ਲਿਖਨ ਵਾਲੇ ਕਵੀ ਦਾ ਉਪਨਾਮ ਹੈ, ਪਾ; ੧੦ ਦੇ ਮੁਖੋਂ ਸਰਬਲੋਹ ਦੇਵਤਾ ਨੂੰ ਕਿਹਾ ਜਾ ਰਿਹਾ ਹੈ ਮੈਂ ਛੋਟਾ ਹਾਂ ਤੁਸੀਂ ਵਡੇ ਉੱਚੇ ਹੋ। ਜਿਸਤਰ੍ਹਾਂ ਤੁਸੀਂ ਦੇਵਤਿਆਂ ਦੀ ਰਖਯਾ ਕੀਤੀ ਉਹਨਾਂ ਨੂੰ ਅਭਯ ਦਾਨ ਦਿੱਤਾ ਤੇ ਉਹਨਾਂ ਨੇ ਅਸੁਰ ਮਾਰ ਦਿਤੇ, ਇਸ ਤਰਾਂ ਤੁਸੀਂ ਮੇਰੀ ਰਖਿਆ ਵੀ ਕਰੋ, ਮੈਂ ਤੁਹਾਡੀ ਸਰਨ ਆਇਆ ਹਾਂ। ਦਾਸ ਗੁਬਿੰਦ ਨਰਹਰੀ ਦੀ ਫਤਹ ਕਹਿੰਦਾ ਹੈ ਸਰਬ ਲੋਹ ਦਾ ਨਾਮ ਹਰ ਵੇਲੇ ਉਚਾਰੋ।)

ਇਸ ਰਚਨਾ ਵਿਚ, ਗੁਰਬਾਣੀ ਉਪਦੇਸ਼ ਵਿਰੁੱਧ ਦੇਵਤਿਆਂ ਦੀ ਉਸਤਤਿ ਹੈ ਤੇ ਉਹਨਾਂ ਅੱਗੇ ਬੇਨਤੀਆਂ ਹਨ। ਇਹ ਰਚਨਾਂ ਅਕਾਲ ਪੁਰਖ ਰੂਪ ਪਾ: ੧੦ ਦੀ ਨਹੀਂ ਹੋ ਸਕਦੀ।

ਇਸ ਰਚਨਾਂ ਅਨੁਸਾਰ ਤਤ ਖਾਲਸੇ ਦੀ ਸਾਜਨਾਂ ਕਿਵੇਂ ਹੋਈ?

ਜੇ ਜੇ ਅਸੁਰ ਪ੍ਰਭੁ ਸੰਤਨ ਦ੍ਰੋਹੀ, ਹਰਿ ਮਾਰਗ ਮਹਿ ਬਿਘਨ ਕਰੰਤੇ॥

ਤੇ ਤੇ ਦੁਸਟ ਪਛਾਰੇ ਸਤਿਗੁਰ, ਮਨਾਇ ਭਗਵਤੀ ਅਰੁ ਭਗਵੰਤੇ॥

ਭੂਸਰ ਗੋ ਦ੍ਰੋਹੀ ਜੇ ਦੁਸਟਨ ਧਰਮ ਜੁਧ ਕਰ ਅਸੁਰ ਦਲ਼ੰਤੇ॥

ਸੋਧ ਸੁਧਾਰ ਬਰਣ ਆਸਰਮ ਕਓ, ਮਥ ਕਰਿ ਤਤ ਖਾਲਸੇ ਮੰਤੇ॥

(ਜੋ ਜੋ ਅਸੁਰ ਭਾਵ ਮੁਸਲਮਾਨ ਸੰਤਾਂ ਦੇ ਦ੍ਰੋਹੀ ਸਨ, ਜੋ ਭਗਤੀ ਵਿੱਚ ਵਿਘਨ ਪਾਉਂਦੇ ਸਨ ਸਤਿਗੁਰ ਨੇ ਭਗਵਤੀ ਨੂੰ ਮਨਾ ਕੇ ਜਾਨੀ ਆਰਾਧਨਾਂ ਕਰਕੇ ਤੇ ਦੇਵੀ ਤੋਂ ਬਲ ਪ੍ਰਾਪਤ ਕੀਤਾ ਤੇ ਦੁਸਟ ਮੁਗਲਾਂ ਨੂੰ ਹਰਾ ਦਿਤਾ। ਸਤਿਗੁਰ ਨੇ ਗਊਆਂ ਦੇ ਦ੍ਰੋਹੀ ਅਸੁਰਾਂ ਨੂੰ ਧਰਮ ਯੁਧ ਕਰ ਕੇ ਦਲ ਦਿਤਾ। ਇਸਤਰਾਂ ਹਿੰਦੂਆਂ ਦੇ ਬਰਣ ਆਸਰਮ ਨੂੰ ਸੋਧ ਕੇ ਸਿਖਾਂ ਵਿੱਚ ਤਤ ਖਾਲਸਾ ਸਾਜਿਆ।)

ਇਸ ਰਚਨਾਂ ਅਨੁਸਾਰ ਪਾ: ੧੦ ਨੇਂ ਮੁਗ਼ਲਾਂ ਨੂੰ ਯੁਧ ਵਿੱਚ ਹਰਾਨ ਲਈ ਭਗਵਤੀ ਦੇਵੀ ਨੂੰ ਅਰਾਧ ਕੇ ਉਸ ਤੋਂ ਬਲ ਪ੍ਰਾਪਤ ਕੀਤਾ ਤੇ ਅਸੁਰ ਮੁਗ਼ਲਾਂ ਨੂੰ ਹਰਾਇਆ। ਇਸਤਰ੍ਹਾਂ ਸਿੱਖਾਂ ਵਿੱਚ ਤਤ ਖਾਲਸਾ ਸਾਜਿਆ।

ਪਾ: ੧੦ ਆਪ ਅਕਾਲ ਪੁਰਖ ਪਾਰਬ੍ਰਹਮ ਵਿੱਚ ਅਭੇਦ ਸਨ ਉਹ ਦੇਵੀ ਦੇਵਤਿਆਂ ਦੀ ਆਰਾਧਨਾਂ ਨਹੀਂ ਕਰ ਸਕਦੇ।

ਪੰਥ ਖਾਲਸਾ ਭਯੋ ਪੁਨੀਤਾ, ਪ੍ਰਭ ਆਗਯਾ ਕਰਿ ਉਦਿਤ ਭਏ॥

ਮਿਟਯੋ ਦਵੈਤ ਸੰਜੁਗਤਿ ਉਪਾਧਿਨਿ ਅਸੁਰ ਮਲੇਛਨ ਮੂਲ ਗਏ॥

ਧਰਮ ਪੰਥ ਖਾਸ ਪ੍ਰਚੁਰ ਭਯੋ, ਸਤਿ ਸਿਵੰ ਪੁਨਯ ਰੂਪ ਜਏ॥

ਕਛ ਕੇਸ ਕ੍ਰਿਪਾਨਨ ਮੁਦ੍ਰਿਤ ਗੁਰ ਭਗਤਾ ਰਾਮਦਾਸ ਭਏ॥

ਕਾਲ ਉਪਾਸਕ ਛਤ੍ਰਿਯ ਧਰਮਾ, ਰਣ ਕਟਿ ਕਰਿ ਪ੍ਰਦਾਨ ਅਏ॥

ਤਾ ਮਹਿ ਪੰਚ ਚਾਲਿਸ ਪ੍ਰਵਾਨਾਂ ਪੰਚ ਪ੍ਰਧਾਨ ਖਾਲਸਹਿ ਠਏ॥

ਸ੍ਰੀ ਅਜੀਤ ਸਿੰਘ ਜੁਝਾਰ ਸਿੰਘ ਫਤਹ ਸਿੰਘ ਜੋਰਾਵਰ ਸਿੰਘ ਪ੍ਰਿਏ॥

ਪੰਚਮ ਖਾਲਸਹ ਸਤਿਗੁਰ ਪੂਰਾ ਜਿਨ ਏ ਪੰਥ ਸੁਪੰਕ ਪ੍ਰਟਗਏ॥

ਚਾਲਿਸ ਲਰ ਏ ਬੀਜ ਖਾਲ਼ਸਹ, ਮੁਕਤੇ ਪਾਵਨ ਸਿੰਘ ਬਲੀ॥

ਮਾਤ ਭਗਵਤੀ ਪਿਤਾ ਕਾਲ ਪੁਰਖ, ਗੋਦ ਲਿਯੋ ਦੈ ਖਾਲ਼ ਪਲੀ॥ ੍ਰ

(ਲਿਖਾਰੀ ਕਹ ਰਿਹਾ ਹੈ ਕਿ ਸਿਖ ਕਛ ਕੇਸ ਕ੍ਰਿਪਾਨ ਨਾਲ ਸਜੇ ਹਨ, ਖਾਲਸਾ ਕਾਲ/ਮਹਾਕਾਲ ਉਪਾਸ਼ਕ ਹੈ, ਖਾਲਸੇ ਦਾ ਛਤ੍ਰਿਯ ਧਰਮ ਹੈ ਖਾਲਸੇ ਦੀ ਮਾਤਾ ਭਗਵਤੀ ਹੈ ਪਿਤਾ ਕਾਲ ਪੁਰਖ ਹੈ।)

ਗੁਰਬਾਣੀ ਅਨੁਸਾਰ ਗੁਰਸਿੱਖ ਦਾ ਇਸ਼ਟ ਨਾਮ ਰੂਪ ਅਕਾਲ ਪੁਰਖ ਹੈ, ਸਿੱਖ ਦੇਵਤਿਆਂ ਕਾਲ, ਮਹਾਕਾਲ ਦੇ ਉਪਾਸ਼ਕ ਨਹੀਂ। ਕੀ ਗੁਰਸਿੱਖ ਇਸ ਰਚਨਾਂ ਨੂੰ ਪਾ: ੧੦ ਦੀ ਉਚਾਰੀ ਮੰਨ ਸਕਦੇ ਹਨ? ਕੀ ਸਿੱਖਾਂ ਦੀ ਮਾਤਾ ਭਗਵਤੀ ਹੈ ਤੇ ਪਿਤਾ ਕਾਲ ਪੁਰਖ ਹੈ?

ਮੰਗਲਾਚਰਣ ਵਿੱਚ ਬੋਲ ਵਾਹਿਗੁਰੂ ਜੀ ਕਾ ਖਾਲਸਾ ਬ੍ਰਾਹਮਣ ਦੇ ਘੜੇ ਗੁਰੂ ਗੋਬਿੰਦ ਸਿੰਘ ਜੀ ਦੇ ਝੂਠੇ ਸਰੂਪ ਨੇ ਦਿੱਤਾ। ਗੁਰਬਾਣੀ ਨੇ ਸਿੱਖਾਂ ਨੂੰ ਖਾਲਸਾ ਕਿਤੇ ਨਹੀਂ ਕਿਹਾ।

ਗੁਰੂ ਗ੍ਰੰਥ ਸਾਹਿਬ ਦੇ ਸਿੱਖ ਸਿਮਰਣ ਦੇ ਚਉਥੇ ਪਦ ਵਿੱਚ ਗੁਰਮੁਖਿ ਬ੍ਰਹਮ ਗਿਆਨੀ ਬਨੇ ਤੇ ਮੁਕਤਿ ਹੋ ਗਏ।

ਭਗਤਿ ਕਬੀਰ ਨੇ ‘ਖਾਲਸੇ’ ਅੱਖਰ ਆਪਣੀ ਬਾਣੀ ਵਿੱਚ ਵਰਤਿਆ ਹੈ, “ਖਾਲਸਾ’ ਨਹੀਂ। ਖਾਲਸੇ ਦਾ ਅਰਥ ਹੈ ਮੌਤ ਦੇ ਸਹਿਮ ਤੋਂ ਆਜ਼ਾਦ ਜਾਂ ਮੁਕਤਿ। ਗੁਰਬਾਣੀ ਵਿੱਚ ਅੱਖਰ ਖਾਲਸਾ ਕਿਤੇ ਨਹੀਂ ਆਇਆ।

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ ਪਨਾ ੬੫੪/੬੫੫

(ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ ਭਗਤੀ ਕਰਨੀ ਸਮਝ ਲਈ ਹੈ ਉਹ ਮੌਤ ਦੇ ਸਿਹਮ ਤੋਂ ਆਜ਼ਾਦ ਹੋ ਗਏ ਹਨ।)

ਜੋ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ ਉਹਨਾਂ ਲਈ ਜ਼ਰੂਰੀ ਹੈ ਕਿ ਉਹ ਸਾਰੇ ਅਖੌਤੀ ਸਿਖ ਇਤਿਹਾਸ ਦੀ ਅਸਲੀਅਤ ਨੂੰ ਸਮਝਣ। ਅਸੀਂ ਗੁਰਸਿਖ ਹੀ ਰਹੀਏ ਤਾਂ ਅਸੀਂ ਸਿਖ ਮੱਤ ਵਿੱਚ ਰਹਿ ਸਕਦੇ ਹਾਂ ਨਹੀਂ ਤਾਂ ਅਸੀਂ ਸਨਾਤਨੀ ਸਿੱਖ ਬਨ ਜਾਂਦੇ ਹਾਂ। ਸਿੱਖਾਂ ਵਿੱਚ ਖਾਲਸਾ ਕੂੜੇ ਸਿਖ ਇਤਹਾਸ ਦੀ ਦੇਨ ਹੈ।

ਦਸਮ ਗ੍ਰੰਥ ਦੀ ਸੰਖੇਪ ਜਾਣਕਾਰੀ ਤੇ ਸੰਕਲਨ

ਜਿਸ ਗ੍ਰੰਥ ਨੂੰ ਅੱਜ ਦਸਮ ਗ੍ਰੰਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਸਦੀ ਸੰਪਾਦਨਾ ਪਾਤਸ਼ਾਹੀ ਦਸਵੀਂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਨਹੀਂ ਕੀਤੀ ਤੇ ਨਾ ਹੀ ਕਰਾਈ ਹੈ, ਬਲਕਿ ਉਹਨਾਂ ਦੇ ਜੋਤੀ ਜੋਤਿ ਸਮਾਉਨ ਤੋਂ 13 ਸਾਲਾਂ ਪਿਛੋਂ ਸੰਮਤ 1778 ਵਿੱਚ, ਜਾਂ ਕਈ ਵਿਦਵਾਨਾਂ ਅਨੁਸਾਰ 17 ਸਾਲ ਪਿਛੋਂ ਹੋਈ।

ਦਸਮ ਗ੍ਰੰਥ ਵੱਖ-ਵੱਖ ਰਚਨਾਵਾਂ ਦਾ ਸੰਗ੍ਰਹਿ ਹੈ। ਕੁੱਝ ਵਿਦਵਾਨਾਂ ਅਨੁਸਾਰ ਭਾਈ ਮਨੀ ਸਿੰਘ ਨੇ ਖਿੰਡੀਆਂ ਪੁੰਡੀਆਂ ਰਚਨਾਵਾਂ ਪਾ: 10 ਦੇ ਜੋਤੀ ਜੋਤ ਸਮਾਉਨ ਤੋਂ ਬਾਦ ਸਿੱਖਾਂ ਦੇ ਘਰਾਂ ਤੋਂ ਇਕੱਤਰ ਕਰਕੇ ਮਾਤਾ ਸੁੰਦਰੀ ਪਾਸ ਭੇਜੀਆਂ। ਭਾਈ ਮਨੀ ਸਿੰਘ ਨੂੰ ਰਚਨਾਵਾਂ ਪੜ੍ਹਨ ਤੇ ਇਹਨਾਂ ਦੀ ਪੜਚੋਲ ਕਰਨ ਦਾ ਸਮਾਂ ਨਹੀਂ ਮਿਲਿਆ।

ਦਸਮ ਗ੍ਰੰਥ ਦੀਆਂ ਪੁਰਾਤਨ ਹਸਤ ਲਿਖਤ ਬੀੜਾਂ ਦੇ ਤਤਕਰੇ ਵਿੱਚ ਲਿਖਿਆ ਹੈ, ‘ਤਤਕਰਾ ਗ੍ਰੰਥ ਜੀ ਕਾ ਲਿਖਿਆ’। ਦਸਮ ਗ੍ਰੰਥ ਨਾਮ ਦੀ ਕੋਈ ਪੁਸਤਕ ਨਹੀਂ ਸੀ।

ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚ ਕਾਲ, ਮਹਾਕਾਲ, ਕਾਲੀ, ਭਗਉਤੀ, ਚੰਡੀ, ਦੁਰਗਾ ਤੇ ਅਵਤਾਰਾਂ ਰਾਮ, ਕ੍ਰਿਸ਼ਨ ਆਦਿ ਅਨੇਕਾਂ ਦੇਵੀ ਦੇਵਤਿਆਂ ਦੀਆਂ ਕਥਾਵਾਂ, ਦੇਵੀ ਦੇਵਤਿਆਂ ਦੀਆਂ ਦੈਤਾਂ ਨਾਲ ਜੁੱਧਾਂ ਦੀਆਂ ਵਾਰਾਂ, ਦੇਵੀ ਦੇਵਤਿਆਂ ਦੀ ਸਿਫਤ ਸਾਲਾਹ, ਤੇ ਪੂਜਾ ਅਰਾਧਨਾ ਦਾ ਬਖਾਨ ਹੈ। ਦਸਮ ਗ੍ਰੰਥ ਵਿੱਚ ਜਾਪ ਸਾਹਿਬ ਤੇ ਜ਼ਫ਼ਰਨਾਮਾ ਵੀ ਸ਼ਾਮਲ ਹਨ।

ਦਸਮ ਗ੍ਰੰਥ ਦੀਆਂ ਰਚਨਾਵਾਂ ਵੇਦ ਮਤ ਦੇ ਧਾਰਨੀ ਦੇਵੀ ਦੇਵਤਿਆਂ ਦੀ ਉਸਤਤਿ ਅਰਾਧਨਾ ਕਰਨ ਵਾਲੇ ਹਿੰਦੂ ਕਵੀਆਂ ਨੇ ਲਿਖੀਆਂ ਹਨ। ਰਚਨਾਵਾਂ ਵਿੱਚ ਕਵੀ ਸਯਾਮ ਨੇ 500 ਤੋਂ ਵੱਧ ਵਾਰ ਆਪਣਾ ਨਾਮ ਲਿਖਿਆ। ਰਚਨ ਵਾਲੇ ਕਵੀ ਰਾਮ ਤੇ ਗੋਬਿੰਦ ਵੀ ਹਨ।

ਦਸਮ ਗ੍ਰੰਥ ਦੇ ਬਹੁਤੇ ਹਿੱਸੇ ਵਿੱਚ ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ ਹੈ।

ਬਚਿਤ੍ਰ ਨਾਟਕ ਪੰਨਾ 37 - 708 = 671 ਪੰਨੇ

ਸ਼ਸਤਰ ਨਾਮ ਮਾਲਾ ਪੰਨਾ 717 - 743 = 26 ਪੰਨੇ

ਤ੍ਰਿਯਾ ਚਰਿਤ੍ਰ ਪੰਨਾ 809 - 1386 = 577 ਪੰਨੇ

ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ - 1274 ਪੰਨੇ। (ਦਸਮ ਗ੍ਰੰਥ ਦੇ ਕੁਲ ਪੰਨੇ ੧੪੨੮ ਹਨ)

ਤਕਰੀਬਨ ਸਾਰੀਆਂ ਰਚਨਾਵਾਂ ਦਾ ਆਰੰਭ ਕਵੀ ਨੇ ਆਪਣੇ ਇਸ਼ਟ ਕਾਲ ਜਾਂ ਭਗਉਤੀ ਦੇਵੀ ਦੀ ਉਸਤਤਿ ਨਾਲ ਕੀਤਾ ਹੈ। ਉਸ ਤੋਂ ਮਗਰੋਂ - ੴ ਵਾਹਿਗੁਰੂ ਜੀ ਕੀ ਫ਼ਤਹਿ, ਸ੍ਰੀ ਮੁਖਵਾਕ ਪਾ: 10 ਵੀ ਲਿਖਿਆ ਹੈ। ਜੇ ਅਸੀਂ ਸਿਰਫ਼ ਇਸ਼ਟ ਦੇ ਆਧਾਰ ਤੇ ਨਿਰਣਾ ਕਰਨਾ ਹੋਵੇ ਤਾਂ ਅਸੀਂ ਕਹਾਂਗੇ ਕਿ ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚ ਦੇਵੀ ਦੇਵਤਿਆਂ ਦੀ ਆਰਾਧਨਾਂ ਤੇ ੳਸੁਤਤਿ ਹੈ ਇਸ ਲਈ ਇਹ ਰਚਨਾਵਾਂ ਪਾ: ੧੦ ਕ੍ਰਿਤ ਨਹੀਂ।

ਸਿੱਖ ਵਿਦਵਾਨਾਂ ਨੇ ਰਚਨਾਵਾਂ ਨੂੰ ਪਾ: 10 ਕ੍ਰਿਤ, ਇਸ ਬਿਨਾ ਤੇ ਮੰਨ ਲਿਆ ਕਿ ਸਿਰਲੇਖ ਵਿੱਚ ਲਿਖਿਆ ਹੈ, ਸ੍ਰੀ ਮੁਖਵਾਕ ਪਾ: 10. ਵਿਦਵਾਨਾਂ ਨੇ ਇਹ ਜਾਂਚ ਨਹੀਂ ਕੀਤੀ ਕਿ ਰਚਨਾਵਾਂ ਹਿੰਦੂ ਧਰਮ ਦੇ ਧਾਰਮਿਕ ਵਿਸ਼ਵਾਸਾਂ ਅਨੁਸਾਰ, ਦੇਵੀ ਦੇਵਤਿਆਂ ਦੀ ਪੂਜਾ ਅਰਾਧਨਾ ਦਾ ਬਖਾਨ ਕਰਦੀਆਂ ਹਨ। ਪਰ ਗੁਰਬਾਣੀ ਵੇਦ ਸ਼ਾਸਤਰ ਸਿਮ੍ਰਿਤੀਆਂ ਦੀ, ਦੇਵੀ ਦੇਵਤਿਆਂ ਦੀ ਉਸਤਤਿ, ਅਰਾਧਨਾ ਤੋਂ ਗੁਰਸਿੱਖਾਂ ਨੂੰ ਵਰਜਦੀ ਹੈ। ਇਸ ਲਈ ਇਹ ਰਚਨਾਵਾਂ ਗੁਰਬਾਣੀ ਉਪਦੇਸ਼ ਵਿਰੁੱਧ ਹਨ।

ਦਸ ਸਿੱਖ ਗੁਰੂ ਸਾਹਿਬਾਨ ਨੇ ਗੁਰਬਾਣੀ ਰਾਹੀਂ, ਸਾਰੇ ਸੰਸਾਰ ਨੂੰ ਉਪਦੇਸ਼ ਦਿੱਤਾ, ਤੇ ਭਾਰਤ ਵਿੱਚ ਹਿੰਦੂਆਂ ਦੇ ਤੀਰਥ ਅਸਥਾਨਾਂ ਤੇ ਜੋਗੀਆਂ ਦੇ ਟਿਕਾਣਿਆਂ ਤੇ ਜਾ ਕੇ ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ ਅਰਾਧਨਾ ਤੇ ਵੇਦ ਮਤ ਦੇ ਉਪਦੇਸ਼ਾਂ ਦਾ ਖੰਡਨ ਕੀਤਾ। ਗੁਰਬਾਣੀ ਨੇ ਇਕੋ ਇੱਕ ਸਦੀਵ ਹਸਤੀ ਜੋਤਿ ਰੂਪ ਪਾਰਬ੍ਰਹਮ ਅਕਾਲ ਪੁਰਖ ਤੇ ਪੂਰੇ ਸਤਿਗੁਰੂ ਦੀ ਸਿਫਤ ਸਾਲਾਹ ਤੇ ਜਪ ਸਿਮਰਣ ਧਿਆਨ ਦਾ ਉਪਦੇਸ਼ ਦਿੱਤਾ।

ਬ੍ਰਾਹਮਣ ਨੇ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਗੁਰਮਤਿ ਉਪਦੇਸ਼ ਦਾ ਵਿਰੋਧ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਨ ਉਪਰੰਤ ਬੇਦ ਮੱਤ ਨੂੰ ਮੰਨਨ ਵਾਲੇ ਨਿਰਮਲਿਆਂ, ਉਦਾਸੀਆਂ ਤੇ ਬ੍ਰਾਹਮਣੀ ਸੰਸਥਾਂਵਾਂ ਨੇਂ ਦਸਮ ਗ੍ਰੰਥ ਤੇ ਇਹਨਾਂ ਪੁਰਾਤਨ ਪੁਸਤਕਾਂ ਦੇ ਮਾਧਿਧਮ ਨਾਲ ਇਹ ਵਿਰੋਧ ਜਾਰੀ ਰੱਖਿਆ। ਸਮਾਂ ਆ ਗਿਆ ਹੈ ਕਿ ਗੁਰਸਿੱਖ ਬ੍ਰਾਹਮਣ ਦੀ ਕੂਟ ਨੀਤੀ ਨੂੰ ਸਮਝ ਲੈਣ।

ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਪੂਰੇ ਗੁਰੂ ਹਨ। ਗੁਰਬਾਣੀ ਦੀ ਵਿਚਾਰ ਦੇ ਆਧਾਰ ਤੇ ਰਚਨਾਵਾਂ ਦੀ ਪਰਖ ਕਰਨ ਨਾਲ ਨਿਰਣਾਇਕ ਫੈਸਲੇ ਹੋ ਸਕਦੇ ਹਨ।

ਸਿੱਖ ਧਰਮ ਆਪਣੇ ਆਪ ਵਿੱਚ ਸੰਪੂਰਨ, ਵੱਖਰਾ, ਸਭ ਤੋਂ ਉਤਮ ਧਰਮ ਹੈ। ਸਿੱਖ ਧਰਮ ਨੂੰ ਹੋਰ ਕਿਸੇ ਧਰਮ ਤੋਂ ਕੋਈ ਸਿੱਖਿਆ ਜਾਂ ਪ੍ਰੇਰਨਾ ਲੈਣ ਦੀ ਜ਼ਰੂਰਤ ਨਹੀਂ। ਹੋਰ ਸੰਸਾਰ ਦੇ ਧਰਮ ਗੁਰਬਾਣੀ ਤੋਂ ਸਿੱਖਿਆ ਲੈ ਸਕਦੇ ਹਨ। ਸਿੱਖ ਧਰਮ ਵੇਦਕ ਧਰਮ ਦਾ ਵਰਗ ਜਾਂ ਸ਼ਾਖਾ ਨਹੀਂ। ਗੁਰਬਾਣੀ ਵੇਦ ਮਤ ਨੂੰ ਭੁੱਲਾ ਮਾਰਗ ਦੱਸਦੀ ਹੈ।

ਸਰਬ ਲੋਹ ਗ੍ਰੰਥ ਦੀ ਤਰ੍ਹਾਂ ਦਸਮ ਗ੍ਰੰਥ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦੇਵਤਿਆਂ ਦੇ ਉਪਾਸ਼ਕ ਜਣਾਇਆ ਗਿਆ ਹੈ।

ਦਸਮ ਗ੍ਰੰਥ ਦੀਆ ਰਚਨਾਵਾਂ ਵਿੱਚੋਂ ਕੁੱਝ ਉਧਾਰਨ

1. ਦਸਮ ਗ੍ਰੰਥ ਪੰਨਾ 39

ਅਬ ਬਚਿਤ੍ਰ ਨਾਟਕ ਗ੍ਰੰਥ ਲਿਖਯਤੇ

ਸ੍ਰੀ ਮੁਖਵਾਕ ਪਾ: 10

ਰਚਨਾ ਸ੍ਰੀ ਕਾਲ ਜੀ ਕੀ ਉਸਤਤਿ ਤੋਂ ਸ਼ੁਰੂ ਹੁੰਦੀ ਹੈ। ਪਹਿਲੇ ਅਧਿਆਏ ਤੋਂ ਬਾਦ ਲਿਖਿਆ ਹੈ

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥ

ਸ੍ਰੀ ਕਾਲ ਜੀ ਕੀ ਉਸਤਤਿ ਪ੍ਰਥਮ ਅਧਿਆਏ ਸੰਪੂਰਨਮ।

ਨਮਸਕਾਰ ਸ੍ਰੀ ਖੜਗ ਕੋ (ਸ੍ਰੀ ਖੜਗ ਦੇਵੀ ਦਾ ਸ਼ਕਤੀ ਰੂਪ ਹੈ),

ਕਰੋ ਸੋ ਹਿਤ ਚਿਤ ਲਾਇ, ਪੂਰਨ ਕਰੋ ਗ੍ਰੰਥ ਇਹ ਤੁਮ ਮੁਹਿ ਕਰੋ ਸਹਾਇ

(ਸ੍ਰੀ ਕਾਲ ਜੀ ਤੁਸੀਂ ਮੇਰੀ ਸਹਾਇਤਾ ਕਰੋ ਤਾਂ ਮੈਂ ਗ੍ਰੰਥ ਨੂੰ ਪੂਰਾ ਕਰ ਲਵਾਂ)।

ਪੰਨਾ 54 - ਆਤਮ ਕਥਾ

ਅਬ ਮੈ ਅਪਨੀ ਕਥਾ ਬਖਾਨੋ। ਤਪ ਸਾਧਤ ਜਿਹ ਬਿਧ ਮੁਹਿ ਆਨੋ।

ਸਪਤ ਸ੍ਰਿੰਗ ਤਿਹ ਨਾਮ ਕਹਾਵਾ। ਪੰਡਰਾਜ ਜਹ ਜੋਗੁ ਕਮਾਵਾ।

ਤਹ ਹਮ ਅਧਿਕ ਤਪਸਿਆ ਸਾਧੀ। ਮਹਾਕਾਲ ਕਾਲਕਾ ਆਰਾਧੀ।

ਚਤੁਰ ਕਵੀ ਨੇ ਗੁਰੂ ਗੋਬਿੰਦ ਸਿੰਘ ਨੂੰ ਪਿਛਲੇ ਜਨਮਾਂ ਵਿੱਚ ਮਹਾਭਾਰਤ ਵਿੱਚ ਪਾਂਡਵਾਂ ਦੇ ਪਿਤਾ ਨਾਲ ਜੋੜ ਦਿੱਤਾ, ਤੇ ਗੁਰੂ ਗੋਬਿੰਦ ਸਿੰਘ ਪਾਸੋਂ ਕਹਾਇਆ, “ਜਿਸ ਸਥਾਨ ਤੇ ਪੰਡਰਾਜ ਨੇ ਜੋਗ ਕਮਾਇਆ ਸੀ, ਉਥੇ ਮੈਂ ਮਹਾਕਾਲ ਕਾਲਕਾ ਨੂੰ ਆਰਾਧਿਆ ਸੀ”।

2. ਦਸਮ ਗ੍ਰੰਥ ਪੰਨਾ 119 - ਵਾਰ ਸ੍ਰੀ ਭਗਉਤੀ ਜੀ ਕੀ

ੴ ਵਾਹਿਗੁਰੂ ਜੀ ਕੀ ਫ਼ਤਹ।। ਸ੍ਰੀ ਭਗੳਤੀ ਜੀ ਸਹਾਇ।।

ਵਾਰ ਸ੍ਰੀ ਭਗਉਤੀ ਜੀ ਕੀ।। ਪਾ: 10. ।

ਪ੍ਰਥਮ ਭਗਉਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ।

ਕਵੀ ਪਾ: 10 ਪਾਸੋਂ ਕਹਾ ਰਿਹਾ ਹੈ, ਮੈਂ ਪਹਿਲਾਂ ਭਗਉਤੀ ਦੇਵੀ ਨੂੰ ਸਿਮਰਦਾ ਹਾਂ, ਇਸ ਤੋਂ ਪਿਛੋਂ ਨੌ ਪਾਤਸ਼ਾਹੀਆਂ ਦੇ ਨਾਮ ਹਨ। ਕਵੀ ਨੇ ਦਸ ਪਾਤਸ਼ਾਹੀਆਂ ਨੂੰ ਭਗਉਤੀ ਦਾ ਉਪਾਸ਼ਕ ਬਣਾ ਦਿੱਤਾ।

ਨੋਟ: 10 ਪਾਤਸ਼ਾਹੀਆਂ ਇਤਿਹਾਸਕ ਹਸਤੀਆਂ ਹਨ, ਦੇਵੀ ਦੇਵਤਿਆਂ ਦੇ ਚਰਿਤ੍ਰ ਤੇ ਕਹਾਣੀਆਂ ਮਿਥਿਹਾਸ ਹਨ। ਇਹ ਕਹਾਣੀਆਂ ਰਿਸ਼ੀਆਂ ਮੁਨੀਆਂ ਨੇ ਲਿਖੀਆਂ ਹਨ।

3. ਦਸਮ ਗ੍ਰੰਥ ਪੰਨਾ 155 - ਚਉਬੀਸ ਅਵਤਾਰ

ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ।। ਪਾ: 10. ।

ਪ੍ਰਿਥਮ ਕਾਲ ਸਭ ਜਗ ਕੋ ਤਾਤਾ।। ਤਾ ਤੇ ਭਯੋ ਤੇਜ ਬਿਖਿਆਤਾ।।

ਸੋਈ ਭਵਾਨੀ ਨਾਮ ਕਹਾਈ।। ਜਿਨ ਸਗਰੀ ਯਹ ਸ੍ਰਿਸਟ ਉਪਾਈ।।

ਕਵੀ ਨੇ ਪਾ: 10 ਦੇ ਮੁਖ ਤੋਂ ਅਖਵਾਇਆ ਹੈ, ਸਾਰੀ ਸ੍ਰਿਸ਼ਟੀ ਭਗਉਤੀ ਦੇਵੀ ਨੇ ਉਪਾਈ।

ਨੋਟ: ਗੁਰਬਾਣੀ ਅਨੁਸਾਰ ਸ੍ਰਿਸ਼ਟੀ ਇਕੋ ਇੱਕ ਹਸਤੀ ਜੋਤਿ ਰੂਪ ਅਕਾਲ ਪੁਰਖ ਨੇ ਉਪਾਈ। ਦੇਵੀ ਵੀ ਉਸ ਦੀ ਉਪਾਈ ਮਾਇਆ ਹੈ।

ਰਹਿਤਨਾਮੇ

ਪੁਰਾਤਨ ਸਿੱਖ ਇਤਿਹਾਸ ਵਿੱਚ ਅਨੇਕਾਂ ਰਹਿਤਨਾਮੇ ਹਨ ਜੋ ਸੰਨ 1725 ਤੋਂ ਬਾਦ ਵਜੂਦ ਵਿੱਚ ਆਏ। ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ ‘ਰਹਿਤਨਾਮੇ’ ਵਿੱਚ ਇਹਨਾਂ ਦੀ ਜਾਣਕਾਰੀ ਦਿੱਤੀ ਹੈ। ਉਹ ਕਹਿੰਦੇ ਹਨ -

ਰਹਿਤਨਾਮੇ ਲਿਖਣ ਵਾਲੇ ਬ੍ਰਾਹਮਣ ਜਾਂ ਸਿੱਖ ਸਨ ਜਿਨ੍ਹਾਂ ਦੇ ਨਾਮ ਤੋਂ ਅਸੀਂ ਜਾਣੂ ਨਹੀਂ। ਇਹਨਾਂ ਰਹਿਤਨਾਮਿਆਂ ਨੂੰ ਪ੍ਰਮਾਣਿਕ ਬਣਾਉਣ ਲਈ ਪਾ: 10 ਦੇ ਨਿਕਟਵਰਤੀ ਬਜੁਰਗ ਸਿੱਖਾਂ ਨਾਲ ਸਬੰਧਿਤ ਕੀਤਾ ਗਿਆ, ਜਿਵੇ ਕਿ ਭਾਈ ਨੰਦ ਲਾਲ ਜੀ, ਭਾਈ ਪ੍ਰਹਿਲਾਦ ਸਿੰਘ ਆਦਿ।

ਰਹਿਤਨਾਮਿਆਂ ਵਿੱਚ ਕਿਹਾ ਗਿਆ ਹੈ ਕਿ ਇਹ ਰਹਿਤਾਂ ਸਿੱਖਾਂ ਨੂੰ ਪਾ: 10 ਨੇ ਸੁਣਾਈਆਂ। ਇਹ ਗੱਲ ਸਾਫ ਹੈ ਕਿ ਕੋਈ ਵੀ ਰਹਿਤਨਾਮਾ ਸ੍ਰੀ ਮੁਖਵਾਕ ਜਾਂ ਪਾ: 10 ਰਚਿਤ ਨਹੀਂ। ਅਸੀਂ ਰਹਿਤਨਾਮਾ ਭਾਈ ਦਯਾ ਸਿੰਘ ਵਿੱਚੋਂ ਇੱਕ ਉਦਾਹਰਣ ਦਿੰਦੇ ਹਾਂ।

ਰਹਿਤਨਾਮਾ ਭਾਈ ਦਯਾ ਸਿੰਘ -

ਸ੍ਰੀ ਦਸਵੀਂ ਪਾਤਸ਼ਾਹੀ ਅਨੰਦ ਪੁਰ ਮੈਂ ਬੈਠੇ ਥੇ, ਦਯਾ ਸਿੰਘ ਜੀ ਪ੍ਰਸ਼ਨ ਕੀਆ ‘ਜੁ ਮਹਾਰਾਜ ਜੀ! ਰਹਿਤਨਾਮਾ ਕਹੀਏ ਜਿਸ ਕੇ ਸੁਨਨੇ ਸੇ ਮੁਕਤ ਹੋਇ।’

ਉਤਰ - ਜਬ ਦੇਵੀ ਪ੍ਰਗਟ ਭਈ ਔਰ ਪਾਂਚ ਪਯਾਰੇ ਸਾਵਧਾਨ ਹੂਏ, ਤਬ ਸਬ ਦੇਵਤਾ ਆਏ। ‘ੴ ਸਤਿਨਾਮ’ ਉਪਦੇਸ਼ ਮੰਤ੍ਰ ਸ੍ਰੀ ਗੁਰੂ ਨਾਨਕ ਜੀ ਕੀ ਸ਼ਕਤਿ ਨੇ ਦੀਆ, ਔਰ ਜੰਤ੍ਰ ਵਾਹਿਗੁਰੂ ਮੋਹਨ ਬਸੀਕਰਨ ਨੇ ਦੀਆ, ਤੰਤ੍ਰ ਜਲ ਅਮਰ ਬਰੁਣ ਵਾਸਤੇ ਚਿਤ ਦਿੜਤਾ ਦੇ ਦੀਆ, ਮਿਸਟਾਨ ਇੰਦ੍ਰ ਨੇ ਦੀਆ, ਬੁਧੀ ਮੀਠੀ ਰਹਨ ਨਮਿਤ ਅਰ ਲੋਹ ਪਾਤਰ ਯਮਰਾਜ ਅੰਮ੍ਰਿਤ ਪਾਵਣੇ ਨਿਮਿਤ ਦੀਆ, ਸਰਬਲੋਹ ਕੀ ਕਰਦ ਕਾਲ ਜੀ ਦਈ, ਯੁਧ ਕੇ ਵਾਸਤੇ, ਕੇਸ ਚੰਡੀ ਜੀ ਦੀਏ, ਬਾਹਨੀ ਕੱਛ ਹਨੂ ਜੀ ਦਈ, ਜਪੁਜੀ ਮੁਕਤ ਕੋ ਪਾਠ ਦੀਆ, ਅਨੰਦ ਚਿਤ ਸ਼ਾਂਤ ਲੀਏ ਗੁਰੂ ਅਮਰ ਜੀ ਦੀਨਾ, ਚੌਪਈ, ਸ੍ਹੈਯੇ ਸ੍ਰੀ ਮੁਖ ਦ੍ਰਿੜ ਚਿਤ ਤੇ ਜੁੱਧ ਨਿਮਿਤ। ਚਾਰ ਪਦਾਰਥ ਖੰਡੇ ਕੀ ਪਾਹੁਲ ਤੇ ਦੀਏਂ ਸਿਖੋਂ ਕੋ ਸਰਕਰ ਬਿਸ਼ਨੂ ਜੀ ਦੀਨੀ, ਮੈਦਾ ਮਹਾਂਦੇਵ ਜੀ ਦੀਨਾ, ਘੀਵ ਬਹਮੇ ਨੇ ਦੀਆ ਤ੍ਰਿਭਾਵ ਕਾ ਕੜਾਹ ਪ੍ਰਸਾਦ ਕੀਆ।

ਰਹਿਤਨਾਮੇ ਅਨੁਸਾਰ ਦਯਾ ਸਿੰਘ ਦੇ ਪ੍ਰਸ਼ਨ ਦਾ ਉਤਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰਕਾਰ ਦਿੱਤਾ।

ਜਦੋਂ ਦੇਵੀ ਪ੍ਰਗਟ ਹੋਈ ਤੇ ਪੰਜ ਪਿਆਰੇ ਸਾਵਧਾਨ ਹੋਏ ਤਦੋਂ ਸਭ ਦੇਵਤਾ ਆਏ, ‘ੴ ਸਤਿਨਾਮ’ ਉਪਦੇਸ਼ ਮੰਤ੍ਰ ਗੁਰੂ ਨਾਨਕ ਸਾਹਿਬ ਦੀ ਸ਼ਕਤੀ ਨੇ ਦਿੱਤਾ, ਜੰਤ੍ਰ ਵਾਹਿਗੁਰੂ ਮੋਹਨ ਬਸੀਕਰਨ ਨੇ ਦਿੱਤਾ, ਤੰਤ੍ਰ ਜਲ ਅਮਰ ਬਰੁਣ ਚਿੱਤ ਦ੍ਰਿੜਤਾ ਲਈ ਦਿੱਤਾ, ਮਿਸ਼ਟਾਨ ਇੰਦ੍ਰ ਦੇਵਤਾ ਨੇ ਦਿੱਤਾ, ਬੁੱਧੀ ਮੀਠੀ ਰਹਨ ਨਮਿਤ ਅਰ ਲੋਹ ਦਾ ਬਾਟਾ, ਯਮਰਾਜ, ਅੰਮ੍ਰਿਤ ਪਾਵਣੇ ਨਮਿਤ ਦੀਆ, ਸਰਬ ਲੋਹ ਕੀ ਕਰਦ ਕਾਲ ਜੀ ਦਈ, ਬੁੱਧ ਕੇ ਵਾਸਤੇ, ਕੇਸ ਚੰਡੀ ਜੀ ਦੀਏ, ਬਾਹਨੀ ਕੱਛ ਹਨੂਮਾਨ ਨੇ ਦਿੱਤੀ, ਜਪੁਜੀ ਮੁਕਤ ਕੋ ਪਾਠ ਦੀਆ … ਆਦਿ। ਕੜਾਹ ਪ੍ਰਸ਼ਾਦਿ ਬਨਾਣ ਲਈ ਮੈਦਾ ਮਹਾਂਦੇਵ ਜੀ ਦੀਨਾ, ਘੀਵ ਬ੍ਰਹਮੇ ਨੇ ਦੀਆ।

(ਰਹਿਤਨਾਮੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਹੁਲ ਦੇਵੀ ਦੇਵਤਿਆਂ ਦੇ ਆਦੇਸ਼ਾਂ ਅਨੁਸਾਰ ਬਨਾਈ ਤੇ ਖਾਲਸੇ ਦੀ ਸਾਜਨਾ ਕੀਤੀ। ਰਹਿਤਨਾਮੇ 1936/੪੫ ਵਿੱਚ ਲਾਗੂ ਕੀਤੀ ਗਈ ਰਹਿਤ ਮਰਯਾਦਾ ਦੇ ਸਰੋਤਾਂ ਵਿੱਚੋਂ ਸਨ।)

ਸ੍ਰੀ ਸਤਿਗੁਰ ਵਾਚ

ਜੋ ਅਕਾਲ ਰੂਪ ਹੈ, ਨੀਲ ਬਸਤ੍ਰ ਪਹਿਰਾਇ।

ਜਪੇ ਜਾਪ ਸੁਰ ਬਰ ਅਕਾਲ, ਸਰਬਲੋਹ ਪਹਿਰਾਇ।

ਸਰਬ ਲੋਹ ਚਕ੍ਰ ਕਰਦ … ਛਲਾਇ।

ਸ੍ਰੀ ਅਕਾਲ ਉਸਤਤਿ ਕਰੇ, ਚੰਡੀ ਕੰਠ ਸੁਧਾਰ। …

ਊਚਾ ਬੁੰਗਾ ਜੋ ਸਜੈ ਨਾਮ ਨਿਹੰਗ ਸੁਜਾਨ। …

ਸਸਤਰ ਤਨ ਮੈ ਧਾਰੇ, ਬਿਨਾ ਮਯਾਨ ਤੇ ਤੇਗ ਹਾਥ ਮੈ ਰਾਖੈ। …

ਕ੍ਰਿਪਾਨ ਸੀਸ ਪੈ ਰਾਖ ਕੈ, ਬੁੰਗਾ ਊਚਾ ਧਾਰ। …

ਲੋਹ ਪਾਤ੍ਰ ਮੈ ਛਕੈ, ਨੀਲ ਪੀਲ ਧਾਰੇ ਬਸਤ੍ਰ। …

ਰਹਿਤ ਨਾਮਾ ਲਿਖਨ ਵਾਲਾ ਆਪਣੇ ਮਨਘੜਤ ਪਾ: ੧੦ ਦੇ ਮੁਖ ਤੋਂ ਅਖਵਾ ਰਿਹਾ ਹੈ ਕਿ ਨਿਹੰਗ ਉਹ ਹੈ ਜੋ ਕ੍ਰਿਪਾਨ ਸੀਸ ਤੇ ਰੱਖ ਕੇ ਊਚੇ ਬੁੰਗੇ ਵਾਲੀ ਪਗੜੀ ਪਹਿਨੇ, ਸ਼ਸ਼ਤ੍ਰ ਬਿਨਾ ਮਿਆਨ ਦੇ ਹੱਥ ਵਿੱਚ ਰੱਖੇ, ਭੋਜਨ ਲੋਹੇ ਦੇ ਭਾਡਿਆਂ ਵਿੱਚ ਖਾਵੇ, ਨੀਲੇ ਪੀਲੇ ਬਸਤ੍ਰ ਪਹਿਨੇ ਆਦਿ। ਅਸੀਂ ਸਮਝ ਸਕਦੇ ਹਾਂ ਕਿ ਪਾ: ੧੦ ਨੇ ਇਸਤਰ੍ਹਾਂ ਦਾ ਕੋਈ ਹੁਕਮ ਨਹੀਂ ਦਿੱਤਾ। ਜਿਨ੍ਹਾਂ ਗੁਰਸਿੱਖਾਂ ਨੇ ਇਸ ਨੂੰ ਪਾ: ੧੦ ਦੇ ਹੁਕਮ ਮੰਨ ਲਿਆ ਉਹਨਾਂ ਨੇ ਨਿਹੰਗਾਂ ਵਾਲਾ ਬਾਣਾ ਪਹਿਨ ਲਿਆ। ਕੀ ਐਸੇ ਰਹਿਤ ਨਾਮੇ ਅਕਾਲ ਤਖਤ ਦੇ ਸ੍ਰੋਤ ਹੋਣੇ ਚਾਹੀਦੇ ਸਨ? ਅਸਲ ਵਿੱਚ ਕਿਸੇ ਵੀ ਪੁਰਾਤਨ ਰਹਿਤ ਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਹੀਂ। ਜਿਸ ਕਿਸੇ ਗੁਰਸਿੱਖ ਨੇ ਜਿਸ ਰਹਿਤ ਨਾਮੇ ਨੂੰ ਪਾ: ੧੦ ਦਾ ਹੁਕਮ ਮੰਨ ਲਿਆ ਉਹ ਰਹਿਤ ਨਾਮਾ ਲਿਖਨ ਵਾਲੇ ਦਾ ਸਿੱਖ ਹੋ ਗਿਆ।

ਅਬ ਬਿਹੰਗਮ ਕੇ ਲੱਖਨ

ਜਗਤ ਮੈ ਮਾਯਾ ਕਾ ਸੰਗ ਤਿਆਗ ਕਰੈ, ਇਸਤ੍ਰੀ ਕੋ ਦੇਖਤ ਭਾਗੇ ਧਨ ਕੇ ਹੇਤ ਨ ਲਾਗੇ, ਸਵਾ ਗਜ ਕੀ ਕੱਛ ਰਾਖੈ, ਏਕ ਸਰਬਲੋਹ ਕੀ ਗੜਵੀ ਰਖੈ, ਏਕਾਕੀ ਬਿਚਰੈ, ਧਾਤੂ ਕੋ ਸਪਰਸ਼ ਨ ਕਰੇ, ਸਹਰ ਮੈ ਨਾ ਰਹੈ, ਅਸਵਾਰੀ ਪੈ ਨਾ ਚੜੈ, ਔਰ ਗੁਰਦੁਆਰੇ ਮੇ ਫਿਰਤਾ ਰਹੈ। ਇਸਤ੍ਰੀ ਕੇ ਹਾਥ ਕਾ ਅੰਨ ਜਲ ਨਾ ਛਕੇ।

ਲੇਖਕ ਕਹ ਰਿਹਾ ਹੈ ਕਿ ਬਿਹੰਗਮ ਇਸਤ੍ਰੀ ਤੋਂ ਦੂਰ ਰਹੇ ਸਰਬ ਲੋਹ ਦੀ ਗੜਵੀ ਰੱਖੇ, ਇਕੱਲਾ ਘੁੰਮੇ, ਸ਼ਹਰ ਵਿੱਚ ਨਾ ਰਹੇ, ਅਸਵਾਰੀ ਤੇ ਨਾ ਚੜੇ ਤੇ ਗੁਰਦੁਆਰਿਆਂ ਵਿੱਚ ਫਿਰਦਾ ਰਹੇ, ਇਸਤਰੀ ਦੇ ਹੱਥ ਦਾ ਅੰਨ ਜਲ ਨਾ ਛਕੇ।

ਗੁਰਬਾਣੀ ਗੁਰਸਿੱਖ ਨੂੰ ਗ੍ਰਹਿਸਤ ਜੀਵਨ ਵਿੱਚ ਰਹਿਣ ਤੇ ਧਰਮ ਦੀ ਕਿਰਤ ਕਰਣ ਦਾ ਉਪਦੇਸ਼ ਦਿੰਦੀ ਹੈ। ਗੁਰੂ ਸਾਹਿਬਾਨ ਨੇ ਬਿਹੰਗਮ (ਵੇਦ ਮੱਤ ਦੇ ਬ੍ਰਹਮਚਰਯ ਵਰਗ) ਦਾ ਵਿਰੋਧ ਕੀਤਾ। ਸਾਡੀਆਂ ਕੁੱਝ ਸੰਪਰਦਾਵਾਂ ਨੇਂ ਸਿੱਖਾਂ ਵਿੱਚ ਬਹੰਗਮ ਬਨਾ ਲਏ, ਉਹ ਆਪ ਬਿਹੰਗਮ ਹਨ ਤੇ ਉਹਨਾਂ ਦੇ ਡੇਰਿਆਂ ਵਿੱਚ ਸੇਵਾਦਾਰ ਵੀ ਬਿਹੰਗਮ ਹਨ। ਇਸ ਧੋਖੇ ਵਾਲੇ ਇਤਿਹਾਸ ਨੇ ਸਿੱਖਾਂ ਵਿੱਚ ਅਨੇਕਾਂ ਬ੍ਰਾਹਮਣੀ ਵਿਸ਼ਵਾਸ ਮਿਲਾ ਦਿੱਤੇ।

ਇਸ ਤਰ੍ਹਾਂ ਜਾਪਦਾ ਹੈ ਕਿ ਸਾਡੇ ਨਿਹੰਗ ਸਿੰਘ, ਸਰਬ ਲੋਹੀਏ ਤੇ ਸੰਪਰਦਾਵਾਂ ਨੇ ਇਹਨਾਂ ਰਹਿਤਨਾਮਿਆਂ ਨੂੰ ਪਾ: 10 ਦੇ ਹੁਕਮ ਮੰਨ ਲਿਆ। ਇਸ ਤਰ੍ਹਾਂ ਪੰਥ ਵਿੱਚ ਵੰਡੀਆਂ ਪੈ ਗਈਆਂ।

ਰਹਿਤਨਾਮਾ ਹਜ਼ੂਰੀ ਭਾਈ ਚਉਪਾ ਸਿੰਘ

ਗੁਰੂ ਕਾ ਸਿੱਖ ਹੋਇ ਕੈ ਤੁਰਕਣੀ ਨਾਲ ਸੰਗ ਨ ਕਰੈ। ਤੁਰਕ ਨੂੰ ਧਰਮ ਕਰਮ ਗਊ ਦੋਖੀ ਜਾਣੈ - ਗੁਰੂ ਕਾ ਬਚਨ ਹੈ।

ਗੁਰੂ ਕਾ ਸਿੱਖ ਬਿਆਹੁ ਕਰੇ ਆਪਣੇ ਆਸ਼ਰਮ ਕੁਲ ਦੀ ਇਸਤਰੀ ਨਾਲ ਬਰਤਨ ਕਰੇ। ਜੋ ਬ੍ਰਾਹਮਣ ਗੁਰੂ ਕਾ ਹੋਵੈ, ਤਾਂ ਉਸ ਦੀ ਸੇਵਾ ਟਹਲ ਕਰਣੀ ਦੁਵਾ ਨਫਾ। ਜੋ ਜਗਤ ਦਾ ਗੁਰੂ ਹੋ ਇਕੈ ਗੁਰੂ ਸਰਨਿ ਆਵੈ ਤਾ ਦੂਣਾ ਮਰਾਤਬਾ।

ਗੁਰੂ ਕੇ ਸਿੱਖ ਕਾ ਅਦਬ ਕਰੇ ਪੂਜਾ ਕਰੈ।

ਗੁਰੂ ਕਾ ਸਿੱਖ ਜੋ ਧਰਮਸ਼ਾਲੀ ਹੋਵੈ, ਕੈਸਾ ਹੋਵੈ? ਗ੍ਰਹਿਸਤੀ ਨਾ ਹੋਵੈ।

(ਗੁਰਮਤਿ ਵਿਰੁੱਧ)

ਧਰਮਸਾਲਾ ਵਿੱਚ ਜਨਾਨਾ ਘਰ ਨ ਹੋਵੈ।

ਇਸ ਰਹਿਤਨਾਮੇ ਵਿੱਚ ਖੰਡੇ ਦਾ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਹੈ, ਰਹਿਤਾਂ ਵੀ ਹਨ।

ਇਸ ਤਰ੍ਹਾਂ ਦੇ ਅਨੇਕ ਰਹਿਤਨਾਮਿਆਂ ਵਿੱਚ ਖੰਡੇ ਦੀ ਪਹੁਲ ਤਿਆਰ ਕਰਨ ਲਈ ਜਿਹੜੀਆਂ ਬਾਣੀਆਂ ਪੜੀਆਂ, ਵੱਖ ਵੱਖ ਹਨ। ਇਸੀ ਤਰ੍ਹਾਂ ਅਨੇਕਾਂ ਰਹਿਤਾਂ ਵੀ ਹਨ।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਪੂਰਨ ਉਪਦੇਸ਼ ਦਿੰਦੀ ਹੈ। ਇਸ ਅਨੁਸਾਰ ਸਿੱਖੀ ਦੀ ਪਹਿਚਾਨ ਵਿੱਚ ਕੇਸ ਤੇ ਦਾਹੜੀ ਸ਼ਾਮਲ ਹਨ। ਹੋਰ ਜੀਵਨ ਜਾਚ, ਰਹੁ ਰੀਤੀ ਲਈ ਉਪਦੇਸ਼ ਵੀ ਗੁਰ੍ਰੂ ਗ੍ਰੰਥ ਸਾਹਿਬ ਵਿੱਚ ਹੈ। ਪਾ: ੧੦ ਨੇ ਪਹਿਲੇ ੯ ਗੁਰੂ ਸਾਹਿਬਾਨ ਦੀ ਸਿੱਖੀ ਰਹੁ ਰੀਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ।

੧੯੪੫ ਵਾਲੀ ਰਹਿਤ ਮਰਯਾਦਾ ਬਨਾਨ ਵਾਲੇ ਵਿਦਵਾਨ ਪੁਰਾਤਨ ਸਿੱਖ ਇਤਿਹਾਸ ਲਿਖਨ ਵਾਲੇ, ਨਿਰਮਲੇ, ਉਦਾਸੀ ਤੇ ਬ੍ਰਾਹਮਣੀ ਸੰਸਥਾਵਾਂ ਦੇ ਧੋਖੇ ਦਾ ਸ਼ਿਕਾਰ ਹੋਏ।

ਦਸਮ ਗ੍ਰੰਥ ਦੀਆਂ ਰਚਨਾਵਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਖ਼ਾਲਸੇ ਨੂੰ ਦੇਵੀ ਦੇ ਉਪਾਸ਼ਕ ਤੇ ਸ਼ਸਤਰਾਂ, ਅਸਤਰਾਂ ਦੀ ਪੂਜਾ ਕਰਨ ਵਾਲੇ ਬਣਾ ਦਿੱਤਾ।

ਦਸਮ ਗ੍ਰੰਥ ਦੀ ਰਚਨਾ ਸ਼ਸਤਰ ਨਾਮ ਮਾਲਾ ਪੁਰਾਣ, ਸ੍ਰੀ ਭਗਉਤੀ ਜੀ ਸਹਾਇ ਤੋਂ ਸ਼ੁਰੂ ਹੁੰਦੀ ਹੈ (ਪੰਨਾ ੭੧੭), ਇਸ ਵਿੱਚ ਕਵੀ ਨੇ ਗੁਰੂ ਗੋਬਿੰਦ ਸਿੰਘ ਨੂੰ ਭਗਉਤੀ ਦੀ ਅਰਾਧਨਾ ਕਰਨ ਵਾਲੇ ਤੇ ਭਗੌਤੀ ਦੇ ਅਨੇਕਾਂ ਰੂਪਾਂ ਵਿੱਚ ਸ਼ਸਤਰਾਂ ਦਾ ਪੁਜਾਰੀ ਦੱਸਿਆ ਹੈ।

ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ।।

ਸੈਫ਼ ਸਰੋਹੀ ਸਹੈਬੀ ਯਹੈ ਹਮਾਰੇ ਪੀਰ।।

(ਸਸਤਰ ਅਸਤਰ ਮੇਰੇ ਪੀਰ ਅਥਵਾ ਗੁਰੂ ਹਨ।)

ਇਸ ਰਚਨਾ ਵਿੱਚ ਭਗਉਤੀ ਨੂੰ ਕਿਹਾ ਹੈ -

ਤੀਰ ਤੁਹੀ ਸੈਹਬੀ ਤੁਹੀ ਤੁਹੀ ਤਬਰ ਤਰਵਾਰ।।

ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ।।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਨਿਰਣੈ

1. ਪਾ: 10 ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬਾਣੀ ਨਹੀਂ ਰਚੀ।

2. ਦਸਮ ਗ੍ਰੰਥ ਤੇ ਸਰਬ ਲੋਹ ਗ੍ਰੰਥ ਤੇ ਹੋਰ ਪੁਰਾਤਨ ਸਿੱਖ ਇਤਿਹਾਸ, ਵੇਦਮਤ, ਦੇਵੀ ਦੇਵਤਿਆਂ ਦੀ ਪੂਜਾ ਅਰਾਧਨਾ ਕਰਨ ਵਾਲੇ ਸਨਾਤਨੀ ਵਿਚਾਰਾਂ ਅਨੁਸਾਰ ਲਿਖੇ ਗਏ।

੩. ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਿੱਤੀ ਰਹੁ ਰੀਤ ਤੋਂ ਇਲਾਵਾ ਕੋਈ ਰਹੁ ਰੀਤ ਜਾਂ ਰਹਿਤਾਂ ਨਹੀਂ ਬਣਾਈਆਂ।

੪. ਪਾ: ੧੦ ਨੇ ਕੱਛ, ਕੜਾ, ਕੰਘਾ, ਕਿਰਪਾਨ, ਧਾਰਨ ਦਾ ਕੋਈ ਉਪਦੇਸ਼ ਨਹੀਂ ਦਿੱਤਾ। ਸਿੱਖ ਗੁਰੂਆਂ ਦੇ ਸਮੇ ਤੋਂ ਸਿੱਖ ਕੇਸਾਧਾਰੀ, ਦਾਹੜਾ ਤੇ ਪੱਗ ਦੇ ਧਾਰਨੀ ਸਨ। ਗੁਰਬਾਣੀ ਇਸ ਦੀ ਗਵਾਹ ਹੈ।

੫. ਸਨ ੧੭੬੦ ਤੋਂ ਬਾਅਦ ਗੁਰਸਿੱਖ ਨਿਰਮਲਿਆਂ ਤੇ ਉਦਾਸੀਆ ਦੀ ਲਗਾਤਾਰ ਕਥਾ ਵਿਚਾਰ ਤੇ ਉਹਨਾਂ ਦੀਆਂ ਰਚੀਆਂ ਪੁਸਤਕਾਂ ਦੇ ਪ੍ਰਭਾਵ ਵਿੱਚ ਰਹੇ। ਉਹਨਾ ਨੇ ਗੁਰਮਤਿ ਦੀ ਕਸਉਟੀ ਤੇ ਇਹਨਾ ਨੂੰ ਨਹੀਂ ਪਰਖਿਆ।

ਦਾਸ ਲੇਖਕ ਨੇ ਆਪਣੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਦਸਮ ਗ੍ਰੰਥ ਦੀ ਵਿਚਾਰ’, ਲਿਖੀ ਹੈ ਇਸ ਵਿੱਚ ਗੁਰਬਾਣੀ ਦੇ ਆਧਾਰ ਤੇ ਸਾਬਤ ਕੀਤਾ ਹੈ ਕਿ ਦਸਮ ਗ੍ਰੰਥ ਦੀ ਕੋਈ ਰਚਨਾ ਪਾ ੧੦: ਕ੍ਰਿਤ ਨਹੀਂ।

ਸਰੂਪ ਦਾਸ (ਭੱਲਾ) ਨੇ ਮਹਿਮਾ ਪ੍ਰਕਾਸ਼ ਅਤੇ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਆਪਣੇ ਆਪਣੇ ਢੰਗ ਨਾਲ ਦੁਰਗਾ ਦੇਵੀ ਦੇ ਪੂਜਨ ਦਾ ਵਿਸਥਾਰ ਦਿੱਤਾ ਹੈ। ਪਾ: ੧੦ ਨੇ ਦੁਰਗਾ ਦੀ ਆਰਾਧਨਾ ਨਹੀਂ ਕੀਤੀ।

ਸਾਖੀ ਰਹਿਤ ਕੀ ਭਾਈ ਨੰਦ ਲਾਲ ਵਿੱਚੋਂ

ਸ਼ਰਾਧ ਆਵਨ ਤਾਂ ਛਤੀ ਪ੍ਰਕਾਰ ਕਾ ਪ੍ਰਸਾਦਿ ਕਰੈ।

ਕਰਕੈ ਤਿਆਰ ਪ੍ਰਸਾਦੁ, ਅਤੇ

ਖ਼ਾਲਸੇ ਨੂੰ ਸੱਦ ਕੇ ਅਨੰਦ ਪੜੇ, ਅਰਦਾਸ ਕਰੇ।

ਸਿੱਖਾਂ ਨੂੰ ਪ੍ਰਸਾਦਿ ਖਵਾਵੈ।

ਇਸ ਦਾ ਦਿਤਾ ਥਾਇ ਪੜੇ ਅਤੇ ਪਿਤਰਾਂ ਨੂੰ ਭੀ ਪਹੁੰਚੇ।

(ਵਿਚਾਰ ਗੁਰਮਤਿ ਵਿਰੁੱਧ ਹੈ।)

ਤਾਂ ਗੁਰੂ ਗੋਬਿੰਦ ਕਹਿਆ, ਜੋ ਭਾਈ ਸਿੱਖਾਂ ਨੂੰ ਹੁਕਮ ਹੈ

ਜੁ ਗ੍ਰਿਸਤਿ ਬੈਰਾਗ ਖਲੋਣਾ ਅਤੇ ਭਾਈ,

ਇਸਤਰੀ ਦੇ ਜਾਮੇ ਤੇ ਵਿਸਾਹ ਨਹੀਂ ਕਰਨਾ।

ਅੰਤਹਿ ਦਾ ਲਾਹਾ ਇਸਤ੍ਰੀ ਕਉ ਨਹੀਂ ਦੇਵਣਾ।

ਨੋਟ: ਗੁਰੂ ਗੋਬਿੰਦ ਸਿੰਘ ਇਹ ਹੁਕਮ ਨਹੀਂ ਦੇ ਸਕਦੇ। ਇਹ ਗੁਰਬਾਣੀ ਉਪਦੇਸ਼ ਵਿਰੁੱਧ ਵਿਚਾਰ ਹੈ। ਗੁਰਬਾਣੀ ਇਸਤ੍ਰੀ ਨੂੰ ਬਰਾਬਰੀ ਦਾ ਦਰਜਾ ਦਿੰਦੀ ਹੈ।

ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ

ਹੁਕਮ ਹੋਆ ਸਿਰੀ ਮੁਖਵਾਕ ਪਾ: 10, ਲਾਲ ਦਰਿਆਈ ਕੇ ਪ੍ਰਥਾਏ

ਮੇਰੋ ਹੁਕਮ ਮਾਨਹਿ ਨਹੀ, ਕਰਿਹ ਨ ਸਿਖ ਕੀ ਸੇਵ

ਸੋ ਬੀਰਜ ਮਲੇਛ ਕੋ, ਪਰਗਟ ਪਛਾਨਹੁ ਭੇਵ

(ਇਸ ਤਰ੍ਹਾਂ ਦੇ ਬਚਨ ਪਾ: 10 ਦੇ ਨਹੀਂ ਹੋ ਸਕਦੇ।)

ਰਹਿਤਨਾਮਾ ਭਾਈ ਦੇਸਾ ਸਿੰਘ

ਰਤੀ ਅਫੀਮ ਜੁ ਮਾਸਾ ਭੰਗ।

ਇਨ ਕੋ ਖਾਵਹਿ ਕਦੀ ਨਿਸੰਗ। (31)

ਇਸ ਤੇ ਅਧਿਕ ਨ ਅਮਲ ਵਧਾਵੈ।

ਵਧੇ ਅਮਲ ਤਉ ਨਰ ਦੁਖ ਪਾਵੈ।

ਇਸ ਰਹਿਤ ਨਾਮੇਂ ਅਨੁਸਾਰ ਪਾਂ ੧੦ ਨੇਂ ਸਿੱਖਾਂ ਨੂੰ ਅਫ਼ੀਮ ਭੰਗ ਦੇ ਸੇਵਨ ਦੀ ਖੁੱਲ ਦੇ ਦਿੱਤੀ। ਇਸ ਸਮੇ ਇਤਿਹਾਸਕ ਗੁਰਦੁਆਅਿਾਂ ਵਿੱਚ ਅਫ਼ੀਮ ਤੇ ਭੰਗ ਦੇ ਨਸ਼ੇ ਕੀਤੇ ਜਾਂਦੇ ਹਨ। ਗੁਰਬਾਣੀ ਇਸ ਦੀ ਇਜਾਜ਼ਤ ਨਹੀਂ ਦਿੰਦੀ।

ਸਾਡੇ ਵੱਖ-ਵੱਖ ਫਿਰਕੇ, ਜਿਸ ਤਰ੍ਹਾਂ ਨਿਹੰਗ, ਬਿਹੰਗਮ, ਸਰਬਲੋਹੀਏ ਨੀਲੇ ਬਾਣੇ ਵਾਲੇ ਆਦਿ ਇਸ ਕੂੜੇ ਪੁਰਾਤਨ ਇਤਿਹਾਸ ਦੀ ਉਪਜ ਹਨ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਮੁਤਾਬਕ ਸਭ ਸਿੱਖਾਂ ਲਈ ਇੱਕ ਰਹਿਤਨਾਮਾ ਬਣਾ ਲਈਏ, ਤਾਂ ਸਭ ਗੁਰਸਿੱਖ ਇੱਕ ਹੋ ਸਕਦੇ ਹਨ।

ਗੁਰਬਿਲਾਸ ਪਾ: 10 (ਸੁਖਮ ਸਿੰਘ)

ਇਸ ਵਿੱਚ ਲਿਖਿਆ ਹੈ ਕਿ

ਸਸਤਰ ਅਸਤ੍ਰ ਸਿਮਰਹੁ ਬਰ ਬੁਧਾ,

ਖਲ ਦਲ ਸਾਥ ਕਰਹੁ ਨਿਤ ਜੁਧਾ।

ਗੁਰਪੰਥ ਪ੍ਰਕਾਸ਼ (ਰਤਨ ਸਿੰਘ ਭੰਗੂ)

ਪਉ ਸੁਧਾ ਅਰ ਖੇਲਹੁ ਸ਼ਿਕਾਰ।

ਸਸਤਰ ਬਿਦਯਾ ਜਿਮ ਹੋਇ ਸੰਭਾ

ਸਨ ੧੯੩੬/੪੫ ਵਿੱਚ ਲਾਗੂ ਕੀਤੀ ਗਈ ਸਿੱਖ ਰਹਿਤ ਮਰਯਾਦਾ।

੧੯੩੬ ਤੋਂ ਪਹਿਲਾਂ, ਸਿੱਖ ਸਮਪਰਦਾਵਾਂ, ਸੰਤ ਸਮਾਜ, ਨਿਹੰਗ ਜਥੇ ਬੰਦੀਆ, ਕੂਕਾ ਸਮਾਜ, ਦਮਦਮੀ ਟਕਸਾਲ ਆਦਿ ਦੀ ਆਪਣੀ ਆਪਣੀ ਰਹਿਤ ਮਰਯਾਦਾ ਸੀ। ੧੯੩੬ ਵਾਲੀ ਪੰਥਕ ਰਹਿਤ ਮਰਯਾਦਾ ਲਾਗੂ ਹੋਣ ਤੋਂ ਬਾਅਦ ਵੀ ਇਹਨਾਂ ਨੇ ਆਪੋ ਆਪਣੀ ਰਹਿਤ ਮਰਯਾਦਾ ਕਾਇਮ ਰੱਖੀ।

ਅਕਾਲ ਤਖ਼ਤ ਦੀ ੧੯੪੫ ਵਿੱਚ ਲਾਗੂ ਕੀਤੀ ਸਿੱਖ ਰਹਿਤ ਮਰਯਾਦਾ ਦਾ ਅਤੁੱਟ ਹਿੱਸਾ ਖੰਡੇ ਬਾਟੇ ਦੀ ਪਾਹੁਲ ਹੈ। ਇਤਿਹਾਸਿਕ ਗੁਰਦੁਆਰਿਆਂ ਤੋਂ ਨਿੱਤ ਨਸੀਹਤ ਦਿੱਤੀ ਜਾਂਦੀ ਹੈ, ਕਿ ਖੰਡੇ ਬਾਟੇ ਦੀ ਪਾਹੁਲ ਪਾਨ ਕਰੋ ਤੇ ਗੁਰੂ ਵਾਲੇ ਬਣੋ, ਨਿਗੁਰਿਆਂ ਨੂੰ ਦਰਗਾਹ ਵਿੱਚ ਢੋਈ ਨਹੀਂ ਮਿਲਦੀ।

ਰਹਿਤ ਮਰਯਾਦਾ ਦੇ ਸ੍ਰੋਤਾਂ ਵਿਚੋਂ ਉੱਪਰ ਲਿਖੇ ਇਤਿਹਾਸਿਕ ਗ੍ਰੰਥ ਤੇ ਪੁਸਤਕਾਂ ਸਨ। ਅਸੀਂ ਵਿਚਾਰ ਕਰ ਚੁੱਕੇ ਹਾਂ ਕਿ ਇਹ ਸਭ ਸ੍ਰੋਤ ਬੇਦ ਮੱਤ ਨੂੰ ਸਰਵਉੱਚ ਤੇ ਸੱਤ ਮੰਨਨ ਵਾਲੇ ਨਿਰਮਲਿਆਂ ਤੇ ਗੁਰੂ ਨਾਨਕ ਸਾਹਿਬ ਦੇ ਬਾਗ਼ੀ ਪੁੱਤਰ ਸਿਰੀ ਚੰਦ ਦੇ ਚੇਲਿਆਂ, ਉਦਾਸੀ ਮਹੰਤਾਂ ਤੇ ਹੋਰ ਬ੍ਰਾਹਮਣੀ ਸੰਸਥਾਂਵਾਂ ਨੇ ਲਿਖੇ।

ਇਹਨਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ ਵੱਖ ਗੁਰਸਿੱਖਾਂ ਨੂੰ ਵੱਖ ਵੱਖ ਆਪੋ ਵਿਰੋਧੀ ਰਹਿਤਾਂ ਦੱਸੀਆਂ ਤੇ ਖੰਡੇ ਦੀ ਪਹੁਲ ਤਿਆਰ ਕਰਨ ਦੀਆਂ ਵੱਖ ਵੱਖ ਵਿਧੀਆਂ ਦੱਸੀਆਂ। ਇਹ ਮੁਮਕਿਨ ਨਹੀਂ। ਗੁਰੂ ਜੀ ਅਭੁੱਲ ਗੁਰੂ ਕਰਤਾਰ ਸਨ।

ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਬਾਟੇ ਦੀ ਪਾਹੁਲ ਬਨਾਉਣ ਦੀਆਂ ਅਨੇਕਾਂ ਕਹਾਣੀਆਂ ਵਿਚੋਂ ਅਸੀਂ ਕੁੱਝ ਹੇਠਾਂ ਲਿਖੀਆਂ ਹਨ।

੧. ਰਹਿਤ ਨਾਮਾ ਭਾਈ ਦਯਾ ਸਿੰਘ -

ਸ੍ਰੀ ਦਸਵੀਂ ਪਾਤਸ਼ਾਹੀ ਅਨੰਦ ਪੁਰ ਮੈਂ ਬੈਠੇ ਥੇ, ਦਯਾ ਸਿੰਘ ਜੀ ਪ੍ਰਸ਼ਨ ਕੀਆ ‘ਜੁ ਮਹਾਰਾਜ ਜੀ! ਰਹਿਤਨਾਮਾ ਕਹੀਏ ਜਿਸ ਕੇ ਸੁਨਨੇ ਸੇ ਮੁਕਤ ਹੋਇ।’

ਉਤਰ - ਜਬ ਦੇਵੀ ਪ੍ਰਗਟ ਭਈ ਔਰ ਪਾਂਚ ਪਯਾਰੇ ਸਾਵਧਾਨ ਹੂਏ, ਤਬ ਸਬ ਦੇਵਤਾ ਆਏ। ‘ੴ ਸਤਿਨਾਮ’ ਉਪਦੇਸ਼ ਮੰਤ੍ਰ ਸ੍ਰੀ ਗੁਰੂ ਨਾਨਕ ਜੀ ਕੀ ਸ਼ਕਤਿ ਨੇ ਦੀਆ, ਔਰ ਜੰਤ੍ਰ ਵਾਹਿਗੁਰੂ ਮੋਹਨ ਬਸੀਕਰਨ ਨੇ ਦੀਆ, ਤੰਤ੍ਰ ਜਲ ਅਮਰ ਬਰੁਣ ਵਾਸਤੇ ਚਿਤ ਦਿੜਤਾ ਦੇ ਦੀਆ, ਮਿਸਟਾਨ ਇੰਦ੍ਰ ਨੇ ਦੀਆ, ਬੁਧੀ ਮੀਠੀ ਰਹਨ ਨਮਿਤ ਅਰ ਲੋਹ ਪਾਤਰ ਯਮਰਾਜ ਅੰਮ੍ਰਿਤ ਪਾਵਣੇ ਨਿਮਿਤ ਦੀਆ, ਸਰਬਲੋਹ ਕੀ ਕਰਦ ਕਾਲ ਜੀ ਦਈ, ਯੁਧ ਕੇ ਵਾਸਤੇ, ਕੇਸ ਚੰਡੀ ਜੀ ਦੀਏ, ਬਾਹਨੀ ਕੱਛ ਹਨੂ ਜੀ ਦਈ, ਜਪੁਜੀ ਮੁਕਤ ਕੋ ਪਾਠ ਦੀਆ, ਅਨੰਦ ਚਿਤ ਸ਼ਾਂਤ ਲੀਏ ਗੁਰੂ ਅਮਰ ਜੀ ਦੀਨਾ, ਚੌਪਈ, ਸ੍ਹੈਯੇ ਸ੍ਰੀ ਮੁਖ ਦ੍ਰਿੜ ਚਿਤ ਤੇ ਜੁੱਧ ਨਿਮਿਤ। ਚਾਰ ਪਦਾਰਥ ਖੰਡੇ ਕੀ ਪਾਹੁਲ ਤੇ ਦੀਏਂ ਸਿਖੋਂ ਕੋ ਸਰਕਰ ਬਿਸ਼ਨੂ ਜੀ ਦੀਨੀ, ਮੈਦਾ ਮਹਾਂਦੇਵ ਜੀ ਦੀਨਾ, ਘੀਵ ਬਹਮੇ ਨੇ ਦੀਆ ਤ੍ਰਿਭਾਵ ਕਾ ਕੜਾਹ ਪ੍ਰਸਾਦ ਕੀਆ।

ਰਹਿਤ ਨਾਮੇ ਅਨੁਸਾਰ ਗੁਰੂ ਨੇ ਪਹਿਲਾਂ ਦੇਵੀ ਦੀ ਆਰਾਧਨਾਂ ਕਰਕੇ ਦੇਵੀ ਪਰਗਟ ਕੀਤੀ, ਉਪਰੰਤ ਗੁਰੂ ਨਾਨਕ ਸਾਹਿਬ ਦੀ ਸ਼ਕਤਿ ਤੇ ਦੇਵੀ ਦੇਵਤਾਵਾਂ ਦੀਆਂ ਸ਼ਕਤੀਆਂ ਆਈਆਂ। ਸਭ ਨੇ ਆਪੋ ਆਪਣਾ ਯੋਗਦਾਨ ਪਾਇਆ, ਜਿਸਤਰ੍ਹਾਂ ਉਪਦੇਸ਼ ਮੰਤ੍ਰ ਗੁਰੂ ਨਾਨਕ ਦੀ ਸ਼ਕਤਿ ਨੇ ਦਿੱਤਾ, ਜੰਤ੍ਰ ਵਾਹਿਗੁਰੂ, ਮੋਹਨ ਬਸੀਕਰਨ ਨੇ ਦਿੱਤਾ, ਸਰਬ ਲੋਹ ਦੀ ਕਰਦ/ਕਿਰਪਾਨ ਕਾਲ ਦੇਵਤਾ ਨੇ ਦਿੱਤੀ, ਕੇਸ ਚੰਡੀ ਦੇਵੀ ਨੇ ਦਿੱਤੇ, ਕਛ ਹਨੂਮਾਨ ਦੇਵਤਾ ਨੇ ਦਿੱਤੀ ਆਦਿ।

੨. ਸਰਬ ਲੋਹ ਗ੍ਰੰਥ ਅਨੁਸਾਰ ਖਾਲਸਾ ਪੰਥ ਸਾਜਨ ਲਈ ਪਾ: ੧੦ ਨੇ ਕੀ ਕੀਤਾ? ਸਤਿਗੁਰੂ ਨੇ ਭਗਵਤੀ ਦੇਵੀ ਦੀ ਆਰਾਧਨਾ ਕਰਕੇ ਦੇਵੀ ਤੋਂ ਬਲ ਪ੍ਰਾਪਤ ਕੀਤਾ ਤੇ ਗਊਆਂ ਦੇ ਦ੍ਰੋਹੀ ਅਸੁਰਾਂ, ਦੁਸ਼ਟ ਮੁਗ਼ਲਾਂ ਨੂੰ ਹਰਾ ਦਿੱਤਾ। ਇਸ ਤਰ੍ਹਾਂ ਹਿੰਦੂਆਂ ਦੇ ਬਰਣ ਆਸਰਮ ਨੂੰ ਸੋਧ ਕੇ ਸਿਖਾਂ ਵਿੱਚ ਤੱਤ ਖਾਲਸਾ ਸਾਜਿਆ। ਸਿੱਖ ਕਛ ਕੇਸ ਕ੍ਰਿਪਾਨ ਨਾਲ ਸਜੇ ਹਨ, ਖਾਲਸਾ ਕਾਲ ਮਹਾ ਕਾਲ ਦਾ ਉਪਾਸ਼ਕ ਹੈ, ਖਾਲਸੇ ਦਾ ਛਤ੍ਰਿਯ ਧਰਮ ਹੈ ਖਾਲਸੇ ਦੀ ਮਾਤਾ ਭਗਵਤੀ ਹੈ ਪਿਤਾ ਕਾਲ ਪੁਰਖ ਹੈ। ਕੀ ਸਿੱਖ ਮਹਾਕਾਲ ਦੇ ਉਪਾਸ਼ਕ ਹਨ? ਕੀ ਸਿੱਖਾਂ ਦਾ ਛਤ੍ਰਿੀਅ ਧਰਮ ਹੈ? ਕੀ ਸਿੱਖਾਂ ਦੀ ਮਾਤਾ ਭਗਵਤੀ ਹੈ ਤੇ ਪਿਤਾ ਕਾਲ ਪੁਰਖ ਹੈ?

ਸਰਬ ਲੋਹ ਗ੍ਰੰਥ ਅਨੁਸਾਰ ਖਾਲਸੇ ਦੇ ਗੁਣ ਇਹ ਹਨ, ਭਗਤੀ ਵਾਲਾ, ਗਿਯਾਨ ਵਾਲਾ, ਛਤ੍ਰਿਯਾਬ੍ਰਿਤ, ਛਤ੍ਰਿਯਾਂ ਵਾਲੀ ਉਪਜੀਵਕਾ ਵਾਲਾ, ਤਯਾਗੀ, ਹਠੀ, ਸੂਰਵੀਰ, (ਵੇਦ) ਵਿਵਰਜਿਤ ਦਾ ਤਯਾਗੀ, ਕਛ, ਕੇਸ ਤੇ ਕਿਰਪਾਨ ਨਾਲ ਸਜੇ ਹੋਏ। (ਪਨਾ ੫੩੧ ਸਰਬ ਲੋਹ ਗ੍ਰੰਥ ਦੂਜਾ ਭਾਗ।

੩. ਖੰਡੇ ਦੀ ਪਾਹੁਲ ਦਾ ਇੱਕ ਹੋਰ ਬ੍ਰਿਤਾਂਤ।

ਗੁਰੂ ਗੋਬਿੰਦ ਸਿੰਘ ਜੀ ਨੇ ਨੈਣਾ ਦੇਵੀ ਦੇ ਮੰਦਰ ਵਿੱਚ ਦੇਵੀ ਪੂਜਾ ਕਰਕੇ ਦੇਵੀ ਤੋਂ ਅਭਯ ਦਾਨ ਲਿਆ ਤੇ ਸ਼ਕਤੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਹੁਕਮਨਾਮੇ ਭੇਜ ਕੇ ਸਿੱਖਾਂ ਨੂੰ ਭਾਰਤ ਦੇ ਕੋਨੇ ਕੋਨੇ ਤੋਂ ਵਿਸਾਖੀ ੧੬੯੯ ਵਾਲੇ ਦਿਨ ਪੁੱਜਨ ਦਾ ਆਦੇਸ਼ ਦਿੱਤਾ। ਉੱਚੀ ਥਾਂ ਤੇ ਸ਼ਾਹਾਨਾ ਤੰਬੂ ਸਜਾਇਆ ਗਿਆ, ਨਾਲ ਹੀ ਬੜੀ ਸੁੰਦਰ ਸਟੇਜ ਵੀ ਸਜ ਰਹੀ ਸੀ।

੮੦, ੦੦੦ ਤੋਂ ਵੱਧ ਸਿੱਖ ਗੁਰੂ ਜੀ ਦੇ ਦਰਸ਼ਨ ਲਈ ਬੇਤਾਬ ਸਨ। (ਸਵਾਲ ਇਹ ਹੈ ਇਤਨੀ ਗਿਣਤੀ ਵਿੱਚ ਸਿੱਖ ਜੰਗਲਾਂ ਬੀਆਬਾਨਾਂ ਵਿਚੋਂ ਘੋੜਿਆ, ਗੱਡਿਆਂ ਵਿੱਚ ਸਵਾਰ ਹੋ ਕੇ ਛੋਟੇ ਜਿਹੇ ਪਿੰਡ ਆਨੰਦਪੁਰ ਕਿਸਤਰ੍ਹਾਂ ਪੁੱਜੇ। ਉਸ ਸਮੇ ਹੁਕਮ ਨਾਮੇ ਪਹੁਚਾਉਨ ਤੇ ਸਿੱਖਾਂ ਦੇ ਆਨੰਦਪੁਰ ਪੁੱਜਨ ਲਈ ਕਿਤਨਾਂ ਸਮਾ ਲੱਗਾ ਹੋਵੇਗਾ। ੮੦, ੦੦੦ ਸਿੱਖਾਂ ਤੇ ਲੋੜੀਂਦੇ ਘੋੜੇ, ਬੌਲਦਾਂ ਆਦਿ ਲਈ ਕਿੰਨੇ ਚਾਰੇ ਤੇ ਥਾਂ ਦੀ ਲੋੜ ਪਈ ਹੋਵੇਗੀ, ਕਿੱਨੇ ਵੱਡੇ ਤੰਬੂਆਂ ਦਾ ਪ੍ਰਬੰਧ ਕੀਤਾ ਹੋਵੇਗਾ ਤੇ ਸੰਗਤਾਂ ਨੂੰ ਭੋਜਨ ਛਕਾਉਨ ਲਈ ਕਿਤਨੇ ਸਾਮਗਰੀ ਤੇ ਭਾਡਿਆਂ ਦਾ ਇੰਤਜ਼ਾਮ ਕੀਤਾ ਹੋਵੇਗਾ? ਇਹਨਾਂ ਕਠਿਨ ਸਵਾਲਾਂ ਦਾ ਜਵਾਬ ਸਾਡੇ ਕੋਲ ਨਹੀਂ।)

ਅਚਾਨਕ ਨੰਗੀ ਤਲਵਾਰ ਲੈ ਕੇ ਗੁਰੂ ਜੀ ਸਟੇਜ ਤੇ ਆਏ ਤੇ ਇੱਕ ਸਿਰ ਦੀ ਮੰਗ ਕੀਤੀ। ਇੱਕ ਸਿੱਖ ਨੇ ਗੁਰੂ ਜੀ ਵਿੱਚ ਸ਼ਰਧਾ, ਹੁਕਮ ਮੰਨਣ ਦੀ ਸਮਰਥਾ, ਤੇ ਕੁਰਬਾਣੀ ਦੇਨ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ, ਤੇ ਮੁੜ ਲਹੂ ਨਾਲ ਲਿਬੜੀ ਤਲਵਾਰ ਲਿਸ਼ਕਾਂਉਂਦੇ ਹੋਏ ਆ ਕੇ ਪੰਜ ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਕੁੱਝ ਲਿਖਾਰੀਆਂ ਅਨੁਸਾਰ ਗੁਰੂ ਜੀ ਨੇ ਸਿਰ ਕੱਟ ਕੇ ਉਨ੍ਹਾਂ ਨੂੰ ਮੁੜ ਜੀਵਨ ਦਾਨ ਦਿੱਤਾ, ਕੁੱਝ ਕਹਿੰਦੇ ਹਨ ਕਿ ਗੁਰੂ ਜੀ ਨੇ ਬੱਕਰੇ ਝਟਕਾਏ ਸਨ।

ਉਪਰ ਲਿਖੇ ਤੱਥਾਂ ਦੇ ਆਧਾਰ ਤੇ ਨਿਰਣੈ ਆਪ ਕਰੋ ਜੀ। ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਦਾ ਪੁਨਰ ਨਿਰਮਾਣ ਤਾਂ ਹੀ ਹੋ ਸਕਦਾ ਹੈ। ਨਹੀਂ ਤਾਂ ਅਸੀਂ ਸਨਾਤਨੀ ਸਿੱਖ ਰਹਾਂਗੇ ਤੇ ਗੁਰੂ ਜੀ ਦੇ ਸਨੇਹ ਤੇ ਪਿਆਰ ਦੇ ਅਧਿਕਾਰੀ ਨਹੀਂ ਰਹਾਂਗੇ।

ਡਾ: ਗੁਰਮੁਖ ਸਿੰਘ ਨਵੀਂ ਦਿੱਲੀ ਮਈ ੨੦੧੨
.