.

ਸਿਖ ਮੱਤ ਦੀ ਅਧਿਆਤਮਿਕਤਾ

ਭਾਗ ਪਹਿਲਾ

ਅਧਿਆਤਮਿਕਤਾ (spirituality) ਦੇ ਅਧਿਐਨ ਦੇ ਘੇਰੇ ਵਿੱਚ ਰੱਬ ਦੀ ਹੋਂਦ, ਮਨੁੱਖ ਅਤੇ ਬਾਕੀ ਜੀਵਾਂ ਵਿੱਚ ਆਤਮਾ (soul) ਦੇ ਅੰਸ਼ ਦੀ ਮੌਜੂਦਗੀ, ਆਤਮਾ (soul) ਦਾ ਰੱਬ ਨਾਲ ਸਬੰਧ, ਮਨੁੱਖ ਦਾ ਸਵੈ ਭਾਵ ਆਪਣਾ-ਆਪ (self), ਮਨੁੱਖ ਦੇ ਸਵੈ ਦਾ ਰੱਬ ਨਾਲ ਸਬੰਧ, ਪਰਾਲੌਕਿਕ ਧਾਰਨਾਵਾਂ ਅਤੇ ਨੈਤਿਕ ਕਦਰਾਂ-ਕੀਮਤਾਂ ਵਰਗੇ ਵਿਸ਼ੇ ਆ ਜਾਂਦੇ ਹਨ। ਸੰਸਾਰ ਦੇ ਹਰੇਕ ਮੱਤ ਦਾ ਅਧਾਰ ਮੁੱਖ ਤੌਰ ਤੇ ਇਸ ਦੀ ਅਧਿਆਤਮਿਕਤਾ ਹੀ ਬਣਦੀ ਹੈ ਅਤੇ ਅਧਿਆਤਮਿਕ ਧਾਰਨਾਵਾਂ ਅਤੇ ਮਾਨਤਾਵਾਂ ਦੀ ਭਿੰਨਤਾ ਹੀ ਅੱਡ-ਅੱਡ ਮੱਤਾਂ ਵਿਚਲੇ ਵਖਰੇਵੇਂ ਦਾ ਸਬੱਬ ਹੋ ਨਿਬੜਦੀ ਹੈ। ਅਧਿਆਤਮਿਕਤਾ ਦੇ ਪੱਖੋਂ ਸੰਸਾਰ ਦੇ ਪਰਮੁੱਖ ਮੱਤਾਂ ਦਾ ਤੁਲਨਾਤਮਿਕ ਵਿਸ਼ਲੇਸ਼ਣ ਕੀਤੇ ਜਾਣ ਤੇ ਸਿਖ ਮੱਤ ਦੀ ਨਿਵੇਕਲੀ ਨੁਹਾਰ ਉੱਘੜ ਕੇ ਸਾਹਮਣੇ ਆ ਜਾਂਦੀ ਹੈ।

ਸਿਖ ਮੱਤ ਵਿਚਲੀ ਅਧਿਆਤਮਿਕਤਾ ਦੀ ਵਿਆਖਿਆ ਕਰਨ ਲਈ ਗੁਰਬਾਣੀ ਨੂੰ ਅਧਾਰ ਬਣਾਉਣ ਦੀ ਲੋੜ ਪੈਂਦੀ ਹੈ। ਸਿਖ ਮੱਤ ਦੇ ਪਵਿੱਤਰ ਗ੍ਰੰਥ ਵਿੱਚ ਛੇ ਸਿਖ ਗੁਰੂ ਸਾਹਿਬਾਨ ਅਤੇ 31 ਹੋਰ ਸੰਤਾਂ-ਭਗਤਾਂ ਦੀਆਂ ਰਚਨਾਵਾਂ ਸ਼ਾਮਲ ਹਨ ਅਤੇ ਇਹਨਾਂ ਰਚਨਾਵਾਂ ਨੂੰ ਸਮੁੱਚੇ ਤੌਰ ਤੇ ਗੁਰਬਾਣੀ ਦਾ ਦਰਜਾ ਪਰਾਪਤ ਹੈ। ਸਮੁੱਚੀ ਗੁਰਬਾਣੀ ਦੇ ਸੰਦੇਸ਼/ਉਪਦੇਸ਼ ਨੂੰ ਗੁਰਮੱਤ ਕਿਹਾ ਜਾਂਦਾ ਹੈ। ਸਿਖ ਮੱਤ ਦਾ ਇਹ ਬਹੁਤ ਹੀ ਮਹੱਤਵਪੂਰਨ ਅਤੇ ਹਾਂ-ਪੱਖੀ ਪਹਿਲੂ ਹੈ ਕਿ ਇਸ ਮੱਤ ਦਾ ਫਲਸਫਾ ਕੇਵਲ ਗੁਰਬਾਣੀ ਤੇ ਅਧਾਰਤ ਹੈ ਅਤੇ ਗੁਰਬਾਣੀ ਤੋਂ ਬਾਹਰ ਦੀ ਜਾਂ ਗੁਰਮੱਤ ਦੇ ਵਿਪਰੀਤ ਜਾਂਦੀ ਕਿਸੇ ਵੀ ਧਾਰਨਾ ਨੂੰ ਸਿੱਖ ਮੱਤ ਦੇ ਫਲਸਫੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਗੁਰਬਾਣੀ ਤੋਂ ਬਾਹਰ ਦੀ ਜਾਂ ਗੁਰਮੱਤ ਦੇ ਵਿਪਰੀਤ ਜਾ ਰਹੀ ਧਾਰਨਾ ਨੂੰ ਮਨਮੱਤ, ਅਨਮੱਤ, ਦੁਰਮੱਤ ਜਾਂ ਕੁਮੱਤ ਵੀ ਕਿਹਾ ਜਾਂਦਾ ਹੈ। ਇਸ ਲਈ ਗੁਰਬਾਣੀ ਵਿਚਲੀ ਅਧਿਆਤਮਿਕਤਾ ਸਬੰਧੀ ਕਿਸੇ ਵੀ ਪੱਖ ਤੋਂ ਵਿਚਾਰ ਕਰਨ ਵੇਲੇ ਜ਼ਰੂਰੀ ਹੋ ਜਾਂਦਾ ਹੈ ਕਿ ਗੁਰਬਾਣੀ ਦੇ ਰਚਨਾਕਾਰਾਂ ਅਤੇ ਪਵਿੱਤਰ ਗ੍ਰੰਥ ਦੇ ਸੰਕਲਿਤ-ਕਰਤਾ (ਸਿੱਖਾ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ) ਦੇ ਗੁਰਮੱਤ ਵਾਲੇ ਅਸਲੀ ਮਨਸ਼ੇ ਨੂੰ ਧਿਆਨ ਵਿੱਚ ਰਖਿੱਆ ਜਾਵੇ।

ਉਪਰੋਕਤ ਦੇ ਨਾਲ-ਨਾਲ ਇਹ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਸਿਖ ਗੁਰੂ ਸਾਹਿਬਾਨ ਦੇ ਸਮੇਂ ਵੇਦ, ਪੁਰਾਣ, ਸ਼ਰੁਤੀਆਂ ਅਤੇ ਸਿਮਰਤੀਆਂ ਜਿਹੇ ਹਿੰਦੂ ਧਾਰਮਿਕ ਗ੍ਰੰਥ (ਅਤੇ ਬਾਕੀ ਧਰਮਾਂ ਦੇ ਪਵਿੱਤਰ ਗ੍ਰੰਥ ਵੀ) ਆਮ ਆਦਮੀ ਦੀ ਸਮਝ ਤੋਂ ਬਾਹਰ ਹੋ ਚੁੱਕੇ ਹੋਏ ਸਨ ਅਤੇ ਉਹਨਾਂ ਵਿਚਲਾ ਸੰਦੇਸ਼ ਗੁੰਝਲਦਾਰ ਅਤੇ ਭੁਲੇਖਾਪਾਊ ਬਣਿਆਂ ਹੋਇਆ ਸੀ। ਇਸ ਕਰ ਕੇ ਸਿਖ ਗੁਰੂ ਸਾਹਿਬਾਨ ਨੇ ਗੁਰਬਾਣੀ ਰਾਹੀਂ ਸਰਲ ਭਾਸ਼ਾ (ਮੋਟੇ ਤੌਰ ਤੇ ਪੰਜਾਬੀ ਅਤੇ ਸਧੂਕੜੀ) ਵਿੱਚ ਸਾਦੇ, ਉਪਯੋਗੀ ਅਤੇ ਵਿਵਹਾਰਿਕ ਵਿਚਾਰ ਆਮ ਲੋਕਾਂ ਦੇ ਸਾਹਮਣੇ ਰੱਖੇ ਤਾਂ ਜੋ ਇੱਕ ਸਾਧਾਰਨ ਮਨੁੱਖ (ਇੱਥੋਂ ਤਕ ਕਿ ਇੱਕ ਅਨਪੜ੍ਹ ਵਿਅਕਤੀ ਵੀ) ਇਹਨਾਂ ਨੂੰ ਸੌਖਿਆਂ ਹੀ ਸਮਝ ਕੇ ਆਪਣੇ ਜੀਵਨ ਵਿੱਚ ਅਪਣਾਉਂਦਾ ਹੋਇਆ ਸੁਚੱਜੀ ਅਤੇ ਸੁਖਦਾਈ ਜੀਵਨ-ਜਾਚ ਧਾਰਨ ਕਰ ਸਕੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿਖ ਮੱਤ ਦੇ ਪਵਿੱਤਰ ਗ੍ਰੰਥ ਵਿੱਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਸਾਰੀਆਂ ਰਚਨਾਵਾਂ ਦੀ ਚੋਣ ਇੱਸੇ ਭਾਵਨਾ ਨੂੰ ਸਾਹਮਣੇ ਰੱਖ ਕੇ ਹੀ ਕੀਤੀ ਸੀ। ਉਪਰੋਕਤ ਵਿਸ਼ੇਸ਼ਤਾਵਾਂ ਕਰ ਕੇ ਇਹਨਾਂ ਰਚਨਾਵਾਂ ਦਾ ਸੰਦੇਸ਼ ਲੋਕਾਂ ਦੇ ਮਨਾਂ ਲਈ ਇਤਨਾ ਅਸਰਦਾਰ ਹੋ ਨਿਬੜਿਆ ਕਿ ਥੋੜ੍ਹੇ ਹੀ ਸਮੇਂ ਵਿੱਚ ਗੁਰਬਾਣੀ ਬੇਹੱਦ ਹਰਮਨਪਿਆਰੀ ਹੋ ਗਈ। ਗੁਰੂ ਸਾਹਿਬਾਨ ਦੇ ਮਿਕਨਾਤੀਸੀ ਸ਼ਖਸੀ ਪਰਭਾਵ ਦੇ ਨਾਲ-ਨਾਲ ਗੁਰਬਾਣੀ ਦੇ ਸੰਦੇਸ਼ ਦਾ ਸੰਚਾਰ ਵੀ ਇਸ ਗੱਲ ਦਾ ਇੱਕ ਵੱਡਾ ਕਾਰਨ ਬਣਿਆਂ ਕਿ ਉਹਨਾਂ ਦੇ ਸਮਕਾਲੀ ਸਮਾਜ ਦੇ ਸਾਰੇ ਵਰਗਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਗੁਰੂ ਸਾਹਿਬਾਨ ਦੇ ਸ਼ਰਧਾਲੂ ਬਣਦੇ ਗਏ।

ਗੁਰਬਾਣੀ ਦਾ ਸੰਦੇਸ਼ ਬੜਾ ਹੀ ਸਾਦਾ ਜਿਹਾ ਹੈ: ਬੁੱਧੀ/ਵਿਵੇਕ ਰਾਹੀਂ ਗਿਆਨ ਪਰਾਪਤ ਕਰਨਾ ਅਤੇ ਗਿਆਨ ਰਾਹੀਂ ਆਪਣੇ ਆਪੇ (self) ਨੂੰ ਪਛਾਣਦੇ-ਸੰਵਾਰਦੇ ਹੋਏ ਪ੍ਰਭੂ ਦੀ ਹੋਂਦ ਦੇ ਅਹਿਸਾਸ ਨੂੰ ਮਾਣਨ ਦੇ ਯੋਗ ਹੋ ਜਾਣਾ। ਗੁਰਬਾਣੀ ਦਾ ਉਪਦੇਸ਼ ਹੈ:

ਗਿਆਨੁ ਪ੍ਰਚੰਡੁ ਬਲਿਆ ਘਟ ਚਾਨਣੁ ਘਰ ਮੰਦਰ ਸੁਹਾਇਆ॥

ਤਨ ਮਨ ਅਰਪਿ ਸੀਗਾਰ ਬਣਾਏ ਹਰਿ ਪ੍ਰਭ ਸਾਚੇ ਭਾਇਆ॥ (ਪਵਿੱਤਰ ਗ੍ਰੰਥ ਪੰਨਾਂ 775)

ਗੁਰਬਾਣੀ ਦੇ ਸੰਦੇਸ਼/ਉਪਦੇਸ਼ ਨੂੰ ਹੋਰ ਵੀ ਸਾਦੇ ਸ਼ਬਦਾਂ ਵਿੱਚ ਪੇਸ਼ ਕਰਨਾ ਹੋਵੇ ਤਾਂ ਇਹ ਇੰਜ ਹੈ: ਗੁਰਬਾਣੀ ਮਨੁੱਖ ਨੂੰ ਆਪਣੇ-ਆਪ ਵਿੱਚ ‘ਸਚਿਆਰ’ ਦੇ ਗੁਣ ਪੈਦਾ ਕਰਨ ਅਤੇ ਭਾਣਾ ਮੰਨਦੇ ਹੋਏ ਪ੍ਰਭੂ ਦੇ ਨਾਮ ਨਾਲ ਜੁੜਨ ਦੀ ਪ੍ਰੇਰਣਾ ਦਿੰਦੀ ਹੈ। ਗੁਰਬਾਣੀ ਦਾ ਟੀਚਾ ਇਸ ਤੋਂ ਵੱਧ ਕੁੱਝ ਕਹਿਣ ਦਾ ਨਹੀਂ ਸੀ ਕਿਉਂਕਿ ਸਿਖ ਗੁਰੂ ਸਾਹਿਬਾਨ ਇਸ ਗੱਲ ਨੂੰ ਭਲੀ-ਭਾਂਤ ਸਮਝਦੇ ਸਨ ਕਿ ਇੱਕ ਸਧਾਰਨ ਵਿਅਕਤੀ ਨੂੰ ਇਸ ਤੋਂ ਵਧ ਕੇ ਕਿਸੇ ਪਰਾਲੌਕਿਕੀ ਸੰਦੇਸ਼/ਉਪਦੇਸ਼ ਦੀ ਲੋੜ ਹੀ ਨਹੀਂ। ਇੱਸੇ ਕਰਕੇ ਸਮੁੱਚੀ ਗੁਰਬਾਣੀ ਪ੍ਰਭੂ-ਪਰਮੇਸ਼ਵਰ ਦੀ ਵਡਿਆਈ ਕਰਨ ਵੱਲ ਰੁਚਿਤ ਹੈ ਨਾ ਕਿ ਕਿਸੇ ਰਹੱਸਮਈ ਫਲਸਫੇ ਦਾ ਪ੍ਰਗਟਾਵਾ ਕਰਨ ਵੱਲ। ਗੁਰਬਾਣੀ ਦੇ ਇਸ ਸਿੱਧੇ-ਸਾਦੇ ਪਰੰਤੂ ਵਿਵਹਾਰਿਕ ਸੰਦੇਸ਼/ਉਪਦੇਸ਼ ਵਿੱਚ ਕੋਈ ਰਹੱਸ (mysticism ) ਨਹੀਂ ਸਮਾਇਆ ਹੋਇਆ। ਗੁਰਬਾਣੀ ਮੁੱਢਲੇ ਤੌਰ ਤੇ ਹੈ ਹੀ ਰਹੱਸ-ਮੁਕਤ ਰਚਨਾ।

ਗੁਰਬਾਣੀ ਦਾ ਅਧਿਐਨ ਕਰਦੇ ਸਮੇਂ ਸਾਨੂੰ ਇਹ ਯਾਦ ਰੱਖਣਾਂ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਹਮਖਿਆਲੀ ਸੰਤ-ਭਗਤ ਮਨੁੱਖੀ ਜੀਵਨ ਨਾਲ ਸਬੰਧਤ ਆਪਣੇ ਵਿਚਾਰਾਂ ਦੇ ਹਰ ਇੱਕ ਨੁਕਤੇ ਨੂੰ ਸਪਸ਼ਟ, ਬੇਬਾਕ ਅਤੇ ਪਾਰਦਰਸ਼ੀ (transparent) ਢੰਗ ਨਾਲ ਪਰਗਟ ਕਰਨ ਦਾ ਢੰਗ ਅਪਣਾਉਂਦੇ ਸਨ। ਵਲ-ਫੇਰ ਪਾ ਕੇ, ਗੋਲ-ਮੋਲ ਕਰ ਕੇ, ਪਰਾਲੌਕਿਕੀ ਰੰਗ ਦੇ ਕੇ ਅਤੇ ਰਹੱਸਮਈ ਬਣਾ ਕੇ ਪੇਸ਼ਕਾਰੀ ਕਰਨਾ ਉਹਨਾਂ ਦੀ ਨੀਤੀ ਵਿੱਚ ਸ਼ਾਮਲ ਨਹੀਂ ਸੀ। ਪਰੰਤੂ ਕੁੱਝ ਸਿਖ ਸ਼ਰਧਾਲੂ ਸੱਜਣ ਗੁਰੂ ਸਾਹਿਬਾਨ ਅਤੇ ਗੁਰਬਾਣੀ ਪ੍ਰਤੀ ਸ਼ਰਧਾ ਦੇ ਵੇਗ ਵਿੱਚ ਪਵਿੱਤਰ ਗ੍ਰੰਥ ਵਿਚਲੀ ਰਚਨਾ ਨੂੰ ਮਨੁੱਖੀ ਬੁੱਧੀ ਦੀ ਪਹੁੰਚ ਤੋਂ ਪਰ੍ਹੇ ਦੀ ਗੱਲ ਦੱਸਦੇ ਹਨ। ਕੁੱਝ ਸ਼ਰਧਾਲੂ ਸੱਜਣਾਂ ਦਾ ਵਿਸ਼ਵਾਸ ਹੈ ਕਿ ਬਾਣੀ ਦੀ ਅਧਿਆਤਮਕਿਤਾ ਇੱਕ ਅਜਿਹਾ ਖੇਤਰ ਹੈ ਜਿੱਥੇ ਤਰਕ ਅਤੇ ਵਿਵੇਕ ਦੀ ਵਰਤੋਂ ਕਰਨਾ ਫਜੂਲ ਹੈ। ਉਹ ਜਾਣੇ-ਅਣਜਾਣੇ ਇਹ ਪਰਚਾਰ ਕਰਦੇ ਵੇਖੇ ਜਾ ਸਕਦੇ ਹਨ ਕਿ ਸਧਾਰਨ ਮਨੁੱਖੀ ਬੁੱਧੀ ਅਤੇ ਇੱਥੋਂ ਤਕ ਕਿ ਅਕਾਦਮਿਕ ਪੜ੍ਹਾਈ ਰਾਹੀਂ ਹਾਸਲ ਕੀਤੀ ਗਈ ਮਾਨਸਿਕ ਪ੍ਰਬੀਨਤਾ ਵਿੱਚ ਵੀ ਇਤਨੀ ਸਮਰੱਥਾ ਨਹੀਂ ਕਿ ਇਹ ਗੁਰਬਾਣੀ ਦੇ ਸੰਦੇਸ਼/ਉਪਦੇਸ਼ ਨੂੰ ਸਮਝ ਜਾਂ ਸਮਝਾ ਸਕੇ। ਇਸ ਪੱਖੋਂ ਵੇਖਿਆ ਜਾਵੇ ਤਾਂ ਅਜਿਹੇ ਵਿਚਾਰ ਗੁਰੂ ਸਾਹਿਬਾਨ ਦੇ ਬਾਣੀ-ਰਚਨਾ ਦੇ ਅਸਲੀ ਮਨਸ਼ੇ ਦੇ ਵਿਪਰੀਤ ਹੀ ਜਾਂਦੇ ਹਨ। ਗੁਰਬਾਣੀ ਵਿੱਚ ਵਿਵੇਕ, ਬੁੱਧੀ, ਸੂਝ, ਤਰਕ, ਅਕਲ ਅਤੇ ਸਹਜ ਨੂੰ ਪਰਿਆਇਵਾਚੀ ਅਰਥ ਦਿੰਦੇ ਹੋਏ ਬੁੱਧੀ/ਅਕਲ ਨੂੰ ਉੱਚ-ਪਾਇ ਦੀ ਮਹੱਤਤਾ ਦਿੱਤੀ ਗਈ ਹੈ। ਇਸ ਸਬੰਧੀ ਗੁਰਬਾਣੀ ਦਾ ਕਥਨ ਹੇਠਾਂ ਦਿੱਤੇ ਅਨੁਸਾਰ ਹੈ:

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥

ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ॥ (ਪਵਿੱਤਰ ਗ੍ਰੰਥ ਪੰਨਾਂ 1245)

ਮਨੋਵਿਗਿਆਨਕ ਪੱਖੋਂ ਮਨੁੱਖ ਦੇ ਆਪੇ (self) ਦਾ ਉਚਿਤ ਵਿਸ਼ਲੇਸ਼ਣ ‘ਜਪੁ’ ਬਾਣੀ ਵਿੱਚ ਹੇਠਾਂ ਦਿੱਤੇ ਅਨੁਸਾਰ ਕੀਤਾ ਗਿਆ ਹੈ:

ਤਿਥੈ ਘੜੀਐ ਸੁਰਤਿ ਮਤਿ ਮਨ ਬੁਧਿ॥

ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥ (ਪਵਿੱਤਰ ਗ੍ਰੰਥ ਪੰਨਾਂ 8)

ਇਸ ਤਰ੍ਹਾਂ ਗੁਰਬਾਣੀ ਵਿੱਚ ਮਨੁੱਖ ਦੀ ਮਨੋਵਿਗਿਆਨਕ ਹੋਂਦ ਵਿੱਚ ਹੇਠਾਂ ਦਿੱਤੇ ਪੰਜ ਅੰਸਾਂ ਦੀ ਮੌਜੂਦਗੀ ਨੂੰ ਸਵੀਕਾਰਿਆ ਗਿਆ ਹੈ:

1. ਸੁਰਤਿ (consciousness) ਭਾਵ ਚੇਤਨਤਾ

2. ਮਤਿ (sense of discrimination ) ਭਾਵ ਬੁੱਧੀ/ਵਿਵੇਕ/ਤਰਕਸ਼ੀਲਤਾ

3. ਮਨ (emotions) ਭਾਵ ਭਾਵਨਾਵਾਂ ਅਤੇ ਬੇਕਾਬੂ ਲਾਲਸਾਵਾਂ (ਵਿਕਾਰ)

4. ਬੁਧਿ (faculty of creativity) ਭਾਵ ਸਿਰਜਣਾਤਮਿਕ ਸਮਰੱਥਾ

5. ਸੁਧਿ (state of realization) ਭਾਵ ਅਨੁਭੂਤੀ ਦੀ ਅਵਸਥਾ

ਅਜ ਦੇ ਯੁਗ ਵਿੱਚ ਸਾਇੰਸਦਾਨਾਂ ਵੱਲੋਂ ਮਨੁੱਖ ਦੇ ਮਨੋਵਿਗਿਆਨ ਦਾ ਕੀਤਾ ਜਾਂਦਾ ਵਿਸ਼ਲੇਸ਼ਣ ਗੁਰਬਾਣੀ ਦੀ ਉਪਰੋਕਤ ਧਾਰਨਾ ਦੇ ਕਿਸੇ ਤਰ੍ਹਾਂ ਵੀ ਵਿਰੋਧ ਵਿੱਚ ਨਹੀਂ ਜਾਂਦਾ। ਗੁਰਬਾਣੀ ਦਾ ਸਿਧਾਂਤ ਹੀ ਸਿਖ ਮੱਤ ਦੀ ਅਧਿਆਤਮਿਕਤਾ ਨੂੰ ਤਰਕ ਅਤੇ ਵਿਵੇਕ ਨਾਲੋਂ ਨਿਖੇੜ ਕੇ ਵੇਖਣ ਦੀ ਇਜਾਜ਼ਤ ਨਹੀਂ ਦਿੰਦਾ। ਇਸ ਤਰ੍ਹਾਂ ਗੁਰਬਾਣੀ ਦੀ ਅਧਿਆਤਮਿਕਤਾ ਦੇ ਸੰਦਰਭ ਵਿੱਚ ਵਿਚਾਰ ਪਰਗਟ ਕਰਦਿਆਂ ਜਦੋਂ ਅਸੀਂ ਬੁੱਧੀ ਅਤੇ ਤਰਕ ਦੀ ਭੂਮਿਕਾ ਨੂੰ ਨਕਾਰਦੇ ਹੋਏ ਬਦੋ-ਬਦੀ ਗੁਰਬਾਣੀ ਨੂੰ ਰਹੱਸਮਈ ਰਚਨਾ ਦੇ ਤੌਰ ਤੇ ਪੇਸ਼ ਕਰਦੇ ਹਾਂ ਤਾਂ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਬਾਕੀ ਰਚਨਾਕਾਰਾਂ ਦੇ ਮਿਸ਼ਨ ਦੇ ਵਿਪਰੀਤ ਜਾ ਰਹੇ ਹੁੰਦੇ ਹਾਂ।

ਉੱਧਰ ਗੁਰਬਾਣੀ ਦੀ ਸਪਸ਼ਟਤਾ ਅਤੇ ਸਾਦਗੀ ਦਾ ਵਿਆਪਕ ਪਰਭਾਵ ਬ੍ਰਾਹਮਣਵਾਦੀ ਧਿਰਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ ਅਤੇ ਇਹਨਾਂ ਧਿਰਾਂ ਨੇ ਇੱਕ ਤਾਂ ਇਸ ਵਿਚਲੀਆਂ ਰਚਨਾਵਾਂ ਨੂੰ ਮੰਤਰ-ਸਮੱਗਰੀ ਦੇ ਤੌਰ ਤੇ ਪਰਚਾਰਦੇ ਹੋਏ ਇਹਨਾਂ ਦੇ ਤੋਤਾ-ਰੱਟਣ ਨੂੰ ਉਤਸਾਹਿਤ ਕਰਨ ਦੀ ਕੋਸ਼ਿਸ਼ ਅਰੰਭ ਦਿੱਤੀ ਤਾਂ ਕਿ ਆਮ ਆਦਮੀ ਗੁਰਬਾਣੀ ਦੇ ਭਾਵ ਨੂੰ ਸਮਝ ਕੇ ਜਾਗਰੂਕ ਨਾਂ ਹੋ ਜਾਵੇ ਅਤੇ ਦੂਸਰੇ ਪਾਸੇ ਇਹਨਾਂ ਹੀ ਦੋਖੀ ਧਿਰਾਂ ਨੇ ਵਿਦਵਾਨਾਂ (ਵਿਸ਼ੇਸ਼ ਕਰ ਕੇ ਉਹ ਵਿਦਵਾਨ ਜੋ ਨਿਰਮਲੇ ਵਰਗ ਨਾਲ ਸਬੰਧਤ ਸਨ) ਰਾਹੀਂ ਸਿਖ ਗੁਰੂ ਸਾਹਿਬਾਨ ਅਤੇ ਬਾਕੀ ਰਚਨਾਕਾਰਾਂ ਦੇ ਜੀਵਨ ਨੂੰ ਮਿੱਥਹਾਸ ਨਾਲ ਜੋੜਦੇ ਹੋਏ ਪਵਿੱਤਰ ਗ੍ਰੰਥ ਦੀ ਬਾਣੀ ਨੂੰ ਰਹੱਸਵਾਦੀ ਰਚਨਾ ਦੇ ਤੌਰ ਤੇ ਪੇਸ਼ ਕਰਨ ਦਾ ਰੁਝਾਨ ਪੈਦਾ ਕੀਤਾ ਤਾਂ ਕਿ ਆਮ ਆਦਮੀ ਇਸ ਦੇ ਸੰਦੇਸ਼ ਤੋਂ ਦੂਰ ਹੀ ਰਵ੍ਹੇ। ਉਨ੍ਹੀਵੀਂ ਸਦੀ ਤਕ ਦੇ ਸਿਖ ਵਿਦਵਾਨਾਂ (ਪ੍ਰੋ. ਗੁਰਮਖ ਸਿੰਘ, ਗਿਆਨੀ ਦਿੱਤ ਸਿੰਘ ਅਤੇ ਭਾਈ ਕਾਹਨ ਸਿੰਘ ਨਾਭਾ ਵਰਗਿਆਂ ਨੂੰ ਛੱਡ ਕੇ) ਦਾ ਰੁਝਾਨ ਇਸ ਪਾਸੇ ਹੀ ਰਿਹਾ ਹੈ ਕਿ ਗੁਰੂ ਸਾਹਿਬਾਨ ਨੂੰ ਅਵਤਾਰੀ ਸ਼ਖਸੀਅਤਾਂ ਬਣਾ ਕੇ ਪੇਸ਼ ਕੀਤਾ ਜਾਵੇ ਅਤੇ ਗੁਰਬਾਣੀ ਨੂੰ ਪਰਾਭੌਤਿਕ ਰੰਗਤ ਦੇ ਦਿੱਤੀ ਜਾਵੇ। ਕੁੱਝ ਐਸੇ ਸਿਖ ਵਿਚਾਰਵਾਨ ਵੀ ਹਨ ਜੋ ਇਸ ਗਲਤਫਹਿਮੀ ਦੇ ਸ਼ਿਕਾਰ ਹਨ ਕਿ ਗੁਰਬਾਣੀ ਨੂੰ ਪਰਾਲੌਕਿਕੀ ਰਚਨਾ ਨਾ ਦਰਸਾ ਕੇ ਅਤੇ ਇਸ ਨੁੰ ਸਧਾਰਨ ਮਨੁੱਖ ਦੀ ਬੁੱਧੀ ਦੇ ਪੱਧਰ ਦੀ ਸਰਲ ਰਚਨਾ ਦੇ ਤੌਰ ਤੇ ਪੇਸ਼ ਕਰ ਕੇ ਅਸੀਂ ਗੁਰਬਾਣੀ ਦਾ ਨਿਰਾਦਰ ਕਰ ਰਹੇ ਹੁੰਦੇ ਹਾਂ। ਸ਼ਾਇਦ ਅਜਿਹੀ ਸੋਚ ਹੇਠ ਹੀ ਅਜੋਕੇ ਵਿਦਵਾਨਾਂ ਵਿੱਚੋਂ ਬਹੁਤਿਆਂ ਵਿੱਚ ਗੁਰਬਾਣੀ ਦੀ ਵਿਆਖਿਆ ਕਰਦੇ ਸਮੇਂ ਇਸ ਦੇ ਵਿਸ਼ੇ-ਵਸਤੂ ਨੂੰ ਜਟਿਲ, ਗੁੰਝਲਦਾਰ ਅਤੇ ਪਰਾਲੌਕਿਕ ਬਣਾ ਕੇ ਪੇਸ਼ ਕਰਨ ਦੀ ਰੁਚੀ ਵੇਖੀ ਜਾ ਸਕਦੀ ਹੈ। ਇੱਸੇ ਕਰਕੇ ‘ਗੁਰਬਾਣੀ’, ‘ਧੁਰ ਕੀ ਬਾਣੀ’, ‘ਖਸਮ ਕੀ ਬਾਣੀ’ ਅਤੇ ‘ਸ਼ਬਦ ਗੁਰੂ’ ਵਰਗੇ ਸ਼ਬਦ-ਜੁੱਟਾਂ ਦੀ ਵਿਆਖਿਆ ਕਰਦੇ ਸਮੇਂ ਗੁਰਬਾਣੀ ਦੇ ਉਤਪਤੀ-ਕਾਂਡ (genesis) ਨੂੰ ਕੌਤਕੀ ਵਰਤਾਰੇ ਦੇ ਤੌਰ ਤੇ ਅਤੇ ਪਵਿੱਤਰ ਗ੍ਰੰਥ ਦੀ ਸਾਰੀ ਰਚਨਾ ਨੂੰ ਰਹੱਸਮਈ ਸਮੱਗਰੀ ਬਣਾ ਕੇ ਪੇਸ਼ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਸਿਖ ਸ਼ਰਧਾਲੂਆਂ ਵੱਲੋਂ ਗੁਰਬਾਣੀ ਨੂੰ ਰਹੱਸਮਈ ਰਚਨਾ ਬਣਾ ਕੇ ਪੇਸ਼ ਕਰਨ ਦਾ ਇੱਕ ਵੱਡਾ ਅਧਾਰ ਇਸ ਵਿੱਚ ਆਏ ਸ਼ਬਦ-ਰੂਪ ‘ਆਤਮ’ ਅਤੇ ‘ਆਤਮਾ’ ਨੂੰ ‘ਰੂਹ’ (soul ) ਦੇ ਅਰਥ ਦੇਣ ਨਾਲ ਘੜਿਆ ਜਾਂਦਾ ਹੈ। ਆਮ ਕਰਕੇ ਸ਼ਬਦ-ਰੂਪ ‘ਆਤਮਾ’ ਦਾ ਗੁਰਬਾਣੀ ਦੇ ਸੰਦਰਭ ਵਿੱਚ ਜ਼ਿਕਰ ਕਰਦਿਆਂ ਜੋ ਕਹਾਣੀ ਪੇਸ਼ ਕੀਤੀ ਜਾਂਦੀ ਹੈ ਉਸ ਅਨੁਸਾਰ ਮਨੱੂਖ ਦੇ ਸਰੀਰ ਅੰਦਰ ਉਸ ਦੇ ਮਨ (mind) ਦੇ ਨਾਲ-ਨਾਲ ਆਤਮਾ (soul ) ਦੀ ਹੋਂਦ ਵੀ ਮੌਜੂਦ ਹੈ ਅਤੇ ਰੱਬ (God) ਪਰਮਾਤਮਾ (ਪਰਮ+ਆਤਮਾ) ਹੈ ਭਾਵ ਸਾਰੇ ਜੀਵਾਂ ਦੀਆਂ ਆਤਮਾਵਾਂ ਤੋਂ ਉਪੱਰ ਇੱਕ ਸਰਵਸ੍ਰੇਸ਼ਟ (supreme) ਆਤਮਾ ਦੇ ਤੌਰ ਤੇ ਰੱਬ ਦੀ ਹੋਂਦ ਮੌਜੂਦ ਹੈ। ਇਸ ਕਹਾਣੀ ਰਾਹੀਂ ਆਤਮਾ ਅਤੇ ਪਰਮਾਤਮਾ ਦੇ ਆਪਸੀ ਰਿਸ਼ਤੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਜੋ ਆਤਮਾ (soul) ਮਨੁੱਖੀ ਸਰੀਰ ਵਿੱਚ ਨਿਵਾਸ ਕਰਦੀ ਹੈ ਉਹ ਮਾਇਆ ਦੇ ਪਰਭਾਵ ਹੇਠ ਆ ਕੇ ਆਪਣੇ ਮੂਲ ਸੋਮੇਂ ਭਾਵ ਪਰਮਾਤਮਾ (ਪਰਮ+ਆਤਮਾ ਭਾਵ ਪ੍ਰਭੂ) ਤੋਂ ਵਿਛੋੜੇ ਦੀ ਸਥਿਤੀ ਵਿੱਚ ਵਿਚਰਦੀ ਹੈ ਅਤੇ ਆਤਮਾ ਦੀ ਪਰਮਾਤਮਾ ਵਿੱਚ ਸਦੀਵੀ ਅਭੇਦਤਾ ਨੂੰ ਸੁਨਿਸਚਤ ਕਰਨਾ ਮਨੁੱਖੀ ਜੀਵਨ ਦਾ ਮਨੋਰਥ ਹੈ (ਜਾਂ ਹੋਣਾ ਚਾਹੀਦਾ ਹੈ) ਤਾਂ ਜੋ ਮੁਕਤੀ ਦੀ ਪਰਾਪਤੀ ਹੋ ਸਕੇ; ਮੁਕਤੀ ਪਰਾਪਤੀ ਦਾ ਮਤਲਬ ਆਵਾਗਵਣ ਦੇ ਚੱਕਰ ਤੋਂ ਛੁਟਕਾਰਾ ਵੀ ਹੋ ਸਕਦਾ ਹੈ ਅਤੇ ਸਵਰਗ ਦੇ ਝੂਟਿਆਂ ਦੀ ਪਰਾਪਤੀ ਵੀ। ਬਹੁਤੇ ਵਿਚਾਰਵਾਨ ਸਿਖ ਮੱਤ ਦੀ ਅਧਿਆਤਮਿਕਤਾ ਦੇ ਸੰਦਰਭ ਵਿੱਚ ਉਪਰੋਕਤ ਸਥਿਤੀ ਦੀ ਹੋਂਦ ਨੂੰ ਹੀ ਸਵੀਕਾਰਦੇ ਹਨ। ਕੁੱਝ ਸਿਖ ਵਿਚਾਰਵਾਨ ਮਨੁੱਖੀ ਆਤਮਾ ( soul) ਨੂੰ ਪਰਮਾਤਮਾ (ਪਰਮ+ਆਤਮਾ ਭਾਵ ਪ੍ਰਭੂ) ਦਾ ਇੱਕ ਅੰਗ ਹਪਣ ਦਾ ਦਾਵਾ ਕਰਦੇ ਹੋਏ ਇਸ ਦਾ ਵਿਕਾਰਾਂ ਤੋਂ ਛੁਟਕਾਰਾ ਸੁਨਿਸਚਤ ਕਰ ਲੈਣ ਨੂੰ ਹੀ ਆਤਮਾ ਅਤੇ ਪਰਮਾਤਮਾ ਦੇ ਆਪਸੀ ਸਬੰਧ ਦੀ ਅਨੁਭੂਤੀ ਮੰਨਦੇ ਹਨ ਅਤੇ, ਉਹਨਾਂ ਅਨੁਸਾਰ, ਇਹ ਅਨੁਭੂਤੀ ਮੁਕਤੀ ਦੀ ਪਰਾਪਤੀ ਦਾ ਸਾਧਨ ਬਣ ਜਾਂਦੀ ਹੈ। ਅੱਗੇ ਜਾ ਕੇ ਅਸੀਂ ਵੇਖਾਂਗੇ ਕਿ ਆਤਮਾ-ਪਰਮਾਤਮਾ ਸਬੰਧੀ ਸਿਖ ਮਾਨਸਿਕਤਾ ਵਿੱਚ ਘਰ ਕਰ ਚੁੱਕੀਆਂ ਉਪਰੋਕਤ ਧਾਰਨਾਵਾਂ ਗੁਰਮੱਤ ਦੀ ਭਾਵਨਾ ਦੇ ਬਿਲਕੁਲ ਵਿਪਰੀਤ ਜਾਂਦੀਆਂ ਹਨ।

ਸਿਖ ਮੱਤ ਵਿਚਲੀ ਅਧਿਆਤਮਿਕਤਾ ਦੀ ਗੱਲ ਕਰਨ ਤੋਂ ਪਹਿਲਾਂ, ਅਗਲੇ ਹਿੱਸੇ ਵਿਚ, ਅਸੀਂ ਤੁਲਨਾਤਮਕ ਅਧਿਐਨ ਕਰਨ ਹਿਤ ਸੰਸਾਰ ਦੇ ਕੁੱਝ ਹੋਰ ਪਰਮੁੱਖ ਧਰਮਾਂ ਦੀ ਸਥਿਤੀ ਸਬੰਧੀ ਵਿਚਾਰ ਕਰਾਂਗੇ।

ਬੁੱਧ ਮੱਤ ਵਿੱਚ ਰੱਬ (God) ਜਾਂ ਦੈਵੀ ਸ਼ਕਤੀ ਦੇ ਕਿਸੇ ਹੋਰ ਰੂਪ ਨੂੰ ਮਾਨਤਾ ਨਹੀਂ ਦਿੱਤੀ ਗਈ ਹੋਈ ਅਤੇ ਨਾ ਹੀ ਇਸ ਮੱਤ ਵਿੱਚ ਆਤਮਾ ਭਾਵ ‘ਰੂਹ’ (soul) ਦੇ ਸੰਕਲਪ ਨੂੰ ਮਾਨਤਾ ਪਰਾਪਤ ਹੈ। ਬੁੱਧ ਮੱਤ ਕੇਵਲ ਮਨੁੱਖੀ ਸਵੈ (self) ਨੂੰ ਕੇਂਦਰ-ਬਿੰਦੂ ਤੇ ਰੱਖਦੇ ਹੋਏ ਮਨੁੱਖੀ ਜੀਵਨ ਦਾ ਨਿਸ਼ਾਨਾ ਨਿਰਵਾਣ (ਦੁੱਖ ਅਤੇ ਇਸ ਦੇ ਕਾਰਨਾਂ ਤੋਂ ਛੁਟਕਾਰਾ) ਨੂੰ ਮਿਥਦਾ ਹੈ। ਫਿਰ ਵੀ ਇਸ ਮੱਤ ਵਿੱਚ ਆਵਾਗਵਣ ਅਤੇ ਸਵਰਗ-ਨਰਕ ਨੂੰ ਮਾਨਤਾ ਪਰਾਪਤ ਹੈ।

ਜੈਨ ਮੱਤ ਆਤਮਾ ਦੀ ਹੋਂਦ ਨੂੰ ਤਾਂ ਮੰਨਦਾ ਹੈ, ਉਹ ਵੀ ਮਨੁੱਖ ਦੇ ਨਾਲ-ਨਾਲ ਬਾਕੀ ਸਾਰੇ ਵਰਗਾਂ ਦੇ ਜੀਵਾਂ ਵਿੱਚ ਪਰੰਤੂ ਇਹ ਮੱਤ ‘ਪਰਮ ਆਤਮਾ’ ਦੇ ਤੌਰ ਤੇ ਕਿਸੇ ਦੈਵੀ ਸ਼ਕਤੀ ਜਾਂ ਪ੍ਰਭੂ ਦੀ ਹੋਂਦ ਨੂੰ ਨਹੀਂ ਮੰਨਦਾ। ਜੈਨ ਮੱਤ ਵਿੱਚ ਦੁਨਿਆਵੀ ਕਰਮਾਂ ਦੇ ਬੰਧਨ ਨੂੰ ਤਿਆਗਦੇ ਹੋਏ ਮਨੁੱਖੀ ਆਤਮਾ ਵਿੱਚ ਹੀ ਦੈਵੀ ਗੁਣ ਪੈਦਾ ਕਰ ਕੇ ਪਰਾਪਤ ਕੀਤੀ ‘ਸਿੱਧ’ ਅਵਸਥਾ ਨੂੰ ਮੁਕਤੀ ਮੰਨ ਲਿਆ ਜਾਂਦਾ ਹੈ। ਜੈਨ ਮੱਤ ਵਿੱਚ ਆਵਾਗਵਣ ਨੂੰ ਮਾਨਤਾ ਪਰਾਪਤ ਹੈ ਪਰੰਤੂ ਸਵਰਗ-ਨਰਕ ਨੂੰ ਨਹੀਂ।

ਯਹੂਦੀ ਮੱਤ, ਇਸਾਈ ਮੱਤ ਅਤੇ ਇਸਲਾਮ ਤਿੰਨੇਂ ਹੀ ਅਬਰਾਹਮੀ ਮੱਤ ਅਖਵਾਉਂਦੇ ਹਨ (ਤਿੰਨਾਂ ਹੀ ਮੱਤਾਂ ਵਿੱਚ ਪੈਗੰਬਰ ਦੇ ਤੌਰ ਤੇ ਅਬਰਾਹਮ ਦਾ ਸਭ ਤੋਂ ਪਹਿਲਾ ਸਥਾਨ ਹੋਣ ਕਰ ਕੇ)। ਇਹਨਾਂ ਤਿੰਨੇਂ ਮੱਤਾਂ ਵਿੱਚ ਇੱਕ ਰੱਬ ਦੀ ਹੋਂਦ ਦਾ ਸੰਕਲਪ ਮੌਜੂਦ ਹੈ ਅਤੇ ਕਿਸੇ ਦੇਵੀ-ਦੇਵਤੇ ਨੂੰ ਮਾਨਤਾ ਨਹੀਂ ਦਿੱਤੀ ਗਈ। ਇਹਨਾਂ ਤਿੰਨਾਂ ਮੱਤਾਂ ਅਨੁਸਾਰ ਰੱਬ ਸ਼ਖਸੀ (personal) ਰੂਪ ਵਿੱਚ ਮੌਜੂਦ ਹੈ ਭਾਵੇਂ ਕਿ ਉਸ ਦੀ ਹੋਂਦ ਦੇ ਸਰੂਪ ਨੂੰ ਕਿਆਸਿਆ ਨਹੀਂ ਜਾ ਸਕਦਾ ਅਤੇ ਉਹ ਪੈਗੰਬਰਾਂ (prophets) ਅਤੇ ਫਰਿਸ਼ਤਿਆਂ (angels) ਰਾਹੀਂ ਆਪਣੀ ਹੋਂਦ ਨੂੰ ਵਿਅਕਤ ਕਰਦਾ ਰਹਿੰਦਾ ਹੈ। ਇਹਨਾਂ ਤਿੰਨੇਂ ਮੱਤਾਂ ਵਿੱਚ ਮਨੁੱਖੀ ਆਤਮਾ (soul) ਦੇ ਸੰਕਲਪ ਨੂੰ ਵੀ ਮਾਨਤਾ ਪਰਾਪਤ ਹੈ ਅਤੇ ਰੱਬ ਦੇ ਸਰਵਸ੍ਰੇਸ਼ਟ ਆਤਮਾ (supreme soul) ਹੋਣ ਦੇ ਸੰਕਲਪ ਨੂੰ ਵੀ। ਇਹਨਾਂ ਮੱਤਾਂ ਅਨੁਸਾਰ ਕਿਆਮਤ ਦਾ ਦਿਨ (Day of Judgment) ਆਉਣ ਤੇ ਸਾਰੇ ਜੀਵ (ਜਿਉਂਦੇ ਅਤੇ ਮਰ ਚੁੱਕੇ ਹੋਏ) ਰੱਬ ਦੇ ਫੈਸਲੇ ਅਨੁਸਾਰ ਨਰਕ ਦੀ ਸਜ਼ਾ, ਸਵਰਗ ਦਾ ਸੁਖ ਜਾਂ ਪੁਨਰ-ਜੀਵਨ ਪਰਾਪਤ ਕਰਨਗੇ। ਇਸਾਈ ਮੱਤ ਦਾ ਬਾਕੀ ਦੋ ਅਬਰਾਹਮੀ ਮੱਤਾਂ ਨਾਲੋਂ ਫਰਕ ਇਹ ਹੈ ਕਿ ਇੱਥੇ ਈਸਾ ਮਸੀਹ ਨੂੰ ਪੈਗੰਬਰ ਵੀ ਮੰਨਿਆਂ ਜਾਂਦਾ ਹੈ ਅਤੇ ਦੇਵ-ਰੂਪ ਵੀ ਕਿਉਂਕਿ ਈਸਾ ਨੂੰ ਰੱਬ ਦੇ ਪੁੱਤਰ ਦੇ ਤੌਰ ਤੇ ਕਿਆਸਿਆ ਗਿਆ ਹੋਣ ਕਰ ਕੇ ਉਹ ਰੱਬ ਦੇ ਤ੍ਰਿਕੁਟੀ ਰੂਪ (trinity) ਦਾ ਹਿੱਸਾ ਵੀ ਹੈ।

ਜ਼ਰਤੁਸ਼ਤ ਮੱਤ (ਪਾਰਸੀਆਂ ਦਾ ਮੱਤ) ਉਪਰੋਕਤ ਅਬਰਾਹਮੀ ਮੱਤਾਂ ਦਾ ਮੁੱਢ ਮੰਨਿਆਂ ਜਾਂਦਾ ਹੈ ਅਤੇ ਕਿਆਮਤ ਦੇ ਦਿਨ ਅਤੇ ਫਰਿਸ਼ਤਿਆਂ ਦੇ ਸੰਕਲਪ ਇੱਸੇ ਮੱਤ ਦੇ ਦਿੱਤੇ ਹੋਏ ਹਨ। ਜ਼ਾਹਰ ਹੈ ਕਿ ਇਹ ਮੱਤ ਮਨੁੱਖੀ ਆਤਮਾ ਨੂੰ ਅਤੇ ਸਰਵਸ੍ਰੇਸ਼ਟ ਸ਼ਖਸੀ ਆਤਮਾ (ਇੱਕੋ-ਇਕ ਦੈਵੀ ਸ਼ਕਤੀ ਜਿਸ ਨੂੰ ਅਹੂਰਾ-ਮਾਜ਼ਦਾ ਦਾ ਨਾਮ ਦਿੱਤਾ ਜਾਂਦਾ ਹੈ) ਨੂੰ ਮਾਨਤਾ ਪਰਦਾਨ ਕਰਦਾ ਹੈ।

ਹਿੰਦੂ ਮੱਤ ਵਿੱਚ ਅਧਿਆਤਮਕਤਾ ਦੇ ਪੱਖੋਂ ਦਵੈਤ ਅਤੇ ਅਦਵੈਤ ਦੇ ਦੋ ਸੰਕਲਪ ਪਰਚਲਤ ਹਨ। ਅਦਵੈਤ ਦੀ ਧਾਰਨਾ ਅਨੁਸਾਰ ਆਤਮਾ (soul) ਮਨੁੱਖ ਦਾ ਅਸਲੀ ਸਵੈ (self) ਹੈ ਜੋ ਅੱਗੇ ਸਰਵਸ੍ਰੇਸ਼ਟ-ਆਤਮਾ (supreme soul) ਬ੍ਰਹਮ ਦਾ ਅੰਸ਼ ਹੈ। ਮਨੁੱਖੀ ਆਤਮਾ (soul) ਨੂੰ ਅਮਰ ਗਿਣਿਆਂ ਜਾਂਦਾ ਹੈ ਅਤੇ ਸਰਵਸ੍ਰੇਸ਼ਟ-ਆਤਮਾ ਨੂੰ ‘ਪਰਮਾਤਮਾ’ ਦਾ ਨਾਮ ਵੀ ਦੇ ਦਿੱਤਾ ਜਾਂਦਾ ਹੈ। ਇਸ ਧਾਰਨਾ ਅਨੁਸਾਰ ਜਿੰਨਾਂ ਚਿਰ ਆਤਮਾ ਮਾਇਆ ਦੇ ਪਰਭਾਵ ਹੇਠ ਰਹਿੰਦੀ ਹੈ ਉਹ ਆਪਣੇ ਅਤੇ ਪਰਮਾਤਮਾ ਵਿਚਲੇ ਸਬੰਧ ਨੂੰ ਨਹੀਂ ਪਛਾਣਦੀ। ਮਾਇਆ ਦੇ ਪਰਭਾਵ ਤੋਂ ਛੁਟਕਾਰਾ ਪਾ ਲੈਣ ਨਾਲ ਆਤਮਾ ਅਤੇ ਸਰਵਸ੍ਰੇਸ਼ਟ-ਆਤਮਾ ਵਿਚਲੇ ਸਬੰਧ ਦੀ ਪਛਾਣ ਹੋ ਜਾਂਦੀ ਹੈ ਅਤੇ ਇਸ ਅਨੁਭੂਤੀ ਨੂੰ ਮੁਕਤੀ ਦੀ ਪਰਾਪਤੀ ਦਾ ਨਾਮ ਦਿੱਤਾ ਜਾਂਦਾ ਹੈ। ਮੁਕਤੀ ਦੀ ਪਰਾਪਤੀ ਤੋਂ ਖੁੰਝ ਜਾਣ ਤੇ ਮਨੁੱਖ ਦੇ ਜੰਮਣ-ਮਰਨ ਭਾਵ ਆਵਾਗਵਣ ਦਾ ਚੱਕਰ ਚੱਲਦਾ ਰਹਿੰਦਾ ਹੈ ਅਤੇ ਮਨੁੱਖ ਵਾਰ-ਵਾਰ ਸੰਸਾਰਕ ਜੀਵਨ ਦੇ ਦੁੱਖ ਭੋਗਦਾ ਰਹਿੰਦਾ ਹੈ। ਇਸ ਤਰ੍ਹਾਂ ਅਦਵੈਤ ਦੀ ਧਾਰਨਾ ਵਿੱਚ ਪ੍ਰਭੂ ਦਾ ਨਿਰਗੁਣ ਸਰੂਪ ਹੀ ਉਘੜਦਾ ਹੈ ਅਤੇ ਉਸ ਦੀ ਸ਼ਖਸੀ ਹੋਂਦ ਕਿਆਸੀ ਨਹੀਂ ਗਈ ਹੋਈ। ਦਵੈਤ ਵਾਲੇ ਪਾਸੇ ਪ੍ਰਭੂ ਦੀ ਸ਼ਖਸੀ ਹੋਂਦ ਨੂੰ ਮਾਨਤਾ ਹੈ ਪਰੰਤੂ ਇਕਹਰੇ ਰੂਪ ਵਿੱਚ ਨਹੀਂ। ਇੱਥੇ ਪ੍ਰਭੂ ਨੂੰ ਤਿੰਨ ਦੇਵਤਿਆਂ -- ਬ੍ਰਹਮਾਂ, ਵਿਸ਼ਨੂੰ ਅਤੇ ਮਹੇਸ਼ -- ਦੇ ਸੁਮੇਲ ਦੇ ਤੌਰ ਤੇ ਕਿਆਸਿਆ ਜਾਂਦਾ ਹੈ ਜਿਹਨਾਂ ਵਿੱਚੋਂ ਬ੍ਰਹਮਾਂ ਸ੍ਰਿਸ਼ਟੀ ਦਾ ਰਚਨਾਕਾਰ ਹੈ, ਵਿਸ਼ਨੂੰ ਸ੍ਰਿਸ਼ਟੀ ਦਾ ਪਾਲਣਹਾਰ ਹੈ ਅਤੇ ਮਹੇਸ਼ ਸ੍ਰਿਸ਼ਟੀ ਦੇ ਬਦਲਾਓ ਅਤੇ ਵਿਨਾਸ਼ ਦਾ ਕਾਰਜ ਕਰਦਾ ਹੈ। ਹਿੰਦੂ ਭਾਈਚਾਰੇ ਦੇ ਅੱਡ-ਅੱਡ ਫਿਰਕੇ ਪ੍ਰਭੂ ਨੂੰ ਇਹਨਾਂ ਤਿੰਨ ਦੇਵਤਿਆਂ ਵਿੱਚੋਂ ਕਿਸੇ ਇੱਕ ਦੇ ਤੌਰ ਤੇ ਵੀ ਕਿਆਸ ਲੈਂਦੇ ਹਨ। ਇਹਨਾਂ ਤਿੰਨ ਦੇਵਤਿਆ ਵਿੱਚੋਂ ਵਿਸ਼ਨੂੰ ਮਨੁੱਖੀ ਰੂਪ ਧਾਰ ਕੇ ਧਰਤੀ ਉਤਲੇ ਦੁਸ਼ਟਾਂ ਨੂੰ ਸੋਧਣ ਅਤੇ ਪਾਪਾਂ ਦਾ ਨਾਸ ਕਰਨ ਹਿਤ ਅਵਤਾਰ ਦੇ ਤੌਰ ਤੇ ਪਰਗਟ ਹੁੰਦਾ ਰਹਿੰਦਾ ਹੈ। ਹੁਣ ਤਕ ਵਿਸ਼ਨੂੰ ਦੇ ਨੌਂ ਅਵਤਾਰ ਹੋਏ ਮੰਨੇਂ ਜਾਂਦੇ ਹਨ: ਮੱਛ, ਕੂਰਮਾ, ਵਰ੍ਹਾ, ਨਰਸਿਮ੍ਹਾ, ਵਮਨ, ਪਰਸੂਰਾਮ, ਰਾਮ, ਕ੍ਰਿਸ਼ਨ, ਬਲਰਾਮ (ਜਾਂ ਬੁੱਧ), ਅਤੇ ਇਹਨਾਂ ਤੋਂ ਅਗਲਾ ਭਾਵ ਦਸਵਾਂ ਅਵਤਾਰ ਕਲਯੁਗ ਦਾ ਕਾਲਕੀ ਹੋਵੇਗਾ ਜਿਸ ਨੇ ਹਾਲੇ ਪਰਗਟ ਹੋਣਾ ਹੈ। ਹਿੰਦੂ ਮੱਤ ਵਿੱਚ ਇਹਨਾਂ ਤਿੰਨ ਦੇਵਤਿਆ ਤੋਂ ਇਲਾਵਾ ਹੋਰ ਵੀ ਅਣਗਿਣਤ ਦੇਵੀ-ਦੇਵਤੇ ਹਨ ਜਿਹਨਾਂ ਦੀ ਗਿਣਤੀ ਤੇਤੀ ਕਰੋੜ ਤਕ ਮੰਨੀਂ ਜਾਂਦੀ ਹੈ। ਹਿੰਦੂ ਮੱਤ ਦੀ ਦਵੈਤ ਵਾਲੀ ਧਾਰਨਾ ਅਨੁਸਾਰ ਜੇਕਰ ਮਨੁੱਖ ਵਿਕਾਰਾਂ ਅਤੇ ਦੇ ਵੱਸ ਪੈ ਕੇ ਆਪਣੇ ਜੀਵਨ ਵਿੱਚ ਬੁਰੇ ਕੰਮ ਕਰਦਾ ਹੈ ਤਾਂ ਇਸ ਦੀ ਸਜ਼ਾ ਭੁਗਤਣ ਹਿਤ ਉਸ ਦਾ ਪੁਨਰ-ਜਨਮ ਹੁੰਦਾ ਹੈ ਜਿਸ ਵਿੱਚ ਉਸ ਨੂੰ ਸੰਸਾਰਕ ਜੀਵਨ ਦੇ ਦੁੱਖ ਫਿਰ ਤੋਂ ਭੋਗਣੇ ਪੈਂਦੇ ਹਨ (ਭਾਵ ਆਤਮਾ ਨਵੇਂ ਸਰੀਰ ਵਿੱਚ ਪਰਗਟ ਹੋ ਜਾਂਦੀ ਹੈ)। ਜੇਕਰ ਮਨੁੱਖ ਚੰਗੇ ਕੰਮ ਅਤੇ ਦਾਨ-ਪੁੰਨ ਕਰ ਕੇ ਪਿਛਲੇ ਪਾਪ ਧੋ ਲਵੇ ਅਤੇ ਮਿਲੇ ਹੋਏ ਜਨਮ ਨੂੰ ਸਫਲਾ ਕਰ ਲਵੇ ਤਾਂ ਮਰਨ ਉਪਰੰਤ ਆਤਮਾ ਪ੍ਰਭੂ ਵਿੱਚ ਵਿਲੀਨ ਹੋ ਜਾਂਦੀ ਹੈ ਅਤੇ ਮਨੁੱਖ ਨੂੰ ਮੁਕਤੀ ਪਰਾਪਤ ਹੋ ਜਾਂਦੀ ਹੈ ਭਾਵ ਉਹ ਜੰਮਣ-ਮਰਨ ਦੀ ਪ੍ਰੀਕਿਰਿਆ ਤੋਂ ਅਜ਼ਾਦ ਹੋ ਜਾਂਦਾ ਹੈ। ਮਨੁੱਖੀ ਜਾਮੇ ਵਿੱਚ ਕੀਤੀ ਕਠਿਨ ਤਪੱਸਿਆ ਅਤੇ ਸੱਚੀ ਪ੍ਰਭੂ-ਭਗਤੀ ਰਾਹੀਂ ਮਰਨ ਬਾਦ ਸਵਰਗ ਦੀ ਪਰਾਪਤੀ ਵੀ ਹੋ ਸਕਦੀ ਹੈ ਅਤੇ ਮਨੁੱਖੀ ਜੀਵਨ ਵਿੱਚ ਕੀਤੇ ਪਾਪਾਂ ਦੇ ਅਧਾਰ ਤੇ ਨਰਕ ਵੀ ਭੋਗਣਾ ਪੈ ਸਕਦਾ ਹੈ।

ਸਿਖ ਮੱਤ ਦੀ ਗੱਲ ਕਰਦਿਆਂ ਅਸੀਂ ਪਹਿਲੀ ਗੱਲ ਇਹ ਵੇਖਾਂਗੇ ਕਿ ਗੁਰਬਾਣੀ ‘ਆਤਮਾ’ ਨੂੰ ਰੂਹ (soul) ਦੇ ਤੌਰ ਤੇ ਮਾਨਤਾ ਨਹੀਂ ਦਿੰਦੀ। ਸਿਖ ਮੱਤ ਵੀ ਬੁੱਧ ਮੱਤ ਵਾਂਗ ਮਨੁੱਖੀ ਸਵੈ (self) ਨੂੰ ਕੇਂਦਰੀ ਬਿੰਦੂ ਤੇ ਰੱਖਦਾ ਹੈ ਅਤੇ ‘ਆਤਮਾ’, ਰੂਹ (soul) ਦੇ ਤੌਰ ਤੇ, ਮਨੁੱਖੀ ਸਵੈ ਦਾ ਹਿੱਸਾ ਨਹੀਂ ਬਣਦੀ। ਉਧਰ ਸਿੱਖ ਮੱਤ ਦਾ ਬੁੱਧ ਮੱਤ ਅਤੇ ਜੈਨ ਮੱਤ ਨਾਲੋਂ ਅੰਤਰ ਇਹ ਹੈ ਕਿ ਗੁਰਬਾਣੀ ਬਾਕੀ ਦੇ ਪਰਮੁੱਖ ਧਰਮਾਂ ਵਾਂਗ ਪ੍ਰਭੂ ਦੀ ਹੋਂਦ ਨੂੰ ਸਵੀਕਾਰਦੀ ਹੈ ਜਦ ਕਿ ਬੁੱਧ ਮੱਤ ਅਤੇ ਜੈਨ ਮੱਤ ਵਿੱਚ ਪ੍ਰਭੂ ਦੀ ਹੋਂਦ ਦੀ ਮਾਨਤਾ ਨਹੀਂ। ਗੁਰਬਾਣੀ ਪੁਨਰ-ਜਨਮ ਅਤੇ ਆਵਾਗਵਣ ਨੂੰ ਵੀ ਮਾਨਤਾ ਨਹੀਂ ਦਿੰਦੀ ਜਦ ਕਿ ਬਾਕੀ ਸਾਰੇ ਪਰਮੁੱਖ ਧਰਮਾਂ ਵਿੱਚ ਪੁਨਰ-ਜਨਮ ਅਤੇ ਆਵਾਗਵਣ ਨੂੰ ਸਵੀਕਾਰਿਆ ਗਿਆ ਹੈ। ਗੁਰਬਾਣੀ ਜ਼ਰਤੁਸ਼ਤ ਮੱਤ ਅਤੇ ਅਬਰਾਹਮੀ ਧਰਮਾਂ (ਯਹੂਦੀ ਮੱਤ, ਇਸਾਈ ਮੱਤ ਅਤੇ ਇਸਲਾਮ) ਵਿਚਲੇ ਇੱਕ ਰੱਬ ਦੇ ਸੰਕਲਪ ਨੂੰ ਤਾਂ ਸਵੀਕਾਰਦੀ ਹੈ ਪਰੰਤੂ ਗੁਰਬਾਣੀ ਦੇਵੀ-ਦੇਵਤੇ, ਫਰਿਸ਼ਤੇ, ਅਵਤਾਰ ਜਾਂ ਪੈਗੰਬਰ ਦੀ ਹੋਂਦ ਨੂੰ ਨਹੀਂ ਮੰਨਦੀ। ਗੁਰਬਾਣੀ ਵਿੱਚ ਰੱਬ ਦੇ ਨਿਰਗੁਣ ਰੂਪ ਨੂੰ ਵੀ ਮਾਨਤਾ ਹੈ ਅਤੇ ਸਰਗੁਣ ਰੂਪ ਨੂੰ ਵੀ ਪਰੰਤੂ ਗੁਰਬਾਣੀ ਪ੍ਰਭੂ ਨੂੰ ਨਿਰੰਕਾਰ ਮੰਨਦੀ ਹੈ ਅਤੇ ਪ੍ਰਭੂ ਦੇ ਸ਼ਖਸੀ (personal ) ਰੂਪ ਵਿੱਚ ਹੋਣ ਦੇ ਸੰਕਲਪ ਨੂੰ ਮਾਨਤਾ ਨਹੀਂ ਦਿੰਦੀ। ਗੁਰਬਾਣੀ ਦਾ ਆਪਣਾ ਸਿਧਾਂਤ ਭਾਵੇਂ ਅਦਵੈਤ ਵਾਲਾ ਹੈ ਪਰੰਤੂ ਗੁਰਬਾਣੀ ਦਾ ਇਹ ਸਿਧਾਂਤ ਹਿੰਦੂ ਮੱਤ ਦੇ ਅਦਵੈਤ ਦੇ ਸਿਧਾਂਤ ਨਾਲੋਂ ਮੂਲੋਂ ਹੀ ਭਿੰਨ ਹੈ। ਅਜਿਹਾ ਦੋ ਕਾਰਨਾਂ ਕਰ ਕੇ ਹੈ: ਇੱਕ ਤਾਂ ਗੁਰਬਾਣੀ ਵਿੱਚ ‘ਆਤਮਾ’ ਨੂੰ ਰੂਹ (soul) ਦੇ ਤੌਰ ਤੇ ਮਾਨਤਾ ਨਾ ਦਿੱਤੀ ਹੋਣ ਕਰਕੇ ਅਤੇ ਦੂਸਰਾ ਗੁਰਬਾਣੀ ਵਿੱਚ ਰੱਬ ਦੀ ਹੋਂਦ ਨੂੰ ‘ਪਰਮ ਆਤਮਾ’ (supreme soul) ਦੇ ਤੌਰ ਤੇ ਨਾ ਕਿਆਸਿਆ ਗਿਆ ਹੋਣ ਕਰ ਕੇ। ਗੁਰਬਾਣੀ ਦਾ ਅਦਵੈਤ ਦਾ ਸਿਧਾਂਤ ਆਪਣੀ ਕਿਸਮ ਦਾ ਹੈ ਅਤੇ ਇਹ ਇਸ ਤਰ੍ਹਾਂ ਹੈ: ਮਨੁੱਖ ਦੇ ਆਪੇ (self) ਨੂੰ ਵਡੇਰੇ-ਆਪੇ (the greater or senior self) ਭਾਵ ਪ੍ਰਭੂ-ਪਰਮੇਸ਼ਵਰ ਦੇ ਇੱਕ ਅੰਸ਼ ਦੇ ਤੌਰ ਤੇ ਕਿਆਸਣਾ। ਗੁਰਬਾਣੀ ਹਿੰਦੂ ਮੱਤ ਦੇ ਦਵੈਤ ਦੇ ਸਿਧਾਂਤ ਨੂੰ ਵੀ ਮੁੱਢੋਂ ਹੀ ਨਕਾਰਦੀ ਹੈ ਕਿਉਂਕਿ ਗੁਰਬਾਣੀ ਬ੍ਰਹਮਾਂ, ਵਿਸ਼ਨੂੰ ਮਹੇਸ਼ ਦੀ ਤਿੱਕੜੀ ਜਾਂ ਕਿਸੇ ਹੋਰ ਦੇਵੀ-ਦੇਵਤੇ, ਅਵਤਾਰ ਜਾਂ ਪੈਗੰਬਰ ਨੂੰ ਕੋਈ ਮਾਨਤਾ ਪਰਦਾਨ ਨਹੀਂ ਕਰਦੀ। ਗੁਰਮੱਤ ਸਵਰਗ-ਨਰਕ ਦੇ ਸੰਕਲਪ ਨੂੰ ਵੀ ਸਵੀਕਾਰ ਨਹੀਂ ਕਰਦੀ। ਸਿਖ ਮੱਤ ਦੀ ਅਧਿਆਤਮਿਕਤਾ ਬਾਰੇ ਵਿਚਾਰ ਕਰਦਿਆਂ ਇਹ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਗੁਰਮੱਤ ਵਿੱਚ ਦਸ ਗੁਰੂ ਸਾਹਿਬਾਨ ਤੱਕ ਸ਼ਖਸੀ ਗੁਰੂ ਦੀ ਮਾਨਤਾ ਰਹੀ ਹੈ ਅਤੇ ਗੁਰੂ ਦਾ ਇਹ ਰੁਤਬਾ ਅਵਤਾਰ ਜਾਂ ਪੈਗੰਬਰ ਦਾ ਨਹੀਂ ਰਿਹਾ। ਸਿਖ ਮੱਤ ਦਾ ਸ਼ਖਸੀ ਗੁਰੂ (ਕੇਵਲ ਦੱਸਵੇਂ ਗੁਰੂ ਤੱਕ) ਇੱਕ ਐਸਾ ਰਹਿਬਰ ਸੀ ਜੋ ਆਦਰਸ਼ਕ ਜੀਵਨ ਦਾ ਨਮੂਨਾ ਪਰਦਾਨ ਕਰਦੇ ਹੋਏ ਗੁਰਬਾਣੀ (ਸ਼ਬਦ) ਦਾ ਭਾਵ ਸਮਝਾਉਣ, ਮਨੁੱਖ ਨੂੰ ਆਪਣੇ ਆਪੇ ਨੂੰ ਜਾਣਨ ਅਤੇ ਮਨੁੱਖ ਦੇ ਪਭੂ ਨਾਲ ਜੁੜਨ ਦੇ ਕਾਰਜ ਵਿੱਚ ਲੋੜੀਂਦੀ ਅਗਵਾਈ ਪਰਦਾਨ ਕਰਦਾ ਸੀ। ਪਰੰਤੂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖਸੀ ਗੁਰੂ ਦੀ ਪ੍ਰਥਾ ਨੂੰ ਸਮਾਪਤ ਕਰਦੇ ਹੋਏ ਪਵਿੱਤਰ ਗ੍ਰੰਥ ਵਿੱਚ ਸ਼ਾਮਲ ਗੁਰਬਾਣੀ ਦੇ ਸੰਦੇਸ਼/ਉਪਦੇਸ਼ ਨੂੰ ਹੀ ਗਿਆਰ੍ਹਵਾਂ ਅਤੇ ਸਦੀਵੀ ਗੁਰੂ ਸਥਾਪਤ ਕਰ ਦਿੱਤਾ ਸੀ। ਇਸ ਦਾ ਭਾਵ ਇਹ ਹੈ ਕਿ ਇੱਕ ਸਿਖ ਸ਼ਰਧਾਲੂ ਨੇ ਸ਼ਖਸੀ ਗੁਰੂ ਦੀ ਗੈਰਮੌਜੂਦਗੀ ਵਿੱਚ ਆਪਣੀ ਜੀਵਨ-ਜਾਚ ਨੂੰ ਗੁਰਬਾਣੀ ਦੀਆਂ ਸਿਖਿਆਵਾਂ ਅਨੁਸਾਰ ਢਾਲਦੇ ਹੋਏ ਆਪਣੀ ਅਧਿਆਤਮਿਕ ਪਰਾਪਤੀ ਨੂੰ ਯਕੀਨੀ ਬਣਾਉਣਾ ਹੁੰਦਾ ਹੈ।

ਉਪਰੋਕਤ ਵਿਸ਼ਲੇਸ਼ਣ ਨੂੰ ਸਾਹਮਣੇ ਰੱਖਦਿਆਂ ਸਿੱਖ ਮੱਤ ਦੀ ਅਧਿਆਤਮਿਕਤਾ ਦੇ ਕੁੱਝ ਵਿਸ਼ੇਸ਼ ਪਹਿਲੂਆਂ ਬਾਰੇ ਵਿਚਾਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਸ ਸਬੰਧੀ ਵਿਸਥਾਰ ਅਗਲੇ ਭਾਗ ਵਿੱਚ ਦਿੱਤਾ ਜਾ ਰਿਹਾ ਹੈ।

(ਚਲਦਾ)

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।
.