.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 11)

‘ਮਹਿਮਾ ਪ੍ਰਕਾਸ਼ ਵਾਰਤਕ’ ਵਾਂਗ ਸਰੂਪ ਦਾਸ ਭੱਲਾ ਵੀ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਭਾਈ ਬਲਵੰਡ ਜੀ ਵਲੋਂ ਨਿਤਾ-ਪ੍ਰਤਿ ਕੀਰਤਨ ਕਰਨ ਦਾ ਵਰਣਨ ਕਰਦਾ ਹੈ। ਗੁਰੂ ਅੰਗਦ ਸਾਹਿਬ ਭਾਈ ਬਲਵੰਡ ਜੀ ਦਾ ਬਹੁਤ ਮਾਣ ਸਨਮਾਨ ਕਰਦੇ ਹਨ। ਲੇਖਕ ਦੇ ਸ਼ਬਦਾਂ ਵਿਚ:
ਅੜਲ
“ਬਲਵੰਤ ਰਬਾਬੀ ਸਤਿਗੁਰ ਕੇ ਸਨਮੁਖ ਬਹੇ। ਚੌਕੀ ਸਬਦ ਸੁਨਾਇ ਸਦਾ ਸੁਖ ਮੋ ਰਹੇ। ਗੁਰੂ ਬਾਬੇ ਕਹੀ ਸੁ ਪਾਸ ਇਸੇ ਇਮ ਰਾਖੀਏ। ਹੋ ਜਿਮ ਦਾਂਤਨ ਮੋ ਜੀਭ ਵਚਨ ਸਭ ਭਾਖੀਏ। ੨।”
ਭਾਵ: ਭਾਈ ਬਲਵੰਡ ਰਬਾਬੀ ਗੁਰੂ ਅੰਗਦ ਸਾਹਿਬ ਦੇ ਸਨਮੁਖ ਬੈਠ ਕੇ ਸ਼ਬਦ ਦਾ ਗਾਇਣ ਕਰਕੇ ਸਦਾ ਸੁਖ ਸਹਿਤ ਰਹਿ ਰਹੇ ਹਨ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਕਿਹਾ ਸੀ ਕਿ ਭਾਈ ਬਲਵੰਡ ਨੂੰ ਇਸ ਤਰ੍ਹਾਂ ਰੱਖਣਾ ਜਿਵੇਂ ਦੰਦਾਂ ਵਿੱਚ ਜੀਭ ਰਹਿ ਕੇ ਸਾਰਿਆਂ ਨਾਲ ਬਚਨ ਬਿਲਾਸ ਕਰਦੀ ਹੈ।
‘ਮਹਿਮਾ ਪ੍ਰਕਾਸ਼ ਵਾਰਤਕ’ ਵਾਂਗ ਸਰੂਪ ਦਾਸ ਭੱਲਾ ਵੀ ਭਾਈ ਬੁੱਢਾ ਜੀ ਵਲੋਂ ਭਾਈ ਬਲਵੰਡ ਜੀ ਨੂੰ ਸ਼ਬਦ ਸੁਣਾਉਣ ਲਈ ਕਹਿੰਦੇ ਹੋਏ ਦਰਸਾਉਂਦਾ ਹੈ। ‘ਮਹਿਮਾ ਪ੍ਰਕਾਸ਼ ਕਵਿਤਾ’ ਅਨੁਸਾਰ, “ਦਿਵਸ ਏਕ ਬਸ ਪ੍ਰੇਮ ਹੋਇ ਬੁਢੇ ਕਹੀ। ਹੋ ਬਲਵੰਤ ਸਬਦ ਸੁਨਾਇ ਮੇਰੇ ਮਨ ਰੁਚ ਭਈ। ਉਹ ਬੋਲਿਓ ਬਚਨ ਕਠੋਰ ਨ ਸਬਦ ਸੁਨਾਇਆ। ਹੋ ਅੰਤਰਜਾਮੀ ਸਤਿਗੁਰ ਨ ਭਲਾ ਭਾਇਆ। ੩॥ ਇਹ ਪ੍ਰੇਮ ਅਭਾਉ ਦਿਆਲ ਗੁਰੂ ਮਨ ਮੋ ਧਰਾ। ਇਹ ਢਾਡੀ ਪ੍ਰੇਮ-ਬਿਹੀਨ ਅਹੰ ਮਨ ਮੋ ਕਰਾ। ਭਜਨ ਸਮਾ ਜਬ ਭਇਆ ਆਇ ਕੀਰਤਨ ਕਰੀਓ। ਹੋ ਸਤਿਗੁਰ ਮੁਖ ਲੀਓ ਫੇਰ ਪੀਠ ਤਾ ਢਿਗ ਧਰਿਓ। ੪। ਪੁਨ ਲੇ ਬਲਵੰਤ ਰਬਾਬ ਜਾਇ ਸਨਮੁਖ ਮੁਖ ਖਰਾ। ਤਬ ਫਿਰ ਬੈਠੇ ਗੁਰਦਿਆਲ ਨ ਸਨਮੁਖ ਮੁਖ ਕਰਾ। ਤਬ ਪੂਛਾ ਤਿਨ ਕਰ ਜੋੜ ਕਿਆ ਅਵਗੁਨ ਮੈ ਕਰਿਓ। ਹੋ ਪ੍ਰਭ ਸਬਦ ਸੁਨੋ ਨ ਮੋਹਿ ਢਿਗ ਮੁਖ ਧਰੋ। ੫।”
ਭਾਵ: ਇੱਕ ਦਿਨ ਪ੍ਰੇਮ ਵਸ ਹੋ ਕੇ ਭਾਈ ਬੁੱਢਾ ਜੀ ਨੇ ਭਾਈ ਬਲਵੰਡ ਜੀ ਨੂੰ ਕਿਹਾ ਕਿ ਮੇਰਾ ਮਨ ਗੁਰਬਾਣੀ ਦਾ ਮਿੱਠਾ ਰਸ ਮਾਨਣ ਲਈ ਲੋਚਦਾ ਹੈ; ਕੋਈ ਸ਼ਬਦ ਸੁਣਾਓ। ਭਾਈ ਬੁੱਢਾ ਜੀ ਦੀ ਇਹ ਗੱਲ ਸੁਣ ਕੇ ਭਾਈ ਬਲਵੰਡ ਜੀ ਨੇ ਕਠੋਰ ਸ਼ਬਦਾਂ ਵਿੱਚ ਉੱਤਰ ਦੇਂਦਿਆਂ ਹੋਇਆਂ ਸ਼ਬਦ ਸੁਣਾਉਣ ਤੋਂ ਇਨਕਾਰ ਕਰ ਦਿੱਤਾ। ਅੰਤਰਜਾਮੀ ਸਤਿਗੁਰੂ ਜੀ ਨੂੰ ਭਾਈ ਬਲਵੰਡ ਜੀ ਦਾ ਭਾਈ ਬੁੱਢਾ ਜੀ ਨੂੰ ਇਸ ਤਰ੍ਹਾਂ ਜਵਾਬ ਦੇਣਾ ਬਿਲਕੁਲ ਹੀ ਚੰਗਾ ਨਾ ਲਗਿਆ। ਗੁਰੂ ਜੀ ਨੇ ਮਨ ਵਿੱਚ ਵਿਚਾਰਿਆ ਕਿ ਪ੍ਰੇਮ ਤੋਂ ਵਿਹੂਣਾ ਬਲਵੰਡ ਢਾਢੀ ਹੰਕਾਰੀ ਹੋ ਗਿਆ ਹੈ। ਜਦ ਕੀਰਤਨ ਦੇ ਸਮੇਂ ਭਾਈ ਬਲਵੰਡ ਜੀ ਗੁਰੂ ਦਰਬਾਰ ਵਿੱਚ ਆ ਕੇ ਕੀਰਤਨ ਕਰਨ ਲੱਗੇ ਤਾਂ ਗੁਰੂ ਅੰਗਦ ਸਾਹਿਬ ਨੇ ਆਪਣਾ ਮੁੱਖ ਦੂਜੇ ਪਾਸੇ ਵਲ ਮੋੜ ਲਿਆ। ਭਾਈ ਬਲਵੰਡ ਜੀ ਰਬਾਬ ਉਠਾ ਕੇ ਦੂਜੇ ਪਾਸੇ, ਜਿਸ ਪਾਸੇ ਵਲ ਸਤਿਗੁਰੂ ਜੀ ਦਾ ਮੁੱਖ ਸੀ, ਬੈਠ ਕੇ ਕੀਰਤਨ ਕਰਨ ਲੱਗੇ। ਪਰ ਸਤਿਗੁਰੂ ਜੀ ਨੇ ਫਿਰ ਆਪਣਾ ਮੁੱਖ ਦੂਜੇ ਪਾਸੇ ਵਲ ਫੇਰ ਲਿਆ। ਭਾਈ ਬਲਵੰਡ ਜੀ ਨੇ ਦੋਵੇਂ ਹੱਥ ਜੋੜ ਕੇ ਪੁੱਛਿਆ ਕਿ ਮਹਾਰਾਜ ਮੇਰੇ ਕੋਲੋਂ ਕੀ ਭੁੱਲ ਹੋ ਗਈ ਹੈ ਕਿ ਤੁਸੀਂ ਮੈਥੋਂ ਕੀਰਤਨ ਨਹੀਂ ਸੁਣ ਰਹੇ ਹੋ।
ਭਾਈ ਬਲਵੰਡ ਦੀ ਇਹ ਗੱਲ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਭਾਈ ਬਲਵੰਡ ਨੂੰ ਉੱਤਰ ਵਿੱਚ ਕਹਿੰਦੇ ਹਨ:
ਦੋਹਿਰਾ
ਜਬ ਬੁਢੇ ਸਬਦ ਸੁਨਨ ਤੁਮ ਕਹਾ। ਹੋਇ ਪ੍ਰੇਮ ਰੂਪ ਤਿਸ ਘਟ ਮੈ ਅਹਾ।
ਤੁਮ ਬਚਨ ਕਠੋਰ ਕਹਿ ਕੀਓ ਅਭਾਉ। ਅਬ ਨਾ ਸੁਨੋ, ਮੋ ਮਨ ਨਹੀ ਚਾਉ। ੭।
ਤਬ ਤਾ ਕੋ ਹਉਮੈ-ਬੁਧ ਆਈ। ਮੈ ਗੁਰੂ ਬਾਬੇ ਕੀ ਸੇਵ ਕਮਾਈ।
ਹਉ ਜਾਟ ਬੂਟ ਅਗੇ ਨਹੀ ਗਾਉ। ਗੁਰੂ ਬਾਬੇ ਸੁਨਿਓ, ਅਬ ਤੁਮੇ ਸੁਨਾਉ। ੮।
ਇਮ ਕਹ ਕੇ ਉਠਿ ਚਲਾ ਰਿਸਾਇ। ਜੋ ਮੋ ਪੈ ਸਬਦ, ਕਮੀ ਮੋਹ ਕਾਇ?
ਜਹਾ ਬਾਬੇ ਕੀ ਬਾਨੀ ਗਾਵੌ। ਖਾਨ, ਪਾਨ, ਬਸਤ੍ਰ, ਧਨ ਪਾਵੌ। ੯।
ਲੇ ਰਬਾਬ ਉਠਿ ਗਇਓ ਰਿਸਾਇ। ਜਹਾਂ ਗਾਵੇ ਤਹਾਂ ਭੀਖ ਨ ਪਾਇ।
ਕਾਹੂ ਤਾਹ ਪਛਾਨਾ ਨਾਹ। ਖਾਨ ਪਾਨ ਕੋਊ ਪੂਛੇ ਨਾਹ। ੧੦।

ਭਾਵ: ਸਤਿਗੁਰੂ ਜੀ ਨੇ ਕਿਹਾ ਕਿ ਜਦ ਮੈਂ ਭਾਈ ਬੁੱਢੇ ਦੇ ਹਿਰਦੇ ਵਿੱਚ ਪ੍ਰੇਮ ਰੂਪ ਹੋ ਕੇ ਸ਼ਬਦ ਸੁਣਨਾ ਚਾਹਿਆ ਸੀ ਤਾਂ ਤੁਸੀਂ ਕਠੋਰ ਬਚਨ ਬੋਲ ਕੇ ਉਹਨਾਂ ਦਾ ਮਨ ਭੰਗ ਕੀਤਾ ਹੈ। ਹੁਣ ਮੇਰੇ ਮਨ ਵਿੱਚ ਸ਼ਬਦ ਸੁਣਨ ਦੀ ਚਾਹਤ ਨਹੀਂ ਹੈ। ਗੁਰੂ ਅੰਗਦ ਸਾਹਿਬ ਦੇ ਇਹ ਬਚਨ ਸੁਣ ਕੇ ਭਾਈ ਬਲਵੰਡ ਜੀ ਨੇ ਹੰਕਾਰ ਵਿੱਚ ਆ ਕਿ ਕਿਹਾ ਕਿ ਮੈਂ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਦਾ ਰਿਹਾ ਹਾਂ। ਗੁਰੂ ਨਾਨਕ ਸਾਹਿਬ ਮੇਰੇ ਪਾਸੋਂ ਸ਼ਬਦ ਸੁਣਦੇ ਰਹੇ ਹਨ ਅਤੇ ਹੁਣ ਮੈਂ ਤੁਹਾਨੂੰ ਸ਼ਬਦ ਸੁਣਾਉਂਦਾ ਹਾਂ; ਮੈਂ ਕਿਸੇ ਜੱਟ-ਬੂਟ ਅੱਗੇ ਨਹੀਂ ਗਾਵਾਂਗਾ। ਭਾਈ ਬਲਵੰਡ ਗੁੱਸੇ ਵਿੱਚ ਇਹ ਕਹਿ ਕੇ ਕਿ ਮੇਰੇ ਕੋਲ ਸ਼ਬਦ ਗਾਉਣ ਦਾ ਹੁਨਰ ਹੈ, ਮੈਂਨੂੰ ਕਿਸ ਚੀਜ਼ ਦੀ ਕਮੀ ਹੈ? ਮੈਂ ਜਿੱਥੇ ਵੀ ਬਾਬੇ ਦੀ ਬਾਣੀ ਦਾ ਗਾਇਣ ਕਰਾਂਗਾ ਉੱਥੋਂ ਹੀ ਖਾਨ ਪਾਣ, ਬਸਤਰ ਅਤੇ ਧਨ ਪਾ ਲਵਾਂਗਾ। ਭਾਈ ਬਲਵੰਡ ਗੁਰੂ ਅੰਗਦ ਸਾਹਿਬ ਜੀ ਨੂੰ ਗੁੱਸੇ ਵਿੱਚ ਇੰਜ ਕਹਿੰਦਾ ਹੋਇਆ ਚਲਾ ਗਿਆ। ਸਤਿਗੁਰੂ ਜੀ ਪਾਸੋਂ ਜਾਣ ਮਗਰੋਂ ਇਹ ਜਿੱਥੇ ਵੀ ਸ਼ਬਦ ਦਾ ਗਾਇਣ ਕਰਦੇ ਹਨ ਕੋਈ ਵੀ ਇਹਨਾਂ ਨੂੰ ਭਿਖਿਆ ਨਹੀਂ ਪਾਉਂਦਾ। ਇਹਨਾਂ ਨੂੰ ਖਾਣ ਪਾਣ ਦੇਣਾ ਤਾਂ ਕਿਧਰੇ ਰਿਹਾ, ਕਿਸੇ ਨੇ ਇਹਨਾਂ ਨੂੰ ਪਛਾਣਿਆ ਵੀ ਨਾ।
‘ਮਹਿਮਾ ਪ੍ਰਕਾਸ਼ ਵਾਰਤਕ’ ਦੇ ਲੇਖਕ ਨੇ ਵੀ ਇਸ ਘਟਨਾ ਨੂੰ ਇਸ ਰੂਪ ਵਿੱਚ ਹੀ ਪੇਸ਼ ਕੀਤਾ ਹੈ ਪਰ ਉਹ ਭਾਈ ਬਲਵੰਡ ਜੀ ਦੇ ਮੁੱਖੋਂ ਇਹ ਸ਼ਬਦ ਨਹੀਂ ਕਢਵਾਉਂਦਾ ਕਿ ਆਪ ਨੇ ਗੁਰੂ ਅੰਗਦ ਸਾਹਿਬ ਨੂੰ ਇਹ ਆਖਿਆ ਹੋਵੇ ਕਿ ਕੇਵਲ ਤੁਹਾਡੇ ਅੱਗੇ ਹੀ ਸ਼ਬਦ ਦਾ ਗਾਇਣ ਕਰਾਂਗਾ; ਕਿਸੇ ਜੱਟ-ਬੂਟ ਅੱਗੇ ਨਹੀਂ। ਪਾਠਕ ਇਸ ਗੱਲ ਵਲ ਵੀ ਧਿਆਨ ਦੇਣ ਕਿ ਲੇਖਕ ‘ਜਹਾਂ ਗਾਵੇ ਤਹਾਂ ਭੀਖ ਨ ਪਾਇ’ ਦੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਹੈ। ਭਾਈ ਬਲਵੰਡ ਜੀ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਨ ਤੋਂ ਭਲੀ ਪ੍ਰਕਾਰ ਸਪਸ਼ਟ ਹੁੰਦਾ ਹੈ ਕਿ ਲੇਖਕ ਦੀਆਂ ਨਜ਼ਰਾਂ ਵਿੱਚ ਭਾਈ ਬਲਵੰਡ ਜੀ ਦੀ ਕੀ ਹੈਸੀਅਤ ਸੀ।
ਲੇਖਕ ਅੱਗੇ ਲਿਖਦਾ ਹੈ:
ਦੋਹਿਰਾ
ਪਾਚ ਦਿਵਸ ਤਾ ਕੋ ਭਏ ਮਿਲਿਓ ਨਾ ਪਾਨੀ ਅੰਨ। ਗੁਰ-ਬਿਮੁਖ ਸਭ ਜਗ ਬਿਮੁਖ ਗੁਰ ਸਨਮੁਖ ਧੰਨ ਧੰਨ। ੧੧।
ਭਾਵ: ਭਾਈ ਬਲਵੰਡ ਜੀ ਨੂੰ ਪੰਜ ਦਿਨ ਕਿਧਰੋਂ ਵੀ ਅੰਨ ਪਾਣੀ ਨਸੀਬ ਨਾ ਹੋਇਆ। ਗੁਰੂ ਤੋਂ ਜੋ ਬੇਮੁਖ ਹੈ ਉਸ ਤੋਂ ਸਾਰਾ ਜਗਤ ਮੂੰਹ ਮੋੜ ਫੇਰ ਲੈਂਦਾ ਹੈ ਅਤੇ ਜੋ ਗੁਰੂ ਜੀ ਦੇ ਸਨਮੁਖ ਹੈ ਉਸ ਦਾ ਹਰੇਕ ਮਨੁੱਖ ਸਤਿਕਾਰ ਕਰਦਾ ਹੈ।
ਇਹ ਗੱਲ ਵੀ ਬੜੀ ਹੈਰਾਨ ਕਰਨ ਵਾਲੀ ਹੈ ਕਿ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਵਾਲੇ ਭਾਈ ਬਲਵੰਡ ਜੀ ਦੀ ਮਾਇਕ ਹਾਲਤ ਇਤਨੀ ਮਾੜੀ ਸੀ ਕਿ ਉਹ ਆਪਣੇ ਘਰੋਂ ਇੱਕ ਦਿਨ ਵੀ ਪ੍ਰਸ਼ਾਦਾ ਨਾ ਛਕ ਸਕੇ। ਕੀ ਗੁਰੂ ਸਾਹਿਬ ਗੁਰੂ ਘਰ ਦੇ ਕੀਰਤਨੀਏ ਨੂੰ ਇਤਨੀ ਕੁ ਹੀ ਮਾਇਆ ਦੇਂਦੇ ਸਨ ਜਿਸ ਨਾਲ ਉਹਨਾਂ ਦਾ ਕੇਵਲ ਇੱਕ ਦਿਨ ਦਾ ਹੀ ਗੁਜ਼ਾਰਾ ਹੁੰਦਾ ਸੀ? ਇਸ ਹਾਲਤ ਵਿੱਚ ਆਪ ਦਾ ਪਰਵਾਰ ਕੀ ਖਾਂਦਾ-ਪੀਂਦਾ ਹੋਵੇਗਾ? ਇਸ ਬਾਰੇ ਕਿਸੇ ਵੀ ਲੇਖਕ ਨੇ ਕਿਧਰੇ ਵੀ ਕਿਸੇ ਤਰ੍ਹਾਂ ਦਾ ਜ਼ਿਕਰ ਨਹੀਂ ਕੀਤਾ ਹੈ।
ਪੁਸਤਕ ਕਰਤਾ ਫਿਰ ਲਿਖਦਾ ਹੈ:
ਤੋਮਰ ਛੰਦ
ਤਬ ਭਇਓ ਤਾਹ ਗਿਆਨ। ਮੈ ਨੀਚ ਜਨਮ ਅਜਾਨ। ਸਤਿਗੁਰ ਨ ਜਾਨਿਆ ਮੋਹ। ਸਭ ਜਗ ਕਰੇ ਮਮ ਦ੍ਰੋਹ। ੧੨। ਅਬ ਸਰਨ ਤਾ ਕੀ ਜਾਉ। ਜੇ ਦਰਸ ਸੰਤ ਗੁਰ ਪਾਉ। ਕਰ ਬਿਨੇ ਹੋਇ ਅਧੀਨ। ਗਰਬ ਖਸ ਲੋਹ ਪ੍ਰਬੀਨ। ੧੩। ਕੀਓ ਪਿਆਸ ਭੂਖ ਬਿਹਾਲ। ਮਨ ਚਿਤਵਿਓ ਗੁਰ ਦਯਾਲ। ਆਇ ਗਿਰਦ ਦੁਆਰੇ ਫਿਰਿਓ। ਕਰ ਰੁਦਨ ਬਿਨੇ ਉਚਰਿਓ। ੧੪। ਇੱਕ ਸਿਖ ਬਿਨਤੀ ਕੀਨ। ਬਲਵੰਡ ਖਰਾ ਅਧੀਨ। ਤਬ ਸੁਨਿਓ ਦੀਨ ਸੁਭਾਇ। ਲੀਨ ਦਿਆਲ ਬੁਲਾਇ। ੧੫। ਸਿਰ ਜਾਇ ਚਰਨਨ ਦੀਨ। ਬੋਲਿਓ ਤਬ ਹੋਹਿ ਅਧੀਨ। ਬਹੁ ਬਿਨੇ ਬਚਨ ਸੁਨਾਇ। ਸਤਿਗੁਰੂ ਦਯਾ ਜਨਾਇ। ੧੬।
ਭਾਵ: ਬਲਵੰਡ ਹੁਰਾਂ ਨੂੰ ਤਦੋਂ ਇਸ ਗੱਲ ਦਾ ਗਿਆਨ ਹੋਇਆ ਕਿ ਮੈਂ ਅਜਾਨ ਨੀਚ ਹਾਂ। ਮੈਂ ਸਤਿਗੁਰੂ ਜੀ ਦੀ ਮਹਿਮਾ ਨੂੰ ਨਾ ਜਾਣ ਸਕਿਆ। ਇਸ ਲਈ ਹੀ ਸਾਰਾ ਸੰਸਾਰ ਮੈਨੂੰ ਫਿਟਕਾਰਾਂ ਪਾ ਰਿਹਾ ਹੈ। ਹੁਣ ਮੈਂ ਗੁਰੂ ਜੀ ਦੀ ਸ਼ਰਨ ਵਿੱਚ ਜਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਬੜੀ ਅਧੀਨਗੀ ਨਾਲ ਬੇਨਤੀ ਕਰਾਂਗਾ ਕਿ ਹੇ ਸਤਿਗੁਰੂ ਜੀ! ਮੈਨੂੰ ਹੰਕਾਰ ਤੋਂ ਰਹਿਤ ਕਰੋ। ਭਾਈ ਬਲਵੰਡ ਨੂੰ ਭੁੱਖ ਪਿਆਸ ਨੇ ਬੜਾ ਵਿਆਕੁਲ ਕੀਤਾ ਹੈ। ਆਪਣੇ ਮਨ ਵਿੱਚ ਸਤਿਗੁਰੂ ਜੀ ਨੂੰ ਚਿਤਵਦੇ ਹੋਏ ਸਤਿਗੁਰੂ ਜੀ ਦੇ ਦੁਆਲੇ ਰੋਂਦੇ ਅਤੇ ਬੇਨਤੀ ਕਰਦੇ ਹੋਏ ਗੇੜੇ ਲਾਉਣ ਲੱਗ ਪਏ। ਇੱਕ ਸਿੱਖ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਬਲਵੰਡ ਨਿਮਾਣਾ ਬਣ ਕੇ ਖੜਾ ਹੈ। ਇਹ ਸੁਣ ਕੇ ਸਤਿਗੁਰੂ ਜੀ ਨੇ ਭਾਈ ਬਲਵੰਡ ਜੀ ਨੂੰ ਆਪਣੇ ਪਾਸ ਬੁਲਾ ਲਿਆ। ਭਾਈ ਬਲਵੰਡ ਜੀ ਸਤਿਗੁਰੂ ਜੀ ਦੇ ਚਰਨਾਂ `ਤੇ ਸਿਰ ਰੱਖ ਕੇ ਹਜ਼ੂਰ ਪਾਸੋਂ ਖ਼ਿਮਾ ਜਾਚਨਾ ਦੀ ਬੇਨਤੀ ਕੀਤੀ।
ਜਿੱਥੇ ‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਕਰਤਾ ਇੱਕ ਤੋਂ ਵਧੀਕ ਸਿੱਖਾਂ ਵਲੋਂ ਗੁਰੂ ਸਾਹਿਬ ਨੂੰ ਬੇਨਤੀ ਕਰਨ ਦਾ ਵਰਣਨ ਕਰਦਾ ਹੈ ਉੱਥੇ ‘ਮਹਿਮਾ ਪ੍ਰਕਾਸ਼ ਕਵਿਤਾ’ ਦਾ ਲੇਖਕ ਕੇਵਲ ਇੱਕ ਸਿੱਖ ਵਲੋਂ ਹੀ ਗੁਰੂ ਸਾਹਿਬ ਨੂੰ ਬੇਨਤੀ ਕਰਨ ਦਾ ਵਰਣਨ ਕਰਦਾ ਹੈ।
ਭਾਈ ਬਲਵੰਡ ਜੀ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਇਉਂ ਕਿਹਾ:
ਦੋਹਿਰਾ
ਤਬ ਹਸੇ ਦਿਆਲ ਤਿਹ ਦੇਖ ਕੈ ਭਾਖਿਓ ਸਹਜ ਸੁਭਾਇ। ਕਛੁ ਉਸਤਤ ਮੁਖ ਤੈ ਕਰੋ ਭੂਲ ਤੁਮਾਰੀ ਜਾਇ। ੧੭।
ਭਾਵ: ਗੁਰੂ ਅੰਗਦ ਸਾਹਿਬ ਭਾਈ ਬਲਵੰਡ ਨੂੰ ਦੇਖ ਕੇ ਹੱਸ ਪਏ ਅਤੇ ਫਿਰ ਸਹਿਜ ਸੁਭਾਇ ਆਖਣ ਲੱਗੇ ਕਿ ਮੁੱਖ ਤੋਂ ਕੁਛ ਉਸਤਤ ਕਰੋ ਤੁਹਾਡੀ ਭੁੱਲ ਦੂਰ ਹੋ ਜਾਵੇਗੀ।
ਚੌਪਈ
ਬਲਵੰਡ ਕਹੇ ਹੇ ਪ੍ਰਭ ਕਿਆ ਭਇਓ। ਸਭ ਬਾਨੀ ਬਾਕ ਮੋ ਤੇ ਚਲ ਗਇਓ। ਪ੍ਰਭ ਦਿਆਲ ਕਹੀ ਸਹਜ ਸੁਭਾਇ। ਮਮ ਵਚਨ ਵਾਕ ਬਾਨੀ ਫਿਰ ਪਾਇ। ੧੮।
ਭਾਵ: ਬਲਵੰਡ ਜੀ ਕਹਿਣ ਲੱਗੇ ਸਤਿਗੁਰੂ ਜੀ ਮੈਨੂੰ ਤਾਂ ਸਭ ਕੁੱਝ ਭੁੱਲ ਗਿਆ ਹੈ। ਭਾਈ ਬਲਵੰਡ ਜੀ ਦੀ ਇਹ ਗੱਲ ਸੁਣ ਕੇ ਦਿਆਲ ਸਤਿਗੁਰੂ ਜੀ ਨੇ ਸਹਿਜ ਸੁਭਾਵਿਕ ਕਿਹਾ ਕਿ ਮੇਰੇ ਬਚਨ ਨਾਲ ਤੁਹਾਨੂੰ ਬਾਣੀ ਫਿਰ ਯਾਦ ਆ ਜਾਵੇਗੀ।
ਤਬ ਬਲਵੰਡ ਉਸਤਤ ਕਰੀ। ਟਿੱਕੇ ਕੀ ਵਾਰ ਕਰ ਨਾਦ ਉਚਰੀ। ਠਾਢੇ ਹੋਇ ਸਨਮੁਖ ਗੁਰ ਗਾਈ। ਸ੍ਰੀ ਸਤਿਗੁਰ ਜੀ ਕੇ ਮਨ ਭਾਈ। ੧੯। ਭਾਵ: ਭਾਈ ਬਲਵੰਡ ਜੀ ਤਦੋਂ ਉਸਤਤ ਕਰਦਿਆਂ ਹੋਇਆਂ ਟਿੱਕੇ ਦੀ ਵਾਰ ਉਚਾਰਨ ਕੀਤੀ। ਸਤਿਗੁਰੂ ਜੀ ਦੇ ਸਨਮੁੱਖ ਖੜੇ ਹੋ ਕੇ ਆਪ ਨੇ ਇਹ ਵਾਰ ਗਾਈ। ਸਤਿਗੁਰੂ ਜੀ ਦੇ ਮਨ ਨੂੰ ਭਾਈ ਬਲਵੰਡ ਜੀ ਦੀ ਇਹ ਵਾਰ ਬਹੁਤ ਚੰਗੀ ਲੱਗੀ।
ਇਸ ਤੋਂ ਅੱਗੇ ਪੁਸਤਕ ਵਿੱਚ ਵਾਰ ਦੀਆਂ ਪਹਿਲੀਆਂ ਚਾਰ ਪਉੜੀਆਂ ਅੰਕਤ ਹਨ: ‘ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ॥’ ਤੋਂ ਲੈ ਕੇ ‘ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ॥’ ਤੱਕ।
ਭਾਈ ਬਲਵੰਡ ਦੇ ਮੁੱਖੋਂ ਵਾਰ ਦੀਆਂ ਇਹ ਚਾਰ ਪਉੜੀਆਂ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਫਿਰ ਭਾਈ ਬਲਵੰਡ ਜੀ ਨੂੰ ਕਿਹਾ:
ਚੌਪਈ
ਹੋਇ ਸਤਿਗੁਰ ਦਿਆਲ ਕਹਿਓ ਸਮਝਾਇ। ਪੁਨ ਸਿਖ-ਮਨ ਭੰਗ ਨਾ ਕਰਨਾ ਤਾਇ॥ ਸਿਖਨ ਕੇ ਮਨ ਮੋ ਮੈ ਰਹੋ। ਯਹ ਨਿਜ ਮਤ ਮੈ ਤੋ ਕੇ ਕਹੋ। ੨੦। ਗੁਰਮੁਖ ਸਿਖ ਰੂਪ ਮਮ ਜਾਨੋ। ਯਾ ਮੋ ਰੰਚਕ ਭੇਦ ਨਾ ਆਨੋ। ਜੋ ਮੇਰੋ ਪ੍ਰੇਮ ਧਰੇ ਮਨ ਮਾਹੀ। ਮੈ ਤਾ ਕੋ ਸਦ ਨਿਰਖਤ ਆਹੀ। ੨੧। . . (ਸਾਖੀ ੭)
ਭਾਵ: ਗੁਰੂ ਜੀ ਨੇ ਭਾਈ ਬਲਵੰਡ `ਤੇ ਦਇਆ ਕਰਦਿਆਂ ਹੁੰਦਿਆਂ ਸਮਝਾਇਆ ਕਿ ਫਿਰ ਕਦੇ ਕਿਸੇ ਸਿੱਖ ਦਾ ਮਨ ਨਾ ਦੁਖਾਉਣਾ। ਹਜ਼ੂਰ ਨੇ ਫਿਰ ਕਿਹਾ ਕਿ ਇਹ ਗੱਲ ਮੈਂ ਤੁਹਾਨੂੰ ਦਸਦਾ ਹਾਂ ਕਿ ਮੈਂ ਹਮੇਸ਼ਾਂ ਸਿੱਖਾਂ ਦੇ ਮਨ ਵਿੱਚ ਰਹਿੰਦਾ ਹਾਂ। ਜੋ ਆਪਣੇ ਮਨ ਵਿੱਚ ਮੇਰਾ ਪ੍ਰੇਮ-ਪਿਆਰ ਧਾਰਨ ਕਰਦਾ ਹੈ, ਮੈਂ ਹਮੇਸ਼ਾਂ ਉਸਦਾ ਧਿਆਨ ਧਰਦਾ ਹਾਂ ਅਰਥਾਤ ਉਹ ਸਦੀਵ ਕਾਲ ਮੈਨੂੰ ਯਾਦ ਰਹਿੰਦਾ ਹੈ।
‘ਮਹਿਮਾ ਪ੍ਰਕਾਸ਼ ਕਵਿਤਾ’ ਦਾ ਲੇਖਕ ਗੁਰੂ ਅਮਰਦਾਸ ਜੀ ਦਾ ਗੁਰੂ ਅੰਗਦ ਸਾਹਿਬ ਦੀ ਚਰਨ ਸ਼ਰਨ ਆਉਣ ਤੋਂ ਪਹਿਲਾਂ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਇੱਕ ਦਿਨ ਬੀਬੀ ਅਮਰੋ ਜੀ (ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ, ਜੋ ਗੁਰੂ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੇ ਹੋਏ ਸਨ) ਦੇ ਮੁੱਖੋਂ ਸ਼ਬਦ ਸੁਣ ਕੇ ਗੁਰੂ ਅਮਰਦਾਸ ਜੀ ਨੇ ਬੀਬੀ ਜੀ ਨੂੰ ਪੁੱਛਿਆ:
“ਹੇ ਸੁਤ ਤੂ ਜਿ ਬਿਸਨ ਪਦੁ ਪੜੇ। ਇਹ ਕਿਸ ਕਾ ਬਚਨ? ਕਾਹ ਤੇ ਸੁਨਾ? ਤੁਝ ਮੁਖ ਸੁਨਿ ਨਿਜ ਭਾਗ ਮਮ ਗਿਨਾ। ਤਬ ਬੀਬੀ ਅਮਰੋ ਕਹਿਓ ਸੁਨਾਇ। ਗੁਰੂ ਨਾਨਕ ਜੀ ਕਾ ਬਿਸਨ ਪਦ ਆਇ। ਮਮ ਪਿਤ ਅਗ੍ਰ ਬਲਵੰਡ ਨਿਤ ਗਾਇਆ। ਮੈ ਸੁਨਿਓ ਤਹਾ ਤੇ, ਹੀਏ ਬਸਾਇਆ। (ਸਾਖੀ ੯)
ਭਾਵ: ਹੇ ਪੁੱਤਰੀ ਜੋ ਤੁਸੀਂ ਇਹ ਬਿਸਨਪਦੇ ਪੜ੍ਹੇ ਹਨ ਇਹ ਕਿਨ੍ਹਾਂ ਦੇ ਉਚਾਰਨ ਕੀਤੇ ਹੋਏ ਹਨ। ਇਹ ਤੁਸੀਂ ਕਿੱਥੋਂ ਸੁਣੇ ਹਨ? ਤੁਹਾਡੇ ਮੁੱਖ ਤੋਂ ਇਹ ਸੁਣ ਕੇ ਮੇਰਾ ਭਾਗ ਵੀ ਉਦੈ ਹੋਇਆ ਹੈ। ਗੁਰੂ ਅਮਰਦਾਸ ਜੀ ਤੋਂ ਇਹ ਸੁਣ ਕੇ ਬੀਬੀ ਅਮਰੋ ਜੀ ਨੇ ਕਿਹਾ ਕਿ ਇਹ ਬਿਸਨਪਦੇ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਹੋਏ ਹਨ। ਮੇਰੇ ਪਿਤਾ ਜੀ ਦੇ ਸਨਮੁਖ ਭਾਈ ਬਲਵੰਡ ਜੀ ਨਿਤ ਇਹ ਗਾਉਂਦੇ ਹਨ। ਮੈਂ ਉਹਨਾਂ ਤੋਂ ਹੀ ਸੁਣ ਕੇ ਕੰਠ ਕੀਤੇ ਹਨ।
ਨੋਟ: ਕਿਸੇ ਹੋਰ ਲੇਖਕ ਨੇ ਬੀਬੀ ਅਮਰੋ ਜੀ ਦੇ ਮੁੱਖੋਂ ਇਹ ਨਹੀਂ ਅਖਵਾਇਆ ਹੈ ਕਿ ਉਹਨਾਂ ਨੇ ਇਹ ਸ਼ਬਦ ਭਾਈ ਬਲਵੰਡ ਜੀ ਦੇ ਮੁੱਖੋਂ ਸੁਣ ਕੇ ਯਾਦ ਕੀਤਾ ਹੈ।
ਗੁਰੂ ਅੰਗਦ ਸਾਹਿਬ ਜੀ ਦੇ ਖਡੂਰ ਛੱਡ ਕੇ ਫਿਰ ਵਾਪਸ ਖਡੂਰ ਆਉਣ ਦਾ ਵਰਣਨ ਕਰਦਾ ਹੋਇਆ ਲੇਖਕ ਲਿਖਦਾ ਹੈ:
ਬਡਾ ਅਨੰਦ ਭਇਆ ਮੰਗਲਚਾਰਾ। ਸਤਿਗੁਰ ਚਰਨ ਖਡੂਰ ਜਬ ਧਾਰਾ॥ ਆਨੰਦ ਧੁਨ ਬਲਵੰਡ ਤਬ ਕਰੀ। ਉਸਤਤ ਸਤਿਗੁਰ ਕੀ ਉਚਰੀ। ਭਾਵ: ਗੁਰੂ ਅੰਗਦ ਸਾਹਿਬ ਨੇ ਜਦ ਖਡੂਰ ਵਿਖੇ ਆਪਣੇ ਚਰਨ ਪਾਏ ਤਾਂ ਬੜਾ ਹੀ ਅਨੰਦ ਮੰਗਲਾਚਾਰ ਹੋਇਆ। ਭਾਈ ਬਲਵੰਡ ਜੀ ਨੇ ਆਨੰਦ ਦੀ ਧੁਨ ਅਲਾਪਦਿਆਂ ਹੋਇਆਂ ਗੁਰੂ ਜੀ ਦੀ ਉਸਤਤ ਵਿੱਚ ਵਾਰ ਦੀ ਇਹ ਪਉੜੀ ਉਚਾਰੀ। (ਚਲਦਾ)
.