.

ੴਸਤਿਨਾਮ

ਕਉਣ ਮਾਸ ਕਉਣ ਸਾਗ ਕਹਾਵੈ

(ਭਾਗ ਦੂਜਾ)

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥

ਮਾਸ ਦਾ ਝਗੜਾ ਬਹੁਤ (ਸਦੀਆਂ) ਪੁਰਾਣਾਂ ਹੈ। (ਝਗੜਾ ਕੋਈ ਵੀ ਜਾਂ ਕਿਸੇ ਵੀ ਤਰਾਂ ਦਾ ਹੀ ਕਿਉਂ ਨਾਂ ਹੋਵੇ, ਇਹ ਮੂਰਖਤਾ ਜਾਂ ਮਨਮੁਖਤਾ ਦੀ ਨਿਸ਼ਾਨੀਂ ਹੈ। ਗੁਰਮੁਖ ਕਦੇ ਵੀ ਝਗੜਾ ਨਹੀਂ ਕਰਦੇ।) ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ, ਮੂਰਖ ਮਾਸ ਦਾ ਝਗੜਾ ਪਾਈ ਬੈਠੇ ਹਨ, ਪਰ ਸਚਾਈ ਦਾ ਕਿਸੇ ਨੂੰ ਵੀ ਕੋਈ ਗਿਆਨ ਨਹੀਂ ਹੈ। ਕੋਈ ਵੀ ਗਿਆਨ ਧਿਆਨ ਧਰਮ ਜਾਂ ਸੱਚ ਨੂੰ ਨਹੀਂ ਜਾਣਦਾ, ਕਿ ਮਾਸ ਅਤੇ ਸਾਗ ਵਿੱਚ ਅਸਲ ਵਿੱਚ ਫਰਕ ਕੀ ਹੈ, ਅਤੇ ਕਿਸ ਦੇ ਖਾਣ ਵਿੱਚ ਪਾਪ ਹੈ, ਅਤੇ ਕਿਸ ਦੇ ਖਾਣ ਵਿੱਚ ਪੁੰਨ ਹੈ।

ਗੁਰਬਾਣੀਂ ਦੀ ਇਸ ਕੜੀ ਕਿਸੁ ਮਹਿ ਪਾਪ ਸਮਾਣੇ ਅਨੁਸਾਰ ਕੀ ਕੋਈ ਦੱਸੇ ਗਾ ਕਿ ਕਿਸ ਦੇ ਖਾਣ ਵਿੱਚ ਪੁੰਨ ਹੈ, ਭਾਵ ਕਿਹੜੀ ਚੀਜ ਖਾਣੀਂ ਜਾਇਜ ਹੈ, ਅਤੇ ਕਿਹੜੀ ਚੀਜ ਨਜਾਇਜ ਹੈ।

ਗੁਰਬਾਣੀਂ ਦੀ ਇਸ ਕੜੀ ਦਾ ਜੇ ਇਹ ਅਰਥ ਲਈਏ, ਕਿ ਪੰਡਤਾਂ ਨੂੰ, ਜਾਂ ਸ਼ਾਕਾਹਾਰੀਆਂ ਨੂੰ, ਜਾਂ ਮਾਸ ਖਾਣ ਦਾ ਵਿਰੋਧ ਕਰਨ ਵਾਲਿਆਂ ਨੂੰ ਕੋਈ ਗਿਆਨ ਨਹੀਂ ਹੈ, ਉਹ ਮੂਰਖ ਹਨ। ਐਵੇਂ ਝਗੜਦੇ ਹਨ।

ਤਾਂ ਜਿਹੜੇ ਮਾਸ ਖਾਂਣ ਦੇ ਹੱਕ ਵਿੱਚ ਪ੍ਰਚਾਰ ਕਰਦੇ ਹਨ। ਕੀ ਉਹਨਾਂ ਨੂੰ ਗਿਆਨ ਹੈ? ਕੀ ਉਹ ਗਿਆਨ ਧਿਆਨ ਜਾਣਦੇ ਹਨ? ਕੀ ਗੁਰਬਾਣੀਂ ਦੀ ਇਸ ਕੜੀ ਤੋਂ ਇਹ ਗੱਲ ਸ਼ਪੱਸ਼ਟ ਹੋ ਜਾਂਦੀ ਹੈ? ਕਿ ਮਾਸ ਖਾਣ ਵਾਲਿਆਂ ਨੂੰ ਤਾਂ ਗਿਆਨ ਹੈ, ਪਰ ਸਿਰਫ ਪੰਡਤਾਂ ਨੂੰ ਗਿਆਨ ਨਹੀਂ ਹੈ, ਅਤੇ ਉਹ ਮੂਰਖ ਹਨ।

ਝਗੜਾ ਦੋਹਾਂ ਵਿੱਚ ਹੈ, ਦੋਵੇਂ ਹੀ ਮੂਰਖ ਹੋ ਸੱਕਦੇ ਹਨ। ਮਾਸ ਖਾਣ ਦੇ ਹਕ ਵਿੱਚ ਬੋਲਣ ਵਾਲਾ ਵੀ, ਅਤੇ ਵਿਰੋਧ ਕਰਨ ਵਾਲਾ ਵੀ। ਗੁਰਬਾਣੀਂ ਅਨੂੰਸਾਰ ਜੇ ਮਾਸ ਖਾਣ ਵਾਲਾ ਮੂਰਖ ਵੀ ਸਿੱਧ ਹੋਵੇ। ਅਤੇ ਜੇਕਰ ਗੁਰਬਾਣੀਂ ਅਨੂਸਾਰ ਮਾਸ ਖਾਣ ਦਾ ਵਿਰੋਧ ਕਰਨ ਵਾਲਾ, ਜਾਂ ਪੰਡਿਤ ਸੱਚਾ ਵੀ ਹੋਵੇ, ਕਿ ਮਾਸ ਖਾਣ ਵਿੱਚ ਸੱਚਮੁਚ ਪਾਪ ਹੈ, ਤਾਂ ਉਹ (ਵਿਰੋਧ ਕਰਨ ਵਾਲਾ ਫਿਰ ਵੀ ਮੂਰਖ ਹੈ। (ਇਹ ਵੀ ਗੁਰਬਾਣੀਂ ਸਿੱਧ ਕਰੇ ਗੀ) ਝਗੜਾ ਕਰਨ ਵਾਲੇ ਦੋਵੇਂ ਹੀ ਮੂਰਖ ਹਨ। ਪਰ ਗੁਰੂ ਨਾਨਕ ਦਾ ਸਿੱਖ ਕਦੇ ਮੂਰਖ ਨਹੀਂ ਹੋ ਸੱਕਦਾ। ਗੁਰੂ ਨਾਨਕ ਦਾ ਸਿੱਖ ਸੋਈ ਕਹੇ/ਕਰੇ ਗਾ, ਜੋ ਗੁਰੂ ਨਾਨਕ ਕਹੇ ਗਾ।

ਜੇ ਕੋਈ ਗੁਰੂ ਨਾਨਕ ਦੇ ਉਲਟ ਬੋਲੇ ਗਾ, ਜਾਂ ਜੋ ਕੋਈ ਗੁਰੂ ਨਾਨਕ ਦੀ ਰਮਜ ਨੂੰ ਹੀ ਸਮਝ ਨਹੀਂ ਸੱਕਦਾ, ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸੱਕਦਾ।

ਗੁਰੂ ਨਾਨਕ ਦੇਵ ਜੀ ਨੇਂ ਇਸ ਸ਼ਬਦ ਰਾਹੀਂ, ਮਾਸ ਖਾਣ ਵਾਲੇ, ਅਤੇ ਮਾਸ ਖਾਣ ਦਾ ਵਿਰੋਧ ਕਰਨ ਵਾਲੇ, ਲੋਕਾਂ ਦਾ ਝਗੜਾ ਖਤਮ ਕਰਨ ਵਾਸਤੇ, ਸਿਰਫ ਸਮਝਾਇਆ ਹੈ, ਕਿਸੇ ਦੇ ਵੀ (ਮਾਸ ਖਾਣ ਵਾਲਿਆਂ ਜਾਂ ਵਿਰੋਧ ਕਰਨ ਵਾਲਿਆਂ ਦੇ) ਹੱਕ ਵਿੱਚ ਫਤਵਾ ਨਹੀਂ ਦਿੱਤਾ। (ਜੋ ਫਤਵਾ ਦਿੱਤਾ ਹੈ, ਉਸ ਨੂੰ ਕੋਈ ਨਹੀਂ ਸਮਝਦਾ, ਸੱਭ ਉਸ ਦੇ ਉਲਟ ਸਮਝੀ ਜਾਂਦੇ ਹਨ)

ਇਹ ਬਿਲਕੁਲ ਸੱਚ ਹੈ, ਕਿ ਮਾਸ ਖਾਣਾਂ ਜੇ ਪਾਪ ਹੈ, ਤਾਂ ਸਾਗ ਖਾਣ ਵਿੱਚ ਵੀ ਕੋਈ ਪੁੰਨ ਨਹੀਂ ਹੈ। ਪਰ ਕਿਊਂ? ਅਤੇ ਕਿਵੇਂ? ਇਹ ਵੀ ਵਿਚਾਰਨ ਵਾਲੀ ਗੱਲ ਹੈ। ਇਸ ਦਾ ਫੈਸਲਾ ਵੀ ਗੁਰਬਾਣੀਂ ਕਰੇ ਗੀ।

ਗੁਰੂ ਨਾਨਕ ਦੇਵ ਜੀ ਪਾਂਡੇ ਨੂੰ ਸੰਬੋਧਨ ਕਰ ਕੇ ਕਹਿ ਰਹੇ ਹਨ, ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ॥ ਮ: ੧

ਪਾਠਕ ਵੀਰੋ ਇਹ ਊਪਰ ਵਾਲਾ ਗੁਰੂ ਨਾਨਕ ਦੇਵ ਦਾ ਬਚਨ ਹੈ, ਗੁਰੂ ਦੀ ਬਾਣੀਂ ਸਤਿ ਹੈ, ਸੱਚਮੁਚ ਹੀ ਮਾਸ ਅੰਨ ਕਪਾਹ ਕਮਾਦ ਵਿੱਚ ਕੋਈ ਫਰਕ ਨਹੀਂ ਹੈ। ਪਰ ਕਿਵੇਂ? ਇਹ ਵੀ ਇੱਕ ਸਵਾਲ ਹੈ।

ਜਦੋਂ ਇਹ ਬਾਣੀਂ ਰਚੀ ਗਈ ਸੀ, ਉਸ ਵਕਤ ਜਾਂ (ਉਸ ਤੋਂ ਪਹਿਲੇ) ਸਿੱਖ ਤਾਂ ਹੈ ਹੀ ਨਹੀਂ ਸਨ, ਜੇ ਕੁੱਝ ਨਵੇਂ ਨਵੇਂ ਸਿੱਖ ਹੈਨ ਵੀ ਸਨ, ਤਾਂ ਉਹਨਾਂ ਵਿੱਚ ਇਹ ਮਾਸ ਦਾ ਝਗੜਾ ਤਾਂ ਬਿਲਕੁਲ ਹੀ ਨਹੀਂ ਸੀ। ਅਤੇ ਨਾਂ ਹੀ ਇਹ ਕੋਈ ਹਿੰਦੂ/ਸਿੱਖ, ਜਾਂ ਬ੍ਰਾਹਮਣ/ਸਿੱਖ ਦਾ ਝਗੜਾ ਸੀ। ਉਸ ਵਕਤ ਮਾਸ ਦਾ ਝਗੜਾ ਕਰਨ ਵਾਲੇ ਦੋਵੇਂ ਪੱਖ ਹੀ ਹਿੰਦੂ ਜਾਂ ਗੈਰ ਸਿੱਖ ਸਨ। ਜਿਵੇਂ ਕਿ ਅੱਜ ਮਾਸ ਦਾ ਵਿਰੋਧ ਕਰਨ ਵਾਲੇ, ਜਾਂ ਮਾਸ ਖਾਣ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਲੇ ਦੋਵੇਂ ਪਖ ਹੀ, ਸਿੱਖ ਹੀ ਹਨ।

ਅਤੇ ਨਾਂ ਹੀ ਉਸ ਵਕਤ ਇਹ ਝਗੜਾ ਸੀ, ਕਿ ਸਿੱਖ ਕਹਿੰਦੇ ਹੋਣ ਕੇ ਮਾਸ ਖਾਣ ਵਿੱਚ ਕੋਈ ਪਾਪ ਨਹੀਂ ਹੈ। ਪਰ ਬ੍ਰਾਹਮਣ ਕਹਿੰਦੇ ਹੋਣ ਕਿ ਮਾਸ ਖਾਣਾਂ ਪਾਪ ਹੈ। ਜਿਸ ਕਰਕੇ ਕਿ ਗੁਰੂ ਨਾਨਕ ਦੇਵ ਜੀ ਨੇਂ ਇਹ ਸ਼ਬਦ, ਬ੍ਰਾਹਮਣਾਂ ਦੇ ਖਿਲਾਫ ਜਾਂ ਬ੍ਰਾਹਮਣਾਂ ਨੂੰ ਸਮਝਾਉਣ ਵਾਸਤੇ ਲਿਖਿਆ ਹੋਵੇ/ਜਾਂ ਲਿਖਣਾਂ ਪਿਆ ਹੋਵੇ। ਕਿ ਮਾਸ ਖਾਣ ਵਿੱਚ ਕੋਈ ਪਾਪ ਨਹੀਂ ਹੈ, ਅਤੇ ਸਿੱਖਾਂ ਨੂੰ ਮਾਸ ਖਾਣ ਦੀ ਛੋਟ ਦੇ ਦਿੱਤੀ ਹੋਵੇ।

ਫਿਰ ਵੀ ਜੇ ਇਸ ਸ਼ਬਦ ਦਾ ਅਰਥ ਅਸੀਂ ਇਹ ਲਈਏ, ਜਿਵੇਂ ਕਿ ਸਾਡੇ ਵਿਦਵਾਨ ਵੀਰ ਲੈਂਦੇ ਹਨ, ਕੇ ਗੁਰੂ ਨਾਨਕ ਦੇਵ ਜੀ ਨੇਂ, ਮਾਸ ਦਾ ਇਹ ਝਗੜਾ ਤਾਂ, ਅੱਜ ਤੋਂ ਪੰਜ ਸੌ ਸਾਲ ਪਹਿਲੇ ਹੀ ਖਤਮ ਕਰ ਦਿੱਤਾ ਸੀ, ਕਿ ਮਾਸ ਖਾਣ ਵਿੱਚ ਕੋਈ ਪਾਪ ਨਹੀਂ ਹੈ। ਅਤੇ ਮਾਸ ਅਤੇ ਸਾਗ ਖਾਣ ਵਿੱਚ ਕੋਈ ਫਰਕ ਨਹੀਂ ਹੈ।

ਤਾਂ ਪਹਿਲੀ ਗੱਲ ਤੇ ਇਹ, ਕੇ ਅਸੀਂ ਤਾਂ ਧੱਕੇ ਨਾਲ ਹੀ ਆਪਣੇਂ ਆਪ ਨੂੰ ਜਾਂ ਗੁਰੂ ਨਾਨਕ ਦੇ ਸਿੱਖਾਂ ਨੂੰ ਇਸ ਝਗੜੇ ਵਿੱਚ ਸ਼ਾਮਲ ਕਰੀ ਜਾਂਦੇ ਹਾਂ। ਜਦਿਕਿ ਗੁਰੂ ਨਾਨਕ ਦੇ ਸਿੱਖਾਂ ਵਿੱਚ ਤਾਂ, ਮਾਸ ਦਾ ਇਹ ਝਗੜਾ ਹੈ ਹੀ ਨਹੀਂ ਸੀ। ਸਿੱਖ ਹੋਵੇ ਗੁਰੂ ਨਾਨਕ ਦਾ, ਤੇ ਉਸ ਦੇ ਮਨ ਵਿੱਚ ਫਿਰ ਵੀ ਕੋਈ ਵਹਿਮ ਭਰਮ ਜਾਂ ਝਗੜਾ ਰਹਿ ਜਾਵੇ, ਇਹ ਅਨਹੋਣੀਂ ਗੱਲ ਹੈ। ਅੱਜ ਇਹ ਮਾਸ ਦਾ ਝਗੜਾ ਕਰਨ ਵਾਲੇ, ਉਹਨਾਂ ਵਿਦਵਾਨ ਵੀਰਾਂ ਨੂੰ ਇਹ ਬੇਨਤੀ ਹੈ, ਕੇ ਸਭ ਤੋਂ ਪਹਿਲੇ ਤਾ ਉਹ ਇਹ ਦੱਸਣ, ਕਿ ਗੁਰੂ ਨਾਨਕ ਦੇਵ ਜੀ ਜਾਂ ਉਹਨਾਂ ਦੀ ਸੰਗਤ ਵਿਚੋਂ ਕੋਈ ਸਿੱਖ ਮਾਸ ਖਾਂਦਾ ਸੀ? ਕਿਤੇ ਇਸ ਦੀ ਕੋਈ ਮਿਸਾਲ ਜਾਂ ਸਬੂਤ ਮਿਲਦਾ ਹੈ। ਉਹ ਇਸ ਦੀ ਕੋਈ ਉਧਾਰਨ ਜਾਂ ਸਬੂਤ ਜਰੂਰ ਪੇਸ਼ ਕਰਨ। ਸਬੂਤ ਨਾਂ ਵੀ ਸਹੀ, ਸਿਰਫ ਏਨਾਂ ਹੀ ਦੱਸ ਦੇਣ ਕਿ ਗੁਰੂ ਨਾਨਕ ਜੀ ਜਾਂ ਉਹਨਾਂ ਦਾ ਕੋਈ ਸਿੱਖ ਮਾਸ ਖਾਂਦਾ ਸੀ।

ਗੁਰੂ ਨਾਨਕ ਦੇ ਸਿੱਖਾਂ ਦਾ ਭੋਜਨ ਕੀ ਸੀ, ਜਾਂ ਕੀ ਹੈ, ਜਾਂ ਗੁਰੂ ਨਾਨਕ ਦੇ ਸਿੱਖ ਕੀ ਖਾਦੇ ਸਨ, ਸਾਰੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਹੀ ਵਿਸਥਾਰ ਨਾਲ ਹਰ ਸ਼ਬਦ, ਹਰ ਤੁਕ, ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ। ਜਿਸ ਦੀ ਵਿਚਾਰ ਵੀ ਅਸੀਂ ਇਹਨਾਂ ਲੇਖਾਂ ਵਿੱਚ ਕਰਦੇ ਰਹਾਂ ਗੇ।

ਦੂਜੀ ਗੱਲ:- ਜੇ ਪਾਂਡੇ ਨੂੰ ਗੁਰੂ ਜੀ ਇਹ ਕਹਿ ਰਹੇ ਹਨ, ਕਿ “ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ” ਜੇ ਪਾਂਡਾ ਇਹ ਨਹੀਂ ਜਾਣਦਾ ਸੀ, ਕਿ ਮਾਸ ਕਿੱਥੋਂ ਪੈਦਾ ਹੋਇਆ ਹੈ। ਤਾਂ ਕੀ ਉਸ ਵੱਕਤ ਦਾ ਮਾਸ ਖਾਣ ਵਾਲਾ ਹਿੰਦੂ ਜਾਂ ਜਿਹੜਾ ਵੀ ਸੀ, (ਵਿਦਵਾਨਾਂ ਅਨੂੰਸਾਰ, ਜਿਸ ਦਾ ਕੇ ਪੱਖ ਗੁਰੂ ਨਾਨਕ ਦੇਵ ਜੀ ਨੇਂ ਪੂਰਿਆ ਸੀ) ਕੀ ਉਹ ਇਹ ਜਾਣਦਾ ਸੀ, ਕਿ ਮਾਸ ਕਿਥੋਂ ਪੈਦਾ ਹੋਇਆ ਹੈ? ? ।

ਇਸੇ ਹੀ ਤਰਾਂ ਜੇ ਗੁਰਬਾਣੀਂ ਦੀ ਇਹ ਕੜੀ “ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ” ਅਸੀਂ ਅੱਜ ਦੇ, ਮਾਸ ਖਾਣ ਦਾ ਵਿਰੋਧ ਕਰਨ ਵਾਲੇ ਸਿੱਖਾਂ (ਜਿੰਨ੍ਹਾਂ ਨੂੰ ਅਸੀਂ ਸਿੱਖੀ ਦੇ ਭੇਸ ਵਾਲੇ ਬ੍ਰਾਹਮਣ ਵੀ ਕਹਿੰਦੇ ਹਾਂ) ਤੇ ਘਟਾਈਏ, ਕਿ ਉਹ ਨਹੀਂ ਜਾਣਦੇ ਕਿ, ਮਾਸ ਕਿਥੋਂ ਪੈਦਾ ਹੋਇਆ ਹੈ, ਤਾਂ ਕੀ ਅੱਜ ਮਾਸ ਖਾਣ ਦੀ ਵਕਾਲਤ ਕਰਨ ਵਾਲੇ ਸਿੱਖ, (ਜਿਹੜੇ ਇਸ ਸ਼ਬਦ ਨੂੰ ਆਪਣੇਂ ਹੱਕ ਵਿੱਚ ਪੂਰਦੇ ਹਨ) ਕੀ ਉਹ ਇਹ ਜਾਣਦੇ ਹਨ ਕੇ ਮਾਸ ਕਿਥੋਂ ਪੈਦਾ ਹੋਇਆ ਹੈ? ? ? ? ? ? ?

ਹੁਣ ਵਿਚਾਰਨ ਵਾਲੀ ਗੱਲ ਹੈ, ਕਿ ਪਾਂਡੇ ਨੂੰ ਤਾਂ ਗੁਰੂ ਜੀ ਨੇਂ ਇਹ ਸਵਾਲ ਕਰ ਦਿੱਤਾ, ਕਿ ਪਾਂਡੇ ਤੂੰ ਜਾਣਦਾ ਹੀ ਨਹੀਂ ਕਿ ਮਾਸ ਕਿਥੋਂ ਪੈਦਾ ਹੋਇਆ, ਪਰ ਗੁਰੂ ਨਾਨਕ ਜੀ ਨੇਂ ਇਸ ਬਾਰੇ, ਪੰਡਿਤ ਨੂੰ ਜਾਂ ਸਾਨੂੰ ਇਹ ਨਹੀਂ ਦੱਸਿਆ ਕੇ ਮਾਸ ਪੈਦਾ ਕਿਥੋਂ ਹੋਇਆ ਹੈ। (ਹੁਣ ਸਾਨੂੰ ਕਿਵੇਂ ਪਤਾ ਲੱਗੇ ਕੇ ਮਾਸ ਕਿੱਥੋਂ ਪੈਦਾ ਹੋਇਆ ਹੈ) ਜੇ ਕੋਈ ਜਾਣਦਾ ਹੈ ਤਾਂ ਦੱਸੋ,

ਜਿਵੇਂ ਕੇ ਸਾਡੇ ਵਿਦਵਾਨਾਂ ਨੇਂ ਇਸ ਸ਼ਬਦ ਦੇ ਇਹ ਅਰਥ ਤਾਂ ਕੱਢ ਲਏ, ਕਿ ਗੁਰੂ ਜੀ ਕਹਿ ਰਹੇ ਹਨ, ਕਿ ਮਾਸ ਇੱਕ ਭੋਜਨ ਹੈ, ਅਤੇ ਇਸ ਦੇ ਖਾਣ ਵਿੱਚ ਕੋਈ ਪਾਪ ਨਹੀਂ ਹੈ। ਇਸੇ ਤਰਾਂ ਉਹ ਸੱਜਣ ਵੀਰ ਪਹਿਲੇ ਇਹ ਦੱਸਣ, ਕੇ ਮਾਸ ਪੈਦਾ ਕਿੱਥੋਂ ਹੋਇਆ ਹੈ? ।

ਇਹ ਮੇਰਾ ਤਜਰਬਾ ਸਮਝ ਲਵੋ, ਜਾਂ ਮੇਰੀ ਆਪਣੀ ਰਾਇ ਸਮਝ ਲਵੋ। (ਕਿਉਂ ਕਿ ਥੋੜੀ ਬਹੁਤ ਆਪਣੀਂ ਰਾਇ ਦੇਣ ਦਾ ਹੱਕ ਤਾਂ ਮੈਨੂੰ ਵੀ ਹੋਣਾਂ ਚਾਹੀਦਾ ਹੈ) ਮੇਰਾ ਮੰਨਣਾਂ ਇਹ ਹੈ, ਕਿ ਜਿਹੜਾ ਸੱਚਮੁਚ ਇਹ ਜਾਣਦਾ ਹੋਵੇ, ਕਿ ਮਾਸ ਕਿਥੋਂ ਪੈਦਾ ਹੋਇਆ ਹੈ, ਉਸ ਦਾ ਖਾਧਾ ਪੀਤਾ ਸੱਭ ਪਵਿੱਤਰ ਹੈ। ਕੀ ਸਾਡੇ ਤੁਹਾਡੇ ਵਿਚੋਂ, ਕੀ ਕੋਈ ਜਾਣਦਾ ਹੈ, ਕੇ ਮਾਸ ਕਿਥੌਂ ਪੈਦਾ ਹੋਇਆਂ ਹੈ? ? ? ? ? ? ? । ਕੀ ਕੋਈ ਦੱਸੇ ਗਾ? ਇਹ ਬੜਾ ਅਹਿਮ ਸਵਾਲ ਹੈ ਅਤੇ ਕਈਆਂ ਨੂੰ ਲੱਗਦਾ ਹੋਵੇ ਗਾ, ਕਿ ਇਹ ਮੇਰਾ ਸਵਾਲ ਹੈ, ਅਤੇ ਮੈਂ ਇਹ ਸਵਾਲ ਦਾ ਐਵੇ ਫਜ਼ੂਲ ਵਿਚ, ਬਾਰ ਰੱਟਾ ਲਾਈ ਜਾ ਰਿਹਾ ਹਾਂ। ਪਰ ਵੀਰੋ ਇਹ ਸਵਾਲ ਮੇਰਾ ਨਹੀਂ, ਇਹ ਸਵਾਲ ਜਾਂ ਤਰਕ ਗੁਰੂ ਨਾਨਕ ਦੇਵ ਜੀ ਨੇਂ ਉਠਾਇਆ ਹੈ।

ਮਾਸ ਖਾਣ ਦੇ ਹੱਕ ਅਤੇ ਵਿਰੋਧ ਵਿੱਚ ਬਹੁਤ ਸਾਰੇ ਵਿਦਵਾਨ ਸਦੀਆਂ ਤੋਂ ਲਿਖਦੇ ਆਇ ਹਨ। ਦਾਸ ਨੇਂ ਮਾਸ ਖਾਣ ਦੇ ਹੱਕ ਵਿੱਚ ਲਿਖੇ ਕਈ/ਕੁੱਝ ਕੂ ਵਿਦਵਾਨਾਂ ਦੇ ਲੇਖ ਪੜ੍ਹੇ ਹਨ। ਕਿਸੇ ਇੱਕ ਲੇਖ ਮੈਂ ਪੜ੍ਹਿਆ ਸੀ, ਇਸ ਲੇਖ ਵਿੱਚ ਵਿਦਵਾਨ ਪਰਚਾਰਕ ਵੀਰ ਕਹਿ ਰਹੇ ਹਨ, ਕਿ ਪ੍ਰਭੂ ਦੇ ਭੋਜਨ ਵਾਲੇ ਨਿਯਮ ਵਿੱਚ ਮਾਸ ਨੂੰ ਭੋਜਨ ਦਾ ਰੂਪ ਦਿੱਤਾ ਹੈ।

ਪਰ ਮੈਂ ਦੇਖਿਆ ਹੈ ਕਿ ਜਿਹੜਾ ਭੋਜਨ ਖਾਣ ਵਾਸਤੇ ਗੁਰੂ ਨਾਨਕ ਜੀ ਕਹਿੰਦੇ ਹਨ, ਉਸ ਭੋਜਨ ਦਾ ਆਮ ਕਰਕੇ ਅਸੀਂ ਕਦੇ ਜਿਕਰ ਵੀ ਨਹੀਂ ਕਰਦੇ। ਜਿਵੇਂ ਕਿ ਗੁਰਬਾਣੀਂ ਦੀ ਅਗਲੀ ਪੰਕਤੀ ਵਿੱਚ ਗੁਰੂ ਨਾਨਕ ਦੇਵ ਜੀ ਦੱਸ ਰਹੇ ਹਨ। ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥ ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ॥ ਮ: ੧ (ਇਹ ਹੈ ਗੁਰੂ ਨਾਨਕ ਦੇ ਸਿੱਖਾਂ ਦਾ ਅਸਲੀ ਭੋਜਨ, ਜੋ ਗੁਰੂ ਨਾਨਕ ਜੀ ਖੁਦ ਦੱਸ ਰਹੇ ਹਨ। ਠੇਠ ਪੰਜਾਬੀ ਵਿੱਚ ਸਪੱਸ਼ਟ ਲਿਖਿਆ ਹੋਇਆ ਹੈ। ਜੇ ਮਾਸ ਗੁਰੂ ਨਾਨਕ ਦੇ ਸਿੱਖਾਂ ਦਾ ਭੋਜਨ ਹੁੰਦਾ, ਤਾਂ ਕੀ ਮਾਸ ਖਾਣ ਦੇ ਹੱਕ ਵਿੱਚ ਵੀ ਇਸ ਤਰਾਂ ਸਪੱਸ਼ਟ ਨਹੀਂ ਸਨ ਲਿਖ ਸੱਕਦੇ ਗੁਰੂ ਜੀ)

ਇਕ ਪ੍ਰਚਾਰਕ ਗਿਆਨੀਂ ਵੀਰ ਅਪਣੇਂ ਲੇਖ ਵਿੱਚ ਲਿਖਦੇ ਹਨ:- ਸਮਝਣ ਦੀ ਗੱਲ ਹੈ, ਕਰਤਾਰ ਦੀ ਰਚਨਾ `ਚ ਜਿਸ-ਜਿਸ ਵਸਤ ਨੂੰ ਵੀ ਭੋਜਨ ਦਾ ਰੂਪ ਦਿੱਤਾ ਗਿਆ ਹੈ ਉਹ ਮਨੁੱਖ ਨੇ ਨਹੀਂ ਬਲਕਿ ਸਾਰੇ ਭੋਜਨ ਪ੍ਰਭੂ ਨੇ ਆਪ ਹੀ ਘੜੇ ਹਨ। ਮਨੁੱਖ ਨੇ ਤਾਂ “ਮਾਸਾਹਾਰੀ-ਸ਼ਾਕਾਹਾਰੀ” ਵਾਲੀ ਵੰਡ ਕੇਵਲ ਆਪਣੇ ਹਿਸਾਬ ਨਾਲ ਕੀਤੀ ਹੈ, ਪ੍ਰਭੂ ਦੇ ਭੋਜਨ ਵਾਲੇ ਨਿਯਮ `ਚ ਇਸ ਦਾ ਕੌਡੀ ਮੁੱਲ ਨਹੀਂ। ਮਨੁੱਖ ਦੀ ਇਸ ਬਨਾਵਟੀ ਵੰਡ ਅਨੁਸਾਰ ਸ਼ੇਰ, ਬਘਿਆੜ, ਚੀਤੇ ਆਦਿ ਮਾਸਾਹਾਰੀ ਜਾਨਵਰ ਹਨ।

ਜੋ ਕਿਸੇ ਦਾ ਮਨ ਕਰਦਾ ਹੈ ਲਿਖੀ ਜਾਂਦਾ ਹੈ। ਘੜਨ ਨੂੰ ਤਾਂ ਪ੍ਰਭੂ ਨੇਂ ਹੋਰ ਵੀ ਬਹੁਤ ਕੁੱਝ ਘੜਿਆ ਹੈ, ਬਲਿਕੇ ਸਾਰਾ ਕੁੱਝ ਘੜਿਆ ਹੀ ਪ੍ਰਭੂ ਨੇਂ ਆਪ ਹੈ। ਚੰਗਾ ਵੀ ਅਤੇ ਬੁਰਾ ਵੀ, ਕੀ ਉਹ ਵੀ ਸਾਰਾ ਕੁੱਝ ਹੀ ਵਰਤ ਜਾਂ ਖਾ ਲੈਣਾਂ ਚਾਹੀਦਾ ਹੈ।

ਨੋਟ:- ਉਹ ਬਾਕੀ ਦੀਆਂ ਵਸਤਾਂ, ਜੋ ਕਿ ਪ੍ਰਭੂ ਨੇਂ ਹੀ ਘੜੀਆਂ ਹਨ, ਪਰ ਜੇ ਅਸੀਂ ਉਸ ਨੂੰ ਬੁਰਾ ਮੰਨਦੇ ਹੋਈਏ। ਅਤੇ ਜੇ ਕਿਸੇ ਹੋਰ ਵੀਰ ਨੂੰ, ਉਹ ਬੁਰੀਆਂ ਵਸਤਾਂ ਖਾਣ ਜਾਂ ਵਰਤਣ ਤੋਂ ਅਸੀਂ ਮਨ੍ਹਾਂ ਕਰਨ ਦੀ ਮੱਤ ਦੇਣਾਂ ਚਾਹੁੰਦੇ ਹੋਈਏ। ਤਾਂ ਉਹ ਵੀਰ ਵੀ ਅਗੋਂ ਸਾਨੂੰ ਇਹੋ ਹੀ ਤਰਕ ਕਰ/ਦੇ ਸੱਕਦਾ ਹੈ, ਕਿ ਇਹ ਸਾਰਾ ਕੁੱਝ ਤਾਂ ਪ੍ਰਭੂ ਨੇਂ ਆਪ ਹੀ ਤਾਂ ਘੜਿਆ ਹੈ। ਜੇ ਇਸ ਨੂੰ ਵਰਤ ਜਾਂ ਖਾ ਨਹੀਂ ਸੱਕਦੇ, ਤਾਂ ਪ੍ਰਮਾਤਮਾਂ ਨੇਂ ਇਹ ਘੜੇ ਹੀ ਕਿਉਂ ਹਨ? ਤੁਸੀਂ ਮੂਰਖ ਹੋ ਜੋ ਪ੍ਰਭੂ ਦੇ ਨਿਯਮ ਦੇ ਉਲਟ ਚੱਲਦੇ ਹੋ। ਉਹ ਇਹ ਵੀ ਕਹਿ ਸੱਕਦਾ ਹੈ, ਕਿ ਕਿਸੇ ਵੀ ਚੀਜ ਨੂੰ ਖਾਣ ਜਾਂ ਵਰਤਨ ਦੀ ਬਨਾਵਟੀ ਵੰਡ ਮਨੁੱਖ ਨੇਂ ਆਪ ਹੀ ਕੀਤੀ ਹੈ। ਪ੍ਰਭੂ ਦੇ ਨਿਯਮਾਂ ਵਿੱਚ ਇਸ ਦਾ ਕੌਡੀ ਮੁੱਲ ਨਹੀਂ! ! ! ! ! ! !

ਪ੍ਰਭੂ ਨੇਂ ਆਪਣੀਂ ਘੜੀ ਹੋਈ ਕਿਸੇ ਵੀ ਚੀਜ ਤੋਂ ਕਦੇ ਵੀ ਮਨਾਹੀਂ ਨਹੀਂ ਕੀਤੀ। ਤਾਂ ਦੱਸੋ ਵੀਰੋ ਇਸ ਸੰਸਾਰ ਦੀ ਕਿਹੜੀ ਐਸੀ ਚੀਜ ਹੈ, ਜੋ ਪ੍ਰਮਾਤਮਾਂ ਨੇਂ ਨਹੀਂ ਘੜੀ ਹੈ। ਸੋ ਕੀ ਸਭਿ ਕੁੱਝ ਛਕ ਜਾਣਾਂ ਚਾਹੀਦਾ ਹੈ, ਅਤੇ ਹਰ ਚੀਜ ਵਰਤ ਲੈਣੀਂ ਚਾਹੀਦੀ ਹੈ।

ਕੀ ਮਾਤਰ ਇੱਕ ਇਹੋ ਹੀ ਤਰਕ ਠੀਕ ਹੈ, ਆਪਣੀਂ ਗੱਲ ਨੂੰ ਸਹੀ ਠਹਿਰਾਉਣ ਵਾਸਤੇ, ਕੇ ਹਰ ਚੀਜ ਘੜੀ ਤਾਂ ਉਸ ਪ੍ਰਭੂ ਪ੍ਰਮਾਤਮਾਂ ਨੇਂ ਹੀ ਹੈ।

ਮਾਸ ਖਾਣ ਦਾ ਬਹਾਨਾਂ ਚਾਹੀਦਾ ਹੋਵੇ, ਤਾਂ ਸਾਨੂੰ ਸ਼ੇਰ, ਬਘਿਆੜ, ਚੀਤੇ ਆਦੀ ਜਾਨਵਰਾਂ ਅਤੇ ਮਨੁੱਖ ਵਿਚਲੀ ਮਾਸ ਖਾਣ ਦੀ ਇਹ ਵੰਡ ਬਨਾਵਟੀ ਦਿੱਸਦੀ ਹੈ। ਭਾਵ ਅਸੀਂ ਅਤੇ ਜਾਨਵਰ ਇੱਕ ਹਾਂ। ਪਰ ਮਨੁੱਖਾਂ ਅਤੇ ਮਨੁੱਖਾਂ ਵਿੱਚ ਵੰਡੀਆਂ ਪਾਉਣ, ਈਰਖਾ, ਵੈਰ, ਵਰੋਧ ਫੈਲਾਉਣ, ਨਿੰਦਾ ਅਤੇ ਝਗੜੇ ਕਰਵਾਉਣ, ਧਾਰਮਿਕ ਵੰਡੀਆਂ ਪਾਉਣ ਵੇਲੇ ਸਾਨੂੰ ਆਪਣੀਂ ਜਾਂ ਇਹ ਮਨੁਖੀ ਵੰਡ, ਰੱਬੀ ਸਚਾਈ ਦਿੱਸਦੀ ਹੈ! ! ! ! !

ਚਲੋ ਮੰਨ ਲੈਂਦੇ ਹਾਂ, ਕਿ ਜੇ ਕੋਈ ਸ਼ਾਕਾਹਾਰੀ, ਮਨੁੱਖ, ਸ਼ੇਰ ਬਗਿਆੜ ਜਾਂ ਚੀਤੇ ਨੂੰ ਜੇ ਮਾਸਾ ਹਾਰੀ ਕਹਿੰਦਾ ਹੈ, ਅਤੇ ਮਨੁੱਖ ਨੂੰ ਸ਼ਾਕਾਹਾਰੀ ਕਹਿਂਦਾ ਹੈ, ਤਾਂ ਇਹ ਉਸ ਮਨੁੱਖ ਦੀ ਬਨਾਵਟੀ ਵੰਡ ਹੈ।

ਪਰ ਕੀ ਗੁਰੂ ਵੀ ਬਨਾਵਟੀ ਵੰਡ ਕਰ ਰਿਹਾ ਹੈ। (ਬਾਣੀਂ ਭਗਤ ਨਾਮ ਦੇਵ ਜੀ ਹੈ) ਆਪਾਂ ਅੱਗੇ ਪੜ੍ਹਾਂ ਚਲ ਕੇ ਪੜਾਂ ਗੇ।

ਜਿਨਾਂ ਨੇਂ ਕੇ ਮਾਸ ਨੂੰ ਸਿੰਘਚ ਭੋਜਨੁ (ਸ਼ੇਰਾਂ ਦਾ ਭੋਜਨ) ਨਿਰਦਾਇਤਾ ਵਾਲਾ ਭੋਜਨ ਆਖਿਆ ਹੈ। ਇਸ ਸ਼ਬਦ ਵਿੱਚ ਭਗਤ ਨਾਮ ਦੇਵ ਜੀ ਦੱਸਦੇ ਹਨ ਸ਼ੇਰਾਂ ਦੇ ਖਾਣੇ ਨੂੰ ਜਿਹੜਾ ਮਨੁੱਖ ਭੋਜਨ ਜਾਣਦਾ (ਦੱਸਦਾ) ਹੈ, ਉਹ ਮਨੁੱਖ ਠੱਗਦੇਉ (ਠੱਗ ਦੇਵਤਾ) ਹੈ। ਉਹ ਠੱਗਾਂ ਦਾ ਗੁਰੂ ਹੈ, ਸੱਭ ਠੱਗਾਂ ਦਾ ਠੱਗ ਹੈ। (ਕੀ ਸਿਰਫ ਏਨਾਂ ਹੀ ਕਾਫੀ ਨਹੀਂ ਹੈ, ਇਹਨਾਂ ਮਾਸ ਖਾਣ ਦੀ ਵਕਾਲਤ ਕਰਨ ਵਾਲਿਆ ਵਾਸਤੇ) ਭਗਤ ਨਾਮ ਦੇਵ ਜੀ ਨੇਂ ਤਾਂ ਮਨੁੱਖ ਅਤੇ ਸ਼ੇਰਾਂ ਦੇ ਭੋਜਨ ਵਿੱਚ ਵੰਡ ਪਾ ਦਿੱਤੀ ਹੈ, ਹੁਣ ਇਸ ਨੂੰ ਕੋਈ ਭਗਤ ਨਾਮ ਦੇਵ ਜੀ ਬਨਾਵਟੀ ਵੰਡ ਕਹੇ, ਜਾਂ ਮਨੁੱਖ ਦੀ ਬਨਾਵਟੀ ਵੰਡ ਕਹੇ, ਜਾਂ ਗੁਰਬਾਣੀਂ ਨੂੰ ਝੂਠ ਕਹੇ, ਇਹ ਉਹ ਹੀ ਜਾਣੇਂ।

ਨੋਟ:- ਆਮ ਕਰਕੇ ਲਿਖਾਰੀ ਵਿਦਵਾਨ “ਸਿੰਘਚ” ਭੋਜਨ ਦੇ ਅਰਥ ਸਿਰਫ ਨਿਰਦਾਇਤਾ ਦਾ ਭੋਜਨ, ਜਾਂ ਮਹਿਜ਼ ਜੁਲਮ ਦੇ ਤਰੀਕੇ ਨਾਲ ਕਮਾਈ ਹੋਈ ਰੋਟੀ ਹੀ ਕਹਿੰਦੇ ਹਨ। “ਸਿੰਘਚ” ਭੋਜਨ ਨੂੰ “ਮਾਸ” ਕਹਿਣ ਤੋਂ ਸੰਗਦੇ, ਜਾਂ ਝਿਜਕਦੇ ਹਨ। ਕਿਉਂ ਕਿ ਇਸ ਤਰਾਂ ਕਹਿਣ ਨਾਲ ਤਾਂ ਉਹਨਾਂ ਦਾ ਸਾਰਾ ਫਲਸਫਾ ਹੀ ਉਲਟ ਪੈ ਜਾਵੇ ਗਾ। ਜੋ ਕਿ ਉਹਨਾਂ ਨੇਂ ਮਾਸ ਖਾਣ ਦੇ ਹੱਕ ਵਿੱਚ ਪ੍ਰਚਾਰਿਆ ਹੋਇਆ ਹੈ। ਵੀਰੋ ਵਿਚਾਰ ਕਰੋ! ਜੁਲਮ ਦੇ ਤਰੀਕੇ ਨਾਲ ਕਮਾਈ ਹੋਈ ਰੋਟੀ ਨੂੰ, ਤਾਂ ਸਾਰੇ ਹੀ ਮਾੜਾ ਕਹਿਣ ਗੇ ਹੀ। ਇਸ ਵਿੱਚ ਤਾਂ ਕੋਈ ਦੋ ਰਾਇ ਹੋ ਹੀ ਨਹੀਂ ਸਕਦੀ। ਕੇ ਕੁੱਝ ਬੰਦੇ ਤਾਂ ਜੁਲਮ ਦੀ ਰੋਟੀ ਨੂੰ ਚੰਗਾ (ਜਾਇਜ਼) ਕਹਿਣ, ਅਤੇ ਕੁੱਝ ਬੰਦੇ ਮਾੜਾ ਜਾਂ ਬੁਰਾ ਜਾਂ ਪਾਪ ਕਹਿਣ। ਹੁਣ ਇਹ ਸੋਚੋ ਕਿ ਵਿਦਵਾਨਾਂ ਵਲੋਂ ਖੁਦ ਹੀ ਜੁਲਮ ਦੀ ਰੋਟੀ ਜਾਂ ਇਸ ਬੁਰਾਈ ਦੀ ਉਧਾਰਨ (ਮੁਕਾਬਲਾ ਜਾਂ ਮੇਲ) ਕਿਸ ਚੀਜ ਨਾਲ ਕੀਤਾ ਜਾ ਰਹਾ ਹੈ! ! ਮਾਸ ਨਾਲ! ਅਤੇ ਮਾਸ ਤਾਂ ਸ਼ੇਰਾਂ ਦਾ ਖਾਣਾਂ ਹੈ। ਸੋ ਇਹ ਵਿਦਵਾਨ ਖੁਦ ਹੀ ਇਹ ਸਿੱਧ ਕਰ ਰਹੇ ਹਨ, ਕਿ ਜੁਲਮ ਦੀ ਰੋਟੀ ਮਾਸ ਖਾਣ ਦੇ ਬਰਾਬਰ ਹੈ। ਜੇ ਜੁਲਮ ਦੀ ਰੋਟੀ ਮਾਸ ਬਰਾਬਰ ਹੈ, ਯਾਨੀਂ ਦੋਵੇਂ ਚੀਜਾਂ ਬਰਾਬਰ ਹਨ। ਅਤੇ ਜੇ ਜੁਲਮ ਦੀ ਰੋਟੀ ਖਾਣੀਂ ਪਾਪ ਜਾਂ ਬੁਰੀ ਹੈ, ਤਾਂ ਮਾਸ ਖਾਣਾਂ ਕਿਵੇਂ ਜਾਇਜ ਹੈ। ਜੇ ਕੋਈ ਅਜੇ ਵੀ ਮੰਨਣਾਂ ਨਹੀਂ ਚਾਹੁੰਦਾ, ਕਿ “ਸਿੰਘਚ ਭੋਜਨ” ਮਾਸ ਨੂੰ ਨਹੀਂ ਕਹਿੰਦੇ, ਤਾਂ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਦਾ ਇਹ ਵਾਕ ਪੜ੍ਹ ਸੱਕਦਾ ਹੈ, “ਸਿੰਘ ਰੁਚੈ ਸਦ ਭੋਜਨੁ ਮਾਸ” “ਰੁਚੈ” ਤੋਂ ਭਾਵ ਹੈ, ਸ਼ੇਰ ਦੀ ਰੁਚੀ/ਤਾਂਘ/ਪ੍ਰੀਤ ਮਾਸ ਨਾਲ ਹੈ। ਭਾਵ ਮਾਸ ਸ਼ੇਰਾਂ ਦਾ ਮਨ ਭਾਉਂਦਾ ਭੋਜਨ ਹੈ। ਇਸੇ ਤਰਾਂ ਅਗੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਇੱਕ ਹੋਰ “ਰੁਚੀ” ਦੀ ਗੱਲ ਦੱਸਦੇ ਹਨ, ਕਿ ਸਾਡੇ ਮਨ ਵਿੱਚ ਹਰੀ ਦੇ ਨਾਮ ਦੀ “ਰੁਚੀ” ਹੈ, ਕੇਦਾਰਾ ਮਹਲਾ ੫॥ ਹਰਿ ਕੇ ਨਾਮ ਕੀ ਮਨ ਰੁਚ॥ ਕੋਟਿ ਸਾਂਤਿ ਅਨμਦ ਪੂਰਨ ਜਲਤ ਛਾਤੀ ਬੁਝੈ॥ ਰਹਾਉ॥ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਸਾਨੂੰ ਸਮਝਾ ਰਹੇ ਹਨ ਕਿ, ਸ਼ੇਰ ਦੀ ਰੁਚੀ ਮਾਸ ਖਾਣ ਵਿੱਚ ਹੈ, ਪਰ ਸਾਡੀ ਰੁਚੀ ਹਰਿ ਕੇ ਨਾਮ ਵਿੱਚ ਹੈ।

ਵਿਚਾਰ:-ਇਕ ਪਾਸੇ ਮਨ ਵਿੱਚ ਮਾਸ ਭੋਜਨ ਖਾਣ “ਰੁਚੀ” ਹੈ, ਦੂਜੇ ਪਾਸੇ ਮਨ ਵਿੱਚ ਨਾਮ ਭੋਜਨ ਖਾਣ ਦੀ “ਰੁਚੀ” ਹੈ। ਦੋਵੇਂ ਉਧਾਰਨਾਂ ਸਾਡੇ ਸਾਹਮਣੇਂ ਹਨ। ਇਹ ਫੈਸਲਾ ਤਾਂ ਹੁਣ ਆਪਾਂ ਹੀ ਕਰਨਾਂ ਹੈ, ਕੇ ਸਾਨੂੰ ਕਿਸ ਕਤਾਰ ਵਿੱਚ ਖੜੇ ਹੋਣਾਂ ਚਾਹੀਦਾ ਹੈ। ਵੈਸੇ ਵੀ ਗੁਰੂ ਅਰਜਨ ਦੇਵ ਜੀ ਦੱਸ ਰਹੇ ਹਨ, ਕਿ ਨਾਮ ਦਾ ਭੋਜਨ ਖਾਣ ਨਾਲ ਕਰੋੜਾਂ ਸੁਖ ਸ਼ਾਂਤੀਆਂ, ਮਿਲਦੀਆਂ ਹਨ, ਕਰੋੜਾਂ ਅਨੰਦ ਮਿਲਦੇ ਹਨ, ਅਤੇ ਹਿਰਦੇ ਦੀ ਸਾਰੀ ਜਲਨ, ਹਿਰਦੇ ਨੂੰ ਸਾੜਨ ਵਾਲੀਆਂ ਸਾਰੀਆਂ ਅੱਗਾਂ ਬੁਝ ਜਾਂਦੀਆਂ ਹਨ। ਦੂਜੇ ਪਾਸੇ ਮਾਸ ਖਾਣ ਨਾਲ ਕੀ ਮਿਲਦਾ ਹੈ? ? । ਅਗਲੀ ਬਾਣੀਂ ਵੀ ਗੁਰੂ ਅਰਜਨ ਦੇਵ ਜੀ ਦੀ ਹੈ ਸਮਝਾਉਂਦੇ ਹਨ ਜੋ ਭਲਾਈ ਸੋ ਬੁਰਾ ਜਾਨੈ॥ ਸਾਚੁ ਕਹੈ ਸੋ ਬਿਖੈ ਸਮਾਨੈ॥ ਜਾਣੈ ਨਾਹੀ ਜੀਤ ਅਰੁ ਹਾਰ॥ ਇਹੁ ਵਲੇਵਾ ਸਾਕਤ ਸੰਸਾਰ॥ ੨॥ ਜੋ ਹਲਾਹਲ ਸੋ ਪੀਵੈ ਬਉਰਾ॥ ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ॥ ਮ: ੫ ੧੮੦

ਅਗੇ ਆਪਾਂ ਭਗਤ ਨਾਮ ਦੇਵ ਜੀ ਦੇ ਸ਼ਬਦ ਦੀ ਵਿਚਾਰ ਕਰਦੇ ਹਾਂ।

ਆਸਾ॥ ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ॥ ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ॥ ੧॥ ਕਾਹੇ ਕਉ ਕੀਜੈ ਧਿਆਨੁ ਜਪੰਨਾ॥ ਜਬ ਤੇ ਸੁਧੁ ਨਾਹੀ ਮਨੁ ਅਪਨਾ॥ ੧॥ ਰਹਾਉ॥ ਸਿੰਘਚ ਭੋਜਨੁ ਜੋ ਨਰੁ ਜਾਨੈ॥ ਐਸੇ ਹੀ ਠਗਦੇਉ ਬਖਾਨੈ॥ ੨॥ ਨਾਮੇ ਕੇ ਸੁਆਮੀ ਲਾਹਿ ਲੇ ਝਗਰਾ॥ ਰਾਮ ਰਸਾਇਨ ਪੀਉ ਰੇ ਦਗਰਾ॥ ੩॥ (੪੮੫)

ਇਥੇ ਇੱਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਜੀ ਕਿ ਇਸ ਸ਼ਬਦ ਵਿੱਚ ਵੀ, ਜਪੁਜੀ ਸਾਹਿਬ ਜੀ ਦੀ ੧੮ਵੀਂ ਪਾਉੜੀ ਅਸੰਖ ਗਲਵਢ ਹਤਿਆ ਕਮਾਹਿ॥ ਅਸੰਖ ਪਾਪੀ ਪਾਪੁ ਕਰਿ ਜਾਹਿ॥ ਅਸੰਖ ਕੂੜਿਆਰ ਕੂੜੇ ਫਿਰਾਹਿ॥ ਅਸੰਖ ਮਲੇਛ ਮਲੁ ਭਖਿ ਖਾਹਿ॥ ਵਾਂਗ ਹੀ, ਸ਼ੇਰਾਂ ਦਾ ਭੋਜਨ ਖਾਣ ਵਾਲੇ ਮਨੁੱਖਾਂ ਦੇ ਲੱਛਣਾਂ ਦੀ ਲਿਸਟ ਹੈ। ਭਾਵ ਸ਼ੇਰਾਂ ਦਾ ਭੋਜਨ ਖਾਣ ਵਾਲਾ ਮਨੁੱਖ ਕੈਸਾ ਹੁੰਦਾ ਹੈ, ਜਾਂ ਕਿੰਨ੍ਹਾਂ ਵਰਗਾ ਹੁੰਦਾ ਹੈ, ਇਸ ਸ਼ਬਦ ਵਿੱਚ ਇਹ ਸਮਝਾਇਆ ਗਿਆ ਹੈ। “ਅਸੰਖ ਗਲਵਢ ਹਤਿਆ ਕਮਾਹਿ” (ਜਪੁਜੀ ਸਾਹਿਬ ਵਿਚ) ਕਿਸੇ ਦਾ ਗਲਾ ਵੱਢਣ ਨੂੰ ਹੱਤਿਆ ਕਿਹਾ ਹੈ, ਵਿਚਾਰ ਕਰੀਏ ਕਿਤੇ ਅਸੀਂ ਵੀ ਹਤਿਆਰੇ ਤਾਂ ਨਹੀਂ ਹਾਂ।

ਨਾਮ ਦੇਵ ਜੀ ਕਹਿੰਦੇ ਹਨ, ਜਿਸ ਤਰਾਂ ਸੱਪ ਆਪਣੀਂ ਕੁੰਜ ਲਾਹ ਸੁਟਦਾ ਹੈ, ਪਰ ਜਹਿਰ ਨਹੀਂ ਛੱਡਦਾ। ਜਿਸ ਤਰਾਂ ਬਗਲਾ, ਪਾਣੀਂ ਵਿੱਚ ਇੱਕ ਪੈਰ (ਟੰਗ) ਤੇ ਖਲਾ ਹੋ ਕੇ, ਮੱਛੀ ਨੂੰ ਪਕੜਨ ਵਾਸਤੇ ਧਿਆਨ ਇਕਾਗਰ ਕਰ ਕੇ, ਸਮਾਧੀ ਲਗਾਉਂਦਾ ਹੈ। ਐਸੇ ਮਨੁੱਖ ਊਪਰੋਂ ਊਪਰੋਂ ਜੇ ਕੁੱਝ ਬਦਲ ਵੀ ਜਾਣ, ਭਾਵ ਵੇਖਣ ਨੂੰ ਉਹ ਵੱਡੇ ਗੁਰਮੁਖ ਵੀ ਲੱਗਣ। ਗੁਰਮੁਖਾਂ ਦੀ ਰੀਸ ਵੀ ਕਰਨ, ਪਰ ਉਹ ਅੰਦਰੋਂ ਸੱਪ ਵਾਂਗ ਅਪਣੀਂ ਜ਼ਹਿਰ, (ਵਿਕਾਰ) ਨਹੀਂ ਛੱਡਦੇ। ਜੇ ਅਪਣਾਂ ਮੰਨ ਹੀ ਸੁੱਧ ਨਹੀਂ, ਤਾਂ ਕਿਉਂ ਬਗਲੇ ਵਾਂਗ ਧਿਆਨ, ਜਾਪ, ਅਤੇ ਗੁਰਮੁਖਤਾ ਦਾ ਵਿਖਾਵਾ ਕਰਦਾ ਹੈਂ। ਨਾਮ ਦੇਵ ਜੀ ਕਹਿੰਦੇ ਹਨ, ਜੋ ਮਨੁਖ ਸ਼ੇਰਾਂ ਵਾਲਾ ਭੋਜਨ ਕਰਦੇ ਹਨ, ਉਹ ਵੀ ਐਸੇ ਹੀ ਹੁੰਦੇ ਹਨ। ਜੈਸੇ ਕੇ ਊਪਰ ਬਿਆਨ ਕੀਤੇ ਹਨ। (ਕੀ ਇਹ ਮਾਸ ਖਾਣ ਵਾਲਿਆਂ ਦੀ ਵੰਡ ਜਾਂ ਮਨਾਹੀਂ ਨਹੀਂ ਹੈ?)

ਨਾਮ ਦੇਵ ਜੀ ਦੇ ਸ਼ਬਦ ਦੀ ਇਹ ਕੜੀ, ਕਾਹੇ ਕਉ ਕੀਜੈ ਧਿਆਨੁ ਜਪੰਨਾ॥ ਜਬ ਤੇ ਸੁਧੁ ਨਾਹੀ ਮਨੁ ਅਪਨਾ॥ ੧॥ ਰਹਾਉ ਅਤੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦੀ ਇਹ ਅਗਲੀ ਕੜੀ, ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁਦੋਹਾਂ ਪੰਗਤੀਆਂ ਦਾ ਭਾਵ ਮਿਲਾ ਕੇ ਪੜ੍ਹੋ। ਦੋਹਾਂ ਪੰਗਤੀਆਂ ਦਾ ਭਾਵ ਇੱਕ ਹੀ ਹੈ।

ਇਸ ਸ਼ਬਦ ਦਾ ਸਾਰ:- ਨਾਮ ਦੇਵ ਜੀ ਕਹਿੰਦੇ ਹਨ, ਨਾਮੇ ਕੇ ਸੁਆਮੀ ਲਾਹਿ ਲੇ ਝਗਰਾ॥ ਰਾਮ ਰਸਾਇਨ ਪੀਉ ਰੇ ਦਗਰਾ॥ ੩॥ ਮੇਰੇ ਸਵਾਮੀਂ ਨੇਂ ਇਹ ਸਿੰਘਚ ਭੋਜਨੁ ਵਾਲਾ ਝਗੜਾ ਮੁਕਾ ਦਿਤਾ ਹੈ। “ਦਗਰਾ” (ਐ ਪੱਥਰਾ) ਐ ਪੱਥਰ ਚਿੱਤ, ਐ ਹਤਿਆ ਕਰਨ ਵਾਲੇ ਕਠੋਰ ਬੰਦੇ, ਤੂੰ ਵੀ ਇਹ ਕੰਮ ਛੱਡ ਅਤੇ ਰੱਤ ਜਾਂ ਸਿੰਘਚ ਭੋਜਨੁ ਦੀ ਥਾਂ ਰਾਮ ਦੇ ਨਾਮ ਦਾ ਰਸਾਇਣ ਪੀ। (ਕੀ ਇਹ ਮਾਸ ਖਾਣ ਦੀ ਮਨਾਹੀਂ ਨਹੀਂ ਹੈ?)

ਪਾਠਕ ਵੀਰੋ ਵਿਚਾਰ ਕਰੋ, ਕੀ ਨਾਮ ਦੇਵ ਜੀ ਨੇਂ ਵੀ, ਸ਼ੇਰਾਂ ਵਾਲੇ ਭੋਜਨ ਅਤੇ ਮਨੁੱਖਾਂ (ਰਾਮ ਰਸਾਇਣ) ਵਾਲੇ ਭੋਜਨ ਦੀ ਜੋ ਵੰਡ ਕੀਤੀ ਹੈ, ਕੀ ਇਹ ਵੀ ਬਨਾਵਟੀ ਵੰਡ ਹੈ। ਅਤੇ ਉਸ ਪ੍ਰਚਾਰਕ ਦੇ ਕਹਿਣ ਅਨੂਸਾਰ, ਕੀ ਇਸ ਦਾ (ਨਾਮ ਦੇਵ ਦੀ ਬਾਣੀਂ ਦਾ) ਕੌਡੀ ਵੀ ਮੁੱਲ ਨਹੀਂ ਹੈ? ? ? ? ।

ਸੁਭਾਅ, ਰੁਚੀ, ਅਤੇ ਕਰਮ ਆਦਿ ਅਨੂੰਸਾਰ ਸੱਭ ਦੀ ਵੰਡ ਕੀਤੀ ਜਾ ਸੱਕਦੀ ਹੈ। ਅਤੇ ਗੁਰੂ ਸਾਹਿਬਾਂ ਨੇਂ ਕੀਤੀ ਵੀ ਹੋਈ ਹੈ। ਅਗਲਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਂਰਾਜ ਦਾ ਹੈ। ਉਹਨਾਂ ਨੇਂ ਵੀ ਸ਼ੇਰਾਂ ਦੇ ਭੋਜਨ ਦੀ ਵੰਡ ਅਤੇ ਹੋਰ ਵੀ ਕਈ ਤਰਾਂ ਦੀਆਂ ਵੰਡੀਆਂ ਸਾਨੂੰ ਸੁਝਾਈਆਂ ਹਨ। ਕੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਇਹ ਬਨਾਉਟੀ ਵੰਡ ਕਰ ਰਹੇ ਹਨ।

ਸਿੰਘ ਰੁਚੈ ਸਦ ਭੋਜਨੁ ਮਾਸ॥ ਰਣੁ ਦੇਖਿ ਸੂਰੇ ਚਿਤ ਉਲਾਸ॥ ਕਿਰਪਨ ਕਉ ਅਤਿ ਧਨ ਪਿਆਰੁ॥ ਹਰਿ ਜਨ ਕਉ ਹਰਿ ਹਰਿ ਆਧਾਰੁ॥ ੩॥ ਸਰਬ ਰੰਗ ਇੱਕ ਰੰਗ ਮਾਹਿ॥ ਸਰਬ ਸੁਖਾ ਸੁਖ ਹਰਿ ਕੈ ਨਾਇ॥ ਤਿਸਹਿ ਪਰਾਪਤਿ ਇਹੁ ਨਿਧਾਨੁ॥ ਨਾਨਕ ਗੁਰੁ ਜਿਸੁ ਕਰੇ ਦਾਨੁ॥ ੪॥ ੨॥ ਮ: ੫ ੧੧੮੦

ਗੁਰੂ ਅਰਜਨ ਦੇਵ ਜੀ ਮਹਾਂਰਾਜ ਇਸ ਸ਼ਬਦ ਵਿੱਚ ਦੱਸਦੇ ਹਨ। ਸ਼ੇਰ ਦੀ ਰੁਚੀ (ਤਾਂਘ, ਪ੍ਰੀਤ) ਸਦਾ ਹੀ ਮਾਸ ਖਾਣ ਵਿੱਚ ਹੁੰਦੀ ਹੈ। “ਸਿੰਘ ਰੁਚੈ ਸਦ ਭੋਜਨੁ ਮਾਸ”

ਅਤੇ ਇਸੇ ਸ਼ਬਦ ਦੀ ਚੌਥੀ ਪੰਕਤੀ ਵਿੱਚ ਦੱਸਦੇ ਹਨ, ਕਿ ਜਿਹੜਾ ਹਰੀ ਦਾ ਜਨ (ਦਾਸ, ਭਗਤ, ਸੇਵਕ) ਹੁੰਦਾ ਹੈ। ਉਸ ਦੀ ਰੁਚੀ ਜਾਂ ਤਾਂਘ ਹਰੀ ਦੀ ਭਗਤੀ ਵਿੱਚ ਹੁੰਦੀ ਹੈ। ਹਰੀ ਦੇ ਜਨ ਨੂੰ ਸਿਰਫ ਹਰੀ ਦਾ ਆਧਾਰ (ਆਸਰਾ, ਸਹਾਰਾ, ਟੇਕ) ਹੁੰਦਾ ਹੈ। ਹਰੀ ਦੇ ਜਨ ਦੀ ਖੁਰਾਕ (ਭੋਜਨ) ਸਿਰਫ ਹਰੀ ਦੀ ਟੇਕ ਹੁੰਦਾ ਹੈ। “ਹਰਿ ਜਨ ਕਉ ਹਰਿ ਹਰਿ ਆਧਾਰੁ” ਹਰੀ ਦੇ ਜਨ ਦੀ ਰੁਚੀ, ਤਾਂਘ, ਜਾਂ ਪ੍ਰੀਤ ਸਦਾ ਹੀ ਹਰੀ ਨਾਲ ਜੁੜੀ ਰਹਿੰਦੀ ਹੈ। (ਸ਼ੇਰਾਂ ਦਾ ਆਧਾਰ ਮਾਸ ਹੈ, ਅਤੇ ਹਰੀ ਦੇ ਜਨਾਂ ਆਧਾਰ ਨਾਮ ਹੈ)

ਊਪਰ ਵਾਲੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਂਰਾਜ ਦੱਸ ਚੁਕੇ ਹਨ, ਕਿ ਮਾਸ ਸ਼ੇਰਾਂ ਦਾ ਭੋਜਨ ਹੈ ਜੋ ਅਸੀਂ ਪੜ੍ਹ ਚੁਕੇ ਹਾਂ। ਅਗਲੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਜੀ ਸਾਨੂੰ ਫਿਰ ਸਮਝਾਉਂਦੇ ਹਨ, ਬ੍ਰਹਮ ਗਿਆਨੀ ਦਾ ਭੋਜਨ ਮਾਸ ਨਹੀਂ, ਬ੍ਰਹਮ ਗਿਆਨੀ ਦਾ ਭੋਜਨ ਤਾਂ ਗਿਆਨ ਹੈ

ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ॥ ੩॥ ਮ: ੫ ੨੭੩

ਕੀ ਇਹ “ਸ਼ੇਰ” ਅਤੇ ਬ੍ਰਹਮ ਗਿਆਨੀਂ ਜਾਂ “ਹਰੀ ਦੇ ਜਨਾਂ” ਵਿੱਚ ਵੰਡ ਨਹੀਂ ਹੈ? ? ? ? ?

ਅਸੀਂ ਆਪਣੇਂ ਆਪ ਨੂੰ ਸਿੱਖ ਕਹਾਉਂਦੇ ਹਾਂ। ਕੀ ਸਿੱਖ ਹਰੀ ਦਾ ਜਨ ਨਹੀਂ ਹੁੰਦਾ? ? ਅਤੇ ਕੀ ਸਿੱਖ ਹਰਿ ਦੇ ਜਨਾਂ ਦੀ ਵੰਡ ਵਿੱਚ ਆਉਂਦਾ ਹੈ, ਜਾਂ ਸ਼ੇਰ ਬਘਿਆੜ ਅਤੇ ਚੀਤਿਆਂ ਆਦਿ ਦੀ ਵੰਡ ਵਿੱਚ ਆਉਂਦਾ ਹੈ?

ਅਗਲਾ ਪਹਿਰਾ ਵੀ ਉਸੇ ਹੀ ਪ੍ਰਚਾਰਕ ਦੇ ਲੇਖ ਵਿਚੋਂ ਹੈ ਜੀ। ਜੇ ਸਾਨੂੰ ਕੋਈ ਮਾਸ ਖਾਣ ਤੋਂ ਵਰਜੇ, ਤਾਂ ਅਸੀਂ ਅਗੋਂ ਇਸ ਤਰਾਂ ਦੇ ਤਰਕ ਪੇਸ਼ ਕਰਦੇ ਹਨ, ਜਿਵੇਂ ਕਿ ਅਗਲੇ ਪਹਿਰੇ ਵਿੱਚ ਉਹ ਲਿਖਦੇ ਹਨ, ਕਿ…

…ਪ੍ਰਭੂ ਨੇ ਕੁੱਤਾ, ਬਿੱਲੀ ਆਦਿ ਕਿਉਂ ਬਣਾਏ ਜੋ ਮਾਸਾਹਾਰੀ ਤੇ ਸ਼ਾਕਾਹਾਰੀ ਦੋਵੇਂ ਤਰ੍ਹਾਂ ਦੇ ਭੋਜਨ ਖਾਂਦੇ ਹਨਵਿਚਾਰਨ ਦੀ ਗੱਲ ਹੈ ਕਿ ਸਾਰਿਆਂ ਜੀਵਾਂ ਨੂੰ ਪੈਦਾ ਕਰਣ ਵਾਲਾ ਅਤੇ ਉਨ੍ਹਾਂ ਦੇ ਭੋਜਨ ਨਿਯਤ ਕਰਣ ਵਾਲਾ ਪ੍ਰਭੂ ਆਪ ਹੀ ਹੈ। ਜਦੋਂ ਕਾਦਿਰ ਹੈ ਹੀ ਇਕੋ ਤਾਂ ਫ਼ਿਰ ਜਿਸ ਨੂੰ ਮਾਸ ਦੇ ਭੋਜਨ ਕਹਿ ਕੇ ਅਸੀਂ ਨਿੰਦ ਰਹੇ ਹਾਂ, ਜੇਕਰ ਸਚਮੁਚ ਹੀ ਉਹ ਭੋਜਨ ਨਿੰਦਣ ਯੋਗ ਹਨ ਤਾਂ ਪ੍ਰਭੂ ਨੇ ਉਨ੍ਹਾਂ ਨੂੰ ਭੋਜਨ ਨਿਯਤ ਹੀ ਕਿਉਂ ਕੀਤਾ?

ਪਾਠਕ ਵੀਰੋ ਇਹ ਕੈਸੀ ਜਿਦ ਹੈ, ਜਾਂ ਇਹ ਕੈਸਾ ਤਰਕ ਹੈ, ਜਾਂ ਇਹ ਕੈਸੀ ਰੀਸ ਹੈ, ਕੇ ਜੇ ਕੁੱਤੇ ਬਿਲੇ ਮਾਸ ਖਾ ਸੱਕਦੇ ਹਨ, ਤਾਂ ਅਸੀਂ ਮਾਸ ਕਿਉਂ ਨਹੀਂ ਖਾ ਸੱਕਦੇ, ਕੀ ਅਸੀਂ ਇਸ ਨੂੰ ਗੁਰਮਤਿ ਦਾ ਪਾਠ ਕਹਿ ਸਕਦੇ ਹਾਂ। ਇਹ ਸਾਰੀਆਂ ਮਨਮੱਤ ਉਧਾਰਨਾਂ ਹਨ, ਜੋ ਗੁਰਮੱਤਿ ਦੇ ਨਾਂ ਤੇ ਸਾਡੇ ਤੇ ਠੋਸੀਆਂ ਜਾ ਰਹੀਆਂ/ਗਈਆਂ ਹਨ।

ਜਿਸ ਕੌਮ ਨੂੰ ਐਸੇ ਪਾਠ ਪੜ੍ਹਾਇ ਜਾਣ, ਜਾਂ ਜਿਸ ਕੌਮ ਵਿੱਚ ਐਸੇ ਪਾਠ ਪੜ੍ਹਾਉਣ ਵਾਲੇ ਹੋਣ, ਜਿਹੜੇ ਸਾਨੂੰ ਹਰੀ ਦੇ ਜਨ ਬਣਨ ਬਜਾਏ, ਸ਼ੇਰ ਬਘਿਆੜ ਚੀਤੇ ਕੁਤੇ ਬਿੱਲੇ ਆਦਿ ਬਣਨ ਦੇ ਪਾਠ ਪੜ੍ਹਾਉਣ, ਜਾਂ ਜਿਹੜੇ ਸਾਨੂੰ ਹਰੀ ਦੇ ਜਨਾਂ ਦੀ ਰੀਸ ਕਰਨ ਦੀ ਬਜਾਏ, ਸ਼ੇਰ ਬਘਿਆੜ ਚੀਤੇ ਕੁਤੇ ਬਿੱਲੇ ਕੋਹੜ ਕਿਰਲੀਆਂ ਆਦਿ ਦੀ ਰੀਸ ਕਰਨ ਦੇ ਪਾਠ ਪੜ੍ਹਾਉਣ, ਤਾਂ। ਤਾਂ ਉਸ ਕੌਮ ਦਾ ਤਾਂ ਫਿਰ ਰੱਬ ਹੀ……।

ਅੱਗੇ ਗੁਰੂ ਨਾਨਕ ਦੇ ਸਿੱਖਾਂ ਦਾ ਭੋਜਨ ਜਾਂ ਹਰੀ ਦੇ ਜੀਆਂ ਦਾ ਭੋਜਨ ਕੀ ਹੈ, ਅਗਲੀ ਕੜੀ ਵਿਚ, ਗੁਰੂ ਨਾਨਕ ਦੇਵ ਜੀ ਖੁਦ ਹੀ ਦੱਸਦੇ ਹਨ, ਕੇ ਜਿਸ ਪ੍ਰਮਾਤਮਾਂ ਨੇਂ ਜੀਅ ਪੈਦਾ ਕੀਤੇ ਹਨ, ਉਸਨੇਂ ਆਪਣੇਂ ਜੀਆਂ ਵਾਸਤੇ, ਅਮ੍ਰਿਤ ਵਰਗਾ ਸੱਚਾ ਨਾਮ ਰੂਪੀ ਭੋਜਨ, ਤਿਆਰ ਕਰਕੇ ਰਖਿਆ ਹੈ, ਅਤੇ ਪ੍ਰਮਾਤਮਾਂ ਦੇ ਜੀਅ ਉਸ ਭੋਜਨ ਨੂੰ ਖਾਦੇ ਹਨ। (ਪਰ ਸਾਨੂੰ ਉਹ ਅਮ੍ਰਿਤ ਭੋਜਨ ਖਾਣ ਦੀ ਬਜਾਇ, ਗੁਰਬਾਣੀਂ ਤੋਂ ਉਲਟ ਬਿਖ (ਜ਼ਹਿਰ) ਖਾਣ ਦੀ ਸਿੱਖਿਆ ਦਿੱਤੀ ਜਾਂਦੀ ਹੈ।)

ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ॥ ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ॥ ਮ: ੧ ੫੯੪

ਬਾਣੀਂ ਦੀਆਂ ਅਗਲੀਆਂ ਪੰਕਤੀਆਂ ਵਿਚ, ਸ੍ਰੀ ਗੁਰੂ ਅਰਜਨ ਦੇਵ ਜੀ ਵੀ ਸਾਨੂੰ ਇਹੋ ਹੀ ਦੱਸਦੇ ਹਨ, ਕਿ ਹਰੀ ਦੇ ਨਾਮ ਵਾਲਾ ਜੋ ਅਮ੍ਰਿਤ ਰੂਪੀ ਭੋਜਨ ਹੈ, ਉਸ ਨੂੰ ਰੋਜ਼, ਨਿੱਤ ਨਿੱਤ, ਅਤੇ ਹਰ ਵੇਲੇ, ਖਾਉ, ਹਰ ਵੇਲੇ ਆਪਣੇਂ ਮੁੰਹ ਵਿੱਚ ਇਹ ਭੋਜਨੁ ਪਾਉਂਦੇ ਰਹੋ। ਜਦ ਪ੍ਰਭੂ ਦੇ ਨਾਮ ਦਾ ਭੋਜਨ ਖਾਧਾਂ ਤਾਂ, ਜਰਾ (ਬੁਢਾਪਾ) ਮਰਾ (ਮੌਤ) ਤਾਪ (ਤਪਸ਼ ਰੋਗ) ਅਤੇ ਹਰ ਤਰਾਂ ਦੇ ਦੁੱਖਾਂ ਦਾ ਨਾਸ ਹੋ ਗਿਆ। ਸੁਖ ਹੀ ਸੁਖ ਮਿਲ ਗਏ।

ਹਰਿ ਅਮਮ੍ਰਿਤ ਨਾਮੁ ਭੋਜਨਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ॥ ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ॥ ੩॥ ਮ: ੫ ੬੧੧

ਬਾਣੀਂ ਨਾਮ ਨੂੰ ਭੋਜਨ ਦੱਸਦੀ ਹੈ, ਨਾਮ ਅਮ੍ਰਿਤ ਭੋਜਨ ਹੈ। ਜਿਸ ਤਰਾਂ ਇਸ ਭੋਜਨ ਨੂੰ ਨਿਤ ਨਿਤ, ਸਰਬ ਵੇਲਾ, ਪਲ ਪਲ, ਆਪਣੇਂ ਮੁੱਖ ਵਿੱਚ ਪਾਉਣ ਦੀ ਹਦਾਇਤ, ਸਾਰੇ ਗੁਰੂ ਸਾਹਿਬਾਂ ਅਤੇ ਭਗਤਾਂ ਨੇਂ ਕੀਤੀ ਹੈ, ਕੀ ਸਾਰੀ ਬਾਣੀਂ ਵਿੱਚ ਕਿਤੇ ਮਾਸ ਖਾਣ ਸਬੰਧੀ ਵੀ ਅਜੇਹਾ ਇਸ਼ਾਰਾ ਮਿਲਦਾ ਹੈ ਸਾਨੂੰ।

ਗੁਰਬਾਣੀਂ ਜੋ ਕਹਿੰਦੀ ਹੈ ਸੋਈ ਮੈਂ ਲਿਖ ਰਿਹਾ ਹੈ। ਕਿਸੇ ਵਾਸਤੇ ਇਹ ਗੁਰਬਾਣੀਂ ਦਾ ਸੱਚ ਹੋ ਸੱਕਦਾ ਹੈ, ਅਤੇ ਕਿਸੇ ਵਾਸਤੇ ਗੁਰਬਾਣੀਂ ਦਾ ਝੂਠ। ਸਿਆਣੇਂ ਕਹਿੰਦੇ ਹਨ, ਸੱਚ ਕੌੜਾ ਹੁੰਦਾ ਹੈ। ਪਰ ਸਾਰਿਆਂ ਵਾਸਤੇ ਸੱਚ ਕੌੜਾ ਨਹੀਂ ਹੁੰਦਾ। ਗੁਰਬਾਣੀਂ ਵਾਲਾ ਸੱਚ ਤਾਂ ਅੰਮ੍ਰਿਤ ਹੈ। ਇਹ ਅੰਮ੍ਰਿਤ ਸਿਰਫ ਸਾਕਤ ਪੁਰਸ਼ਾਂ ਵਾਸਤੇ ਕੌੜਾ ਹੁੰਦਾ ਹੈ, ਗੁਰਮੁਖਾਂ ਵਾਸਤੇ ਨਹੀਂ। ਅੰਮ੍ਰਿਤੁ ਕਉਰਾ ਬਿਖਿਆ ਮੀਠੀ॥ ਸਾਕਤ ਕੀ ਬਿਧਿ ਨੈਨਹੁ ਡੀਠੀ॥ ਮ: ੫

ਮਾਸ ਦੇ ਸਬੰਧ ਵਿੱਚ ਨਾਮਦੇਵ ਜੀ ਦੀ ਬਾਣੀਂ ਦਾ ਸ਼ਬਦ ਅਸੀਂ ਪੜ੍ਹਿਆ ਹੈ। ਆਉ ਅੱਗੇ ਮਾਸ ਸਬੰਧੀ ਹਦਾਇਤ ਕਰਦਾ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਦਾ ਇੱਕ ਸ਼ਬਦ ਵਿਚਾਰਦੇ ਹਾਂ। ਕਿ ਗੁਰੂ ਨਾਨਕ ਜੀ ਮਾਸ ਨੂੰ ਕੀ/ਕਿਸ ਦੀ ਸੰਗਿਆ ਦੇਂਦੇ ਹਨ। ਉਸ ਤੋਂ ਬਾਦ ਵਿਚਾਰਨਾਂ ਕੇ, ਮਾਸ ਬਾਰੇ ਗੁਰੂ ਨਾਨਕ ਜੀ ਦਾ ਕੀ ਹੁਕਮ ਹੈ, ਅਤੇ ਵਿਦਵਾਨ ਜਾਂ ਪ੍ਰਚਾਰਕ ਸਾਨੂੰ ਗੁਰੂ ਨਾਨਕ ਦੇ ਹੁਕਮ ਬਾਰੇ ਕੀ ਪੱਟੀ ਪੜ੍ਹਾਉਂਦੇ ਹਨ। ਉਸ ਵਿੱਚ ਕਿੰਨੀਂ ਕੂ ਸਚਾਈ ਹੋ ਸਕਦੀ ਹੈ।

ਨਾਮ ਦੇ ਅਮ੍ਰਿਤ ਭੋਜਨ ਨੂੰ ਗੁਰੂ ਨਾਨਕ ਦੇਵ ਜੀ ਨੇਂ ਆਪਣੇਂ ਸਿੱਖਾਂ ਨੂੰ ਜਿਸ ਤਾਂ ਸਪੱਸ਼ਟ ਰੂਪ ਵਿੱਚ ਰੱਜ ਰੱਜ ਕੇ ਖਾਣ ਦੀ ਹਦਾਇਤ ਕੀਤੀ ਹੈ। ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥ ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ। ਉਸੇ ਤਰਾਂ ਇਸ ਅਗਲੇ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਾਡੇ ਵਾਸਤੇ, ਮਾਸ ਖਾਣ ਬਾਰੇ ਆਪਣਾਂ ਹੁਕਮ ਬਿਲਕੁਲ ਸਪੱਸ਼ਟ ਲਫਜ਼ਾਂ ਵਿੱਚ ਲਿਖ ਕੇ ਰੱਖ ਦਿੱਤਾ ਹੋਇਆ ਹੈ। ਕੁੱਝ ਲੁਕੋ ਕੇ ਨਹੀਂ ਰਖਿਆ।

ਸਿਰੀਰਾਗੁ ਮਹਲਾ ੧॥ ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥ ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ॥ ੧॥ ਬਾਬਾ ਬੋਲੀਐ ਪਤਿ ਹੋਇ॥ ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ॥ ੧॥ ਰਹਾਉ॥ ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥ ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥ ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ॥ ੨॥ ਮ: ੧ ੧੫

ਇਹ ਊਪਰ ਵਾਲਾ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਦਾ ਹੈ। ਗੁਰੂ ਜੀ ਸਾਡੀ ਤਰਫੋਂ ਕਰਤਾਰ ਅੱਗੇ ਬੇਨਤੀ ਕਰਦੇ ਹਨ, ਹੇ ਮੇਰੇ ਕਰਤਾਰ ਮੇਰੀਆਂ ਤਾਂ ਇਹ ਕਰਤੂਤਾਂ ਹਨ, ਏ ਕਰਮ ਮੇਰੇ ਕਰਤਾਰ ਹੇ ਕਰਤਾਰ ਮੇਰੇ ਤਾਂ ਇਹ ਕਰਮ ਹਨ! ਮੈਂ ਤਾਂ ਐਸੇ ਕਰਮ ਕਰਦਾ ਹਾਂ! (ਕੈਸੇ ਕੈਸੇ ਕਰਮ! !) ਇਹ ਕਰਮ (ਕੰਮ) ਇਸ ਸ਼ਬਦ ਵਿੱਚ ਵਿਸਥਾਰ ਨਾਲ ਦੱਸਦੇ ਹਨ,

ਕਹਿੰਦੇ ਹਨ, ਲੋਭ, ਝੂਠ, ਠੱਗੀ, (ਲੋਕਾਂ ਨੂੰ ਠੱਗ ਠੱਗ ਕੇ ਮੁਰਦਾਰ ਖਾਂਦਾ ਹਾਂ) ਪਰ ਨਿੰਦਾ, (ਪਰਾਈ ਨਿੰਦਾ ਕਰ ਕਰ ਕੇ ਲੋਕਾਂ ਦੀ ਸਾਰੀ ਦੀ ਸਾਰੀ ਮੈਲ ਗੰਦਗੀ ਆਪਣੇਂ ਮੂੰਹ ਵਿੱਚ ਪਾਉਂਦਾ ਹਾਂ, ਕਰੋਧ ਦੀ ਅੱਗ ਨੇਂ ਮੇਰੇ ਅੰਦਰ ਚੰਡਾਲ ਰੂਪ ਧਾਰਨ ਕੀਤਾ ਹੋਇਆ ਹੈ, (ਚੰਡਾਲ) ਤਾਮਸੀ ਬਿਰਤੀ ਵਾਲਾ ਦੁਸ਼ਟ ਹਾਂ ਮੈਂ। “ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ”

ਹੇ ਕਰਤਾਰ, ਰਸ, ਚਸਕੇ, ਮੌਜ ਮੇਲੇ, ਭੋਗ ਬਿਲਾਸ, ਅਤੇ ਆਪਣੇਂ ਆਪ ਨੂੰ ਸਲਾਹੁਣਾਂ, ਆਪਣੀਂ ਵਡਿਆਈ ਚਾਹੁਣਾਂ, ਇਹ ਸਭ ਮੇਰੇ ਕਰਮ ਹਨ, ਮੈਂ ਐਸੇ ਕਰਮ ਕਰਦਾ ਹਾਂ। “ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ”

ਹੇ ਕਰਤਾਰ ਐਸੇ ਨੀਚ ਕਰਮਾਂ ਵਾਲੇ ਬੰਦੇ, ਬੈਠੇ ਸਦਾ ਰੋਂਦੇ ਰਹਿੰਦੇ ਹਨ। ਪਰ ਜਿਹੜੇ ਬੰਦੇ ਅਜੇਹੇ ਨੀਚ ਕੰਮ ਨਹੀਂ ਕਰਦੇ, ਅਤੇ ਜੋ ਉੱਤਮ (ਚੰਗੇ) ਕੰਮ ਕਰਦੇ ਹਨ, ਤੇਰੇ ਦਰ ਤੇ ਤਾਂ ਕੇਵਲ ਉਹ ਹੀ ਸੋਭਾ ਪਾਉਂਦੇ ਹਨ, ਉਹ ਹੀ ਉੱਤਮ ਗਿਣੇਂ ਜਾਂਦੇ ਹਨ। “ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ॥ ੧॥ ਰਹਾਉ॥”

ਉਤਮ ਕੰਮ ਕੀ ਹੈ? ਜਿਸ ਨਾਲ ਕਿ ਸੋਭਾ ਹੋਇ, ਜਾਂ ਜਿਸ ਨਾਲ ਪਤ ਮਿਲੇ, ਇਹ ਕੰਮ ਕੁੱਝ ਐਸਾ ਹੈ, ਜਿਵੇਂ ਕਿ ਗੁਰੂ ਜੀ, ਸਾਨੂੰ ਕੁੱਝ ਬੋਲਣ ਵਾਸਤੇ ਦੱਸਦੇ ਹਨ, ਪਰ ਕੀ ਬੋਲਣਾਂ ਹੈ ਗੁਰੂ ਜੀ ਨੇਂ ਇਹ ਸਪੱਸ਼ਟ ਨਹੀਂ ਕੀਤਾ। ਸਿਰਫ ਏਨਾਂ ਕਿਹਾ ਹੈ, ਬਾਬਾ ਬੋਲੀਐ ਪਤਿ ਹੋਇ॥

ਨੋਟ:-ਪਾਠਕ ਵੀਰੋ ਕਿਹੜਾ “ਬੋਲ” ਬੋਲਣਾਂ ਹੈ, ਕਿਹੜਾ ਬੋਲ ਬੋਲਣ ਵਾਸਤੇ ਕਹਿ ਰਹੇ ਹਨ ਸਾਨੂੰ ਗੁਰੂ ਜੀ, ਕੀ ਸਾਨੂੰ ਇਸ ਦੀ ਜਰਾ ਵੀ ਪ੍ਰਵਾਹ ਹੈ!

ਉਹ ਕਿਹੜਾ ਬੋਲ ਹੈ, ਇਹ ਜਾਨਣਾਂ ਕੀ ਸਾਡਾ ਧਰਮ ਨਹੀਂ ਹੈ! ਅਸੀਂ ਉਸ ਬੋਲੁ ਨੂੰ ਕਿਵੇਂ ਜਾਣੀਏ! ! ! ! ਇਹ ਬੋਲ ਜਾਨਣਾਂ ਚਾਹੀਦਾ ਵੀ ਹੈ ਜਾਂ ਨਹੀਂ? , ਕੌਣ ਦੱਸੇ ਗਾ ਸਾਨੂੰ ਉਹ ਬੋਲ?

ਕਿਸ ਦਾ ਫਰਜ਼ ਜਾਂ ਕਿਸ ਦਾ ਕੰਮ ਹੈ ਸਾਨੂੰ ਉਸ ਬੋਲ ਬਾਰੇ ਦੱਸਣਾਂ, ਕਿਹੜਾ ਗੁਰਮਤਿ ਦਾ ਪ੍ਰਚਾਰਕ, ਕਿਹੜਾ ਵਿਦਵਾਨ, ਕਿਹੜਾ ਕਥਾ ਵਾਚਕ, ਕਿਹੜਾ ਵਕਤਾ, ਕਿਹੜਾ ਗੁਰਮਤਿ ਵਾਲਾ, ਜਾਂ ਕਿਹੜਾ ਗੁਰਮਤਿ ਦਾ ਧਾਰਨੀ ਵੀਰ, ਸਾਨੂੰ ਇਹ ਮੱਤ ਦੇਵੇ ਗਾ, ਜਾਂ ਸਾਨੂੰ ਇਹ ਦੱਸੇ ਗਾ, ਕੇ ਉਹ ਕਿਹੜਾ “ਬੋਲ” ਬੋਲਣਾਂ ਹੈ, ਜਿਸ ਨਾਲ ਕਿ ਅਸੀਂ ਕਰਤਾਰ ਦੇ ਦਰ ਤੇ ਊਤਮ ਗਿਣੇਂ ਜਾਈਏ। ਦੱਸੋ?

ਖਾਸ ਕਰ ਉਹਨਾਂ ਵਿਦਵਾਨ ਵੀਰਾਂ ਨੂੰ ਬੇਨਤੀ ਹੈ, ਜਿਹੜੇ ਕਿ ਮਾਸ ਖਾਣ ਦੇ ਹੱਕ ਵਿੱਚ ਆਪਣਾਂ ਫੈਸਲਾ ਸੁਣਾ ਚੁੱਕੇ ਹਨ। ਖਾਸ ਕਰ ਉਹਨਾਂ ਨੂੰ ਚਾਹੀਦਾ ਹੈ, ਉਹ ਇਥੇ ਵੀ ਆਪਣਾਂ ਫੈਸਲਾ ਦੇਣ, ਕੇ ਉਹ ਕਿਹੜਾ “ਬੋਲ” ਹੈ, ਜਿਸ ਨਾਲ ਮਾਸ ਅਤੇ ਹੋਰ ਰਸ ਕਸ ਖਾਣ ਦੇ ਬਾਵਜ਼ੂਦ ਵੀ ਅਸੀਂ ਉਸ ਕਰਤਾਰ ਦੇ ਦਰਬਾਰ ਵਿੱਚ ਪਤਿ ਸੇਤੀ ਮਾਨ ਪਾ ਸੱਕਦੇ ਹਾਂ, ਅਤੇ ਉੱਤਮ ਕਹਾ ਸੱਕਦੇ ਹਾਂ। ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥ ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ ਮ: ੧

ਇਕ ਸ਼ਬਦ ਦੀ ਅਗਲੀ ਪੰਗਤੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਵੀ ਪ੍ਰਭੂ ਤੋਂ ਉਹ “ਬੋਲੁ” ਮੰਗਦੇ ਹਨ।

ਜਾ ਕਾਰਣਿ ਇਹ ਦੁਲਭ ਦੇਹ॥ ਸੋ ਬੋਲੁ ਮੇਰੇ ਪ੍ਰਭੂ ਦੇਹਿ॥ ਮ: ੫ ੧੧੮੧

ਜਿਸ ਬੋਲੁ ਦੀ ਖਾਤਰ ਇਹ ਦੁਲੱਭ (ਕੀਮਤੀ ਦੇਹ, ਜੋ ਬਾਰ ਬਾਰ ਸਾਨੂੰ ਨਹੀਂ ਲੱਭਣੀਂ) ਦੇਹ ਸਾਨੂੰ ਮਿਲੀ ਹੈ, ਉਹ ਬੋਲ ਗੁਰੂ ਅਰਜਨ ਦੇਵ ਜੀ ਪ੍ਰਭੂ ਤੋਂ ਮੰਗ ਰਹੇ ਹਨ! ! ! ! ! ਦੱਸੋ? ਉਹ ਕਿਹੜਾ ਬੋਲੁ ਹੈ?

ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ॥ ੧॥ ਮ: ੫ ੭੪੯ ਮੌਤ ਦਾ ਡਰ ਹੀ ਨਹੀਂ ਹੈ। ਇਸੇ ਵਾਸਤੇ ਮਾਇਆ ਦੇ ਨਸ਼ੇ ਵਿੱਚ ਗਲਤਾਨ ਮਨੁੱਖ ਉਹ “ਬੋਲੁ” ਬੋਲਣਾਂ ਹੀ ਨਹੀਂ ਜਾਣਦਾ। ਉਹ “ਬੋਲੁ” ਕਿਹੜਾ ਹੈ? ।

ਅੱਗੇ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਦੱਸਦੇ (ਗਿਣਾਉਂਦੇ) ਹਨ, ਕਿ ਊਪਰਲੇ ਸ਼ਬਦ ਵਿੱਚ ਆਏ ਇਹ ਰਸ ਕਸ ਕੀ ਹਨ, ਜਿੰਨਾਂ ਰਸਾਂ ਕਸਾਂ ਵਿੱਚ ਅਸੀਂ ਗਲਤਾਨ ਹਾਂ। ਅਤੇ ਮਾਸ ਦੀ ਕੀ ਸੰਗਿਆ ਹੈ।

ਰਸੁ ਸੁਇਨਾ ਸੋਨਾਂ,

ਰਸੁ ਰੁਪਾ ਰੁਪਈਆ ਪੈਸਾ ਦੁਨੀਆਂ ਦਾ ਹਰ ਧਨ ਦੋਲਤ

ਕਾਮਣਿ ਰਸੁ ਸੁੰਦਰ ਸੁੰਦਰ ਇਸਤਰੀਆਂ ਭੋਗਣ ਦਾ ਚਸਕਾ

ਪਰਮਲ ਕੀ ਵਾਸੁ॥ ਸੁਹਣੀਆਂ ਸੁਹਣੀਆਂ ਸੁਗੰਧੀਆਂ ਸੁੰਘਣੀਆਂ ਅਤਰ ਫੁਲੇਲ ਲਗਾਉਣ ਦਾ ਚਸਕਾ,

ਰਸੁ ਘੋੜੇ ਕਈਆਂ ਨੂੰ ਤਾਂ ਅੱਜ ਵੀ ਘੋੜਿਆਂ ਦਾ ਸ਼ੌਕ (ਚਸਕਾ) ਹੈ, ਪਰ ਅੱਜ ਘੋੜਿਆ ਦੀ ਜਗਹਾ ਮਹਿੰਗੀਆਂ ਮਹਿੰਗੀਆਂ ਲਗਜ਼ਰੀ ਕਾਰਾਂ ਅਤੇ ਹਵਾਈ ਜਹਾਜਾਂ ਨੇਂ ਲੈ ਲਈ ਹੈ।

ਰਸੁ ਸੇਜਾ ਆਰਾਮ ਦਾਇਕ ਵਿਸ਼ੌਣੇ ਤੇ ਇਸਤਰੀ ਦੇ ਸਾਥ ਦਾ ਚਸਕਾ (ਸੇਜ ਦੇ ਰਸ ਦਾ ਸੰਬੋਧਨ ਅਸਲ ਵਿੱਚ ਇਸਤਰੀ ਜਾਤੀ ਵਾਸਤੇ ਵੀ ਕਿਹਾ ਜਾ ਸਕਦਾ ਹੈ। ਕਿਉਂ ਕੇ ਇਕੱਲੇ ਮਨੁੱਖਾਂ ਨੂੰ ਹੀ ਨਹੀਂ, ਇਸਤਰੀ ਜਾਤੀ ਨੂੰ ਵੀ ਇਹਨਾਂ ਰਸਾਂ ਕਸਾਂ ਤੋਂ ਬਚਣ ਵਾਸਤੇ ਹਦਾਇਤ ਹੈ।

ਮੰਦਰ ਰਸੁ ਮੀਠਾ ਸੋਹਣੇ ਸੁਖ ਸਹੁਲਤਾਂ ਵਾਲੇ ਮਹਿਲਾਂ ਦਾ ਮਿੱਠਾ ਚਸਕਾ

ਰਸੁ ਮਾਸੁ ਮਾਸ ਦਾ “ਰਸ” (ਚਸਕਾ) ਅਖੀਰ ਤੇ ਗੁਰੂ ਜੀ ਨੇਂ ਮਾਸ ਨੂੰ ਇਹਨਾਂ ਊਪਰ ਵਾਲੇ ਦੂਸਰੇ ਸੰਸਾਰੀ ਰਸਾਂ ਦੀ ਲਿਸਟ (ਸੰਗਿਆ) ਵਿੱਚ ਗਿਣਾਇਆ ਹੈ। ਪਰ ਸਾਡੇ ਵਿੱਚ ਮਾਸ ਖਾਣ ਦੀ ਰੁਚੀ ਏਨੀ ਜਿਆਦਾ ਹੈ, ਜਾਂ ਮਾਸ ਖਾਣ ਵਿੱਚ ਏਨਾਂ ਰਸ ਹੈ, ਕਿ ਇਸ ਮਾਸ ਵਾਸਤੇ ਅਸੀਂ ਹਰ ਤਰਾਂ ਨਾਲ ਝਗੜਾ ਕਰਨ ਨੂੰ ਤਿਆਰ ਹਾਂ।

ਗੁਰੂ ਕਾਨਕ ਦੇਵ ਜੀ ਤਾਂ ਇਸ ਮਾਸ ਖਾਣ ਨੂੰ ਚਸਕਾ ਦੱਸਦੇ ਹਨ, ਪਰ ਸਾਡੇ ਕਈ ਪ੍ਰਚਾਰਕ ਅਤੇ ਵਿਦਵਾਨ ਵੀਰ ਇਸ ਨੂੰ ਧਰਮ ਅਤੇ ਭੋਜਨ ਦੱਸਦੇ ਹਨ, ਅਤੇ ਮਾਸ ਖਾਣ ਦਾ ਜੋਰਦਾਰ ਪ੍ਰਚਾਰ ਕਰਦੇ ਹਨ। (ਧਰਮ ਇਸ ਲਈ ਕਿਉਂ ਕੇ ਮਾਸ ਖਾਣ ਦੇ ਹੱਕ ਵਿੱਚ ਗੁਰਬਾਣੀਂ ਦੀ ਗਵਾਹੀ ਦੇਂਦੇ ਹਨ)

ਨੋਟ:- ਇਸ ਸ਼ਬਦ ਵਿੱਚ ਮਾਸ ਸਮੇਤ ਅੱਠ ਨੀਚ ਜਾਂ ਬੁਰੇ ਕਰਮਾਂ ਦੀ ਗਿਣਤੀ ਕਰਵਾਈ ਹੈ ਗੁਰੂ ਜੀ ਨੇਂ ਸਾਨੂੰ। ਸਪਸ਼ਟ ਹੈ ਕਿ ਮਾਸ ਖਾਣ ਨੂੰ ਅੱਠ ਬੁਰੇ ਕਰਮਾਂ ਦੀ ਗਿਨਤੀ ਵਿੱਚ ਸ਼ਾਮਲ ਕੀਤਾ ਹੈ। ਫਿਰ ਵੀ ਜੇ ਇਹਨਾਂ ਅੱਠਾਂ ਵਿਚੋਂ ਮਾਸ ਖਾਣ ਵਿੱਚ ਕੋਈ ਬੁਰਾਈ ਨਹੀਂ ਹੈ, ਤਾਂ ਬਾਕੀ ਸੱਤ ਚਸਕੇ ਜਾਂ ਬੁਰੇ ਕਰਮ ਕਰਨ ਵਿੱਚ ਕੀ ਬੁਰਾਈ ਹੈ। ਅਤੇ ਜੇ ਗੁਰੂ ਨਾਨਕ ਦੇਵ ਜੀ ਨੇਂ ਮਾਸ ਖਾਣ ਦੇ ਚਸਕੇ ਤੋਂ ਮਨ੍ਹਾਂ ਨਹੀਂ ਕੀਤਾ, ਤਾਂ ਬਾਕੀ ਚਸਕਿਆਂ ਤੋਂ ਮਨਾਂ ਕਿਉਂ ਕੀਤਾ ਹੈ।

ਸ਼ਬਦ ਦੀ ਅਖੀਰਲੀ ਕੜੀ ਵਿੱਚ ਗੁਰੂ ਨਾਨਕ ਜੀ ਕਹਿੰਦੇ ਹਨ

ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ॥

ਜਿਸ ਮਨੁੱਖ ਦੇ ਸਰੀਰ ਵਿੱਚ ਐਨੇਂ ਰਸ ਕਸ ਭਰੇ ਪਏ ਹੋਣ, ਉਥੇ ਜਾਂ ਉਸ ਸਰੀਰ ਵਿੱਚ ਨਾਮ ਦਾ ਨਿਵਾਸ ਕਿਵੇਂ ਹੋਵੇ? ? ? ? (ਜਿਹੜਾ ਕਿ ਗਰੂ ਨਾਨਕ ਦੇ ਸਿੱਖਾਂ ਦਾ ਭੋਜਨੁ ਹੈ) ਅਤੇ ਇਹ ਸੱਚ ਹੈ, ਕੇ ਜਿਸ ਸਰੀਰ ਵਿੱਚ ਨਾਮ ਹੋਵੇ ਗਾ, ਉਸ ਵਿੱਚ ਮੁਰਦਾਰ (ਮਾਸ) ਸਮੇਤ ਬਾਕੀ ਰਸ ਕਸ ਨਹੀਂ ਸਮਾ ਸਕਦੇ।

ਅਗਰ ਇਹ ਕਹੀਏ ਕੇ ਮਾਸ ਖਾਣ ਵਾਲੇ ਮਨੁੱਖ ਦਾ ਨਾਮ ਨਾਲ ਵੈਰ ਹੈ, ਜਾਂ ਨਾਮ ਅਤੇ ਮਾਸ ਦਾ ਆਪਸ ਵਿੱਚ ਵੈਰ ਹੈ, ਤਾਂ ਇਹ ਕੋਈ ਅਤਿ ਕਥਨੀਂ ਨਹੀਂ ਹੋਵੇ ਗੀ। ਬਾਣੀਂ ਵੀ ਇਹੋ ਹੀ ਕਹਿ ਰਹੀ ਹੈ, ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ॥ ਜਿਸ ਸਰੀਰ ਵਿੱਚ ਇਹ ਮਾਸ ਦੇ ਰਸ ਸਮੇਤ ਬਾਕੀ ਵੀ ਸੱਤੇ ਬੁਰਾਈਆਂ ਹਨ, ਉਥੇ ਨਾਮ ਕਿਵੇਂ ਸਮਾਵੇ, ਇਹ ਕਹਿਣਾਂ ਗੁਰੂ ਨਾਨਕ ਦੇਵ ਜੀ ਦਾ ਹੈ, ਕਿਸੇ ਹੋਰ ਦਾ ਨਹੀਂ। ਪਰ ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਕਹਿਣਾਂ ਤਾਂ ਇਹ ਹੈ, ਕਿ ਮਾਸ ਦਾ ਝਗੜਾ ਕਰਨ ਵਾਲੇ (ਮਾਸ ਤੋਂ ਮਨ੍ਹਾਂ ਕਰਨ ਵਾਲੇ) ਮੂਰਖ ਹਨ। (ਪਰ ਇਥੇ ਤਾਂ ਗੁਰੂ ਨਾਨਕ ਦੇਵ ਜੀ ਖੁਦ ਮਾਸ ਤੋਂ ਮਨ੍ਹਾਂ ਕਰ ਰਹੇ ਹਨ!) ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਤਾਂ ਕਹਿੰਦੇ ਹਨ, ਕਿ ਮਾਸ ਗੁੜ ਗੰਨਾਂ ਅਤੇ ਅੰਨ ਇੱਕ ਹੀ ਹੈ। ਇਸ ਵਾਸਤੇ ਮਾਸ ਖਾਣ ਦੀ ਕੋਈ ਮਨਾਹੀਂ ਨਹੀਂ ਹੈ।

ਗੁਰਬਾਣੀਂ ਵਿੱਚ ਮਾਸ ਦੇ ਰਸ ਨੂੰ ਨਾਮ ਵਰੋਧੀ ਕਿਹਾ ਗਿਆ ਹੈ, ਇਸੇ ਹੀ ਵਾਸਤੇ ਨਾਮ ਦਾ ਵੀ ਝਗੜਾ ਹੈ ਸਾਡੇ ਵਿਚ, ਨਾਮ ਭੋਜਨ ਸਾਨੂੰ ਕਿਨਾਂ ਬੁਰਾ ਲੱਗਦਾ ਹੈ। ਇਸ ਬਾਰੇ ਸਿਰਫ ਕੁੱਝ ਕੜੀਆਂ ਦੀ ਵਿਚਾਰ ਕਰਦੇ ਹਾਂ।

ਬਾਣੀਂ ਅਨੂੰਸਾਰ ਨਾਮ ਤਾਂ ਕੋਈ ਬੁਰੀ ਚੀਜ ਨਹੀਂ ਹੈ, ਪਰ ਸਾਡੇ ਅੰਦਰ ਨਾਮ ਦਾ ਵੀ ਝਗੜਾ ਹੈ।

ਬਾਣੀਂ ਦੀਆਂ ਅਗਲੀਆਂ ਪੰਕਤੀਆਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਵੀ ਸਾਨੂੰ ਦਸਦੇ ਹਨ ਕਿ ਅਮ੍ਰਿਤ (ਨਾਮ) ਜਹਿਰ ਵਾਂਗ ਕਉੜਾ ਲੱਗਦਾ ਹੈ। “ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ” ਅਤੇ ਹਰ ਤਰਾਂ ਦੀ ਬਿਖਿਆ ਮਿੱਠੀ ਲੱਗਦੀ ਹੈ। ਗੁਰੂ ਅਰਜਨ ਦੇਵ ਜੀ ਮਹਾਂਰਾਜ ਸਾਨੂੰ ਦਸਦੇ ਹਨ ਕਿ ਐਸੇ ਸਾਕਤ (ਬਾਣੀਂ ਨਾਲੋਂ ਟੁੱਟੇ ਹੋਇ, ਗੁਰੂ ਤੋਂ ਬੇਮੁਖ, ਰੱਬ ਤੋਂ ਦੂਰ, ਮਾਇਆਧਾਰੀ ਮਨੁੱਖ) ਮਨੁੱਖਾਂ ਦੀ ਹਾਲਤ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਕੇ ਤੁਹਾਨੂੰ ਦੱਸ ਰਹੇ ਹਾਂ। ਕਿ ਐਸੇ ਸਾਕਤ ਪੁਰਸ਼ਾਂ ਪਾਸ ਨਾਮ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇਤਨੀਂ ਤਕਲੀਫ ਹੁੰਦੀ ਹੈ, ਜਿਵੇਂ ਕਿਸੇ ਬਿੱਛੂ ਨੇਂ ਕੱਟ ਲਿਆਂ ਹੋਵੇ। ਉਹ ਇੱਕ ਅਸਹਿ ਪੀੜਾ ਨਾਲ ਤੜਪ ਉਠਦੇ ਹਨ।

ਅੰਮ੍ਰਿਤੁ ਕਉਰਾ ਬਿਖਿਆ ਮੀਠੀ॥ ਸਾਕਤ ਕੀ ਬਿਧਿ ਨੈਨਹੁ ਡੀਠੀ॥ ਕੂੜਿ ਕਪਟਿ ਅਹੰਕਾਰਿ ਰੀਝਾਨਾ॥ ਨਾਮੁ ਸੁਨਤ ਜਨੁ ਬਿਛੂਅ ਡਸਾਨਾ॥ ੨॥ ਮ: ੫ ੮੯੨

ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਅਗਲੀਆਂ ਪੰਕਤੀਆਂ ਵਿੱਚ ਵੀ ਇਹੀ ਦੱਸਦੇ ਹਨ। ਐਸੇ ਮਨੁੱਖਾਂ ਨੂੰ ਗੁਰੂ ਦੀ ਦੱਸੀ ਹੋਈ ਉਸ ਦੇ/ਸਾਡੇ ਭਲੇ ਦੀ ਗੱਲ ਬਹੁਤ ਬੁਰੀ ਲੱਗਦੀ ਹੈ। ਸੱਚ ਸਾਨੂੰ ਜ਼ਹਿਰ ਵਾਂਗ ਲੱਗਦਾ ਹੈ। ਕਿਉਂ ਕੇ ਉਹ ਸੱਚੀ ਗੱਲ ਸਾਡੇ ਮਨ ਤੇ ਅੰਕੁਸ ਲਗਾਉਂਦੀ ਹੈ। ਫਿਰ ਸਾਡਾ ਮਨ ਪਾਗਲ ਹਾਥੀ ਵਾਂਗ ਚੰਘਿਆਂੜਾਂ ਮਾਰਦਾ ਹੈ। ਇਹ ਮਨੁੱਖ ਨਹੀਂ ਜਾਣਦਾ ਕਿ ਕਿਸ ਗਲ ਵਿੱਚ ਸਾਡੀ ਹਾਰ ਜਾਂ ਜਿੱਤ ਹੈ। ਐਸਾ ਹੀ ਵਿਹਾਰ ਹੈ ਇਸ ਸਾਰੇ ਹੀ ਸਾਕਤ ਸੰਸਾਰ ਦਾ। (ਪਰ ਗੁਰਮੁਖ ਸੰਸਾਰ ਤੋਂ ਅਲੱਗ ਹੁੰਦੇ ਹਨ)

ਜੋ ਭਲਾਈ ਸੋ ਬੁਰਾ ਜਾਨੈ॥ ਸਾਚੁ ਕਹੈ ਸੋ ਬਿਖੈ ਸਮਾਨੈ॥ ਜਾਣੈ ਨਾਹੀ ਜੀਤ ਅਰੁ ਹਾਰ॥ ਇਹੁ ਵਲੇਵਾ ਸਾਕਤ ਸੰਸਾਰ॥ ੨॥ ਮ: ੫ ੧੦

ਮ੍ਰਿਗ, ਮੀਨ, ਭ੍ਰਿੰਗ, ਪਤੰਗ, ਅਤੇ ਕੁੰਚਰ (ਹਾਥੀ) ਇਹਨਾਂ ਸੱਭਨਾਂ ਜਾਨਵਰਾਂ ਵਿੱਚ ਸਿਰਫ ਇੱਕ ਇੱਕ ਐਬ ਜਾਂ ਦੋਸ਼ ਹੈ, ਅਤੇ ਉਹ ਦੋਸ਼ ਇਹਨਾਂ ਜੀਵਾਂ ਦਾ ਨਾਸ ਕਰ ਦੇਂਦਾ ਹੈ, ਜਿਸ ਮਨੁੱਖ ਵਿੱਚ ਪੰਜਾਂ ਤੋਂ ਇਲਾਵਾ, ਮਾਸ ਖਾਣ ਸਮੇਤ, ਇਹ ਬਾਕੀ ਦੇ ਵੀ ਸਾਰੇ ਹੀ ਦੋਸ਼ ਹੋਣ, ਉਸ ਦੀ ਕੀ ਹਾਲਤ ਹੋਵੇ ਗੀ ਜਰਾ ਸੋਚੋ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥ ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ॥ ੧॥ ਰਵਿਦਾਸ ਜੀ ੪੮੬

ਇਸ ਮਾਸ ਮਾਸ ਵਾਲੇ ਝਗੜੇ ਵਿੱਚ ਕੀ ਰਾਜ਼ ਹੈ, ਜਿਸ ਨੂੰ ਅੱਜ ਤਕ ਅਸੀਂ ਸਮਝ ਨਹੀਂ ਸਕੇ। ਗੁਰਬਾਣੀਂ ਦੇ ਜਿਸ ਸ਼ਬਦ ਮਾਸੁ ਮਾਸੁ ਕਰਿ ਮੂਰਖੁ…… ਨੂੰ ਅਸੀਂ ਮਾਸ ਖਾਣ ਦੇ ਇੱਕ ਬਹਾਨੇ ਦੇ ਰੂਪ ਵਰਤਦੇ ਹਾਂ, ਉਸ ਦੀ ਵਿਚਾਰ ਆਪਾਂ ਅਗਲੇ ਲੇਖਾਂ ਵਿੱਚ ਵਿਚਾਰਾਂ ਗੇ।

ਬਲਦੇਵ ਸਿੰਘ “ਚਾਕਰ”

27/05/2012
.