.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧-ਸਟੀਕ (ਪੰ: ੧੩੭- ੧੫੮)

(ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ) (ਕਿਸ਼ਤ ੯)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(ਪਉੜੀ ਨੰ: ੩ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕ ਮਃ ੨॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ॥ ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ॥ ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ॥ ੧ 

ਮਃ ੨॥ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ॥ ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ॥ ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ॥ ਨਾਨਕ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ॥ ੨ 

ਪਉੜੀ॥ ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ॥ ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ॥ ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ॥ ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ॥ ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ॥ ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ॥ ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ॥ ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ॥ ੩ 

(ਸਟੀਕ ਪਉ: ੩-ਲੋੜੀਂਦੀ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮ: ੨॥” ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ”॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ॥ ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ॥ ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ॥ ੧॥ {ਪੰਨਾ ੧੩੯} ਅਰਥ ਵਿਚਾਰ ਤੋਂ ਪਹਿਲਾਂ ਇਹ ਵੀ ਦੇਖਣਾ ਹੈ ਕਿ ਇਸ ਪਉੜੀ ਤੇ ਸਬੰਧਤ ਸਲੋਕਾਂ `ਚ ਮੁਖ ਵਿਸ਼ਾ ਹੀ ਗਿਆਨ ਤੇ ਕਰਮ ਇੰਦ੍ਰਿਆਂ ਦੀ ਸੁਵਰਤੋਂ ਤੇ ਕੁਵਰਤੋਂ ਦਾ ਹੈ, ਇਸ ਲਈ ਵਿਸ਼ੇ ਸਬੰਧੀ ਪਹਿਲਾਂ ਕੁੱਝ ਨੁੱਕਤੇ ਵਿਸ਼ੇਸ਼ ਧਿਆਨ ਮੰਗਦੇ ਹਨ, ਇਸ ਲਈ:

ਵਿਸ਼ੇਸ਼ ਨੋਟ- ਗੁਰਬਾਣੀ ਅਨੁਸਾਰ ਸਾਡਾ ਅਜੋਕਾ ਮਨੁੱਖਾ ਜਨਮ ਅਤੇ ਬਾਕੀ ਸਾਡੇ ਆਸ ਪਾਸ ਵਿਚਰ ਰਹੀਆਂ ਅਰਬਾਂ-ਖਰਬਾਂ ਦੂਜੀਆਂ ਜੂਨਾਂ, ਸਾਡੇ ਹੀ ਪਿਛਲੇ ਬਿਰਥਾ ਮਨੁੱਖਾ ਜਨਮ ਸਮੇਂ ਹਉਮੈ ਅਧੀਨ ਕੀਤੇ ਚੰਗੇ ਤੇ ਮਾੜੇ ਕਰਮਾਂ ਦਾ ਕੇਵਲ ਲੇਖਾ ਜੋਖਾ ਮਾਤ੍ਰ ਹੀ ਹੁੰਦੀਆਂ ਹਨ ਤੇ ਹੈਣ ਵੀ।

ਤਾਂ ਵੀ ਮਨੁੱਖਾ ਜੂਨ ਤੋਂ ਛੁੱਟ ਬਾਕੀ ਜਿੰਨੀਆਂ ਵੀ ਹੋਰ ਜੂਨਾਂ ਹਨ, ਉਨ੍ਹਾਂ ਪਾਸ ਉਨ੍ਹਾਂ ਨੂੰ ਕਰਤੇ ਵੱਲੋਂ ਲੋੜ ਅਨੁਸਾਰ ਬਖ਼ਸ਼ੇ ਹੋਏ ਗਿਆਨ ਤੇ ਕਰਮ ਇੰਦਰੇ, ਉਨ੍ਹਾਂ ਜੂਨਾਂ ਦੇ ਜੀਵਨ ਨੂੰ ਚਲਾਉਣ ਲਈ ਕੇਵਲ ਸਾਧਨ ਤੇ ਵਸੀਲਾ ਮਾਤ੍ਰ ਹੀ ਹੁੰਦੇ ਹਨ। ਇਸ ਤੋਂ ਵਧ ਉਥੇ ਉਨ੍ਹਾਂ ਦਾ ਹੋਰ ਵਿਸ਼ੇਸ਼ ਮਕਸਦ ਨਹੀਂ ਹੁੰਦਾ।

ਜਦਕਿ ਸਾਨੂੰ ਫ਼ਿਰ ਤੋਂ ਪ੍ਰਾਪਤ ਇਸ ਮਨੁੱਖਾ ਜਨਮ ਸਮੇਂ ਸਾਡੇ ਕੰਨ, ਨੱਕ, ਅਖਾਂ, ਮੂੰਹ, ਹਥ, ਪੈਰ ਤੇ ਸਰੀਰ ਭਾਵ ਸਾਡੇ ਗਿਆਨ ਤੇ ਕਰਮ ਇੰਦਰੇ ਕੇਵਲ ਸਾਡੇ ਜੀਵਨ ਨੂੰ ਚਲਾਉਣ ਲਈ ਹੀ ਨਹੀਂ ਹੁੰਦੇ ਬਲਕਿ ਜਨਮ ਨੂੰ ਸਫ਼ਲ ਕਰਣ ਲਈ ਵਸੀਲਾ ਤੇ ਸਾਧਨ ਵੀ ਹੁੰਦੇ ਹਨ। ਸਾਡੇ ਇਸ ਮਨੁੱਖਾ ਜਨਮ ਸਮੇਂ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਦਾ ਮਕਸਦ ਹੈ ਸਾਧਸੰਗਤ ਦੇ ਸਹਿਯੋਗ ਤੇ ਗੁਰੂ ਗਿਆਨ ਦੀ ਕਮਾਈ ਨਾਲ ਸਰੀਰ ਵਿਚਲੇ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਦੀ ਸੁਵਰਤੋਂ ਕਰਣੀ।

ਇਸ ਤਰ੍ਹਾਂ “ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ” (ਪੰ: ੨੦੭) ਅਥਵਾ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਅਨੁਸਾਰ ਫ਼ਿਰ ਤੋਂ ਪ੍ਰਾਪਤ ਇਸ ਮਨੁੱਖਾ ਜਨਮ ਵਾਲੇ ਅਵਸਰ ਦਾ ਲਾਭ ਲੈਣਾ ਹੀ ਸਾਡੇ ਇਸ ਜਨਮ ਸਮੇਂ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਦਾ ਮਕਸਦ ਵੀ ਹੈ। ਇਨ੍ਹਾਂ ਦੀ ਸੁਵਰਤੋਂ ਕਰਕੇ ਜਨਮ ਨੂੰ ਸਫ਼ਲ ਕਰਣਾ ਹੈ ਅਤੇ ਜੀਊਂਦੇ ਜੀਅ ਕਰਤੇ ਪ੍ਰਭੂ `ਚ ਅਭੇਦ ਹੋਣਾ ਹੈ, ਜੀਵਨ ਮੁਕਤ ਹੋਣਾ ਹੈ। ਨਹੀਂ ਤਾਂ ਸਾਡਾ ਇਹ ਜਨਮ ਵੀ ਬਿਰਥਾ ਤੇ ਅਜ਼ਾਈਂ ਚਲਾ ਜਾਵੇਗਾ।

ਦਰਅਸਲ ਇਸ ਪਉੜੀ ਤੇ ਨਾਲ ਲਗਦੇ ਸਲੋਕਾਂ “ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ” ਤੇ “ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ” `ਚ ਮਨੁੱਖਾ ਜਨਮ ਸਮੇਂ ਪ੍ਰਭੂ ਵੱਲੋਂ, ਬਖ਼ਸ਼ੇ ਗਿਆਨ ਤੇ ਕਰਮ ਇੰਦਰਿਆਂ ਵਾਲੀਆਂ ਦਾਤਾਂ ਦੇ ਇਸ ਇਕੋ ਇੱਕ ਮਕਸਦ, ਇਨ੍ਹਾਂ ਦੀ ਸੁਵਰਤੋਂ ਲਈ ਹੀ ਚੇਤਾਵਣੀ ਹੈ। ਨਾ ਕਿ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਨੂੰ ਦੁਨਿਆਵੀ ਰਸਾਂ ਕਸਾਂ ਤੱਕ ਸੀਮਤ ਰਖਣਾ ਅਤੇ ਫ਼ਿਰ ਤੋਂ ਇਸ ਦੁਰਲਭ ਤੇ ਅਮੁੱਲੇ ਜਨਮ ਨੂੰ ਵੀ ਬਿਰਥਾ ਕਰ ਦੇਣਾ ਅਤੇ ਮੁੜ ਜਨਮਾਂ ਦੇ ਗੇੜ `ਚ ਹੀ ਪੈਣਾ।

ਵਿਸ਼ੇ ਨਾਲ ਸਬੰਧਤ ਕਦਮ. ਬ. ਕਦਮ ਕੁ ਦੀਰਘ ਵਿਚਾਰ-ਇਸ ਪਉੜੀ ਤੇ ਪਉੜੀ ਨਾਲ ਲਗਦੇ ਸਲੋਕਾਂ ਦੇ ਮੂਲ ਅਰਥਾਂ ਵੱਲ ਵਧਣ ਤੇ ਉਨ੍ਹਾਂ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਉਪ੍ਰੋਕਤ ‘ਵਸ਼ੇਸ਼ ਨੋਟ’ ਤੋਂ ਇਲਾਵਾ ਵੀ ਗੁਰਬਾਣੀ ਆਧਾਰਤ ਹੇਠ ਦਿੱਤੇ ਕੁੱਝ ਨੁੱਕਤਿਆਂ ਨੂੰ ਵੀ ਖ਼ਾਸ ਧਿਆਨ ਗੋਚਰੇ ਕਰਣ ਦੀ ਲੋੜ ਹੈ। ਤਾਂ ਤੇ ਇਹ ਨੁੱਕਤੇ ਹਨ:

ਨੁੱਕਤਾ ਨੰ: ੧-ਜੀਵ ਲਈ ਮਨੁੱਖਾ ਜਨਮ ਪ੍ਰਭੂ ਮਿਲਾਪ ਅਥਵਾ ਪ੍ਰਭੂ `ਚ ਅਭੇਦ ਹੋਣ ਲਈ ਵਿਸ਼ੇਸ਼ ਅਵਸਰ ਹੁੰਦਾ ਹੈ ਤੇ ਇਸ ਮਿਲਾਪ ਲਈ ਇਸ ਜਨਮ `ਚ ਜੀਵ ਨੂੰ ‘ਮਨ’ ਵਾਲੀ ਦਾਤ ਅਥਵਾ ਵਸੀਲਾ ਵੀ ਪ੍ਰਾਪਤ ਹੁੰਦਾ ਹੈ। ‘ਮਨ’ ਸਰੀਰ ਦਾ ਸਥੂਲ ਅੰਗ ਨਾ ਹੋ ਕੇ ਵਿਚਾਰਾਂ-ਕਰਮਾਂ ਦਾ ਸਮੂਹ ਹੁੰਦਾ ਹੈ।

ਨੁੱਕਤਾ ਨੰ: ੨- ਸਾਧ ਸੰਗਤ, “ਇਕ ਸਿੱਖ ਦੋਇ ਸਾਧਸੰਗ” (ਭਾ: ਗੁ: ) ਅਤੇ ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ, ਨਾਨਕ ਸਤਿਗੁਰਿ ਦੀਆ ਬੁਝਾਇ ਜੀਉ” (ਪੰ: ੭੨) ਅਨੁਸਾਰ ਸਾਧ ਸੰਗਤ `ਚ ਸ਼ਾਮਲ ਹੋ ਕੇ ਇਸ ਮਨ ਨੂੰ ਸ਼ਬਦ ਗੁਰੂ ਦੇ ਰੰਗ `ਚ ਰੰਗਣ ਨਾਲ ਹੀ ਸਰੀਰ ਅੰਦਰਲਾ ਇਹ ‘ਜੀਵ’, ਵਾਪਿਸ ਪ੍ਰਭੂ `ਚ ਸਮਾ ਜਾਂਦਾ ਹੈ।

ਨੁੱਕਤਾ ਨੰ: ੩-ਮਨੁੱਖਾ ਜਨਮ ਸਮੇਂ ਜਦੋਂ ਇਹੀ ‘ਮਨ’ ਹਉਮੈ ਵੱਸ ਹੋ ਕੇ ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ” (ਪੰ: ੪੪੧) ਦੀ ਬਜਾਏ ਆਪਣਾ ਅਸਲ ਮਾਰਗ ਤਿਆਗ ਕੇ ਪ੍ਰਭੂ ਅਕਾਲ ਪੁਰਖ ਤੋਂ ਆਪਣੀ ਅੱਡਰੀ ਤੇ ਵੱਖਰੀ ਹੋਂਦ ਕਾਇਮ ਕਰ ਲੈਂਦਾ ਹੈ। ਇਸੇ ਤੋਂ ਇਸ ਨੂੰ ਆਪਣੇ ਉਸ ਮਨੁੱਖਾ ਜਨਮ ਸਮੇਂ ਕੀਤੇ ਭਿੰਨ ਭਿੰਨ ਚੰਗੇ ਤੇ ਮਾੜੇ ਕਰਮਾਂ ਅਨੁਸਾਰ ਕਰਤੇ ਦੇ ਸੱਚ ਨਿਆਂ `ਚ ਹੀ “ਹਉ ਵਿਚਿ ਪਾਪ ਪੁੰਨ ਵੀਚਾਰੁ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ” (ਪੰ: ੪੬੬) ਭਾਵ ਔਖੇ ਤੇ ਸੌਖੇ, ਰੋਗੀ ਤੇ ਅਰੋਗ; ਬੇਅੰਤ ਤੇ ਭਿੰਨ ਭਿੰਨ ਜੂਨਾਂ ਤੇ ਜਨਮਾਂ `ਚ ਪੈਣਾ ਪੈਂਦਾ ਹੈ। ਫ਼ਿਰ ਇਹ ਸਿਲਸਿਲਾ ਉਦੋਂ ਤੱਕ ਚਲਦਾ ਰਹਿੰਦਾ ਹੈ ਜਦੋਂ ਤੱਕ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਜੀਵ ਆਪਣੇ ਜੀਵਨ ਨੂੰ ਸ਼ਬਦ ਗੁਰੂ ਦੀ ਕਮਾਈ ਨਾਲਂ ਸਫ਼ਲ ਹੀ ਨਾ ਕਰ ਲਵੇ। ਇਸ ਤਰ੍ਹਾਂ ਆਪਣੇ ਅਸਲੇ ਕਰਤੇ `ਚ ਅਭੇਦ ਹੀ ਨਾ ਹੋ ਜਾਵੇ। ਜਦਕਿ ਅਜਿਹੀ ਸਫ਼ਲਤਾ ਕਿਸੇ ਵੀ ਹੋਰ ਜੂਨ ਸਮੇਂ ਸੰਭਵ ਨਹੀਂ।

ਨੁੱਕਤਾ ਨੰ: ੪-ਮਨੁੱਖਾ ਜੂਨ (ਜਨਮ) ਸਮੇਤ ਹਰੇਕ ਜੂਨ ਸਮੇਂ ਹਰੇਕ ਜੀਵ ਦੀਆਂ ਬੇਅੰਤ ਜ਼ਰੂਰਤਾਂ ਸਾਂਝੀਆਂ ਤੇ ਇਕੋ ਜਹੀਆਂ ਹੁੰਦੀਆਂ ਹੈ। ਫ਼ਿਰ ਚਾਹੇ ਉਹ ਮਨੁੱਖ ਦੀ ਜੂਨ ਹੋਵੇ ਜਾਂ ਕੋਈ ਵੀ ਹੋਰ ਜੂਨ।

ਨੁੱਕਤਾ ਨੰ: ੫- ਤਾਂ ਤੇ ਗੁਰਬਾਣੀ ਅਨੁਸਾਰ ਹੀ ਮਨੁੱਖ ਸਮੇਤ ਕਰਤੇ ਦੀ ਅਨੰਤ ਰਚਨਾ `ਚ ਜੋ ਅਰਬਾਂ-ਖਰਬਾਂ ਜੂਨਾਂ ਹਨ। ਉਨ੍ਹਾਂ ਸਾਰੀਆਂ ਜੂਨਾਂ ਵਿਚਾਲੇ ਬੇਅੰਤ ਸਾਂਝੀਆਂ ਕੜੀਆਂ ਵੀ ਹਨ। ਮਿਸਾਲ ਵੱਜੋਂ ਹਰੇਕ ਜੂਨ `ਚ ਪ੍ਰਭੂ ਦਾ ਨੂਰ, ਉਪ੍ਰੰਤ ਹਰੇਕ ਦੀ ਪੰਜ ਤੱਤਾ ਤੋਂ ਉਤਪਤੀ, ਹਰੇਕ ਕੋਲ ਪ੍ਰਭੂ ਬਖ਼ਸ਼ੀ ਸੁਆਸਾਂ ਦੀ ਪੂੰਜੀ, ਹੇਰਕ ਕੋਲ ਸੁਰਤ ਤੇ ਮੱਤ, ਹਰੇਕ ਕੋਲ ਨਸਲ ਨੂੰ ਅੱਗੇ ਵਧਾਉਣ ਦੀ ਸਮ੍ਰਥਾ ਤੇ ਲੋੜ, ਹਰੇਕ ਜੂਨ ਸਮੇਂ ਹਰੇਕ ਸਰੀਰ ਲਈ ਆਹਰ ਤੇ ਧੰਦੇ, ਹਰੇਕ ਜੂਨ ਲਈ, ਭਿੰਨ ਭਿੰਨ ਜੂਨਾਂ ਅਨੁਸਾਰ ਰਿਜ਼ਕ ਦੀ ਲੋੜ ਤੇ ਕਰਤੇ ਵੱਲੋਂ ਜਨਮ ਦੇ ਪਹਿਲਾਂ ਤੋਂ ਹੀ ਹਰੇਕ ਜੀਵ ਨੂੰ ਉਸਦੇ ਰਿਜ਼ਕ ਦੀ ਪ੍ਰਾਪਤੀ ਵੀ।

ਇਥੇ ਹੀ ਬੱਸ ਨਹੀਂ, ਫ਼ਿਰ ਸਾਰੀਆਂ ਹੀ ਜੂਨਾਂ ਸਮੇਂ ਉਨ੍ਹਾਂ ਦੇ ਭਿੰਨ ਭਿੰਨ ਸਰੀਰਾਂ ਤੇ ਜੂਨਾਂ ਅਨੁਸਾਰ ਉਨ੍ਹਾਂ ਨੂੰ ਭੁਖ, ਤੇਹ, ਥਕਾਵਟ, ਆਰਾਮ ਤੇ ਨੀਂਦ ਆਦਿ ਵਾਲੀ ਲੋੜ ਵੀ ਹੁੰਦੀ ਹੈ। ਇਸ ਤੋਂ ਬਾਅਦ ਹਰੇਕ ਜੂਨ `ਚ ਉਨ੍ਹਾਂ ਦੀਆਂ ਭਿੰਨ ਭਿੰਨ ਜੂਨਾਂ ਮੁਤਾਬਿਕ ਪਾਚਨ ਸ਼ਕਤੀ, ਹਰੇਕ ਜੂਨ `ਚ ਜੀਵਨ ਦੇ ਦੋ ਵਿਰੋਧੀ ਪੱਖ ਜਿਵੇਂ ਦੁਖ ਤੇ ਸੁਖ, ਸਹੂਲਤਾਂ ਤੇ ਔਖਿਆਈਆਂ, ਰੋਗੀ ਤੇ ਅਰੋਗ ਸਰੀਰ; ਇਸ ਤੋਂ ਇਲਾਵਾ ਚੋਟਾਂ ਦਾ ਦਰਦ ਪੀੜਾ ਤੇ ਆਰਾਮ ਨੂੰ ਮਹਿਸੂਸ ਕਰਣਾ। ਫ਼ਿਰ ਹਰੇਕ ਜੂਨ `ਚ ਜਨਮ, ਜਨਮ ਤੋਂ ਬਾਅਦ ਬਚਪਨ-ਜੁਆਨੀ ਬੁਢਾਪਾ ਤੇ ਅੰਤ ਭਾਵ ਉਸ ਦੀ ਮੌਤ ਵੀ। ਇਸ ਦੇ ਨਾਲ ਨਾਲ ਜੇ ਸਾਰੀਆਂ ਨਹੀਂ ਤਾਂ ਫ਼ਿਰ ਵੀ ਲਗਭਗ ਹਰੇਕ ਜੂਨ ਦੀ ਲੋੜ ਅਨੁਸਾਰ ਉਸ ਕੋਲ ਮਨੁੱਖਾ ਜੂਨ ਦੀ ਤਰ੍ਹਾਂ ਗਿਆਨ ਤੇ ਕਰਮ ਇੰਦਰੇ ਵੀ।

ਨੁੱਕਤਾ ਨੰ: ੬-ਇਸ ਸਾਰੇ ਦੇ ਬਾਵਜੂਦ ਗੁਰਬਾਣੀ ਅਨੁਸਾਰ ਹੀ ਇਨ੍ਹਾਂ ਅਰਬਾਂ, ਖਰਬਾਂ ਤੇ ਬੇਅੰਤ-ਅਨੰਤ ਜੂਨਾਂ `ਚੋਂ ਵੀ ਬੇਅੰਤ ਪੱਖਾਂ ਤੋਂ ਫ਼ਿਰ ਵੀ ਮਨੁੱਖਾ ਜਨਮ ਹੀ ਵਿਸ਼ੇਸ਼ ਹੈ। ਇਸੇ ਲਈ ਕੇਵਲ ਇਸੇ ਜੂਨ ਲਈ ਗੁਰਬਾਣੀ `ਚ ਇਥੋਂ ਤੱਕ ਵੀ ਫ਼ੁਰਮਾਨ ਹਨ ਜਿਵੇਂ ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ” (ਪੰ: ੩੭੪)। ਇਸੇ ਲਈ ਕੇਵਲ ਮਨੁੱਖਾ ਜੂਨ ਅਥਵਾ ਜਨਮ ਸਮੇਂ ਹੀ ਬਹੁਪੱਖੀ ਦਿਮਾਗ਼ ਤੇ ਸਰੀਰ ਵੀ (Multy purpose well balanced both mind & body)

ਬਲਕਿ ਮਨੁੱਖਾ ਜੂਨ ਲਈ ਇਥੋਂ ਤੱਕ ਵੀ ਫ਼ੁਰਮਾਇਆ ਹੈ ਕਿ ਕਰਤੇ ਨੇ ਜੋ ਅਰਬਾਂ-ਖਰਬਾਂ ਜੂਨਾਂ ਰਚੀਆਂ ਹਨ। ਉਨ੍ਹਾਂ ਸਾਰੀਆਂ ਜੂਨਾਂ `ਚੋਂ ਵੀ ਪ੍ਰਭੂ ਨੇ ਸਭ ਤੋਂ ਪਿਆਰਾ ਸਰੀਰ ਤੇ ਸਰੂਪ ਵੀ ਕੇਵਲ ਮਨੁੱਖ ਨੂੰ ਹੀ ਬਖ਼ਸ਼ਿਆ ਹੈ। ਇਸੇ ਲਈ ਗੁਰਦੇਵ ਨੇ ਗੁਰਬਾਣੀ `ਚ ਮਨੁੱਖਾ ਸਰੀਰ ਤੇ ਸਰੂਪ ਨੂੰ ਹੀ, ਉਸ ਰੂਪ, ਰੰਗ, ਰੇਖ ਤੋਂ ਨਿਆਰੇ ਪ੍ਰਭੂ ਦਾ ਆਪਣਾ ਸਰੂਪ ਤੱਕ ਵੀ ਕਹਿ ਕੇ ਬਿਆਣਿਆ ਹੈ ਜਿਵੇਂ ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ……” (ਪੰ: ੫੬੭) ਅਤੇ ਇਹ ਪੂਰਾ ਸ਼ਬਦ।

ਨੁੱਕਤਾ ਨੰ: ੭- ਮਨੁੱਖਾ ਸਰੀਰ ਤੋਂ ਇਲਾਵਾ ਬਾਕੀ ਸਮ੍ਹੂਹ ਜੂਨੀਆਂ ਦੇ ਅਰਬਾਂ-ਖਰਬਾਂ ਸਰੀਰ ਕੇਵਲ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ ਦੀਆਂ ਸਜ਼ਾਵਾਂ ਭੋਗਣ ਲਈ ਕੋਠਰੀਆਂ (Cells & Packges) ਮਾਤ੍ਰ ਹੀ ਹੁੰਦੀਆਂ ਹਨ।

ਨੁੱਕਤਾ ਨੰ: ੮-ਜੀਵ ਨੂੰ ਉਨ੍ਹਾਂ ਅਰਬਾਂ ਖਰਬਾਂ ਜੂਨਾਂ ਸਮੇਂ ਇਹ ਸਭ ਸਰੀਰ ਵੀ ਕਰਤੇ ਦੇ ਸੱਚ ਨਿਆਂ `ਚ ਮਿਲੇ ਹੁੰਦੇ ਹਨ। ਜੂਨ ਅਨੁਸਾਰ ਜੀਵ ਨੂੰ, ਕਰਤੇ ਵੱਲੋਂ ਜੋ ਜੀਵਨ ਤੇ ਰਹਿਣੀ ਮਿਲੀ ਹੁੰਦੀ ਹੈ, ਉਸ ਨੂੰ ਪ੍ਰਾਪਤ ਸੁਆਸ ਉਸੇ ਰੰਗ `ਚ ਹੀ ਪੂਰੇ ਕਰਣੇ ਹੁੰਦੇ ਹਨ; ਫ਼ਿਰ ਉਸ ਨੂੰ ਚਾਹੇ ਸਰੋਵਰ `ਤੇ ਰਹਿਣ ਲਈ ਹੰਸ ਦੀ ਜੂਨ ਮਿਲੀ ਹੋਈ ਹੋਵੇ, ਛਪੜ `ਤੇ ਬਗੁਲੇ ਦੀ ਜਾਂ ਗੰਦਗੀ ਦੇ ਕੀੜੇ ਦੀ। ਮਨੁੱਖਾ ਜੂਨ ਤੋਂ ਇਲਾਵਾ ਹੋਰ ਕਿਸੇ ਵੀ ਸਰੀਰ ਅਥਵਾ ਜੂਨ ਸਮੇਂ ਜੀਵ ਅਪਣੀ ਮਰਜ਼ੀ ਨਾਲ ਸੱਜੇ ਖੱਬੇ ਵੀ ਨਹੀਂ ਹੋ ਸਕਦਾ। ਹੋਰ ਤਾਂ ਹੋਰ ਬਾਕੀ ਹਰੇਕ ਜੂਨਾਂ ਸਮੇਂ ਤਾਂ ਜੀਵ ਨੂੰ ਜ਼ਬਾਨ ਵੀ ਗੂੰਗੀ ਹੀ ਮਿਲਦੀ ਹੈ। ਜਿਸ ਕਰਕੇ ਉਸ ਸਮੇਂ ਨਾ ਤਾਂ ਜੀਵ ਕਿਸੇ ਤੋਂ ਹਮਦਰਦੀ ਲੈ ਸਕਦਾ ਹੈ, ਨਾ ਕਿਸੇ ਨੂੰ ਆਪਣਾ ਦੁਖ ਸੁਖ ਹੀ ਬਿਆਣ ਕਰ ਸਕਦਾ ਹੈ। ਉਸ ਸਮੇਂ ਤਾਂ ਉਸ ਲਈ “ਕਰਿ ਅਉਗਣ ਪਛੋਤਾਵਣਾ” (ਪੰ: ੪੭੦) ਹੀ ਰਹਿ ਜਾਂਦਾ ਹੈ।

ਨੁੱਕਤਾ ਨੰ: ੯-ਜੀਵ ਨਾਲ ਇਹ ਸਭ ਵੀ ਇਸ ਲਈ ਹੋਇਆ ਕਿਉਂਕਿ “ਜੇਹਾ ਆਇਆ ਤੇਹਾ ਜਾਸੀ, ਕਰਿ ਅਵਗਣ ਪਛੋਤਾਵਣਿਆ” (ਪੰ: ੧੧੪) ਅਥਵਾ “ਖਤਿਅਹੁ ਜੰਮੇ, ਖਤੇ ਕਰਨਿ, ਤ ਖਤਿਆ ਵਿਚਿ ਪਾਹਿ॥ ਧੋਤੇ ਮੂਲਿ ਨ ਉਤਰਹਿ, ਜੇ ਸਉ ਧੋਵਣ ਪਾਹਿ” (ਪੰ: ੧੪੯) ਭਾਵ ਜੀਵ ਨੂੰ ਜਦੋਂ ਇਸ ਤੋਂ ਪਹਿਲਾਂ ਮਨੁੱਖਾ ਜਨਮ ਮਿਲਿਆ ਸੀ ਤਾਂ ਉਸ ਨੂੰ ਵੀ ਇਸ ਨੇ ਬਿਰਥਾ ਕੀਤਾ ਸੀ। ਇਸ ਤੋਂ ਬਾਅਦ ਜੇ ਕਰਤੇ ਨੇ ਇਸ ਨੂੰ ਫ਼ਿਰ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਿਆ ਤਾਂ ਇਸ ਨੇ ਉਸ ਦੀ ਵੀ ਸੰਭਾਲ ਨਹੀਂ ਕੀਤੀ। ਜਿਸ ਤੋਂ ਇਸ ਨੂੰ “ਤ ਖਤਿਆ ਵਿਚਿ ਪਾਹਿ” ਭਾਵ ਫ਼ਿਰ ਤੋਂ ਜੂਨਾਂ ਦੇ ਗੇੜ `ਚ ਹੀ ਪੈਣਾ ਪਿਆ।

ਨੁੱਕਤਾ ਨੰ: ੧੦-ਜਦਕਿ ਤਾਂ ਵੀ ਕੇਵਲ ਮਨੁੱਖਾ ਜੂਨ ਤੇ ਜਨਮ ਹੀ ਹੈ ਜਿਥੇ ਸੁਆਸ ਸੁਆਸ ਦਾ ਵਾਧਾ ਘਾਟਾ ਵੀ ਨਾਲ ਨਾਲ ਚਲਦਾ ਹੈ। ਕੇਵਲ ਇਹੀ ਇੱਕ ਜੂਨ ਤੇ ਜਨਮ ਹੈ ਜਦੋਂ ਸ਼ਬਦ ਗੁਰੂ ਦੀ ਕਮਾਈ ਕਰਕੇ ਇਹ ‘ਗੁਰਮੁਖ’ ਪਦ ਨੂੰ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਕਰਤੇ `ਚ ਅਭੇਦ ਹੋਇਆ ਜਾ ਸਕਦਾ ਹੈ ਜੀਵਨ ਮੁਕਤ ਹੋਇਆ ਜਾ ਸਕਦਾ ਹੈ ਤੇ ਜਨਮ ਮਰਨ ਦੇ ਗੇੜ `ਚੋਂ ਸਦਾ ਲਈ ਮੁਕਤ ਹੋ ਸਕਦਾ ਹੈ।

ਨਹੀਂ ਤਾਂ ਇਸੇ ਮਨੁੱਖਾ ਜਨਮ ਦਾ ਦੂਜਾ ਪੱਖ ਵੀ ਹੈ ਜਦੋਂ ਮਨੁੱਖ ਇਨ੍ਹਾਂ ਅਮੁੱਲੇ ਸੁਆਸਾਂ ਨੂੰ ਵੀ ਮਨਮੁਖ ਰਹਿ ਕੇ “ਜੇਹਾ ਆਇਆ ਤੇਹਾ ਜਾਸੀ ਕਰਿ ਅਵਗਣ ਪਛੋਤਾਵਣਿਆ” (ਪੰ: ੧੧੪) ਅਥਵਾ “ਖਤਿਅਹੁ ਜੰਮੇ, ਖਤੇ ਕਰਨਿ, ਤ ਖਤਿਆ ਵਿਚਿ ਪਾਹਿ” (ਪੰ: ੧੪੯) ਅਥਵਾ “ਨਾਗੋ ਆਇਓ ਨਾਗ ਸਿਧਾਸੀ, ਫੇਰਿ ਫਿਰਿਓ ਅਰੁ ਕਾਲਿ ਗਰਸੂਆ” (ਪੰ: ੨੦੬) ਜਦੋਂ ਮਨੁੱਖ ਨੇ ਪਿਛਲਾ ਮਨੁੱਖਾ ਜਨਮ ਵੀ ਬਿਰਥਾ ਕੀਤਾ ਸੀ ਤੇ ਜੂਨਾਂ ਦੇ ਗੇੜ `ਚ ਪਿਆ ਸੀ। ਫ਼ਿਰ ਇਹ ਅਵਸਰ ਮਿਲਿਆ ਤਾਂ ਇਹ ਵੀ ਮਨਮੁਖਤਾ `ਚ ਰਹਿ ਕੇ ਖੁਆਰੀਆਂ `ਚ ਖਤਮ ਕੀਤਾ ਤੇ ਮੌਤ ਤੋਂ ਬਾਅਦ ਫ਼ਿਰ ਜਨਮਾਂ ਦੇ ਗੇੜ `ਚ ਹੀ ਪੈ ਗਿਆ।

ਨੁੱਕਤਾ ਨੰ: ੧੧-ਇਸ ਤਰ੍ਹਾਂ ਮਨੁੱਖਾ ਜਨਮ ਸਮੇਂ ਗੁਰਮੁਖ ਹੋਵੇ ਜਾਂ ਮਨਮੁਖ। ਮਨੁੱਖਾ ਜਨਮ ਸਮੇਂ ਇਸ ਸਾਰੇ ਆਧਾਰ, ਇਸ ਸਾਰੇ ਦਾ ਮੂਲ ਹਨ ਸਾਡੇ ਸਰੀਰ ਅੰਦੲਲੇ ਕਰਮ ਤੇ ਗਿਆਨ ਇੰਦਰੇ ਤੇ ਇਨ੍ਹਾਂ ਦੀ ਗੁਰੂ ਗਿਆਨ ਦੀ ਕਮਾਈ ਨਾਲ ਸੁਵਰਤੋਂ ਜਾਂ ਮਨਮੁਖਤਾ `ਚ ਜਨਮ ਬਤੀਤ ਕਰਦੇ ਹੋਏ ਇਨ੍ਹਾਂ ਹੱਥਾਂ. ਪੈਰਾ ਕੰਨਾਂ, ਅੱਖਾਂ ਆਦਿ ਦੀ ਕੁਵਰਤੋਂ ਹੀ ਹੁੰਦੀ ਹੈ।

ਨੁੱਕਤਾ ਨੰ: ੧੨-ਬੱਸ ਇਹੀ ਮੂਲ ਵਿਸ਼ਾ ਹੈ ਜੋ ਇਨ੍ਹਾਂ ਸਲੋਕਾਂ `ਚ ਅਸਾਂ ਸਮਝਣਾ ਤੇ ਵਿਚਾਰਨਾ ਹੈ। ਉਹ ਵਿਸ਼ਾ ਇਹ ਹੈ ਕਿ ਇਹੀ ਗਿਆਨ ਤੇ ਕਰਮ ਇੰਦਰੇ ਕਿਸੇ ਨਾ ਕਿਸੇ ਰੂਪ `ਚ ਮਨੁੱਖ ਤੋਂ ਇਲਾਵਾ ਲਗਭਗ ਬਾਕੀ ਅਰਬਾਂ-ਖਰਬਾਂ ਜੂਨਾਂ ਸਮੇਂ ਵੀ ਜੀਵ ਨੂੰ ਕਰਤੇ ਵੱਲੋਂ ਪ੍ਰਾਪਤ ਹੁੰਦੇ ਹਨ। ਪਰ ਉਥੇ ਇਹ ਕਰਮ ਤੇ ਗਿਆਨ ਇੰਦਰੇ ਕੇਵਲ ਉਸ ਜੀਵਨ ਨੂੰ ਚਲਾਉਣ ਲਈ ਹੀ ਹੁੰਦੇ ਹਨ।

ਜਦਕਿ ਮਨੁੱਖਾ ਜੂਨ ਸਮੇਂ ਜੀਵ ਨੂੰ ਕਰਤੇ ਵੱਲੋਂ ਇਹ ਜੋ ਗਿਆਨ ਤੇ ਕਰਮ ਇੰਦਰੇ ਪ੍ਰਾਪਤ ਹੁੰਦੇ ਹਨ ਉਹ ਕੇਵਲ ਜੀਵਨ ਨੂੰ ਚਲਾਉਣ ਲਈ ਹੀ ਨਹੀਂ ਹੁੰਦੇ ਬਲਕਿ ਗੁਰਬਾਣੀ ਗੁਰੂ ਦੇ ਗਿਆਨ ਤੇ ਕਮਾਈ ਰਾਹੀਂ ਮਨੁੱਖਾ ਜਨਮ ਦੀ ਉਤਮਤਾ ਦੀ ਪਹਿਚਾਣ ਕਰਕੇ, ਜਨਮ ਨੂੰ ਸਫ਼ਲ ਕਰਣ ਲਈ ਵੀ ਮਿਲਦੇ ਹਨ।

ਨੁੱਕਤਾ ਨੰ: ੧੩-ਦਰਅਸਲ ਮਾਝ ਦੀ ਵਾਰ ਦੀ ਇਸ ਪਉੜੀ ਨੰ: ੩ `ਚ ਤੇ ਖਾਸ ਕਰ ਸਬੰਧਤ ਸਲੋਕਾਂ “ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ” ਤੇ “ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ” `ਚ ਗੁਰਦੇਵ ਨੇ ਇਨ੍ਹਾਂ ਪ੍ਰਤੀ ਹੀ ਚੇਤਾਵਨੀ ਦਿੱਤੀ ਹੈ। ਚੇਤਾਇਆ ਹੈ ਕਿ ਐ ਮਨੁੱਖ! ਤੂੰ ਗੁਰਬਾਣੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਇਸ ਜਨਮ ਦੀ ਉਤਮਤਾ ਦੀ ਪਹਿਚਾਣ ਕਰ। ਤੂੰ ਆਪਣੇ ਇਨ੍ਹਾਂ ਗਿਆਨ ਤੇ ਕਰਮ ਇੰਦਰੀਆਂ ਦੀ ਵਰਤੋਂ ਕਰਣੀ ਤਾਂ ਹੈ ਪਰ ਦੂਜੀਆਂ ਜੂਨੀਆਂ ਦੇ ਤਲ ਤੇ ਰਹਿ ਕੇ ਅਗਿਆਨੀ ਤੇ ਮਨਮੁਖ ਰਹਿ ਕੇ ਨਹੀਂ ਕਰਣੀ।

ਤੂੰ ਗੁਰੂ ਗਿਆਨ ਦੀ ਕਮਾਈ ਰਾਹੀਂ ਆਪਣੀ ‘ਬੁਧ’ ਨੂੰ ‘ਵਿਵੇਕ ਬੁਧ’ ਬਣਾ ਕੇ ਵਰਤਣਾ ਹੈ। ਗੁਰੂ ਗਿਆਨ ਤੋਂ ਵਿਹੂਣੇ ਰਹਿ ਕੇ ਆਪਣੇ ਜੀਵਨ ਨੂੰ ਮਨਮੁਖਤਾ ਅਤੇ ਅਗਿਆਨਤਾ `ਚ ਰਹਿ ਕੇ ਬਿਤਾਉਦਿਆਂ ਹੋਇਆਂ, ਸਰੀਰ ਦੇ ਇਨ੍ਹਾਂ ਅੰਗਾਂ ਨੂੰ ਸ਼ਬਦ ਗੁਰੂ ਦੇ ਗਿਆਨ ਪੱਖੋਂ ਟੁੰਡਾ, ਅੰਧਾ ਤੇ ਲੂਲ੍ਹਾ ਆਦਿ ਬਣਾ ਕੇ ਨਹੀਂ ਵਰਤਣਾ। ਤਾਂ ਤੇ ਸਲੋਕਾਂ ਤੇ ਪਉੜੀ ਦੇ ਨੰਬਰਵਾਰ ਅਰਥ ਇਸ ਤਰ੍ਹਾਂ ਹਨ:

ਸਲੋਕ ਮਃ ੨॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ॥ ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ॥ ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ॥ ੧ 

ਅਰਥ: —ਜੇ ਅੱਖਾਂ ਤੋਂ ਬਿਨਾ ਵੇਖੀਏ, ਕੰਨਾਂ ਤੋਂ ਬਿਨਾ ਸੁਣੀਏ, ਪੈਰਾਂ ਤੋਂ ਬਿਨਾ ਟੁਰੀਏ, ਜੇ ਹੱਥਾਂ ਤੋਂ ਬਿਨਾ ਕੰਮ ਕਰੀਏ, ਜੀਭ ਤੋਂ ਬਿਨਾ ਬੋਲੀਏ ਤਾਂ ਇਹੀ ਇੱਕ ਤਰੀਕਾ ਹੈ ਜਿਊਂਦੇ ਜੀਅ ਮਾਇਕ ਖਿੱਚਾਂ ਵੱਲੋਂ ਆਪਣੇ ਮਨ ਨੂੰ ਮਾਰਨ ਤੇ ਕਰਤੇ ਪ੍ਰਭੂ `ਚ ਅਭੇਦ ਹੋਣ ਦਾ।

ਇਸ ਦਾ ਸਪਸ਼ਟ ਮਤਲਬ ਹੈ ਕਿ ਮਨੁੱਖਾ ਜਨਮ ਸਮੇਂ, ਮਨੁੱਖ ਨੇ ਕਰਤੇ ਦੀਆਂ ਬਖ਼ਸ਼ੀਆਂ ਦਾਤਾਂ ਅਖਾਂ, ਕੰਨ, ਪੈਰ, ਹੱਥ, ਜੀਭਾ ਅਦਿ ਕਰਮ ਤੇ ਗਿਆਨ ਇੰਦ੍ਰਿਆਂ ਨੂੰ ਵਰਤਣਾ ਤਾਂ ਹੈ ਪਰ ਕਰਤੇ ਨੂੰ ਵਿਸਾਰ ਕੇ ਅਤੇ ਦੂਜੀਆਂ ਜੂਨਾਂ ਦੇ ਤਲ `ਤੇ ਅਤੇ ਗੁਰੂ ਗਿਆਨ ਤੋਂ ਕੋਰੇ ਰਹਿ ਕੇ ਨਹੀਂ ਵਰਤਣਾ।

ਭਾਵ ਮਨੁੱਖ ਨੇ ਗੁਰਬਾਣੀ ਗੁਰੂ ਦੇ ਗਿਆਨ ਰਾਹੀਂ ਮਨੁੱਖਾ ਜਨਮ ਦੇ ਮਕਸਦ ਨੂੰ ਪਹਿਚਾਣਦੇ ਹੋਏ ਇਨ੍ਹਾਂ ਅਖਾਂ ਦੀ ਤਾਕਤ ਨੂੰ “ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ” (ਪੰ: ੪੭੩) ਅਨੁਸਾਰ ਕੇਵਲ ਸੰਸਾਰ ਦੇ ਰੰਗ ਤਮਾਸ਼ਿਆਂ ਲਈ ਹੀ ਖਤਮ ਨਹੀਂ ਕਰ ਦੇਣਾ ਬਲਕਿ ਇਨ੍ਹਾਂ ਅਖਾਂ ਨਾਲ ਕਰਤੇ ਦੀ ਇਸ ਬੇਅੰਤ ਰਚਨਾ ਚੋਂ ਹੀ ਕਰਤੇ ਦੇ ਦੀਦਾਰੇ ਵੀ ਕਰਣੇ ਹਨ।

ਇਸੇ ਤਰ੍ਹਾਂ ਮਨੁੱਖ ਨੇ ਕੰਨਾ ਨੂੰ ਵੀ ਵਰਤਣਾ ਤਾਂ ਹੈ ਪਰ “ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ” (ਪੰ: ੪੭੩) ਅਨੁਸਾਰ ਪਰਾਈ ਨਿੰਦਾ ਚੁਗ਼ਲੀ ਤੇ ਜਾਂ ਆਪਣੀ ਪ੍ਰਸ਼ੰਸਾ ਆਦਿ ਸੁਨਣ `ਚ ਹੀ ਖਰਚ ਨਹੀਂ ਕਰ ਦੇਣਾ ਬਲਕਿ ਇਨ੍ਹਾਂ ਕੰਨਾਂ ਨਾਲ ਕਰਤੇ ਦੀ ਸਿਫ਼ਤ ਸਲਾਹ ਸੁਨਣੀ ਹੈ ਤਾ ਕਿ ਜੀਵਨ `ਚ ਇਲਾਹੀ ਗੁਣ ਪ੍ਰਵੇਸ਼ ਕਰਣ ਤੇ ਇਸ ਤਰ੍ਹਾਂ ਇਸ ਦੁਰਲਭ ਜਨਮ ਦੀ ਸੰਭਾਲ ਹੋ ਸਕੇ।

ਮਨੁੱਖ ਨੇ ਆਪਣੇ ਪੈਰਾਂ ਤੇ ਹੱਥਾਂ ਨੂੰ ਵੀ ਵਰਤਣਾ ਹੈ ਪਰ “ਹਾਥ ਪਾਉ ਕਰਿ ਕਾਮੁ ਸਭੁ, ਚੀਤੁ ਨਿਰੰਜਨ ਨਾਲਿ” (ਪੰ: ੧੩੭੫) ਅਥਵਾ “ਚਰਨ ਚਲਉ ਮਾਰਗਿ ਗੋਬਿੰਦ" (ਪੰ: ੨੮੧) ਅਨੁਸਾਰ ਇਨ੍ਹਾਂ ਨੂੰ ਗੁਰਬਾਣੀ ਗਿਆਨ ਦੇ ਰਾਹ `ਤੇ ਹੀ ਚਲਾਉਣਾ ਹੈ। ਇਸ ਤਰ੍ਹਾਂ ਜੀਭ ਤੇ ਮੂੰਹ ਨੂੰ ਵੀ ਵਰਤਣਾ ਹੈ ਪਰ “ਜਿਹਵਾ ਸੂਤਕੁ ਕੂੜੁ” (ਪੰ: ੪੭੩) ਤੋਂ ਬਚਾਅ ਕੇ ਤੇ “ਮੁਖ ਤੇ ਰਾਮੁ ਸੰਮਾੑਲਿ” (ਪੰ: ੧੩੭੫) ਅਨੁਸਾਰ ਇਨ੍ਹਾਂ ਨੂੰ ਬੇ ਸਿਰ ਪੈਰ ਦੀਆਂ ਬਾਤਾਂ ਲਈ ਨਹੀਂ ਵਰਤਣਾ, ਕਰਤੇ ਦੀ ਸਿਫ਼ਤ ਸਲਾਹ ਲਈ ਹੀ ਵਰਤਣਾ ਹੈ।

ਇਸ `ਤੇ ਗੁਰਦੇਵ ਸਪਸ਼ਟ ਕਰਦੇ ਹਨ ਕਿ “ਇਉ ਜੀਵਤ ਮਰਣਾ” ਭਾਵ ਇਹੀ ਇਕੋ ਇੱਕ ਢੰਗ ਹੈ ਇਸ ਅਮੁਲੇ ਮਨੁੱਖਾ ਜਨਮ ਵਾਲੇ ਅਵਸਰ ਨੂੰ ਵਿਕਾਰਾਂ ਅਉਗੁਣਾਂ ਆਦਿ ਵੱਲੋਂ ਬਚਾਅ ਕੇ ਸ਼ਬਦ ਗੁਰੂ ਦੇ ਗਿਆਨ `ਚ ਜੀਵਨ ਨੂੰ ਗੜੁੱਚ ਕਰਣ ਦਾ। ਜੀਵਨ ਨੂੰ ਸ਼ਬਦ ਗੁਰੂ ਦੇ ਰੰਗ `ਚ ਰੰਙਣ ਦਾ। ਜੀਊਂਦੇ ਜੀਅ ਮਨ ਨੂੰ ਹਉਮੈ ਆਦਿ ਵਿਕਾਰਾਂ ਵੱਲੋਂ ਮਾਰ ਕੇ ਸ਼ਬਦ ਗੁਰੂ ਦੀ ਕਮਾਈ ਕਰਣ ਦਾ।

ਇਸ ਤਰ੍ਹਾਂ ਸਲੋਕ ਦੀ ਸਮਾਪਤੀ `ਤੇ ਗੁਰੂ ਨਾਨਕ ਪਾਤਸ਼ਾਹ ਨਿਰਣਾ ਦਿੰਦੇ ਹਨ “ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ” ਭਾਵ ਮਨੁੱਖਾ ਜਨਮ ਹੀ ਇਕੋ ਇੱਕ ਅਜਿਹਾ ਸਮਾਂ ਹੈ ਜਦੌਂ ਜੀਵ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਪਿਛੇ, ਕਰਤੇ ਦੀ ਦੇਣ ਨੂੰ ਪਛਾਨਣ ਯੋਗ ਹੁੰਦਾ ਹੈ। ਉਹ ਪਛਾਣ, ਜਿਸ ਪਛਾਣ ਰਾਹੀਂ ਮਨੁੱਖ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਦੀ ਸੁਵਰਤੋਂ ਕਰਕੇ ਜੀਊਂਦੇ ਜੀਅ ਕਰਤੇ `ਚ ਅਭੇਦ ਵੀ ਹੋ ਸਕਦਾ ਹੈ। ਇਸ ਤਰ੍ਹਾਂ ਜਨਮ ਮਰਨ ਦੇ ਗੇੜ `ਚੋਂ ਵੀ ਸਦਾ ਲਈ ਨਿਕਲ ਸਕਦਾ ਹੈ। ੧।

ਮ: ੨॥ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ॥ ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ॥ ਭੈ ਕੇ ਚਰਣ, ਕਰ ਭਾਵ ਕੇ, ਲੋਇਣ ਸੁਰਤਿ ਕਰੇਇ॥ ਨਾਨਕੁ ਕਹੈ ਸਿਆਣੀਏ, ਇਵ ਕੰਤ ਮਿਲਾਵਾ ਹੋਇ॥ ੨॥

ਪਦ ਅਰਥ: ਦਿਸੈ… ਕਰਤਾ ਪ੍ਰਭੂ ਦਿਸਦਾ ਹੈ। ਸੁਣੀਐ… “ਅਨਹਤਾ ਸਬਦ ਵਾਜੰਤ ਭੇਰੀ” (ਪੰ: ੧੩) ਅਨੁਸਾਰ ਪ੍ਰਭੂ ਦੀ ਰਚਨਾ `ਚੋਂ ਹੀ ਹਰ ਸਮੇਂ ਕਰਤੇ ਦਾ ਨਾਦ ਸੁਣਿਆ ਵੀ ਜਾ ਸਕਦਾ ਹੈ, ਜਿਸ ਤੋਂ ਉਸ ਦੀ ਇਸ ਰਚਨਾ `ਚੋ ਹੀ ਕਰਤੇ ਦੀ ਹੋਂਦ ਵੀ ਪ੍ਰਕਟ ਹੁੰਦੀ ਹੈ। ਜਾਣੀਐ… ਰਚਨਾ `ਚੋਂ ਹੀ ਕਰਤੇ ਦੀ ਪਹਿਚਾਣ ਵੀ ਆਉਂਦੀ ਹੈ। ਸਾਉ—ਸੁਆਦ, ਆਨੰਦ, ਜੀਵਨ ਦਾ ਅਨੰਦ। ਰੁਹਲਾ—ਲੂਲ੍ਹਾ, ਪੈਰ-ਹੀਣ, ਪੂਰਾਂ ਤੋਂ ਬਿਨਾ। ਟੁੰਡਾ—ਹੱਥ-ਹੀਣ, ਹਥਾਂ ਤੋਂ ਬਿਨਾ। ਧਾਇ—ਦੌੜ ਕੇ, ਭੱਜ ਕੇ। ਭੈ ਕੇ— ਡਰ ਦੇ, ਪ੍ਰਭੂ ਦੇ ਨਿਰਮਲ ਭਉ ਵਾਲੇ। ਕਰ—ਹੱਥ। ਭਾਵ—ਪਿਆਰ, ਸਤਿਕਾਰ। ਲੋਇਣ—ਅੱਖਾਂ। ਸੁਰਤਿ—ਧਿਆਨ। ਇਵ—ਇਸ ਤਰ੍ਹਾਂ।

ਅਰਥ: ਕਰਤਾ ਅਕਾਲ ਪੁਰਖ ਕੁਦਰਤਿ `ਚ ਵੱਸ ਰਿਹਾ ਵੀ ਦਿੱਸਦਾ ਹੈ। ਉਸ ਦੀ ਜੀਵਨ-ਰੌ ਸਾਰੀ ਰਚਨਾ `ਚ ਅਨਹਤਾ ਸਬਦ ਵਾਜੰਤ ਭੇਰੀਅਨੁਸਾਰ ਹਰ ਸਮੇਂ ਸੁਣੀ ਤੇ ਮਹਿਸੂਸ ਵੀ ਕੀਤੀ ਜਾਂਦੀ ਹੈ, ਉਸ ਦੀ ਬੇਅੰਤ ਰਚਨਾ ਦੀਆਂ ਗਹਿਰਾਈਆਂ ਤੇ ਖੇਡਾਂ ਤੋਂ ਹੀ ਇਹ ਵੀ ਸਪਸ਼ਟ ਹੁੰਦਾ ਹੈ ਕਿ ਕਰਤਾ ਰਚਨਾ ਤੋਂ ਅੱਡ ਨਹੀਂ, ਆਪਣੀ ਰਚਨਾ ਦੇ ਜ਼ਰੇ ਜ਼ਰੇ `ਚ ਵੱਸ ਵੀ ਰਿਹਾ ਹੈ; ਫਿਰ ਵੀ ਜੀਵ ਨੂੰ ਉਸ ਦੇ ਮਿਲਾਪ ਵਾਲਾ ਰਸ ਤੇ ਸੁਆਦ ਹਾਸਲ ਨਹੀਂ ਹੁੰਦਾ। ਤਾਂ ਅਜਿਹਾ ਕਿਉ ਹੁੰਦਾ ਹੈ? ਭਾਵ ਤਾਂ ਫ਼ਿਰ ਰੁਕਾਵਟ ਕਿੱਥੇ ਹੈ?

ਉੱਤਰ ਹੈ ਕਿ ਇਹ ਇਸ ਲਈ ਹੁੰਦਾ ਹੈ ਕਿਉਂਕਿ ਮਨੁੱਖ ਕੋਲ, ਪ੍ਰਭੂ ਮਿਲਾਪ ਵਾਲੇ ਨਾ ਪੈਰ ਹਨ, ਨਾ ਹੱਥ ਹਨ ਤੇ ਨਾ ਹੀ ਅੱਖਾਂ ਹਨ ਭਾਵ ਇਹ ਪ੍ਰਭੂ ਦੇ ਗਿਆਨ ਦੇ ਪੱਖੋਂ ਰੂਹਲਾ ਵੀ ਹੈ ਟੁੰਡਾ ਵੀ ਹੈ ਤੇ ਅੰਨ੍ਹਾ ਵੀ ਹੈ।

ਤਾਂ ਫਿਰ ਅਜਿਹੀ ਹਾਲਤ `ਚ ਇਹ ਦੌੜਿਆ ਜਾ ਕੇ ਪ੍ਰਭੂ ਦੇ ਗਲ ਲੱਗ ਵੀ ਕਿਵੇਂ ਸਕਦਾ ਹੈ? ਭਾਵ ਗੁਰੂ ਗਿਆਨ ਤੇ ਆਤਮਕ ਸੋਝੀ ਤੋਂ ਬਿਨਾ ਇਸ ਜੀਵ ਦਾ ਕਰਤੇ ਪ੍ਰਭੂ ਨਾਲ ਮਿਲਾਪ ਹੀ ਸੰਭਵ ਨਹੀਂ।

ਦਰਅਸਲ ਜੇ ਕਰ ਇਹ ਜੀਵ ਇਸਤ੍ਰੀ, ਆਪਣੇ ਜੀਵਨ ਨੂੰ ਪ੍ਰਭੂ ਦੇ ਨਿਰਮਲ ਭਉ `ਚ ਚਲਾਉਣਾ, ਇਸ ਨੂੰ ਆਪਣੇ ਪੈਰ ਬਣਾ ਲਵੇ; ਆਪਣੇ ਮਨ `ਚ ਪ੍ਰਭੂ ਲਈ ਸਤਿਕਾਰ ਤੇ ਪਿਆਰ ਨੂੰ ਆਪਣੇ ਹੱਥ ਬਣਾ ਲਵੇ; ਇਸੇ ਤਰ੍ਹਾਂ ਪ੍ਰਭੂ ਦੀ ਯਾਦ `ਚ ਜੁੜਣਾ ਹੀ, ਇਸ ਨੂੰ ਆਪਣੀਆਂ ਅੱਖਾਂ ਬਣਾ ਲਵੇ।

ਇਸ `ਤੇ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਹੇ ਜੀਵ-ਇਸਤ੍ਰੀ! ਜੇ ਤੂੰ ਗੁਰੂ ਗਿਆਨ ਦੀ ਕਮਾਈ ਕਰਕੇ ਜੀਵਨ ਪੱਖੋਂ ਸਿਆਣੀ ਹੋ ਜਾਵੇਂ ਤਾਂ ਇਸ ਤਰ੍ਹਾਂ ਇਹੀ ਇੱਕ ਤਰੀਕਾ ਹੈ ਜਿਸ ਰਾਹੀਂ ਤੇਰਾ ਖਸਮ-ਪ੍ਰਭੂ ਨਾਲ ਮਿਲਾਪ ਵੀ ਹੋ ਸਕਦਾ ਹੈ। ੨।

ਗੁਰਮੱਤ ਵਿਚਾਰ ਦਰਸ਼ਨ- ਮੂਲ ਰੂਪ `ਚ ਇਸ ਸਾਰੇ ਵਿਸ਼ੇ ਨੂੰ ਅਰੰਭ `ਚ ਹੀ ਵਿਸ਼ੇਸ਼ ਨੋਟ ਤੇ ਕੁੱਝ ਜ਼ਰੂਰੀ ਨੁੱਕਤਿਆਂ ਰਾਹੀਂ ਨਿਭਾਇਆ ਜਾ ਚੁੱਕਾ ਹੈ ਇਸ ਲਈ ਇਸ ਨੂੰ ਇਥੇ ਦੋਹਰਾਨ ਦੀ ਲੋੜ ਨਹੀਂ। ਉਂਝ ਵੀ ਗੁਰਮੱਤ ਪਾਠਾਂ ਦੀ ਲੜੀ `ਚ ਗੁਰਮੱਤ ਪਾਠ ਨੰ: ੨੧੬ “ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ…” ਦੇ ਸਿਰਲੇਖ ਹੇਠ ਪਹਿਲਾਂ ਵੀ ਦਿੱਤਾ ਜਾ ਚੁੱਕਾ ਹੈ, ਸੰਗਤਾਂ ਉਸ ਦਾ ਲਾਭ ਵੀ ਲੈ ਸਕਦੀਆਂ ਹਨ।

ਪਉੜੀ॥ ਸਦਾ ਸਦਾ ਤੂੰ ਏਕੁ ਹੈ, ਤੁਧੁ ਦੂਜਾ ਖੇਲੁ ਰਚਾਇਆ॥ ਹਉਮੈ ਗਰਬੁ ਉਪਾਇ ਕੈ, ਲੋਭੁ ਅੰਤਰਿ ਜੰਤਾ ਪਾਇਆ॥ ਜਿਉ ਭਾਵੈ ਤਿਉ ਰਖੁ ਤੂ, ਸਭ ਕਰੇ ਤੇਰਾ ਕਰਾਇਆ॥ ਇਕਨਾੑ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ॥ ਇਕਿ ਖੜੇ ਕਰਹਿ ਤੇਰੀ ਚਾਕਰੀ, ਵਿਣੁ ਨਾਵੈ ਹੋਰੁ ਨ ਭਾਇਆ॥ ਹੋਰੁ ਕਾਰ ਵੇਕਾਰ ਹੈ, ਇਕਿ ਸਚੀ ਕਾਰੈ ਲਾਇਆ॥ ਪੁਤੁ ਕਲਤੁ ਕੁਟੰਬੁ ਹੈ, ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ॥ ਓਹਿ ਅੰਦਰਹੁ ਬਾਹਰਹੁ ਨਿਰਮਲੇ, ਸਚੈ ਨਾਇ ਸਮਾਇਆ॥ ੩॥ {ਪੰਨਾ ੧੩੯}

ਪਦ ਅਰਥ : — ਤੁਧੁ ਦੂਜਾ ਖੇਲੁ ਰਚਾਇਆ…. ਇਹ ਸਾਰੀ ਰਚਨਾ ਤੇਰੀ ਆਪਣੀ ਹੀ ਬਣਾਈ ਹੋਈ ਹੈ ਭਾਵ ਤੇਰੇ ਤੋਂ ਬਿਨਾ ਇਸ ਰਚਨਾ ਦਾ ਆਪਣਾ ਕੋਈ ਵਜੂਦ ਨਹੀਂ। ਗਰਬੁ—ਅਹੰਕਾਰ। ਖੜੇ—ਖਲੋ ਕੇ, ਸੁਚੇਤ ਹੋ ਕੇ। ਇਕਿ—ਕਈ ਜੀਵ। ਕਲਤੁ—ਇਸਤ੍ਰੀ। ਅਲਿਪਤੁ—ਨਿਰਲੇਪ, ਨਿਰਮੋਹ। ਓਹਿ—ਉਹ ਜੀਵ। ਨਾਇ—ਨਾਮ ਵਿਚ।

ਅਰਥ: ਹੇ ਪ੍ਰਭੂ! ਤੂੰ ਸਦਾ ਇਕੋ ਇੱਕ ਤੇ ਆਪ ਹੀ ਆਪ ਹੈਂ। ਇਸ ਲਈ ਤੇਰੇ ਤੋਂ ਵੱਖਰਾ ਦਿੱਸ ਰਿਹਾ ਇਹ ਸੰਸਾਰ ਰੂਪ ਤਮਾਸ਼ਾ ਵੀ ਤੇਰੇ ਤੋਂ ਵੱਖਰਾ ਨਹੀਂ, ਇਹ ਵੀ ਤੇਰਾ ਆਪਣਾ ਹੀ ਰਚਿਆ ਤੇ ਬਣਾਇਆ ਹੋਇਆ ਹੈ। ਭਾਵ ਇਸ ਰਚਨਾ ਦੇ ਜ਼ਰੇ ਜ਼ਰੇ `ਚ ਵੀ ਤੂੰ ਆਪ ਹੀ ਵਿਆਪਕ ਤੇ ਸਮਾਇਆ ਹੋਇਆ ਵੀ ਹੈਂ।

ਹੇ ਪ੍ਰਭੂ! ਚੂੰਕਿ ਇਹ ਰਚਨਾ ਵੀ ਤੇਰੀ ਹੀ ਹੈ ਅਤੇ ਤੂੰ ਇਸ `ਚ ਵਿਆਪਕ ਵੀ ਹੈਂ। ਇਸ ਲਈ ਜੀਵਾਂ ਅੰਦਰ ਜੋ ਹਉਮੈ ਅਹੰਕਾਰ ਤੇ ਲੋਭ ਪਸਰ ਰਿਹਾ ਹੈ ਸਪਸ਼ਟ ਹੈ ਕਿ ਹਉਮੈ ਅਹੰਕਾਰ ਪੈਦਾ ਕਰ ਕੇ ਇਸ ਰਚਨਾ `ਚ ਜੀਵਾਂ ਦੇ ਲਈ ਲੋਭ ਵੀ ਤੂੰ ਆਪ ਹੀ ਪਾਇਆ ਹੋਇਆ ਹੈ।

ਇਹ ਵੀ ਕਿ ਇਹ ਸਾਰੇ ਜੀਵ ਤੇਰੇ ਹੀ ਪ੍ਰੇਰੇ ਹੋਏ ਕਾਰ ਵਿਹਾਰ ਵੀ ਕਰਦੇ ਹਨ, ਭਾਵ ਇਨ੍ਹਾਂ ਜੀਵਾਂ ਅੰਦਰ ਜੋ ਕਾਰ ਵਿਹਾਰ ਤੇ ਧੰਦਿਆਂ ਵਾਲੀ ਪ੍ਰੇਰਨਾ ਹੈ ਇਹ ਵੀ ਤੇਰੀ ਹੀ ਪੈਦਾ ਕੀਤੀ ਹੋਈ ਹੈ। ਤਾਂ ਤੇ ਹੇ ਪ੍ਰਭੂ! ਤੇਰੇ ਚਰਨਾਂ `ਚ ਅਰਦਾਸ ਹੈ ਕਿ ਤੈਨੂੰ ਜਿਵੇਂ ਭਾਵੇ ਤਿਵੇਂ ਤੂੰ ਇਨ੍ਹਾਂ ਦੀ ਰੱਖਿਆ ਵੀ ਆਪ ਕਰ।

ਕਈ ਜੀਵਾਂ ਨੂੰ ਤਾਂ ਤੂੰ ਬਖ਼ਸ਼ ਲੈਂਦਾ ਅਤੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈਂ। ਇਸ ਤਰ੍ਹਾਂ ਜਿਹੜੇ ਗੁਰੂ ਦੀ ਸਿੱਖਿਆ `ਤੇ ਚੱਲ ਕੇ ਜੀਵਨ ਦੀ ਸੰਭਾਲ ਕਰਦੇ ਹਨ, ਉਨ੍ਹਾਂ ਨੂੰ ਤੂੰ ਆਪ ਹੀ ਜੀਵਨ ਦੇ ਇਸ ਸਿਧੇ ਪਾਸੇ ਲਗਾਇਆ ਹੁੰਦਾ ਹੈ। ਅਜਿਹੇ ਅਨੇਕਾਂ ਜੀਵ ਸੁਚੇਤ ਹੋ ਕੇ ਤੇਰੀ ਸਿਫ਼ਤ ਸਲਾਹ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਨੂੰ ਤੇਰੀ ਸਿਫ਼ਤ ਸਲਾਹ ਤੋਂ ਬਿਨਾ ਹੋਰ ਕੋਈ ਵੀ ਗੱਲ ਚੰਗੀ ਹੀ ਨਹੀਂ ਲਗਦੀ। ਭਾਵ ਜਿਨ੍ਹਾਂ ਦਾ ਜੀਵਨ ਹੀ ਤੇਰੀ ਸਿਫ਼ਤ ਸਲਾਹ ਵਾਲਾ ਤਿਆਰ ਹੋ ਜਾਂਦਾ ਹੈ, ਉਹ ਜੋ ਤੇ ਜਿਹੜੀਆਂ ਸੰਸਾਰਕ ਜ਼ਿਮੇਵਾਰੀਆਂ ਵੀ ਨਿਭਾਉਂਦੇ ਹਨ ਪਰ ਉਦੋਂ ਵੀ ਉਨ੍ਹਾਂ ਦੀ ਸੁਰਤ ਤੇਰੇ ਨਾਲ ਹੀ ਜੁੜੀ ਰਹਿੰਦੀ ਹੈ।

ਇਸ ਤਰ੍ਹਾਂ ਜਿਨ੍ਹਾਂ ਬੰਦਿਆਂ ਨੂੰ ਤੂੰ ਜੀਵਨ ਦੀ ਇਸ ਸੱਚੀ ਕਾਰ `ਚ ਲਗਾ ਲੈਂਦਾ ਹੈ ਉਨ੍ਹਾਂ ਨੂੰ ਤਾਂ ਜਿਵੇਂ ਤੈਨੂੰ ਵਿਸਾਰ ਕੇ ਸੰਸਾਰ ਦੀ ਕੋਈ ਵੀ ਕਾਰ ਕਰਣੀ ਇਉਂ ਮਹਿਸੂਸ ਹੁੰਦੀ ਹੈ ਜਿਵੇਂ ਕਿ ਉਹ ਵੇਕਾਰ ਦਾ ਕੰਮ ਹੀ ਕਰ ਰਹੇ ਹਨ। ਇਸ ਤਰ੍ਹਾਂ ਸੰਸਾਰ `ਚ ਵਿਚਰਦਿਆਂ ਅਜਿਹੇ ਬੰਦਿਆਂ ਦੇ ਜੀਵਨ ਦਾ ਸੁਆਸ ਸੁਆਸ, ਹਰ ਸਮੇਂ ਤੇਰੇ ਨਾਲ ਹੀ ਜੁੜਿਆ ਰਹਿੰਦਾ ਹੈ।

ਤਾਂ ਤੇ ਉਨ੍ਹਾਂ ਦਾ ਇਹ ਜੋ ਪੁਤ੍ਰ ਇਸਤ੍ਰੀ ਤੇ ਪ੍ਰਵਾਰ ਆਦਿ ਵੀ ਹੁੰਦਾ ਹੈ, ਹੇ ਪ੍ਰਭੂ! ਜਿਹੜੇ ਜੀਊੜੇ ਤੇਰੇ ਦਰ `ਤੇ ਪ੍ਰਵਾਣ ਹੋ ਜਾਂਦੇ ਹਨ, ਉਹ ਇਨ੍ਹਾਂ ਤੋਂ ਵੀ ਨਿਰਮੋਹ ਹੋ ਕੇ ਸੰਸਾਰ `ਚ ਵਿਚਰਦੇ ਹਨ।

ਉਨ੍ਹਾਂ ਦੇ ਜੀਵਨ ਤਾਂ ਤਨੋ ਮਨੋ, ਸਦਾ ਥਿਰ ਰਹਿਣ ਵਾਲੀ ਤੇਰੀ ਸਿਫ਼ਤ ਸਲਾਹ ਨਾਲ ਹੀ ਜੁੜੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਜੀਵਨ, ਅੰਦਰਹੁ ਤੇ ਬਾਹਰੋਂ ਨਿਰਮਲੇ ਤੇ ਬਿਨਾ ਖੋਟ ਹੁੰਦੇ ਹਨ, ਗੁਣਾਹਾਂ ਅਉਗੁਣਾ ਤੇ ਵਿਕਾਰਾਂ ਵੱਲੋਂ ਵੀ ਸੁਅੱਚ ਹੁੰਦੇ ਹਨ। ਵਿਕਾਰ ਉਨ੍ਹਾਂ ਨੂੰ ਪੁਹ ਵੀ ਨਹੀਂ ਸਕਦੇ। ੩।

ਗੁਰਮੱਤ ਵਿਚਾਰ ਦਰਸ਼ਨ- ਦਰਅਸਲ ਇਸ ਪਉੜੀ ਦੇ ਅਰਥਾਂ ਨੂੰ ਗੁਰਮੱਤ ਸੇਧ ਦੀ ਗਹਿਰਾਈ `ਚ ਵਾਚਣ ਦੀ ਲੋੜ ਹੈ; ਨਹੀਂ ਤਾਂ ਗੁਰਮੱਤ ਪੱਖੋਂ ਮਾਮੂਲੀ ਜਿਹਾ ਕੱਚਾ ਇਨਸਾਨ ਵੀ ਸ਼ੰਕਿਆਂ ਸੁਆਲਾਂ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ ਸੱਜਨ ਅਚਾਨਕ ਹੀ ਕਹਿ ਉਠਦੇ ਹਨ ਕਿ ਜਦੋਂ ਇਸ ਰਚਨਾ `ਚ ਹਊਮੈ, ਹੰਕਾਰ, ਲੋਭ ਵੀ ਕਰਤੇ ਨੇ ਆਪ ਹੀ ਪਾਏ ਹੋਏ ਹਨ ਤਾਂ ਜੀਵ ਜਦੋਂ ਇਨ੍ਹਾਂ ਦੇ ਸ਼ਿਕਾਰ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਕੀ ਕਸੂਰ?

ਦੂਜਾ ਇਹ ਵੀ ਤਾਂ ਕਰਤੇ ਦੀ ਮਰਜ਼ੀ ਹੈ ਉਸ ਨੂੰ ਜਿਹੜੇ ਚੰਗੇ ਲਗਦੇ ਤੇ ਭਾਉਂਦੇ ਹਨ ਉਨ੍ਹਾਂ ਨੂੰ ਉਹ ਆਪਣੇ ਚਰਨਾਂ ਨਾਲ ਜੋੜ ਲੈਂਦੇ ਹੈ। ਇਸ ਤਰ੍ਹਾਂ ਜਿਹੜੇ ਉਸ ਦੇ ਦਰ `ਤੇ ਪ੍ਰਵਾਨ ਨਹੀਂ ਹੁੰਦੇ ਉਹ ਵੀ ਇਸ ਕਰਕੇ ਕਿ ਉਨ੍ਹਾਂ ਨੂੰ ਕਰਤਾ ਅਕਾਲ ਪੁਰਖ ਜੀ ਆਪ ਹੀ ਆਪਣੇ ਦਰ ਤੋਂ ਧੱਕ ਦਿੰਦੇ ਹਨ, ਆਦਿ।

ਜਦਕਿ ਓਪਰੀ ਨਜ਼ਰੇ ਅਜਿਹੇ ਸੁਆਲਾਂ ਤੇ ਸ਼ੰਕਿਆਂ `ਚ ਵਜ਼ਨ ਨਜ਼ਰ ਆਉਂਦਾ ਹੈ ਪਰ ਸਚਾਈ ਇਹ ਨਹੀਂ। ਅਸਲ `ਚ ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਦੀਆਂ ਹੀ ਦੋ ਅਵਸਥਾ ਹਨ। ਇਸ `ਚ ਸ਼ੱਕ ਨਹੀਂ ਅਤੇ ਇਸ ਪਉੜੀ ਅਨੁਸਾਰ ਵੀ, ਜਦੋਂ ਇਹ ਸਾਰੀ ਰਚਨਾ ਹੀ ਕਰਤੇ ਦੀ ਆਪ ਘੜੀ ਹੋਈ ਤਾਂ ਫ਼ਿਰ ਇਸ ਰਚਨਾ `ਚ ਜੋ ਹਉਮੈ, ਹੰਕਾਰ, ਲੋਭ ਆਦਿ ਵਿਕਾਰ ਹਨ ਉਹ ਵੀ ਤਾਂ ਕਰਤੇ ਨੇ ਆਪ ਹੀ ਪਾਏ ਹੋਏ ਹਨ ਕਿਉਂਕਿ ਸੰਸਾਰ ਰਚਨਾ ਦੇ ਚਲਣ `ਚ ਉਨ੍ਹਾਂ ਦਾ ਆਪਣਾ ਵੀ ਮਹੱਤਵ ਤੇ ਲੋੜ ਵੀ ਹੈ।

ਜਦਕਿ ਇਹ ਵੀ ਸਪਸ਼ਟ ਹੈ ਕਿ ਜਿਹੜੇ ਸ਼ਬਦ ਗੁਰੂ ਦੀ ਕਮਾਈ ਕਰਦੇ ਹਨ ਉਨ੍ਹਾਂ ਦੇ ਜੀਵਨ `ਤੇ ਹਉਮੈ ਲੋਭ ਆਦਿ ਵਿਕਾਰ ਭਾਰੂ ਨਹੀਂ ਹੁੰਦੇ। ਉਪ੍ਰੰਤ ਬਾਕੀ ਸਾਰੀ ਪਉੜੀ `ਚ ਪ੍ਰਭੂ ਦਰ ਤੇ ਪ੍ਰਵਾਨ ਹੋਣ ਵਾਲਿਆਂ ਦੇ ਸਚੇ ਸੁਚੇ ਨਿਰਮਲੇ ਤੇ ਬਿਨਾ ਖੋਟ ਜੀਵਨ, ਫ਼ਿਰ ਅਜਿਹੇ ਜੀਊੜਿਆਂ ਦੀ ਮਾਨਸਿਕ ਅਵਸਥਾ ਦਾ ਹੀ ਜ਼ਿਕਰ ਹੈ। ਇਸ ਤਰ੍ਹਾਂ ਜਿਨ੍ਹਾਂ ਦਾ ਜੀਵਨ `ਚੋਂ, ਸ਼ਬਦ ਗੁਰੂ ਦੀ ਕਮਾਈ ਕਾਰਨ ਹਉਮੈ ਦੀ ਦਿਵਾਰ ਹੀ ਚਕਨਾਚੂਰ ਹੋ ਜਾਂਦੀ ਹੈ ਕੇਵਲ ਉਨ੍ਹਾਂ ਨੂੰ ਹੀ ਸਪਸ਼ਟ ਨਜ਼ਰ ਆਉਂਦਾ ਹੈ ਕਿ ਉਨ੍ਹਾਂ ਦੇ ਜੀਵਨ ਅੰਦਰ ਅਜਿਹੀ ਉੱਤਮਤਾ ਤੇ ਤਬਦੀਲੀ ਕੇਵਲ ਤੇ ਕੇਵਲ ਕਰਤੇ ਦੀ ਬਖ਼ਸ਼ਿਸ਼ ਨਾਲ ਆਈ ਹੈ ਉਨ੍ਹਾਂ ਦੇ ਕਿਸੇ ਪ੍ਰਕਾਰ ਦੇ ਵੀ ਆਪਣੇ ਯਤਣਾਂ ਤੇ ਕਰਮਾਂ ਕਰਕੇ ਨਹੀਂ।

ਇਸ ਲਈ ਹਊਮੈ ਰਹਿਤ ਮਾਨਸਿਕ ਅਵਸਥਾ ਨੂੰ ਪ੍ਰਾਪਤ ਜੀਊੜੇ ਦੀ ਘੜੀ ਜਾ ਚੁੱਕੀ ਘਾੜਤ ਤੇ ਸੁਰਤ `ਚੋਂ ਅਚਣਚੇਤ ਹੀ ਅਜਿਹੀ ਆਵਾਜ਼ ਤੁ ਸੋਚ ਵੀ ਉਭਰਦੀ ਹੈ ਕਿ “ਇਕਨਾੑ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ” ਭਾਵ ਹੇ ਕਰਤੇ! ਤੂੰ ਆਪ ਹੀ ਬਖ਼ਸ਼ਿਸ਼ ਕਰਕੇ ਮੇਰੇ ਜੀਵਨ ਨੂੰ ਗੁਰੂ ਦੀ ਮੱਤ ਨਾਲ ਜੋੜ ਕੇ ਉੱਚਾ ਚੁੱਕਿਆ ਹੈ ਤੇ ਆਪਣੇ ਚਰਨਾਂ ਨਾਲ ਲਗਾਇਆ ਹੈ।

ਇਤਨਾ ਹੀ ਨਹੀਂ ਬਲਕਿ ਅਜਿਹੀ ਅਰਦਾਸ ਵੀ ਇਸੇ ਹਉਮੈ ਰਹਿਤ ਸਰਬ ਉੱਤਮ ਸੋਚ ਦਾ ਹੀ ਪ੍ਰਗਟਾਵਾ ਹੁੰਦੀ ਹੈ ਕਿ “ਜਿਉ ਭਾਵੈ ਤਿਉ ਰਖੁ ਤੂ, ਸਭ ਕਰੇ ਤੇਰਾ ਕਰਾਇਆ” ਇਸ ਤਰ੍ਹਾਂ ਅਜਿਹੇ ਸਫ਼ਲ ਜੀਵਨ ਹੀ ਸੁਆਸ ਸੁਆਸ ਕਰਤੇ ਦੀਆਂ ਵਡਿਆਈਆਂ ਤੇ ਸਿਫ਼ਤਾਂ ਨਾਲ ਜੁੜੇ ਰਹਿੰਦੇ ਹਨ। ਇਸੇ ਤੋਂ ਉਨ੍ਹਾਂ ਦੇ ਜੀਵਨ ਪੂਰਣਤਾ ਵਿਕਾਰ ਰਹਿਤ ਤੇ ਨਿਰਮਲੇ ਵੀ ਹੋ ਜਾਂਦੇ ਹੈ। ਜਦਕਿ ਹਊਮੈ ਰਹਿਤ ਹੋਣ ਕਰਕੇ ਉਨ੍ਹਾਂ ਨੂੰ ਧੁਰ ਹਿਰਦੇ ਤੋਂ ਇਹ ਵੀ ਸਪਸ਼ਟ ਹੁੰਦਾ ਇਹ ਸਭ ਤਾਂ ਹੀ ਸੰਭਵ ਹੋਇਆ ਹੈ ਕਿਉਂਕਿ ਮੇਰੇ `ਤੇ ਕਰਤਾ ਵਾਹਿਗੁਰੂ ਜੀ ਦੀ ਆਪਣੀ ਬਖ਼ਸ਼ਿਸ਼ ਹੋਈ ਹੈ। ਅਜਿਹਾ ਮੇਰੀ ਕਿਸੇ ਆਪਣੀ ਮਿਹਨਤ ਤੇ ਉੱਦਮ ਕਰਕੇ ਨਹੀਂ ਹੋਇਆ।

ਦੂਜੇ ਪਾਸੇ “ਹਉਮੈ ਗਰਬੁ ਉਪਾਇ ਕੈ, ਲੋਭੁ ਅੰਤਰਿ ਜੰਤਾ ਪਾਇਆ” ਭਾਵ ਇਹ ਵੀ ਸੱਚ ਹੈ ਕਿ ਉਪ੍ਰ+ਕਤ ਸ਼ੰਕੇ ਤੇ ਸੁਆਲ ਅਜਿਹੇ ਮਨ ਤੇ ਜੀਵਨ ਦੀ ਹੀ ਉਪਜ ਹੁੰਦੇ ਹਨ ਜੋ ਅਜੇ ਹਉਮੈ ਰਹਿਤ ਨਹੀਂ ਹੋਇਆ ਹੁੰਦਾ ਤੇ ਮਨੁੱਖਾ ਜੀਵਨ ਦੇ ਹੇਠਲੇ ਤਲ `ਤੇ ਹੀ ਵਿਚਰ ਰਿਹਾ ਹੁੰਦਾ ਹੈ। ਦਰਅਸਲ ਇਸ ਤਰ੍ਹਾਂ ਹਊਮੈ ਲੋਭ ਆਦਿ ਵਿਕਾਰ ਵੀ ਉਨ੍ਹਾਂ ਦੇ ਮਨਮੁਖੀ ਜੀਵਨ `ਤੇ ਹੀ ਭਾਰੂ ਹੁੰਦੇ ਹਨ।

ਇਥੋਂ ਇਹ ਵੀ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ, ਕੇਵਲ ਵਿਸ਼ੇ ਨੂੰ ਸਮਝਣ ਲਈ ਜੇਕਰ ਬਾਕੀ ਅਰਬਾਂ ਖਰਬਾਂ ਜੂਨਾਂ ਦੀ ਗੱਲ, ਬੇਸ਼ਕ ਇੱਕ ਪਲ ਵਾਸਤੇ ਛੱਡ ਵੀ ਦਿੱਤੀ ਜਾਵੇ ਤਾਂ ਵੀ ਹਊਮੈ, ਲੋਭ ਆਦਿ ਵਿਕਾਰਾਂ ਦਾ ਵੀ ਕਰਤੇ ਦੀ ਇਸ ਬੇਅੰਤ ਰਚਨਾ ਦੇ ਚਲਣ `ਚ ਆਪਣਾ ਹੀ ਮਹੱਤਵ ਹੈ।

ਪਉੜੀ ਤੇ ਸਲੋਕਾਂ ਦੀ ਆਪਸੀ ਸਾਂਝ- ਇਸ ਪਉੜੀ ਤੇ ਸਲੋਕਾਂ ਦੀ ਅਰਥ ਵਿਚਾਰ ਨੂੰ ਆਹਮਣੇ ਸਾਹਮਣੇ ਰਖਿਆਂ ਇਹ ਵਿਸ਼ਾ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ, ਪਹਿਲੇ ਸਲੋਕ `ਚ ਵੀ ਖਾਸਕਰ ਮਨੁੱਖਾ ਜਨਮ ਅਥਵਾ ਜੂਨ ਸਮੇਂ ਕਰਮ ਤੇ ਗਿਆਨ ਇੰਦ੍ਰਿਆਂ ਦੀ ਸੁਵਰਤੋਂ ਲਈ ਹੀ ਚੇਤਾਵਨੀ ਹੈ। ਸਪਸ਼ਟ ਕੀਤਾ ਹੋਇਆ ਹੈ ਕਿ ਜੇਕਰ ਮਨੁੱਖਾ ਜਨਮ ਪਾ ਕੇ ਵੀ ਅਜਿਹੀ ਸੋਝੀ ਨਹੀਂ ਕਿ ਮਨੁੱਖ ਨੇ ਇਨ੍ਹਾਂ ਕਰਮ ਤੇ ਗਿਆਨ ਇੰਦ੍ਰਿਆ ਦੀ “ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ” ਭਾਵ ਸ਼ਬਦ ਗੁਰੂ ਦੇ ਗਿਆਨ ਰਾਹੀਂ ਸੁਵਰਤੋਂ ਕਰਣ ਵਾਲੇ ਪੱਖ ਨੂੰ ਮਹਤਵ ਨਹੀਂ ਦਿੱਤਾ ਤਾਂ ਇਹ ਇਉਂ ਹੀ ਹੈ ਜਿਵੇਂ ਬਾਕੀ ਜੂਨਾਂ ਸਮੇਂ ਜੀਵਾਂ ਕੋਲ ਗਿਆਨ ਤੇ ਕਰਮ ਇੰਦਰਿਆਂ ਦੀ ਸੀਮਾਂ ਕੇਵਲ ਜੀਵਨ ਨੂੰ ਚਲਾਉਣ ਦੀ ਲੋੜ ਤੱਕ ਹੀ ਸੀਮਤ ਹੁੰਦੀ ਹੈ। ਭਾਵ ਮਨੁੱਖਾ ਜਨਮ ਪਾ ਕੇ ਮਨੁੱਖ ਆਪਣੇ ਗਿਆਨ ਤੇ ਕਰਮ ਇੰਦਰਿਆਂ ਦੀ ਵਰਤੋਂ ਵੀ ਉਸੇ ਤਰ੍ਹਾਂ ਹੀ ਕਰ ਰਿਹਾ ਹੈ।

ਇਸੇ ਤਰ੍ਹਾਂ ਦੂਜੇ ਸਲੋਕ `ਚ ਵੀ “ਨਾਨਕ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ” ਉਸੇ ਵਿਸ਼ੇ ਨੂੰ ਹੀ ਉਜਾਗਰ ਕੀਤਾ ਹੈ। ਉਥੇ ਵੀ ਇਹੀ ਕਿਹਾ ਹੈ ਕਿ ਮਨੁਖਾ ਜਨਮ ਸਮੇਂ ਜਦੋਂ ਤੱਕ ਮਨੁੱਖ ਕੋਲ ਗੁਰੂ ਗਿਆਨ ਤੇ ਉਸ ਰਾਹੀਂ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਦੀ ਪ੍ਰਭੂ ਮਿਲਾਪ ਦੇ ਮਕਸਦ ਵਾਲੀ ਸੁਵਰਤੋਂ ਨਹੀਂ ਉਦੋ ਤੱਕ ਜ਼ਾਹਿਰਾ ਤੌਰ ਤੇ ਬਾਹਵਾਂ, ਅਖਾਂ ਆਦਿ ਇਸ ਕੋਲ ਸਾਰੇ ਗਿਆਨ ਤੇ ਕਰਮ ਇੰਦ੍ਰਿਆਂ ਦੇ ਹੁੰਦਿਆਂ ਹੋਇਆ ਵੀ ਮਨੁੱਖਾ ਜਨਮ ਦੀ ਸਫ਼ਲਤਾ ਪੱਖੋਂ ਮਨੁੱਖ ਲੂਲ੍ਹਾਂ, ਟੁੰਡਾ ਤੇ ਅਨ੍ਹਾਂ ਹੀ ਹੁੰਦਾ ਹੈ।

ਜਦਕਿ ਪਉੜੀ `ਚ ਵੀ ਮੂਲ ਵਿਸ਼ਾ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਦੀ ਕੁਵਰਤੋਂ ਸੇ ਸੁਵਰਤੋਂ ਦਾ ਹੀ ਹੈ। ਇਥੇ ਵੀ ਮੂਲ ਵਿਸ਼ਾ ਇਹ ਹੈ ਕਿ ਰਚਨਾ ਤਾਂ ਸਾਰੀ ਕਰਤੇ ਦੀ ਆਪਣੀ ਹੀ ਰਚੀ ਹੋਈ ਹੈ ਤੇ ਕਰਤਾ ਇਸ ਦੇ ਜ਼ਰੇ ਜ਼ਰੇ `ਚ ਵਿਆਪਕ ਵੀ ਹੈ। ਇਸ ਤਰ੍ਹਾਂ ਇਸ ਰਚਨਾ `ਚ ਉਸ ਨੇ ਹਊਮੈ ਤੇ ਲੋਭ ਆਦਿ ਵਿਕਾਰ ਵੀ ਆਪ ਪਾਏ ਹੋਏ ਹਨ। ਇਸ ਦੇ ਬਾਵਜੂਦ ਜਿਹੜੇ ਜੀਵ ਮਨੁੱਖਾ ਜਨਮ ਵਾਲੇ ਅਵਸਰ ਦੇ ਪ੍ਰਾਪਤੀ ਤੋਂ ਬਾਅਦ “ਇਕਨਾ ਬਖਸਹਿ ਮੇਲਿ ਲੈਹਿ, ਗੁਰਮਤੀ ਤੁਧੈ ਲਾਇਆ” ਭਾਵ ਜਿਹੜੇ ਗੁਰੂ ਦੀ ਮੱਤ ਰਾਹੀਂ ਜੀਵਨ ਦੀ ਸੰਭਾਲ ਕਰਦੇ ਹਨ ਉਹ ਤੇਰੀ ਬਖ਼ਸ਼ਿਸ਼ ਦੇ ਪਾਤ੍ਰ ਬਣ ਜਾਂਦੇ ਹਨ। ਉਨ੍ਹਾਂ ਦੇ ਸੁਆਸ ਸੁਆਸ `ਚ ਤੇਰੀ ਸਿਫ਼ਤ ਸਲਾਹ ਵੱਸ ਜਾਂਦੀ ਹੈ। ਸੰਸਾਰਿਕ ਮੋਹ ਮਮਤਾ ਆਦਿ ਵਿਕਾਰ ਉਨ੍ਹਾਂ ਦੇ ਜੀਵਨ `ਤੇ ਭਾਰੂ ਨਹੀਂ ਹੋ ਸਕਦੇ। ਉਹ ਤੇਰੇ ਨਿਰਮਲ ਭਉ `ਚ ਰਹਿੰਦੇ ਹੋਏ ਮਨ ਤੇ ਤਨ ਕਰਕੇ ਸੁਅੱਛ ਹੋ ਜਾਂਦੇ ਹਨ। ਉਨ੍ਹਾਂ ਦੇ ਜੀਵਨ ਅਉਗੁਣ ਤੇ ਵਿਕਾਰ ਰਹਿਤ ਹੋ ਜਾਂਦੇ ਹਨ। ਸਪਸ਼ਟ ਹੈ ਕਿ ਉਨ੍ਹਾਂ ਦੇ ਅੰਦਰੋਂ ਬਾਹਿਰੋਂ ਨਿਰਮਲ ਹੋਣ ਦਾ ਮਤਲਬ ਹੀ ਇਕੋ ਹੈ ਕਿ ਉਨ੍ਹਾਂ ਦੇ ਕਰਮ ਤੇ ਗਿਆਨ ਇੰਦਰੇ ਗੁਰੂ ਗਿਆਨ ਦੀ ਰਹਿਤ `ਚ ਵਿਚਰਦੇ ਹਨ ਮਨਮਤੀਏ ਹੋ ਕੇ ਨਹੀਂ। (ਚਲਦਾ) #09 MkV.GVDs09.04.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” BEING LOADED IN ISTTS. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.