.

ਆਪੁ ਸਵਾਰਹਿ ਮੈ ਮਿਲਹਿ

ਮਨੁੱਖ ਦੀ ਸੰਸਾਰ ਨਾਲ ਗੰਢ ਇੰਦਰੀਆਂ ਦੁਆਰਾ ਹੀ ਪੈਂਦੀ ਹੈ ਜਿਨ੍ਹਾ ਕਾਰਨ ਇਹ ਬਾਹਰ ਸੰਸਾਰ ਨਾਲ ਇਤਨਾ ਜੁੜ ਜਾਂਦਾ ਹੈ ਜਾਂ ਮੋਹ ਪਾ ਲੈਂਦਾ ਹੈ ਕਿ ਇਸ ਨੂੰ ਆਪਣਾ ਆਪ (ਆਪਣਾ ਘਰ) ਹੀ ਵਿਸਰ ਜਾਂਦਾ ਹੈ। ਇਹ ਆਤਮਕ ਸੁੱਖ, ਰਸ ਤੇ ਸ਼ਾਂਤੀ ਨੂੰ ਬਾਹਰੋਂ ਪਾਉਣ ਦੀ ਖਾਤਰ ਵਿਕਾਰਾਂ ਵਸ ਹੋ ਕੇ ਭਟਕਦਾ ਰਹਿੰਦਾ ਹੈ। ਅਸਲ ਵਿੱਚ ਇਹ ਆਤਮਕ ਪਦਾਰਥ ਮਨੁੱਖ ਦੇ ਅੰਦਰ ਹੀ ਹਨ ਕਿਉਂਕਿ ਮਨ (ਧਿਆਨ) ਦੀ ਗੈਰ-ਹਾਜ਼ਰੀ ਵਿੱਚ ਇਹ ਕਿਸੇ ਵੀ ਬਾਹਰਲੇ ਪਦਾਰਥਾਂ ਦੇ ਰਸ ਨੂੰ ਨਹੀ ਮਾਣ ਸਕਦਾ ਹੈ, ਨਾਂ ਸੁੱਖ ਮਾਣ ਸਕਦਾ ਹੈ ਤੇ ਨਾਂ ਹੀ ਸ਼ਾਤੀ ਨੂੰ ਅਨੁਭਵ ਕਰ ਸਕਦਾ ਹੈ। ਮਨ ਹੀ ਮਨੁੱਖ ਦਾ ਅਸਲੀ ਘਰ ਹੈ ਜਿਸ ਵਿੱਚ ਉਸ ਹਰੀ ਦਾ ਵਾਸਾ ਹੈ ਜੋ ਆਤਮਕ ਪਦਾਰਥਾਂ ਦਾ ਸੋਮਾ ਹੈ ਤੇ ਤਨ ਇਸ ਘਰ ਦੀ ਵਾੜ ਹੈ। ਮਨੁ ਮੰਦਰੁ ਤਨੁ ਸਾਜੀ ਬਾਰਿ ॥ ਇਸ ਹੀ ਮਧੇ ਬਸਤੁ ਅਪਾਰ ॥ (੧੮੧)। ਅਸਲ ਵਿੱਚ ਮਨ ਹਰੀ ਨਾਲੋਂ ਅਲੱਗ ਹੋ ਹੀ ਨਹੀ ਸਕਦਾ, ਇਹ ਤਾਂ ਅਗਿਆਨਤਾ ਕਾਰਨ ਮਨ ਨੂੰ ਆਪਣੀ ਵੱਖਰੀ ਹੋਂਦ ਦਾ ਇੱਕ ਭਰਮ ਹੀ ਹੈ। ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ ॥ (੨੦੫੦)। ਇਸ ਭਰਮ ਨੂੰ ਹੀ ਹਉਮੈ ਦਾ ਪੜਦਾ ਆਖਿਆ ਗਿਆ ਹੈ ਜਿਸ ਦੇ ਦੂਰ ਹੁੰਦਿਆ ਪਤਾ ਚਲਦਾ ਹੈ ਕਿ ਦੋ ਤਾਂ ਕਦੇ ਹੋਏ ਹੀ ਨਹੀ। ਆਪੇ ਦੀ ਪੜਤਾਲ ਬਿਨਾ ਇਹ ਭਰਮ ਦੂਰ ਨਹੀ ਹੁੰਦਾ। ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥ {ਪੰਨਾ 684}। ਇਸ ਲਈ ਆਪਣੇ ਆਪ ਨੂੰ ਪਛਾਨਣਾ (ਆਪਣੇ ਮਨ ਦੀ ਪੜਚੋਲ ਕਰਨੀ) ਹੀ ਹਰੀ ਨੂੰ ਪਛਾਨਣਾ ਹੈ:

ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥ {ਪੰਨਾ 1382}। ਹੇ ਫਰੀਦ, ਜੇ ਤੂੰ ਆਪਣੇ ਆਪ ਨੂੰ ਸਵਾਰ ਲਏਂ, ਤਾਂ ਤੂੰ ਮੈਨੂੰ ਮਿਲ ਪਏਂਗਾ, ਤੇ ਮੇਰੇ ਨਾਲ ਜੁੜਿਆਂ ਹੀ ਸੁੱਖ ਹੋਵੇਗਾ (ਦੁਨੀਆਂ ਦੇ ਪਦਾਰਥਾਂ ਵਿੱਚ ਨਹੀ)। ਜੇ ਤੂੰ ਮੇਰਾ ਬਣ ਜਾਏਂ (ਸੰਸਾਰ ਦਾ ਮੋਹ ਛੱਡ ਕੇ ਮੇਰੇ ਨਾਲ ਪਿਆਰ ਪਾ ਲਵੇਂ) ਸਾਰਾ ਜਗਤ ਤੇਰਾ ਬਣ ਜਾਵੇਗਾ। ਆਪਣੇ ਆਪ ਨੂੰ ਸਵਾਰਨ ਤੋਂ ਭਾਵ (ਗੁਰਮਤਿ ਦੁਆਰਾ) ਆਪੇ ਦੀ ਪੜਚੋਲ ਕਰਕੇ ਹਉਮੈ ਦੇ ਪੜਦੇ (ਭਰਮ) ਨੂੰ ਹਟਾਉਣਾ ਹੀ ਹੈ। ਜਦ ਤਕ ਮਨ, ਆਤਮਕ ਅਗਿਆਨਤਾ ਕਾਰਨ, ਪਰਮਾਤਮਾ ਦੇ ਨਿਯਮਾਂ (ਹੁਕਮ, ਨਾਮ) ਅਨੁਸਾਰ ਨਹੀ ਚਲਦਾ ਤਦ ਤਕ ਇਹ ਮਨ “ਦੂਜੈ ਭਾਇ” ਵਿੱਚ ਹੀ ਰਹਿੰਦਾ ਹੈ ਪਰ ਜਦੋਂ ਇਹੀ ਮਨ ਗੁਰਗਿਆਨ ਦੁਆਰਾ ਪਰਮਾਤਮਾ (ਆਪਣੇ ਮੂਲ) ਦੇ ਨਿਯਮਾ ਅਨੁਸਾਰ ਚਲਦਾ ਹੈ ਤਾਂ ਦਵੈ ਤੋਂ ਇੱਕ ਰੂਪ ਹੋ ਜਾਂਦਾ ਹੈ (ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ)। ਇਸ ਲਈ ਅਗਿਆਨਤਾ ਵਿੱਚ ਇਹ “ਮਨ” ਹੈ, ਤੇ ਗੁਰਗਿਆਨ ਦੁਆਰਾ ਇਹੀ ਜੋਤ ਸਰੂਪ ਹੈ। ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥ (੪੪੧)। ਹੇ ਮਨ, ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਨੂਰ ਹੀ ਨੂਰ ਹੈ ਤੇ ਤੂੰ ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਉਹ ਪਰਮਾਤਮਾ ਤੇਰੇ ਸਦਾ ਅੰਗ ਸੰਗ ਵਸਦਾ ਹੈ ਇਸ ਲਈ ਗੁਰੂ ਦੀ ਮਤ ਲੈ ਕੇ ਉਸ ਦੇ ਮਿਲਾਪ ਦਾ ਅਨੰਦ ਲੈ। ਜੇ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ ਖਸਮ ਪ੍ਰਭੂ ਨਾਲ ਤੇਰੀ ਡੂੰਗੀ ਸਾਂਝ ਪੈ ਜਾਵੇਗੀ ਤੇ ਤੈਨੂੰ ਆਤਮਕ ਮੌਤ ਤੇ ਜੀਵਨ ਦੀ ਸੂਝ ਹੋ ਜਾਵੇਗੀ। ਗੁਰੂ ਦੀ ਕਿਰਪਾ ਨਾਲ ਜੇ ਤੇਰੀ ਆਪਣੇ ਮੂਲ (ਏਕੋ ਪ੍ਰਭੂ) ਨਾਲ ਸਾਂਝ ਪੈ ਗਈ ਤਾਂ ਕੋਈ ਹੋਰ ਮੋਹ ਪ੍ਰਬਲ ਨਹੀ ਹੋ ਸਕੇਗਾ। ਭਾਵ ਇਹੋ ਹੈ ਕਿ ਅੰਦਰੋਂ (ਹਉਮੈ ਦੇ) ਭਰਮ ਦਾ ਪੜਦਾ ਚੁਕਿਆ ਜਾਵੇਗਾ (ਕਿਉਂਕਿ ਏਹੀ ਦੂਜੇ ਭਾਉ ਦਾ ਕਾਰਨ ਹੈ) ਤੇ ਜਦੋਂ “ਆਪਾ ਪਰ ਕਾ ਮਿਟਿ ਗਿਆ” ਫਿਰ ਅਹਿਸਾਸ ਹੋਵੇਗਾ ਕਿ ਦੋ ਨਹੀ ਬਲਿਕੇ “ਜਤ ਦੇਖਉ ਤਤ ਤੂੰ” ਇਕੋ ਹੀ ਹੈ। ਆਪਣੇ ਨਿੱਜ ਘਰ ਦਾ ਰਾਹ ਹੀ ਪਰਮਾਤਮਾ ਦੇ ਦਰ ਦਾ ਰਾਹ ਹੈ। ਗੁਰਬਾਣੀ ਮਨੁੱਖੀ ਮਨ ਨੂੰ ਸੁਚੇਤ ਕਰਦੀ ਹੈ ਕਿ ਹੇ ਪ੍ਰਦੇਸੀ ਤੇ ਪਿਆਰੇ ਮਨ, ਤੂੰ ਆਪਣੇ ਘਰ ਮੁੜ ਆ:

ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥ ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥ (੪੫੧)। ਹੇ ਮਨ, ਜਿਨ੍ਹਾਂ ਆਤਮਕ ਪਦਾਰਥਾਂ ਲਈ ਤੂੰ ਸੰਸਾਰ ਵਿੱਚ ਪ੍ਰਦੇਸੀ ਹੋਇਆ ਫਿਰਦਾ ਹੈਂ ਉਹ ਆਤਮਕ ਪਦਾਰਥਾਂ ਦੇ ਖਜ਼ਾਨੇ ਦਾ ਭੰਡਾਰੀ (ਗੁਰੂ) ਤਾਂ ਤੇਰੇ (ਨਿੱਜ) ਘਰ ਵਿੱਚ ਹੀ ਬੈਠਾ ਹੈ। ਜਿਸ ਸੰਸਾਰ ਵਿੱਚ ਤੂੰ ਪ੍ਰਦੇਸੀ ਹੋ ਕੇ ਭਟਕਦਾ ਫਿਰਦਾ ਹੈਂ ਉਹ ਤੇਰਾ ਅਸਲੀ ਘਰ ਨਹੀ ਹੈ ਅਤੇ ਜੋ ਤੇਰਾ ਅਸਲੀ ਘਰ ਹੈ ਉਸ ਵਲ ਤੂੰ ਪਿੱਠ ਕੀਤੀ ਹੋਈ ਹੈ ਤੇ ਉਸਦੀ ਤੈਨੂੰ ਪਛਾਣ ਹੀ ਕੋਈ ਨਹੀ:

ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥ ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥ (੪੩)। ਹੇ ਪ੍ਰਾਣੀ, ਜਿਸ ਸੰਸਾਰੀ ਘਰ ਨੂੰ ਛੱਡ ਕੇ ਤੂੰ ਸਦਾ ਲਈ ਤੁਰ ਜਾਣਾ ਹੈ ਉਸ ਨਾਲ ਤੂੰ ਮੋਹ ਪਾ ਲਿਆ ਹੈ ਅਤੇ, ਜੋ ਤੇਰਾ ਅਸਲੀ ਘਰ ਹੈ, ਜਿਸ ਨਾਲ ਤੇਰਾ ਵਾਹ ਪੈਣਾ ਹੈ, ਉਸ ਦਾ ਤੈਨੂੰ ਕੋਈ ਫਿਕਰ ਹੀ ਨਹੀ। ਸਾਰੇ ਵਕਤੀ ਸੁੱਖਾਂ ਤੇ ਦੁਨਿਆਵੀ ਪਦਾਰਥਾਂ ਦੇ ਰਸਾਂ ਦੇ ਹੁੰਦਿਆਂ ਵੀ ਮਨੁੱਖ ਅਸ਼ਾਂਤ ਤੇ ਦੁਖੀ ਹੀ ਹੈ ਕਿਉਂਕਿ ਇਸ ਨੂੰ ਬਹੁਤ ਵੱਡਾ ਭੁਲੇਖਾ ਹੈ ਕਿ ਇਹ ਆਤਮਕ ਪਦਾਰਥ ਬਾਹਰ ਹਨ। ਇਸ ਲਈ ਉਹ ਇਹਨਾਂ ਨੂੰ ਬਾਹਰੋਂ ਪਾਉਣ ਲਈ ਅਨੇਕਾਂ ਕਰਮ ਧਰਮ ਕਰਦਾ ਹੈ ਜੋ ਬੰਧਨ ਬਣਕੇ ਦੁੱਖਾਂ ਦਾ ਕਾਰਨ ਬਣ ਜਾਂਦੇ ਹਨ। ਗੁਰੂ ਦੇ ਬਚਨਾਂ ਵਲ ਕਦੇ ਧਿਆਨ ਨਹੀ ਦਿੰਦਾ:

ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥ ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥ (੪੨੫)। ਹੇ ਭਾਈ, ਬਾਹਰੋਂ ਟੋਲਣ ਨਾਲ ਤੈਨੂੰ ਕੁਛ ਨਹੀ ਲੱਭਣਾ ਕਿਉਂਕਿ ਜਿਨ੍ਹਾਂ ਆਤਮਕ ਪਦਾਰਥਾਂ ਨੂੰ ਤੂੰ ਬਾਹਰ ਟੋਲ ਰਿਹਾ ਹੈਂ ਉਹ ਤਾਂ ਘਰੇ ਹੀ ਪਏ ਹਨ। ਅਗਿਆਨਤਾ ਕਾਰਨ ਭਰਮ ਭੁਲੇਖਿਆਂ ਵਿੱਚ ਪਿਆ ਇਹ ਜਗਤ ਆਪਣੀ ਇਜ਼ਤ ਗਵਾ ਬੈਠਦਾ ਹੈ। ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥ (੧੦੨)। ਸਾਰਾ ਆਤਮਕ ਸੁੱਖ ਮਨ ਦੇ ਟਿਕਾਉ ਵਿੱਚ ਹੀ ਹੈ, ਬਾਹਰ ਭਟਕਣ ਨਾਲ ਨਹੀ ਮਿਲਦਾ। ਜਿਹੜਾ ਮਨੁੱਖ ਸੁੱਖ (ਆਤਮਕ ਪਦਾਰਥ) ਦੀ ਭਾਲ ਬਾਹਰੋਂ ਕਰਦਾ ਹੈ ਉਹ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਅੰਤਰਿ ਵਸਤੁ ਮੂੜਾ ਬਾਹਰੁ ਭਾਲੇ ॥ ਮਨਮੁਖ ਅੰਧੇ ਫਿਰਹਿ ਬੇਤਾਲੇ ॥ (੧੧੭)। ਮੂਰਖ ਮਨੁੱਖ ਅੰਦਰ ਪਈ ਵਸਤ ਨੂੰ ਬਾਹਰ ਲੱਭੀ ਜਾਂਦਾ ਹੈ। ਆਪਣੀ ਮਨਮੱਤ (ਅਗਿਆਨਤਾ) ਕਾਰਨ ਅੰਨ੍ਹਾ ਹੋਇਆ ਸਹੀ ਜੀਵਨ ਜਾਚ (ਸੁਖੀ ਜੀਵਨ) ਤੋਂ ਖੁੰਝ ਜਾਂਦਾ ਹੈ। ਮਨੁੱਖ ਦੀ ਮਨਮੱਤ ਹੀ ਅਗਿਆਨਤਾ ਹੈ ਜੋ ਸਾਰੇ ਦੁੱਖਾਂ, ਅਸ਼ਾਂਤੀ ਤੇ ਭਟਕਣਾ ਦਾ ਕਾਰਨ ਬਣੀ ਹੋਈ ਹੈ ਤੇ ਅੰਦਰ ਪ੍ਰਭੂ ਨਾਲ ਸਾਂਝ ਨਹੀ ਪੈਣ ਦਿੰਦੀ। ਕੈਸੀ ਅਨੋਖੀ ਗਲ ਹੈ ਕਿ: ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥ ਇਕੋ ਵਸਤ ਨੂੰ ਭਰਮ ਦੇ ਪੜਦੇ ਨੇ ਦੋ ਵਿੱਚ ਵੰਡਿਆ ਹੋਇਆ ਹੈ। ਮਨੁੱਖ ਵਿਚਾਰਾ ਵੀ ਕੀ ਕਰੇ, ਉਸ ਅਤਿ ਸੁੰਦਰ ਤੇ ਮਨ-ਮੋਹਨ ਕਾਦਰ ਨੇ ਸੰਸਾਰੀ ਰਚਨਾ (ਮਾਇਆ) ਵੀ ਅੇਸੀ ਮਨ ਮੋਹਣੀ ਬਣਾਈ ਹੈ ਕਿ ਮਨੁੱਖ ਤਾਂ ਕੀ, ਦੇਵੀ ਦੇਵਤੇ ਵੀ ਇਸ ਵਿੱਚ ਉਲਝ ਕੇ ਰਹਿ ਗਏ। ਪਾਇ ਠਗਉਲੀ ਸਭੁ ਜਗੁ ਜੋਹਿਆ ॥ ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥ (੩੯੪)। ਬੁੱਢਾ, ਕਮਜ਼ੋਰ ਤੇ ਮੌਤ ਕਿਨਾਰੇ ਖੜਾ ਮਨੁੱਖ ਅਜੇ ਵੀ ਹੋਰ ਜਿਉਣ ਦੀ ਆਸ ਨਹੀ ਛੱਡਦਾ। ਸੰਸਾਰ ਵਲ ਮੂੰਹ ਕਰਨ ਨਾਲ ਆਪਣੇ ਘਰ ਵਲ ਪਿੱਠ ਹੋ ਜਾਂਦੀ ਹੈ, ਹੁਣ ਜਦ ਤੱਕ ਸੰਸਾਰ ਵਲ ਪਿੱਠ ਨਹੀ ਹੁੰਦੀ (ਸੰਸਾਰੀ ਪਕੜਾਂ ਨਹੀ ਛੁਟਦੀਆਂ) ਤਦ ਤੱਕ ਆਪਣੇ ਘਰ ਵਲ ਮੂੰਹ ਨਹੀ ਹੋਣਾ ਤੇ ਇਹੀ ਮਨੁੱਖ ਦੀ ਵਡ੍ਹੀ ਕਠਨਾਈ ਹੈ। ਇਸ ਸੁੰਦਰ ਤੇ ਮਨ ਮੋਹਣੇ ਸੰਸਾਰ ਵਲ ਪਿੱਠ ਕਰਨੀ ਕੋਈ “ਖਾਲਾ ਜੀ ਦਾ ਵਾੜਾ ਨਹੀ”। ਕੋਈ ਵਿਰਲਾ ਸੂਰਮਾ ਹੀ ਇਸ ਰੰਗ ਬਰੰਗੇ ਮਿੱਠੇ ਸੰਸਾਰ ਨੂੰ ਪਿੱਠ ਦੇ ਸਕਦਾ ਹੈ। ਆਮ ਕਹਾਵਤ ਕਿ “ਇਹ ਜਗ ਮਿੱਠਾ ਤੇ ਅਗਲਾ ਕਿਨ ਡਿੱਠਾ” ਬਿਲਕੁਲ ਸੱਚ ਜਾਪਦੀ ਹੈ ਕਿਉਂਕਿ ਜਦੋਂ “ਇਹ ਜਗ” ਹੀ ਇਤਨਾ ਮਿੱਠਾ ਹੈ, ਕੇ ਛੱਡਣ ਨੂੰ ਚਿੱਤ ਨਹੀ ਕਰਦਾ, ਤਾਂ ਕੌਣ ਅਗਲੇ ਅਣਡਿੱਠੇ ਜਗ ਲਈ ਖਵਾਹਿਸ਼ ਕਰੇਗਾ? ਗੁਰਬਾਣੀ ਸੂਚਤ ਕਰਦੀ ਹੈ ਕਿ:

ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ ॥ ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥ (੭੭੭)। ਝੱਲੇ ਹੋ ਰਹੇ ਹੇ ਮਨੁੱਖ, ਤੂੰ (ਮਾਇਆ ਰੂਪੀ ਜਗਤ ਨੂੰ ਵੇਖ ਕੇ) ਕਿਉਂ ਜੀਵਨ ਦੀ ਸਹੀ ਜਾਚ ਤੋਂ ਖੁੰਝ ਗਿਆ ਹੈਂ? ਹੇ ਬਾਵਰੇ ਸੁਣ, ਇਹ ਬਾਹਰ ਦੀ ਚਮਕ ਦਮਕ ਕਸੁੰਭੇ ਦੇ ਰੰਗ ਵਰਗੀ ਹੈ ਜਿਸ ਨਾਲ ਤੂੰ ਮੋਹ ਪਾਇਆ ਹੋਇਆ ਹੈ ਤੇ ਇਹ ਸਦਾ ਨਿਭਣ ਵਾਲੀ ਨਹੀ ਬਲਿਕੇ ਵਕਤੀ ਹੀ ਹੈ। ਪਰ ਗੁਰੂ ਵੀ ਵਿਚਾਰਾ ਕੀ ਕਰੇ ਜਦੋਂ ਸਿੱਖ ਨੇ ਹੀ ਉਸ ਵਲ ਪਿੱਠ ਕੀਤੀ ਹੋਈ ਹੈ। ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥ {ਪੰਨਾ 1372}

ਮੌਜੁਦਾ ਸਮੇ ਦੇ ਅਨੇਕ ਅਖੌਤੀ ਸਾਧ, ਸੰਤ, ਪੀਰ, ਬਾਬੇ ਤੇ ਹੋਰ ਧਾਰਮਕ ਆਗੂ ਜੋ (ਆਤਮਕ ਪੱਖੋਂ) ਆਪ “ਘਰੋਂ ਬੇ-ਘਰ” ਹਨ ਤੇ ਦੂਜਿਆਂ ਨੂੰ ਵੀ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਰਾਹੀਂ ਕੁਰਾਹੇ ਪਾ ਕੇ “ਘਰੋਂ ਬੇ-ਘਰ” ਕਰ ਰਹੇ ਹਨ। ਕੋਈ ਵਿਰਲਾ ਹੀ ਗੁਰੂ ਦੀ ਸਿਖਿਆ (ਨਕਸ਼ੇ) ਤੇ ਚੱਲ ਕੇ, ਆਪਣੇ ਨਿਜ ਘਰ ਪਹੁੰਚ ਕੇ ਗੁਰੂ ਨਾਲ ਸਾਂਝ ਪਾਉਣ ਵਿੱਚ ਸਫਲ ਹੁੰਦਾ ਹੈ। ਗੁਰ ਫੁਰਮਾਨ ਹੈ:

ਗੁਰਮਤੀ ਆਪੈ ਆਪੁ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ ॥ (੫੬੪)। ਜਦੋਂ ਮਨੁੱਖ ਗੁਰੂ ਦੀ ਮਤ ਉਤੇ ਤੁਰ ਕੇ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੈ ਤਦੋਂ ਉਸ ਦਾ ਆਪਣੇ ਅਸਲੀ ਘਰ ਵਿੱਚ ਪਹੁੰਚ ਕੇ ਹਰੀ ਨਾਲ ਮਿਲਾਪ ਹੋ ਜਾਂਦਾ ਹੈ ਪਰ ਮਨੁੱਖ ਦੀ ਕਠਨਾਈ ਇਹ ਹੈ ਕਿ ਇਹ ਦੂਸਰਿਆਂ ਦੀ ਪੜਤਾਲ ਕਰਕੇ ਉਹਨਾਂ ਨੂੰ ਸਵਾਰਨ ਵਿੱਚ ਹੀ ਰੁੱਝਾ ਰਹਿੰਦਾ ਹੈ ਤੇ ਆਪਣੇ ਆਪ ਦੀ ਪੜਚੋਲ ਦਾ ਇਸ ਨੂੰ ਕਦੇ, ਸਮਾ ਤਾਂ ਕੀ, ਖਿਆਲ ਵੀ ਨਹੀ ਆਉਂਦਾ। ਇਹੀ ਕਾਰਨ ਹੈ ਕਿ ਮਨੁੱਖ ਦੇ ਸਾਰੇ ਕਰਮ ਧਰਮ ਦੂਜਿਆਂ ਵਾਸਤੇ ਹੀ ਹਨ ਪਰ ਗੁਰਬਾਣੀ ਸੂਚਤ ਕਰਦੀ ਹੈ:

ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥ ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ)। (੫੫੦। ਮੂਰਖ ਮਨੁੱਖ ਆਪਣੇ ਆਪ ਦੀ ਪਛਾਣ ਕਦੇ ਨਹੀ ਕਰਦਾ ਪਰ ਹੋਰਨਾਂ ਨੂੰ ਦੁਖੀ ਕਰਦਾ ਰਹਿੰਦਾ ਹੈ। ਅੰਨ੍ਹੇ ਦੀ ਮੁਢ ਤੋਂ ਹੀ (ਦੂਜਿਆਂ ਨੂੰ ਦੁਖਾਉਣ ਦੀ) ਵਾਦੀ ਦੂਰ ਨਹੀ ਹੋਈ ਤੇ ਆਪ (ਹਰੀ ਤੋਂ ਵਿਛੜ ਕੇ) ਦੁਖੀ ਹੋਇਆ ਰਹਿੰਦਾ ਹੈ। ਗੁਰਬਾਣੀ ਗਿਆਨ ਦਾ ਸੋਮਾ ਤੇ ਨਿੱਜ ਘਰ ਦੇ ਰਾਹ ਦਾ ਨਕਸ਼ਾ ਹੈ ਜਿਸ ਤੋਂ ਬਿਨਾ ਮਨੁੱਖ ਭਟਕਣਾ ਵਿੱਚ ਪਿਆ ਰਹਿੰਦਾ ਹੈ। ਵਿਦੇਸ਼ਾਂ ਵਿੱਚ ਜਦੋਂ ਕੋਈ ਕਿਸੇ ਓਪਰੀ ਜਗ੍ਹਾ ਜਾਂਦਾ ਹੈ ਤਾਂ ਉਹ ਉਥੇ ਦਾ ਨਕਸ਼ਾਂ ਕੋਲ ਰੱਖਦਾ ਹੈ ਤਾਂ ਕੇ ਮੰਜ਼ਿਲ ਤੇ ਪਹੁੰਚਣ ਵਿੱਚ ਕੋਈ ਔਖਿਆਈ ਨਾਂ ਹੋਵੇ ਇਸੇ ਤਰਾਂ ਗੁਰਬਾਣੀ ਵੀ ਹਰ ਮਨੁੱਖ ਦੇ ਨਿੱਜ ਘਰ ਦੇ ਰਾਹ ਦਾ ਨਕਸ਼ਾ ਹੈ ਜੋ ਭੁੱਲੇ ਤੇ ਭਟਕਦੇ ਮਨੁੱਖ ਨੂੰ ਆਪੇ ਦੀ ਪੜਚੋਲ ਕਰਾਕੇ ਮੰਜ਼ਿਲ ਤੇ ਪਹੁੰਚਾਣ ਵਿੱਚ ਬਹੁਤ ਸਹਾਇਕ ਹੁੰਦਾ ਹੈ। ਹੇ ਮਨੁੱਖ, ਅਗਰ ਆਪਣੇ ਨਿੱਜ ਘਰ ਨੂੰ ਭੁੱਲ ਕੇ ਪ੍ਰਦੇਸ (ਸੰਸਾਰੀ ਪਦਾਰਥਾਂ ਦੇ ਮੋਹ) ਵਿੱਚ ਭਟਕ ਜਾਵੇਂ ਤਾਂ ਗੁਰਬਾਣੀ (ਦੇ ਨਕਸ਼ੇ) ਰਾਹੀਂ ਆਪਣੇ ਹੀ ਮਨ ਦੀ ਪੜਚੋਲ ਕਰਕੇ ਸਹੀ ਰਾਹ ਨੂੰ ਲੱਭਿਆ ਜਾ ਸਕਦਾ ਹੈ। ਨਕਸ਼ਾ (ਗੁਰਬਾਣੀ) ਸੇਧ ਦਿੰਦਾ ਹੈ ਕਿ ਵਿਕਾਰਾਂ ਰਾਹੀਂ ਭੁੱਲ ਕਿੱਥੇ ਹੋ ਗਈ ਤੇ ਗੁਰਮਤਿ ਦੁਆਰਾ ਸੱਚੇ ਮਾਰਗ ਕਿਵੇਂ ਪਿਆ ਜਾ ਸਕਦਾ ਹੈ। (ਗੁਰਬਾਣੀ) ਨਕਸ਼ੇ ਦੀ ਵਡਿਆਈ ਇਹ ਹੈ ਕਿ ਇਹ ਪੁਰਾਣਾ ਵੀ ਨਹੀ ਹੁੰਦਾ ਤੇ ਲਾਗੂ ਵੀ ਸਭ ਤੇ ਹੋ ਜਾਂਦਾ ਹੈ। ਦੁੱਖਾਂ ਵਿੱਚ ਘਿਰਿਆ ਮਨੁੱਖ ਸੁੱਖ ਲਈ ਬਾਹਰੋਂ ਯਤਨ ਕਰਕੇ ਜਦੋਂ ਬੇਬੱਸ ਹੋ ਜਾਂਦਾ ਹੈ ਤਾਂ ਉਹ ਫਿਰ ਸੁੱਖ ਨੂੰ ਧਰਮ ਵਿਚੋਂ ਲੱਭਣ ਦਾ ਯਤਨ ਕਰਦਾ ਹੈ ਪਰ ਧਰਮ ਦੇ ਨਾਂ ਤੇ ਵਿਛਾਏ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੇ ਜਾਲ ਵਿੱਚ ਫਸ ਕੇ ਹੋਰ ਦੁਖੀ ਹੋ ਜਾਂਦਾ ਹੈ। ਅਨੇਕ ਦਰਬਾਰਾਂ, ਟਕਸਾਲਾਂ, ਡੇਰਿਆਂ ਤੇ ਠਾਠਾਂ ਦੇ ਚੱਕਰ ਕੱਢਣ ਤੇ ਚੌਂਕੀਆਂ ਭਰਨ ਪਿਛੋਂ ਜਦੋਂ ਚੰਗੇ ਭਾਗਾਂ ਨਾਲ ਗੁਰਬਾਣੀ (ਨਕਸ਼ੇ) ਦੀ ਸ਼ਰਨ ਪ੍ਰਾਪਤ ਹੁੰਦੀ ਹੈ ਤਾਂ ਗਹੁ ਨਾਲ ਵੇਖਿਆਂ ਪਤਾ ਚਲਦਾ ਹੈ ਕਿ:

ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥ ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥ (੧੫)। ਨਕਸ਼ਾ ਸੂਚਤ ਕਰ ਰਿਹਾ ਹੈ ਕਿ ਬਾਹਰਲੇ ਪਦਾਰਥਾਂ ਦੇ ਰਸਾਂ ਦਾ ਮੋਹ ਨਿਜ ਘਰ ਦਾ ਨਿਵਾਸ ਨਹੀ ਹੋਣ ਦੇਵੇਗਾ ਇਸ ਲਈ ਇਹ ਮਾਰਗ ਉਲਟਾ ਹੈ ਤੇ ਛੱਡਣਾ ਪਵੇਗਾ:

ਛੋਡਿ ਛੋਡਿ ਰੇ ਬਿਖਿਆ ਕੇ ਰਸੂਆ ॥ ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ !! ਰਹਾਉ ॥ (੨੦੬)। ਹੇ ਭਾਈ, ਦੁਨਿਆਵੀ ਪਦਾਰਥਾਂ ਦੇ ਰਸਾਂ ਦਾ ਮੋਹ ਛੱਡ ਦੇ, ਛੱਡ ਦੇ। ਹੇ ਕਮਲੇ ਗੰਵਾਰ, ਤੂੰ (ਇਹਨਾ ਰਸਾਂ ਵਿੱਚ ਇਉਂ) ਮਸਤ ਪਿਆ ਹੈਂ ਜਿਵੇਂ ਕੋਈ ਪਸੂ ਹਰੇ ਖੇਤ ਨੂੰ ਖਾਣ ਵਿੱਚ ਮਸਤ ਹੁੰਦਾ ਹੈ। ਇਸ ਰਾਹ ਨੂੰ ਛੱਡਣਾ ਹੈ ਕਿਉਂਕਿ ਇਹ ਉਲਟਾ ਹੈ:

ਰਾਰਾ ਰਸੁ ਨਿਰਸ ਕਰਿ ਜਾਨਿਆ ॥ ਹੋਇ ਨਿਰਸ ਸੁ ਰਸੁ ਪਹਿਚਾਨਿਆ ॥ ਇਹ ਰਸ ਛਾਡੇ ਉਹ ਰਸੁ ਆਵਾ ॥ ਉਹ ਰਸੁ ਪੀਆ ਇਹ ਰਸੁ ਨਹੀ ਭਾਵਾ ॥ {ਪੰਨਾ 342}। ਨਕਸ਼ਾ ਕਹਿ ਰਿਹਾ ਹੈ ਕਿ ਦੁਨਿਆਵੀ ਪਦਾਰਥਾਂ ਦਾ ਮੋਹ ਹੀ ਉਲਟਾ ਰਸਤਾ ਹੈ ਤੇ ਇਸ ਤੋਂ ਆਪਣੀ ਦਿਸ਼ਾਂ ਉਲਟੀ ਕਰਨ ਨਾਲ ਸਹੀ ਰਾਹ ਦੀ ਪਛਾਣ ਹੋਵੇਗੀ। ਮੌਜੂਦਾ ਰਾਹ ਨੂੰ ਛੱਡੇਂਗਾ ਤਾਂ ਸਹੀ ਰਸਤੇ ਪੈ ਜਾਵੇਂਗਾ ਤੇ ਫਿਰ ਇਸ ਰਸਤੇ ਚਲਦਿਆਂ ਕੁਰਸਤੇ ਨਹੀ ਪਵੇਂਗਾ। ਗੁਰਬਾਣੀ (ਨਕਸ਼ੇ) ਦੀ ਵਰਤੋਂ ਕਰਕੇ ਮਨੁੱਖ ਨੂੰ ਸਹੀ ਰਾਹ ਲੱਭਣ ਵਿੱਚ ਸਹਾਇਤਾ ਮਿਲ ਜਾਂਦੀ ਹੈ। ਹੁਣ ਚੱਲਣ ਵਾਲੇ ਤੇ ਨਿਰਭਰ ਹੈ, ਜਿਨੀ ਜਲਦੀ ਤੁਰੇਗਾ, ਉਨੀ ਜਲਦੀ ਮੰਜ਼ਿਲ ਨੂੰ ਪ੍ਰਾਪਤ ਕਰ ਲਵੇਗਾ। ਸਿੱਖ ਜਗਤ ਦੀ ਇਹ ਖੁਸ਼ ਕਿਸਮਤੀ ਹੈ ਕਿ ਅੱਜ ਗੁਰਬਾਣੀ (ਖਜ਼ਾਨਾ) ਅਰਥਾਂ ਸਮੇਤ ਧਰਮ ਦੇ ਠੇਕੇਦਾਰਾਂ ਦੀ ਕੈਦ ਵਿਚੋਂ ਨਿਕਲ ਕੇ ਇੰਟਰਨੈਟ ਤੇ ਉਪਲਬਦ ਹੈ ਤੇ ਹਰ ਕੋਈ ਇਸ ਨੂੰ ਪੜ੍ਹ, ਸੁਣ ਤੇ ਬੁੱਝ ਕੇ ਭਰਮ ਭੁਲੇਖਿਆਂ ਤੋਂ ਮੁਕਤੀ ਪਾ ਸਕਦਾ ਹੈ। ਆਪਣੀ ਵੱਖਰੀ ਹੋਂਦ ਦੇ ਭਰਮ ਨੇ ਹੀ ਮਨੁੱਖ ਨੂੰ ਕੁਰੱਸਤੇ ਪਾਇਆ ਹੈ ਤੇ ਜਦੋਂ ਤਕ ਆਪਾ ਪੜਤਾਲ ਕੇ ਇਹ ਭਰਮ ਦੂਰ ਨਹੀ ਹੁੰਦਾ ਤਦ ਤੱਕ ਅਸਲੀ ਰਾਹ ਦੀ ਪਛਾਣ ਨਹੀ ਹੋ ਸਕਦੀ। ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ ॥ (੧੦੩)। (ਗੁਰੂ ਦੀ ਸ਼ਰਨ ਪੈ ਕੇ) ਜਿਸ ਮਨੁੱਖ ਦਾ ਆਪਣੀ ਵੱਖਰੀ ਹੋਂਦ ਦਾ ਭੋਲਾਵਾ (ਹਉਮੈ) ਦੂਰ ਹੋ ਜਾਂਦਾ ਹੈ ਉਸ ਦੇ ਮਨ ਵਿੱਚ ਗੁਰੂ ਪ੍ਰਭੂ ਦਾ ਪ੍ਰਕਾਸ਼ ਕਰ ਦਿੰਦਾ ਹੈ। ਜਬ ਇਸ ਤੇ ਸਭ ਬਿਨਸੇ ਭਰਮਾ ॥ ਭੇਦੁ ਨਾਹੀ ਹੈ ਪਾਰਬ੍ਰਹਮਾ ॥ {ਪੰਨਾ 235}। ਜਦੋਂ ਇਸ ਦੇ ਅੰਦਰੋਂ ਆਪਣੀ ਵੱਖਰੀ ਹੋਂਦ ਦਾ ਭਰਮ ਦੂਰ ਹੋ ਜਾਂਦਾ ਹੈ (ਹਉਮੈ ਦਾ ਪੜਦਾ ਚੁਕਿਆ ਜਾਂਦਾ ਹੈ) ਤਾਂ ਇਸ ਵਿੱਚ ਤੇ ਪਰਮਾਤਮਾ ਵਿੱਚ ਵਿੱਥ ਨਹੀ ਰਹਿ ਜਾਂਦੀ। ਆਪਣੇ ਹੀ ਘਰ ਵਿੱਚ ਪਈ ਵਸਤ ਨੂੰ ਜਾਨਣ ਲਈ ਕਿਸੇ ਦਰਬਾਰ, ਡੇਰੇ, ਟਕਸਾਲ ਜਾਂ ਠਾਠ ਦੇ ਅਖੌਤੀ ਠੇਕੇਦਾਰਾਂ ਤੇ ਨਿਰਭਰ ਹੋਣਾ ਭਰਮਾਂ ਵਿੱਚ ਭਟਕਣਾ ਹੈ ਇਸ ਲਈ ਹਰ ਗੁਰਸਿੱਖ ਨੂੰ ਆਪ ਹੀ ਗੁਰਬਾਣੀ ਪੜ੍ਹਨ, ਬੁੱਝਣ ਤੇ ਮਨ ਵਸਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕੇ ਗੁਰਗਿਆਨ ਦੁਆਰਾ ਨਿੱਜ ਘਰ ਦੇ ਰਾਹ ਦੀ ਪਛਾਣ ਕਰਕੇ ਭਰਮ ਭੁਲੇਖਿਆਂ ਤੋਂ ਮੁਕਤੀ ਪਾਈ ਜਾ ਸਕੇ। ਨਾ ਥਾ ਕੁੱਛ ਤੋ ਖੁਦਾ ਥਾ, ਕੁੱਛ ਨਾ ਹੋਤਾ ਤੋ ਖੁਦਾ ਹੋਤਾ। ਡਬੋਆ ਮੁੱਝ ਕੋ ਹੋਨੇ ਨੇ, ਨਾ ਹੋਤਾ ਮੈ ਤੋ ਕਿਆ ਹੋਤਾ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.