.

ਸ਼ਹੀਦੀ ਦਿਹਾੜਾ 25 ਮਈ ਨੂੰ ਨਹੀਂ 16 ਜੂਨ ਨੂੰ ਹੈ!
ਸਰਵਜੀਤ ਸਿੰਘ ਸੈਕਰਾਮੈਂਟੋ

ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਕਿਸਤਾਨੀ ਸਫਾਰਤਖ਼ਾਨੇ ਵੱਲੋਂ, ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਕਿ 25 ਮਈ ਨੂੰ ਪਾਕਿਸਤਾਨ ਵਿਖੇ ਕੋਈ ਗੁਰਪੁਰਬ ਨਹੀਂ ਮਨਾਇਆ ਜਾ ਰਿਹਾ। ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 320 ਸਿੱਖ ਸ਼ਰਧਾਲੂਆਂ ਦੇ ਪਾਸਪੋਰਟ ਪਾਕਿਸਤਾਨ ਸਫਾਰਤਖ਼ਾਨੇ ਨੂੰ ਭੇਜੇ ਗਏ ਸਨ ਤਾਂ ਸੰਗਤਾਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਮਾਗਮਾਂ `ਚ ਹਾਜ਼ਰੀ ਭਰ ਸਕਣ। ਸ਼੍ਰੋਮਣੀ ਕਮੇਟੀ ਵੱਲੋਂ ਸੋਧੇ ਗਏ ਕੈਲੰਡਰ ਮੁਤਾਬਕ ਇਸ ਸਾਲ ਇਹ ਦਿਹਾੜਾ 25 ਮਈ ਨੂੰ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਨੂੰ ਜਥਾ ਭੇਜਣ ਲਈ 17 ਤੋਂ 26 ਮਈ ਤੱਕ ਦੇ ਵੀਜੇ ਲਈ ਬੇਨਤੀ ਕੀਤੀ ਸੀ। ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇਣ ਕਾਰਨ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ 2 ਹਾੜ/16 ਜੂਨ ਨੂੰ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ 16 ਜੂਨ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਣ ਲਈ ਸੱਦਾ ਦਿੱਤਾ ਗਿਆ ਹੈ।
ਪਾਕਿਸਤਾਨੀ ਸਫਾਰਤਖ਼ਾਨੇ ਵੱਲੋਂ ਪਿਛਲੇ ਸਾਲ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀਜੇ ਲਈ ਭੇਜੇ ਗਏ ਬੇਨਤੀ ਪੱਤਰ ਇਹ ਕਹਿ ਕੇ ਰੱਦ ਕਰ ਦਿੱਤੇ ਸਨ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 5 ਜੂਨ ਨੂੰ ਨਹੀਂ ਸਗੋਂ 16 ਜੂਨ ਨੂੰ ਹੈ। ਜਦੋਂ ਕਿ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬੇਨਤੀ ਪੱਤਰ ਪ੍ਰਵਾਨ ਕਰ ਲਏ ਸਨ ਕਿਉਂਕਿ ਉਹ ਨਾਨਕਸ਼ਾਹੀ ਕੈਲੰਡਰ ਮੁਤਾਬਕ 2 ਹਾੜ/16 ਜੂਨ ਨੂੰ ਜਥੇ ਭੇਜਣੇ ਸਨ। ਯਾਦ ਰਹੇ, ਇਹ ਸੋਧਿਆ ਹੋਇਆ ਕੈਲੰਡਰ 14 ਮਾਰਚ 2010 `ਚ ਲਾਗੂ ਕੀਤਾ ਗਿਆ ਸੀ। ਉਸ ਸਾਲ ਸ਼੍ਰੋਮਣੀ ਕਮੇਟੀ ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਜਥੇ ਭੇਜਣ ਦੀ ਕੋਈ ਸਮੱਸਿਆ ਨਹੀ ਸੀ ਆਈ ਕਿਉਂਕਿ ਉਸ ਸਾਲ ਜੇਠ ਸੁਦੀ ਚਾਰ ਅਤੇ ਦੋ ਹਾੜ, ਦੋਵੇਂ ਤਾਰੀਖਾਂ ਇਕੋ ਦਿਨ 16 ਜੂਨ ਨੂੰ ਹੀ ਆਈਆਂ ਸਨ। 2010 `ਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਦਿਹਾੜਾ 16 ਜੂਨ ਨੂੰ ਹੀ ਮਨਾਇਆ ਗਿਆ ਸੀ।
ਇਤਿਹਾਸਿਕ ਵਸੀਲਿਆਂ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 2 ਹਾੜ, ਜੇਠ ਸੁਦੀ 4 ਬਿਕ੍ਰਮੀ ਸੰਮਤ 1663 ਮੁਤਾਬਕ 30 ਮਈ 1606 (ਯੂਲੀਅਨ) ਦਿਨ ਸ਼ੁੱਕਰਵਾਰ ਨੂੰ ਹੋਈ ਸੀ। ਇਸ ਤਾਰੀਖ ਤੇ ਕੋਈ ਵੀ ਮੱਤ ਭੇਦ ਨਹੀਂ ਹਨ। ਸਵਾਲ ਪੈਦਾ ਹੁੰਦਾ ਹੈ ਕਿ ਜੇ ਤਾਰੀਖ ਸਬੰਧੀ ਕੋਈ ਇਤਰਾਜ਼ ਨਹੀਂ ਤਾਂ ਅੱਜ ਸ਼ਹੀਦੀ ਦਿਹਾੜਾ ਮਨਾਉਣ ਤੇ ਮੱਤ ਭੇਦ ਕਿਉਂ? ਗੁਰੂ ਕਾਲ ਵੇਲੇ ਹਿੰਦੋਸਤਾਨ `ਚ ਦੋ ਕੈਲੰਡਰ ਪ੍ਰਚੱਲਤ ਸਨ। ਸੂਰਜੀ ਬਿਕ੍ਰਮੀ ਅਤੇ ਚੰਦਰ-ਸੂਰਜੀ ਬਿਕ੍ਰਮੀ। 2 ਹਾੜ, ਸੂਰਜੀ ਬਿਕ੍ਰਮੀ ਕੈਲੰਡਰ ਦੀ ਤਾਰੀਖ ਹੈ ਅਤੇ ਜੇਠ ਸੁਦੀ 4 ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ। ਕਿਉਂਕਿ ਚੰਦ ਦੇ ਵੱਧਣ-ਘਟਣ ਦਾ ਹਿਸਾਬ ਰੱਖਣਾ ਸੌਖਾ ਸੀ ਇਸ ਲਈ ਪੁਰਾਨਤ ਸਮਿਆਂ `ਚ ਜਿਆਦਾ ਕਾਰ ਵਿਹਾਰ ਪੁਨਿਆਂ–ਮੱਸਿਆ ਮੁਤਾਬਕ ਹੀ ਕੀਤੇ ਜਾਂਦੇ ਸਨ।
ਕੋਈ ਸਮਾਂ ਅਜੇਹਾ ਵੀ ਸੀ ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਚਪਟੀ ਸੀ ਅਤੇ ਖੜੀ ਸੀ। ਸੂਰਜ ਧਰਤੀ ਦੇ ਦੁਵਾਲੇ ਘੁੰਮਦਾ ਸੀ। ਜਿਓ-ਜਿਓ ਇਨਸਾਨ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਗਿਆ ਤਾਂ ਪਹਿਲੀਆਂ ਮਿਥਾਂ ਵਿੱਚ ਸੋਧਾਂ ਵੀ ਹੁੰਦਿਆਂ ਗਈਆਂ। ਅੱਜ ਅਸੀਂ ਜਾਣਦੇ ਹਾਂ ਕਿ ਧਰਤੀ ਗੋਲ ਹੈ ਅਤੇ ਆਪਣੇ ਧੁਰੇ ਦੇ ਦੁਵਾਲੇ ਘੁੰਮਦੀ ਹੈ। ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ ਅਤੇ ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ। ਹੁਣ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਤਾਂ ਅੱਜ ਛੋਟੀ ਤੋਂ ਛੋਟੀ ਗਲਤੀ ਵੀ ਸੋਧ ਦੀ ਮੰਗ ਕਰਦੀ ਹੈ। ਇਸ ਦਾ ਭਾਵ ਇਹ ਨਹੀਂ ਹੈ ਕਿ ਜੋ ਪਿਛੇ ਪ੍ਰਚੱਲਤ ਸੀ ਉਹ ਗਲਤ ਸੀ। ਕੋਈ ਸਮਾਂ ਸੀ ਜਦੋਂ ਚੰਦ ਦਾ ਕੈਲੰਡਰ ਹੀ ਪ੍ਰਧਾਨ ਸੀ ਪਰ ਅੱਜ ਸੂਰਜੀ ਕੈਲੰਡਰ ਇਸ ਨਾਲੋਂ ਜਿਆਦਾ ਢੁੱਕਵੇਂ ਹਨ।
ਚੰਦ ਦੇ ਸਾਲ ਦੀ ਲੰਬਾਈ 354 ਦਿਨ ਹੁੰਦੀ ਹੈ ਜਦੋਂ ਕਿ ਸੂਰਜੀ ਸਾਲ ਦੀ ਲੰਬਾਈ 365 ਦਿਨ ਹੈ। ਚੰਦਾ ਦਾ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜਾ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੇ ਮੁਤਾਬਕ ਜੇਠ ਸੁਦੀ 4 ਨੂੰ ਮਨਾਉਂਦੇ ਤਾਂ ਇਹ ਦਿਹਾੜਾ ਇਸ ਸਾਲ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾ ਆਉਣਾ ਹੈ। ਜਿਵੇ 2010 `ਚ ਇਹ ਦਿਹਾੜਾ 16 ਜੂਨ ਸੀ, 2011 `ਚ ਦਿਹ ਦਿਹਾੜਾ 5 ਜੂਨ ਨੂੰ ਸੀ, 2012 `ਚ ਇਹ ਦਿਹਾੜਾ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾ ਭਾਵ 25 ਮਈ ਨੂੰ ਹੈ। ਇਸ ਮੁਤਾਬਕ ਤਾਂ ਇਹ ਦਿਹਾੜਾ 2013 `ਚ 14 ਮਈ ਨੂੰ ਆਉਣਾ ਚਾਹੀਦਾ ਹੈ ਪਰ ਨਹੀ! 2013 `ਚ ਤਾਂ ਇਹ ਦਿਹਾੜਾ 12 ਜੂਨ ਨੂੰ ਆਵੇਗਾ। ( ਜੂਨ 12 ਅਤੇ 13 ਨੂੰ ਦੋਵੇਂ ਦਿਨ ਹੀ ਜੇਠ ਸੁਦੀ ਚਾਰ ਹੈ) ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਦਿਹਾੜਾ 25 ਮਈ ਤੋਂ 11 ਦਿਨ ਪਹਿਲਾ ਭਾਵ 14 ਮਈ ਨੂੰ ਆਉਣਾ ਸੀ ਉਹ ਹੁਣ 25 ਮਈ ਤੋਂ 18 ਦਿਨ ਪਿਛੇ ਭਾਵ 12 ਜੂਨ ਕਿਵੇਂ ਹੋ ਗਿਆ?
ਇਸ ਦਾ ਕਾਰਨ ਇਹ ਹੈ ਕਿ ਜਦੋਂ ਚੰਦਾ ਦਾ ਸਾਲ, ਸੂਰਜੀ ਸਾਲ ਨਾਲੋਂ ਇਕ ਸਾਲ `ਚ 11 ਦਿਨ ਅਤੇ ਦੋ ਸਾਲਾ `ਚ 22 ਦਿਨ ਸੂਰਜੀ ਸਾਲ ਤੋਂ ਪਿਛੇ ਰਹਿ ਗਿਆ ਤਾਂ ਇਸ ਨੂੰ ਖਿਛ-ਧੂਹ ਕੇ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ `ਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾ। 2012 `ਚ ਚੰਦ ਦੇ ਸਾਲ ਦੇ ਮਹੀਨੇ 13 ਅਤੇ ਸਾਲ ਦੇ ਦਿਨ 384 ਹੋਣਗੇ। ਇਸ ਸਾਲ ਭਾਦੋਂ ਦੇ ਦੋ ਮਹੀਨੇ ਹੋਣਗੇ। ਇਸ ਵਾਧੂ ਮਹੀਨੇ , ਜਿਸ ਨੂੰ ਮਲ ਮਾਸ ਕਿਹਾ ਜਾਂਦਾ ਹੇ `ਚ ਕੋਈ ਦਿਹਾੜਾ ਨਹੀ ਮਨਾਇਆ ਜਾਂਦਾ। ਹੁਣ ਭਾਦੋਂ ਦੇ ਮਹੀਨੇ ਤੋਂ ਪਿਛੋਂ ਆਉਣ ਵਾਲੇ ਸਾਰੇ ਦਿਹਾੜੇ 18/19 ਦਿਨ ਪੱਛੜ ਕੇ ਆਉਣਗੇ। ਇਹ ਹੀ ਕਾਰਨ ਹੈ ਕਿ 2013 `ਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 12 ਜੂਨ ਨੂੰ ਆਵੇਗਾ। ਹੁਣ 2014 `ਚ ਇਹ ਦਿਹਾੜਾ 2013 ਨਾਲੋਂ 11 ਦਿਨ ਪਹਿਲਾ ਭਾਵ 1 ਜੂਨ (ਜੂਨ 1 ਅਤੇ 2 ਨੂੰ ਦੋਵੇਂ ਦਿਨ ਹੀ ਜੇਠ ਸੁਦੀ ਚਾਰ ਹੈ) ਅਤੇ 2015 `ਚ 22 ਮਈ ਨੂੰ ਆਵੇਗਾ। ਹੁਣ ਦੋ ਸਾਲਾ `ਚ ਚੰਦਾ ਦਾ ਸਾਲ ਸੂਰਜੀ ਸਾਲ ਨਾਲੋਂ 22 ਦਿਨ, ਫੇਰ ਪਿਛੇ ਰਹਿ ਗਿਆ ਹੈ। ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਕਰਨ ਲਈ ਚੰਦ ਦੇ ਸਾਲ ਦੇ 13 ਮਹੀਨੇ ਕਰ ਦਿੱਤੇ ਜਾਣਗੇ। 2015 `ਚ ਹਾੜ ਦਾ ਵਾਧੂ ਮਹੀਨਾ ਹੋਵੇਗਾ ਅਤੇ ਚੰਦਾ ਦੇ ਸਾਲ ਦੇ ਦਿਨ 384 ਹੋਣਗੇ। 2016 `ਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 8 ਜੂਨ ਨੂੰ ਆਵੇਗਾ ਅਤੇ 2017 `ਚ 29 ਮਈ ਨੂੰ। ਸੰਨ 2018 `ਚ ਫੇਰ 13 ਮਹੀਨੇ, ਜੇਠ ਦੇ ਦੋ ਮਹੀਨੇ ਹੋਣਗੇ। ਅਜੇਹਾ 19 ਸਾਲਾਂ `ਚ 7 ਵਾਰੀ ਹੁੰਦਾ ਹੈ ਜਦੋਂ ਚੰਦ ਦੇ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਤੇਰਵਾਂ ਮਹੀਨਾ ਜੋੜਿਆ ਜਾਂਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲੀ ਜੜ੍ਹ, ਸਾਲ ਸੂਰਜੀ ਅਤੇ ਮਹੀਨਾ ਚੰਦਾ ਦਾ।
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜਾ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੇ ਮੁਤਾਬਕ ਜੇਠ ਸੁਦੀ 4 ਨੂੰ ਮਨਾਉਣ ਦੀ ਕੀ ਸਮੱਸਿਆ ਹੈ ਇਹ ਆਪਾ ਉਪਰ ਵੇਖ ਚੁੱਕੇ ਹਾਂ। ਆਉ ਵੇਖੀਏ ਕਿ ਜੇ ਅਸੀਂ 2 ਹਾੜ ਨੂੰ ਮੁਖ ਰੱਖੀਏ ਤਾਂ ਕੀ ਹੋਵੇਗਾ। 2 ਹਾੜ ਸੂਰਜੀ ਬਿਕ੍ਰਮੀ ਦੀ ਤਾਰੀਖ ਹੈ।ਇਸ ਸਾਲ ਦੇ 365 ਦਿਨ ਹੀ ਹਨ। ਸਾਲ ਦੇ ਦਿਨ ਬਰਾਬਰ ਹੋਣ ਕਾਰਨ 2 ਹਾੜ ਹਰ ਸਾਲ ਸੀ. ਈ ਕੈਲੰਡਰ ਦੀ ਇਕੋ ਤਾਰੀਖ ਨੂੰ ਹੀ ਆਵੇਗਾ। ਇਥੇ ਇਕ ਹੋਰ ਸਮੱਸਿਆ ਹੈ ਉਹ ਹੈ ਸਾਲ ਦੀ ਲੰਬਾਈ `ਚ ਕੁਝ ਮਿੰਟਾਂ ਦਾ ਫਰਕ। ਸੂਰਜੀ ਬਿਕ੍ਰਮੀ ਸਾਲ ਦੀ ਲੰਬਾਈ 365.2587 ਦਿਨ (ਸੂਰਜੀ ਸਿਧਾਂਤ)।ਇਸ ਕੈਲੰਡਰ `ਚ ਨਵੰਬਰ 1964 `ਚ ਸੋਧ ਕੀਤੀ ਗਈ ਸੀ ਇਸ ਸੋਧ ਪਿਛੋਂ ਇਸ ਸਾਲ ਦੀ ਲੰਬਾਈ 365.2563 (ਦ੍ਰਿਗਗਿਣਤ)ਦਿਨ ਕਰ ਦਿੱਤੀ ਗਈ। ਪਰ ਇਹ ਲੰਬਾਈ ਵੀ ਮੌਸਮੀ ਸਾਲ, ਜਿਸ ਦੀ ਲੰਬਾਈ 365.242196 ਦਿਨ ਹੈ ਤੋਂ ਤਕਰੀਬਨ 20 ਮਿੰਟ ਜਿਆਦਾ ਹੈ ਜਿਸ ਕਾਰਨ ਇਹ ਲੱਗ ਭੱਗ 72 ਸਾਲਾ ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਇਸ ਸਮੱਸਿਆ ਦਾ ਹੱਲ ਹੈ ਨਾਨਕਸ਼ਾਹੀ ਕੈਲੰਡਰ।
ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਹੈ 365.2425 ਦਿਨ ਜੋ ਮੌਸਮੀ ਸਾਲ ਦੀ ਲੰਬਾਈ (365.242196) ਦੇ ਬਹੁਤ ਹੀ ਨੇੜੇ ਹੈ। ਯਾਦ ਰਹੇ, ਗਰੈਗੋਰੀਅਨ ਕੈਲੰਡਰ (ਸੀ. ਈ. ਕੈਲੰਡਰ) ਦੇ ਸਾਲ ਦੀ ਲੰਬਾਈ ਵੀ 365.2425 ਦਿਨ ਹੈ। ਇਸ ਲੰਬਾਈ ਮੁਤਾਬਕ ਨਾਨਕਸ਼ਾਹੀ ਕੈਲੰਡਰ ਦਾ ਮੌਸਮੀ ਸਾਲ ਨਾਲ 3300 ਸਾਲ ਪਿਛੋਂ ਇਕ ਦਿਨ ਦਾ ਫਰਕ ਪਵੇਗਾ। ਹੁਣ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਨਾਨਕ ਸ਼ਾਹੀ ਕੈਲੰਡਰ ਮੁਤਾਬਕ 2 ਹਾੜ ਨੂੰ ਮਨਾਉਂਦੇ ਹਾਂ ਤਾਂ ਇਹ ਸਦਾ ਵਾਸਤੇ ਹੀ 16 ਜੂਨ ਨੂੰ ਆਵੇਗਾ।
ਨਾਨਕਸ਼ਾਹੀ ਕੈਲੰਡਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 2003 `ਚ ਲਾਗੂ ਕੀਤਾ ਗਿਆ ਸੀ। ਪਾਕਿਸਤਾਨ ਸਰਕਾਰ ਸਮੇਤ ਸਾਰੀ ਦੁਨੀਆਂ `ਚ ਇਸ ਕੈਲੰਡਰ ਮਾਨਤਾ ਪ੍ਰਾਪਤ ਹੈ। 17 ਅਕਤੂਬਰ 2009 ਨੂੰ ਅਚਾਨਕ ਇਹ ਖ਼ਬਰ ਆਈ ਇਸ ਕੈਲੰਡਰ `ਚ ਸੋਧ ਕੀਤੀ ਜਾ ਹਰੀ ਹੈ। ਕੈਲੰਡਰ ਵਿਗਿਆਨ ਦੇ ਦੋ ਮਹਾਨ ਵਿਦਵਾਨਾਂ ਭਾਈ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ਦੀ ਦੋ ਮੈਂਬਰੀ ਕਮੇਟੀ ਬਣਾ ਦਿੱਤੀ ਗਈ। ਇਸ ਕਮੇਟੀ ਨੇ ਸਿਰਫ 4 ਤਾਰੀਖਾਂ ਨੂੰ (ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਜੀ ਜੇਠ ਸੁਦੀ 4, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਕੱਤਕ ਸੁਦੀ 2 ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਹਾੜਾ ਕੱਤਕ ਸੁਦੀ 5) ਸੋਧਾ ਲਾਉਣ ਦੀ ਸਿਫ਼ਾਰਿਸ਼ ਕਰ ਦਿੱਤੀ। ਦੁਨੀਆ ਭਰ ਦੀਆਂ ਸਿੱਖ ਸੰਗਤਾਂ ਦੇ ਵਿਰੋਧ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨੇ, ਦੋ ਮੈਂਬਰੀ ਕਮੇਟੀ ਦੀਆ ਸਿਫ਼ਾਰਿਸ਼ ਮੁਤਾਬਕ 14 ਮਾਰਚ 2010 ਨੂੰ ਸੋਧਿਆ ਹੋਇਆ ਕੈਲੰਡਰ ਜਾਰੀ ਕਰ ਦਿੱਤਾ।
ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ, ਅਮੈਰਕਿਨ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਦੇਸ-ਵਿਦੇਸ਼ ਦੀਆ ਬਹੁ ਗਿਣਤੀ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੇ ਇਹ ਸੋਧਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦਿੱਤੀ ਰੱਖੀ। ਕਿਉਂਕਿ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ/16 ਜੂਨ ਨੂੰ ਮਨਾਉਂਦੀ ਹੈ ਇਸ ਲਈ ਉਨ੍ਹਾਂ ਵੱਲੋਂ ਭੇਜੇ ਜਾਂਦੇ ਬੇਨਤੀ ਪੱਤਰ ਪਾਕਿਸਤਾਨ ਦੇ ਸਫਾਰਤਖ਼ਾਨੇ ਵੱਲੋਂ ਪ੍ਰਵਾਨ ਕਰ ਲਏ ਜਾਂਦੇ ਹਨ। ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ਬਦਲਵੀਂ ਤਾਰੀਖ ਨੂੰ ਮਨਾਉਂਦੀ ਹੈ ਇਸ ਲਈ ਇਨ੍ਹਾਂ ਵੱਲੋਂ ਭੇਜੇ ਜਾਂਦੇ ਬੇਨਤੀ ਪੱਤਰ, ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਕਿਸਤਾਨ ਦੇ ਸਫਾਰਤਖ਼ਾਨੇ ਵੱਲੋਂ, ਇਹ ਕਹਿ ਰੱਦ ਕਰ ਦਿੱਤੇ ਗਏ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 25 ਮਈ ਨੂੰ ਨਹੀ, ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਨੂੰ ਹੈ। ਸ਼੍ਰੋਮਣੀ ਕਮੇਟੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ ਤੋਂ ਬਦਲ ਕੇ ਜੇਠ ਸੁਦੀ 4 ਨੂੰ ਕਰ ਚੁੱਕੀ ਹੈ ਇਸ ਲਈ 16 ਜੂਨ ਨੂੰ ਜਥਾ ਭੇਜ ਨਹੀ ਸਕਦੀ, ਪਾਕਿਸਤਾਨ `ਚ ਨਾਨਕਸ਼ਾਹੀ ਕੈਲੰਡਰ ਲਾਗੂ ਹੈ ਇਸ ਲਈ 25 ਮਈ ਨੂੰ ਉਥੇ ਸ਼ਹੀਦੀ ਦਿਹਾੜਾ ਮਨਾਇਆ ਹੀ ਨਹੀ ਜਾ ਰਿਹਾ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬੇਨਤੀ ਹੈ ਕਿ ਸਿੱਖ ਸ਼ਰਧਾਲੂਆਂ ਦੀ ਭਾਵਨਾ ਦੀ ਕਰਦ ਕਰਦਿਆਂ ਨਾਨਕ ਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਦੇਣ ਨਹੀਂ ਤਾਂ ਘਟੋ ਘੱਟ 16 ਸਾਲ ਪਾਕਿਸਤਾਨ ਵੀਜੇ ਲਈ ਬੇਨਤੀ ਪੱਤਰ ਭੇਜਣ ਤੋਂ ਸੰਕੋਚ ਕਰਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੁਣ 2029 `ਚ ਹੀ ਜਥਾ ਭੇਜ ਸਕੇਗੀ।
ਅੱਜ ਸਿੱਖ ਕੌਮ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਾਡਾ ਸੀ. ਈ. ਕੈਲੰਡਰ ਬਿਨਾਂ ਗੁਜ਼ਾਰਾ ਹੋ ਜਾਵੇਗਾ? ਬਿਕ੍ਰਮੀ ਕੈਲੰਡਰ ਵਿੱਚ ਹਰ ਸਾਲ ਤਾਰੀਖ ਬਦਲ ਜਾਂਦੀ ਹੈ ਇਸੇ ਕਰਕੇ ਹੀ ਇਹ ਸਾਨੂੰ ਯਾਦ ਨਹੀਂ ਰਹਿ ਸਕਦੀ ਅਤੇ ਨਾਂ ਹੀ ਅਸੀਂ ਆਪ ਇਸ ਨੂੰ ਲੱਭ ਸਕਦੇ ਹਾਂ। ਇਕ ਦਿਨ `ਚ ਚੰਦ ਦੀਆਂ ਦੋ ਤਾਰੀਖਾਂ ਜਾਂ ਦੋ ਦਿਨਾਂ `ਚ ਚੰਦ ਦੀ ਇਕ ਤਾਰੀਖ ਅਕਸਰ ਹੀ ਆ ਜਾਂਦੀ ਹੈ। ਮਈ 21 ਅਤੇ 22 ਨੂੰ ਦੋਵੇਂ ਦਿਨ ਹੀ ਚੰਦ ਦੀ ਇਕ ਤਾਰੀਖ, ਜੇਠ ਸੁਦੀ ਏਕਮ ਹੀ ਹੈ। ਇਕ ਜੂਨ ਨੂੰ ਚੰਦ ਦੀਆਂ ਦੋ ਤਾਰੀਖਾਂ ਜੇਠ ਸੁਦੀ 11 ਅਤੇ 12 ਇਕੱਠੀਆਂ ਹੀ ਹਨ। ਇਸ ਲਈ ਸਾਨੂੰ ਯੰਤਰੀਆਂ ਤੇ ਹੀ ਨਿਰਭਰ ਹੋਣਾ ਪੈਂਦਾ ਹੈ ਅਤੇ ਯੰਤਰੀਆਂ ਕੁਝ ਖਾਸ ਵਿਅਕਤੀਆਂ ਵੱਲੋਂ ਹੀ ਬਣਾਈਆਂ ਜਾਂਦੀਆਂ ਹਨ। ਖਾਲਸਾ ਜੀ ਜਾਗੋ! ਨਾਨਕਸ਼ਾਹੀ ਕੈਲੰਡਰ ਨੂੰ ਸੋਧਾ ਲਾਉਣ ਦੇ ਪਿਛੇ ਕੰਮ ਕਰਦੀ ਭਾਵਨਾ ਨੂੰ ਸਮਝੋ।
.