.

ੴ ਸਤਿਗੁਰ ਪ੍ਰਸਾਦਿ॥
ਗੁਰੂ ਗਰੰਥ ਸਾਹਿਬ ਅਤੇ ਸਿੱਖ ਰਹਤ

੭ ਅਕਤੂਬਰ ੧੭੦੮ ਨੂੰ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਦੇਸ਼ ਦਿੱਤਾ:
“ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”। ਭਾਵ ਕਿ ਸਾਰੇ ਸਿੱਖਾਂ ਲਈ “ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ ਗੁਰਬਾਣੀ “ਜਪੁ ਜੀ ਸਾਹਿਬ ਤੋਂ ਮੁੰਦਾਵਣੀ ਤੱਕ” ਸਦੀਵੀ ਗੁਰੂ ਹੈ। ਉਸ ਸਮੇਂ ਤੋਂ ਹੀ ਸਿੱਖ ਜਗਤ, ਗੁਰਬਾਣੀ ਦਾ ਪਾਠ, ਕੀਰਤਨ ਅਤੇ ਕਥਾ ਦੁਆਰਾ ਰੂਹਾਨੀ ਤੇ ਸੰਸਾਰੀ ਉਪਦੇਸ਼ ਗ੍ਰਹਿਣ ਕਰਕੇ, ਸਿੱਖੀ ਜੀਵਨ ਬਤੀਤ ਕਰਦੇ ਆ ਰਹੇ ਹਨ। ਇਸ ਤੋਂ ਪਹਿਲਾਂ, ੩੦ ਮਾਰਚ ੧੬੯੯ ਨੂੰ ਪੰਜ ਪਿਆਰਿਆਂ ਦੀ ਚੋਣ ਕਰਕੇ ਅਤੇ ਉਨ੍ਹਾਂ ਨੂੰ ਖੰਡੇ ਦੀ ਪਾਹੁਲ ਬਖਸ਼ਿਸ਼ ਕਰਕੇ, ਸਾਨੂੰ ਸਿੱਖ ਮਾਰਗ ਦੇ ਪਾਂਧੀ ਬਣਾਇਆ ਜਿਸ ਸਦਕਾ ਸਿੱਖਾਂ ਦੀ ਇੱਕ ਨਿਰਾਲੀ ਪਛਾਣ ਸਾਰੇ ਸੰਸਾਰ ਵਿਖੇ ਜਾਣੀ ਜਾਂਦੀ ਹੈ।
ਪੰਜਾਬ ਡਿਜੀਟਲ ਲਾਇਬਰੇਰੀ,
www.panjabdigilib.org ਵਲੋਂ ਉਪਲਬਧ ਹੋਈ ‘ਸਿੱਖ ਰਹਿਤ ਮਰਯਾਦਾ’ ਤੋਂ ਜਾਣਕਾਰੀ ਪਰਾਪਤ ਹੁੰਦੀ ਹੈ ਕਿ ਇਸ ਦਾ ਖਰੜਾ ੧ ਅਕਤੂਬਰ ੧੯੩੨ ਨੂੰ ਤਿਆਰ ਹੋ ਗਿਆ ਸੀ। ਸਰਬ ਹਿੰਦ ਸਿੱਖ ਮਿਸ਼ਨ ਬੋਰਡ ਦੇ ਮਤਾ ਨੰ: ੧ ਮਿਤੀ ੧-੮-੩੬ ਅਤੇ ਸ਼੍ਰੋ: ਗੁ: ਪ੍ਰ: ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮਤਾ ਨੰ: ੧੪੯ ਮਿਤੀ ੧੨-੧੦-੩੬ ਅਨੁਸਾਰ ਪ੍ਰਵਾਨ ਹੋਈ। ਇਸ ਤੋਂ ਓਪ੍ਰੰਤ ਪਿਛਲੇ ਕਈ ਸਾਲਾਂ ਤੋਂ ਛੱਪ ਰਹੀਆਂ ‘ਸਿੱਖ ਰਹਿਤ ਮਰਯਾਦਾ’ ਤੋਂ ਇਹ ਵੇਖਿਆ ਜਾ ਸਕਦਾ ਹੈ ਕਿ ਮੁੜ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ‘ਧਾਰਮਿਕ ਸਲਾਹਕਾਰ ਕਮੇਟੀ’ ਨੇ ਆਪਣੀ ਇੱਤਰਤਾ ਮਿਤੀ ੭-੧-੪੫ ਵਿਖੇ ਇਸ ਨੂੰ ਵਿਚਾਰ ਕੇ ਇਸ ਵਿੱਚ ਕੁੱਝ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਕੀਤੀ। ਧਾਰਮਿਕ ਸਲਾਹਕਾਰ ਕਮੇਟੀ ਦੀ ਇਸ ਇਕੱਤਰਤਾ `ਚ ਹੇਠ ਲਿਖੇ ਸੱਜਣ ਹਾਜ਼ਰ ਸਨ:-
1. ਸਿੰਘ ਸਾਹਿਬ ਜਥੇਦਾਰ ਮੋਹਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ।
2. ਭਾਈ ਸਾਹਿਬ ਭਾਈ ਅੱਛਰ ਸਿੰਘ ਜੀ, ਹੈੱਡ ਗਰੰਥੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ।
3. ਪ੍ਰੋ: ਤੇਜਾ ਸਿੰਘ ਜੀ ਐਮ. ਏ. , ਖਾਲਸਾ ਕਾਲਜ, ਅੰਮ੍ਰਿਤਸਰ।
4. ਪ੍ਰੋ: ਗੰਗਾ ਸਿੰਘ ਜੀ, ਪ੍ਰਿੰਸੀਪਲ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ।
5. ਗਿਆਨੀ ਲਾਲ ਸਿੰਘ ਜੀ ਐਮ. ਏ. , ਪ੍ਰੋਫੈਸਰ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ।
6. ਪ੍ਰੋ: ਸ਼ੇਰ ਸਿੰਘ ਜੀ ਐਮ. ਐਸ. ਸੀ. , ਗੌਰਮਿੰਟ ਕਾਲਜ, ਲੁਧਿਆਣਾ।
7. ਬਾਵਾ ਪ੍ਰੇਮ ਸਿੰਘ ਜੀ ਹੋਤੀ, (ਪ੍ਰਸਿੱਧ ਹਿਸਟੋਰੀਅਨ)।
8. ਗਿਆਨੀ ਬਾਦਲ ਸਿੰਘ ਜੀ, ਇਨਚਾਰਜ ਸਿੱਖ ਮਿਸ਼ਨ, ਹਾਪੜ।
ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੀ ਇੱਤ੍ਰਤਾ ਮਿਤੀ ੩-੨-੪੫ ਦੇ ਮਤਾ ਨੰਬਰ ੯੭ ਰਾਹੀਂ ਦਿੱਤੀ।
ਪਰ, ਹੋਰ ਕੋਈ ਜਾਣਕਾਰੀ ਨਹੀਂ ਮਿਲਦੀ ਕਿ ੧੯੩੨ ਤੋਂ ਲੈ ਕੇ ੧੯੪੫ ਤੱਕ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਕਿਉਂਕਿ ੧੯੩੨ ਨੂੰ ਤਿਆਰ ਕੀਤੇ ਖਰੜੇ ਅਨੁਸਾਰ ਕੋਈ ਖ਼ਾਸ ਬਦਲਾਅ ਦੇਖਣ ਵਿੱਚ ਨਹੀਂ ਆਉਂਦਾ। ਨਾਹ ਇਹ ਪਤਾ ਲਗ ਰਿਹਾ ਹੈ ਕਿ ਕੀ ਉਸ ਸਮੇਂ ਪੰਜ ਪਿਆਰੇ ਓਪਲਬਧ ਨਹੀਂ ਸਨ ਜਾਂ ਇਨ੍ਹਾਂ ਅੱਠ ਗੁਰਮੁੱਖਾਂ ਤੋਂ ਇਲਾਵਾ, ਹੋਰ ਸਿੱਖ ਵਿਦਵਾਨ/ਆਗੂ ਸ਼ਾਮਲ ਕਿਉਂ ਨਹੀਂ ਹੋਏ, ਜਿਵੇਂ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਸੰਤ ਗੁਰਬਚਨ ਸਿੰਘ ਭਿੰਡਰਾਂਵਾਲੇ, ਪ੍ਰੋ: ਸਾਹਿਬ ਸਿੰਘ, ਆਦਿਕ?
ਇਹ ਵੀ ਸਵਾਲ ਉਠਦਾ ਹੈ ਕਿ ੧੭੦੯ ਤੋਂ ਲੈ ਕੇ ੧੯੪੫ (੨੩੬ ਸਾਲ) ਤੱਕ ਕਿਹੜੀ ‘ਸਿੱਖ ਰਹਤ” ਪੁਰਾਤਨ ਸਿੱਖ ਮੰਨਦੇ ਸਨ ਕਿਉਂਕਿ ਉਸ ਸਮੇਂ ਦੇ ਸਿੱਖ, ਹੁਣ ਦੇ ਸਿੱਖਾਂ ਨਾਲੋ ਗੁਰੂ ਉਪਦੇਸ਼ਾਂ ਅਨੁਸਾਰ ਸੁਚੱਜਾ ਜੀਵਨ ਬਤੀਤ ਕਰਦੇ ਸਨ? ਉਹ ਸਚਿਆਰ, ਗੁਰਮੁੱਖ, ਖ਼ਾਲਸੇ, ਬਹਾਦਰ, ਮੇਹਨਤੀ, ਇਮਾਨਦਾਰ, ਨਿਸ਼ਕਾਮ ਸੇਵਕ ਅਤੇ ਸਰਬੱਤ ਦੇ ਭਲੇ ਲਈ ਕਾਰਜ ਭੀ ਕਰਦੇ ਰਹਿੰਦੇ ਸਨ। ਇਵੇਂ ਹੀ, ਗੁਰਦੁਆਰਿਆਂ ਦੇ ਪ੍ਰੰਬਧ ਲਈ ੧੯੨੫ ਤੋਂ ਪਹਿਲਾਂ ਕੋਈ ਇਲੈਕਸ਼ਨ ਦਾ ਝੰਝਟ ਭੀ ਨਹੀਂ ਸੀ!
ਗੁਰਬਾਣੀ ਅਨੁਸਾਰ ‘ਰਹਤ’ ਸਬੰਧਤ ਕੁੱਝ ਕੁ ਸ਼ਬਦ ਇੰਜ ਹਨ:-
ਗੁਰੂ ਗਰੰਥ ਸਾਹਿਬ-ਪੰਨਾ ੮੩੧॥ ਬਿਲਾਵਲੁ ਮਹਲਾ ੧॥ “ਗਿਆਨੁ ਧਿਆਨੁ ਸਭੁ ਗੁਰ ਤੇ ਹੋਈ॥
ਸਾਚੀ ਰਹਤ ਸਾਚਾ ਮਨਿ ਸੋਈ॥ ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ॥ ਨਾਵਹੁ ਭੁਲੇ ਥਾਉ ਨ ਕੋਈ”॥
ਪੰਨਾ ੨੫੯॥ ਗਉੜੀ ਬਾਵਨ ਅਖਰੀ ਮਹਲਾ ੫॥
“ਦੁਖ ਸੁਖ ਉਆ ਕੈ ਸਮਤ ਬੀਚਾਰਾ॥ ਨਰਕ ਸੁਰਗ ਰਹਤ ਅਉਤਾਰਾ”॥
ਪੰਨਾ ੨੬੯। ਗਉੜੀ ਸੁਖਮਨੀ ਮ: ੫॥
“ਰਹਤ ਅਵਰ ਕਛੁ ਅਵਰ ਕਮਾਵਤ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ”॥ …. .
“ਉਪਾਵ ਸਿਆਨਪ ਸਗਲ ਤੇ ਰਹਤ॥ ਸਭੁ ਕਛੁ ਜਾਨੈ ਆਤਮ ਕੀ ਰਹਤ”॥
ਪੰਨਾ ੨੮੩॥ “ਸਚੁ ਕਰਣੀ ਸਚੁ ਤਾ ਕੀ ਰਹਤ॥ ਸਚੁ ਹਿਰਦੈ ਸਤਿ ਮੁਖਿ ਕਹਤ”॥
ਪੰਨਾ ੩੯੨॥ ਆਸਾ ਮਹਲਾ ੫॥ “ਸੰਤ ਰਹਤ ਸੁਨਹੁ ਮੇਰੇ ਭਾਈ॥ ਉਆ ਕੀ ਮਹਿਮਾ ਕਥਨੁ ਨ ਜਾਈ”॥
ਪੰਨਾ ੮੮੭॥ ਰਾਮਕਲੀ ਮਹਲਾ ੫॥ “ਮੁਖ ਤੇ ਪੜਤਾ ਟੀਕਾ ਸਹਿਤ॥ ਹਿਰਦੈ ਰਾਮੁ ਨਹੀ ਪੂਰਨ ਰਹਤ”॥
ਪੰਨਾ ੧੨੧੫॥ ਸਾਰਗ ਮਹਲਾ ੫॥ “ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ”॥
ਪੰਨਾ ੬੩੩॥ ਸੋਰਠਿ ਮਹਲਾ ੯॥ “ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ”॥

ਬਾਹਰ ਦੀ ਸਿੱਖ ਰਹਤ ਦੇ ਨਾਲ ਹਿਰਦੇ ਅੰਦਰ ਦੀ ਰਹਤ ਭੀ ਬਹੁਤ ਜ਼ਰੂਰੀ ਹੈ ਜਿਹੜੀ ਕਿ ਅਜ-ਕਲ ਗਾਇਬ ਹੈ।
ਆਓ, ਹੁਣ ਕੁੱਝ ਕੁ ਜਾਣਕਾਰੀ ‘ਸਿੱਖ ਰਹਿਤ ਮਰਯਾਦਾ, ੧੯੪੫’ ਵਿਚੋਂ ਸਾਂਝੀ ਕਰੀਏ:-
ਸਿਰਲੇਖ ‘ਗੁਰਦੁਆਰੇ’ ਹੇਠ ਲਿਖਿਆ ਹੋਇਆ ਹੈ: “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ”।
ਫਿਰ, ਹੋਰ ਪੁਸਤਕਾਂ ਵਿਚੋਂ ਨਾਮ ਬਾਣੀ ਦਾ ਅਭਿਆਸ ਕਿਉਂ ਕਰਾਉਣ ਦੀ ਪ੍ਰੜੋਤਾ ਕੀਤੀ ਗਈ? ਜਿਵੇਂ,
(1) “ਜਾਪੁ” ਬਚਿਤ੍ਰ ਨਾਟਕ, ਦਸਮ ਗ੍ਰੰਥ ਵਿਚੋਂ;
(2) “੧੦ ਸਵੱਯੇ” ਅਕਾਲ ਉਸਤਿਤ ਦੇ ੨੧ ਤੋਂ ੩੦;
(3) “ਬੇਨਤੀ ਚੌਪਈ” : ‘ਕਬਯੋ ਬਾਚ ਬੇਨਤੀ ਚੌਪਈ’ ਚਰਿਤ੍ਰੋਪਾਖਿਆਨ ੪੦੪ ਦੇ ੩੭੭ ਤੋਂ ੪੦੧;
(4) “ਸਵੈਯਾ ੮੬੩ ਅਤੇ ਦੋਹਰਾ ੮੬੪” ਚੌਬੀਸ ਅਵਤਾਰ ਵਿਚੋਂ;
(5) “ਅਰਦਾਸਿ” ਦਾ ਆਰੰਭ- ਸ੍ਰੀ ਭਗੌਤੀ ਜੀ ਸਹਾਇ, ਵਾਰ ਸ੍ਰੀ ਭਗੌਤੀ ਜੀ ਕੀ, ਪ੍ਰਿਥਮ ਭਗੌਤੀ ਸਿਮਰਿ ਕੇ: ਦੇਖੋ ਵਾਰ ਦੁਰਗਾ ਕੀ (ਚੰਡੀ ਦੀ ਵਾਰ);
(6) “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ”। ਇਹ ਤੁੱਕ ਕਿਸ ਪੁਸਤਕ ਵਿਚੋਂ ਲਈ ਗਈ?

ਕੀ ਉਸ ਸਮੇਂ ਦੇ ਬੁੱਧੀ-ਜੀਵ ਵਿਦਵਾਨਾਂ ਦਾ ਫ਼ਰਜ ਨਹੀਂ ਸੀ ਬਣਦਾ ਕਿ ਸਿੱਖਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਏ। ਇਹ ਭੀ ਸਮਝ ਨਹੀਂ ਆ ਰਿਹਾ ਕਿ ਜਨਵਰੀ-ਫਰਵਰੀ ੧੯੪੫ ਨੂੰ ਕਿਹੜੀ ਜਲਦੀ ਪੈ ਗਈ ਸੀ ਕਿ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਜਦੋਂ ਦੁਨੀਆਂ ਦੀ ਦੂਜੀ ਲੜਾਈ ਜੋਰ-ਛੋਰ ਨਾਲ ਚਲ ਰਹੀ ਸੀ ਅਤੇ ਬੇਅੰਤ ਸਿੱਖ ਫੌਜੀ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਸਨ!
ਹੁਣ ਭੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਤਾ-ਧਰਤਾ ਸਹੀ ਜਾਣਕਾਰੀ ਦੇਣ ਲਈ ਕੋਈ ਓਪਰਾਲਾ ਨਹੀਂ ਕਰ ਰਹੇ। ਸਗੋਂ, ਜੇ ਕੋਈ ਸਿੱਖ ਕੋਈ ਸਵਾਲ ਕਰਦਾ ਹੈ, ਉਸ ਨੂੰ ਪੰਥ ਵਿਚੋਂ ਹੀ ਛੇਕ ਦਿੱਤਾ ਜਾਂਦਾ ਹੈ?
ਗੁਰਬਾਣੀ ਸਾਨੂੰ ਓਪਦੇਸ਼ ਕਰਦੀ ਹੈ:
ਪੰਨਾ ੯੭: ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨਾ ਦਿਸਹਿ ਬਾਹਰਾ ਜੀਉ॥ ;
ਪੰਨਾ ੩੮੬: ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ ;
ਪੰਨਾ ੬੧੧: ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ ;
ਪੰਨਾ ੬੭੧: ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ;
ਪੰਨਾ ੭੨੮: ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥ ;
ਪੰਨਾ ੧੧੮੫: ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ;
ਪੰਨਾ ੧੨੯੯: ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥ ਰਹਾਉ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ;
ਪੰਨਾ ੧੩੮੨: ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥
ਪੰਨਾ ੧੪੨੭: ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥

ਗੁਰੂ ਨਾਨਕ ਸਾਹਿਬ ਨੇ “ਜਪੁ” ਜੀ ਸਾਹਿਬ ਦੀ ਪਹਿਲੀ ਪਉੜੀ ਵਿਖੇ ਹੀ ਸੱਭ ਲੋਕਾਈ ਨੂੰ ਓਪਦੇਸ਼ ਕਰ ਦਿੱਤਾ ਸੀ: “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥
ਇਸ ਲਈ, ਸਾਨੂੰ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਜੀਵਨ ਬਤੀਤ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਪ੍ਰਾਣੀ ਵਲੋਂ ਕੋਈ ਹੁਕਮ ਨਹੀਂ ਦਿੱਤਾ ਜਾ ਸਕਦਾ। ਇਸ ਲਈ, ਸਾਰੇ ਸਿੱਖਾਂ ਨੂੰ ਗੁਰਬਾਣੀ ਅਤੇ ਗੁਰੂ-ਓਪਦੇਸ਼ਾਂ ਅਨੁਸਾਰ ਹੀ ਜੀਵਨ ਬਤੀਤ ਕਰਨਾ ਚਾਹੀਦਾ ਹੈ। ਬਾਹਰਲੇ ਦੇਸ਼ਾਂ ਵਿਖੇ ਰਹਿੰਦੇ ਸਿੱਖਾਂ ਨੂੰ ਇਹ ਭੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉਨ੍ਹਾਂ ਵਲੋਂ ਨਿਯੁਕਤ ਕੀਤੇ ਮੁੱਖੀ ਪੁਜਾਰੀਆਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੇ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਇਕ ਭੁਲਣਹਾਰ ਦਾਸਰਾ,
ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ)
੨੦ ਮਈ ੨੦੧੨




.