.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 10)

‘ਮਹਿਮਾ ਪ੍ਰਕਾਸ਼ ਵਾਰਤਕ’ ਅਨੁਸਾਰ ਜਦ ਗੁਰੂ ਅਰਜਨ ਸਾਹਿਬ ਗੋਇੰਦਵਾਲ ਵਿਖੇ ਬਾਬਾ ਮੋਹਨ ਜੀ ਤੋਂ ਪੋਥੀਆਂ ਲੈਣ ਲਈ ਜਾਂਦੇ ਹਨ, ਤਾਂ ਉਸ ਸਮੇਂ ਹਜ਼ੂਰ ਰਬਾਬੀਆਂ ਨੂੰ ਵੀ ਆਪਣੇ ਨਾਲ ਲੈ ਕੇ ਗਏ ਸਨ। ਲੇਖਕ ਦੇ ਸ਼ਬਦਾਂ ਵਿਚ: “ਤਬ ਗੁਰੂ ਜੀ ਸਭ ਸੰਗਤ ਕੋ ਲੈਕਰ, ਰਬਾਬੀਆ ਕੋ ਭੀ ਨਾਲ ਲੈਕਰ ਮੋਹਨ ਜੀ ਕੇ ਸਨਮੁਖ ਜਾਏ ਕਰ ਭਜਨ ਲਗਾ ਬੋਲਣੇ।” (ਸਾਖੀ ੭੫)
ਲੇਖਕ ਕੇਵਲ ‘ਰਬਾਬੀਆਂ’ ਸ਼ਬਦ ਹੀ ਲਿਖ ਰਿਹਾ ਹੈ ਪਰੰਤੂ ਕਿਸੇ ਰਬਾਬੀ ਦਾ ਨਾਮ ਨਹੀਂ ਲਿਖਦਾ। ਇਸ ਪੁਸਤਕ ਦਾ ਕਰਤਾ ਫਿਰ ਸਾਖੀ ਨੰਬਰ ੭੬ਵੀਂ ਦੇ ਸ਼ੁਰੂ ਵਿੱਚ ਹੀ ਲਿਖਦਾ ਹੈ ਕਿ, “ਏਕ ਸਮੇ ਸ਼ਾਹ ਹੁਸੈਨ ਅਰ ਛਜੂ ਭਗਤ ਅਰ ਸਾਧੂ ਜੈਸੇ ਅਰ ਕਾਨਾ ਬੈਰਾਗੀ ਸਭ ਮਿਲ ਕਰ ਸਾਹਿਬ ਕੇ ਦਰਸਨ ਕਉ ਗਏ। ਆਗੇ ਸਾਹਿਬ ਕੇ ਰਬਾਬੀ ਬੈਠੇ ਭਜਨ ਕਰਤੇ ਥੇ।” (ਸਾਖੀ ੭੬)
ਇੱਥੇ ਵੀ ਲੇਖਕ ਕੇਵਲ ਰਬਾਬੀ ਸ਼ਬਦ ਹੀ ਲਿਖਦਾ ਹੈ, ਕਿਸੇ ਰਬਾਬੀ ਦਾ ਨਾਮ ਨਹੀਂ ਲਿਖਦਾ ਹੈ। ਪੁਸਤਕ ਕਰਤਾ ਗੁਰੂ ਰਾਮਦਾਸ ਜੀ ਦੇ ਜੀਵਨ ਕਾਲ ਮਗਰੋਂ ਵੀ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਵਾਲੇ ਕਿਸੇ ਵੀ ਰਬਾਬੀ ਦਾ ਨਾਮ ਨਹੀਂ ਲਿਖਦਾ; ਕੇਵਲ ਰਬਾਬੀ ਸ਼ਬਦ ਜਾਂ ਰਬਾਬੀਆਂ ਸ਼ਬਦ ਦੀ ਹੀ ਵਰਤੋਂ ਕਰਦਾ ਹੈ। ਲੇਖਕ ਛੇਵੇਂ, ਸਤਵੇਂ ਅਤੇ ਦਸਮੇਂ ਪਾਤਸ਼ਾਹ ਦੇ ਸਮੇਂ ਵੀ ਰਬਾਬੀਆਂ ਵਲੋਂ ਕੀਰਤਨ ਦਾ ਵਰਣਨ ਤਾਂ ਕਰਦਾ ਹੈ ਪਰ ਕਿਸੇ ਰਬਾਬੀ ਦੇ ਨਾਮ ਦਾ ਵਰਣਨ ਨਹੀਂ ਕਰਦਾ ਹੈ। ਜਿਵੇਂ ਲੇਖਕ ੧੩੯ਵੀਂ ਸਾਖੀ ਵਿੱਚ ਲਿਖਦਾ ਹੈ, “ਏਕ ਬੇਰ ਏਕ ਸਿਖ ਗੁਰੂ ਜੀ ਪਾਸ ਆਨ ਕਹਿਆ-ਸਚੇ ਪਾਤਸ਼ਾਹ ਰਾਤੀ ਸੁਖਮਨੀ ਮੈ ਤੇਵੀ ਅਸਟਪਦੀਆ ਪੜੀਆ ਅਤੇ ਰਬਾਬੀਆ ਦੁਤਾਰਾ ਤੇ ਢੰਢੋਰੀ ਆਨ ਖੜਕਾਈ। ਤਾ ਮੈ ਕਹਿਆ-ਏਕ ਅਸਟਪਦੀ ਰਹਦੀ ਹੈ ਮੈਨੂ ਭੋਗ ਪਾਵਣੇ ਦੇਵਹੁ। ਤਾ ਇਨਾ ਮੈਨੂ ਭੋਗ ਪਾਵਣਾ ਨਾ ਦਿਤਾ। ਸਬਦ ਗਾਵਣ ਲਗ ਪਏ। ਹੁਕਮ ਹੋਆ-ਏਕ ਗਲ ਰਬਾਬੀ ਨਹੀਂ ਫੜੀਦੇ। ਤੂ ਸੰਗਤ ਕਉ ਚਾਬ ਛਕਾਇਦਾ ਸੀ ਅਤੇ ਰਬਾਬੀ ਸੰਗਤ ਕੋ ਪ੍ਰਸਾਦੀਆ ਲਗੇ ਛਕਾਵਣ। ਅਤੇ ਜੋ ਸਬਦ ਕੀ ਬਚਾਰ ਕਰ ਸੁਣਾਵੇ ਸੋ ਸੰਗਤ ਕੋ ਜਲੇ ਛਕਾਇਦਾ ਹੈ। ਐਤ ਗਲ ਰਬਾਬੀ ਨਹੀਂ ਫੜੀਦੇ।”
ਇਹ ਗੱਲ ਵੀ ਧਿਆਨ ਯੋਗ ਹੈ ਕਿ ‘ਮਹਿਮਾ ਪ੍ਰਕਾਸ਼ ਵਾਰਤਕ’ ਦੇ ਲੇਖਕ ਨੇ ਕੇਵਲ ਭਾਈ ਬਲਵੰਡ ਰਾਇ ਦਾ ਹੀ ਗੁਰੂ ਅੰਗਦ ਸਾਹਿਬ ਨਾਲ ਨਰਾਜ਼ ਹੋਣ ਦਾ ਵਰਣਨ ਕੀਤਾ ਹੈ, ‘ਗੁਰ ਬਿਲਾਸ ਪਾਤਸ਼ਾਹੀ ੬’ ਦੇ ਲੇਖਕ ਵਾਂਗ ਗੁਰੂ ਅਰਜਨ ਸਾਹਿਬ ਨਾਲ ਨਰਾਜ਼ਗੀ ਦਾ ਜ਼ਿਕਰ ਨਹੀਂ ਕਰਦਾ ਹੈ। ਇਤਨਾ ਹੀ ਨਹੀਂ ‘ਮਹਿਮਾ ਪ੍ਰਕਾਸ਼’ ਦਾ ਕਰਤਾ ਗੁਰੂ ਅਰਜਨ ਸਾਹਿਬ ਦੇ ਜੀਵਨ ਕਾਲ ਵਿੱਚ ਕਿਧਰੇ ਵੀ ਭਾਈ ਬਲਵੰਡ ਰਾਇ ਦਾ ਵਰਣਨ ਨਹੀਂ ਕਰਦਾ ਹੈ। ਲੇਖਕ ਭਾਈ ਸੱਤੇ ਬਾਰੇ ਵੀ ਕਿਤੇ ਅਜਿਹਾ ਵਰਣਨ ਨਹੀਂ ਕਰਦਾ ਜਿਸ ਤੋਂ ਇਹ ਪਤਾ ਚਲਦਾ ਹੋਵੇ ਕਿ ਭਾਈ ਸੱਤਾ ਜੀ ਨੇ ਕਿਸੇ ਗੁਰੂ ਸਾਹਿਬ ਨਾਲ ਨਰਾਜ਼ ਹੋ ਕੇ ਕੀਰਤਨ ਕਰਨ ਤੋਂ ਇਨਕਾਰ ਕੀਤਾ ਹੋਵੇ ਜਾਂ ਕਿਸੇ ਗੁਰੂ ਸਾਹਿਬ ਨੇ ਇਹਨਾਂ ਨੂੰ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਤੋਂ ਵਰਜਿਆ ਹੋਵੇ।
ਸੋ, ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ‘ਮਹਿਮਾ ਪ੍ਰਕਾਸ਼ ਵਾਰਤਕ’ ਵਿਚ, ‘ਗੁਰ ਬਿਲਾਸ ਪਾਤਸ਼ਾਹੀ ੬’ ਅਤੇ ‘ਬੰਸਾਵਲੀਨਾਮਾ’ ਦੇ ਲੇਖਕਾਂ ਦੁਆਰਾ ਭਾਈ ਬਲਵੰਡ ਰਾਇ ਤੇ ਭਾਈ ਸੱਤੇ ਡੂਮ ਅਤੇ ਇਹਨਾਂ ਵਲੋਂ ਉਚਾਰਨ ਕੀਤੀ ਹੋਈ ਵਾਰ ਸਬੰਧੀ ਭਿੰਨ ਭਿੰਨ ਕਹਾਣੀ ਬਿਆਨ ਕੀਤੀ ਹੈ। ‘ਗੁਰ ਬਿਲਾਸ ਪਾਤਸ਼ਾਹੀ ੬’ ਦਾ ਕਰਤਾ ਇਸ ਘਟਨਾ ਨੂੰ ਗੁਰੂ ਅਰਜਨ ਸਾਹਿਬ ਦੇ ਸਮੇਂ ਵਾਪਰੀ ਲਿਖਦਾ ਹੈ। ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਅਨੁਸਾਰ ਰਬਾਬੀਆਂ ਨੂੰ ਗੁਰੂ ਅੰਗਦ ਸਾਹਿਬ ਨੇ ਕੀਰਤਨ ਕਰਨ ਤੋਂ ਵਰਜਿਆ ਸੀ। ਪਰ ਲੇਖਕ ਅਨੁਸਾਰ ਗੁਰੂ ਸਾਹਿਬ ਨੇ ਜਿਹਨਾਂ ਰਬਾਬੀਆਂ ਨੂੰ ਕੀਰਤਨ ਕਰਨ ਤੋਂ ਵਰਜਿਆ ਸੀ, ਉਹਨਾਂ ਵਿੱਚ ਭਾਈ ਸੱਤਾ ਜੀ ਨਹੀਂ ਸਨ। ਭਾਈ ਬਲਵੰਡ ਰਾਇ ਲੇਖਕ ਅਨੁਸਾਰ ਭੱਟ ਸੀ।
ਜਿੱਥੇ ‘ਬੰਸਾਵਲੀਨਾਮਾ’ ਦਾ ਲੇਖਕ ਗੁਰੂ ਨਾਨਕ ਸਾਹਿਬ ਵਲੋਂ ਭਾਈ ਮਰਦਾਨੇ ਤੋਂ ਇਲਾਵਾ ਕਿਸੇ ਹੋਰ ਰਬਾਬੀ ਨਾਲ ਕਿਸੇ ਤਰ੍ਹਾਂ ਦੇ ਸਬੰਧ ਤੋਂ ਇਨਕਾਰ ਕਰਦਾ ਹੋਇਆ ਦਰਸਾਉਂਦਾ ਹੈ, ਉੱਥੇ ‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਲੇਖਕ ਭਾਈ ਬਲਵੰਡ ਰਾਇ ਹੁਰਾਂ ਨੂੰ ਭਾਈ ਮਰਦਾਨਾ ਜੀ ਦੇ ਅਕਾਲ ਚਲਾਣਾ ਕਰਨ ਮਗਰੋਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਕੀਰਤਨ ਕਰਦੇ ਹੋਏ ਦਰਸਾਉਂਦਾ ਹੈ।
ਭਾਈ ਕੇਸਰ ਸਿੰਘ ਛਿੱਬਰ ਜਿੱਥੇ ਰਬਾਬੀਆਂ ਵਲੋਂ ਗੁਰੂ ਅੰਗਦ ਸਾਹਿਬ ਪਾਸੋਂ ਗੋਲਕ ਦੀ ਅੱਧੀ ਮਾਇਆ ਮੰਗਣ ਦੀ ਗੱਲ ਕਰਦਾ ਹੈ, ਉੱਥੇ ‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਕਰਤਾ ਇਸ ਗੱਲ ਦਾ ਬਿਲਕੁਲ ਹੀ ਵਰਣਨ ਨਹੀਂ ਕਰਦਾ ਹੈ। ‘ਮਹਿਮਾ ਪ੍ਰਕਾਸ਼’ ਦਾ ਲੇਖਕ ਗੁਰੂ ਅੰਗਦ ਸਾਹਿਬ ਨੂੰ ਭਾਈ ਬਲਵੰਡ ਵਲੋਂ ਬਾਬਾ ਬੁੱਢਾ ਜੀ ਨੂੰ ਸ਼ਬਦ ਨਾ ਸੁਣਾਉਣ ਕਾਰਨ ਹੀ ਨਰਾਜ਼ ਹੋਣ ਦਾ ਵਰਣਨ ਕਰਦਾ ਹੈ।
‘ਬੰਸਾਵਲੀਨਾਮਾ’ ਦਾ ਲੇਖਕ ਗੁਰੂ ਅੰਗਦ ਸਾਹਿਬ ਵਲੋਂ ਹਮੇਸ਼ਾਂ ਲਈ ਰਬਾਬੀਆਂ ਨੂੰ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਦੀ ਮਨਾਹੀਂ ਦੇ ਆਦੇਸ਼ ਦਾ ਵਰਣਨ ਕਰਦਾ ਹੈ ਜਦ ਕਿ ‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਕਰਤਾ ਭਾਈ ਬਲਵੰਡ ਜੀ ਨੂੰ ਮਾਫ਼ੀ ਮੰਗਣ ਉਪਰੰਤ ਫਿਰ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਦਾ ਵਰਣਨ ਕਰਦਾ ਹੈ।
‘ਮਹਿਮਾ ਪ੍ਰਕਾਸ਼ ਵਾਰਤਕ’ ਤੋਂ ਬਾਅਦ ਮਹਿਮਾ ਪ੍ਰਕਾਸ਼ (ਕਵਿਤਾ) ਹੈ ਜੋ ਸਰੂਪ ਦਾਸ ਭੱਲੇ ਦੀ ਕ੍ਰਿਤ ਹੈ ਅਤੇ ਇਹ ਰਚਨਾ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਲਗਭਗ ੬੦ ਕੁ ਸਾਲ ਪਿੱਛੋਂ, ਅਰਥਾਤ, ੧੭੭੬ ਈ: ਵਿੱਚ ਸੰਪੂਰਨ ਕੀਤੀ ਗਈ ਹੈ। ਕਈ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ‘ਮਹਿਮਾ ਪ੍ਰਕਾਸ਼ ਵਾਰਤਕ’ ਵੀ ਇਹਨਾਂ ਦੀ ਹੀ ਰਚਨਾ ਹੈ, ਪਰ ਦੋਹਾਂ ਵਿਚਲੀ ਸਮਗਰੀ ਸਪਸ਼ਟ ਰੂਪ ਵਿੱਚ ਸੰਕੇਤ ਕਰਦੀ ਹੈ ਕਿ ‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਲੇਖਕ ਕੋਈ ਹੋਰ ਵਿਅਕਤੀ ਹੈ। ਸਰੂਪ ਦਾਸ ਭੱਲੇ ਦਾ ਪੇਸ਼ਕਾਰੀ ਢੰਗ ਵੀ ‘ਗੁਰ ਬਿਲਾਸ ਪਾਤਸਾਹੀ ੬’, ‘ਬੰਸਾਵਲੀਨਾਮਾ’ ਅਤੇ ‘ਮਹਿਮਾ ਪ੍ਰਕਾਸ਼ ਵਾਰਤਕ’ ਦੇ ਲੇਖਕਾਂ ਵਾਂਗ ਹੀ ਵਿਗਿਆਨਕ ਜਾਂ ਇਤਿਹਾਸਕ ਨਹੀਂ ਸਗੋਂ ਮਿਥਕ ਅਥਵਾ ਪੁਰਾਣਿਕ ਹੈ।
ਇਸ ਪੁਸਤਕ ਵਿੱਚ ਭਾਈ ਬਲਵੰਡ ਬਾਰੇ ਜੋ ਵਰਣਨ ਕੀਤਾ ਹੈ, ਸਿਵਾਏ ਕਿਤੇ ਕਿਤੇ ਕੁੱਝ ਵੱਖਰੇਪਨ ਦੇ, ਬਾਕੀ ‘ਮਹਿਮਾ ਪ੍ਰਕਾਸ਼ ਵਾਰਤਕ’ ਵਾਲਾ ਹੀ ਹੈ। ਭਾਵੇਂ ਦੋਨਾਂ ‘ਮਹਿਮਾ ਪ੍ਰਕਾਸ਼ਾਂ (ਵਾਰਤਕ’ ਅਤੇ ‘ਕਵਿਤਾ’ ) ਵਿੱਚ ਕਾਫ਼ੀ ਸਮਾਨਤਾ ਹੈ ਪਰ ਫਿਰ ਵੀ ਅਸੀਂ ‘ਮਹਿਮਾ ਪ੍ਰਕਾਸ ਕਵਿਤਾ’ ਦੀ ਲਿਖਤ ਪਾਠਕਾਂ ਦੀ ਜਾਣਕਾਰੀ ਲਈ ਸਾਂਝੀ ਕਰ ਰਹੇ ਹਾਂ।
‘ਮਹਿਮਾ ਪ੍ਰਕਾਸ਼ ਕਵਿਤਾ’ ਅਨੁਸਾਰ ਵੀ ਭਾਈ ਬਲਵੰਡ ਕਰਤਾਰ ਪੁਰ ਹੀ ਗੁਰੂ ਨਾਨਕ ਸਾਹਿਬ ਪਾਸ ਆਏ ਸੀ। ‘ਮਹਿਮਾ ਪ੍ਰਕਾਸ਼ ਵਾਰਤਕ’ ਅਤੇ ‘ਮਹਿਮਾ ਪ੍ਰਕਾਸ਼ ਕਵਿਤਾ’ ਦੇ ਕਥਨ ਵਿੱਚ ਕੇਵਲ ਇਤਨਾ ਕੁ ਅੰਤਰ ਹੈ ਕਿ ਪਹਿਲੇ ਦਾ ਲੇਖਕ ਗੁਰੂ ਨਾਨਕ ਸਾਹਿਬ ਵਲੋਂ ਭਾਈ ਬਲਵੰਡ ਜੀ ਨੂੰ ਤਲਵੰਡੀ ਤੋਂ ਬੁਲਾਉਣ ਦਾ ਵਰਣਨ ਕਰਦਾ ਹੈ ਜਦ ਕਿ ਦੂਜਾ ਭਾਈ ਬਲਵੰਡ ਜੀ ਦਾ ਆਪ ਹੀ ਗੁਰੂ ਨਾਨਕ ਸਾਹਿਬ ਪਾਸ ਜੰਗਲ ਦੇਸ਼ (ਮਾਲਵੇ) ਤੋਂ ਆਉਣ ਦਾ ਵਰਣਨ ਕਰਦਾ ਹੈ। ਇਸ ਤੋਂ ਇਲਾਵਾ ਸਰੂਪ ਦਾਸ ਭੱਲਾ ਭਾਈ ਬਲਵੰਡ ਜੀ ਨੂੰ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਤੋਂ ਇਲਾਵਾ ਗੁਰੂ ਸਾਹਿਬ ਦੇ ਖੇਤਾਂ ਅਤੇ ਘਰ ਦੇ ਕੰਮ ਵਿੱਚ ਹੱਥ ਵਟਾਉਣ ਦਾ ਵੀ ਵਰਣਨ ਕਰਦਾ ਹੈ।
“ਬਲਵੰਡ ਮਿਰਾਸੀ ਜੰਗਲ ਸੋ ਆਇਆ। ਸਦਾ ਕਰੇ ਭਜਨ ਸਤਗੁਰ ਮਨ ਭਾਇਆ। ਖੇਤੀ ਟਹਲ ਗ੍ਰਹ ਕੀ ਸਭ ਕਰੇ। ਖੇਤੀ ਦੁਆਰੇ ਕਾਜ ਅਨਸਰੇ।”
ਲੇਖਕ ਕਰਤਾਰ ਪੁਰ ਵਿੱਚ ਗੁਰੂ ਨਾਨਕ ਸਾਹਿਬ ਦੀ ਨਿਤ ਦੀ ਕਾਰ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ, “ਪਹਰ ਰਾਤ ਪਿਛਲੀ ਜਬ ਰਹੈ। ਜਾਗ੍ਰਤ ਬਿਰਤ ਦਿਆਲ ਗੁਰ ਗਹੇ। ਕਰ ਸੋਚਾਚਾਰ ਨਦੀ ਕੋ ਜਾਵੈ। ਲਹਨਾ ਜੀ ਪ੍ਰਭ ਸੰਗ ਸਿਧਾਵੈ। ਲੇ ਬਸਤ੍ਰ ਗੁਰ ਠਾਢੇ ਕੰਠੇ ਰਹੈ। ਸਤਗੁਰ ਜਲ ਮੋ ਤਪ ਬ੍ਰਿਤ ਗਹੈ। ਬਸਤ੍ਰ ਪਹਰ ਪੁਨ ਗ੍ਰਹ ਮੋ ਆਇ। ਕੋਠੜੀ ਭੀਤਰ ਬੈਠੇ ਜਾਇ। ਨਿਜ ਆਤਮ ਮਹਿ ਧਿਆਨ ਪ੍ਰਭ ਧਾਰੇ। ਪਰਮ ਆਤਮ ਸਭ ਸੰਗਤ ਬਿਚਾਰੈ। ਪੁਨ ਬਾਹਰ ਆਵੈ ਕੀਰਤਨ ਹੋਇ। ਬਜੈ ਰਬਾਬ ਅਨਹਦ ਧੁਨਿ ਸੋਇ। ਬਲਵੰਡ ਭਜਨ ਕਰੇ ਪ੍ਰਭ ਭਾਵੈ। ਕਰੈ ਭਜਨ ਪਹਰ ਏਕ ਬੀਤਾਵੈ।
ਦੁਪਹਿਰ ਕੋ ਬਾਬਾ ਤਹਾ ਬਿਰਾਜੈ। ਸੀਤਲ ਸੁਗੰਧ ਪਵਨ ਤਹ ਰਾਜੈ. . ਸੰਧਿਆ ਸਮਾ ਕਰ ਭਜਨ ਬਤੀਤੇ। ਹੋਰਿ ਰਾਤ ਇਕਤ੍ਰ ਬਾਬਾ ਕੇ ਪ੍ਰੀਤੇ। ਹੋਇ ਨਿਰਬਾਨ ਕੀਰਤਨ ਅਖੰਡ। ਗਾਵੈ ਪ੍ਰੇਮ ਜੁਗਤ ਬਲਵੰਡ। ਅਰਧ ਰਾਤ ਕਤ ਕੀਰਤਨ ਹੋਇ। ਪੁਨ ਸਤਿਗੁਰ ਹਰੇ ਪਲੰਘ ਪਰ ਸੋਇ। ਇਹ ਜੁਗਤ ਰਾਤ ਦਿਨ ਹੋਇ ਬਿਤੀਤ। ਸਦ ਹੋਇ ਭਜਨ ਕੀਰਤਨ ਨਿਤ ਨੀਤ।”
‘ਮਹਿਮਾ ਪ੍ਰਕਾਸ਼ ਵਾਰਤਕ’ ਦੇ ਲੇਖਕ ਵਾਂਗ ‘ਮਹਿਮਾ ਪ੍ਰਕਾਸ਼ ਕਵਿਤਾ’ ਦਾ ਕਰਤਾ ਵੀ ਗੁਰੂ ਨਾਨਕ ਸਾਹਿਬ ਵਲੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਮੂਹ ਨਿਕਟ ਵਰਤੀਆਂ ਨੂੰ ਆਪਣੇ ਪਾਸ ਬੁਲਾਉਣ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ:
“ਪੁਨ ਦਿਆਲ ਸਭ ਸਖਾ ਬੁਲਾਏ। ਇਹ ਬਿਧ ਸਭ ਦੌੜੇ ਆਏ। ਬੁਢਾ ਭਗੀਰਥ ਅਉਰ ਸਧਾਰਨ। ਆਏ ਬਲਵੰਡ ਭਜਨ ਸੁਖ ਕਾਰਨ। “
ਭਾਵ: ਗੁਰੂ ਨਾਨਕ ਸਾਹਿਬ ਨੇ ਫਿਰ ਆਪਣੇ ਪ੍ਰੇਮੀ ਜਨਾਂ ਨੂੰ ਆਪਣੇ ਪਾਸ ਬੁਲਾਇਆ। ਸਤਿਗੁਰੂ ਜੀ ਦੇ ਪ੍ਰੇਮੀ ਜਨ ਭੱਜੇ ਹੋਏ ਗੁਰੂ ਨਾਨਕ ਸਾਹਿਬ ਪਾਸ ਆਏ। ਇਹ ਪ੍ਰੇਮੀ ਜਨ ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ ਅਤੇ ਭਾਈ ਬਲਵੰਡ ਜੀ ਸਨ।
‘ਮਹਿਮਾ ਪ੍ਰਕਾਸ਼ ਵਾਰਤਕ’ ਦੇ ਲੇਖਕ ਨੇ ਕੇਵਲ ਇਤਨਾ ਕੁ ਹੀ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ‘ਸੰਗਤ ਮਿਲਾਪੀ ਸਭ ਬੁਲਾਏ’ ਪਰ ‘ਮਹਿਮਾ ਪ੍ਰਕਾਸ਼ ਕਵਿਤਾ’ ਦਾ ਲੇਖਕ ਕੁੱਝ ਪ੍ਰਮੁਖ ਸਿੱਖਾਂ ਦੇ ਨਾਮ ਵੀ ਲਿਖਦਾ ਹੈ। ਇਹਨਾਂ ਪ੍ਰਮੁਖ ਸਿੱਖਾਂ ਵਿੱਚ ਲੇਖਕ ਭਾਈ ਬਲਵੰਡ ਜੀ ਦਾ ਵੀ ਵਰਣਨ ਕਰਦਾ ਹੈ।
‘ਮਹਿਮਾ ਪ੍ਰਕਾਸ਼’ ਕਵਿਤਾ ਦਾ ਕਰਤਾ ਗੁਰੂ ਨਾਨਕ ਸਾਹਿਬ ਵਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਕਹਿੰਦਾ ਹੋਇਆ ਦਰਸਾਉਂਦਾ ਹੈ ਕਿ, “. . ਤਬ ਬਾਬਾ ਜੀ ਇਹ ਬਚਨ ਬਖਾਨਾ। ਤੁਮ ਸੇਵਕ ਮੇਰੇ ਸਖਾ ਪੁਰਾਨਾ। ਮਮ ਨਿਜ ਉਪਦੇਸ ਦਿੜੇ ਜੇ ਕੋਇ। ਤਾਹ ਸਦਾ ਮਮ ਦਰਸਨ ਹੋਇ। ਮੇਰਾ ਸਰੂਪ ਗੁਰੂ ਅੰਗਤ ਜਾਨੋ। ਯਾ ਮੋ ਭੇਦੁ ਨ ਰੰਚਕ ਆਨੋ। ਜੋ ਭੇਦ ਬੁਝੇ ਤਿਨ ਦਰਸਨ ਨਾਹ। ਜਿਹ ਭੇਦੁ ਨਹੀ, ਸਦਾ ਦਰਸਨ ਪਾਇ।”
ਭਾਵ: ਗੁਰੂ ਨਾਨਕ ਸਾਹਿਬ ਨੇ ਇਹਨਾਂ ਗੁਰਸਿੱਖਾਂ ਨੂੰ ਇਹ ਕਿਹਾ ਕਿ ਤੁਸੀਂ ਸਾਰੇ ਮੇਰੇ ਪੁਰਾਣੇ ਮਿੱਤਰ ਹੋ। ਜੋ ਕੋਈ ਵੀ ਮੇਰੇ ਉਪਦੇਸ਼ ਨੂੰ ਕਮਾਵੇਗਾ, ਉਸ ਨੂੰ ਸਦਾ ਹੀ ਮੇਰਾ ਦਰਸ਼ਨ ਹੋਵੇਗਾ। ਗੁਰੂ ਅੰਗਦ ਜੀ ਨੂੰ ਮੇਰਾ ਹੀ ਸਰੂਪ ਸਮਝਣਾ। ਇਸ ਗੱਲ ਵਿੱਚ ਰੰਚ-ਮਾਤਰ ਵੀ ਕਿਸੇ ਤਰ੍ਹਾਂ ਦਾ ਭੇਦ ਨਾ ਸਮਝਣਾ। ਜਿਹੜਾ ਇਹਨਾਂ ਵਿੱਚ ਅਤੇ ਸਾਡੇ ਵਿੱਚ ਭੇਦ ਸਮਝੇਗਾ, ਉਸ ਨੂੰ ਸਾਡਾ ਦਰਸ਼ਨ ਨਹੀਂ ਹੋਵੇਗਾ। ਜਿਹੜਾ ਇੱਕ ਸਮਝੇਗਾ ਉਹ ਸਦਾ ਦਰਸ਼ਨ ਕਰ ਸਕੇਗਾ।
ਗੁਰੂ ਨਾਨਕ ਪਾਤਸ਼ਾਹ ਸੰਗਤਾਂ ਨੂੰ ਇਹ ਉਪਦੇਸ਼ ਦੇ ਕੇ ਗੁਰੂ ਅੰਗਦ ਸਾਹਿਬ ਨੂੰ ਇਉਂ ਕਹਿੰਦੇ ਹਨ:
ਸੋਰਠਾ: ਗੁਰੂ ਬਾਬੇ ਕਿਰਪਾ ਧਾਰਿ ਗੁਰੂ ਅੰਗਤ ਸੋ ਐਸੇ ਕਹੀ। ਤੁਮ ਮਮ ਹਿਰਦੇ ਅਧਾਰ ਤੁਮ ਸਰਬਗ ਪੂਰਨ ਸਕਲ।
ਭਾਵ: ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਤੇ ਕਿਰਪਾ ਕਰਕੇ ਇਸ ਤਰ੍ਹਾਂ ਕਿਹਾ ਕਿ ਤੁਸੀਂ ਮੇਰੇ ਹਿਰਦੇ ਦੇ ਆਧਾਰ ਅਤੇ ਸਰਬ ਗੁਣ ਸਪੰਨ ਹੋ।
ਚੌਪਈ: ਬਲਵੰਡ ਰਬਾਬੀ ਤੁਮ ਸੰਗ ਜਾਵੈ। ਸਮੇਂ ਸਮੇ ਹਰਿ ਭਜਨ ਸੁਨਾਵੈ। ਇਸ ਪਰ ਦਇਆਵੰਤ ਸਦ ਰਹੀਐ। ਦਾਤਨ ਮੋ ਜਿਮ ਜੀਭ ਰਖਈਐ। ਮੈ ਬਿਦਾ ਕਰੌ ਖਡੂਰ ਅਬ ਜਾਵੋ। ਪਰਮਾਨੰਦ ਪਦ ਸਹਜ ਸਮਾਵੋ।
ਭਾਵ: ਬਲਵੰਡ ਰਬਾਬੀ ਤੁਹਾਡੇ ਨਾਲ ਜਾਵੇਗਾ ਜੋ ਸਮੇਂ ਸਮੇਂ ਹਰੀ ਦਾ ਕੀਰਤਨ ਤੁਹਾਨੂੰ ਸੁਣਾਵੇਗਾ। ਇਸ ਉੱਤੇ ਸਦਾ ਹੀ ਦਇਆਵਾਨ ਰਹਿਣਾ। ਜਿਸ ਤਰ੍ਹਾਂ ਦੰਦਾਂ ਵਿੱਚ ਜੀਭ ਨੂੰ ਰੱਖੀਦਾ ਹੈ, ਇਸ ਤਰ੍ਹਾਂ ਭਾਈ ਬਲਵੰਡ ਦੀ ਸੰਭਾਲ ਕਰਨਾ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਖਡੂਰ ਜਾਣ ਦੀ ਆਗਿਆ ਕਰਦਿਆਂ ਹੋਇਆਂ ਆਸੀਸ ਦਿੱਤੀ ਕਿ ਆਤਮਕ ਆਨੰਦ ਵਿੱਚ ਟਿਕ ਕੇ ਸਦਾ ਪਰਮ ਆਨੰਦ ਵਿੱਚ ਸਮਾਏ ਰਹੋ।
ਇਸ ਪੁਸਤਕ ਕਰਤੇ ਅਨੁਸਾਰ ਗੁਰੂ ਨਾਨਕ ਸਾਹਿਬ ਦੀ ਆਗਿਆ ਮੂਜਬ ਗੁਰੂ ਅੰਗਦ ਸਾਹਿਬ ਭਾਈ ਬਲਵੰਡ ਜੀ ਨੂੰ ਆਪਣੇ ਨਾਲ ਹੀ ਖਡੂਰ ਲੈ ਕੇ ਆਉਂਦੇ ਹਨ। ਲੇਖਕ ‘ਖਡੂਰ ਮੋ ਸ੍ਰੀ ਗੁਰੂ ਅੰਗਦ ਜੀ ਕੇ ਲੋਪ ਹੋਇ ਰਹਨੇ ਅਰੁ ਭਾਈ ਬੁਢੇ ਕੇ ਮਿਲਾਪ ਕੀ’ ਵਾਲੀ ਸਾਖੀ ਵਿੱਚ ਲਿਖਦਾ ਹੈ:
ਚੌਪਈ: ਮਿਲ ਮਾਈ ਸਭ ਚਰਨਨ ਪਰੇ। ਹਾਥ ਜੋਰ ਸਭ ਬਿਨਤੀ ਕਰੇ। ਹੇ ਦਿਆਲ ਅਬ ਬਾਹਰ ਆਈਐ। ਬੈਠ ਸਿੰਘਾਸਨ ਦਰਸ ਦਿਖਾਈਐ। ਬਿਨੇ ਬਚਨ ਸਭ ਕੇ ਮਨ ਭਾਏ। ਤਬ ਗੁਰੂ ਅੰਗਤ ਬਾਹਰ ਆਏ। ਦੇਖ ਦਰਸ ਸਗਲੇ ਮਗਨਾਨੇ। ਗੁਰੂ ਅੰਗਦ ਬਾਬਾ ਪਹਚਾਨੇ। ਬਲਵੰਡ ਆਨ ਚਰਨਨ ਪਰ ਪਰਾ। ਅਤ ਬਿਓਗ ਦਰਸਨ ਕਰਾ। ਗੁਰੂ ਅੰਗਦ ਜੀ ਦੀਓ ਦਿਲਾਸਾ। ਕਰੋ ਭਜਨ ਹੋਇ ਪਰਮ ਬਿਲਾਸਾ।
ਭਾਵ: ਮਾਈ ਭਿਰਾਈ ਜੀ ਸਮੇਤ ਸਾਰਿਆਂ ਨੇ ਗੁਰੂ ਸਾਹਿਬ ਦੇ ਚਰਨਾਂ `ਤੇ ਨਮਸ਼ਕਾਰ ਕਰ ਕੇ ਬੇਨਤੀ ਕੀਤੀ ਕਿ ਹੇ ਦਿਆਲ ਸਤਿਗੁਰੂ ਜੀ ਹੁਣ ਬਾਹਰ ਸਿਘਾਸਨ ਤੇ ਬੈਠ ਕੇ ਸਾਰਿਆਂ ਨੂੰ ਦਰਸ਼ਨ ਦਿਓ। ਗੁਰੂ ਜੀ ਸਾਰਿਆਂ ਦੀ ਬੇਨਤੀ ਸੁਣ ਕੇ ਬਾਹਰ ਆ ਗਏ। ਹਜ਼ੂਰ ਦੇ ਦਰਸ਼ਨ ਕਰਕੇ ਸਾਰਿਆਂ ਨੂੰ ਬੜੀ ਖ਼ੁਸ਼ੀ ਹੋਈ। ਭਾਈ ਬਲਵੰਡ ਗੁਰੂ ਸਾਹਿਬ ਦੇ ਚਰਨਾਂ ਤੇ ਆ ਡਿੱਗੇ। ਭਾਈ ਬਲਵੰਡ ਜੀ ਦਾ ਮਨ ਵੀ ਅਤਿਅੰਤ ਵਿਜੋਗ ਦੀ ਅਵਸਥਾ ਵਿੱਚ ਸੀ। ਸਤਿਗੁਰੂ ਜੀ ਦੇ ਪਿਆਰ ਵਿੱਚ ਬਹਿਬਲ ਹੋਏ ਹੋਏ ਭਾਈ ਬਲਵੰਡ ਜੀ ਨੂੰ ਸਤਿਗੁਰੂ ਜੀ ਨੇ ਧੀਰਜ ਦੇਂਦਿਆਂ ਹੋਇਆ ਕਿਹਾ ਕਿ ਪ੍ਰੇਮ ਨਾਲ ਕੀਰਤਨ ਕਰੋ।
‘ਮਹਿਮਾ ਪ੍ਰਕਾਸ਼ ਵਾਰਤਕ’ ਵਿੱਚ ਇਹ ਲਿਖਿਆ ਹੈ ਕਿ ਜਦ ਬਾਬਾ ਬੁੱਢਾ ਜੀ ਖਡੂਰ ਆਉਂਦੇ ਹਨ ਤਾਂ ਭਾਈ ਬਲਵੰਡ ਜੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਹਨ ਕਿ ਗੁਰੂ ਸਾਹਿਬ ਦੇ ਦਰਸ਼ਨ ਕੀਤਿਆਂ ਛੇ ਮਹੀਨੇ ਬੀਤ ਗਏ ਹਨ ਤੁਸੀਂ ਦਰਵਾਜ਼ਾ ਖੋਲੋ ਤਾਂ ਕਿ ਅਸੀਂ ਵੀ ਸਾਰੇ ਹਜ਼ੂਰ ਦੇ ਦਰਸ਼ਨ ਕਰ ਸਕੀਏ।
‘ਮਹਿਮਾ ਪ੍ਰਕਾਸ਼ ਵਾਰਤਕ’ ਵਿੱਚ ਇਸ ਗੱਲ ਦਾ ਕੋਈ ਵਰਣਨ ਨਹੀਂ ਕੀਤਾ ਗਿਆ ਹੈ ਕਿ ਗੁਰੂ ਸਾਹਿਬ ਨੇ ਭਾਈ ਬਲਵੰਡ ਜੀ ਨੂੰ ਧੀਰਜ ਦੇਣ ਦੇ ਨਾਲ ਇਹ ਕਿਹਾ ਹੋਵੇ ਕਿ ਉਹ ਹੁਣ ਕੀਰਤਨ ਦੀ ਸੇਵਾ ਨਿਭਾਉਣ।
‘ਮਹਿਮਾ ਪ੍ਰਕਾਸ਼ ਕਵਿਤਾ’ ਦਾ ਕਰਤਾ ਗੁਰੂ ਅੰਗਦ ਸਾਹਿਬ ਦੀ ਨਿਤ ਕ੍ਰਿਆ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ, “ਰਹੇ ਪਹਰ ਰਾਤ ਅਮ੍ਰਿਤ ਸੁਭ ਕਾਲ। ਸਿਹਜਾ ਸੈਨ ਤੇ ਉਠੇ ਦਿਆਲ। ਕਰ ਸੋਚਾਚਾਰ ਪੁਨ ਕਰੇ ਦਤੌਨ। ਮੁਖਾਰਬਿੰਦ ਧੋਏ ਪੁਨ ਚਰਨ। ਅਮ੍ਰਿਤ ਸਨਾਨ ਕਰ ਆਸਨ ਬਹੇ। ਨਿਜ ਆਨੰਦ ਸਦ ਨਿਹਚਲ ਰਹੇ। ਹੋਰ ਨਿਰਬਿਕਲਪ ਸੁਖ ਸਹਜ ਸਮਾਧ। ਜਹਾ ਪਾਪ ਪੁੰਨ ਨਹੀਂ ਆਧ ਬਿਆਧ। ਜਬ ਹੋਇ ਉਜਿਆਰਾ ਪ੍ਰਾਤਹਕਾਲ। ਅਮ੍ਰਿਤ ਦ੍ਰਿਸਟ ਤਬ ਦੇਖੈ ਦਿਆਲ। ਰੋਗੀ ਦੁਖੀ ਸਭ ਦਰਸਨ ਕਰੈ। ਪਰਤ ਦ੍ਰਿਸਟ ਕਿਲਬਿਖ ਦੁਖ ਹਰੇ। ਪੁਨ ਰਾਇ ਬਲਵੰਡ ਰਬਾਬੀ ਆਵੈ। ਧੁਨ ਰਾਗ ਸੁਧਾਰ ਗੁਰਬਾਨੀ ਗਾਵੈ। ਨਿਰਬਾਨ ਕੀਰਤਨ ਮਹਾ ਬਿਲਾਸ। ਜਿਸ ਦਰਸ ਪਰਸ ਤਿਸ ਪੂਰਨ ਆਸ। . . ਪਹਰ ਦਿਵਸ ਜਬ ਬਾਕੀ ਰਹੇ। ਤਬ ਸਤਿਗੁਰ ਆਨ ਸਿੰਘਾਸਨ ਬਹੇ। ਬਲਵੰਡ ਸਬਦ ਕੀ ਚੌਕੀ ਕਰੇ। ਸਭ ਸੁਨੇ ਭਜਨ ਲੇ ਮਨ ਮੋ ਧਰੇ। (ਸਾਖੀ ਸਤਿਗੁਰ ਜੀ ਕੇ ਨਿਤ ਕਰਮ ਬਿਵਹਾਰ ਜਗ ਵਰਤਮਾਨ ਨਿਰੂਪਨ) (ਚੱਲਦਾ)
.