.

ਅੱਣਖ ਲਈ ਹੁੰਦੇ ਕਤਲ ਔਰਤ ਦਾ ਸਭ ਤੋਂ ਵੱਡਾ ਅਪਮਾਨ ਹੈ।

-ਰਘਬੀਰ ਸਿੰਘ ਮਾਨਾਂਵਾਲੀ


ਔਰਤ ਨੂੰ ਉਸ ਦੇ ਅਧਿਕਾਰਾਂ ਤੋਂ ਵਾਂਝੇ ਰੱਖਣ ਅਤੇ ਉਸ ‘ਤੇ ਜ਼ੁਲਮ ਕਰਨ ਦਾ ਅਮਲ ਪਿੱਛਲੇ ਲੰਮੇ ਸਮੇਂ ਤੋਂ ਚਲਿਆ ਆ ਰਿਹਾ ਹੈ। ਪਰ ਪਿ਼ਛਲੇ ਦੋ ਕੁ ਦਹਾਕਿਆਂ ਤੋਂ ਤਾਂ ਔਰਤ ਦੀ ਸਥਿਤੀ ਬਹੁਤ ਤਰਸਯੋਗ ਬਣ ਗਈ ਹੈ। ਕੁੱਖ ਵਿਚ ਕਤਲ ਕਰਕੇ ਔਰਤ ਦਾ ਜਨਮ ਲੈਣ ਦਾ ਹੱਕ ਵੀ ਅੱਜ ਉਸ ਤੋਂ ਖੋਹਿਆ ਜਾ ਰਿਹਾ ਹੈ। ਸਾਡਾ ਸਮਾਜ ਕੋਈ ਨਾ ਕੋਈ ਬਹਾਨਾ ਬਣਾ ਕੇ ਔਰਤ ਨੂੰ ਖ਼ਤਮ ਕਰ ਰਿਹਾ ਹੈ। ਕਦੀ ਕਿਸੇ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਕੇ ਕਤਲ ਕਰਨ ਦੀਆਂ…ਕਦੀ ਪਤੀ ਵਲੋਂ ਸਤਾਈ ਪਤਨੀ ਵਲੋਂ ਆਪਣੀਆਂ ਮਾਸੂਮ ਧੀਆਂ ਨਾਲ ਨਹਿਰ ਵਿਚ ਛਾਲ ਮਾਰ ਕੇ ਖੁਦਕਸ਼ੀ ਕਰਨ ਦੀਆਂ… ਕਦੀ ਦਾਜ਼ ਘੱਟ ਲਿਆਉਣ ਕਰਕੇ ਸਹੁਰਿਆਂ ਵਲੋਂ ਸਾੜ ਕੇ ਮਾਰਨ ਦੀਆਂ…। ਕਦੀ ਇਕ ਤੋਂ ਵੱਧ ਲੜਕੀਆਂ ਜੰਮਣ ਵਾਲੀ ਔਰਤ ਨੂੰ ਤੰਗ ਕਰਕੇ ਮਰਨ ਲਈ ਮਜਬੂਰ ਕਰਨ ਦੀਆਂ ਤੇ ਕਦੀ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਮਾਰਨ ਦੀਆਂ ਖਬਰਾਂ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ। ਇਸ ਕਿਸਮ ਦੀਆਂ ਸਾਰੀਆਂ ਖਬਰਾਂ ਵਿਚ ਔਰਤ ਨਾਲ ਕੀਤੀ ਜਿ਼ਆਦਤੀ ਅਤੇ ਜ਼ੁਲਮ ਦੀ ਕਹਾਣੀ ਹੀ ਸਾਹਮਣੇ ਆਉਂਦੀ ਹੈ।
ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਵਾਲੇ ਜੋੜਿਆਂ ਨੂੰ ਮਾਪਿਆਂ ਵਲੋਂ ਅੱਣਖ ਲਈ ਕਤਲ ਕਰਨ ਦੀਆਂ ਖਬਰਾਂ ਵੀ ਲਗਭਗ ਹਰ ਦੂਜੇ ਚੌਥੇ ਦਿਨ ਅਖਬਾਰਾਂ ਵਿਚ ਛੱਪਦੀਆਂ ਰਹਿੰਦੀਆਂ ਹਨ। ਅੱਜ ਝੂਠੀ ਅਣੱਖ ਦੇ ਨਾਮ ‘ਤੇ ਕੀਤੀਆਂ ਜਾ ਰਹੀਆਂ ਇਹ ਕਾਰਵਾਈਆਂ ਗੰਭੀਰ ਚਿੰਤਾ ਦਾ ਵਿਸ਼ਾ ਹਨ। ਧੀਆਂ ਦੇ ਹੁੰਦੇ ਇਸ ਕਿਸਮ ਦੇ ਕਤਲਾਂ ਨੂੰ ਹਰ ਹਾਲ ਵਿਚ ਰੋਕਣਾ ਚਾਹੀਦਾ ਹੈ । ਕਿਉਂਕਿ ਮੌਤ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਇਹ ਸਾਡੇ ਸਮਾਜ ਲਈ ਨਮੋਸ਼ੀ ਵਾਲੀ ਗੱਲ ਹੈ।
ਭਾਂਵੇਂ ਗੁਰੂ ਸਾਹਿਬਾਨਾਂ ਨੇ ਬਾਣੀ ਅਤੇ ਗੁਰੂ ਘਰਾਂ ਵਿਚ ਔਰਤ ਨੂੰ ਬਹੁਤ ਮਾਣ ਅਤੇ ਸਤਿਕਾਰ ਦਿਤਾ ਹੈ। ਫਿਰ ਵੀ ਗੁਰੂ ਦੇ ਸਿੱਖ ਔਰਤ 'ਤੇ ਜ਼ੁਲਮ ਕਰਨ ਲਈ ਘੱਟ ਨਹੀਂ ਗੁਜ਼ਾਰ ਰਹੇ। ਉਹਨਾਂ ਨੇ ਬਾਣੀ ਨੂੰ ਪੱਲੇ ਨਹੀਂ ਬੰਨ੍ਹਿਆ ਤੇ ਸਿਆਣਪ ਤੋਂ ਬਿਨ੍ਹਾਂ ਅਤੇ ਮਰਦਊਪੁਣੇ ਵਿਚ ਔਰਤ 'ਤੇ ਜ਼ੁਲਮ ਕਰਕੇ ਗੁਰੂ ਦੇ ਹੁਕਮ ਦਾ ਨਿਰਾਦਰ ਕੀਤਾ ਹੈ।
ਅੱਜ ਦੀ ਔਰਤ ਪੱਥਰ ਯੁੱਗ ਦੀ ਔਰਤ ਨਹੀਂ ਹੈ। ਨਾ ਹੀ ਉਹ ‘ਗਊ’ ਦੀ ਜੂਨ ਭੋਗ ਰਹੀ ਹੈ। ਕਿ ਮਾਂ ਪਿਉ, ਉਸ ਨੂੰ ਜਿਸ ਮਰਜ਼ੀ ਮਰਦ ਦੇ ਲੜ ਲਾ ਦੇਣਗੇ ਅਤੇ ਉਹ ‘ਸਤ ਬਚਨ’ ਕਹਿ ਕੇ ਸਿਰ ਝੁਕਾਅ ਦੇਵੇਗੀ। ਅੱਖਰ ਗਿਆਨ ਤੋਂ ਮਿਲੀ ਸੋਝੀ ਨਾਲ ਹੁਣ ਉਹ ਆਪਣੀਆਂ ਅੰਦਰੂਨੀ ਭਾਵਨਾਵਾਂ ਦਾ ਪ੍ਰਗਟਾਵਾ ਖੁਲ੍ਹ ਕੇ ਕਰ ਰਹੀ ਹੈ। ਤੇ ਪੜ੍ਹ ਲਿਖ ਕੇ ਉਹ ਅੱਜ ਆਪਣੇ ਆਪ ਨੂੰ ਅਜ਼ਾਦ ਮਹਿਸੂਸ ਕਰ ਰਹੀ ਹੈ । ਵਿਦਵਾਨ ਲੇਖਕ ਔਰਤ ਦੇ ਹੱਕ ਵਿਚ ਗੱਲ਼ ਕਰਦੇ ਹਮੇਸ਼ਾ ਇਹ ਕਹਿੰਦੇ ਹਨ ਕਿ ‘ਔਰਤ ਅਬਲਾ ਨਹੀਂ, ਸ਼ਕਤੀ ਹੈ’। ਫਿਰ ਅੱਣਖਾਂ ਦੇ ਠੇਕੇਦਾਰ ਔਰਤ ਨੂੰ ‘ਸ਼ਕਤੀ’ ਦੇ ਰੂਪ ਵਿਚ ਕਿਉਂ ਨਹੀਂ ਬਰਦਾਸ਼ਤ ਕਰ ਰਹੇ?
ਅੱਜ ਪਰਿਵਾਰ ਦੇ ਵੱਡੇ-ਵਡੇਰੇ ਅਤੇ ਪੁਰਾਣੇ ਵਿਚਾਰਾਂ ਦੇ ਲੋਕ, ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਵਾਲੇ ਜੋੜਿਆਂ ਨੂੰ ਮੂਲੀਆਂ-ਗਾਜਰਾਂ ਵਾਂਗ ਵੱਢ ਕੇ ਆਪਣੀ ਦਹਿਸ਼ਤ ਅਤੇ ਦਬਦਬਾ ਕਾਇਮ ਕਰਨਾ ਚਾਹੁੰਦੇ ਹਨ। ਆਪਣੀ ਮਰਜ਼ੀ ਨਾਲ ਵਿਆਹ ਕਰੌਣ ਕਰਕੇ ਅੱਣਖਾਂ ਤੇ ਇੱਜ਼ਤਾਂ ਖੁਆਰ ਨਹੀਂ ਹੁੰਦੀਆਂ। ਸਗੋਂ ਇਸ ਤਰਾਂਹ ਜਾਤਾਂ-ਪਾਤਾਂ, ਅਮੀਰੀ-ਗਰੀਬੀ, ਊਚ-ਨੀਚ ਅਤੇ ਦਾਜ਼-ਦਹੇਜ਼ ਦੀਆਂ ਬੁਰਾਈਆਂ ਖ਼ਤਮ ਹੋ ਰਹੀਆਂ ਹਨ। ਇਹਨਾਂ ਹੀ ਬੁਰਾਈਆ ਨੂੰ ਗੁਰੂ ਸਾਹਿਬ ਨੇ ਖਤਮ ਕਰਨ ਦਾ ਹੁਕਮ ਕੀਤਾ ਸੀ। ਅੱਜ ਮਾਸੂਮ ਲੜਕੀਆਂ ਅਤੇ ਔਰਤਾਂ ਨਾਲ ਕੀਤੀਆਂ ਬਲਾਤਕਾਰ ਦੀਆਂ ਘਟਨਾਵਾਂ ਕਾਰਨ ਇੱਜ਼ਤਾਂ ਖੁਆਰ ਹੁੰਦੀਆਂ ਹਨ। ਪਰ ਬਲਾਤਕਾਰੀਆਂ ਨੂੰ ਸਿਆਸੀ ਦਬਾਅ ਹੇਠ ਸਜ਼ਾ ਨਹੀਂ ਮਿਲ ਰਹੀ। ਗਰੀਬਾਂ ਦੀਆਂ ਧੀਆਂ ਨਾਲ ਕੀਤੀ ਖੇਹ-ਖਰਾਬੀ ਦੀਆਂ ਰਿਪੋਰਟਾਂ ਵੀ ਪੁਲਿਸ ਦਰਜ਼ ਨਹੀਂ ਕਰਦੀ। ਇਸ ਤਰਾਂਹ ਗਰੀਬਾਂ ਅਤੇ ਨਾ-ਪੁਹੰਚ ਵਾਲੇ ਲੋਕਾਂ ਦੀਆਂ ਇੱਜ਼ਤਾਂ ਨੂੰ ਸ਼ਰੇਆਮ ਲੀਰੋ-ਲੀਰ ਕੀਤਾ ਜਾ ਰਿਹਾ ਹੈ। ਅੱਣਖਾਂ ਦੀ ਦੁਹਾਈ ਪਾਉਣ ਵਾਲਿਆਂ ਨੂੰ ਅਸਲ ਵਿਚ ਅਜਿਹੇ ਅਨਸਰਾਂ ਦਾ ਵਿਰੋਧ ਕਰਨਾ ਚਾਹੀਦਾ ਹੈ।
ਪੜ੍ਹਾਈ ਦੇ ਦੌਰਾਨ ਅਤੇ ਨੌਕਰੀ ਕਰਦੇ ਸਮੇਂ ਅਕਸਰ ਉਹਨਾਂ ਦਾ ਮੇਲ-ਜੋਲ ਲੜਕਿਆਂ ਨਾਲ ਹੁੰਦਾ ਹੈ। ਦੋਹਾਂ ਦੇ ਸੁਭਾਅ ਆਪਸ ਵਿਚ ਮਿਲਦੇ ਹੋਣ ਕਰਕੇ ਉਹਨਾਂ ਦੀ ਆਪਸੀ ਖਿੱਚ ਵੱਧ ਜਾਂਦੀ ਹੈ। ਫਿਰ ਉਹ ਆਤਮ-ਵਿਸ਼ਵਾਸ ਨਾਲ ਵਿਆਹ ਵਰਗੇ ਪੱਕੇ ਰਿਸ਼ਤੇ ਵਿਚ ਬੱਝ ਜਾਣ ਦੇ ਵਾਅਦੇ ਕਰ ਲੈਂਦੇ ਹਨ। ਪਰ ਬਹੁਤੇ ਮਾਪੇ ਇਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਵਿਆਹ ਵਰਗੇ ਮਾਮਲੇ ਵਿਚ ਆਪਣੀ ਮਰਜ਼ੀ ਕਰਨ। ਭਾਵੇਂ ਬਹੁਤ ਵਾਰੀ ਬੱਚਿਆਂ ਵਲੋਂ ਕੀਤੀ ਆਪਣੇ ਸਾਥੀ ਦੀ ਚੋਣ ਬਹੁਤ ਸਹੀ ਅਤੇ ਜਾਇਜ਼ ਹੁੰਦੀ ਹੈ। ਫਿਰ ਵੀ ਮਾਪੇ ਵਿਰੋਧ ਕਰਦੇ ਹਨ। ਸਿਰਫ ਇਸ ਕਰਕੇ ਕਿ ਉਹਨਾਂ ਦੇ ਪਰਿਵਾਰ ਦੀ ਇਕ ਲੜਕੀ ਉਹਨਾਂ ਦੇ ਹੁੰਦਿਆਂ ਆਪਣੀ ਮਰਜ਼ੀ ਕਿਵੇਂ ਕਰ ਸਕਦੀ ਹੈ? ਮਰਜ਼ੀ ਕਰਨ ਦਾ ਅਧਿਕਾਰ ਤਾਂ ਸਿਰਫ ਮਰਦ ਕੋਲ ਹੀ ਰਾਖਵਾਂ ਹੈ। ਕਿਸੇ ਲੜਕੀ ਦਾ ਆਪਣੇ ਲਈ ਸਾਥੀ ਚੁਣਨ ਦਾ ਫੈਸਲਾ ਸੁਣ ਕੇ ਮਾਪੇ ਤਾਂ ਭਾਵੇਂ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੰਦੇ ਹਨ। ਪਰ ਲੜਕੀ ਦੇ ਤਾਏ, ਚਾਚੇ, ਭੂਆ ਅਤੇ ਮਾਮੇ ਉਸ ਲੜਕੀ ਵਿਰੁੱਧ ਸਖ਼ਤ ਭਾਸ਼ਾ ਬੋਲਦੇ ਤੁਰੰਤ ਲੜਕੀ ਨੂੰ ਕਤਲ ਕਰਨ ਦਾ ਤਾਲਿਬਾਨੀ ਹੁਕਮ ਸੁਣਾ ਦਿੰਦੇ ਹਨ। ਉਹ ਵਾਰ-ਵਾਰ ਲੜਕੀ ਦੇ ਮਾਂ-ਪਿਉ ਨੂੰ ਉਕਸਾਉਂਦੇ ਹੋਏ ਲੜਕੀ ਦੀ ਕੁੱਟਮਾਰ ਕਰਨ ਲਈ ਕਹਿੰਦੇ ਹਨ। ਕੁਝ ਮਾਪੇ ਸਮਝਦਾਰੀ ਨਾਲ ਸਕੇ-ਸਬੰਧੀਆਂ ਦੇ ਹੁਕਮਾਂ ਦੀ ਅਣਦੇਖੀ ਕਰਕੇ ਹਾਲਾਤ ਨੂੰ ਸੰਭਾਲ ਲੈਂਦੇ ਹਨ। ਪਰ ਬਹੁਤੇ ਮਾਪੇ ਸਕੇ-ਸਬੰਧੀਆਂ ਦੀ ਉਕਸਾਹਟ ਵਿਚ ਆ ਕੇ ਕੁਟ-ਮਾਰ ਕਰਕੇ ਲੜਕੀ ਨੂੰ ਮਾਰ ਮੁਕਾਉਣ ਦੀ ਕੋਸਿ਼ਸ਼ ਕਰਦੇ ਹਨ । ਉਸ ਨੂੰ ਘਰ ਵਿਚ ਕੈਦ ਕਰਕੇ ਉਸ ‘ਤੇ ਅਨੇਕਾਂ ਪਾਬੰਦੀਆਂ ਲਗਾ ਦਿੰਦੇ ਹਨ।
ਚੰਗਾ ਤਾਂ ਇਹ ਹੈ ਕਿ ਬੱਚੇ ਆਪਣੇ ਪਰਿਵਾਰ ਦੀ ਮਰਜ਼ੀ ਅਤੇ ਸਲਾਹ ਅਨੁਸਾਰ ਹੀ ਚੱਲਣ। ਕਿਸੇ ਵੀ ਲੜਕੀ ਜਾਂ ਲੜਕੇ ਨੂੰ ਵਿਆਹ ਵਰਗੇ ਮਹੱਤਵਪੂਰਨ ਫੈਸਲੇ 'ਤੇ ਜਲਦਬਾਜ਼ੀ ਵਿੱਚ ਅੰਤਿਮ ਫੈਸਲਾ ਨਹੀਂ ਲੈਣਾ ਚਾਹੀਦਾ। ਜਿਹਨਾਂ ਮਾਪਿਆਂ ਨੇ ਲੜਕੀ ਨੂੰ ਜਨਮ ਦਿਤਾ, ਪਾਲਿਆ-ਪਲੋਸਿਆ, ਪੜ੍ਹਾਇਆ-ਲਿਖਾਇਆ ਹੁੰਦਾ ਹੈ। ਉਹਨਾਂ, ਉਹਦੇ ਵਿਆਹ ਲਈ ਵੀ ਚੰਗਾ ਹੀ ਸੋਚਿਆ ਹੁੰਦਾ ਹੈ। ਸਾਡੇ ਸਮਾਜ ਵਿਚ ਲੜਕੀ ਨੂੰ ਪਰਿਵਾਰ ਦੀ ਅੱਣਖ ਸਮਝਿਆ ਜਾਂਦਾ ਹੈ। ਲੜਕੀ ਦੇ ਆਪਣੀ ਮਰਜ਼ੀ ਨਾਲ ਵਿਆਹ ਕਰ ਲੈਣ ਨਾਲ ਮਾਪੇ ਨਮੋਸ਼ੀ ਵਿਚ ਡੁੱਬ ਜਾਂਦੇ ਹਨ। ਜੇ ਲੜਕੀ ਨੇ ਆਪਣਾ ਵਰ ਆਪ ਚੁਣਿਆ ਹੈ ਤਾਂ ਉਸ ਬਾਰੇ ਪਰਿਵਾਰ ਨਾਲ ਹਰ ਤਰਾਂਹ ਦੀ ਸਹਿਮਤੀ ਬਨਾਉਣੀ ਬਹੁਤ ਜਰੂਰੀ ਹੈ। ਨਹੀਂ ਤਾਂ ਦੋਵੇਂ ਜੀਅ ਸਮਾਜ ਨਾਲੋਂ ਅਲੱਗ-ਥਲੱਗ ਹੋ ਕੇ ਰਹਿ ਜਾਂਦੇ ਹਨ। ਧੀਆਂ ਦਾ ਵਡੱਪਣ ਏਹੀ ਹੈ ਕਿ ਉਹ ਮਾਪਿਆਂ ਦੀ ਇੱਜ਼ਤ 'ਤੇ ਦਾਗ਼ ਨਾ ਲੱਗਣ ਦੇਣ। ਮਾਪਿਆਂ ਨੂੰ ਦੱਸਣ ਤੋਂ ਬਿਨ੍ਹਾਂ ਘਰੋਂ ਭੱਜ ਕੇ ਵਿਆਹ ਕਰਵਾਉਣਾ ਕਿਸੇ ਵੀ ਤਰਾਂਹ ਜਾਇਜ਼ ਨਹੀਂ ਹੈ। ਇਹ ਤਾਂ ਹਨੇਰੇ ਵਿਚ ਛਾਲ ਮਾਰਨ ਵਾਂਗ ਹੈ। ਉਹ ਛਾਲ ਕਿਸੇ ਖੂਹ-ਖਾਤੇ ਵਿਚ ਮਾਰਨ ਵਰਗੀ ਵੀ ਹੋ ਸਕਦੀ ਹੈ। ਪਰ ਮਰਜ਼ੀ ਨਾਲ ਵਿਆਹ ਕਰਵਾਉਣ ਵਾਲਿਆਂ ਨੂੰ ਮਾਪਿਆਂ ਵਲੋਂ ਕਤਲ ਕਰ ਦੇਣ ਨਾਲ ਵੀ ਸਮੱਸਿਆ ਹੱਲ ਨਹੀਂ ਹੋ ਜਾਂਦੀ, ਸਗੋਂ ਉਲਝਣਾਂ ਵੱਧ ਜਾਂਦੀਆਂ ਹਨ। ਪਰਿਵਾਰ ਤਬਾਹ ਹੋ ਜਾਂਦੇ ਹਨ। ਜਿੰਦਗੀ ਓਬੜ-ਖੌਬੜ ਰਸਤਿਆਂ ਵਿਚ ਫਸ ਜਾਂਦੀ ਹੈ। ਇਸ ਮਸਲੇ ਨੂੰ ਸਿਆਣਪ ਨਾਲ ਸੁਲਝਾ ਲੈਣਾ ਹੀ ਅਕਲਮੰਦੀ ਹੈ। ਅਪਰਾਧਾਂ ਵਿਚ ਧਸੇ ਬਹੁਤ ਸਾਰੇ ਨਸ਼ਈ ਕਿਸਮ ਦੇ ਲੜਕੇ ਮਾਸੂਮ ਲੜਕੀਆਂ ਨੂੰ ਵਿਆਹ ਦੇ ਝੂਠੇ ਵਾਦੇ ਅਤੇ ਸੁਪਨੇ ਦਿਖਾਅ ਕੇ ਵਰਗਲਾ ਲੈਂਦੇ ਹਨ। ਅਤੇ ਲੜਕੀਆਂ ਨੂੰ ਹੱਵਸ ਦਾ ਸਿ਼ਕਾਰ ਬਣਾ ਕੇ ਫਿਰ ਪਿੱਛਾ ਛਡਾਉਂਦੇ ਹਨ। ਇਸ ਤਰਾਂਹ ਉਹ ਲੜਕੀਆਂ ਨਾ ਘਰ ਦੀਆਂ ਅਤੇ ਨਾ ਘਾਟ ਦੀਆਂ ਰਹਿੰਦੀਆਂ ਹਨ । ਲੜਕੀਆਂ ਨੂੰ ਚਾਹੀਦਾ ਹੈ ਕਿ ਉਹ ਮਜ਼ਬੂਤ ਇਰਾਦੇ ਅਤੇ ਸਮਝਦਾਰੀ ਨਾਲ ਜਵਾਨੀ ਦੀਆਂ ਦਹਿਲੀਜ਼ਾਂ ਪਾਰ ਕਰਨ ਅਤੇ ਧੋਖੇ ਨਾ ਖਾਣ। ਹਰ ਕਦਮ ਪੁੱਟਣ ਤੋਂ ਪਹਿਲਾਂ ਮਾਪਿਆਂ ਬਾਰੇ ਜਰੂਰ ਦਿਲੋਂ ਸੋਚ ਲੈਣ।
ਹੁਣ ਸਮਾਂ ਬਹੁਤ ਅੱਗੇ ਲੰਘ ਚੁੱਕਾ ਹੈ। ਹਰੇਕ ਲੜਕੀ ਆਪਣੇ ਅਜ਼ਾਦੀ ਨਾਲ ਜਿਊਣ ਦੇ ਅਧਿਕਾਰਾਂ ਪ੍ਰਤੀ ਪੂਰੀ ਤਰਾਂਹ ਜਾਗਰੂਕ ਹੋ ਚੁੱਕੀ ਹੈ। ਅੱਜ ਉਹ ਪਰਿਵਾਰ ਦੇ ਮਰਦਾਂ ਵਲੋਂ ਠੋਸੇ ਜਾ ਰਹੇ ਤਾਨਾਸ਼ਾਹੀ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਹੈ। ਵਿਆਹ ਵਰਗਾ ਜਿੰਦਗੀ ਦਾ ਮਹੱਤਵਪੂਰਨ ਫੈਸਲਾ ਹੁਣ ਉਹ ਅੱਖਾਂ ਮੀਟ ਕੇ ਨਹੀਂ ਮੰਨਣਾ ਚਾਹੁੰਦੀ। ਆਪਣੀ ਮਰਜ਼ੀ ਨਾਲ ਚੁਣੇ ਹੋਏ ਜੀਵਨ ਸਾਥੀ ਦੇ ਫੈਸਲੇ ਦਾ ਮਾਪਿਆਂ ਵਲੋਂ ਵਿਰੋਧ ਕਰਨ ‘ਤੇ ਜੇ ਉਹ ਲੜਕੀ ਆਪਣੇ ਪਿਤਾ ਨੂੰ ਇਹ ਸਵਾਲ ਕਰਦੀ ਹੈ ਕਿ “ਜੇ ਮੇਰੇ ਭਰਾ ਨੂੰ ਆਪਣੀ ਜੀਵਨ ਸਾਥਣ ਚੁਣਨ ਦਾ ਅਧਿਕਾਰ ਹੈ ਤਾਂ ਮੈਨੂੰ ਕਿਉਂ ਨਹੀਂ ਹੈ?” ਤਾਂ ਇਸ ਦਾ ਕੀ ਜਵਾਬ ਹੋਵੇਗਾ?

ਕਈ ਲੜਕੀਆਂ ਵਲੋਂ ਆਪਣੇ ਲਈ ਚੁਣੇ ਹੋਏ ਜੀਵਨ ਸਾਥੀ ਦੇ ਬਾਰੇ ਆਪਣੇ ਮਾਪਿਆਂ ਨੂੰ ਦੱਸ ਦੇਣ ਤੋਂ ਬਾਅਦ ਵੀ ਜਦੋਂ ਉਸ ਦੇ ਫੈਸਲੇ ਨੂੰ ਮਾਪੇ ਠੁਕਰਾ ਕੇ ਆਪਣਾ ਕਠੋਰ ਹੁਕਮ ਉਸ ‘ਤੇ ਠੋਸਦੇ ਹਨ ਤਾਂ ਉਹ ਲੜਕੀ ਆਪਣੇ ਅਰਮਾਨਾਂ ਦਾ ਕਤਲ ਹੋ ਰਿਹਾ ਮਹਿਸੂਸ ਕਰਦੀ ਹੈ। ਉਸ ਨੂੰ ਆਪਣੀਆਂ ਆਸਾਂ ਤੇ ਉਮੀਦਾਂ ਟੁੱਟਦੀਆਂ ਜਾਪਦੀਆਂ ਹਨ। ਇਸ ਦੇ ਰੋਸ ਵਜੋਂ ਉਹ ਮਜਬੂਰ ਹੋ ਕੇ ਮਾਪਿਆਂ ਵਿਰੁੱਧ ਬਗਾਵਤ ਕਰ ਦਿੰਦੀ ਹੈ। ਉਸ ਘਰ ਦੇ ਸਾਰੇ ਸੁੱਖ ਅਰਾਮ ਤਿਆਗ ਕੇ ਉਹ ਘਰੋਂ ਜਾ ਕੇ ਆਪਣੀ ਮਰਜ਼ੀ ਨਾਲ ਵਿਆਹ ਕਰ ਲੈਂਦੀ ਹੈ। ਅਜਿਹੀ ਬਗਾਵਤ ਉਹ ਲੜਕੀ ਹੀ ਕਰਦੀ ਹੈ , ਜਿਸ ਨੂੰ ਪਤਾ ਹੁੰਦਾ ਹੈ ਕਿ ਉਸਦੇ ਮਾਪੇ ਕਦੀ ਵੀ ਉਸ ਦੀ ਗੱਲ ਨਹੀਂ ਮੰਨਣਗੇ। ਲੜਕੀ ਦੇ ਇਸ ਫੈਸਲੇ ਨਾਲ ਮਾਪੇ ਆਪਣੀ ਬੇਇਜ਼ਤੀ ਹੋਈ ਸਮਝ ਕੇ ਆਪਣੀ ਲੜਕੀ ਨਾਲੋਂ ਨਾਤਾ ਤੋੜ ਲੈਂਦੇ ਹਨ। ਜਦੋਂ ਕਿ ਅਜਿਹੇ ਸਮੇਂ ਉਹਨਾਂ ਨੂੰ ਸੰਭਾਲਣ ਅਤੇ ਉਹਨਾਂ ਪ੍ਰਤੀ ਨਰਮੀ ਵਰਤਣ ਦੀ ਜਰੂਰਤ ਹੁੰਦੀ ਹੈ। ਮਾਪਿਆਂ ਦੀ ਮਦਦ ਤੋਂ ਬਿਨ੍ਹਾਂ ਬੱਚੇ ਆਰਥਿਕ ਤੌਰ ‘ਤੇ ਸਫਲ ਨਹੀਂ ਹੋ ਸਕਦੇ। ਪਰ ਮਾਪਿਆਂ ਤੋਂ ਕੋਈ ਸਹਿਯੋਗ ਨਾ ਮਿਲਣ ਕਰਕੇ ਵਿਆਹ ਕਰਾਉਣ ਵਾਲੇ ਜੋੜੇ ਆਰਥਿਕ ਤੌਰ ‘ਤੇ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ ਅਤੇ ਤੰਗੀ ਭਰਿਆ ਜੀਵਨ ਗੁਜ਼ਾਰਨ ਲਈ ਮਜਬੂਰ ਹੋ ਜਾਂਦੇ ਹਨ। ਇਸ ਤੰਗੀ ਵਿਚ ਕਈ ਲੜਕੇ ਉਹਨਾਂ ਲੜਕੀਆਂ ਦਾ ਸਾਥ ਛੱਡ ਜਾਂਦੇ ਹਨ। ਉਸ ਵਕਤ ਲੜਕੀ ਦਾ ਕੋਈ ਸਹਾਰਾ ਨਾ ਹੋਣ ਕਰਕੇ ਉਹ ਮਜਬੂਰਨ ਜਿਸਮ ਫਿਰੋਸ਼ੀ ਦੇ ਧੰਦੇ ਵਿਚ ਧੱਸ ਜਾਂਦੀ ਹੈ। ਤੇ ਕਈ ਲੜਕੀਆਂ ਨਾਰੀ ਨਿਕੇਤਨਾਂ ਵਿਚ ਰੁਲਦੀਆਂ ਹਨ ਤੇ ਕਈ ਆਤਮਘਾਤ ਕਰਨ ਲਈ ਮਜਬੂਰ ਹੋ ਜਾਂਦੀਆਂ ਹਨ। ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੇ ਜੋੜਿਆਂ ਦੇ ਦੁੱਖ-ਸੁੱਖ ਨਾਲ ਹਮੇਸ਼ਾ ਉਹਨਾਂ ਦੇ ਮਾਪਿਆਂ ਦਾ ਨਾਮ ਹੀ ਜੁੜਦਾ ਹੈ ਅਤੇ ਉਹ ਉਹਨਾਂ ਦੀ ਹੀ ਸੰਤਾਨ ਅਤੇ ਇੱਜ਼ਤ ਅਖਵਾਈ ਜਾਂਦੀ ਹੈ । ਬੱਚਿਆਂ ਨਾਲੋਂ ਰਿਸ਼ਤਾ ਤੋੜਨ ਨਾਲ ਕੀ ਮਾਪਿਆਂ ਦੀ ਅੱਣਖ ਅਤੇ ਇੱਜ਼ਤ ਮੁੜ ਆਉਂਦੀ ਹੈ? ਇੱਜ਼ਤ ਤਾਂ ਉਦੋਂ ਮੁੜਦੀ ਹੈ ਜਦੋਂ ਮਾਪੇ ਆਪਣੇ ਭੁਲੇ-ਭੱਟਕਿਆਂ ਬੱਚਿਆਂ ਨੂੰ ਮੁੜ ਗਲੇ ਲਗਾ ਲੈਂਦੇ ਹਨ। ਅਜਿਹਾ ਕਰਨ ਨਾਲ ਜਿਥੇ ਮਾਪਿਆਂ ਦੇ ਮਨ ਸ਼ਾਂਤ ਹੋ ਜਾਂਦੇ ਹਨ, ਉਥੇ ਤਰਾਂਹ-ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਸ਼ਰੀਕੇ ਦੇ ਮੂੰਹ ਨੂੰ ਵੀ ਜੰਦਰੇ ਵੱਜ ਜਾਂਦੇ ਹਨ। ਲੜਕੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਤਰਾਂਹ ਦਾ ਕੋਈ ਵੀ ਕਦਮ ਆਪਣੇ ਮਾਪਿਆਂ ਦੀ ਸਲਾਹ ਤੋਂ ਬਿਨ੍ਹਾਂ ਨਾ ਚੁੱਕਣ। ਜਿਸ ਕਰਕੇ ਉਸ ਦੇ ਮਾਪੇ ਨਮੋਸ਼ੀ ਮਹਿਸੂਸ ਕਰਨ। ਉਹ ਘਰ ਵਿਚ ਰਹਿ ਕੇ ਹੀ ਆਪਣੇ ਮਹੱਤਵਪੂਰਨ ਫੈਸਲੇ ਲਈ ਮਾਪਿਆਂ ਨੂੰ ਮਨਾਉਣ ਅਤੇ ਮਾਪੇ ਵੀ ਆਪਣੇ ਫੈਸਲੇ ਜ਼ਬਰਦਸਤੀ ਬੱਚਿਆਂ ‘ਤੇ ਨਾ ਠੋਸਣ ਅਤੇ ਸਮੇਂ ਦੇ ਹਿਸਾਬ ਨਾਲ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਫੈਸਲੇ ਕਰਨ। ਜੇ ਕੋਈ ਲੜਕੀ ਮਾਪਿਆ ਦੀ ਮਰਜ਼ੀ ਦੇ ਅੱਗੇ ਆਪਣੀ ਪਸੰਦ ਦਾ ਤਿਆਗ ਕਰਦੀ ਹੈ ਅਤੇ ਉਹਨਾਂ ਦੀ ਮਰਜ਼ੀ ਅਨੁਸਾਰ ਵਿਆਹ ਕਰਦੀ ਹੈ ਤਾਂ ਮਾਪਿਆਂ ਵਲੋਂ ਚੁਣਿਆ ਲੜਕਾ ਜੇ ਨਿਕੰਮਾ ਅਤੇ ਨਸ਼ਈ ਹੋਵੇ ਅਤੇ ਜਿੰਦਗੀ ਭਰ ਉਹ ਲੜਕੀ ਦੀ ਮਾਰ-ਕੁੱਟ ਕਰਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਰਵੇ੍ਹ ਤਾਂ ਕੌਣ ਜ਼ੁੰਮੇਵਾਰ ਹੈ? ਕੀ ਅੱਣਖਾਂ 'ਤੇ ਇੱਜ਼ਤਾਂ ਵਾਲਿਆਂ ਨੇ ਇਸ ਤਰਾਂਹ ਦੇ ਨਸ਼ਈ ਲੜਕਿਆਂ ਨੂੰ ਸੁਧਾਰਨ ਦਾ ਯਤਨ ਕੀਤਾ ਹੈ?
ਬੜਾ ਜਰੂਰੀ ਹੈ ਕਿ ਘਰ ਵਿਚ ਮਾਪਿਆਂ ਵਲੋਂ ਲੜਕੀ ਦੇ ਵਿਆਹ ਲਈ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਲੜਕੀ ਨੂੰ ਕੋਲ ਬਿਠਾਲ ਕੇ ਨਰਮ ਰਵੱਈਏ ਵਿਚ ਉਸ ਦੇ ਮਨ ਦੀ ਗੱਲ ਪੁੱਛੀ ਜਾਵੇ। ਜੇ ਲੜਕੀ ਨੇ ਕੋਈ ਸਾਥੀ ਚੁਣਿਆ ਹੋਵੇ ਤਾਂ ਆਪਣੇ ਗੁੱਸੇ ‘ਤੇ ਕਾਬੂ ਰੱਖ ਕੇ ਵਿਚਾਰ ਕੀਤੀ ਜਾਵੇ । ਗੁੱਸੇ ਅਤੇ ਜ਼ਲਦਬਾਜ਼ੀ ਵਿਚ ਕੀਤੇ ਫੈਸਲੇ ਹਮੇਸ਼ਾ ਗਲਤ ਹੁੰਦੇ ਹਨ। ਮੇਰਾ ਇਹ ਵਿਚਾਰ ਨਹੀਂ ਕਿ ਬੱਚਿਆਂ ਦੀ ਜਿ਼ੱਦ ਹੀ ਪੁਗਾਈ ਜਾਣੀ ਚਾਹੀਦੀ ਹੈ। ਲੜਕੀ ਦੁਆਰਾ ਚੁਣੇ ਸਾਥੀ ਬਾਰੇ ਮਾਪਿਆਂ ਨੂੰ ਪੁਛ-ਪ੍ਰਤੀਤ ਕਰ ਲੈਣੀ ਚਾਹੀਦੀ ਹੈ। ਜੇ ਲੜਕੀ ਦੀ ਪਸੰਦ ਬਾਰੇ ਉਹਨਾਂ ਨੂੰ ਲਗਦਾ ਹੈ ਕਿ ਇਹ ਚੋਣ ਉਸਦੇ ਭਵਿੱਖ ਲਈ ਯੋਗ ਨਹੀਂ ਹੈ ਤਾਂ ਲੜਕੀ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਮਾਪਿਆਂ ਵਲੋਂ ਪ੍ਰੇਰਤ ਕੀਤਾ ਜਾਣਾ ਜਰੂਰੀ ਹੈ।
ਅੱਜ ਕਈ-ਕਈ ਬੱਚਿਆਂ ਦੇ ਬਾਪ ਵਲੋਂ ਆਪਣੀ ਪਤਨੀ ਦੇ ਹੁੰਦਿਆਂ ਦੂਜੀਆਂ ਔਰਤਾਂ ਨਾਲ ਨਜ਼ਾਇਜ਼ ਸਬੰਧ ਬਣਾਏ ਜਾਂਦੇ ਹਨ। ਅੱਣਖ ਖਾਤਿਰ ਭਰਾ ਹੱਥੋਂ ਭੈਣ ਦਾ ਕਤਲ ਜਾਂ ਪਿਉ ਹੱਥੋਂ ਧੀ ਦਾ ਕਤਲ ਕਿਵੇਂ ਕੋਈ ਜਾਇਜ਼ ਠਹਿਰਾ ਸਕਦਾ ਹੈ? ਜੇ ਕੋਈ ਧੀ ਇਹ ਫੈਸਲਾ ਕਰ ਲਵੇ ਕਿ ਮੇਰਾ ਪਿਉ ਬਦਚਲਨ ਹੈ ਤੇ ਹੋਰ ਔਰਤਾਂ ਨਾਲ ਖੇਹ ਖਾ ਰਿਹਾ ਹੈ। ਉਸ ਦੇ ਨਜ਼ਾਇਜ਼ ਸਬੰਧਾਂ ਕਰਕੇ ਘਰ ਵਿਚ ਕਲੇਸ਼ ਰਹਿੰਦਾ ਹੈ। ਇਸ ਲਈ ਉਸ ਦਾ ਕਤਲ ਕਰ ਦੇਣਾ ਚਾਹੀਦਾ ਹੈ ਤਾਂ ਕੀ ਮਰਦ ਪ੍ਰਧਾਨ ਸਮਾਜ ਇਹ ਸਹਿ ਸਕੇਗਾ? ਧੀ ਦੁਆਰਾ ਬਦਚਲਣ ਪਿਓ ਨੂੰ ਕਤਲ ਕਰਨ ‘ਤੇ ਟੀ.ਵੀ. ਅਤੇ ਅਖਬਾਰਾਂ ਵਾਲੇ ਇਕਦਮ ਖਬਰ ਲਾ ਦਿੰਦੇ ਹਨ ਕਿ 'ਇਕ ਕਲਯੁੱਗੀ ਧੀ ਨੇ ਕੀਤਾ ਪਿਓ ਦਾ ਕਤਲ…।'
ਅਮੀਰ ਪਰਿਵਾਰਾਂ, ਸਿਆਸੀ ਨੇਤਾਵਾਂ ਅਤੇ ਅਫਸਰਾਂ ਦੇ ਬੱਚੇ ਅਕਸਰ ਪ੍ਰੇਮ ਵਿਆਹ ਕਰਾ ਰਹੇ ਹਨ। ਉਹਨਾਂ ਦੇ ਮਾਪੇ ਹਾਲਾਤ ਨੂੰ ਸੰਭਾਲਦੇ ਹੋਏ ਆਪਣੇ ਬੱਚਿਆਂ ਨਾਲ ਸਹਿਮਤ ਹੋ ਜਾਂਦੇ ਹਨ। ਅਤੇ ਹਰ ਹੀਲਾ ਵਰਤ ਕੇ ‘ਲਵ-ਮੈਰਿਜ਼’ ਨੂੰ ‘ਅਰੇਂਜ ਮੈਰਿਜ਼’ ਵਿਚ ਤਬਦੀਲ ਕਰ ਲੈਂਦੇ ਹਨ। ਇਸ ਤਰਾਂਹ ਉਹਨਾਂ ਦੀਆਂ ਅੱਣਖਾਂ ਅਤੇ ਇੱਜ਼ਤਾਂ ਢੱਕੀਆਂ ਰਹਿੰਦੀਆਂ ਹਨ । ਇਕਦਮ ਉਕਸਾਹਟ ਵਿਚ ਆਉਣ ਵਾਲੇ, ਆਪਣੀ ਜ਼ਾਤ-ਪਾਤ ਅਤੇ ਅਮੀਰੀ ਦਾ ਹੰਕਾਰ ਕਰਨ ਵਾਲੇ ਮਾਪੇ ਆਪਣੇ ਬੱਚਿਆਂ ਪ੍ਰਤੀ ਸਖ਼ਤ ਰਵੱਈਆਂ ਧਾਰਨ ਕਰਕੇ ਆਪਣੀ ਇੱਜ਼ਤ ਨੂੰ ਆਪ ਹੀ ਤਾਰ-ਤਾਰ ਕਰ ਲੈਂਦੇ ਹਨ। ਫਿਰ ਉਹ ਉਦੋਂ ਪਛਤਾਉਂਦੇ ਹਨ ਜਦੋਂ, ਨਾ ਬੱਚੇ ਹੱਥ ਵਿਚ ਰਹਿੰਦੇ ਅਤੇ ਨਾ ਇੱਜ਼ਤ ਉਹਨਾਂ ਦੇ ਹੱਥ ਵਿਚ ਰਹਿੰਦੀ ਹੈ। ਤਾਲਿਬਾਨੀ ਕੱਟੜਵਾਦੀਆਂ ਦਾ ਔਰਤਾਂ ਪ੍ਰਤੀ ਸਖ਼ਤ ਰਵੱਈਏ ਦਾ ਜੇ ਅਸੀਂ ਵਿਰੋਧ ਕਰਦੇ ਹਾਂ ਤਾਂ ਆਪ ਅੱਣਖ ਦਾ ਬਹਾਨਾ ਬਣਾ ਕੇ ਤਾਲਿਬਾਨੀ ਕਾਰਵਾਈਆਂ ਕਿਉਂ ਕਰਦੇ ਹਾਂ…?
ਵਿਦੇਸ਼ਾਂ ਵਿਚ ਰੁਲ ਰਹੀਆਂ ਧੀਆਂ ਦੀ ਦਰਦਨਾਕ ਵਿਥਿਆ ਅਕਸਰ ਅਖਬਾਰਾਂ ਵਿਚ ਪੜ੍ਹਨ ਨੂੰ ਮਿਲਦੀ ਹੈ। ਮਾਪੇ ਚੁੱਪ ਰਹਿੰਦੇ ਹਨ ਕਿਉਂਕਿ ਇਸ ਪਿੱਛੇ ਵਿਦੇਸ਼ ਵਿੱਚ ਪੱਕੇ ਤੌਰ 'ਤੇ ਵੱਸਣ ਦੀ ਉਹਨਾਂ ਦੀ ਲਾਲਸਾ ਹੁੰਦੀ ਹੈ। ਭਾਵੇਂ ਉਥੇ ਭੇਜੀ ਉਹਨਾਂ ਦੀ ਧੀ ਇਕ ਔਰਤ ਨਾ ਹੋ ਕੇ ਪਸ਼ੂਆਂ ਦੀ ਜੂਨ ਭੋਗ ਰਹੀ ਹੁੰਦੀ ਹੈ। ਵਿਦੇਸ਼ਾਂ ਵਿਚ ਹੋ ਰਹੀ ਧੀਆਂ ਦੀ ਖੱਜਲ-ਖੁਆਰੀ ਵੀ ਕੀ ਅੱਣਖ ਦਾ ਹਿੱਸਾ ਨਹੀਂ ਹੈ?
ਪ੍ਰੇਮ-ਵਿਆਹ ਕਰਨ ਦੇ ਰੁਝਾਨ ਵਿਚ ਜੇ ਵਾਧਾ ਹੋਇਆ ਹੈ ਤਾਂ ਇਸ ਲਈ ਸਿਰਫ ਲੜਕੀ ਨੂੰ ਹੀ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਲਈ ਤਾਂ ਪੂਰਾ ਸਮਾਜਿਕ ਤਾਣਾ-ਬਾਣਾ ਜੁ਼ੰਮੇਵਾਰ ਹੈ। ਪ੍ਰੇਮ-ਵਿਆਹਾਂ ਲਈ ਜ਼ੁੰਮੇਵਾਰ ਕਾਰਨਾਂ ਵਿਚ ਵਿਸ਼ਵੀਕਰਨ, ਮੰਡੀਕਰਨ ਅਤੇ ਪਦਾਰਥਵਾਦੀ ਰੁਝਾਨਾਂ ਤੇ ਚਲਦਿਆਂ ਵਿਦੇਸ਼ਾਂ ਵੱਲ ਲਗੀ ਦੌੜ, ਪੱਛਮ ਦੇ ਖੁਲ੍ਹੇ-ਡੁਲ੍ਹੇ ਸਭਿਆਚਾਰ ਦੀ ਅੰਨੇ੍ਹਵਾਹ ਨਕਲ … ਉਹਨਾਂ ਦੀ ਰੀਸੇ ਕਾਮੁਕ ਖੁਲ੍ਹਾਂ ਦੀ ਲਾਲਸਾ, ਗੰਦੀਆਂ ਫਿਲਮਾਂ ਦੀ ਸ਼ਰੇਆਮ ਪ੍ਰਦਰਸ਼ਨੀ, ਟੀ.ਵੀ. ਦੁਆਰਾ ਲੱਚਰ ਇਸ਼ਤਿਹਾਰਬਾਜ਼ੀ, ਮਾਡਲਿੰਗ ਦੇ ਨਾਮ ਤੇ ਟੀ. ਵੀ. ਚੈਨਲਾਂ ਦੁਆਰਾ ਪ੍ਰੋਸੀ ਜਾ ਰਹੀ ਕਾਮੁਕਤਾ, ਇੰਟਰਨੈੱਟ ਦੀ ਅਸ਼ਲੀਲ ਸਮੱਗਰੀ, ਮੋਬਾਇਲ ਫੋਨ ਦੀ ਖੁਲ੍ਹੇ ਆਮ ਵਰਤੋਂ ਅਤੇ ਪੰਜਾਬੀ ਗਾਇਕਾਂ ਦੁਆਰਾ ਬਣਾਈਆਂ ਜਾਂਦੀਆਂ ਅਸ਼ਲੀਲ ਵੀਡੀਓਜ਼ ਇਸ ਰੁਝਾਨ ਦੇ ਮੁੱਖ ਕਾਰਨ ਹਨ। ਇਹਨਾਂ ਸਭਨਾਂ ਕਾਰਨਾਂ ਦਾ ਸਾਡੇ ਬੱਚਿਆਂ ‘ਤੇ ਕੀ ਅਸਰ ਪਵੇਗਾ…? ਕਦੀ ਅੱਣਖਾਂ ਵਾਲਿਆਂ ਨੇ ਸੋਚਿਆ ਹੈ? ਜੇ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਸਾਡੇ ਸਮਾਜ ਦਾ ਰੀਤੀ ਰਿਵਾਜ਼ ਨਹੀਂ ਹੈ ਤਾਂ ਟੀ. ਵੀ. ‘ਤੇ ਨੰਗੇਜ਼ ਪ੍ਰੋਸਣਾ ਵੀ ਸਾਡੇ ਸਮਾਜ ਅਤੇ ਸਭਿਆਚਾਰ ਦਾ ਹਿੱਸਾ ਨਹੀਂ ਹੈ। ਕੀ ਅੱਣਖਾਂ ਵਾਲਿਆਂ ਕਦੀ ਇਸ ਦਾ ਵਿਰੋਧ ਕੀਤਾ ਹੈ?
ਵਿਦੇਸ਼ੀ ਤਿਉਹਾਰ ‘ਵੈਲਨਟਾਈਨ ਡੇ’ ਜੋ ਕੁਝ ਸਾਲਾਂ ਤੋਂ ਸਾਡੇ ਦੇਸ਼ ਵਿਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਕੀ ਇਸ ਦੁਆਰਾ ਪ੍ਰੇਮ ਸਬੰਧਾਂ ਨੂੰ ਉਤਸ਼਼ਾਹਤ ਨਹੀਂ ਕੀਤਾ ਜਾ ਰਿਹਾ ? ਝੂਠੀ ਅੱਣਖ ਦੀ ਦੁਹਾਈ ਪਾਉਣ ਵਾਲੇ ਆਪ ਦੂਜਿਆਂ ਦੀਆਂ ਭੈਣਾਂ ਨਾਲ ਇਹ ਦਿਨ ਮਨਾਉਂਦੇ ਹਨ ਪਰ ਆਪਣੀਆਂ ਭੈਣਾਂ ‘ਤੇ ਉਸ ਦਿਨ ਪਾਬੰਦੀ ਲਾਉਂਦੇ ਹਨ। ਉਸ ਵੇਲੇ ਉਹਨਾਂ ਦੀ ਅੱਣਖ ਕਿਧਰ ਗਈ ਹੁੰਦੀ ਹੈ?
ਹਰਿਆਣੇ ਦੇ ਇਕ ਪੁਲਿਸ ਅਫਸਰ ਵਲੋਂ ਚੰਡੀਗੜ੍ਹ ਦੀ ਬਾਲੜੀ ਰੁਚਿਕਾ ਨਾਲ ਮੰਦੀ ਭਾਵਨਾ ਨਾਲ ਕੀਤੇ ਵਿਵਹਾਰ ਕਰਕੇ ਸ਼ਰਮ ਨਾਲ ਸਿਰ ਝੁਕਦਾ ਹੈ। ਅੱਣਖਾਂ ਲਈ ਕਤਲ ਕਰਨ ਵਾਲੇ ਇਸ ਸਾਰੀ ਦੁਖਦਾਇਕ ਘਟਨਾ ‘ਤੇ ਕਿਉਂ ਚੁੱਪ ਰਹੇ? ਸਿਰਫ਼ ਇਸ ਕਰਕੇ ਕਿ ਰੁਚਿਕਾ ਸਾਡੀ ਧੀ ਨਹੀਂ ਸੀ…? ਰੁਚਿਕਾ ਵਰਗੇ ਕਾਂਡਾਂ ਨੂੰ ਰੋਕਣ ਲਈ ਸਾਨੂੰ ਸਭ ਨੂੰ ਅਜਿਹੇ ਜ਼ੁਲਮਾਂ ਵਿਰੁੱਧ ਲਾਮ-ਬਧ ਹੋਣ ਦੀ ਜਰੂਰਤ ਹੈ।
ਪ੍ਰੇਮ ਵਿਆਹ ਕਰਾਉਣ ਦੇ ਸਬੰਧ ਵਿਚ ਹਰਿਆਣੇ ਦੀਆਂ ਖਾਪ ਪੰਚਾਇਤਾਂ ਨੇ ਵੀ ਸੰਵਿਧਾਨ ਦੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਹਨ। ਗੋਤਰ ਅਤੇ ਨੀਵੀਆਂ/ਉਚੀਆਂ ਜਾਤਾਂ ਦਾ ਸ਼ੋਰ ਮਚਾ ਕੇ ਪ੍ਰੇਮ-ਵਿਆਹ ਕਰਨ ਵਾਲਿਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਖਾਪ ਪੰਚਾਇਤਾਂ ਦੇ ਤਾਨਾਸ਼ਾਹੀ ਵਤੀਰੇ ਵੀ ਇਸ ਸਮਾਜ ਲਈ ਘਾਤਕ ਸਿੱਧ ਹੋਣਗੇ। ਅੱਜ ਦੇ ਸਮੇਂ ਵਿਚ ਵੀ ਉਹ ਔਰਤ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਚਾਹੁੰਦੇ ਹਨ। ਖਾਪ ਪੰਚਾਇਤਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਾਨੂੰਨ ਦੇ ਸਾਹਮਣੇ ਕੋਈ ਰਵਾਇਤ ਪ੍ਰੰਪਰਾ ਜਾਂ ਮਰਿਆਦਾ ਵੱਡੀ ਨਹੀਂ ਮੰਨੀ ਜਾ ਸਕਦੀ। ਖਾਪ ਪੰਚਾਇਤਾਂ ਅਤੇ ਅੱਣਖ ਦੀ ਖਾਤਿਰ ਕਤਲ ਕਰਨ ਵਾਲਿਆਂ ‘ਤੇ ਨਿਆਂ ਪਾਲਿਕਾਂ ਵਲੋਂ ਸਖ਼ਤ ਸਿ਼ਕੰਜਾ ਕੱਸਿਆ ਜਾਣਾ ਚਾਹੀਦਾ ਹੈ। ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਝੂਠੀ ਅੱਣਖ ਦੀਆਂ ਠੇਕੇਦਾਰ ਬਣੀਆਂ ਹਰਿਆਣੇ ਦੀਆਂ ਖਾਪ ਪੰਚਾਇਤਾਂ ਨੂੰ ਬਾਲੜੀ ਰੁਚਿਕਾ ਨਾਲ ਹੁੰਦੇ ਜ਼ੁਲਮ ਕਿਉਂ ਨਹੀਂ ਨਜ਼ਰ ਆਏ? ਜੇ ਨਜ਼ਰ ਆਏ ਤਾਂ ਉਹ ਜਿਉਂਦੀਆਂ ਲਾਸ਼ਾਂ ਕਿਉਂ ਬਣੇ ਰਹੇ…?
ਜੇ ਕੋਈ ਲੜਕਾ ਮਰਜ਼ੀ ਨਾਲ ਕਿਸੇ ਲੜਕੀ ਨਾਲ ਵਿਆਹ ਕਰਾਉਣ ਲਈ ਆਪਣੇ ਮਾਪਿਆਂ ਕੋਲ ਜਿ਼ੱਦ ਕਰਦਾ ਹੈ ਤਾਂ ਮਾਪੇ ਤਰੁੰਤ ਲੜਕੀ ਵਾਲਿਆਂ ਦੀਆਂ ਮਿੰਨਤਾਂ ਤਰਲੇ ਕਰਨ ‘ਤੇ ਉਤਰ ਆਉਂਦੇ ਹਨ । ਇਹ ਵੀ ਕਦੀ ਨਹੀਂ ਹੋਇਆ ਕਿ ਲੜਕੇ ਦੀ ਆਪਣੇ ਵਿਆਹ ਲਈ ਪਸੰਦ ਅਨੁਸਾਰ ਕੀਤੀ ਜਿ਼ੱਦ ਕਰਕੇ ਉਸ ਦੇ ਪਰਿਵਾਰ ਵਲੋਂ ਉਸ ਨੂੰ ਕਤਲ ਕੀਤਾ ਗਿਆ ਹੋਵੇ। ਭਾਵੇਂ ਮਾਪੇ ਆਪਣੇ ਲੜਕੇ ਨਾਲ ਸਹਿਮਤ ਨਾ ਵੀ ਹੋਣ ਫਿਰ ਵੀ ਉਹ ਆਪਣੇ ਲੜਕੇ ਦਾ ਸਾਥ ਦਿੰਦੇ ਹਨ। ਇਸ ਕਰਕੇ ਕਿ ਉਹ ਲੜਕਾ ਹੈ, ਲੜਕੀ ਨਹੀਂ।
ਅਜੋਕਾ ਅੱਖਰ ਗਿਆਨ ਹਰ ਔਰਤ ਨੂੰ ਸਵੈ-ਨਿਰਭਰ ਹੋ ਕੇ ਆਪਣੀ ਮਰਜ਼ੀ ਨਾਲ ਜਿਊਣ ਦੀ ਸਿੱਖਿਆ ਦਿੰਦਾ ਹੈ। ਤਾਂਕਿ ਕਿਸੇ ਤੇ ਨਿਰਭਰ ਨਾ ਰਿਹਾ ਜਾ ਸਕੇ। ਪਰ ਸਾਡੇ ਸਮਾਜ ਵਿਚ ਪਹਿਲਾਂ ਧੀ ਨੂੰ ਪਿਉ ਦੇ ਪਰਛਾਂਵੇਂ ਥੱਲੇ ਫਿਰ ਭਰਾ ਦੇ ਪ੍ਰਛਾਂਵੇਂ ਥੱਲੇ ਅਤੇ ਫਿਰ ਪਤੀ ਦੇ ਪਰਛਾਂਵੇਂ ਥੱਲੇ ਤੇ ਅੰਤ ਨੂੰਹ-ਪੁੱਤ ਦੇ ਪ੍ਰਛਾਵੇਂ ਥੱਲੇ ਜਿ਼ੰਦਗੀ ਬਿਤਾਉਣ ਲਈ ਨਿਰਭਰ ਕੀਤਾ ਜਾਂਦਾ ਹੈ। ਅਜ ਹਰ ਲੜਕੀ ਨੂੰ ਪ੍ਰਚੰਡ ਚੰਡੀ ਦਾ ਰੂਪ ਧਾਰ ਕੇ ਆਪਣਾ ਰਸਤਾ ਆਪ ਬਨਾਉਣਾ ਪੈਣਾ ਹੈ । ਅਤੇ ਉਹਨਾਂ ਲਈ ਸਵੈ-ਨਿਰਭਰ ਹੋਣਾ ਜ਼ਰੂਰੀ ਹੈ। ਤਾਂਕਿ ਮਰਦ ਪ੍ਰਧਾਨ ਸਮਾਜ ਵਿਚ ਨਿੱਡਰ ਹੋ ਕੇ ਉਹ ਆਪਣਾ ਭਵਿੱਖ ਸੰਵਾਰ ਸਕਣ ਅਤੇ ਸਮਾਜ ਵਿਚ ਆਪਣੀ ਮਰਜ਼ੀ ਅਤੇ ਅਜ਼ਾਦੀ ਨਾਲ ਵਿਚਰ ਸਕਣ ।

**********
ਪਿੰਡ ਮਾਨਾਂਵਾਲੀ ਡਾਕ: ਚਾਚੋਕੀ , ਫਗਵਾੜਾ(ਕਪੂਰਥਲਾ)
ਮੋਬਾਇਲ ਨੰ: 88728-54500
.