.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 08)

‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਕਰਤਾ ਗੁਰੂ ਅੰਗਦ ਸਾਹਿਬ ਦੇ ਨਿਤ ਦੇ ਕਰਮ ਦਾ ਵਰਣਨ ਕਰਦਾ ਹੋਇਆ ਜਿੱਥੇ ਇਹ ਲਿਖਦਾ ਹੈ ਕਿ, “ਜਬ ਪਹਰ ਰਾਤ ਰਹਦੀ ਤਬ ਇਸਨਾਨ ਹੋਤਾ। ਅਰ ਸਾਹਿਬ ਸਹਜ ਸਮਾਧ ਮੋ ਲੀਨ ਹੋਤੇ। ,” ਉੱਥੇ ਇਸ ਗੱਲ ਦਾ ਵਰਣਨ ਵੀ ਕਰਦਾ ਹੈ ਕਿ, “ਜਬ ਪ੍ਰਭਾਤ ਹੋਤੀ ਤਬ ਬਲਵੰਡ ਰਬਾਬੀ ਸਬਦੁ ਦੀ ਚਉਕੀ ਕਰਤਾ। ਤਬ ਸਿੰਘਾਸਨ ਪਰ ਆਨ ਬੈਠਤੇ ਅਰ ਸਭਿ ਸਿਖ ਅਰ ਟਹਲੀਏ ਮੋ ਲਗਤੇ। . . ਫੇਰ ਤੀਸਰੇ ਪਹਰ ਕਦੇ ਕਦੇ ਪਹਲਵਾਨੋ ਕੀ ਕੁਸਤੀ ਦੇਖਤੇ। ਫੇਰ ਬਲਵੰਡ ਰਬਾਬੀ ਕੀ ਚਉਕੀ ਹੋਤੀ ਸਬਦ ਕੀ, ਫਿਰ ਕਥਾ ਬਾਰਤਾ ਹੋਤੀ। . . (ਸਾਖੀ ੨੩)
‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਕਰਤਾ ਭਾਈ ਬਲਵੰਡ ਜੀ ਦੀ ਗੁਰੂ ਅੰਗਦ ਸਾਹਿਬ ਨਾਲ ਨਰਾਜ਼ਗੀ ਦੇ ਕਾਰਨ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ, “ਏਕ ਸਮੇਂ ਭਾਈ ਬੁਢੇ ਰਾਇ ਬਲਵੰਡ ਨੂੰ ਆਖਿਆ–ਸਬਦ ਮੈਨੂ ਸੁਨਾਉ। ਬਲਵੰਡ ਆਖਿਆ-ਭਾਈ ਬੁਢਿਆ ਵਖਤ ਪਰ ਚਉਕੀ ਦੇ ਹਜੂਰ ਮੇ ਪੜਾਗਾ ਤਬ ਸੁਨਿਉਨਾ ਵਖਤ ਮੈ ਕਿਸ ਕਿਸ ਦੇ ਅਗੇ ਸਬਦ ਪਢਾ। ਤਬ ਬੁਢਾ ਮਨ ਭੰਗ ਹੋਕਰ ਚੁਪ ਹੋ ਰਹਿਆ। ਫੇਰ ਗੁਰੂ ਜੀ ਜਬ ਸਿਘਾਸਨ ਪਰ ਆਨ ਬੈਠੇ ਤਬ ਬਲਵੰਡ ਰਬਾਬ ਲੈ ਕਰ ਚਉਕੀ ਕੋ ਸਨਮੁਖ ਆਨ ਬੈਠਾ। ਤਬ ਲਗਾ ਸਬਦ ਪਢਨ। ਫੇਰ ਬਲਵੰਡ ਸਨਮੁਖ ਜਾਇ ਬੈਠਾ। ਫਿਰ ਗੁਰੂ ਜੀ ਪਿਠ ਕਰ ਬੈਠੇ। ਤਬ ਬਲਵੰਡ ਹੰਕਾਰ ਕਰਕੇ ਮਨ ਮੋ ਖੜਾ ਹੂਆ। ਆਖਿਉਸੁ - ਮੇਹਰਵਾਨ ਸਬਦ ਕਿਉ ਨਹੀ ਸੁਣਤੇ। ਤਬ ਆਗਿਆ ਹੋਈ-ਜਦ ਬੁਢੇ ਵਿੱਚ ਅਸੀ ਸੁਨਦੇ ਤਦ ਤੂ ਨਾ ਸੁਨਾਇਆ। ਅਬ ਬੇਲਾ (ਵੇਲਾ) ਨਾਹੀ। ਤਬ ਬਲਵੰਡ ਆਖਿਆ-ਮੇਹਰਵਾਨ ਬਾਬੇ ਦੀ ਬਾਨੀ ਮੈ ਤੁਸਾਡੇ ਅਗੇ ਗਾਂਵਦਾ ਹਾਂ। ਹੋਰ ਕਿਸੇ ਅਗੇ ਨਹੀਂ ਗਾਵਦਾ। ਤਬ ਗੁਰੂ ਜੀ ਚੁਪ ਹੋ ਰਹੇ। ਤਬ ਬਲਵੰਡ ਹੰਕਾਰ ਕਰਕੇ ਉਠ ਚਲਿਆ। ਇਤਨਾ ਕਹਿ ਗਇਆ-ਸਾਡੇ ਪਾਸ ਬਾਬੇ ਦੀ ਬਾਣੀ ਹੈ, ਅਸੀਂ ਹੋਰ ਦੁਆਰਾ ਮੰਗ ਖਾਹਿਗੇ। ਬਲਵੰਡ ਚਲਦਾ ਰਹਿਆ। ਬਲਵੰਡ ਜਿਥੇ ਜਾਇ ਤਿਥੇ ਕੋਈ ਚੀਨੇ ਨਹੀਂ ਕੋਈ ਸਦੇ ਨਹੀ। ਬਹੁਤ ਦੁਖਤ ਹੂਆ, ਅੰਨ ਪ੍ਰਾਪਤ ਨਾਹ ਹੋਵੈ।”
‘ਮਹਿਮਾ ਪ੍ਰਕਾਸ਼ ਵਾਰਤਕ’ ਦੇ ਕਰਤੇ ਨੇ ‘ਗੁਰ ਬਿਲਾਸ ਪਾਤਸ਼ਾਹੀ ੬’ ਅਤੇ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਨਾਲੋਂ ਬਿਲਕੁਲ ਹੀ ਭਿੰਨ ਕਹਾਣੀ ਦਰਸਾਈ ਹੈ। ‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਲੇਖਕ ਵੀ ‘ਬੰਸਾਵਲੀਨਾਮਾ’ ਵਾਂਗ ਇਸ ਘਟਨਾ ਨੂੰ ਗੁਰੂ ਅੰਗਦ ਸਾਹਿਬ ਦੇ ਸਮੇਂ ਹੋਈ ਦਰਸਾ ਰਿਹਾ ਹੈ। ‘ਬੰਸਾਵਲੀਨਾਮਾ’ ਅਤੇ ‘ਮਹਿਮਾ ਪ੍ਰਕਾਸ਼’ ਵਿੱਚ ਕਹਾਣੀ ਦਾ ਅੰਤਰ ਇਹ ਹੈ ਕਿ ਜਿੱਥੇ ਭਾਈ ਕੇਸਰ ਸਿੰਘ ਡੂਮਾਂ ਦਾ ਵਰਣਨ ਕਰਦਾ ਹੈ, ਉੱਥੇ ਮਹਿਮਾ ਪ੍ਰਕਾਸ਼ ਦਾ ਕਰਤਾ ਭਾਈ ਬਲਵੰਡ ਦਾ ਜ਼ਿਕਰ ਕਰਦਾ ਹੈ।
‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਕਰਤਾ ਗੁਰੂ ਅੰਗਦ ਸਾਹਿਬ ਦੇ ਪਾਵਨ ਮੁੱਖ `ਚੋਂ ਕੋਈ ਅਜਿਹਾ ਸ਼ਬਦ ਨਹੀਂ ਕਢਵਾ ਰਿਹਾ ਜਿਸ ਤੋਂ ਇੰਜ ਪ੍ਰਤੀਤ ਹੁੰਦਾ ਹੋਵੇ ਕਿ ਹਜ਼ੂਰ ਨੇ ਭਾਈ ਬਲਵੰਡ ਨੂੰ ਸਰਾਪ ਦਿੱਤਾ ਹੋਵੇ। ਗੁਰੂ ਸਾਹਿਬਾਨ ਦੇ ਪਾਵਨ ਮੁੱਖੋਂ ਰਬਾਬੀਆਂ ਪ੍ਰਤੀ ਜਿਸ ਤਰ੍ਹਾਂ ਦੀ ਸ਼ਬਦਾਵਲੀ ‘ਗੁਰ ਬਿਲਾਸ ਪਾਤਸਾਹੀ ੬’ ਅਤੇ ‘ਬੰਸਾਵਲੀਨਾਮਾ’ ਦੇ ਲੇਖਕਾਂ ਨੇ ਕਢਵਾਈ ਹੈ, ‘ਮਹਿਮਾ ਪ੍ਰਕਾਸ਼’ ਦਾ ਲਿਖਾਰੀ ਇਸ ਤਰ੍ਹਾਂ ਦੀ ਸ਼ਬਦਾਵਲੀ ਗੁਰੂ ਸਾਹਿਬਾਨ ਦੇ ਮੁਖ਼ਾਰਬਿੰਦ ਵਿਚੋਂ ਨਹੀਂ ਕਢਵਾਉਂਦਾ।
ਜਿੱਥੇ ‘ਗੁਰ ਬਿਲਾਸ ਪਾਤਸਾਹੀ ੬’ ਦਾ ਲੇਖਕ ਕੀਰਤਨ ਕਰਨ ਤੋਂ ਇਨਕਾਰ ਦਾ ਕਾਰਨ ਚੜ੍ਹਤ ਦੀ ਰਕਮ ਘੱਟ ਹੋਣੀ ਲਿਖਦਾ ਹੈ ਅਤੇ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਦਾ ਕਰਤਾ ਰਬਾਬੀਆਂ ਵਲੋਂ ਗੋਲਕ ਦੀ ਅੱਧੀ ਮਾਇਆ ਦੀ ਮੰਗ ਲਿਖਦਾ ਹੈ, ਉੱਥੇ ‘ਮਹਿਮਾ ਪ੍ਰਕਾਸ਼’ ਦਾ ਲੇਖਕ ਇਸ ਤਰ੍ਹਾਂ ਦੇ ਕਿਸੇ ਕਾਰਨ ਦਾ ਵਰਣਨ ਨਹੀਂ ਕਰਦਾ ਹੈ। ਲੇਖਕ ਨੇ ਕੇਵਲ ਇਤਨਾ ਹੀ ਲਿਖਿਆ ਹੈ ਕਿ ਜਦ ਸਮੇਂ ਸਿਰ ਭਾਈ ਬਲਵੰਡ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਕੇ ਕੀਰਤਨ ਕਰਨ ਲੱਗੇ ਤਾਂ ਗੁਰੂ ਸਾਹਿਬ ਨੇ ਆਪਣਾ ਮੁੱਖ ਦੂਜੇ ਪਾਸੇ ਵਲ ਕਰ ਲਿਆ। ਜਦ ਬਲਵੰਡ ਜੀ ਨੇ ਉਸ ਪਾਸੇ ਵਲ ਹੋ ਕੇ ਸ਼ਬਦ ਪੜ੍ਹਣਾ ਚਾਹਿਆ ਤਾਂ ਗੁਰੂ ਸਾਹਿਬ ਨੇ ਆਪਣਾ ਮੁੱਖ ਦੂਜੇ ਪਾਸੇ ਵਲ ਫੇਰ ਲਿਆ। ਭਾਈ ਬਲਵੰਡ ਜੀ ਦੇ ਪੁੱਛਣ `ਤੇ ਗੁਰੂ ਸਾਹਿਬ ਨੇ ਉੱਤਰ ਵਿੱਚ ਕੇਵਲ ਇਤਨਾ ਹੀ ਕਿਹਾ ਹੈ ਕਿ ਜਦ ਅਸੀਂ ਭਾਈ ਬੁੱਢੇ ਰਾਂਹੀਂ ਕੀਰਤਨ ਸੁਣਨਾ ਚਾਹੁੰਦੇ ਸੀ ਤਦ ਤੁਸੀਂ ਨਹੀਂ ਸੁਣਾਇਆ, ਹੁਣ ਸਾਡੇ ਪਾਸ ਕੀਰਤਨ ਸੁਣਨ ਦਾ ਸਮਾਂ ਨਹੀਂ ਹੈ। ਉੱਤਰ ਵਿੱਚ ਭਾਈ ਬਲਵੰਡ ਕੇਵਲ ਇਤਨਾ ਹੀ ਕਹਿੰਦੇ ਹਨ ਕਿ ਮਹਾਰਾਜ ਮੈਂ ਕੇਵਲ ਤੁਹਾਡੇ ਅੱਗੇ ਹੀ ਗਾਂਵਦਾ ਹਾਂ ਕਿਸੇ ਹੋਰ ਅੱਗੇ ਨਹੀਂ। ਸਤਿਗੁਰੂ ਜੀ ਇਹ ਸੁਣ ਕੇ ਖ਼ਾਮੋਸ਼ ਹੋ ਜਾਂਦੇ ਹਨ। ਹਜ਼ੂਰ ਦੀ ਖ਼ਾਮੋਸ਼ੀ `ਤੇ ਭਾਈ ਬਲਵੰਡ ਇਹ ਆਖ ਕੇ ਆਪਣੇ ਘਰ ਚਲੇ ਜਾਂਦੇ ਹਨ ਕਿ ਸਾਡੇ ਪਾਸ ਸਤਿਗੁਰੂ ਦੀ ਬਾਣੀ ਹੈ; ਕਿਸੇ ਦੁਆਰਿਓਂ ਵੀ ਮੰਗ ਕੇ ਖਾ ਲਵਾਂਗੇ। ਇਸ ਪੁਸਤਕ ਕਰਤਾ ਅਨੁਸਾਰ ਭਾਈ ਬਲਵੰਡ ਜੀ ਕਿਸੇ ਵੀ ਗੁਰੂ ਸਾਹਿਬ ਬਾਰੇ ਕੋਈ ਮੰਦਾ ਬੋਲ ਆਪਣੀ ਜ਼ਬਾਨ ਵਿਚੋਂ ਨਹੀਂ ਕੱਢਦੇ।
ਲੇਖਕ ਇਸ ਗੱਲ ਦਾ ਵੀ ਵਰਣਨ ਨਹੀਂ ਕਰਦਾ ਕਿ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਹਿਦਾਇਤ ਕੀਤੀ ਹੋਵੇ ਕਿ ਭਾਈ ਬਲਵੰਡ ਹੁਰਾਂ ਨੂੰ ਮੂੰਹ ਨਾ ਲਾਇਆ ਜਾਵੇ। ਲੇਖਕ ਅਨੁਸਾਰ, ਗੁਰੂ ਸਾਹਿਬ ਵਲੋਂ ਕਿਸੇ ਅਜਿਹੀ ਹਿਦਾਇਤ ਤੋਂ ਬਿਨਾਂ ਹੀ ਸਿੱਖ ਸੰਗਤਾਂ ਨੇ ਭਾਈ ਬਲਵੰਡ ਜੀ ਨੂੰ ਮੂੰਹ ਨਹੀਂ ਸੀ ਲਾਇਆ।
ਇਸ ਪੁਸਤਕ ਦੇ ਲੇਖਕ ਅਨੁਸਾਰ ਭਾਈ ਬਲਵੰਡ ਜੀ ਦੇ ਗੁੱਸੇ ਹੋ ਕੇ ਚਲੇ ਜਾਣ ਮਗਰੋਂ ਗੁਰੂ ਅੰਗਦ ਸਾਹਿਬ ਇਹਨਾਂ ਨੂੰ ਵਾਪਸ ਬੁਲਾਉਣ ਦੀ ਥਾਂ ਮੀਰਜ਼ਾਦੇ ਨੂੰ ਕੀਰਤਨ ਕਰਨ ਦੀ ਆਗਿਆ ਕਰਦੇ ਹਨ। ਲੇਖਕ ਦੇ ਸ਼ਬਦਾਂ ਵਿਚ, “ਅਉਰ ਸਤਿਗੁਰ ਨੇ ਮੀਰ ਜਾਦੇ ਕਾਉ (ਕਹਾ) -ਤੂ ਚਉਕੀ ਕਰ। ਤਬ ਉਸ ਆਖਿਆ-ਮੈ ਬਾਣੀ ਨਹੀਂ ਜਾਣਦਾ। ਤਬ ਆਗਿਆ ਹੋਈ-ਤੂ ਰਬਾਬ ਪਕਰ ਕੇ ਬੈਠੁ। ਮੇਰੋ ਬਚਨ ਕਰ ਤੇਰੇ ਘਟ ਮੋ ਬਾਣੀ ਕਾ ਪ੍ਰਕਾਸ ਹੂਈ। ਚਉਕੀ ਕੀਆ। ਗੁਰੂ ਜੀ ਕੀ ਖੁਸੀ ਹੋਈ।”
‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਕਰਤਾ ਪਹਿਲੇ ਲੇਖਕਾਂ ਨਾਲੋਂ ਬਿਲਕੁਲ ਹੀ ਵੱਖਰੀ ਗੱਲ ਲਿਖ ਰਿਹਾ ਹੈ ਕਿ ਗੁਰੂ ਸਾਹਿਬ ਨੇ ਭਾਈ ਬਲਵੰਡ ਜੀ ਦੀ ਥਾਂ ਮੀਰਜ਼ਾਦੇ ਨੂੰ ਕੀਰਤਨ ਕਰਨ ਦੀ ਆਗਿਆ ਕੀਤੀ, ਜੋ ਕਿਸੇ ਹੋਰ ਲੇਖਕ ਨੇ ਨਹੀਂ ਲਿਖੀ ਹੈ।
ਗੁਰੂ ਅੰਗਦ ਸਾਹਿਬ ਦਾ ਦਰ ਛੱਡਣ ਮਗਰੋਂ ਭਾਈ ਬਲਵੰਡ ਜੀ ਬਾਰੇ ਲੇਖਕ ਲਿਖਦਾ ਹੈ ਕਿ, “ਬਲਵੰਡ ਕੋ ਪੰਜ ਦਿਨ ਪੰਜ ਰਾਤ ਗੁਜਰੀ, ਅੰਨ ਪ੍ਰਾਪਤ ਨਹੀ ਹੋਇਆ। ਨਾ ਕਿਸੀ ਪਛਾਰਾ, ਸਰੀਰ ਬਿਗਰ ਗਇਆ। ਛੇਵੇ ਦਿਨ ਬਹੁਤ ਦੁਖਤ ਹੋ ਕਰ ਆਇਆ। ਸ੍ਰੀ ਗੁਰੂ ਜੀ ਕੇ ਗਿਰਦੇ ਫਿਰੇ ਅਰ ਪੁਕਾਰ ਕਰੇ ਅਰ ਬਹੁਤ ਬਿਰਲਾਪ ਕਰੇ। ਤਬ ਸਿਖਾਂ ਅਰਦਾਸ ਕੀਤੀ-ਮਿਹਰਵਾਨ ਬਲਵੰਡ ਬਹੁਤ ਦੁਖਤ ਹੂਆ ਹੈ। ਸਰੀਰ ਬਿਗਰ ਗਇਆ ਹੈ। ਇਸ ਪਰ ਕਿਰਪਾ ਕਰੀਏ। ਤਬ ਆਗਿਆ ਹੋਈ। ਬਲਵੰਡ ਕੋ ਲੇ ਆਏ। ਗੁਰੂ ਜੀ ਦੇ ਚਰਨਾ ਉਪਰਿ ਪਾਇਆ। ਤਬ ਬਲਵੰਡ ਅਰਦਾਸ ਕੀਤੀ-ਮੇਹਰਵਾਨ ਮੈ ਬਡਾ ਪਾਪੀ ਹਾ ਮੈਨੰ ਕ੍ਰਿਪਾ ਕਰਕੇ ਬਖਸੀਏ। ਤਬ ਗੁਰੂ ਜੀ ਕਿਰਪਾ ਕੇ ਘਰ ਆਏ। ਤਬ ਆਗਿਆ ਹੋਈ-ਕੁਝ ਉਸਤਤ ਕਰ। ਤਬ ਬਲਵੰਡ ਆਖਿਆ। ਮੇਹਰਵਾਨ ਮੇਰੇ ਪਾਸੋ ਕੁਛ ਨਹੀ ਹੋਦਾ। ਮੈ ਬਡਾ ਗੁਨਹਗਾਰ ਹਾ। ਆਗਿਆ ਹੋਈ-ਮੇਰੇ ਬਚਨ ਕਰਕੇ ਤੂ ਉਸਤਤ ਕਰਿ। ਤਬ ਬਲਵੰਡ ਨੇ ਟਿਕੇ ਦੀ ਵਾਰ ਆਖੀ। ਤਬ ਗੁਰੂ ਜੀ ਕੀ ਖੁਸੀ ਹੋਈ। ਤਬ ਬਲਵੰਡ ਕੇ ਘਰ ਮੇ ਬਾਨੀ ਕਾ ਨਿਵਾਸ ਹੋਆ। ਬਲਵੰਡ ਕੋ ਲੰਗਰ ਕੇ ਪ੍ਰਸਾਦਿ ਕੀ ਆਗਿਆ ਹੋਈ। ਚਉਕੀ ਸਬਦ ਕੀ ਮੋ ਹਾਜਰ ਹੂਆ। ਬਹਾਲ ਹੂਆ। “(ਸਾਖੀ ੨੫)
‘ਗੁਰ ਬਿਲਾਸ ਪਾਤਸਾਹੀ ੬’ ਦਾ ਕਰਤਾ, ਭਾਈ ਬਲਵੰਡ ਅਤੇ ਭਾਈ ਸੱਤੇ ਦੀ ਸਿਫ਼ਾਰਸ਼ ਕਰਨ ਲਈ ਭਾਈ ਲੱਧਾ ਜੀ ਦਾ ਲਾਹੌਰੋਂ ਅੰਮ੍ਰਿਤਸਰ ਆਉਣ ਦਾ ਵਰਣਨ ਕਰਦਾ ਹੈ। ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਅਨੁਸਾਰ ਡੂਮਾਂ ਨੂੰ ਜਬਾਬ ਤਾਂ ਗੁਰੂ ਅੰਗਦ ਸਾਹਿਬ ਨੇ ਦਿੱਤਾ ਸੀ ਪਰ ਰਬਾਬੀਆਂ ਦੀ ਸਿਫ਼ਾਰਸ਼ ਕਰਨ ਲਈ ਪੰਜਵੇਂ ਪਾਤਸ਼ਾਹ ਦੇ ਸਮੇਂ ਭਾਈ ਚੰਬਾ ਕਾਬਲ ਤੋਂ ਅੰਮ੍ਰਿਤਸਰ ਆਉਂਦੇ ਹਨ। ਪਰੰਤੂ ‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਲੇਖਕ ਇਸ ਤਰ੍ਹਾਂ ਕਿਸੇ ਇੱਕ ਸਿੱਖ ਦੀ ਥਾਂ ਕਈ ਸਿੱਖਾਂ ਦਾ ਵਰਣਨ ਕਰਦਾ ਹੈ। ਇਸ ਗੱਲ ਤੋਂ ਇਲਾਵਾ, ਇਸ ਪੁਸਤਕ ਅਨੁਸਾਰ ਭਾਈ ਬਲਵੰਡ ਸਿੱਖਾਂ ਨੂੰ ਸਤਿਗੁਰੂ ਜੀ ਪਾਸ ਸਿਫ਼ਾਰਸ਼ ਕਰਨ ਦੀ ਬੇਨਤੀ ਨਹੀਂ ਕਰਦਾ ਬਲਕਿ ਸਿੱਖ ਆਪ ਹੀ ਭਾਈ ਬਲਵੰਡ ਦੀ ਦੀਨ ਦਸ਼ਾ ਦੇਖਕੇ ਗੁਰੂ ਜੀ ਪਾਸ ਬੇਨਤੀ ਕਰਦੇ ਹਨ। ਇਸ ਲੇਖਕ ਅਨੁਸਾਰ ਨਾ ਹੀ ਗੁਰੂ ਸਾਹਿਬ ਇਹ ਕਹਿੰਦੇ ਹਨ ਕਿ ਜਿਹੜਾ ਕੋਈ ਸਿੱਖ ਇਹਨਾਂ ਦੀ ਸਿਫ਼ਾਰਸ਼ ਕਰੇਗਾ, ਉਸ ਦਾ ਸਿਰ ਮੁੰਨ ਕੇ, ਮੂੰਹ ਕਾਲਾ ਕਰਕੇ, ਖੋਤੇ ਉਪਰ ਚੜ੍ਹਾ ਕੇ ਨਗਰ ਵਿੱਚ ਫੇਰਿਆ ਜਾਵੇਗਾ ਅਤੇ ਨਾ ਹੀ ਕੋਈ ਸਿੱਖ ਆਪਣਾ ਮੂੰਹ ਕਾਲਾ ਕਰਕੇ ਖੋਤੇ ਉੱਤੇ ਸਵਾਰ ਹੋ ਕੇ ਗੁਰੂ ਸਾਹਿਬ ਪਾਸ ਇਹਨਾਂ ਦੀ ਸਿਫ਼ਾਰਸ਼ ਕਰਨ ਲਈ ਹਾਜ਼ਰ ਹੁੰਦਾ ਹੈ।
‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਲੇਖਕ ‘ਬੰਸਾਵਲੀਨਾਮਾ’ ਦੇ ਕਰਤੇ ਵਾਂਗ ਇਸ ਗੱਲ ਦਾ ਕੋਈ ਵਰਣਨ ਨਹੀਂ ਕਰਦਾ ਕਿ ਗੁਰੂ ਸਾਹਿਬ ਨੇ ਰਬਾਬੀਆਂ ਨੂੰ ਗੁਰਬਾਣੀ ਦਾ ਉਚਾਰਨ ਨਾ ਕਰਨ ਦੀ ਕਿਸੇ ਤਰ੍ਹਾਂ ਦੀ ਹਿਦਾਇਤ ਕੀਤੀ ਸੀ।
ਜਿੱਥੇ ‘ਗੁਰਬਿਲਾਸ ਪਾਤਸ਼ਾਹੀ ੬’ ਦਾ ਲੇਖਕ ਇਸ ਗੱਲ ਦਾ ਵਰਣਨ ਨਹੀਂ ਕਰਦਾ ਕਿ ਕਿਤਨਾ ਕੁ ਸਮਾਂ ਇਹਨਾਂ ਨੂੰ ਦਰ-ਬਰ-ਦਰ ਭਟਕਣਾ ਪਿਆ, ਉੱਥੇ ‘ਮਹਿਮਾ ਪ੍ਰਕਾਸ਼’ ਦਾ ਲੇਖਕ ਬਕਾਇਦਾ ਦਿਨਾਂ ਦੀ ਗਿਣਤੀ ਦਾ ਉਲੇਖ ਕਰਦਾ ਹੈ ਕਿ ਭਾਈ ਬਲਵੰਡ ਨੂੰ ਪੰਜ ਦਿਨ ਅਤੇ ਪੰਜ ਰਾਤਾਂ ਕੁੱਝ ਵੀ ਖਾਣ ਨੂੰ ਨਸੀਬ ਨਹੀਂ ਹੋਇਆ। ਜਿੱਥੇ ‘ਗੁਰ ਬਿਲਾਸ ਪਾਤਸ਼ਾਹੀ ੬’ ਦਾ ਲੇਖਕ ਇਸ ਘਟਨਾ ਨੂੰ ਗੁਰੂ ਅਰਜਨ ਸਾਹਿਬ ਨਾਲ ਸਬੰਧਤ ਦਰਸਾਉਂਦਾ ਹੈ, ਉੱਥੇ ‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਕਰਤਾ ਗੁਰੂ ਅੰਗਦ ਸਾਹਿਬ ਨਾਲ ਨਾਰਾਜ਼ਗੀ ਦਾ ਵਰਣਨ ਕਰਦਾ ਹੈ। ਇਸ ਤੋਂ ਇਲਾਵਾ ‘ਗੁਰ ਬਿਲਾਸ’ ਦਾ ਕਰਤਾ ਭਾਈ ਬਲਵੰਡ ਦੇ ਨਾਲ ਭਾਈ ਸੱਤਾ ਜੀ ਦਾ ਵੀ ਵਰਣਨ ਕਰਦਾ ਹੈ, ਪਰ ‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਕਰਤਾ ਕੇਵਲ ਭਾਈ ਬਲਵੰਡ ਜੀ ਦਾ ਹੀ ਗੁਰੂ ਅੰਗਦ ਸਾਹਿਬ ਨਾਲ ਨਰਾਜ਼ ਹੋਣਾ ਦਾ ਵਰਣਨ ਕਰਦਾ ਹੈ।
‘ਗੁਰੁ ਬਿਲਾਸ ਪਾਤਸ਼ਾਹੀ ੬’ ਦਾ ਕਰਤਾ ਗੁਰੂ ਅਰਜਨ ਸਾਹਿਬ ਦੇ ਪਾਵਨ ਮੁੱਖ `ਚੋਂ ਇਹ ਕਢਵਾਉਂਦਾ ਹੈ ਕਿ ਜਿਸ ਮੁੱਖ ਨਾਲ ਇਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ ਹੈ, ਉਸ ਮੁੱਖ ਨਾਲ ਉਸਤਤ ਕਰਨ ਤਾਂ ਇਹਨਾਂ ਦਾ ਫਿਟਿਆ ਹੋਇਆ ਸਰੀਰ ਠੀਕ ਹੋ ਜਾਵੇਗਾ। ਪਰੰਤੂ ‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਕਰਤਾ ਭਾਈ ਬਲਵੰਡ ਦੇ ਸਰੀਰ ਫਿਟਣ ਦਾ ਵਰਣਨ ਨਹੀਂ ਕਰਦਾ। ਹਾਂ, ਗੁਰੂ ਅੰਗਦ ਸਾਹਿਬ ਦੇ ਪਾਵਨ ਮੁਖ਼ਾਰਬਿੰਦ ਵਿਚੋਂ ਇਹ ਜ਼ਰੂਰ ਅਖਵਾਉਂਦਾ ਹੈ ਕਿ ਆਪਣੇ ਮੁੱਖ ਤੋਂ ਕੁੱਝ ਉਸਤਤ ਕਰੇ। ‘ਮਹਿਮਾ ਪ੍ਰਕਾਸ਼’ ਦਾ ਲੇਖਕ ‘ਗੁਰ ਬਿਲਾਸ ਪਾਤਸਾਹੀ ੬’ ਵਾਂਗ ਗੁਰੂ ਨਾਨਕ ਸਾਹਿਬ ਦੀ ਉਸਤਤ ਦਾ ਵਰਣਨ ਨਹੀਂ ਕਰਦਾ ਕੇਵਲ ਉਸਤਤ ਸ਼ਬਦ ਹੀ ਵਰਤਦਾ ਹੈ।
ਲੇਖਕ ੨੯ਵੀਂ ਸਾਖੀ ਵਿੱਚ ਗੁਰੂ ਅੰਗਦ ਸਾਹਿਬ ਦੇ ਖ਼ਾਨ ਰਜਾਦੇ ਤੋਂ ਵਾਪਸ ਖਡੂਰ ਆਉਣ `ਤੇ ਲਿਖਦਾ ਹੈ ਕਿ, “ਤਬ ਗੁਰੂ ਅਮਰ ਜੀ ਨੇ ਅਰਦਾਸ ਕੀਤੀ-ਸਚੇ ਪਾਤਸਾਹ ਖਡੂਰ ਕੋ ਚਰਨ ਰਖੀਏ। ਤਬ ਸਾਹਿਬ ਖਡੂਰ ਮੋ ਆਏ। ਤਦ ਹੀ ਬਲਵੰਡ ਨੇ ਟਿਕੇ ਦੀ ਵਾਰ ਮੋ ਪਉੜੀ ਕੀਆ ਫੇਰ ਬਸਾਇਆ ਫੇਰ ਆਣ ਸਤਿਗੁਰ ਖਡੂਰ।” (ਸਾਖੀ ੨੯)
ਨੋਟ: ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੰਗਤੀ ਇਸ ਤਰ੍ਹਾਂ ਹੈ: ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ।
ਲੇਖਕ ਅਨੁਸਾਰ ਵਾਰ ਦੀ ਪੰਜਵੀਂ ਪਉੜੀ ਭਾਈ ਬਲਵੰਡ ਨੇ ਗੁਰੂ ਅੰਗਦ ਸਾਹਿਬ ਦੇ ਵਾਪਸ ਖਾਡੂਰ ਆਉਣ `ਤੇ ਉਚਾਰਨ ਕੀਤੀ ਸੀ। ਲੇਖਕ ਦੇ ਇਸ ਕਥਨ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਵਾਰ ਦੀਆਂ ਸਾਰੀਆਂ ਪਉੜੀਆਂ ਇਕੋ ਸਮੇਂ ਨਹੀਂ ਬਲਕਿ ਭਿੰਨ ਭਿੰਨ ਸਮੇਂ ਉਚਾਰਨ ਹੋਈਆਂ ਹਨ।
‘ਮਹਿਮਾ ਪ੍ਰਕਾਸ਼ ਵਾਰਤਕ’ ਦਾ ਕਰਤਾ ਗੁਰੂ ਅੰਗਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਗੁਰੂ ਅਮਰਦਾਸ ਮਹਾਰਾਜ ਦਾ ਕੁੱਝ ਸਮਾਂ ਗੋਇੰਦਵਾਲ ਵਿਖੇ ਚੁਬਾਰੇ ਵਿਖੇ ਇਕਾਂਤ ਰਹਿਣ ਦਾ ਵਰਣਨ ਕਰਦਾ ਹੈ। ਸਿੱਖ ਸੰਗਤਾਂ ਵਲੋਂ ਭਾਈ ਬਲੂ ਜੀ ਦੇ ਬੇਨਤੀ ਕਰਨ ਤੇ ਸਤਿਗੁਰੂ ਜੀ ਚੁਬਾਰੇ ਤੋਂ ਬਾਹਰ ਆਉਂਦੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਸਿੰਘਾਸਨ ਉੱਤੇ ਬਿਰਾਜਮਾਨ ਹੋ ਕੇ ਹਜ਼ੂਰ ਪਹਿਲੀ ਵਾਰ ਸੰਗਤਾਂ ਨੂੰ ਖੁਲੇ ਦਰਸ਼ਨ ਦੀਦਾਰੇ ਬਖ਼ਸ਼ਸ਼ ਕਰਦੇ ਹਨ। ਹਜ਼ੂਰ ਦੇ ਸਿੰਘਾਸਨ `ਤੇ ਆ ਕੇ ਸ਼ਸ਼ੋਭਤ ਹੋਣ `ਤੇ ਭਾਈ ਬਲਵੰਡ ਅਤੇ ਭਾਈ ਸੱਤਾ ਸ਼ਬਦ ਦਾ ਗਾਇਣ ਕਰਦੇ ਹਨ। ਲੇਖਕ ਦੇ ਸ਼ਬਦਾਂ ਵਿਚ, “ਤਬ ਸਤਾ ਬਲਵੰਡ ਰਬਾਬੀ ਆਨ ਕਰ ਭਜਨ ਲਗੇ ਕਰਨੇ।”
ਇੱਥੇ ਲੇਖਕ ਪਹਿਲੀ ਵਾਰ ਭਾਈ ਸੱਤਾ ਜੀ ਦਾ ਵਰਣਨ ਕਰਦਾ ਹੈ। ਇਸ ਤਰ੍ਹਾਂ ਇਸ ਲੇਖਕ ਵਲੋਂ ਭਾਈ ਬਲਵੰਡ ਅਤੇ ਭਾਈ ਸੱਤੇ ਦੋਹਾਂ ਵਲੋਂ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਦਾ ਵਰਣਨ ਹੈ।
ਪੁਸਤਕ ਕਰਤਾ ਇਸੇ ਸਾਖੀ ਵਿੱਚ ਗੁਰੂ ਅਮਰਦਾਸ ਜੀ ਦੇ ਨਿਤ ਦੇ ਨੇਮ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ, “ਅਰ ਪਹਰ ਰਾਤ ਕੋ ਕੇਸਾ ਸਮੇਤ ਇਸਨਾਨ ਹੋਤਾ ਥਾ। ਕੇਸਾ ਮੇ ਹਮੇਸਾ ਦਹੀ ਪੜਤੀ ਥੀ। ਅਸਨਾਨ ਕੇ ਬੇਲੇ ਫਿਰ ਸਾਹਿਬ ਚੋਬਾਰੇ ਜੀ ਮੋ ਬੈਠਤੇ। ਜਬ ਪ੍ਰਭਾਤ ਹੋਤਾ ਤਬ ਬਲਵੰਡ ਅਰ ਸਤਾ ਸਬਦ ਕੀ ਚਉਕੀ ਕਰਤੇ ਥੇ” (ਸਾਖੀ ੩੨)
ਪੁਸਤਕ ਕਰਤਾ ਗੁਰੂ ਰਾਮਦਾਸ ਜੀ ਦੀ ਨਿਤ ਦੀ ਕ੍ਰਿਆ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ, “ਪ੍ਰਥਮੇ ਪਹਰ ਰਾਤ ਜਬ ਰਹਤੀ ਉਸ ਵੇਲੇ ਅਸਨਾਨ ਹੋਤਾ। ਫਿਰ ਸਾਹਿਬ ਅਪਣੇ ਸਰੂਪ ਮੇ ਲੀਨ ਹੋਤੇ। ਫੇਰ ਜਬ ਪਰਭਾਤ ਹੋਤਾ ਤਬ ਸਤਾ ਰਬਾਬੀ ਚਉਕੀ ਭਜਨ ਕੀ ਕਰਤਾ। ਫਿਰ ਸਾਹਿਬ ਲੰਗਰ ਮੋ ਪਰਸਾਦ ਸੰਗਤ ਸਮੇਤ ਪਰਸਾਦ ਖਾਵਤੇ। ਤੀਸਰੇ ਪਹਰ ਕੋ ਕਥਾ ਹੋਤੀ। . .” (ਸਾਖੀ ੬੫)
ਇੱਥੇ ਲੇਖਕ ਕੇਵਲ ਭਾਈ ਸੱਤੇ ਦਾ ਹੀ ਵਰਣਨ ਕਰਦਾ ਹੈ, ਭਾਈ ਬਲਵੰਡ ਜੀ ਦਾ ਨਹੀਂ। ਇਹ ਗੱਲ ਵੀ ਧਿਆਨ ਯੋਗ ਹੈ ਕਿ ਲੇਖਕ ਭਾਈ ਮੀਰਜ਼ਾਦੇ ਦਾ ਫਿਰ ਕਿਧਰੇ ਵੀ ਵਰਣਨ ਨਹੀਂ ਕਰਦਾ ਹੈ। ਭਾਈ ਬਲਵੰਡ ਬਾਰੇ ਲੇਖਕ ਕੋਈ ਵੇਰਵਾ ਪੇਸ਼ ਨਹੀਂ ਕਰਦਾ ਕਿ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਭਾਈ ਬਲਵੰਡ ਕੀਰਤਨ ਕਿਉਂ ਨਹੀਂ ਕਰਦੇ। ਲੇਖਕ ਨਾ ਤਾਂ ਭਾਈ ਬਲਵੰਡ ਦੇ ਅਕਾਲ ਚਲਾਣੇ ਬਾਰੇ ਕੁੱਝ ਲਿਖਦਾ ਹੈ ਅਤੇ ਨਾ ਹੀ ਕਿਸੇ ਹੋਰ ਰੂਪ ਵਿੱਚ ਭਾਈ ਬਲਵੰਡ ਰਾਇ ਹੁਰਾਂ ਦਾ ਵਰਣਨ ਕਰਦਾ ਹੈ।
ਇਸ ਤੋਂ ਮਗਰੋਂ ਲੇਖਕ ਗੁਰੂ ਅਰਜਨ ਸਾਹਿਬ ਦੇ ਗੁਰਤਾ ਗੱਦੀ ਉੱਤੇ ਬਰਾਜਮਾਨ ਹੋਣ ਸਮੇਂ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ, “ਸਮਿਆਨੇ ਖੜੇ ਅਰ ਭਜਨ ਆਸਤੇ ਰਬਾਬੀ ਨੇ ਚੋਕੀ ਕੀਆ।” ਇੱਥੇ ਲੇਖਕ ਰਬਾਬੀ ਦਾ ਨਾਮ ਨਹੀਂ ਲਿਖਦਾ। (ਚੱਲਦਾ)




.