.

ਰਹਿਤ ਅਤੇ ਦਰਸ਼ਨ ਵਿਚਲਾ ਸਬੰਧ ਅਤੇ ਅੰਤਰ

ਹਰਦੇਵ ਸਿੰਘ, ਜੰਮੂ

ਸਿੱਖ ਇਤਹਾਸ ਵਿੱਚ ‘ਸਿੱਖ ਰਹਿਤ ਮਰਿਆਦਾ’ ਇੱਕ ਵੱਡੀ ਪੰਥਕ ਉਪਲੱਬਦੀ ਦੇ ਤੌਰ ਤੇ ਸਥਾਪਤ ਹੈ। ਇਸ ਦੀ ਬਣਤਰ ਦਾ ਇੱਕ ਵਿਲੱਖਣ ਪੱਖ ਇਹ ਵੀ ਹੈ ਕਿ ਇਸ ਨੂੰ ਗੁਰਮਤਿ ਵਿਚਲੇ, ‘ਇਕ ਗੁਰੂ’ ਅਤੇ ‘ਇਕ ਪੰਥ’ ਦੇ ਸਿਧਾਂਤ ਨੂੰ ਸਮਝਣ ਦਾ ਸਮਰਥ ਰੱਖਣ ਵਾਲੇ ਸਿਆਣੇ ਅਤੇ ਵਿਲੱਖਣ ਵਿਦਵਾਨਾਂ ਨੇ ਤਿਆਰ ਕੀਤਾ ਸੀ। ਇਹ ਉਨ੍ਹਾਂ ਵਿਦਨਾਵਾਂ ਦਾ ਅਪਣੇ ਵਲੋਂ ਹੀ ਘੱੜ ਲਿਆ ਗਿਆ ਉਪਰਾਲਾ ਨਹੀਂ ਸੀ ਬਲਕਿ ਇਸ ਵਿੱਚ ਸਿੱਖ ਦਰਸ਼ਨ ਅਨੁਸਾਰੀ ਪਰੰਪਰਾਗਤ ਅਤੇ ਇਤਹਾਸਕ ਸੂਤਰਾਂ ਦਾ ਸੰਕਲਨ ਸੀ। ਤ੍ਰਾਸਦੀ ਇਹ ਹੈ ਕਿ ਰਹਿਤ ਮਰਿਆਦਾ ਤਾਂ ਉਹੀ ਹੈ ਪਰ ਉਸ ਬਾਰੇ ਨੁਕਤਾਚੀਨੀ ਕਰਨ ਵਾਲੇ ਵਿਦਵਾਨ ਪਹਿਲੇ ਵਿਦਵਾਨਾਂ ਦੀ ਪੱਧਰ ਦੇ ਨਹੀਂ ਹਨ। ਬਹੁਤ ਵੱਡਾ ਫ਼ਰਕ ਹੈ! ਗਲ ਕੇਵਲ ਵਿਚਾਰ ਤਕ ਰਹੇ ਤਾਂ ਵਿਚਾਰ ਵਿੱਚ ਕੋਈ ਹਰਜ ਨਹੀਂ ਪਰ ਸਬੰਧਤ ਵਿਸ਼ੇਆਂ ਬਾਰੇ ਭ੍ਰਾਂਤਿਪੁਰਨ ਕਦਮ ਚੁੱਕਣਾ ਵਾਜਬ ਨਹੀਂ ਕਿਹਾ ਜਾ ਸਕਦਾ। ਇਸ ਵਿੱਚ ਵਿਦਵਤਾ ਨਹੀਂ ਬਲਕਿ ਨਿਜੀ ਸਮਝ, ਕਿਆਸ, ਗਲਤ ਬਿਆਨੀ ਅਤੇ ਜਜ਼ਬਾਤ ਭਾਰੂ ਹਨ।

ਪਿੱਛਲੇ ਕੁੱਝ ਸਮੇਂ ਤੋਂ ਸਿੱਖ ਰਹਿਤ ਮਰਿਆਦਾ ਵਿਚਾਰ ਦਾ ਵਿਸ਼ਾ ਰਹੀ ਹੈ। ਸਿੱਖ ਦਰਸ਼ਨ ਦੇ ਪ੍ਰਚਾਰ ਵਿੱਚ ਲੱਗੇ ਮਿਸ਼ਨਰੀ ਕਾਲੇਜ ਅਪਣੀ ਸ਼ੁਰੂਆਤ ਤੋਂ ਹੀ ਇਸ ਨੂੰ ਸਿੱਖ ਜੀਵਨ (ਨਿਜੀ ਅਤੇ ਪੰਥਕ) ਵਿੱਚ ਅਪਨਾਉਂਣ ਦਾ ਪ੍ਰਚਾਰ ਕਰਦੇ ਹਨ ਅਤੇ ਕੇਂਦਰੀ ਤੌਰ ਤੇ ਲਗਭਗ ਪੁਰੇ ਪੰਥ ਵਿੱਚ ਇਸ ਨੂੰ ਮਾਨਤਾ ਪ੍ਰਾਪਤ ਹੈ। ਕੁੱਝ ਵੀਰ ਇਸਦੀ ਨੁਕਤਾਚੀਨੀ ਵਿੱਚ ਇਹ ਤਰਕ ਵੀ ਦਿੰਦੇ ਹਨ ਕਿ ਇਹ ਤਾਂ ਬਣਨ ਦੇ ਸਮੇਂ ਤੋਂ ਹੀ ਸਾਰੇ ਧਿਰਾਂ ਵਲੋਂ ਇੰਨ-ਭਿੰਨ ਅਪਨਾਈ ਨਹੀਂ ਗਈ। ਉਹ ਇਸ ਤੱਥ ਨੂੰ ਭੁੱਲ ਜਾਂਦੇ ਹਨ ਕਿ ਸਿੱਖ ਕਈਂ ਪੱਖੋਂ ਗੁਰਮਤਿ ਨੂੰ ਵੀ ਇੰਨ-ਭਿੰਨ ਨਹੀਂ ਅਪਨਾ ਪਾਉਂਦੇ। ਸੁਚੇਤ ਵਰਗ ਵਿੱਚ ਵੀ ਮਤਭੇਦ ਹੁੰਦੇ ਹਨ। ਇੱਕ ਨਾਲੋਂ ਦੂਜਾ ਸਹਮਤਿ ਨਹੀਂ। ਇਕ ਸ਼ਬਦ ਦੇ ਭਾਵਅਰਥਾਂ ਬਾਰੇ ਹੀ ਮਤਭੇਦ ਮੌਜੂਦ ਰਹਿੰਦੇ ਹਨ! ਵਿਚਾਰਾਂ ਹੁੰਦੀਆਂ ਹਨ। ਸੁਭਾਵਕ ਜਿਹੀ ਸੱਚਾਈ ਹੈ ਕਿ ਜਿਸ ਵੇਲੇ ਗੁਰਮਤਿ ਸਮਝਣ ਵਿੱਚ ਮਤਭੇਦ ਹੋਏਗਾ ਤਾਂ ਰਹਿਤ ਬਾਰੇ ਕਿਉਂ ਨਹੀਂ? ਕੁਦਰਤ ਪਰਮਾਤਮਾ ਨੇ ਸਾਜੀ ਹੈ ਅਤੇ ਗੁਰਮਤਿ ਵਿਚ, ਕੁਦਰਤ ਵਿਚਲਾ, ਇੱਕ ਸਿਧਾਂਤ ਇਨ੍ਹਾਂ ਬਚਨਾਂ ਰਾਹੀਂ ਦ੍ਰਿੜ ਕਰਵਾਇਆ ਗਿਆ ਹੈ:-

ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ (ਸ਼੍ਰੀ ਗੁਰੂ ਗ੍ਰੰਥ ਸਾਹਿਬ)

ਅਤੇ

ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰੇ॥ (ਸ਼ਬਦ ਗੁਰੂ ਗ੍ਰੰਥ ਸਾਹਿਬ)

ਇਸ ਗੁਰੂ ਉਪਦੇਸ਼ ਵਿੱਚ ਬੜਾ ਗਹਿਰਾ ਸੰਦੇਸ਼ ਹੈ! ਇਹ ਸੰਦੇਸ਼ ਹੈ ‘ਏਕਤਾ’ ਵਿੱਚ ‘ਅਨੇਕਤਾ’ ਅਤੇ ‘ਅਨੇਕਤਾ’ ਵਿੱਚ ‘ੲੋਕੇ’ ਦੀ ਹੋਂਦ ਦਾ। ਜਿਵੇਂ ਕਿ ਇੱਕ ਹੱਥ ਦੇ ‘ਏਕੇ’ ਵਿੱਚ ਪੰਜੇ ਉਂਗਲਾਂ ਇੱਕ ਜੈਸੀਆਂ ਨਹੀਂ ਹੁੰਦੀਆਂ। ਕਮਾਲ ਤਾਂ ਇਹ ਹੈ ਕਿ ਭਿੰਨਤਾ ਭਰੀਆਂ ਉਂਗਲਾਂ ਇਕੋ ਹੀ ਹੱਥ ਦਿਆਂ ਹੁੰਦੀਆਂ ਹਨ। ਅੰਗੂਠੇ ਦੀ ਵਧੇਰੀ ਭਿੰਨਤਾਂ ਤਾਂ ਹੋਰ ਵੀ ਖ਼ੂਬਸੂਰਤ ਝੱਲਕ ਉਤਪੰਨ ਕਰਦੀ ਹੈ ਅਤੇ ਉਸਦੀ ਉਪਯੋਗਿਤਾ ਵੀ।

ਜਿੱਥੋਂ ਤਕ ਵਿਚਾਰਾਂ ਦਾ ਸਵਾਲ ਹੈ ਤਾਂ ਵਿਚਾਰਕ ‘ਅਨੇਕਤਾ’ ਹਰ ਵੇਲੇ ਮੌਜੂਦ ਰਹਿੰਦੀ ਹੈ। ਇਹ ਕੇਵਲ ਦੋ ਧਰਮਾਂ ਦੇ ਦਰਮਿਆਨ ਹੀ ਨਹੀਂ ਹੁੰਦੀ ਬਲਕਿ ਇਕੋ ਹੀ ਧਰਮ ਦੇ ਅੰਦਰ ਵੀ ਹੁੰਦੀ ਹੈ। ਇੱਕ ਘਰ ਦੇ ਅੰਦਰ ਵੀ ਹੁੰਦੀ ਹੈ। 35-40 ਸਾਲ ਤਕ ਇੱਕਠੇ ਰਹਿਣ ਵਾਲੇ ਪਤੀ-ਪਤਨੀ, ਬਾਪ-ਬੇਟਾ ਆਦਿ ਵਿਚਾਰਕ ਵਖਰੇਂਵਾਂ ਰੱਖਦੇ ਹਨ। ਇੱਥੋਂ ਤਕ ਕਿ ਇੱਕ ਇਨਸਾਨ ਵੀ ਜ਼ਿੰਦਗੀ ਦੇ ਕਈ ਪੜਾਆਂ ਵਿੱਚ ਅਪਣੇ ਹੀ ਵਿਚਾਰਾਂ ਬਾਰੇ ਅਪਣਾ ਦ੍ਰਿਸ਼ਟੀਕੋਂਣ ਬਦਲ ਲੇਂਦਾ ਹੈ। ਕੁਦਰਤ ਵਿਚਲੇ ਇਸ ਵੱਖਰੇਂਵੇਂ ਨੂੰ ਸਮਝਣ ਵਾਲਾ ਹੀ ਵੱਖਰੇਂਵੇਂ ਵਿੱਚ ਏਕਤਾ ਦੇ ਸੂਤਰ ਦੀ ਪਛਾਂਣ ਕਰ ਸਕਦਾ ਹੈ। ਇਕ ਘਰ ਵਿੱਚ ਰਹਿਣ ਵਾਲੇ ਬੰਦੇ ਵਿਚਾਰਕ ਵੱਖਰੇਂਵਾਂ ਰੱਖਦੇ ਹੋਏ ਵੀ ਜੇਕਰ ਇਸ ‘ਰਹਿਤ’ ਤੇ ਸਹਿਮਤ ਰਹਿਣ ਕਿ ‘ਇਹ ਘਰ ਤਾਂ ਸਾਡਾ ਅਪਣਾ ਹੈ’ ਤਾਂ ਘਰ ਕਾਯਮ ਰਹਿੰਦਾ ਹੈ ਅਤੇ ਵੱਖਰੇਂਵੇ ਵਿੱਚ ਏਕਤਾ ਦੀ ਸੰਭਾਵਨਾ ਜਾਗ੍ਰਤ ਰਹਿੰਦੀ ਹੈ। ਗੁਰੂ ਨਾਨਕ ਨੇ ਅਨੇਕਤਾਵਾਂ ਨਾਲ ਭਰੇ ਇਸ ਸੰਸਾਰ ਬਾਰੇ ਇਹ ਮਤਿ ਪ੍ਰਕਟ ਕੀਤਾ ਹੈ;

ਏਕ ਦ੍ਰਿਸਟ ਕਰਿ ਸਮ ਸਰਿ ਜਾਣੈ ਜੋਗੀ ਕਈਏ ਸੋਈ॥ (ਸ਼੍ਰੀ ਗੁਰੂ ਗ੍ਰੰਥ ਸਾਹਿਬ)

ਵਿਚਾਰਕ ਭਿੰਨਤਾ ਨਾਲ ਭਰੀ ਸਮਸਤ ਮਨੁੱਖਾ ਜਾਤਿ ਨੂੰ ਇੱਕ ਸਮਝਣ ਵਾਲੇ ਗੁਰੂ ਦੇ ਚੇਲੇ ਜੇਕਰ ਆਪ ਏਕੇ ਦੇ ਸਿਧਾਂਤ ਤੋਂ ਵਹੀਨ ਹੋਂਣ ਤਾਂ ਮਨੁੱਖੀ ਏਕੇ ਨੂੰ ਕਿਵੇਂ ਪਰਿਭਾਸ਼ਤ ਕਰਨ ਗੇ? ਗੁਰਮਤਿ ਮਨੁੱਖੀ ਏਕੇ ਵਿੱਚ ਕੁਦਰਤੀ ਭਿੰਨਤਾ ਦੇ ਸਿਧਾਂਤ ਦੀ ਅਣਦੇਖੀ ਨਹੀਂ ਸਿਖਾਉਂਦੀ। ਕੁਦਰਤ ਵਿੱਚ ਵਿਚਾਰਕ ਭਿੰਨਤਾ ਦਾ ਸਿਧਾਂਤ ਕੰਮ ਕਰਦਾ ਹੈ ਅਤੇ ਇਸੇ ਸਿਧਾਂਤ ਹੇਠ ‘ਇਕ ਪੰਥ’ ਦੀ ਬਨਾਵਟ ਘੜੀ ਗਈ ਹੈ। ਜਿਸ ਵਿੱਚ ਕੁਦਰਤ ਦੇ ਇਸ ਨਿਯਮ ਦੀ ਅਨਦੇਖੀ ਨਹੀਂ ਹੈ ਕਿ:-

ਜਾ ਕੇ ਜੀਅ ਜੈਸੀ ਬੁਧਿ ਹੋਈ॥ ਕਹਿ ਕਬੀਰ ਜਾਨੈਗਾ ਸੋਈ॥ (ਗੁਰੂ ਗ੍ਰੰਥ ਸਾਹਿਬ, ਪੰਨਾ 343)

ਅਰਥ:- According to the wisdom within the mind, says Kabeer, so does one come to understand.

ਸਿੱਖ ਰਹਿਤ ਮਰਿਆਦਾ ਦੀ ਭਾਵਨਾ ‘ਦਸ ਗੁਰੂ ਸਾਹਿਬਾਨ’ ਅਤੇ ‘ਇਕ ਗੁਰੂ ਗ੍ਰੰਥ’, ‘ਇਕ ਪੰਥ’ ਅਤੇ ਉਸਦੇ ‘ਏਕੇ’ ਦੀ ਭਾਵਨਾ ਹੈ। ਕੁੱਝ ਭਿੰਨਤਾਵਾਂ ਦੀ ਹੋਂਦ ਵਿੱਚ ਬੁਨੀਆਦੀ ਅਸੂਲਾਂ ਤੇ ਪੰਥਕ ਏਕਾ ਗੁਰਮਤਿ ਦੇ ਮੁੱਡਲੇ ਸਿਧਾਂਤਾ ਵਿਚੋਂ ਇੱਕ ਸਿਧਾਂਤ ਹੈ ਜਿਸ ਤੇ ਖੜ ਕੇ ਗੁਰਸਿਖਾਂ ਨੇ ਗੁਰਮਤਿ ਅਨੁਸਾਰ ਮਨੁੱਖੀ ਏਕੇ ਅਤੇ ਸਰਬਤ ਦੇ ਭਲੇ ਦੀ ਆਵਾਜ਼ ਬੁਲੰਦ ਕਰਨੀ ਹੈ। ਸਿੱਖੀ ਦੇ ਬੁਨੀਆਦੀ ਅਸੂਲਾਂ ਬਾਰੇ ਹੋਏ ‘ਪੰਥਕ ਏਕੇ’ ਨੂੰ ਭੰਗ ਕਰਦੇ, ਗਾਲੀ ਗਲੌਚ, ਭੱਦੀ ਸ਼ਬਦਾਵਲੀ ਅਤੇ ਭੁੱਲੇਖੇ ਉਤਪੰਨ ਕਰਦੇ ਸੱਜਣ ਕਿਹੜੇ ਮਨੁੱਖੀ ਏਕੇ ਦਿਆਂ ਗਲਾਂ ਕਰ ਰਹੇ ਹਨ?

ਸਿੱਖ ਰਹਿਤ ਮਰਿਆਦਾ ਬਾਰੇ ਨੁਕਤਾਚੀਨ ਟਿੱਪਣਿਆਂ ਕਰਦੇ ਕੁੱਝ ਜਜ਼ਬਾਤੀ ਵੀਰ ਇੱਕ ਵਿਸ਼ੇਸ਼ ਨੁੱਕਤੇ ਤੋਂ ਅਣਜਾਣ ਹਨ ਕਿ ਰਹਿਤ ਮਰਿਆਦਾ ਅਤੇ ਫ਼ਲਸਫ਼ੇ (ਅਧਿਆਤਮਕ ਸਿੱਖਿਆ) ਵਿੱਚ ਸਬੰਧ ਹੋਂਣ ਦੇ ਬਾ-ਵਜੂਦ ਭਾਰੀ ਅੰਤਰ ਹੁੰਦਾ ਹੈ। ਇਸ ਨੁਕਤੇ ਤੋਂ ਅਣਜਾਣ ਹੋਂਣ ਕਾਰਨ ਉਹ ਸਿੱਖ ਰਹਿਤ ਮਰਿਆਦਾ ਬਾਰੇ ਇੰਝ ਦੀ ਵਿਚਾਰ ਕਰਦੇ ਹਨ ਜਿਵੇਂ ਕਿ ਉਹ ਰਹਿਤ ਮਰਿਆਦਾ ਨਹੀਂ ਬਲਕਿ ਆਪ ਇੱਕ ਅਧਿਆਤਮਕ ਸਿੱਖਿਆ ਲਿਖਣ ਜਾ ਰਹੇ ਹਨ। ਸੁਭਾਵਕ ਜਿਹੀ ਗਲ ਹੈ ਕਿ ਜੇਕਰ ਸਿੱਖ ਰਹਿਤ ਮਰਿਆਦਾ ਨੂੰ ਹੀ ਅਧਿਆਤਮਕ ਫ਼ਲਸਫ਼ੇ ਦਾ ਦਸਤਾਵੇਜ਼ ਬਣਾ ਦਿੱਤਾ ਜਾਏ ਤਾਂ ਗੁਰੂਬਾਣੀ ਪੜਨ-ਸੁਣਨ-ਵਰਤਨ ਦੇ ਗੁਰੂ ਉਪਦੇਸ਼ ਦਾ ਕੀ ਮਹੱਤਵ ਬੱਚਦਾ ਹੈ? ਰਹਿਤ ਮਰਿਆਦਾ ਦੀ ਧਾਰਨਾ ਪੰਥਕ ਜੀਵਨ ਦੇ ਕੁੱਝ ਸਾਂਝੇ/ਨਿਜੀ ਪਲਾਂ ਵਿੱਚ ‘ਭਿੰਨਤਾਵਾਂ’ ਦੇ ਪੰਕਿਤੀਬੱਧ ਖੜੇ ਹੋਂਣ ਦੀ ਜੁਗਤ ਵੀ ਹੈ ਤਾਂ ਕਿ ਮੋਟੇ ਤੌਰ ਤੇ ਗੁਰਮਤਿ ਅਨੁਸਾਰ ਸੁਭਾਵਕ ਭਿੰਨਤਾਂਵਾਂ ਵਿੱਚ ਇੱਕ ਏਕੇ ਭਰੀ ‘ਪੰਥਕ ਬਨਾਵਟ’ ਦੇ ਵਿਚਾਰ ਨੂੰ ਦ੍ਰਿਸ਼ਟਮਾਨ ਕੀਤਾ ਜਾ ਸਕੇ।

ਸਿੱਖ ਰਹਿਤ ਮਰਿਆਦਾ ਸਿੱਖੀ ਅਧਿਆਤਮ ਦੇ ਸਰੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਨ ਨਹੀਂ ਲੇ ਸਕਦੀ ਨਾ ਹੀ ਇਹ ਇਸ ਦਾ ਟੀਚਾ ਹੈ। ਰਹਿਤ ਮਰਿਆਦਾ ਦਾ ਮੂਲ ਵਿਸ਼ਾ ਅਨੁਸ਼ਾਸਨ ਦਾ ਵਿਸ਼ਾ ਹੈ ਜਿਸ ਨੂੰ ਸੰਭਵ ਹਦ ਤਕ ਦਰਸ਼ਨ ਤੋਂ ਪ੍ਰੇਰਨਾ ਲੇ ਕੇ ਬਣਾਇਆ ਗਿਆ ਹੈ ਤਾਂ ਕਿ ਜਿੱਥੇ ਇੱਕ ਪਾਸੇ ਆਮ ਸਿੱਖ ਨਿਜੀ ਅਨੁਸ਼ਾਸਨ ਤੋਂ ਜਾਣੁ ਹੋ ਸਕੇ ਉੱਥੇ ਹੀ ਦੂਜੇ ਪਾਸੇ ਇੱਕ ਪੰਥਕ ਏਕੇ/ਅਨੁਸ਼ਾਸਨ ਦੀ ਪ੍ਰਾਪਤੀ ਕੀਤੀ ਜਾ ਸਕੇ। ਜ਼ਾਹਿਰ ਹੈ ਕਿ ਰਹਿਤ ਦਾ ਇੱਕ ਵਿਸ਼ੇਸ਼ ਸਥਾਨ ਹੈ ਉਸਦੀ ਇੱਕ ਵਿਸ਼ੇਸ਼ ਵਰਤੋਂ ਹੈ। ਵਿਸ਼ੇਸ਼ ਰੂਪ ਵਿੱਚ ਉਸ ਵੇਲੇ ਜਿਸ ਵੇਲੇ ਇਕੋ ਹੀ ਸਮਾਜਕ ਇੱਕਠ ਨੂੰ, ਸਭੰਵ ਹਦ ਤਕ, ਕੁੱਝ ਵਿਸ਼ੇਸ਼ ਨੁਕਤਿਆਂ ਬਾਰੇ, ਅਪਣੀ ਪਛਾਂਣ ਨੂੰ ਕਾਯਮ ਰੱਖਦੇ, ਹਮਖ਼ਿਆਲ ਹਮਸਫ਼ਰ ਬਨਾਉਂਣਾ ਹੋਵੇ।

ਹਰ ਨੁਕਤੇ ਤੇ ਸੰਪੁਰਨ ਸਹਿਮਤੀ/ਇਕੋ ਜਿਹੀ ਸਮਝ ਇੱਕ ਅਸੰਭਵ ਅਵਸਥਾ ਹੈ ਜਿਸ ਦੀ ਪ੍ਰਾਪਤੀ ਮੁਮਕਿਨ ਨਹੀਂ ਕਿਉਂਕਿ ਵਿਚਾਰਕ ਵੱਖਰੇਂਵਾਂ ਕੁਦਰਤੀ ਅਤੇ ਸੁਭਾਵਕ ਹੂੰਦਾ ਹੈ। ਇਸ ਲਈ ਇੱਕ ਰਹਿਤ ਰਾਹੀਂ ‘ਮੁੱਡਲੇ /ਮੁੱਖ ਵਿਸ਼ਿਆਂ’ ਤੇ ਇੱਕ ਆਪਸੀ ਸਹਮਤੀ ਤਿਆਰ ਕੀਤੀ ਜਾਂਦੀ ਹੈ ਤਾਂ ਕਿ ਵਿਚਾਰਕ ਵੱਖਰੇਂਵਿਆਂ ਦੇ ਬਾਵਜੂਦ ਇੱਕ ਧਾਰਮਕ ਤਬਕਾ ਮਿਲਜੁਲ ਕੇ ਅਪਣੀ ਅਧਿਆਤਮਕ ਸਿੱਖਿਆ ਦੇ ਮਾਰਗ ਤੇ ਚਲਣ ਦਾ ਜਤਨ ਕਰਦਾ ਰਹੇ। ਸਿੱਖੀ ਦੇ ਦਰਸ਼ਨ ਵਿੱਚ ਤਾਂ ਗੁਰੂ ਨਾਨਕ ਤੋਂ ਦਸ਼ਮੇਸ਼ ਜੀ ਨੇ ਸਿੱਖਾਂ ਨੂੰ ‘ਇੱਕ ਪੰਥ’ ਦੀ ਜੁਗਤ ਦ੍ਰਿੜ ਕਰਵਾਈ ਹੈ। ਇਸ ਜੁਗਤ ਨੂੰ ਭੰਗ ਕਰਨਾ ਗੁਰਆਂ ਦੀ ਘਾਲਣਾ ਨਾਲ ਵਿਸ਼ਵਾਸਘਾਤ ਕਰਨਾ ਹੈ। ਸਿੱਖ ਰਹਿਤ ਮਰਿਆਦਾ ‘ਦੱਸ ਗੁਰੂਆਂ’, ‘ਇਕ ਗੁਰੂ ਗ੍ਰੰਥ’, ‘ਇਕ ਪੰਥਕ ਬਨਾਵਟ’ ਅਤੇ ‘ਸ਼੍ਰੀ ਅਕਾਲ ਤਖ਼ਤ’ ਦੇ ਵਿਚਾਰ ਬਾਰੇ ਗੁਰਮਤਿ ਸਿਧਾਂਤ ਵਿੱਚ ਸਿੱਖ ਦੇ ਨਿਸ਼ਚੇ ਦਾ ਪ੍ਰਗਟਾਵਾ ਕਰਦੀ ਹੈ। ਇਹ ਉਹ ਨੁਕਤੇ ਹਨ ਜਿਨ੍ਹਾਂ ਤੇ ਬਾਕੀ ਭਿੰਨਤਾਵਾਂ ਦੇ ਬਾਵਜੂਦ ਸਾਰਾ ਪੰਖ ਇੱਕ ਮਤ ਹੈ। ਪਰ ਏਕਾਯੁਕਤ ਇਨ੍ਹਾਂ ਗੁਰਮਤੀ ਮੁੱਧਿਆਂ ਬਾਰੇ ਮਨਮਤੀ ਵਿਚਾਰ ਅਤੇ ਭ੍ਰਾਤਿਆਂ ਉਤਪੰਨ ਕਰਨ ਵਰਗੀ ਨਾਸਮਝੀ ਕੀਤੀ ਜਾ ਰਹੀ ਹੈ। ਸਿੱਖ ਚਿੰਤਨ ਵਿੱਚ ਸੁਚੇਤ ਵਿਦਵਾਨਾਂ ਨੇ ਐਸਾ ਕਦੇ ਨਹੀਂ ਸੀ ਕੀਤਾ। ਖ਼ੈਰ!

ਜੇ ਕਰ ਅਸੀਂ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਿਆਂ ਸਿੱਖਿਆਵਾਂ ਵਿਚਲੇ ਸਬੰਧ ਅਤੇ ਅੰਤਰ ਨੂੰ ਨਹੀਂ ਵਿਚਾਰਦੇ ਤਾਂ ਅਸੀਂ ਗਲਤੀ ਤੇ ਹਾਂ। ਕਿਉਂਕਿ ਐਸਾ ਨਾ ਵਿਚਾਰਨ ਨਾਲ ਸਾਨੂੰ ਸਿੱਖ ਰਹਿਤ ਮਰਿਆਦਾ ਗੁਰਮਤਿ ਤੋਂ ਉਲਟ ਪ੍ਰਤੀਤ ਹੋਵੇਗੀ। ਯਾਨੀ ਕਿ ਮੱਥਾ ਟੇਕਣ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ, ਨਿਤਨੇਮ, ਕੀਰਤਨ ਤੋਂ ਲੇ ਕੇ ਕੜ੍ਹਾ ਪ੍ਰਸਾਦਿ ਤਕ।

ਮਿਸਾਲ ਦੇ ਤੌਰ ਤੇ ਅਧਿਆਤਮਕ ਸਿੱਖਿਆ ਅਨੁਸਾਰ ਗੁਰੂ ਨੂੰ ਆਪਣੀ ਮਤਿ ਅਰਪਣ ਕਰਨਾ ਮੱਥਾ ਟੇਕਣਾ ਹੈ। ਇਸ ਤਰਕ ਤੇ ਖੜੇ ਸੱਜਣ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਬਾ ਅਦਬ ਮੱਥਾ ਟੇਕਣ ਦਾ ਰਹਿਤੀ ਨਿਰਦੇਸ਼ ਮਨਮਤਿ ਲੱਗੇਗਾ। ਤਾਂ ਕੀ ਇਸਦਾ ਮਤਲਭ ਇਹ ਹੋਈਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬਾ ਅਦਬ ਮੱਥਾ ਟੇਕਣਾ ਗੁਰਮਤਿ ਨਹੀਂ? ਇਸ ਨੁੱਕਤੇ ਤੇ ਪਹੁੰਚ ਕੇ ਅਸੀਂ ਰਹਿਤ ਮਰਿਆਦਾ ਅਤੇ ਅਧਿਆਤਮ ਵਿਚਲੇ ਸਬੰਧ ਅਤੇ ਅੰਤਰ ਨੂੰ ਵਿਚਾਰ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਬਾ ਅਦਬ ਮੱਥਾ ਟੇਕਣਾ ਉਹ ਰਹਿਤ ਹੈ ਜਿਸ ਦੇ ਪਾਲਨ ਨਾਲ ਗੁਰੂ ਦੀ ਅਧਿਆਤਮਕ ਸਿੱਖਿਆ ਪ੍ਰਤੀ ਸਿੱਖ ਦੇ ਨਿਸ਼ਚੇ ਨੂੰ ਦ੍ਰਿੜਤਾ ਮਿਲਦੀ ਹੈ ਅਤੇ ਉਸਦੇ ਜੀਵਨ ਵਿੱਚ ਗੁਰੂ ਦੇ ਸਥਾਨ ਦਾ ਮਹੱਤਵ ਪਰਿਭਾਸ਼ਤ ਅਤੇ ਪੀੜੀ ਦਰ ਪੀੜੀ ਪ੍ਰੇਸ਼ਤ ਹੁੰਦਾ ਹੈ। ਇਹ ਰਹਿਤ ਸਾਨੂੰ ਗੁਰੂਆਂ ਨੇ ਹੀ ਦ੍ਰਿੜ ਕਰਵਾਈ ਹੈ ਜਿਸਦਾ ਟਕਰਾਅ ਗੁਰੂ ਨੂੰ ਅਪਣੀ ਮਤਿ ਸੋਂਪਣ ਦੇ ਵਿਚਾਰ ਨਾਲ ਕਰਵਾਉਂਣਾ ਨਾਸਮਝੀ ਹੈ। ਇੱਥੇ ਟਾਕਰਾ ਕਰਵਾਉਂਣ ਦੀ ਥਾਂ ‘ਮੱਥਾ ਟੇਕਣ’ ਅਤੇ ‘ਮਤਿ ਸੋਂਪਣ’ ਬਾਰੇ ਗੁਰੂ ਨਿਰਦੇਸ਼ਾਂ ਦੇ ਮਹੱਤਵ ਨੂੰ ਅਪਣੀ- ਅਪਣੀ ਥਾਂ ਸਮਝਣਾ ਪਵੇਗਾ।

ਆਉ ਜ਼ਰਾ ਅਧਿਆਤਮਕ ਸਿੱਖਿਆ ਅਤੇ ਰਹਿਤ ਵਿਚਲੇ ਸਬੰਧ ਅਤੇ ਅੰਤਰ ਨੂੰ ਜ਼ਰਾ ਹੋਰ ਵਿਚਾਰਨ ਦਾ ਜਤਨ ਕਰੀਏ।

ਅਸੀਂ ਸਾਰੇ ਕੋਈ ਨਾ ਕੋਈ ਭਾਸ਼ਾ ਜਾਣਦੇ ਹਾਂ ਜਿਸ ਰਾਹੀ ਵਿਚਾਰ ਬੋਲ ਜਾਂ ਲਿਖ ਕੇ ਪ੍ਰਗਟ ਕੀਤੇ ਜਾਂਦੇ ਹਨ। ਕਿਸੇ ਵੀ ਭਾਸ਼ਾ ਨੂੰ ਬੋਲਣ ਵੇਲੇ ਇੱਕ ਵਿਸ਼ੇਸ਼ ਰਹਿਤ ਹਰ ਸ਼ਬਦ ਨੂੰ ਦੂਜੇ ਸ਼ਬਦ ਨਾਲੋਂ ਵੱਖਰਾ ਕਰਦੀ ਹੈ। ਇਸ ਗਲ ਨੂੰ ਅੱਖਰ ਲਿਖਣ ਦੀ ਰਹਿਤ ਤੋਂ ਸਮਝ ਲਈਏ।

ਮੈਂ ਪੰਜਾਬੀ ਦੇ ਵਿੱਚ ਇੱਕ ਅੱਖਰ ਲਿਖਦਾ ਹਾਂ ‘ਸ’। ਅੱਖਰ ਲਿਖਣਾ ਇੱਕ ਵਿਸ਼ੇਸ਼ ਤਰਤੀਬ ਨਾਲ ਕਾਗਜ਼ ਤੇ ਇੱਕ ਲਕੀਰ ਖਿੱਚਣਾ ਹੈ। ਲਕੀਰ ਖਿੱਚਣ ਦੀ ਇਹ ਤਰਤੀਬ ‘ਸ’ ਅੱਖਰ ਲਿਖਣ ਦੀ ਰਹਿਤ ਹੈ ਜਿਸ ਦੇ ਬਿਨਾਂ ਅੱਖਰ ਦੀ ਪਛਾਂਣ ਨਿਰਧਾਰਤ ਨਹੀਂ ਹੂੰਦੀ। ਜੇ ਕਰ ਮੈਂ ਇਸ ਤਰਤੀਬ ਦਾ ਪਾਲਨ ਨਾ ਕਰਾਂ ਤਾਂ ਕੋਈ ਵੀ ਮੇਰੇ ਵਲੋਂ ਖਿੱਚੀ ਲਕੀਰ ਨੂੰ ‘ਸ’ ਕਰਕੇ ਨਹੀਂ ਪੜ ਸਕਦਾ। ਇਸ ਤਰਤੀਬ ਵਿੱਚ ਥੋੜਾ ਜਿਹਾ ਅੰਤਰ ਹੀ ‘ਸ’ ਨੂੰ ‘ਮ’ ਵਿੱਚ ਬਦਲ ਛੱਡਦਾ ਹੈ। ਇਸ ਲਈ ਹਰ ਅੱਖਰ ਇੱਕ ਲਕੀਰ/ਲਕੀਰਾਂ ਦੀ ਵਿਸ਼ੇਸ਼ ਰਹਿਤ ਨਾਲ ਉਸਰਦਾ ਹੈ।

ਇੰਝ ਹੀ ਅੱਖਰਾਂ ਤੋਂ ਸ਼ਬਦ ਲਿਖਣ ਦੀ ਰਹਿਤ ਉਸਰਦੀ ਹੈ ਜਿਸ ਦੇ ਪਾਲਨ ਨਾਲ ਸ਼ਬਦ ਇੱਕ ਪਛਾਂਣ, ਇੱਕ ਅਰਥ ਪ੍ਰਾਪਤ ਕਰਦੇ ਹਨ, ਜਿਨ੍ਹਾਂ ਰਾਹੀਂ ਵਿਚਾਰ ਪ੍ਰਗਟ/ਪ੍ਰੇਸ਼ਤ ਹੂੰਦਾ ਹੈ। ਸ਼ਬਦ ਅਪਣੇ ਆਪ ਵਿੱਚ ਵਿਚਾਰ ਨਹੀਂ ਹੂੰਦੇ ਬਲਕਿ ਵਿਚਾਰਾਂ ਨੇ ਅਪਣੇ ਆਪ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ। ਵਿਚਾਰ ਤਾਂ ਉਦੋਂ ਵੀ ਸਨ ਜਦੋਂ ਇਨਸਾਨ ਪਾਸ ਭਾਸ਼ਾਈ ਸ਼ਬਦ ਨਹੀਂ ਸਨ। ਵਿਚਾਰ ਵੱਖਰੇ ਸਨ ਜਿਨ੍ਹਾਂ ਨੇ ਕਾਲਾਂਤਰ ਸ਼ਬਦਾਂ ਦਾ ਰੂਪ ਲਿਆ ਅਤੇ ਇੰਝ ਵਿਚਾਰ ਅਤੇ ਸ਼ਬਦਾਂ ਦਾ ਡੁੰਗਾ ਸਬੰਧ ਸਥਾਪਤ ਹੋਈਆ। ਹੁਣ ਹਰ ਭਾਸ਼ਾ ਦੀ ਇੱਕ ਰਹਿਤ ਹੈ ਜਿਸ ਦਾ ਅਨੁਸਰਨ ਕਰਕੇ ਵਿਚਾਰ ਪ੍ਰਗਟ ਕੀਤੇ ਜਾਂਦੇ ਹਨ।

ਚੰਗੇ ਜਾਂ ਮਾੜੇ, ਸੱਚੇ ਜਾਂ ਝੂਠੇ ਵਿਚਾਰ ਪ੍ਰਗਟ ਕਰਨ ਲਈ ਇਕੋ ਜਿਹੇ ਅੱਖਰ ਹੀ ਵਰਤੇ ਜਾਂਦੇ ਹਨ, ਇਕੋ ਜਿਹੀ ਰਹਿਤ ਵਰਤੀ ਜਾਂਦੀ ਹੈ। ਲੇਕਿਨ ਅੱਖਰਾਂ ਤੋਂ ਅਲਗ ਖੜਾ ਦਰਸ਼ਨ ਭਾਵ ਇਕੋ ਜਿਹੇ ਅੱਖਰਾਂ/ਸ਼ਬਦਾਂ ਦੀ ਰਹਿਤ ਵਿਚੋਂ ਸੱਚ ਜਾਂ ਝੂਠ, ਸਹੀ ਜਾਂ ਗਲਤ, ਵਿਵੇਕਸ਼ੀਲ਼ ਜਾਂ ਅਵਿਵੇਕੀ, ਤਰਕਸੰਗਤ ਜਾਂ ਅਤਰਕਸੰਗਤ ਹੋ ਕੇ ਪ੍ਰਗਟ ਹੂੰਦਾ ਹੈ। ਇਹ ਇੱਕ ਰਹਿਤ ਅਤੇ ਦਰਸ਼ਨ ਵਿਚਲਾ ਸਬੰਧ ਅਤੇ ਅੰਤਰ ਹੈ।

‘ਸਿੱਖ ਰਹਿਤ ਮਰਿਆਦਾ’ ਅਤੇ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਸਿੱਖੀ ਦੇ ਦਰਸ਼ਨ’ ਦੇ ਸਬੰਧ ਅਤੇ ਅੰਤਰ ਨੂੰ ਵਿਚਾਰੇ ਬਿਨ੍ਹਾਂ ਸਿੱਖ ਰਹਿਤ ਮਰਿਆਦਾ ਬਾਰੇ ਚਿੰਤਨ ਕਰਨਾ ਕਿਸੇ ਵੀ ਵਿਦਵਾਨ ਨੂੰ ਭੁੱਲੇਖਾ ਪਾਉ ਮਨਮਤਿ ਵੱਲ ਲੇ ਜਾ ਸਕਦਾ ਹੈ ਜਿਸ ਤੇ ਪਹੁੰਚ ਕੇ ਉਹ ਖ਼ੂਦ ਆਪ ਆਪਣੀ ਮਨਮਤਿ ਕਾਰਨ ਬੇਦਲੀਲ ਹੋ ਜਾਏਗਾ।

ਹਰਦੇਵ ਸਿੰਘ, ਜੰਮੂ




.