.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧-ਸਟੀਕ (ਪੰ: ੧੩੭- ੧੫੮)

(ਲੋੜੀਂਦੀ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ) (ਕਿਸ਼ਤ ੬)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(ਪਉੜੀ ਨੰ: ੧ ਦਾ ਮੂਲ, ਪਾਠ ਸਲੋਕਾਂ ਸਮੇਤ)

ਸਲੋਕੁ ਮਃ ੧॥ ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹੁ ਲੋਇ॥ ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ॥ ੧ 

ਮਃ ੧॥ ਪਹਿਲੈ ਪਿਆਰਿ ਲਗਾ ਥਣ ਦੁਧਿ॥ ਦੂਜੈ ਮਾਇ ਬਾਪ ਕੀ ਸੁਧਿ॥ ਤੀਜੈ ਭਯਾ ਭਾਭੀ ਬੇਬ॥ ਚਉਥੈ ਪਿਆਰਿ ਉਪੰਨੀ ਖੇਡ॥ ਪੰਜਵੈ ਖਾਣ ਪੀਅਣ ਕੀ ਧਾਤੁ॥ ਛਿਵੈ ਕਾਮੁ ਨ ਪੁਛੈ ਜਾਤਿ॥ ਸਤਵੈ ਸੰਜਿ ਕੀਆ ਘਰ ਵਾਸੁ॥ ਅਠਵੈ ਕ੍ਰੋਧੁ ਹੋਆ ਤਨ ਨਾਸੁ॥ ਨਾਵੈ ਧਉਲੇ ਉਭੇ ਸਾਹ॥ ਦਸਵੈ ਦਧਾ ਹੋਆ ਸੁਆਹ॥ ਗਏ ਸਿਗੀਤ ਪੁਕਾਰੀ ਧਾਹ॥ ਉਡਿਆ ਹੰਸੁ ਦਸਾਏ ਰਾਹ॥ ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ॥ ੨ 

ਮਃ ੧॥ ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ॥ ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ॥ ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ॥ ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ॥ ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ॥ ੩ 

ਪਉੜੀ॥ ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ॥ ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ॥ ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ॥ ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ॥ ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ॥ ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ॥ ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ॥ ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ॥ ੧ 

(ਸਟੀਕ ਪਉ: ੧-ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮ: ੧॥ ਗੁਰੁ ਦਾਤਾ, ਗੁਰੁ ਹਿਵੈ ਘਰੁ, ਗੁਰੁ ਦੀਪਕੁ ਤਿਹੁ ਲੋਇ॥ ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ॥ ੧॥

ਪਦ ਅਰਥ : ਹਿਵੈ ਘਰੁ—ਬਰਫ਼ ਦਾ ਘਰ, ਠੰਢ ਦਾ ਸੋਮਾ। ਦੀਪਕੁ—ਦੀਵਾ। ਤਿਹੁ ਲੋਇ—ਤ੍ਰਿਲੋਕੀ `ਚ, ਸੰਪੂਰਣ ਰਚਨਾ `ਚ। ਅਮਰ—ਸਦਾ ਥਿਰ। ਮਨਿ ਮਾਨਿਐ—ਜੇ ਮਨ ਮੰਨ ਜਾਏ, ਜੇ ਮਨ ਪਤੀਜ ਜਾਏ, ਜੇਕਰ ਪੂਰਾ ਭਰੋਸਾ ਬਝ ਜਾਏ ਤਾਂ। ਸੁਖੁ … ਸਦੀਵੀ ਸੁਖ, ਸੱਚਾ ਤੇ ਸਦੀਵੀ ਅਨੰਦ, ਮਾਨਸਿਕ ਟਿਕਾਅ, ਸੁਖੁ (ਖੁ ਦੇ ਪੈਰ `ਚ ਉਂਕੜ (ੁ) ਸੁਖੁ ਇੱਕ ਵਚਨ ਦਾ ਲਖਾਇਕ ਹੈ) ਇਕੋ ਇੱਕ ਸਦੀਵੀ ਅਨੰਦ।

ਅਰਥ : — ਇਹ ਦਾਤ ਕੇਵਲ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਕਿ (ਸਚਾ) ਗੁਰੂ, ਮਨੁੱਖ ਦੇ ਜੀਵਨ ਨੂੰ ਕਰਤੇ ਅਕਾਲ ਪੁਰਖ ਦੀ ਸਿਫ਼ਤ ਸਲਾਹ ਨਾਲ ਹੀ ਜੋੜਦਾ ਹੈ। ਗੁਰੂ ਠੰਡ ਦਾ ਸੋਮਾ ਹੈ ਭਾਵ ਜਦੋਂ ਸਚਾ ਗੁਰੂ, ਕਿਸੇ ਦੇ ਜੀਵਨ `ਚ ਵੱਸ ਜਾਏ ਤਾਂ ਉਸ ਜੀਵਨ `ਚ ਟਿਕਾਅ ਆ ਜਾਂਦਾ ਹੈ, ਮਨ ਤ੍ਰਿਸ਼ਨਾ ਵਿਕਾਰਾਂ ਵੱਲ ਨਹੀਂ ਦੌੜਦਾ। ਇਹੀ ਨਹੀਂ ਗੁਰੁ ਦੀਪਕੁ ਤਿਹੁ ਲੋਇ” ਭਾਵ ਗੁਰੂ ਦੇ ਜੀਵਨ `ਚ ਵੱਸ ਜਾਣ ਨਾਲ, ਜੀਵਨ `ਚੋਂ ਅਗਿਆਨਤਾ ਦਾ ਨਾਸ ਹੋ ਜਾਂਦਾ ਹੈ ਤੇ ਜੀਵਨ `ਚ ਰੱਬੀ ਸੱਚ ਦਾ ਪ੍ਰਕਾਸ਼ ਹੋ ਜਾਂਦਾ ਹੈ ਫ਼ਿਰ ਅਜਿਹੇ ਮਨੁੱਖ ਕਰਤੇ ਦੀ ਸੰਪੂਰਣ ਰਚਨਾ ਦੇ ਚਾਹੇ ਕਿਸੇ ਵੀ ਹਿੱਸੇ `ਚ ਕਿਉਂ ਨਾ ਵੱਸ ਰਿਹਾ ਹੋਵੇ ਅਥਵਾ ਕਿਥੇ ਦਾ ਵਾਸੀ ਕਿਉਂ ਨਾ ਹੋਵੇ।

ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ, ਕਦੇ ਨਾ ਮੁੱਕਣ ਵਾਲੀ ਨਾਮ ਰੂਪ ਕਰਤੇ ਦੀ ਸਿਫ਼ਤ ਸਲਾਹ ਵਾਲੀ ਦਾਤ, ਸਚੇ ਅਥਵਾ ਸਦਾ ਥਿਰ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ। ਤਾਂ ਤੇ ਜਿਸ ਮਨੁੱਖ ਦਾ ਮਨ ਇਸ ਬਾਰੇ ਪਤੀਜ ਜਾਏ ਭਾਵ ਜਿਸ ਨੂੰ ਦ੍ਰਿੜ ਵਿਸ਼ਵਾਸ ਆ ਜਾਏ ਕਿ ਜੀਵਨ ਦੀ ਅਜਿਹੀ ਮਾਨਸਿਕ ਟਿਕਾਅ ਵਾਲੀ ਅਵਸਥਾ, ਗੁਰਬਾਣੀ ਗੁਰੂ ਨੂੰ ਜੀਵਨ `ਚ ਵਸਾਉਣ ਨਾਲ ਹੀ ਪ੍ਰਾਪਤ ਹੋਣੀ ਹੈ। ਇਸ ਤਰ੍ਹਾਂ ਮਨੁੱਖ, ਜੇਕਰ ਆਪਣੇ ਜੀਵਨ ਨੂੰ ਇਸ ਸਦੀਵੀ ਸੱਚ ਵੱਲ ਮੋੜ ਲੈਂਦਾ ਹੈ ਤਾਂ ਯਕੀਨਣ ਉਸ ਨੂੰ ਜੀਵਨ ਦਾ ਸੱਚਾ ਸੁਖ ਪ੍ਰਾਪਤ ਹੋ ਜਾਂਦਾ ਹੈ। ਉਸ ਦੇ ਜੀਵਨ ਅੰਦਰੋਂ ਤ੍ਰਿਸ਼ਨਾ, ਭਟਕਣਾ, ਚਿੰਤਾ, ਝੋਰੇ, ਵਿਕਾਰ ਆਦਿ ਆਪਣੇ ਆਪ ਮੁੱਕ ਜਾਂਦੇ ਹਨ। ੧।

ਗੁਰਮੱਤ ਵਿਚਾਰ ਦਰਸ਼ਨ- ਇਸ ਸਲੋਕ `ਚ ਗੁਰਦੇਵਨ ਸੱਚੇ ਗੁਰੂ ਦੀ ਪਹਿਚਾਣ ਕਰਵਾ ਰਹੇ ਹਨ। ਦੱਸ ਰਹੇ ਹਨ ਕਿ ਗੁਰੂ, ਸਰੀਰ ਨਹੀਂ ਬਲਕਿ ਸਚੇ ਤੇ ਸਦੀਵੀ ਕਰਤੇ ਦੀ ਸਿਫ਼ਤ ਸਲਾਹ ਵਾਲੀ ਦਾਤ ਹੈ ਜਿਹੜੀ (ਸਾਧ ਸੰਗਤ ਅਥਵਾ ਗੁਰੂ ਕੀ ਸੰਗਤ `ਚ ਆਉਣ ਨਾਲ “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯) ਅਨੁਸਾਰ ਹਰੇਕ ਦੇ ਜੀਵਨ ਅੰਦਰੋਂ ਪ੍ਰਗਟ ਹੋਣੀ ਹੁੰਦੀ ਹੈ। ਇਸ ਲਈ ਲੋੜ ਹੋ ਕਿ ਜੀਵਨ ਨੂੰ ਸੰਸਾਰਕ ਮੋਹ ਮਾਇਆ ਵਾਲੇ ਪਾਸਿਓਂ ਹਟਾ ਕੇ, ਗੁਰਬਣੀ ਗੁਰੂ ਦੇ ਗਿਆਨ `ਚ ਢਾਲਣ ਦੀ।

ਇਸ ਤਰ੍ਹਾਂ ਜਦੋ ਕਿਸੇ ਮਨੁੱਖ ਦੇ ਜੀਵਨ ਅੰਦਰ ਸਚਮੁਚ ਹੀ ਸਦਾ ਥਿਰ ਤੇ ਸਦੀਵੀ ਗੁਰੂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਅਜਿਹਾ ਜੀਵਨ, ਮੋਹ ਮਾਇਆ ਵਿਕਾਰਾਂ ਤ੍ਰਿਸ਼ਨਾ ਭਟਕਣਾ ਵੱਲੋਂ ਹੱਟ ਕੇ ਆਪਣੇ ਆਪ ਕਰਤੇ ਦੀ ਸਿਫ਼ਤ ਸਲਾਹ ਵੱਲ ਮੁੜ ਜਾਂਦਾ ਹੈ। ਜੀਵਨ `ਚ ਠੰਡ ਵਰਤ ਜਾਂਦੀ ਹੈ ਭਾਵ ਅਜਿਹਾ ਜੀਵਨ ਫ਼ਿਰ ਤ੍ਰਿਸ਼ਨਾ ਹਉਮੈ ਆਦਿ ਵਿਕਾਰਾਂ ਦੀ ਤਪਸ਼ ਵੱਲ ਨਹੀਂ ਵਧਦਾ। ਇਸ ਤਰ੍ਹਾਂ ਗਰੂ ਕੀ ਸੰਗਤ ਅਥਵਾ ਸਾਧ ਸੰਗਤ `ਚ ਆਉਣ ਨਾਲ ਜੀਵਨ ਅੰਦਰੋਂ ਜਦੋਂ ਗੁਰੂ ਗਿਆਨ ਪ੍ਰਗਟ ਹੁੰਦਾ ਤੇ ਵਿਵੇਕ ਬੁਧ ਪੈਦਾ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਜੀਵਨ ਅੰਦਰ ‘ਅਮਰ ਸਦਾਰਥ’ ਭਾਵ ਸਦਾ ਥਿਰ ਕਰਤੇ ਦੀ ਸਿਫ਼ਤ ਸਲਾਹ ਵੱਸ ਜਾਂਦੀ ਹੈ। ਮਨ `ਚ ਟਿਕਾਅ ਤੇ ਸਦੀਵੀ ਅਨੰਦ ਮਾਣਨ ਵਾਲਾ ਰਸ ਪੈਦਾ ਹੋ ਜਾਂਦਾ ਹੈ। ਜੀਵਨ ਆਸਾ ਮਨਸਾ ਗੁਣਾਹਾਂ ਆਦਿ ਵਾਲੇ ਪਾਸੇ ਜਾਣੋਂ ਹੱਟ ਜਾਂਦਾ ਹੈ ਤੇ ਵਿਕਾਰ ਭਾਰੂ ਨਹੀਂ ਹੋ ਸਕਦੇ। ਜੀਵਨ ਅੰਦਰ ਇਲਾਹੀ ਤੇ ਸੱਚੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।

ਫ਼ਿਰ ਚਾਹੇ ਅਜਿਹਾ ਮਨੁੱਖ “ਗੁਰੁ ਦੀਪਕੁ ਤਿਹੁ ਲੋਇ” ਕਰਤੇ ਦੀ ਰਚਨਾ ਦੇ ਕਿਸੇ ਵੀ ਹਿੱਸੇ ਦਾ ਵਾਸੀ ਕਿਉਂ ਨਾ ਹੋਵੇ। ਜਦਕਿ ਇਸ ਦੇ ਨਾਲ ਨਾਲ ਗੁਰਦੇਵ ਇਹ ਵੀ ਪੱਕਾ ਕਰਦੇ ਹਨ ਕਿ ਮਨੁੱਖਾ ਜੀਵਨ ਦੀ ਅਜਿਹੀ ਉੱਚਤਮ ਤੇ ਮਾਨਸਿਕ ਟਿਕਾਅ ਵਾਲੀ ਅਵਸਥਾ ਨੂੰ ਪ੍ਰਾਪਤ ਕਰਣ ਲਈ ਮਨਿ ਮਾਨਿਐ ਸੁਖੁ ਹੋਇ” ਭਾਵ ਪਹਿਲਾਂ ਇੱਕ ਵਾਰੀ ਦ੍ਰਿੜ ਇਰਾਦੇ ਨਾਲ ਜੀਵਨ ਨੂੰ ਮਇਕ ਖਿੱਚਾਂ ਤੋਂ ਹਟਾ ਕੇ ਸਾਧਸੰਗਤ ਤੇ ਗੁਰੂ ਗਿਆਨ ਵਾਲੇ ਪਾਸੇ ਮੋੜਣ ਦੀ ਲੋੜ ਹੁੰਦੀ ਹੈ ਅਥਵਾ ਗੁਰੂ ਗਿਆਨ ਦੀ ਕਮਾਈ ਕਰਣ ਦੀ ਲੋੜ ਹੁੰਦੀ ਹੈ।

ਸਚਾ ਗੁਰੂ ਤੇ ਤਸਵੀਰ ਦਾ ਦੂਜਾ ਰੁਖ ਵੀ- ਇਸ ਤੋਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਗੁਰੂ ਸਰੀਰ ਨਹੀਂ ਬਲਕਿ ਸਾਧਸੰਗਤ ਤੇ ਗੁਰਬਾਣੀ ਗੁਰੂ ਦੀ ਕਮਾਈ ਨਾਲ ਗੁਰੂ ਨੇ ਮਨੁੱਖ ਦੇ ਜੀਵਨ ਅੰਦਰੋਂ ਹੀ ਪ੍ਰਗਟ ਹੋਣਾ ਹੁੰਦਾ ਹੈ। ਇਸ ਤਰ੍ਹਾਂ ਗੁਰੂ ਨੂੰ ਬਾਹਰੋਂ ਢੂੰਡਣ ਦੀ ਲੋੜ ਨਹੀਂ। ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ “ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸੋਂ ਪਾਤਸ਼ਾਹੀਆਂ ਉਸੇ ਇਲਾਹੀ ਗੁਰੂ ਗਿਆਨ ਦਾ ਹੀ ਜਨਮਾਂਦਰੂ ਸਰੀਰਕ ਪ੍ਰਗਟਾਵਾ ਸਨ ਜਿਨ੍ਹਾਂ ਨੇ ਆਪਣੇ ਸੁਆਸ ਸੁਆਸ ਤੇ ਸਮੂਚੀ ਕਰਣੀ ਰਾਹੀਂ ਮਨੁੱਖਾ ਜੀਵਨ ਨੂੰ ਆਪਣੇ ਅਤੀ ਸਤਿਕਾਰਜੋਗ ਸਰੀਰਾਂ ਵੱਲ ਨਹੀਂ ਬਲਕਿ ਸਿਧਾ ਅਕਾਲ ਪੁਰਖ ਵੱਲ ਮੋੜਿਆ ਤੇ ਜੋੜਿਆ ਹੈ। ਫ਼ਿਰ ਇਨਾਂ ਹੀ ਨਹੀਂ ਉਨ੍ਹਾਂ ਗੁਰੂ ਸਰੀਰਾਂ ਦੀ ਘਾਲਣਾ ਦਾ ਹੀ ਨਤੀਜਾ ਸੀ ਜੋ ਉਸੇ ਇਲਾਹੀ ਤੇ ਸਦਾ ਥਿਰ ਗੁਰੂ ਨੂੰ, ਮਨੁੱਖ ਮਾਤ੍ਰ ਦੀ ਸਦੀਵੀ ਸੰਭਾਲ ਲਈ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਰੂਪ `ਚ ਸਦੈਵ ਕਾਲ ਲਈ ਪ੍ਰਗਟ ਵੀ ਕਰ ਦਿੱਤਾ। ਅਜਿਹੀ ਸਮ੍ਰਥਾ ਸਾਧਾਰਣ ਸਰੀਰਾਂ `ਚ ਕਦੇ ਨਹੀਂ ਹੋ ਸਕਦੀ।

ਇਸ ਤਰ੍ਹਾਂ ਸੱਚੇ ਤੇ ਸਦਾ ਥਿਰ ਗੁਰੂ ਦਾ ਪਹਿਚਾਣ ਹੋ ਜਾਣ ਬਾਅਦ ਇਹ ਵੀ ਸਮਝ ਆ ਸਕਦੀ ਹੈ ਕਿ ਪਾਖੰਡੀ ਗੁਰੂਆਂ ਦੀ ਪਹਿਚਾਣ ਕੀ ਹੈ? ਪਾਖੰਡੀ ਕਿਸ ਤਰ੍ਹਾਂ ਮਨੁੱਖ ਨੂੰ ਕਰਤੇ ਦੀ ਸਿਫ਼ਤ ਸਲਾਹ ਨਾਲ ਜੋੜਣ ਦੀ ਬਜਾਏ, ਸਾਰੇ ਹੀਲੇ ਆਪਣੇ ਨਾਲ ਜੋੜਣ ਦੇ ਹੀ ਵਰਤਦੇ ਹਨ। ਇਨ੍ਹਾਂ ਦੇ ਨੇੜੇ ਜਾਣ ਵਾਲਿਆਂ ਦੇ ਜੀਵਨ ਅੰਦਰੋਂ ਆਸ਼ਾ-ਮਨਸ਼ਾ-ਮੰਗਾਂ, ਤ੍ਰਿਸ਼ਨਾ ਭਟਕਣਾ, ਚਿੰਤਾਂਵਾਂ, ਝੋਰੇ ਵਿਕਾਰ ਵਧਦੇ ਤੇ ਹੋਰ ਭੜਕਦੇ ਹਨ, ਘਟਦੇ ਨਹੀਂ। ਇਨ੍ਹਾਂ ਦੇ ਸ਼੍ਰਧਾਲੂ, ਕਾਦਿਰ ਕਰਤੇ ਨੂੰ ਪਹਿਚਾਨ ਤੇ ਉਸ ਨਾਲ ਜੁੜਣ ਦੀ ਬਜਾਏ ਮੁੜ ਤੁੜ ਕੇ ਭਿੰਨ ਭਿੰਨ ਇਸ਼ਟਾਂ, ਭਗਵਾਨਾਂ, ਮੜੀਆਂ-ਕਬਰਾਂ-ਬਿਰਖਾਂ, ਧਾਗੇ ਤਬੀਤਾਂ ਜੋਤਸ਼ੀਆਂ, ਰਾਸ਼ੀਫ਼ਲਾਂ ਤੇ ਹਾਰੋਸਕੋਪਾਂ ਦੇ ਵਿਸ਼ਵਾਸਾਂ `ਚ ਹੀ ਫ਼ਸੇ ਰਹਿੰਦੇ ਤੇ ਨਿਤ ਫ਼ਸਦੇ ਵੀ ਹਨ। ਜੀਵਨਾਂ `ਚ ਵਹਿਮ ਸਹਿਮ ਭਰਮ, ਸਵੇਰ ਸ਼ਾਮ, ਥਿਤ ਵਾਰ, ਟੂਣੇ ਪ੍ਰਛਾਵੇਂ, ਕੁੰਡਲੀਆਂ ਟੇਵੇ ਪਥਰ ਪੂਜਾ ਆਦਿ ਪਹਿਲਾਂ ਵਾਂਙ ਹੀ ਬਣੇ ਰਹਿੰਦੇ ਹਨ ਜਾਂ ਇਨ੍ਹਾਂ `ਚ ਨਿਤ ਵਾਧੇ ਵੀ ਹੁੰਦੇ ਹਨ।

ਉਪ੍ਰੰਤ ਇਸ ਸਾਰੇ ਤੋਂ ਇੱਕ ਦੰਮ ਛੁਟਕਾਰਾ ਮਿਲਦਾ ਹੈ ਤਾਂ ਉਦੋਂ “ਗੁਰੁ ਦਾਤਾ, ਗੁਰੁ ਹਿਵੈ ਘਰੁ, ਗੁਰੁ ਦੀਪਕੁ ਤਿਹੁ ਲੋਇ॥ ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ” ਅਨੁਸਾਰ ਜਦੋਂ ਇੱਕ ਵਾਰੀ ਮਨ ਨੂੰ ਦ੍ਰਿੜ ਇਰਾਦੇ ਨਾਲ ਮੋਹ ਮਾਇਆ ਵੱਲੋਂ ਹੋੜ ਕੇ ਤੇ ਸਾਧ ਸੰਗਤ ਵੱਲ ਲਿਆਂਦਾ ਜਾਵੇ। ਤਾਂ ਫ਼ਿਰ ਕਿਸੇ ਵੀ ਮਨੁੱਖ ਦੇ ਜੀਵਨ ਅੰਦਰ ਸਦਾ ਥਿਰ ਸਤਿਗੁਰੂ ਦਾ ਪ੍ਰਕਾਸ਼ ਹੋ ਸਕਦਾ ਹੈ।

ਮ: ੧॥ ਪਹਿਲੈ ਪਿਆਰਿ ਲਗਾ ਥਣ ਦੁਧਿ॥ ਦੂਜੈ ਮਾਇ ਬਾਪ ਕੀ ਸੁਧਿ॥ ਤੀਜੈ ਭਯਾ ਭਾਭੀ ਬੇਬ॥ ਚਉਥੈ ਪਿਆਰਿ ਉਪੰਨੀ ਖੇਡ॥ ਪੰਜਵੈ ਖਾਣ ਪੀਅਣ ਕੀ ਧਾਤੁ॥ ਛਿਵੈ ਕਾਮੁ ਨ ਪੁਛੈ ਜਾਤਿ॥ ਸਤਵੈ ਸੰਜਿ ਕੀਆ ਘਰ ਵਾਸੁ॥ ਅਠਵੈ ਕ੍ਰੋਧ ਹੋਆ ਤਨ ਨਾਸੁ॥ ਨਾਵੈ ਧਉਲੈ ਉਭੇ ਸਾਹ॥ ਦਸਵੈ ਦਧਾ ਹੋਆ ਸੁਆਹ॥ ਗਏ ਸਿਗੀਤ ਪੁਕਾਰੀ ਧਾਹ॥ ਉਡਿਆ ਹੰਸੁ ਦਸਾਏ ਰਾਹ॥ ਆਇਆ ਗਇਆ ਮੁਇਆ ਨਾਉ॥ ਪਿਛੈ ਪਤਲ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ॥ ੨॥

ਪਦ ਅਰਥ : —ਪਹਿਲੈ—ਜੀਵਨ ਦੀ ਪਹਿਲੀ ਅਵਸਥਾ `ਚ, ਮਨੁੱਖਾ ਜਨਮ ਹੁੰਦੇ ਸਾਰ। ਪਿਆਰਿ— ਪਿਆਰ ਪੈਂਦਾ ਹੈ, ਪਿਆਰ ਉਪਜਦਾ ਹੈ। ਥਣ ਦੁਧਿ—ਮਾਤਾ ਦੀਆਂ ਛਾਤੀਆਂ ਤੋਂ ਦੁੱਧ ਲਈ। ਸੁਧਿ—ਸੂਝ, ਸੋਝੀ, ਪਹਿਚਾਣ ਆਉਂਦੀ ਹੈ। ਭਯਾ—ਭਾਈਆਂ, ਭਰਾਂਵਾਂ। ਭਾਭੀ—ਭਰਜਾਈ। ਬੇਬ—ਭੈਣ। ਧਾਤੁ—ਦੌੜ, ਕਾਮਨਾਵਾਂ, ਇਛਾਵਾਂ। ਸੰਜਿ— (ਧਨ ਪਦਾਰਥਾਂ) ਨੂੰ ਇਕੱਠੇ ਕਰਣ ਦੀ ਲਾਲਸਾ ਤੇ ਘਰ ਵਸਾੳੇੁਣ ਲਈ ਦੌੜ। ਸਿਗੀਤ—ਸੰਗੀ, ਸਾਥੀ। ਦਸਾਏ—ਪੁੱਛਦਾ ਹੈ। ਮੁਇਆ—ਭੁੱਲ ਗਿਆ, ਸਰੀਰ ਦੀ ਮੌਤ ਤੋਂ ਬਾਅਦ। ਮੁਇਆ ਨਾਉ… ਲੋਕਾਂ ਨੂੰ ਨਾਮ ਵੀ ਭੁੱਲ ਗਿਆ, ਅੰਧੁ—ਅੰਨ੍ਹਾ, ਅਗਿਆਨਤਾ ਵਾਲਾ। ਬਾਝੁ ਗੁਰੂ- ਜੀਵਨ ਭਰ ਗੁਰੂ ਦੇ ਮਾਰਗ `ਤੇ ਨਾ ਚਲਣ ਕਰਕੇ। ਡੁਬਾ ਸੰਸਾਰੁ-ਜੀਵਨ ਦੀ ਬਾਜ਼ੀ ਹਾਰ ਕੇ ਚਲਾ ਗਿਆ, ਮੁੜ ਜਨਮਾਂ ਦੇ ਗੇੜ `ਚ ਪੈ ਗਿਆ।

ਅਰਥ: — (ਜੇ ਵਿਸ਼ੇ ਨੂੰ ਸਮਝਣ ਲਈ ਮਨੁੱਖ ਦੀ ਸਾਰੀ ਉਮਰ ਨੂੰ ਦਸ ਹਿੱਸਿਆਂ `ਚ ਵੰਡ ਦਿੱਤਾ ਜਾਵੇ, ਤਾਂ ਮੰਨਣਾ ਪਵੇਗਾ ਕਿ ਮਨੁੱਖ ਆਪਣੀ ਸਾਰੀ ਉਮਰ ਨੂੰ ਲਗਭਗ ਇਸ ਤਰੀਕੇ ਹੀ ਖ਼ਤਮ ਕਰ ਰਿਹਾ ਹੈ) ਜੀਵਨ ਪਹਿਲੀ ਅਵਸਥਾ `ਚ ਭਾਵ ਜਨਮ ਦੇ ਨਾਲ ਹੀ ਜੀਵ ਦਾ ਪਹਿਲਾ ਪਿਆਰ ਆਪਣੀ ਮਾਂ ਦੀ ਛਾਤੀ ਤੋਂ ਦੁਧ ਭਾਵ ਆਪਣੀ ਖ਼ੁਰਾਕ (ਰੋਜ਼ੀ) ਨਾਲ ਹੀ ਪੈਂਦਾ ਹੈ। ਦੂਜੀ ਅਵਸਥਾ `ਚ ਭਾਵ, ਜਦੋਂ ਰਤਾ ਸਿਆਣਾ ਹੁੰਦਾ ਹੈ ਤਾਂ ਇਸ ਨੂੰ ਆਪਣੇ ਮਾਂ-ਪਿਉ ਦੀ ਸੋਝੀ ਹੁੰਦੀ ਹੈ। ਆਪਣੇ ਜੀਵਨ ਦੀ ਤੀਜੀ ਅਵਸਥਾ `ਚ ਅਪੜਿਆਂ, ਮਨੁੱਖ ਨੂੰ ਆਪਣੇ ਭਰਾ ਭਾਬੀ ਤੇ ਭੈਣ ਭਾਵ ਆਪਣੇ ਰਿਸ਼ਤਿਆਂ ਦੀ ਪਛਾਣ ਆਉਣ ਲਗਦੀ ਹੈ। ਜੀਵਨ ਦੀ ਚੌਥੀ ਅਵਸਥਾ, ਇਸ ਦਾ ਪਿਆਰ ਖੇਡਾਂ ਨਾਲ ਪੈ ਜਾਣ ਕਾਰਨ ਮਨੁੱਖ ਦੀ ਰੁਚੀ ਅੰਦਰ ਖੇਡਾਂ ਖੇਡਣ ਦੀ ਲੋੜ ਉਪਜਦੀ ਹੈ। ਇਸ ਦੇ ਜੀਵਨ ਦੀ ਪੰਜਵੀਂ ਅਵਸਥਾ, ਇਸ ਅੰਦਰ ਖਾਣ ਪੀਣ ਦੀ ਲਾਲਸਾ ਬਣਦੀ ਹੈ। ਛੇਵੀਂ ਅਵਸਥਾ `ਚ, ਜੀਵ ਅੰਦਰ ਕਾਮ ਪ੍ਰਬਲ ਹੋਣ ਲਗਦਾ ਹੈ, ਇਥੇ ਅਪੜ ਕੇ ਮਨੁੱਖ ਜਾਤਿ ਕੁਜਾਤਿ ਵੀ ਨਹੀਂ ਤੱਕਦਾ। ਉਪ੍ਰੰਤ ਮਨੁੱਖ ਦੀ ਸਾਰੀ ਦੌੜ ਹੀ ਧਨ ਪਦਾਰਥਾਂ ਦਾ ਇਕੱਠੇ ਕਰਣਾ ਤੇ ਆਪਣੇ ਘਰ-ਪ੍ਰਵਾਰ ਵਸਾਉਣ ਦੀ ਲਾਲਸਾ ਹੁੰਦੀ ਹੈ। ਇਸ ਤਰ੍ਹਾਂ ਇਹ ਹੁੰਦੀ ਹੈ ਇਸ ਦੇ ਜੀਵਨ ਦੀ ਸਤਵੀਂ ਅਵਸਥਾ। ਤਾਂ ਤੇ ਜੀਵਨ ਦੀ ਅਠਵੀਂ ਅਵਸਥਾ, ਜਦੋਂ ਜੀਵ ਆਪਣੇ ਗੁੱਸੇ `ਤੇ ਵੀ ਕਾਬੂ ਨਹੀਂ ਰਖ ਸਕਦਾ ਤੇ ਇਸ ਤਰ੍ਹਾਂ ਆਪ ਹੀ ਆਪਣੇ ਸਰੀਰ ਦਾ ਨਾਸ ਕਰ ਰਿਹਾ ਹੁੰਦਾ ਹੈ। ਉਮਰ ਦੇ ਨਾਵੇਂ ਹਿੱਸੇ `ਚ ਪੁੱਜੇ ਮਨੁੱਖ ਦੇ ਕੇਸ ਚਿੱਟੇ ਹੋ ਜਾਂਦੇ ਹਨ ਤੇ ਸਾਹ `ਚ ਵੀ ਖਿੱਚ ਆ ਜਾਂਦੀ ਹੈ ਸਾਹ ਭਾਵ ਫੁਲਣ ਲੱਗ ਪੈਂਦਾ ਹੈ)। ਸਰੀਰ ਦੀ ਦਸਵੀਂ ਅਵਸਥਾ ਹੈ, ਜਦੋਂ ਇਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਦੇ ਸਰੀਰ ਨੂੰ ਸਾੜ ਕੇ ਸੁਆਹ `ਚ ਕਰ ਦਿੱਤਾ ਜਾਂਦਾ ਹੈ।

(ਅਜਿਹੀ ਹਾਲਤ `ਚ) ਜੋ ਸੰਗੀ-ਸਾਥੀ ਮਸਾਣਾਂ ਤਕ ਨਾਲ ਜਾਂਦੇ ਹਨ, ਉਹ ਢਾਹਾਂ ਮਾਰਦੇ ਹਨ, ਜਦਕਿ ਸਰੀਰ ਅੰਦਰੋਂ ਜੀਵਾਤਮਾ ਨਿਕਲ ਕੇ (ਆਪਣੇ ਲਈ) ਅਗਾਂਹ ਦਾ ਰਾਹ ਪੁੱਛਦੀ ਹੈ। ਇਸ ਤਰ੍ਹਾਂ ਜੀਵ ਸੰਸਾਰ `ਚ ਆਇਆ ਤੇ ਚਲਾ ਗਿਆ। ਸਰੀਰਕ ਮੌਤ ਤੋਂ ਕੁੱਝ ਸਮੇਂ ਬਾਅਦ ਲੋਕਾਂ ਨੂੰ ਉਸ ਦਾ ਨਾਂ ਵੀ ਭੁੱਲ ਜਾਂਦਾ ਹੈ। ਉਸ ਦੀ ਮੌਤ ਤੋਂ ਬਾਅਦ (ਭਿੰਨ ਭਿੰਨ ਧਾਰਮਿਕ ਰਸਮਾਂ ਜਿਵੇਂ ਬ੍ਰਾਹਮਣ ਮੱਤ ਅਨੁਸਾਰ) ਪੁੱਤਰਾਂ ਵੱਲੋਂ ਪਿੰਡ ਭਰਾ ਕੇ ਤੇ ਕਾਂਵਾਂ ਨੂੰ ਖੁਆਏ ਜਾਂਦੇ ਹਨੈ (ਭਾਵੇਂ ਮਰਨ ਵਾਲੇ ਮਨੁੱਖ ਨੂੰ ਕੁੱਝ ਵੀ ਨਹੀਂ ਅੱਪੜਦਾ)।

ਸਲੋਕ ਦੀ ਸਮਾਪਤੀ `ਤੇ ਗੁਰੂ ਨਾਨਕ ਪਾਤਸ਼ਾਹ ਸਪਸ਼ਟ ਕਰਦੇ ਹਨ ਕਿ “ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ” (ਮਨਮੁਖ ਨੂੰ ਆਪਣੇ ਦੁਰਲਭ ਮਨੁੱਖਾ ਜਨਮ ਦੀ ਅਮੁਲਤਾ ਬਾਰੇ ਕੁੱਝ ਸੋਝੀ ਨਹੀਂ ਹੁੰਦੀ) ਅਜਿਹੇ ਮਨ ਪਿੱਛੇ ਟੁਰਣ ਵਾਲੇ ਮਨੁੱਖ ਦਾ ਸੰਸਾਰ ਨਾਲ ਅੰਨ੍ਹਿਆਂ ਵਾਲਾ ਪਿਆਰ ਹੁੰਦਾ ਹੈ। ਭਾਵ ਅਜਿਹਾ ਮਨੁੱਖ ਅਗਿਆਨਤਾ ਵੱਸ, ਮਨਮੁਖ ਰਹਿ ਕੇ ਹੀ ਅਮੁੱਲੇ ਜਨਮ ਨੂੰ ਬਿਰਥਾ ਕਰ ਦਿੰਦਾ ਹੈ। ਇਸੇ ਤਰ੍ਹਾਂ, ਬਹੁਤੇ ਤਾਂ ਮਨੁੱਖਾ ਜੂਨ ਪਾ ਕੇ ਵੀ, ਡੁੱਬਦੇ ਹੀ ਹਨ। ਭਾਵ ਮਨੁੱਖਾ ਜਨਮ ਨੂੰ ਬਿਰਥਾ ਕਰਕੇ, ਮੁੜ ਜਨਮਾਂ ਦੇ ਗੇੜ `ਚ ਹੀ ਪੈਂਦੇ ਹਨ। ਅਸਲ ਕਾਰਨ ਹੁੰਦਾ ਹੈ ਕਿ ਗੁਰੂ ਗਿਆਨ (ਗੁਰਬਾਣੀ ਗੁਰੂ) ਦੀ ਕਮਾਈ ਬਿਨਾ, ਮਨੁੱਖਾ ਜਨਮ ਸਫ਼ਲ ਨਹੀਂ ਹੋ ਸਕਦਾ। ੨।

ਗੁਰਮੱਤ ਵਿਚਾਰ ਦਰਸ਼ਨ- ਅਰਬਾਂ ਖਰਬਾਂ ਜੂਨਾਂ `ਚੋਂ ਕੱਢ ਕੇ ਅਕਾਲ ਪੁਰਖ ਵੱਲੋਂ ਜੀਵ ਨੂੰ ਮਨੁੱਖਾ ਜਨਮ (ਜੂਨ) ਵਾਲਾ ਅਵਸਰ, ਵਾਰੀ ਤੇ ਮੌਕਾ ਮਿਲਦਾ ਹੈ। ਇਸ ਮਨੁੱਖਾ ਜਨਮ ਤੋਂ ਪਹਿਲਾਂ ਵੀ ਜੀਵ ਰਾਹੀ ਭੁਗਤਾਈਆਂ ਜਾ ਰਹੀਆਂ ਭਿੰਨ ਭਿੰਨ ਤੇ ਅਨੰਤ ਜੂਨਾਂ ਵਾਲੇ ਸੱਚ ਨੂੰ ਪ੍ਰਗਟ ਕਰਣ ਲਈ ਗੁਰਬਾਣੀ `ਚ ਅਨੇਕਾਂ ਫ਼ੁਰਮਾਨ ਹਨ, ਜਿਵੇਂ “ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ” (ਪੰ: ੧੭੬) ਅਥਵਾ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨)। ਉਪ੍ਰੰਤ ਇਸ ਸਲੋਕ `ਚ ਵੀ ਗੁਰਦੇਵ ਸਪਸ਼ਟ ਕਰ ਰਹੇ ਹਨ ਕਿ ਅਮੁਲੇ ਤੇ ਦੁਰਲਭ ਮਨੁੱਖਾ ਜਨਮ ਨੂੰ ਪਾ ਕੇ ਵੀ ਬਹੁਤੇ ਲੋਕ ‘ਗੁਰੂ ਗਿਆਨ’ ਤੋਂ ਕੋਰੇ ਹੀ ਰਹਿੰਦੇ ਹਨ। ਉਸੇ ਦਾ ਨਤੀਜਾ ਹੁੰਦਾ ਕਿ ਜ਼ਿੰਦਗੀ ਨੇ ਤਾਂ ਆਪਣੀ ਰਫ਼ਤਾਰ ਹੀ ਚਲਣਾ ਹੀ ਹੁੰਦਾ ਤੇ ਇਸ ਨੇ ਇੱਕ ਦਿਨ ਅਚਾਨਕ ਮੁੱਕ ਵੀ ਜਾਣਾ ਹੁੰਦਾ ਹੈ। ਇਹ ਸਰੀਰ, ਜਿਸ ਦੇ ਆਹਿਰ `ਚ ਲੱਗ ਕੇ ਜੀਵ ਨੇ ਕਰਤੇ ਨੂੰ ਵੀ ਭੁਲਾਇਆ ਹੁੰਦਾ ਹੈ, ਰਾਖ ਦਾ ਢੇਰ ਹੋ ਜਾਂਦਾ ਹੈ। ਜਦਕਿ ਪ੍ਰਭੂ ਨੂੰ ਭੁਲਿਆ ਬੈਠਾ ਇਹ ਦੁਨੀਦਾਰ ਤੇ ਮਨਮਤੀਆ ਇਨਸਾਨ, ਗੁਰੂ ਦੀ ਮਤ ਤੋਂ ਵਾਂਝਾ ਰਹਿ ਕੇ ਇਸ ਜਨਮ ਨੂੰ ਵੀ ਬਿਰਥਾ ਕਰ ਜਾਂਦਾ ਹੈ। ਤਾਂ ਤੇ “ਡੁਬਾ ਸੰਸਾਰੁ” ਕੀ ਹੈ? ਇਹ ਹੈ ਅਜਿਹਾ ਮਨੁੱਖ ਜੀਊਂਦੇ ਜੀਅ ਵੀ ਮੋਹ ਮਾਇਆ ਵਿਕਾਰਾਂ `ਚ ਦੱਬਿਆਂ ਰਹਿ ਕੇ ਜੀਵਨ ਬਤੀਤ ਕਰਦਾ ਹੈ ਤੇ ਮੌਤ ਤੋਂ ਬਾਅਦ ਵੀ ਫ਼ਿਰ ਤੋਂ ਜਨਮਾਂ, ਜੂਨਾਂ, ਗਰਭਾਂ ਦੇ ਗੇੜ `ਚ ਹੀ ਪੈਂਦਾ ਹੈ।

ਇਸੇ ਤੋਂ ਗੁਰਦੇਵ ਇੱਕ ਵਾਰੀ ਨਹੀਂ ਬਲਕਿ ਬੇਅੰਤ ਵਾਰ ਗੁਰਬਾਣੀ `ਚ ਸੁਚੇਤ ਕਰਦੇ ਹਨ ਜਿਵੇਂ “ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ” (ਪੰ: ੨੮੮)। ਠੀਕ ਉਸੇ ਤਰ੍ਹਾਂ ਜਿਵੇਂ ਇਸ ਸਲੋਕ `ਚ ਵੀ ਗੁਰਦੇਵ ਫ਼ੁਰਮਾਅ ਰਹੇ ਹਨ “ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ” ਸਪਸ਼ਟ ਹੈ ਗੁਰੂ ਗਿਆਨ ਤੋਂ ਵਿਹੂਣਾ ਰਹਿਣ ਕਰਕੇ ਮਨਮੁਖ ਦਾ ਸੰਸਾਰਕ ਮੋਹ ਮਾਇਆ ਨਾਲ ਅੰਨਾ ਤੇ ਅਗਿਆਨਤਾ ਭਰਪੂਰ ਪਿਆਰ ਹੁੰਦਾ ਹੈ। ਇਸੇ ਤੋਂ ਸੰਸਾਰ `ਚ ਮਨੁੱਖਾ ਜੂਨ ਪਾ ਕੇ ਵੀ ਇਹ ਡੁੱਬਦਾ ਹੈ ਭਾਵ ਮਨੁੱਖਾ ਜਨਮ ਪਾ ਕੇ ਵੀ ਪਹਿਲਾਂ ਤਾਂ ਜੀਊਂਦੇ ਜੀਅ ਹਉਮੈ ਆਦਿ ਵਿਕਾਰਾਂ `ਚ ਡੁਬਿਆ ਰਹਿ ਕੇ ਜੀਵਨ ਬਤੀਤ ਕਰਦਾ ਹੈ ਉਪ੍ਰੰਤ ਮੌਤ ਤੋਂ ਬਾਅਦ ਵੀ ਅਜਿਹਾ ਮਨੁੱਖ ਫ਼ਿਰ ਤੋਂ ਜਨਮ ਮਰਨ ਦੇ ਗੇੜ `ਚ ਹੀ ਪੈਂਦਾ ਹੈ।

ਮ: ੧॥ ਦਸ ਬਾਲਤਣਿ, ਬੀਸ ਰਵਣਿ, ਤੀਸਾ ਕਾ ਸੁੰਦਰੁ ਕਹਾਵੈ॥ ਚਾਲੀਸੀ ਪੁਰੁ ਹੋਇ, ਪਚਾਸੀ ਪਗੁ ਖਿਸੈ, ਸਠੀ ਕੇ ਬੋਢੇਪਾ ਆਵੈ॥ ਸਤਰਿ ਕਾ ਮਤਿ ਹੀਣੁ, ਅਸੀਹਾਂ ਕਾ ਵਿਉਹਾਰੁ ਨ ਪਾਵੈ॥ ਨਵੈ ਕਾ ਸਿਹਜਾਸਣੀ, ਮੂਲਿ ਨ ਜਾਣੈ ਅਪ ਬਲੁ॥ ਢੰਢੋਲਿਮੁ ਢੂਢਿਮੁ ਡਿਠੁ ਮੈਂ, ਨਾਨਕ ਜਗੁ ਧੂਏ ਕਾ ਧਵਲਹਰੁ॥ ੩॥ (ਪੰ: ੧੩੮)

ਪਦ ਅਰਥ : —ਬਾਲਤਣਿ—ਬਾਲਕਪਨ `ਚ। ਰਵਣ—ਕਾਮ-ਚੇਸ਼ਟਾ ਵਾਲੀ ਉਮਰ। ਰਵਣਿ—ਕਾਮ-ਚੇਸ਼ਟਾ ਵਾਲੀ ਅਵਸਥਾ `ਚ, ਜੀਵਨ `ਚ ਕਾਮ ਭੁਖ ਦਾ ਉਜਾਗਰ ਹੋ ਜਾਣਾ। ਪੁਰੁ—ਭਰ-ਜੁਆਨ। ਪਚਾਸੀ … ਉਮਰ ਜਦੋਂ ਪੰਜਾਹ ਦੀ ਹੋ ਜਾਂਦੀ ਹੈ। ਪਗੁ—ਪੈਰ, । ਖਿਸੈ—ਤਿਲਕਦਾ ਹੈ, ਪਿਛੇ ਨੂੰ ਜਾਂਦਾ ਹੈ। ਪਗੁ ਖਿਸੈ … ਜੀਵਨ ਪਿਛੇ ਨੂੰ ਜਾਣ ਲੱਗ ਪੈਂਦਾ ਹੈ ਭਾਵ ਜ਼ਿੰਦਗੀ ਹੇਠਾਂ ਨੂੰ ਜਾਣ ਲੱਗ ਪੈਂਦੀ ਹੈ। ਸਿਹਜਾਸਣੀ—ਮੰਜੇ `ਤੇ ਆਸਣ ਰੱਖਣ ਵਾਲਾ, ਸਰੀਰ ਇਨਾਂ ਕਮਜ਼ੋਰ ਪੈ ਜਾਂਦਾ ਹੈ ਕਿ ਮੰਜੇ ਤੋਂ ਉਠ ਕੇ ਆਪਣੇ ਆਪ ਨੂੰ ਸੰਭਾਲਣਾ ਵੀ ਔਖਾ ਹੋ ਜਾਂਦਾ ਹੈ। ਅਪ ਬਲੁ—ਆਪਣਾ ਬਲ, ਮੂਲਿ ਨ ਜਾਣੈ ਅਪ ਬਲੁ … ਫ਼ਿਰ ਵੀ ਮਨੁੱਖ ਆਪਣੇ ਜੀਵਨ ਦੇ ਮੂਲ ਅਕਾਲ ਪੁਰਖ ਦੀ ਪਹਿਚਾਣ ਨਹੀਂ ਕਰਦਾ ਤੇ ਉਸ ਨੂੰ ਭੁਲਿਆ ਰਹਿੰਦਾ ਹੈ। ਇਸੇ ਤੋਂ ਇਹ ਆਪਣੇ ਮਨੁੱਖਾ ਜਨਮ ਦੀ ਅਸਲ ਤਾਕਤ ਤੋਂ ਵੀ ਖੁੰਝਿਆ ਰਹਿ ਕੇ ਹੀ ਜਨਮ ਖਤਮ ਕਰ ਲੈਂਦਾ ਹੈ। ਧਵਲਹਰੁ—ਧੌਲਰ, ਮੰਦਰ (ਧਵਲਹਰੁ—ਧਵਲ ਘਰੁ, ਸਫੈਦ ਪਲਸਤਰ ਵਾਲਾ ਮਕਾਨ)।

ਅਰਥ : —ਦਸਾਂ ਸਾਲਾਂ ਦਾ (ਜੀਵ) ਬਾਲਪਨ `ਚ ਹੀ (ਹੁੰਦਾ ਹੈ)। ਵੀਹਾਂ ਵਰ੍ਹਿਆਂ ਦਾ ਹੁੰਦਾ ਹੈ ਤਾਂ ਇਸ ਅੰਦਰ ਕਾਮ-ਚੇਸ਼ਟਾ ਉਭਰਦੀ ਤੇ ਉਛਾਲੇ ਮਾਰਦੀ ਹੈ। ਇਸ ਤਰ੍ਹਾਂ ਦੂਜੇ ਲਫ਼ਜ਼ਾਂ `ਚ ਵੀਹਾਂ ਵਰ੍ਹਿਆਂ ਦਾ ਹੁੰਦਾ ਹੈ ਤਾਂ ਇਹ ਕਾਮ ਵਾਸਨਾ ਦੀ ਅਵਸਥਾ `ਚ ਪੁੱਜ ਜਾਂਦਾ ਹੈ। ਤੀਹਾਂ ਸਾਲਾਂ ਦੀ ਉਮਰ ਤੱਕ ਇਸ ਅੰਦਰ ਜੁਆਨੀ ਭਰ ਆਉਂਦੀ ਹੈ ਤੇ ਸੋਹਣਾ-ਸੁਣੱਖਾ ਜੁਆਨ ਅਖਵਾਉਂਦਾ ਹੈ। ਚਾਲੀ ਸਾਲਾਂ ਦੀ ਉਮਰ ਤੱਕ ਇਸ `ਤੇ ਜੁਆਨੀ ਭਾਰੀ ਰਹਿੰਦੀ ਹੈ। ਇਸ ਤੋਂ ਬਾਅਦ ਪੰਜਾਹ ਸਾਲਾਂ ਦੀ ਉਮਰ ਟਪਦੇ, ਇਸ ਦੀ ਜੁਆਨੀ ਵੀ ਪਿਛੇ ਜਾਣ ਲੱਗ ਪੈਂਦੀ ਹੈ ਤੇ ਸਰੀਰ ਪਿਛੇ ਖਿਸਕਣਾ ਸ਼ੁਰੂ ਹੋ ਜਾਂਦਾ ਹੈ। ਸੱਠ ਸਾਲਾਂ ਦੀ ਉਮਰ ਟਪਦੇ ਹੀ ਇਸ `ਤੇ ਬੁਢੇਪਾ ਆਪਣੇ ਰੰਗ ਦਿਖਾਣੇ ਸ਼ੁਰੂ ਕਰ ਦਿੰਦਾ ਹੈ। ਸੱਤਰ ਸਾਲਾਂ ਦੀ ਉਮਰ ਟਪਣ `ਤੇ ਮਨੁੱਖ ਦੀ ਤਾਂ ਮੱਤ ਵੀ ਘਟਣ ਲੱਗ ਜਾਂਦੀ ਹੈ। ਇਸ ਤਰ੍ਹਾਂ ਅੱਸੀ ਸਾਲਾਂ ਦਾ ਤਾਂ ਕੰਮ ਕਾਰ ਜੋਗਾ ਵੀ ਨਹੀਂ ਰਹਿੰਦਾ, ਪੂਰੇ ਸਰੀਰਕ ਅੰਗਾਂ `ਚ ਹੀ ਉਹ ਤਾਕਤ ਹੀ ਨਹੀਂ ਰਹਿੰਦੀ ਜਿਹੜੀ ਕਿ ਜੁਆਨੀ `ਚ ਉਛਾਲੇ ਮਾਰਦੀ ਸੀ। ਨੱਬੇ ਸਾਲਾਂ ਨੂੰ ਟਪਣ `ਤੇ ਇਹ ਮਾਨੋ ਮੰਜੇ ਵਾਸਤੇ ਹੀ ਜਾਂਦਾ ਹੈ ਤੇ ਆਪਣੇ ਆਪ ਨੂੰ ਵੀ ਨਹੀਂ ਸੰਭਾਲ ਸਕਦਾ।

ਸਲੋਕ ਦੀ ਸਮਾਪਤੀ `ਤੇ ਗੁਰੂ ਨਾਨਕ ਪਾਤਸ਼ਾਹ ਸਪਸ਼ਟ ਕਰਦੇ ਹਨ ਕਿ “ਮੂਲਿ ਨ ਜਾਣੈ ਅਪ ਬਲੁ” ਫ਼ਿਰ ਵੀ ਮਨੁੱਖ ਆਪਣੇ ਜੀਵਨ ਦੇ ਮੂਲ ਅਕਾਲ ਪੁਰਖ ਦੀ ਪਹਿਚਾਣ ਨਹੀਂ ਕਰਦਾ ਤੇ ਉਸ ਨੂੰ ਭੁਲਿਆ ਰਹਿੰਦਾ ਹੈ। ਇਸੇ ਤੋਂ ਇਹ ਆਪਣੇ ਮਨੁੱਖਾ ਜਨਮ ਦੀ ਅਸਲ ਤਾਕਤ ਤੋਂ ਵੀ ਖੁੰਝਿਆ ਰਹਿ ਕੇ ਹੀ ਜਨਮ ਨੂੰ ਖਤਮ ਕਰ ਲੈਂਦਾ ਹੈ। ਇਸ `ਤੇ ਗੁਰਦੇਵ ਫ਼ੁਰਮਾਨ ਕਰਦੇ ਹਨ “ਢੰਢੋਲਿਮੁ ਢੂਢਿਮੁ ਡਿਠੁ ਮੈਂ, ਨਾਨਕ ਜਗੁ ਧੂਏ ਕਾ ਧਵਲਹਰੁ” ਕਿ ਮੈਂ ਢੂੰਡ ਲਿਆ ਹੈ, ਭਾਲਿਆ ਤੇ ਵੇਖਿ ਲਿਆ ਹੈ। ਸਿੱਟਾ ਇਹ ਹੈ ਕਿ ਇਹ ਸੰਸਾਰ ਕੇਵਲ ਚਿੱਟਾ ਪਲਸਤਰੀ ਮੰਦਰ ਹੀ ਹੈ। ਭਾਵ, ਦੇਖਣ ਨੂੰ (ਇਸ ਮਨੁੱਖਾ ਸਰੀਰ ਸਮੇਤ) ਇਹ ਸੰਸਾਰ ਬਹੁਤ ਸੋਹਣਾ ਤੇ ਲੁਭਾਵਣਾ ਹੈ, ਜਿਸ `ਚ ਮਨੁੱਖ ਲੰਮੀ ਉਮਰ ਭੋਗ ਕੇ ਜੀਨਾਂ ਹੀ ਲੋੜਦਾ ਹੈ। ਫ਼ਿਰ, ਜੇਕਰ ਮਨੁੱਖ ਕੇਵਲ ਆਪਣੇ ਸਰੀਰ ਦੀ ਉਭਰਦੀ ਢਲਵੀਂ ਰਫ਼ਤਾਰ ਵੱਲ ਹੀ ਨਜ਼ਰ ਮਾਰ ਲਵੇ ਤਾਂ ਵੀ ਇਸ ਨੂੰ ਸਮਝਦੇ ਦੇਰ ਨਹੀਂ ਲੱਗੇ ਗੀ ਕਿ ਧੂਏਂ ਦੇ ਪਹਾੜ ਦੀ ਨਿਅਈਂ, ਮਨੁੱਖ ਦੇ ਸਰੀਰਾਂ ਅਤੇ ਇਥੇ ਇਹ ਸਭ ਕੁੱਝ ਹੀ ਬਿਨਸਨਹਾਰ ਹੈ, ਕੁੱਝ ਵੀ ਰਹਿਣ ਵਾਲਾ ਨਹੀਂ। ੩।

ਗੁਰਮੱਤ ਵਿਚਾਰ ਦਰਸ਼ਨ-ਇਸ ਸਲੋਕ ਰਾਹੀਂ ਗੁਰਦੇਵ ਦਸਦੇ ਹਨ ਕਿ ਜੇਕਰ ਮਨੁੱਖ ਨੂੰ ਕਰਤੇ ਵੱਲੋਂ ਸੌ ਸਾਲਾਂ ਦੀ ਉਮਰ ਵੀ ਮਿਲ ਜਾਵੇ ਤਾਂ ਵੀ ਉਮਰ ਭਰ ਇਸ ਨੂੰ ਆਪਣੇ ਢਲਦੇ ਸਰੀਰ ਵੱਲ ਦੇਖ ਕੇ ਵੀ ਕੁੱਝ ਚੇਤਾ ਨਹੀਂ ਆਉਂਦਾ। ਇਹ ਇਤਨਾ ਵੀ ਨਹੀਂ ਵਿਚਾਰਦਾ ਕਿ ਆਖ਼ਿਰ ਇਸ ਨੂੰ ਇਹ ਲੰਮੀ ਉਮਰ ਤੇ ਮਨੁਖਾ ਜਨਮ (ਜੂਨ) ਮਿਲਿਆ ਕਿਸ ਲਈ ਹੈ? ਇਸ ਸਰੀਰ ਦਾ ਮਕਸਦ ਕੀ ਹੈ? ਕਰਤੇ ਦੀ ਬੇਅੰਤ ਰਚਨਾ ਦੀ ਗੱਲ ਤਾਂ ਬਹੁਤ ਵੱਡੀ ਹੈ, ਜਦਕਿ ਕਾਦਿਰ ਵੱਲੋਂ ਤਾਂ ਮਨੁੱਖ ਨੂੰ, ਇਸ ਦੇ ਸਰੀਰ ਤੋਂ ਹੀ ਨਿੱਤ ਚੇਤਾ ਕਰਵਾਇਆ ਜਾ ਰਿਹਾ ਹੁੰਦਾ ਹੈ ਕਿ ਇਸ ਸਰੀਰ ਨੇ ਸਦਾ ਇਕੋ ਜਿਹਾ ਨਹੀਂ ਰਹਿਣਾ। ਸਰੀਰਕ ਨਿਯਮਾ ਅਨੁਸਾਰ ਜੇਕਰ ਇਸ ਸਰੀਰ ਨੇ ਬਚਪਣ ਤੋਂ ਵਾਧੇ ਭਾਵ ਜੁਆਨੀ ਵੱਲ ਜਾਣਾ ਜਾਂ ਜਾ ਰਿਹਾ ਹੈ, ਤਾਂ ਵੀ ਇਸ ਨੂੰ ਹਰ ਸਮੇਂ ਨਜ਼ਰ ਆਉਣਾ ਚਾਹੀਦਾ ਹੈ ਕਿ ਉਸ ਦੇ ਮਾਂ ਬਾਪ ਸਮੇਤ ਭਾਵ ਜਿਹੜੇ ਉਮਰ ਕਰਕੇ ਉਸ ਤੋਂ ਵੱਡੇ ਹਨ, ਉਨ੍ਹਾਂ ਦੇ ਸਰੀਰ ਕਿਸ ਪਾਸੇ ਜਾ ਰਹੇ ਹਨ? ਤਾਂ ਤੇ ਕਲ ਇਸ ਦੇ ਜੁਆਨ ਸਰੀਰ ਦਾ ਕੀ ਹਾਲ ਹੋਣਾ ਹੈ? ਤਾਂ ਫ਼ਿਰ ਇਹ ਸਭ ਕੀ ਹੈ?

ਦਰਅਸਲ ਇਸ ਸਲੋਕ ਰਾਹੀਂ ਗੁਰਦੇਵ, ਸਾਡੇ ਸਰੀਰ ਸਮੇਤ ਇਸ ਸੰਸਾਰ ਦੇ ਬਿਨਸਨਹਾਰ ਹੋਣ ਦਾ ਹੀ ਇਹਸਾਸ ਕਰਵਾ ਰਹੇ ਹਨ। ਫ਼ੁਰਮਾਅ ਰਹੇ ਹਨ “ਮੂਲਿ ਨ ਜਾਣੈ ਅਪ ਬਲੁ” ਫ਼ਿਰ ਵੀ ਮਨੁੱਖ ਆਪਣੇ ਜੀਵਨ ਦੇ ਮੂਲ ਅਕਾਲ ਪੁਰਖ ਦੀ ਪਹਿਚਾਣ ਨਹੀਂ ਕਰਦਾ ਤੇ ਉਸ ਨੂੰ ਭੁਲਿਆ ਹੀ ਰਹਿੰਦਾ ਹੈ। ਇਸੇ ਤੋਂ ਇਹ ਆਪਣੇ ਮਨੁੱਖਾ ਜਨਮ ਦੀ ਅਸਲ ਤਾਕਤ ਤੋਂ ਵੀ ਖੁੰਝਿਆ ਰਹਿ ਕੇ ਜਨਮ ਨੂੰ ਖਤਮ ਕਰ ਦਿੰਦਾ ਹੈ। ਇਸ `ਤੇ ਗੁਰਦੇਵ ਫ਼ੁਰਮਾਨ ਕਰਦੇ ਹਨ “ਢੰਢੋਲਿਮੁ ਢੂਢਿਮੁ ਡਿਠੁ ਮੈਂ, ਨਾਨਕ ਜਗੁ ਧੂਏ ਕਾ ਧਵਲਹਰੁ” ਠੀਕ ਉਹੀ ਗੱਲ ਜਿਹੜੀ ਗੁਰਦੇਵ ਨੇ ਕਬੀਰ ਜੀ ਦਾ ਰਚਨਾ ਨਾਲ ਠੀਕ ਉਸੇ ਤਰ੍ਹਾਂ ਜਿਵੇਂ “ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ” (ਪੰ: ੭੨੭) ਕਹਿਕੇ ਦ੍ਰਿੜ ਕਰਵਾਈ ਹੈ। ਠੀਕ ਉਹੀ ਗੱਲ ਜਿਹੜੀ ਗੁਰਦੇਵ ਨੇ ਬਾਣੀ ਆਸਾ ਕੀ ਵਾਰ `ਚ “ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ” ਵਾਲੇ ਸਲੋਕ ਨਾਲ ਕੇਵਲ ਦ੍ਰਿੜ ਹੀ ਨਹੀਂ ਕਰਵਾਈ ਬਲਕਿ ਨਾਲ ਨਾਲ ਸੰਸਾਰ `ਚ ਇਸ ਮਨੁੱਖਾ ਜੀਵਨ ਦੀ ਸਚਾਈ ਨੂੰ ਵੀ ਇਹ ਕਹਿਕੇ “ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ” ਪ੍ਰਗਟ ਕੀਤਾ ਹੈ। ਭਾਵ “ਵਿਸਰਿਆ ਕਰਤਾਰੁ” ਅਨੁਸਾਰ ਮਨੁੱਖਾ ਜੀਵਨ ਦੀ ਉਹ ਕਿਹੜੀ ਵੱਡੀ ਲੋੜ ਹੈ, ਮਨੁੱਖਾ ਜਨਮ ਪਾ ਕੇ, ਜਿਸ ਨੂੰ ਹਰ ਸਮੇਂ ਚੇਤੇ `ਚ ਰਖਣਾ ਹੁੰਦਾ ਹੈ?

ਜਦਕਿ ਇਸ ਦੇ ਉਲਟ ਮਨੁੱਖ ਕਰਤੇ ਨੂੰ ਸਦਾ ਵਿਸਾਰ ਕੇ ਹੀ ਚੱਲਦਾ ਹੈ? ਦਰਅਸਲ ਇਥੇ ਵੀ “ਮੂਲਿ ਨ ਜਾਣੈ ਅਪ ਬਲੁ” ਫ਼ਿਰ ਵੀ ਮਨੁੱਖ ਆਪਣੇ ਜੀਵਨ ਦੇ ਮੂਲ ਅਕਾਲ ਪੁਰਖ ਦੀ ਪਹਿਚਾਣ ਨਹੀਂ ਕਰਦਾ ਤੇ ਉਸ ਨੂੰ ਭੁਲਿਆ ਹੀ ਰਹਿੰਦਾ ਹੈ। ਇਸੇ ਤੋਂ ਇਹ ਆਪਣੇ ਮਨੁੱਖਾ ਜਨਮ ਦੀ ਅਸਲ ਤਾਕਤ ਤੋਂ ਵੀ ਖੁੰਝਿਆ ਰਹਿ ਕੇ ਜਨਮ ਖਤਮ ਕਰ ਦਿੰਦਾ ਹੈ ਅਤੇ “ਢੰਢੋਲਿਮੁ ਢੂਢਿਮੁ ਡਿਠੁ ਮੈਂ, ਨਾਨਕ ਜਗੁ ਧੂਏ ਕਾ ਧਵਲਹਰੁ” ਵਾਲੀ ਸ਼ਬਦਾਵਲੀ ਰਾਹੀਂ ਪਰ ਇਥੇ ਵੀ ਗੁਰਦੇਵ ਵੱਲੌ ਮਨੁੱਖ ਨੂੰ ਉਹੀ ਚੇਤਾਵਣੀ ਹੈ।

ਪਉੜੀ॥ ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ॥ ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ॥ ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ॥ ਇਕਿ ਆਵਹਿ ਇਕਿ ਜਾਹਿ ਉਠਿ, ਬਿਨੁ ਨਾਵੈ ਮਰਿ ਜਾਤੀ॥ ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ॥ ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ॥ ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ॥ ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ, ਬਲਿ ਬਲਿ ਹਉ ਤਿਨ ਜਾਤੀ॥ ੧॥ (ਪੰ: ੧੩੮)

ਪਦ ਅਰਥ : —ਅਗੰਮੁ—ਜਿਸ ਤੱਕ ਪਹੁੰਚ ਨਾ ਹੋ ਸਕੇ। ਰੰਗ ਪਰੰਗ—ਕਈ ਰੰਗਾਂ ਦੀ, ਵੰਨ ਸੁਵੰਨੀ। ਉਪਾਰਜਨਾ—ਪੈਦਾ ਕੀਤੀ ਹੋਈ। ਤੁਮਾਤੀ—ਤੇਰੀ ਹੀ। ਇਕਿ—ਕਈ ਜੀਵ। ਚਲੂਲਿਆ—ਗੂੜ੍ਹੇ ਲਾਲ ਰੰਗ ਦੇ ਫੁੱਲ ਵਰਗੇ। ਸੋ ਨਿਰੰਜਨੋ—ਉਸ ਮਾਇਆ ਰਹਿਤ ਪ੍ਰਭੂ ਨੂੰ। ਬਿਧਾਤੀ—ਬਿਧਾਤਾ, ਸਿਰਜਣਹਾਰ। ਸੁਜਾਣੁ—ਚੰਗੀ ਤਰ੍ਹਾਂ ਜਾਣਨ ਵਾਲਾ, ਸਿਆਣਾ।

ਅਰਥ : —ਹੇ ਪ੍ਰਭੂ ! ਤੂੰ ਸਿਰਜਣਹਾਰ ਹੈਂ, ਸਭ `ਚ ਮੌਜੂਦ ਹੈਂ, ਫਿਰ ਵੀ ਤੇਰੇ ਤੱਕ ਕਿਸੇ ਦੀ ਪਹੁੰਚ ਨਹੀਂ। ਤੂੰ ਆਪ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਰਚੀ ਤੇ ਬਣਾਈ ਹੋਈ ਹੈ। ਹੇ ਪ੍ਰਭੂ! ਤੂੰ ਇਸ ਰਚਨਾ ਨੂੰ ਵੰਨ ਸੁਵੰਨੇ, ਕਈ ਰੰਗਾਂ, ਢੰਗਾਂ ਅਤੇ ਤਰੀਕਿਆਂ ਨਾਲ ਘੜਿਆ ਹੋਇਆ ਹੈ। ਸੰਸਾਰ ਦਾ ਇਹ ਸਾਰਾ ਤਮਾਸ਼ਾ ਤੇਰੀ ਹੀ ਬਣਾਈ ਹੋਈ ਖੇਡ ਹੈ। ਇਸ ਲਈ ਹੇ ਪ੍ਰਭੂ! ਇਸ ਸੰਸਾਰ ਤਮਾਸ਼ੇ ਦੇ ਭੇਤ ਨੂੰ ਰਚਿਆ ਵੀ ਤੂੰ ਹੈ ਤੇ ਜਾਣਦਾ ਵੀ ਤੂੰ ਆਪ ਹੀ ਹੈਂ।

ਫ਼ਿਰ ਵੀ “ਇਕਿ ਆਵਹਿ ਇਕਿ ਜਾਹਿ ਉਠਿ, ਬਿਨੁ ਨਾਵੈ ਮਰਿ ਜਾਤੀ” ਇਨ੍ਹਾਂ `ਚੋਂ ਜਿਹੜੇ ‘ਨਾਮ’ ਭਾਵ ਗੁਰੂ ਗਿਆਨ ਦੀ ਕਮਾਈ ਤੋਂ ਸੱਖਣੇ ਰਹਿ ਕੇ ਜੀਵਨ ਨੂੰ ਬਤੀਤ ਕਰ ਦਿੰਦੇ ਹਨ। ਅਜਿਹੇ ਜੀਵ ਆਉਣ ਤੇ ਜਾਣ ਦੇ ਗੇੜ `ਚ ਪਏ ਰਹਿੰਦੇ ਤੇ ਸਦਾ ਦੁਖੀ ਹੀ ਰਹਿੰਦੇ ਹਨ। “ਬਿਨੁ ਨਾਵੈ ਮਰਿ ਜਾਤੀ” ਭਾਵ ਜੀਊਂਦੇ ਜੀਅ ਵੀ ਜੀਵਨ ਭਰ ਹਉਮੈ ਆਦਿ ਵਿਕਾਰਾਂ ਦੇ ਦਬਾਅ ਹੋਣ ਕਾਰਨ ਤ੍ਰਿਸ਼ਨਾ ਤੇ ਉਖਾੜ ਵਾਲਾ ਜੀਵਨ ਜੀਂਦੇ ਹਨ ਤੇ ਮੌਤ ਤੋਂ ਬਾਅਦ ਵੀ ਮੁੜ ਜਨਮ ਮਰਨ ਦੇ ਗੇੜ `ਚ ਹੀ ਪੈਂਦੇ ਹਨ।

ਇਸ ਤੋਂ ਬਾਅਦ “ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ” ਅਨੁਸਾਰ ਅਜਿਹੇ ਗੁਰਮੁਖ ਜਨ, ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਹਨ। ਗੁਰਮੁਖਾਂ ਵਾਲਾ ਜੀਵਨ ਬਤੀਤ ਕਰਦੇ ਹਨ। ਉਹ ਜੀਊਂਦੇ ਜੀਅ ਹੀ ਕਰਤੇ `ਚ ਅਭੇਦ ਹੋ ਜਾਂਦੇ ਹਨ। ਇਸੇ ਤੋਂ ਉਹ ਸੰਤੋਖੀ, ਪਰਉਪਕਾਰੀ ਆਦਿ ਇਲਾਹੀ ਗੁਣਾਂ ਨਾਲ ਭਰਪੂਰ ਅਨੰਦ ਮਈ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਦੇ ਜੀਵਨ, ਪ੍ਰਭੂ ਪਿਆਰ ਦੇ ਗੂੜ੍ਹੇ ਰੰਗੇ `ਚ ਹੀ ਰੰਗੇ ਤੇ ਗੜੁੱਚ ਰਹਿੰਦੇ ਹਨ। ਇਸ ਤਰ੍ਹਾਂ ਸਰੀਰਕ ਮੌਤ ਤੋਂ ਬਾਅਦ ਵੀ ਉਹ ਜਨਮਾਂ ਦੇ ਗੇੜ `ਚ ਨਹੀਂ ਪੈਂਦੇ ਅਤੇ ਅਸਲੇ ਕਰਤੇ ਪ੍ਰਭੂ `ਚ ਹੀ ਸਮਾ ਜਾਂਦੇ ਹਨ।

ਤਾਂ ਤੇ ਗੁਰਦੇਵ ਵੰਗਾਰ ਦੇ ਕੇ ਕਹਿੰਦੇ ਹਨ “ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ” ਕਿ ਐ ਦੁਨੀਆਂ ਦੇ ਲੋਕੋ! ਮਨੁੱਖਾ ਜਨਮ ਪਾ ਕੇ ਉਸ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜੋ। ਉਸ ਕਰਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ, ਜੋ ਸਾਰਿਆਂ `ਚ ਵੱਸਦਾ ਹੈ, ਜੋ ਸਾਰੇ ਰਚਨਾ ਦਾ ਰਚਨਹਾਰਾ ਹੈ, ਜੋ ਸਦਾ-ਥਿਰ ਹੈ ਤੇ ਮਾਇਆ ਤੋਂ ਵੀ ਨਿਰਲੇਪ ਰਹਿੰਦਾ ਹੈ।

ਗੁਰਦੇਵ ਪਉੜੀ ਦੀ ਸਮਾਪਤੀ `ਤੇ ਕਰਤੇ ਨੂੰ ਮੁਖ਼ਾਤਿਬ ਹੋ ਕੇ ਕਹਿੰਦੇ ਹਨ ਕਿ “ਹੇ ਸਦਾ ਥਿਰ ਪ੍ਰਭੂ! “ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ” ਭਾਵ ਤੂੰ ਸਾਰਿਆਂ ਤੋਂ ਵਧ ਸੋਝੀਵਾਨ ਹੈਂ, ਸਾਰਿਆਂ `ਚ ਸਮਾਇਆ ਹੋਇਆ ਹੈਂ, ਸਭ ਤੋਂ ਵੱਡਾ ਹੈਂ। ਇਸ ਲਈ ਹੇ ਕਰਤੇ! ਜੋ ਤੇਰੀ ਸਿਫ਼ਤ ਸਲਾਹ ਕਰਦੇ ਹਨ ਮੈਂ (ਨਾਨਕ) ਉਨ੍ਹਾਂ ਤੋਂ ਬਲਿਹਾਰੇ ਜਾਂਦਾਂ ਹਾਂ, ਬਲਿਹਾਰੇ ਜਾਂਦਾਂ ਹਾਂ। ੧।

ਗੁਰਮੱਤ ਵਿਚਾਰ ਦਰਸ਼ਨ- ਕਰਤੇ ਨੇ ਆਪ ਸੰਸਾਰ ਦੀ ਬਹੁ-ਰੰਗੀ ਤੇ ਵੰਨ ਸੁਵੰਨੀ ਰਚਨਾ ਕੀਤੀ ਹੋਈ ਹੈ। ਜਿਸ ਕਰਤੇ ਦੀ ਇਹ ਰਚਨਾ ਹੈ ਇਸ ਖੇਡ ਨੂੰ ਬੁਝ ਤੇ ਇਸ ਦੀ ਪਹਿਚਾਣ ਵੀ ਉਹ ਆਪ ਹੀ ਕਰ ਸਕਦਾ ਹੈ। ਅਜਿਹੀ ਸਮ੍ਰਥਾ ਕਿਸੇ ਹੋਰ `ਚ ਨਹੀਂ ਕਿ ਉਹ ਕਰਤੇ ਦੀ ਖੇਡ ਦਾ ਅੰਦਾਜ਼ਾ ਵੀ ਲਗਾ ਸਕੇ। ਜਦਕਿ ਕਰਤੇ ਦੀ ਇਸ ਖੇਡ ਦਾ ਪ੍ਰਗਟਾਵਾ, ਇਹ ਮਨੁੱਖਾ ਸ਼੍ਰੇਣੀ ਵੀ ਹੈ। ਇਥੇ ਵੀ ਦੇਖਣਾ ਇਹ ਹੈ ਕਿ ਸੰਸਾਰ `ਚ ਆ ਕੇ ਵੀ ਕੁੱਝ ਲੋਕ ਤਾਂ ਆਉਣ ਜਾਣ ਦੇ ਗੇੜ `ਚ ਪਏ ਰਹਿੰਦੇ ਹਨ। ਜਦਕਿ ਦੂਜੇ ਇਸ ਸੰਸਾਰ `ਚ ਵਿਚਰਦੇ ਹੋਏ, ਕਰਤੇ ਨਾਲ ਮਿਲਾਪ ਵੀ ਕਰ ਲੈਂਦੇ ਹਨ। ਇਸ ਤਰ੍ਹਾਂ ਇਹ ਮਨੁੱਖ ਸ਼੍ਰੇਣੀ ਅੱਗੋਂ ਹੋਰ, ਵੱਖ ਵੱਖ ਦੋ ਤਰ੍ਹਾਂ ਦਾ ਜੀਵਨ ਬਤੀਤ ਕਰ ਰਹੀ ਹੁੰਦੀ ਹੈ।

ਇਸ ਤਰ੍ਹਾਂ ਇਕੋ ਹੀ ਮਨੁੱਖ ਸ਼੍ਰੇਣੀ `ਚੋਂ “ਇਕਿ ਆਵਹਿ ਇਕਿ ਜਾਹਿ ਉਠਿ, ਬਿਨੁ ਨਾਵੈ ਮਰਿ ਜਾਤੀ” ਅਨੁਸਾਰ ਇੱਕ ਤਾਂ ਉਹ ਹੁੰਦੇ ਹਨ ਜਿਹੜੇ ਮਨੁਖਾ ਜਨਮ ਪਾ ਕੇ ਗੁਰੂ ਕੇ ਸ਼ਬਦ ਦੀ ਕਮਾਈ ਨਹੀਂ ਕਰਦੇ। ਅਜਿਹੇ ਅਗਿਆਨਂੀ ਮਨੁੱਖ, ਕਰਤੇ ਨਾਲ ਜੁੜ ਕੇ ਇਸ ਬੇਅੰਤ ਰਚਨਾ ਦਾ ਅਨੰਦ ਮਾਨਣ ਦੀ ਬਜਾਏ, ਇਸ ਦੀ ਮੋਹ ਮਮਤਾ ਤੇ ਲੋਹ ਲੁਪਤਾ `ਚ ਹੀ ਗ਼ਰਕ ਹੋ ਜਾਂਦੇ ਹਨ। ਮਨੁੱਖਾ ਜਨਮ ਦੀ ਅਸਲੀਅਤ ਨੂੰ ਨਾ ਪਹਿਚਾਣਨ ਕਰਕੇ ਅਜਿਹੇ ਲੋਕਾਂ ਦਾ ਜੀਵਨ ਹੀ ਵਿਕਾਰੀ ਬਿਰਤੀ ਵਾਲਾ ਹੋ ਜਾਂਦਾ ਹੈ। ਬੱਸ ਇਹੀ ਹੁੰਦਾ ਹੈ ਮਨੁੱਖ ਜੀਵਨ ਦੇ ਸਾਰੇ ਦੁੱਖਾਂ ਦਾ ਮੂਲ।

ਅਜਿਹੇ ਲੋਕ ਆਪਣੇ ਦੁਰਲਭ ਮਨੁੱਖਾ ਜਨਮ ਨੂੰ ਬਿਰਥਾ ਕਰ ਕੇ ਮੁੜ ਭਿੰਨ ਭਿੰਨ ਗਰਭਾਂ, ਜਨਮਾਂ, ਜੂਨਾਂ ਤੇ ਆਵਾਗਉਣ ਦੇ ਗੇੜ `ਚ ਪੈ ਜਾਂਦੇ ਹਨ। ਅਜਿਹੇ ਅਗਿਆਨਂੀ ਮਨੁੱਖ, ਕਰਤੇ ਦੀ ਸਿਫ਼ਤ ਸਲਾਹ ਤੋਂ ਟੁੱਟੇ ਰਹਿਣ ਕਰਕੇ, ਜੀਊਂਦੇ ਜੀਅ ਵੀ ਹਉਮੈ ਵਿਕਾਰਾਂ ਆਦਿ `ਚ ਮਰੇ ਤੇ ਡੁੱਬੇ ਰਹਿੰਦੇ ਹਨ ਅਤੇ ਮੌਤ ਤੋਂ ਬਾਅਦ ਵੀ ਬਾਰ ਬਾਰ ਦੇ ਜਨਮਾਂ ਦੇ ਗੇੜ `ਚ ਹੀ ਪੈਂਦੇ ਹਨ।

ਜਦਕਿ ਦੂਜੇ “ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ” ਅਨੁਸਾਰ ਅਜਿਹੇ ਗੁਰਮੁਖ ਜਨ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਹਨ, ਗੁਰਮੁਖਾਂ ਵਾਲਾ ਹੀ ਜੀਵਨ ਬਤੀਤ ਕਰਦੇ ਹਨ। ਉਹ ਜੀਊਂਦੇ ਜੀਅ ਹੀ ਕਰਤੇ `ਚ ਅਭੇਦ ਹੋ ਜਾਂਦੇ ਹਨ। ਇਸੇ ਤੋਂ ਉਹ ਸੰਤੋਖੀ, ਪਰਉਪਕਾਰੀ ਤੇ ਇਲਾਹੀ ਗੁਣਾਂ ਨਾਲ ਭਰਪੂਰ, ਅਨੰਦ ਮਈ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਦੇ ਜੀਵਨ, ਪ੍ਰਭੂ ਪਿਆਰ ਦੇ ਗੂੜ੍ਹੇ ਰੰਗ `ਚ ਹੀ ਰੰਗੇ ਰਹਿੰਦੇ ਹਨ। ਇਸ ਤਰ੍ਹਾਂ ਸਰੀਰਕ ਮੌਤ ਤੋਂ ਬਾਅਦ ਵੀ ਉਹ ਜਨਮਾਂ ਦੇ ਗੇੜ `ਚ ਨਹੀਂ ਪੈਂਦੇ ਅਤੇ ਅਸਲੇ ਕਰਤੇ ਪ੍ਰਭੂ `ਚ ਹੀ ਸਮਾ ਜਾਂਦੇ ਹਨ।

ਪਉੜੀ ਤੇ ਸਲੋਕਾਂ ਦੀ ਆਪਸੀ ਸਾਂਝ-ਇਸ ਤੋਂ ਬਾਅਦ ਇਹ ਵੀ ਦੇਖਣਾ ਹੈ ਕਿ ਇਸ ਪਉੜੀ `ਚ, ਪਉੜੀ ਤੇ ਸਲੋਕਾਂ ਦੀ ਆਪਸੀ ਸਾਂਝ ਕੀ ਹੈ? ਕਾਰਨ, ਜਿਵੇਂ ਕਿ ਅਰੰਭਕ ਕਿਸ਼ਤਾਂ `ਚ ਹੀ ਵੇਰਵਾ ਦਿੱਤਾ ਜਾ ਚੁੱਕਾ ਹੈ ਕਿ ਪੰਜਵੇਂ ਪਾਤਸ਼ਾਹ ਨੇ ਸਮੂਹ ਵਾਰਾਂ `ਚ ਪਉੜੀਆਂ ਨਾਲ ਜਿਹੜੇ ਸਲੋਕ ਜੋੜੇ ਹਨ, ਉਨ੍ਹਾਂ ਸਲੋਕਾਂ ਦਾ ਸਬੰਧ ਹਰੇਕ ਇਕੱਲੀ-ਇਕੱਲੀ ਪਉੜੀ ਦੀ ਵਿਆਖਿਆ ਨਾਲ ਹੈ।

ਤਾਂ ਤੇ ਹੱਥਲੀ ਪਉੜੀ `ਚ ਜਿੱਥੇ ਮੂਲ ਵਿਸ਼ਾ ਹੀ ਕਰਤੇ ਦੀ ਬੇਅੰਤ ਰੰਗ ਬਿਰੰਗੀ ਤੇ ਲੁਭਾਵਣੀ ਰਚਨਾ ਦਾ ਹੈ। ਉਥੇ ਨਾਲ ਨਾਲ ਇਸ ਪਉੜੀ `ਚ ਗੁਰਦੇਵ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਰਤੇ ਦੀ ਬੇਅੰਤ ਰਚਨਾ ਦਾ ਮੁੱਖ ਅੰਗ, ਮਨੁੱਖਾ ਜੂਨ ਹੀ ਹੈ। ਇਸ `ਚ ਵੀ ਸ਼ੱਕ ਨਹੀਂ ਕਿ “ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ” (ਪੰ: ੪੭੩) ਭਾਵ ਗੁਰਬਾਣੀ ਅਨੁਸਾਰ ਹੀ ਇਸ ਸੰਪੂਰਣ ਰਚਨਾ ਦੀ ਮੁੱਖ ਲੋੜ ਵੀ, ਮਨੁੱਖਾ ਜੀਵਨ ਲਈ ਹੀ ਹੈ।

ਜਦਕਿ ਇਸ ਰਚਨਾ ਵਿਚਲੀ ਲੋਹ ਲੁਭਤਾ ਦਾ ਹੀ ਅਸਰ ਹੁੰਦਾ ਹੈ ਕਿ ਇਸੇ ਤੋਂ ਮਨੁਖ ਦਾ ਜੀਵਨ ਦੋ ਵਿਰੋਧੀ ਹਿਸਿਆਂ `ਚ ਵੰਡਿਆ ਜਾਂਦਾ ਹੈ। ਇੱਕ ਹੁੰਦੇ ਹਨ ਜਿਹੜੇ ਕਰਤੇ ਨੂੰ ਵਿਸਾਰ ਕੇ ਕਰਤੇ ਦੀ ਰਚਨਾ ਦੀ ਲੋਹ ਲੁਪਤਾ `ਚ ਹੀ ਗੁੰਮ ਹੋ ਜਾਂਦੇ ਹਨ। ਇਸੇ ਤੋਂ ਉਨ੍ਹਾਂ ਦੇ ਜੀਵਨ `ਤੇ ਮਮਤਾ, ਵਿਕਾਰ ਭਾਰੂ ਹੋ ਜਾਂਦੇ ਹਨ। ਇਸ ਤਰ੍ਹਾਂ ਅਜਿਹੇ ਮਨਮੁਖ ਰਚਨਾ `ਚ ਹੀ ਫ਼ਸੇ ਰਹਿਕੇ, ਲੰਮਾਂ ਸਮਾਂ ਜਨਮਾਂ ਗਰਭਾਂ ਦੇ ਗੇੜ `ਚ ਹੀ ਪਏ ਰਹਿੰਦੇ ਹਨ। ਇਥੇ ਹੀ ਦੂਜੇ ਉਹ ਵੀ ਹੁੰਦੇ ਹਨ ਜਿਹੜੇ ਕਰਤੇ ਦੀ ਇਸੇ ਰਚਨਾ `ਚੋਂ, ਕਰਤੇ ਦੀਆਂ ਦਾਤਾਂ ਦਾ ਲਾਭ ਲੈ ਕੇ, ਜੀਊਂਦੇ ਜੀਅ ਕਰਤੇ `ਚ ਹੀ ਅਭੇਦ ਹੋ ਜਾਂਦੇ ਹਨ। ਅਜਿਹੇ ਜੀਊੜੇ ਅਨੰਦ ਮਈ, ਹਉਮੈ ਵਿਕਾਰ ਰਹਿਤ ਤੇ ਟਿਕਾਅ ਵਾਲੇ ਜੀਵਨ ਬਤੀਤ ਕਰਦੇ ਹਨ। ਸਰੀਰਕ ਮੌਤ ਤੋਂ ਬਾਅਦ ਮੁੜ ਜਨਮਾਂ ਦੇ ਗੇੜ `ਚ ਨਹੀਂ ਪੈਂਦੇ, ਕਰਤੇ `ਚ ਹੀ ਸਮਾ ਜਾਂਦੇ ਹਨ।

ਹੁਣ ਥੋੜਾ ਘੋਖਦੇ ਹਾਂ ਇਸ ਪੱਖੋਂ ਇਸ ਪਉੜੀ ਨਾਲ ਸਬੰਧਤ ਸਲੋਕਾਂ ਨੂੰ। ਪਹਿਲੇ ਸਲੋਕ `ਚ ਹੀ ਗੁਰਦੇਵ ਸਪਸ਼ਟ ਕਰਦੇ ਹਨ ਕਿ ਕਰਤੇ ਦੀ ਰਚਨਾ `ਚ, ਮਨੁੱਖਾ ਜਨਮ ਦੀ ਸੰਭਾਲ ਤੇ ਸਫ਼ਲਤਾ ਲਈ ਕਰਤੇ ਦੇ ਨਿਜ ਗੁਣ ‘ਗੁਰੂ’ ਦਾ ਵੀ ਵਾਸਾ ਹੈ। ਅਜਿਹਾ ‘ਗੁਰੂ’ ਜਿਸ ਦਾ ਪ੍ਰਕਾਸ਼ ਵੀ ਕਰਤੇ ਦੀ ਰਚਨਾ ਦੇ ਹਰੇਕ ਅੰਗ `ਚ ਇਕੋ ਜਿਹਾ ਹੁੰਦਾ ਹੈ। ਅਜਿਹਾ ‘ਸ਼ਬਦ ਗੁਰੂ’, ਅਜਿਹੀ ਤੇ ਨਿਵੇਕਲੀ ਤਾਕਤ ਹੈ ਜਿਸ ਕਿਸੇ ਦੇ ਜੀਵਨ ਅੰਦਰ ਇਸ ਦੇ ਪ੍ਰਗਟ ਹੋ ਜਾਣ ਬਾਅਦ, ਕਿਸੇ ਵੀ ਮਨੁੱਖ ਦੇ ਜੀਵਨ `ਚ ਇਲਾਹੀ ਗੁਣਾਂ ਦਾ ਵਾਸਾ ਹੋ ਜਾਂਦਾ ਹੈ। ਮਨੁੱਖ ਦਾ ਜੀਵਨ ਮਨਮੁਖ ਤੋਂ ਗੁਰਮੁਖ ਵਾਲਾ ਹੋ ਜਾਂਦਾ ਹੈ। ਅਜਿਹੇ ਜੀਵਨ `ਚ ਆਸ਼ਾ-ਤ੍ਰਿਸ਼ਨਾ ਆਦਿ ਵਿਕਾਰ ਮੁੱਕ ਜਾਂਦੇ ਹਨ ਤੇ ਜੀਵਨ ਕਰਤੇ ਦੀ ਸਿਫ਼ਤ ਸਲਾਹ ਕਾਰਨ ਕਰਤੇ ਦੇ ਰੰਗ `ਚ ਰੰਗਿਆ ਜਾਂਦਾ ਹੈ।

ਇਸ ਤਰ੍ਹਾਂ ਦੂਜੇ ਸਲੋਕ `ਚ ਗੁਰਦੇਵ ਪਉੜੀ ਵਿਚਲੇ “ਇਕਿ ਆਵਹਿ ਇਕਿ ਜਾਹਿ ਉਠਿ, ਬਿਨੁ ਨਾਵੈ ਮਰਿ ਜਾਤੀ” ਵਾਲੇ ਪੱਖ ਨੂੰ ਹੋਰ ਵੀ ਪੂਰੀ ਤਰ੍ਹਾਂ ਖੋਲਦੇ ਹਨ। ਫ਼ੁਰਮਾਉਂਦੇ ਹਨ ਕਿ ਮਨੁੱਖ ਜ਼ਿੰਦਗੀ ਤਾਂ ਬਤੀਤ ਕਰ ਹੀ ਲੈਂਦਾ ਹੈ ਤੇ ਉਸ ਨੇ ਮੁੱਕ ਵੀ ਜਾਣਾ ਹੁੰਦਾ ਹੈ। ਜਦਕਿ ਉਥੇ ਇਸ ਬਾਰੇ ਇਹ ਵੀ ਫ਼ੁਰਮਾਨ ਹੈ “ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ” ਭਾਵ ਅਜਿਹਾ ਉਦੋਂ ਹੁੰਦਾ ਹੈ ਜਦੋਂ ਮਨੁੱਖ ਗੁਰੂ ਗਿਆਨ ਤੇ ਇਲਾਹੀ ਜੀਵਨ ਤੋਂ ਦੁਰੇਡੇ ਰਹਿ ਕੇ, ਆਪਣੇ ਜੀਵਨ ਨੂੰ ਮਨਮੱਤਾਂ `ਚ ਹੀ ਖ਼ਤਮ ਕਰ ਦਿੰਦਾ ਹੈ। ਫ਼ਿਰ ਤੀਜੇ ਸਲੋਕ `ਚ ਵੀ ਗੁਰਦੇਵ ਦ੍ਰਿੜ ਕਰਵਾਉਂਦੇ ਹਨ ਕਿ ਮਨੁੱਖ ਨੂੰ ਇਸ ਤਰ੍ਹਾਂ ਭਾਵੇਂ ਸੌ ਸਾਲ ਦੀ ਉਮਰ ਵੀ ਕਿਉਂ ਨਾ ਮਿਲ ਜਾਵੇ ਪਰ ਅਜਿਹਾ ਮਨਮੁਖ “ਮੂਲਿ ਨ ਜਾਣੈ ਅਪ ਬਲੁ” ਅਨੁਸਾਰ ਆਪਣੇ ਮਨੁੱਖਾ ਜੀਵਨ ਦੀ ਅਸਲੀਅਤ ਤੇ ਅੰਦਰ ਵੱਸ ਰਹੇ ਪ੍ਰਭੂ ਨਾਲ ਸਾਂਝ ਨਾ ਹੋਣ ਕਰਕੇ ਆਪਣੀ ਮੂਲ ਤਾਕਤ ਦੀ ਪਹਿਚਾਣ ਵੀ ਨਹੀਂ ਕਰ ਸਕਦਾ।

ਇਸ ਤਰ੍ਹਾਂ ਸਪਸ਼ਟ ਹੈ ਕਿ ਗੁਰਦੇਵ ਨੇ ਜੋ ਵਿਸ਼ਾ ਪਉੜੀ `ਚ ਨਿਭਾਇਆ ਹੈ ਸਬੰਧਤ ਤਿੰਨਾਂ ਹੀ ਸਲੋਕਾਂ `ਚ ਉਸੇ ਵਿਸ਼ੇ ਦੀ ਵਿਆਖਿਆ ਹੈ।

ਵਿਸ਼ੇਸ਼-ਇਹੀ ਨਹੀਂ ਜਦੋਂ ਅੱਗੇ ਚੱਲ ਕੇ ਸੰਪੂਰਣ ਵਾਰ `ਚ ਵਿਚਰਾਂ ਗੇ ਤਾਂ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਇਹ ਪਹਿਲੀ ਪਉੜੀ ਸੰਪੂਰਣ ਵਾਰ ਦਾ ਮੁਖ ਬੰਧ ਵੀ ਹੈ। (ਚਲਦਾ)

#012 MkV.GVDs05.04.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” BEING LOADED IN ISTTS. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.