.

ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ …. . (ਗੁਰੂ ਗ੍ਰੰਥ ਸਾਹਿਬ ਪੰਨਾ ੭੭੪)

ਗੁਰੂ ਨਾਨਕ ਪਾਤਸ਼ਾਹ ਦੇ ਇਸ ਸੰਸਾਰ ਵਿੱਚ ਆਉਣ ਬਾਰੇ ਭਾਈ ਗੁਰਦਾਸ ਜੀ ਨੇ ਲਿਖ਼ਿਆ ਹੈ:-
ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣ ਹੋਆ॥
ਭਾਵ ਕਿ ਸਤਿਗੁਰ ਜੀ ਨੇ ਆ ਕੇ ਸੱਚ ਦਾ ਅਜਿਹਾ ਹੋਕਾ ਦਿੱਤਾ ਕਿ ਝੂਠ ਅਤੇ ਕਰਮ-ਕਾਂਡਾਂ ਦੀ ਧੁੰਦ ਛਟਣ ਲੱਗ ਪਈ। ਦਸਾਂ ਹੀ ਨਾਨਕ-ਜੋਤਾਂ ਨੇ ਤਕਰੀਬਨ ਦੋ ਸੌ ਚਾਲ਼ੀ ਸਾਲ ਇਸ ਧੁੰਦ ਨੂੰ ਸਾਫ਼ ਕਰਨ ਦੇ ਯਤਨ ਕੀਤੇ ਅਤੇ ਮਨੁੱਖ ਨੂੰ ਇੱਕ ਐਸਾ ਗਾਡੀ ਰਾਹ ਤਿਆਰ ਕਰ ਦਿੱਤਾ ਜੋ ਵਹਿਮਾਂ ਭਰਮਾਂ, ਕਰਮ-ਕਾਂਡਾਂ ਅਤੇ ਫੋਕੇ ਆਡੰਬਰਾਂ ਤੋਂ ਮੁਕਤ ਸੀ। ਆਉਣ ਵਾਲ਼ੀਆਂ ਨਸਲਾਂ ਨੂੰ ਇਸ ਗਾਡੀ-ਰਾਹ ਨੂੰ ਰੁਸ਼ਨਾਉਣ ਵਾਸਤੇ ਰੱਬੀ ਗਿਆਨ ਦਾ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੌਂਪਿਆ।
ਪਰ ਅਫ਼ਸੋਸ ਕਿ ਅਸੀਂ ਸਿੱਖ ਆਪ ਹੀ ਇਸ ਚਾਨਣ ਦੇ ਹੁੰਦਿਆਂ ਵੀ ਹਨ੍ਹੇਰੇ ਵਿੱਚ ਟੱਕਰਾਂ ਮਾਰ ਰਹੇ ਹਾਂ ਤੇ ਫਿਰ ਦੁਖੀ ਹੋ ਕੇ ਗੁਰੂ ਕੋਲ਼ ਵੀ ਨਹੀਂ ਜਾਂਦੇ ਸਗੋਂ ਕਿਸੇ ਬੂਬਨੇ ਸਾਧ ਦਾ ਸਹਾਰਾ ਲੱਭਦੇ ਹਾਂ ਜੋ ਆਪ ਘਰ-ਗ੍ਰਹਿਸਥੀ ਤੋਂ ਭਗੌੜਾ ਹੋ ਕੇ ਲੋਕਾਂ ਨੂੰ ਜੋਕ ਬਣ ਕੇ ਚੁੰਬੜਿਆ ਹੁੰਦਾ ਹੈ। ਗੁਰੂ ਪਾਤਸ਼ਾਹ ਨੇ ਸਾਨੂੰ ਨਿਆਰਾ ਖ਼ਾਲਸਾ ਬਣਾਇਆ ਸੀ ਪਰ ਅਸੀਂ ਫੇਰ ਉਸੇ ਹੀ ਦਲਦਲ ਵਿੱਚ ਧਸ ਰਹੇ ਹਾਂ ਜਿਸ ਵਿਚੋਂ ਸਾਨੂੰ ਸਾਹਿਬਾਂ ਨੇ ਕੱਢਿਆ ਸੀ। ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਕਰਮ-ਕਾਂਡ, ਪਖੰਡ, ਵਹਿਮ ਭਰਮ ਹਾਵੀ ਹੋ ਰਹੇ ਹਨ।
ਪਿੱਛੇ ਜਿਹੇ ਭਾਰਤ ਦੀ ਫੇਰੀ ਤੋਂ ਵਾਪਿਸ ਆਏ ਇੱਕ ਸੱਜਣ ਨੇ ਉੱਥੇ ਅਟੈਂਡ ਕੀਤੇ ਦੋ ਤਿੰਨ ਵਿਆਹਾਂ ਦਾ ਅੱਖੀਂ ਦੇਖਿਆ ਹਾਲ ਬੜੇ ਭਰੇ ਹੋਏ ਮਨ ਨਾਲ਼ ਸੁਣਾਇਆ। ਇਸ ਵਿਅਕਤੀ ਨੂੰ ਪੰਜਾਬ ਨੂੰ ਜਾਣ ਦਾ ਕਈ ਸਾਲਾਂ ਬਾਅਦ ਅਵਸਰ ਮਿਲ਼ਿਆ ਸੀ। ਉਹ ਪੰਜਾਬ ਨੂੰ ਅੱਜ ਵੀ ਉਹੀ ਪੰਜਾਹ ਸੱਠ ਸਾਲ ਪਹਿਲਾਂ ਵਾਲ਼ਾ ਹੀ ਸਮਝਦਾ ਸੀ। ਉਸ ਸੱਜਣ ਦੀ ਗੱਲਬਾਤ ਨੇ ਹੀ ਅਨੰਦ ਕਾਰਜ ਦੀ ਰਸਮ ਵਿੱਚ ਆਏ ਨਿਘਾਰ ਬਾਰੇ ਕੁੱਝ ਲਿਖ਼ਣ ਲਈ ਪ੍ਰੇਰਿਆ।
ਅਸੀਂ ਸਿੱਖਾਂ ਨੇ ਖ਼ੁਦ ਹੀ ਅਨੰਦ ਕਾਰਜ ਦੀ ਸਮੁੱਚੀ ਰਸਮ ਨੂੰ ਇੱਕ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ। ਲਾਵਾਂ ਤੋਂ ਬਾਅਦ ਬਹੁਤੇ ਲਾੜਿਆਂ ਵਲੋਂ ਝੱਟ ਮਗਰੋਂ ਹੀਂ ਦਸਤਾਰ ਉਤਾਰ ਕੇ ਤੇ ਸ਼ੇਵ ਕਰ ਕੇ ਪਾਰਟੀ ਵਾਲੇ ਹਾਲ ਵਿੱਚ ਪਹੁੰਚਣਾ, ਇੱਕ ਤਮਾਸ਼ਾ ਨਹੀਂ ਹੈ ਤਾਂ ਹੋਰ ਕੀ ਹੈ? ਕੀ ਅਸੀਂ ਗੁਰੂ ਸਾਹਿਬ ਨੂੰ ਧੋਖਾ ਨਹੀਂ ਦੇ ਰਹੇ?
ਮੈਨੂੰ ਯਾਦ ਹੈ ਕਿ ਅੱਜ ਤੋਂ ਵੀਹ ਬਾਈ ਸਾਲ ਪਹਿਲਾਂ ਇੱਕ ਵਿਆਂਦੜ੍ਹ ਮੁੰਡਾ ਅਨੰਦ ਕਾਰਜ ਤੋਂ ਬਾਅਦ ਗੁਰਦੁਆਰੇ ਦੀਆਂ ਟਾਇਲਟਾਂ ਵਿੱਚ ਹੀ ਸ਼ੇਵ ਕਰਨ ਲੱਗ ਪਿਆ ਸੀ। ਗੁਰਦੁਆਰਾ ਸਾਹਿਬ ਅਤੇ ਸਿੱਖੀ ਦੀ ਮਰਯਾਦਾ ਤੋਂ ਅਨਜਾਣ ਹੋਣ ਕਾਰਨ ਹੀ ਇਹੋ ਜਿਹੀਆਂ ਕਰਤੂਤਾਂ ਹੁੰਦੀਆਂ ਹਨ।
ਅਨੰਦ ਕਾਰਜ ਦੀ ਰਸਮ ਨਾਲ ਸਿਰਫ਼ ਇਹੋ ਹੀ ਮਸਲਾ ਨਹੀਂ ਜੁੜਿਆ ਹੋਇਆ, ਹੋਰ ਵੀ ਬਹੁਤ ਗੱਲਾਂ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਦਾਸ ਯੋਗ ਸਮਝਦਾ ਹੈ। ਲੜਕੇ ਤੇ ਲੜਕੀ ਵਾਲਿਆਂ ਦੀ ਖ਼ਾਹਿਸ਼ ਹੁੰਦੀ ਹੈ ਵਿਆਹ ਵਾਸਤੇ ਹਰੇਕ ਪ੍ਰਬੰਧ ਵਧੀਆ ਕੀਤਾ ਜਾਵੇ ਮਸਲਨ ਪਾਰਟੀ ਵਾਸਤੇ ਹਾਲ, ਕੇਟਰਿੰਗ, ਕੱਪੜੇ, ਗਹਿਣੇ, ਡੀ. ਜੇ. ਵੀਡੀਓ ਤੇ ਫ਼ੋਟੋਗ੍ਰਾਫ਼ਰ, ਕੇਕ ਆਦਿ ਪਰ ਜਦੋਂ ਅਨੰਦ ਕਾਰਜ ਕਰਵਾਉਣ ਵਾਲੇ ਰਾਗੀ ਜਥੇ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਇੱਕ ਵਾਧੂ ਜਿਹੀ ਗੱਲ ਹੀ ਸਮਝ ਲਿਆ ਜਾਂਦਾ ਹੈ। ਆਮ ਤੌਰ `ਤੇ ਗੁਰਦੁਆਰਾ ਕਮੇਟੀ ਨੇ ਕਿਉਂਕਿ ਅਨੰਦ ਕਾਰਜ ਦੀ ਸਾਰੀ ਮਾਇਆ ਗੋਲਕ ਵਿੱਚ ਪਾਉਣੀ ਹੁੰਦੀ ਹੈ, ਸੋ ਗੁਰਦੁਆਰੇ ਦੇ ਗ੍ਰੰਥੀ ਨੂੰ ਥੋੜ੍ਹੇ ਜਿਹੇ ਪੈਸੇ ਦੇ ਕੇ ਅਨੰਦ ਕਾਰਜ ਕਰਵਾਉਣ ਦੀ ਡਿਊਟੀ ਦੇ ਦਿੱਤੀ ਜਾਂਦੀ ਹੈ। ਜੇ ਤਾਂ ਗ੍ਰੰਥੀ ਸਾਹਿਬ ਕੀਰਤਨ ਵਿੱਚ ਨਿਪੁੰਨ ਹਨ ਤੇ ਨਾਲ ਤਬਲਾ ਵਾਦਕ ਵੀ ਪੂਰੇ ਉੱਤਰਦੇ ਹਨ, ਫੇਰ ਤਾਂ ਠੀਕ ਹੈ ਪਰ ਆਮ ਤੌਰ `ਤੇ ਅਜਿਹਾ ਹੁੰਦਾ ਨਹੀਂ ਕਿਉਂਕਿ ਕੋਈ ਵੀ ਨਿਪੁੰਨ ਰਾਗੀ ਗ੍ਰੰਥੀ ਨਹੀਂ ਬਣਨਾ ਚਾਹੁੰਦਾ। ਹਾਂ! ਅਗਰ ਕੋਈ ਮਜਬੂਰੀ ਹੋਵੇ ਤਾਂ ਇਹ ਅਲੱਗ ਗੱਲ ਹੈ।
ਦੁਖ ਦੀ ਗੱਲ ਇਹ ਹੈ ਕਿ ਕਈ ਵਾਰੀ ਲਾਵਾਂ ਅਤੇ ਅਨੰਦ ਕਾਰਜ ਦੇ ਸ਼ਬਦ ਅਤੇ ਐਨੇ ਬੇਸੁਰੇ ਤੇ ਬੇਤਾਲੇ ਅੰਦਾਜ਼ ਵਿੱਚ ਪੜ੍ਹੇ ਜਾਂਦੇ ਹਨ ਕਿ ਬੰਦਾ ਸੋਚਦਾ ਹੈ ਕਿ ਕੀ ਇਹੋ ਸਾਡਾ ਪਿਆਰ ਹੈ ਗੁਰਬਾਣੀ ਨਾਲ! ਵਾਜੇ ਅਤੇ ਤਬਲੇ ਦੀ ਆਪਸ ਵਿੱਚ ਕੋਈ ਸੰਗਤ ਨਹੀਂ ਹੁੰਦੀ। ਇਉਂ ਲਗਦਾ ਹੈ ਜਿਵੇਂ ਇੱਕ ਦੂਜੇ ਤੋਂ ਉਲਟ ਦਿਸ਼ਾ ਵਲ ਨੂੰ ਜਾ ਰਹੇ ਹੋਣ। ਮੇਰੇ ਆਪਣੇ ਤਜਰਬੇ ਵਿੱਚ ਸ਼ਾਇਦ ਹੀ ਕਦੇ ਵਿਆਹ ਬੁੱਕ ਕਰਵਾਉਣ ਆਏ ਪਰਿਵਾਰਾਂ ਨੇ ਗੁਰਦੁਆਰਾ ਕਮੇਟੀ ਤੋਂ ਅਨੰਦ ਕਾਰਜ ਕਰਵਾਉਣ ਵਾਲੇ ਰਾਗੀ ਜਥੇ ਬਾਰੇ ਪੁੱਛ-ਗਿੱਛ ਕੀਤੀ ਹੋਵੇ। ਚਲੋ ਮੰਨ ਲਉ ਕਿ ਗੁਰਦੁਆਰੇ ਕਮੇਟੀ ਨੂੰ ਤਾਂ ਮਾਇਆ ਗੋਲਕ ਲਈ ਚਾਹੀਦੀ ਹੈ ਪਰ ਕੀ ਪਰਿਵਾਰ ਵਾਲੇ, ਜਿਨ੍ਹਾਂ ਨੇ ਵਿਆਹ ਉੱਪਰ ਹੋਰ ਇਤਨਾ ਖ਼ਰਚਾ ਕਰਨਾ ਹੁੰਦਾ ਹੈ, ਕੀ ਉਹ ਕਿਸੇ ਚੰਗੇ ਰਾਗੀ ਜਥੇ ਨੂੰ ਮਾਇਆ ਭੇਂਟ ਕਰ ਕੇ ਅਨੰਦ ਕਾਰਜ ਨਹੀਂ ਕਰਵਾ ਸਕਦੇ? ਵੀਡੀਓਗ੍ਰਾਫ਼ਰ ਚੰਗਾ ਇਸ ਕਰ ਕੇ ਬੁੱਕ ਕੀਤਾ ਜਾਂਦਾ ਹੈ ਕਿ ਵਿਆਹ ਦੀ ਯਾਦਗਾਰ ਚੰਗੀ ਬਣੇ। ਕੀ ਅਨੰਦ ਕਾਰਜ ਦੀ ਰਸਮ ਵਿਆਹ ਦੀ ਯਾਦਗਾਰ ਦਾ ਹਿੱਸਾ ਨਹੀਂ? ਸਗੋਂ ਸਾਰੇ ਵਿਆਹ ਵਿਚੋਂ ਇਹੀ ਇੱਕ ਰਸਮ ਹੈ ਜਿਥੋਂ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਪ੍ਰਾਪਤ ਹੋਣੀਆਂ ਹਨ। ਪਾਰਟੀ-ਹਾਲ ਜਾਂ ਮੈਰਿਜ-ਪੈਲੇਸ ਵਿਚਲਾ ਧੰਬੜ-ਧਸੀਆ ਦੰਪਤੀ ਜੀਵਨ ਵਿੱਚ ਸਹਾਈ ਨਹੀਂ ਹੋਣਾ। ਸਗੋਂ ਉੱਥੇ ਤਾਂ ਕਈ ਵਾਰੀ ਬੇਸੁਆਦੀਆਂ ਵੀ ਹੁੰਦੀਆਂ ਦੇਖੀਆਂ ਹਨ। ਪਾਠਕਾਂ ਦੇ ਵੀ ਅਨੇਕਾਂ ਅਜਿਹੇ ਤਜਰਬੇ ਹੋਣਗੇ। ਕਈ ਵਾਰੀ ਇਹ ਵੀ ਦੇਖਿਆ ਗਿਆ ਹੈ ਕਿ ਲਾਵਾਂ ਤੋਂ ਬਾਅਦ ਜੇ ਕਿਸੇ ਸਿਆਣੇ ਬੰਦੇ ਨੇ ਸੁਭਾਗ ਜੋੜੀ ਨੂੰ ਵਿਆਹੁਤਾ-ਜੀਵਨ ਸੁਖਮਈ ਬਿਤਾਉਣ ਲਈ ਕੋਈ ਅਕਲ ਦੀ ਗੱਲ ਦੱਸੀ ਹੁੰਦੀ ਹੈ ਤਾਂ ਵੀਡੀਓਗ੍ਰਾਫ਼ਰ ਨੂੰ ਕਹਿ ਕੇ ਉਸ ਸਾਰੀ ਸਿੱਖਿਆ ਨੂੰ ਕਟਵਾ ਦਿੱਤਾ ਜਾਂਦਾ ਹੈ।
ਇਸ ਵਿੱਚ ਸੁਧਾਰ ਤਾਂ ਹੀ ਹੋਵੇਗਾ ਜੇ ਸਾਨੂੰ ਗੁਰਬਾਣੀ ਦੇ ਸਹੀ ਕੀਰਤਨ ਨਾਲ ਪਿਆਰ ਹੋਵੇਗਾ। ਦਾਸ ਨੇ ਖ਼ੁਦ ਕਈ ਅਨੰਦ ਕਾਰਜਾਂ `ਤੇ ਰਾਗੀਆਂ ਨੂੰ ਲਾਵਾਂ ਦੇ ਪਾਠ ਦੀਆਂ ਤੁਕਾਂ ਭੁੱਲਦਿਆਂ ਅਤੇ ਕਈ ਮਨਮੱਤਾਂ ਕਰਦਿਆਂ ਦੇਖਿਆ ਹੈ।
ਹਾਂ! ਬਾਰਾਂ ਵਜੇ ਤੋਂ ਪਹਿਲਾਂ ਪਹਿਲਾਂ ਅਨੰਦ ਕਾਰਜ ਕਰਨ ਬਾਰੇ ਪਰਿਵਾਰ ਤੇ ਰਿਸ਼ਤੇਦਾਰਾਂ ਵਲੋਂ ਹੁਕਮ ਜ਼ਰੂਰ ਚਾੜ੍ਹਿਆ ਜਾਂਦਾ ਹੈ ਹਾਲਾਂਕਿ ਇਨ੍ਹਾਂ ਸੱਜਣਾਂ ਨੂੰ ਪਤਾ ਹੁੰਦਾ ਹੀ ਨਹੀਂ ਕਿ ਬਾਰਾਂ ਵਜੇ ਤੋਂ ਪਹਿਲਾਂ ਪਹਿਲਾਂ ਲਾਵਾਂ ਕਰਨ ਦਾ ਭਾਵ ਕੀ ਹੈ। ਬਾਣੀ ਤਾਂ ਇਹੋ ਜਿਹੇ ਵਹਿਮਾਂ ਭਰਮਾਂ ਤੋਂ ਸਿੱਖਾਂ ਨੂੰ ਵਰਜਦੀ ਹੈ। ਜੇ ਕੁੱਝ ਮਿੰਨਟ ਉੱਪਰ ਵੀ ਹੋ ਜਾਣ ਤਾਂ ਇਸ ਨੂੰ ਮੁੱਦਾ ਨਹੀਂ ਬਣਾ ਲੈਣਾ ਚਾਹੀਦਾ। ਕਈ ਥਾਈਂ ਪਰਿਵਾਰ ਵਾਲ਼ੇ ਕਮੇਟੀਆਂ ਨਾਲ਼ ਝਗੜਦੇ ਦੇਖੇ ਹਨ ਕਿ ਬਾਰਾਂ ਵਜੇ ਤੋਂ ਪਹਿਲਾਂ ਪਹਿਲਾਂ ਅਰਦਾਸ ਕਿਉਂ ਨਹੀਂ ਕੀਤੀ, ਪਰ ਇਸ ਦਾ ਇਹ ਵੀ ਮਤਲਬ ਨਹੀਂ ਕਿ ਅਨੰਦ ਕਾਰਜ ਸ਼ਾਮ ਨੂੰ ਪੰਜ ਵਜੇ ਕੀਤਾ ਜਾਵੇ। ਸਿਆਣੇ ਬਜ਼ੁਰਗ਼ਾਂ ਤੋਂ ਸੁਣੇ ਅਨੁਸਾਰ ਸੂਹੀ ਰਾਗ਼, ਜਿਸ ਵਿੱਚ ਸਤਿਗੁਰਾਂ ਵਲੋਂ ਲਾਵਾਂ ਉਚਾਰੀਆਂ ਗਈਆਂ ਹਨ, ਨੂੰ ਗਾਉਣ ਦਾ ਸਮਾਂ ਦੁਪਹਿਰ ਤੋਂ ਪਹਿਲਾਂ ਪਹਿਲਾਂ ਹੈ। ਗੁਰਬਾਣੀ ਨੂੰ ਰਾਗ਼ਾਂ ਵਿੱਚ ਗਾਉਣ ਵਾਲੇ ਰਾਗੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਨਹੀਂ ਕਰਦੇ ਪਰ ਜੇ ਬਰਾਤ ਹੀ ਬਾਰਾਂ ਇੱਕ ਵਜੇ ਪਹੁੰਚੇਗੀ ਤਾਂ ਰਾਗੀ ਜਥਾ ਕੀ ਕਰੇਗਾ? ਦਿੱਲੀ ਦੇ ਇੱਕ ਬੜੇ ਮੰਨੇ ਪ੍ਰਮੰਨੇ ਰਾਗੀ ਜਥੇ ਨੇ ਮੈਨੂੰ ਇੱਕ ਵਾਰੀ ਦੱਸਿਆ ਸੀ ਕਿ ਇੱਕ ਪਰਿਵਾਰ ਵਾਲ਼ਿਆਂ ਨੇ ਉਨ੍ਹਾਂ ਨੂੰ ਤਾਕੀਦ ਕਰ ਕੇ ਅਨੰਦ ਕਾਰਜ ਕਰਨ ਲਈ ਦਸ ਵਜੇ ਹੀ ਬੁਲਾ ਲਿਆ ਪਰ ਬਰਾਤ ਪਹੁੰਚੀ ਚਾਰ ਵਜੇ ਤੇ ਲਾਵਾਂ ਹੋਈਆਂ ਪੰਜ ਵਜੇ। ਪੁਰਾਣੇ ਬਜ਼ੁਰਗ਼ਾਂ ਨੂੰ ਪੁੱਛ ਕੇ ਦੇਖੋ ਉਹ ਦੱਸਦੇ ਹਨ ਕਿ ਪਿਛਲੇ ਸਮਿਆਂ ਵਿੱਚ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਅਨੰਦ ਕਾਰਜ ਹੋ ਜਾਇਆ ਕਰਦੇ ਸਨ। ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਸੀ। ਅੱਜ ਕਲ ਤਾਂ ਇਹ ਹਾਲਤ ਹੈ ਕਿ ਅਨੰਦ ਕਾਰਜ ਵਾਸਤੇ ਗੁਰਬਾਣੀ ਦੇ ਨਿਰਧਾਰਿਤ ਸ਼ਬਦ ਵੀ ਬਰਾਤੀਆਂ ਨੂੰ ਸੁਣਨੇ ਔਖੇ ਜਾਪਦੇ ਹਨ। ਪ੍ਰਬੰਧਕਾਂ ਨੂੰ ਵਾਰ ਵਾਰ ਛੇਤੀ ਕਰਨ ਲਈ ਕਿਹਾ ਜਾਂਦਾ ਹੈ। ਕਈ ਵਾਰੀ ਬੜੀ ਹਾਸੋ-ਹੀਣੀ ਸਥਿਤੀ ਵੀ ਹੋ ਜਾਂਦੀ ਹੈ ਜਦ ਬਰਾਤ ਗਿਆਰਾਂ ਸਾਢੇ ਗਿਆਰਾਂ ਵਜੇ ਪਹੁੰਚਦੀ ਹੈ ਤੇ ਅਜੇ ਮਿਲਣੀ ਹੋਣੀ ਹੁੰਦੀ ਹੈ, ਜੋ ਕਿ ਕਈ ਵਾਰੀ ਚਾਲੀ ਚਾਲੀ ਪੰਜਾਹ ਪੰਜਾਹ ਬੰਦਿਆਂ ਦੀ ਹੁੰਦੀ ਹੈ, ਚਾਹ ਪੀਣੀ ਹੁੰਦੀ ਹੈ ਪਰ ਕਈ ਬਹੁਤੇ ਕਾਹਲ਼ੇ ਸੱਜਣ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਕੁੜਤੇ ਪਜਾਮੇ ਖਿੱਚਣੇ ਸ਼ੁਰੂ ਕਰ ਦਿੰਦੇ ਹਨ ਕਿ ਅਨੰਦ ਕਾਰਜ ਬਾਰਾਂ ਵਜੇ ਤੋਂ ਪਹਿਲਾਂ ਪਹਿਲਾਂ ਕਰਵਾ ਦਿਤਾ ਜਾਵੇ। ਇਨ੍ਹਾਂ ਸੱਜਣਾਂ ਨੂੰ ਗੁਰਦੁਆਰੇ ਵਿੱਚ ਦਸ ਮਿੰਟ ਬੈਠਣਾ ਵੀ ਭਾਰੀ ਹੋ ਜਾਂਦਾ ਹੈ ਪਰ ਵਿਆਹ ਵਾਲੇ ਹਾਲ ਵਿਚੋਂ ਕੇਅਰ-ਟੇਕਰ ਧੱਕੇ ਮਾਰ ਮਾਰ ਕੇ ਇਨ੍ਹਾਂ ਨੂੰ ਬਾਹਰ ਕੱਢਦੇ ਹਨ ਤੇ ਫਿਰ ਇਹ ਲੋਕ ਉਸ ਦੇ ਮਗਰ ਸ਼ਰਾਬ ਦੀਆਂ ਬੋਤਲਾਂ ਲੈ ਕੇ ਫਿਰਦੇ ਹਨ ਕਿ ਦਸ ਪੰਦਰਾਂ ਮਿੰਟ ਹੋਰ ਦੇ ਦੇਵੇ ਤਾਂ ਕਿ ਇਹ “ਇਕ ਗੇੜਾ ਹੋਰ, ਭਾਬੀ ਇੱਕ ਗੇੜਾ ਹੋਰ” ਕਰ ਸਕਣ।
ਹਰੇਕ ਗੁਰਦੁਆਰੇ ਵਿੱਚ ਨੋਟਿਸ ਲੱਗਿਆ ਹੋਇਆ ਹੁੰਦਾ ਹੈ ਕਿ ਗੁਰਦੁਆਰੇ ਦੀ ਹਦੂਦ ਅੰਦਰ ਤਮਾਕੂ, ਸ਼ਰਾਬ ਆਦਿ ਕੋਈ ਨਸ਼ਾ ਕਰ ਕੇ ਜਾਂ ਕੋਲ਼ ਲੈ ਕੇ ਆਉਣਾ ਮਨ੍ਹਾਂ ਹੈ ਪਰ ਬਹੁਤੀ ਵਾਰੀ ਦੇਖਿਆ ਗਿਆ ਹੈ ਕਿ ਕਈ ਬਰਾਤੀਆਂ ਕੋਲੋਂ ਸ਼ਰਾਬ ਦਾ ਮੁਸ਼ਕ ਆ ਰਿਹਾ ਹੁੰਦਾ ਹੈ ਕਿਉਂਕਿ ਪ੍ਰੀ-ਵੈਡਿੰਗ ਪਾਰਟੀ ਰਾਤ ਨੂੰ ਲੇਟ ਤੱਕ ਚੱਲੀ ਹੁੰਦੀ ਹੈ ਤੇ ਸ਼ਰਾਬ ਅਜੇ ਵੀ ਪੀਣ ਵਾਲ਼ੇ ਦੇ ਸਰੀਰ ਵਿੱਚ ਹੁੰਦੀ ਹੈ। ਇਸ ਵੇਲੇ ਪ੍ਰਬੰਧਕ ਵੀ ਅੱਖਾਂ ਬੰਦ ਕਰ ਲੈਂਦੇ ਹਨ ਕਿਉਂਕਿ ਮਾਇਆ ਜੁ ਆਉਣੀ ਹੁੰਦੀ ਹੈ।
ਇੰਡੀਆ ਵਿੱਚ ਵੀ ਇਸ ਪਵਿੱਤਰ ਰਸਮ ਦੀਆਂ ਲੋਕਾਂ ਨੇ ਧੱਜੀਆਂ ਉਡਾ ਦਿੱਤੀਆਂ ਹਨ। ਲੜਕੀ ਵਾਲਿਆਂ ਦੇ ਰਿਸ਼ਤੇਦਾਰ ਸਵੇਰ ਤੋਂ ਹੀ ਮੈਰਿਜ-ਪੈਲੇਸ ਵਿੱਚ ਖਾਣ-ਪੀਣ ਤੇ ਨੱਚਣ ਗਾਉਣ ਵਿੱਚ ਮਸਤ ਹੁੰਦੇ ਹਨ। ਬਰਾਤ ਬੜੀ ਮੁਸ਼ਕਿਲ ਨਾਲ ਬਾਰਾਂ ਇੱਕ ਵਜੇ ਪਹੁੰਚਦੀ ਹੈ। ਪਹਿਲਾਂ ਕੁੜੀਆਂ-ਚਿੜੀਆਂ ਬਰਾਤ ਨੂੰ ਰੋਕ ਕੇ ‘ਨਾਕਾ’ ਲਗਾ ਦਿੰਦੀਆਂ ਹਨ ਅਤੇ ਕਈ ਵਾਰੀ ਇਹ ‘ਨਾਕਾ’ ਖੁੱਲ੍ਹਣ ਨੂੰ ਹੀ ਅੱਧਾ ਪੌਣਾ ਘੰਟਾ ਲੱਗ ਜਾਂਦਾ ਹੈ। ਫਿਰ ਮਿਲਣੀ ਅਤੇ ਚਾਹ-ਪਾਣੀ `ਤੇ ਵੀ ਸਮਾਂ ਲਗਦਾ ਹੈ। ਕਈ ਵਿਆਹਾਂ `ਤੇ ਸਿੱਖ ਵੀ ਬੜੀ ਢੀਠਤਾਈ ਨਾਲ ਗੁਰੂ ਸਾਹਿਬਾਂ ਦੇ ਆਦੇਸ਼ਾਂ ਦੀ ਉਲੰਘਣਾਂ ਕਰ ਕੇ ਹਿੰਦੂ ਰਸਮਾਂ ਵੀ ਅਪਣਾਈ ਜਾ ਰਹੇ ਹਨ ਜਿਵੇਂ ਕਿ ਲੜਕੇ ਲੜਕੀ ਵਲੋਂ ਜੈ ਮਾਲਾ ਪਾਉਣੀ ਆਦਿ, ਖ਼ਾਸ ਕਰ ਕੇ ਸ਼ਹਿਰਾਂ ਵਿਚ। ਇਹ ਸਾਰਾ ਕੁੱਝ ਕਰਦਿਆਂ ਕਰਦਿਆਂ ਤਿੰਨ ਚਾਰ ਵਜ ਜਾਂਦੇ ਹਨ ਫਿਰ ਕਿਤੇ ਜਾ ਕੇ ਅਨੰਦ ਕਾਰਜ ਦੀ ਵਾਰੀ ਆਉਂਦੀ ਹੈ। ਕਿਸੇ ਨੇੜਲੇ ਗੁਰਦੁਆਰੇ ਵਿੱਚ ਪੰਜ ਸੱਤ ਬੰਦੇ ਜਾ ਕੇ ਇਹ ਰਸਮ ਪੂਰੀ ਕਰ ਆਉਂਦੇ ਹਨ, ਜਿਵੇਂ ਇਹ ਮਜਬੂਰੀ `ਚ ਹੀ ਕਰਨਾ ਪਿਆ ਹੋਵੇ। ਬਾਕੀ ਸਭ ਲੋਕ ਮੈਰਿਜ ਪੈਲੇਸ ਵਿੱਚ ਖਾਣ-ਪੀਣ ਤੇ ਨਾਚ-ਗਾਣੇ `ਚ ਮਸਤ ਹੁੰਦੇ ਹਨ।
ਕੁਝ ਸਾਲ ਹੋਏ ਦਿੱਲੀ ਵਿੱਚ ਇੱਕ ਵਿਆਹ `ਤੇ ਗੁਰਦੁਆਰੇ ਵਾਲਿਆਂ ਨੇ ਉਡੀਕ ਉਡੀਕ ਕੇ ਢਾਈ ਕੁ ਵਜੇ ਸੁਨੇਹਾ ਭੇਜਿਆ ਕਿ ਜੇ ਅਨੰਦ ਕਾਰਜ ਕਰਵਾਉਣਾ ਹੈ ਤਾਂ ਆਕੇ ਕਰਵਾ ਲਵੋ ਨਹੀਂ ਤਾਂ ਉਨ੍ਹਾਂ ਨੇ ਸਾਢੇ ਤਿੰਨ ਵਜੇ ਕਿਸੇ ਮਰਗ ਦਾ ਭੋਗ ਪਾਉਣ ਲੱਗ ਪੈਣੈ। ਫਿਰ ਸਭ ਨੱਠੇ ਉਧਰ ਨੂੰ। ਗੁਰਦੁਆਰੇ ਵਾਲਿਆਂ ਨੇ ਵੀ ਲਾਵਾਂ ਫਿਰ ਫੁੱਲ ਸਪੀਡ ਵਿੱਚ ਕੀਤੀਆਂ। ਇੰਗਲੈਂਡ ਦੇ ਇੱਕ ਸ਼ਹਿਰ ਵਿੱਚ ਪਿਛਲੇ ਸਾਲ ਸ਼ਾਮ ਦੇ ਪੰਜ ਵਜੇ ਅਨੰਦ ਕਾਰਜ ਹੋਇਆ ਕਿਉਂਕਿ ਵਿਆਂਦੜ੍ਹ ਮੁੰਡੇ ਤੇ ਉਹਦੇ ਪਿਉ ਨੇ ਏਨੀ ਸ਼ਰਾਬ ਪੀਤੀ ਹੋਈ ਸੀ ਕਿ ਦੋਵਾਂ ਨੂੰ ਹਸਪਤਾਲ ਲਿਜਾ ਕੇ ਪਹਿਲਾਂ ਉਨ੍ਹਾਂ ਦੇ ਮਿਹਦੇ ਪੰਪ-ਆਊਟ ਕਰਵਾਉਣੇ ਪਏ। ਉੱਥੇ ਵੀ ਗ੍ਰੰਥੀ ਨੇ ‘ਅਨੰਦ ਕਾਰਜ ਗੁਰਮਰਯਾਦਾ ਅਨੁਸਾਰ ਹੋਇਆ’ ਹੀ ਕਿਹਾ ਹੋਣਾ ਹੈ।
ਅਜੇ ਤਾਂ ਸਮਾਜਿਕ ਤੌਰ `ਤੇ ਅਨੰਦ ਕਾਰਜ ਤੋਂ ਬਿਨਾਂ ਵਿਆਹ ਨੂੰ ਮਾਨਤਾ ਨਹੀਂ ਮਿਲਦੀ ਪਰ ਜੇ ਕਿਧਰੇ ਇਸ ਵਿੱਚ ਢਿੱਲ ਮੱਠ ਆ ਗਈ ਤਾਂ ਫਿਰ ਸਤਿਗੁਰ ਹੀ ਰਾਖਾ ਹੋਵੇਗਾ। ਇਸ ਗੱਲ ਦਾ ਖ਼ਤਰਾ ਪੱਛਮੀ ਦੇਸ਼ਾਂ `ਚ ਵਧੇਰੇ ਹੈ ਜਿੱਥੇ ਸਾਡੀ ਅਗਲੀ ਪੀੜ੍ਹੀ ਬੇਲਗਾਮ ਹੋਈ ਜਾ ਰਹੀ ਹੈ। ਅੰਗਰੇਜ਼ ਤੇ ਕਾਲੇ ਲੋਕਾਂ ਵਿੱਚ ਬਿਨਾਂ ਕਿਸੇ ਪ੍ਰਕਾਰ ਦੇ ਵਿਆਹ ਤੋਂ ਹੀ ਇਕੱਠੇ ਰਹਿਣ ਦਾ ਰਿਵਾਜ਼ ਵਧ ਰਿਹਾ ਹੈ। ਲੂਣ ਦੀ ਖਾਣ ਵਿੱਚ ਰਹਿ ਕੇ ਲੂਣ ਤੋਂ ਬਚਣਾ ਬਹੁਤ ਔਖਾ ਹੁੰਦਾ ਹੈ।
ਦਿਖਾਵੇ ਦੀ ਧਾਰਮਿਕਤਾ ਨੇ ਸਿੱਖ ਧਰਮ ਨੂੰ ਹੜੱਪ ਲਿਆ ਹੈ। ਧਰਮ ਅਸਥਾਨਾਂ `ਤੇ ਧਰਮ ਕਰਮ ਕਰਵਾਉਣ ਦੀ ਵਾਰੀ ਨਹੀਂ ਆਉਂਦੀ। ਕਈ ਕਈ ਸਾਲ ਉਡੀਕ ਕਰਨੀ ਪੈਂਦੀ ਹੈ। ਇਹ ਵੀ ਸੁਣਿਆ ਹੈ ਕਿ ਜੇ ਵਾਧੂ ਪੈਸੇ ਦੇ ਦਿਉ ਤਾਂ ਉਸੇ ਵੇਲੇ ਹੀ ਨੰਬਰ ਲਗ ਸਕਦਾ ਹੈ। ਹਿੰਦੁਸਤਾਨ ਦੇ ਦਫ਼ਤਰਾਂ ਵਿੱਚ ਵੀ ਹਰੇਕ ਕੰਮ ਰਿਸ਼ਵਤ ਨਾਲ ਹੀ ਹੁੰਦਾ ਹੈ ਫ਼ਿਰ ਇਨ੍ਹਾਂ ਧਾਰਮਿਕ ਅਸਥਾਨਾਂ ਅਤੇ ਉਨ੍ਹਾਂ ਦਫ਼ਤਰਾਂ ਵਿੱਚ ਕੀ ਫ਼ਰਕ ਹੋਇਆ? ਹਰੇਕ ਸਾਧ ਬਾਬਾ ਲੱਖਾਂ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦੇ ਦਾਅਵਿਆਂ ਦੀਆਂ ਲਿਸਟਾਂ ਜੇਬ `ਚ ਪਾਈ ਫਿਰਦਾ ਹੈ, ਪਰ ਦਿਨੋਂ ਦਿਨ ਸਿੱਖ ਧਰਮ ਵਿੱਚ ਬ੍ਰਾਹਮਣੀ ਕਰਮ ਕਾਂਡਾਂ ਦਾ ਬੋਲ-ਬਾਲਾ ਹੋ ਰਿਹਾ ਹੈ। ਸਿੱਖੀ ਦੇ ਗੜ੍ਹ ਪੰਜਾਬ ਵਿਚੋਂ ਹੀ ਸਾਬਤ ਸੂਰਤ ਨੌਜਵਾਨ ਲੱਭਣੇ ਤੂੜੀ `ਚੋਂ ਸੂਈ ਲੱਭਣ ਵਾਂਗ ਹੈ। ਜਾਗ੍ਰਤੀ ਯਾਤਰਾਵਾਂ ਤੇ ਨਗਰ ਕੀਰਤਨਾਂ `ਤੇ ਕਰੋੜਾਂ ਰੁਪਏ ਰੋੜ੍ਹੇ ਜਾ ਰਹੇ ਹਨ। ਕੌਮ ਦੇ ਸਰਮਾਏ ਅਤੇ ਸਮੇਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕਰੋੜਾਂ ਰੁਪਇਆਂ ਦਾ ਡੀਜ਼ਲ ਪੈਟਰੋਲ ਫੂਕ ਕੇ ਵਾਤਾਵਰਨ ਨੂੰ ਹੋਰ ਗੰਧਲਾ ਕੀਤਾ ਜਾ ਰਿਹਾ ਹੈ। ਜੇ ਸਾਡੇ ਵਿੱਚ ਸੱਚਮੁਚ ਹੀ ਜਾਗ੍ਰਤੀ ਆਈ ਹੋਵੇ ਤਾਂ ਅਸੀਂ ਗੁਰੂ ਸਾਹਿਬਾਨ ਦੇ ਦੱਸੇ ਮਾਰਗ ਅਨੁਸਾਰ ਜੀਵਨ ਜੀਵੀਏ ਤੇ ਅਨੰਦ ਕਾਰਜ ਵਰਗੀ ਪਵਿੱਤਰ ਰਸਮ ਨੂੰ ਗੁਰੂ ਸਾਹਿਬਾਂ ਦੀ ਬਖ਼ਸ਼ਿਸ਼ ਸਮਝ ਕੇ ਇਹਦਾ ਪੂਰਾ ਸਤਿਕਾਰ ਕਰੀਏ।
ਭੁੱਲ ਚੁੱਕ ਦੀ ਖਿਮਾਂ
ਨਿਰਮਲ ਸਿੰਘ ਕੰਧਾਲਵੀ
ਵਿਲਨਹਾਲ (ਯੂ. ਕੇ)
.