.

ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ॥

ਤੁਰਕਾਂ ਨੂੰ ਅਥਵਾ ਮਲੇਛਾਂ ਨੂੰ ਮਾਰ ਗਿਰਾਵੇਗਾ ਗੁਰਮਤਿ ਵਿਰੋਧੀ ਬਚਨ? -

ਗੁਰੂ ਇਤਿਹਾਸ ਗਵਾਹ ਹੈ ਕਿ, ਬੇਦੋਸਿਆਂ ਦੇ ਕਾਤਲ, ਠੱਗ, ਆਦਮ-ਖੋਰ, ਚੋਰ, ਅਥਵਾ, ਮਨੁੱਖਤਾ ਦੇ ਘਾਤਕ ਬੇਅੰਤ ਠੱਗਾਂ ਨੂੰ, ਰੁਹੇਲਖੰਡ ਦੇ ਬਰਦਾ-ਫ਼ਰੋਸ਼ ਧਾੜਵੀਆਂ ਨੂੰ, ਜਾਨ ਦੇ ਵੈਰੀ ਬਣ ਆਏ ਸੈਦ ਖ਼ਾਨ ਜਿਹੇ ਵਰਗਿਆਂ ਨੂੰ, ਕੁਰਾਹੇ ਪਏ ਹੋਏ ਹੋਰ ਬੇਅੰਤ ਜ਼ਾਲਮ ਭੁੱਲੜਾਂ ਨੂੰ, ਸਤਿਗੁਰੂ ਜੀ ਨੇ ਮਾਰਿਆ ਨਹੀਂ, ਸਗੋਂ ਤਾਰਿਆ ਸੀ। ਗੁਰੂ ਹਰਿਗੋਬਿੰਦ ਸਾਹਿਬ ਅਥਵਾ ਗੁਰੂ ਗੋਬਿੰਦ ਸਿੰਘ ਜੀ ਦਸਮ ਗੁਰੂ ਨਾਨਕ ਸਾਹਿਬ ਜੀ ਨੇ, ਕੇਵਲ ਉਸ ਹਠੀਏ ਮੂਰਖ ਵੱਲ ਹੀ ਆਪਣਾ ਬਾਣ ਛਡਿਆ ਜੋ ਕਿਸੇ ਵੀ ਹੋਰ ਚਾਰੇ, ਘਾਤਕ ਵਾਰ ਕਰੀ ਜਾਣ ਤੋਂ ਬਾਜ਼ ਨਹੀਂ ਸੀ ਆ ਰਿਹਾ। “ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ॥ ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ॥ 19॥ ਵੈਰੀਆਂ ਨੂੰ ਵੀ ਵੈਰ ਭਾਵਨਾ ਨਾਲ ਨਾ ਵੇਖਣ ਦਾ ਉਪਦੇਸ਼ ਦ੍ਰਿੜ ਕਰਾ ਰਹੇ ਸਤਿਗੁਰੂ ਜੀ ਤਾਂ ਹਰ ਥਾਂ ਉਸ ਕਰਤਾਰ ਹੀ ਵਾਸੇ ਵੇਖਦੇ ਸਨ. ਮੰਦ ਭਾਵਨਾ ਨਾਲ ਕਿਸੇ ਨੂੰ ਮੰਦਾ, ਮਲੇਛ ਜਾਂ ਤੁਰਕ ਕਦੇ ਨਹੀਂ ਸਨ ਕਹਿੰਦੇ। ਉਨ੍ਹਾਂ ਦਾ ਸਰਬਸਾਂਝਾ ਉਪਦੇਸ਼:--

38- ਵਡਭਾਗੀ ਘਰੁ ਖੋਜਿਆ ਪਾਇਆ ਨਾਮੁ ਨਿਧਾਨੁ॥ ਗੁਰਿ ਪੂਰੈ ਵੇਖਾਲਿਆ ਪ੍ਰਭੁ ਆਤਮ ਰਾਮੁ ਪਛਾਨੁ॥ 4॥ ਸਭਨਾ ਕਾ ਪ੍ਰਭੁ ਏਕੁ ਹੈ ਦੂਜਾ ਅਵਰੁ ਨ ਕੋਇ॥ ਗੁਰ ਪਰਸਾਦੀ ਮਨਿ ਵਸੈ ਤਿਤੁ ਘਟਿ ਪਰਗਟੁ ਹੋਇ॥ 5॥ ਸਭੁ ਅੰਤਰਜਾਮੀ ਬ੍ਰਹਮੁ ਹੈ ਬ੍ਰਹਮੁ ਵਸੈ ਸਭ ਥਾਇ॥ ਮੰਦਾ ਕਿਸ ਨੋ ਆਖੀਐ ਸਬਦਿ ਵੇਖਹੁ ਲਿਵ ਲਾਇ॥ 6॥ ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ॥ ਗੁਰਮੁਖਿ ਏਕੋ ਬੁਝਿਆ ਏਕਸੁ ਮਾਹਿ ਸਮਾਇ॥ 7॥ ਸੇਵਾ ਸਾ ਪ੍ਰਭ ਭਾਵਸੀ ਜੋ ਪ੍ਰਭੁ ਪਾਏ ਥਾਇ॥ ਜਨ ਨਾਨਕ ਹਰਿ ਆਰਾਧਿਆ ਗੁਰ ਚਰਣੀ ਚਿਤੁ ਲਾਇ॥ 8॥ 2॥ 4॥ 9॥ {757}

39- ਆਪਿ ਉਪਾਏ ਨਾਨਕਾ ਆਪੇ ਰਖੈ ਵੇਕ॥ ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ॥ ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ॥ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ॥ ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ॥ ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ॥ 1॥ {1237} -ਵਾ-2 ਅਜੇਹੇ ਗੁਰੂ ਸ਼ਬਦ ਹੋਰ ਵੀ ਕਈ ਹਨ।

ਝੂਠ ਕਹਾਣੀ ਅੱਗੇ ਤੁਰੀ:-

ਦੋਹਰਾ॥ ਸੰਮਤ ਸੋਰਹ ਸੈ ਭਏ ਇਕਵੰਜਾ ਉਪ੍ਰਿ ਜਾਨੁ। ਅਸੂ ਦਿਨ ਇਕੀਸਵੀ ਬੁੱਢੇ ਬਚਨ ਬਖਾਨੁ॥ 137॥

ਜਿਸ ਦਿਨ ਬਾਬੇ ਬੁਢੇ ਨੇ ਇਹ ਬਚਨ ਬੋਲੇ ਉਸ ਦਿਨ ਅੱਸੂ 21 ਸੰਮਤ 1651 ਸੀ। {ਜਨਮ ਚੌਪਈ=175 ਪਹਿਲੀ ਨਹਾੜ 1652}

ਤਿਸੀ ਛਿਨਕ ਮਾਤਾ ਉਦਰਿ ਕੀਨੋ ਪਉਨ ਨਿਵਾਸ।

ਮਾਤਾ ਮਨਿ ਹਰਖਤ ਭਈ ਚਿਤ ਮੈ ਬਢਿਓ ਹੁਲਾਸ॥ 138॥

ਬਾਬਾ ਬੁਢਾ ਜੀ ਦੇ ਵਰ ਦੇਣ ਦੀ ਢਿੱਲ ਸੀ ਕਿ ਉਸੀ ਛਿਣ ਮਾਤਾ ਜੀ ਦੇ ਉਦਰ ਵਿੱਚ ਪਉਣ ਦਾ ਨਿਵਾਸ ਹੋ ਗਿਆ, ਅਰਥਾਤ, ਮਾਤਾ ਜੀ ਉਸੇ ਛਿਣ ਹੀ ਗਰਭਵਤੀ ਹੋਏ ਦਿਸਣ ਲੱਗ ਪਏ। ਕਿੱਡਾ ਕੋਝਾ ਅਨੱਰਥ? ਆਪਣੇ ਪਤੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਪੁੱਜਣ ਤੋਂ ਪਹਿਲਾਂ ਹੀ ਗ੍ਰਭਵਤੀ? ਕੀ, ਛੇਵੇਂ ਪਾਤਸ਼ਾਹ ਜੀ, ਆਪਣੇ ਪਿਤਾ ਜੀ ਦੀ ਬਿੰਦੀ ਸੰਤਾਨ ਨਹੀਂ ਸਨ? ਸਤਿਗੁਰੂ ਜੀ ਦੀ ਅਜ਼ਮਤ ਤੋਂ, ਅਥਵਾ ਉਨ੍ਹਾਂ ਦੀਆਂ ਅਪਾਰ ਵਡਿਆਈਆਂ ਦੀ ਸਮਝ ਆ ਜਾਣ ਦੇ ਕਾਰਨ, ਉਨ੍ਹਾਂ ਪ੍ਰਤੀ ਬਣੀ ਅਪਾਰ ਸ਼ਰਧਾ ਵਾਲਾ ਹਿਰਦਾ, ਪਸ਼ੇਮਾਨੀ ਭਰੇ ਰੋਹ ਨਾਲ ਪਾਟਣ ਨੂੰ ਕਿਵੇਂ ਨਾ ਆਵੇ? ਵਿਚਾਰ ਨੂੰ ਅੱਗੇ ਤੋਰਨ ਤੋਂ ਪਹਿਲਾਂ ਗ੍ਰਭਵਤੀ ਹੋਣ ਬਾਰੇ ਗੁਰਮਤਿ ਦਾ ਸਿਧਾਂਤ ਸਮਝ ਲਈਏ:-

20- ਰਕਤੁ ਬਿੰਦੁ ਮਿਲਿ ਪਿੰਡੁ ਕਰੇ॥

ਕੇਵਲ ਵਰ ਨਾਲ ਗ੍ਰਭ-ਵਤੀ ਹੋਣ ਦੀ ਸੰਭਾਵਨਾ ਨੂੰ ਗੁਰੂ ਬਾਣੀ ਇੱਕ ਦਮ ਰੱਦ ਕਰਦੀ ਹੈ। ਇਸ ਸਚਾਈ ਨੂੰ ਸਪੱਸ਼ਟ ਕਰ ਰਹੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਅਨੂਪਮ ਫ਼ੁਰਮਾਨ:-

40- ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ॥ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ॥ ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ॥ ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ॥ ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ॥ ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ॥ ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ॥ ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ॥ 1॥ {1289}

ਮਾਤਾ ਦੇ ਉਦਰ ਵਿੱਚ ਨਿੰਮਣ ਦਾ ਅਤੇ ਜਿੰਦ ਪੈਣ ਦੇ ਰੱਬੀ ਸਿਧਾਂਤ ਦਾ ਗਿਆਨ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪ੍ਰਥਮ ਸਰੂਪ ਸਮੇ ਹੀ, ਸਮਝਾ ਦਿੱਤਾ ਸੀ। ਇਸ ਤੋਂ ਇਲਾਵਾ ਇਸ ਗੁਰੂ ਸ਼ਬਦ ਦੁਆਰਾ ਮਾਸ ਖਾਣ ਜਾਂ ਨਾ ਖਾਣ ਦਾ ਮੂਰਖ ਝਗੜਾ ਖੜਾ ਕਰਨ ਵਾਲਿਆਂ ਨੂੰ ਵੀ ਗੁਰਮਤਿ ਗਿਆਨ ਦੀ ਬਖ਼ਸ਼ਸ਼ ਕੀਤੀ ਹੈ।

41/1- ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ॥ ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ॥ ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ॥ ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ॥ ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ॥ 2॥ {706}

42/2- ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ॥ ਅੰਤਰਿ ਗਰਭ

ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ॥ 1॥ ਸੰਸਾਰੁ ਭਵਜਲੁ ਕਿਉ ਤਰੈ॥

ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ॥ 1॥ {1013} -8

43/3- ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ॥ ਰਕਤੁ ਬਿੰਦੁ ਕਾ ਇਹੁ ਤਨੋ

ਅਗਨੀ ਪਾਸਿ ਪਿਰਾਣੁ॥ ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ॥ 5॥ ਬਹੁਤਾ

ਜੀਵਣੁ ਮੰਗੀਐ ਮੁਆ ਨ ਲੋੜੈ ਕੋਇ॥ ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ

ਵਸਿਆ ਸੋਇ॥ ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ॥ 6॥ {63}

44/4-ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ॥ ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟਿ ਬਿਪਤਿ ਹਰੀ॥ ਮਾਤ ਪਿਤਾ ਭਾਈ ਅਰੁ ਬੰਧਪ ਬੂਝਨ ਕੀ ਸਭ ਸੂਝ ਪਰੀ॥ ਬਰਧਮਾਨ ਹੋਵਤ ਦਿਨ ਪ੍ਰਤਿ ਨਿਤ ਆਵਤ ਨਿਕਟਿ ਬਿਖੰਮ ਜਰੀ॥ ਰੇ ਗੁਨ ਹੀਨ ਦੀਨ ਮਾਇਆ ਕ੍ਰਿਮ ਸਿਮਰਿ ਸੁਆਮੀ ਏਕ ਘਰੀ॥ ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ॥ 3॥ {1387}

45/5- ਗੁਰ ਜੀਉ ਸੰਗਿ ਤੁਹਾਰੈ ਜਾਨਿਓ॥ ਕੋਟਿ ਜੋਧ ਉਆ ਕੀ ਬਾਤ ਨ ਪੁਛੀਐ ਤਾਂ ਦਰਗਹ ਭੀ ਮਾਨਿਓ

॥ 1॥ ਰਹਾਉ॥ ਕਵਨ ਮੂਲੁ ਪ੍ਰਾਨੀ ਕਾ ਕਹੀਐ ਕਵਨ ਰੂਪੁ ਦ੍ਰਿਸਟਾਨਿਓ॥ ਜੋਤਿ ਪ੍ਰਗਾਸ

ਭਈ ਮਾਟੀ ਸੰਗਿ ਦੁਲਭ ਦੇਹ ਬਖਾਨਿਓ॥ 1॥ ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤੁ

ਪਛਾਨਿਓ॥ ਕਰੁ ਮਸਤਕਿ ਧਰਿ ਕਟੀ ਜੇਵਰੀ ਨਾਨਕ ਦਾਸ ਦਸਾਨਿਓ॥ 2॥ 39॥ 62॥ {1216}

ਗੁਰਮਤਿ ਦਾ ਸਿਧਾਂਤ ਸਪੱਸ਼ਟ ਹੈ ਕਿਸੇ ਵਰ ਨਾਲ ਗ੍ਰਭ ਕਦੇ ਕਿਸੇ ਵੀ ਹਾਲਤ ਵਿੱਚ ਨਹੀਂ ਠਹਿਰ ਸਕਦਾ। ਕਲਪਣਾ ਦੀ ਉਪਜ ਪੁਰਾਣਕ ਝੂਠ ਨੂੰ, ਸਦੀਵੀ ਸਚੁ ਨਾਲ ਜੋੜ ਰਹੀ ਗੁਰਮਤ ਦਾ ਅੰਗ ਬਣਾਉਣ ਦਾ ਯਤਨ ਖ਼ਤਰੇ ਦਾ ਘੜਿਆਲ ਹੈ। “ਤਿਸੀ ਛਿਨਕ ਮਾਤਾ ਉਦਰਿ ਕੀਨੋ ਪਉਨ ਨਿਵਾਸ” ਹਿਰਦਾ ਵਿਹਦਕ ਪੰਗਤੀ ਪੜ੍ਹਦਿਆਂ ਸਾਰ ਦਾਸ ਦਿਲ ਦਿਮਾਗ਼ ਤੇ ਭਾਗਵਤ ਪੁਰਾਣ ਵਿਚਲੇ ਮਹਾਂਕੁਫ਼ਰ ਨੇ ਆ ਘੇਰਾ ਪਾਇਆ।

ਭਾਗਵਤ ਪੁਰਾਣ ਦੀ ਜਿਸ ਗੱਲ ਨੇ ਉਚੇਚੇ ਤੌਰ ਤੇ ਮਨ ਪੀੜਤ ਕੀਤਾ, ਉਸ ਦਾ ਸੰਖੇਪ ਇਸ ਪ੍ਰਕਾਰ ਹੈ:- “ਮਾਘੀ ਦੀ ਸੰਗ੍ਰਾਂਦ ਦਾ ਇਸ਼ਨਾਨ ਕਰਦੀਆਂ ਪਿੰਡ ਦੀਆਂ ਜਵਾਨ ਇਸਤ੍ਰੀਆਂ ਦੇ ਕੱਪੜੇ ਚੁੱਕ ਕੇ ਸ੍ਰੀ ਕ੍ਰਿਸ਼ਨ ਜੀ ਰੁੱਖ ਤੇ ਚੜ੍ਹ ਬੈਠੇ ਅਤੇ ਠੰਢ ਨਾਲ ਠਰੂੰ ਠਰੂੰ ਕਰਦੀਆਂ ਬੀਬੀਆਂ ਨੂੰ ਨੰਗੀਆਂ ਬਾਹਰ ਆਉਣ ਲਈ ਮਜਬੂਰ ਕੀਤਾ। ਕਈ ਪ੍ਰਕਾਰ ਦੀ ਛੇੜਖ਼ਾਨੀ ਉਪ੍ਰੰਤ ਸਾਰੀਆਂ ਦੀਆਂ ਕੁਖਾਂ ਹਰੀਆਂ ਕਰਕੇ ਘਰ ਭੇਜੀਆਂ”। ਉਸ ਸਮੇਂ ਲਿਖਾਰੀ ਦੀ ਇਸ ਹੁਸ਼ਿਆਰੀ ਦੀ ਗੱਲ ਬੜੇ ਮਾਣ ਨਾਲ ਪੁਸਤਕ ਵਿੱਚ ਲਿਖੀ ਕਿ, ਉਸ ਨੇ ਪਿੰਡ ਦੀਆਂ ਧੀਆਂ ਭੈਣਾ ਨਾਲ ਅਜੇਹਾ ਮੰਦ ਦਰਸਾਉਣ ਲਈ ਸ਼ਾਇਦ ਅਣਖਹੀਣ ਵਸਨੀਕਾਂ ਦਾ ਇਲਾਕਾ ਸਮਝ ਕੇ ਯੂਪੀ ਨੂੰ ਚੁਿਣਆ ਹੋਵੇ? ਕਿਉਂਕਿ ਜੇ ਅਜੇਹੀ ਗੱਲ ਪਂਜਾਬੀਆਂ ਦੇ ਪ੍ਰਵਾਰਾਂ ਬਾਰੇ ਲਿਖੀ ਹੁੰਦੀ ਤਾਂ ਲਿਖਾਰੀ ਦੇ ਖ਼ਾਨਦਾਨ ਦੀ ਉੱਘ ਸੁੱਘ ਨਾ ਮਿਲਦੀ। ਕੀ ਪਤਾ ਸੀ ਕਿ ਬ੍ਰਾਹਮਣ ਨੇ ਪਹਿਲਾਂ ਹੀ ਪੰਜਾਬੀਆਂ ਦੇ ਹਿਰਦੇ ਤੇ ਇਸ ਤੋਂ ਕਈ ਗੁਣਾ ਵੱਧ ਜ਼ਹਿਰੀਲਾ ਨਸ਼ਤਰ ਚਲਾ ਰਖਿਆ ਹੈ।

ਇਸ ਗੁਰਬਿਲਾਸ ਦੀ ਭੂਮਕਾ ਵਿੱਚ ਵੇਦਾਂਤੀ ਜੀ ਨੇ ਕਿ ਜਾਂ ਡ: ਅਮਰਜੀਤ ਸਿੰਘ ਨੇ ਮੰਨਿਆਂ ਹੈ ਕਿ. ਇਹ ਬੜਾ ਜ਼ਰੂਰੀ ਗ੍ਰੰਥ ਅਣਗੌਲਿਆ ਪਿਆ ਰਿਹਾ ਹੈ, ਭਾਵ, ਉਨ੍ਹਾਂ ਦੇ ਇਸ ਯਤਨ ਨਾਲ ਹੁਣ ਇਹ ਗ੍ਰੰਥ ਬੜੀ ਪ੍ਰਸਿੱਧੀ ਪ੍ਰਾਪਤ ਕਰ ਲਵੇਗਾ। ਕਿਸਮਤ ਤੇ ਰੋਣਾ ਤਾਂ ਇਹ ਆਉਂਦਾ ਹੈ ਕਿ, ਪਰਮ ਸੂਰਬੀਰ ਅਣਖੀ ਖ਼ਾਲਸਾ ਜੀ ਦੀ ਵਾਗਡੋਰ ਦੇ ਮਾਲਕ ਇਨ੍ਹਾਂ ਜਥੇਦਾਰ ਸਾਹਿਬਾਨ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਫ਼ੁਰਮਾਨਾਂ ਦੇ ਹੁੰਦਿਆਂ ਜਦੋਂ ਹੀ, ਪਰਮ ਸਤਿਕਾਰ ਯੋਗ ਮਾਤਾ ਜੀ ਨੂੰ ਬਾਬਾ ਬੁੱਢਾ ਜੀ ਦੇ ਗੁਰਮਤਿ ਵਿਰੋਧੀ ‘ਵਰ’ ਤੋਂ ਗਰਭਵਤੀ ਹੋ ਜਾਣ ਦੀ ਗੱਲ ਪੜੀ ਸੀ ਉਸੇ ਛਿਣ ਇਸ ਪੁਸਤਕ ਨੂੰ ਅੱਗ ਕਿਉਂ ਨਾ ਲਾ ਦਿੱਤੀ?

ਬ੍ਰਾਹਮਣੀ ਸਰਕਾਰ ਨੇ ਪਹਿਲਾਂ ਖ਼ਾਲਸਾ ਜੀ ਦੀ ਅਣਖ ਨੂੰ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਂਦੀਆਂ ਬੀਬੀਆਂ ਦੀ ਜਾਮਾ-ਤਲਾਸ਼ੀ ਲੈਣ ਦੇ ਰੂਪ ਵਿੱਚ ਮਿੱਟੀ ਨਾਲ ਰਲਾ ਲਿਆ। ਹੁਣ (ਨਿਰਸੰਦੇਹ ਜਥੇਦਾਰੀ ਨੂੰ ਅੰਦਰਖਾਤੇ ਖ਼ਰੀਦ ਕੇ) ਪਰਮ-ਸਤਿਕਾਰ ਜੋਗ ਮਾਤਾ ਗੰਗਾ ਜੀ ਦੀ ਸਖ਼ਤ ਹੇਠੀ ਦੀ ਝੂਠ ਗਾਥਾ ਵਾਲੀ ਪੁਸਤਕ ਨੂੰ ਪੰਥ ਪ੍ਰਵਾਣਤ ਹੋਣ ਦੀ ਮੋਹਰ ਹੇਠ ਗੁਰੂ ਪੰਥ ਲਈ ਸੁਗ਼ਾਤ ਥਾਪ ਦਿੱਤਾ? ਹੇ ਦੂਲੇ ਖ਼ਾਲਸਾ ਜੀਓ! ਜੇ ਅਜੇ ਵੀ ਤੁਸੀ ਪਗੜੀ ਨਾ ਸੰਭਾਲੀ ਤਾਂ ਉਹ ਦਿਨ ਦੂਰ ਨਹੀਂ ਹੈ ਜਦੋਂ ਸਾਡੇ ਘਰਾਂ ਵਿੱਚ ਵੀ ਉਹੀ ਉਪੱਦਰ ਆ ਵੜਨੇ ਹਨ ਜਿਸ ਨੂੰ ਲੰਪਟ ਬਿੱਪ੍ਰ ਜੀ ‘ਕ੍ਰਿਸ਼ਨ ਲੀਲ੍ਹਾ’ ਕਹਿੰਦੇ ਹਨ।

21- ਅਸਥਾਨ ਵੀ ਵਰ ਦਾਤਾ? ਗੁਰਮਤਿ ਦੀ ਖੰਡਣਾ ਦਾ ਨਵਾਂ ਰੂਪ? -

ਚੌਪਈ। ਮਨੀ ਸਿੰਘ ਤਬ ਬਚਨ ਉਚਾਰੇ। ਇਹ ਦਿਨੁ ਜੁ ਆਇ ਬੀੜ ਨਿਹਾਰੇ।

ਉਸ ਅਸਥਾਨ ਦਰਸ਼ਨੁ ਕਰੈ। ਸੁਤ ਇੱਛਾ ਤਿਹ ਪੂਰੀ ਪਰੈ॥ 139॥

ਤਦੋਂ (ਭਾਈ) ਮਨੀ ਸਿੰਘ ਨੇ ਬਚਨ ਬੋਲੇ ਕਿ, (21

ਅਸੂ ਦਿਨ ਇਕੀਸਵੀ ਆਵੈ। ਜੋ ਇੱਛੈ ਸੋਈ ਬਰੁ ਪਾਵੈ।

ਔ ਧਨ ਧਾਮ ਕੀ ਕਮੀ ਨ ਹੋਈ। ਊਚ ਨੀਚ ਆਵੈ ਨਰੁ ਕੋਈ॥ 140॥

ਬੁੱਢੇ ਅਸਥਾਨ ਜੋ ਮੇਲਾ ਲਾਵੈ। ਤਿਸ ਸਿੱਖ ਪਰਿ ਗੁਰ ਬਲਿ ਬਲਿ ਜਾਵੈ।

ਸਭ ਤੇ ਅਧਿਕ ਸੁ ਥਾਨ ਬਿਰਾਜੇ। ਉਪਮਾ ਦੇਖਿ ਦਿਵਾਪਤਿ ਲਾਜੈ। 141.

ਅਰਥ:-ਤਦੋਂ ਮਨੀ ਸਿੰਘ ਨੇ ਬਚਨ ਉਚਾਰੇ ਕਿ, (21 ਅੱਸੂ ਵਾਲੇ) ਇਸ ਦਿਨ ਨੇ ਬੀੜ ਦੇ ਦਰਸ਼ਨ ਕਰੇਗਾ ਉਸ ਦੀ ਪੁੱਤਰ ਦੀ ਇਛਿਆ ਪੂਰੀ ਹੋਵੇਗੀ ਅਤੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਅਤੇ ਘਰ ਵਿੱਚ ਧਨ ਦੀ ਕੋਈ ਕਮੀ ਨਾ ਰਹੇਗੀ। ਬਾਬੇ ਬੁੱਢੇ ਦੇ ਅਸਥਾਨ ਤੇ ਜਿਹੜਾ ਮੇਲਾ ਲਾਵੇਗਾ ਸਤਿਗੁਰੂ ਜੀ ਉਸ ਤੋਂ ਬਲਿਹਾਰੇ ਜਾਣਗੇ। ਅਜੇਹਾ ਮਨੁੱਖ ਸਭ ਤੋਂ ਵਧੀਕ ਸ੍ਰੇਸ਼ਟ (ਪਰਮ ਪਦ) ਰੁਤਬੇ ਤੇ ਸੁਭਾਇਮਾਨ ਹੋ ਜਾਵੇਗਾ। ਉਸ ਦੀ ਉਪਮਾਂ ਵੇਖ ਕੇ ਦੇਵਤਿਆਂ ਦਾ ਰਾਜਾ ਵੀ ਸ਼ਰਮ ਮੰਨੇਗਾ। (139 ਤੋਂ 141)

ਲਿਖਾਰੀ ਨੇ ਸਾਨੂੰ ਪੂਰੀ ਤਰ੍ਹਾਂ ਬ੍ਰਾਹਮਣ ਦੇ ਚੇਲੇ ਬਣਾ ਕੇ ਹੀ ਦਮ ਲੈਣਾ ਹੈ। ਪਹਿਲਾਂ- “ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ॥” ਅਥਵਾ-- “ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ॥” ਦੀ ਭਰਪੂਰ ਖੰਡਣਾ ਕਰਦਿਆਂ ਅਗਿਆਨੀ ਗੁਰਸਿੱਖਾਂ ਨੂੰ ਔਝੜੇ ਪਾ ਲਿਆ। ਹੁਣ ਧਰਤੀ ਦਾ ਟੁਕੜਾ, ਪੂਜਨੀਕ ਅਸਥਾਨ? ਕਿੱਡੀ ਵਿਲੱਖਣ ਚਾਲ ਹੈ। ਲਿਖਾਰੀ ਨੇ ਪਹਿਲਾਂ 43 ਨੰਬਰ ਦੇ ਦੋਹਰੇ ਤੋਂ-- “ਭਗਤ ਸਿੰਘ ਸਨਮੁਖ ਸੁਨੋਂ ਇੱਕ ਚਿੱਤ ਆਸਨ ਧਾਰਿ॥ 43॥ ਮਨੀ ਸਿੰਘ ਕਥਾ ਸੁਣਾਉਂਦਾ ਦਰਸਾ ਲਿਆ ਹੋਇਆ ਹੈ, ਪਰ ਏਥੇ ਹੁਣ ਗੁਰਬਾਣੀ ਦੀ ਖੰਡਣਾ ਦਾ ਹੋਰ ਵੀ ਗੂਹੜਾ ਰੰਗ ਚਾੜ੍ਹਨਾ ਹੈ, ਉਚੇਚੇ ਤੌਰ ਤੇ ਏਥੇ ਫੇਰ ਬਚਨ ਉਚਾਰਦੇ ਮਨੀ ਸਿੰਘ ਜੀ ਨੂੰ ਹੀ ਦਰਸਾ ਲਿਆ ਹੈ। ਪਾਠਕ ਦੇ ਮਨ ਵਿੱਚ ਏਹੀ ਭਰਮ ਬਣਿਆ ਹੀ ਰਹੇ ਕਿ, ਗੱਲਾਂ ਕਿਉਂਕਿ ਭਾਈ ਮਨੀ ਸਿੰਘ ਜੀ ਸੁਣਾ ਰਹੇ ਹਨ, ਇਸ ਲਈ ਸਭੁ ਕੁੱਝ ਗੁਰਮਤਿ ਦੇ ਅਨਕੂਲ ਨਿਰੋਲ ਸੱਚ ਹੀ ਹੋਣਾ ਹੈ? ਗੁਰਮਤਿ ਤੋ ਅਗਿਆਨੀ ਪਾਠਕ ਦੀ ਗੱਲ ਕਰਨ ਤੋਂ ਪਹਿਲਾਂ, ਸ੍ਰੀ ਹਰਿਮੰਦਰ ਸਾਹਿਬ ਜੀ ਦੇ, ਗ੍ਰੰਥੀ ਸਿੰਘ ਸਾਹਿਬ, ਗਿਆਨੀ ਜੋਗਿੰਦਰ ਸਿੰਘ ਜੀ ਵੀ ਚਕਰੀ ਖਾ ਗਏ? (ਕਿ ਜਾਂ ਉਨ੍ਹਾਂ ਨੇ ਜਾਣ ਬੁੱਝ ਕੇ ਖ਼ਾਲਸਾ ਪੰਥ ਦਾ ਮੌਜੂ ਉਡਾਇਆ ਹੈ?

ਕਹਿ ਕਬੀਰ ਹਉ ਭਇਆ ਉਦਾਸੁ॥ ਤੀਰਥੁ ਬਡਾ ਕਿ ਹਰਿ ਕਾ ਦਾਸੁ॥ 3॥ 42॥ {331}

ਆਪਣੇ ਆਪ ਵਿੱਚ ਕਿਸੇ ਵੀ ਅਸਥਾਨ ਦੀ ਸਤਿਗੁਰੂ ਜੀ ਨੇ ਕੋਈ ਮਹੱਤਤਾ ਨਹੀਂ ਮੰਨੀ ਸਗੋਂ:- “ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ॥” {44} ਅਥਵਾ- ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾਰੇ॥ {680} ਪਰ ਜਦੋਂ ਉਸੇ ਥਾਂ ਤੇ ਹੀ, ਰਬ ਤੋਂ ਟੁੱਟੇ ਹੋਏ ਤਮਾਸ਼ਬੀਨ ਸਾਕਤ ਆ ਵੱਸਣ ਤਾਂ ਉਹੀ ਥਾਂ ਨਰਕ ਬਰਾਬਰ ਹੋ ਜਾਂਦੀ ਹੈ-ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ॥ ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ॥ 2॥ {708} ਕੋਈ ਥਾਂ ਅਪਣੇ ਆਪ ਵਿੱਚ ਨਾ ਪੂਜਣਜੋਗ ਹੈ ਨਾ ਹੀ, ਬਸਗਨਾ, ਬੁਰਾ ਜਾਂ ਦੁਖਾਂ-ਸੁਖਾਂ ਦਾ ਦੇਣ ਵਾਲਾ ਹੀ ਹੈ:--

46- ਮਃ 5॥ ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ॥

ਸੋਈ ਸੁਹਾਵਾ ਥਾਨੁ ਜਿਥੈ ਪਿਰੀਏ ਨਾਨਕ ਜੀ ਤੂ ਵੁਠਿਆ॥ 3॥ {1097}

ਜਦ, ਸਤਿਗੁਰੂ ਜੀ ਨੇ ਸਿਵਾਏ ਦਾਤਾਰ ਦੇ ਕਿਸੇ ਹੋਰ ਕਥਿਤ ਦੈਵੀ ਸ਼ਕਤੀ ਨੂੰ ਅਥਵਾ ਕਿਸੇ ਮਨੁੱਖ ਨੂੰ ਦਾਤਾਂ ਦੇਣ ਜੋਗ ਨਹੀਂ ਮੰਨਿਆ, ਤਾਂ ਧਰਤੀ ਦਾ ਕੋਈ ਟੁਕੜਾ ਮਨ ਇਛੇ ਫਲਾਂ ਦਾ ਦਾਤਾ ਕਹਿਣਾ, ਲੁੱਟ ਖਾਣੇ ਠੱਗ ਪਖੰਡੀਆਂ ਦਾ ਭਰਮਾਊ ਮਾਇਆ ਜਾਲਾ ਹੈ। ਉਂਜ ਧਰਤੀ ਨੂੰ ਪਦਾਰਥਾਂ ਨਾਲ ਭਰਪੂਰ ਦੇਗ ਵੀ ਫ਼ੁਰਮਾਨ ਕੀਤਾ ਹੈ- “ਧਰਤੀ ਦੇਗ ਮਿਲੈ ਇੱਕ ਵੇਰਾ ਭਾਗੁ ਤੇਰਾ ਭੰਡਾਰੀ॥ 2॥ {1190} ਪਰ ਨਿਰਾ ਮੱਥੇ ਰਗੜਦੇ ਰਹਿਣ ਨਾਲ ਧਰਤੀ ਤੋਂ ਵੀ ਕੁੱਝ ਪ੍ਰਾਪਤ ਨਹੀਂ ਹੁੰਦਾ। ਉਸ ਕਾਦਰ ਦੇ ਅਟੱਲ ਨਿਯੱਮ ਰੂਪ ਹੁਕਮਾਂ ਅਨੁਸਾਰ ਸੁਕ੍ਰਿਤ ਕਰਨ ਵਾਲਿਆਂ ਉੱਦਮੀਆਂ ਲਈ ਹੀ ਭਾਗਾਂ ਦੇ ਦਰ ਖੁਲ੍ਹਦੇ ਹਨ। ਹਿਰਦੇ ਵਿੱਚ ਵੱਸਦੇ ਪ੍ਰਭੂ ਦੇ ਦੀਦਾਰਿਆਂ ਨਾਲ ਸਰਸ਼ਾਰ ਰਹਿਣ ਵਾਲਿਆਂ ਗੁਰਮੁਖਾਂ ਲਈ ਤਾਂ ਮਹਿਲ ਮਾੜੀਆਂ ਨਾਲੋਂ ਛਪਰੀ ਵੀ ਅਨੰਤ ਬਰਕਤਾਂ ਵਾਲੀ ਹੋ ਦਿੱਸਦੀ ਹੈ-

47-ਊਚ ਭਵਨ ਕਨਕਾਮਨੀ ਸਿਖਰਿ ਧਜਾ ਫਹਰਾਇ॥ ਤਾ ਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ॥ 150॥ ਕਬੀਰ ਪਾਟਨ ਤੇ ਊਜਰੁ ਭਲਾ ਰਾਮ ਭਗਤ ਜਿਹ ਠਾਇ॥ ਰਾਮ ਸਨੇਹੀ ਬਾਹਰਾ ਜਮ ਪੁਰੁ ਮੇਰੇ ਭਾਂਇ॥ 151॥ {1372}

ਬਾਬਾ ਬੁੱਢਾ ਜੀ ਦਾ ਵਰ ਮਿਲਦੇ ਸਾਰ ਗਰਭਵਤੀ ਹੋ ਜਾਣ ਤੋਂ ਮਾਤਾ ਗੰਗਾ ਜੀ ਦਾ ਮਨ ਅਨੰਦ ਮਈ ਪ੍ਰਸੰਨਤਾ ਨਾਲ ਇਉ ਖਿੜ ਗਿਆ ਜਿਵੇਂ ਕਿਤੇ ਕੰਗਾਲ ਨੂੰ ਧਨ ਦਾ ਭੰਡਾਰਾ ਮਿਲ ਗਿਆ ਹੋਵੇ। ਖ਼ੁਸ਼ੀਆਂ ਨਾਲ ਗੁਟਕਦੇ ਮਾਤਾ ਜੀ ਘਰ ਪਰਤ ਆਏ। ਰਾਤ ਨੂੰ ਜਦ ਸੁਜਾਨ ਸਤਿਗੁਰੂ ਅਰਜਨ ਦੇਵ ਜੀ ਘਰ ਆਏ- “ਪਰੀ ਰੈਨਿ ਸਤਿਗੁਰ ਆਏ ਗੁਰ ਅਰਜਨ ਪਰਬੀਨ॥ 143॥ ਤਾਂ ਮਾਤਾ ਗੰਗਾ ਜੀ ਤੋਂ ਸਾਰਾ ਬਿਰਤਾਂਤ ਸੁਣ ਕੇ, ਜਿਵੇਂ ਸਤਿਗੁਰੂ ਜੀ ਨੂੰ ਆਪਣੇ ਹੀ ਉਪਦੇਸ਼ ਦੇ ਵਿਰੁੱਧ ਵਿਹਾਰ ਕਰਦੇ ਦਰਸਾਇਆ ਹੈ, ਲਿਖਾਰੀ ਦੀ ਹੀ ਕਲਮ ਤੋਂ ਦਰਸ਼ਨ ਕਰੋ:--

ਕੁੰਡਲੀਆ॥ ਤਿਹ ਅਵਸਰ ਅਰਜਨ ਗੁਰੂ, ਸੁਨਿ ਮਨਿ ਭਏ ਕ੍ਰਿਪਾਲ।

ਬਾਦਰ ਬਿਤ ਬਰਖਾ ਕਰੀ, ਦੀਨਨ ਕੀਯੋ ਨਿਹਾਲ।

ਦੀਨਨ ਕੀਯੋ ਨਿਹਾਲ, ਸ੍ਰੀ ਮੁਖਿ ਬਚਨ ਉਚਾਰੇ।

ਦੇਖਯੋ ਸੰਤ ਪ੍ਰਤਾਪ, ਐਸ ਬਿਧਿ ਦਾਰਿਦ ਟਾਰੇ।

ਸਮਰਥ ਹੈ ਜਗਿ ਸੰਤ, ਦੁੱਖ ਸਭਿ ਜਗ ਕੇ ਹਰਈ

ਸੁਕੇ ਹਰੇ ਨਿਹਾਲ ਕ੍ਰਿਪਾ ਕੀ ਨਦਰਿ ਨਿਹਾਰੀ॥ 145॥

ਅਰਥ:-ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਤੋਂ ਸਾਰਾ ਬ੍ਰਿਤਾਂਤ ਸੁਣ ਕੇ ਖ਼ੁਸ਼ੀ ਨਾਲ ਬੜੀ ਕਿਰਪਾ ਦੇ ਘਰ ਆਏ ਅਤੇ ਬਦਲ ਵਾਂਗ ਧਨ ਦੀ ਬਰਖਾ ਕਰ ਕੇ ਗ਼ਰੀਬ ਗੁਰਬੇ ਨੂੰ ਨਿਹਾਲ ਕਰ ਦਿੱਤਾ ਅਤੇ ਆਪਣੇ ਸ੍ਰੀ ਮੁੱਖ ਤੋਂ ਫ਼ੁਰਮਾਇਆ ਕਿ, ਦੇਖਿਆ ਈ ਸੰਤਾਂ ਦਾ ਪ੍ਰਤਾਪ? ਕਿਵੇਂ ਕੰਗਾਲਤਾ ਦੂਰ ਕਰਦੇ ਹਨ? ਕਿਰਪਾ ਦ੍ਰਿਸ਼ਟੀ ਨਾਲ ਵੇਖ ਕੇ, ਸੰਤ ਤਾਂ ਸੁਕਿਆਂ ਨੂੰ ਵੀ ਹਰਾ ਕਰ ਦਿੰਦੇ ਹਨ। 145.

ਹੇਠਾਂ ਵਰਣਨ ਗੁਰਮੁਿਤ ਸਿਧਾਂਤਾਂ ਦੀ ਖੰਡਣਾ ਕੀਤੀ ਹੈ, ਇਸ ਕੁੰਡਲੀਆ ਸੱਪ ਨੇ:--

22- (ੳ) ਸੁੱਕੇ ਹਰੇ ਕਰਨ ਬਾਰੇ ਪੰਚਮ ਪਾਤਸ਼ਾਹ ਜੀ ਦਾ ਫ਼ੁਰਮਾਨ--

“ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥” ਫ਼ੁਰਮਾਨ ਕਰਨ ਵਾਲੇ ਪੰਚਮ ਪਾਤਸ਼ਾਹ ਜੀ ਦਾ ਸੁੱਕੇ ਹਰੇ ਕਰਨ ਵਾਲਾ ਕੇਵਲ ਪਰਮਾਤਮਾ ਨੂੰ ਅਥਵਾ ਆਤਮਕ ਤੌਰ ਤੇ ਸੁਕ ਰਹੇ ਪ੍ਰਾਣੀ ਦਾ ਹਿਰਦਾ ਕੌਲ ਹਰਾ ਕਰਨ ਦੀ ਗੱਲ ਸਮਜਾਉਂਦੇ ਹਨ:-ਹੀ ਮੰਨਦੇ ਹਨ:-

48- ਗਉੜੀ ਗੁਆਰੇਰੀ ਮਹਲਾ 5॥ ਜਾ ਕੈ ਵਸਿ ਖਾਨ ਸੁਲਤਾਨ॥ ਜਾ ਕੈ ਵਸਿ ਹੈ ਸਗਲ ਜਹਾਨ॥ ਜਾ ਕਾ ਕੀਆ ਸਭੁ ਕਿਛੁ ਹੋਇ॥ ਤਿਸ ਤੇ ਬਾਹਰਿ ਨਾਹੀ ਕੋਇ॥ 1॥ ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ॥ ਕਾਜ ਤੁਮਾਰੇ ਦੇਇ ਨਿਬਾਹਿ॥ 1॥ ਰਹਾਉ॥ ਸਭ ਤੇ ਊਚ ਜਾ ਕਾ ਦਰਬਾਰੁ॥ ਸਗਲ ਭਗਤ ਜਾ ਕਾ ਨਾਮੁ ਅਧਾਰੁ॥ ਸਰਬ ਬਿਆਪਿਤ ਪੂਰਨ ਧਨੀ॥ ਜਾ ਕੀ ਸੋਭਾ ਘਟਿ ਘਟਿ ਬਨੀ॥ 2॥ ਜਿਸੁ ਸਿਮਰਤ ਦੁਖ ਡੇਰਾ ਢਹੈ॥ ਜਿਸੁ ਸਿਮਰਤ ਜਮੁ ਕਿਛੂ ਨ ਕਹੈ॥ ਜਿਸੁ ਸਿਮਰਤ ਹੋਤ ਸੂਕੇ ਹਰੇ॥ ਜਿਸੁ ਸਿਮਰਤ ਡੂਬਤ ਪਾਹਨ ਤਰੇ॥ 3॥ ਸੰਤ ਸਭਾ ਕਉ ਸਦਾ ਜੈਕਾਰੁ॥ ਹਰਿ ਹਰਿ ਨਾਮੁ ਜਨ ਪ੍ਰਾਨ ਅਧਾਰੁ॥ ਕਹੁ ਨਾਨਕ ਮੇਰੀ ਸੁਣੀ ਅਰਦਾਸਿ॥ ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸਿ॥ 4॥ 21॥ 90॥ {182-83}

ਅਰਥ:- (ਹੇ ਭਾਈ!) ਆਪਣੈ ਗੁਰੂ ਪਾਸ ਬੇਨਤੀ ਕਰੋ। ਗੁਰੂ ਤੇਰੇ ਕਾਰਜ (ਜਨਮ-ਮਨੋਰਥ) ਪੂਰੇ ਕਰ ਦੇਵੇਗਾ, ਭਾਵ (ਤੈਨੂੰ ਪ੍ਰਭੂ ਦੇ ਨਾਮ ਦੀ ਦਾਤਿ ਬਖ਼ਸੇਗਾ। 1. ਰਹਾਉ। (ਦੁਨੀਆ ਦੇ) ਖ਼ਾਨ ਤੇ ਸੁਲਤਾਨ ਵੀ ਜਿਸ ਪਰਮਾਤਮਾ ਦੇ ਅਧੀਨ ਹਨ, ਸਾਰਾ ਜਗਤ ਜਿਸਦੇ ਹੁਕਮ ਵਿੱਚ ਹੈ, ਜਿਸ ਰੱਬ ਜੀ ਦਾ ਕੀਤਾ ਹੋਇਆ ਹੀ (ਜਗਤ ਵਿਚ) ਸਭ ਕੁੱਝ ਹੁੰਦਾ ਹੈ, ਉਸ ਪਰਮਾਤਮਾ ਤੋਂ ਕੋਈ ਵੀ ਜੀਵ ਆਕੀ ਨਹੀਂ ਹੋ ਸਕਦਾ (ਬਾਬਾ ਬੱਡਾ ਉਸ ਅਗੇ ਕਿਸ ਬਗ਼ਦੀ ਮੂਲੀ?)। 1. (ਹੇ ਭਾਈ) ਜਿਸ ਪਰਮਾਤਮਾ ਦਾ ਦਰਬਾਰ (ਦੁਨੀਆ ਦੇ) ਸਾਰੇ ਸ਼ਾਹਾਂ-ਬਾਦਸ਼ਾਹਾਂ ਦਾ ਦਰਬਾਰਾਂ ਨਾਲੋਂ ਉੱਚਾ (ਸ਼ਾਨਦਾਰ) ਹੈ, ਸਾਰੇ ਭਗਤਾਂ ਦੀ (ਜ਼ਿੰਦਗੀ) ਵਾਸਤੇ ਜਿਸ ਪਰਮਾਤਮਾ ਦਾਸ ਨਾਮ ਆਸਰਾ ਹੈ, ਜਿਹੜਾ ਮਾਲਕ-ਪ੍ਰਭੂ ਸਭ ਜੀਵਾਂ ਜੀਵਾਂ ਤੇ ਆਪਣਾ ਪ੍ਰਭਾਵ ਰੱਖਦਾ ਤੇ ਸਭ ਵਿੱਚ ਵਿਆਪਕ ਹੈ, ਜਿਸ ਪਰਮਾਤਮਾ ਦੀ ਸੁੰਦਰਤਾ ਹਰੇਕ ਸਰੀਰ ਵਿੱਚ ਫੱਬਣ ਵਿਖਾ ਰਹੀ ਹੈ, (ਉਸ ਦਾ ਨਾਮ ਸਦਾ ਸਿਮਰ)। 2. ਜਿਸ ਪਰਮਾਤਮਾ ਦਾ ਸਿਮਰਨ ਕੀਤਿਆ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ, ਜਿਸਦਾ ਨਾਮ ਸਿਮਰਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ, ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸੁੱਕੇ ਮਨੁੱਖ (ਭਾਵ, ਆਤਮਕ ਜੀਵਨ-ਜਲ ਤੋਂ ਸੁਕੇ, ਪਿਆਰਾਂ-ਲੱਦੀ ਰਹਿਮਦਿਲੀ ਤੋਂ ਸੱਖਣੇ, ਨਿਰਦਈ ਮਨੁੱਖ ਵੀ) ਨਰਮ-ਦਿਲ ਹੋ ਜਾਂਦੇ ਹਨ, ਜਿਸ ਦਾ ਨਾਮ ਸਿਮਰਿਆਂ ਪੱਥਰ-ਦਿਲ ਮਨੱਖ (ਕਠੋਰਤਾ ਦੇ ਸਮੁੰਦਰ ਵਿਚ) ਡੱਬਣੋਂ ਬਚ ਜਾਂਦੇ ਹਨ (ਤੂੰ ਵੀ ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ ਸਿਮਰ)। 3. (ਹੇ ਭਾਈ!) ਸਾਧ (-ਗੁਰ) ਦੀ ਸੰਗਤਿ ਅੱਗੇ ਸਦਾ ਸਿਰ ਨਿਵਾਉ, ਕਿਉਂਕਿ ਰੱਬ ਜੀ ਦਾ ਨਾਮ ਸਾਧ ਜਨਾਂ (ਗੁਰਮੁਖਾਂ) ਦੀ ਜ਼ਿੰਦਗੀ ਦਾ ਆਸਰਾ ਹੁੰਦਾ ਹੈ, (ਉਨ੍ਹਾਂ ਦੀ ਸੰਗਤਿ ਵਿੱਚ ਤੈਨੂੰ ਵੀ ਹਰਿ-ਨਾਮ ਦੀ ਪ੍ਰਾਪਤੀ (ਹੋਵੇਗੀ। ਹੇ ਨਾਨਕ! ਆਖ - (ਕਰਤਾਰ ਨੇ) ਮੇਰੀ ਬੇਨਤੀ ਸੁਣ ਲਈ ਤੇ ਉਸ ਨੇ ਗੁਰੂ ਦ ਕਿਰਪਾ ਨਾਲ ਮੈਨੂੰ ਆਪਣੇ ਨਾਮ ਦੇ ਘਰ ਵਿੱਚ (ਟਿਕਾ ਦਿੱਤਾ ਹੈ)। 4.

ਏਵੇ ਹੀ ਅਸੀਂ ਸ਼ਾਮ ਨੂੰ ਰੋਜ਼ ਪੜ੍ਹਦੇ ਹਾਂ:-ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸਿ ਤਰਿਆ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ॥ 1॥ ਰਹਾਉ॥ {495} -1 ਅਰਥ:-ਹੇ ਮੇਰੇ ਪ੍ਰਭੂ ਜੀ! ਗੁਰਮੁਖਾਂ ਦੀ ਸੰਗਤਿ ਤੋ ਮਨੁਲ਼ਖ ਉਹ (ਵਿਅਰਥ ਦੇ ਤੌਖ਼ਲੇ-ਫ਼ਿਕਰਾਂ ਤੋਂ ਬਚ ਜਾਂਦੇ ਹਨ। ਗੁਰੂ ਦੀ ਮਿਹਰ ਨਾਲ ਜਿਸ ਮਨੁਲ਼ਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਹਰਾ ਹੋ ਜਾਂਦਾ ਹੈ। 1. ਰਹਾਉ। {ਨੋਟ:-ਅਜੇਹੇ ਕੁੱਝ ਹੋਰ ਗੁਰੂ ਸ਼ਬਦਾਂ ਦੀ ਸੂਚੀ - (3) -ਗਉੜੀ ਮਹਲਾ 5॥ ਸੂਕੇ ਹਰੇ ਕੀਏ ਖਿਨ ਮਾਹੇ॥ …. . 4॥ 58॥ 127॥ {191}: (4) ਰਾਮਕਲੀ ਮਹਲਾ 5॥ … ਸੂਕੇ ਕਾਸਟ ਹਰੇ ਚਲੂਲ॥ … 4॥ 39॥ 50॥ {898} (5) -ਭੈਰਉ ਮਹਲਾ 5॥ … ਤਿਸੁ ਭਾਣਾ ਸੂਕੇ ਕਾਸਟ ਹਰਿਆ॥ . . 4॥ 10॥ 23॥ ਪੰਨਾ-1141}

ਸੁੱਕੀਆਂ ਲੱਕੜੀਆਂ ਜੇ ਹਰੀਆਂ ਹੋ ਸਕਦੀਆਂ ਹੁੰਦੀਆਂ ਤਾਂ ‘ਦੁੱਖ ਭੰਜਨੀ ਬੇਰੀ’ ਜੋ ਦਰਬਾਰ ਸਾਹਿਬ ਜੀ ਦੀ ਪਰਿਕ੍ਰਮਾ ਵਿੱਚ ਸਰੋਵਰ ਦੇ ਕੰਢੇ ਤੇ ਲੋਕਾਂ ਦੀਆਂ ਮਨੋ ਕਾਮਨਾ ਪੂਰੀ ਕਰਦੀ ਮੰਨੀ ਜਾਂਦੀ ਸੀ 1973 ਵਿੱਚ ਆਪ ਹੀ ਕਿਉਂ ਸੁੱਕ ਸੜ ਜਾਂਦੀ। ਲੁਟੇਰੇ ਪੁਜਾਰੀ ਜਥੇਦਾਰਾਂ ਨੇ ਝੱਟ ਉਸ ਦੇ ਥਾਂ ਨਵੀਂ ਬੇਰੀ ਲਿਆ ਗੱਡੀ, ਉਸੇ ਸੁੱਕੀ ਹੋਈ ਨੂੰ ਅਰਦਾਸਾਂ ਨਾਲ ਹਰੀ ਕਿਸ ਕਾਰਨ ਨਾ ਕਰਵਾ ਲਿਆ? ਜੋ ਨਵੀਂ ਬੇਰੀ ਕਿਤੇਂ ਲਿਆ ਲਈ ਸੀ ਹੁਣ ਉਹ ਵੀ ਉਸੇ ਕਥਿਤ ਰਜਨੀ ਦੇ ਕਥਿਤ ਕੋਹੜੇ ਪਤੀ ਨੂੰ ਕਥਿਤ ਤੌਰ ਤੇ ਰਾਜ਼ੀ ਕਰਨ ਵਾਲੀ ਬਣ ਬੈਠੀ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਕਰ ਰਹੀ ਹੈ? ਅਜੇਹਿਆਂ ਅਰਥਹੀਣ ਭਰਮਾਂ ਵਿਚੋਂ ਕੱਢ ਰਹੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਹੀ ਦਰਬਾਰ ਵਿੱਚ ਘਿਣਾਵਣੇ ਝੂਠ ਦੀ ਪੂਜਾ? ਕੇਵਲ ਅਜੇਹੀਆਂ ਲਿਖਤਾਂ ਦੇ ਅਧਾਰ ਤੇ ਹੀ ਅਜੇਹੀਆਂ ਸਾਰੀਆਂ ਅਣੋਹਣੀ ਹੋ ਰਹੀ ਹੈ।

ਜਿਸ ਬ੍ਰਾਹਮਣ ਨੇ ਅਗਿਅਨਤਾ ਦਾ ਹਨੇਰਾ ਫੈਲਾ ਕੇ ਭਾਰਤੀ ਮਨੁੱਖ ਨੂੰ ਅਤਨੇਕਤਾ ਦੀ (33ਕਰੋੜ ਦੇਵੀ ਦੇਵਤਾ, ਰੁੱਖ, ਕਬਰਾਂ, ਮੜ੍ਹੀਆਂ, ਆਦਿ ਕਈ ਕੁੱਝ ਦੀ ਪੂਜਾ ਨਦੇ ਭਰਮ ਜਾਲ ਵਿਲ਼ਸਾ ਫਸਾ ਕੈ ਪਰਵਾਰ ਦੇ ਜੀਆਂ ਤੱਕ ਫੁੱਟ ਨਾਇਤਫ਼ਾਕੀ ਦਾ ਜ਼ਹਿਰੀਲਾ ਬੀਜ ਬੀਜ ਕੇ ਭਾਰਤੀਆਂ ਨੂੰ ਕਮਜ਼ੋਰ ਬਣਾ ਲਿਆ ਹੋਇਆ ਸੀ, ਏਕਤਾ ਨਾਲ ਜੋੜ ਰਹੇ ਗੁਰਮਤਿ-ਗਿਆਨ ਦੇ ਵੈਰੀ, ਕੁਟਲ ਬ੍ਰਾਹਮਣ ਲਿਖਾਰੀ ਨੇ ਸਿੱਖੀ ਵਿੱਚੋਂ ਇੱਕ ਇੱਕ ਗੁਰੂ, ਇੱਕ ਪਰਮਾਤਮਾ, ਇੱਕ ਜੀਵਨ ਜੁਗਤਤ, ਨਾਲ ਬਣਿਆ ਸਿੱਖੀ ਵਿਚਲੇ ਏਕੇ-ਇਤਫ਼ਾਕ ਦਾ ਅਨੁਭਵ ਹੀ ਮੁਕਾ ਦੇਣਾ ਸੀ। ਸੋ ਸਤਿਗਰਾਂ ਦੇ ਮੁਕਾਬਲੇ ਬਾਬਾ ਬੁੱਢਾ ਜੀ ਉਨਹਾਂ ਦੇ ਸੇਵਕ ਦੀ ਪ੍ਰਭਤਾ ਵਧਾ ਕੇ ਸਾਨੂੰ, ਅਸਥਾਨਾ, ਰੁਲ਼ਖਾਂ, ਸਿਨ ਵਾਰਾਂ ਆਦਿ ਦੀ ਪੂਜਾ ਵਲ਼ ਨੂੰ ਪ੍ਰੇਰ ਰਿਹਾ ਹੈ। ਫਿਰ, ਉਸ ਨੂੰ ਸਾਡੀ ਸਿਰਮੌਰ ਜਥੇਦਾਰੀ ਦੀਨ ਪੁਰੀ ਹਮਾਇਤ ਮਿਲ ਗਈ। ਉਚੇਚੇ ਤੌਰ ਤੇ ਸਾਵਧਾਨ ਰਹਿਣ ਦਾ ਸਮਾ ਬਣ ਰਿਹਾ ਹੈ। ਗੁਰਮਤਿ ਦਾ ਗਿਆਤਾ ਲਿਖਾਰੀ ਹਰ ਮੋੜ ਤੇ ਜਾਣ ਬੁੱਝ ਕੇ ਸਤਿਗੁਰੂ ਜੀ ਨੂੰ ਗੁਰਮਤਿ ਵਿਰੋਧੀ ਵਿਹਾਰ ਕਰਦੇ ਦਰਸਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਤਿਗੁਰੂ ਜੀ ਤੋਂ ਹੀ ਨਿਸਫਲ ਹੋਈ ਦਰਸਾ ਕੇ, ਸਾਡਾ ਵਿਸ਼ਵਾਸ਼ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੌਲੀ ਹੌਲੀ ਖ਼ਤਮ ਕਰੀ ਜਾਣ ਦੀ ਆਹਰੇ ਲੱਗਾ ਹੋਇਆ ਹੈ। ਬਹੁਤੀ ਚਿੰਤਾ ਜਨਕ ਗੱਲ ਇਹ ਬਣ ਗਈ, ਕਿ, ਗੁਰਮਤਿ ਦੀ ਸ਼ੁੱਧਤਾ ਕਾਇਮ ਰੱਖਣ ਦੇ ਜਿੰਮੇਵਾਰਾਂ ਨੇ, ਗੁਰਮਤਿ ਦੀ ਭਰਪੂਰ ਖੰਡਣਾ ਕਰ ਰਹੇ ਇਸ ਗ੍ਰੰਥ ਨੂੰ ਸ਼ੁੱਧ ਸਰੂਪ ਘੋਸ਼ਤ ਕਰ ਕੇ ਪੰਥ ਲਈ ਅਨਮੋਲ ਸੁਗ਼ਾਤ ਬਣਾ ਦਿੱਤਾ?

23- (ਅ) ਹਰਖ ਸੋਗ ਦੁਹਹੂੰ ਤੇ ਮੁਕਤੇ॥

ਬਾਬਾ ਬੁੱਢਾ ਜੀ ਦੇ ਵਰ ਨਾਲ ਹੀ ਮਾਤਾ ਜੀ ਦੇ ਗ੍ਰਭਵਤੀ ਹੋ ਜਾਣ ਵਾਲੀ ਦੁਖਦਾਈ ਹਦ ਤੱਕ ਗੁਰਮਤਿ ਵਿਰੋਧੀ ਗੱਲ ਸੁਣ ਕੇ ਸਤਿਗੁਰੂ ਜੀ ਦੀ ਖ਼ੁਸ਼ੀ ਏਡੀ ਹੱਦਾਂ ਬੰਨੇ ਟੱਪ ਖਲੋਤੀ ਕਿ, ਗ਼ਰੀਬ ਕਿਰਤੀਆਂ ਦੀ ਲਹੂ ਪਸੀਨੇ ਦੀ ਕਮਾਈ ਨੂੰ ਲੁੱਟ ਦੇ ਮਾਲ ਨਾਲੋਂ ਵੀ ਵੱਧ ਬੇਦਰਦੀ ਵਰਤਦਿਆਂ, ਬੱਦਲ ਦੀ ਬਰਖਾ ਵਾਂਗ ਲੁਟਾਉਣ ਲੱਗ ਪਏ? ਹਰਖ ਸੋਗ ਤੋਂ ਨਿਆਰੇ ਰਹਿਣ ਦਾ ਉਪਦੇਸ਼ ਦ੍ਰਿੜ ਕਰਾਉਂਦੇ ਰਹਿਣ ਵਾਲੇ ਜਿਹੜੇ ਸਤਿਗੁਰੂ ਜੀ, ਤੱਤੀ ਲੋਹ ਤੇ ਬੈਠ ਕੇ ੀ ਕਿਸੇ ਪ੍ਰਕਾਰ ਦਾ ਦੁਖ ਮਨਉਣ ਦੀ ਥਾਂ ਸਗੋਂ “ਤੇਰਾ ਕੀਆ ਮੀਠਾ ਲਾਗੈ॥” ਗਾਉਂਦੇ ਰਹਿਣ ਦੇ ਪੂਰਨੇ ਪਉਣ ਦੀ ਦ੍ਰਿੜਤਾ ਦੇ ਮਾਲਕ ਸਨ, ਉਹ ਪੁਤਰ ਦੇ ਜਨਮ ਤੇ ਵੀ, ਖ਼ੁਸ਼ੀ ਨਾਲ ਅਜੇਹੇ ਅਧੀਰ ਕਦੇ ਨਹੀਂ ਸਨ ਹੋ ਸਕਦੇ ਜਿਵੇ ਲਿਖਾਰੀ ਨੇ ਝੂਠੀ ਅਤੇ ਗੁਰਮਤਿ ਵਿਰੋਧੀ ਖ਼ਬਰ ਤੋ ਪੰਚਮ ਪਾਤਸ਼ਾਹ ਜੀ ਨੂੰ ਹੋਛੇ ਨਿਲੱਜਿਆਂ ਵਾਂਗ, ਲੋਕਾਂ ਵਿੱਚ ਪਤਨੀ ਦੇ ਅਯੋਗ ਢੰਗ ਨਾਲ ਗ੍ਰਭਵਤੀ ਹੋਣ ਦਾ ਢੰਡੋਰਾ ਦਿੰਦੇ ਦਰਸਾਇਆ ਹੈ। ਹਰਖ ਸੋਗ ਤੋਂ ਨਿਆਰੇ ਰਹਿਣ ਬਾਰੇ ਪੰਚਮ ਪਾਤਸ਼ਾਹ ਜੀ ਦੀ ਆਪਣੀ ਕਲਮ ਤੋਂ ਝਰਨਾ ਬਣ ਝਰਿਆ ਰੱਬੀ ਕਲਾਮ:--

49- ਗਉੜੀ ਗੁਆਰੇਰੀ ਮਹਲਾ 5॥ ਬਿਆਪਤ ਹਰਖ ਸੋਗ ਬਿਸਥਾਰ॥ ਬਿਆਪਤ ਸੁਰਗ ਨਰਕ ਅਵਤਾਰ॥ ਬਿਆਪਤ ਧਨ ਨਿਰਧਨ ਪੇਖਿ ਸੋਭਾ॥ ਮੂਲੁ ਬਿਆਧੀ ਬਿਆਪਸਿ ਲੋਭਾ॥ 1॥ ਮਾਇਆ ਬਿਆਪਤ ਬਹੁ ਪਰਕਾਰੀ॥ ਸੰਤ ਜੀਵਹਿ ਪ੍ਰਭ ਓਟ ਤੁਮਾਰੀ॥ 1॥ ਰਹਾਉ॥ ਬਿਆਪਤ ਅਹੰਬੁਧਿ ਕਾ ਮਾਤਾ॥ ਬਿਆਪਤ ਪੁਤ੍ਰ ਕਲਤ੍ਰ ਸੰਗਿ ਰਾਤਾ॥ ਬਿਆਪਤ ਹਸਤਿ ਘੋੜੇ ਅਰੁ ਬਸਤਾ॥ ਬਿਆਪਤ ਰੂਪ ਜੋਬਨ ਮਦ ਮਸਤਾ॥ 2॥ ਬਿਆਪਤ ਭੂਮਿ ਰੰਕ ਅਰੁ ਰੰਗਾ॥ ਬਿਆਪਤ ਗੀਤ ਨਾਦ ਸੁਣਿ ਸੰਗਾ॥ ਬਿਆਪਤ ਸੇਜ ਮਹਲ ਸੀਗਾਰ॥ ਪੰਚ ਦੂਤ ਬਿਆਪਤ ਅੰਧਿਆਰ॥ 3॥ ਬਿਆਪਤ ਕਰਮ ਕਰੈ ਹਉ ਫਾਸਾ॥ ਬਿਆਪਤਿ ਗਿਰਸਤ ਬਿਆਪਤ ਉਦਾਸਾ॥ ਆਚਾਰ ਬਿਉਹਾਰ ਬਿਆਪਤ ਇਹ ਜਾਤਿ॥ ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤ॥ 4॥ ਸੰਤਨ ਕੇ ਬੰਧਨ ਕਾਟੇ ਹਰਿ ਰਾਇ॥ ਤਾ ਕਉ ਕਹਾ ਬਿਆਪੈ ਮਾਇ॥ ਕਹੁ ਨਾਨਕ ਜਿਨਿ ਧੂਰਿ ਸੰਤ ਪਾਈ॥ ਤਾ ਕੈ ਨਿਕਟਿ ਨ ਆਵੈ ਮਾਈ॥ 5॥ 19॥ 88॥ {181-82}

{ਨੋਟ:-ਗੁਰ ਬਾਣੀ ਦੇ ਅਰਥ ਸਮਝਣ ਲੱਗਿਆਂ ਧਿਆਨ ਵਿੱਚ ਰੱਖਣ ਲਈ ਜ਼ਰੂਰੀ ਗੱਲਾਂ - (1) ਗੁਰੂ ਸ਼ਬਦ ਵਿਚਲੀ ਰਹਾਉ ਦੀ ਤੁਕ, ਸਬੰਧਤ ਸ਼ਬਦ ਦਾ ਮੂਲ ਸਿਧਾਂਤ ਹੋਇਆ ਕਰਦੀ ਹੈ। (2) ਗੁਰੂ ਬਾਣੀ ਵਿੱਚ ਆਏ ਸੰਤ ਪਦ ਦਾ ਅਰਥ- “ਕਿਸੇ ਉਚੇਚੇ ਭੇਖ ਤੋ ਰਹਿਤ, ਪਰਚਲਤ ਗ੍ਰਿਸਤੀ ਪਹਿਰਾਵੇ ਵਾਲਾ, ਸ਼ਾਂਤ ਆਤਮਾ, ਉਨ੍ਹਾਂ ਗੁਣਾਂ ਵਾਲਾ ਮਹਾਂਪੁਰਖ ਜਿਨ੍ਹਾਂ (ਗੁਣਾਂ) ਦਾ ਜ਼ਿਕਰ ਪੰਚਮ ਸਰੂਪ ਸਤਿਗੁਰੂ ਜੀ ਨੇ (ੳ) ਮਾਰੂ ਰਾਗ ਦੇ ਸ਼ਬਦ ਨੰਬਰ 3 ਵਿੱਚ (ਪੰਨਾ 1017-18) ਅਤੇ (ਅ) ਸਹਸਕ੍ਰਿਤੀ ਸਲੋਕ ਨੰਬਰ 40 ਵਿੱਚ (ਪੰਨਾ 1357) ਤੇ ਕੀਤਾ ਹੋਇਆ ਹੈ। (ਪੁਸਤਕ ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ ਦੇ ਦੂਜੇ ਭਾਗ ਦੇ 199 ਅਤੇ 200 ਸਫ਼ੇ ਤੇ ਦੋਹਾਂ ਗੁਰੂ ਫ਼ੁਰਮਾਨਾ ਦੀ ਕਰਮਵਾਰ ਵਿਆਖਿਆ ਲਿਖੀ ਹੋਈ ਹੈ)}

ਪੰਚਮ ਸਤਿਗੁਰੂ ਨਾਨਕ ਸਾਹਿਬ ਜੀ ਦੇ ਉਪਰੋਕਤ ਪਾਵਨ ਗੁਰੂ ਸ਼ਬਦ ਤੋਂ ਪ੍ਰਾਪਤ ਹੋ ਰਹੇ ਗਿਆਨ ਦਾ ਵੇਰਵਾ:-

(ੳ) ਇਸ ਪਾਵਨ ਗੁਰੂ ਸ਼ਬਦ ਦੀ ਰਹਾਉ ਦੀ ਤੁਕ ਵਿੱਚ ਸਤਿਗੁਰੂ ਜੀ ਪਰਮਾਤਮਾ ਨੂੰ ਸੰਬੋਧਨ ਕਰਕੇ ਫ਼ੁਰਮਾਨ ਕਰਦੇ ਹਨ- ਹੇ ਪ੍ਰਭੂ-ਤੇਰੀ ਬਣਾਈ ਹੋਈ ਮਾਇਆ ਅਨੇਕਾਂ ਤਰੀਕਿਆਂ ਨਾਲ (ਜੀਵਾਂ ਉੱਤੇ) ਬਿਆਪ ਰਹੀ ਹੈ, ਅਥਵਾ ਪ੍ਰਭਾਵ ਪਾਈ ਰੱਖਦੀ ਹੈ (ਤੇ ਜੀਵਾਂ ਨੂੰ ਆਤਮਕ ਮੌਤੇ ਮਾਰ ਦੇੰਦੀ ਹੈ ਪਰ ਤੇਰੇ ਸੰਤ ਤੇਰੀ ਯਾਦ ਵਿੱਚ ਟਿਕੇ ਰਹਿਣ ਦੇ ਆਸਰੇ ਇਸ ਮਾਇਆ ਨਾਗਣੀ ਦੇ ਪ੍ਰਭਾਵ ਤੋਂ ਬਚੇ ਰਹਿ ਕੇ ਆਤਮਕ ਜੀਵਨ ਮਾਣਦੇ ਹਨ।

(ਅ) ਫਿਰ ਸਾਰੇ ਗੁਰੂ ਸ਼ਬਦ ਵਿੱਚ ਉਨਾਂ ਅੱਡ ਅੱਡ ਤਰੀਕਿਆਂ ਦਾ ਸਖੇਪ ਵਰਣਨ ਹੈ ਜਿਨ੍ਹਾਂ ਤੋਂ ਇਹ ਮਾਇਆ ਮਨੁੱਖਾਂ ਦੇ ਮਨਾ ਤੇ ਪ੍ਰਭਾਵ ਪਾਈ ਰੱਖਦੀ ਹੈ ਜਿਵੇ-

ਪਹਿਲੀ ਤੁਕ - (1) ਹਰਖ=ਖ਼ੁਸ਼ੀ ਅਤੇ ਸੋਗ=ਗ਼ਮੀ ਦੇ ਖਿਲਾਰੇ ਤੋਂ, (ਕਈ ਜੀਵ ਸ਼ੁੱਭ ਕਰਮਾਂ ਤੋਂ) ਸੁਰਗਾਂ ਦੇ (ਅਤੇ ਕਈ ਜੀਵ ਮੰਦ ਕਰਮਾਂ ਦੇ ਕਾਰਨ) ਨਰਕੀਂ ਪੈਣ ਦੇ (ਅਧਿਕਾਰੀ ਬਣ ਰਹੇ ਹਨ) (2) ਧਨ ਦੌਲਤ ਤੇ ਸੋਭਾ ਅਤੇ ਆਪਣੀ ਗ਼ਰੀਬੀ ਵੇਖ ਵੇਖ (3) ਵਿਕਾਰਾਂ ਦੀ ਜੜ੍ਹ ਲੋਭ ਰੂਪ ਮਾਇਆ.

ਦੂਜੀ ਤੁਕ- (1) ਪੁੱਤਰ ਇਸਤ੍ਰੀ ਦਾ ਮੋਹ ਅਤੇ ਹੰਕਾਰ ਦੀ ਮਸਤੀ (2) ਹਾਥੀ, ਘੋੜਿਆਂ ਦਾ ਮਾਣ (3) ਸੁੰਦਰ ਕੱਪੜਿਆਂ ਦੀ ਲਗਨ ਹੈ (4) ਰੂਪ ਤੇ ਜਵਾਨੀ ਦਾ ਨਸ਼ਾ ਹੈ.

ਤੀਜੀ ਤੁਕ-- (1) ਭੋਇੰ ਦੀ ਮਾਲਕੀ ਦਾ ਮਾਣ (2) ਕਿਤੇ ਕਿਸੇ ਦੀ ਅਮੀਰੀ ਅਤੇ ਆਪਣੇ ਕੰਗਾਲ ਪੁਣੇ ਦਾ ਸਾੜਾ (3) ਕਈ ਰਾਗ ਰੰਗ ਮੌਜ ਮੇਲੇ (ਤੇ ਸਭ ਕੁੱਝ ਉਜਾੜ ਰਹੇ ਹਨ) (4) ਸੋਹਣੀਆਂ ਸੇਜਾਂ, ਹਾਰ-ਸ਼ਿੰਗਾਰ ਰੂਪ ਅੱਯਾਸ਼ੀ ਤੇ ਦੁਰਾਚਾਰ ਰੂਪ ਮਾਇਆ।

ਚੌਥੀ ਤੁਕ- (1) ਆਪਣੇ ਵਲੋਂ ਧਾਰਮਿਕ ਕੰਮ ਕਰਨ ਦੀ ਹਉਮੈ ਵਿੱਚ ਫਸਿਆ ਹੈ (2) ਕੋਈ ਗ੍ਰਿਹਸਤ ਵਿੱਚ ਅਜੇਹਾ ਮਸਤ ਹੈ ਕਿ ਪ੍ਰਭੂ ਨੂੰ ਵਿਸਾਰ ਬੈਠਾ (3) ਉਦਾਸੀ ਰੂਪ ਧਾਰ ਲੈਣ ਨੂੰ ਸਭ ਕੁੱਝ ਮੰਨ ਬੈਠਾ। (4) ਕੋਈ, ਦਾਨ ਪੁੰਨ, ਤੀਰਥ ਇਸ਼ਨਾਨ, ਮੰੱਤ੍ਰ ਪਾਠ, ਜਪ ਤਪ ਆਦ ਦੀਆਂ ਰਸਮਾਂ ਵਿੱਚ ਪ੍ਰਵਿਰਤ ਹੈ (5) ਕੋਈ (ਉੱਚੀ) ਜ਼ਾਤਿ ਦੇ ਮਾਣ ਵਿੱਚ ਫਸਿਆ ਹੋਇਆ ਹੈ। ਇਸ ਤਰ੍ਹਾਂ ਦੇ ਮਾਇਆ ਦੇ ਪ੍ਰਭਾਵ ਵਿੱਚ ਫਸਿਆ ਮਨੁੱਖ ਪਰਮਾਤਮਾ ਦੇ ਪ੍ਰੇਮ ਵਿੱਚ ਮਗਨ ਹੋਣ ਤੋਂ ਵਾਂਜਾ ਹੈ।

ਪੰਜਵੀ ਤੁਕ-

ਪਰਮਾਤਮਾ ਆਪ ਹੀ ਗੁਰਮੁਖ-ਸੰਤ ਜਨਾਂ ਦੇ ਮਾਇਆ ਦੇ ਬੰਧਨ ਕੱਟ ਦਿੰਦਾ ਹੈ। ਉਨ੍ਹਾਂ ਉਤੇ ਮਾਇਆ ਅਪਣਾ ਜ਼ੋਰ ਨਹੀਂ ਪਾ ਸਕਦੀ। ਸਤਿਗੁਰੂ ਜੀ ਦਾ ਫ਼ੁਰਮਾਨ--ਜਿਸ ਮਨੁੱਖ ਨ ਸੰਤ (-ਸਤਿਗੁਰੂ) ਜੀ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਈ ਹੈ (ਭਾਵ, ਜਿਸ ਗੁਰਮੁੱਖ ਨੇ ਸਗਿੁਰੂ ਜੀ ਦੇ ਹੁਕਮਾਂ ਅਨੁਸਾਰ ਜੀਵਨ ਢਾਲ ਲਿਆ ਹੈ) ਮਾਇਆ ਉਸ ਦੇ ਨੇੜੇ ਨਹੀਂ ਢੁੱਕ ਸਕਦੀ। 4.

16/ 17 ਪ੍ਰਕਾਰ ਦੇ ਮਾਇਆ ਦੇ ਰੂਪਾਂ ਵਿੱਚ ਹਰਖ ਸੋਗ ਤੋਂ ਪ੍ਰਭਾਵਤ ਹੋਣ ਰੂਪ ਮਾਇਆ ਦਾ ਨੰਬਰ ਪਹਿਲਾ ਹੈ। ਅਤੇ ਗੁਰੂ ਸ਼ਬਦ ਦੀ ਦੂਜੀ ਤੁਕ ਵਿੱਚ ਪੁੱਤਰ ਤੇ ਇਸਤ੍ਰੀ ਦਾ ਨੰਬਰ ਪਹਿਲਾ ਹੈ। ਮਾਇਆ ਦੇ ਕਈ ਦੇ ਰੂਪਾਂ ਦੇ ਪ੍ਰਭਾਵ ਤੋ ਮੁਕਤ ਰਹਿਣ ਦੀ ਗਲ ਆਪਣੇ ਹੀ ਕਰ-ਕੰਵਲਾਂ ਨਾਲ ਲਿਖਣ ਵਾਲੇ ਪੰਚਮ ਪਾਤਸ਼ਾਹ ਜੀ ਨੂੰ ਪੁੱਤਰ ਦੀ ਪ੍ਰਾਪਤੀ ਦੀ ਲਾਲਸਾ ਕਾਰਨ ਆਪਣੇ ਮਹਿਲਾਂ ਨੂੰ, ਆਪਣੇ ਹੀ ਅਨਿਨ ਸੇਵਕ ਬਾਬਾ ਬੁਢਾ ਜੀ ਕੋਲ ਭੇਜਨ ਵਾਲਾ ਗੁਰਮਤਿ ਵਿਰੋਧੀ ਕਰਮ ਕਰਦੇ ਅਤੇ, ਬਾਬਾ ਬੁਢਾ ਜੀ ਦੇ ਡੇਰੇ ਤੋਂ ਹੀ ਗ੍ਰਭਵਤੀ ਹੋ ਕੇ ਆਏ ਦੀ ਖ਼ਬਰ ਸੁਣਦੇ ਸਾਰ ਖ਼ੁਸ਼ੀ ਨਾਲ ਵਿਤੋਂ ਵਧ ਫੁੱਲੇ ਹੋਏ, ਬੜੀ ਹੋਛੀ ਔਕਾਤ ਵਾਲੇ ਮਨੁੱਖ ਵਾਂਗ, ਲੋਕਾਂ ਦੀ ਕਮਾਈ ਤੋਂ ਆਏ ਧਨ ਦੀ ਬਰਖਾ ਕਰਦੇ ਸਤਿਗੁਰੂ ਜੀ ਨੂੰ ਦਰਸਾਉਣਾ. . ? ਕੀ, ਵਾਕਿਆ ਹੀ ਇਹ ਪੁਸਤਕ ਪੰਥ ਲਈ ਅਨਮੋਲ ਸੁਗ਼ਾਤ ਹੈ? ਸੂਝਵਾਨ ਸੁਹਿਰਦ ਪਾਠਕ ਦੀ ਤਸੱਲੀ ਲਈ ਤਾਂ ਇਹ ਇਕੋ ਗੁਰੂ ਸ਼ਬਦ ਹੀ ਕਾਫ਼ੀ ਹੈ, ਪਰ ਸੂਝਵਾਨ ਤਾਂ ਉਹ 14 ਰਤਨ ਵੀ ਹਨ ਜਿਨ੍ਹਾਂ ਨੇ ਇਸ ਪੁਸਤਕ ਨੂੰ ਪੰਥ ਲਈ ਅਨਮੋਲ ਸੁਗ਼ਾਤ ਵਜੋਂ ਪਬਲਿਸ਼ ਕੀਤਾ ਹੈ। {ਸੂਚੀ- ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿਣ ਦੀ ਸਿਖਿਆ ਬਾਰੇ ਗੁਰਮਤਿ ਦਾ ਸਿਧਾਂਤ ਅਸਥਾਪਣ ਕਰ ਰਹੇ ਪੰਚਮ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਆਪਣੀ ਪਾਵਨ ਕਲਮ ਤੋਂ ਪ੍ਰਗਟ ਹੋਏ ਕਈ ਗੁਰੂ ਸ਼ਬਦਾਂ ਵਿਚੋਂ ਕੁੱਝ ਦੀ ਸੂਚੀ; - (2) ਮਹਲਾ 5 ਗੁਆਰੇਰੀ॥ ......ਹਰਖ ਸੋਗ ਦੁਹਹੂੰ ਤੇ ਮੁਕਤੇ॥ ਸਦਾ ਅਲਿਪਤੁ ਜੋਗ ਅਰੁ ਜੁਗਤੇ॥ ਦੀਸਹਿ ਸਭ ਮਹਿ ਸਭ ਤੇ ਰਹਤੇ॥ ਪਾਰਬ੍ਰਹਮ ਕਾ ਓਇ ਧਿਆਨੁ ਧਰਤੇ॥ 3॥ … 4॥ 17॥ 86॥ {181} - (3) - ਪਉੜੀ॥ … ਹਰਖ ਸੋਗ ਸਹਸਾ ਸੰਸਾਰੁ ਹਉ ਹਉ ਕਰਤ ਬਿਹਾਇ॥ … 3॥ ਗਉ: ਥਿਤੀ ਮ: 5. {297} - (4) -ਆਸਾ ਮਹਲਾ 5॥ …. ਪਾਰਬ੍ਰਹਮੁ ਜਿਨਿੑ ਰਿਦੈ ਅਰਾਧਿਆ ਤਾ ਕੈ ਸੰਗਿ ਤਰਉ ਰੇ॥ 1॥ ਰਹਾਉ॥ ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ॥ ਸਤਿਗੁਰੁ ਭੇਟਿ ਭਇਆ ਮਨੁ ਨਿਰਮਲੁ ਜਪਿ ਅੰਮ੍ਰਿਤੁ ਹਰਿ ਰਸਨਾ॥ 2॥ … 4॥ 11॥ 50॥ {383} - (5) -ਗੂਜਰੀ ਮਹਲਾ 5॥ … ਹਰਖ ਸੋਗ ਦੁਹੁ ਮਾਹਿ ਨਿਰਾਲਾ ਕਰਣੈਹਾਰੁ ਪਛਾਤਾ॥ 2॥ ਜਿਸ ਕਾ ਸਾ ਤਿਨ ਹੀ ਰਖਿ ਲੀਆ ਸਗਲ ਜੁਗਤਿ ਬਣਿ ਆਈ॥ ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਨ ਜਾਈ॥ 3॥ 1॥ 9॥ ਪੰਨਾ497}

ਸਤਿਗੁਰੂ ਜੀ ਨੂੰ ਖ਼ੁਸ਼ੀ ਨਾਲ ਦਾਨ ਪੁੰਨ ਕਰਦੇ ਦਰਸਾਉਣਾ ਗੁਰਮਤਿ ਦੇ ਵਿਰੁੱਧ ਹੈ। ਉਪਰੋਕਿਤ ਕੁੰਡਲੀਆ ਵਿੱਚ ਦੂਜੇ ਸਿਧਾਂਤ ਦੀ ਖੰਡਨਾ:--

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.