.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 07)

ਬੰਸਾਵਲੀਨਾਮੇ ਦਾ ਲੇਖਕ ਫਿਰ ਲਿਖਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਇਹਨਾਂ ਡੂਮਾਂ ਪ੍ਰਤੀ ਕਿਹਾ, “ਬਚਨ ਕੀਤਾ: ‘ਕਿਸੇ ਸਿਖ ਡੂਮ ਦੀ ਸਪਾਰਸੁ ਨਹੀਂ ਕਰਨੀ। ਅਸੀਂ ਖਰ ਚੜ੍ਹਾਇ ਤਿਸ ਨੂੰ ਫੇਰਾਂਗੇ ਧਰਨੀ।” ਇੱਕ ਸਿਖ ਵਾਸੀ ਕਾਬਲ ਦੀ `ਚੰਬਾ’ ਨਾਮੁ। ਡੂਮ ਜਾਇ ਡਿਗੇ ਤਿਸ ਦੇ ਧਾਮ। ੫੪੯। ਤੇਰੇ ਵਾੜੇ ਅਸੀਂ ਵੜਾਂਗੇ ਦਰਬਾਰ। ਏਹੁ ਪਰਸੁਆਰਥ ਹੈ ਤੇਰੇ ਇਖਤਿਆਰ। ਤੇਰੀ ਗਲਿ ਹੈ ਮੰਨੀਦੀ ਗੁਰੂ ਕੀ ਸਿਰਕਾਰ। ਅਸਾਡੇ ਨਾਲਿ ਤੂ ਕਰਿ ਏਹੁ ਉਪਕਾਰ। (੫੫੦) ਤਿਸ ਕਹਿਆ: ‘ਮੇਰੀ ਹੈ, ਤਾਂ ਮੈਂ ਆਪ ਹੀ ਖਰ ਚੜ੍ਹ ਹਾਂ ਜਾਂਦਾ। ਬਚਨ ਭੀ ਹੋਵੈ ਪੂਰਾ, ਅਤੇ ਤੁਸਾਡਾ ਕਾਰਜ ਭੀ ਹੋਵੈ ਵਾਂਦਾ।’ ਸੋ ਖਰ ਚੜ੍ਹ ਢੋਲ ਵਜਦੇ ਆਇਆ। ਸਾਹਿਬ ਨੂੰ ਕਿਸੇ ਸਿਖ ਆਇ ਸੁਣਾਇਆ।”। ੫੫੧।
ਹਜ਼ੂਰ ਨੇ ਬਚਨ ਕੀਤਾ ਕਿ ਕਿਸੇ ਸਿੱਖ ਨੇ ਇਹਨਾਂ ਡੂਮਾਂ ਦੀ ਸਾਡੇ ਪਾਸ ਸਿਫ਼ਾਰਸ਼ ਨਹੀਂ ਕਰਨੀ। ਜੇਕਰ ਕੋਈ ਇਹਨਾਂ ਦੀ ਸਿਫ਼ਾਰਸ਼ ਕਰੇਗਾ ਤਾਂ ਅਸੀਂ ਉਸ ਨੂੰ ਖੋਤੇ `ਤੇ ਚੜ੍ਹਾ ਕੇ ਫੇਰਾਂਗੇ। ਭਾਈ ਚੰਬਾ ਜੋ ਕਾਬਲ ਦੇ ਰਹਿਣ ਵਾਲੇ ਸਨ, ਡੂਮ ਉਸ ਦੇ ਘਰ ਜਾ ਕੇ ਉਸ ਦੇ ਪੈਰੀਂ ਪੈ ਗਏ। ਡੂਮਾਂ ਨੇ ਭਾਈ ਚੰਬੇ ਨੂੰ ਬੇਨਤੀ ਕੀਤੀ ਕਿ ਅਸੀਂ ਤੁਹਾਡੇ ਦੁਆਰਾ ਗੁਰੂ ਦਰਬਾਰ ਵਿੱਚ ਪ੍ਰਵੇਸ਼ ਕਰ ਸਕਦੇ ਹਾਂ ਚੂੰਕਿ ਗੁਰੂ ਦਰਬਾਰ ਵਿੱਚ ਤੁਹਾਡੀ ਗੱਲ ਨੂੰ ਕੋਈ ਨਹੀਂ ਮੋੜਦਾ ਹੈ। ਇਹ ਪਰਉਪਕਾਰ ਕਰਨਾ ਤੁਹਾਡੇ ਵੱਸ `ਚ ਹੈ। ਡੂਮਾਂ ਦੀ ਇਹ ਬੇਨਤੀ ਸੁਣ ਕੇ ਇਸ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੈ ਤਾਂ ਮੈਂ ਆਪ ਹੀ ਖੋਤੇ’ ਤੇ ਚੜ੍ਹ ਕੇ ਗੁਰੂ ਜੀ ਪਾਸ ਜਾਂਦਾ ਹਾਂ। ਇਸ ਤਰ੍ਹਾਂ ਗੁਰੂ ਜੀ ਦੇ ਹੁਕਮ ਦੀ ਵੀ ਪਾਲਣਾ ਹੋ ਜਾਵੇਗੀ ਅਤੇ ਤੁਹਾਡਾ ਕਾਰਜ ਵੀ ਪੂਰਾ ਹੋ ਜਾਵੇਗਾ। ਸੋ, ਭਾਈ ਚੰਬਾ ਖੋਤੇ ਉੱਤੇ ਚੜ੍ਹ ਕੇ ਢੋਲ ਵਜਾਉਂਦਾ ਹੋਇਆ ਗੂਰੂ ਜੀ ਵਲ ਰਵਾਨਾ ਹੋ ਗਿਆ। ਇਧਰ ਸਤਿਗੁਰੂ ਜੀ ਨੂੰ ਕਿਸੇ ਨੇ ਆ ਕੇ ਇਹ ਸਾਰੀ ਗੱਲ ਬਾਤ ਸੁਣਾਈ।
‘ਗੁਰ ਬਿਲਾਸ ਪਾਤਸਾਹੀ ੬’ ਦੇ ਕਰਤੇ ਅਨੁਸਾਰ ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਲਾਹੌਰ ਨਿਵਾਸੀ ਭਾਈ ਲੱਧੇ ਜੀ ਨੂੰ ਗੁਰੂ ਸਾਹਿਬ ਪਾਸ ਸਿਫ਼ਾਰਸ਼ ਕਰਨ ਦੀ ਬੇਨਤੀ ਕਰਦੇ ਹਨ; ਪਰੰਤੂ ਭਾਈ ਕੇਸਰ ਸਿੰਘ ਛਿੱਬਰ ਅਨੁਸਾਰ ਡੂਮ ਕਾਬਲ ਨਿਵਾਸੀ ਭਾਈ ਚੰਬਾ ਜੀ ਨੂੰ ਸਿਫ਼ਾਰਸ਼ ਕਰਨ ਲਈ ਬੇਨਤੀ ਕਰਦੇ ਹਨ। ਇਹ ਵੀ ਧਿਆਨ ਵਿੱਚ ਰੱਖਿਆ ਜਾਵੇ ਕਿ ‘ਬੰਸਾਵਲੀਨਾਮਾ ਪਾਤਸ਼ਾਹੀ ਦਸਾਂ ਕਾ’ ਦਾ ਕਰਤਾ ‘ਗੁਰ ਬਿਲਾਸ ਪਾਤਸਾਹੀ ੬’ ਦੇ ਲੇਖਕ ਵਾਂਗ, ਗੁਰੂ ਨਾਨਕ ਸਾਹਿਬ ਵਲੋਂ, ਭਾਈ ਮਰਦਾਨਾ ਜੀ ਅਤੇ ਭਾਈ ਦਾਲਾ ਜੀ ਨੂੰ ਸਰਾਪ ਦੇਣ ਬਾਰੇ ਕੋਈ ਵਰਣਨ ਨਹੀਂ ਕਰਦਾ। ਲੇਖਕ ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਡੂਮ ਬਾਰੇ ਇਹ ਵੀ ਨਹੀਂ ਲਿਖਦਾ ਕਿ ਇਹ ਪਿੱਛਲੇ ਜਨਮ ਵਿੱਚ ਭਾਈ ਮਰਦਾਨਾ ਅਤੇ ਭਾਈ ਦਾਲਾ ਸਨ। ਇਹ ਕਲਪਣਾ ਕੇਵਲ ‘ਗੁਰ ਬਿਲਾਸ ਪਾਤਸਾਹੀ ੬’ ਦਾ ਲੇਖਕ ਹੀ ਕਰਦਾ ਹੈ। ਭਾਈ ਕੇਸਰ ਸਿੰਘ, ਗੁਰੂ ਅਰਜਨ ਸਾਹਿਬ ਦੇ ਮੁੱਖੋਂ ਡੂਮਾਂ ਨੂੰ ਸਰਾਪ ਦੇਣ ਦੀ ਵੀ ਵਰਣਨ ਨਹੀਂ ਕਰਦਾ ਹੈ। ‘ਬੰਸਾਵਲੀਨਾਮਾ’ ਦਾ ਲੇਖਕ ‘ਗੁਰ ਬਿਲਾਸ ਪਾਤਸ਼ਾਹੀ ੬’ ਦੇ ਲੇਖਕ ਵਾਂਗ ਰਬਾਬੀਆਂ ਦੀ ਸਿਫ਼ਾਰਸ਼ ਕਰਨ ਵਾਲੇ ਪ੍ਰਤੀ ਗੁਰੂ ਅਰਜਨ ਸਾਹਿਬ ਦੇ ਪਾਵਨ ਮੁੱਖ `ਚੋਂ ਇਸ ਤਰ੍ਹਾਂ ਦੇ ਸ਼ਬਦ ਨਹੀਂ ਕਢਵਾਉਂਦਾ ਕਿ ‘ਮੁਹਿ ਕਾਲਾ ਕਰਿ ਸੀਸ ਮੁੰਡਾਈ। ਗਰਧਬ ਚਾੜ੍ਹਿ ਸੁ ਨਗਰ ਫਿਰਾਈ।’ ਭਾਈ ਕੇਸਰ ਸਿੰਘ ਗੁਰੂ ਅਰਜਨ ਸਾਹਿਬ ਦੇ ਪਾਵਨ ਮੁੱਖ `ਚੋਂ ਇਹ ਤਾਂ ਅਖਵਾ ਰਿਹਾ ਹੈ ਕਿ ਜੇ ਕੋਈ ਇਹਨਾਂ ਡੂਮਾਂ ਦੀ ਉਹਨਾਂ ਪਾਸ ਸਿਫ਼ਾਰਸ਼ ਕਰੇਗਾ ਤਾਂ ਉਸ ਨੂੰ ਖੋਤੇ ਉੱਤੇ ਚਾੜ੍ਹ ਕੇ ਫਿਰਾਇਆ ਜਾਵੇਗਾ; ਪਰੰਤੂ ਉਸ ਦਾ ਸਿਰ ਮੁੰਨਾਉਣ ਜਾਂ ਉਸ ਦਾ ਮੂੰਹ ਕਾਲਾ ਕਰਨ ਦਾ ਵਰਣਨ ਨਹੀਂ ਕਰਦਾ ਹੈ।
ਪੁਸਤਕ ਕਰਤਾ ਗੁਰੂ ਅਰਜਨ ਸਾਹਿਬ ਦੇ ਪਾਵਨ ਮੁਖ਼ਾਰਬਿੰਦ `ਚੋਂ ਇਹ ਕਢਵਾ ਰਿਹਾ ਹੈ ਕਿ ਡੂਮਾਂ ਦੇ ਕੇਵਲ ਇਹ ਪੁੱਛਣ `ਤੇ ਹੀ ਕਿ ਉਹਨਾਂ ਨੂੰ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਦੀ ਇਜਾਜ਼ਤ ਦੇਣ ਦੀ ਕ੍ਰਿਪਾਲਤਾ ਕਰੋ। ਗੁਰੂ ਸਾਹਿਬ ਡੂਮਾਂ ਨੂੰ ਕੇਵਲ ਇਨਕਾਰ ਹੀ ਨਹੀਂ ਕਰਦੇ ਸਗੋਂ ਉਹਨਾਂ ਨੂੰ ਆਪਣੇ ਮੁੱਖੋਂ ਪਾਵਨ ਗੁਰਬਾਣੀ ਨੂੰ ਉਚਾਰਣ ਕਰਨ ਦੀ ਮਨਾਹੀ ਵੀ ਕਰਦੇ ਹਨ। ਇਤਨਾ ਹੀ ਨਹੀਂ, ਹਜ਼ੂਰ ਸਿੱਖਾਂ ਨੂੰ ਵੀ ਹਿਦਾਇਤ ਕਰ ਦੇਂਦੇ ਹਨ ਕਿ ਕੋਈ ਸਿੱਖ ਡੂਮਾਂ ਦੀ ਗੁਰਦੇਵ ਪਾਸ ਸਿਫ਼ਾਰਸ਼ ਨਾ ਕਰੇ। ਸਿਫ਼ਾਰਸ਼ ਕਰਨ ਦੀ ਸੂਰਤ ਵਿੱਚ ਸਿਫ਼ਾਰਸ਼ ਕਰਨ ਵਾਲੇ ਨੂੰ ਖੋਤੇ `ਤੇ ਚਾੜ੍ਹ ਕੇ ਨਗਰ ਵਿੱਚ ਫੇਰਨ ਦੀ ਚੇਤਾਵਨੀ ਵੀ ਦੇਂਦੇ ਹਨ।
ਭਾਈ ਕੇਸਰ ਸਿੰਘ ਛਿੱਬਰ ਡੂਮਾਂ ਨੂੰ ਕਾਬਲ ਨਿਵਾਸੀ ਭਾਈ ਚੰਬਾ ਪਾਸ ਜਾ ਕੇ ਸਿਫ਼ਾਰਸ਼ ਕਰਨ ਦੀ ਬੇਨਤੀ ਕਰਨ ਦਾ ਵਰਣਨ ਕਰਦਾ ਹੈ। ਭਾਈ ਚੰਬਾ ਕਾਬਲ ਤੋਂ ਹੀ ਖੋਤੇ `ਤੇ ਚੜ੍ਹ ਕੇ ਅੰਮ੍ਰਿਤਸਰ ਵਲ ਰਵਾਨਾ ਹੋ ਜਾਂਦੇ ਹਨ। ‘ਗੁਰ ਬਿਲਾਸ ਪਾਤਸਾਹੀ ੬’ ਦੇ ਕਰਤੇ ਨੇ ਜਿਸ ਤਰ੍ਹਾਂ ਭਾਈ ਲੱਧਾ ਜੀ ਵਲੋਂ ਆਪਣਾ ਸਿਰ ਮੁੰਨਾਉਣ ਅਤੇ ਮੂੰਹ ਕਾਲਾ ਕਰਨ ਦਾ ਵਰਣਨ ਕੀਤਾ ਹੈ, ਭਾਈ ਕੇਸਰ ਸਿੰਘ ਭਾਈ ਚੰਬੇ ਬਾਰੇ ਅਜਿਹਾ ਨਹੀਂ ਲਿਖਦੇ ਹਨ। ਆਪ ਨੇ ਕੇਵਲ ਭਾਈ ਚੰਬਾ ਜੀ ਦਾ ਖੋਤੇ ਉੱਤੇ ਚੜ੍ਹ ਕੇ ਪਿੱਛੇ ਢੋਲ ਬਜਾਉਣ ਦਾ ਹੀ ਵਰਣਨ ਕੀਤਾ ਹੈ।
“ਬਚਨ ਕੀਤਾ: “ਕਿਉ ਵੋ ਸਿਖਾ, ਕੀ ਹਵਾਲ ਹੋਇਆ ਤੇਰਾ?” ਤਿਨ ਕਹਿਆ: “ਗਰੀਬ ਨਿਵਾਜ਼, ਮਿਰਾਸੀਆਂ ਨੂੰ ਮਿਲੇ ਚਰਨਾਂ ਪਾਸ ਡੇਰਾ।” ਬਚਨ ਕੀਤਾ: “ਤੈਨੂੰ ਤਾਂ ਕਰਮ ਲਗੇ ਜੋ ਗੁਰਾਂ ਦਾ ਕੀਤਾ ਲਗੋ ਮੋੜਨਿ। ਅਸਾਂ ਨੂੰ ਭੀ ਗੁਰਾਂ ਦੇ ਬਚਨਾਂ ਨਾਲੋਂ ਲਗਾ ਤੋੜਨਿ”। ੫੫੨।
ਭਾਵ: ਗੁਰੂ ਜੀ ਨੇ ਭਾਈ ਚੰਬੇ ਨੂੰ ਪੁੱਛਿਆ ਕਿ ਹੇ ਸਿੱਖਾ! ਤੂੰ ਆਪਣਾ ਕੀ ਹਾਲ ਬਣਾਇਆ ਹੋਇਆ ਹੈ। ਭਾਈ ਚੰਬੇ ਨੇ ਉੱਤਰ ਵਿੱਚ ਕਿਹਾ ਕਿ ਗ਼ਰੀਬ ਨਿਵਾਜ਼ ਮਿਰਾਸੀਆਂ ਨੂੰ ਤੁਹਾਡੇ ਚਰਨਾਂ ਵਿੱਚ ਨਿਵਾਸ ਮਿਲੇ। ਹਜ਼ੂਰ ਸਿੱਖ ਦੀ ਇਹ ਗੱਲ ਸੁਣ ਕੇ ਆਖਣ ਲੱਗੇ ਕਿ ਸਿੱਖਾ! ਤੂੰ ਆਪ ਤਾਂ ਗੁਰੂ ਦੇ ਹੁਕਮ ਦੀ ਉਲੰਘਣਾ ਕਰਨਾ ਲੱਗਾ ਹੈਂ ਨਾਲ ਸਾਨੂੰ ਵੀ ਗੁਰੂ ਦੇ ਬਚਨਾਂ ਤੋਂ ਤੋੜਨ ਲੱਗਾ ਹੈਂ। ਇਸ ਕੰਮ ਨੂੰ ਤੂੰ ਪਰਉਪਕਾਰ ਸਮਝਦਾ ਹੈਂ?
“ਤਿਨ ਕਹਿਆ: “ਜੀ ਮੈਂ ਭੁੱਲਾ ਹਾਂ, ਮੈਂ ਏਹੁ ਕੀਤਾ ਪਰਉਪਕਾਰ। ਮੈਨੂੰ ਬਖ਼ਸੋ ਤੂ ਜਾਣੁ ਭਾਵੈ ਵਾੜ ਨਾ ਵਾੜ।” ਬਚਨ ਕੀਤਾ: “ਦੂਜੀ ਧੱਕੇ, ਤੀਜੀ ਚਉਥੀ ਨ ਵਾੜੇ, ਮੈਂ ਕੀਕੂੰ ਉਨ੍ਹਾਂ ਦੀ ਕੀਤੀ ਭੰਨਾ? ਮੈਂ ਉਨ੍ਹਾਂ ਦੀ ਗੱਦੀ ਉਪਰਿ ਬੈਠਿ ਕੇ, ਉਨ੍ਹਾਂ ਦਾ ਕੀਤਾ ਨ ਮੰਨਾ”। ੫੫੩।
ਭਾਵ: ਸਤਿਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਚੰਬਾ ਕਹਿਣ ਲੱਗਾ ਕਿ ਮੈਂ ਭੁੱਲ ਕਰ ਬੈਠਾਂ ਹਾਂ। ਆਪਣੇ ਵਲੋਂ ਤਾਂ ਮੈਂ ਇਹ ਪਰਉਪਕਾਰ ਕਰਨਾ ਚਾਹਿਆ ਹੈ। ਆਪ ਮੈਂਨੂੰ ਬਖ਼ਸ਼ ਦੇਵੋ; ਇਹਨਾਂ ਨੂੰ ਤੁਸੀਂ ਆਪਣੇ ਚਰਨਾਂ ਵਿੱਚ ਥਾਂ ਦੇਵੋ ਨਾ ਦੇਵੋ ਇਹ ਤੁਹਾਡੀ ਰਜ਼ਾ ਹੈ। ਗੁਰੂ ਸਾਹਿਬ ਫਿਰ ਕਹਿਣ ਲੱਗੇ ਕਿ ਇਹਨਾਂ ਨੂੰ ਦੂਜੀ ਤੀਜੀ ਅਤੇ ਚੌਥੀ ਪਾਤਸ਼ਾਹੀ ਨੇ ਆਪਣੇ ਦਰਬਾਰ ਵਿੱਚ ਨਹੀਂ ਵੜਨ ਦਿੱਤਾ; ਮੈਂ ਉਹਨਾਂ ਦੀ ਆਗਿਆ ਨੂੰ ਕਿਵੇਂ ਮੋੜ ਸਕਦਾ ਹਾਂ। ਇਹ ਗੱਲ ਠੀਕ ਨਹੀਂ ਹੈ ਕਿ ਮੈਂ ਉਹਨਾਂ ਦੀ ਗੱਦੀ ਉੱਤੇ ਬੈਠ ਕੇ ਉਹਨਾਂ ਦੀ ਗੱਲ ਨਾ ਮੰਨਾਂ।
ਇਸ ਪੁਸਤਕ ਦੇ ਲੇਖਕ ਅਨੁਸਾਰ ਗੁਰੂ ਅਰਜਨ ਸਾਹਿਬ ਨੇ ਭਾਈ ਚੰਬਾ ਜੀ ਵਲੋਂ ਬੇਨਤੀ ਕਰਨ ਦੇ ਬਾਵਜੂਦ ਵੀ ਰਬਾਬੀਆਂ ਨੂੰ ਮੁਆਫ਼ ਨਹੀਂ ਕਰਦੇ। ਲੇਖਕ ਭਾਵੇਂ ਗੁਰੂ ਨਾਨਕ ਸਾਹਿਬ ਵਲੋਂ ਭਾਈ ਮਰਦਾਨਾ ਜੀ ਦੇ ਅਕਾਲ ਚਲਾਣਾ ਕਰਨ ਉਪਰੰਤ ਕਿਸੇ ਵੀ ਰਬਾਬੀ ਨੂੰ ਆਪਣੇ ਪਾਸ ਨਾ ਰੱਖਣ ਦਾ ਵਰਣਨ ਕਰਦਾ ਹੈ, ਪਰੰਤੂ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਰਬਾਬੀਆਂ ਵਲੋਂ ਸ਼ੁਰੂ ਤੋਂ ਹੀ ਕੀਰਤਨ ਕਰਨ ਦਾ ਜ਼ਿਕਰ ਕਰਦਾ ਹੈ: ਡੂਮ ਲਗੇ ਸਬਦ ਗੁਰੂ ਕੇ ਗਾਵਨ।
“ਫੇਰ ਡੂਮ, ਮੀਣਿਆਂ ਰਬਾਬੀ ਕਰਿ ਰਖ ਲਏ। ਸਾਹਿਬ ਦੇ ਦਰਬਾਰ ਨਉਂ ਪਾਤਸ਼ਾਹੀਆਂ ਨ ਵੜਨੇ ਪਏ। ਸੱਤਾ ਡੂਮ ਆਹਾ ਸੋਢੀਆਂ ਦਾ ਮਿਰਾਸੀ। ਇਨ ਵਾਰ ਬਣਾਈ, ਨਾਲਿ ਰਾਇ ਬਲਵੰਡ ਦੇ ਅਪਨੀ ਕੀਤੀ ਖਲਾਸੀ। ੫੫੪। ਰਾਇ ਬਲਵੰਡ ਹੈਸੀ ਸੋਢੀਆਂ ਦਾ ਭਟੁ। ਸਤੇ ਡੂਮ ਇਸ ਨੂੰ ਆਖਿਆ, “ਰਾਇ ਜੀ! ਮੇਰਾ ਫਾਹਾ ਕੱਟ। ਡੂਮਾਂ ਨੂੰ ਮਿਲਿਆ ਹੈ ਜਬਾਬੁ ਅਤੇ ਮੈ ਹਾਂ ਮਿਰਾਸੀ। ਜੇ ਤੁਧੁ ਮੇਰੇ ਨਾਲਿ ਮਿਲ ਕੇ ਮੇਰੀ ਸਪਾਰਸ਼, ਕੀਤੀ ਤਾਂ ਮੇਰੀ ਹੋਸੀ ਖਲਾਸੀ”। ੫੫੫। ਏਹ ਦੋਵੇਂ ਵਾਰ ਬਣਾਇ ਕੇ ਰੋਬਰੋ ਲੈ ਗਏ। ਇਨਾਂ ਕਹਿਆ, ‘ਗਰੀਬ ਨਿਵਾਜ਼, ਅਸੀਂ ਭਟ ਮਿਰਾਸੀ ਦਰ ਤੇਰੇ ਹਾਂ ਢੱਠੇ ਪਏ”। ਬਚਨ ਕੀਤਾ: “ਅਸਾਂ ਗਾਵਣ ਵਾਲੇ ਮਨ੍ਹਾ ਹੈਨ ਕੀਤੇ। ਭਟ ਮਿਰਾਸੀ ਤਾਂ ਨਹੀਂ ਕੱਢ ਦੀਤੇ। ੫੫੬। ਸਿਖ ਨੂੰ ਚਾਹੀਦੀ ਹੈ ਗੁਰੂ ਆਪਣੇ ਊਪਰਿ ਪਰਤੀਤ। ਸਤਿਗੁਰੁ ਤਾਰਹਿਂਗੇ ਤਹਿਕੀਕ। ਇਸ ਮੈਂ ਫਰਕ ਨ ਰਤੀ ਜਾਨ। ਸਤਿਗੁਰ ਅਗੇ ਕੀਆ ਬਖਾਨ”। ੫੫੭। ਦੋਹਰਾ- ਪੰਡਤ ਅਉਰ ਮਸਾਲਚੀ ਦੋਨੋ ਏਕ ਸਮਾਨ। ਅਉਰਾਂ ਕੋ ਚਾਂਦਨ ਕਰੇ, ਆਪ ਅੰਧੇਰੇ ਜਾਨ। ੫੫੮। (ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆ ਕਾ)
ਭਾਵ: ਮੀਣਿਆਂ ਨੇ (ਪ੍ਰਿਥੀ ਚੰਦ ਅਤੇ ਮਿਹਰਵਾਨ ਨੇ) ਇਹਨਾਂ ਰਬਾਬੀਆਂ ਨੂੰ ਆਪਣੇ ਪਾਸ ਰੱਖ ਲਿਆ। ਨੌਂ ਪਾਤਸ਼ਾਹੀਆਂ ਨੇ ਇਹਨਾਂ ਰਬਾਬੀਆਂ ਨੂੰ ਆਪਣੇ ਦਰਬਾਰ ਵਿੱਚ ਨਹੀਂ ਵੜਨ ਦਿੱਤਾ। ਸੱਤਾ ਸੋਢੀਆਂ ਦਾ ਮਿਰਾਸੀ ਸੀ। ਬਲਵੰਡ ਰਾਇ ਸੋਢੀਆਂ ਦਾ ਭੱਟ ਸੀ। ਸੱਤੇ ਡੂਮ ਨੇ ਬਲਵੰਡ ਰਾਇ ਨੂੰ ਕਿਹਾ ਕਿ ਰਾਇ ਜੀ ਮੇਰੀ ਸਹਾਇਤਾ ਕਰ। ਡੂਮਾਂ ਨੂੰ ਗੁਰੂ ਦਰਬਾਰ ਵਿਚੋਂ ਜਵਾਬ ਮਿਲਿਆ ਹੈ। ਮੈਂ ਮਿਰਾਸੀ ਹਾਂ, ਜੇ ਤੂੰ ਮੇਰੇ ਨਾਲ ਮਿਲ ਕੇ ਗੁਰੂ ਜੀ ਪਾਸ ਮੇਰੀ ਸਿਪਾਰਸ਼ ਕਰੇਂ ਤਾਂ ਮੇਰਾ ਛੁਟਕਾਰਾ ਹੋ ਜਾਵੇਗਾ। ਇਹ ਦੋਵੇਂ ‘ਵਾਰ’ ਬਣਾ ਕੇ ਗੁਰੂ ਜੀ ਦੇ ਪਾਸ ਲੈ ਗਏ। ਇਹਨਾਂ ਦੋਹਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗ਼ਰੀਬ ਨਿਵਾਜ਼ ਅਸੀਂ ਭੱਟ ਅਤੇ ਮਿਰਾਸੀ ਤੁਹਾਡੇ ਦਰ `ਤੇ ਆ ਡਿੱਗੇ ਹਾਂ। ਹਜ਼ੂਰ ਨੇ ਬਚਨ ਕੀਤਾ ਕਿ ਅਸੀਂ ਗਾਉਣ ਵਾਲੇ ਮਨ੍ਹਾਂ ਕੀਤੇ ਹਨ; ਭੱਟ ਤੇ ਮਿਰਾਸੀ ਨਹੀਂ ਕੱਢੇ ਹਨ। ਸਿੱਖ ਨੂੰ ਆਪਣੇ ਗੁਰੂ ਊਪਰ ਪ੍ਰਤੀਤ ਹੋਣੀ ਚਾਹੀਦੀ ਹੈ ਕਿ ਗੁਰੂ ਆਪਣੇ ਸਿੱਖ ਨੂੰ ਜ਼ਰੂਰ ਤਾਰਨਗੇ। ਇਸ ਵਿੱਚ ਰੰਚ-ਮਾਤਰ ਵੀ ਸੰਦੇਹ ਨਾ ਕਰੇ। ਹਜ਼ੂਰ ਨੇ ਫਿਰ ਕਿਹਾ ਕਿ ਪੰਡਤ ਅਤੇ ਮਸਾਲਚੀ ਦੋਵੇਂ ਇੱਕ ਸਮਾਨ ਹਨ; ਇਹ ਦੋਵੇਂ ਦੂਜਿਆਂ ਨੂੰ ਚਾਣਨ ਦਿਖਾਉਂਦੇ ਹਨ ਪਰ ਆਪ ਅੰਧੇਰੇ ਵਿੱਚ ਰਹਿੰਦੇ ਹਨ।
‘ਗੁਰ ਬਿਲਾਸ ਪਾਤਸ਼ਾਹੀ ੬’ ਵਿੱਚ ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਡੂਮ ਬਾਰੇ ਜੋ ਲਿਖਿਆ ਹੈ, ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿੱਚ ਰੰਚ-ਮਾਤਰ ਵੀ ਉਸ ਦਾ ਜ਼ਿਕਰ ਨਹੀਂ ਹੈ। ਭਾਈ ਕੇਸਰ ਸਿੰਘ ਛਿੱਬਰ ਡੂਮਾਂ ਵਲੋਂ ਗੁਰੂ ਅੰਗਦ ਸਾਹਿਬ ਪਾਸੋਂ ਗੋਲਕ ਦੀ ਅੱਧੀ ਮਾਇਆ ਮੰਗਣ ਦਾ ਵਰਣਨ ਕਰਦਾ ਹੈ। ਗੁਰੂ ਸਾਹਿਬ ਇਹਨਾਂ ਦੀ ਮੰਗ ਨੂੰ ਠੁਕਰਾ ਕੇ, ਇਹਨਾਂ ਨੂੰ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਤੋਂ ਹੀ ਵਰਜ ਦੇਂਦੇ ਹਨ।
ਲੇਖਕ ਭਾਈ ਬਲਵੰਡ ਰਾਇ ਨੂੰ ਭੱਟ ਅਤੇ ਭਾਈ ਸੱਤੇ ਡੂਮ ਨੂੰ ਸੋਢੀਆਂ ਦਾ ਮਿਰਾਸੀ ਲਿਖਦਾ ਹੈ। ਇਹਨਾਂ ਵਲੋਂ ਕਦੀ ਵੀ ਕਿਸੇ ਵੀ ਗੁਰੂ ਸਾਹਿਬ ਨਾਲ ਕਿਸੇ ਤਰ੍ਹਾਂ ਦੇ ਤਕਰਾਰ ਦਾ ਜ਼ਿਕਰ ਨਹੀਂ ਕਰਦਾ ਹੈ। ਗੁਰੂ ਪਾਤਸ਼ਾਹ ਜੀ ਨੇ ਜਿਹਨਾਂ ਡੂਮਾਂ ਨੂੰ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਦੀ ਮਨਾਹੀ ਕੀਤੀ ਸੀ, ਪੁਸਤਕ ਕਰਤਾ ਉਹਨਾਂ ਦੇ ਨਾਵਾਂ ਦਾ ਵਰਣਨ ਨਹੀਂ ਕਰਦਾ ਹੈ ਕੇਵਲ ਡੂਮ ਸ਼ਬਦ ਹੀ ਲਿਖਦਾ ਹੈ। ਮਿਰਾਸੀਆਂ ਤੋਂ ਲੇਖਕ ਨੂੰ ਇਤਨੀ ਜ਼ਿਆਦਾ ਚਿੜ ਹੈ ਕਿ ਬਾਰ੍ਹਵੇਂ ਚਰਣ ਵਿੱਚ ਲਿਖਦਾ ਹੈ: ‘ਜਿਉ ਰਬਾਬੀ ਸਿੱਖਾਂ ਨੂੰ ਚੰਮੜ ਗਏ। ਤਿਉਂ ਹਿੰਦੂਆਂ ਨੂੰ ਗਾਲਦੇ ਭਏ।’ ‘ਜਾਂ ‘ਜਿਉਂ ਤੁਰਕਾਂ ਵਿਚੋਂ ਬੇਈਮਾਨ ਰਬਾਬੀ ਹੋਏ।’ (ਚਉਧਵਾਂ ਚਰਣ)
ਲੇਖਕ ਆਪਣੀ ਇਸ ਧਾਰਨਾ ਕਾਰਨ ਹੀ ਗੁਰੂ ਅਰਜਨ ਸਾਹਿਬ ਦੇ ਪਾਵਨ ਮੁੱਖੋਂ ਇਹ ਸ਼ਬਦ ਕਢਵਾ ਰਿਹਾ ਹੈ, “ਮਲੇਛ ਹੋਇ ਕੇ ਸ਼ਬਦ ਪੜ੍ਹੇ। ਜੈਸੇ ਗੰਗਾ ਜਲ ਪਾਇਆ ਸ਼ਰਾਬ ਦੇ ਘੜੇ”। ੫੪੭। ਗੁਰੂ ਅੰਗਦ ਸਾਹਿਬ ਜੋ ਕੀਰਤਨੀਏ ਠਹਿਰਾਏ। ਬਚਨ ਕੀਤਾ: “ਜੋ ਗੋਕਾ ਦੁਧ ਭਾਂਡੇ ਚੰਮ ਦੇ ਪਾਏ। ਗੰਗਾ ਜਲੁ ਮਧੁ ਵਿਚਿ ਗੋਕਾ ਦੁਧ ਚੰਮ ਵਿਚਿ ਅਪਵਿਤ੍ਰ ਹੋਇ ਜਾਏ। ਤੈਸੇ ਸਬਦੁ ਮਲੇਛ ਮੁਖ ਪਿਆ ਫਲੁ ਗਵਾਏ”।
ਭਾਵੇਂ ਇਹ ਆਮ ਹੀ ਪੜ੍ਹਣ ਸੁਣਨ ਵਿੱਚ ਆਉਂਦਾ ਹੈ ਕਿ ਕਿਸੇ ਵੀ ਘਟਨਾ ਨੂੰ ਜਦੋਂ ਕੋਈ ਦੂਜਾ ਲਿਖਾਰੀ ਲਿਖਦਾ ਹੈ ਤਾਂ ਉਸ ਵਿੱਚ ਥੋਹੜਾ-ਬਹੁਤਾ ਅੰਤਰ ਜ਼ਰੂਰ ਦੇਖਣ ਨੂੰ ਮਿਲਦਾ ਹੈ। ਪਰ ‘ਗੁਰ ਬਿਲਾਸ ਪਾਤਸ਼ਾਹੀ ੬’ ਅਤੇ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿਚਲੀ ਕਹਾਣੀ ਵਿੱਚ ਤਾਂ ਕਿਸੇ ਤਰ੍ਹਾਂ ਦੀ ਵੀ ਕੋਈ ਸਮਾਨਤਾ ਨਹੀਂ ਹੈ।
‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਦੇ ਲਿਖੇ ਜਾਣ ਮਗਰੋਂ ਮਹਿਮਾ ਪ੍ਰਕਾਸ਼ ਵਾਰਤਕ ਮਿਲਦਾ ਹੈ ਜਿਸ ਵਿੱਚ ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਅਤੇ ਇਹਨਾਂ ਵਲੋਂ ਉਚਾਰਣ ਕੀਤੀ ਹੋਈ ਵਾਰ ਲਿਖਿਆ ਬਾਰੇ ਲਿਖਿਆ ਮਿਲਦਾ ਹੈ। ਭਾਵੇਂ ਮਹਿਮਾ ਪ੍ਰਕਾਸ਼ ਵਾਰਤਕ ਦੇ ਲੇਖਕ ਅਤੇ ਰਚਨਾ ਕਾਲ ਬਾਰੇ ਵਿਦਵਾਨਾਂ ਵਿੱਚ ਕਾਫ਼ੀ ਮਤਭੇਦ ਹਨ ਪਰੰਤੂ ਇਸ ਗੱਲ ਨਾਲ ਲਗਭਗ ਸਾਰੇ ਸਹਿਮਤ ਹਨ ਕਿ ਇਹ ਪੁਸਤਕ ਸਰੂਪ ਦਾਸ ਭੱਲੇ ਦੀ ਕ੍ਰਿਤ ਮਹਿਮਾ ਪ੍ਰਕਾਸ਼ (ਕਵਿਤਾ) ਤੋਂ ਪਹਿਲਾਂ ਦੀ ਰਚਨਾ ਹੈ। ਮਹਿਮਾ ਪ੍ਰਕਾਸ਼ ਵਾਰਤਕ ਅਨੁਸਾਰ ਗੁਰੂ ਨਾਨਕ ਸਾਹਿਬ ਨੇ, “ਉਥੇ ਧਰਮਸਾਲਾ ਬਾਂਧੀ ਅਰ ਖੇਤੀ ਕਾ ਅਰੰਭ ਹੂਆ। ਅਰ ਤਿਲਵੰਡੀ ਘਰ ਕੋ ਖਬਰ ਭੇਜੀ। ਤਹਾ ਸੇ ਬਲਵੰਡ ਢਾਢੀ ਆਇਆ। ਮਰਦਾਨੇ ਕੀ ਜਗਾ ਕੀਰਤਨ ਲਗਾ ਕਰਨ ਅਰ ਮਰਦਾਨਾ ਦੇਸੰਤਰ ਸੇ ਹੁਕਮ ਸਤਿ ਹੋਇਆ ਥਾ। “…ਤਬ ਬਾਬਾ ਜੀ ਆਖਿਆ-ਜੋ ਪੁਰਖਾ ਜੀ ਤੁਸੀ ਜੁਦਾ ਨਹੀਂ। ਬਲਵੰਡ ਮੇਰਾ ਰਬਾਬੀ ਹੈ। ਇਸ ਕੋ ਨਾਲ ਲੈ ਜਾਈਐ। ਤੁਸਾਡੇ ਰੋਬਰੋ (ਰੂਬਰੂ) ਸਬਦ ਕੀ ਚਉਕੀ ਕਰੇਗਾ। ਇਸਕੋ ਇਉ ਰਖਨਾ ਜਿਉ ਦੰਦਾ ਮੇ ਜੀਭ ਰਹਦੀ ਹੈ ਅਰ ਹੋਰ ਸਭ ਮਿਲਾਪੀਆ ਨੂੰ ਮੇਰੀ ਆਗਿਆ ਹੈ। ਤੁਸਾਡੀ ਸਭ ਆਗਿਆ ਮੋ ਰਹੋਗੇ। ਇਹ ਬਿਧ ਆਖ ਕੇ ਬਾਬਾ ਜੀ ਨੇ ਗੁਰੂ ਅੰਗਦ ਜੀ ਕੋ ਖਡੂਰ ਮੋ ਵਿਦਿਆ ਕੀਤਾ।” (ਸਾਖੀ ੨੦) …
ਮਹਿਮਾ ਪ੍ਰਕਾਸ ਦੇ ਕਰਤੇ ਅਨੁਸਾਰ ਭਾਈ ਬਲਵੰਡ ਰਾਇ ਨੂੰ ਗੁਰੂ ਨਾਨਕ ਸਾਹਿਬ ਨੇ ਤਲਵੰਡੀ ਤੋਂ ਆਪ ਬੁਲਾਇਆ ਸੀ। ਭਾਈ ਮਰਦਾਨਾ ਜੀ ਅਕਾਲ ਚਲਾਣਾ ਕਰ ਚੁਕੇ ਸਨ, ਇਸ ਲਈ ਸਤਿਗੁਰੂ ਜੀ ਨੇ ਭਾਈ ਬਲਵੰਡ ਰਾਇ ਨੂੰ ਭਾਈ ਮਰਦਾਨੇ ਦੀ ਥਾਂ ਕੀਰਤਨ ਦੀ ਸੇਵਾ ਸੌਂਪੀ।
ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰ ਗੱਦੀ ਬਖ਼ਸ਼ਸ਼ ਕਰ ਕੇ ਖਡੂਰ ਵਿਖੇ ਰਿਹਾਇਸ਼ ਰੱਖਣ ਲਈ ਕਿਹਾ। ਗੁਰੂ ਨਾਨਕ ਸਾਹਿਬ ਨੇ ਭਾਈ ਬਲਵੰਡ ਨੂੰ ਗੁਰੂ ਅੰਗਦ ਸਾਹਿਬ ਦੇ ਹਵਾਲੇ ਕਰਦਿਆਂ ਹੋਇਆਂ ਆਖਿਆ ਕਿ ਬਲਵੰਡ ਮੇਰਾ ਰਬਾਬੀ ਹੈ, ਇਸ ਨੂੰ ਵੀ ਤੁਸੀਂ ਆਪਣੇ ਨਾਲ ਲੈ ਕੇ ਜਾਵੋ। ਇਹ ਤੁਹਾਡੇ ਪਾਸ ਰਹਿ ਕੇ ਸ਼ਬਦ ਕੀਰਤਨ ਕਰਿਆ ਕਰੇਗਾ। ਇਸ ਦੇ ਨਾਲ ਹੀ ਹਜ਼ੂਰ ਨੇ ਗੁਰੂ ਅੰਗਦ ਸਾਹਿਬ ਨੂੰ ਇਹ ਵੀ ਕਿਹਾ ਕਿ ਬਲਵੰਡ ਨੂੰ ਇਸ ਤਰ੍ਹਾਂ ਰੱਖਣਾ ਜਿਵੇਂ ਦੰਦਾਂ ਵਿੱਚ ਜੀਭ ਰਹਿੰਦੀ ਹੈ।
ਪਾਠਕ ਪਿਛਲੇ ਅੰਕ ਵਿੱਚ ਪੜ੍ਹ ਚੁਕੇ ਹਨ ਕਿ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਦਾ ਲੇਖਕ ਗੁਰੂ ਅੰਗਦ ਸਾਹਿਬ ਨੂੰ ਹੋਈ ਅਕਾਸ਼ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦੁਆਰਾ ਇਹ ਕਹਿੰਦਾ ਹੋਇਆ ਦਰਸਾ ਆਇਆ ਹੈ ਕਿ ਭਾਈ ਮਰਦਾਨੇ ਤੋਂ ਬਾਅਦ ਉਹਨਾਂ ਨੇ ਕਿਸੇ ਰਬਾਬੀ ਨੂੰ ਆਪਣੇ ਪਾਸ ਨਹੀਂ ਰੱਖਿਆ। ਪਰੰਤੂ ਮਹਿਮਾ ਪ੍ਰਕਾਸ਼ ਵਾਰਤਕ ਦਾ ਕਰਤਾ ਲਿਖ ਰਿਹਾ ਹੈ ਕਿ ਭਾਈ ਬਲਵੰਡ ਰਾਇ ਨੂੰ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਉਪਰੰਤ ਆਪਣੇ ਪਾਸ ਬੁਲਾ ਕੇ ਕੀਰਤਨ ਦੀ ਸੇਵਾ ਸੌਂਪੀ ਸੀ। ਇਤਨਾ ਹੀ ਨਹੀਂ ਲੇਖਕ ਗੁਰੂ ਨਾਨਕ ਸਾਹਿਬ ਭਾਈ ਬਲਵੰਡ ਨੂੰ ਗੁਰੂ ਅੰਗਦ ਸਾਹਿਬ ਦੇ ਹਵਾਲੇ ਕਰਦਿਆਂ ਹੋਇਆਂ, ਇਹਨਾਂ (ਭਾਈ ਬਲਵੰਡ) ਨੂੰ ਮਾਣ ਸਨਮਾਣ ਨਾਲ ਰੱਖਣ ਦੀ ਗੱਲ ਵੀ ਲਿਖਦਾ ਹੈ। ਲੇਖਕ ਗੁਰੂ ਅੰਗਦ ਸਾਹਿਬ ਦੇ ਖਡੂਰ ਵਾਸ ਸਮੇਂ, ਗੁਰੂ ਜੀ ਦੇ ਇਕਾਂਤਵਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ:
“ਅਰ ਬਲਵੰਡ ਭੀ ਉਥੇ ਹੀ ਥਾ। ਬੁਢੇ ਨੇ ਮਾਈ ਕੋ ਪੈਰੀ ਪਉਨਾ ਕੀਆ ਅਰ ਮਾਈ ਨੂੰ ਆਖਿਆ-ਸਾਨੂੰ ਬੜੀ ਲੋਚਾ ਹੈ ਗੁਰੂ ਕਾ ਦਰਸਨ ਕਰਾਉ। ਤਬ ਮਾਈ ਨੇ ਆਖਿਆ-ਗੁਰੂ ਕੀ ਗੁਰੂ ਜਾਣੇ। ਜਿਥੇ ਤੈਨੂ ਗੁਰੂ ਨਜਰ ਆਵਦਾ ਹੈ ਉਥਾਉ ਲਭ ਲੈ। ਤਬ ਬੁਢੇ ਆਖਿਆ-ਮਾਈ ਤੇਰੇ ਮਥੇ ਮਲੂਮ ਹੋਵਦਾ ਹੈ। ਜੋ ਗੁਰੂ ਤੇਰੇ ਘਰ ਮੋ ਹੈ। ਅਰ ਮੈਨੂ ਗੁਰੂ ਕਾ ਵਚਨ ਹੈ, ਜਿਥੇ ਮੈ ਹੋਵਾਂਗਾ ਤਿਥੇ ਤੈਨੂ ਦਰਸਨ ਦੇਵਾਗਾ। ਤਬ ਬਲਵੰਡ ਆਖਿਆ-ਭਾਈ ਬੁਢਿਆ ਛੇ ਮਹੀਨੇ ਹੋਏ ਹੈ ਸਾਨੂੰ ਦੁਆਰੇ ਉਪਰਿ ਬੈਠਿਆ ਨੂੰ। ਭਲਾ ਹੋਇਆ ਤੂ ਆਇਆ ਹੈ। ਤੈਨੂ ਬਾਬੇ ਜੀ ਕੀ ਖੁਸੀ ਹੈ। ਭਲਾ ਕਰੇ ਤੇ ਦੁਆਰਾ ਖੋਲੇ। ਤੂ ਦਰਸਨ ਕਰੇ ਅਰ ਸਾਨੂ ਕਰਾਵੈ। ਤਬ ਬੁਢੇ ਨੇ ਦੁਆਰਾ ਖੋਲਿਆ।”
ਲੇਖਕ ਭਾਈ ਬਲਵੰਡ ਨੂੰ ਖਡੂਰ ਵਿਖੇ ਦਰਸਾ ਰਿਹਾ ਹੈ। ਗੁਰੂ ਅੰਗਦ ਸਾਹਿਬ ਦਾ ਆਪਣੇ ਆਪ ਨੂੰ ਬੰਦ ਕਮਰੇ ਤੀਕ ਹੀ ਮਹਿਦੂਦ ਰਖਣ ਕਾਰਨ ਭਾਈ ਬਲਵੰਡ ਨੂੰ ਗੁਰੂ ਪਾਤਸ਼ਾਹ ਦੇ ਦੀਦਾਰ ਨਹੀਂ ਸਨ ਹੋਏ। ਇਸ ਲਈ ਜਿਉਂ ਹੀ ਬਾਬਾ ਬੁੱਢਾ ਜੀ ਖਡੂਰ ਵਿਖੇ ਆਉਂਦੇ ਹਨ ਤਾਂ ਭਾਈ ਬਲਵੰਡ ਵੀ ਬਾਬਾ ਬੁੱਢਾ ਜੀ ਨੂੰ ਬੰਦ ਦਰਵਾਜ਼ਾ ਖੋਲਣ ਲਈ ਕਹਿੰਦੇ ਹਨ। ਲੇਖਕ ਭਾਈ ਬਲਵੰਡ ਦੇ ਮੁੱਖੋਂ ਬਾਬਾ ਬੁੱਢਾ ਜੀ ਨੂੰ ਇਹ ਕਹਿੰਦਾ ਹੋਇਆ ਦਰਸਾ ਰਿਹਾ ਹੈ ਕਿ ਮੈਨੂੰ ਛੇ ਮਹੀਨੇ ਹੋ ਗਏ ਹਨ ਦਰਵਾਜ਼ੇ ਤੇ ਬੈਠਿਆਂ ਪਰ ਗੁਰੂ ਜੀ ਦੇ ਦਰਸ਼ਨ ਨਹੀਂ ਹੋਏ; ਚੰਗਾ ਹੋਇਆ ਹੈ ਕਿ ਬਾਬਾ ਜੀ ਤੁਸੀਂ ਆ ਗਏ ਹੋ।
ਸ੍ਰੀ ਗੁਰੂ ਕੇ ਚਰਨ ਕੇ ਆਗੇ ਜਾਇ ਕੇ ਪੜੇ ਅਰ ਬਲਵੰਡ ਨੇ ਰਬਾਬ ਬਜਾਇਆ। ਮਾਈ ਬਿਰਾਈ ਅਉਰ ਬੁਢਾ ਦਰਸਨ ਤੇ ਲਗੇ ਕਰਨ। ਅਰ ਬਲਵੰਡ ਕੀਰਤਨ ਲਗਾ ਕਰਨ। ਤਬ ਸ੍ਰੀ ਗੁਰੂ ਅੰਗਦ ਜੀ ਕੇ ਨੇਤਰਿ ਖੁਲੇ। ਅਰ ਮੁਖ ਸੋ ਬਚਨ ਹੋਆ-ਵਾਹੁ ਵਾਹੁ। ਤਬ ਬੁਢੇ ਅਰਦਾਸ ਕੀਤੀ-ਸਚੇ ਪਾਤਸਾਹ ਜਗਤ ਪਰ ਅੰਧਕਾਰ ਹੋਇ ਰਹਿਆ ਹੈ, ਬਾਹਰ ਨਿਕਲੀਏ। ਤਬ ਗੁਰੂ ਅੰਗਦ ਜੀ ਹਸੇ। ਤਬ ਬੁਢੇ ਕਹਿਆ-ਮੇਹਰਵਾਨ ਬਾਬੇ ਜੀ ਕਾ ਬਚਨ ਹੈ। ਜਗਤਿ ਕੋ ਉਪਦੇਸ ਕਰਨਾ, ਬਾਹਰ ਚਲੀਏ। ਤਬ ਉਸੀ ਕਾਲ ਮੋ ਮਾਈ ਬਿਰਾਈ ਕਾ ਸਰੀਰ/ਛੂਟਾ। ਸਿਸਕਾਰ ਕਰਕੇ ਗੁਰੂ ਜੀ ਬੁਢੇ ਕਉ ਆਗਿਆ ਕਰੀ। ਬੁਢਿਆ ਕੇਹੜੀ ਜਗਾ ਚਲ ਕੇ ਬੈਠੀਏ। ਤਬ ਬੁਢੇ ਆਖਿਆ-ਮੇਹਰਵਾਨ ਜੋਗੀ ਕੀ ਜਾਗਾ ਹੈ ਥੇਹ ਉਪਰਿ ਉਥੇ ਚਲੀਏ, ਬਹੁਤ ਏਕਾਂਤ ਹੈ। ਤਬ ਗੁਰੂ ਜੀ ਕੀ ਆਗਿਆ ਹੋਈ ਚਲਨ ਕੀ। ਸਭਿ ਉਥੇ ਆਈ। ਗੁਰੂ ਜੀ ਸਿਘਾਸਨ ਪਰ ਆਨ ਬੈਠੇ। ਬਲਵੰਡ ਰਬਾਬੀ ਸਬਦ ਕੀ ਚਉਕੀ ਕੀਆ। ਸਭਿ ਸੰਗਤ ਦਰਸਨ ਕਉ ਆਈ। (ਸਾਖੀ ੨੧)
ਜਿੱਥੇ ‘ਗੁਰਬਿਲਾਸ ਪਾਤਸ਼ਾਹੀ ੬’ ਦਾ ਕਰਤਾ ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਨੂੰ ਸੱਕੇ ਭਰਾਤਾ ਲਿਖਦਾ ਹੈ ਉੱਥੇ ਭਾਈ ਕੇਸਰ ਸਿੰਘ, ਭਾਈ ਬਲਵੰਡ ਰਾਇ ਨੂੰ ਭੱਟ ਅਤੇ ਭਾਈ ਸੱਤੇ ਨੂੰ ਡੂਮ ਲਿਖਦਾ ਹੈ ਜਦੋਂ ਕਿ ਮਹਿਮਾ ਪ੍ਰਕਾਸ਼ ਵਾਰਤਕ ਦਾ ਕਰਤਾ ਭਾਈ ਬਲਵੰਡ ਅਤੇ ਭਾਈ ਸੱਤੇ ਦੀ ਕਿਸੇ ਤਰ੍ਹਾਂ ਦੀ ਰਿਸ਼ਤੇਦਾਰੀ ਦਾ ਵਰਣਨ ਹੀ ਨਹੀਂ ਕਰਦਾ।
ਚਲਦਾ
.