.

(ਸੰਪਾਦਕੀ ਨੋਟ:- ਉਂਜ ਤਾਂ ਅਸੀਂ ਪਹਿਲਾਂ ਵੀ ਕਈ ਲੇਖ ਇਸ ਵਿਸ਼ੇ ਨਾਲ ਸੰਬੰਧਿਤ ਪਾਏ ਹੋਏ ਹਨ। ਪਰ ਕਈ ਪਾਠਕ/ਲੇਖਕ ਜਾਣ ਬੁੱਝ ਕੇ ਜਾਂ ਅਣਜਾਣੇ ਹੀ ਇੱਥੇ ਗੋਤ ਲਿਖਣ ਵਾਲਿਆਂ ਵਿਰੁੱਧ ਵਿਅੰਗ ਕਸਦੇ ਰਹਿੰਦੇ ਹਨ। ਇਸ ਲਈ ਅਸੀਂ ਇੱਕ ਇਹ ਲੇਖ ਗੁਰਬਚਨ ਸਿੰਘ ਸਿੱਧੂ ਦਾ ਪਾ ਰਹੇ ਹਾਂ ਜੋ ਕਿ ਮਾਰਚ ਅਪ੍ਰੈਲ 2011 ਨੂੰ ‘ਸਿੱਖ ਬੁਲਿਟਨ’ ਵਿੱਚ ਛਪਿਆ ਸੀ। ਇਸ ਲੇਖ ਵਿੱਚ ਕੁੱਝ ਹਵਾਲੇ ਕਥਿਤ ਦਸਮ ਗ੍ਰੰਥ ਅਥਵਾ ਬਚਿੱਤਰ ਨਾਟਕ ਵਿਚੋਂ ਵੀ ਹਨ। ਇਹ ਸਿਰਫ ਜਾਣਕਾਰੀ ਲਈ ਹਨ ਨਾ ਕਿ ਦਸਮ ਗ੍ਰੰਥ ਨੂੰ ਗੁਰੂ ਦੀ ਲਿਖਤ ਸਿੱਧ ਕਰਨ ਲਈ-ਸੰਪਾਦਕ)

ਗੋਤ

ਗੁਰਬਚਨ ਸਿੰਘ ਸਿੱਧੂ ਐਮ. ਏ, ਨੌਟਿੰਘਮ (ਇੰਗਲੈਂਡ)

ਅਪੰਗ ਵਿਅਕਤੀਆਂ ਦੇ ਕੈਂਪ ਲਗਵਾਉਣ ਲਈ ਮੇਰਾ ਚੱਕਰ ਹਰ ਸਾਲ ਪੰਜਾਬ ਦਾ ਲਗਦਾ ਹੀ ਰਹਿੰਦਾ ਹੈ। ਪਿਛਲੇ ਸਾਲ ਦੇ ਚੱਕਰ ਵਿੱਚ ਅਚਾਨਕ ਇੱਕ 1000 ਰੁਪੈ ਦਾ ਜਾਲ੍ਹੀ ਨੋਟ ਇੱਧਰੋਂ ਉੱਧਰੋਂ ਮੇਰੇ ਕੋਲ ਆ ਗਿਆ ਤਾਂ ਕੁੱਝ ਘਬਰਾਹਟ ਜਿਹੀ ਵਿੱਚ ਮੈਂ ਇੱਕ ਗੁਰਮੁਖ ਵੀਰ ਨੂੰ ਇਸ ਬਾਰੇ ਦੱਸਿਆ। ਉਹ ਹੱਸ ਕੇ ਕਹਿਣ ਲਗੇ “ਕੋਈ ਫਿਕਰ ਨਾ ਕਰੋ ਚੱਲ ਜਾਏਗਾ, ਇੱਥੇ ਅਸਲੀ ਨਾਲੋਂ ਨਕਲੀ ਨੋਟ ਵਧੇਰੇ ਚਲਦੇ ਹਨ”। ਅੱਜ ਇਹੋ ਹਾਲ ਸਿੱਖੀ ਦਾ ਹੈ। ਸਿਖ ਧਰਮ ਦੀ ਅਸਲੀ ਨੁਹਾਰ ਹੀ ਵਿਗਾੜ ਦਿੱਤੀ ਗਈ ਹੈ। ਹਰ ਕੋਈ ਆਪਣੀ ਮਨਮਤ ਨੂੰ ਗੁਰਮਤ ਬਣਾ ਕੇ ਸਿੱਖੀ ਨਾਲ ਜੋੜੀ ਤੁਰਿਆ ਜਾ ਰਿਹਾ ਹੈ। ਇਸ ਕੰਮ ਵਿੱਚ ਸਾਡੇ ਸਾਧਾਂ ਸੰਤਾਂ ਨੇ ਤਾਂ ਕਸਮ ਹੀ ਖਾ ਲਈ ਹੈ ਕਿ ਸਿੱਖੀ ਦਾ ਮੂੰਹ ਮੁਹਾਂਦਰਾ ਰਹਿਣ ਹੀ ਨਹੀਂ ਦੇਣਾ। ਗੁਰੂ ਭਾਵੇਂ ਲਖ ਕਹੇ “ਇਕਾ ਬਾਣੀ ਇੱਕੁ ਗੁਰੁ ਇਕੋ ਸ਼ਬਦੁ ਵੀਚਾਰਿ” (ਪੰਨਾ 646) ਪਰ ਇਨ੍ਹਾਂ ਨੇ ਹਮੇਸ਼ਾ ਆਪਣੀ ਹੀ ਡਫਲੀ ਬਜਾਉਣੀ ਹੋਈ। ਹਰ ਸੰਤ ਦੀ ਮਰਯਾਦਾ ਵਖਰੀ, ਜੱਥੇ ਵਖਰੇ, ਅਤੇ ਗੁਰਦਵਾਰੇ ਵੱਖਰੇ ਬਣ ਗਏ ਹਨ। ਘਰ ਘਰ ਹੋਏ ਬਹੇਂਗੇ ਰਾਮਾ, ਤਿਨ ਤੇ ਸਰੇ ਨਾ ਕੋਊ ਕਾਮਾ” ਵਾਲੀ ਸਥਿਤੀ ਬਣ ਗਈ ਹੈ। ਇੱਕ ਸਮੇਂ ਤਾਂ ਕਿਸੇ ਨੇ ਇਹ ਵੀ ਲਿਖ ਮਾਰਿਆ ਸੀ ਕਿ ਟਮਾਟਰ ਖਾਣਾ ਸਿੱਖ ਧਰਮ ਵਿੱਚ ਵਿਵਰਜਿਤ ਹੈ। ਪਿੱਛੇ ਜਿਹੇ ਇੱਕ ਬੀ ਜੇ ਪੀ ਦਾ ਅਧਿਕਾਰੀ ਅੰਮ੍ਰਿਤਸਰ ਆਇਆ ਤਾਂ ਕਹਿ ਗਿਆ ਕਿ ਗੁਰੂ ਕੇ ਲੰਗਰ ਵਿੱਚ ਲਸਣ ਅਤੇ ਪਿਆਜ਼ ਦੀ ਵਰਤੋਂ ਸਿੱਖ ਧਰਮ ਅਨੁਸਾਰੀ ਨਹੀਂ। ਹੁਣੇ ਹੁਣੇ ਕੁੱਝ ਲੋਕਾਂ ਨੇ “ਗੋਤ” ਨੂੰ ਵੀ ਸਿੱਖੀ ਨਾਲ ਜੋੜ ਦਿੱਤਾ ਹੈ ਅਤੇ ਇਨ੍ਹਾਂ ਅਨੁਸਾਰ ਆਪਣੇ ਨਾਂ ਨਾਲ ਗੋਤ ਦੀ ਵਰਤੋਂ ਕਰਨਾ ਸਿਖ ਧਰਮ ਵਿੱਚ ਮਿਲਾਵਟ ਹੈ ਅਤੇ ਨਿਰੀ ਖੋਟ ਹੈ।

ਗੋਤ ਦਾ ਅਰਥ ਕੁਲ, ਵੰਸ਼, ਖਾਨਦਾਨ ਜਾਂ ਕਬੀਲਾ ਹੈ। ਕਿਸੇ ਸਮੇਂ ਸਾਡੇ ਬਜ਼ੁਰਗ ਕਬੀਲਿਆਂ ਵਿੱਚ ਵੰਡੇ ਹੋਏ ਸਨ ਅਤੇ ਕਬੀਲ਼ੇ ਦੇ ਵਡੇਰੇ ਦੇ ਨਾਂ ਨਾਲ ਜਾਣੇ ਜਾਂਦੇ ਸਨ। ਜਿਵੇਂ ਸਿੱਧੂਆਂ ਦਾ ਵਡੇਰਾ ਖੀਵਾ ਰਾਉ ਦਾ ਪੁੱਤ੍ਰ ਸਿੱਧੂ ਸੀ ਜਿਸ ਦਾ ਜਨਮ 1250 ਈ: ਵਿੱਚ ਹੋਇਆ। ਉਸ ਦਾ ਸਾਰਾ ਕਬੀਲਾ ਸਿੱਧੂ ਅਖਵਾ ਇਆ (ਦੇਖੋ ਇਬਟਸਨ ਦੀ ਪੁਸਤਕ ਪੰਜਾਬ ਕਾਸਟਸ ਪੰਨਾ 122)। ਇੱਸੇ ਕੁਲ ਵਿੱਚ ਪਿਛੋਂ ਹਮੀਰੇ ਦਾ ਪੁੱਤਰ ਬਰਾੜ ਜੰਮਿਆਂ ਤਾਂ ਉਸ ਦੇ ਨਾਂ ਤੇ ਬਰਾੜ ਗੋਤ ਚੱਲ ਪਿਆ। ਅਜਿਹੇ ਕਬੀਲਿਆਂ ਨੂੰ ਹਰ ਜ਼ਾਤੀ ਦੇ ਲੋਕਾਂ ਦੀ ਲੋੜ ਹੁੰਦੀ ਸੀ। ਇਹੋ ਕਾਰਨ ਹੈ ਕਿ ਇੱਕੋ ਗੋਤ ਦੇ ਲੋਕ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਅਤੇ ਅਖਾਉਤੀ ਅਨੁਸੂਚਿਤ ਜ਼ਾਤਾਂ ਵਿੱਚ ਵੀ ਮਿਲ ਜਾਂਦੇ ਹਨ। ਸਿੱਧੂ ਮਜ਼ਹਬੀ ਵੀ ਹਨ, ਜੱਟ ਵੀ, ਚਮਾਰ ਵੀ, ਬਲਕਿ ਕੁੱਝ ਹਿੰਦੂ ਜਾਟ ਵੀ ਸਿੱਧੂ ਹਨ। ਇਹੋ ਹਾਲ ਬਾਕੀ ਗੋਤਾਂ ਦਾ ਹੈ। ਢਿੱਲੌਂ ਅਤੇ ਚੀਮੇ ਜੱਟ ਵੀ ਹਨ, ਤਰਖਾਣ ਵੀ ਅਤੇ ਨਾਈ ਵੀ। ਗਿੱਲ ਅਤੇ ਮਾਨ ਗੋਤ ਤਾਂ ਅੰਗ੍ਰੇਜ਼ਾਂ ਵਿੱਚ ਵੀ ਆਮ ਹਨ। ਸੋ ਗੋਤ ਨੂੰ ਕਿਸੇ ਜ਼ਾਤ ਜਾਂ ਕੌਮ ਨਾਲ ਜੋੜਨਾ ਕਿਸੇ ਪ੍ਰਕਾਰ ਵੀ ਉਚਤ ਨਹੀਂ ਹੈ (ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀਂ ਲਗਿ ਧਿਆਵੈਗੋ” (ਪੰਨਾ 1309)।

ਗੋਤ ਦਾਂ ਅਨੁਵਾਦ “ਉਪਜਾਤੀ” ਜਾਂ Subcaste ਕਰਨਾ ਬਿਲਕੁਲ ਗ਼ਲਤ ਹੈ। ਸਿੱਖ ਧਰਮ ਵੀ ਇੱਕ ਕਬੀਲੇ ਜਾਂ ਵੰਸ਼ ਵਾਂਗ ਹੀ ਸ਼ੁਰੂ ਹੋਇਆ ਜਿਸ ਦੇ ਮੌਢੀ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਅਤੇ ਉੇਨ੍ਹਾਂ ਦੇ ਨਾਂ ਤੇ ਇਸ ਕਬੀਲੇ ਦੇ ਉਤ੍ਰਾਧਿਕਾਰੀ ਆਪਣੀਆਂ ਰਚਨਾਵਾਂ ਵਿੱਚ ਨਾਨਕ ਲ਼ਿਖਦੇ ਰਹੇ ਅਤੇ ਕਈ ਨਾਨਕ ਪੰਥੀ ਵੀ ਅਖਵਾਏ। ਗੁਰ੍ਰੂ ਨਾਨਕ ਸਾਹਿਬ ਦੇ ਇਸ ਉਤਕ੍ਰਿਸ਼ਟ ਕਬੀਲੇ ਵਿੱਚ ਜ਼ਾਤ ਗੋਤ ਤੋਂ ਉੱਪਰ ਉੱਠ ਕੇ ਕਬੀਰ, ਭੀਖਣ ਅਤੇ ਨਾਮਦੇਵ ਵਰਗੇ ਭਗਤ ਵੀ ਸ਼ਾਮਲ ਕਰ ਲਏ ਗਏ। ਇਸੇ ਤਰਾਂ “ਮਨਸੁਖਾਨੀ” ਉਹ ਹਨ ਜੋ ਗੁਰੂ ਨਾਨਕ ਸਾਹਿਬ ਦੇ ਨਿਕਟਵਰਤੀ ਸਿੱਖ ਭਾਈ ਮਨਸੁਖ ਦੀ ਔਲਾਦ ਵਿੱਚੋਂ ਜਾਂ ਕਬੀਲੇ ਵਿਚੋਂ ਹਨ। ਕੁੱਝ ਗੋਤ ਕੰਮਾਂ ਧੰਦਿਆ ਜਾਂ ਵਪਾਰ ਜਾਂ ਗੁਣਾਂ/ਔਗਣਾਂ ਆਦਿਕ ਕਾਰਨ ਵੀ ਹੋਂਦ ਵਿੱਚ ਆਏ। ਕਿਸੇ ਮੌਕੇ ਸ਼ਰਾਬ ਕੱਢਣ ਵਾਲੇ ਨੂੰ “ਕਲਾਲ਼” ਕਿਹਾ ਜਾਂਦਾ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਗੋਤ ਉਸ ਦੇ ਪਿੰਡ “ਆਹਲੂਵਾਲ” ਤੋਂ ਆਹਲੂਵਾਲੀਆ ਬਣ ਗਿਆ ਪਰ ਜ਼ਾਤ” ਕਲਾਲ” ਹੀ ਰਹੀ। ਉਨ੍ਹਾਂ ਨੇ ਖੁਦ ਆਪਣੇ ਸਿੱਕੇ ਤੇ ਲਿਖਵਾਇਆ” ਸਿੱਕਾ ਜ਼ਦ ਦਰ ਜਹਾਂ ਬਫਜ਼ਲੇ ਅਕਾਲ, ਮੁਲਕ-ਏ-ਅਹਿਮਦ ਗਰਿਫ਼ਤ ਜੱਸਾ ਕਲਾਲ”। “ਚਾਵਲੇ” ਚੌਲਾਂ (ਚਾਵਲਾਂ) ਦਾ ਵਪਾਰ ਕਰਦੇ ਸਨ। ਲੁਬਾਣੇ “ਲੂਣ” ਵੇਚਦੇ ਸਨ। ਭਾਵੇਂ ਇਨ੍ਹਾਂ ਦੇ ਕਿੱਤੇ ਵਖਰੇ ਸਨ ਪਰ ਸਿੱਖ ਪੰਥ ਵਿੱਚ ਇਨ੍ਹਾਂ ਨੂੰ ਕਿੱਤੇ ਕਾਰਨ ਕਿਸੇ ਗੱਲੋਂ ਵੀ ਦੂਸਰਿਆਂ ਨਾਲੌਂ ਘਟੀਆ ਨਹੀਂ ਸੀ ਸਮਝਿਆ ਜਾਂਦਾ। ਹਰੀ ਸਿੰਘ ਨਲੂਆ ਨੂੰ ਨਲੂਆ ਉਨ੍ਹਾਂ ਦੇ ਗੋਤ ਕਰਕੇ ਨਹੀਂ ਕੇਵਲ ਖਾਲ਼ੀ ਹਥੀਂ ਸ਼ੇਰ ਮਾਰਨ ਕਰਕੇ ਨਲੂਆ ਕਿਹਾ ਜਾਂਦਾ ਸੀ।

ਕਈ ਕਬੀਲਿਆਂ ਨੇ ਆਪਣੇ ਆਪਣੇ ਪਿੰਡ ਵਸਾ ਲਏ ਸਨ ਜਿਵੇਂ ਸਿੱਧੂਆਂ ਦੇ ਪਿੰਡ “ਸਿਧਵਾਂ”, ਕੰਗ ਗੋਤ ਦੇ ਲੋਕਾਂ ਦਾ ਪਿੰਡ “ਕੰਗ”।” ਮਾਨਾਂ ਨੇ ਕਈ ਪਿੰਡ ਵਸਾਏ ਜਿਨਾਂ ਦੇ ਨਾਂ ਵੀ “ਮਾਨ” ਜਾ “ਮਾਨਾ ਵਾਲਾ” ਹਨ” ਸਿਵੀਆਂ, ਬਸੀਆਂ, ਲਲ਼ੀਆਂ, ਸੋਹੀਆਂ, ਕੁਲਾਰ, ਵਿਰਕ, ਢਿਲਵਾਂ, ਹੇਅਰ ਆਦਿਕ ਇਸੇ ਤਰਾਂ ਵਸੇ ਪਿੰਡ ਹਨ। ਅੱਜ ਕਲ੍ਹ ਕਈ ਲੋਕ ਆਪਣੇ ਨਾਂ ਨਾਲ ਗੋਤ ਦੀ ਥਾਂ ਆਪਣੇ ਪਿੰਡ ਦਾ ਨਾਂ ਲਿਖਣ ਲੱਗ ਪਏ ਹਨ। ਪ੍ਰਤਾਪ ਸਿੰਘ “ਕੈਰੋਂ” ਦਾ ਗੋਤ “ਢਿਲੋਂ” ਸੀ ਪਰ ਅਜ ਉਸ ਦੀ ਸਾਰੀ ਔਲਾਦ ਆਪਣੇ ਆਪ ਨੂੰ “ਕੈਰੋਂ” ਲਿਖਦੇ ਹਨ। ਪ੍ਰਕਾਸ਼ ਸਿੰਘ ਬਾਦਲ ਦਾ ਗੋਤ “ਧਾਲੀਵਾਲ” ਹੈ “ਬਾਦਲ” ਨਹੀਂ। ਬਾਦਲ ਉਸ ਦਾ ਪਿੰਡ ਹੈ। ਹੌਲੀ ਹੌਲੀ ਇਸ ਤਰ੍ਹਾਂ ਦੀ ਰੁਚੀ ਵੀ ਅੰਤ ਵਿੱਚ ਗੋਤਾਂ ਵਿੱਚ ਬਦਲ ਜਾਂਦੀ ਹੈ।

ਇੱਕੋ ਗੋਤ ਵਿੱਚ ਪੈਦਾ ਹੋਏ ਬੱਚੇ ਆਪਣੇ ਆਪ ਨੂੰ ਭੈਣ ਭਰਾ ਸਮਝਦੇ ਸਨ ਅਤੇ ਆਪਸ ਵਿੱਚ ਵਿਆਹ ਨਹੀਂ ਰਚਾਉਂਦੇ ਸਨ। ਦੂਸਰੇ ਗੋਤ ਵਿਚੋਂ ਆਈ ਲੜਕੀ ਨੂੰ ਆਪਣੇ ਗੋਤ ਵਿੱਚ ਰਲਾਉਣ ਲਈ ਇੱਕ ਖ਼ਾਸ ਰਸਮ ਹੁੰਦੀ ਸੀ ਜਿਸ ਨੂੰ “ਗੋਤ ਕੁਨਾਲਾ” ਕਿਹਾ ਜਾਂਦਾ ਸੀ। ਨਵੀਂ ਵਿਆਹੀ ਲੜਕੀ ਨੂੰ ਆਪਣੇ ਨਾਲ ਬਿਠਾ ਕੇ ਬਗੈਰ ਭਿੰਨ ਭੇਦ ਇੱਕੋ ਕੁਨਾਲੀ (ਭਾਂਡੇ) ਵਿੱਚ ਪ੍ਰਸ਼ਾਦਾ ਛਕਾਇਆ ਜਾਂਦਾ ਸੀ। ਗੋਤ ਕੁਨਾਲਾ ਹਮੇਸ਼ਾ ਦੋ ਵੱਖੋ ਵੱਖਰੇ ਕਬੀਲਿਆਂ ਵਿੱਚ ਹੁੰਦਾ ਸੀ ਅਤੇ ਇਸ ਨੂੰ ਬਹੁਤ ਜ਼ਰੂਰੀ ਸਮਝਿਆ ਜਾਂਦਾ ਸੀ “ਪਾਰਸ ਪਰਸ ਹੋਤ ਕਨਿਕ ਅਨੇਕ ਧਾਤ, ਕਨਿਕ ਸੇ ਅਨਿਕ ਨ ਹੋਤ ਗੋਤਾਚਾਰ ਜੀ”। (ਅਨੇਕਾਂ ਵਰਣ, ਗੋਤ ਅਤੇ ਜਾਤਾਂ ਸਿੱਖੀ ਵਿੱਚ ਆ ਕੇ ਪਾਰਸ ਬਣ ਜਾਂਦੀਆਂ ਸਨ ਪਰ ਸਿੱਖੀ ਤੋਂ ਅਨੇਕਾਂ ਜਾਤਾਂ ਗੋਤਾਂ ਦੇ ਭੇਦ ਨਹੀਂ ਕਲਪੇ ਜਾ ਸਕਦੇ)। ਗੁਰੂ ਜੀ ਦਾ ਪ੍ਰਚਾਰ ਇਹ ਨਹੀਂ ਸੀ ਕਿ ਜ਼ਾਤ ਨੀਵੀਂ ਹੈ ਸਗੋਂ ਇਹ ਸੀ ਕਿ ਜ਼ਾਤ ਦੇ ਆਧਾਰਤ ਨਫਰਤ ਮਨੁਖੀ ਨਸਲ਼ ਲਈ ਘਾਤਕ ਹੈ। ਜਿੰਨਾ ਚਿਰ ਜੁੱਤੀਆਂ ਬਣਦੀਆਂ ਰਹਿਣਗੀਆਂ ਚਮਾਰ (ਭਾਵੇਂ ਕੋਈ ਨਾਮ ਰੱਖ ਲਿਆ ਜਾਵੇ) ਵੀ ਰਹਿਣਗੇ। ਪਰ ਚਮਾਰ ਨਾਲ ਕੇਵਲ ਚਮਾਰ ਸਮਝ ਕੇ ਨਫਰਤ ਕਰਨੀ ਗੁਰਮਤ ਵਿੱਚ ਮਨ੍ਹਾ ਹੈ। ਅੱਜ ਸਾਡਾ ਸਮਾਜ ਵੀ ਆਪ ਹੁਦਰਾ ਹੋ ਗਿਆਂ ਹੈ। ਕਿਸੇ ਗਰੀਬ ਚਮਾਰ ਨੂੰ ਨਫਰਤ ਕਰਦਾ ਹੈ ਪਰ “ਬਾਟਾ” ਵਰਗੇ ਮਾਇਆਧਾਰੀ ਚਮਾਰ ਨਾਲ ਬੈਠ ਕੇ ਵੀ ਖਾਣ ਨੂੰ ਤਿਆਰ ਹੈ। ਗੋਤਾਂ ਨੂੰ ਵੀ ਜ਼ਾਤਾਂ ਨਾਲ ਜੋੜ ਕੇ ਘਿਰਣਾ ਦਾ ਬੀਜ ਬੀਜਿਆਂ ਜਾ ਰਿਹਾ ਹੈ।

ਗਰੁਮਤ ਸਾਹਿਤ ਵਿਚੋਂ ਸਾਨੂੰ ਅਨੇਕਾਂ ਪ੍ਰਮਾਣ ਮਿਲਦੇ ਹਨ ਜਿੱਥੇ ਗੋਤਾਂ ਦੀ ਵਰਤੌਂ ਖੁਲ੍ਹ ਕੇ ਕੀਤੀ ਗਈ ਹੈ। ਜਨਮ ਸਾਖੀਆਂ ਵਿੱਚ “ਛੀਨਾ ਗੁਰੂ ਕਾ ਸੀਨਾ” ਜਾਂ “ਜਵੰਦਾ ਅਕਲ ਦਾ ਅੰਧਾ” ਵਰਗੇ ਵਾਕ ਗੁਰੂ ਜੀ ਦੇ ਮੁਖੋਂ ਅਖਵਾਏ ਮਿਲ ਜਾਂਦੇ ਹਨ। ਇੱਕ ਪੂਰਾ ਅਧਿਆਇ “ਅਜਿੱਤੇ ਰੰਧਾਵੇ ਨਾਲ ਗੋਸ਼ਟ” ਵੀ ਮਿਲ ਜਾਂਦਾ ਹੈ। ਸ਼ਇਦ ਕੋਈ ਕਹੇ ਕਿ ਜਨਮ ਸਾਖੀ ਪਰੰਪਰਾ ਕੋਈ ਟਕਸਾਲੀ ਸਿੱਖੀ ਨਹੀਂ। ਅਸੀਂ ਹੇਠਾਂ ਪੰਥ ਦੇ ਧੁਰੰਧਰ ਵਿਦਵਾਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਕੁੱਝ ਟੂਕਾਂ ਦਿੰਦੇ ਹਨ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਸਮਝਿਆਂ ਜਾਦਾ ਹੈ। ਕੁੰਜੀ ਅਤੇ ਜਿੰਦਰੇ ਦਾ ਸਬੰਧ ਅਟੁਟ ਹੁੰਦਾ ਹੈ।

ਚਲ਼ੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ

ਬੈਠਾ ਸੋਢੀ ਪਾਤਿਸਾਹ ਰਾਮ ਦਾਸ ਸਤਿਗੁਰੂ ਕਹਾਵੈ

ਜਾਣਿ ਨ ਦੇਸਾਂ ਸੋਢੀਓਂ ਹੋਰਸਿ ਅਜਰ ਨ ਜਰਿਆ ਜਾਈ

ਕਲਿ ਜੁਗਿ ਪੀੜੀ ਸੋਢੀਆਂ ਨਿਹਚਲ ਨੀਵ ਉਸਾਰ ਖਲਾਰੀ

ਸਨਮੁਖਿ ਸਿਖ ਲਹੌਰ ਵਿੱਚ ਸੋਢੀ ਆਇਣ ਤਾਇਆ ਸੰਹਾਰੀ

ਮਾਧੋ ਸੋਢੀ ਕਾਸ਼ਮੀਰ ਗੁਰਸਿਖੀ ਦੀ ਚਾਲ ਚਲਾਈ

ਸਨਮੁਖੁ ਸੋਢੀ ਬਦਲੀ ਸੇਠ ਗੁਪਾਲੈ ਗੁਰਮਤਿ ਜਾਣੀ

ਮਲੀਆ ਸਹਾਰੂ ਭੱਲੇ ਛੀਂਬੇ ਗੁਰ ਦਰਗਹ ਦਰਬਾਰੀ

ਇਸੇ ਤਰ੍ਹਾਂ “ਗੱਜਣ ਉਪਲ ਸਤਿਗੁਰ ਭਾਵੈ”, “ਜਿਤਾ ਰੰਧਾਵਾ ਭਲਾ” “ਫਿਰਨਾ ਖਹਿਰਾ ਜੋਧ ਸਿਖ” ਵਰਗੀਆਂ ਅਨੇਕਾਂ ਤੁਕਾਂ ਦਸਦੀਆਂ ਹਨ ਕਿ ਭਾਈ ਗੁਰਦਾਸ ਜੀ ਨੇ ਖੁਲ਼੍ਹ ਕੇ ਗੋਤਾਂ ਦੀ ਵਰਤੌਂ ਕੀਤੀ ਅਤੇ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਨੂੰ ਨਹੀਂ ਵਰਜਿਆ।

ਕੁੱਝ ਸੱਜਣ ਸ਼ਾਇਦ ਇਹ ਕਹਿਣ ਕਿ ਕੁਰਹਿਤਾਂ ਦਾ ਜ਼ਿਕਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਜਾ ਕੇ ਹੋਇਆ ਅਤੇ ਉਨ੍ਹਾਂ ਨੇ ਗੋਤਾਂ ਦੀ ਵਰਤੌਂ ਤੇ ਪਾਬੰਦੀ ਲਾ ਦਿੱਤੀ। ਇਸ ਸ਼ੰਕਾ ਦੀ ਨਵਿਰਤੀ ਬਚਿਤ੍ਰ ਨਾਟਕ (ਜਿਸ ਨੂੰ ਅਜ ਕਲ਼੍ਹ ਦਸਮ ਗ੍ਰੰਥ ਕਹਿਣ ਲਗ ਪਏ ਹਨ) ਵਿੱਚੋਂ ਸਹਿਜੇ ਹੀ ਕੀਤੀ ਜਾ ਸਕਦੀ ਹੈ। ਸੋ ਅਸੀਂ ਕੁੱਝ ਟੂਕਾਂ ਹੇਠ ਦੇ ਰਹੇ ਹਾਂ।

ਬੇਦੀ ਭਏ ਪ੍ਰਸੰਨ ਰਾਜ ਕਹਿ ਪਾਇਕੈ

ਦੇਤ ਭਯੋ ਬਰਦਾਨ ਹੀਐ ਉਲਸਾਇਕੈ (124)

ਲਵੀ ਰਾਜ ਦੇ ਬਨ ਗਏ ਬੇਦੀਅਨ ਕੀਨੋ ਰਾਜ (125)

ਤਿਨ ਬੇਦੀਅਨ ਕੀ ਕੁਲ ਬਿਖੇ ਪਰਗਟੇ ਨਾਨਕ ਰਾਏ

ਅਬ ਮੈਂ ਕਹੋਂ ਸੁ ਅਪਨੀ ਕਥਾ

ਸੌਢੀ ਬੰਸ ਉਪਜਿਆ ਜਥਾ (112)

ਤਿਹ ਤੇ ਪੁਤਰ ਭਯੋ ਜੋ ਧਾਮਾ,

ਸੋਢੀ ਰਾਏ ਧਰਾ ਤਿਹ ਨਾਮਾ (115)

ਤਾਂ ਤੇ ਪੁਤ੍ਰ ਪੌਤ੍ਰ ਹੋਇ ਆਏ,

ਤੇ ਸੋਢੀ ਸਭ ਜਗਤ ਕਹਾਏ (115)

ਜਿਨੈ ਬੇਦ ਪਠਿਓ ਸੁ ਬੇਦੀ ਕਹਾਏ,

ਤਿਨੈ ਧਰਮ ਕੇ ਕਰਮ ਨੀਕੇ ਚਲਾਏ।

ਕੁਝ ਲੋਕ ਸ਼ਾਇਦ ਇਹ ਕਹਿਣ ਕਿ “ਦਸਮ ਗ੍ਰੰਥ” ਵਿਵਾਦ ਵਾਲਾ ਗ੍ਰੰਥ ਹੈ। ਉਨ੍ਹਾਂ ਦੀ ਗਿਆਤ ਲਈ ਅਸੀਂ ਜ਼ਫਨਰਨਾਮੇ ਦੀ ਹੇਠਲ਼ੀ ਤੁਕ ਪੇਸ਼ ਕਰਦੇ ਹਾਂ ਜਿੱਥੇ ਗੁਰੂ ਜੀ ਆਪ ਬਰਾੜ ਗੋਤ ਦਾ ਜ਼ਿਕਰ ਕਰਦੇ ਹਨ।

ਨ ਜ਼ੱਰਾ ਦਰੀਂ ਰਾਹ ਖ਼ਤਰਾ ਤੁਰਾ ਅਸਤ,

ਹਮਾ ਕੌਮਿ ਬੈਰਾੜ ਹੁਕਮਿ ਮਰਾ ਅਸਤ। (59)

ਗੁਰਸਿਖੀ ਦਾ ਸੋਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਪਰ ਇੱਥੇ ਵੀ’ ਗੋਤ’ ਦੀ ਵਰਤੌਂ ਵਿਰੁਧ ਕੋਈ ਫਤਵਾ ਨਹੀਂ ਦਿੱਤਾ ਗਿਆ ਸਗੋਂ ਇਸ ਨੂੰ ਸਤਿਕਾਰ ਨਾਲ ਵਰਤਿਆ ਗਿਾ ਹੈ। ਹੇਠਲੀਆਂ ਤੁਕਾਂ ਦੇਖੌ

“ਭਲੇ ਅਮਰਦਾਸ ਗੁਣ ਤੇਰੇ

ਤੇਰੀ ਉਪਮਾ ਤੋਹਿ ਬਨਿ ਆਵੈ (ਪੰਨਾ 1396)

ਲਹਿਣੇ ਪੰਥੁ ਧਰਕ ਕਾ ਕੀਆ

ਅਮਰਦਾਸ ਭਲੇ ਕਉ ਦੀਆ (ਪੰਨਾ 1401)

ਤਿਨਿ ਸ੍ਰੀ ਰਾਮਦਾਸ ਸੋਢੀ ਥਿਰ ਥਪਉ (1401)

ਸੋਢੀ ਸ੍ਰਿਸਟ ਸਕਲ ਤਾਰਣ ਕਉ

ਅਬ ਗੁਰ ਰਾਮਦਾਸ ਕਉ ਮਿਲੀ ਬਡਾਈ (ਪੰਨਾ1406)

ਕੁਲਿ ਸੋਢੀ ਗੁਰ ਰਾਮਦਾਸ

ਤਨੁ ਧਰਮੁ ਧੁਜਾ ਅਰਜੁਨੁ ਹਰਿ ਭਗਤਾ (ਪੰਨਾ 1407)

ਗੋਤਾਂ ਨੂੰ ਜ਼ਾਤਾਂ ਆਦਿਕ ਨਾਲ ਜੋੜ ਕੇ ਕਹਿਣਾ ਕਿ ਗੋਤ ਦੀ ਵਰਤੌਂ ਸਿੱਖੀ ਦੇ ਵਿਰੁਧ ਹੈ ਬਿਲਕੁਲ ਮਨ ਮਤ ਹੈ। ਜੇ ਕਰ “ਗੋਤ” ਸਿੱਖ ਧਰਮ ਦੇ ਵਿਰੁਧ ਹੁੰਦੇ ਤਾਂ ਹੋਰ ਕੁਰੀਤੀਆਂ ਵਾਂਗ ਗੁਰੂ ਜੀ “ਗੋਤ” ਦੀ ਵਰਤੌਂ ਨੂੰ ਵੀ ਗੁਰਬਾਣੀ ਵਿੱਚ ਭੰਡਦੇ ਪਰ ਸ੍ਰੀ ਗਰੂ ਗ੍ਰੰਥ ਸਾਹਿਬ ਵਿੱਚ ਅਤੇ ਸਾਰੇ ਸਿਖ ਸਾਹਿਤ ਵਿੱਚ ਕਿਧਰੇ ਵੀ ਗੋਤਾਂ ਦੇ ਵਿਰੁਧ ਕੁੱਝ ਨਹੀਂ ਕਿਹਾ ਗਿਆ। ਜੇ ਗੁਰੂ ਗੋਬਿੰਦ ਸਿੰਘ ਜੀ “ਕੌਮਿ ਸਿੱਖਾਂ” ਦੀ ਥਾਂ” ਕੌਮਿ ਬੈਰਾੜ” ਲਿਖਦੇ ਹਨ ਜਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ” ਸੋਢੀ ਪਾਤਸਾਹ” ਪੜ੍ਹਣ ਵੇਲੇ ਖੋਟ ਨਹੀਂ ਸਮਝਦੇ ਤਾਂ “ਔਜਲਾ ਸਾਹਿਬ” ਜਾਂ “ਸੋਢੀ ਸਾਹਿਬ” ਕਹਿਣ ਵਿੱਚ ਕਿਹੜੀ ਖੋਟ ਆ ਗਈ?

ਗੋਤ ਸਾਨੂੰ ਬਜ਼ੁਰਗਾਂ ਦੀਆਂ ਕਰਨੀਆਂ ਤੇ ਸੂਰਮਤਾਈਆਂ ਦੀ ਯਾਦ ਕਰਵਾਉਂਦੇ ਹਨ। ਇਹ ਗੱਲ ਗੁਰੂ ਜੀ ਆਪ ਲਿਖਦੇ ਹਨ “ਬਾਬਾਣੀਆਂ ਕਹਾਣੀਆਂ ਪੁਤ ਸਪੁਤ ਕਰੇਣਿ” (ਪੰਨਾ 951)। ਗੋਤ ਸਾਨੂੰ ਵਿਅਕਤੀ ਦੀ ਪਛਾਣ ਕਰਵਾਉਂਦੇ ਹਨ। ਜੱਸਾ ਸਿੰਘ ਤਾਂ ਸ਼ੈਂਕੜੇ ਹੀ ਹੋ ਗੁਜ਼ਰੇ ਹਨ ਪਰ ਜਸਾ ਸਿੰਘ ਆਹਲੂਵਾਲੀਆ ਇੱਕੋ ਸੂਰਮਾ ਸੀ। ਇੰਗਲ਼ੈਂਡ ਵਰਗੇ ਦੇਸਾਂ ਵਿੱਚ ਤਾਂ ਫਾਰਮਾਂ ਆਦਿਕ ਵਿੱਚ ਗੋਤ ਲ਼ਿਖਣਾ ਜ਼ਰੂਰੀ ਹੈ। ਇਸ ਵਿੱਚ ਕੋਈ ਸ਼ੰਦੇਹ ਨਹੀ ਕਿ ਸਿੱਖਾਂ (ਖਾਸ ਕਰਕੇ ਅਮ੍ਰਿਤਧਾਰੀ ਸਿਖਾਂ) ਲਈ ਆਪਣੇ ਨਾਂ ਨਾਲ ਸਿੰਘ ਜਾਂ ਕੌਰ ਲਿਖਣਾ ਮਾਣ ਵਾਲੀ ਗਲ ਹੈ ਅਤੇ ਇਸ ਨੂੰ ਤਿਆਗਣਾ ਮਨਮਤ ਹੈ। ਪਰ ਗੋਤਾਂ ਨੂੰ ਜ਼ਾਤਾਂ ਨਾਲ ਮਿਲਾਉਣਾ ਹੋਰ ਵੀ ਵੱਡੀ ਮਨਮਤ ਹੈ।




.