.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧-ਸਟੀਕ

(ਲੋੜੀਂਦੀ ਗੁਰਮਤਿ ਵਿਚਾਰ ਸਹਿਤ) (ਕਿਸ਼ਤ ੪)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਕੁਝ ਵਿਸ਼ੇਸ਼ ਬੇਨਤੀਆਂ- ਹੁਣ ਤੱਕ ਪਉੜੀ ਵਾਰ ਚੱਲਦੀ ਆ ਰਹੀ ਪਰ ਅਤੀ ਸੰਖੇਪ ਵਿਚਾਰ ਦਾ ਉਚੇਚਾ ਮਕਸਦ ਇਕੋ ਹੀ ਹੈ ਤੇ ਉਹ ਮਕਸਦ ਹੈ ਵਾਰਾਂ ਦੇ ਮੂਲ ਨੂੰ ਪਹਿਚਾਨਣਾ। ਜੇ ਕਰ ਅਜਿਹਾ ਨਾ ਹੁੰਦਾ ਤਾਂ “ਸਟੀਕ ਅਤੇ ਗੁਰਮੱਤ ਵਿਚਾਰ ਦਰਸ਼ਨ” ਦਾ ਅਰੰਭ ਕਰਣ ਤੋਂ ਪਹਿਲਾਂ, ਤੇ ਉਹ ਵੀ ਬਿਨਾ ਸਲੋਕਾਂ ਦੇ ਉਚੇਚਾ ਪਉੜੀ ਵਾਰ ਇਸ ਸੰਖੇਪ ਵਿਚਾਰ ਨੂੰ ਵੱਖਰੇ ਤੌਰ `ਤੇ ਦੇਣ ਦੀ ਲੋੜ ਹੀ ਨਹੀਂ ਸੀ। ਤਾਂ ਤੇ ਸਨਿਮ੍ਰ ਬੇਨਤੀ ਹੈ ਕਿ ਇਸ ਲੜੀ ਵਾਰ ਵਿਚਾਰ ਦਾ ਪਠਣ ਕਰਦੇ ਸਮੇਂ ਅਸਾਂ ਨਾਲ ਨਾਲ ਇਹ ਖ਼ਿਆਲ ਵੀ ਰਖਣਾ ਹੈ ਕਿ ਕਿਸੇ ਵੀ ਵਾਰ ਦਾ ਮੂਲ, ਜਗਿਆਸੂ ਨੂੰ ਕੇਵਲ ਇਕੋ ਪਾਸੇ ਭਾਵ ਪਉੜੀ-ਪਉੜੀ ਕਰਕੇ ਆਤਮਕ ਉਚਾਈਆਂ ਵੱਲ ਲਿਜਾਣਾ ਹੀ ਹੈ।

ਦਰਅਸਲ ‘ਸਟੀਕ’ ਅਤੇ ‘ਸਲੋਕਾਂ ਰਹਿਤ’ ਪਉੜੀਆਂ ਦੀ ਅਰੰਭਕ ਤੇ ਅਤੀ ਸੰਖੇਪ ਪਉੜੀ ਵਾਰ ਇਹ ਵਿਚਾਰ ਦੇਣ ਦਾ ਮਕਸਦ ਹੀ ਇਹੀ ਹੈ ਕਿ ਸਪਸ਼ਟ ਹੋਵੇ ਕਿ ਕਿਵੇਂ ਹਰੇਕ ਵਾਰ `ਚ ਮਨੁੱਖਾ ਜੀਵਨ ਨੂੰ, ਗੁਰਦੇਵ ਅਤਿ ਨਿਵਾਣ ਤੋਂ ਚੁੱਕ ਕੇ ਤੇ ਉਹ ਵੀ ਪਉੜੀ ਵਾਰ ਆਤਮਕ ਮੰਡਲਾਂ ਦੀਆਂ ਉਚਾਈਆਂ ਤੇ ਬੁਲੰਦੀਆਂ ਤੱਕ ਪਹੁੰਚਾਉਂਦੇ ਹਨ। ਫ਼ਿਰ ਇਹ ਵਿਸ਼ਾ ਵੀ ਕੇਵਲ ਇਥੇ ਹੀ ਬੱਸ ਨਹੀਂ ਹੁੰਦਾ ਬਲਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” `ਚ ਬਾਣੀ ਜਪੁ ਤੋਂ ਅਰੰਭ ਕਰਕੇ ਸੁਖਮਨੀ ਸਾਹਿਬ ਆਦਿ ਹੋਰ ਜਿੰਨੀਆਂ ਵੀ ਲੰਮੀਆਂ ਤੇ ਪਉੜੀ ਵਾਰ ਰਚਨਾਵਾਂ ਹਨ, ਇਹ ਇਲਾਹੀ ਸੱਚ ਇਨ੍ਹਾਂ ਸਾਰੀਆਂ ਗੁਰਬਾਣੀ ਰਚਨਾਵਾਂ `ਤੇ ਇਕੋ ਜਿਹਾ ਲਾਗੂ ਹੁੰਦਾ ਹੈ।

ਵਾਰਾਂ ਤੇ ਬਾਣੀ ਵਿਚਲੀਆਂ ਲੰਮੀਆਂ ਤੇ ਪਉੜੀ ਵਾਰ ਬਾਕੀ ਰਚਨਾਵਾਂ ਸਬੰਧੀ, ਇਸੇ ਹੀ ਰੱਬੀ ਸੱਚ ਦਾ ਇੱਕ ਪਹਿਲੂ ਹੋਰ ਵੀ ਹੈ ਅਤੇ ਉਸ ਪਹਿਲੂ ਵੱਲ ਵੀ ਖਾਸ ਧਿਆਨ ਦੇਣ ਦੀ ਲੋੜ ਹੈ। ਉਹ ਪਹਿਲੂ ਹੈ ਕਿ ਸੰਸਾਰ ਤਲ `ਤੇ ਜਿਨੀਂਆਂ ਵੀ ਪਉੜੀਆਂ ਜਾਂ ਲਿਫ਼ਟਾਂ ਆਦਿ ਹੁੰਦੀਆਂ ਹਨ ਉਹ ਮਨੁੱਖ ਨੂੰ ਉਪਰੀ ਮੰਜ਼ਿਲ `ਤੇ ਵੀ ਲਿਜਾਂਦੀਆਂ ਹਨ ਤੇ ਵਾਪਿਸ ਜ਼ਮੀਨ `ਤੇ ਵੀ ਲਿਆਉਂਦੀਆਂ ਹਨ। ਕਿਉਂਕਿ ਸੰਸਾਰ ਤਲ `ਤੇ ਵਿਚਰਦਿਆਂ ਮਨੁੱਖ ਦੀ ਮੂਲ ਲੋੜ ਵੀ ਇਹੀ ਤੇ ਇਸੇ ਤਰ੍ਹਾਂ ਦੀ ਹੁੰਦੀ ਹੈ।

ਜਦਕਿ ਮਨੁੱਖਾ ਜੀਵਨ ਦੀ ਸੰਭਾਲ `ਤੇ ਪਉੜੀਆਂ ਵਾਲਾ ਇਹ ਦੋਹਰਾ ਵਿਸ਼ਾ ਲਾਗੂ ਨਹੀਂ ਹੁੰਦਾ। ਗੁਰਬਾਣੀ ਵਿਚਲੀਆਂ ਵਾਰਾਂ ਅਤੇ ਅਜਿਹੀਆਂ ਹੋਰ ਗੁਰਬਾਣੀ ਰਚਨਾਵਾਂ ਦਾ ਮਕਸਦ ਹੀ ਮਨੁੱਖ ਨੂੰ ਗੁਣਾਹਾਂ, ਮਨੱਮਤਾਂ ਤੇ ਵਿਕਾਰਾਂ ਦੀ ਦਲਦਲ ਵਾਲੀ ਜ਼ਿੰਦਗੀ ਅਥਵਾ ਜੀਵਨ ਦੀ ਨਿਵਾਣ ਤੋਂ ਚੁੱਕ ਕੇ ਇਲਾਹੀ ਗੁਣਾਂ ਨਾਲ ਭਰਪੂਰ ਅਨੰਦਮਈ ਤੇ ਮਾਨਸਿਕ ਟਿਕਾਅ ਵਾਲੇ ਮੰਡਲਾਂ `ਚ ਪਹੁੰਚਾਉਣਾ ਹੁੰਦਾ ਹੈ। ਕਿਉਂਕਿ ਮਨੁੱਖਾ ਜਨਮ ਦਾ ਮਕਸਦ ਵੀ ਇਕੋ ਹੀ “ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ” (ਪੰ: ੬੮੭) ਨੂੰ ਪ੍ਰਾਪਤ ਕਰਣਾ ਹੁੰਦਾ ਹੈ। ਇਸ ਲਈ ਕਰਤੇ ਦੀ ਬਖ਼ਸ਼ਿਸ਼ ਨਾਲ, ਮੂਲ ਰੂਪ `ਚ ਹਰੇਕ ਮਨੁੱਖ ਲਈ ਜੀਵਨ ਦਾ ਇਹ ਸਫ਼ਰ ਨਿਵੇਕਲੀ ਕਿਸਮ ਦਾ ਤੇ ਇਕੋ ਪਾਸੇ ਹੁੰਦਾ ਹੈ, ਉਪਰ ਹੇਠਾਂ ਭਾਵ ਦੋ ਪਾਸੇ ਦਾ ਨਹੀਂ।

ਇਹੀ ਕਾਰਨ ਹੈ ਕਿ ਜਿਹੜਾ ਜੀਊੜਾ ਇੱਕ ਵਾਰੀ ਜੀਵਨ ਦੀ ਇਸ ਉੱਚਤਮ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਤਾਂ ਉਹ ਫ਼ਿਰ ਤੋਂ ਵਿਕਾਰਾਂ ਤੇ ਮੋਹ ਮਾਇਆ ਦੀ ਗੰਦਗੀ ਅਤੇ ਦਲ ਦਲ `ਚ ਵਾਪਿਸ ਕਦੇ ਵੀ ਨਹੀਂ ਆੳੇਣਾ ਚਾਹੁੰਦਾ। ਇਹੀ ਕਾਰਨ ਹੈ ਕਿ ਕਰਤੇ ਦੀ ਬਖ਼ਸ਼ਿਸ਼ ਨਾਲ ਜਿਸ ਨੂੰ ਜੀਵਨ ਦੀਆਂ ਅਜਿਹੀਂਆਂ ਵਾਰਾਂ ਰੂਪ ਪਉੜੀਆਂ ਪ੍ਰਾਪਤ ਹੋ ਜਾਂਦੀਆਂ ਹਨ, ਉਹ ਸਚਮੁਚ ਹੀ ਭਾਗਸ਼ਾਲੀ ਹੁੰਦਾ ਹੈ। ਇਹੀ ਕਾਰਨ ਹੈ ਕਿ ਜੀਵਨ ਦਾ ਇਹ ਸਫ਼ਰ ਇੱਕ ਪਾਸੜ ਅਤੇ ਨਿਵੇਕਲੀ ਕਿਸਮ ਦਾ ਹੈ। ਜੀਵਨ ਦੀ ਅਜਿਹੀ ਉੱਚਤਮ ਅਵਸਥਾ ਨੂੰ ਪ੍ਰਾਪਣ ਮਨੁੱਖ ਦੀ ਤਾਂ ਮਾਨਸਿਕ ਅਵਸਥਾ ਹੀ, ਗੁਰਬਾਣੀ ਫ਼ੁਰਮਾਨਾਂ ਅਨੁਸਾਰ ਇਸ ਤਰ੍ਹਾਂ ਦੀ ਤਿਆਰ ਹੋ ਜਾਂਦੀ ਹੈ ਜਿਵੇਂ “ਕਤ ਜਾਈਐ ਰੇ ਘਰ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ” (ਪੰ: ੧੧੯੫) ਜਾਂ “ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ” (ਪੰ: ੪੬੮) ਆਦਿ ਇਸ ਪ੍ਰਥਾਏ ਹੋਰ ਵੀ ਅਨੇਕਾਂ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ।

ਇਸ ਲਈ ਫ਼ਿਰ ਤੋਂ ਮੂਲ ਵਿਸ਼ੇ ਵੱਲ ਵਧਦੇ ਹੋਏ ਹੁਣ ਲੜੀ ਅਨੁਸਾਰ ਪਉੜੀ ਨੰ: ੧੭ ਤੋਂ ਬਾਅਦ ਵਿਸ਼ੇ ਨੁੰ ਪਉੜੀ ਨੂੰ ੧੮ ਤੋਂ ਅਰੰਭ ਕਰਣਾ ਚਾਹਾਂਗੇ। ਜੇਕਰ ਧਿਆਨ ਕੀਤਾ ਜਾਵੇ ਤਾ ਕੱਚੇ ਧਨ ਅਤੇ ਸਾਚੇ ਧਨ ਵਾਲੇ ਚਲਦੇ ਆ ਰਹੇ ਵਿਸ਼ੇ ਨੂੰ ਦ੍ਰਿੜ ਕਰਵਾਉਂਦੇ ਹੋਏ ਪਉੜੀ ਨੰ: ੧੮ `ਚ ਗੁਰਦੇਵ ਇਥੇ ਵੀ ਇਹੀ ਸਪਸ਼ਟ ਕਰ ਰਹੇ ਹਨ ਜਿਹੜਾ ਮਨੁੱਖ ਇੱਕ ਵਾਰੀ ਸਚੇ ਭਾਵ ਆਪਣੇ ਅਸਲੇ ਅਕਾਲ ਪੁਰਖ `ਚ ਅਭੇਦ ਹੋ ਜਾਂਦਾ ਹੈ, ਉਸ ਨਾਲ ਇੱਕ ਮਿਕ ਹੋ ਜਾਂਦਾ ਹੈ ਤਾਂ ਉਹ ਫ਼ਿਰ ਉਸ ਤੋਂ ਅੱਡ ਨਹੀਂ ਹੁੰਦਾ। ਅਜਿਹਾ ਜੀਊੜਾ, ਫ਼ਿਰ ਉਸੇ ਪ੍ਰਭੂ `ਚ ਹੀ ਸਮਾਅ ਜਾਂਦਾ ਹੈ। ਤਾਂ ਤੇ ਪਉੜੀ ਅਨੁਸਾਰ:

(੧੮) ਆਤਮਾ ਲਈ ‘ਭਾਉ’, ਰੂਪ ‘ਭੋਜਨ’ ਸਤਿਗੁਰੂ ਤੋਂ ਹੀ ਮਿਲਦਾ ਹੈ। ਗੁਰੂ ਨੇ ਤ੍ਰੱੁਠ ਕੇ ਜਿਸ ਨੂੰ ਇਹ ਦਾਤਿ ਦੇ ਦਿੱਤੀ ਤਾਂ ਉਸ ਦੀ ਆਤਮਾ ਸਦਾ ਖੇੜੇ `ਚ ਹੀ ਰਹਿੰਦੀ ਹੈ। ਅਜਿਹੀ ਪ੍ਰਾਪਤ ਮਾਨਸਿਕ ਅਵਸਥਾ `ਚ ਮਨੁੱਖ ਦਾ ਕੇਵਲ ਸਰੀਰ ਹੀ ਨਹੀਂ ਬਲਕਿ ਸਰੀਰ ਦਾ ਇੱਕ ਇੱਕ ਰੋਮ ਵੀ ਪ੍ਰਭੂ ਪਿਆਰ `ਚ ਖਿੱਲ ਉਠਦਾ ਹੈ। ਸਫ਼ਲਤਾ ਨੂੰ ਪ੍ਰਾਪਤ ਹੋ ਚੁੱਕੇ ਅਜਿਹੇ ਜੀਵਨ ਦੇ, ਵਿਕਾਰ ਅਤੇ ਮਾਨਸਿਕ ਕਮਜ਼ੋਰੀਆਂ ਨੇੜੇ ਵੀ ਨਹੀਂ ਆਉਂਦੀਆਂ। ਇਹ ਵੀ ਸੱਚ ਹੈ ਕਿ ਫ਼ਿਰ ਅਜਿਹੇ, ਸਤਿਗੁਰੂ ਤੋਂ ਵਰੋਸਾਏ ਜੀਵਨ ਨੂੰ ਪ੍ਰਭੂ ਦਰ `ਤੇ ਕਬੂਲ ਹੋਣ ਤੋਂ ਵੀ ਕੋਈ ਨਹੀਂ ਰੋਕ ਸਕਦਾ।

(੧੯) ਉਪ੍ਰੰਤ ਪਉੜੀ ਨ: ੰ ੧੮ ਨਾਲ ਸਬੰਧਤ ਮਨੁੱਖਾ ਜੀਵਨ ਦੇ ਦੂਜੇ ਪੱਖ ਭਾਵ ਕੱਚੇ ਧਨ `ਚ ਗ੍ਰਸਤ ਜੀਵਨ ਨੂੰ ਹੀ ਸਪਸ਼ਟ ਕਰਦੇ ਹੋਏ ਗੁਰਦੇਵ ਫ਼ੈਸਲਾ ਦਿੰਦੇ ਹਨ ਕਿ ਜਿਹੜੇ ਮਨੁੱਖ, ਮਨੁੱਖਾ ਜਨਮ ਵਾਲੇ ਦੁਰਲਭ ਅਵਸਰ ਨੂੰ ਪਾ ਕੇ ਵੀ ਆਪਣੇ ਜੀਵਨ ਦਾਤੇ, ਕਰਤਾ ਪੁਰਖ ਜੀ ਨਾਲ ਸਾਂਝ ਨਹੀਂ ਪਾਉਂਦੇ ਤੇ ਨਹੀਂ ਜੁੜਦੇ ਉਹ ਜੀਵਨ ਭਰ ਕੂੜ ਦਾ ਵਪਾਰ ਹੀ ਕਰਦੇ ਹਨ। ਇਥੋਂ ਤੱਕ ਕਿ ਸਰੀਰਕ ਮੌਤ ਤੋਂ ਬਾਅਦ ਤਾਂ ਸਰੀਰਾਂ ਨੇ ਇੱਕ ਜਾਂ ਦੂਜੇ ਢੰਗ ਰਾਖ ਤਾਂ ਹੋਣਾ ਹੀ ਹੁੰਦਾ ਹੈ। ਜਦਕਿ ਅਜਿਹੇ ਕੂੜ ਦੇ ਵਪਾਰੀਆਂ ਦੇ ਸਰੀਰ ਤਾਂ ਵਿਕਾਰਾਂ, ਗੁਣਾਹਾਂ `ਚ, ਜੀਊਂਦੇ ਜੀਅ ਵੀ ਰਾਖ ਹੋਏ ਰਹਿੰਦੇ ਹਨ।

ਮੂਲ ਕਾਰਨ ਹੁੰਦਾ ਹੈ ਕਿ ਤ੍ਰਿਸ਼ਨਾ ਦੀ ਅੱਗ, ਅਜਿਹੇ ਕੂੜਿਆਰਾਂ ਦੇ ਜੀਵਨ ਅੰਦਰ ਕਦੇ ਵੀ ਟਿਕਾਅ ਨਹੀਂ ਆਉਣ ਦਿੰਦੀ। ਉਂਜ ਵੀ ਚੂੰਕਿ ਸਾਰਾ ਸੰਸਾਰ ਹੀ ਇਸ ਤ੍ਰਿਸ਼ਨਾ ਦੀ ਅੱਗ `ਚ ਸੜ ਰਿਹਾ ਹੈ। ਇਸੇ ਤੋਂ ਮਨੁੱਖ ਜਿਉਂ ਤ੍ਰਿਸ਼ਨਾ ਦਾ ਬਧਾ, ਲਾਲਸਾਵਾਂ `ਚ ਡੁੱਬਦਾ ਜਾਂਦਾ ਹੈ, ਉਸ ਦੇ ਜੀਵਨ ਅੰਦਰ ਇਹ ਅੱਗ ਹੋਰ ਤੇ ਹੋਰ ਭੜਕਦੀ ਹੈ। ਇਸੇ ਤੋਂ ਅਜਿਹੇ ਮਨੁੱਖ ਕਰਤੇ ਦੇ ਦਰ ਤੋਂ ਵੀ ਧੱਕੇ ਜਾਂਦੇ ਅਤੇ ਮੁੜ ਮੁੜ ਜਨਮ ਮਰਨ ਦੇ ਗੇੜਾਂ `ਚ ਹੀ ਪਏ ਰਹਿੰਦੇ ਹਨ। ਫ਼ਿਰ, ਜੇਕਰ ਇਸ ਅੱਗ ਨੂੰ ਸ਼ਾਂਤ ਕਰਣਾ ਹੋਵੇ ਤਾਂ ਇਸ ਨੂੰ ਕੇਵਲ ਗੁਰੂ ਗਿਆਨ ਰਾਹੀਂ ਹੀ ਬੁਝਾਇਆ ਜਾ ਸਕਦਾ ਹੈ, ਉਂਝ ਨਹੀਂ।

(੨੦) ਇਸ ਤਰ੍ਹਾਂ ਇਸ ਪਉੜੀ ਚ ਗੁਰਦੇਵ ਸਪਸ਼ਟ ਕਰਦੇ ਹਨ ਕਿ ਆਪਣੀ ਇਸ ਤ੍ਰਿਸ਼ਨਾ ਕਾਰਨ ਹੀ ਮਨੁੱਖ ਦਾਤਾਂ ਦੇਣ ਵਾਲੇ ਦਾਤੇ ਨੂੰ ਭੁਲਾਅ ਦਿੰਦਾ ਹੈ। ਕਰਤੇ ਦੀਆਂ ਬਖ਼ਸ਼ੀਆਂ ਦਾਤਾਂ ਤੇ ਧੰਦਿਆਂ `ਚ ਉਲਝਿਆ ਰਹਿਕੇ ਜਨਮ ਨੂੰ ਬਿਰਥਾ ਕਰ ਦਿੰਦਾ ਹੈ। ਜਦਕਿ ਮਨੁੱਖ ਨੇ ਗੁਰੂ-ਸ਼ਬਦ ਦੀ ਕਮਾਈ ਰਾਹੀਂ ਇਨ੍ਹ੍ਰਾਂ ਦਾਤਾਂ ਰਸਤੇ ਹੀ, ਦਾਤਾਂ ਦੇਣ ਵਾਲੇ ਦਾਤੇ ਦੀ ਪਹਿਚਾਣ ਕਰਣੀ ਹੁੰਦੀ ਹੈ। ਇਸ ਲਈ ਸਮਝਣਾ ਇਹ ਹੈ ਕਿ ਮਨੁੱਖ ਇਸ ਸੰਸਾਰ `ਚ ਰਹਿਣ ਲਈ ਨਹੀਂ ਆਇਆ। ਫ਼ਿਰ ਕੇਵਲ ਉਸ ਦਾ ਸਰੀਰ ਹੀ ਨਹੀਂ, ਬਲਕਿ ਸੰਸਾਰ ਵੀ ਬਿਨਸਨਹਾਰ ਹੈ। ਇਸ ਲਈ ਇਸ ਸਰੀਰ ਦਾ ਤਾਂ ਕਿਸੇ ਸਮੇਂ ਵੀ ਅੰਤ ਹੋ ਜਾਣਾ ਹੈ। ਜਦਕਿ ਜੀਵਨ ਦੀ ਅਸਲੀਅਤ ਤੇ ਉਸ ਦੀਆਂ ਦਾਤਾਂ ਦੀ ਯੋਗ ਵਰਤੋਂ ਸ਼ਬੰਧੀ ਸਮਝ, ਕੇਵਲ ਸ਼ਬਦ-ਗੁਰੂ ਦੀ ਮਿਹਰ ਅਤੇ ਕਮਾਈ ਤੋਂ ਹੀ ਆਉਂਦੀ ਹੁੰਦੀ ਹੈ।

(੨੧) ਫ਼ਿਰ ਵੀ ਹੁੰਦਾ ਇਸ ਦੇ ਉਲਟ ਹੀ ਹੈ। ਮਨੁੱਖ ਆਪਣੀਆਂ ਪਿਛਲੀਆਂ ਬਣੀਆਂ ‘ਵਾਦੀਆਂ’ `ਚ ਹੀ ਉਲਝਿਆ ਰਹਿੰਦਾ ਹੈ। ਬਹੁਤਾ ਕਰੇ ਤਾਂ ਧਾਰਮਿਕ ਪੁਸਤਕਾਂ ਦੇ ਪਾਠ, ਵਖਿਆਨ ਤੇ ਧਾਰਮਿਕ ਭੇਖਾਂ `ਚ ਹੀ ਅਟਕਿਆ ਰਹਿ ਜਾਂਦਾ ਹੈ। ਜਦਕਿ ਜੀਵਨ ਨੂੰ ਸਫ਼ਲ ਕਰਣ ਲਈ ਇਨ੍ਹਾਂ ਤਮਾਮ ਵਾਦੀਆਂ `ਚੋਂ ਨਿਕਲ ਕੇ, ਕਰਤੇ ਦੀ ਸਿਫ਼ਤ ਸਲਾਹ (ਨਾਮ) `ਚ ਲੀਨ ਹੋਣ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਸਤਿਗੁਰੂ ਦੇ ਸ਼ਬਦ ਗ੍ਰੁਰੂ ਦੀ ਕਮਾਈ ਰਾਹੀਂ, ਪ੍ਰਭੂ `ਚ ਚਿੱਤ ਨੂੰ ਜੋੜਣਾ ਹੈ।

(੨੨) ਮਨੁੱਖ ਨੇ ਪ੍ਰਭੂ ਨਾਲ ਪਿਆਰ ਕਿਵੇਂ ਪਾਉਣਾ ਹੈ ਤੇ ਉਸ `ਚ ਚਿੱਤ ਕਿਵੇਂ ਜੋੜਣਾ ਹੈ? ਗੁਰਦੇਵ ਵਿਸ਼ੇ ਨੂੰ ਸਪਸ਼ਟ ਕਰਣ ਲਈ ਪਤੀ ਪਤਨੀ ਦੀ ਸੰਸਾਰਿਕ ਮਿਸਾਲ ਦਿੰਦੇ ਹਨ। ਫ਼ੁਰਮਾਉਂਦੇ ਹਨ, ਜੇ ਕਰ ਜੀਵ ਇਸਤ੍ਰੀ ਕੇਵਲ ਪ੍ਰਭੂ ਪਤੀ ਦੇ ਪਿਆਰ `ਚ ਹੀ ਰੰਗੀ ਰਵੇ ਤਾਂ ਇਹ ਵੀ ਪ੍ਰਭੂ ਪਤੀ ਦੇ ਪਿਆਰ ਦੀ ਹੱਕਦਾਰ ਬਣ ਜਾਂਦੀ ਹੈ। ਉਸ ਨੂੰ ਇਹ ਵੀ ਸਮਝ ਆ ਜਾਵੇਗੀ ਕਿ ਪ੍ਰਭੂ ਪਤੀ ਨੂੰ ਵਿਸਾਰ ਕੇ ਸੰਸਾਰਕ ਮੋਹ ਮਾਇਆ ਤੇ ਪ੍ਰਭੂ ਦੀਆਂ ਦਾਤਾਂ `ਚ ਖਚਤ ਹੋਣਾ ਹੀ ਮਨੁੱਖਾ ਜਨਮ ਲਈ ਲਾਹਣਤ ਹੈ ਅਤੇ ਇਸ ਮਨੁੱਖ ਨੂੰ ਧ੍ਰਿਗਾਕਾਰ ਵੀ ਹੈ। ਇਸ ਦੇ ਉਲਟ ਜੇਕਰ ਮਨੁੱਖਾ ਜਨਮ ਨੂੰ ਸਆਰਣਾ ਹੈ ਤਾਂ ਉਸ ਦੇ ਲਈ ਇਕੋ ਰਾਹ ਹੈ ਅਤੇ ਉਹ ਰਾਹ ਹੈ ਸ਼ਬਦ ਗੁਰੂ ਦੀ ਕਮਾਈ ਰਾਹੀਂ ਜੀਵਨ ਨੂੰ ਪ੍ਰਭੂ ਕਰਤੇ ਦੀ ਸਿਫ਼ਤ ਸਲਾਹ `ਚ ਗੜੁੱਚ ਕਰਣਾ।

(੨੩) ਇਸ ਤਰ੍ਹਾਂ ਜਿਹੜੀ ਜੀਵ ਇਸਤ੍ਰੀ ਪ੍ਰਭੂ ਦੀ ਸਿਫ਼ਤ ਸਲਾਹ `ਚ ਗੜੁੱਚ ਹੋ ਜਾਂਦੀ ਹੈ ਉਸ ਦੇ ਜੀਵਨ `ਚ ਮਨ ਕਰਕੇ ਖੇੜਾ, ਟਿਕਾਅ ਤੇ ਸਦੀਵੀ ਅਨੰਦ ਆ ਜਾਂਦਾ ਹੈ। ਅਜਿਹੀ ਜੀਵ ਇਸਤ੍ਰੀ ਇਤਨੀ ਵਧ ਬਲਸ਼ਾਲੀ ਹੋ ਜਾਂਦੀ ਹੈ ਕਿ ਆਪਣੇ ਜੀਵਨ ਅੰਦਰੋਂ ਵਿਕਾਰਾਂ ਨੂੰ ਵੀ ਬਾਹਰ ਕੱਢਣ ਯੋਗ ਹੋ ਜਾਂਦੀ ਹੈ ਤੇ ਬਦਲੇ `ਚ ਇਲਾਹੀ ਗੁਣ ਉਸ ਦੇ ਜੀਵਨ ਦਾ ਸ਼ਿੰਗਾਰ ਬਣ ਜਾਂਦੇ ਹਨ। ਅਜਿਹੀ ਜੀਵ ਇਸਤ੍ਰੀ ਅਕੱਥ ਕਰਤੇ ਦੀਆਂ ਸਿਫ਼ਤਾਂ ਗਾਉਣ ਕਰਕੇ, ਕਰਤੇ ਦੇ ਦਰ `ਤੇ ਵੀ ਕਬੂਲ ਹੋ ਜਾਂਦੀ ਹੈ।

ਨੋਟ- ਇਸ ਤੋਂ ਅੱਗੇ ਪਉੜੀ ਨੰਬਰ ੨੪, ੨੫, ੨੬ ਤੇ ੨੭ ਸਬੰਧੀ ਵਿਸ਼ੇਸ਼ ਧਿਆਨ ਦੇਣਾ ਹੈ। ਇਹ ਪਉੜੀਆਂ ਨੰਬਰਵਾਰ ਇਸ ਤਰ੍ਹਾਂ ਹਨ:- ਪਉੜੀ ੨੪ ਵਾਰ ਦੀ ਸਮਾਪਤੀ ਸੂਚਕ ਪਉੜੀ ਹੈ ਤੇ ਸਾਰੀ ਵਾਰ ਦਾ ਨਿਚੋੜ ਹੈ। ਉਪ੍ਰੰਤ ਪਉੜੀ ੨੫ ਸਤਿਗੁਰੂ ਅਥਵਾ ਗੁਰੂ ਦੀ ਅਤੇ ਪਉੜੀ ਨੰ: ੨੬ ਅਕਾਲ ਪੁਰਖ, ਦੀ ਉਸਤਤ ਨਾਲ ਸਬੰਧਤ ਹਨ। ਭਾਵ ਇਹ ਦੋ ਪਉੜੀਆਂ ਉਨ੍ਹਾਂ ਦੋ ਹਸਤੀਆਂ ਦੀ ਉਸਤਤ ਨਾਲ ਸਬੰਧਤ ਹਨ ਜੋ ਸਾਰੀ ਵਾਰ ਦੀਆਂ ਮੂਲ ਹਸਤੀਆਂ ਹਨ ਅਤੇ ਜਿਨ੍ਹਾਂ `ਤੇ ਸਾਰੀ ਵਾਰ ਦਾ ਮਜ਼ਮੂਨ ਖੜਾ ਹੈ। ਫ਼ਿਰ ਅੰਤਮ ਪਉੜੀ ਨੰ: ੨੭, ਵਾਰ ਦੀ ਸਮਾਪਤੀ ਸਬੰਧੀ ਗੁਰਦੇਵ ਵੱਲੋਂ ਕਰਤੇ ਅਕਾਲ ਪੁਰਖ ਦੇ ਸ਼ੁਕਰਾਣੇ ਵੱਜੋਂ ਹੈ।

(੨੪) ਤਾਂ ਤੇ ਸਾਰੀ ਵਾਰ ਦਾ ਨਿਚੋੜ ਇਹ ਹੈ ਕਿ ਜਿਹੜੇ ਲੋਗ ਬਾਹਰ ਦੀ ਝਾਕ ਛੱਡ ਕੇ, ਆਪਣੇ ਅੰਦਰ ਵੱਸ ਰਹੇ ਪ੍ਰਭੂ ਦੀ ਪਹਿਚਾਣ ਕਰਦੇ ਹਨ। ਉਨ੍ਹਾਂ ਨੂੰ ਸ਼ਬਦ ਗੁਰੂ ਦੇ ਗਿਆਨ ਰਾਹੀਂ ਸਮਝ ਆ ਜਾਂਦੀ ਹੈ ਕਿ ਕਰਤਾ ਹਰੇਕ ਜੀਵ ਦੇ ਅੰਦਰ ਵੱਸ ਰਿਹਾ ਹੈ। ਇਤਨਾ ਹੀ ਨਹੀਂ, ਕਰਤੇ ਪ੍ਰਭੂ ਦਾ ਵਾਸਾ ਤਾਂ ਸੰਪੂਰਣ ਰਚਨਾ `ਚ ਵੀ ਹੈ ਅਤੇ ਪ੍ਰਭੂ ਆਪਣੀ ਇਸ ਰਚਨਾ ਦੀ ਸੰਭਾਲ ਵੀ ਆਪ ਹੀ ਕਰ ਰਿਹਾ ਹੁੰਦਾ ਹੈ। ਇਸ ਤਰ੍ਹਾਂ ਮਨੁੱਖ ਰਾਹੀਂ ਸਦਾ ਥਿਰ ਸ਼ਬਦ ਗੁਰੂ ਦੇ ਲੜ ਲਗਣ `ਤੇ ਹੀ, ਮਨੁੱਖ ਨੂੰ ਸਮਝ ਆਉਂਦੀ ਹੈ ਕਿ ਜੀਵਨ ਦੇ ਸਾਰੇ ਅਮੁੱਲੇ ਪਦਾਰਥ ਤਾਂ ਕਰਤੇ ਨੇ ਇਸ ਮਨੁੱਖਾ ਸਰੀਰ ਦੀ ਮੱਤ `ਚ ਪਹਿਲਾਂ ਤੋਂ ਹੀ ਸਮੋਏ ਹੋਏ ਹੁੰਦੇ ਹਨ। ਇਸ ਲਈ ਮਨੁੱਖ ਨੁੰ ਆਪਣੀ ਮਾਨਸਿਕ ਸ਼ਾਂਤੀ ਤੇ ਜੀਵਨ ਦੇ ਟਿਕਾਅ ਲਈ ਇਸ ਨੂੰ ਬਾਹਰ ਕਿਧਰੇ ਵੀ ਝਾਕਣ ਦੀ ਲੋੜ ਨਹੀਂ ਹੁੰਦੀ।

ਇਸ ਤਰ੍ਹਾਂ ਅਜਿਹੇ ਲੋਕਾਂ ਦੀ ਮੱਤ ਅੰਦਰ ਜਦੋਂ ਗੁਰੂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਉਨ੍ਹਾਂ ਦੇ ਜੀਵਨ ਅੰਦਰ ਪੂਰਨ ਖਿੜਾਓ ਆ ਜਾਂਦਾ ਹੈ। ਸਪਸ਼ਟ ਹੋ ਜਾਂਦਾ ਹੈ ਕਿ ਜਿਸ ਮਨੁੱਖ ਨੇ ਗੁਰੂ ਗਿਆਨ ਦੀ ਕਮਾਈ ਕਰਕੇ ਜੀਵਨ ਭਰ ਨਿੱਡਰ ਹੋ ਕੇ ਆਪਣਾ ਜਨਮ ਬਿਤਾਉਣਾ ਸੀ, ਉਹੀ ਮਨੁੱਖ ਪ੍ਰਭੂ ਦੀ ਸਿਫ਼ਤ ਸਲਾਹ ਨੂੰ ਵਿਸਾਰ ਕੇ ਅਤੇ ਉਸ ਤੋਂ ਵਾਂਝਾ ਰਹਿਕੇ ਕੇਵਲ ਆਪਣੀ ਹਉਮੈ ਕਾਰਨ, ਹਰ ਸਮੇਂ ਅਤੇ ਜੀਵਨ ਭਰ ਅਕਾਰਨ ਹੀ ਡਰਿਆ ਸਹਿਮਿਆ ਰਹਿੰਦਾ ਹੈ। ਇਸ ਤਰ੍ਹਾਂ ਹਰ ਸਮੇਂ ਬਾਵਰਾ ਹੋਇਆ, ਅਸਲੋਂ ਭੂਤਾਂ ਵਾਲਾ ਜੀਵਨ ਹੀ ਬਤੀਤ ਕਰਦਾ ਹੈ। (ਦਰ ਅਸਲ ਇਹੀ ਹੈ ਇਸ ਸਾਰੀ ਵਾਰ ਦਾ ਨਿਚੋੜ)

(੨੫) ਇਥੇ ਪੁੱਜ ਕੇ ਸਤਿਗੁਰੂ ਅਥਵਾ ਸ਼ਬਦ ਗੁਰੂ ਦੀ ਹਸਤੀ ਬਾਰੇ, ਗੁਰਦੇਵ ਨਿਰਣਾ ਦਿੰਦੇ ਹਨ। ਫ਼ੁਰਮਾਉਂਦੇ ਹਨ ਜਿਨ੍ਹਾਂ ਜੀਊੜਿਆਂ `ਤੇ ਸਤਿਗੁਰੂ ਦਇਆਲ ਹੋ ਜਾਂਦਾ ਹੈ ਤਾਂ ਅਜਿਹੇ ਜੀਵਨਾਂ ਅੰਦਰ, ਜੀਵਨ ਦੇ ਕੱਚੇ ਰਸ ਰਹਿੰਦੇ ਹੀ ਨਹੀਂ। ਅਜਿਹੇ ਜੀਵਨ ਸੰਸਾਰਿਕ ਚਿੰਤਾਂਵਾਂ, ਝੋਰਿਆਂ, ਮੌਤ ਆਦਿ ਦੇ ਡਰਾਂ ਤੋਂ ਵੀ ਮੁਕਤ ਹੋ ਜਾਂਦੇ ਹਨ। ਅਜਿਹੇ ਜੀਵਨਾਂ ਅੰਦਰ ਆਤਮਕ ਦੁਖ ਵੀ ਨਹੀਂ ਰਹਿੰਦੇ ਕਿਉਂਕਿ ਅਜਿਹੇ ਜੀਊੜੇ ਹਰ ਸਮੇਂ ਕਰਤੇ ਦੇ ਰੰਗ `ਚ ਰੰਗੇ ਹੁੰਦੇ ਹਨ। ਅਜਿਹੇ ਜੀਵਨਾਂ `ਤੇ ਵਿਕਾਰ ਵੀ ਹਾਵੀ ਨਹੀਂ ਹੋ ਸਕਦੇ। ਅਜਿਹੇ ਜੀਊੜੇ ਮਨ ਤੇ ਤਨ ਕਰਕੇ ਅਨਂਦਮਈ, ਟਿਕਾਅ ਵਾਲੇ ਜਨਮ ਬਤੀਤ ਕਰਦੇ ਹਨ। ਸਾਰੇ ਦਾ ਮੁੱਖ ਕਾਰਨ ਹੁੰਦਾ ਹੈ ਕਿ ਅਜਿਹੇ ਜੀਊੜੇ ਜੀਊਂਦੇ ਜੀਅ ਕਰਤੇ ਪ੍ਰਭੂ `ਚ ਹੀ ਅਭੇਦ ਹੋ ਚੁੱਕੇ ਹੁੰਦੇ ਹਨ ਉਸੇ `ਚ ਹੀ ਸਮਾਅ ਚੁੱਕੇ ਹੁੰਦੇ ਹਨ। (ਸੰਪੂਰਣ ਪਉੜੀ, ਕੇਵਲ ਸਤਿਗੁਰੂ ਦੀ ਉਸਤਤ `ਚ)

(੨੬) ਗੁਰਦੇਵ ਫ਼ੁਰਮਾਉਂਦੇ ਹਨ ਕਿ ਹੇ ਪ੍ਰਭੂ! ਮੈਂ ਤਾਂ ਤੈਨੂੰ ਸਦਾ ‘ਸੁਬਹਾਨੁ’ ਆਖ-ਆਖ ਕੇ ਹੀ ਵਡਿਆਉਂਦਾ ਹਾਂ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਰਚਨਾ ਦਾ ਮਾਲਿਕ ਤੇ ਹਾਕਿਮ ਹੈਂ ਜਦਕਿ ਬਾਕੀ ਸਾਰੇ ਜੀਵ ਜੰਮਦੇ ਮਰਦੇ ਰਹਿੰਦੇ ਹਨ। ਜੋ ਤੇਰੇ ਕੋਲੋਂ ਤੇਰੀ ਸਿਫ਼ਤ ਸਲਾਹ ਵਾਲੀ ਦਾਤ ਮੰਗਦੇ ਅਤੇ ਉਸ ਦਾਤ ਨੂੰ ਆਪਣੇ ਜੀਵਨ `ਚ ਵਸਾਉਂਦੇ ਹਨ, ਉਹ ਤੇਰੇ ਵਰਗੇ ਹੀ ਹੋ ਜਾਂਦੇ ਹਨ। ਗੁਰੂ ਦੇ ਸ਼ਬਦ ਦੀ ਕਮਾਈ ਕਰਕੇ, ਉਨ੍ਹਾਂ ਨੂੰ ਸਦਾ ਤੇਰੇ ਅੱਟਲ ਹੁਕਮ ਵਾਲੀ ਖੇਡ ਵੀ ਮਿੱਠੀ ਲੱਗਦੀ ਹੈ। ਦਰ ਅਸਲ ਤੇਰੇ ਹੁਕਮ ਵਾਲੀ ਇਸ ਖੇਡ ਨੂੰ ਮੰਨਣ ਨਾਲ ਹੀ ਮਨੁੱਖ ਨੂੰ ਜੀਵਨ ਦੀ ਅਸਲੀਅਤ ਵੀ ਸਮਝ `ਚ ਆਉਂਦੀ ਤੇ ਤੇਰੀ ਬਖ਼ਸ਼ਿਸ਼ ਨਾਲ ਉਨ੍ਹਾਂ `ਚ ਆਤਮਕ ਸਮ੍ਰਥਾ ਵੀ ਪੈਦਾ ਹੁੰਦੀ ਹੈ। ਅਜਿਹੇ ਜੀਊੜਿਆਂ ਦੀ ਜੀਵਨ ਰਹਿਣੀ ਵੀ ਉੱਚੀ ਹੋ ਜਾਂਦੀ ਹੈ ਜੋ ਫ਼ਿਰ ਕਦੇ ਨਿਵਾਣ ਨੂੰ ਨਹੀਂ ਜਾਂਦੀ। (ਇਸ ਤਰ੍ਹਾਂ ਇਹ ਸੰਪੂਰਣ ਪਉੜੀ, ਕੇਵਲ ਕਰਤੇ ਅਕਾਲ ਪੁਰਖ ਦੀ ਉਸਤਤ `ਚ ਹੀ ਹੈ)

ਪ੍ਰਭੂ ਸਦਾ ਹੀ ਬਖ਼ਸ਼ਿਸ਼ਾਂ ਕਰਨ ਵਾਲਾ ਹੈ ਤੇ ਵਧ ਤੋਂ ਵਧ ਬਖ਼ਸ਼ਿਸ਼ਾਂ ਕਰਦਾ ਰਹਿੰਦਾ ਹੈਂ। ਤਾਂ ਤੇ ਕਰਤੇ ਦੇ ਦਰ ਤੋਂ ਸਦਾ ਉਸ ਦੀ ਰਜ਼ਾ `ਚ ਜੀਊਣ ਦੀ ਮੰਗ ਹੀ ਕਰਣੀ ਚਾਹੀਦੀ ਹੈ।

(੨੭) ਵਾਰ ਦੀ ਇਸ ਅੰਤਮ ਪਉੜੀ `ਚ ਗੁਰਦੇਵ ਕਥਨ ਕਰਦੇ ਹਨ ਕਿ ਹੇ ਅਕਾਲ ਪੁਰਖ! ਤੂੰ ਆਪ, ਆਪਣੀ ਬਖ਼ਸ਼ਿਸ਼ ਕਰਕੇ ਮੈਨੂੰ (ਹਉ) ਆਪਣੀ ਸਿਫ਼ਤ ਸਲਾਹ `ਚ ਲਗਾ ਲਿਆ ਹੈ, ਜਦਕਿ ਤੇਰੀ ਸਿਫ਼ਤ ਸਲਾਹ ਤੋਂ ਬਿਨਾ ਇਸ ਮਨੁਖਾ ਜਨਮ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ (ਵੇਕਾਰ)। ਇਹ ਬਖ਼ਸ਼ਿਸ਼ ਵੀ ਤਾਂ ਤੂੰ ਆਪ ਹੀ ਕੀਤੀ ਹੈ ਜੋ ਮੈਨੂੰ ਆਪਣੇ ਦਰ ਤੇ ਕਬੂਲ ਕਰ ਲਿਆ ਹੈ। ਤੂੰ ਮੈਨੂੰ ਆਪਣੀ ਸਿਫ਼ਤ ਸਲਾਹ ਵਾਲਾ ਸਦ ਭੋਜਨ ਬਖ਼ਸ਼ ਦਿੱਤਾ ਹੈ। ਤਾਂ ਤੇ ਜਿਨ੍ਹਾਂ ਜਿਨ੍ਹਾਂ ਨੇ, ਗੁਰੂ ਤੋਂ ਮੱਤ ਲੈ ਕੇ, ਤੇਰੀ ਇਸ ਸਿਫ਼ਤ ਸਲਾਹ ਵਾਲੇ ਭੋਜਨ ਨੂੰ ਰੱਜ ਕੇ ਖਾਦਾ ਹੈ, ਉਨ੍ਹਾਂ ਨੇ ਮਨੁੱਖਾ ਜਨਮ ਦੇ ਸੱਚੇ ਅਨੰਦ ਨੂੰ ਪ੍ਰਾਪਤ ਕਰ ਲਿਆ ਹੈ। ਇਸ ਤਰ੍ਹਾਂ ਜਿਉਂ ਜਿਉਂ ਇਹ ਜੀਵ ਕਰਤੇ ਦੀ ਸਿਫ਼ਤ ਸਲਾਹ `ਚ ਜੁੜਦਾ ਹੈ, ਕਰਤੇ ਦੀ ਸਿਫ਼ਤ ਸਲਾਹ ਰਾਹੀਂ, ਉਹ ਕਰਤੇ ਪ੍ਰਭੂ `ਚ ਹੀ ਅਭੇਦ ਹੋ ਜਾਂਦਾ ਹੈ।

ਨੋਟ- ਤਾਂ ਤੇ ਅੰਤਮ ਚਾਰ ਪਉੜੀਆਂ ੨੪, ੨੫, ੨੬ ਤੇ ੨੭ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਮੂਲ ਰੂਪ `ਚ ਇਸ ਵਾਰ ਦਾ ਮਜ਼ਮੂਨ ਪਉੜੀ ਨੰ: ੨੪ `ਤੇ ਸਮਾਪਤ ਕਰਕੇ ਗੁਰਦੇਵ ਨੇ ਪਉੜੀ ਨੂੰ ੨੫ `ਚ ਅਕਾਲ ਪੁਰਖ ਦੇ ਮਿਲਾਵੇ, ਸਤਿਗੁਰੂ ਅਥਵਾ ਗੁਰੂ ਦੀ ਉਸੱਤਤ ਬਿਆਣੀ ਹੈ। ਉਪ੍ਰੰਤ ਪਉੜੀ ਨੂੰ ੨੬ `ਚ ਕਰਤੇ ਦੀ ਉਸਤੱਤ ਹੈ ਜਦਕਿ ਪਉੜੀ ਨੰ: ੨੭ `ਚ ਵਾਰ ਦੀ ਸਮਾਪਤੀ ਲਈ ‘ਹਉ’ ਲਫ਼ਜ਼ ਨਾਲ ਗੁਰਦੇਵ ਵੱਲੋਂ ਅਕਾਲ ਪੁਰਖ ਦਾ ਸ਼ੁਕਰਾਣਾ ਹੈ। (ਚਲਦਾ) #012 MkV.GVDs04.04.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” BEING LOADED IN ISTTS. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.