.

ਗੁਰਮਤਿ ਸੰਚਾਰ ਦੀ ਸਮਸਿਆ

ਹਾਕਮ ਸਿੰਘ


ਮਨੁੱਖ ਇਕ ਸਮਾਜਕ ਜੀਵ ਹੈ ਅਤੇ ਸਮਾਜ ਤੋਂ ਬਿਨਾ ਮਨੁੱਖੀ ਜੀਵ ਦੀ ਕਲਪਨਾ ਕਰਨੀ ਸੰਭਵ ਨਹੀਂ। ਉਹ ਸਾਰੀ ਉਮਰ ਸਮਾਜ ਵਿਚ ਵਿਚਰਦਾ ਹੈ ਅਤੇ ਸਮਾਜਕ ਬੰਧਨਾਂ ਅਤੇ ਲੋੜਾਂ ਨੂੰ ਸਫਲ ਜੀਵਨ ਦਾ ਆਧਾਰ ਮੰਨਦਾ ਹੈ। ਮਨੁੱਖ ਦੀ ਪਰਵਰਿਸ਼, ਸਿਖਿਆ, ਕੰਮ, ਵਿਹਾਰ, ਵਾਤਾਵਰਣ, ਅਤੇ ਜੀਵਨ ਉੱਦੇਸ਼ ਸਮਾਜਕ ਰੀਤੀ ਰਿਵਾਜ ਨਿਰਧਾਰਤ ਕਰਦੇ ਹਨ ਅਤੇ ਮਨੁੱਖੀ ਸੋਚ ਸਮਾਜਕ ਸੋਚ ਦੇ ਦਾਇਰੇ ਤੱਕ ਸੀਮਤ ਰਹਿੰਦੀ ਹੈ। ਐਸੇ ਸਮਾਜਕ ਜੀਵ ਨੂੰ ਗੁਰਮਤਿ ਸਮਾਜਕ ਪਰਭਾਵ ਤੋਂ, ਜਿਸ ਨੂੰ ਉਹ ਆਪਣੀ ਜਿੰਦ ਜਾਨ ਸਮਝਦਾ ਹੈ, ਮੁਕਤ ਹੋ ਕੇ ਆਪਣੀ ਆਤਮਾ ਆਪਣੇ ਅਸਲੇ ਨੂੰ ਜਾਨਣ ਅਤੇ ਉਸ ਨਾਲ ਇਕ ਮਿਕ ਹੋਣ ਦਾ ਉਪਦੇਸ਼ ਕਰਦੀ ਹੈ। ਗੁਰਮਤਿ ਇਸ ਨੂੰ ਮਨੁੱਖੀ ਜੀਵਨ ਦਾ ਮਨੋਰਥ ਮੰਨਦੀ ਹੈ। ਆਪਣੇ ਅਸਲੇ ਨੂੰ ਜਾਨਣ ਅਤੇ ਉਸ ਨਾਲ ਮਿਲਾਪ ਲਈ ਮਨੁੱਖੀ ਮਨ ਨੂੰ ਆਪਣੇ ਆਪ ਨੂੰ ਸਮਾਜ ਤੋਂ ਹੋੜ ਕੇ ਆਪਣਾ ਧਿਆਨ ਆਪਣੇ ਅੰਦਰ, ਆਪਣੀ ਜੀਵ ਆਤਮਾ ਵਲ ਕੇਂਦਰਤ ਕਰਨਾ ਪੈਂਦਾ ਹੈ। ਮਨ ਲਈ ਆਪਣੇ ਅੰਦਰ ਆਪਣੀ ਆਤਮਾ ਤੱਕ ਪਹੁੰਚ ਕਰਨੀ ਬਹੁਤ ਹੀ ਔਖੀ ਹੈ ਕਿਊਂਕੇ ਮਨ ਅਤੇ ਆਤਮਾ ਵਿਚਕਾਰ ਹਉਮੈ ਦੀ ਦੀਵਾਰ ਖੜ੍ਹੀ ਹੈ ਜਿਸ ਨੂੰ ਪਾਰ ਕਰਨ ਲਈ ਮਨ ਨੂੰ ਆਪਣੇ ਆਪ ਨੂੰ ਜਿਊਂਦੇ ਜੀ ਮਾਰਨਾ, ਜਾਂ ਇਊਂ ਕਹੋ ਕਿ ਆਪਣੀ ਹਉਮੈ, ਹੋਂਦ ਦੇ ਵਿਸ਼ਵਾਸ, ਨੂੰ ਮਿਟਾਉਣਾ ਪੈਂਦਾ ਹੈ, ਜਿਸ ਨੂੰ ਗੁਰਬਾਣੀ “ਸਿਰੁ ਧਰਿ ਤਲੀ ਗਲੀ ਮੇਰੀ ਆਉ” ਆਖਦੀ ਹੈ। ਪਰ ਸਮਾਜ ਵਿਚ ਰਹਿੰਦੇ ਹੋਏ ਆਪਣੀ ਸੁਤੰਤਰ ਹਸਤੀ ਦੇ ਵਿਸ਼ਵਾਸ ਨੂੰ ਮਿਟਾਉਣਾ ਮਨੁੱਖ ਦੇ ਵਸ ਵਿਚ ਨਹੀਂ ਹੁੰਦਾ।

ਪੁਰਾਤਨ ਸਮਿਆਂ ਵਿਚ ਧਾਰਮਕ ਬਿਰਤੀ ਵਾਲੇ ਵਿਅਕਤੀ ਮਨ ਤੇ ਕਾਬੂ ਪਾਉਣ ਲਈ ਆਪਣੇ ਪਰਵਾਰ ਅਤੇ ਸਮਾਜ ਨੂੰ ਤਿਲਾਂਜਲੀ ਦੇ ਕੇ ਜੰਗਲਾਂ ਵਿਚ ਇਕੱਲੇ ਰਹਿ ਕੇ ਜਪ ਤਪ ਕਰਦੇ ਸਨ। ਉਹ ਆਪਣੇ ਸਰੀਰ ਨੂੰ ਤੇ ਸਮਾਜ ਤੋਂ ਦੂਰ ਕਰ ਲਿਆ ਕਰਦੇ ਸਨ ਪਰ ਜਪ ਤਪ ਰਾਹੀਂ ਆਪਣੇ ਮਨ ਤੇ ਕਾਬੂ ਪਾਉਣ ਵਿਚ ਸਫਲ਼ ਨਹੀਂ ਸੀ ਹੋ ਪਾਉਂਦੇ, ਕਿਊਂਕੇ ਸਰੀਰ ਨੂੰ ਸਮਾਜ ਤੋਂ ਦੂਰ ਕਰਨ ਨਾਲ ਮਨ ਮਾਇਆ ਦੇ ਪਰਭਾਵ ਤੋਂ ਮੁਕਤ ਨਹੀਂ ਹੋ ਜਾਂਦਾ। ਸਮਾਜਕ ਜੀਵ ਹੋਣ ਕਾਰਨ ਉਹਨਾਂ ਲਈ ਸਮਾਜ ਤੋਂ ਮੂੰਹ ਮੋੜਨਾ ਕੁਦਰਤ ਦੇ ਨਿਯਮਾਂ ਦੇ ਵਿਪਰੀਤ ਹੁੰਦਾ ਸੀ। ਸਮਾਜ ਛੱਡਣ ਨਾਲ ਭਾਵੇਂ ਐਸੇ ਵਿਅਕਤੀ ਆਪਣੇ ਆਪ ਨੂੰ ਸਮਾਜਕ ਅਤੇ ਪਰਵਾਰਕ ਜ਼ਿਮੇਵਾਰੀਆਂ ਤੋਂ ਮੁਕਤ ਕਰ ਲੈਂਦੇ ਸਨ ਪਰ ਵਿਹਲੇ ਰਹਿ ਕੇ ਸਮਾਜ ਤੇ ਭਾਰ ਬਣੇ ਰਹਿੰਦੇ ਸਨ। ਗੁਰਮਤਿ ਅਜਿਹੇ ਵਿਹਾਰ ਨੂੰ ਅਨਉੱਚਿਤ ਕਰਾਰ ਦਿੰਦੀ ਹੈ। ਗੁਰਮਤਿ ਮਨੁੱਖ ਨੂੰ ਆਪਣੀਆਂ ਸਮਾਜਕ ਅਤੇ ਪਰਵਾਰਕ ਜ਼ਿਮੇਵਾਰੀਆਂ ਨਿਭਾਉਂਦੇ ਹੋਏ ਮਾਇਆ ਦੇ ਪਰਭਾਵ ਤੋਂ ਮੁਕਤ ਹੋਣ ਦਾ ਉਪਦੇਸ਼ ਕਰਦੀ ਹੈ। “ਵਿਚੇ ਗ੍ਰਿਹ ਸਦਾ ਰਹੇ ਉਦਾਸੀ ਜਿਉ ਕਮਲ ਰਹੇ ਵਿਚ ਪਾਣੀ ਹੇ॥“ (ਪੰ: 1010)

ਸਮਾਜਕ ਜੀਵਨ ਦਾ ਆਧਾਰ ਤ੍ਰੈ ਗੁਣੀ ਮਾਇਆ ਹੈ ਅਤੇ ਸਮਾਜਕ ਬੰਧਨਾਂ ਵਿਚ ਵਿਚਰ ਰਹੇ ਮਨੁੱਖ ਦੀ ਸੋਚ ਤੇ ਮਾਇਆ ਦਾ ਕਾਬੂ ਹੈ। ਐਸੇ ਵਾਤਾਵਰਣ ਵਿਚ ਗੁਰਮਤਿ ਦਾ ਗਿਆਨ ਪਰਾਪਤ ਕਰਨ ਲਈ ਸੰਸਾਰਕ ਜਾਣਕਾਰੀ ਪਰਾਪਤੀ ਦੇ ਸਾਧਨ ਬੇਅਰਥ ਸਿੱਧ ਹੁੰਦੇ ਹਨ ਕਿਊਂਕੇ ਗੁਰਮਤਿ ਸੰਸਾਰਕ ਜਾਣਕਾਰੀ ਨਹੀਂ ਹੈ। ਕਬੀਰ ਸਾਹਿਬ ਦੇ ਬਚਨ ਹਨ: “ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰੁ” ( ਪੰ: 335)। ਭਾਵੇਂ ਪਰਮਾਣਕ ਸੰਸਾਰਕ ਅਤੇ ਵਿਗਿਆਨਕ ਜਾਣਕਾਰੀ ਪਰਾਪਤ ਕਰਨ ਲਈ ਵੀ ਮਨੁੱਖ ਨੁੰ ਸਾਲਾਂ ਬੱਧੀ ਅਧਿਐਨ ਕਰਨਾ ਪੈਂਦਾ ਹੈ ਪਰ ਇਸ ਜਾਣਕਾਰੀ ਦਾ ਸਬੰਧ ਮਨੁੱਖੀ ਬੁੱਧੀ ਨਾਲ ਹੁੰਦਾ ਹੈ ਜਦੋਂ ਕਿ ਅਧਿਆਤਮਕ ਗਿਆਨ ਦਾ ਸਬੰਧ ਮਨ ਨਾਲ ਹੁੰਦਾ ਹੈ ਬੁੱਧੀ ਨਾਲ ਨਹੀਂ। ਗੁਰਮਤਿ ਗਿਆਨ ਅਤੇ ਜੀਵਨ ਢੰਗ ਇਕ ਹੀ ਪਰਿਸਥਿਤੀ ਦੇ ਦੋ ਪੱਖ ਹਨ ਕਿਊਂਕੇ ਗੁਰਮਤਿ ਜੀਵਨ ਤੋਂ ਬਿਨਾ ਗੁਰਮਤਿ ਦਾ ਗਿਆਨ ਪਰਾਪਤ ਕਰਨਾ ਸੰਭਵ ਨਹੀਂ ਅਤੇ ਗੁਰਮਤਿ ਦੇ ਗਿਆਨ ਤੋਂ ਬਿਨਾ ਗੁਰਮਤਿ ਜੀਵਨ ਜਾਚ ਨਹੀਂ ਆਉਂਦੀ। ਅਧਿਆਤਮਕ ਗਿਆਨ ਪਰਾਪਤ ਕਰਨ ਲਈ ਮਨ ਨੂੰ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਕੇ ਗਰੈਹਣਸ਼ੀਲ ਹੋਣਾ ਪੈਂਦਾ ਹੈ। ਐਸਾ ਕਰਨਾ ਬਹੁਤ ਕਠਨ ਹੈ। ਇਸ ਲਈ ਬਹੁਤੇ ਸ਼ਰਧਾਲੂ ਬਾਹਰੀ ਧਾਰਮਕ ਚਿੰਨ੍ਹਾਂ, ਰਸਮੀ ਪਾਠ ਪੂਜਾ ਅਤੇ ਪਰਵਾਨਤ ਪਹਿਰਾਵੇ ਨਾਲ ਹੀ ਗੁਰਮਤਿ ਦੇ ਧਾਰਨੀ ਹੋਣ ਦਾ ਭਰਮ ਪਾਲੀ ਰਖਦੇ ਹਨ। ਗੁਰਬਾਣੀ ਦੇ ਕਈ ਵਿਆਖਿਆਕਾਰ ਅਤੇ ਵਿਦਵਾਨ ਵੀ ਗੁਰਮਤਿ ਦੀ ਅਧਿਆਤਮਕ ਵਿਚਾਰਧਾਰਾ ਨੂੰ ਦੁਨਿਆਵੀ ਸੋਚ, ਇਤਹਾਸਕ ਘਟਨਾਵਾਂ ਅਤੇ ਮਿਥਹਾਸਕ ਕਹਾਣੀਆਂ ਨਾਲ ਰਲਗੱਡ ਕਰ ਕੇ ਸ਼ਰਧਾਲੂਆਂ ਦੀਆਂ ਵਿਵੇਕਹੀਣ ਭਾਵਨਾਵਾਂ ਨੂੰ ਉਤੇਜਤ ਕਰ ਕੇ ਉਹਨਾਂ ਨੂੰ ਭਰਮਾਉਂਦੇ ਰਹਿੰਦੇ ਹਨ।

ਗੁਰਮਤਿ ਦੇ ਗਿਆਨ ਦਾ ਪਰਕਾਸ਼ ਨਿਰਮਲ ਮਨ ਵਿਚ ਹੀ ਹੋ ਸਕਦਾ ਹੈ ਪਰ ਗੁਰਮਤਿ ਦੇ ਮੂਲ ਸਿਧਾਂਤ ਤੇ ਵਿਚਾਰ ਕਰਨ ਲਈ ਮਨ ਨੂੰ ਸਾਧਨ ਦੀ ਲੋੜ ਨਹੀਂ ਹੁੰਦੀ ਕੇਵਲ ਵਿਚਾਰ ਕਰਨ ਦੀ ਰੁੱਚੀ ਹੋਣੀ ਚਾਹੀਦੀ ਹੈ ਕਿਊਂਕੇ ਇਹ ਬੌਧਕ ਪਰਕਿਰਿਆ ਹੈ। ਗੁਰਮਤਿ ਦੇ ਮੂਲ ਸਿਧਾਂਤ ਨੂੰ ਅਭਿਵਿਅਕਤ ਕਰਦੇ ਗੁਰਬਾਣੀ ਦੇ ਦੋ ਮੁੱਖ ਉਪਦੇਸ਼ਾਂ ਦਾ ਸੰਖੇਪ ਵਰਨਨ ਕਰਨ ਦਾ ਜਤਨ ਕਰਦੇ ਹਾਂ।

1. ਪਰਭੂ ਇਕ ਹੈ ਅਤੇ ਉਸੇ ਦੀ ਹੋਂਦ ਹੈ। ਸਾਰੀ ਸਰਿਸ਼ਟੀ ਵਿਚ ਕੇਵਲ ਪਰਭੂ ਦੀ ਹੀ ਹੋਂਦ ਹੈ, ਹੋਰ ਕਿਸੇ ਦੀ ਹੋਂਦ ਨਹੀਂ ਹੈ। ਦਿਖਾਈ ਦੇ ਰਹੇ ਸੰਸਾਰ ਦੀ ਹੋਂਦ ਉਸ ਵਿਚ ਪਰਭੂ ਦੇ ਵਾਸ ਕਾਰਨ ਹੈ। ਸੰਸਾਰ ਵਿਚ ਮਨੁੱਖ ਨੂੰ ਪਰਭੂ ਨਜ਼ਰ ਨਹੀਂ ਆਉਂਦਾ ਅਤੇ ਮਨੁੱਖ ਨਿਰੰਤਰ ਬਦਲ ਰਹੇ ਨਾਸਵਾਨ ਝੂਠੇ ਜਗਤ ਨੂੰ ਹੀ ਸੱਚ ਸਮਝਣ ਦਾ ਭਰਮ ਪਾਲੀ ਰਖਦਾ ਹੈ। ਗੁਰਬਾਣੀ ਇਸ ਭੁਲੇਖੇ ਨੂੰ ਦੂਜਾ ਭਾਵ ਆਖਦੀ ਹੈ।
ਪਰਭੂ ਸਾਰੀ ਸਰਿਸ਼ਟੀ ਦਾ ਕਰਤਾ
(Creator) ਹੈ ਅਤੇ ਆਪ ਉਸ ਵਿਚ ਵੱਸ ਰਿਹਾ ਹੈ। ਸਾਰੀ ਸਰਿਸ਼ਟੀ ਉਸ ਦੀ ਆਪਣੀ ਸੂਤਰਬੱਧ ਖੇਡ ਹੈ ਅਤੇ ਇਸ ਖੇਡ ਨੂੰ ਕੇਵਲ ਉਹੋ ਜਾਣਦਾ ਹੈ। ਉਹ ਬੇਅੰਤ ਹੈ ਅਤੇ ਮਨੁੱਖੀ ਬੁੱਧੀ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੀ। ਉਹ ਦਿਆਲੂ ਕਿਰਪਾਲੂ ਹੈ ਅਤੇ ਸਾਰੀ ਸਰਿਸ਼ਟੀ ਦੀ ਨੇਮਬੱਧ ਢੰਘ ਨਾਲ ਦੇਖ ਭਾਲ ਕਰਦਾ ਹੈ।

2. ਉਪਰ ਦਿੱਤੇ ਉਪਦੇਸ਼ ਦਾ ਸੁਭਾਵਕ ਨਤੀਜਾ ਇਹ ਨਿਕਲਦਾ ਹੈ ਕਿ ਮਨੁੱਖ, ਜੋ ਸਰੀਰ, ਮਨ ਅਤੇ ਆਤਮਾ ਦੇ ਸੁਮੇਲ ਦੀ ਉਪਜ ਹੈ, ਉਸ ਦੀ ਆਤਮਾ ਪਰਭੂ ਪਰਮਾਤਮਾ ਦਾ ਅੰਸ਼ ਹੈ। ਇਹ ਮਨੁੱਖਾ ਸਰੀਰ ਵਿਚ ਸ਼ਾਂਤ ਰਹਿੰਦੀ ਹੈ। ਮਨੁੱਖਾ ਸਰੀਰ ਬਿਨਸਣਹਾਰ ਹੈ ਪਰ ਇਸ ਵਿਚ ਆਤਮਾ ਦਾ ਨਿਵਾਸ ਹੋਣ ਕਾਰਨ ਇਹ ਸਾਰੇ ਬ੍ਰਹਿਮੰਡ ਨੂੰ ਆਪਣੇ ਵਿਚ ਸਮੋਈ ਬੈਠਾ ਹੈ। ਸਰੀਰ ਕਰਮ ਧਰਤੀ ਹੈ। ਸਮਾਜ ਦਾ ਭਾਗ ਹੋਣ ਕਾਰਨ ਇਸ ਨੂੰ ਪਰਵਾਰਕ, ਸਮਾਜਕ ਅਤੇ ਸਭਿਆਚਾਰਕ ਜ਼ਿਮੇਵਾਰੀਆਂ ਧਰਮ ਸਮਝ ਕੇ ਨਿਭਾਉਣੀਆਂ ਲੋੜੀਂਦੀਆਂ ਹਨ।
ਮਨ ਜੋਤ ਸਰੂਪ ਹੈ। ਇਹ ਜੀਵ ਆਤਮਾ ਦਾ ਭਾਗ ਹੈ। ਪਰ ਇਹ ਆਪਣੇ ਮੂਲ ਜੀਵ ਆਤਮਾ ਨਾਲੋਂ ਵਿਛੜਿਆ ਹੋਇਆ ਹੈ ਅਤੇ ਮਾਇਆ ਦੇ ਪਰਭਾਵ ਅਧੀਨ ਭਟਕਦਾ ਫਿਰਦਾ ਹੈ। ਮਨ ਦੇ ਕਹਿਣ ਤੇ ਮਨੁੱਖ ਜੋ ਵੀ ਕਰਮ ਕਰਦਾ ਹੈ ਉਸ ਦਾ ਫਲ ਸਰੀਰ ਨੂੰ ਭੁਗਤਣਾ ਪੈਂਦਾ ਹੈ। ਜੀਵ ਆਤਮਾ ਦਾ ਭਾਗ ਹੋਣ ਕਾਰਨ ਮਨ ਮਰਨ ਜਮਣ ਦੇ ਗੇੜ ਤੋਂ ਰਹਿਤ ਹੈ।
ਮਨੁੱਖਾ ਜੀਵਨ ਆਤਮਾ ਨਾਲੋਂ ਵਿਛੜੇ ਮਨ ਨੂੰ ਆਪਣੇ ਅਸਲੇ ਆਤਮਾ ਨਾਲ ਮਿਲਣ ਦਾ ਅਵਸਰ ਪਰਦਾਨ ਕਰਦਾ ਹੈ। ਪਰ ਆਤਮਾ ਨਾਲ ਮਿਲਾਪ ਕਰਨ ਲਈ ਮਨ ਨੂੰ ਆਪਣੇ ਆਪ ਨੂੰ ਸੋਧਣ ਦੀ ਲੋੜ ਹੁੰਦੀ ਹੈ। ਆਪਣੇ ਆਪ ਨੂੰ ਸੋਧਣ ਲਈ ਮਨ ਨੂੰ ਆਪਣੀ ਹਉਮੈ, ਹਸਤੀ ਜਾਂ ਖੁੱਦੀ ਦੇ ਵਿਸ਼ਵਾਸ਼, ਨੂੰ ਤਿਆਗ ਕੇ ਆਪਣੇ ਆਪ ਨੂੰ ਗੁਰੂ ਚਰਨਾਂ ਵਿਚ ਸਮਰਪਤ ਕਰਨ ਦੇ ਸਮਰਥ ਬਨਾਉਣਾ ਪੈਂਦਾ ਹੈ। ਇਹ “ਮੈਂ” ਨੂੰ “ਤੂੰ” ਵਿਚ ਬਦਲਣ ਦੀ ਪਰਕਿਰਿਆ ਹੈ ਜਿਸ ਦਾ ਵਿਸਤਰਤ ਵਰਨਨ ਜਪੁ ਜੀ ਸਾਹਿਬ ਦੀਆਂ 34 ਤੋਂ 37 ਪਉੜੀਆਂ ਵਿਚ ਕੀਤਾ ਗਿਆ ਹੈ। ਇਸ ਸਮਰਥਾ ਦੀ ਪਰਾਪਤੀ ਗੁਰੂ ਦੀ ਕਿਰਪਾ ਅਤੇ ਸਤਸੰਗਤ ਦੇ ਮਿਲਾਪ ਨਾਲ ਹੁੰਦੀ ਹੈ। ਗੁਰੂ ਦੀ ਕਿਰਪਾ ਲਈ ਮਨੁੱਖ ਨੂੰ ਆਪਾ ਵਾਰ ਕੇ ਪਰਭੂ ਅੱਗੇ ਅਰਦਾਸ ਬੇਨਤੀ ਕਰਨੀ ਬਣਦੀ ਹੈ। ਗੁਰੂ ਦੀ ਕਿਰਪਾ ਹੋ ਜਾਵੇ ਤਾਂ ਮਨ ਸਤਸੰਗਤਿ ਵਿਚ ਗੁਰ-ਸ਼ਬਦ ਦੀ ਓਟ ਲੈ ਕੇ ਹਉਮੈ ਤੇ ਕਾਬੂ ਪਾਉਣ ਦੇ ਸਮਰਥ ਹੋ ਜਾਂਦਾ ਹੈ ਅਤੇ ਮਨ ਤੇ ਆਤਮਾ ਵਿਚਕਾਰ ਹਉਮੈ ਦੀ ਵਿੱਥ ਮਿਟ ਜਾਂਦੀ ਹੈ।
ਗੁਰਬਾਣੀ ਵਿਚ ਮਨੁੱਖ ਨੂੰ ਗ੍ਰਿਹਸਤੀ ਜੀਵਨ ਵਿਚ ਕਾਰ ਵਿਹਾਰ ਕਰਦੇ, ਪਰਵਾਰਕ ਜ਼ਿਮੇਵਾਰੀਆਂ ਨਿਭਾਉਂਦੇ, ਅਤੇ ਪਰਭੂ ਦੇ ਹੁਕਮ ਜਾਂ ਭਾਣੇ ਵਿਚ ਜੀਵਨ ਬਤੀਤ ਕਰਦੇ ਹੋਏ ਪਰਭੂ ਨੂੰ ਹਰ ਵੇਲੇ ਯਾਦ ਰਖਣ ਦਾ ਆਦੇਸ਼ ਹੈ। ਇਹਨਾਂ ਦੋ ਮੁੱਖ ਉਪਦੇਸ਼ਾਂ ਨੂੰ ਹੀ ਸਾਰੀ ਗੁਰਬਾਣੀ ਵਿਚ ਦਰਿੜ੍ਹ ਕਰਵਾਇਆ ਗਿਆ ਹੈ ਅਤੇ ਇਹੋ ਦੋ ਵਿਚਾਰ ਗੁਰਮਤਿ ਨੂੰ ਵਿਸ਼ੇਸ਼ਤਾ ਪਰਦਾਨ ਕਰਦੇ ਹਨ ਅਤੇ ਦੂਜੀਆਂ ਅਧਿਆਤਮਕ ਵਿਚਾਰਧਾਰਾਵਾਂ ਤੋਂ ਨਿਵੇਕਲਾ ਬਣਾਉਂਦੇ ਹਨ।

ਭਾਵੇਂ ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਬਾਣੀ ਮਨੁੱਖ ਦੀਆਂ ਪਰਵਾਰਕ, ਸਮਾਜਕ, ਰਾਜਸੀ, ਵਪਾਰਕ ਅਤੇ ਨਿੱਜੀ ਇਛਾਵਾਂ, ਇਰਾਦਿਆਂ, ਅਤੇ ਗਤੀਵਿਧੀਆਂ ਦੀ ਕਿਸੇ ਪਰਕਾਰ ਦੀ ਸਹਾਇਤਾ ਕਰਨ ਦਾ ਕੋਈ ਦਾਹਵਾ ਨਹੀਂ ਕਰਦੀ ਫਿਰ ਵੀ ਡੇਰਿਆ ਦੇ ਮਹੰਤ, ਅਖੌਤੀ ਸੰਤ ਅਤੇ ਗੁਰਦੁਆਰਿਆਂ ਦੇ ਪੁਜਾਰੀ ਅਗਿਆਨੀ ਸ਼ਰਧਾਲੂਆਂ ਦਾ ਗੁਰਬਾਣੀ ਦੇ ਨਾਂ ਤੇ ਸ਼ੋਸ਼ਣ ਕਰੀ ਜਾਂਦੇ ਹਨ। ਮਨ ਅਤੇ ਆਤਮਾ ਦਾ ਮਿਲਾਪ ਇਕ ਨਿੱਜੀ ਪਰਕਿਰਿਆ ਹੈ ਜਿਸ ਵਿਚ ਕਿਸੇ ਹੋਰ ਵਿਅਕਤੀ ਦੀ ਦਖਲ ਅੰਦਾਜ਼ੀ ਦੀ ਕੋਈ ਸੰਭਾਵਨਾ ਨਹੀਂ ਹੈ। ਇਸੇ ਲਈ ਗੁਰਮਤਿ ਵਿਚ ਪੁਜਾਰੀ ਦਾ ਸੰਕਲਪ ਨਹੀਂ ਹੈ ਅਤੇ ਨਾ ਹੀ ਗੁਰਬਾਣੀ ਵਿਚ ਪੁਜਾਰੀ ਪਰਣਾਲੀ ਲਈ ਕੋਈ ਵਿਵਸਥਾ ਕੀਤੀ ਗਈ ਹੈ।
ਗੁਰਮਤਿ ਮਾਨਵਤਾ ਦਾ ਮਾਰਗ ਦਰਸ਼ਨ ਕਰਦੀ ਹੈ। ਇਸ ਲਈ ਗੁਰਮਤਿ ਨੂੰ ਸਮਾਜ ਵਿਚ ਸੰਗਠਿਤ ਹੋ ਕੇ ਵਿਚਰਨ ਦੀ ਲੋੜ ਪੈਂਦੀ ਹੈ। ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਗੁਰੂ ਅੰਗਦ ਦੀ ਪਦਵੀ ਪਰਦਾਨ ਕਰ ਕੇ ਗੁਰਗੱਦੀ ਦੀ ਸਥਾਪਨਾ ਕੀਤੀ ਸੀ ਜਿਸ ਨਾਲ ਗੁਰਮਤਿ ਦਾ ਪੂਰਾ ਸਮਾਜੀਕਰਨ ਹੋ ਗਿਆ ਸੀ, ਅਤੇ ਗੁਮਰਤਿ ਤੇ ਆਧਾਰਤ ਸਿੱਖ ਧਰਮ ਦਾ ਨਿਰਮਾਣ ਹੋ ਗਿਆ ਸੀ। ਇਹ ਸਿੱਖ ਧਰਮ ਦਾ ਸੁਭਾਗ ਹੈ ਕਿ ਦੱਸ ਜਾਮਿਆਂ ਤੀਕਰ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਗੁਰਮਤਿ ਨੀਂਹ ਨੂੰ ਪੱਕਿਆਂ ਕਰ ਕੇ ਹੀ ਗੁਰਤਾ ਸ਼ਬਦ-ਗੁਰੂ ਦੇ ਮੁਜੱਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪੀ। ਗੁਰਮਤਿ ਵਿਚਾਰਧਾਰਾ ਦੇ ਸਮਾਜੀਕਰਣ ਹੁੰਦੇ ਹੀ ਗੁਰਮਤਿ ਦੇ ਸੰਚਾਰ ਨੂੰ ਬਹੁਤ ਕਠਨਾਈਆਂ ਦਾ ਸਾਹਮਣਾ ਕਰਨਾ ਪੈ ਗਿਆ। ਅਧਿਆਤਮਕ ਵਿਚਾਰਧਾਰਾ ਦੇ ਸਮਾਜ ਵਿਚ ਪਰਵੇਸ਼ ਤੇ ਹੀ ਸਮਾਜਕ ਸ਼ਕਤੀਆਂ ਵਲੋਂ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ। ਵਿਰੋਧ ਕਰਨ ਵਾਲਿਆਂ ਵਿਚ ਆਪਣੇ ਧਰਮ ਦੇ ਅਨੁਯਾਈ, ਦੂਜੇ ਧਰਮਾਂ ਦੇ ਆਗੂ, ਅਤੇ ਹਕੂਮਤ ਦੇ ਕਾਰਕੁਨ ਪਰਮੁੱਖ ਹੁੰਦੇ ਹਨ। ਗੁਰਮਤਿ ਨੂੰ ਸਭ ਤੋਂ ਵਧ ਹਾਨੀ ਆਪਣਿਆਂ ਨੇ ਹੀ ਪੁਚਾਈ ਹੈ। ਦੂਜੇ ਧਰਮਾਂ ਦੇ ਆਗੂਆਂ ਨੇ ਤੇ ਆਪਣੇ ਸ਼ਰਧਾਲੁਆਂ ਦੀ ਰਖਿਆ ਲਈ ਗੁਰਮਤਿ ਦਾ ਵਿਰੋਧ ਕਰਨਾ ਹੀ ਸੀ। ਸਰਕਾਰਾਂ ਦੇ ਕੰਨ ਕੱਚੇ ਹੁੰਦੇ ਹਨ। ਉਹਨਾਂ ਨੂੰ ਆਪਣੇ ਵਕਾਰ ਦੀ ਫਿਕਰ ਹੁੰਦੀ ਹੈ ਅਤੇ ਅਸ਼ਾਂਤੀ ਤੋਂ ਡਰ ਲਗਦਾ ਰਹਿੰਦਾ ਹੈ। ਪਰ ਅਖੋਤੀ ਸ਼ਰਧਾਲੂਆਂ ਦੀ ਹਉਮੈ, ਲੋਭ, ਬੇਈਮਾਨੀ ਅਤੇ ਸਵਾਰਥੀ ਰੁੱਚੀ ਨੇ ਗੁਰਮਤਿ ਦੇ ਸੰਚਾਰ ਵਿਚ ਬਹੁਤ ਵਿਘਨ ਪਾਇਆ ਹੈ।
ਗੁਰਮਤਿ ਦੇ ਅਖੌਤੀ ਸ਼੍ਰਧਾਲੂ ਗੁਰਬਾਣੀ ਵਿਚ ਮਿਲਾਵਟ ਕਰਨ ਅਤੇ ਬਾਣੀ ਦੇ ਉਪਦੇਸ਼ ਬਾਰੇ ਸ਼ਰਧਾਲੂਆਂ ਵਿਚ ਭੁਲੇਖੇ ਪਾਉਣ ਦੇ ਨਿਰੰਤਰ ਜਤਨ ਕਰਦੇ ਰਹੇ ਹਨ। ਇਸੇ ਲਈ ਗੁਰੂ ਅਰਜਨ ਸਾਹਿਬ ਨੇ ਬਾਣੀ ਦੀ ਸੰਪਾਦਨਾ ਸਮੇਂ ਗਿਣਤੀ ਮਿਣਤੀ ਅਤੇ ਤਰਤੀਬ ਦੀ ਵਿੱਧੀ ਨਾਲ ਗੁਰਬਾਣੀ ਵਿਚ ਮਿਲਾਵਟ ਦੀ ਸੰਭਵਤਾ ਹੀ ਖਤਮ ਕਰ ਦਿੱਤੀ ਸੀ। ਪਰ ਗੁਰਗੱਦੀ ਦੇ ਦਾਹਵੇਦਾਰ, ਉਹਨਾਂ ਦੀ ਸੰਤਾਨ ਅਤੇ ਹੋਰ ਅਖੌਤੀ ਸ਼ਰਧਾਲੂ ਗੁਰਬਾਣੀ ਵਿਚ ਰਲਾ ਕਰਨ ਤੋਂ ਕਿਥੇ ਪਿੱਛੇ ਹਟਣ ਵਾਲੇ ਸਨ, ਉਹਨਾਂ ਪੋਥੀ ਸਾਹਿਬ ਦੀ ਜਿਲਦਬੰਦੀ ਸਮੇਂ ਅਤੇ ਬਾਅਦ ਵਿਚ ਗੁਰਬਾਣੀ ਵਿਚ ਮਿਲਾਵਟ ਕਰਨ ਦੇ ਕਈ ਜਤਨ ਕੀਤੇ। ਗੁਰਬਾਣੀ ਵਿਚ ਰਾਗਮਾਲਾ ਦੀ ਕੱਚੀ ਬਾਣੀ ਦੀ ਮਿਲਾਵਟ ਅਜਿਹੇ ਜਤਨਾਂ ਦਾ ਹੀ ਸਿੱਟਾ ਹੈ। ਅਤੇ ਹੁਣ ਵਿਦਵਾਨਾਂ ਅਤੇ ਗੁਰਮਤਿ ਦੇ ਸ਼ਰਧਾਲੂਆਂ ਨੂੰ ਕਰਤਾਰਪੁਰੀ ਬੀੜ ਦੇ, ਜੋ ਮੌਲਕ ਪਰਚਾਰੀ ਜਾਂਦੀ ਹੈ, ਅਧਿਐਨ ਅਤੇ ਦਰਸ਼ਨ ਕਰਨ ਦੀ ਸੁਵਿਧਾ ਨਹੀਂ ਦਿੱਤੀ ਜਾ ਰਹੀ ਕਿਊਂਕੇ ਗੁਰ ਪਰਵਾਰਾਂ ਨਾਲ ਸਬੰਧਤ ਵਿਅਕਤੀਆਂ ਨੇ ਉਸ ਨੂੰ ਪੂਜਣਯੋਗ ਵਸਤੂ ਬਣਾਇਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮਿਲਾਵਟ ਕਰਨ ਤੋਂ ਅਸਫਲ ਹੋਏ ਗੁਰਮਤਿ ਵਿਰੋਧੀਆਂ ਨੇ ਇਕ ਹੋਰ ਵੱਡਾ ਗ੍ਰੰਥ ਰਚ ਕੇ ਉਸ ਨੂੰ ਦਸਮ ਗ੍ਰੰਥ ਵਜੋਂ ਪਰਚਾਰਨਾ ਸ਼ੁਰੂ ਕੀਤਾ ਹੋਇਆ ਹੈ।
ਗੁਰਮਤਿ ਅਨੁਸਾਰ ਬਾਣੀ ਗੁਰੂ ਹੈ ਅਤੇ ਗ੍ਰੰਥ ਸਾਹਿਬ ਸ਼ਬਦ-ਗੁਰੂ ਦਾ ਨਿਵਾਸ ਸਥਾਨ ਹੈ। ਸਿੱਖ ਸਤਕਾਰ ਵਜੋਂ ਮੱਥਾ ਆਪਣੇ ਗੁਰੂ ਨੂੰ ਟੇਕਦੇ ਹਨ ਅਤੇ ਗੁਰੂ ਸ਼ਬਦ-ਗੁਰੂ ਦੇ ਰੂਪ ਵਿਚ ਪਵਿਤਰ ਗ੍ਰੰਥ ਸਾਹਿਬ ਵਿਚ ਸਸ਼ੋਭਤ ਹਨ। ਗੁਰਵਾਕ ਹਨ:

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥
ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖਿ ਗੁਰੂ ਨਿਸਤਾਰੇ॥ (ਪੰ: 982)
ਇਕਾ ਬਾਣੀ ਇਕੁ ਗੁਰੁ ਇਕੋ ਸਬਦ ਵੀਚਾਰਿ॥ (ਪੰ: 646)
ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ॥ (ਪੰ: 1226)


ਗੁਰਮਤਿ ਦੇ ਸੰਚਾਰ ਸਾਧਨਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪਾਠ, ਗੁਰਬਾਣੀ ਕੀਰਤਨ ਅਤੇ ਗੁਰ-ਸ਼ਬਦ ਦੀ ਵਿਆਖਿਆ ਪਰਮੁੱਖ ਹਨ। ਇਹ ਤਿੰਨੋ ਸਾਧਨ ਹੁਣ ਕਿੱਤਾ ਬਣ ਚੁਕੇ ਹਨ। ਪਾਠੀ, ਰਾਗੀ ਅਤੇ ਪਰਚਾਰਕਾਂ ਨੇ ਆਪਣੀਆਂ ਸੇਵਾਵਾਂ ਲਈ ਉਚੱਤ ਮੇਹਨਤਾਨਾ ਨਿਰਧਾਰਤ ਕੀਤਾ ਹੋਇਆ ਹੈ ਜਿਸ ਨਾਲ ਸਿੱਖ ਧਰਮ ਵਿਚ ਪੁਜਾਰੀਵਾਦ ਆਪਣੀਆਂ ਜੜਾਂ ਫੈਲਾਉਣ ਦੇ ਸਮਰਥ ਬਣਦਾ ਜਾ ਰਿਹਾ ਹੈ। ਪਾਠ ਅਤੇ ਕੀਰਤਨ ਹੁਣ ਬਹੁਤ ਹੱਦ ਤੱਕ ਸਮਾਜਕ ਰਸਮ ਅਤੇ ਜਸ਼ਨ ਬਣ ਗਏ ਹਨ, ਅਤੇ ਧਰਮ ਪਰਚਾਰ ਸਿਆਸਤ ਅਤੇ ਵਪਾਰ ਦਾ ਮਾਧਿਅਮ ਬਣਦਾ ਜਾ ਰਿਹਾ ਹੈ।
ਗੁਰਮਤਿ ਸੰਚਾਰ ਸਾਧਨਾਂ ਵਿਚ ਰਹਿਤ ਮਰਯਾਦਾ ਦਾ ਵਿਸ਼ੇਸ਼ ਸਥਾਨ ਹੈ। ਪਰ ਜਿਸ ਮਰਯਾਦਾ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਖੁਲ੍ਹ ਹੋਵੈ ਉਹ ਕੈਸੀ ਮਰਯਾਦਾ ਹੈ? ਵੇਖਣ ਵਿਚ ਆਇਆ ਹੈ ਕਿ ਰਹਿਤ ਮਰਯਾਦਾ ਦੀ ਬੇਝਿਜਕ ਉਲੰਘਣਾ ਕਰਨ ਦੀ ਪਿਰਤ ਪੈ ਚੁੱਕੀ ਹੈ। ਡੇਰੇਦਾਰ ਤੇ ਮਨ ਮਰਜ਼ੀ ਦੀ ਰਹਿਤ ਮਰਯਾਦਾ ਚਲਾਉਂਦੇ ਹੀ ਹਨ। ਪਰ ਕਈ ਵੇਰ ਪਰਵਾਰਾਂ ਦੇ ਸਮਾਗਮਾਂ ਵਿਚ ਵੀ ਰਹਿਤ ਮਰਯਾਦਾ ਦੇ ਨਿਯਮਾਂ ਦੀ ਚੋਣ ਕੀਤੀ ਜਾਂਦੀ ਹੈ, ਅਤੇ ਜੇਕਰ ਪਰਵਾਰ ਸਨਮਾਨਤ ਹੋਵੇ ਤਾਂ ਉਹਨਾਂ ਦੀ ਮਰਜ਼ੀ ਹੀ ਮਰਯਾਦਾ ਬਣ ਜਾਂਦੀ ਹੈ।
ਜਲਸੇ, ਜਲੂਸ, ਆਤਸ਼ ਬਾਜ਼ੀ, ਦੀਵਿਆਂ ਦੀ ਰੋਸ਼ਨੀ, ਖੇਡ ਤਮਾਸ਼ੇ, ਰਾਜਸੀ ਪਾਰਟੀਆਂ ਦੇ ਇਕੱਠ ਅਤੇ ਸਿਆਸੀ ਤਕਰੀਰਾਂ, ਦੁਧ ਨਾਲ ਥਾਵਾਂ ਅਤੇ ਨਿਸ਼ਾਨ ਸਾਹਿਬ ਦੀ ਧੁਲਾਈ, ਅਤੇ ਹੋਰ ਅਨੇਕਾਂ ਸਮਾਜਕ ਕਿਰਿਆਵਾਂ ਨੂ ਧਾਰਮਕ ਮਹਤੱਤਾ ਦੇਣ ਦਾ ਪਰਯਾਸ ਕੀਤਾ ਜਾਂਦਾ ਹੈ। ਵੇਖਣ ਵਿਚ ਆਇਆ ਹੈ ਕਿ ਮੜ੍ਹੀਆਂ ਮਸਾਣਾਂ ਦੀ ਪੂਜਾ ਕਰਨ ਦੇ ਵਿਰੋਧੀ ਭਵਨਾਂ, ਤਖਤਾਂ, ਸ਼ਸਤਰਾਂ ਅਤੇ ਨਿਸ਼ਾਨਾਂ ਨੂੰ ਪੂਜਦੇ ਫਿਰਦੇ ਹਨ। ਹੈਰਾਨੀ ਤੇ ਉਦੋਂ ਹੁੰਦੀ ਹੈ ਜਦੋਂ ਅਕਾਲ ਤਖਤ ਦੇ ਹੁਕਮਨਾਮਿਆਂ ਦੀ ਵਿਰੌਧਤਾ ਕਰਨ ਵਾਲੇ ਵੀ ਅਖੋਤੀ ਅਕਾਲ ਤਖਤ ਦੇ ਜੱਥੇਦਾਰ ਨੂੰ ਸਿੱਖ ਧਰਮ ਨਾਲ ਸਬੰਧਤ ਮਾਮਲਿਆਂ ਵਿਚ ਦਖਲ ਅੰਦਾਜ਼ੀ ਕਰਨ ਲਈ ਹੱਥ ਜੋੜ ਬੇਨਤੀਆਂ ਕਰਦੇ ਹਨ। ਕੀ ਉਹ ਨਹੀਂ ਜਾਣਦੇ ਕਿ ਇਹ ਤਖਤ ਸਿੱਖ ਗੁਰਦੁਆਰਾਜ਼ ਐਕਟ ਵਿਚ ਇਕ ਇਤਹਾਸਕ ਗੁਰਦੁਆਰਾ ਹੈ ਅਤੇ ਇਸ ਦੇ ਪ੍ਰਬੰਧਕਾਂ ਨੂੰ ਐਕਟ ਅਧੀਨ ਕੋਈ ਵਿਸ਼ੇਸ਼ ਅਧਿਕਾਰ ਪਰਾਪਤ ਨਹੀਂ ਹੈ? ਬ੍ਰਿਟਿਸ਼ ਸਰਕਾਰ ਨੇ ਇਸ ਤਖਤ ਨੂੰ ਉਤਪੰਨ ਕੀਤਾ ਸੀ ਅਤੇ ਭਾਰਤ ਸਰਕਾਰ ਨੇ 1984 ਵਿਚ ਇਸ ਨੂੰ ਢਾਹ ਢੇਰੀ ਕਰ ਕੇ ਸਿੱਖਾਂ ਵਿਚ ਇਸ ਦੀ ਪਰਤਿਸ਼ਠਾ ਵਧਾਈ ਹੈ। ਇਸ ਗੁਰਦੁਆਰੇ ਨੂੰ ਕਿਸੇ ਗ਼ੈਬੀ ਸ਼ਕਤੀ ਦਾ ਪ੍ਰਤੀਕ ਸਮਝਣਾ ਇਕ ਵੈਹਮ ਹੈ।

ਸਿੱਖ ਵਿਦਵਾਨ ਅਕਸਰ ਹਿੰਦੂ ਧਰਮ, ਵਿਸ਼ੇਸ਼ ਕਰ ਕੇ ਬ੍ਰਾਹਮਣੀ ਪਰੱਥਾ, ਨੂੰ ਗੁਰਮਤਿ ਦਾ ਸਭ ਤੋਂ ਵੱਡਾ ਵਿਰੋਧੀ ਦੱਸਦੇ ਹਨ। ਹਰ ਇਕ ਧਰਮ ਹੀ ਦੂਜੇ ਧਰਮਾਂ ਦਾ ਵਿਰੋਧ ਕਰਦਾ ਹੈ, ਇਹ ਇੱਕਲੇ ਹਿੰਦੂ ਧਰਮ ਦੀ ਹੀ ਵਿਸ਼ੇਸ਼ਤਾ ਨਹੀਂ ਹੈ। ਪਰ ਗੁਰਮਤਿ ਸੰਚਾਰ ਵਿਚ ਸਭ ਤੋਂ ਵੱਧ ਰੁਕਾਵਟ ਤੇ ਗੁਰਗੱਦੀ ਦੇ ਦਾਹਵੇਦਾਰਾਂ, ਉਹਨਾ ਦੀ ਸੰਤਾਨ, ਉਹਨਾਂ ਦੇ ਹਮਾਇਤਆਿਂ ਅਤੇ ਅਗਿਆਨੀ ਸ਼ਰਧਾਲੂਆਂ ਨੇ ਪਾਈ ਹੈ।
ਗੁਰਮਤਿ ਸੰਚਾਰ ਦੇ ਨਾਂ ਤੇ ਅਪਰਮਾਣਕ ਤੱਥਾਂ ਤੇ ਆਧਾਰਤ ਅਤੇ ਗੁਰਬਾਣੀ ਉਪਦੇਸ਼ ਦੇ ਵਿਰੁਧ ਗੁਰ ਇਤਹਾਸ ਦਾ ਪਰਚਾਰ ਬਹੁਤ ਜ਼ੋਰ ਸ਼ੋਰ ਨਾਲ ਕੀਤਾ ਜਾਂਦਾ ਹੈ। ਅਜਿਹੇ ਮਿਥਹਾਸਕ-ਇਤਹਾਸ ਦੇ ਸੋਮੇ ਜਨਮਸਾਖੀਆਂ, ਗੁਰ ਬਿਲਾਸ, ਗੁਰ ਪ੍ਰਤਾਪ ਸੂਰਜ ਗ੍ਰੰਥ ਅਤੇ ਅਗਿਆਨੀ ਅਖੌਤੀ ਇਤਹਾਸਕਾਰਾਂ ਦੀਆਂ ਰਚਨਾਵਾਂ ਹਨ। ਵੈਸੇ ਤੇ ਗੁਰ ਇਤਹਾਸ ਨਾਲ ਬਹੁਤ ਸਾਰੀਆਂ ਮਿਥਹਾਸਕ ਕਹਾਣੀਆਂ ਜੁੜੀਆਂ ਹੋਇਆਂ ਹਨ, ਪਰ ਇਥੇ ਦੋ ਪ੍ਰਸਿਧ ਇਤਹਾਸਕ ਘਟਨਾਵਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੰਦਰਭ ਵਿਚ ਵਿਆਖਿਆ ਕਰਨ ਦਾ ਉਪਰਾਲਾ ਕਰਦੇ ਹਾਂ।
ਪਹਿਲੀ ਘਟਨਾ ਬੰਦਾ ਬਹਾਦਰ ਨਾਲ ਸਬੰਧਤ ਹੈ। ਬੰਦਾ ਬਹਾਦਰ ਨੇ ਪੰਜਾਬ ਵਿਚ ਮਾਰ ਧਾੜ ਕਰ ਕੇ ਮੁਗ਼ਲ ਰਾਜ ਦੇ ਕਈ ਵੱਡੇ ਵੱਡੇ ਟਿਕਾਣੇ ਥੇਹ ਬਣਾ ਛੱਡੇ ਸਨ। ਗੁਰਬਾਣੀ ਬਦਲੇ ਦੀ ਭਾਵਨਾ ਤਹਿਤ ਨਿਰਦੋਸ਼ ਲੋਕਾਂ ਨੂੰ ਮਾਰਨ ਦੀ ਆਗਿਆ ਨਹੀਂ ਦਿੰਦੀ। ਗੁਰਬਾਣੀ ਦੇ ਇਸੇ ਉਪਦੇਸ਼ ਨੂੰ ਮੁੱਖ ਰਖਦੇ ਹੋਏ ਹੀ ਗੁਰੂ ਗੋਬਿੰਦ ਸਿੰਘ ਜੀ ਮੁਗ਼ਲ ਸ਼ਾਸਨ ਨਾਲ ਜੁੱਧ ਛੇੜਣ ਦੀ ਬਜਾਏ ਅੋਰੰਗਜ਼ੇਬ ਨੂੰ ਨੰਦੇੜ ਮਿਲਣ ਗਏ ਸਨ, ਅਤੇ ਬਹਾਦਰ ਸ਼ਾਹ ਦੀ ਸਹਾਇਤਾ ਵੀ ਕੀਤੀ ਸੀ। ਜਿਹੜੇ ਜੁੱਧ ਬੰਦੇ ਬਹਾਦਰ ਨੇ ਕੀਤੇ ਉਹ ਗੁਰੂ ਸਾਹਿਬ ਵੀ ਕਰ ਸਕਦੇ ਸਨ ਪਰ ਉਹਨਾਂ ਐਸਾ ਨਹੀਂ ਕੀਤਾ। ਇਸ ਪਖੋਂ ਬੰਦੇ ਬਹਾਦਰ ਦੇ ਜੁੱਧ ਗੁਰਬਾਣੀ ਦੇ ਉਪਦੇਸ਼ ਅਤੇ ਗੁਰੂ ਸਾਹਿਬ ਦੀ ਨੀਤੀ ਦੇ ਵਿਰੁਧ ਸਨ। ਜੇਕਰ ਬੰਦਾ ਬਹਾਦਰ ਦੇ ਜੁਧਾਂ ਦੇ ਪਰਿਣਾਮ ਨੂੰ ਵਿਚਾਰਿਆ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਬੰਦਾ ਬਹਾਦਰ ਦੇ ਜੁੱਧਾਂ ਕਾਰਨ ਹੀ ਗੁਰਦੁਆਰਿਆ ਤੇ ਉਦਾਸੀ ਅਤੇ ਨਿਰਮਲਿਆਂ ਦੇ ਕਬਜ਼ੇ ਸੰਭਵ ਹੋਏ ਸਨ ਅਤੇ ਮੁਗ਼ਲ ਸਰਕਾਰ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। ਬੰਦਾ ਬਹਾਦਰ ਦੀ ਜੰਗ ਨੇ ਸਿੱਖ ਧਰਮ ਨੂੰ ਤੇ ਕੋਈ ਲਾਭ ਨਹੀਂ ਪੁਚਾਇਆ ਪਰ ਗੁਰਮਤਿ ਵਿਰੋਧੀਆਂ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰ ਛਡੀਆਂ।

ਦੂਜੀ ਘਟਨਾ ਮਹਰਾਜਾ ਰਣਜੀਤ ਸਿੰਘ ਨਾਲ ਸਬੰਧਤ ਹੈ। ਮਹਾਰਾਜ ਰਣਜੀਤ ਸਿੰਘ ਨੇ ਦੂਜੀਆਂ ਸਿੱਖ ਮਿਸਲਾਂ ਨੂੰ ਜੰਗ ਵਿਚ ਹਰਾ ਕੇ ਹੀ ਆਪਣਾ ਰਾਜ ਕਾਇਮ ਕੀਤਾ ਸੀ। ਗੁਰਬਾਣੀ ਐਸਾ ਕਰਨ ਦੀ ਆਗਿਆ ਨਹੀਂ ਦਿੰਦੀ। ਮਹਾਰਾਜੇ ਦੇ ਰਾਜ ਵਿਚ ਗੁਰਮਤਿ ਦੇ ਸੰਚਾਰ ਅਤੇ ਸਿੱਖ ਧਰਮ ਦੇ ਪਰਸਾਰ ਲਈ ਕੋਈ ਵਰਨਨਯੋਗ ਕੰਮ ਨਹੀਂ ਹੋਇਆ। ਜੇਕਰ ਉਸ ਰਾਜ ਵਿਚ ਸਿੱਖੀ ਦੇ ਬੜ੍ਹਾਵੇ ਲਈ ਕੋਈ ਕੰਮ ਨਹੀਂ ਹੋਇਆ ਤਾਂ ਕੀ ਉਸ ਨੂੰ ਸਿੱਖ ਰਾਜ ਆਖਣਾ ਮੁਨਾਸਿਬ ਹੈ? ਮਹਾਰਾਜੇ ਵਲੋਂ ਇਤਹਾਸਕ ਗੁਰਦੁਆਰਿਆਂ ਨੂੰ ਜਗੀਰਾਂ ਦੇਣ ਨਾਲ ਤੇ ਮਹੰਤਾਂ ਦੀ ਸੰਪੱਤੀ ਅਤੇ ਸ਼ਕਤੀ ਵਿਚ ਹੀ ਵਾਧਾ ਹੋਇਆ ਸੀ ਜਿਸ ਨਾਲ ਗੁਰਦੁਆਰਿਆਂ ਵਿਚ ਸਿੱਖੀ ਨੂੰ ਬਦਨਾਮ ਕਰਨ ਵਾਲੀਆਂ ਕਾਰਵਾਈਆਂ ਹੋਣ ਲੱਗ ਪਈਆਂ ਸਨ, ਜਿਹਨਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਨੂੰ ਭਾਰੀ ਕੁਰਬਾਨੀਆਂ ਦੇ ਕੇ ਰੋਕਣਾ ਪਿਆ ਸੀ। ਗੁਰਦੁਆਰਿਆਂ ਵਿਚ ਸੋਨਾ ਜਾਂ ਸੰਗਮਰਮਰ ਲਾਉਣ ਨਾਲ ਵੀ ਸਿੱਖੀ ਦੀ ਬੇਹਤਰੀ ਨਹੀਂ ਹੁੰਦੀ ਕਿਊਂਕੇ ਸਿੱਖੀ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਗੁਰਮਤਿ ਤੇ ਰੱਖੀ ਹੋਈ ਹੈ ਕਿਸੇ ਵਡਮੁਲੇ ਪਦਾਰਥ ਤੇ ਨਹੀਂ। ਸਿੱਖੀ ਦੀ ਬੇਹਤਰੀ ਲਈ ਗੁਰਮਤਿ ਦੇ ਉਪਦੇਸ਼ ਨੂੰ ਅਸਰਦਾਰ ਬਨਾਉਣ ਦੀ ਲੋੜ ਹੁੰਦੀ ਹੈ ਨਾ ਕੇ ਮਾਇਆ ਦੀ। ਮਹਾਰਾਜੇ ਨੇ ਆਪਣੇ ਰਾਜ ਵਿਚ ਗੁਰਬਾਣੀ ਦੇ ਪਰਸਾਰ, ਗੁਰਬਾਣੀ ਦੇ ਸੋਮਿਆਂ ਦੀ ਦੇਖ ਭਾਲ, ਅਤੇ ਗੁਰਮੁਖੀ ਤੇ ਪੰਜਾਬੀ ਸਿਖਿਆ ਲਈ ਕੋਈ ਵਿਸ਼ੇਸ਼ ਵਿਵਸਥਾ ਨਹੀਂ ਕੀਤੀ। ਇਥੋਂ ਤੱਕ ਕਿ ਮਹਾਰਾਜੇ ਦਾ ਦਰਬਾਰੀ ਰਿਕਾਰਡ ਵੀ ਫਾਰਸੀ ਵਿਚ ਰਖਿਆ ਗਿਆ ਅਤੇ ਪੰਜਾਬੀ ਭਾਸ਼ਾ ਯਤੀਮ ਬਣੀ ਰਹੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬੰਦੇ ਬਹਾਦਰ ਦੀਆਂ ਜੰਗਾਂ ਅਤੇ ਮਹਰਾਜਾ ਰਣਜੀਤ ਸਿੰਘ ਦੀ ਨੀਤੀ ਨੇ ਸਿੱਖੀ ਦੀ ਬੁਨਿਆਦ ਨੂੰ ਕਮਜ਼ੋਰ ਹੀ ਕੀਤਾ ਹੈ।
ਹੁਣ ਸੰਪਰਦਾਇਕ, ਸਿਆਸੀ, ਵਪਾਰਕ, ਮਨੋਰੰਜਕ ਅਤੇ ਸਵਾਰਥੀ ਅਨਸਰ ਗੁਰਬਾਣੀ ਨੂੰ ਆਪਣੇ ਸਵਾਰਥ ਲਈ ਵਰਤ ਰਹੇ ਹਨ, ਅਤੇ, ਭਾਵਨਾਵਾਂ ਦੇ ਵਹਿਣ ਵਿਚ ਰੁੜ੍ਹੇ ਜਾਂਦੇ ਸਿੱਖੀ ਦੇ ਅਗਿਆਨੀ ਅਖੌਤੀ ਸ਼ਰਧਾਲੂ ਹਿੰਸਕ ਕਾਰਵਾਈਆਂ ਕਰ ਕੇ ਸਿੱਖੀ ਦਾ ਨਾਂ ਬਦਨਾਮ ਕਰਨ ਵਿਚ ਰੁੱਝੇ ਹੋਏ ਹਨ।
ਗੁਰਮਤਿ ਅਧਿਆਤਮਕ ਵਿਚਾਰਧਾਰ ਅਤੇ ਜੀਵਨ ਜੁਗਤ ਹੈ ਜੋ ਸਿੱਖ ਧਰਮ ਦੇ ਨਿਰਮਾਣ ਦੀ ਨੀਂਹ ਹੈ। ਗੁਰਮਤਿ ਵਿਰੋਧੀ ਸ਼ੁਰੂ ਤੋਂ ਹੀ ਸਿੱਖ ਧਰਮ ਦੇ ਵਿਨਾਸ਼ ਦੀਆਂ ਵਿਊਂਤਾ ਬਣਾਉਂਦੇ ਆ ਰਹੇ ਹਨ। ਉਹਨਾਂ ਨੇ ਹੀ ਸਾਜ਼ਸ਼ ਰਚ ਕੇ ਮੁਗ਼ਲ ਸਰਕਾਰ ਨੂੰ ਸਿੱਖਾਂ ਦੀ ਨਸਲ ਕੁਸ਼ੀ ਦਾ ਆਦੇਸ਼ ਜਾਰੀ ਕਰਨ ਲਈ ਮਜਬੂਰ ਕੀਤਾ ਸੀ। ਪਰ ਸਿੱਖੀ ਦਾ ਵਿਨਾਸ਼ ਕਰਨ ਵਾਲੇ ਵਿਨਾਸ਼ਕਾਰੀਆਂ ਦੇ ਰਾਜ ਭਾਗ ਦਾ ਹੀ ਵਿਨਾਸ਼ ਹੋ ਗਿਆ। ਫਿਰ ਵੀ ਗੁਰਮਤਿ ਦੇ ਵਿਰੋਧੀ ਸਿੱਖ ਸ਼ਰਧਾਲੁਆਂ ਨੂੰ ਗੁਰਮਤਿ ਤੋਂ ਤੋੜਣ ਵਿਚ ਰੁੱਝੇ ਰਹੇ ਅਤੇ ਗੁਰਮਤਿ ਦੇ ਧਾਰਨੀ ਗੁਰਬਾਣੀ ਦੇ ਉਪਦੇਸ਼ ਨੂੰ ਸਮਝਣ ਦਾ ਪਰਯਾਸ ਕਰਦੇ ਰਹੇ। ਐਸੇ ਤਣਾਓ ਪੂਰਬਕ ਵਾਤਾਵਰਣ ਵਿਚ ਸਿੰਘ ਸਭਾ ਲਹਿਰ ਉਤਪੰਨ ਹੋਈ ਜਿਸ ਨੇ ਅਤਿਅੰਤ ਕਠਨਾਈਆਂ ਦੇ ਬਾਵਜੂਦ ਗੁਰਬਾਣੀ ਦੇ ਉਪਦੇਸ਼ ਨੂੰ ਸਮਝਣ ਅਤੇ ਸਪਸ਼ਟ ਕਰਨ ਦਾ ਸ਼ੁਭ ਕਾਰਜ ਆਰੰਭਿਆ। ਗੁਰਦੁਆਰਿਆਂ ਵਿਚ ਸੁਧਾਰ ਲਿਆਉਣ ਦੀ ਭਾਵਨਾ ਦੀ ਉਤਪਤੀ ਸਿੰਘ ਸਭਾ ਲਹਿਰ ਦੀ ਮੇਹਨਤ ਦਾ ਹੀ ਪਰਿਣਾਮ ਸੀ। ਜਦੋਂ ਗੁਰਦੁਆਰਿਆਂ ਦੇ ਸੁਧਾਰ ਲਈ ਲੋਕ ਲਹਿਰ ਉੱਠੀ ਤਾਂ ਗੁਰਮਤਿ ਵਿਰੋਧੀਆਂ ਨੇ ਧਾਰਮਕ ਲਹਿਰ ਦਾ ਸਿਆਸੀਕਰਨ ਕਰ ਕੇ ਅੰਗ੍ਰੇਜ਼ੀ ਸਰਕਾਰ ਨੂੰ ਸਿੱਖਾਂ ਦਾ ਵਿਰੋਧੀ ਬਣਾ ਦਿੱਤਾ। ਅੰਗ੍ਰੇਜ਼ੀ ਸਰਕਾਰ ਦੀ ਸ਼ਕਤੀ ਨੂੰ ਵੀ ਸਿੱਖ ਸ਼ਰਧਾਲੂਆਂ ਅੱਗੇ ਝੁਕਣਾ ਪਿਆ। ਪਰ ਸਿੱਖ ਆਗੂਆਂ ਨੇ ਸਿੱਖ ਗੁਰਦੁਆਰਾਗ਼ ਐਕਟ ਅਧੀਨ ਗੁਰਦੁਆਰਿਆਂ ਦੇ ਪਰਬੰਧ ਲਈ ਇਕ ਕਮੇਟੀ ਦੀ ਸਿਰਜਣਾ ਪਰਵਾਨ ਕਰ ਲਈ, ਜਿਸ ਕਮੇਟੀ ਦੇ ਅਧੀਨ ਗੁਰਦੁਆਰਿਆਂ ਵਿਚ ਅਕਾਲ ਤਖਤ ਨਾਂ ਦਾ ਗੁਰਦੁਆਰਾ ਵੀ ਸ਼ਾਮਲ ਕੀਤਾ ਗਿਆ ਸੀ, ਜਿਸ ਨੂੰ ਪਹਿਲੋਂ ਕੋਈ ਬਹੁਤਾ ਨਹੀਂ ਸੀ ਜਾਣਦਾ।
ਗੁਰੂ ਨਾਨਕ ਸਾਹਿਬ ਦੇ ਪੰਜ ਸੌ ਸਾਲਾ ਜਨਮ ਉਤਸਵ ਤੇ ਪੰਜਾਬੀ ਯੁਨੀਵਰਸਿਟੀ ਵਲੋਂ ਕੀਤੇ ਮਿਆਰੀ ਅਕਾਦਮਿਕ ਪੱਧਰ ਦੇ ਅੰਤਰਰਾਸ਼ਟਰੀ ਸੈਮੀਨਾਰ ਨੇ ਗੁਰਮਤਿ ਵਿਚਾਰਧਾਰਾ ਲਈ ਵਿਸ਼ਵ ਵਿਆਪੀ ਪਰਸਾਰ ਦਾ ਰਾਹ ਖੋਲ੍ਹ ਦਿੱਤਾ ਅਤੇ ਸ਼ਰਧਾਲੂਆਂ ਦੀ ਗੁਰਮਤਿ ਵਿਚਾਰਧਾਰਾ ਵਿਚ ਦਿਲਚਸਪੀ ਵਧਣ ਲੱਗ ਪਈ। ਵੇਖਣ ਵਿਚ ਆਇਆ ਹੈ ਕਿ ਜਿਊਂ ਜਿਊਂ ਸਿੱਖ ਸ਼ਰਧਾਲੂਆਂ ਵਿਚ ਗੁਰਮਤਿ ਪ੍ਰਤਿ ਉਤਸੁਕਤਾ ਵਧਦੀ ਹੈ ਉਸ ਦੇ ਨਾਲ ਨਾਲ ਹੀ ਗੁਰਮਤਿ ਵਿਰੋਧੀ ਸ਼ਕਤੀਆਂ ਦੀ ਸਰਕਾਰਾਂ ਨੂੰ ਸਿਖਾਂ ਵਿਰੁਧ ਕਾਰਵਾਈ ਕਰਨ ਲਈ ਭੜਕਾਉਣ ਦੀ ਰੁੱਚੀ ਵੀ ਵਧਦੀ ਹੈ। 1984 ਦਾ ਗੁਰਦੁਆਰਿਆ ਤੇ ਟੈਂਕਾ ਨਾਲ ਹਮਲਾ ਅਤੇ ਯੋਜਨਾਬੱਧ ਢੰਗ ਨਾਲ ਸਿੱਖ ਪਰਵਾਰਾਂ ਦੀ ਨਸਲਕੁਸ਼ੀ ਇਹਨਾਂ ਸ਼ਕਤੀਆਂ ਦੀ ਗੁਰਮਤਿ ਵਿਚਾਰਧਾਰਾ ਦੇ ਵਧ ਰਹੇ ਪਰਭਾਵ ਨੂੰ ਦਬਾਉਣ ਦੀ ਹੀ ਘਿਨਾਉਣੀ ਹਰਕਤ ਸੀ। ਵਿਚਾਰਧਾਰਾ, ਵਿਸ਼ੇਸ਼ ਕਰ ਕੇ ਅਧਿਆਤਮਕ ਵਿਚਾਰਧਾਰਾ, ਤੋਪਾਂ ਟੈਂਕਾਂ ਨਾਲ ਨਹੀਂ ਦਬਾਈ ਜਾ ਸਕਦੀ। ਗੁਰਮਤਿ ਵਿਚਾਰਧਾਰਾ ਅਤੇ ਉਸ ਤੇ ਉਸਾਰਿਆ ਸਿੱਖ ਧਰਮ ਹੁਣ ਵਿਸ਼ਵ ਵਿਆਪੀ ਹੋ ਗਿਆ ਹੈ। ਅੱਜ ਗੁਰਮਤਿ ਵਿਚਾਰਧਾਰਾ ਨੂੰ ਸੰਸਾਰ ਦੀਆਂ ਦੂਜੀਆਂ ਅਧਿਆਤਮਕ ਵਿਚਾਰਧਾਰਾਵਾਂ ਵਿਚ ਉਤੱਮ ਸਥਾਨ ਪਰਾਪਤ ਹੈ। ਹੁਣ ਜਾਗਰੂਕ ਸਿੱਖ ਜਗਤ ਗੁਰਮਤਿ ਸੰਚਾਰ ਲਈ ਸਿੰਘ ਸਭਾਵਾਂ ਵਲੋਂ ਆਰੰਭੇ ਕਾਰਜ ਨੂੰ ਪੱਕੇ ਪੈਰਾਂ ਤੇ ਖੜ੍ਹਾ ਕਰਨ ਲਈ ਜਤਨਸ਼ੀਲ ਹੈ। ਗੁਰਮਤਿ ਦਾ ਉਦੇਸ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ ਮਾਨਵਤਾ ਨੂੰ ਆਤਮਕ ਗਿਆਨ ਅਤੇ ਜੀਵਨ ਜਾਚ ਪਰਦਾਨ ਕਰਨਾ ਹੈ ਜਿਸ ਲਈ ਜਾਗਰੂਕ ਸਿੱਖ ਸ਼ਰਧਾਲੂਆਂ ਨੂੰ ਮਾਨਵਤਾ ਵਿਚ ਇਹ ਸੰਦੇਸ਼ ਪੁਚਾਣ ਲਈ ਨਿਖੇਧਆਤਮਕ ਰੁੱਚੀ ਤਿਆਗ ਕੇ ਸਮੇਂ ਦੇ ਹਾਣੀ ਬਨਣਾ ਪਵੇਗਾ।




.