.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 05)

ਦੋਹਰਾ: ਗਰਧਬ ਏਕੁ ਮੰਗਾਏ ਕੈ ਚੜ੍ਹਯੋ ਹਰਖ ਮਨਿ ਧਾਰਿ। ਪਾਛੈ ਢੋਲ ਬਜਾਯੋ ਦੇਖੈ ਲੋਕ ਹਜ਼ਾਰ। ੫੦੫। ਰੈਨਿ ਪੰਥ ਬਸਿ ਆਯੋ ਦਧਿਸੁਤਸਰ ਨਿਕਟਾਇ। ਪ੍ਰਿਥਮ ਪਰਿਕ੍ਰਮਾ ਨਗਰ ਕੀ ਲੱਧੇ ਕੀਨ ਬਨਾਇ। ੫੦੬।
ਭਾਵ: ਭਾਈ ਲੱਧਾ ਜੀ ਨੇ ਇੱਕ ਖੋਤਾ ਮੰਗਾਇਆ ਅਤੇ ਉਸ ਉੱਤੇ ਮਨ ਵਿੱਚ ਖ਼ੁਸ਼ੀ ਧਾਰਨ ਕਰਕੇ ਸਵਾਰ ਹੋ ਗਏ। ਆਪਣੇ ਪਿੱਛੇ ਢੋਲ ਬਜਾਉਂਦੇ ਹੋਏ ਅੰਮ੍ਰਿਤਸਰ ਵਲ ਰਵਾਨਾ ਹੋ ਗਏ, ਹਜ਼ਾਰਾਂ ਲੋਕਾਂ ਨੇ ਭਾਈ ਲੱਧਾ ਜੀ ਨੂੰ ਇਸ ਦਸ਼ਾ ਵਿੱਚ ਜਾਂਦਿਆਂ ਹੋਇਆਂ ਦੇਖਿਆ। ਇੱਕ ਰਾਤ ਰਸਤੇ ਵਿੱਚ ਬਤੀਤ ਕਰਕੇ ਅਗਲੇ ਦਿਨ ਭਾਈ ਲੱਧਾ ਜੀ ਅੰਮ੍ਰਿਤਸਰ ਦੇ ਨੇੜੇ ਪਹੁੰਚੇ। ਪਹਿਲਾਂ ਆਪ ਨੇ ਮਰਯਾਦਾ ਅਨੁਸਾਰ ਨਗਰ ਦੀ ਪਰਿਕ੍ਰਮਾ ਕੀਤੀ।
ਚੌਪਈ: ਬਾਜਤ ਢੋਲ ਗਧੇ ਅਸਵਾਰਾ। ਪ੍ਰਵੇਸ ਕੀਯੋ ਤਬ ਨਗਰ ਮਝਾਰਾ। ਕੌਤਕ ਦੇਖਿ ਸਭੈ ਨਰ ਨਾਰੀ। ਲੱਧੇ ਕੀ ਮੁਖਿ ਉਪਮ ਉਚਾਰੀ। ੫੦੭। ਪਰ ਹਿਤਿ ਐਸ ਜਤਨ ਜਿਹ ਕੀਨੋ। ਹਾਨ ਲਾਭ ਚਿਤਿ ਰੰਚ ਨ ਚੀਨੋ। ਸੁਧਾ ਸਰੋਵਰ ਲੱਧਾ ਗਯੋ। ਥੜ੍ਹੇ ਸੁਨੇ ਸ੍ਰੀ ਗੁਰ ਸੁਖੁ ਲਯੋ। ੫੦੮। ਢੋਲ ਬਜਾਵਤ ਤਹਾਂ ਸਿਧਾਯੋ। ਢੋਲ ਸਬਦ ਸ੍ਰੀ ਗੁਰ ਸੁਨਿ ਪਾਯੋ। ਪੂਛਤ ਭਏ ਕੌਨ ਚਲਿ ਆਵੈ। ਬਾਜਤ ਢੋਲ ਭੀਰ ਬਡ ਪਾਵੈ। ੫੦੯। ਤਬ ਲੌ ਲੱਧਾ ਗੁਰ ਨਿਕਟਾਯੋ। ਗਰਧਬ ਪਰਿ ਠਾਢਾ ਸਮੁਹਾਯੋ। ਮੁਹਿ ਕਾਲਾ ਕਰਿ ਮੂੰਡ ਮੁੰਡਾਈ। ਸ੍ਰੀ ਗੁਰ ਕੀ ਮੁਖਿ ਉਪਮਾ ਕਰਾਈ। ੫੧੦।
ਭਾਵ: ਭਾਈ ਲੱਧਾ ਜੀ ਖੋਤੇ ਉੱਤੇ ਅਸਵਾਰ ਹਨ ਅਤੇ ਪਿੱਛੇ ਆਪ ਜੀ ਦੇ ਢੋਲ ਬੱਜ ਰਿਹਾ ਹੈ। ਇਸ ਸਥਿੱਤੀ ਵਿੱਚ ਆਪ ਜੀ ਨੇ ਨਗਰ ਵਿੱਚ ਪ੍ਰਵੇਸ਼ ਕੀਤਾ। ਇਸ ਚੋਜ ਨੂੰ ਦੇਖ ਕੇ ਸਭ ਨਰ ਨਾਰ ਭਾਈ ਲੱਧਾ ਜੀ ਦੀ ਉਸਤਤ ਕਰਨ ਲੱਗ ਪਏ ਕਿ ਦੂਜਿਆਂ ਦੇ ਭਲੇ ਲਈ ਆਪ ਜੀ ਨੇ ਇਹ ਯਤਨ ਕੀਤਾ ਹੈ। ਭਾਈ ਲੱਧਾ ਜੀ ਨੇ ਰਤੀ ਭਰ ਆਪਣੇ ਨਫੇ ਨੁਕਸਾਨ, ਭਾਵ ਮਾਨ ਅਪਮਾਨ ਬਾਰੇ ਰੰਚ-ਮਾਤਰ ਵੀ ਨਹੀਂ ਸੋਚਿਆ। ਭਾਈ ਲੱਧਾ ਜੀ ਪਹਿਲਾਂ ਸਰੋਵਰ ਵਾਲੀ ਥਾਂ ਗਏ। ਇਹ ਸੁਣ ਕੇ ਭਾਈ ਲੱਧਾ ਜੀ ਨੇ ਬੜਾ ਸੁਖ ਅਨੁਭਵ ਕੀਤਾ ਕਿ ਗੁਰੂ ਸਾਹਿਬ ਥੜ੍ਹੇ ਪਾਸ ਸੁਸ਼ੋਭਤ ਹਨ। ਢੋਲ ਵਜਾਉਂਦੇ ਹੋਏ ਆਪ ਉਧਰ ਵਲ ਰਵਾਨਾ ਹੋਏ। ਗੁਰੂ ਅਰਜਨ ਸਾਹਿਬ ਦੇ ਕੰਨੀ ਜਦੋਂ ਢੋਲ ਦੀ ਆਵਾਜ਼ ਪਈ ਤਾਂ ਆਪ ਜੀ ਨੇ ਪਾਸ ਬੈਠੇ ਸਿੱਖਾਂ ਨੂੰ ਪੁੱਛਿਆ ਕਿ ਇਹ ਢੋਲ ਵੱਜਦੇ ਨਾਲ ਲੋਕਾਂ ਦੀ ਇਤਨੀ ਬੇਮੁਹਾਰੀ ਭੀੜ ਇਧਰ ਕਿਧਰ ਆ ਰਹੀ ਹੈ? ਇਤਨੇ ਚਿਰ ਨੂੰ ਭਾਈ ਲੱਧਾ ਜੀ ਗੁਰੂ ਅਰਜਨ ਸਾਹਿਬ ਦੇ ਪਾਸ ਆ ਪਹੁੰਚੇ। ਭਾਈ ਲੱਧਾ ਜੀ, ਜਿਨ੍ਹਾਂ ਨੇ ਆਪਣਾ ਸਿਰ ਮੁੰਨਾ ਕੇ ਮੂੰਹ ਕਾਲਾ ਕੀਤਾ ਹੋਇਆ ਹੈ, ਖੋਤੇ ਉੱਤੇ ਬੈਠੇ ਹੋਏ ਹੀ ਸਤਿਗੁਰੂ ਜੀ ਦੀ ਉਪਮਾ ਕਰਨ ਲੱਗ ਪਏ।
ਨੋਟ: ਲੇਖਕ ਨੇ ਗੁਰੂ ਸਾਹਿਬ ਦੇ ਮੁੱਖੋਂ ਭਾਈ ਬਲਵੰਡ ਅਤੇ ਭਾਈ ਸੱਤੇ ਦੀ ਸਿਫਾਰਸ਼ ਕਰਨ ਵਾਲੇ ਦਾ ਸਿਰ ਮੁੰਡਾਉਣ, ਮੂੰਹ ਕਾਲਾ ਕਰਕੇ ਖੋਤੇ ਉੱਤੇ ਚੜ੍ਹਾ ਕੇ ਨਗਰ ਵਿੱਚ ਫੇਰਨ ਦੀ ਗੱਲ ਤਾਂ ਲਿਖੀ ਹੈ ਪਰ ਖੋਤੇ ਉੱਤੇ ਚੜ੍ਹਾ ਕੇ ਪਿੱੜੇ ਢੋਲ ਬਜਾਉਣ ਦਾ ਪਹਿਲਾਂ ਵਰਣਨ ਨਹੀਂ ਕੀਤਾ ਹੈ।
ਸਵੱਯਾ: ਹੇ ਕਰੁਣਾਨਿਧਿ ਹੇ ਸੁਖਸਾਗਰ, ਅਚੁਤ ਹੇ ਬਿਨਤੀ ਸੁਨਿ ਲੱਯੈ। ਭੂਲ ਛਿਮੋ ਹਮਰੀ ਪ੍ਰਭ ਆਪਹਿ, ਦਾਸੁ ਅਯੋ ਤੁਮਰੀ ਸਰਨੱਯੈ। ਮਾਨ ਲਏ ਪ੍ਰਿਥਮੈ ਬਚ ਆਪ ਕੇ ਅਰਜ ਕਰੋਂ ਇਨਹੂੰ ਸੁਖੁ ਦੱਯੈ। ਔਰ ਸਜਾਇ ਜੋ ਹੋਇ ਪ੍ਰਭੂ, ਸੋਈ ਮੁਹਿ ਕਹੋ ਕਛੁ ਦੇਰਿ ਨ ਕੱਯੈ। ਸ੍ਰੀ ਗੁਰ ਦੇਖਿ ਵਿਚਾਰ ਕੀਯੋ, ਨਿਜ ਨੈਨਨ ਤੇ ਤਬ ਨੀਰ ਬਹਾਯੋ। ਬਾਂਧੀ ਭਗਤ ਛਡਾਵਨ ਹੋਤਿ, ਮੱਧਿ ਦੀਵਾਨ ਸ੍ਰੀ ਮੁਖਿ ਗਾਯੋ। ਐਸ ਉਚਾਰ ਗੁਰੂ ਕਰਤਾਰ, ਗਦਹ ਉਤਾਰਿ ਇਸਨਾਨ ਕਰਾਯੋ। ਇਸਨਾਨ ਕੀਯੋ ਲੱਧੇ ਸੁਖ ਮਾਨਿ, ਸ੍ਰੀ ਗੁਰ ਪੰਕਜ ਮੈ ਲਪਟਾਯੋ। ੫੧੨।
ਭਾਵ: ਭਾਈ ਲੱਧਾ ਜੀ ਨੇ ਗੁਰੂ ਜੀ ਨੂੰ ਮੁਖ਼ਾਤਬ ਹੁੰਦਿਆਂ ਇਉਂ ਬੇਨਤੀ ਕੀਤੀ, ‘ਹੇ ਦਇਆ ਦੇ ਭੰਡਾਰ! ਹੇ ਸੁਖਾਂ ਦੇ ਸਾਗਰ! ਹੇ ਸਦਾ ਅਟੱਲ ਰਹਿਣ ਵਾਲੇ! ਮੇਰੀ ਬੇਨਤੀ ਸੁਣੋ। ਹੇ ਸਤਿਗੁਰੂ ਜੀ! ਮੇਰੀ ਕੀਤੀ ਹੋਈ ਭੁੱਲ ਨੂੰ ਖ਼ਿਮਾ ਕਰ ਦਿਓ, ਤੁਹਾਡਾ ਦਾਸ ਤੁਹਾਡੀ ਸਰਨ ਵਿੱਚ ਆਇਆ ਹੈ। ਮੈਂ ਪਹਿਲਾਂ ਹੀ ਆਪ ਜੀ ਦੇ ਕੀਤੇ ਹੁਕਮ ਦੀ ਪਾਲਣਾ ਕਰ ਲਈ ਹੈ। ਆਪ ਇਹਨਾਂ ਦੀ ਭੁੱਲ ਨੂੰ ਖ਼ਿਮਾ ਕਰਕੇ ਇਹਨਾਂ ਦਾ ਦੁੱਖ ਦਰਿੱਦਰ ਦੂਰ ਕਰੋ। ਹਜ਼ੂਰ ਜੇਕਰ ਹੋਰ ਸਜ਼ਾ ਦੇਣੀ ਹੋਵੇ ਹੋਵੇ ਤਾਂ ਕਹਿਣ ਵਿੱਚ ਦੇਰੀ ਨਾ ਕਰੋ। ਸਤਿਗੁਰੂ ਜੀ ਨੇ ਭਾਈ ਲੱਧੇ ਜੀ ਦੀ ਬੇਨਤੀ ਸੁਣ ਕੇ ਅਤੇ ਇਹਨਾਂ ਦੀ ਇਹ ਦਸ਼ਾ ਦੇਖ ਕੇ ਹਜ਼ੂਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਦੀਵਾਨ ਵਿੱਚ ਬੈਠੇ ਹੋਏ ਸਤਿਗੁਰੂ ਜੀ ਨੇ ਆਪਣੇ ਪਾਵਨ ਮੁੱਖੋਂ ਕਿਹਾ ਕਿ ਭਾਈ ਲੱਧਾ ‘ਬਾਂਧੀ ਭਗਤ ਛਡਾਵਨ’ ਆ ਗਿਆ ਹੈ। ਸਤਿਗੁਰੂ ਜੀ ਨੇ ਭਾਈ ਲੱਧੇ ਨੂੰ ਖੋਤੇ ਤੋਂ ਉਤਾਰ, ਇਸ਼ਨਾਨ ਕਰਵਾਇਆ। ਭਾਈ ਲੱਧਾ ਜੀ ਨੇ ਸੁਖ ਮੰਨ ਕੇ ਇਸ਼ਨਾਨ ਕੀਤਾ, ਇਸ਼ਨਾਨ ਕਰਨ ਉਪਰੰਤ ਆਪ ਸਤਿਗੁਰੂ ਜੀ ਦੇ ਚਰਨ ਕਮਲਾਂ ਨਾਲ ਚਿੰਬੜ ਗਏ।
ਦੋਹਰਾ: ਸ੍ਰੀ ਗੁਰ ਤਬ ਪੂਛਤ ਭਏ ਕਾਰਨਿ ਕਹੋ ਸੁਨਾਇ। ਜਾ ਕਾਰਨਿ ਐਸੇ ਕੀਯੋ ਕੋਊ ਨ ਜੈਸ ਕਰਾਇ।। ੫੧੩। ਹਾਥ ਜੋਰਿ ਲੱਧੇ ਕਹਾ ਤੁਮ ਤੇ ਛਪੀ ਨ ਕੋਇ। ਸੱਤੇ ਅਉ ਬਲਵੰਡ ਕੀ ਭੂਲ ਛਿਮਾਪਨ ਹੋਇ। ੫੧੪। ਚੌਪਈ: ਸ੍ਰੀ ਮੁਖ ਸੋਂ ਬਚਨ ਸੁਨਾਏ। ਜੋ ਸਿਖ ਇਨ ਕੀ ਅਰਜ ਕਰਾਏ। ਮੁਹਿ ਕਾਲਾ ਤਿਹ ਮੂੰਡ ਮੂੰਡਾਵੋਂ। ਚਾੜ੍ਹਿ ਗਧੇ ਤਿਹ ਨਗਰ ਫਿਰਾਵੋਂ। ੫੧੫। ਪ੍ਰਿਥਮੈ ਤੁਮਰੇ ਬਚਨ ਕਮਾਏ। ਪਾਛੇ ਇਨ ਕੀ ਅਰਜ ਕਰਾਏ। ਅਤਿ ਪ੍ਰਸੰਨ ਭਏ ਕ੍ਰਿਪਾ ਨਿਧਾਨਾ। ਪਰਉਪਕਾਰੀ ਲੱਧਾ ਜਾਨਾ। ੫੧੬। ਸ੍ਰੀ ਗੁਰ ਤਬ ਲੱਧੇ ਕੋ ਕਹਾ। ਐਸ ਖੇਦ ਕਾਹੇ ਤੁਮ ਲਹਾ। ਤੁਮਰੇ ਬਚਨ ਬਖਸ਼ ਹਮ ਦੇਤੇ। ਕਾਹੇ ਖੇਦ ਐਸ ਤੁਮ ਲੇਤੇ। ੫੧੭। ਅਬ ਤਿਨ ਕੋ ਤੁਮ ਦੇਹੁ ਬੁਲਾਈ। ਲੱਧੇ ਮਾਨੁਖ ਦੀਯੋ ਪਠਾਈ। ਆਗਯਾ ਸੁਨਿ ਦੋਊ ਤਬ ਆਏ। ਗਰਿ ਅੰਚਰ ਸ੍ਰੀ ਗੁਰ ਸਮੁਹਾਏ। ੫੧੮।
ਭਾਵ: ਸਤਿਗੁਰੂ ਜੀ ਨੇ ਭਾਈ ਲੱਧੇ ਨੂੰ ਪੁੱਛਿਆ ਕਿ ਉਹ ਕੀ ਕਾਰਨ ਹੈ ਜਿਸ ਲਈ ਉਨ੍ਹਾਂ ਨੇ ਇਸ ਤਰ੍ਹਾਂ ਦਾ ਕਦਮ ਉਠਾਇਆ ਹੈ ਜੋ ਹੋਰ ਕੋਈ ਨਹੀਂ ਉਠਾ ਸਕਦਾ। ਭਾਈ ਲੱਧਾ ਜੀ ਨੇ ਹੱਥ ਜੋੜ ਕੇ ਆਖਿਆ ਕਿ ਮਹਾਰਾਜ ਆਪ ਜੀ ਪਾਸੋਂ ਕੁੱਝ ਵੀ ਛੁਪਿਆ ਹੋਇਆ ਨਹੀਂ ਹੈ; ਭਾਈ ਬਲਵੰਡ ਅਤੇ ਭਾਈ ਸੱਤਾ ਵਲੋਂ ਹੋਈ ਭੁੱਲ ਨੂੰ ਖ਼ਿਮਾ ਕਰ ਦੇਵੋ। ਆਪ ਜੀ ਨੇ ਹੁਕਮ ਕੀਤਾ ਸੀ ਕਿ ਜੇ ਕੋਈ ਇਹਨਾਂ ਦੀ ਮੁਆਫ਼ੀ ਲਈ ਅਰਜ਼ ਕਰੇਗਾ, ਉਸ ਦਾ ਸਿਰ ਮੁੰਨ ਕੇ, ਮੂੰਹ ਕਾਲਾ ਕਰਕੇ ਖੋਤੇ ਉੱਤੇ ਚਾੜ੍ਹ ਕੇ ਨਗਰ ਵਿੱਚ ਫਿਰਾਇਆ ਜਾਵੇਗਾ। ਇਸ ਲਈ ਮਹਾਰਾਜ ਮੈਂ ਪਹਿਲਾਂ ਆਪ ਜੀ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਪਿੱਛੋਂ ਇਹਨਾਂ ਦੀ ਮੁਆਫ਼ੀ ਲਈ ਬੇਨਤੀ ਕੀਤੀ ਹੈ। ਭਾਈ ਲੱਧਾ ਜੀ ਪਾਸੋਂ ਇਹ ਸੁਣ ਕੇ ਕਿਰਪਾ ਦੇ ਖ਼ਜ਼ਾਨੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਗੁਰਦੇਵ ਨੇ ਭਾਈ ਲੱਧਾ ਜੀ ਨੂੰ ਮਹਾਨ ਪਰਉਪਕਾਰੀ ਜਾਣਿਆ। ਸਤਿਗੁਰੂ ਜੀ ਨੇ ਭਾਈ ਲੱਧੇ ਨੂੰ ਕਿਹਾ ਕਿ ਤੁਸੀਂ ਅਜਿਹਾ ਕਸ਼ਟ ਕਿਉਂ ਉਠਾਇਆ ਹੈ? ਤੁਹਾਡੇ ਤਾਂ ਕੇਵਲ ਕਹਿਣ ਨਾਲ ਹੀ ਅਸੀਂ ਇਹਨਾਂ ਨੂੰ ਬਖ਼ਸ਼ ਦੇਂਦੇ। ਤੁਸੀਂ ਇਤਨਾ ਕਸ਼ਟ ਕਿਉਂ ਉਠਾਇਆ ਹੈ। ਹੁਣ ਤੁਸੀਂ ਉਨ੍ਹਾਂ ਨੂੰ, ਭਾਵ, ਭਾਈ ਬਲਵੰਡ ਅਤੇ ਭਾਈ ਸੱਤੇ ਨੂੰ, ਬੁਲਾ ਲਵੋ। ਭਾਈ ਲੱਧਾ ਜੀ ਨੇ ਉਸੇ ਵੇਲੇ ਇੱਕ ਪ੍ਰਾਣੀ ਨੂੰ ਇਹਨਾਂ ਦੋਹਾਂ ਨੂੰ ਬੁਲਾਉਣ ਲਈ ਭੇਜ ਦਿੱਤਾ। ਭਾਈ ਲੱਧਾ ਜੀ ਵਲੋਂ ਸੁਨੇਹਾ ਮਿਲਦਿਆਂ ਹੀ ਦੋਵੇਂ ਆ ਗਏ ਅਤੇ ਆਪਣੇ ਗਲਾਂ ਵਿੱਚ ਪੱਲਾ ਪਾ ਕੇ ਸਤਿਗੁਰੂ ਜੀ ਦੇ ਸਨਮੁਖ ਆ ਖਲੋਤੇ।
ਦੋਹਰਾ: ਬਲਵੰਡ ਸੱਤੇ ਬੰਦਨ ਕਰੀ ਸ੍ਰੀ ਗੁਰ ਕੋ ਹਿਤੁ ਧਾਰਿ। ਕਪਟੁ ਮਾਨੁ ਤਬ ਹੀ ਗਯੋ ਭਏ ਸੁਧ ਤਿਹ ਵਾਰ। ੫੧੯। ਸ੍ਰੀ ਗੁਰ ਸ੍ਰੀ ਮੁਖਿ ਤਬ ਕਹਾ ਜੋ ਲੱਧੇ ਮੁਖਿ ਭਾਖ। ਤੁਮ ਕੋ ਹਮ ਬਖਸ਼ਯੋ ਅਬੈ ਪ੍ਰਉਪਕਾਰ ਇਹ ਸਾਖ। ੫੨੦।
ਭਾਵ: ਭਾਈ ਬਲਵੰਡ ਅਤੇ ਭਾਈ ਸੱਤੇ ਦੋਹਾਂ ਨੇ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਸਤਿਗੁਰੂ ਜੀ ਨੂੰ ਮੱਥਾ ਟੇਕਦਿਆਂ ਹੀ ਇਹਨਾਂ ਦੋਹਾਂ ਦਾ ਛਲ ਅਤੇ ਹੰਕਾਰ ਦੂਰ ਹੋ ਗਿਆ ਅਤੇ ਇਹ ਮਨ, ਬਚਨ ਅਤੇ ਕਰਮਾਂ ਕਰਕੇ ਨਿਰਮਲ ਹੋ ਗਏ। ਗੁਰੂ ਅਰਜਨ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਅਸੀਂ ਭਾਈ ਲੱਧੇ ਪਰਉਪਕਾਰੀ ਦੇ ਕਹਿਣ `ਤੇ ਬਖ਼ਸ਼ ਦਿੱਤਾ ਹੈ।
ਚੌਪਈ: ਤਬ ਲੱਧੇ ਪੁਨਿ ਬਿਨਤਿ ਉਚਾਰੀ। ਇਨ ਕੋ ਬਖਸ਼ ਪ੍ਰਭੂ ਦੁਖੁ ਟਾਰੀ। ਦੇਹ ਅਰੋਗ ਇਨ ਕੀ ਅਬ ਕੱਯੈ। ਗਾਵੈਂ ਸ਼ਬਦ ਸਦਾ ਸੁਖੁ ਪੱਯੈ। ੫੨੧। ਸ੍ਰੀ ਗੁਰ ਕਹਾ ਨਿੰਦ ਗੁਰ ਕੀਨੀ। ਦੇਹ ਰੋਗ ਤਾ ਤੇ ਇਨ ਲੀਨੀ। ਜਿਹ ਮੁਖ ਸੋਂ ਗੁਰ ਨਿੰਦਾ ਕਰੀ। ਤਾ ਸੋਂ ਉਪਮਾ ਕਰੈਂ ਦੁਖੁ ਟਰੀ ੫੨੨। ਬਲਵੰਡ ਸੱਤੇ ਸੋਂ ਲੱਧੇ ਕਹਾ। ਤੁਮਰੋ ਰੋਗ ਅਬੈ ਸਭੁ ਦਹਾ। ਦੁਖਭੰਜਨ ਇਸਨਾਨ ਕਰਾਵੋ। ਗੁਰ ਨਾਨਕ ਸਮ ਬ੍ਰਹਮ ਲਖਾਵੋ। ੫੨੩। ਪਾਂਚ ਗੁਰੂ ਕੀ ਉਪਮਾ ਕਰੋ। ਭਿੰਨ ਭਿੰਨ ਨਿਜ ਮੁਖ ਸੋਂ ਰਰੋ। ਦੁਖਭੰਜਨ ਤਬ ਮੱਜਨ ਠਾਨਾ। ਬਲਵੰਡ ਸੱਤੇ ਮਨਿ ਅਨੰਦੁ ਮਾਨਾ। ੫੨੪।
ਭਾਵ: ਭਾਈ ਲੱਧਾ ਜੀ ਨੇ ਫਿਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਇਹਨਾਂ ਦੇ ਸਰੀਰ ਨੂੰ ਵੀ ਅਰੋਗ ਕਰ ਦੇਵੋ, ਭਾਵ ਇਹਨਾਂ ਨੂੰ ਕੋੜ੍ਹ ਦੇ ਰੋਗ ਤੋਂ ਵੀ ਛੁਟਕਾਰਾ ਦਿਵਾ ਦੇਵੋ ਤਾਂ ਕਿ ਸਦਾ ਸੁਖ ਪਾ ਕੇ ਸ਼ਬਦ ਦਾ ਗਾਇਣ ਕਰਨ। ਭਾਈ ਲੱਧਾ ਜੀ ਦੀ ਇਹ ਬੇਨਤੀ ਸੁਣ ਕੇ ਹਜ਼ੂਰ ਨੇ ਕਿਹਾ ਕਿ ਗੁਰੂ ਸਾਹਿਬ ਦੀ ਨਿੰਦਾ ਕਰਨ ਕਰਕੇ ਇਹਨਾਂ ਦਾ ਸਰੀਰ ਰੋਗੀ ਹੋਇਆ ਹੈ। ਜਿਸ ਮੂੰਹ ਨਾਲ ਇਹਨਾਂ ਨੇ ਨਿੰਦਿਆਂ ਕੀਤੀ ਹੈ ਉਸੇ ਨਾਲ ਗੁਰ ਉਪਮਾ ਕਰਨ ਤਾਂ ਇਹਨਾਂ ਦਾ ਇਹ ਦੁੱਖ ਵੀ ਦੂਰ ਹੋ ਜਾਵੇਗਾ। ਭਾਈ ਲੱਧਾ ਜੀ ਨੇ ਭਾਈ ਬਲਵੰਡ ਅਤੇ ਭਾਈ ਸੱਤੇ ਨੂੰ ਕਿਹਾ ਕਿ ਤੁਹਾਡਾ ਦੁੱਖ ਨਾਸ਼ ਹੋ ਗਿਆ ਹੈ। ਦੁੱਖ ਭੰਜਨੀ ਦੇ ਪਾਸ ਜਾ ਕੇ ਇਸ਼ਨਾਨ ਕਰੋ ਅਤੇ ਗੁਰੂ ਨਾਨਕ ਸਾਹਿਬ ਨੂੰ ਬ੍ਰਹਮ ਦੇ ਤੁਲ ਸਮਝੋ। ਪੰਜਾਂ ਹੀ ਗੁਰੂ ਸਾਹਿਬਾਨ ਦੀ ਵੱਖ ਵੱਖ ਰੂਪ ਵਿੱਚ ਉਸਤਤ ਕਰੋ। ਇਹਨਾਂ ਦੋਹਾਂ ਨੇ ਮਨ ਵਿੱਚ ਆਨੰਦ ਮਹਿਸੂਸ ਕਰਦਿਆਂ ਹੋਇਆਂ ਦੁਖ ਭੰਜਨੀ ਦੇ ਕੋਲ ਜਾ ਕੇ ਸਰੋਵਰ ਵਿੱਚ ਇਸ਼ਨਾਨ ਕੀਤਾ।
ਦੋਹਰਾ: ਸ੍ਰੀ ਗੁਰ ਸਨਮੁਖ ਆਇ ਕੈ ਕੀਨੀ ਵਾਰ ਉਚਾਰ। ਰਾਮਕਲੀ ਸੁਭ ਰਾਗ ਮੈ ਪਉੜੀ ਅਸਟ ਸੁਧਾਰ। ੫੨੫। ਸ੍ਰੀ ਗੁਰ ਨਾਨਕ ਜਸੁ ਕਹਾ ਪਉੜੀ ਚਾਰਿ ਜੁ ਆਦਿ। ਬ੍ਰਹਮ ਰੂਪ ਬਰਨਨ ਕਰੇ ਸ੍ਰੀ ਗੁਰ ਰੂਪ ਅਨਾਦਿ। ੫੨੬।
ਭਾਵ: ਸਤਿਗੁਰੂ ਜੀ ਦੇ ਕੋਲ ਆ ਕੇ ਇਹਨਾਂ ਨੇ ਰਾਮਕਲੀ ਰਾਗ ਵਿੱਚ ਅੱਠ ਪਉੜੀਆਂ ਦੀ ਵਾਰ ਉਚਾਰਣ ਕੀਤੀ। ਇਸ ਵਾਰ ਦੀਆਂ ਪਹਿਲੀਆਂ ਚਾਰ ਪਉੜੀਆਂ ਵਿੱਚ ਗੁਰੂ ਨਾਨਕ ਸਾਹਿਬ ਦੀ ਉਪਮਾ ਕਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਨੂੰ ਬ੍ਰਹਮ ਦਾ ਰੂਪ ਦਰਸਾਇਆ ਜਿਸ ਦਾ ਕੋਈ ਅੰਤ ਅਥਵਾ ਪਾਰਾਵਾਰ ਨਹੀਂ ਹੈ।
ਚੌਪਈ: ਗੁਰ ਅੰਗਦ ਅਮਰਦਾਸ ਰਾਮਦਾਸ। ਇੱਕ ਇੱਕ ਪਉੜੀ ਜਸੁ ਪਰਕਾਸ਼। ਇੱਕ ਪਉੜੀ ਮਹਿ ਉਪਮ ਉਚਾਰੀ। ਗੁਰ ਅਰਜਨ ਪਰਤੱਖ ਨਿਹਾਰੀ। ੫੨੭।
ਭਾਵ: ਇੱਕ ਇੱਕ ਪਉੜੀ ਵਿੱਚ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੀ ਮਹਿਮਾ ਬਿਆਨ ਕੀਤੀ; ਅਤੇ ਇੱਕ ਪਉੜੀ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਕਰਦਿਆਂ ਹੋਇਆਂ ਇਹਨਾਂ ਦੀ ਉਪਮਾ ਉਚਾਰੀ।
ਭਗਤ ਸਿੰਘ ਤਬ ਬਿਨਤੀ ਕਰੀ। ਮਹਾਰਾਜ ਮੇਰੋ ਭ੍ਰਮ ਪਰੀ। ਕੋਊ ਕਹੈ ਗੁਰ ਅਮਰ ਕੇ ਆਗੇ। ਕਹੀ ਵਾਰ ਇਨ ਹੁਇ ਅਨੁਰਾਗੇ। ੫੨੮। ਰਾਮਦਾਸ ਆਗੇ ਕੋਊ ਭਾਖੈ। ਤੁਮ ਭਾਖਤ ਹੋ ਅਰਜਨ ਸਾਖੈ। ਇਹ ਭਰਮ ਹਰੋ ਦਾਸੁ ਮਮ ਜਾਨੀ। ਮਨੀ ਸਿੰਘ ਤਬ ਬੋਲੇ ਬਾਨੀ। ੫੨੯। ਕਪੋਲਕ ਕਹੈਂ ਪ੍ਰਮਾਣ ਨ ਕੋਈ। ਪ੍ਰਤੱਖ ਪ੍ਰਮਾਣ ਜਾਨੁ ਇਹ ਸੋਈ। ਅਸ਼ਟਮ ਪਉੜੀ ਉਸਤਤਿ ਕਰੀ। ਗੁਰ ਅਰਜਨ ਕੀ ਅਤਿ ਹਿਤੁ ਧਰੀ। ੫੩੦। ਦੋਹਰਾ। ਪ੍ਰਤਖ ਬੈਠਿ ਅਰਜਨ ਗੁਰੂ ਇਹ ਬਚ ਪ੍ਰਗਟੁ ਉਚਾਰ। ਤਾ ਤੇ ਗੁਰ ਅਰਜਨ ਨਿਕਟਿ ਕਹੀ ਵਾਰ ਨਿਰਧਾਰ। ੫੩੧। ਕ੍ਰਿਪਾਸਿੰਧੁ ਹਰਖਤ ਭਏ ਸੁਨੀ ਵਾਰ ਸੁਖਖਾਨ। ਤਾਤਕਾਲ ਤਬ ਹੀ ਲਿਖੀ ਸ੍ਰੀ ਗ੍ਰਿੰਥ ਮਹਿ ਮਾਨਿ। ੫੩੨।
ਭਾਵ: ਭਾਈ ਮਨੀ ਸਿੰਘ ਜੀ ਦੇ ਮੁੱਖੋਂ ਇਹ ਵਾਰਤਾ ਸੁਣ ਕੇ ਭਾਈ ਭਗਤ ਸਿੰਘ ਨੇ ਬੇਨਤੀ ਕੀਤੀ ਕਿ ਮਹਾਰਾਜ (ਨੋਟ: ਲੇਖਕ ‘ਮਹਾਰਾਜ’ ਸ਼ਬਦ ਭਾਈ ਭਗਤ ਸਿੰਘ ਦੇ ਮੁੰਹੋਂ ਭਾਈ ਮਨੀ ਸਿੰਘ ਜੀ ਲਈ ਕਢਵਾ ਰਿਹਾ ਹੈ) ਮੇਰੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋ ਗਿਆ ਹੈ। ਕੋਈ ਕਹਿੰਦਾ ਹੈ ਕਿ ਇਹਨਾਂ ਨੇ ਇਹ ਵਾਰ ਬੜੇ ਪ੍ਰੇਮ ਨਾਲ ਗੁਰੂ ਅਮਰਦਾਸ ਜੀ ਦੇ ਸਨਮੁਖ ਆਖੀ ਸੀ; ਕੋਈ ਕਹਿੰਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਸਨਮੁਖ ਉਚਾਰੀ ਸੀ। ਪਰ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਇਹ ਵਾਰਤਾ ਗੁਰੂ ਅਰਜਨ ਸਾਹਿਬ ਦੇ ਸਮੇਂ ਹੋਈ ਹੈ। ਮੈਨੂੰ ਆਪਣਾ ਦਾਸ ਜਾਣ ਕੇ ਮੇਰਾ ਇਹ ਭਰਮ ਦੂਰ ਕਰੋ।
ਭਾਈ ਭਗਤ ਸਿੰਘ ਦੀ ਇਹ ਗੱਲ ਸੁਣ ਕੇ ਭਾਈ ਮਨੀ ਸਿੰਘ ਜੀ ਨੇ ਕਿਹਾ ਕਿ ਜਿਹੜੇ ਇਹ ਕਹਿੰਦੇ ਹਨ ਕਿ ਇਹ ਵਾਰ ਗੁਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਜੀ ਦੇ ਸਮੇਂ ਉਚਾਰਣ ਕੀਤੀ ਹੈ, ਉਹ ਕੇਵਲ ਕਲਪਣਾ ਹੀ ਕਰ ਰਹੇ ਹਨ, ਕਿਉਂਕਿ ਉਨ੍ਹਾਂ ਪਾਸ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਹੈ। ਜਦ ਕਿ ਗੁਰੂ ਅਜਰਨ ਸਾਹਿਬ ਦੇ ਸਮੇਂ ਦਾ ਪ੍ਰਮਾਣ ਇਸ ਵਾਰ ਵਿਚੋਂ ਹੀ ਮਿਲਦਾ ਹੈ। ਇਸ ਵਾਰ ਦੀ ਅਠਵੀਂ ਪਉੜੀ ਵਿੱਚ ਗੁਰੂ ਅਰਜਨ ਸਾਹਿਬ ਦੀ ਉਸਤਤ ਕੀਤੀ ਹੋਈ ਹੈ। ਗੁਰੂ ਅਰਜਨ ਸਾਹਿਬ ਦੇ ਤੱਖਤ `ਤੇ ਬੈਠਣ ਦਾ ਜ਼ਾਹਰਾ ਰੂਪ ਵਿੱਚ ਵਰਣਨ ਕੀਤਾ ਹੋਇਆ ਹੈ। ਇਸ ਲਈ ਇਹ ਗੱਲ ਨਿਰਣੈ ਜਨਕ ਹੈ ਕਿ ਇਹ ਵਾਰ ਗੁਰੂ ਅਰਜਨ ਸਾਹਿਬ ਦੇ ਸਨਮੁਖ ਇਹ ਹੀ ਉਚਾਰੀ ਗਈ ਹੈ। ਇਹ ਵਾਰ ਸੁਣ ਕੇ ਗੁਰੂ ਸਾਹਿਬ ਬੜੇ ਪ੍ਰਸੰਨ ਹੋਏ। ਕਿਰਪਾ ਦੇ ਸਾਗਰ, ਸੁਖਾਂ ਦੇ ਖ਼ਜ਼ਾਨੇ ਗੁਰੂ ਸਾਹਿਬ ਨੇ ਤੁਰੰਤ ਆਦਰ ਸਹਿਤ ਇਸ ਵਾਰ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ।
ਸੋਰਠਾ: ਪਾਛੇ ਭਯੋ ਅਲੋਪ ਰਬਾਬ ਗੁਰੂ ਰਿਸ ਦੇਖਿ ਕੈ। ਅਬ ਆਯੋ ਧਰਿ ਓਪ ਬਲਵੰਡ ਸਤਾ ਹਰਖਤ ਭਏ। ੫੩੩।
ਭਾਵ: ਗੁਰੂ ਜੀ ਦੇ ਬਚਨਾਂ ਕਰਕੇ ਪਹਿਲਾਂ ਰਬਾਬ ਅਲੋਪ ਹੋ ਗਈ ਸੀ, ਹੁਣ ਰਬਾਬ ਚਾਅ ਨਾਲ ਫਿਰ ਇਹਨਾਂ ਪਾਸ ਆ ਗਈ, ਜਿਸ ਨੂੰ ਦੇਖ ਕੇ ਬਲਵੰਡ ਅਤੇ ਸੱਤਾ ਬੜੇ ਖ਼ੁਸ਼ ਹੋਏ।
ਚੌਪਈ: ਬਲਵੰਡ ਸਤੇ ਭਈ ਦੇਹ ਅਰੋਗ। ਕੋਕਿਲ ਕੰਠ ਭਯੋ ਦੁਖ ਖੋਗ। ਉਪਮ ਵਾਰ ਕੀ ਸ੍ਰੀ ਗੁਰ ਕੀਨੀ। ਕਸਟ ਨਿਵਾਰਨ ਨਿਜ ਚਿਤਿ ਚੀਨੀ। ੫੩੪। ਜਿਹ ਨਰ ਕੋ ਬਡ ਰੋਗ ਦੁਖਾਵੈ। ਯਾਹਿ ਪੜ੍ਹੈ ਦੁਖ ਦੂਰਿ ਪਰਾਵੈ। ਔਰ ਕਸ਼ਟ ਕੋ ਰਹਨ ਨ ਪਾਈ। ਪੜ੍ਹੈ ਵਾਰ ਜੇ ਨੇਮ ਧਰਾਈ। ੫੩੫। (ਗੁਰ ਬਿਲਾਸ ਪਾਤਸ਼ਾਹੀ ੬)
ਭਾਵ: ਭਾਈ ਬਲਵੰਡ ਅਤੇ ਸੱਤੇ ਦਾ ਸਰੀਰ ਅਰੋਗ ਹੋ ਗਿਆ। ਇਹਨਾਂ ਦੀ ਕੋਇਲ ਵਰਗੀ ਮਿੱਠੀ ਆਵਾਜ਼ ਹੋ ਗਈ ਅਤੇ ਸਾਰੇ ਦੁੱਖ ਨਾਸ ਹੋ ਗਏ। ਸਤਿਗੁਰੂ ਜੀ ਨੇ ਇਸ ਵਾਰ ਨੂੰ ਕਸ਼ਟ ਦੂਰ ਕਰਨ ਵਾਲੀ ਵਿਚਾਰਦਿਆਂ ਹੋਇਆਂ, ਇਸ ਵਾਰ ਦੀ ਉਪਮਾ ਕਰਦਿਆਂ ਹੋਇਆਂ ਕਿਹਾ ਕਿ ਜੇਕਰ ਕਿਸੇ ਮਨੁੱਖ ਨੂੰ ਕੋਈ ਭਿਆਨਕ ਦੁੱਖ ਦੁੱਖੀ ਕਰ ਰਿਹਾ ਹੋਵੇ, ਇਸ ਵਾਰ ਨੂੰ ਪੜ੍ਹਨ ਨਾਲ ਉਸ ਦਾ ਦੁੱਖ ਦੁਰ ਹੋ ਜਾਵੇਗਾ। ਜੋ ਮਨੁੱਖ ਨੇਮ ਨਾਲ ਇਸ ਵਾਰ ਨੂੰ ਪੜ੍ਹੇਗਾ ਉਸ ਦਾ ਦੁੱਖ ਦੂਰ ਹੋ ਜਾਵੇਗਾ ਅਤੇ ਹੋਰ ਕੋਈ ਕਸ਼ਟ ਵੀ ਨਹੀਂ ਵਿਆਪੇਗਾ।
.