.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧-ਸਟੀਕ

(ਲੋੜੀਂਦੀ ਗੁਰਮੱਤ ਵਿਚਾਰ ਸਹਿਤ) (ਕਿਸ਼ਤ ੩)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਨੂੰ ਇਸ ਦੀ ਪਹਿਲੀ ਕਿਸ਼ਤ ਤੋਂ ਪੜ੍ਹਣੀ ਅਰੰਭ ਕਰੋ ਜੀ)

ਪਉੜੀ ਵਾਰ ਚੱਲਦੀ ਆ ਰਹੀ ਅਤੀ ਸੰਖੇਪ ਵਿਚਾਰ ਅਨੁਸਾਰ, ਵਿਚਾਰਣ ਦਾ ਵਿਸ਼ਾ ਹੈ ਕਿ ਪਉੜੀ ਨੰਬਰ ਸੱਤ ਤੋਂ ਸਪਸ਼ਟ ਲਫ਼ਜ਼ਾਂ `ਚ ਵਿਸ਼ਾ ਰਿਹਾ ਹੈ “ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ” ਭਾਵ ਇਸ ਸੰਸਾਰ `ਚ ਦੋ ਬਿਰਤੀਆਂ ਦੇ ਲੋਕ ਹੁੰਦੇ ਹਨ। ਇਕ, ਜੋ ਮਨੁੱਖਾ ਜਨਮ ਪਾ ਕੇ ਮਨਮੁਖੀ ਕਾਰੇ ਕਰਦੇ ਤੇ ਜੀਵਨ ਬਿਰਥਾ ਕਰਕੇ ਮੁੜ ਜੂਨਾਂ ਜਨਮਾਂ ਦੇ ਗੇੜਾਂ `ਚ ਹੀ ਪੈਂਦੇ ਹਨ। ਦੂਜੇ, ਜੋ ਗੁਰੂ ਗੁਰਬਾਣੀ ਆਦੇਸ਼ਾਂ ਦੀ ਕਮਾਈ ਕਰਕੇ ਇਸ ਅਮੋਲਕ ਤੇ ਦੁਰਲਭ ਮਨੁੱਖਾ ਜਨਮ ਵਾਲੇ ਅਵਸਰ ਦੀ ਸੰਭਾਲ ਕਰਦੇ ਹਨ ਤੇ ਇਸ ਜਨਮ ਨੂੰ ਬਿਰਥਾ ਨਹੀਂ ਜਾਣ ਦਿੰਦੇ।

ਇਹ ਵੀ ਜੋ ਹੁਣ ਤੱਕ ਸਲੋਕਾਂ ਤੋ ਬਿਨਾ ਦਸ ਪਉੜੀਆਂ ਤੱਕ ਸੰਖੇਪ ਵਿਚਾਰ ਕਰ ਚੁੱਕੇ ਹਾਂ। ਉਹ ਵੀ ਇਸ ਲਈ ਕੀਤੀ ਹੈ ਤਾ ਕਿ ਅੱਜ ਤੱਕ ਸਾਨੂੰ ਕੇਵਲ ਸੁਣ-ਪੜ੍ਹ ਕੇ ਹੀ ਪਤਾ ਹੈ ਕਿ ਸਾਰੀਆਂ ਵਾਰਾਂ ਮੂਲ ਰੂਪ `ਚ ਸਲੋਕਾਂ ਤੋਂ ਬਿਨਾ ਤੇ ਵੱਖ ਵੱਖ ਕੇਂਦ੍ਰੀ ਭਾਵ ਨੂੰ ਲੈ ਕੇ ਇੱਕ ਇੱਕ ਲੜੀ `ਚ ਹਨ। ਹਰੇਕ ਵਾਰ ਕਿਸੇ ਨਾ ਕਿਸੇ ਵੱਖ ਆਸ਼ੇ ਨੂੰ ਲੈ ਕੇ ਆਤਮਕ ਸਚਾਈਆਂ ਅਤੇ ਆਤਮਕ ਅਵਸਥਾ ਦੀ ਪਹਿਲੀ ਪਉੜੀ ਤੋਂ ਚੜ੍ਹਾ ਕੇ, ਜਗਿਆਸੂ ਨੂੰ ਆਤਮਕ ਮੰਡਲਾਂ ਦੀਆਂ ਉਚਾਈਆਂ `ਚ ਲਿਜਾਂਦੀ ਹੈ।

ਜਦਕਿ ਇਸ ਇਲਾਹੀ ਸੱਚ ਦੇ ਦਰਸ਼ਨ ਅਸਾਂ ਬਾਣੀ “ਆਸਾ ਕੀ ਵਾਰ” ਦੀ ਸਟੀਕ ਤੇ ਗੁਰਮੱਤ ਵਿਚਾਰ ਦਰਸ਼ਨ” ਵਾਲੀ ਪੁਸਤਕ ਨੂੰ ਲਿਖਣ ਸਮੇਂ ਵੀ ਕਰਣ ਦੀ ਕੋਸ਼ਿਸ਼ ਕੀਤੀ ਸੀ। ਉਥੇ ਵੀ ਅਸਾਂ ਦੇਖਿਆ ਸੀ ਕਿ ਉਸ ਵਾਰ ਦਾ ਕੇਂਦਰੀ ਭਾਵ ‘ਜੀਵਨ ਮਨੋਰਥ’ ਦੀ ਪ੍ਰਾਪਤੀ ਹੀ ਹੈ। ਉਪ੍ਰੰਤ ਉਥੇ ਇਹ ਵੀ ਦੇਖਿਆ ਸੀ ਕਿ ਗੁਰਦੇਵ ਨੇ ਉਸ ਵਿਸ਼ੇ ਨੂੰ ਜਦੋਂ ਅਰੰਭ ਕੀਤਾ ਸੀ ਤਾਂ ਪਹਿਲੀ ਪਉੜੀ “ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥ ਕਰਿ ਆਸਣੁ ਡਿਠੋ ਚਾਉ” (ਪੰ: ੪੬੨) `ਚ ਹੀ ਸਪਸ਼ਟ ਕਰ ਦਿੱਤਾ ਸੀ ਕਿ “ਸੰਪੂਰਣ ਰਚਨਾ ਦਾ ਕਰਤਾ ਇਕੋ ਹੈ। ਪ੍ਰਭੂ ਨੂੰ ਕਿਸੇ ਨੇ ਬਣਾਇਆ ਜਾਂ ਜਨਮ ਨਹੀਂ ਦਿੱਤਾ। ਕਰਤਾ ਰੂਪ ਰੇਖ ਰੰਗ ਤੋਂ ਨਿਆਰਾ ਤੇ ਆਪਣੇ ਆਪ ਤੋਂ ਹੈ। ਇਹ ਵੀ ਕਿ ਸਾਰੀ ਰਚਨਾ ਕੇਵਲ ਤੇ ਕੇਵਲ ਅਕਾਲ ਪੁਰਖ ਨੇ ਆਪਣੇ ਤੋਂ ਘੜੀ ਹੈ ਇਸ ਲਈ ਇਸ ਸਾਰੀ ਰਚਨਾ ਹੀ ‘ਕਰਤਾ ਪੁਰਖ’ ਜੀ ਦੀ ਹੀ ਆਪਣੀ ਬਨਾਵਟ ਹੈ। ਇਹ ਵੀ ਕਿ ਮਨੁੱਖ ਨੂੰ ਪੈਦਾ ਕਰਣ ਵਾਲਾ, ਉਸ ਦੀ ਪਾਲਣਾ ਕਰਣ ਵਾਲਾ ਤੇ ਉਸ ਨੂੰ ਮੌਤ ਦੇਣ ਵਾਲੇ ਵੀ ਕੋਈ ਬ੍ਰਹਮਾ, ਵਿਸ਼ਨੂ ਮਹੇਸ਼ ਆਦਿ ਨਹੀਂ ਬਲਕਿ ਕਰਤਾ ਆਪ ਹੀ ਆਪ ਹੈ। ਇਹ ਵੀ ਕਿ ਇਸ ਸਾਰੀ ਖੇਡ `ਚ ਉਸ ਨੂੰ ਕਿਸੇ ਹੋਰ ਦਾ ਦਖ਼ਲ ਨਹੀਂ। ਇਤਨਾ ਹੀ ਨਹੀਂ ਬਲਕਿ ਇਹ ਵੀ ਕਿ ਰਚਨਾ ਦੇ ਜ਼ਰੇ ਜ਼ਰੇ `ਚ ਕਰਤੇ ਦਾ ਆਪਣਾ ਵਾਸਾ ਤੇ ਹੋਂਦ ਵੀ ਮੌਜੂਦ ਹੈ।

ਇਸ ਤੋਂ ਬਾਅਦ ਉਥੇ ਗੁਰਦੇਵ ਨੇ ਜਗਿਆਸੂ ਨੂੰ ਆਤਮਕ ਮੰਡਲ ਦੀਆਂ ਇੱਕ ਇੱਕ ਕਰਕੇ ਲਗਾਤਾਰ ਹੋਰ ਬਾਈ (੨੨) ਪਉੜੀਆਂ ਵੀ ਚੜ੍ਹਾਈਆ। ਉਪ੍ਰੰਤ ਉਸ ਲੜੀ `ਚ ਪਉੜੀ ਨੂੰ ਚੋਵੀ `ਤੇ ਪਹੁੰਚਣ ਤੱਕ ਆਤਮਕ ਪੱਖੋਂ ਜਗਿਆਸੂ ਨੂੰ ਪੂਰੀ ਤਰ੍ਹਾਂ ਮਾਨਸਿਕ ਪੱਖੋਂ ਤਿਆਰ ਕਰ ਦਿੱਤਾ ਕਿ ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨਾ ਜਾਇ॥ ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ॥ ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ॥ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ॥ ਸੋ ਕਰੇ ਜਿ ਤਿਸੈ ਰਜਾਇ” (ਪੰ: ੪੭੫) ਇਸ ਤਰ੍ਹਾਂ ਉਸ ਮੰਜ਼ਿਲ `ਤੇ ਪਹੁੰਚਣ `ਤੇ ਜਗਿਆਸੂ ਨੂੰ ਮਨ ਕਰਕੇ ਸਪਸ਼ਟ ਹੋ ਜਾਂਦਾ ਹੈ ਕਿ “ਅਕਾਲ ਪੁਰਖ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਕਰਤੇ ਦੀਆਂ ਸਿਫ਼ਤਾਂ ਬੇਅੰਤ ਤੇ ਅਨੰਤ ਹਨ। ਕੇਵਲ ਤੇ ਕੇਵਲ ਉਹ ਆਪ ਹੀ ਸਿਰਜਨਹਾਰ ਹੈ। ਕੁਦਰਤ ਦਾ ਰਚਨਹਾਰਾ, ਮਾਲਿਕ ਤੇ ਬਖਸ਼ਿਸ਼ਾਂ ਕਰਣ ਵਾਲਾ ਵੀ ਉਹ ਆਪ ਹੈ, ਉਸ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ। ਸਾਰੇ ਜੀਵਾਂ ਨੂੰ ਰਿਜ਼ਕ ਵੀ ਅਕਾਲ ਪੁਰਖ ਆਪ ਅਪੜਾਉਂਦਾ ਹੈ। ਇਹ ਵੀ ਕਿ ਸਾਰੇ ਜੀਵ ਉਹੀ ਕਰਦੇ ਹਨ ਜੋ ਪ੍ਰਭੂ ਅਪ ਉਨ੍ਹਾਂ ਲਈ ਧੁਰੋਂ ਨੀਯਤ ਕਰਦਾ ਹੈ। ਇਸ ਤਰ੍ਹਾਂ ਇਥੇ ਪਹੁੰਚ ਕੇ ਗੁਰੂ ਨਾਨਕ ਪਾਤਸ਼ਾਹ ਪਕਿਆਈ ਨਾਲ ਦ੍ਰਿੜ ਕਰਵਾਂਉਂਦੇ ਹਨ ਕਿ ਇਕੋ ਇੱਕ ਪ੍ਰਭੂ ਦੀ ਟੇਕ ਤੋਂ ਬਿਨਾ ਜੀਵਾਂ ਲਈ ਹੋਰ ਕੋਈ ਟੇਕ ਹੈ ਹੀ ਨਹੀਂ। ਇਹੀ ਰੱਬੀ ਤੇ ਇਲਾਹੀ ਸੱਚ ਹੈ ਕਿ ਕਰਤਾ ਪ੍ਰਭੂ ਉਹੀ ਕਰਦਾ ਹੈ ਜੋ ਉਸ ਨੂੰ ਭਾਉਂਦਾ ਹੈ ਅਤੇ ਜੋ ਉਸ ਦੀ ਰਜ਼ਾ `ਚ ਹੁੰਦਾ ਹੈ। ੨੪।

ਸਪਸ਼ਟ ਹੈ ਜੀਵਨ ਦੀਆਂ ਅਜਿਹੀਆਂ ਸਚਾਈਆਂ ਨੂੰ ਸਮਝਣ ਤੋਂ ਬਾਅਦ ਕੋਈ ਵੀ ਮਨੁੱਖ, ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਤਰ੍ਹਾਂ ਵੀ ਅਣ ਪੂਜਾ ਜਾਂ ਵਹਿਮਾਂ-ਭਰਮਾਂ ਦਾ ਸ਼ਿਕਾਰ ਨਹੀਂ ਹੋਵੇਗਾ ਦੁਰਲਭ ਮਨੁੱਖਾ ਜਨਮ ਦੇ ਅਮੁਲੇ ਸੁਆਸ ਤੇ ਸਮਾਂ, ਬਿਰਥਾ ਕਰਮ ਕਾਂਡਾ `ਚ ਬਰਬਾਦ ਨਹੀੰ ਕਰੇਗਾ ਤੇ ਨਾ ਹੀ ਧਿਰ ਧਿਰ ਦੀ ਮੁਹਤਾਜੀ ਕਰੇਗਾ ਅਤੇ ਇਸੇ ਤਰ੍ਹਾਂ ਹੋਰ ਸਭ ਕਝ। ਮੁਕਦੀ ਗੱਲ ਉਸ ਦਾ ਜੀਵਨ ਮੁਢੋਂ ਹੀ ਬਦਲ ਜਾਵੇਗਾ, ਚਮਕਦੇ ਸ਼ੀਸ਼ੇ ਵਾਂਙ ਕੁਕਰਮਾਂ ਗੁਣਾਹਾਂ ਤੋਂ ਸਾਫ਼ ਤੇ ਕੁੰਦਨ ਹੋ ਜਾਵੇਗਾ।

ਅਜਿਹੇ ਗੁਰਮੁਖਾਂ ਨੂੰ ਦਿਨ ਦੇ ਚਾਨਣੇ ਵਾਂਙ ਸਪਸ਼ਟ ਹੋ ਜਾਵੇਗਾ ਕਿ “ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ” ਕਿ ਹਰ ਪਲ ਇਸ ਸੰਸਾਰ `ਚ ਦੋ ਵਿਰੋਧੀ ਜੀਵਨ ਚੱਲ ਰਹੇ ਹਨ। ਇੱਕ ਤਾਂ ਗੁਰੂ ਦੀ ਮੱਤ ਲੈ ਕੇ ਤੇ ਜੀਵਨ `ਚ ਕਮਾਈ ਕਰਕੇ ਇਸ ਜਨਮ ਦਾ ਲਾਹਾ ਲੈ ਕੇ ਜਾਂਦੇ ਹਨ। ਇਹ ਵੀ ਕਿ ਦੂਜੇ ਫ਼ਿਰ ਵੀ ਗੁਰੂ ਦੀ ਮੱਤ ਤੋਂ ਵਾਂਝੇ ਰਹਿ ਕੇ, ਆਪਣੇ ਉਸੇ ਅਮੁਲੇ ਤੇ ਦੁਰਲਭ ਜਨਮ ਨੂੰ ਬਿਰਥਾ ਕਰਕੇ ਹੀ ਜਾਂਦੇ ਹਨ ਤੇ ਮੁੜ ਜਨਮਾਂ, ਜੂਨਾਂ ਦੇ ਗੇੜਾਂ `ਚ ਪੈਂਦੇ ਹਨ।

ਇਸ ਤਰ੍ਹਾਂ ਹੁਣ ਤੱਕ ‘ਵਾਰ ਮਾਝ ਮ: ੧’ ਦੀਆਂ ਕੁਲ ਸਤਾਈ ਪਉੜੀਆਂ `ਚੋਂ ਕੇਵਲ ਦਸ ਪਉੜੀਆਂ `ਤੇ ਹੀ ਮਾਰੀ ਜਾ ਚੁੱਕੀ ਇਹ ਸਰਸਰੀ ਝਾਤ ਹੀ, ਵਾਰਾਂ ਸਬੰਧੀ ਇਸ ਸਚਾਈ ਨੂੰ ਉਘਾੜ ਕੇ ਸਾਡੇ ਸਾਹਮਣੇ ਲੈ ਆਉਂਦੀ ਹੈ ਕਿ ਹੁਣ ਤੱਕ ਦੀਆਂ ਇਹ ਦਸ ਪਉੜੀਆਂ ਵੀ, ਕਿਸ ਤਰ੍ਹਾਂ ਪਹਿਲੀ ਪਉੜੀ ਤੋਂ ਬਾਅਦ ਦੂਜੀ ਤੇ ਫ਼ਿਰ ਤੀਜੀ ਭਾਵ ਇਸੇ ਤਰ੍ਹਾਂ ਜਗਿਆਸੂ ਨੂੰ ਪਹਿਲੀ ਪਉੜੀ ਤੋਂ ਚੁੱਕ ਕੇ ਲੜੀਵਾਰ ਆਤਮਕ ਉਚਾਈਆਂ ਵੱਲ ਲਿਜਾ ਰਹੀਆਂ ਹਨ। ਤਾਂ ਤੇ ਇਸ ਵਾਰ ਸਬੰਧੀ ਇਸੇ ਸਰਸਰੀ ਝਾਤ ਨੂੰ ਹੋਰ ਅੱਗੇ ਵਧਾਉਂਦੇ ਹੋਏ ਹੁਣ ਅਸੀਂ ਯਾਰ੍ਹਵੀਂ ਪਉੜੀ ਤੋਂ ਉਸੇ ਸਿਲਸਿਲੇ ਨੂੰ ਅੱਗੇ ਚਲਾਉਣ ਤੇ ਵਧਾਉਣ ਦਾ ਯਤਣ ਕਰਾਂਗੇ।

(੧੧) ਇਸ ਬਹੁ-ਰੰਗੀ ਪਦਾਰਥਾਂ ਦੀ ਚਮਕ ਦਮਕ ਤੇ ਰੰਗ ਤਮਾਸ਼ਿਆਂ `ਚ ਮਨੁੱਖ ਹਰ ਪਲ ਮ੍ਰਿਗ ਤਿਸ਼ਨਾ ਦੀ ਨਿਆਈਂ ਆਸ਼ਾਂਵਾਂ ਤ੍ਰਿਸ਼ਨਾਵਾਂ ਦੇ ਤਾਣੇ ਬਾਣੇ `ਚ ਫ਼ਸਿਆ ਅਟੱਲ ਮੌਤ ਨੂੰ ਵੀ ਭੁਲਾਈ ਰਖਦਾ ਹੈ। ਆਪਣੇ ਆਪ ਨੂੰ ਸਮਝਦਾ ਤਾਂ ਬਹੁਤ ਸਿਆਣਾ ਤੇ ਚੰਗਾ ਹੈ ਜਦਕਿ ਲੂਣ-ਹਰਾਮੀ ਵਾਲੇ ਕਿਰਦਾਰ ਨੂੰ ਨਿਭਾਉਂਦਾ ਹੋਇਆ, ਦਾਤਾਂ ਦੇਣ ਵਾਲੇ ਦਾਤੇ ਨੂੰ ਪਹਿਚਾਣਦਾ ਤੱਕ ਨਹੀਂ। ਇਸੇ ਦਾ ਨਤੀਜਾ, ਇਹ ਸਦਾ ਦੁਖੀ ਤੇ ਪ੍ਰੇਸ਼ਾਨ ਹੀ ਰਹਿੰਦਾ ਹੈ। ਆਪਣੇ ਸੁਆਰਥਾਂ ਲਈ ਧਾਰਮਿਕ ਆਡੰਬਰ ਵੀ ਕਰਦਾ ਹੈ ਪਰ ਅਜਿਹੀ ਫੋਕਟ ਕਰਣੀ ਵਾਲੇ ਲੋਕ ਕਦੇ ਵੀ ਕਰਤੇ ਦੀ ਦਰਗਾਹ `ਚ ਕਬੂਲ ਨਹੀਂ ਹੁੰਦੇ। ਅਜਿਹੇ ਲੋਕ ਜੀਊਂਦੇ ਜੀਅ ਵੀ, ਆਪਣੇ ਕੁਕਰਮਾਂ ਕਾਰਨ ਸਹਿਮੇ ਤੇ ਵਿਕਾਰਾਂ ਦੇ ਦਬਾਅ `ਚ ਜੀਊਂਦੇ ਹਨ। ਉਪ੍ਰੰਤ ਸਰੀਰਕ ਮੌਤ ਬਾਅਦ ਵੀ ਜਮ ਭਾਵ ਜਨਮ ਮਰਨ ਦੇ ਗੇੜ `ਚ ਹੀ ਪੈਂਦੇ ਹਨ।

(੧੨) ਜਦੋਂ ਤਕ ਜੀਵ ਆਪਣੇ ਅੰਦਰ ਵੱਸ ਰਹੇ ਤੇ ਸਾਰੀਆਂ ਦਾਤਾਂ ਨੂੰ ਦੇਣ ਵਾਲੇ ਦਾਤੇ ਨੂੰ ਨੂੰ ਨਹੀਂ ਪਹਿਚਾਣਦਾ। ਇਸ ਤਰ੍ਹਾਂ ਉਸ ਦਾਤੇ ਨੂੰ ਵਿਸਾਰ ਕੇ ਹਰ ਦੰਮ ਮਾਇਕ ਪਦਾਰਥਾਂ ਦੀ ਖਿੱਚਾਂ `ਚ ਹੀ ਫ਼ਸਿਆ ਰਹਿੰਦਾ ਹੈ। ਉਦੋਂ ਤੱਕ ਉਹ ਕਰਤੇ ਦੀ ਦਰਗਾਹ `ਤੇ ਕਬੂਲ ਨਹੀਂ ਹੋ ਸਕਦਾ। ਫ਼ਿਰ ਜਦੋਂ ਉਹੀ ਖੋਟਾ ਭਾਵ ਅਸਫ਼ਲ ਜੀਵਨ ਮਨੁੱਖ ਵੀ ਗਿਆਨ ਗੁਰੂ ਦੀ ਸ਼ਰਨ `ਚ ਆ ਕੇ ਜੀਵਨ `ਚ ਗੁਰੂ ਆਦੇਸ਼ਾਂ ਦੀ ਕਮਾਈ ਕਰ ਲੈਂਦਾ ਹੈ ਤਾਂ ਉਹ ਵੀ ਸਫ਼ਲ ਜੀਵਨ ਨੂੰ ਵੀ ਪ੍ਰਾਪਤ ਕਰ ਲੈਂਦਾ ਹੈ।

(੧੩) ਗੁਰੂ ਦੇ ਸਨਮੁਖ ਹੋਇਆਂ ਹੀ ਜੀਵ ਅੰਦਰੋਂ ਹਉਮੈ ਦਾ ਨਾਸ ਹੁੰਦਾ ਹੈ। ਸੰਸਾਰਕ ਰੰਗ ਤਮਾਸ਼ੇ ਤੇ ਪਦਾਰਥਕ ਖਿੱਚਾਂ ਦੀ ਥਾਂ, ਉਸ ਦਾ ਆਪਣੇ ਅਸਲੇ ਪ੍ਰਭੂ ਵੱਲ ਮੋੜ ਆ ਜਾਂਦਾ ਹੈ। ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਬਿਨਸਨਹਾਰ ਪਦਾਰਥਕ ਪ੍ਰਾਪਤੀਆਂ, ਮਨੁੱਖ ਕੋਲ ਕਰਤੇ ਦੀਆਂ ਹੀ ਦਾਤਾਂ ਹੁੰਦੀਆਂ ਹਨ। ਇਸ ਲਈ ਇਨ੍ਹਾਂ ਦਾ ਅਨੰਦ ਵੀ ਕਰਤੇ ਨਾਲ ਜੁੜ ਕੇ ਹੀ ਮਾਨਿਆ ਜਾ ਸਕਦਾ ਹੈ। ਕਰਤੇ ਨੂੰ ਵਿਸਾਰ ਕੇ ਇਨ੍ਹਾਂ ਪ੍ਰਾਪਤੀਆਂ `ਚੋਂ ਵੀ ਸਿਵਾਏ ਖੁਆਰੀ ਤੇ ਭਟਕਣਾ ਦੇ ਮਨੁੱਖ ਦੇ ਕੁੱਝ ਵੀ ਹੱਥ ਨਹੀਂ ਲੱਗਦਾ।

ਦਰਅਸਲ ਗੁਰੂ ਦੇ ਸਨਮੁਖ ਹੋਇਆਂ ਤੇ ਕਰਤੇ ਨਾਲ ਜੁੜਿਆਂ ਹੀ ਸਮਝ ਆਉਂਦੀ ਹੈ ਕਿ ਸਭ ਕੁੱਝ ਕਰਤੇ ਦੇ ਸੱਚ ਨਿਆਂ `ਚ ਹੁੰਦਾ ਹੈ। ਇਹ ਸਮਝ ਵੀ ਆ ਜਾਂਦੀ ਹੈ ਕਿ ਮਨੁੱਖ ਦੀ ਖੁਆਰੀ ਦਾ ਮੂਲ ਵੀ, ਕਰਤੇ ਤੋਂ ਦੂਰੀ ਤੇ ਵਿਕਾਰਾਂ `ਚ ਡੁੱਬਿਆ ਜੀਵਨ ਹੀ ਹੁੰਦਾ ਹੈ। ਇਸ ਤਰ੍ਹਾਂ ਗੁਰੂ ਦੀ ਆਗਿਆ `ਚ ਚਲਣ ਨਾਲ ਜੀਵ ਕਰਤਾਰ ਨੂੰ ਹੀ ਜੀਵਨ ਦਾ ਸੱਚਾ ਸਾਥੀ ਪਹਿਚਾਨਣ ਲੱਗ ਜਾਂਦਾ ਹੈ ਅਤੇ ਅੰਤ ਕਰਤੇ ਪ੍ਰਭੂ `ਚ ਹੀ ਸਮਾ ਜਾਂਦਾ ਹੈ। ਜਦੋ ਤੱਕ ਅਜਿਹਾ ਨਹੀਂ ਹੁੰਦਾ, ਮਨੁੱਖ ਦੀ ਰਹਿਣੀ ਦਾ ਵਾਸਾ ਵੀ ਵਿਕਾਰਾਂ ਤੇ ਅਉਗੁਣਾ `ਚ ਹੀ ਬਣਿਆ ਰਹਿੰਦਾ ਹੈ। ਉਸ ਦੀ ਹਾਲਤ “ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ॥ ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ॥ ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ” ਅਨੁਸਾਰ ਜੀਊਂਦੇ ਜੀਅ ਵੀ ਖੁਆਰੀਆਂ ਤੇ ਪ੍ਰੇਸ਼ਾਨੀਆਂ ਦਾ ਸ਼ਿਕਾਰ ਰਹਿੰਦਾ ਹੈ। ਉਪ੍ਰੰਤ ਸਰੀਰਕ ਮੌਤ ਬਾਅਦ ਵੀ ਫ਼ਿਰ ਤੋਂ ਜਨਮ ਮਰਨ ਦੇ ਗੇੜਾਂ `ਚ ਹੀ ਪੈਂਦਾ ਹੈ।

(੧੪) ਇਸ ਪਉੜੀ ਤੱਕ ਪਹੁੰਚ ਕੇ ਗੁਰਦੇਵ ਨਿਰਣਾ ਦਿੰਦੇ ਹਨ ਕਿ ਸੰਸਾਰ `ਚ ਮਨੁੱਖ ਤਾਂ ਉਹੀ ਤੇ ਇਕੋ ਹੀ ਹੁੰਦਾ ਹੈ, ਫ਼ਿਰ ਵੀ ਇਸ ਦੇ ਦੋ ਵਿਰੋਧੀ ਜੀਵਨ ਕਿਉਂ ਤੇ ਕਿਵੇਂ ਤਿਆਰ ਹੁੰਦੇ ਹਨ?

ਗੁਰਦੇਵ ਫ਼ੁਰਮਾਉਂਦੇ ਹਨ, ਜਿਹੜੇ ਗੁਰੂ ਗਿਆਨ ਦੇ ਅਨੁਸਾਰੀ ਚਲਦੇ ਹਨ, ਕਰਤੇ ਦੀਆਂ ਬਖ਼ਸ਼ਿਸ਼ਾਂ ਨੂੰ ਹਾਸਿਲ ਕਰ ਲੈਂਦੇ ਹਨ। ਉਨ੍ਹਾਂ ਅੰਦਰੋਂ ਹਉਮੈ ਦਾ ਨਾਸ ਹੋ ਜਾਂਦਾ ਹੈ ਤੇ ਜੀਊਂਦੇ ਜੀਅ ਕਰਤੇ `ਚ ਸਮਾ ਜਾਂਦੇ ਹਨ। ਇਸ ਤਰ੍ਹਾਂ ਉਨ੍ਹਾਂ ਦਾ ਜਨਮ ਮਰਨ ਵਾਲਾ ਗੇੜ ਵੀ ਕੱਟਿਆ ਜਾਂਦਾ ਹੈ।

ਦੂਜੇ ਭਾਵ ਜਿਨ੍ਹਾਂ ਦਾ ਜੀਵਨ ਹੀ ਮਨਮੁਖਤਾ ਵਾਲਾ ਤਿਆਰ ਹੁੰਦਾ ਹੈ, ਉਨ੍ਹਾਂ ਦੇ ਜੀਵਨ ਦੀ ਘਾਟ ਹੁੰਦੀ ਹੈ ਕਿ ਉਹ ਕਰਤੇ ਪ੍ਰਭੂ ਦਾ ਦਰ ਛੱਡ ਕੇ ਸੰਸਾਰਕ ਆਸ਼ਾ, ਤਿਸ਼ਨਾ, ਵਾਸ਼ਨਾਵਾਂ ਤੇ ਵਿਕਾਰਾਂ `ਚ ਹੀ ਮਨੁੱਖਾ ਜਨਮ ਵਾਲੇ ਅਮੁਲੇ ਅਵਸਰ ਨੂੰ ਬਿਰਥਾ ਕਰ ਦਿੰਦੇ ਹਨ। ਇਸ ਤਰ੍ਹਾਂ ਕੂੜ ਦੀ ਕਮਾਈ ਕਰਦੇ ਹੋਏ ਜੀਵਨ ਭਰ ਖੁਆਰੀਆਂ ਫ਼ਿਰ ਮੌਤ ਤੋਂ ਬਾਅਦ ਵੀ ਆਵਾਗਉਣ ਦੇ ਗੇੜ `ਚ ਹੀ ਪੈਂਦੇ ਹਨ।

ਇਸ ਲਈ ਮੂਲ ਵਿਸ਼ਾ ਇਹ ਹੈ ਕਿ ਬਿਨਾ ਗੁਰੂ ਗਿਆਨ ਦੀ ਕਮਾਈ ਦੇ ਕਿਸੇ ਦਾ ਵੀ ਜੀਵਨ ਤਿਆਰ ਨਹੀਂ ਹੋ ਸਕਦਾ। ਜਦਕਿ ਗੁਰੂ ਗਿਆਨ ਦੀ ਕਮਾਈ ਬਿਨਾ, ਮਨੁੱਖ ਕੇਵਲ ਕੂੜ ਦਾ ਤੇ ਖੋਟਾ ਵਪਾਰ ਹੀ ਕਰਦਾ ਹੈ। ਕਰਤੇ ਦੇ ਸੱਚ ਨਿਆਂ `ਚ ਉਸ ਦੇ ਜੀਵਨ ਬਾਰੇ ਕਿ ਜੀਵਨ ਖੋਟਾ ਸਾਬਤ ਹੋਇਆ ਜਾਂ ਖਰਾ, ਉਸ ਦੇ ਆਪਣੇ ਜੀਵਨ ਦਾ ਹੀ ਅਗ਼ਲਾ ਨਤੀਜਾ ਹੁੰਦਾ ਹੈ। ਇਸ ਤਰ੍ਹਾਂ ਉਹ ਫ਼ਿਰ ਤੋਂ ਜਨਮਾਂ ਦੇ ਗੇੜ `ਚ ਪਿਆ ਜਾਂ ਜੀਊਂਦੇ ਜੀਅ ਕਰਤੇ `ਚ ਸਮਾਅ ਚੁੱਕਾ ਸੀ।

ਤਾਂ ਤੇ ਗੁਰੂ ਦੀ ਸਿੱਖਿਆ ਤੇ ਟੁਰ ਕੇ ਅਤੇ ਕਰਤੇ ਦੀ ਸਿਫ਼ਤ ਸਲਾਹ `ਚ ਜੁੜ ਕੇ ਹੀ ਹਉਮੈ ਦਾ ਨਾਸ ਹੁੰਦਾ ਹੈ। ਇਸ ਤਰ੍ਹਾਂ ਪ੍ਰਭੂ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਕੇ ਤੇ ਉਸ ਨਾਲ ਜੁੜਿਆਂ ਹੀ ਜੀਵਨ ਸਫ਼ਲ ਹੁੰਦਾ ਹੈ। ਉਸ ਤੋਂ ਬਿਨਾ ਅਜਿਹਾ ਸੰਭਵ ਹੀ ਨਹੀਂ ਅਤੇ ਜੀਵਨ ਬਿਰਥਾ ਹੀ ਜਾਂਦਾ ਹੈ।

(੧੫) ਇਸ ਵਾਸਤੇ ਪਉੜੀ ਨੰ: ਪੰਦਰਾਂ `ਚ ਗੁਰਦੇਵ ਦ੍ਰਿੱੜ ਕਰਵਾਉਂਦੇ ਹਨ ਕਿ ਜੀਵਨ ਦੀ ਸੰਭਾਲ ਲਈ ਇਕੋ ਇੱਕ ਰਾਹ ਹੈ। ਉਹ ਇਹ ਕਿ ਅਕੱਟ ਵਿਸ਼ਵਾਸ ਨਾਲ ਤੇ ਭਰਮ ਰਹਿਤ ਹੋ ਕੇ ਗੁਰੂ ਅਦੇਸ਼ਾਂ `ਤੇ ਟੁਰਣਾ ਤੇ ਕਮਾਈ ਕਰਣੀ। ਇਸੇ ਤੋਂ ਜੇ ਕਰਤਾ ਬਖ਼ਸ਼ਿਸ਼ ਦੇ ਘਰ `ਚ ਆ ਜਾਵੇ ਤਾਂ ਇਸ ਜਨਮ ਦਾ ਲਾਹਾ ਮਿਲ ਜਾਂਦਾ ਹੈ। ਜੀਵਨ ਆਪਣੇ ਆਪ ਗੁਰਮੁਖਾਂ ਵਾਲਾ ਤਿਆਰ ਹੋ ਜਾਂਦਾ ਹੈ।

ਇਸ ਦੇ ਉਲਟ ਮਨੁੱਖ, ਮਨਮੁਖ ਰਹਿ ਕੇ ਜੀਵਨ ਨੂੰ ਕੁਰਾਹੇ ਪਾਂਦਾ ਹੈ ਤੇ ਕੂੜ ਦਾ ਵਪਾਰੀ ਬਣਿਆ ਹੀ ਜੀਵਨ ਬਰਬਾਦ ਕਰ ਲੈਂਦਾ ਹੈ। ਫ਼ਿਰ ਇਹ ਵੀ ਕਿ ਅਕਾਲ ਪੁਰਖ ਦੀ ਦਰਗਾਹ ਭਾਵ ਦੇ ਸੱਚੇ ਨਿਆਂ `ਚ ਇਸ ਸਰੀਰ ਦਾ ਨਿਬੇੜਾ ਅਵੱਸ ਹੋਣਾ ਹੁੰਦਾ ਹੈ। ਇਸ ਤਰ੍ਹਾਂ ਸਰੀਰਕ ਮੌਤ ਬਾਅਦ ਮੁੜ ਜਨਮ ਮਰਨ ਵਾਲੇ ਗੇੜ ਤੋਂ ਵੀ ਕੇਵਲ ਉਹੀ ਬਚਦੇ ਹਨ, ਜਿਹੜੇ ਜੀਊਂਦੇ ਜੀਅ ਗੁਰੂ ਆਦੇਸ਼ਾਂ ਦੀ ਕਮਾਈ ਕਰ ਕੇ ਜੀਵਨ ਨੂੰ ਇਲਾਹੀ ਗੁਣਾਂ ਨਾਲ ਭਰਪੂਰ ਤੇ ਰਸ ਦਾਇਕ ਬਣਾ ਲੈਂਦੇ ਹਨ।

(੧੬) ਲੜੀ ਨੂੰ ਅੱਗੇ ਵਧਾਉਂਦੇ ਹੋਏ ਗੁਰਦੇਵ ਪਉੜੀ ਨੰਬਰ ਸੋਲ੍ਹਾਂ `ਚ ਹੋਰ ਵੀ ਪੱਕਾ ਕਰਦੇ ਹਨ ਕਿ ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ, ਗੁਰੂ ਗਿਆਨ ਤੇ ਸੱਚ ਧਰਮ ਦੀ ਕਮਾਈ ਕਰ ਲੈਂਦੇ ਹਨ, ਪਰ ਦੂਜੇ ਜੋ ਅਜਿਹਾ ਨਹੀਂ ਕਰਦੇ ਅਤੇ ਇਸ ਤੋਂ ਵਾਂਞੇ ਰਹਿੰਦੇ ਹਨ; ਦੋਨਾਂ ਦੀ ਜੀਵਨ ਰਹਿਣੀ ਤੇ ਮਾਨਸਿਕ ਅਵਸਥਾ `ਚ ਜ਼ਮੀਨ ਤੇ ਅਸਮਾਨ ਦਾ ਅੰਤਰ ਆ ਜਾਂਦਾ ਹੈ।

ਇਕ ਪਾਸੇ ਗੁਰਮੁਖ ਜਨਾਂ (ਭਗਤਾਂ) ਨੂੰ ਸਪਸ਼ਟ ਹੋ ਜਾਂਦਾ ਹੈ ਕਿ ਸੰਸਾਰ ਅੰਦਰ ਜੀਵਨ ਦੇ, ਦੋਵੇਂ ਰਾਹ, ਕਰਤੇ ਦੇ ਹੁਕਮ ਤੇ ਸੱਚ ਨਿਆਂ `ਚ ਹੀ ਚੱਲ ਰਹੇ ਹਨ। ਉਨ੍ਹਾਂ ਨੂੰ ਮਨ ਕਰਕੇ ਸਪਸ਼ਟ ਹੋ ਜਾਂਦਾ ਹੈ ਕਿ ਭਗਤਾਂ ਭਾਵ ਅਜਿਹੇ ਗੁਰਮੁਖ ਜਨਾਂ ਨੂੰ ਉਨ੍ਹਾਂ ਦੀ ਜੀਵਨ ਦੀਆਂ ਆਤਮਕ ਉਚਾਈਆਂ ਤੇ ਹਉਮੈ ਰਹਿਤ ਮਾਨਸਿਕ ਅਵਸਥਾ ਕਾਰਨ ਹੀ, ਕਰਤਾ ਪੁਰਖ, ਆਪਣੇ ਅੰਦਰ ਅਭੇਦ ਕਰ ਲੈਂਦਾ ਹੈ। ਜਦਕਿ ਜੀਵਨ ਦੀ ਅਜਿਹੀ ਸਫ਼ਲਤਾ ਵੀ ਕਰਤੇ ਦੀ ਬਖ਼ਸ਼ਿਸ਼ ਨਾਲ ਹੀ ਪ੍ਰਾਪਤ ਹੁੰਦੀ ਹੈ।

ਜਦਕਿ ਦੂਜੇ, ਮਨਮੁਖ ਭਾਵ ਕਰਤੇ ਨੂੰ ਵਿਸਾਰ ਕੇ ਸੰਸਾਰ ਦੀ ਮੋਹ ਮਾਇਆ `ਚ ਡੁੱਬੇ ਲੋਕ (ਸੰਸਾਰੀ) ਵੀ ਆਪਣੀ ਨਿਤ ਤਿਆਰ ਹੋ ਰਹੀ ਵਿਕਾਰੀ ਮਾਨਸਿਕ ਅਵਸਥਾ ਕਾਰਨ ਹੀ ਪ੍ਰਭੂ ਦੇ ਦਰ ਤੋਂ ਧੱਕੇ ਜਾਂਦੇ ਹਨ। ਅਜਿਹੇ ਸੰਸਾਰੀ ਖ਼ੁਦ ਵੀ ਕਾਮ ਕ੍ਰੋਧ ਆਦਿ ਵਿਕਾਰਾਂ `ਚ ਡੁੱਬੇ ਰਹਿ ਕੇ ਆਪਣੇ ਜੀਵਨ `ਚ ਅਉਗੁਣਾਂ ਦਾ ਵਿਸ਼ ਭਰਦੇ ਹਨ ਤੇ ਲੋਕਾਈ `ਚ ਵੀ ਅਉਗੁਣਾਂ ਤੇ ਵਿਕਾਰਾਂ ਵਾਲੇ ਵਿਸ਼ ਦਾ ਵਾਧਾ ਕਰਦੇ ਹਨ। ਇਸ ਤਰ੍ਹਾਂ ਇਹ ਮਨਮੁਖ ਤੇ ਸੰਸਾਰੀ ਲੋਕ, ਆਪਣੀ ਕਰਣੀ ਕਰਕੇ ਹੀ ਜੀਵਨ ਭਰ ਦੁਖੀ ਤੇ ਮਾਨਸਿਕ ਉਖਾੜ ਵਾਲਾ ਜੀਵਨ ਬਤੀਤ ਕਰਦੇ ਤੇ ਫ਼ਿਰ ਜਨਮਾਂ ਦੇ ਗੇੜ `ਚ ਵੀ ਪੈਂਦੇ ਹਨ।

(੧੭) ਕਰਤੇ ਦੀ ਸਿਫ਼ਤ ਸਲਾਹ ਵਾਲਾ ਰਾਹ ਪੂਰੇ ਗੁਰੂ ਤੋਂ ਹੀ ਮਿਲਦਾ ਹੈ। ਫ਼ਿਰ ਵੀ ਜਿਹੜੇ ਜੀਵਨ ਦੇ ਇਸ ਇਕੋ ਇੱਕ ਸਫ਼ਲਤਾ ਦੇ ਰਾਹ ਨੂੰ ਨਹੀਂ ਪਕੜਦੇ। ਇਸ ਸੱਚ ਦੇ ਰਾਹ ਨੂੰ ਛੱਡ ਕੇ ਮਨ ਦੇ ਪਿਛੇ ਭਾਵ ਮਨਮੁਖਾਂ ਤੇ ਸੰਸਾਰੀਆਂ ਪਿਛੇ ਹੀ ਟੁਰਦੇ ਹਨ ਉਹ ਸਦਾ ਦੁਨੀਆ ਦੇ ਧੰਧਿਆਂ `ਚ ਹੀ ਠੱਗੇ ਜਾਂਦੇ ਹਨ ਤੇ ਜ਼ਿੰਦਗੀ ਵਿਅਰਥ ਗੁਆ ਲੈਂਦੇ ਹਨ। ਭਾਵ ਮੁੜ ਜਨਮਾਂ ਦੇ ਗੇੜ `ਚ ਪੈਂਦੇ ਹਨ।

ਇਸ ਲਈ ਜਿਨ੍ਹਾਂ ਨੂੰ ਦ੍ਰਿੜ ਵਿਸ਼ਵਾਸ ਆ ਜਾਂਦਾ ਹੈ ਕਿ ਕਰਤਾ ਕੇਵਲ ਇਕੋ ਇੱਕ ਤੇ ਕਰਤਾ ਪੁਰਖ ਹੀ ਹੈ ਤੇ ਦੂਜਾ ਕੋਈ ਨਹੀਂ, ਉਹ ਭਗਤ ਜਨ, ਫ਼ਿਰ ਇਧਰ ਉਧਰ ਨਹੀਂ ਭਟਕਦੇ। ਜਦਕਿ ਦੂਜੇ ਉਹ ਵੀ ਹੁੰਦੇ ਹਨ ਜਿਹੜੇ ਬਾਰ ਬਾਰ ਸਪਸ਼ਟ ਕਰਣ ਦੇ ਬਾਵਜੂਦ ਸੰਸਾਰਿਕ ਵਾਸ਼ਨਾਵਾਂ, ਅਸ਼ਾਵਾਂ, ਤ੍ਰਿਸ਼ਨਾਂ, ਹਉਮੈ ਵਿਕਾਰਾਂ ਆਦਿ ਵਾਲੀ ਮਾਇਆ ਦੀ ਪਕੜ `ਚੋਂ ਨਿਕਲਦੇ ਹੀ ਨਹੀਂ।

ਉਸੇ ਦਾ ਨਤੀਜਾ ਹੁੰਦਾ ਹੈ ਕਿ ਅਜਿਹੇ ਸੰਸਾਰੀ ਲੋਕਾਂ ਦੇ, ਜਦੋਂ ਕਰਤੇ ਦੀ ਦਰਗਾਹ `ਚ ਜਨਮ ਦਾ ਨਿਬੇੜਾ ਹੁੰਦਾ ਹੈ ਤਾਂ ਉਹ ਮੁੜ ਜਨਮਾਂ ਤੇ ਆਵਾਗਉਣ ਦੇ ਗੇੜਾਂ `ਚ ਹੀ ਪਾ ਦਿੱਤੇ ਜਾਂਦੇ ਹਨ। ਇਸ ਸਾਰੇ ਦਾ ਮੂਲ ਇਕੋ ਹੁੰਦਾ ਹੈ ਕਿ ਅਜਿਹੇ ਮਨਮੁਖ ਸੰਸਾਰੀ ਵੀ ਆਪਣੇ ਆਪ ਨੂੰ ਸੱਚ ਦੇ ਰਾਹ `ਤੇ ਕਦੇ ਵੀ ਇਆਣਾ ਕਬੂਲ ਨਹੀਂ ਕਰਦੇ।

ਫ਼ਿਰ ਵੀ ਇਹ ਵੀ ਸੱਚ ਹੈ ਕਿ ਸਮਾਂ ਰਹਿੰਦੇ ਭਾਵ ਅਜਿਹੇ ਸੰਸਾਰੀ ਤੇ ਮਨਮੁਖ ਵੀ ਜੇ ਕਰ ਆਪਣੇ ਜੀਵਨ ਕਾਲ `ਚ ਹੀ ਆਪਣੇ ਜੀਵਨ ਦੀ ਉਸ ਘਾਟ ਦੀ ਪਹਿਚਾਣ ਕਰ ਲੈਣ ਤਾਂ ਕਰਤੇ ਦੇ ਸੱਚ ਨਿਆਂ `ਚ ਉਨ੍ਹਾਂ ਦੇ ਜੀਵਨ ਦੀ ਵੀ ਸਮਾਂ ਰਹਿੰਦੇ ਸੰਭਾਲ ਹੋ ਸਕਦੀ ਹੈ।

ਨੋਟ (ਵਿਸ਼ੇਸ਼ ਧਿਆਨ ਯੋਗ) -ਇਸ ਤੋਂ ਪਹਿਲਾਂ ਕਿ ਚਲਦੀ ਲੜੀ ਵੱਲ ਹੋਰ ਅੱਗੇ ਵਧਿਆ ਜਾਵੇ, ਸਾਡੇ ਲਈ ਜ਼ਰੂਰੀ ਹੈ ਕਿ ਇਸ ਵਿਸ਼ੇਸ਼ ਨੋਟ ਨੂੰ ਵੀ ਜ਼ਰੂਰ ਧਿਆਨ ਗੋਚਰੇ ਰਖਿਆ ਜਾਵੇ। ਉਸ ਦਾ ਮੁੱਖ ਕਾਰਨ ਇਹ ਹੈ ਕਿ ਗੁਰਬਾਣੀ `ਚ ਆਦਿ ਤੋਂ ਸਮਾਪਤੀ ਭਾਵ ਤੋਂ ਅਰੰਭ ਕਰਕੇ “ਤਨੁ ਮਨੁ ਥੀਵੈ ਹਰਿਆ” ਤੱਕ “ਵਿਸ਼ਾ-ਜਨਮ ਮਰਨ ਅਤੇ ਸਿੱਖ ਧਰਮ” ਪ੍ਰਮੁੱਖ ਵਿਸ਼ਾ ਹੈ ਅਤੇ ਚੱਲ ਰਹੀ ਵਾਰ `ਚ ਵੀ ਪ੍ਰਮੁੱਖ ਵਿਸ਼ਾ ਇਹੀ ਹੈ। ਇਹੀ ਕਾਰਨ ਹੈ ਕਿ ਵਾਰ ਸਬੰਧੀ ਅਰਥ ਵਿਚਾਰ ਕਰਦੇ ਸਮੇਂ ਗੁਰਬਾਣੀ ਦਾ ਇਹੀ ਪੱਖ ਬਾਰ ਬਾਰ ਉਘੜ ਕੇ ਸਾਹਮਣੇ ਆ ਰਿਹਾ ਹੈ। ਤਾਂ ਤੇ ਸੰਗਤਾਂ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ ਕਿ ਇਸ ਵਿਸ਼ੇ ਨਾਲ ਸਬੰਧਤ ਇਸ ਨੋਟ ਨੂੰ ਵੀ ਜ਼ਰੂਰ ਪੜ੍ਹ ਲਿਆ ਜਾਵੇ ਤੇ ਇਸ ਨੂੰ ਖਾਸ ਧਿਆਨ ਗੋਚਰੇ ਵੀ ਰਖਿਆ ਜਾਵੇ ਜੀ। ਤਾਂ ਤੇ ਇਸ ਸਬੰਧ `ਚ:-

ਨੁੱਕਤਾ ਨੰ: ੧- ਗੁਰਮੱਤ ਤੇ ਗੁਰਬਾਣੀ ਅਨੁਸਾਰ ਜਨਮ ਮਰਨ, ਆਵਾਗਉਣ, ਕਰਮਾਂ ਦੇ ਫਲ, ਭਿੰਨ ਭਿੰਨ ਜੂਨਾਂ, ਪਿਛਲੇ ਅਗਲੇ ਜਨਮਾਂ ਵਾਲੇ ਵਿਸ਼ਵਾਸ, ਭਾਵ ਇਥੇ ਇਹ ਸਾਰੇ ਵਿਸ਼ੇ ਤਾਂ ਹੈਣ ਪਰ ਇਹ ਸਾਰੇ ਵਿਸ਼ੇ ਇਥੇ ਨਿਰੋਲ ਗੁਰਬਾਣੀ ਵਿਚਾਰਧਾਰਾ ਆਧਾਰਤ ਵਿਸ਼ੇ ਹਨ। ਇਹ ਵੀ ਕਿ ਇਥੇ ਇਹ ਸਾਰੇ ਵਿਸ਼ੇ, ਸਫ਼ਲ ਤੇ ਅਸਫ਼ਲ ਜਨਮ ਨਾਲ ਸਬੰਧਤ ਹਨ। ਇਥੇ ਇਨ੍ਹਾਂ ਦਾ ਮੂਲ, ਅਸਫ਼ਲ ਜੀਵਨ ਤੋਂ ਸਫ਼ਲ ਜੀਵਨ ਤੱਕ ਦਾ ਸਫ਼ਰ ਹੈ। ਇਹ ਵੀ ਕਿ ਗੁਰਮੱਤ ਅਨੁਸਾਰ ਇਨ੍ਹਾਂ ਦੀ ਪਹਿਚਾਣ ਤੇ ਸਮਝ ਵੀ ਆਵੇਗੀ ਤਾਂ ਨਿਰੋਲ ਗੁਰਬਾਣੀ ਦੀਆਂ ਗਹਿਰਾਈਆਂ `ਚ ਜਾ ਕੇ ਹੀ ਆਵੇਗੀ। ਉਸ ਤੋਂ ਬਿਨਾਂ ਅਜਿਹੀ ਸਮਝ ਬਾਹਰੋਂ ਕਿਧਰੌਂ ਵੀ ਅਤੇ ਬਿਲਕੁਲ ਵੀ ਨਹੀਂ ਆਵੇਗੀ। ਸਚਾਈ ਵੀ ਇਹ ਹੈ ਕਿ ਗੁਰਬਾਣੀ ਆਧਾਰ `ਤੇ ਇਹ ਸਾਰੇ ਵਿਸ਼ੇ ਨਿਵੇਕਲੇ ਤਾਂ ਹੈਣ ਹੀ ਪਰ ਨਾਲ ਨਾਲ ਦਲੀਲ ਭਰਪੂਰ ਵੀ ਹਨ, ਫੋਕਟ ਨਹੀਂ।

ਨੁੱਕਤਾ ਨੰ: ੨- ਦੂਜੇ ਪਾਸੇ ਸਾਡੇ ਪੜੌਸੀਆਂ ਭਾਵ ਬ੍ਰਾਹਮਣ ਮੱਤ `ਚ ਵੀ ਜਨਮ ਮਰਨ, ਆਵਾਗਉਣ, ਕਰਮਾਂ ਦੇ ਫਲ, ਭਿੰਨ ਭਿੰਨ ਜੂਨਾਂ, ਪਿਛਲੇ-ਅਗਲੇ ਜਨਮਾਂ ਵਾਲੇ ਵਿਸ਼ਵਾਸ ਅਦਿ ਵਾਲੇ ਸਾਰੇ ਵਿਸ਼ੇ ਤਾਂ ਹਨ। ਜਦਕਿ ਉਥੇ ਉਨ੍ਹਾਂ ਸਾਰਿਆਂ ਦਾ ਆਧਾਰ ਗਰੁੜ ਪੁਰਾਨ ਆਦਿ ਨਿਰੋਲ ਬ੍ਰਾਹਮਣੀ ਰਚਨਾਵਾਂ ਹੀ ਹਨ। ਉਸੇ ਤੋਂ ਉਨ੍ਹਾਂ ਦਾ ਹੀ ਵਿਸਤਾਰ ਹਨ ਸੁਰਗ ਨਰਕ, ਪਿਤ੍ਰ ਲੋਕ, ਇੰਦਰ ਲੋਕ, ਦੇਵ ਲੋਕ, ਜਮ ਪੁਰੀ, ਬ੍ਰ੍ਹਹਮ ਪੁਰੀ, ਬਿਸ਼ਨ ਪੁਰੀ (ਬੈਕੁੰਠ), ਸ਼ਿਵ ਲੋਕ, ਸੂਖਮ ਸਰੀਰ, ਭੂਤ ਪ੍ਰੇਤ, ਰੂਹਾਂ-ਬਦ ਰੂਹਾ, ਮਹਾਕਾਲ, ਕਾਲ ਚੱਕਰ, ਯੁਗ ਵੰਡ, ਚਿਤ੍ਰ ਗੁਪਤ, ਕਾਮਧੇਨੂ ਗਊ, ਕਲਪ ਬ੍ਰਿਛ, ਪਾਰਜਾਤ ਆਦਿ ਤੇ ਹੋਰ ਬਹੁਤ ਕੁਝ। ਜਦਕਿ ਗੁਰਮੱਤ ਨੇ ਇਨ੍ਹਾਂ ਸਾਰਿਆਂ ਵਿਸ਼ਵਾਸਾਂ ਨੂੰ ਪੂਰੀ ਤਰਾਂ ਨਕਾਰਿਆ ਤੇ ਕੱਟਿਆ ਹੈ। ਉਸ ਆਧਾਰ `ਤੇ ਉਨ੍ਹਾਂ ਨੂੰ ਉੱਕਾ ਹੀ ਪ੍ਰਵਾਣ ਨਹੀਂ ਕੀਤਾ।

ਨੁੱਕਤਾ ਨੰ: ੩- ਦੇਖਿਆ ਜਾਵੇ ਤਾਂ ਗੁਰਮੱਤ ਤੇ ਬ੍ਰਾਹਮਣ ਮੱਤ `ਚ ਵਿਸ਼ੇ ਦੋਵੇਂ ਪਾਸੇ ਲਗਭਗ ਉਹੀ ਹਨ। ਮੌਟੇ ਤੌਰ `ਤੇ ਇਹ ਹਨ ਜਿਵੇਂ ਜਨਮ ਮਰਨ ਦਾ ਵਿਸ਼ਾ, ਆਵਾਗਉਣ, ਕਰਮਾਂ ਦੇ ਫਲ, ਭਿੰਨ ਭਿੰਨ ਜੂਨਾਂ, ਪਿਛਲੇ-ਅਗਲੇ ਜਨਮਾਂ ਦੇ ਵਿਸ਼ਵਾਸ ਆਦਿ। ਜਦਕਿ ਦੋਵੇਂ ਪਾਸੇ ਦੋਨਾਂ ਦੇ ਆਧਾਰ ਨਿਤਾਂਤ ਭਿੰਨ ਬਲਕਿ ਵਿਰੋਧੀ ਅਤੇ ਦੋਵੇਂ ਪਾਸੇ ਮੂਲ ਵਿਸ਼ਵਾਸਾਂ ਵਿਚਾਲੇ ਜ਼ਮੀਨ ਤੇ ਅਸਮਾਨ ਦਾ ਅੰਤਰ ਹੈ। ਇਸ ਲਈ ਸੰਗਤਾਂ ਤੇ ਖਾਸ ਕਰ ਸਾਡੇ ਕੁੱਝ ਵਿਦਵਾਨ ਸੱਜਨਾਂ ਨੂੰ ਵੀ ਇਸ ਪੱਖੋਂ ਸੁਚੇਤ ਹੋਣ ਦੀ ਲੋੜ ਹੈ।

ਨੁੱਕਤਾ ਨੰ: ੪-ਇਹੀ ਨਹੀਂ ਇਸ ਤੋਂ ਬਾਅਦ ਜਨਮ ਮਰਨ ਦੇ ਵਿਸ਼ੇ `ਤੇ ਸਾਮਵਾਦੀਆਂ-ਅਥਵਾ ਕਮਿਉਨਿਸਟਾਂ ਦੀ ਵੀ ਆਪਣੀ ਸੋਚ ਹੈ। ਉਨ੍ਹਾਂ ਅਨੁਸਾਰ ਇਸ ਸਰੀਰ ਦਾ ਨਾ ਅੱਗਾ ਹੈ ਤੇ ਨਾ ਪਿਛੌਕੜ। ਉਨ੍ਹਾਂ ਅਨੁਸਾਰ ਤਾਂ ਬੱਸ ਸਾਡਾ ਇਹ ਮੌਜੂਦਾ ਮਨੁੱਖਾ ਸਰੀਰ ਹੀ ਸਭ ਕੁੱਝ ਹੈ ਜੋ ਸੰਸਾਰ `ਚ ਆਏ ਤੇ ਚਲੇ ਗਏ। ਜਦਕਿ ਗੁਰਮੱਤ ਅਨੁਸਾਰ ਉਹ ਵਿਸ਼ਵਾਸ ਵੀ ਪੂਰੀ ਤਰ੍ਹਾਂ ਗ਼ਲਤ ਵਿਸ਼ਵਾਸ ਹੈ।

ਨੁੱਕਤਾ ਨੰ: ੫-ਇਸ ਲਈ ਸਪਸ਼ਟ ਹੈ ਕਿ ਇਹ ਸਭ ਵਿਸ਼ੇ ਕੇਵਲ ਤੇ ਕੇਵਲ ਗੁਰਬਾਣੀ ਦੀਆਂ ਗਹਿਰਾਈਆਂ `ਚ ਜਾ ਕੇ ਅਤੇ ਗੁਰਮੱਤ ਆਧਾਰ `ਤੇ ਹੀ ਸਮਝਣੇ ਹਨ, ਬਾਹਰੋਂ ਕਿਧਰੋਂ ਨਹੀਂ। ਇਹੀ ਨਹੀਂ ਬਲਕਿ ਇਨ੍ਹਾਂ ਨੂੰ ਬਾਹਰੋਂ ਨਾ ਹੀ ਕਿਸੇ ਵੀ ਤਰ੍ਹਾਂ ਦੇ ਬ੍ਰਾਹਮਣੀ, ਗਰੁੜ ਪੁਰਾਨ ਜਾਂ ਕਿਸੇ ਵੀ ਤਰ੍ਹਾਂ ਦੇ ਹੋਰ ਪ੍ਰਭਾਵਾਂ ਦੀ ਟੇਕ ਲੈ ਕੇ ਸਮਝਿਆ ਜਾ ਸਕਦਾ ਹੈ।

ਵਿਸ਼ੇਸ਼-ਉਂਜ ਇਨ੍ਹਾਂ ਸਾਰੇ ਪੱਖਾਂ ਨੂੰ ਨਿਰੋਲ ਗੁਰਬਾਣੀ ਆਧਾਰ `ਤੇ ਸਮਝਣ ਤੇ ਪਹਿਚਾਨਣ ਲਈ ਦਾਸ ਵੱਲੋਂ ਬਹੁਤ ਜਲਦੀ ਅਤੇ ਸਬੰਧਤ ਵੇਰਵਿਆਂ ਸਹਿਤ ਇੱਕ ਪੁਸਤਕ “ਵਿਸ਼ਾ-ਜਨਮ ਮਰਨ ਅਤੇ ਸਿੱਖ ਧਰਮ” ਵੀ ਗੁਰੂ ਕੀਆਂ ਸੰਗਤਾ ਲਈ ਛਪ ਕੇ ਆ ਰਹੀ ਹੈ। ਜਿਸ ਦਾ ਸਮੇਂ ਨਾਲ ਸੰਗਤਾਂ ਪੂਰਾ ਪੂਰਾ ਲਾਭ ਲੈ ਸਕਣ ਗੀਆਂ। (ਚਲਦਾ) #012 MkV.GVDs03.04.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” BEING LOADED IN ISTTS. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.