.

ਬਾਉਲੀ ਦਾ ਕੜ ਪਾਟਣ ਦੀ ਗਲ ਤੇ ਅਕਬਰ ਨੇ ਗੋਇੰਦਵਾਲ ਆਉਣਾ?

“ਪੁੱਤਰ ਦੀ ਤੇਰੀ ਇਛਿਆ ਉਹੀ ਪੂਰੀ ਕਰਨ ਜੋਗ ਹਨ।” ਸਤਿਗੁਰੂ ਜੀ ਨੇ ਮਾਤਾ ਨੂੰ ਬਚਨ ਕਹੇ ਪਰ ਅਗਲੀ ਤੁਕ ਤੋ:- “ਲਿਖਾਰੀ ਦੇ ਮੁਖ ਪਾਤਰ. ਮਨੀ ਸਿੰਘ (ਜੋ ਕਥਿਤ ਭਗਤ ਸਿੰਘ ਨੂੰ ਸਤਿਗੁਰੂ ਜੀ ਘਰ ਸੰਤਾਨ ਹੋਣ ਵਾਲਾ ਸਾਕਾ ਸੁਣਾ ਰਿਹਾ ਦਰਸਾਇਆ ਹੋਇਆ ਹੈ) ਜਦੋਂ ਇਹ ਬਚਨ ਕਹੇ ਤਾਂ ਭਗਤ ਸਿੰਘ ਬੋਲ ਪਿਆ, ਹੇ ਪ੍ਰਭੂ! ਪਹਿਲਾਂ ਮੇਰੇ ਮਨ ਦਾ ਇਹ ਸੰਸਾ ਦੂਰ ਕਰੋ ਕਿ ਜਦ ਸਾਰੇ ਦੇਸ਼ ਵਿੱਚ ਮੁਗ਼ਲਾਂ ਦਾ ਹੀ ਰਾਜ ਭਾਗ ਸੀ, ਤਾਂ ਸਤਿਗੁਰੂ ਜੀ ਨੇ ਬੀੜ ਵਾਲਾ ਥਾਂ, ਜਿਥੇ ਮਾਤਾ ਜੀ ਨੂੰ ਜਾਣ ਲਈ ਕਿਹਾ ਸੀ, ਕਿਵੇਂ ਪ੍ਰਾਪਤ ਕਰ ਲਿਆ? ਉਸ ਥਾਂ ਬਾਬਾ ਬੁਢਾ ਜੀ ਕਿਵੇਂ ਜਾ ਟਿਕੇ ਸਨ?
(ਭਾਈ) ਮਨੀ ਸਿੰਘ (ਜੀ) ਨੇ ਪ੍ਰਸੰਨ ਹੋ ਕੇ ਭਗਤ ਸਿੰਘ ਨੂੰ ਸੁਣਾਇਆ ਕਿ ਅਕਬਰ ਬਾਦਸ਼ਾਹ ਨੇ ਅਪਣੀ ਬੇਅੰਤ ਸੈਨਾ ਨਾਲ ਚਤੌੜ ਗੜ੍ਹ ਕਿਲ੍ਹੇ ਤੇ ਚੜ੍ਹਾਈ ਕੀਤੀ। 11 ਸਾਲ ਜੰਗ ਕਰਦਾ ਰਿਹਾ ਪਰ ਕਿਲ੍ਹਾ ਸਰ ਨਾ ਹੋ ਸਕਿਆ। ਫਿਰ ਅਕਬਰ ਪਾਤਸ਼ਾਹ ਕਈ ਪੀਰ ਫ਼ਕੀਰ ਮਨਾਏ ਪਰ ਕੁੱਝ ਨਾ ਬਣਿਆ ਤਾਂ ਉਹ ਵਡਾ ਨਿਰਾਸ ਅਤੇ ਚਿੰਤਾਤੁਰ ਹੋ ਗਿਆ। ਸਤਿਗੁਰੂ ਜੀ ਦਾ ਇੱਕ ਸਿੱਖ ਉਥੇ ਨੌਕਰੀ ਕਰਦਾ ਸੀ। ਉਸ ਤੋਂ ਗੋਇੰਦਵਾਲ ਵੱਸਦੇ ਤੀਸਰੇ ਸਤਿਗੁਰੂ ਨਾਨਕ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣ ਕੇ ਸਮਰਾਟ ਅਕਬਰ ਨੇ ਆਪਣੇ ਕੁੱਝ ਸੇਵਕ ਤਿਆਰ ਕੀਤੇ, ਅਤੇ ਬਹੁਤ ਭੇਟਾ ਦੇ ਕੇ ਉਸ ਸਿੱਖ ਨੂੰ ਸਤਿਗੁਰੂ ਜੀ ਦੀ ਸੇਵਾ ਵਿੱਚ ਕਿਲ੍ਹੇ ਦੀ ਫ਼ਤਹਿ ਵਾਸਤੇ ਬੜੀ ਨਿਮਰਤਾ ਨਾਲ ਬੇਨਤੀ ਕਰਨ ਲਈ ਤੋਰ ਦਿਤਾ। ਗੁਰੂ ਜੀ ਉਸ ਸਮੇਂ ਸ੍ਰੀ ਗੋਇੰਦਵਾਲ ਵਿਖੇ- “ਬਾਵਲੀ ਬੈਠ ਕਢਾਵਤ ਕਾਰਾ”। ਉਸ ਸਿੱਖ ਨੇ ਵੀ ਅਕਬਰ ਵੋਲੋਂ ਭੇਜੀ ਭੇਟਾ ਚਰਨਾਂ ਵਿੱਚ ਜਾ ਧਰੀ। ਬੜੀ ਨਿਮਰਤਾ ਨਾਲ ਸਤਿਗੁਰੂ ਅਮਰਦਾਸ ਜੀ ਦੀ ਉਸਤਤਿ ਕੀਤੀ ਅਤੇ ਅਕਬਰ ਵਲੋਂ ਕੀਤੀ ਬੇਨਤੀ ਕਹਿ ਸੁਣਾਈ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਫ਼ੁਰਮਾਇਆ ਕਿ-ਜਿਹ ਛਿਨ ਬਾਵਲੀ ਕੜ ਤੁਟ ਜਾਈ। ਤਿਹ ਛਿਨ ਸਾਹ ਫ਼ਤੇ ਗੜ੍ਹ ਪਾਈ॥ 89॥ ਇਹ ਸੁਣਦੇ ਸਾਰ ਸਿੱਖ ਨੇ ਅਕਬਰ ਵਲ ਨੂੰ ਧਾਈ ਕਰ ਲਈ ਅਤੇ ਉਸ ਨੂੰ, ਖ਼ੁਸ਼ਖ਼ਬਰੀ ਜਾ ਸੁਣਾਈ।
ਸਤਿਗੁਰੂ ਜੀ ਦਾ ਬਚਨ ਸਤਿ ਹੋ ਗਿਆ। ਬਉਲੀ ਦਾ ਕੜ ਟੁੱਟਣ ਵਾਲੇ ਛਿਣ ਹੀ ਚਤੌੜ ਦਾ ਕਿਲ੍ਹਾ ਫ਼ਤਹਿ ਹੋ ਗਿਆ। ਅਕਬਰ ਸਤਿਗੁਰੂ ਜੀ ਦੇ ਦਰਬਾਰ ਦੀ ਹਾਜ਼ਰੀ ਭਰਨ ਗੋਇੰਦਵਾਲ ਸਾਹਿਬ ਅਇਆ ਤਾਂ ਬੀੜ ਵਾਲੀ ਥਾਂ ਦੇ 84 ਪਿੰਡ ਜਾਗੀਰ ਦਾਨ ਵਜੋਂ ਦੇ ਗਿਆ। {106 ਚਪੀ ਤਕ} ਬਾਬਾ ਬੁਢਾ ਜੀ ਬਾਰੇ ਦਾਸ ਨੇ ਤਾਂ ਇਹ ਸੁਣਿਆ ਹੋਇਆ ਸੀ ਕਿ ਉਹ ਬੀੜ ਵਿਚੋਂ ਘਾਹ ਖੋਤ ਕੇ ਸਤਿਗੁਰੂ ਜੀ ਦੇ ਘੋੜਿਆਂ ਅਥਵਾ ਪਸੂਆਂ ਲਈ ਭੇਜਿਆ ਕਰਦੇ ਸਨ ਪਰ ਗੁਰਬਿਲਾਸ ਦਾ ਲਿਖਾਰੀ ਇਉਂ ਲਿਖ ਰਿਹਾ ਹੈ:-
ਦੋਹਰਾ॥ ਸਾਹਿਬ ਬੁੱਢਾ ਜੀ ਕਰੈ ਸਭੀ ਗਾਂਵ ਕਾ ਰਾਜ। ਬੀੜ ਮਾਹਿ ਨਿਸਿਦਿਨੁ ਕਰੈ ਕਰਿ ਘਾਈ ਕਾ ਸਾਜ॥ 107॥
ਸਾਹਿਬ ਬੁੱਢਾ ਰਾਜ ਕਰ ਭਰਤ ਰਾਮ ਲਘੁ ਜੈਸ। ਭਗਤ ਸਿੰਘ ਬੰਦਨ ਕਰੀ ਸੁਨੇ ਬਚਨ ਜਬ ਐਸ॥ 108॥
ਵੇਦਾਂਤੀ ਜੀ ਵਲੋਂ ਟੂਕ ਵਿੱਚ ਲਿਖੇ ਅਨੁਸਾਰ ਅਰਥ:-ਬਾਬਾ ਬੁਢਾ ਜੀ ਘਾਹ ਖੋਤਣ ਵਾਲੇ ਦਾ ਭੇਸ ਬਣਾ ਕੇ ਰਾਤ ਦਿਨ ਰਾਜ ਕਰਦੇ ਹਨ। 107. ਜਿਵੇ ਰਾਮ ਚੰਦਰ ਜੀ ਨੇ ਬਹੁਤ (ਲਘੁ) ਸੋਹਣਾ (ਭਰਤ) ਅਯੁਧਿਆ ਦਾ ਰਾਜ ਕੀਤਾ. ਇਵੇਂ ਹੀ ਬਾਬਾ ਜੀ ਬੀੜ ਵਿੱਚ ਨਿਵਾਸ ਕਰਦੇ ਸਾਰੇ ਨਗਰਾਂ ਦੀ ਸਾਰ ਸੰਭਾਲ ਕਰਦੇ ਸਨ। ਇਹ ਸੁਣ ਕੇ ਭਗਤ ਸਿੰਘ ਨੇ ਨਮਸਕਾਰ ਕੀਤੀ। 108.
ਗੁਰੂ ਘਰ ਦੇ ਨਿਸ਼ਕਾਮ ਭਗਤ ਨੂੰ ਮਨਮੁਖ ਬਹੁਰੂਪੀਏ ਵਜੋਂ ਹਕੂਮਤ ਕਰ ਰਹੇ ਦਰਸਾਉਣ ਵਿੱਚ ਵੇਦਾਂਤੀ ਜੀ ਕੀ, ਸਚੀ ਗੁਰ ਸੇਵਾ ਨਿਭਾ ਰਹੇ ਸਨ? ਕੁਟਲ ਲਿਖਾਰੀ ਹਰ ਪੱਖੋਂ ਬਾਬਾ ਬੁੱਢਾ ਜੀ ਦੀ ਮਹਿਮਾ ਗੁਰੂ ਸਾਹਿਬ ਨਾਲੋਂ ਵੱਧ ਦਰਸਾ ਕੇ ਗੁਰਮਤਿ ਦੇ ਇਸ ਸਿਧਾਂਤ ਦੀ ਖੰਡਣਾ ਕਰ ਰਿਹਾ ਹੈ-ਹਰਿ ਜੀਉ ਤੇਰੀ ਦਾਤੀ ਰਾਜਾ॥ ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ॥ ਰਹਾਉ॥


ਮਾਤਾ ਗੰਗਾ ਜੀ ਜਲੂਸ ਦੀ ਸ਼ਕਲ ਵਿੱਚ ਬਾਬਾ ਬੁੱਢਾ ਜੀ ਵਲ ਤੁਰੇ?


ਚੌਪਈ॥ ਮਨੀ ਸਿੰਘ ਪੁਨਿ ਕੀਨੁ ਉਚਾਰਾ। ਆਗੈ ਸੁਨੋ ਕਥਾ ਨਿਰਧਾਰਾ।
ਗੁਰ ਅਰਜੁਨ ਬਚ ਮਾਨਿ ਸਿਧਾਰੀ। ਮਾਤ ਗੰਗ ਸੁਤ ਇੱਛ ਪਿਆਰੀ॥ 109॥
ਅਰਥ:-ਮਨੀ ਸਿੰਘ ਨੇ ਕਥਾ ਅੱਗੇ ਤੋਰਦਿਆਂ ਆਖਿਆ ਕਿ, (ਬਾਬਾ ਬੁੱਢਾ ਜੀ ਤੋਂ ਪੁੱਤਰ ਪਰਾਪਤੀ ਦਾ ਵਰ ਮੰਗਣ ਵਾਸਤੇ) ਸਤਿਗੁਰੂ ਜੀ ਦੇ ਬਚਨ ਮੰਨ ਕੇ ਪੁੱਤਰ ਦੀ ਪਿਆਰੀ ਇੱਛਾ ਸਹਿਤ ਮਾਤਾ ਗੰਗਾ ਜੀ ਤੁਰ ਪਏ। 109.
ਦਾਸੀ ਦਾਸ ਸੰਗਿ ਬਹੁ ਲੀਨੇ। ਹੈ ਰਥ ਸਾਜਿ ਪਯਾਨਾ ਕੀਨੇ।
ਖੀਰ ਖੰਡ ਪਰਸਾਦੁ ਕਰਾਈ। ਬਹੁਤ ਸੁਕਾਵਰ ਸੰਗਿ ਚਲਾਈ॥ 110॥
ਅਰਥ:-ਬਹੁਤ ਸਾਰੇ ਦਾਸ, ਕਈ ਦਾਸੀਆਂ, ਸਿੰਗਾਰੇ ਹੋਏ ਘੋੜੇ ਤੇ ਰਥ. ਖੀਰ ਖੰਡ ਅਤੇ ਕਈ ਤਰ੍ਹਾਂ ਦੇ ਪਕਵਾਨ ਨਾਲ ਲੱਦੀਆਂ ਸੁੰਦਰ ਬਹਿੰਗੀਆਂ ਵਾਲੇ ਸੇਵਕ (ਵਡੇ ਪ੍ਰਭਾਵਸ਼ਾਲੀ ਜਲੂਸ਼ ਦੀ ਸ਼ਕਲ ਵਿਚ) ਨਾਲ ਤੁਰ ਪਏ। 110.
ਸ਼ਹੀਦ ਭਾਈ ਮਨੀ ਸਿੰਘ ਜੀ ਦੀ ਜ਼ਬਾਨੀ ਉਚਾਰੀ ਦਰਸਾਈ ਉਪ੍ਰੋਕਤ ਚੌਪਈ ਵਿਚੋਂ ਬਾਬਾ ਬੁਢਾ ਜੀ ਦੀ ਬੀੜ ਵੱਲ ਜਾਂਦੇ ਮਾਤਾ ਗੰਗਾ ਜੀ ਦੇ ਜਲੂਸ ਦਾ ਉਪਰੋਕਤ ਵੇਰਵਾ ਪੜ੍ਹ ਕੇ ਬੜੀ ਸਖ਼ਤ ਹੈਰਾਨੀ ਹੋਈ ਕਿ, ਰਜਵਾੜਿਆਂ ਵਾਂਗ ਤਿਆਰ ਕੀਤੇ ਸੁਆਦਿਸ਼ਟ ਪਕਵਾਨ ਨਾਲ ਲੱਦੀਆਂ ਹੋਈਆਂ ਵਧੀਆਂ ਬਹਿੰਗੀਆਂ, ਬਹੁਤ ਸਾਰੇ ਦਾਸ ਦਾਸੀਆਂ ਦੇ ਝੁਰਮਟ ਵਿੱਚ ਬੜੇ ਕੀਮਤੀ ਸੰਦਰ ਹਾਰ ਸ਼ਿੰਗਾਰ ਨਾਲ ਸ਼ਿੰਗਾਰੇ ਘੋੜਿਆਂ ਨਾਲੇ ਖਿਚੇ ਜਾ ਰਹੇ ਰਥ ਵਿੱਚ ਬੈਠੇ ਮਾਤਾ ਗੰਗਾ ਜੀ? ਗ਼ਰੀਬ ਕਿਰਤੀਆਂ ਦੀ ਮਾਮੂਲੀ ਆਮਦਨ ਦੇ ਦਸਵੰਧ ਦੇ ਆਸਰੇ ‘ਸੰਤ ਸਿਪਾਹੀ’ ਦੀ ਸਿਰਜਣਾ ਕਰਨ ਦੇ ਯਤਨਾ ਵਿੱਚ ਰੁੱਝੇ ਹੋਏ, ਸਾਦਗੀ ਗ਼ਰੀਬੀ ਸਹਿਨਸ਼ੀਲਤਾ ਦੇ ਪੂਰਨੇ ਪਾ ਰਹੇ, ਜਿਸ ਗੁਰਦੇਵ ਪਿਤਾ ਜੀ ਦੇ ਉਪਦੇਸ਼ ਦਾ ਧੁਰਾ ਹੀ ਇਹ ਸੀ:-
24- ਸੋਰਠਿ ਮਹਲਾ 1 ਘਰੁ 1॥ ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ॥ 1॥ ਬਾਬਾ ਮਾਇਆ ਸਾਥਿ ਨ ਹੋਇ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ॥ ਰਹਾਉ॥ ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ॥ ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ॥ ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ॥ 2॥ ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ॥ ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ॥ ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ॥ 3॥ ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ॥ ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ॥ ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ॥ 4॥ 2॥ {595}
ਅਰਥ:-ਸ਼ਬਦ ਦੇ ਕੇਂਦਰੀ ਭਾਵ ਵਾਲੀ ਰਹਾਉ ਦੀ ਤੁਕ ਵਿੱਚ ਸਤਿਗੁਰੂ ਦਾਤਾਰ ਜੀ ਫ਼ੁਰਮਾ ਰਹੇ ਹਨ ਕਿ, ਹੇ ਭਾਈ! (ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ (ਇਹ ਹਰੇਕ ਨੂੰ ਪਤਾ ਹੈ, ਪਰ, ਫਿਰ ਵੀ) ਇਸ ਮਾਇਆ ਨੇ ਸਾਰੇ ਜਗਤ ਨੂੰ ਅਪਣੇ ਵੱਸ ਵਚ ਕੀਤਾ ਹੋਇਆ ਹੈ। ਕੋਈ ਵਿਰਲਾ ਮਨੁੱਖ ਸਮਝਦਾ ਹੈ (ਕਿ, ਸਦਾ ਨਾਲ ਨਿਭਣ ਵਾਲਾ ਧਨ ਕੋਰ ਹੋਰ ਹੀ ਹੈ)। 1. ਰਹਾਉ।
ਤੇ ਹੁਣ ਉਸ ਸਦਾ ਨਾਲ ਭਿਨ ਵਾਲੇ ਧੰਨ ਦੀ ਪ੍ਰਾਪਤੀ ਤੇ ਸ਼ੰਭਾਲ;:- (ਸਦਾ ਨਾਲ ਨਿਭਣ ਵਾਲਾ ਧਨ ਕਮਾਉਣ ਲਈ) ਮਨ ਨੂੰ ਹਾਲੀ (ਵਰਗਾ ਉੱਦਮੀ) ਬਣਾ, ਉੱਚੇ ਆਚਰਨ ਨੂੰ ਵਾਹੀ ਦਾ ਕੰਮ ਸਮਝ, (ਕਰੜੀ) ਮੇਹਨਤ (ਨਾਮ ਫ਼ਸਲ ਵਾਸਤੇ) ਪਾਣੀ ਹੈ, (ਇਹ ਆਪਣੇ) ਸਰੀਰ ਹੀ ਪੈਲੀ ਹੈ। (ਇਸ ਇਸ ਪੈਲੀ ਵਿੱਚ) ਰੱਬ ਜੀ ਦਾ ਨਾਮ ਬੀਜ, (ਜਿਵੇਂ ਪੈਲੀ ਵਿੱਚ ਬੀਜ ਖਿਲਾਰ ਕੇ ਉਸ ਬੀਜ ਨੂੰ ਪੰਛੀਆਂ ਤੋਂ ਬਚਾਉਣ ਲਈ ਸੁਹਾਗਾ ਫੇਰਨਾ ਜ਼ਰੂਰੀ ਹੈ, ਏਸੇ ਤਰ੍ਹਾਂ ਜੇ ਸੰਤੋਖ ਵਾਲਾ ਜੀਵਨ ਨਹੀਂ ਤਾਂ ਮਾਇਆ ਦੀ ਤ੍ਰਿਸ਼ਨਾਂ ਨਾਮ ਬੀਜ ਨੂੰ ਮੁਕਾ ਦੇਵੇਗੀ, ਇਸ ਲਈ) ਸੰਤੋਖ (ਨਾਮ-ਬੀਜ ਨੂੰ ਤ੍ਰਿਸ਼ਨਾ-ਪੰਛੀਆਂ ਤੋਂ ਬਚਾੁਉਣ ਲਈ) ਸੁਹਾਗਾ ਹੈ, ਸਾਦਾ ਜੀਵਨ (ਨਾਮ-ਫ਼ਸਲ ਦੀ ਰਾਖੀ ਕਰਨ ਲਈ) ਰਾਖਾ ਹੈ। (ਹੇ ਭਾਈ! ਇਹ ਵਾਹੀ ਕੀਤਿਆਂ ਸਰੀਰ-ਪੈਲੀ ਵਿੱਚ) ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ। ਵੇਖ, (ਜਿਨ੍ਹਾਂ ਇਹ ਵਾਹੀ ਕੀਤੀ) ਉਹ ਹਿਰਦੇ (ਨਾਮ-ਧਨ ਨਾਲ) ਧਨਵਾਨ ਹੋ ਗਏ। 1.
ਵਾਹੀ ਤੋਂ ਛੁੱਟ, ਮਾਇਆ ਕਮਾਉਣ ਲਈ ਗ੍ਰਿਹਸਤੀਆਂ ਦੇ ਹੋਰ ਕਿੱਤੇ ਵੀ ਨਾਮ ਰਸ ਵਿੱਚ ਭਿਉਂਈ ਰੱਖਣ ਲਈ ਵਡਮੁੱਲਾ ਉਪਦੇਸ਼:-
ਹੇ ਭਾਈ ਉਮਰ ਦੇ ਹਰੇਕ ਸੁਆਸ ਨੂੰ ਹੱਟੀ ਬਣਾ, ਇਸ ਹੱਟੀ ਵਿੱਚ ਸਦਾ ਥਿਰ ਰਹਿਣ ਵਾਲਾ ਹਰੀ ਨਾਮ ਦਾ ਸੌਦਾ ਬਣਾ। ਆਪਣੀ ਸੁਰਤਿ ਤੇ ਵਿਚਾਰ-ਮੰਡਲ ਨੂੰ ਭਾਂਡਿਆਂ ਦੀ ਕਤਾਰ ਬਣਾ, ਇਸ ਭਾਂਡਸਾਲ ਵਿੱਚ ਹਰੀ-ਨਾਮ ਸੌਦੇ ਨੂੰ ਪਾ। ਨਾਮ-ਵਣਜ ਕਰਨ ਵਾਲੇ ਸਤਸੰਗੀਆਂ ਨਾਲ ਮਿਲ ਕੇ ਤੂੰ ਵੀ ਹਰੀ-ਨਾਮ ਦਾ ਵਣਜ ਕਰ। ਇਸ ਵਣਜ ਵਿਚੋਂ ਖੱਟੀ ਮਿਲੇਗੀ ਮਨ ਦਾ ਖਿਵਾਓ। 2. (ਹੇ ਭਾਈ! ਸੌਗਾਦਗਾਂ ਵਾਂਗ ਹਰੀ-ਨਾਮ ਦਾ ਸੌਦਾਗਰ ਬਣ। ਜੀਵਨ ਜੁਗਤਿ ਸੁਆਰਦਾ ਰਹਿ ਕੇ ਰੱਬ ਦੀ ਸਦੀਵੀ ਯਾਦ ਵਿੱਚ ਜੁੜੇ ਰਹਿਣ ਦੇ ਯਤਨਾ ਦੇ ਸਬੰਧ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ) ਧਰ-ਪੁਸਤਕ (ਦਾ ਉਪਦੇਸ਼) ਸੁਣਿਆ ਕਰ, ਇਹ ਹਰੀ ਨਾਮ ਦੀ ਸੌਦਾਗਰੀ ਹੈ, (ਸੌਦਾਗਰੀ ਦਾ ਮਾਨ ਲੱਦਣ ਲਈ) ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ, (ਜ਼ਿੰਦਗੀ ਦੇ ਸਫ਼ਰ ਵਿੱਚ ਵੀ ਖ਼ਰਚ ਵਾਸਤੇ) ਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ। ਹੇ ਮਨ! (ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾ ਪਾਈਂ। ਇਸ ਵਪਾਰ ਨਾਲ ਜੇ ਤੂੰ ਪਰਮਾਤਮਾ ਦੇ ਦੇਸ਼ ਵਿੱਚ (ਪਰਮਾਤਮਾ ਦੇ ਚਰਨਾਂ ਵਿਚ, ਪਰਮਾਤਮਾ ਦੀ ਸਦੀਵੀ ਯਾਦ ਵਿਚ) ਟਿੱਕ ਜਾਵੇਂ, ਤਾਂ ਆਤਮਕ ਸੁਖ ਵਿੱਚ ਥਾਂ ਲੱਭ ਲਵੇਂਗਾ। 3. (ਹੇ ਭਾਈ ਨੌਕਰੀ ਕਰਦਿਆਂ ਜਿਵੇਂ ਕੋਈ ਮੇਹਨਤ ਨਾਲ ਮਾਲਕ ਦੀ ਸੇਵਾ ਕਰਦਾ ਹੈ, ਤੂਂ ਵੀ) ਪੂਰੇ ਧਿਆਨ ਨਾਲ (ਪ੍ਰਭੂ-ਮਾਲਕ ਦੀ ਨੌਕਰੀ ਕਰ (ਜਿਵੇਂ ਨੌਕਰ ਆਪਣੇ ਮਾਲਕ ਦੇ ਹੁਕਮ ਨੂੰ ਭੁਲਾਉਂਦਾ ਨਹੀਂ ਤੂੰ ਵੀ) ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪੱਕਾ ਕਰ ਰੱਖ, ਇਹੀ ਹੈ ਉਸ ਦੀ ਸੇਵਾ। ਵਿਕਾਰਾਂ ਨੂੰ (ਆਪਣੇ ਨੇੜੇ ਆਉਣੋ) ਰੋਕ ਦੇ, ਇਹ ਹੈ ਪਰਮਾਤਮਾ ਦੀ ਨੌਕਰੀ ਵਾਸਤੇ ਦੌੜ ਭੱਜ। ਜੇ ਇਹ ਉੱਦਮ ਕਰੇਂਗਾ) ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ। ਹੇ ਨਾਨਕ! ਇਹ ਨੌਕਰੀ* ਕੀਤਿਆਂ ਪਰਮਾਤਮਾ ਤੈਨੂੰ ਮੇਹਰ ਦੀ ਨਜ਼ਰ ਨਾਲ ਵੇਖੇਗਾ, ਤੇਰੀ ਜਿੰਦ ਉੱਤੇ ਚੌਗੁਣਾਂ ਆਤਮਕ ਰੂਪ ਚੜ੍ਹੇਗਾ। 4.
1933 ਦੇ ਕਰੀਬ ਦਾਸ ਦੇ ਪਿਤਾ ਜੀ ਰਸਾਲੇ ਵਿਚੋਂ ਛੁਟੀ ਆਏ ਸਨ ਤਾਂ ਸਾਨੂੰ ਸਾਰੇ (ਦਾਸ ਦੀਆਂ ਦੋ ਭੈਣਾ ਅਤੇ ਮਾਤਾ ਪਿਤਾ) ਪੰਜ ਜੀਆਂ ਵਾਲੇ ਪ੍ਰਵਾਰ ਨੂੰ ਸ੍ਰੀ ਗੋਇੰਦਾਲ ਸਾਹਿਬ ਬੌਲੀ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਾਉਣ ਲਈ ਲੈ ਗਏ ਸਨ। ਗੁਰੂ ਅਮਰਦਾਸ ਸਾਹਿਬ ਦੇ ਰਿਹਾਇਸ਼ੀ ਘਰ ਦੇ ਦਰਸ਼ਨ ਵੀ ਕੀਤੇ। ਛੋਟੀਆਂ ਇਟਾਂ ਦਾ ਅਤੇ ਗਾਰੇ ਮਿਟੀ ਦੇ ਮਿਸ਼ਰਨ ਦਾ ਰਲਵਾਂ ਮਿਲਵਾਂ ਬਣਿਆ, ਛੋਟਾ ਜਿਹੇ ਵਿਹੜੇ ਵਾਲਾ ਸਾਦਾ ਜਿਹਾ ਘਰ ਸੀ। ਦਾਸ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ, ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਦਰਸਨਾਂ ਦੀ ਅਗਵਾਈ ਕਰਨ ਲਈ ਭੇਜੇ ਸੇਵਾਦਾਰ ਨੇ ਉਚੇਚੇ ਤੌਰ ਤੇ, ਸਾਨੂੰ ਉਸ ਕੋਠੇ ਦੇ ਦਰਸ਼ਨ ਵੀ ਕਰਾਏ ਸਨ, ਜਿੱਥੇ (ਉਸ ਸੇਵਾਦਾਰ ਦੇ ਕਹਿਣ ਅਨੁਸਾਰ) ਬੀਬੀ ਭਾਨੀ ਜੀ ਦੀ ਕੁਖੋਂ ਸਾਹਿਬਜ਼ਾਦਾ ਅਰਜੁਨ ਦੇਵ ਜੀ (ਭਾਵ, ਸਾਡੇ ਸਤਿਗੁਰੂ ਅਰਜਨ ਸਾਹਿਬ ਜੀ ਜਨਮੇ ਸਨ। ਛੋਟੇ ਜਿਹੇ ਆਕਾਰ, ਕੱਚੇ ਫ਼ਰਸ਼ ਅਤੇ ਰੌਸਨਦਾਨ ਤੋਂ ਬਿਨਾ, ਕੋਠੇ ਦੇ ਦਰਵਜ਼ੇ ਵਿਚੋਂ ਲੰਙਣ ਲੱਗਿਆ ਦਾਸ ਦੇ ਪਿਤਾ ਜੀ ਨੂੰ ਨਿਉਂ ਕੇ ਲੰਙਣਾ ਪਿਆ ਸੀ।
ਫਿਰ ਦੂਜੀ ਵਾਰ ਸ੍ਰੀ ਗੋਇੰਦਵਾਲ ਸਾਹਿਬ ਦਰਸ਼ਨਾ ਲਈ, ਦਾਸ 1948 ਵਿੱਚ ਪੁੱਜਾ ਸੀ। ਦੇਸ ਦੀ ਨਵੀਂ ਨਵੀਂ ਵੰਡ ਹੋਣ ਦੇ ਆਸਾਰਾਂ ਵਾਲੇ ਨੱਗਰ ਗੋਇੰਦਵਾਲ ਸਾਹਿਬ ਵਿੱਚ ਸਤਿਗੁਰੂ ਜੀ ਦੇ ਰਿਹਾਇਸ਼ੀ ਘਰ ਦੇ ਦਰਸ਼ਨ ਵੀ ਬੜੀ ਉਤਸੁਕਤਾ ਨਾਲ ਕੀਤੇ ਸਨ। ਅਜੇ ਤੱਕ ਸਾਰੇ ਪੁਰਾਣੇ ਕੋਠੇ ਜਿਉਂ ਦੇ ਤਿਉਂ ਸਨ। ਕੋਠਿਆਂ ਤੋਂ ਸਿੱਧ ਹੋ ਰਿਹਾ ਸੀ ਕਿ, ਸਤਿਗੁਰੂ ਜੀ ਦੀ ਜੀਵਨੀ ਬੜੀ ਸਾਦੀ ਅਥਵਾ ਫ਼ਕੀਰਾਨਾ ਸੀ। ਅਮੀਰੀ ਠਾਠ ਨੇੜੇ ਤੇੜੇ ਵੀ ਨਜ਼ਰੀਂ ਨਹੀਂ ਸੀ ਆਉਦਾ। ਸਤਿਗੁਰੂ ਅਮਰਦਾਸ ਜੀ ਦੀ ਸਾਹਿਬਜ਼ਾਦੀ ਸਾਹਿਬਾ, ਬੀਬੀ ਭਾਨੀ ਜੀ ਦਾ ਇਹ ਸੀ ਰਿਹਾਇਸ਼ੀ ਘਰ, ਜੋ ਗੁਰਦੇਵ ਪਿਤਾ ਜੀ ਵਲੋਂ ਮਾਨੋਂ ਦਾਜ ਵਿੱਚ ਮਿਲਿਆ ਹੋਵੇ। ਤੀਸਰੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਸਾਰਾ ਘਰ ਸਾਦਗੀ ਅਤੇ ਫ਼ਕੀਰੀ ਵਾਲੇ ਨਿਰਮਾਣ ਜੀਵਨ ਦਾ ਸਾਖ਼ਸ਼ਾਤ ਉਪਦੇਸ਼ ਸੀ। ਉਪਰੋਕਤ ਵਿਚਾਰੇ ਗੁਰੂ ਸ਼ਬਦ ਦੇ ਹਰ ਅੱਖਰ ਦੇ ਪੂਰਨਿਆਂ ਰੂਪ ਜੀਵਨ ਨਿਰਬਾਹ। ਗੁਰਦੇਵ ਜੀ ਦੀ ਅਜ਼ਮਤ ਦੀ ਸਾਖੀ ਭਰ ਰਿਹਾ ਸੀ।
ਅਜੇਹੇ ਸਾਦੇ ਜੀਵਨ ਵਾਲੇ ਗੁਰਦੇਵ ਜੀ ਦੇ ਜੀਵਨ-ਸਾਥੀ ਸਾਡੇ ਮਾਤਾ ਗੰਗਾ ਜੀ ਨੂੰ ਗੁਰੂ ਘਰ ਦੀ ਆਪਣੀ ਹੀ ਬੀੜ ਵਲ, ਆਪਣੇ ਹੀ ਘਰ ਦੇ ਪੁਰਾਣੇ ਨਿਸ਼ਕਾਮ ਸੇਵਕ ਬਾਬਾ ਬੁੱਢਾ ਜੀ ਵਲ ਜਾਂਦਿਆਂ, ਮਾੜੇ ਮੋਟੇ ਰਜਵਾੜੇ ਦੇ ਮਨ ਵਿੱਚ ਵੀ ਈਰਖਾ ਪੈਦਾ ਕਰਨ ਵਾਲਾ ਹੈ ਕੁਟਲ ਲਿਖਾਰੀ ਵਲੋਂ (ਉਪਰੋਕ 110 ਨੰਬਰ ਦੋਹਰੇ ਵਾਲਾ) ਦਰਸਾਇਆ ਜਲੂਸ। ਅਜੇਹੀ ਗੁਰਮਤਿ ਵਿਰੋਧੀ ਝੂਠ-ਕਹਾਣੀ ਭਾਈ ਮਨੀਂ ਸਿੰਘ ਜੀ ਦੇ ਮੂਹੋਂ ਸੁਣਾਈ ਦਰਸਾਉਂਣ ਦਾ ਅਪਰਾਧ ਕਰਨ ਵਾਲਾ ਲਿਖਾਰੀ ਨਿਰਸੰਦੇਹ, ਗੁਰਮਤਿ-ਸਿਧਾਂਤ ਦਾ ਵੈਰੀ ਕੋਈ ਬਿੱਪ੍ਰ ਸੀ। ਅਖਾਣ ਹੈ ਕਿ, “ਦੁਸ਼ਮਣ ਬਾਤ ਕਰੇ ਅਣਹੋਣੀ” ਵੈਰੀਆਂ ਨੇ ਤਾਂ ਗੁਰੂ ਇਤਿਹਾਸ ਵਿੱਚ ਕੂੜ ਕੁਬਾੜ ਮੜ੍ਹਨਾ ਹੀ ਸੀ, ਪਰ ਸਾਡੇ ਪੂਜਨੀਕ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਵਲੋਂ ਇਸ ਪੁਸਤਕ ਸੀ ਸੰਪਾਦਨਾਂ-ਰੂਪ ਨਵ-ਨਿਰਮਾਣ, ਕਿਸ ਯੋਜਨਾਂ ਦਾ ਪ੍ਰਤੀਕ ਹੈ? ਫਿਰ, ਜਦ ਗੁਰਮਤਿ ਵਿਰੋਧੀ ਗੱਲਾਂ ਦਾ ਜ਼ਿਕਰ ਭੂਮਕਾ ਵਿੱਚ ਅਤੇ ਵਿਸ਼ੇਸ਼ ਟਿਪਣੀਆਂ ਵਿੱਚ ਕੀਤਾ ਸੀ ਤਾਂ ਇਸ ਘਿਣਾਵਣੇ ਅਨਰਥ ਦੇ ਸਗੋਂ (110 ਨੰਬਰ ਦੋਹਰੇ ਦੇ) ਅਰਥ ਲਿਖ ਕੇ, ਇਸ ਦੋਹਰੇ ਨੂੰ ਸਗੋਂ ਗੁਰਮਤਿ ਦੇ ਅਨਕੂਲ ਸਮਝਣ ਦਾ ਭਰਮ ਕਰ ਦਿੱਤਾ? ਕੀ, ਇਸ ਵਿਸ਼ੇ ਵੱਲ ਪਾਠਕ ਸੱਜਣ ਉਚੇਚਾ ਧਿਆਨ ਦੇ ਕੇ ਕੋਈ ਠੋਸ ਨਿਰਣਾ ਲੈ ਸਕਣਗੇ?
ਜਿਨ੍ਹਾਂ ਦਿਨਾਂ ਦਾ ਲਿਖਾਰੀ ਜ਼ਿਕਰ ਕਰ ਰਿਹਾ ਹੈ ਉਨ੍ਹਾਂ ਦਿਨਾਂ ਵਿੱਚ ਪਿੰਡੀ ਥਾਈਂ, ਖੰਡ ਦਾ ਕਿਸੇ ਨੂੰ ਸੁਪਨਾ ਤਕ ਵੀ ਕਦੇ ਨਹੀਂ ਸੀ ਆਇਆ। ਉਨ੍ਹਾਂ ਸਮਿਆਂ ਤੱਕ ਕੋਈ ਵਿਰਲਾ ਵਾਂਝਾ ਸ਼ਾਇਦ ਵੱਧ ਤੋਂ ਵੱਧ ਗੁੜ ਤੋਂ ਸ਼ੱਕਰ ਭਾਵੇਂ ਬਣਾਉਣ ਲੱਗ ਪਿਆ ਹੋਵੇਗਾ? ਪਰ ਲਿਖਾਰੀ ਤਾਂ ਖੀਰ ਖੰਡ ਆਦਿ ਦੇ ਬਣੇ ਪਕਵਾਵਨਾ ਨਾਲ ਲੱਦੀਆਂ ਬਹਿੰਗੀਆਂ ਦੀ ਗਲ ਲਿਖ ਰਿਹਾ ਹੈ? ਗ਼ਰੀਬੀ ਦਾਵੇ, ਸਾਦੇ ਮੋਟੇ ਆਟੇ ਦੇ ਪਰਸ਼ਾਦੇ ਛਕਦਿਆਂ ਪੇਂਡੂ ਜੁਲਾਹਿਆਂ ਦੀਆਂ ਖਡੀਆਂ ਦਾ ਖੱਦਰ ਪਹਿਣਨ ਵਾਲੀ ਸਾਦਗੀ ਭਰੀ ਜ਼ਿੰਦਗੀ ਗੁਜ਼ਾਰਨ ਦੇ ਪੂਰਨੇ ਪਾ ਰਹੇ ਸਤਿਗੁਰੂ ਨਾਨਕ ਸਾਹਿਬ ਜੀ ਕੀ ਪੰਜਵੇ ਸਰੂਪ ਵਿੱਚ ਸਵਾਦਿਸ਼ਟ ਕੀਮਤੀ ਭੋਜਨਾਂ ਦੀਆਂ ਬਹਿਗੀਆਂ ਘਾਈ ਵਾਲੀ ਸੇਵਾ ਨਿਭਾ ਰਹੇ, ਇਕੱਲੇ ਖਾਣ ਵਾਲੇ ਬਾਬਾ ਬੁੱਢਾ ਜੀ ਵੱਲ ਭੇਜਣੀਆਂ ਸੁਜਾਨ ਪੰਚਮ ਪਾਤਸ਼ਾਹ ਜੀ ਨਹੀਂ ਸਨ ਮੰਨ ਸਕਦੇ। ਕੀ, ਮਾਤਾ ਗੰਗਾ ਜੀ ਆਪਣੇ ਪਤੀ ਪਰਮੇਸ਼ਰ ਜੀ ਦੀ ਮਰਜ਼ੀ ਤੋਂ ਆਕੀ ਹੋ ਕੇ ਅਜੇਹੇ ਝੂਠ ਅਡੰਬਰ ਕਰਨ ਵਿੱਚ ਰੁਝੇ ਰਹੇ ਸਨ?
ਪਹਿਲੀ ਗੱਲ ਇਹ ਹੈ ਕਿ, ਕਿ ਗੁਰੂ ਗ੍ਰੰਥ ਸਾਹਿਬ-ਰੂਪ ਸਤਿਗੁਰੂ ਨਾਨਕ ਸਾਹਿਬ ਜੀ ਦੇ ਸਪੱਸ਼ਟ ਗੁਰੂ-ਸ਼ਬਦਾਂ ਤੋਂ ਸਿੱਧ ਹੁੰਦਾ ਹੈ ਕਿ, ਗੁਰੂ ਘਰ ਵਿੱਚ ਦਾਨ ਪ੍ਰਥਾ ਜਾਂ ਪੂਜਾ ਭੇਟਾ ਆਰਤੀ ਆਦਿ ਵਾਲੇ ਵਿਖਾਵਾ-ਪਖੰਡ ਪਖੰਡ ਨੂੰ ਅਰੰਭ ਤੋਂ ਹੀ ਬੜੀ ਸੱਖ਼ਤੀ ਨਾਲ ਬੰਦ ਕਰ ਦਿੱਤਾ ਹੋਇਆ ਸੀ। ਦਾਨ ਬਾਰੇ ਗੁਰਮਤਿ-ਸਿਧਾਂਤ ਵਿਸਥਾਰ ਨਾਲ ਸਮਝਣਾ ਹੋਵੇ ਤਾਂ ਜਿਸ ਪੁਸਤਕ ਦਾ ਹਵਾਲਾ ਪਿੱਛੇ ਵੀ ਕਈ ਥਾਈ ਮੂੜ ਮੁੜ ਦਿੱਤਾ ਗਿਆ ਹੈ ਉਸੇ-ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ ਪਹਿਲੇ ਦੋ ਭਾਗ ਧਿਆਨ ਨਾਲ ਪੜ੍ਹ ਲੈਣ ਨਾਲ ਗੁਰੂ ਦਰਬਾਰ ਵਿੱਚ ਭੇਟਾ ਹੋਣ ਵਾਲੇ ਕੀਮਤੀ ਦੁਸਾਲਿਆਂ ਵਾਲੀ ਗੱਲ ਵੀ ਨਿਰਮੂਲ ਹੋ ਕੇ ਰਹਿ ਜਾਣੀ ਹੈ।
ਸਤਿਗੁਰੂ ਜੀ ਦਾਨ ਵਜੋਂ ਮਿਲੇ ਧਨ ਪਦਾਰਥ ਤੋਂ ਆਪਣੀ ਸ਼ਾਨ ਦਾ ਜ਼ਰਾ ਭਰ ਵੀ ਵਿਖਾਵਾ ਕਰਦੇ ਹੋਣਗੇ, ਅਥਵਾ, ਸੰਗਤਾਂ ਤੋਂ ਪ੍ਰਾਪਤ ਹੁੰਦੇ ਧਨ ਤੋਂ ਉਨ੍ਹਾਂ ਨੇ ਅਪਣਾ ਜੀਵਨ ਸ਼ਾਹੀ ਠਾਠ ਵਾਲਾ ਬਣਾ ਲਿਆ ਸੀ, ਮੁਢੋਂ ਹੀ ਝੂਠ ਅਥਵਾ ਘਿਣਾਵਣਾ ਕੁਫ਼ਰ-ਅਪਰਾਧ ਹੈ। ਅਜੇਹਾ ਕਹਿਣਾ ਜਾਂ ਲਿਖਣਾ, ਸਤਿਗੁਰੂ ਜੀ ਦੀ ਘੋਰ ਨਿੰਦਿਆ ਹੈ। ਕਿਉਂਕਿ ਸਤਿਗੁਰੂ ਜੀ ਨੇ ਆਪਣੇ ਪਹਿਲੇ ਸਰੂਪ ਤੋਂ ਹੀ ਵਡੇ ਤੋਂ ਵਡੇ ਦੁੱਖਾਂ ਭਰੀ ਭੁੱਖ ਦੀ ਮਾਰ ਨੂੰ ਉਸ ਦਾਤਾਰ ਦੀ ਦਾਤ ਮੰਨ ਦੇ (-ਕੇਤਿਆ ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ ਦਾਤਾਰ॥” ) ਉਸ ਦੇ ਧੰਨਵਾਦੀ, ਉਸ ਦੇ ਸ਼ੁਕਰ ਗੁਜ਼ਾਰ ਰਹਿਣ ਵਾਲੇ ਜੀਵਨ ਜੁਗਤ ਦੇ ਪੂਰਨੇ ਪਾਉਣੇ ਅਰੰਭ ਕਰ ਦਿੱਤੇ ਹੋਏ ਸਨ। ਗੁਰਦੇਵ ਜੀ ਸਦਾ ਤੋਂ ਨਾਮ ਰਸੀਏ ਸੰਤੋਖੀ, ਨਿਰਮਾਣ ਸੇਵਕਾਂ ਵਾਲੇ ਗੁਣ ਸਿੱਖਾਂ ਨੂੰ ਦ੍ਰਿੜ ਕਰਾਉਂਦੇ ਰਹੇ ਸਨ। ਹੇ ਸੁਜਾਨ ਪਾਠਕ ਸੱਜਣ ਜੀਓ! ਉਪਰੋਕਤ 24 ਨੰਬਰ ਗੁਰੂ ਸ਼ਬਦ ਦੇ ਨਾਲ ਹੁਣ ਸ੍ਰੀ ਆਸਾ ਜੀ ਦੀ ਵਾਰ ਦੀ ਸਤਵੀ ਪਉੜੀ ਵੀ ਇਕਾਗਰਤਾ ਨਾਲ ਵਿਚਾਰ ਲੈਣ ਦੀ ਖੇਚਲ ਕਰ ਲੈਣੀ ਜੀ:-
26- ਸੇਵ ਕੀਤੀ ਸੰਤੋਖੀਈਂ ਜਿਨੀੑ ਸਚੋ ਸਚੁ ਧਿਆਇਆ॥ ਓਨੀੑ ਮੰਦੈ ਪੈਰੁ ਨ ਰਖਿਓ ਕਰਿ
ਸੁਕ੍ਰਿਤੁ ਧਰਮੁ ਕਮਾਇਆ॥ ਓਨੀੑ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ॥
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ॥ ਵਡਿਆਈ ਵਡਾ ਪਾਇਆ॥ 7॥ {466}
ਅਰਥ:-ਜਿਹੜੇ ਸੰਤੋਖੀ ਮਨੁੱਖ ਸਦਾ ਇੱਕ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, (ਪ੍ਰਭੂ ਦੀ) ਸੇਵਾ ਉਹੀ ਕਰਦੇ ਹਨ। ਉਹ ਕਦੇ ਵੀ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ ਸਦਾ ਭਲਾ ਕੰਮ ਹੀ ਕਰਦੇ ਹਨ ਅਤੇ ਧਰਮ ਅਨੁਸਾਰ ਅਪਣਾ ਜੀਵਨ ਨਿਭਾਉੰਦੇ ਹਨ। ਦੁਨੀਆਂ ਦੇ ਝਮੇਲਿਆਂ ਵਿੱਚ ਖੱਚਤ ਕਰਨ ਵਾਲੀ ਮਾਇਆ ਦੇ ਮੋਹ ਰੂਪ ਬੰਧਨ ਉਨ੍ਹਾਂ ਨੇ ਤੋੜ ਦਿਤੇ ਹਨ, ਥੋੜਾ ਖਾਂਦੇ ਅਤੇ ਥੋਹੜਾ ਪੀਂਦੇ ਹਨ (ਭਾਵ, ਖਾਣ ਪੀਣ, ਚਸਕੇ ਦੀ, ਅਥਵਾ ਲੋਕ ਵਿਖਾਵੇ ਦੀ ਖ਼ਾਤਰ ਨਹੀਂ, ਸਗੋਂ ਕੇਵਲ ਸਰੀਰਕ ਨਿਰਬਾਹ ਵਾਸਤੇ ਹੈ)। “ਹੇ ਪ੍ਰਭੂ! ਤੂੰ ਬੜੀਆਂ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਸਦਾ ਜੀਵਾਂ ਨੂੰ ਦਾਤਾਂ ਬਖ਼ਸ਼ਦਾ ਹੈਂ” --ਇਸ ਤਰ੍ਹਾਂ ਦੀ ਪ੍ਰਭੂ ਦੀ ਸਿਫ਼ਤ ਸਾਲਾਹ ਕਰ ਕੇ ਉਹ ਸੰਤੋਖੀ ਮਨੁੱਖ ਪ੍ਰਭੂ ਨੂੰ ਪ੍ਰਾਪਤ ਕਰਦੇ ਹਨ। 7.
ਅੱਗੇ ਲਿਖੇ ਕਬੀਰ ਸਾਹਿਬ ਜੀ ਦੇ ਬਚਨ ਵੀ ਪੰਚਮ ਪਾਤਸ਼ਾਹ ਜੀ ਨੇ ਆਪ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਹਿੱਸਾ ਬਣਾਏ ਸਨ:--
27-ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ॥ ਹੋਨਹਾਰੁ ਸੋ ਹੋਇਹੈ ਸਾਕਤ ਸੰਗਿ ਨ ਜਾਉ॥ 99॥ {1369}
ਅਰਥ:- (ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਗੁਰਮੁਖਾਂ ਦੀ ਸੰਗਤਿ ਵਿੱਚ ਟਿਕਿਆ ਰਹਾਂ (ਚਾਹੇ ਮੇਰੀ ਕਿਰਤ-ਕਮਾਈ ਬਹੁਤ ਹੀ ਘਟ ਜਾਏ) ਤੇ ਮੈਂ ਜੌਂ ਦੇ ਛਿੱਲੜ ਖਾ ਕੇ ਗੁਜ਼ਾਰਾ ਕਰਾਂ। (ਸਚ ਦੇ ਰਸਤੇ ਤੁਰਦਿਆਂ ਗ਼ਰੀਬੀ ਆਦਿਕ) ਜੇਹੜਾ ਕਸ਼ਟ ਵੀ ਆਵੇ ਪਿਆ ਆਵੇ। ਪਰ ਮੈਂ ਰੱਬ ਤੋਂ ਟੁੱਟੇ ਹੋਏ ਬੰਦਿਆਂ ਦੀ ਸੁਹਬਤ ਵਿੱਚ ਨਾ ਜਾਵਾਂ (ਮੈਂ ਸਚੁ-ਨੇਕੀ ਦਾ ਰਸਤਾ ਨਾ ਤਿਆਗਾਂ)। 99.

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.