.

ਸਿੱਖ ਰਹਤ ਮਰਯਾਦਾ ਬਾਰੇ: (ਭਾਗ ਦੂਜਾ)

ਸਿਰਲੇਖ: ਗੁਰਦੁਆਰੇ

(ਘ) ਗੁਰਦੁਆਰਾ ਸਾਹਿਬ ਵਿਖੇ ਕੀਰਤਨ/ਕਥਾ ਦਿਵਾਨ ਆਰੰਭ ਹੋਂਣ ਤੋਂ ਪਹਿਲਾਂ ਜਾਂ ਸਮਾਪਤੀ ਤੋਂ ਬਾਅਦ ਹੀ ਗੁਰੂ ਗਰੰਥ ਸਾਹਿਬ ਦੀ ਸਵਾਰੀ ਨੂੰ ਲੈ ਕੇ ਜਾਇਆ ਜਾਂ ਲਿਆਂਦਾ ਜਾਵੇ! ਸੰਗਤ ਸਮੇਂ ਖੜੇ ਹੋਣਾ ਠੀਕ ਨਹੀਂ ਜਾਪਦਾ।
(ਙ) ਪ੍ਰਕਰਮਾ ਕਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇੰਜ ਸੰਗਤ ਦੇ ਧਿਆਨ ਵਿੱਚ ਬਿਘਨ ਪੈਂਦਾ ਹੈ।
(ਟ, ਠ) ਗੁਰਬਾਣੀ ਅਨੁਸਾਰ “ਗੁਰੂ ਗਰੰਥ ਸਾਹਿਬ” ਹੀ ਸਿੱਖਾਂ ਲਈ ਪਾਤਿਸ਼ਾਹ, ਦਰਬਾਰ, ਤਖ਼ਤ, ਹੁਕਮ ਹੈ। ਜੇਹੜੇ ਸਿੱਖ, ਅਕਾਲ ਪੁਰਖ ਦੀ ਹੋਂਦ ਨੂੰ ਮੰਨਦੇ ਹਨ, ਉਨ੍ਹਾਂ ਨੂੰ ਕਿਸੇ ਅਲੱਗ ਤਖ਼ਤ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਕਿਸੇ ਗੁਰੂ ਸਾਹਿਬ ਨੇ ਐਸਾ ਕੋਈ ਤਖ਼ਤ ਇੱਕ ਥਾਂ ਕਾਇਮ ਕੀਤਾ ਹੋਇਆ ਹੈ। ਦੇਖੋ, ਗੁਰੂ ਗਰੰਥ ਸਾਹਿਬ ਦਾ ਪੰਨਾ ੪੫੦:
“ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥ ਗੁਰਸਿਖਂੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ॥”
(ਢ) ਨਗਾਰਾ ਵਜਾਉਣ ਦੀ ਭੀ ਲੋੜ ਨਹੀਂ।
ਸਾਧਾਰਨ ਪਾਠ
(ੳ) ਹਰ ਇੱਕ ਸਿੱਖ ਅਤੇ ਹੋਰ ਪਰਿਵਾਰ ਦੇ ਮੈਂਬਰਾਂ ਨੂੰ ਗੁਰਮੁਖੀ ਪੜ੍ਹਣੀ-ਲਿਖਣੀ ਜ਼ਰੂਰੀ ਹੈ।
ਅਖੰਡ ਪਾਠ
ਅਖੰਡ ਪਾਠ ਕਰਨ/ਕਰਾਉਣ ਦੀ ਥਾਂ, ਸਿੱਖਾਂ ਨੂੰ ਗੁਰਬਾਣੀ ਆਪ ਹੀ ਸਹਿਜ ਨਾਲ ਪੜ੍ਹਣੀ ਤੇ ਵਿਚਾਰਣੀ ਚਾਹੀਦੀ ਹੈ ਤਾਂ ਜੋ ਸਾਨੂੰ ਸਹੀ ਜੀਵਨ ਜਾਂਚ ਆ ਸਕੇ। ਆਸਾ ਕੀ ਵਾਰ ਦੀ ਪਉੜੀ ੯ ਅਤੇ ਨਾਲ ਦੇ ਸਲੋਕੁ (ਪੰਨਾ ੪੬੭) ਪੜ੍ਹਣ ਦੀ ਕ੍ਰਿਪਾਲਤਾ ਕਰਨੀ ਜੀ ਕਿਉਂਕਿ ਲਗਾਤਾਰ ਪਾਠ ਕਰਨ ਨਾਲ ਸ਼ਬਦ ਦੀ ਇਲਾਹੀ ਵਾਸਤਵਕਤਾ ਨੂੰ ਹਿਰਦੇ ਵਿੱਚ ਨਹੀਂ ਵਸਾਇਆ ਜਾ ਸਕਦਾ। “ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥”
ਭੋਗ
ਸਾਧਾਰਨ ਪਾਠ ਦਾ ਭੋਗ ਮੁੰਦਾਵਣੀ ਪੜ੍ਹ ਕੇ ਹੀ ਪਾਇਆ ਜਾਣਾ ਚਾਹੀਦਾ ਹੈ ਕਿਉਂਕਿ ‘ਰਾਗਮਾਲਾ’ ਨੂੰ ਗੁਰਬਾਣੀ ਨਹੀਂ ਕਿਹਾ ਜਾ ਸਕਦਾ। ਇਹ ਨਾ ਹੀ ਗੁਰੂ ਸਾਹਿਬਾਨ ਨੇ ਅਤੇ ਨਾ ਹੀ ਕਿਸੇ ਭਗਤ ਨੇ ਉਚਾਰੀ ਹੋਈ ਹੈ। ਇਸ ਵਿੱਚ ਪੂਰੇ (੩੧) ਰਾਗਾਂ ਦਾ ਵੇਰਵਾ ਭੀ ਨਹੀਂ ਮਿਲਦਾ। ਇਸ ਨੂੰ ਗੁਰੂ ਗਰੰਥ ਸਾਹਿਬ ਵਿੱਚ ਛਾਪਣਾ ਬੰਦ ਕਰਨਾ ਚਾਹੀਦਾ ਹੈ!
ਕੜਾਹ ਪ੍ਰਸ਼ਾਦ
(ਸ) ਹਰੇਕ ਸਿੱਖ ਪਰਿਵਾਰ ਆਪਣੇ ਦਸਵੰਧ ਦੁਆਰਾ ਸੇਵਾ ਕਰਦਾ ਹੀ ਰਹਿੰਦਾ ਹੈ। ੧੯੫੭ ਤੋਂ ਬਾਅਦ ‘ਇਕ ਟਕਾ ਨਕਦ’ ਕਿਸ ਸਿੱਖ ਨੇ ਦਿੱਤਾ ਹੋਵੇਗਾ?
ਅਨੰਦ ਸੰਸਕਾਰ
(ਅ) ਸਿੱਖ ਲੜਕੇ-ਲੜਕੀ ਦਾ ਅਨੰਦ ਕਾਰਜ, …… (ਸਿੱਖਣੀ ਦਾ ਵਿਆਹ ਕਹਿਣਾ ਠੀਕ ਨਹੀਂ ਜਾਪਦਾ) ਲੜਕੇ/ਲੜਕੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਰਾਬਰ ਹੀ ਸਮਝੋ ਅਤੇ ਸਾਰਾ ਕਾਰਜ ਸਾਂਝਾ ਹੀ ਹੋਵੇ।
(ਙ) ਅਨੰਦ ਕਾਰਜ ਸਮੇਂ ਲੜਕਾ/ਲੜਕੀ ਗੁਰੂ ਗਰੰਥ ਸਾਹਿਬ ਸਾਮ੍ਹਣੇ ਬੈਠ ਕੇ ਪਾਠ ਸੁਣਨ। ਚਾਰ ਪ੍ਰਕਰਮਾਂ ਕਰਨ ਦੀ ਕੋਈ ਲੋੜ ਨਹੀਂ ਜਾਪਦੀ। ਸਿੱਖ ਬੀਬੀ ਲਈ ਅਰਧੰਗੀ, ਕੰਨਿਆ, ਸਿੰਘਣੀ, ਆਦਿਕ ਕਹਿਣਾ ਠੀਕ ਨਹੀਂ।
ਗੁਰੂ ਪੰਥ
(ੳ) ਤਿਆਰ-ਬਰ-ਤਿਆਰ ‘ਸਿੰਘਾਂ’ ਦੀ ਥਾਂ “ਸਿੱਖਾਂ” ਕਹਿਣਾ ਉਚਤਿ ਹੋਵੇਗਾ, ਕਿਉਂਕਿ ਸਿੱਖ ਬੀਬੀਆਂ ਭੀ ਗੁਰੂ ਪੰਥ ਦਾ ਉਚੇਚਾ ਭਾਗ ਹਨ।
ਅੰਮ੍ਰਿਤ ਸੰਸਕਾਰ
(ੳ) ਇਨ੍ਹਾਂ ਵਿੱਚ ‘ਸਿੱਖ ਬੀਬੀਆਂ’ ਭੀ ਹੋ ਸਕਦੀਆਂ ਹਨ। ‘ਸਿੰਘਣੀਆਂ/ਸਿੱਖਣੀਆਂ’ ਕਿਉਂ ਕਿਹਾ ਜਾਵੇ?
(ਙ) ਤੇ ਇਹਨਾਂ ਬਾਣੀਆਂ ਦਾ ਪਾਠ ਕਰਨ: ਜਪੁ ਜੀ ਸਾਹਿਬ, ਆਸਾ ਕੀ ਵਾਰ, ਅਨੰਦ ਸਾਹਿਬ, ਰਹਿਰਾਸ ਅਤੇ ਸੋਹਿਲਾ। ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਹੋਰ ਬਾਹਰਲੀ ਰਚਨਾ ਦਾ ਪਾਠ ਕਰਨਾ ਮਨਮਤਿ ਹੈ।
(ਝ) “ਫਿਰ ਅਕਾਲ ਪੁਰਖ ਦਾ ਧਿਆਨ ਧਰ ਕੇ ਹਰ ਇਕ” …. . ਵਧੀਕ ਠੀਕ ਜਾਪਦਾ ਹੈ। ਇਵੇਂ ਹੀ ਪੰਜ ਪੰਜ ਛੱਟੇ ਅੰਮ੍ਰਿਤ ਦੇ ਨੇਤਰਾਂ ਅਤੇ ਕੇਸਾਂ ਵਿੱਚ ਪਾਏ ਜਾਣੇ ਉਚਿਤ ਨਹੀਂ ਕਿਉਂਕਿ ਇੰਜ ਮਿੱਠੇ ਪਾਣੀ ਪਾਉਣ ਨਾਲ ਨਾ ਤਾਂ ਨਿਮ੍ਰਤਾ ਹੀ ਆਉਂਦੀ ਹੈ ਅਤੇ ਨਾ ਹੀ ਪਵਿਤ੍ਰਤਾ!
(ਟ) ਗੁਰਬਾਣੀ ਅਨੁਸਾਰ ਅਕਾਲ ਪੁਰਖ ਹੀ ਸੱਭ ਦਾ ਮਾਤਾ-ਪਿਤਾ ਹੈ:
ਪੰਨਾ ੧੬੭: ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ॥
ਪੰਨੇ ੨੫੦, ੨੬੨: ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥
ਪੰਨਾ ੧੧੪੪: ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ॥ ਤੂ ਮੇਰੇ ਜੀਅ ਪ੍ਰਾਨ ਸੁਖਦਾਤਾ॥
ਜਿਵੇਂ ਅਸੀਂ ਪੜ੍ਹਦੇ ਆ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਵਿਖੇ ਪੰਜਾਂ ਪਿਆਰਿਆਂ ਦੀ ਚੋਣ ਕਰਕੇ, ਉਨ੍ਹਾਂ ਨੂੰ “ਖੰਡੇ ਦੀ ਪਾਹੁਲ” ੩੦ ਮਾਰਚ ੧੬੯੯ ਨੂੰ ਬਖਸ਼ਿਸ਼ ਕੀਤੀ। ਕਿਉਂਕਿ ਗੁਰੂ ਸਾਹਿਬ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਸੀ, ਇਸ ਲਈ ਹੋਰ ਵਿਆਹ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਵੈਸੇ ਭੀ, ਸਿੱਖ ਇਨਸਾੲਕਿਲੋਪੀੜੀਆ (ਪੰਜਾਬੀ ਯੁਨੀਵਰਸਟੀ, ਪਟਿਆਲਾ, ਭਾਗ ਚੌਥਾ, ੧੯੯੮) ਅਨੁਸਾਰ “ਸਾਹਿਬ ਦੇਵਾ” ੧੬੯੯ ਨੂੰ ਅਨੰਦਪੁਰ ਨਹੀਂ ਸੀ ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਉਸ ਨੂੰ ਅਗਲੇ ਸਾਲ (੧੭੦੦) ਨੂੰ ਲੈ ਕੇ ਆਏ ਸੀ!
ਨਿੱਤਨੇਮ ਬਾਣੀਆਂ ਦਾ ਪਾਠ: ਜਪੁ ਜੀ ਸਾਹਿਬ, ਰਹਿਰਾਸ, ਸੋਹਿਲਾ (ਗੁਰੂ ਗਰੰਥ ਸਾਹਿਬ ਦੇ ਪੰਨੇ ੧ ਤੋਂ ੧੩)। ਇਸ ਤੋਂ ਇਲਾਵਾ, ਗੁਰੂ ਗਰੰਥ ਸਾਹਿਬ ਵਿਚੋਂ ਹੋਰ ਕਿਸੇ ਬਾਣੀ ਦਾ ਪਾਠ ਭੀ ਕੀਤਾ ਜਾ ਸਕਦਾ ਹੈ।
ਸਥਾਨਕ ਫੈਸਲਿਆਂ ਦੀ ਅਪੀਲ
ਐਸੇ ਮਾਮਲਿਆਂ ਦੀ ਅਪੀਲ ਭੀ ਸਥਾਨਕ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਸੰਗਤ ਵਿਖੇ ਹੀ ਹੋਣੀ ਚਾਹੀਦੀ ਹੈ। ਗੁਰਬਾਣੀ ਅਨੁਸਾਰ ‘ਅਕਾਲ ਤਖ਼ਤ’ ਦੀ ਕੋਈ ਹੋਂਦ ਨਹੀਂ ਅਤੇ ਨਾ ਹੀ ਭਾਰਤ ਵਿਖੇ ਬਣਾਏ ਗਏ ਨਿੱਯਮ, ਦੂਸਰੇ ਦੇਸ਼ਾਂ ਵਿਖੇ ਰਹਿੰਦੇ ਸਿੱਖਾਂ ਉਪਰ ਲਾਗੂ ਕੀਤੇ ਜਾ ਸਕਦੇ ਹਨ! ਗੁਰਬਾਣੀ ਸੇਧ ਦਿੰਦੀ ਹੈ: ਪੰਨਾ ੬੨੪: ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ॥ , ਪੰਨਾ ੧੧੮੫: “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ , ਪੰਨਾ: ੧੩੨੧: ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ॥ ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ॥ (ਕਿਸੇ ਨੂੰ ਸਿੱਖ ਧਰਮ ਵਿਚੋਂ ਛੇਕਿਆ ਨਹੀਂ ਜਾ ਸਕਦਾ)
ਇਸ ਪ੍ਰਥਾਏ, ਦਾਸਰੇ ਨੇ “ਸਿੱਖ ਰਹਤ ਮਰਯਾਦਾ” ਦਾ ਸੁਧਾਈ ਕੀਤਾ ਖਰੜਾ ਇੰਟਰਨਿੱਟ ਦੁਆਰਾ ਸਾਂਝਾ ਭੀ ਕੀਤਾ ਹੋਇਆ ਹੈ। ਪਰ ਜੇ ਕਿਸੇ ਨੂੰ ਇਸ ਦੀ ਕਾਪੀ ਚਾਹੀਦੀ ਹੋਵੇ, ਤਾਂ ਖਰੜਾ ਫਿਰ ਭੇਜਿਆ ਜਾ ਸਕਦਾ ਹੈ।
ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
੬ ਅਪ੍ਰੈਲ ੨੦੧੨

(ਨੋਟ:- ਗਰੁਮੀਤ ਸਿੰਘ ਜੀ ਦਾ ਰਹਿਤ ਮਰਯਾਦਾ ਦਾ ਸੁਧਾਈ ਵਾਲਾ ਖਰੜਾ ਪਾਠਕ ਇੱਥੇ ਕਲਿਕ ਕਰਕੇ ਪੜ੍ਹ ਸਕਦੇ ਹਨ-ਸੰਪਾਦਕ)
.