.

ਸੇਖ ਫਰੀਦ ਜੀਉ ਕੀ ਬਾਣੀ

(5)

ਸਲੋਕ ਸੇਖ ਫਰੀਦ ਕੇ

ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ॥

ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ॥ ੧੧॥

ਸ਼ਬਦ ਅਰਥ: ਪਤੀਣੀਆਂ: ਕਮਜ਼ੋਰ, ਜੋਤਿ-ਹੀਣ।

ਰੀਣੇ: ਨਾਪਾਕ, ਅਪਵਿਤ੍ਰ, ਸੁਣਨ-ਸ਼ਕਤੀ ਦਾ ਕਮਜ਼ੋਰ ਹੋਣਾ।

ਸਾਖ ਪਕੰਦੀ ਆਈਆ: ਸਾਖ=ਫ਼ਸਲ; ਫ਼ਸਲ ਦੇ ਪਕ ਕੇ ਰੰਗ ਬਦਲਣ ਤੇ ਕਟੀਜਣ ਦਾ ਸਮਾਂ, ਮੌਤ ਦਾ ਸਮਾਂ ਆ ਗਿਆ ਹੈ।

ਹੋਰ ਕਰੇਂਦੀ ਵੰਨ: ਵੰਨ=ਰੰਗ; ਫ਼ਸਲ ਪਕ ਕੇ ਹਰੇ ਤੋਂ ਹੋਰ, ਸੁੱਕੇ-ਸੁਨਹਿਰੇ, ਰੰਗ ਦੀ ਹੋ ਜਾਂਦੀ ਹੈ।

ਭਾਵ ਅਰਥ: ਫ਼ਰੀਦ! (ਜਗਤ-ਤਮਾਸ਼ਾ ਵੇਖ ਵੇਖ ਕੇ) ਮੇਰੀਆਂ ਅੱਖਾਂ ਦੀ ਵੇਖਣ-ਸ਼ਕਤੀ ਕਮਜ਼ੋਰ ਹੋ ਗਈ ਹੈ। (ਜਗਤ-ਤਮਾਸ਼ੇ ਵਿੱਚ ਦੁਨੀਦਾਰਾਂ ਦੀਆਂ ਸਾਰ-ਹੀਣ ਦੁਨਿਆਵੀ ਗੱਲਾਂ) ਸੁਣ ਸੁਣ ਕੇ ਮੇਰੇ ਕੰਨ ਅਪਵਿਤ੍ਰ ਹੋ ਗਏ ਹਨ ਤੇ ਸੁਣਨ-ਸ਼ਕਤੀ ਕਮਜ਼ੋਰ ਪੈ ਗਈ ਹੈ। (ਇਸ ਤਰ੍ਹਾਂ) ਮੇਰੀ ਸ਼ਰੀਰ-ਫ਼ਸਲ ਪੱਕ ਕੇ ਹੋਰ ਰੰਗ ਦੀ ਹੋ ਗਈ ਹੈ ਅਰਥਾਤ ਸਰੀਰ ਨੇ ਨਿਰਬਲ ਹੋ ਕੇ ਬੁਢੇਪੇ ਦਾ ਰੰਗ ਧਾਰਨ ਕਰ ਲਿਆ ਹੈ ਜੋ ਕਿ ਮੌਤ ਦੇ ਨਜ਼ਦੀਕ ਆਉਣ ਦਾ ਸਪਸ਼ਟ ਸੰਕੇਤ ਹੈ।

ਫਰੀਦਾ ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ॥

ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥ ੧੨॥

ਸ਼ਬਦ ਅਰਥ: ਕਾਲੀ: ਕਾਲੇ ਵਾਲਾਂ ਦੀ ਉਮਰ, ਚੜ੍ਹਦੀ ਉਮਰੇ, ਸ੍ਵਸਥ ਉਮਰੇ।

ਰਾਵਿਆ: ਭੋਗਿਆ, ਸਾਥ ਮਾਣਿਆ, ਸਿਮਰਿਆ।

ਧਉਲੀ: ਧਉਲਾ=ਸਫ਼ੇਦ, ਚਿੱਟਾ; ਚਿੱਟੇ ਵਾਲਾਂ ਵਾਲੀ ਅੰਤਲੀ ਬ੍ਰਿਧ ਅਵਸਥਾ ਜਦੋਂ ਇੰਦ੍ਰੇ ਕਮਜ਼ੋਰ ਪੈ ਜਾਂਦੇ ਹਨ।

ਪਿਰਹੜੀ: ਪ੍ਰੇਮਾ-ਭਗਤੀ, ਇਸ਼ਕ ਹਕੀਕੀ।

ਰੰਗ ਨਵੇਲਾ ਹੋਇ: ਪ੍ਰਭੂ-ਪ੍ਰੇਮ-ਰੰਗ ਹੋਰ ਨਵੀਨ ਹੋਵੇ, ਨਿੱਖਰੇ।

ਭਾਵ ਅਰਥ: ਫ਼ਰੀਦ! ਜਿਹੜੀਆਂ ਜੀਵ-ਇਸਤ੍ਰੀਆਂ ਚੜ੍ਹਦੀ ਉਮਰੇ ਆਪਣੇ ਪਤੀ (ਪਰਮਾਤਮਾ) ਦਾ ਸੰਗ ਨਹੀਂ ਮਾਣਦੀਆਂ, (ਭੋਗਣ-ਸ਼ਕਤੀਆਂ ਕਮਜ਼ੋਰ ਹੋ ਜਾਣ ਉਪਰੰਤ) ਢਲਦੀ ਉਮਰੇ ਅਰਥਾਤ ਬੁਢਾਪੇ ਵਿੱਚ ਉਨ੍ਹਾਂ ਵਿੱਚੋਂ ਕੋਈ ਵਿਰਲੀ ਹੀ ਆਪਣੇ ਸਾਂਈ ਦਾ ਸੰਗ ਭੋਗ ਸਕਦੀ ਹੈ। (ਇਸ ਵਾਸਤੇ) ਜੀਵ-ਇਸਤ੍ਰੀ ਨੂੰ ਮਾਲਿਕ ਨਾਲ ਸਦੀਵ ਹੀ ਪ੍ਰੇਮ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਪਤੀ-ਪ੍ਰੇਮ-ਰੰਗ ਫਿੱਕਾ ਪੈ ਜਾਣ ਦੀ ਬਜਾਏ ਹੋਰ ਨਿੱਖਰ ਕੇ ਪੱਕਾ ਹੀ ਹੁੰਦਾ ਜਾਵੇ।

ਮ: ੩॥ ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇਇ॥

ਆਪਣਾ ਲਾਇਆ ਪਿਰਮੁ ਨਾ ਲਗਈ ਜੇ ਲੋਚੈ ਸਭੁ ਕੋਇ॥

ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥ ੧੩॥

ਸ਼ਬਦ ਅਰਥ: ਚਿਤਿ ਕਰੇਇ: ਚਿੰਤਨ ਕਰੇ, ਸਮਰਣ ਕਰੇ, ਯਾਦ ਕਰੇ। ਪਿਰਮ: ਪ੍ਰੇਮ।

ਪਿਰਮੁ ਪਿਆਲਾ ਖਸਮ ਕਾ: ਪਤੀ ਪਰਮਾਤਮਾ ਦੇ ਪਿਆਰ-ਅੰਮ੍ਰਿਤ ਦਾ ਪਿਆਲਾ, ਇਸ਼ਕ ਹਕੀਕੀ।

ਜੈ: ਜਿਸ ਨੂੰ।

ਤੈ: ਤਿਸ ਨੂੰ, ਉਸੇ ਨੂੰ।

ਭਾਵ ਅਰਥ: ਫ਼ਰੀਦ! ਚੜ੍ਹਦੀ ਉਮਰੇ ਤੇ ਢਲਦੀ ਅਵਸਥਾ ਵਿੱਚ ਵੀ ਆਦਿ ਜੁਗਾਦੀ ਸਦ-ਸਥਿਰ ਪ੍ਰਭੂ ਦਾ ਸਮਰਣ ਕੀਤਾ ਜਾ ਸਕਦਾ ਹੈ। (ਪਰੰਤੂ ਬੰਦੇ ਦੀ ਮਜਬੂਰੀ ਇਹ ਹੈ ਕਿ) ਪਰਮਾਤਮਾ ਦੇ ਪ੍ਰੇਮ-ਅੰਮ੍ਰਿਤ ਦੇ ਪਿਆਲੇ ਦੀ ਪ੍ਰਾਪਤੀ ਕਿਸੇ ਦੇ ਆਪਣੇ ਵਸ ਦੀ ਗੱਲ ਨਹੀਂ; ਇਹ ਪਿਆਲਾ ਉਸੇ ਨੂੰ ਨਸੀਬ ਹੁੰਦਾ ਹੈ ਜਿਸ ਉਪਰ ਉਸ (ਪ੍ਰਭੂ) ਦੀ ਬਖ਼ਸ਼ਿਸ਼ ਹੋਵੇ।

ਗੁਰੂ ਅਮਰ ਦਾਸ ਜੀ ਦਾ ਇਹ ਸਲੋਕ ਫ਼ਰੀਦ ਜੀ ਦੇ ਸਲੋਕ ਨੰ: ੧੨ ਨਾਲ ਸੰਬੰਧ ਰੱਖਦਾ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ‘ਗੁਰਪ੍ਰਸਾਦਿ’ ਦੇ ਸਿੱਧਾਂਤ ਨੂੰ ਫ਼ਰੀਦ ਜੀ ਦੇ ਖ਼ਿਆਲ ਨਾਲ ਜੋੜਿਆ ਹੈ। ‘ਬਖ਼ਸ਼ਿਸ਼’ ਦੇ ਇਸ ਸਿੱਧਾਂਤ ਦੀ ਝਲਕ ਫ਼ਰੀਦ ਜੀ ਦੇ ਕੁੱਝ ਸਲੋਕਾਂ ਵਿੱਚ ਦੇਖੀ ਜਾ ਸਕਦੀ ਹੈ: ‘ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ॥’ ; ‘ਕਰਿ ਕ੍ਰਿਪਾ ਪ੍ਰਭਿ ਸਾਧ ਸੰਗਿ ਮੇਲੀ॥ ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ॥’ ; ‘ਸਾਂਈ ਮੇਰੈ ਚੰਗਾ ਕੀਤਾ ਨਾਹੀ ਤਾ ਹੰਭੀ ਦਝਾਂ ਆਹਿ॥’ ------

ਫਰੀਦਾ ਜਿਨੑ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ॥

ਕਜਲ ਰੇਖ ਨ ਸਹਿਦੀਆ ਸੇ ਪੰਖੀ ਸੂਇ ਬਹਿਠੁ॥ ੧੪॥

ਸ਼ਬਦ ਅਰਥ: ਲੋਇਣ: (ਜੀਵਤ ਸਰੀਰ ਦੀਆਂ) ਸੁੰਦਰ ਅੱਖਾਂ।

ਸੂਇ: (ਸੜ-ਗਲ ਚੁੱਕੇ ਮੁਰਦਾ ਸਰੀਰ ਦੀ ਖੋਖਲੀ ਖੋਪੜੀ ਵਿੱਚ) ਪ੍ਰਸੂਤ ਹੋਏ।

ਬਹਿਠ: ਬੈਠੇ।

ਭਾਵ ਅਰਥ: ਫ਼ਰੀਦ! ਮੈਂ ਉਨ੍ਹਾਂ ਸੁੰਦਰ ਸੋਹਲ ਜਗ-ਮੋਹਨੀਆਂ ਅੱਖਾਂ ਦੀ ਦੁਰਦਸ਼ਾ ਵੇਖੀ ਹੈ ਜਿਨ੍ਹਾਂ ਨੂੰ ਅਲ੍ਹੜ ਜਵਾਨੀ ਸਮੇਂ ਸੁਰਮਾ ਵੀ ਭਾਰਾ ਲੱਗਦਾ ਸੀ; ਪਰੰਤੂ ਹੁਣ ਮਰਨ ਉਪਰੰਤ ਉਨ੍ਹਾਂ ਹੀ ਅੱਖਾਂ ਦੇ ਖੋਲ ਵਿੱਚ ਪੰਛੀਆਂ ਦਾ ਆਲ੍ਹਣਾ ਹੈ ਜਿਸ ਅੰਦਰ ਉਨ੍ਹਾਂ ਦੇ ਬੱਚੇ ਪਲ ਰਹੇ ਹਨ!

ਇਸ ਸਲੋਕ ਵਿੱਚ ਫ਼ਰੀਦ ਜੀ ਨੇ ਮਨੁੱਖਾ ਸਰੀਰ ਦੀ ਅਸਥਾਈ ਸੁੰਦਰਤਾ, ਜਿਸ ਦੇ ਨਸ਼ੇ ਵਿੱਚ ਮਨੁੱਖ ਰੱਬ ਨੂੰ ਭੁਲਾ ਰੱਖਦਾ ਹੈ, ਦੇ ਸੱਚ ਨੂੰ ਦ੍ਰਿੜਾ ਕੇ ਜਿਸਮਾਨੀ ਹੁਸਨ ਦੇ ਕੂੜੇ ਮਾਣ ਪ੍ਰਤਿ ਦੁਨਿਆਵੀ ਲੋਕਾਂ ਨੂੰ ਸਾਵਧਾਨ ਕੀਤਾ ਹੈ।

ਫਰੀਦਾ ਕੂਕੇਦਿਆਂ ਚਾਂਗੇਦਿਆ ਮਤੀ ਦੇਦਿਆ ਨਿਤ॥

ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ॥ ੧੫॥

ਸ਼ਬਦ ਅਰਥ: ਚਾਂਗੇਦਿਆ: ਪੁਕਾਰ ਪੁਕਾਰ ਕੇ ਚੇਤਾਵਨੀ ਦਿੰਦਿਆਂ।

ਸੈਤਾਨਿ: ਕੁਰਾਹੇ ਪਿਆ ਮਨ।

ਵੰਞਾਇਆ: ਗਵਾਇਆ, ਠੱਗਿਆ ਗਿਆ, ਕੁਰਾਹੇ ਪੈ ਗਿਆ।

ਭਾਵ ਅਰਥ: ਫ਼ਰੀਦ! ਚੀਕ ਚੀਕ ਪੁਕਾਰ ਪੁਕਾਰ ਕੇ ਸੰਸਾਰਕਤਾ ਪ੍ਰਤਿ ਸੁਚੇਤ ਕਰਨ ਦੇ ਬਾਵਜੂਦ ਵੀ ਜਿਹੜਾ ਮਨ ਠਗਉਰੀ ਮਾਇਆ ਨੇ ਠੱਗ ਲਿਆ ਉਹ ਮੁੜ ਸਿੱਧੇ ਰਾਹ ਵੱਲ ਨਹੀਂ ਪਰਤਦਾ।

ਫਰੀਦਾ ਥੀਉ ਪਵਾਹੀ ਦਭੁ॥ ਜੇ ਸਾਂਈ ਲੋੜਹਿ ਸਭੁ॥

ਇਕੁ ਛਿਜਹਿ ਬਿਆ ਲਤਾੜੀਅਹਿ॥ ਤਾਂ ਸਾਂਈ ਦੈ ਦਰਿ ਵਾੜੀਅਹਿ॥ ੧੬॥

ਸ਼ਬਦ ਅਰਥ: ਪਵਾਹੀ: ਪਹਾ=ਰਸਤਾ; ਰਸਤੇ ਦੀ।

ਦਭੁ: ਇੱਕ ਕਿਸਮ ਦਾ ਪਾਕ/ਪਵਿਤ੍ਰ ਮੰਨਿਆ ਜਾਂਦਾ ਘਾਹ ਜਿਸ ਦੀ ਬਣਾਈ ਸਫ਼/ਮੁਸੱਲਾ ਉੱਤੇ ਬੈਠ ਕੇ ਨਿਮਾਜ਼ ਪੜ੍ਹਦੇ ਹਨ। ਮੁਸਲਮਾਨ ਮੁਰਦਾ ਸਰੀਰ ਨੂੰ ਵੀ ਇਸੇ (ਦੱਭ) ਉਪਰ ਲਿਟਾਉਂਦੇ ਹਨ। ਇਸ ਘਾਹ ਨੂੰ ਕੁਸ਼ਾ ਵੀ ਕਿਹਾ ਜਾਂਦਾ ਹੈ।

ਛਿਜਹਿ: ਕੱਟਦੇ ਹਨ।

ਬਿਆ: ਦੂਸਰੇ (ਨਿਮਾਜ਼ ਪੜ੍ਹਨ ਵਾਲੇ)।

ਲਤਾੜੀਅਹਿ: (ਦੱਭ ਨੂੰ ਹੇਠ ਵਿਛਾ ਕੇ) ਲਿਤਾੜਦੇ ਹਨ।

ਭਾਵ ਅਰਥ: ਫ਼ਰੀਦ! ਦੱਭ ਨੂੰ ਕੱਟ ਕੇ ਮੁਸੱਲਾ/ਸਫ਼ ਬਣਾਈ ਜਾਂਦੀ ਹੈ ਜਿਸ ਉੱਪਰ ਬੈਠ ਕੇ ਨਿਮਾਜ਼ੀ ਮਸਜਿਦ ਵਿੱਚ (ਸਾਂਈ ਦੈ ਦਰਿ) ਨਿਮਾਜ਼ ਪੜ੍ਹਦੇ ਹਨ। ਇਸ ਤਰ੍ਹਾਂ, ਨਮਰਤਾ ਦੇ ਗੁਣ ਸਦਕਾ, ਨਿਮਾਣੀ ਪਰ ਪਵਿਤ੍ਰ ਦੱਭ ਰੱਬ ਦੇ ਘਰਿ ਪਹੁੰਚਦੀ ਹੈ। ਹੇ ਫ਼ਰੀਦ! ਜੇ ਤੂੰ ਸਰਬ-ਵਿਆਪਕ ਮਾਲਿਕ ਪਰਮਾਤਮਾ ਨੂੰ ਮਿਲਣਾ ਲੋਚਦਾ ਹੈਂ ਤਾਂ ਦੱਭ ਦੀ ਤਰ੍ਹਾਂ ਨਮਰਤਾ ਦਾ ਦੈਵੀ ਗੁਣ ਗ੍ਰਹਿਣ ਕਰ। ਭਾਵ: ਰੱਬ ਦੇ ਸੱਚੇ ਦਰਵੇਸ਼ਾਂ ਦਾ ਗ਼ਰੀਬ-ਮਿਜ਼ਾਜ ਹੋਣਾ ਜ਼ਰੂਰੀ ਹੈ।

ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨਾ ਕੋਇ॥

ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ॥ ੧੭॥

ਸ਼ਬਦ ਅਰਥ: ਖਾਕੁ: ਖ਼ਾਕੂ, ਜ਼ਮੀਨ, ਧਰਤੀ, ਮਿੱਟੀ; ਗ਼ਰੀਬ-ਮਿਜ਼ਾਜ ਦਰਵੇਸ਼।

ਜੇਡੁ: ਜਿਤਨਾ (ਮਹਾਨ)।

ਭਾਵ ਅਰਥ: ਫ਼ਰੀਦ! ਮਿੱਟੀ ਨੂੰ ਤਿਰਸਕਾਰਨਾ ਠੀਕ ਨਹੀਂ, ਕਿਉਂਕਿ ਮਿੱਟੀ ਜਿਤਨਾ ਉੱਤਮ ਤੇ ਸੰਪੰਨ ਹੋਰ ਕੋਈ ਨਹੀਂ ਹੈ। ਸਾਡੇ ਜੀਵਨ-ਕਾਲ ਵਿੱਚ ਅਸੀਂ ਇਸ ਮਿੱਟੀ ਨੂੰ ਆਪਣੇ ਪੈਰਾਂ ਹੇਠ ਲਿਤਾੜਦੇ ਹਾਂ ਪਰੰਤੂ ਮਰਨ ਉਪਰੰਤ ਇਸ ਮਿੱਟੀ ਨਾਲ ਹੀ ਸਾਡੀਆਂ ਕਬਰਾਂ ਪੂਰੀਆਂ ਜਾਂਦੀਆਂ ਹਨ।

ਮਿੱਟੀ ਦੀ ਮਿਸਾਲ ਦੇ ਕੇ ਫ਼ਰੀਦ ਜੀ, ਰੱਬ ਦੇ ਗ਼ਰੀਬ ਮਿਜ਼ਾਜ ਬੰਦਿਆਂ ਦੀ ਸ੍ਰੇਸ਼ਟਤਾ ਦਰਸਾਉਂਦੇ ਹਨ। ਨਿਰਮਾਣ ਸੁਭਾਅ ਦਰਵੇਸ਼ ਜੀਵਨ ਵਿੱਚ ਭਾਵੇਂ ਹੰਕਾਰੀ ਅਮੀਰਾਂ ਦੀਆਂ ਨਿਗਾਹਾਂ ਵਿੱਚ ਨੀਵੇਂ ਹਨ, ਪਰੰਤੂ ਮਰਨ ਉਪਰੰਤ ਰੱਬ ਦੇ ਘਰਿ ਇਨ੍ਹਾਂ ਨੂੰ ਉਹ ਉਚੇਰਾ ਤੇ ਉਚਤਮ ਸਥਾਨ ਪ੍ਰਾਪਤ ਹੁੰਦਾ ਹੈ ਜਿਸ ਤੋਂ ਹੰਕਾਰੀ ਕਾਫ਼ਰ ਵਾਂਜੇ ਰਹਿੰਦੇ ਹਨ।

ਫਰੀਦਾ ਜਾ ਲਬੁ ਤ ਨੇਹੁ ਕਿਆ ਲਬੁ ਤ ਕੂੜਾ ਨੇਹੁ॥

ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ॥ ੧੮॥

ਸ਼ਬਦ ਅਰਥ: ਲਬੁ: ਲੋਭ-ਲਾਲਚ, ਮਤਲਬ/ਸੰਸਾਰਕ ਸੁਆਰਥ ਵਾਸਤੇ ਕੀਤਾ ਗਿਆ ਇਸ਼ਕ, ਇਸ਼ਕ-ਮੱਜਾਜੀ।

ਨੇਹੁ: ਮੁਹੱਬਤ, ਇਸ਼ਕ, ਪ੍ਰੇਮ, ਦਰਵੇਸੀ। ਕੂੜਾ: ਆਰਜ਼ੀ, ਮਤਲਬ ਦਾ, ਥੁੜ-ਚਿਰਾ, ਜਿਸ ਦਾ ਕੋਈ ਲਾਭ ਨਹੀਂ।

ਛਪਰਿ ਤੁਟੈ ਮੇਹੁ: ਮੀਂਹ ਵਿੱਚ ਨਿਰਾਰਥਿਕ ਸਾਬਤ ਹੋਣ ਵਾਲਾ, ਡੰਗ-ਟਪਾਊ ਸਹਾਰਾ।

ਭਾਵ ਅਰਥ: ਫ਼ਰੀਦ! ਦੁਨਿਆਵੀ ਮਤਲਬ ਵਾਸਤੇ ਕੀਤੀ ਗਈ ਬੰਦਗੀ ਝੂਠੀ ਤੇ ਦਿਖਾਵੇ ਦੀ ਹੁੰਦੀ ਹੈ। ਜਿਵੇਂ ਮੀਂਹ ਪੈਣ `ਤੇ ਫੂਸ ਦੀ ਬਣੀ ਡੰਗ-ਟਪਾਊ ਛੱਪਰੀ ਦੀ ਓਟ ਨਿਕਾਰੀ ਸਾਬਤ ਹੁੰਦੀ ਹੈ, ਤਿਵੇਂ ਕਿਸੇ ਦੁਨਿਆਵੀ ਲਾਲਚ ਲਈ ਕੀਤੀ ਇਬਾਦਤ ਵੀ ਛਿਣ-ਭੰਗੁਰ/ਕੰਮ-ਚਲਾਊ ਹੀ ਹੁੰਦੀ ਹੈ। ਇਸ ਤਰ੍ਹਾਂ ਦੀ ਵਕਤੀ ਇਬਾਦਤ ਨੂੰ ਇਸ਼ਕ ਮਜਾਜੀ ਕਿਹਾ ਜਾਂਦਾ ਹੈ।

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜਹਿ॥

ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢਹਿ॥ ੧੯॥

ਸ਼ਬਦ ਅਰਥ: ਵਣਿ ਕੰਡਾ: ਜੰਗਲ ਵਿੱਚ ਉੱਗੀਆਂ ਕੰਡਿਆਲੀਆਂ ਝਾੜੀਆਂ ਦੇ ਕੰਡੇ।

ਮੋੜਹਿ: ਮੋੜਦੇ ਹਨ, ਰੋਕਦੇ ਹਨ, ਵਰਜਦੇ ਹਨ, ਸਾਵਧਾਨ ਕਰਦੇ ਹਨ।

ਹਿਆਲੀਐ: ਹਿਰਦੇ ਵਿਚ।

ਭਾਵ ਅਰਥ: (ਇਹ ਸਲੋਕ ਉਨ੍ਹਾਂ ਅਗਿਆਨ ਲੋਕਾਂ ਵਾਸਤੇ ਲਿਖਿਆ ਲੱਗਦਾ ਹੈ ਜੋ ਰੱਬ ਦੀ ਭਾਲ ਵਿੱਚ ਗ੍ਰਹਿਸਥ ਤਿਆਗ ਕੇ ਜੰਗਲਾਂ ਵਿੱਚ ਭਟਕਦੇ ਫਿਰਦੇ ਹਨ।) ਫ਼ਰੀਦ! ਤੂੰ ਜੰਗਲਾਂ ਵਿੱਚ ਕਿਸ ਨੂੰ ਭਾਲਦਾ ਫਿਰਦਾ ਹੈਂ? (ਜਿਸ ਦੀ ਤੂੰ ਜੰਗਲਾਂ ਵਿੱਚ ਭਾਲ ਕਰ ਰਿਹਾ ਹੈਂ ਉਹ) ਸਰਬ-ਵਿਆਪਕ ਪਰਮਾਤਮਾ ਦਾ ਤਖ਼ਤ ਤੇਰੇ ਹਿਰਦੇ (ਅੰਤਹਕਰਣ) ਵਿੱਚ ਹੀ ਹੈ। ਜੰਗਲ ਦੀਆਂ ਕੰਡਿਆਲੀਆਂ ਝਾੜੀਆਂ ਤੈਨੂੰ ਗ਼ਲਤ ਰਸਤੇ `ਤੇ ਤੁਰਨ ਤੋਂ ਮੋੜਣ ਦਾ ਯਤਨ ਕਰ ਰਹੀਆਂ ਹਨ, ਪਰ ਤੇਰੇ `ਤੇ ਇਨ੍ਹਾਂ ਦਾ ਵੀ ਕੋਈ ਅਸਰ ਨਹੀਂ! (ਕਈ ਵਿਦਵਾਨ ਇਸ ਤੁਕ ਦਾ ਅਰਥ ਇਉਂ ਕਰਦੇ ਹਨ: ਤੂੰ ਰੱਬ ਦੀ ਭਾਲ ਵਿੱਚ ਜੰਗਲ ਦੀਆਂ ਕੰਡਿਆਲੀਆਂ ਰਾਹਾਂ ਕਿਉਂ ਲਿਤਾੜਦਾ ਫਿਰਦਾ ਹੈਂ? ਰੱਬ ਤਾਂ ਤੇਰੇ ਹਿਰਦੇ ਵਿੱਚ ਹੀ ਵਸਦਾ ਹੈ।)

ਫਰੀਦਾ ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮ॥

ਅਜੁ ਫਰੀਦਾ ਕੂਜੜਾ ਸੈ ਕੋਹਾਂ ਥੀਓਮਿ॥ ੨੦॥

ਸ਼ਬਦ ਅਰਥ: ਜੰਘੀਐ: ਜੰਘ=ਲੱਤ/ਟੰਗ; ਲੱਤਾਂ/ਟੰਗਾਂ ਨਾਲ, ਪੈਦਲ ਚਲ ਕੇ।

ਡੂਗਰ: ਪਹਾੜ, ਪਹਾੜੀ ਇਲਾਕਾ।

ਭਵਿਓਮ: ਮੈਂ ਘੁੰਮਿਆ ਹਾਂ, ਮੈਂ ਭ੍ਰਮਣ ਕੀਤਾ ਹੈ।

ਕੂਜੜਾ: ਅ: ਕੂਜ਼ਹ=ਦਸਤੇ ਵਾਲਾ ਬਰਤਨ, ਉਹ ਕੂਜਾ ਜੋ ਦਰਵੇਸ਼ ਹਮੇਸ਼ਾ ਆਪਣੇ ਨਾਲ ਰੱਖਦੇ ਹਨ।

ਥੀਓਮਿ: ਥੀਣਾ=ਹੋਣਾ; ਹੋ ਗਿਆ ਹੈ।

ਭਾਵ ਅਰਥ: ਫ਼ਰੀਦ! ਮੈਂ ਆਪਣੇ ਸਾਂਈ ਦੀ ਖੋਜ ਵਿੱਚ ਆਪਣੀਆਂ ਨਿੱਕੀਆਂ ਲੱਤਾਂ ਨਾਲ ਮੈਦਾਨ ਤੇ ਪਹਾੜਾਂ ਦੀਆਂ ਔਝੜਾਂ ਗਾਹ ਮਾਰੀਆਂ ਹਨ। (ਹੁਣ ਬੁਢੇਪੇ ਵਿੱਚ ਉਹ ਹਿੰਮਤ ਨਹੀਂ ਰਹੀ!) ਹੁਣ ਤਾਂ ਮੇਰਾ ਵੁਜ਼ੂ (ਨਿਮਾਜ਼ ਪੜ੍ਹਨ ਤੋਂ ਪਹਿਲਾਂ ਕੀਤਾ ਜਾਂਦਾ ਪੰਜ-ਇਸਨਾਨਾ) ਕਰਨ ਵਾਲਾ ਲੋਟਾ ਵੀ ਮੈਨੂੰ ਮੇਰੀ ਪਕੜ-ਪਹੁੰਚ ਤੋਂ ਪਰ੍ਹੇ ਲੱਗਦਾ ਹੈ। ਅਰਥਾਤ ਉਮਰ ਨਾਲ ਇੰਦ੍ਰੇ ਕਮਜ਼ੋਰ ਹੋ ਜਾਣ ਕਾਰਣ ਮੇਰਾ ਸਾਥ ਦੇਣ ਤੋਂ ਇਨਕਾਰੀ ਹਨ।

ਚਲਦਾ-------

ਗੁਰਇੰਦਰ ਸਿੰਘ ਪਾਲ

ਅਪ੍ਰੈਲ 08, 2012.




.