.

ਸਿਧ ਗੋਸਟਿ (ਕਿਸ਼ਤ ਨੰ: 20)

ਗੋਸਟਿ ਵੀਚਾਰ ਚਰਚਾ ਸਮਾਪਤ ਕਰਨ ਉਪ੍ਰੰਤ ਨਾਨਕ ਜੀ ਦੀ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ:
ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ॥
ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ॥
ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ॥
ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ॥
ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ॥
ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ॥ ੭੩॥ ੧॥

ਪਦ ਅਰਥ: - ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ – ਜੋ ਆਪਣੇ ਆਪ ਨੂੰ ਰੱਬ ਅਖਵਾਉਣ ਵਾਲਿਆ ਦੇ ਜਾਲ ਤੋਂ ਮੁਕਤਿ ਹੋ ਜਾਂਦੇ ਹਨ ਉਹ ਉਸ ਸੱਚੇ ਅਵਿਨਾਸ਼ੀ ਪ੍ਰਭੂ ਦੇ ਹੀ ਹੋ ਜਾਂਦੇ ਹਨ। ਉਹ ਉਸਦੀ ਬਰਾਬਰੀ ਨਹੀਂ ਕਰਦੇ। ਉਹ ਆਖਦੇ ਹਨ - ਤੇਰੀ ਗਤਿ ਮਿਤਿ ਤੂੰ ਆਪ ਹੀ ਜਾਣਦਾ ਹੈਂ। ਤੇਰੀ ਗਤਿ ਮਿਤਿ ਬਿਆਨ ਤੋਂ ਬਾਹਰ ਹੈ, ਭਾਵ ਗਿਣਤੀ ਮਿਣਤੀ ਕਰਨ ਤੋਂ ਬਾਹਰ ਹੈ। ਤੂੰ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ – ਤੂੰ ਆਪ ਗੁਪਤ ਰੂਪ ਵਿੱਚ ਵਰਤ ਰਿਹਾ ਹੈਂ, ਅਤੇ ਸਭ ਜੀਵ ਤੇਰੇ ਪ੍ਰਤੱਖ ਰੂਪ ਵਿੱਚ ਰੰਗ ਮਾਣ ਰਹੇ ਹਨ। ਸਾਧਿਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ – ਤੇਰੀ ਬਖ਼ਸ਼ਿਸ਼ ਨੂੰ ਸੱਚ ਨਾ ਜਾਨਣ ਵਾਲੇ ਅਨੇਕਾਂ ਹੀ ਜੋ ਆਪਣੇ ਆਪ ਨੂੰ ਸਿੱਧ, ਗੁਰੂ, ਅਤੇ ਅਨੇਕਾਂ ਹੀ ਉਨ੍ਹਾਂ ਦੇ ਚੇਲੇ ਅਖਵਾਉਦੇ ਫਿਰਦਿਆ ਨੂੰ ਛੱਡਕੇ। ਫਿਰਹਿ - ਫਿਰਦੇ ਛੱਡਕੇ। ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ – ਉਸ ਅਵਿਨਾਸ਼ੀ ਪ੍ਰਭੂ ਤੋਂ ਉਸਦੇ ਨਾਮ ਰੂਪ ਸੱਚ ਦੀ ਭੀਖ ਹੀ ਮੰਗਦੇ ਹਨ, ਅਤੇ ਆਖਦੇ ਹਨ, ਹੇ ਪ੍ਰਭੂ ਤੇਰੇ ਬਖ਼ਸੇ ਪ੍ਰਤੱਖ ਰੂਪ ਸੱਚ ਤੋਂ ਕੁਰਬਾਨ ਜਾਂਦੇ ਹਖ਼। ਦਰਸਨ – ਪ੍ਰਤੱਖ। ਅਬਿਨਾਸੀ ਪ੍ਰਭ ਖੇਲ ਰਚਾਇਆ ਗੁਰਮੁਖਿ ਸੋਝੀ ਹੋਈ – ਉਹ ਇਸ ਸੱਚ ਨੂੰ ਸਮਝ ਜਾਂਦੇ ਹਨ ਕਿ ਜਿਸ ਅਵਿਨਾਸ਼ੀ ਪ੍ਰਭੂ ਨੇ ਇਹ ਖੇਲ ਰਚਾਇਆ ਹੈ, ਭਾਵ ਬ੍ਰਹਮੰਡ ਦੀ ਸਿਰਜਣਾ ਕੀਤੀ ਹੈ, ਉਹ ਸਿਰਜਣਹਾਰ ਗੁਰਮੁਖਿ ਕਰਤਾ ਨਾਸ ਹੋਣ ਵਾਲਾ ਨਹੀਂ, ਇਸ ਗੱਲ ਦੀ ਉਨ੍ਹਾਂ ਨੂੰ ਸੋਝੀ ਹੋ ਜਾਂਦੀ ਹੈ। ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ – ਹੇ ਭਾਈ, ਨਾਨਕ ਆਖਦਾ ਹੈ, ਉਹ ਇਹ ਸਮਝ ਜਾਂਦੇ ਹਨ ਸਾਰੇ ਜੁਗਾਂ ਭਾਵ ਸਦੀਵੀ ਸਮੇਂ ਅੰਦਰ ਉਹ ਸੱਚਾ ਸਿਰਜਣਹਾਰ ਆਪ ਹੀ ਵਰਤਦਾ ਹੈ, ਉਸ ਤੋ ਛੁੱਟ ਹੋਰ ਕੋਈ ਹੈ ਹੀ ਨਹੀਂ। ਉਸ ਤੋ ਬਿਨਾਂ ਆਪਣੇ ਆਪ ਨੂੰ ਜੇ ਕੋਈ ਕਰਤਾ ਅਖਵਾਉਂਦਾ ਹੈ, ਤਾਂ ਕੋਰਾ ਝੂਠ ਹੈ।
ਅਰਥ: - ਹੇ ਪ੍ਰਭੂ, ਜੋ ਮਨੁੱਖ ਤੇਰੀ ਬਖਸ਼ਿਸ਼ ਨਾਲ ਆਪਣੇ ਆਪ ਨੂੰ ਕਰਤਾ ਅਖਵਾਉਣ ਵਾਲਿਆਂ ਦੇ ਚੁੰਗਲ ਤੋਂ ਮੁਕਤਿ ਹੋ ਜਾਂਦੇ ਹਨ ਉਹ ਤੇਰੇ ਹੀ ਹੋ ਜਾਂਦੇ ਹਨ। ਉਹ ਤੇਰੇ ਸ਼ਰੀਕ ਨਹੀਂ ਬਣਦੇ। ਉਹ ਇਹ ਆਖਦੇ ਹਨ ਕਿ ਤੇਰੀ ਗਤਿ ਮਿਤਿ ਤੂੰ ਆਪ ਹੀ ਜਾਣਦਾ ਹੈਂ। ਤੇਰੀ ਗਤਿ ਮਿਤਿ ਬਿਆਨ ਕਰਨ ਤੋਂ ਬਾਹਰ ਹੈ ਭਾਵ ਗਿਣਤੀ ਮਿਣਤੀ ਤੋਂ ਪਰ੍ਹੇ ਹੈ। ਤੂੰ ਆਪ ਗੁਪਤ ਰੂਪ ਵਿੱਚ ਵਰਤ ਰਿਹਾ ਹੈਂ, ਅਤੇ ਸਭ ਜੀਵ ਤੇਰੀ ਰਹਿਮਤ ਪ੍ਰਤੱਖ ਰੂਪ ਵਿੱਚ ਮਾਣ ਰਹੇ ਹਨ। ਇਹ ਸੱਚ ਨਾ ਜਾਨਣ ਵਾਲੇ ਅਨੇਕਾਂ ਹੀ ਜੋ ਆਪਣੇ ਆਪ ਨੂੰ ਸਿੱਧ (ਸ੍ਰੇਸ਼ਟ) ਗੁਰੁ, ਅਤੇ ਹੋਰ ਅਨੇਕਾਂ ਹੀ ਆਪਣੇ ਆਪ ਨੂੰ ਉਨ੍ਹਾਂ ਦੇ ਚੇਲੇ ਅਖਵਾਉਣ ਵਾਲਿਆਂ, ਫਿਰਦਿਆਂ ਨੂੰ ਛੱਡਕੇ, ਬਾਕੀ ਸੱਚੇ ਅਵਿਨਾਸ਼ੀ ਪ੍ਰਭੂ ਤੇਰੇ ਤੋਂ ਹੀ ਨਾਮ ਸੱਚ ਦੀ ਭੀਖ ਮੰਗਦੇ ਹਨ। ਉਹ ਤੇਰੇ ਸੱਚੇ ਦੇ ਬਖਸ਼ੇ ਨਾਮ-ਸੱਚ ਤੋਂ ਹੀ ਕੁਰਬਾਨ ਜਾਂਦੇ ਹਨ। ਇਹ ਸੱਚ ਸਮਝ ਜਾਂਦੇ ਹਨ ਕਿ ਇਹ ਸਾਰਾ ਖੇਲ ਉਸ ਪ੍ਰਭੂ ਦਾ ਹੀ ਰਚਾਇਆ ਹੋਇਆ ਹੈ। ਹੇ ਸਿਰਜਣਹਾਰ ਕਰਤੇ! ਤੂੰ ਹੀ ਅਵਿਨਾਸ਼ੀ ਹੈਂ। ਨਾਸ਼ਵਾਨ ਨੂੰ ਤੇਰੇ ਜਨ ਕਰਤਾ ਨਹੀਂ ਸਮਝਦੇ। ਇਨ੍ਹਾਂ ਗੱਲਾਂ ਦੀ ਉਨ੍ਹਾਂ ਨੂੰ ਸੋਝੀ ਹੋ ਜਾਂਦੀ ਹੈ। ਹੇ ਸਿਰਜਣਹਾਰ! ਨਾਨਕ ਇਹ ਬੇਨਤੀ ਕਰਦਾ ਹੈ ਕਿ ਸਾਰੇ ਜੀਵਾਂ ਨੂੰ ਇਹ ਸੂਝ ਬਖਸ਼ ਕਿ ਸਾਰੇ ਜੁਗਾਂ ਅੰਦਰ ਭਾਵ ਸਦਾ ਹੀ ਤੂੰ ਸੱਚਾ ਆਪ ਹੀ ਵਰਤ ਰਿਹਾ ਹੈਂ, ਤੇਰੇ ਤੋਂ ਛੁੱਟ ਹੋਰ ਕੋਈ ਨਹੀਂ ਹੈ।
ਨੋਟ: - ਜੇਕਰ ਕੋਈ ਮਨੁੱਖ ਉਸਦੀ ਬਰਾਬਰੀ ਦਾ ਦਾਅਵਾ ਕਰਦਾ ਹੈ, ਤਾਂ ਕੋਰਾ ਝੂਠ ਹੈ, ਉਸਦੀ ਬਰਾਬਰੀ ਕਰਨ ਵਾਲਾ ਮਨੁੱਖ ਮਨਮੁਖ ਹੈ।
ਕੁਝ ਯੋਗ ਮਤ ਬਾਰੇ
ਯੋਗ ਦਾ ਅਰਥ: -
ਮੰਨ ਦੀ ਚੰਚਲ ਪ੍ਰਕ੍ਰਿਆ ਨੂੰ ਰੋਕਣਾ ਯੋਗ ਹੈ। ਮਨ ਦੀ ਚੇਤਨ ਧਾਰਾ ਨੂੰ ਰੋਕ ਕੇ ਆਪਣੇ ਅਧੀਨ ਕਰ ਲੈਣਾ, ਤਾਂ ਜੋ ਅਸੀਂ ਇਸ ਨੂੰ ਜਿੱਧਰ ਚਲਾਉਣਾ ਚਾਹੀਏ ਚਲਾ ਸਕੀਏ। ਯੋਗ ਅਨੁਸ਼ਾਸਨ ਦਾ ਉਦੇਸ਼ ਹੀ ਇਹੋ ਹੈ ਕਿ ਚਿੱਤ ਵ੍ਰਿਤੀਆਂ ਦਾ ਦਾਸ ਨਾਂ ਬਣੇ, ਸਗੋਂ ਇਨ੍ਹਾਂ ਵ੍ਰਿਤੀਆਂ ਨੂੰ ਆਪਣਾ ਦਾਸ ਬਣਾ ਕੇ ਰੱਖੇ। (ਗੁਰਦੇਵ ਸਿੰਘ/ ਖੋਜ ਪਤ੍ਰਿਕਾ – ਨਵੰਬਰ, ੧੯੬੯/ ਪੰਨਾ੨੧੯), ਦਾਸ ਨੇ ਇਹ ਹਵਾਲਾ ਸਿੱਧ ਗੋਸਟਿ ਸਟੀਕ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਿੱਚੋਂ ਲੈ ਕੇ ਦਿੱਤਾ ਹੈ।
ਗੁਰਬਾਣੀ ਅਨੁਸਾਰ ਇਹ ਸਾਰਾ ਕੁੱਝ ਕਰਮਕਾਂਡ ਹੀ ਹੈ। ਜੋ ਸਿਧ ਗੋਸਟਿ ਬਾਣੀ ਅੰਦਰ ਪਾਉੜੀ ਨੰ: ੮ ਵਿੱਚ ਰੱਦ ਕੀਤਾ ਹੈ ਕਿ ਅਜਿਹਾ ਕਰਮਕਾਂਡ ਕਰਨ ਨਾਲ ਚਿੱਤ ਡੋਲਣ ਤੋਂ ਰਹਿ ਹੀ ਨਹੀ ਸਕਦਾ।
ਹਾਟੀ ਬਾਟੀ ਨੀਦ ਨਾ ਆਵੈ ਪਰ ਘਰਿ ਚਿਤੁ ਨ ਡ+ਲਾਈ॥ ਪਾਉੜੀ ਨੰ: ੮
ਯੋਗ ਮਤ ਦੇ ਪ੍ਰਥਮ ਦਾਰਸ਼ਨਿਕ ਪਤਾਂਜਲੀ ਨੇ ਚਿੱਤ ਦੀਆਂ ਵ੍ਰਿਤੀਆ ਦੇ ਰੋਕਣ ਨੂੰ ਕਿਹਾ ਹੈ।
ਯੋਗੀਆਂ ਦੇ ਯੋਗ ਮਤ ਅਪਨਾਉਣ ਨਾਲ ਚਿੱਤ ਦੀਆਂ ਵ੍ਰਿਤੀਆਂ ਦੇ ਰੋਕਣ ਵਾਲੀ ਗੱਲ ਨੂੰ ਸਿੱਧ ਗੋਸਟਿ ਬਾਣੀ ਅੰਦਰ ਨਾਨਕ ਜੀ ਨੇ ਰੱਦ ਕੀਤਾ ਹੈ। ਯੋਗੀਆਂ ਅਨੁਸਾਰ ਘਰ ਬਾਰ ਤਿਆਗ ਕੇ ਰੁਖਾਂ ਦਰਖਤਾਂ ਥੱਲੇ ਰਹਿਣਾ, ਕੰਦ ਮੂਲ ਖਾਣਾ, ਤੀਰਥਾਂ ਤੇ ਨਹਾਉਣ ਨੂੰ ਹੀ ਵਿਕਾਰਾ ਦੀ ਮੈਲ ਉਤਾਰਣ ਦਾ ਸਾਧਨ ਸਮਝਣਾ - ਅਜਿਹੇ ਕ੍ਰਿਆ ਕਰਮ ਕਰਨ ਦਾ ਨਾਅ ਯੋਗ ਮੱਤ ਹੈ। ਇਹ ਸਿੱਧ ਗੋਸਟਿ ਬਾਣੀ ਅੰਦਰ ਪਉੜੀ ਨੰ: ੭ ਵਿੱਚ ਜੋਗੀ ਲੋਹਾਰੀਪਾ ਵਲੋਂ ਦਰਸਾਇਆ ਗਿਆ ਹੈ। ਜਿਸਨੂੰ ਨਾਨਕ ਜੀ ਪਉੜੀ ਨੰਬਰ ੮ ਅੰਦਰ ਰੱਦ ਕਰ ਦਿੰਦੇ ਹਨ।
‘ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋਲਾਈ॥ ੮॥ ਬਿਨ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ॥’
ਨਾਨਕ ਜੀ ਅਨੁਸਾਰ, ਸੱਚ ਨੂੰ ਆਪਣੇ ਜੀਵਣ ਵਿੱਚ ਅਪਣਾਉਣ ਤੋਂ ਬਗ਼ੈਰ ਅਜਿਹੇ ਕਰਮਕਾਂਡ ਕਰਨ ਨਾਲ ਨਾਂ ਹੀ ਮਨ ਟਿਕ ਸਕਦਾ ਹੈ, ਅਤੇ ਨਾਂ ਹੀ ਚਿੱਤ ਡੋਲਣ ਤੋਂ ਰਹਿ ਸਕਦਾ ਹੈ। ਕਰਮ ਕਾਂਡ ਅਤੇ ਪ੍ਰਾਣਾਯਾਮ ਨੂੰ ਅੱਜ ਸਾਡੇ ਕੁੱਝ ਗੁਰੂ ਘਰਾਂ ਵਿੱਚ ਵੀ ਪਰਚਾਰਿਆ ਜਾ ਰਿਹਾ ਹੈ।
ਨੋਟ: - ਜੇਕਰ ਅਜਿਹੇ ਕਰਮਕਾਂਡ ਨਾਲ ਮਨ ਟਿਕਦਾ ਹੁੰਦਾ ਤਾਂ ਨਾਨਕ ਜੀ ਇਸ ਗੱਲ ਦਾ ਕਦੀ ਵੀ ਖੰਡਣ ਨਾ ਕਰਦੇ। ਪਹਿਲੀ ਪਉੜੀ ਦੀਆਂ ਰਹਾਉ ਵਾਲੀਆ ਤੁਕਾਂ ਅੰਦਰ ਹੀ ਨਾਨਕ ਜੀ ਨੇ ਇਸ ਮੱਤ ਨੂੰ ਭਟਕਣਾ ਦੱਸਿਆ ਹੈ।
ਕਿਆ ਭਵੀਐ ਸਚਿ ਸੂਚਾ ਹੋਇ॥ ਸਾਚ ਸ਼ਬਦ ਬਿਨੁ ਮੁਕਤਿ ਨ ਕੋਇ॥ ੧॥ ਰਹਾਉ॥
ਕੀ ਭਟਕਣ ਨਾਲ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ? ਜਦੋਂ ਕਿ ਅਸਲੀਅਤ ਇਹ ਹੈ ਕਿ ਸੱਚੇ ਦੀ ਸੱਚ ਰੂਪ ਬਖ਼ਸ਼ਿਸ਼ ਨੂੰ ਆਪਣੇ ਜੀਵਣ ਵਿੱਚ ਅਪਣਾਉਣ ਤੋਂ ਬਿਨਾਂ ਕੋਈ ਅਜਿਹੇ ਕਰਮਕਾਂਡ ਦੁਆਰਾ ਮੁਕਤ ਨਹੀਂ ਹੋ ਸਕਦਾ।
‘ਯੋਗਸ਼੍ਰ ਚਿੱਤ ਵ੍ਰਿਤੀ ਨਿਰੋਧ।
(ਪਾਤੰਜਲੀ ਦਰਸ਼ਨ, ਪਾਦ-੧, ਸੂਤ੍ਰ-੨)
ਪਤਾਂਜਲੀ ਰਿਸ਼ੀ ਨੇ ਯੋਗ ਦਰਸ਼ਨ ਦੇ ਚਾਰ ਵਰਗ ਬਣਾਏ ਹਨ। ਇਨ੍ਹਾਂ ਚੌਹਾਂ ਵਰਗਾਂ ਜਾਂ ਅੱਧਿਆਵਾਂ ਦੇ ਹੇਠ ਲਿਖੇ ਨਾਮ ਰੱਖੇ ਹਨ। ਇਸ ਦੇ ਅਗਾਂਹ ਅੱਠ ਅੰਗ ਹਨ।
(੧) ਯਮ – ਹੋਰਨਾ ਨਾਲ ਸਾਫ਼ ਸੁਥਰਾ ਵਿਹਾਰ ਰੱਖਣ ਵਾਸਤੇ ਆਪਣੇ ਉੱਤੇ ਲਾਈ ਪਾਬੰਦੀ ਦਾ ਨਾਮ ਯਮ ਹੈ। ਭਾਈਚਾਰਕ ਜੀਵਨ ਸਾਵਾਂ-ਪੱਧਰਾ ਰੱਖਣ ਲਈ ਇਸਦੀ ਅਤਿਅੰਤ ਲੋੜ ਹੈ। ਯਮ ਦੇ ਅਗਾਂਹ ਫਿਰ ਦਸ ਅੰਗ ਹਨ।
(ੳ) ਅਹਿੰਸਾ - ਮਨ ਬਚਨ ਅਤੇ ਕਰਮ ਰਾਹੀਂ ਕਿਸੇ ਨੂੰ ਵੀ ਦੁੱਖ ਕਲੇਸ਼ ਨਾ ਦੇਣਾ।
ਇਨ੍ਹਾਂ ਦਾ ਅਹਿੰਸਕ ਰੂਪ ਭਾਈ ਗੁਰਦਾਸ ਜੀ ਦੀਆਂ ਵਾਰਾਂ ਅੰਦਰ ਦੇਖਿਆ ਜਾ ਸਕਦਾ ਹੈ। ਕਿਸ ਤਰ੍ਹਾਂ ਦੇ ਬਚਨ ਬਾਬੇ ਨਾਕਕ ਜੀ ਵਾਸਤੇ ਵਰਤਦੇ ਹਨ - ਮਾਰ ਦਿਆਂਗੇ, ਭਸਮ ਕਰ ਦਿਆਂਗੇ - ਬੁੱਕ ਦੇ ਸ਼ੁਰੂ ਵਿੱਚ ਹੀ ਪੜ੍ਹਿਆ ਜਾ ਸਕਦਾ ਹੈ।
(ਅ) ਸੱਤਯ - ਸੱਚ ਬੋਲਣਾ।
ਅਹਿੰਸਾ ਵਾਲੇ ਆਪਣੇ ਹੀ ਬਣਾਏ ਨਿਯਮ ਤੇ ਆਪ ਹੀ ਨਾ ਪੂਰਾ ਉੱਤਰਨਾ, ਸੱਚ ਤੋਂ ਮੁੱਕਰਨਾ, ਇਨ੍ਹਾਂ ਦੇ ਨਿੱਜੀ ਜੀਵਣ ਵਿੱਚੋਂ ਨਜ਼ਰ ਆਉਦਾ ਹੈ।
(ੲ) ਅਸਤੇਯ - ਪਰ-ਧਨ ਦਾ ਤਿਆਗ ਅਥਵਾ ਕੋਈ ਪਰਾਈ ਵਸਤੂ ਦੀ ਲਾਲਸਾ ਨਾਂ ਰੱਖਣੀ, ਅੰਗੀਕਾਰ ਨ ਕਰਨੀ।
ਇਹ ਵੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਅੰਦਰ ਦੇਖ ਸਕਦੇ ਹਾਂ। ਜਦ ਜੋਗੀ ਰਾਸਧਾਰੀਆਂ ਦਾ ਪੈਸਿਆਂ ਵਾਲਾ ਲੋਟਾ ਚੁਰਾ ਲੈਂਦੇ ਹਨ। ਫਿਰ ਤਿਆਗੀ ਕਿਵੇਂ ਹੋਏ।
(ਸ) ਬ੍ਰਹਮਚਰਯ - ਕਾਮ-ਵਾਸ਼ਨਾ ਦੇ ਅਧੀਨ ਨਾ ਹੋਣਾ।
ਯੋਗ ਮਤ ਦਾ ਕਾਮ-ਵਾਸ਼ਨਾ ਦੇ ਅਧੀਨ ਨਾ ਹੋਣਾ ਕੀ ਹੈ? ਗ੍ਰਿਸਤੀ ਜੀਵਣ ਅਪਣਾਉਣ ਤੋਂ ਮੁਨਕਰ ਹੋਣਾ, ਗ੍ਰਿਸਤੀ ਜੀਵਣ ਨਾਂ ਧਾਰਨ ਕਰਨਾ ਜੋ ਕੁਦਰਤੀ ਨਿਯਮ ਦੇ ਵਿਰੁੱਧ ਹੈ। ਗ੍ਰਿਸਤੀ ਜੀਵਣ ਨੂੰ ਧਾਰਨ ਕਰਨਾ ਇਹ ਕਾਮ ਵਾਸਨਾ ਦੀ ਅਧੀਨਗੀ ਸਮਝਦੇ ਹਨ।
(ਹ) ਖਿਮਾ - ਬੋਲ-ਕਬੋਲ ਦੋਹਾਂ ਨੂੰ ਹੀ ਇੱਕ ਸਮਾਨ ਸਹਾਰਨਾ।
ਇਹ ਵੀ ਇਹਨਾਂ ਦੇ ਜੀਵਣ ਵਿੱਚੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਅੰਦਰ ਦੇਖਿਆ ਜਾ ਸਕਦਾ ਹੈ। ਜੋਗੀ ਕਿਸ ਤਰ੍ਹਾਂ ਬਾਬਾ ਨਾਨਕ ਜੀ ਨੂੰ ਬੋਲ-ਕਬੋਲ ਬੋਲਦੇ ਹਨ।
(ਕ) ਖਿਮਾ - ਸੁਖ ਅਤੇ ਬਿਪਤਾ ਵੇਲੇ ਅਡੋਲ-ਚਿੱਤ ਰਹਿਣਾ।
ਇਨ੍ਹਾਂ ਦਾ ਪ੍ਰਣ ਭਾਈ ਗੁਰਦਾਸ ਜੀ ਦੀਆਂ ਵਾਰਾਂ ਅੰਦਰ ਦੇਖਿਆ ਜਾ ਸਕਦਾ ਹੈ। ਜਦੋਂ ਕਿ ਕੋਈ ਬਿਪਤਾ ਵੀ ਨਹੀਂ ਸੀ, ਕਿਸ ਤਰ੍ਹਾਂ ਕਲਪ-ਕਲਪ ਕੇ ਨਾਨਕ ਜੀ ਨੂੰ ਬੋਲ-ਕਬੋਲ ਬੋਲਦੇ ਹਨ। ਕੋਈ ਅਡੋਲ ਚਿੱਤ ਨਹੀਂ ਰਹਿ ਸਕੇ।
(ਖ) ਦਇਆ - ਵੈਰੀ ਅਤੇ ਪਰਦੇਸੀ ਨਾਲ ਮਿੱਤਰ ਵਾਲਾ ਪਿਆਰ ਕਰਨਾ।
ਭਾਈ ਗੁਰਦਾਸ ਜੀ ਦੀਆਂ ਵਾਰਾਂ ਅੰਦਰੋ ਇਨ੍ਹਾਂ ਦੀ ਮਿੱਤਰਤਾ ਅਤੇ ਪਿਆਰ ਦੀ ਝਲਕ ਦੇਖੀ ਜਾ ਸਕਦੀ ਹੈ ਕਿ ਕਿੰਨੀ ਕੁ ਹੈ।
(ਗ) ਆਰਜਵ - ਸਾਦਗੀ ਅਥਵਾ ਸਾਦਾ ਜੀਵਨ।
ਗ੍ਰਸਿਤ ਤਿਆਗਕੇ ਜੰਗਲ ਵਿੱਚ ਰਹਿਣ ਦਾ ਨਾਂਅ ਗੁਰਮਤਿ ਅਨੁਸਾਰ ਸਾਦਗੀ ਅਤੇ ਤਿਆਗ ਨਹੀਂ ਹੈ।
(ਘ) ਮਿਤਾਹਾਰ - ਥੋੜੀ ਖੁਰਾਕ ਖਾਣੀ।
ਵਿਹਲੇ ਰਹਿਣਾ ਕਿਰਤ ਕੋਈ ਕਰਨੀ ਨਹੀਂ ਇਹਨਾ ਨੇ। ਇਹ ਗੱਲ ਕੋਈ ਅਰਥ ਨਹੀਂ ਰੱਖਦੀ। ਨਿਰਾ ਖੁਰਾਕ ਥੋੜੀ ਖਾ ਲੈਣ ਨਾਲ ਜੀਵਣ ਅੰਦਰ ਮਨ ਦੇ ਸੰਕਲਪਾਂ ਤੇ ਕੋਈ ਬਹੁਤਾ ਅਸਰ ਨਹੀਂ ਪੈਂਦਾ ਜਿੰਨਾਂ ਚਿਰ ਜੀਵਣ ਦੀ ਸਹੀ ਸੂਝ ਨਹੀਂ।
(ਙ) ਸ਼ੌਚ - ਅੰਦਰਲੀ ਤੇ ਬਾਹਰਲੀ ਪਵਿੱਤਰਤਾ।
ਇਹ ਕੇਵਲ ਤੇ ਕੇਵਲ ਸਰੀਰਕ ਸ਼ੁੱਧਤਾ ਤੱਕ ਹੀ ਸੀਮਤ ਹੈ। ਜਿਵੇ ਪਉੜੀ ਨੰ: ੭ ਅੰਦਰ ਜੋਗੀ ਕਹਿੰਦਾ ਹੈ, ‘ਤੀਰਥਿ ਨਾਈਐ, ਸੁਖਿ ਫਲ ਪਾਈਐ ਮੈਲ ਨ ਲਾਗੈ ਕਾਈ॥’ ਵੀਚਾਰਧਾਰਕ ਤੌਰ ਉੱਪਰ ਜਿੰਨਾ ਚਿਰ ਮਨੁੱਖ ਸ਼ੁੱਧ ਨਹੀਂ ਓਨਾਂ ਚਿਰ ਮਾਨਵੀ ਕਦਰਾਂ ਕੀਮਤਾਂ ਅਤੇ ਸਮਾਜ ਪ੍ਰਤੀ ਆਪਣੀਆਂ ਜ਼ੁਮੇਵਾਰੀਆ ਦਾ ਅਹਿਸਾਸ ਨਹੀਂ ਕਰ ਸਕਦਾ। ਨਿਰੀ ਸਰੀਰਕ ਤੌਰ ਤੇ ਬਾਹਰਲੀ ਸ਼ੁੱਧਤਾ ਮਾਨਸਿਕ ਰੋਗਤਾ ਦੀ ਹੀ ਨਿਸ਼ਾਨੀ ਹੈ।
ਨੋਟ: - ਇਸ ਤੋਂ ਅੱਗੇ ਹੋਰ ਕਈ ਭਾਗਾਂ ਵਿੱਚ ਵੱਖਰੇ ਵੱਖਰੇ ਆਸਣਾਂ, ਕਿਸਮਾਂ ਵਿੱਚ ਇਸ ਮੱਤ ਨੂੰ ਵੰਡਦੇ ਹਨ, ਪਰ ਗੁਰਮਤਿ ਦਾ ਉਨ੍ਹਾਂ ਗੱਲਾਂ ਨਾਲ ਕੋਈ ਸਬੰਧ ਨਹੀਂ ਹੈ।
ਸਿੱਧ ਗੋਸਟਿ ਕਿਥੇ ਹੋਈ: -
ਜੋਗੀਆਂ ਦੇ ਵੱਖਰੇ ਵੱਖਰੇ ਫਿਰਕਿਆਂ ਨਾਲ ਛੋਟੀਆਂ ਛੋਟੀਆਂ ਵੀਚਾਰ ਗੋਸਟੀਆਂ ਵੱਖਰੇ ਵੱਖਰੇ ਥਾਵਾਂ ਤੇ ਹੋਈਆਂ ਹੋ ਸਕਦੀਆਂ ਅਤੇ ਹੋਈਆਂ ਹਨ। ਪਰ ਸਿੱਧਾਂ ਨਾਲ ਗੋਸਟਿ ਇੱਕ ਹੀ ਹੋਈ ਹੈ ਜੋ ਅਚਲ ਵਟਾਲੇ ਹੋਈ ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਇਸ ਗੱਲ ਦਾ ਸਰੋਤ ਮਿਲਦਾ ਹੈ। ਇਹ ਸਿੱਧ
ਗੋਸਟਿ ਸਾਰੀ ਦੀ ਸਾਰੀ ਅਚਲ ਵਟਾਲੇ ਹੀ ਹੋਈ ਹੈ।
ਮੇਲਾ ਸੁਣਿ ਸ਼ਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ। ਵਾਰ ਪਹਿਲੀ ਪਉੜੀ ੩੯॥ ਭਾ: ਗੁਰਦਾਸ
ਜਗ੍ਹਾ ਅਚਲ ਵਟਾਲੇ ਦਾ ਜ਼ਿਕਰ ਹੈ ਜਿਥੇ ਗੋਸਟਿ ਹੋਈ।
ਇਹ ਗੋਸਟਿ ਜੋਗੀਆਂ ਦੇ ਕਿਹੜੇ ਫਿਰਕੇ ਨਾਲ ਹੋਈ?
ਭਾਈ ਗੁਰਦਾਸ ਜੀ ਦੀ ਜ਼ਬਾਨੀ: -
ਸਿੱਧ ਬੋਲਨਿ ਸਭ ਅਉਖਧੀਆ, ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ। ਵਾਰ ਪਹਿਲੀ ਪਉੜੀ ੪੧॥
ਵਾਰ ਪਹਿਲੀ ਦੀ ਪਉੜੀ ਨੰ: ੩੯ ਤੋਂ ਲੈ ਕੇ ਪਉੜੀ ਨੰ: ੪੪ ਤੱਕ ਸਿਧ ਗੋਸਟ ਦਾ ਹੀ ਜ਼ਿਕਰ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ ਅੰਦਰ ਜਿਹੜੀ ਗੋਸਟਿ ਸਿੱਧਾਂ ਨਾਲ ਅਚਲ ਵਟਾਲੇ ਹੋਈ, ਉਸ ਦਾ ਹੀ ਜ਼ਿਕਰ ਹੈ।
ਸਿਧਾ ਪੁਰਖਾ ਕੀਆ ਵਡਿਆਈਆ॥ ਤੁਧੁ ਵਿਣੁ ਸਿਧੀ ਕਿਨੈ ਨ ਪਾਈਆ॥ ਕਰਮਿ ਮਿਲੈ ਨਾਹੀ ਠਾਕਿ ਰਹਾਈਆ॥ ੩॥
ਛਿਅ ਘਰ ਛਿਅ ਗੁਰ ਛਿਅ ਉਪਦੇਸ॥ ਗੁਰੁ ਗੁਰੁ ਏਕੋ ਵੇਸ ਅਨੇਕ॥ ੧॥ ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥ ਸੋ ਘਰੁ ਰਾਖੁ ਵਡਾਈ ਤੋਇ॥
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥ ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ॥ ੩॥ ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ॥ ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ॥ ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ॥ ੪॥ ੪॥
ਨਾਨਕ ਸਾਚੇ ਕਉ ਸਚੁ ਜਾਣੁ॥ ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ॥
ਪੁਸਤਕਾਵਲੀ
੧) ਮਹਾਨ ਕੋਸ ਭਾਈ ਕਾਨਹ ਸਿੰਘ ਜੀ ਨਾਭਾ।
੨) ਫਾਰਸੀ ਪੰਜਾਬੀ ਕੋਸ਼, ਪੰਜਾਬੀ ਯੂਨੀਵਰਸਿਟੀ ਪਟਿਆਲਾ।
੩) ਊਰਦੂ - ਪੰਜਾਬੀ - ਹਿੰਦੀ ਕੋਸ਼ (ਭਾਗ ਪਹਿਲਾ ਅਤੇ ਭਾਗ ਦੂਜਾ), ਭਾਸਾ ਵਿਭਾਗ, ਪੰਜਾਬ।
੪) ਪੰਜਾਬੀ ਡਿਕਸਨਰੀ (ਰੋਮਨ - ਪੰਜਾਬੀ - ਇੰਗਲਿੰਸ਼), ਭਾਈ ਮਾਯਾ ਸਿੰਘ।
੫) ਪੰਜਾਬੀ ਡਿਕਸ਼ਨਰੀ (ਰੋਮਨ - ਪੰਜਾਬੀ - ਇੰਗਲਿਸ਼), ਭਾਸ਼ਾ ਵਿਭਾਗ ਪਟਿਆਲਾ।
੬) ਸਿਧ ਗੋਸਟਿ ਟੀਕਾ ਸਿਖ ਮਿਸਨਰੀ ਕਾਲਜ ਲੁਧਿਆਣਾ।
੬) ਸਿਧ ਗੋਸਟਿ ਟੀਕਾ ਪ੍ਰੋਫੈਸਰ ਸਹਿਬ ਸਿੰਘ ਜੀ ਗੁਰੂ ਗ੍ਰੰਥ ਦਰਪਣ ਵਿੱਚੋ।
੭) ਵਾਰਾਂ ਭਾਈ ਗੁਰਦਾਸ ਜੀ।

ਬਲਦੇਵ ਸਿੰਘ ਟੋਰਾਂਟੋ
.