.

ਸ਼ਨੀ ਅਤੇ ਸਿੱਖਾਂ ਵਿੱਚ ਸ਼ਨੀ ਪੂਜਾ

ਸਤਿੰਦਰਜੀਤ ਸਿੰਘ

ਸਾਡੇ ਸਮਾਜ ਉੱਪਰ ਚਾਲਾਕ ਅਤੇ ਵਿਹਲੜ ਲੋਕਾਂ ਨੇ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਐਸਾ ਭਰਮ-ਜਾਲ ਬੁਣਿਆ ਹੈ ਕਿ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੀ ਪ੍ਰਤੀਤ ਹੁੰਦਾ ਹੈ। ਇਸ ਅੰਧ-ਵਿਸ਼ਵਾਸ਼ ਦੇ ਜਾਲ ਵਿੱਚ ਲੋਕ ਇਸ ਕਦਰ ਫਸ ਚੁੱਕੇ ਹਨ ਕਿ ਉਹਨਾਂ ਨੂੰ ਇਸ ਜਾਲ ਦੀਆਂ ਰੱਸੀਆਂ ‘ਵੱਢਣ’ ਵਾਲਾ ਨਾਸਤਿਕ ਜਾਂ ਬੇਵਕੂਫ ਤੋਂ ਵੱਧ ਕੁਝ ਨਹੀਂ ਲਗਦਾ। ਸਿੱਖ ਧਰਮ ਦੀ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਨਿਰੋਲ ਸੱਚ ‘ਤੇ ਰੱਖੀ ਹੈ ਪਰ ਅੱਜ ਉਹਨਾਂ ਦੇ ਪੈਰੋਕਾਰ ਸਿੱਖ ਦੁਨੀਆਂ ਦੇ ਬਿਹਤਰੀਨ ਅਤੇ ਮਜ਼ਬੂਤ ‘ਆਧਾਰ’ ‘ਤੇ ਟਿਕੀ ਬੁਨਿਆਦ ਦੇ ਮਾਲਕ ਹੋਣ ਦੇ ਬਾਵਜੂਦ ਵੀ ਡੋਲ ਰਹੇ ਹਨ। ਬਿਪਰਵਾਦੀ ਸ਼ਕਤੀਆਂ ਨੇ ਇਸ ਮਜ਼ਬੂਤ ਨੀਂਹ ਨੂੰ ਖੋਰਾ ਲਾਉਣ ਦੇ ਮਨਸੂਬੇ ਨੂੰ ਬਹੁਤ ਹੀ ਸੂਖਮ ਰੂਪ ਵਿੱਚ ਪੂਰਾ ਕਰਨਾ ਸ਼ੁਰੂ ਕੀਤਾ ਹੈ। ਬਿਪਰ ਨੇ ਸਿੱਖਾਂ ਨੂੰ ‘ਕਰਤੇ’ ਦੀ ਬਜਾਏ ‘ਕਿਰਤ’ ਦੇ ਪੁਜਾਰੀ ਬਣਾ ਸਿੱਖਾਂ ਦਾ ਵਿਸ਼ਵਾਸ਼ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਹਿਲਾ ਕੇ ਉਸ ਸਰਬਸ਼ਕਤੀਮਾਨ ਪ੍ਰਮਾਤਮਾ ਦੇ ਭੈ ਵਿੱਚ ਵਿਚਰ ਰਹੀਆਂ ਵਸਤੂਆਂ ਦੀ ਮਿਹਰ ‘ਤੇ ਟਿਕਾ ਦਿੱਤਾ ਹੈ। ‘ਸਿੱਖ-ਹਿੰਦੂ’ ਏਕਤਾ ਨੂੰ ਇਸ ਕਦਰ ਮਜ਼ਬੂਤੀ ਮਿਲੀ ਹੈ ਕਿ ਹੁਣ ਸਿੱਖ ਹਰ ਬਿਪਰਵਾਦੀ ਤਿਉਹਾਰ ਨੂੰ ਹਿੰਦੂਆਂ ਨਾਲੋਂ ਵੀ ਵੱਧ ਚੜ੍ਹ ਕੇ ਮਨਾਉਂਦੇ ਹਨ। ਗੱਲ ਵਰਤਾਂ ਦੀ ਹੋਵੇ ਭਾਵੇਂ ਸ਼ਰਾਧਾਂ ਦੀ ਹਿੰਦੂ ਅਜੇ ਘਰ ਬੈਠਾ ਹੁੰਦਾ ਹੈ ਪਰ ਸਿੱਖ ਪੰਡਿਤ ਤੋਂ ਝੂਠੀ ਕਹਾਣੀ ਸੁਣ ਕੇ ਜਾਂ ਪਿੱਤਰਾਂ ਨੂੰ ਰੋਟੀ ਖਵਾ ਚੁੱਕਾ ਹੁੰਦਾ ਹੈ। ਇਹ ਸਭ ਦੇਖ ਕੇ ਹਿੰਦੂ ਨੂੰ ਜੋ ਖੁਸ਼ੀ ਮਿਲਦੀ ਹੋਵੇਗੀ ਇਸ ਦਾ ਬਿਆਨ ਤਾਂ ਉਹ ਹੀ ਕਰ ਸਕਦਾ ਹੈ। ਸਿੱਖ ਭਰਮ-ਭੁਲੇਖਿਆਂ ਵਿੱਚ ਗਲਤਾਨ ਹੋ ਚੁੱਕੇ ਹਨ। ਸਾਡਾ ਨਿਸ਼ਚਾ ਇੱਕੋ-ਇੱਕ ਪ੍ਰਮਾਤਮਾ ਤੋਂ ਹਟ ਗਿਆ ਹੈ, ਅਸੀਂ ਕਹਿੰਦੇ ਜਾਂ ਪੜ੍ਹਦੇ ਤਾਂ ਹਾਂ ‘ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥ ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ॥’ { ਮਹਲਾ ੩ ॥ ਪੰਨਾ 646} ਪਰ ਮੰਨਦੇ ਨਹੀਂ...! ਜਦੋਂ ਸਫਲਤਾ ਜਾਂ ਖੁਸ਼ੀ ਦੀ ਗੱਲ ਆਉਂਦੀ ਹੈ ਤਾਂ ਅਸੀਂ ਹਰ ਪਾਖੰਡ ਨੂੰ ਪੂਰਾ ਕਰਨ ਲਈ ਵਹੀਰਾਂ ਘੱਤ ਲੈਂਦੇ ਹਾਂ।

ਸਿੱਖ ਅੱਜ ਗੁਰੂ ਨਾਨਕ ਸਾਹਿਬ ਦੀ ਸਿੱਖਿਆ ‘ਕਰਨ ਕਰਾਵਨ ਤੁਹੀ ਏਕ ॥ ਜੀਅ ਜੰਤ ਕੀ ਤੁਹੀ ਟੇਕ ॥੧॥‘ {ਪੰਨਾ 211} ਨੂੰ ਭੁਲਾਈ ਬੈਠੇ ਹਾਂ। ਗੁਰੂ ਨਾਨਕ ਦੇ ਘਰ ਤੋਂ ਉਸ ਸਰਬਸ਼ਕਤੀਮਾਨ ਅਤੇ ਇਸ ਸ੍ਰਿਸ਼ਟੀ ਦੇ ਕਰਤਾ-ਧਰਤਾ ਦੁਆਰਾ ਸੰਸਾਰ ਰਚਨਾ ਬਾਰੇ ਦੱਸਦੀ ਆਵਾਜ਼ ‘ਪਉੜੀ ॥ ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ ਕਰਿ ਆਸਣੁ ਡਿਠੋ ਚਾਉ ॥੧॥ {ਪੰਨਾ 463} ਨੂੰ ਅਣਸੁਣਿਆ ਕਰਕੇ ਉਸਦੇ ਹੁਕਮ ਅੰਦਰ ਵਿਚਰ ਰਹੀ ਉਸਦੀ ਕਿਰਤ ਤੋਂ ਵਰ ਮੰਗਣ ਲੱਗੇ ਹਾਂ। ਜਿਸ ਮੂਰਤੀ ਪੂਜਾ ‘ਚੋਂ ਗੁਰੂ ਸਾਹਿਬ ਨੇ ਸਾਨੂੰ ‘ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ਤਿਸ ਕੀ ਘਾਲ ਅਜਾਂਈ ਜਾਇ ॥੧॥’ {ਮਹਲਾ ੫ ॥, ਪੰਨਾ 1160} ਸਮਝਾ ਕੇ ਕੱਢਿਆ ਸੀ ਅਸੀਂ ਫਿਰ ਉਸੇ ਮੂਰਤੀ ਦੇ ਪੈਰਾਂ ‘ਤੇ ਡਿੱਗ ਕੇ ਖੁਸ਼ੀਆਂ ਭਾਲਦੇ ਹਾਂ। ਬੇਜਾਨ ਪੱਥਰ ਨੂੰ ਰੱਬ ਬਣਾ ਕੇ ਅਸੀਂ ‘ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ॥’ { ਮਹਲਾ ੫ ॥, ਪੰਨਾ 1160} ਦੇ ਉਪਦੇਸ਼ ਤੋਂ ਮੂੰਹ ਵੱਟ ਲਿਆ ਹੈ। ਜਿੱਥੇ ਲੋਕਾਂ ਨੇ ਕੁਝ ਅਖੌਤੀ ਲੋਕਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਕੇ ਹਰ ਤਕਲੀਫ ਦੇਣ ਵਾਲੀ ਸ਼ੈਅ ਨੂੰ ‘ਰੱਬ’ ਬਣਾ ਲਿਆ ਉੱਥੇ ਹੀ ਕੁਝ ਕੁ ਕੁਦਰਤੀ ਨਿਯਮ ਅਧੀਨ ਚੱਲਣ ਵਾਲੀਆਂ ਖਗੋਲੀ ਵਸਤੂਆਂ ਵੀ ‘ਰੱਬ ਦਾ ਰੂਪ’ ਬਣ ਗਈਆਂ। ਪੁਲਾੜੀ ਵਸਤੂਆਂ ਵਿੱਚੋਂ ਜਿਸ ਨੂੰ ਸਬ ਤੋਂ ਵੱਧ ਮਾਣ ਸਤਿਕਾਰ ਮਿਲਿਆ ਉਹ ਹੈ ਸ਼ਨੀ ਗ੍ਰਹਿ। ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ:

ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ਭੈ ਵਿਚਿ ਰਾਜਾ ਧਰਮ ਦੁਆਰੁ ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥ ਭੈ ਵਿਚਿ ਸਿਧ ਬੁਧ ਸੁਰ ਨਾਥ ॥ ਭੈ ਵਿਚਿ ਆਡਾਣੇ ਆਕਾਸ ॥ ਭੈ ਵਿਚਿ ਜੋਧ ਮਹਾਬਲ ਸੂਰ ॥ ਭੈ ਵਿਚਿ ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰਿ ਲੇਖੁ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ੧॥ { ਸਲੋਕ ਮਹਲਾ ੧ ॥ ਪੰਨਾ 1160}

ਇਸ ਤਰ੍ਹਾਂ ਭੈ ਵਿੱਚ ਵਿਚਰ ਰਹੇ ਆਕਾਸ਼ ਵਿੱਚ ਭੈ ਵਿੱਚ ਵਿਚਰ ਰਿਹਾ ਇਹ ਸ਼ਨੀ ਕੋਈ ਪੂਜਣ ਵਾਲੀ ਚੀਜ਼ ਨਹੀਂ ਹੈ...ਸਾਇੰਸ ਨੇ ਇਹਨਾਂ ਖਗੋਲੀ ਵਸਤੂਆਂ ਨੂੰ ‘ਗ੍ਰਹਿ’ ਦਾ ਨਾਮ ਦਿੱਤਾ ਹੈ, ਇਹ ਸ਼ਨੀ ਵੀ ਬਾਕੀ 7 ਗ੍ਰਹਿਆਂ ਦੀ ਤਰ੍ਹਾਂ ਇੱਕ ਗ੍ਰਹਿ ਹੈ ਇਸਨੂੰ ਮਿਲਾ ਕੇ ਕੁੱਲ 8 ਗ੍ਰਹਿ ਹਨ ਜਿਹਨਾਂ ਵਿੱਚੋਂ ਧਰਤੀ ਵੀ ਇੱਕ ਹੈ। ਇਹ ਸਾਰੇ ਸੂਰਜ ਦੁਆਲੇ ਚੱਕਰ ਲਗਾ ਰਹੇ ਹਨ, ਇੱਕ ਨਿਸ਼ਚਿਤ ਰਸਤੇ (Orbit) ਉਪਰ ਚਲਦੇ ਹੋਏ। ਸ਼ਨੀ ਵਿੱਚ ਬਾਕੀਆਂ ਨਾਲੋਂ ਜੋ ਅਲੱਗ ਹੈ ਉਹ ਹੈ ਇਸਦੇ ਆਲੇ-ਦੁਆਲੇ ਬਣੇ ਹੋਏ ਛੱਲੇ ਜੋ ਇਸਨੂੰ ਖੂਬਸੂਰਤੀ ਪ੍ਰਦਾਨ ਕਰਦੇ ਹਨ ਸ਼ਨੀ ਉੱਪਰ ਧਰਤੀ ਵਾਂਗ ਜੀਵਨ ਸੰਭਵ ਨਹੀਂ ਹੈ, ਇਸ ਲਈ ਸੁਖੀ ਜੀਵਨ ਲਈ ਇਸਦੀ ਪੂਜਾ ਕਰਨ ਦੀ ਕੋਈ ਤੁਕ ਨਹੀਂ ਹੈ
ਸ਼ਨੀ ਸੂਰਜ ਤੋਂ ਛੇਵੇਂ ਨੰਬਰ ‘ਤੇ ਹੈ ਅਤੇ ਸੂਰਜੀ ਪਰਿਵਾਰ ਦਾ ਦੂਸਰਾ ਸਭ ਤੋਂ ਵੱਡਾ ਗ੍ਰਹਿ ਹੈ। ਇਸ ਨਾਲੋਂ ਵੱਡਾ ਜੁਪੀਟਰ ਹੈ। ਇਸਦਾ ਆਕਾਰ ਭੂ-ਮੱਧ ਰੇਖਾ ਅਤੇ ਧਰੁਵਾਂ ‘ਤੇ ਤਕਰੀਬਨ 10% ਭਿੰਨ ਹੈ। ਭੂ-ਮੱਧ ਰੇਖਾ ‘ਤੇ ਇਸਦਾ ਅਰਧ-ਵਿਆਸ 60,268 ਕਿ.ਮੀ ਅਤੇ ਧਰੁਵਾਂ ‘ਤੇ ਅਰਧ-ਵਿਆਸ 54,364 ਕਿ.ਮੀ. ਹੈ। ਭਾਵੇਂ ਕਿ ਇਸਦੇ ਕੇਂਦਰ ਵਿੱਚ ਘਣਤਾ ਪਾਣੀ ਨਾਲੋਂ ਵੱਧ ਹੈ ਪਰ ਇਸਦੀ ਔਸਤ ਘਣਤਾ ਪਾਣੀ ਦੀ ਘਣਤਾ ਨਾਲੋਂ ਵੀ ਤਕਰੀਬਨ 30% ਘੱਟ ਹੈ ਇਸਦੀ ਔਸਤ ਘਣਤਾ (specific density) 0.69 g/cm3 ਹੈ। ਇਸਦੇ ਬਾਹਰੀ ਵਾਤਾਵਰਨ ਵਿੱਚ ਤਕਰੀਬਨ 96.3% ਹਾਈਡ੍ਰੋਜਨ ਅਤੇ 3.25% ਹੀਲੀਅਮ ਹੈ। ਸ਼ਨੀ ਦੀ ਸੂਰਜ ਤੋਂ ਦੂਰੀ ਤਕਰੀਬਨ 1,400,000,000 ਕਿ.ਮੀ. ਹੈ ਅਤੇ ਇਹ 9.69 ਕਿ.ਮੀ. ਪ੍ਰਤੀ ਸੈਕਿੰਡ ਦੀ ਔਸਤ ਚਾਲ ਨਾਲ ਸੂਰਜ ਦੁਆਲੇ 10,759 ਦਿਨ (ਤਕਰੀਬਨ 29.5 ਸਾਲ) ਵਿੱਚ ਚੱਕਰ ਪੂਰਾ ਕਰਦਾ ਹੈ। ਸ਼ਨੀ ਦੇ ਤਕਰੀਬਨ 62 ਚੰਦਰਮਾ ਹਨ। ਇਸਦਾ ਪੁੰਜ ਤਕਰੀਬਨ 9.5181 x 101 ਅਤੇ ਤਾਪਮਾਨ ਲਗਪਗ 125 ਡਿਗਰੀ ਸੈਲਸੀਅਸ ਹੈ।

ਸਾਡੀ ਕੌਮ ਦੀ ਤ੍ਰਾਸਦੀ ਹੀ ਹੈ ਕਿ ਸ਼ਨੀ ਬਾਰੇ ਐਨੀ ਜਾਣਕਾਰੀ ਮੁਹੱਈਆ ਹੋਣ ਦੇ ਬਾਵਜੂਦ ਵੀ ਸਾਡਾ ਸਮਾਜ ਇਸਨੂੰ ‘ਰੱਬ’ ਬਣਾਈ ਬੈਠਾ ਹੈ। ਕਿਸੇ ਦੇ ਤੇਤੀ ਕਰੋੜ ਦੀ ਸੰਖਿਆ ਵਿੱਚ ਇਸਦਾ ਵੀ ਇੱਕ ਨੰਬਰ ਹੋਵੇਗਾ ਪਰ ਸਿੱਖ ਧਰਮ ਦੇ ਦਸ ਗੁਰੂ ਸਾਹਿਬਾਨ ਦੀ ਸਿੱਖਆ ਸਾਨੂੰ ਇਸ ਪ੍ਰਕਾਰ ਦੀ ਅਨਮਤੀ ਪੂਜਾ ਤੋਂ ਰੋਕਦੀ ਹੈ। ਦਸ ਗੁਰੂ ਸਾਹਿਬਾਨ ਦੀ ਸਿੱਖਿਆ ਦੇ ਅਮੁੱਕ ਖਜ਼ਾਨੇ ਦੇ ਅਸੀਂ ਮਾਲਕ ਹਾਂ ਪਰ ਫਿਰ ਵੀ ਮੈਲੀਆਂ ਜਿਹੀਆਂ ਪੱਤੀਆਂ ਨੂੰ ਥੰਦਾ ਕਰ ਰਹੇ ਤੇਲ ਵਿੱਚ ਪੈਸੇ ਸੁੱਟ ਕੇ ਦੁੱਖਾਂ ਤੋਂ ਛੁਟਕਾਰਾ ਪਾ ਰਹੇ ਹਾਂ, ਨਾ-ਸਮਝ ਸਿੱਖ ਜੋ ਹੋਏ...!

ਗੁਰੂ ਸਾਹਿਬ ਦੀ ਸਿੱਖਿਆ ਦਾ ਅਨਮੋਲ ਖਾਜ਼ਾਨਾ ਹੋਣ ਦੇ ਬਾਵਜੂਦ ਵੀ ਅਸੀਂ ਵਹਿਮਾਂ ਵਿੱਚ ਗਲ ਤੱਕ ਧਸੇ ਹੋਏ ਹਾਂ। ਅਸੀਂ ਹੋਰਾਂ ‘ਤੇ ਆਸ ਲਗਾਈ ਬੈਠੇ ਹਾਂ ਕਿ ਸਾਨੂੰ ਵਹਿਮਾਂ ਦੀ ਦਲਦਲ ਵਿੱਚੋਂ ਬਾਹਰ ਕੱਢਣਗੇ ਪਰ ਉਲਟਾ ਸਾਨੂੰ ਕੱਢਣ ਵਾਲੇ, ਗੁਰੂ ਦੀ ਸਿੱਖਿਆ ਸਰਲ ਤਰੀਕੇ ਸਾਡੇ ਤੱਕ ਪਹੁੰਚਾਉਣ ਦਾ ਦਾਅਵਾ ਕਰਨ ਵਾਲੇ, ਸਾਡੇ ਸਮਾਜ ਸੁਧਾਰਕ ਦਾ ਰੋਲ ਨਿਭਾਉਣ ਵਾਲੇ ਸਾਨੂੰ ਕਰਮਕਾਂਡ ਵਿੱਚ ਧੱਕ ਰਹੇ ਹਨ, ਜੀਵਨ ਨੂੰ ਵਰ-ਸਰਾਪਾਂ ਦੀ ਖੇਡ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਗੁਰੂ ਸਾਹਿਬ ਦੇ ਜੀਵਨ ਨਾਲ ਮਨਘੜ੍ਹਤ ਸਾਖੀਆਂ ਬਣਾ ਕੇ ਸਾਨੂੰ ਕਹਾਣੀਆਂ ਵਿੱਚ ਉਲਝਾ ਕੇ ਸਾਡੀ ਮਾਨਸਿਕ ਅਤੇ ਆਰਥਿਕ ਲੁੱਟ ਕਰ ਰਹੇ ਹਨ। ਦੁੱਖਾਂ ਤੋਂ ਬਚਦੇ-ਬਚਦੇ ਅਸੀਂ ਸਭ ਕੁਝ ਇਹਨਾਂ ਵਹਿਮਾਂ ਵਿੱਚ ਫਸ ਕੇ ਲੋਟੂ ਟੋਲਿਆਂ ਦੀ ਭੇਟ ਚੜਾ ਦਿੰਦੇ ਹਾਂਅਸੀਂ ‘ਪੀਊ ਦਾਦੇ ਦੇ ਖਜ਼ਾਨੇ’ ਨੂੰ ਖੋਲ੍ਹ ਕੇ ‘ਦੇਖਣ’ ਦੀ ਬਜਾਏ ਜੋ ਪੱਲੇ ਸੀ, ਉਸਨੂੰ ਵੀ ਗਵਾ ਬੈਠੇ ਹਾਂ।

ਅਜੇ ਵੀ ਸਮਾਂ ਹੈ ਸੋਚ ਨੂੰ ਲੱਗੇ ਜ਼ਿੰਦਰੇ ਤੋੜ ਸੁੱਟਣ ਦਾ। ਆਓ ਯਤਨ ਕਰੀਏ ਕਿ ‘ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧ {ਪੰਨਾ 276} ਨੂੰ ਸਮਝ ਕੇ ਅਤੇ ਕਬੀਰ ਜੀ ਦੀ ਸਿੱਖਿਆ ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥੧॥ ਸੋ ਦਿਨੁ ਆਵਨ ਲਾਗਾ ॥ ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ ॥੧॥ ਰਹਾਉ ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਨ ਬੂਝੈ ॥ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥੨॥ ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ ॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ ੩॥੨ {ਪੰਨਾ 692} ਨੂੰ ਸਮਝ ਕੇ, ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਗੁਰੂ ਸਾਹਿਬਾਨ ਦੀ ਸਿੱਖਿਆ ‘ਤੇ ਚੱਲਈਏ।

ਮਿਤੀ: 01/04/2012




.