.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 03)

ਸਭ ਤੋਂ ਪਹਿਲਾਂ ਇਹ ਸਾਖੀ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਕਰਤਾ ਨੇ ਲਿਖੀ ਹੈ। ਅਸੀਂ ਪਾਠਕਾਂ ਦੇ ਧਿਆਨ ਗੋਚਰੇ ਇਹ ਗੱਲ ਕਰਨੀ ਵੀ ਜ਼ਰੂਰੀ ਸਮਝਦੇ ਹਾਂ ਕਿ ਇਸ ਪੁਸਤਕ ਵਿੱਚ ਬਹੁਤ ਕੁੱਝ ਅਜਿਹਾ ਲਿਖਿਆ ਹੋਇਆ ਹੈ ਜੋ ਗੁਰਬਾਣੀ ਦੇ ਆਸ਼ੇ ਦੇ ਉਲਟ ਹੀ ਨਹੀਂ ਬਲਕਿ ਗੁਰਬਾਣੀ ਦੇ ਸਿਧਾਤਾਂ ਦੀ ਘੋਰ ਖੰਡਨਾ ਕਰਨ ਵਾਲਾ ਹੈ। ਇਸ ਲਈ ਹੀ ਕਈ ਜਾਗਰੂਕ ਵਿਦਵਾਨ ਇਸ ਪੁਸਤਕ ਨੂੰ ਗੁਰ ਨਿੰਦਿਆ ਨਾਲ ਭਰਪੂਰ ਮੰਨਦੇ ਹਨ। ਇਸ ਪੁਸਤਕ ਦਾ ਰਚਨਾ ਕਾਲ ੧੭੧੮ ਈ: ਮੰਨਿਆ ਜਾਂਦਾ ਹੈ। ਪਰ ਕੁੱਝ ਕੁ ਵਿਦਵਾਨ ਇਸ ਨੂੰ ਬਾਅਦ ਦੀ ਰਚਨਾ ਮੰਨਦੇ ਹਨ। ਚੂੰਕਿ ਸਾਡਾ ਮਨੋਰਥ ਇਸ ਪੁਸਤਕ ਦੇ ਲਿਖੇ ਜਾਣ ਦੇ ਸਮੇਂ ਦੀ ਨਿਸ਼ਾਨ ਦੇਹੀ ਕਰਨਾ ਨਹੀਂ ਹੈ, ਇਸ ਲਈ ਇਸ ਸਬੰਧੀ ਕੁੱਝ ਹੋਰ ਲਿਖਣ ਤੋਂ ਸੰਕੋਚ ਕਰਦੇ ਹੋਏ ਕੇਵਲ ਆਪਣੇ ਛੋਹੇ ਹੋਏ ਵਿਸ਼ੇ ਦੇ ਵਰਣਨ ਤੀਕ ਹੀ ਆਪਣੇ ਆਪ ਨੂੰ ਸੀਮਤ ਰੱਖ ਰਹੇ ਹਾਂ।
ਇਸ ਪੁਸਤਕ ਦਾ ਕਰਤਾ ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਡੂਮ ਬਾਰੇ ਲਿਖਦਾ ਹੈ:
“ਜਿਹ ਨਰ ਕੋ ਜਗਿ ਕੋਇ ਨਾ ਜਾਨੈ। ਸ੍ਰੀ ਗੁਰ ਸੁ ਪ੍ਰਗਟ ਜਹਾਨੈ। ਸੱਤਾ ਔ ਬਲਵੰਡ ਮਿਰਾਸੀ। ਤਾ ਕੀ ਕਟੀ ਗੁਰੂ ਭਵ ਫਾਸੀ। ੪੩੦। ਤਿਨੈ ਵਾਰ ਗੁਰ ਉਪਮਾ ਉਚਾਰੀ। ਸ੍ਰੀ ਗ੍ਰੰਥ ਮਹਿ ਗੁਰ ਲਿਖਿ ਧਾਰੀ। ਰਾਮਕਲੀ ਦੁਇ ਵਾਰ ਲਿਖੀ ਜਬ। ਤਾ ਪਾਛੈ ਸੋ ਵਾਰ ਲਿਖੀ ਤਬ। ੪੩੧।”
ਭਾਵ, ਜਿਸ ਪ੍ਰਾਣੀ ਨੂੰ ਜਗਤ ਵਿੱਚ ਕੋਈ ਨਹੀਂ ਜਾਣਦਾ, ਗੁਰੂ ਕਿਰਪਾ ਨਾਲ ਉਹ ਸੰਸਾਰ ਵਿੱਚ ਪ੍ਰਸਿੱਧ ਹੋ ਜਾਂਦਾ ਹੈ। ਸੱਤਾ ਅਤੇ ਬਲਵੰਡ ਮਿਰਾਸੀ ਸਨ ਜਿਹਨਾਂ ਦੀ ਗੁਰੂ ਜੀ ਨੇ ਜਨਮ ਮਰਨ ਦੀ ਫਾਹੀ ਕੱਟ ਦਿੱਤੀ। ਇਹਨਾਂ ਨੇ ਗੁਰੂ ਸਾਹਿਬਾਨ ਦੀ ਉਪਮਾ ਵਿੱਚ ਵਾਰ ਉਚਾਰੀ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਰਾਮਕਲੀ ਰਾਗ ਵਿੱਚ ਦੋ ਵਾਰਾਂ ਪਿੱਛੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ।
ਨੋਟ: ਇਸ ਪੁਸਤਕ ਦੇ ਕਰਤਾ ਅਨੁਸਾਰ ਭਾਈ ਮਨੀ ਸਿੰਘ ਜੀ ਨੇ ਭਾਈ ਭਗਤ ਸਿੰਘ ਨਾਮੀ ਇੱਕ ਸਿੱਖ ਦੀ ਬੇਨਤੀ `ਤੇ ਨਨਕਾਣਾ ਸਾਹਿਬ ਵਿਖੇ ਕਥਾ ਦੇ ਰੂਪ ਵਿੱਚ ਛੇਵੇਂ ਗੁਰੂ ਸਾਹਿਬ ਦੀ ਕਥਾ ਸੁਣਾਈ ਸੀ। ਕਥਾ ਸੁਣਨ ਵਾਲਿਆਂ ਵਿੱਚ ਭਾਈ ਧਰਮ ਸਿੰਘ ਨਾਮੀ ਸਿੱਖ ਵੀ ਸੀ, ਜਿਸ ਤੋਂ ਸੁਣ ਕੇ ਇਸ ਪੁਸਤਕ ਦੇ ਲੇਖਕ ਨੇ ਇਹ ਪੁਸਤਕ ਲਿਖੀ ਸੀ। ਪੁਸਤਕ ਕਰਤਾ ਨੇ ਆਪਣਾ ਨਾਮ ਨਹੀਂ ਲਿਖਿਆ ਹੈ।
“ਇਹ ਸੁਨਿ ਭਗਤ ਸਿੰਘ ਬਿਸਮਾਯੋ। ਸੰਸਾ ਧਰਿ ਮੁਖਿ ਮੋਨਿ ਰਹਾਯੋ। ਮਨੀ ਸਿੰਘ ਕੀ ਉਪਮਾ ਕਰੀ। ਹਰੋ ਸੰਸ ਬਚ ਅਸ ਕਰੁ ਧਰੀ। ੪੩੨। ਮੇਰੇ ਮਨ ਸੰਸਾ ਬਹੁ ਭਯੋ। ਡੂੰਮ ਨਾਮ ਕੈਸੇ ਤੁਮ ਲਯੋ। ਤਿਨੈ ਵਾਰ ਮੁਖਿ ਕੈਸ ਉਚਾਰੀ। ਕਿਹ ਬਿਧਿ ਗੁਰੂ ਗ੍ਰਿੰਥ ਲਿਖਿ ਧਾਰੀ। ੪੩੩”
ਭਾਵ: ਇਹ ਸੁਣ ਕੇ ਭਾਈ ਭਗਤ ਸਿੰਘ ਹੈਰਾਨ ਹੋਇਆ, ਸ਼ੰਕਾ ਗ੍ਰਸਤ ਹੋ ਕੇ ਚੁਪ ਹੋ ਗਿਆ। ਭਾਈ ਮਨੀ ਸਿੰਘ ਦੀ ਉਪਮਾ ਕਰ ਕੇ ਫਿਰ ਬੇਨਤੀ ਕੀਤੀ ਕਿ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੰਸਾ ਦੂਰ ਕਰੋ। ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਹੈ ਕਿ ਤੁਸੀਂ ਮਿਰਾਸੀ ਨਾਮ ਲਿਆ ਹੈ, ਇਹਨਾਂ ਨੇ ਕਿਸ ਤਰ੍ਹਾਂ ਇਹ ਵਾਰ ਉਚਾਰੀ ਹੈ ਅਤੇ ਕਿਸ ਤਰ੍ਹਾਂ ਫਿਰ ਗੁਰੂ ਸਾਹਿਬ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ।
“ਦੋਹਰਾ। ਛੋਰ ਕਥਾ ਸਭ ਹੀ ਕਹੋ ਹੇ ਪ੍ਰਭ ਦੀਨਾਨਾਥ। ਤੁਮ ਕ੍ਰਿਪਾਲ ਸੁਆਮੀ ਸਦਾ ਹੌ ਤੁਮ ਦਾਸ ਅਨਾਥ। ੪੩੪। ਭਗਤ ਸਿੰਘ ਕੀ ਬਿਨਤਿ ਸੁਨਿ ਮਨੀ ਸਿੰਘ ਸੁਖਖਾਨ। ਹੁਇ ਪ੍ਰਸੰਨ ਬੋਲਤ ਭਏ ਪਰਮ ਪ੍ਰੀਤਿ ਤਿਹ ਜਾਨਿ। ੪੩੫। ਦੋਹਰਾ। ਭਗਤ ਸਿੰਘ ਤੁਮਰੇ ਸਮ ਕੋਈ। ਤੀਨਿ ਲੋਕ ਮੈ ਹੋਇ ਨਾ ਹੋਈ। ਸ੍ਰੀ ਗੁਰ ਚਰਿਤ ਸੁਨਨ ਕੀ ਚਾਹਾ। ਤੁਮਰੇ ਮਨ ਮੈ ਬਧੀ ਉਮਾਹਾ। ੪੩੬। ਤਾ ਕੀ ਕਥਾ ਸੁਨੋ ਮਨੁ ਲਾਈ। ਕਹੀ ਸੁ ਵਾਰ ਮੁਕਤਿ ਜਿਮ ਪਾਈ।”
ਭਾਵ: ਭਗਤ ਸਿੰਘ ਨੇ ਭਾਈ ਮਨੀ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਹੇ ਦੀਨਨਾਥ ਪ੍ਰਭੂ! ਤੁਸੀਂ ਸਦਾ ਹੀ ਅਨਾਥ ਦਾਸਾਂ ਦੇ ਕਿਰਪਾਲੂ ਸੁਆਮੀ ਹੋ, ਆਰੰਭ ਤੋਂ ਲੈ ਕੇ ਇਹ ਸਾਰੀ ਵਾਰਤਾ ਸੁਣਾਓ। ਭਾਈ ਭਗਤ ਸਿੰਘ ਨੂੰ ਬਹੁਤਾ ਪ੍ਰੇਮੀ ਜਾਣ ਕੇ ਸੁਖ ਦੇ ਖ਼ਜ਼ਾਨੇ ਭਾਈ ਮਨੀ ਸਿੰਘ ਜੀ ਨੇ ਕਿਹਾ ਕਿ ਭਾਈ ਭਗਤ ਸਿੰਘ ਤੁਹਾਡੇ ਵਰਗਾ ਤਿੰਨਾਂ ਲੋਕਾਂ ਵਿੱਚ ਨਾ ਕੋਈ ਹੋਇਆ ਹੈ ਅਤੇ ਨਾ ਹੀ ਹੋਵੇਗਾ। ਸਤਿਗੁਰੂ ਜੀ ਦੇ ਚਰਿਤਰ/ ਕੌਤਕ ਸੁਣਨ ਦੇ ਤੁਹਾਡੇ ਮਨ ਵਿੱਚ ਬਹੁਤ ਚਾਉ ਪੈਦਾ ਹੋਇਆ ਹੈ। ਇਹਨਾਂ, ਭਾਵ ਬਲਵੰਡ ਅਤੇ ਭਾਈ ਸੱਤਾ, ਦੀ ਕਥਾ ਮਨ ਲਾ ਕੇ ਸੁਣੋ ਕਿ ਕਿਸ ਤਰ੍ਹਾਂ ਇਹਨਾਂ ਨੇ ਇਹ ਵਾਰ ਉਚਾਰ ਕੇ ਮੁਕਤੀ ਪਾਈ ਹੈ।
ਇਸ ਤੋਂ ਅੱਗੇ ਲੇਖਕ ਭਾਈ ਮਨੀ ਸਿੰਘ ਜੀ ਦੇ ਮੁੱਖੋਂ ਇਹਨਾਂ, ਭਾਵ, ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਜੀ, ਬਾਰੇ ਇਉਂ ਕਹਾਉਂਦਾ ਹੈ:
“ਬਡੋ ਭ੍ਰਾਤ ਬਲਵੰਡ ਪਛਾਨੋ। ਸੱਤਾ ਖੁਰਦ ਤਾਹਿ ਅਨੁਮਾਨੋ। ਧਨ ਬਿਨੁ ਦੁਹੂੰ ਭ੍ਰਾਤ ਦੁਖੁ ਪਾਯੋ। ਬਲਵੰਡ ਤਬੈ ਕਿਹ ਦੇਸ ਸਿਧਾਯੋ। ਸੱਤਾ ਰਹਯੋ ਗੁਰੂ ਨਿਕਟਾਰੇ। ਗੁਰ ਅਰਜਨ ਤਿਹ ਖੇਦ ਨਿਵਾਰੇ। ੪੩੮। ਸੱਤਾ ਗੁਰ ਢਿਗ ਕੀਰਤਨੁ ਕਰੈ। ਸਭ ਇੱਛਾ ਤਿਹ ਪੂਰੀ ਪਰੈ। ਦੇਸ ਦੇਸ ਫਿਰਿ ਅਤਿ ਦੁਖੁ ਪਾਯੋ। ਸਮਾ ਪਾਇ ਬਲਵੰਡ ਸੁ ਆਯੋ। ੪੩੯।”
ਭਾਵ: ਇਹ ਦੋਵੇਂ ਭਰਾਤਾ ਸਨ; ਭਾਈ ਬਲਵੰਡ ਰਾਇ ਵੱਡਾ ਸੀ ਅਤੇ ਭਾਈ ਸੱਤੇ ਛੋਟਾ ਸੀ। ਗ਼ਰੀਬੀ ਕਰਕੇ ਦੋਹਾਂ ਭਰਾਵਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣ ਕਰਨਾ ਪੈ ਰਿਹਾ ਸੀ। ਭਾਈ ਬਲਵੰਡ ਤਾਂ ਰੋਜ਼ੀ ਦੀ ਭਾਲ ਵਿੱਚ ਪ੍ਰਦੇਸ਼ ਚਲਾ ਗਿਆ ਪਰ ਭਾਈ ਸੱਤਾ ਗੁਰੂ ਅਰਜਨ ਸਾਹਿਬ ਦੇ ਪਾਸ ਰਹਿਣ ਲੱਗ ਪਿਆ। ਗੁਰੂ ਅਰਜਨ ਸਾਹਿਬ ਨੇ ਇਸ ਦਾ ਦੁੱਖ ਭਾਵ ਗ਼ਰੀਬੀ ਦੂਰ ਕਰ ਦਿੱਤੀ। ਭਾਈ ਸੱਤਾ ਗੁਰੂ ਦਰਬਾਰ ਵਿੱਚ ਕੀਰਤਨ ਦੀ ਸੇਵਾ ਨਿਭਾਉਣ ਲੱਗ ਪਿਆ, ਗੁਰੂ ਦਰਬਾਰ ਵਿਚੋਂ ਭਾਈ ਸੱਤੇ ਦੀ ਹਰੇਕ ਇੱਛਾ ਪੂਰੀ ਹੋਣ ਲੱਗ ਪਈ। ਭਾਈ ਬਲਵੰਡ ਨੇ ਦੇਸਾਂ ਵਿਦੇਸਾਂ ਵਿੱਚ ਭ੍ਰਮਣ ਕਰਕੇ ਬਹੁਤ ਦੁਖ ਪਾਇਆ। ਆਖ਼ਿਰ ਪ੍ਰੇਦਸਾਂ ਵਿੱਚ ਖੱਜਲ-ਖ਼ੁਆਰ ਹੋ ਕੇ ਭਾਈ ਬਲਵੰਡ ਵਾਪਸ ਆਪਣੇ ਘਰ ਮੁੜ ਆਇਆ।
“ਦੋਹਰਾ: ਸ੍ਰੀ ਗੁਰ ਕੀ ਉਪਮਾ ਕਰੀ ਬਲਵੰਡ ਕਬਿੱਤ ਬਨਾਇ। ਕ੍ਰਿਪਾਸਿੰਧੁ ਤਿਹ ਧੀਰ ਦੈ ਐਸੇ ਕਹਯੋ ਸੁਨਾਇ। ੪੪੦। ਇਤਰ ਬਚਨ ਤੁਮ ਨਹਿ ਰਰੋ ਮਮ ਆਗਯਾ ਤਿਹ ਮਾਨ। ਮਿਲਿ ਸੱਤੇ ਕੀਰਤਨ ਕਰੋ ਸੁਨੋ ਰਾਇ ਬੁਧਿਵਾਨ। ੪੪੧। ਚੌਪਈ: ਰਾਇ ਬਲਵੰਡ ਤਿਹ ਨਾਮੁ ਉਚਾਰਾ। ਬਹੁ ਧਨੁ ਦੀਯੋ ਤਾਹਿ ਮੁਰਾਰਾ। ਆਗਯਾ ਧਨੁ ਲੈ ਧਾਮ ਨਿਜ ਗਯੋ। ਰਾਇ ਬਲਵੰਡ ਸੁ ਹਰਖਤ ਭਯੋ। ੪੪੨। ਦੋਊ ਭ੍ਰਾਤ ਮਿਲਿ ਰੁਚਿ ਸੋਂ ਗਾਵੈਂ। ਕਰਿ ਕੀਰਤਨੁ ਬਡ ਸੋਭਾ ਪਾਵੈਂ। ਕਿਤਨ ਕਾਲ ਇਹ ਭਾਂਤਿ ਬਿਤਾਯੋ। ਨਿਕਾਹ ਖਵਾਹਰੀ {ਭਗਨੀ} ਕਾ ਤਿਹ ਆਯੋ। ੪੩੩। ਦੁਹੂੰ ਭ੍ਰਾਤ ਗੁਰ ਕੇ ਢਿਗ ਜਾਈ। ਕ੍ਰਿਪਾਸਿੰਧ ਕੀ ਉਪਮ ਕਰਾਈ। ਪਾਛੇ ਗੁਰ ਕੋ ਭਾਖ ਸੁਨਾਯੋ। ਨਿਕਾਹ ਬਹਿਨ ਕਾ ਪ੍ਰਭ ਜੀ ਆਯੋ। ੪੪੪। ਧਾਰਿ ਕ੍ਰਿਪਾ ਗੁਰ ਦਰਬ ਸੁ ਦੱਯੈ। ਦਾਸ ਜਾਨਿ ਹਮ ਕਾਰਜ ਕੱਯੈ। ਸ੍ਰੀ ਗੁਰੁ ਕਹਾ ਧੀਰ ਤੁਮ ਧਾਰਾ। ਗੁਰ ਨਾਨਕ ਕਾ ਅਲਖ ਭੰਡਾਰਾ। ੪੪੫।
ਦੋਹਿਰਾ: ਪ੍ਰਾਤਕਾਲ ਪੂਜਾ ਚੜ੍ਹੈ ਸਭ ਹੀ ਦਰਬ ਤੁਮ੍ਹਾਰ। ਗੁਰ ਅਰਜਨ ਜੀ ਅਸ ਕਹਯੋ ਕਾਰਜ ਗੁਰੂ ਸਵਾਰ। ੪੪੬। ਦੁਹੂੰਅਨ ਮਨਿ ਧੀਰਜ ਕਯੋ ਗੁਰ ਕੇ ਬੈਨ ਸੁਨਾਇ। ਗੁਰ ਜਸੁ ਭਾਖਤ ਗ੍ਰਿਹਿ ਗਏ ਕੀਨ ਅਰੰਭ ਸੁ ਜਾਇ। ੪੪੭।”
ਭਾਈ ਬਲਵੰਡ ਨੇ ਗੁਰੂ ਅਰਜਨ ਸਾਹਿਬ ਦੀ ਉਸਤਤ ਵਿੱਚ ਇੱਕ ਕਬਿੱਤ ਬਣਾ ਕੇ ਹਜ਼ੂਰ ਨੂੰ ਸੁਣਾਇਆ। ਕਿਰਪਾ ਦੇ ਸਾਗਰ ਸਤਿਗੁਰੂ ਜੀ ਨੇ ਭਾਈ ਬਲਵੰਡ ਨੂੰ ਧਰਵਾਸ ਦੇ ਕੇ ਕਿਹਾ, ਇਹੋ ਜਿਹੇ ਬੋਲ (ਗੁਰੂ ਉਸਤਤੀ ਵਾਲੇ) ਨਾ ਬੋਲ। ਹੇ ਗਿਆਨਵਾਨ ਰਾਇ! ਤੁਸੀਂ ਵੀ ਭਾਈ ਸੱਤੇ ਨਾਲ ਮਿਲ ਕੇ ਗੁਰੂ ਦਰਬਾਰ ਵਿੱਚ ਕੀਰਤਨ ਕਰਿਆ ਕਰੋ। ਗੁਰੂ ਸਾਹਿਬ ਨੇ ਭਾਈ ਬਲਵੰਡ ਨੂੰ ‘ਰਾਇ’ ਦਾ ਖ਼ਿਤਾਬ ਬਖ਼ਸ਼ਸ਼ ਕਰਨ ਦੇ ਨਾਲ ਬਹੁਤ ਸਾਰਾ ਧਨ ਵੀ ਦਿੱਤਾ। ਗੁਰੂ ਦਰਬਾਰ ਵਿਚੋਂ ਇਹ ਬਖ਼ਸ਼ਸ ਪਾ ਕੇ ਭਾਈ ਬਲਵੰਡ ਬੜਾ ਖ਼ੁਸ਼ ਹੋਇਆ। ਗੁਰੂ ਜੀ ਆਗਿਆ ਪਾ ਕੇ ਫਿਰ ਭਾਈ ਬਲਵੰਡ ਆਪਣੇ ਘਰ ਚਲਾ ਗਿਆ। ਦੋਵੇਂ ਭਰਾਤਾ ਪ੍ਰੇਮ ਨਾਲ ਗੁਰੂ ਦਰਬਾਰ ਵਿੱਚ ਕੀਰਤਨ ਦੀ ਸੇਵਾ ਨਿਭਾਉਣ ਲੱਗ ਪਏ। ਗੁਰੂ ਦਰਬਾਰ ਵਿੱਚ ਕੀਰਤਨ ਕਰਕੇ ਸ਼ੋਭਾ ਪਾਉਣ ਲੱਗ ਪਏ। ਇਸ ਤਰ੍ਹਾਂ ਗੁਰੂ ਦਰਬਾਰ ਵਿੱਚ ਕੀਰਤਨ ਕਰਦਿਆਂ ਕੁੱਝ ਕੁ ਸਮਾਂ ਬਿਤੀਤ ਹੋ ਗਿਆ। ਇਹਨਾਂ ਦੋਹਾਂ ਨੇ ਆਪਣੀ ਭੈਣ ਦਾ ਵਿਆਹ ਦਾ ਕਾਰਜ ਕਰਨਾ ਚਾਹਿਆ। ਇਹਨਾਂ ਨੇ ਗੁਰੂ ਜੀ ਪਾਸ ਜਾ ਕੇ ਗੁਰੂ ਜੀ ਦੀ ਉਪਮਾ ਕਰਨ ਮਗਰੋਂ ਬੇਨਤੀ ਕੀਤੀ ਕਿ ਮਹਾਰਾਜ ਸਾਡੀ ਭੈਣ ਦਾ ਵਿਆਹ ਹੈ, ਆਪਣੇ ਦਾਸ ਜਾਣ ਕੇ ਸਾਡੀ ਮਾਇਕ ਸਹਾਇਤਾ ਕਰੋ। ਗੁਰੂ ਅਰਜਨ ਸਾਹਿਬ ਨੇ ਉੱਤਰ ਵਿੱਚ ਕਿਹਾ ਕਿ ਤੁਸੀਂ ਮਨ ਟਿਕਾ ਕੇ ਰੱਖੋ, ਗੁਰੂ ਨਾਨਕ ਸਾਹਿਬ ਦਾ ਬੇਅੰਤ ਖ਼ਜ਼ਾਨਾ ਹੈ। ਕਲ ਅੰਮ੍ਰਿਤ ਵੇਲੇ ਜੋ ਭੇਟਾ ਗੁਰੂ ਦਰਬਾਰ ਵਿੱਚ ਚੜ੍ਹੇਗੀ ਉਹ ਸਾਰੀ ਤੁਹਾਡੀ ਹੋਵੇਗੀ। ਸਤਿਗੁਰੂ ਜੀ ਦੇ ਪਾਵਨ ਮੁਖ਼ਾਰਬਿੰਦ ਵਿਚੋਂ ਇਹ ਸੁਣ ਕੇ ਦੋਵਾਂ ਦੇ ਮਨ ਵਿੱਚ ਧਰਵਾਸ ਹੋਈ ਅਤੇ ਗੁਰੂ ਜੀ ਦੀ ਉਪਮਾ ਕਰਦੇ ਹੋਏ ਆਪਣੇ ਘਰ ਜਾ ਕੇ ਭੈਣ ਦੇ ਵਿਆਹ ਦੇ ਕਾਰਜ ਦੀ ਤਿਆਰੀ ਪ੍ਰਾਰੰਭ ਕਰ ਦਿੱਤੀ।
“ਸਵੱਯਾ॥ ਹੋਤ ਪਰਾਤ ਭਯੋ ਜਬ ਹੀ ਤਬ ਸ੍ਰੀ ਗੁਰ ਦਰਸ਼ਨ ਕੌ ਸਿਖ ਆਏ। ਸਤ ਏਕ ਰੁਪੱਯਾ ਸੁ ਭੇਟ ਧਰੀ, ਸਭ ਹੀ ਸਿੱਖ ਸੰਗਤਿ ਹੁਐ ਇਕਠਾਏ। ਦਯਾਸਿੰਧੁ ਬੁਲਾਇ ਤਬੈ ਦੁਹੂੰ ਭ੍ਰਾਤਨ ਦੀਨ ਸੋਊ ਤਿਨ ਲੈ ਦੁਖੁ ਪਾਏ। ਸ੍ਰੀ ਗੁਰ ਅਗ੍ਰ ਵਗਾਇ ਦੀਏ, ਹਮ ਲੇਵਤ ਨਹਿ ਤੁਮ ਹਾਸ ਕਰਾਏ। ੪੪੮। ਕ੍ਰਿਪਾਸਿੰਧੁ ਧੀਰਜ ਫੇਰਿ ਦੀਯੋ, ਮੁਖਿ ਏਹ ਕਹਯੋ ਤੁਮ ਲੇਹੁ ਪਯਾਰੇ। ਇਛ ਤੁਮੈ ਗੁਰ ਪੂਰ ਕਰੈ ਅਤਿ ਨਿਮ੍ਰਤਿ ਹੁਐ ਗੁਰ ਬੈਨ ਉਚਾਰੇ। ਰੁਪਯਾ ਸਤ ਲੈ ਸੋਊ ਧਾਮ ਗਏ ਗੁਰ ਨਿੰਦ ਕਰਿ ਮਨਿ ਐਸ ਵਿਚਾਰੇ। ਜਾਵੈਂ ਨਾਹਿ ਢਿਗੁ ਆਜ ਤੇ ਕਾਰਜ ਨਾਹਿ ਕੋਊ ਗੁਰ ਸਾਰੇ। ੪੪੯।”
ਭਾਵ: ਜਦੋਂ ਸੁਬ੍ਹਾ ਹੋਈ ਤਾਂ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਆਈਆਂ। ਸਾਰੀਆਂ ਸੰਗਤਾਂ ਵਲੋਂ ਜੋ ਭੇਟਾ ਆਈ ਉਹ ਇੱਕ ਸੌ ਰੁਪਿਆ ਹੋਈ। ਦਇਆ ਦੇ ਸਮੁੰਦਰ ਸਤਿਗੁਰੂ ਜੀ ਨੇ ਦੋਹਾਂ ਭਰਾਵਾਂ ਨੂੰ ਬੁਲਾ ਕੇ ਉਹ ਸੌ ਰੁਪਿਆ ਦੇ ਦਿੱਤਾ। ਇਹਨਾਂ ਨੂੰ ਇਹ ਦੇਖ ਕੇ ਬਹੁਤ ਦੁਖ ਹੋਇਆ ਕਿ ਗੁਰੂ ਜੀ ਨੇ ਕੇਵਲ ਸੌ ਰੁਪਿਆ ਹੀ ਦਿੱਤਾ ਹੈ। ਇਹਨਾਂ ਨੇ ਗੁੱਸੇ ਵਿੱਚ ਇਹ ਸੌ ਰੁਪਿਆ ਗੁਰੂ ਸਾਹਿਬ ਅੱਗੇ ਸੁਟਦਿਆਂ ਆਖਿਆ ਕਿ ਅਸੀਂ ਇਹ ਮਾਇਆ ਨਹੀਂ ਲਵਾਂਗੇ; ਇਤਨੀ ਥੋਹੜੀ ਮਾਇਆ ਦੇ ਕੇ ਤੁਸੀਂ ਸਾਡੇ ਨਾਲ ਮਜ਼ਾਕ ਕਰ ਰਹੇ ਹੋ। ਗੁਰੂ ਜੀ ਨੇ ਬੜੀ ਨਿਮ੍ਰਤਾ ਨਾਲ ਇਹਨਾਂ ਨੂੰ ਧੀਰਜ ਦੇਂਦਿਆਂ ਹੋਇਆਂ ਇਹ ਸੌ ਰੁਪਿਆ ਵਾਪਸ ਫੜਾਂਉਦਿਆਂ ਕਿਹਾ ਕਿ ਗੁਰੂ ਤੁਹਾਡੀ ਇੱਛਾ ਪੂਰੀ ਕਰੇਗਾ। ਇਹਨਾਂ ਨੇ ਸੌ ਰੁਪਿਆ ਲੈ ਤਾਂ ਲਿਆ ਪਰ ਇਹ ਫ਼ੈਸਲਾ ਕਰ ਲਿਆ ਕਿ ਉਹ ਗੁਰੂ ਦਰਬਾਰ ਵਿੱਚ ਕੀਰਤਨ ਨਹੀਂ ਕਰਨਗੇ ਕਿਉਂਕਿ ਗੁਰੂ ਜੀ ਨੇ ਇਹਨਾਂ ਦਾ ਕਾਰਜ ਪੂਰਾ ਨਹੀਂ ਕੀਤਾ। ਇਸ ਤਰ੍ਹਾਂ ਗੁਰੂ ਜੀ ਦੀ ਨਿੰਦਿਆ ਕਰਦੇ ਹੋਏ ਇਹ ਆਪਣੇ ਘਰ ਚਲੇ ਗਏ।
“ਦੋਹਰਾ: ਸ੍ਰੀ ਗੁਰ ਕੇ ਢਿਗ ਨਹਿਂ ਗਏ ਅਗਲੇ ਦਿਵਸ ਵਿਚਾਰਿ। ਗੁਰ ਅਰਜਨ ਤਬ ਸਿੱਖ ਪਠੇ ਲਯਾਵੋ ਤਾਹਿ ਸੁਧਾਰ। ੪੫੦। ਗੁਰ ਆਗਯਾ ਸਿਖਨ ਕਹੀ ਚਲੋ ਦੇਰਿ ਕੋ ਤਯਾਗਿ। ਯਾਦ ਕੀਯੋ ਤੋ ਕੌ ਗੁਰੂ ਅਬ ਤੁਮ ਹੋ ਵਡਭਾਗ। ੪੫੧। ਚੌਪਈ॥ ਰਾਇ ਬਲਵੰਡ ਸਤੇ ਤਬ ਕਹਾ। ਗੁਰ ਢਿਗ ਜਾਇ ਸੁ ਕਿਆ ਹਮ ਲਹਾ। ਲਾਇ ਦੀਵਾਨ ਕੀਰਤਨੁ ਹਮ ਕਰੈਂ। ਗੁਰੂ ਗੁਰੂ ਤਾ ਕੋ ਜਗੁ ਰਰੈ। ੪੫੨। ਹਮ ਬਿਨੁ ਪੂਜਾ ਕਰੈ ਨ ਕੋਈ। ਤਾ ਤੇ ਨਹਿ ਜਾਵਨ ਹਮ ਹੋਈ। ਜਤਨ ਅਨੇਕ ਸਿੱਖ ਕਰਿ ਹਾਰਯੋ। ਨਾਹਿ ਨਾਹਿ ਤਿਹ ਬਚਨ ਉਚਾਰਯੋ। ੫੫੩। ਨਾਹਿ ਨਾਹਿ ਸੁਨਿ ਸਿੱਖ ਹਟਾਯੋ। ਸਭੁ ਬ੍ਰਿਤੰਤ ਆਇ ਗੁਰਹਿ ਸੁਨਾਯੋ। ਸ੍ਰੀ ਗੁਰ ਔਰੁ ਸਿੱਖ ਪਠ ਦੀਨੋ। ਲਯਾਵੋ ਤਾਹਿ ਮਾਨੁ ਤੁਮ ਕੀਨੋ। ੫੫੪। ਬਚਨ ਮਾਨਿ ਗੁਰ ਕੇ ਸਿਖ ਧਾਯੋ। ਬਲਵੰਡ ਸਤੇ ਕੈ ਗ੍ਰਿਹਿ ਮੈ ਆਯੋ। ਸਾਲ੍ਹੋ ਧਰਮਸਾਲ ਨਿਕਟਾਏ। ਤਾ ਕਾ ਗ੍ਰਿਹੁ ਬਡ ਸੋਭਾ ਪਾਏ। ੪੫੫।”
ਭਾਵ: ਇਹ ਸੋਚ ਕੇ ਅਗਲੇ ਦਿਨ ਗੁਰੂ ਦਰਬਾਰ ਵਿੱਚ ਇਹ ਕੀਰਤਨ ਕਰਨ ਲਈ ਨਹੀਂ ਗਏ। ਗੁਰੂ ਅਰਜਨ ਸਾਹਿਬ ਨੇ ਕੁੱਝ ਸਿੱਖਾਂ ਨੂੰ ਭੇਜਿਆ ਕਿ ਉਹ ਰਬਾਬੀਆਂ ਨੂੰ ਮਨਾ ਕੇ ਲਿਆਉਣ। (ਨੋਟ: ਲੇਖਕ ਨੇ ਸਿੱਖਾਂ ਦਾ ਨਾਮ ਨਹੀਂ ਲਿਖਿਆ; ਕੇਵਲ ‘ਸਿੱਖ ਪਠੇ’ ਸ਼ਬਦ ਹੀ ਵਰਤਿਆ ਹੈ) ਗੁਰੂ ਜੀ ਦੀ ਆਗਿਆ ਪਾ ਕੇ ਇਹ ਸਿੱਖ ਰਬਾਬੀਆਂ ਦੇ ਘਰ ਪਹੁੰਚੇ ਅਤੇ ਕਿਹਾ ਕਿ ਤੁਸੀ ਵਡਭਾਗੀ ਹੋ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਯਾਦ ਕੀਤਾ ਹੈ। ਸਿੱਖਾਂ ਦੇ ਮੂੰਹੋਂ ਇਹ ਸੁਣ ਕੇ ਇਹਨਾਂ ਦੋਹਾਂ ਨੇ ਕਿਹਾ ਕਿ ਗੁਰੂ ਕੋਲ ਜਾ ਕੇ ਸਾਨੂੰ ਕੀ ਮਿਲਿਆ ਹੈ? ਅਸੀਂ ਦੀਵਾਨ ਸਮੇਂ ਕੀਰਤਨ ਕਰਦੇ ਹਾਂ ਤਾਂ ਸੰਗਤਾਂ ਗੁਰੂ ਦਾ ਜੱਸ ਗਾਇਣ ਕਰਦੀਆਂ ਹਨ। ਸਾਡੇ ਤੋਂ ਬਗੈਰ ਗੁਰੂ ਜੀ ਦੀ ਕੋਈ ਮਾਨਤਾ ਨਹੀਂ ਕਰੇਗਾ, ਇਸ ਲਈ ਅਸੀਂ ਗੁਰੂ ਦਰਬਾਰ ਵਿੱਚ ਕੀਰਤਨ ਨਹੀਂ ਕਰਾਂਗੇ। ਸਿੱਖਾਂ ਨੇ ਇਹਨਾਂ ਨੂੰ ਬਹੁਤ ਕਿਹਾ ਪਰ ਇਹਨਾਂ ਨੇ ਗੁਰੂ ਦਰਬਾਰ ਵਿੱਚ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। ਇਹਨਾਂ ਦੇ ਇਸ ਤਰ੍ਹਾਂ ਇਨਕਾਰ ਕਰਨ ਤੇ ਸਿੱਖ ਵਾਪਸ ਆ ਗਏ ਅਤੇ ਗੁਰੂ ਸਾਹਿਬ ਨੂੰ ਸਾਰਾ ਬਿਰਤਾਂਤ ਆਖ ਸੁਣਾਇਆ। ਸਤਿਗੁਰੂ ਜੀ ਨੇ ਫਿਰ ਇੱਕ ਹੋਰ ਸਿੱਖ ਨੂੰ ਭੇਜਿਆ ਕਿ ਉਹ ਰਬਾਬੀਆਂ ਨੂੰ ਮਨਾ ਕੇ ਲਿਆਵੇ। ਗੁਰੂ ਜੀ ਦੀ ਆਗਿਆ ਪਾ ਕੇ ਸਿੱਖ ਦੌੜ ਕੇ ਇਹਨਾਂ ਦੇ ਘਰ ਗਿਆ ਜੋ ਭਾਈ ਸਾਲ੍ਹੋ ਦੀ ਧਰਮਸਾਲ ਦੇ ਪਾਸ ਸੀ।
“ਦੋਹਰਾ: ਤਾਹਿ ਜਾਇ ਸਿੱਖ ਅਸ ਕਹਾ ਚਲੋ ਗੁਰੂ ਕੇ ਪਾਸਿ। ਯਾਦ ਕੀਯੋ ਤੋ ਕੌ ਗੁਰੂ ਰਹੈ ਬੈਠ ਕਿਹ ਆਸ। ੫੫੬। ਬਲਵੰਡ ਸੱਤੇ ਐਸੇ ਕਹਾ ਕਰੋ ਜਤਨ ਜੇ ਕੋਰਿ। ਹਮਰੋ ਮਨੁ ਜਾਵੈ ਨਹੀਂ ਤੋਹਿ ਗੁਰੂ ਕੀ ਓਰ। ੪੫੭। ਅੜਿੱਲ: ਇਮ ਸੁਨਿ ਤਿਨ ਕੇ ਬੈਨ ਸਿੱਖ ਮੁੜਿ ਆਯੋ। ਬਚਨ ਕਹੇ ਜੋ ਤਾਹਿ ਸੁ ਗੁਰਹਿ ਸੁਨਾਯੋ। ਮਹਾਰਾਜ ਨਹਿ ਮਾਨੈ ਮੂੜ੍ਹ ਗਵਾਰ ਜੜ੍ਹ। ਹੋ ਤਾ ਕੇ ਮਨ ਮੈ ਮਾਨੁ ਵਿਦਿਆ ਰਾਗੁ ਪੜ੍ਹਿ। ੪੫੮। ਸੁਨੇ ਸਿੱਖ ਕੇ ਬੈਨ ਗੁਰ ਮਨਿ ਧਾਰਯੋ। ਚਲੀਏ ਤਾਹਿ ਨਿਕੇਤ ਸੁ ਮਨਹਿ ਬਿਚਾਰਯੋ। ਜਸ ਦੁਰਜੋਧਨ ਨਿਕਟਿ ਗਏ ਥੇ ਕਾਨ੍ਹ ਬਰੁ। ਹੌ ਨਹਿ ਮਾਨੋ ਥੇ ਬੈਨ ਰਾਜ ਕੋ ਮਾਨੁ ਧਰਿ। ੪੫੯।”
ਇਸ ਸਿੱਖ ਨੇ ਵੀ ਜਾ ਕੇ ਇਹਨਾਂ ਨੂੰ ਕਿਹਾ ਕਿ ਗੁਰੂ ਜੀ ਦੇ ਪਾਸ ਚਲੋ, ਸਤਿਗੁਰੂ ਜੀ ਨੇ ਉਨ੍ਹਾਂ ਨੂੰ ਯਾਦ ਕੀਤਾ ਹੈ; ਕੀ ਸੋਚ ਕੇ ਉਹ ਨਹੀਂ ਜਾ ਰਹੇ ਹਨ। (ਨੋਟ: ਇੱਥੇ ਵੀ ਲੇਖਕ ਨੇ ਕਿਸੇ ਸਿੱਖ ਦਾ ਨਾਮ ਨਹੀਂ ਲਿਖਿਆ ਹੈ; ਕੇਵਲ ‘ਸਿੱਖ’ ਹੀ ਲਿਖਿਆ ਹੈ) ਇਹਨਾਂ ਦੋਹਾਂ ਨੇ ਉੱਤਰ ਵਿੱਚ ਕਿਹਾ ਕਿ ਕਰੋੜ ਯਤਨ ਵੀ ਕਰੋ ਅਸੀਂ ਫਿਰ ਵੀ ਤੁਹਾਡੇ ਗੁਰੂ ਪਾਸ ਨਹੀਂ ਜਾਵਾਂਗੇ। ਇਹਨਾਂ ਦਾ ਇਹ ਉੱਤਰ ਸੁਣ ਕੇ ਸਿੱਖ ਵਾਪਸ ਗੁਰੂ ਜੀ ਦੇ ਪਾਸ ਆ ਗਿਆ। ਜੋ ਬਚਨ ਰਬਾਬੀਆਂ ਨੇ ਆਖੇ ਸਨ ਉਹ ਗੁਰੂ ਜੀ ਨੂੰ ਸੁਣਾ ਦਿੱਤੇ। ਸਿੱਖ ਫਿਰ ਸਤਿਗੁਰੂ ਜੀ ਨੂੰ ਆਖਣ ਲੱਗਾ ਕਿ ਮਹਾਰਾਜ ਮੂਰਖ, ਜੜ੍ਹ ਮਤ ਵਾਲੇ ਨਹੀਂ ਮੰਨਦੇ। ਇਹਨਾਂ ਮੂਰਖਾਂ ਦੇ ਮਨ ਵਿੱਚ ਰਾਗ ਵਿਦਿਆ ਦਾ ਹੰਕਾਰ ਆ ਗਿਆ ਹੈ। ਗੁਰੂ ਜੀ ਨੇ ਸਿੱਖ ਦੇ ਮੂੰਹੋਂ ਇਹ ਸੁਣ ਕੇ ਮਨ ਵਿੱਚ ਵਿਚਾਰ ਕੀਤੀ ਕਿ ਅਸੀਂ ਆਪ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਮਨਾਉਦੇ ਹਾਂ। ਜਿਸ ਤਰ੍ਹਾਂ ਕ੍ਰਿਸ਼ਨ ਦੁਰਜੋਧਨ ਦੇ ਕੋਲ ਗਏ ਸੀ ਕਿ ਅੱਧਾ ਰਾਜ ਪਾਂਡਵਾਂ ਨੂੰ ਦੇ ਦੇਵੇ ਪਰ ਦੁਰਜੋਧਨ ਨੇ ਰਾਜ ਭਾਗ ਦਾ ਹੰਕਾਰ ਕਰਕੇ ਕ੍ਰਿਸ਼ਨ ਦੀ ਗੱਲ ਨਾ ਮੰਨੀ।
“ਚੌਪਈ: ਤੈਸੇ ਸ੍ਰੀ ਗੁਰ ਤਹਾਂ ਸਿਧਾਏ। ਬਲਵੰਡ ਸੱਤੇ ਕੇਹ ਗ੍ਰਿਹਿ ਗੁਰ ਆਏ। ਆਗੇ ਬੈਠ ਰਹੇ ਧਰਿ ਮਾਨਾ। ਸ੍ਰੀ ਗੁਰ ਕੋ ਨਹਿ ਆਦਰਿ ਮਾਨਾ। ਬੈਠਿ ਸ੍ਰੀ ਗੁਰ ਬਚਨ ਅਲਾਏ। ਕਾਰਨਿ ਕੌਨ ਤੁਮੈ ਰਿਸ ਪਾਏ। ਜਿਤਨੋ ਦਰਬ ਚਹੋ ਅਬ ਲੇਵੋ। ਗੁਰ ਨਾਨਕ ਭੰਡਾਰ ਅਭੇਵੋ। ੪੬੧। ਬਲਵੰਡ ਕਹੈ ਹਮ ਕਛੂ ਨ ਦੇਖਾ। ਤੁਮ ਭਾਖਤ ਭੰਡਾਰ ਅਲੇਖਾ। ਸਹੰਸ੍ਰ ਰੁਪਯਾ ਲਗੇ ਬਿਵਾਹਾ। ਤੁਮ ਦੀਯੋ ਸੌ ਏਕੁ ਉਮਾਹਾ। ੪੬੨। ਤੁਮਰੇ ਪਾਸਿ ਨਹੀਂ ਹਮ ਜਾਵੈਂ। ਔਰ ਜਗਤ ਹਮ ਮਾਂਗ ਅਘਾਵੈਂ। ਸ੍ਰੀ ਗੁਰ ਕਹਾ ‘ਕ੍ਰੋਧ ਨਹਿ ਧਾਰੋ। ਗੁਰ ਨਾਨਕ ਕੇ ਬਚਨ ਚਿਤਾਰੋ। ੪੬੩।”
ਭਾਵ: ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਆਪ ਚਲ ਕੇ ਭਾਈ ਬਲਵੰਡ ਅਤੇ ਭਾਈ ਸੱਤੇ ਦੇ ਘਰ ਗਏ। ਗੁਰੂ ਸਾਹਿਬ ਨੂੰ ਦੇਖ ਕੇ ਇਹ ਦੋਵੇਂ ਹੰਕਾਰੀ ਬਣਕੇ ਉਸੇ ਤਰ੍ਹਾਂ ਬੈਠੇ ਰਹੇ; ਗੁਰੂ ਸਾਹਿਬ ਦਾ ਇਹਨਾਂ ਨੇ ਕੋਈ ਆਦਰ ਸਤਿਕਾਰ ਨਾ ਕੀਤਾ। ਗੁਰੂ ਜੀ ਨੇ ਬੈਠ ਕੇ ਬੜੇ ਪਿਆਰ ਸਹਿਤ ਪੁੱਛਿਆ ਕਿ ਇਹਨਾਂ ਦੀ ਨਰਾਜ਼ਗੀ ਦਾ ਕੀ ਕਾਰਨ ਹੈ। ਗੁਰੂ ਨਾਨਕ ਦੇ ਅਖੁੱਟ ਭੰਡਾਰ ਹਨ ਉਨ੍ਹਾਂ ਨੂੰ ਜਿਤਨਾ ਧਨ ਚਾਹੀਦਾ ਹੈ ਹੁਣੇ ਹੀ ਲੈ ਲਵੋ। ਸਤਿਗੁਰੂ ਜੀ ਦੀ ਇਹ ਗੱਲ ਸੁਣ ਕਿ ਬਲਵੰਡ ਕਹਿਣ ਲੱਗਾ ਕਿ ਤੁਸੀਂ ਅਣਗਿਣਤ ਭੰਡਾਰਿਆਂ ਦੀ ਗੱਲ ਕਰਦੇ ਹੋ ਪਰ ਅਸੀਂ ਤਾਂ ਅਜਿਹਾ ਕੁੱਝ ਨਹੀਂ ਦੇਖਿਆ। ਵਿਆਹ ਵਿੱਚ ਹਜ਼ਾਰ ਰੁਪਏ ਖਰਚ ਆਉਣਗੇ ਪਰ ਤੁਸੀਂ ਕੇਵਲ ਸੌ ਰੁਪਿਆ ਹੀ ਦਿੱਤਾ ਹੈ। ਅਸੀਂ ਤੁਹਾਡੇ ਪਾਸ ਨਹੀਂ ਜਾਵਾਂਗੇ ਹੋਰ ਲੋਕਾਂ ਪਾਸੋਂ ਮੰਗ ਕੇ ਆਪਣੀਆਂ ਲੋੜਾਂ ਪੂਰੀਆਂ ਕਰ ਲਵਾਂਗੇ। ਇਹਨਾਂ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਕਿ ਉਹ ਗੁੱਸਾ ਨਾ ਕਰਨ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਚੇਤੇ ਕਰਨ।
ਚੱਲਦਾ




.