.

ਰਾਜੋਆਣਾ ਅਤੇ ਭੁੱਲਰ ਦੀ ਫਾਂਸੀ

ਸਾਰੀ ਦੁਨੀਆਂ ਵਿੱਚ ਵਸਦੇ ਤਕਰੀਬਨ ਸਾਰੇ ਸਿੱਖਾਂ ਨੂੰ (ਕੁੱਝ ਇੱਕ ਨੂੰ ਛੱਡ ਕੇ) ਇਹ ਇਤਰਾਜ਼ ਹੈ ਕਿ ਭਾਰਤ ਦੀ ਕੇਂਦਰ ਸਰਕਾਰ ਸਿੱਖਾਂ ਨਾਲ ਇਨਸਾਫ ਨਹੀਂ ਕਰ ਰਹੀ। ਖਾਸ ਕਰਕੇ ਹਾਈਕੋਰਟ ਅਤੇ ਸਪਰੀਮ ਕੋਰਟ ਵਿਚ। ਮੈਂ ਵੀ ਇਸ ਗੱਲ ਨਾਲ 100% ਸਹਿਮਤ ਹਾਂ ਕਿ ਇਹ ਵਾਕਆਈ ਸੱਚ ਹੈ। ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਹੋਏ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਸਰਕਾਰਾਂ ਆਪਣੀ ਪੂਰੀ ਵਾਹ ਲਾ ਰਹੀਆਂ ਹਨ ਅਤੇ ਇਸ ਦੇ ਉਲਟ ਕੇਹਰ ਸਿੰਘ ਵਰਗਿਆਂ ਨੂੰ ਸ਼ੱਕ ਦੇ ਅਧਾਰ ਤੇ ਹੀ ਫਾਂਸੀ ਤੇ ਟੰਗ ਦਿੱਤਾ ਜਾਂਦਾ ਹੈ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਤੇ ਲਟਕਾਉਣ ਦੀ ਤਲਵਾਰ ਉਸ ਦੇ ਸਿਰ ਤੇ ਕਿਤਨੇ ਸਾਲਾਂ ਤੋਂ ਲਟਕ ਰਹੀ ਹੈ।
ਇਹ ਤਾਂ ਸਾਰੇ ਹੀ ਕਹੀ ਜਾ ਰਹੇ ਹਨ ਕਿ ਸਿੱਖਾਂ ਨੂੰ ਕੇਂਦਰ ਤੋਂ ਇਨਸਾਫ ਨਹੀਂ ਮਿਲ ਰਿਹਾ ਅਤੇ ਨਾ ਹੀ ਮਿਲਣ ਦੀ ਆਸ ਹੈ। ਇਸ ਕਰਕੇ ਕਈ ਤਾਂ ਇਹ ਵੀ ਕਹਿੰਦੇ ਹਨ ਕਿ ਇਸ ਲਈ ਸਾਨੂੰ ਆਪਣਾ ਵੱਖਰਾ ਦੇਸ਼ ਚਾਹੀਦਾ ਹੈ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਸਿੱਖ ਵੀ ਦੂਸਰੇ ਹੋਰ ਸਿੱਖਾਂ ਨੂੰ ਇਨਸਾਫ ਦੇਣ ਲਈ ਤਿਆਰ ਹਨ? ਕੀ ਉਹ ਵੀ ਪੱਖਪਾਤ ਤੇ ਆਪਣਿਆਂ ਨੂੰ ਬਚਾਉਣ ਦੀ ਪੂਰੀ ਵਾ ਨਹੀਂ ਲਉਂਦੇ ਜਿਸ ਤਰ੍ਹਾਂ ਕਿ ਕੇਂਦਰ ਦੀਆਂ ਸਰਕਾਰਾਂ ਲਾਉਂਦੀਆਂ ਹਨ? ਚਲੋ ਇਹ ਤਾਂ ਮੰਨ ਲੈਂਦੇ ਹਾਂ ਕਿ ਕੇਂਦਰ ਦੀ ਸਰਕਾਰ ਜਾਣ ਬੁੱਝ ਕੇ ਜਾਂ ਵੋਟਾਂ ਦੀ ਖਾਤਰ ਅਜਿਹਾ ਕਰਦੀ ਹੈ। ਕੀ ਪੰਜਾਬ ਵਿੱਚ ਵੀ ਇਹੋ ਕੁੱਝ ਨਹੀਂ ਹੋ ਰਿਹਾ? ਜਦੋਂ ਭੁੱਲਰ ਨੇ ਦਿੱਲੀ ਤੋਂ ਪੰਜਾਬ ਵਿਚਲੀ ਕਿਸੇ ਜੇਲ ਵਿੱਚ ਤਬਦੀਲ ਕਰਨ ਦੀ ਅਰਜ਼ੀ ਦਿੱਤੀ ਸੀ ਤਾਂ ਕੀ ਬਾਦਲ ਸਰਕਾਰ ਨੇ ਇਹ ਨਹੀਂ ਸੀ ਕਿਹਾ ਕਿ ਭੁੱਲਰ ਇੱਕ ਖਤਰਨਾਇਕ ਅੱਤਵਾਦੀ ਹੈ ਅਤੇ ਉਸ ਨੂੰ ਪੰਜਾਬ ਵਿੱਚ ਲਿਆਉਣ ਤੋਂ ਇਨਕਾਰ ਕਰ ਦਿੱਤਾ ਸੀ? ਜਿਹੜੇ ਕਹਿੰਦੇ ਹਨ ਕਿ ਅਕਾਲ ਤਖ਼ਤ ਸਾਡਾ ਸੁਪਰੀਮ ਹੈ, ਕੀ ਉਥੇ ਵੀ ਸਰਿਆਂ ਨੂੰ ਇਕੋ ਜਿਹਾ ਇਨਸਾਫ ਮਿਲਦਾ ਹੈ ਜਾਂ ਕਦੀ ਮਿਲਿਆ ਹੈ? ਕੀ ਉਥੇ ਵੀ ਸਾਰੇ ਫੈਸਲੇ ਵੋਟਾਂ ਨੂੰ ਮੁੱਖ ਰੱਖਕੇ ਨਹੀਂ ਕਰਵਾਏ ਜਾਂਦੇ? ਜਿਹਨਾ ਦੇ ਸਾਹਮਣੇ ਚਿੱਟੇ ਦਿਨ ਵਾਂਗ ਇਹ ਸਾਰਾ ਕੁੱਝ ਹੁੰਦਾ ਹੈ ਅਤੇ ਫਿਰ ਵੀ ਉਹ ਉਹਨਾ ਅੱਗੇ ਤਰਲੇ ਅਤੇ ਅਪੀਲਾਂ ਕਰਦੇ ਨਜ਼ਰ ਆਉਂਦੇ ਹਨ। ਇਸ ਲਈ ਜੇ ਕਰ ਕੇਂਦਰ ਤੋਂ ਇਨਸਾਫ ਨਹੀਂ ਮਿਲ ਰਿਹਾ ਤਾਂ ਫਿਰ ਵੀ ਇਨਸਾਫ ਦੀ ਆਸ ਲਈ ਪ੍ਰੋ: ਭੁੱਲਰ ਦਾ ਅਪੀਲਾਂ ਕਰਕੇ ਆਸ ਰੱਖਣੀ ਕੋਈ ਬਹੁਤੀ ਗਲਤ ਗੱਲ ਨਹੀਂ ਕਹੀ ਜਾ ਸਕਦੀ। ਇਸ ਦੇ ਸੰਬੰਧ ਵਿੱਚ ਬਲਵੰਤ ਸਿੰਘ ਰਾਜੋਆਣਾ ਦਾ ਜੋ ਬਿਆਨ, ਕੁੱਝ ਦਿਨ ਪਹਿਲਾਂ, ਸ਼੍ਰੋ: ਕਮੇਟੀ ਦੇ ਪ੍ਰਧਾਨ ਮੱਕੜ ਨੂੰ ਲਿਖੀ ਚਿੱਠੀ ਵਿੱਚ ਛਪਿਆ ਹੈ ਉਸ ਨੂੰ ਬਹੁਤਾ ਸਿਆਣਪ ਵਾਲਾ ਨਹੀਂ ਕਿਹਾ ਜਾ ਸਕਦਾ। ਉਸ ਵਿੱਚ ਤਾਂ ਸਿੱਧਾ ਹੀ ਪ੍ਰੋ: ਭੁੱਲਰ ਨੂੰ ਬੰਬ ਧਮਾਕਿਆਂ ਦਾ ਦੋਸ਼ੀ ਠਹਿਰਾ ਦਿੱਤਾ ਹੈ। ਇਸੇ ਤਰ੍ਹਾਂ ਹੀ ਦੋ ਹੋਰ ਸਿੱਖਾਂ ਬਾਰੇ ਜੋ ਕਿ ਯੂਰਪ ਵਿੱਚ ਰਹਿੰਦੇ ਹਨ, ਉਹਨਾ ਬਾਰੇ ਰਾਜੋਆਣੇ ਦੇ ਬਿਆਨ ਦੀ ਹਲਵਾਰੇ ਨੇ ਅਸਿਮਤੀ ਪ੍ਰਗਟਾਈ ਹੈ। ਭਾਵੇਂ ਕਿ ਸਾਰੀ ਦੁਨੀਆਂ ਦੇ ਸਿੱਖ ਰਾਜੋਆਣੇ ਦੀ ਦ੍ਰਿੜਤਾ ਅਤੇ ਮੌਤ ਨੂੰ ਮਖੌਲਾਂ ਕਰਨ ਦੀ ਪ੍ਰਸੰਸਾ ਕਰਦੇ ਹਨ ਪਰ ਉਹਨਾ ਵਿਚੋਂ ਬਹੁਤੇ ਉਹ ਰਾਜੋਆਣੇ ਦੀ ਇਸ ਤਰ੍ਹਾਂ ਦੀ ਬਿਆਨਬਾਜੀ ਨੂੰ ਬਹੁਤਾ ਦੂਰ ਅੰਦੇਸ਼ੀ ਨਹੀਂ ਮੰਨਦੇ।
ਮੌਤ ਨੂੰ ਮਖੌਲਾਂ ਕਰਨ ਵਾਲੇ ਲੋਕ ਤਕਰੀਬਨ ਹਰ ਕੌਮ, ਦੇਸ਼ ਅਤੇ ਧਰਮ ਵਿੱਚ ਹੁੰਦੇ ਹਨ। ਜੇ ਕਰ ਹੁਣ ਦੀ ਗੱਲ ਕਰੀਏ ਤਾਂ ਇਸਲਾਮ ਨੂੰ ਮੰਨਣ ਵਾਲਿਆਂ ਵਿੱਚ ਇਸ ਵੇਲੇ ਸਭ ਤੋਂ ਜਿਆਦਾ ਇਸ ਤਰ੍ਹਾਂ ਦੇ ਹਨ ਜੋ ਕਿ ਹਰ ਆਏ ਦਿਨ ਆਪਣੇ ਨਾਲ ਬੰਬ ਬੰਨ ਕੇ ਮਾਰ ਕੇ ਮਰ ਜਾਂਦੇ ਹਨ। ਇਹ ਵਰਤਾਰਾ ਪਿਛਲੇ ਇੱਕ ਦਹਾਕੇ ਤੋਂ ਵੀ ਉਪਰ ਅਫਗਾਨਿਸਤਾਨ, ਪਾਕਿਸਤਾਨ, ਇਰਾਕ ਅਤੇ ਕਈ ਹੋਰ ਇਸਲਾਮੀ ਦੇਸ਼ਾਂ ਵਿੱਚ ਵਾਪਰ ਰਿਹਾ ਹੈ। ਇਹਨਾ ਵਿੱਚ ਮਰਨ ਮਰਾਉਣ ਵਾਲੇ ਵੀ ਬਹੁਤਾ ਕਰਕੇ ਇਸਲਾਮ ਨੂੰ ਮੰਨਣ ਵਾਲੇ ਹੀ ਕਿਸੇ ਹੋਰ ਫਿਰਕੇ ਨਾਲ ਸੰਬੰਧਿਤ ਹੁੰਦੇ ਹਨ ਅਤੇ ਹੁੰਦੇ ਵੀ ਕਈ ਵਾਰੀ ਨਿਰਦੋਸ਼ੇ ਹੀ ਹਨ। ਇਹ ਇੱਕ ਬਹਾਦਰੀ ਵਾਲਾ ਗੁਣ ਤਾਂ ਮੰਨਿਆਂ ਜਾ ਸਕਦਾ ਹੈ ਪਰ ਧਰਮ ਵਾਲਾ ਨਹੀਂ। ਧਰਮੀ ਪੁਰਸ਼ ਵਿੱਚ ਦਇਆ ਹੁੰਦੀ ਹੈ ਉਹ ਕਿਸੇ ਦੀ ਜਾਨ ਲੈਣ ਲੱਗਿਆਂ ਸੌ ਵਾਰੀ ਸੋਚਦਾ ਹੈ ਕਿ ਮੇਰੇ ਕੋਲੋਂ ਕੋਈ ਨਿਦੋਸ਼ਾ ਨਾ ਮਾਰਿਆ ਜਾਵੇ। ਕਿਉਂਕਿ ਹਰ ਇੱਕ ਵਿੱਚ ਉਸੇ ਹੀ ਪ੍ਰਮਾਤਮਾ ਦੀ ਜੋਤਿ ਹੈ। ਉਹ ਵੀ ਕਸੇ ਦਾ ਧੀ-ਪੁੱਤਰ, ਭੈਣ-ਭਰਾ, ਮਾਤਾ-ਪਿਤਾ, ਪਤੀ-ਪਤਨੀ ਜਾਂ ਹੋਰ ਕੋਈ ਰਿਸ਼ਤੇਦਾਰ ਹੈ। ਉਹਨਾ ਦੀਆਂ ਵੀ ਕੋਈ ਭਾਵਨਾਵਾਂ ਹਨ। ਇਸੇ ਲਈ ਸਾਡੇ ਗੁਰੂਆਂ ਨੇ ਦਸ ਜਾਮਿਆਂ ਵਿਚੋਂ ਸਿਰਫ ਦੋ ਨੇ ਹੀ ਮਜਬੂਰੀ ਵੱਸ ਮਨੁੱਖੀ ਹੱਕਾਂ ਦੀ ਰਾਖੀ ਲਈ ਅਤੇ ਆਪਣੀ ਹਿਫਾਜਤ ਲਈ ਹਥਿਆਰ ਚੁੱਕੇ ਸਨ ਅਤੇ ਸਾਰੀਆਂ ਲੜਾਂਈਆਂ ਵਿੱਚ ਕਿਸੇ ਤੇ ਵੀ ਪਹਿਲ ਕਰਕੇ ਕੋਈ ਹਮਲਾ ਨਹੀਂ ਸੀ ਕੀਤਾ। ਪੁਰਾਣੇ ਇਤਿਹਾਸ ਨੂੰ ਪੜ੍ਹਿਆਂ ਪਤਾ ਲਗਦਾ ਹੈ ਕਿ ਇਸਲਾਮ ਵਿੱਚ ਪਹਿਲਾਂ ਤੋਂ ਹੀ ਮਜਬੀ ਜਨੂੰਨ ਅਤੇ ਕੱਟੜਤਾ ਜਿਆਦਾ ਹੈ ਪਰ ਦਇਆ ਵਾਲਾ ਧਰਮੀ ਗੁਣ ਘੱਟ। ਤਾਂ ਹੀ ਤਾਂ ਗੁਰੂ ਸਾਹਿਬ ਜੀ ਨੂੰ ਕਹਿਣਾ ਪਿਆ ਸੀ:
ਮੁਸਲਮਾਣੁ ਮੋਮ ਦਿਲਿ ਹੋਵੈ॥ ਅੰਤਰ ਕੀ ਮਲੁ ਦਿਲ ਤੇ ਧੋਵੈ॥ ਪੰਨਾ 1084॥
ਭਾਵ ਕਿ ਧਰਮੀ ਬੰਦੇ ਦਾ ਮਨ ਮੋਮ ਵਰਗਾ ਨਰਮ ਹੋਣਾਂ ਚਾਹੀਦਾ ਹੈ ਪਰ ਇਸੇ ਤਰ੍ਹਾਂ ਦੀ ਹੀ ਜਨੂੰਨੀ ਕੱਟੜਤਾ ਸਿੱਖਾਂ ਵਿੱਚ ਵੀ ਵਧਦੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਗੁਰਦਾਸਪੁਰ ਦੇ ਗੋਲੀਕਾਂਡ ਵਿੱਚ ਇੱਕ ਨੌਜੁਆਨ ਦੀ ਮੌਤ ਮੰਦਭਾਗੀ ਗੱਲ ਹੋਈ ਹੈ। ਇਸ ਨਾਲ ਸੰਬੰਧਿਤ ਜਦੋਂ ਇੱਕ ਯੂ-ਟਿਉਬ ਦੀ ਵੀਡੀਓ ਦਾ ਕਲਿਪ ਦੇਖ ਰਿਹਾ ਸੀ ਤਾਂ ਪੁਲੀਸ ਵਾਲੇ ਜਿਹੜੇ ਕਿ ਦੇਖਣ ਨੂੰ ਸਿੱਖ ਲਗਦੇ ਸਨ, ਉਹ ਬੜੀਆਂ ਗੰਦੀਆਂ ਗਾਲ੍ਹਾਂ ਕੱਢ ਰਹੇ ਸਨ। ਇਸ ਬਾਰੇ ਵੀ ਕਿਸੇ ਮਨੋ ਵਿਗਆਨੀ ਤੋਂ ਪੜਤਾਲ ਕਰਵਾਉਣੀ ਚਾਹੀਦੀ ਹੈ ਕਿ ਉਹ ਅਜਿਹਾ ਕਿਉਂ ਕਰ ਰਹੇ ਸਨ? ਕੀ ਉਹਨਾ ਨੂੰ ਸਿੱਖਾਂ ਤੋਂ ਕਿਸੇ ਕਾਰਨ ਨਫਰਤ ਹੈ? ਕੀ ਉਹਨਾ ਦੇ ਕਿਸੇ ਪਰਵਾਰਕ ਮੈਂਬਰ ਨੂੰ ਕਿਸੇ ਕਥਿਤ ਖਾੜਕੂ ਨੇ ਕਤਲ ਤਾਂ ਨਹੀਂ ਸੀ ਕੀਤਾ? ਕੀ ਉਹ ਕਿਸੇ ਸਿੱਖ ਵਿਰੋਧੀ ਫਿਰਕੇ ਨਾਲ ਸੰਬੰਧਿਤ ਤੇ ਨਹੀਂ ਸਨ?
ਸਾਰੀ ਦੁਨੀਆਂ ਵਿਚੋਂ ਮੌਤ ਦੀ ਸਜਾ ਖਤਮ ਕਰਾਉਣ ਦੇ ਲਈ ਅਵਾਜ਼ਾ ਉਠ ਰਹੀਆਂ ਹਨ। ਸਾਰੇ ਦੁਨੀਆਂ ਦੇ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਇਹ ਮਸਲਾ ਸਿਰਫ ਰਾਜੋਆਣਾ ਤੇ ਪ੍ਰੋ: ਭੁੱਲਰ ਦਾ ਨਾ ਹੋ ਕੇ ਸਾਰਿਆਂ ਲਈ ਹੀ ਹੋਣਾ ਚਾਹੀਦਾ ਹੈ ਕਿ ਭਾਰਤ ਵਿੱਚ ਇਸ ਸਜਾ ਨੂੰ ਬਿੱਲਕੁੱਲ ਖਤਮ ਕੀਤਾ ਜਾਵੇ। ਮੌਤ ਦੀ ਸਜ਼ਾ ਦੇਣ ਨਾਲ ਕਿਸੇ ਵੀ ਦੇਸ਼ ਵਿੱਚ ਅਪਰਾਧ ਘੱਟ ਨਹੀਂ ਜਾਂਦੇ। ਕਨੇਡਾ ਅਤੇ ਅਮਰੀਕਾ ਦੀ ਹੀ ਮਿਸਾਲ ਲੈ ਲਓ। ਇੱਥੇ ਕਨੇਡਾ ਵਿੱਚ ਮੌਤ ਦੀ ਸਜਾ ਨਹੀਂ ਹੈ ਪਰ ਅਮਰੀਕਾ ਵਿੱਚ ਕਾਫੀ ਸਟੇਟਾਂ ਵਿੱਚ ਹੈ। ਪਰ ਅਮਰੀਕਾ ਵਿੱਚ ਅਪਰਾਧ ਕਨੇਡਾ ਨਾਲੋਂ ਕਿਤੇ ਜ਼ਿਆਦਾ ਹਨ। ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਅਸੈਂਬਲੀ ਵਿੱਚ ਇਸ ਬਾਰੇ ਇੱਕ ਮਤਾ ਪਾਸ ਕਰਨਾ ਚਾਹੀਦਾ ਹੈ। ਜੇ ਕਰ ਉਹ ਅਜਿਹਾ ਨਹੀਂ ਕਰਨਾ ਚਾਹੁੰਦੀ ਤਾਂ ਵਿਦੇਸ਼ਾਂ ਵਿਚਲੇ ਬਾਦਲ ਦਲੀਆਂ ਦੇ ਸਹਿਯੋਗੀਆਂ ਨੂੰ ਪੁੱਛਣਾ ਬਣਦਾ ਹੈ ਕਿ ਤੁਸੀਂ ਉਸ ਨਾਲ ਕਿਉਂ ਜੁੜੇ ਹੋਏ ਹੋ? ਇਹ ਵੀ ਇੱਕ ਦਿਲਚਸਪ ਗੱਲ ਹੈ ਕਿ ਵੈਨਕੂਵਰ ਵਿੱਚ ਜਿਹੜਾ ਇੱਕ ਰੇਡੀਓ ਸ਼ਟੇਸ਼ਨ ਸਿੱਖੀ ਹੱਕਾਂ ਲਈ ਬਹੁਤਿਆਂ ਨਾਲੋਂ ਵੱਧ ਅਵਾਜ਼ ਉਠਾਉਂਦਾ ਹੈ ਉਸ ਦਾ ਕਰਤਾ-ਧਰਤਾ ਬਾਦਲ ਦਲ ਨਾਲ ਸੰਬੰਧਿਤ ਹੈ। ਕੀ ਅਜਿਹੇ ਬੰਦਿਆਂ ਦਾ ਕੋਈ ਫਰਜ ਨਹੀਂ ਬਣਦਾ ਕਿ ਅਸੀਂ ਵੀ ਆਪਣੇ ਸਹਿਯੋਗੀਆਂ ਤੇ ਕੋਈ ਦੁਬਾਓ ਪਾਈਏ ਅਤੇ ਜਾਂ ਫਿਰ ਉਸ ਤੋਂ ਖਹਿੜਾ ਛੁਡਾਈਏ? ਸਿੱਖ ਹੋਣ ਤੇ ਨਾਤੇ ਕੁੱਝ ਨਾ ਕੁੱਝ ਤਾਂ ਕਰਨਾ ਹੀ ਬਣਦਾ ਹੈ ਨਾ ਕਿ ਸਿਰਫ ਕੇਂਦਰੀ ਸਰਕਾਰ ਨੂੰ ਹੀ ਮਾੜਾ ਕਹੀ ਜਾਈਏ। ਇਹ ਗੱਲ ਦੇਸ਼-ਵਿਦੇਸ਼ ਦੇ ਸਾਰੇ ਬਾਦਲ ਦਲ ਦੇ ਸਹਿਯੋਗੀਆਂ ਨੂੰ ਵਿਚਾਰਨੀ ਚਾਹੀਦੀ ਹੈ।
ਮੱਖਣ ਸਿੰਘ ਪੁਰੇਵਾਲ,
ਅਪ੍ਰੈਲ 01, 2012.




.