.

ਮੱਥਾ ਟੇਕਣਾ
ਓਇ ਹਰਿ ਕੇ ਸੰਤ ਨ ਆਖਿਅਹਿ

ਦੂਜੇ ਲੋਕਾਂ ਉੱਪਰ ਤਾਕਤ ਦੇ ਜ਼ੋਰ ਨਾਲ ਜਾਂ ਕਿਸੇ ਮੱਕਾਰ ਤਰੀਕੇ ਨਾਲ਼ ਹੁਕਮ ਚਲਾ ਕੇ ਉਨ੍ਹਾਂ ਨੂੰ ਆਪਣੇ ਅਧੀਨ ਰੱਖਣ ਦੀ ਤਮੰਨਾ ਹਰੇਕ ਮਨੁੱਖ ਵਿੱਚ ਹੁੰਦੀ ਹੈ। ਸਿਕੰਦਰ ਵਰਗੇ ਲੋਕ ਇਸੇ ਲਾਲਸਾ ਦੇ ਅਧੀਨ ਹੀ ਘਰੋਂ ਨਿਕਲਦੇ ਹਨ। ਮਨੁੱਖ ਵਿੱਚ ਇਹ ਭੁੱਖ ਏਨੀ ਪ੍ਰਬਲ ਹੁੰਦੀ ਹੈ ਕਿ ਪੰਜ ਚਾਰ ਬੱਚਿਆਂ ਦੇ ਗਰੁੱਪ `ਚੋਂ ਇੱਕ ਜਣੇ ਨੂੰ ਕਹੋ ਕਿ ਉਹ ਬਾਕੀਆਂ ਨੂੰ ਕੰਟਰੋਲ ਕਰ ਕੇ ਰੱਖੋ, ਫੇਰ ਦੇਖੋ ਕੀ ਹੁੰਦਾ ਹੈ। ਹੇਠਲੇ ਪੱਧਰ `ਤੇ ਮਨੁੱਖ ਪਰਿਵਾਰ ਦਾ ਮੁਖੀ ਹੁੰਦਿਆਂ, ਕਿਸੇ ਸੰਸਥਾ ਦਾ ਆਗੂ ਹੁੰਦਿਆਂ ਜਾਂ ਛੋਟੇ ਵੱਡੇ ਅਫ਼ਸਰ ਦੇ ਰੂਪ ਕਿਸੇ ਹੱਦ ਤੱਕ ਆਪਣੀ ਤਮੰਨਾ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਵੱਡੇ ਪੱਧਰ `ਤੇ ਇਹ ਖ਼ਾਹਿਸ਼ ਟਾਂਵੇਂ ਟਾਂਵੇਂ ਲੋਕਾਂ ਦੀ ਹੀ ਪੂਰੀ ਹੁੰਦੀ ਹੈ।
ਆਮ ਤੌਰ `ਤੇ ਦੋ ਪ੍ਰਕਾਰ ਦੇ ਤਰੀਕੇ ਇਸ ਲਈ ਵਰਤੇ ਜਾਂਦੇ ਹਨ, ਪਹਿਲਾ ਤਰੀਕਾ ਹੈ ਸਿਆਸੀ ਤਾਕਤ। ਭਾਵੇਂ ਇਹ ਲੋਕਾਂ ਦੁਆਰਾ ਚੁਣ ਕੇ ਹਾਸਲ ਕੀਤੀ ਹੋਈ ਹੋਵੇ ਜਾਂ ਕਿਸੇ ਤਾਨਾਸ਼ਾਹ ਵਾਂਗ ਧੱਕੇ ਨਾਲ਼ ਹਥਿਆਈ ਹੋਈ ਹੋਵੇ। ਇਸੇ ਤਾਕਤ ਨੂੰ ਹੀ ਇਹ ਤਾਨਾਸ਼ਾਹ ਤੇ ਸਿਆਸੀ ਲੋਕ ਟੁਕੜਿਆਂ ਦੇ ਰੂਪ ਵਿੱਚ ਫਿਰ ਆਪਣੀ ਅਫ਼ਸਰਸ਼ਾਹੀ ਨੂੰ ਦਿੰਦੇ ਹਨ ਤੇ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਦੇ ਕੰਮ ਕਰਵਾ ਕੇ ਲੋਕਾਂ ਨੂੰ ਦਬਾਉਂਦੇ ਹਨ ਤੇ ਉਨ੍ਹਾਂ ਤੋਂ ਈਨ ਮੰਨਵਾਉਂਦੇ ਹਨ। ਜੋ ਇਨ੍ਹਾਂ ਦੇ ਪੈਰੀਂ ਨਹੀਂ ਪੈਂਦਾ ਉਸ ਦਾ ਨੁਕਸਾਨ ਕਰਦੇ ਹਨ ਤੇ ਖੁਰਾ-ਖੋਜ ਮਿਟਾਉਣ ਤੱਕ ਜਾਂਦੇ ਹਨ।
ਦੂਸਰੀ ਕਿਸਮ ਹੈ ਧਾਰਮਿਕ ਲਬਾਦੇ ਹੇਠ ਛੁਪੇ ਹੋਏ ਲੋਕਾਂ ਦੀ ਜਿਨ੍ਹਾਂ ਵਿੱਚ ਬਾਬੇ, ਸੁਆਮੀ, ਧਰਮਾਤਮਾ, ਡੇਰੇਦਾਰ, ਸਾਈਂ ਆਦਿ ਜਿਨ੍ਹਾਂ ਦੇ ਕਦਮਾਂ `ਤੇ ਝੁਕਣ ਵਾਲ਼ੇ ਲੋਕਾਂ ਦੀਆਂ ਹਰ ਵੇਲੇ ਭੀੜਾਂ ਲੱਗੀਆਂ ਰਹਿੰਦੀਆਂ ਹਨ। ਇਹ ਲੋਕ ਬੜੇ ਮੱਕਾਰ ਤਰੀਕਿਆਂ ਨਾਲ਼ ਆਪਣੇ ਪੈਰਾਂ `ਤੇ ਝੁਕਾਉਂਦੇ ਹਨ। ਲੋਕਾਂ ਨੇ ਉਨ੍ਹਾਂ ਦੇ ਦੁਖਾਂ ਦੀ ਨਵਿਰਤੀ ਕਰਨ ਦੇ ਲਾਰੇ ਲਾਉਂਦੇ ਹਨ। ਲਾਲਚ ਵਸ ਲੋਕ ਇਨ੍ਹਾਂ ਦੇ ਪੈਰਾਂ `ਤੇ ਗਿੜਗਿੜਾਉਂਦੇ ਹਨ। ਇਹ ਲੋਕ ਸਿਆਸੀ ਨੇਤਾਵਾਂ, ਵੱਡੇ ਅਫ਼ਸਰਾਂ ਤੇ ਆਪਣੇ ਸ਼ਰਧਾਲੂਆਂ ਵਿਚਾਲ਼ੇ ਵਿਚੋਲਿਆਂ ਦਾ ਕੰਮ ਵੀ ਕਰਦੇ ਹਨ ਤੇ ਇਸ ਤਰ੍ਹਾਂ ਲੋਕਾਂ ਨੂੰ ਆਪਣੇ ਜਾਲ਼ ਵਿੱਚ ਫ਼ਸਾਉਂਦੇ ਹਨ।
ਪੁਰਾਣੇ ਸਮਿਆਂ ਵਿੱਚ ਰਾਜੇ ਪਾਸ ਹੀ ਸਿਆਸੀ ਤੇ ਧਾਰਮਿਕ ਸ਼ਕਤੀਆਂ ਹੁੰਦੀਆਂ ਸਨ। ਸੋ, ਉਹ ਦੋਵੇਂ ਤਰ੍ਹਾਂ ਦੇ ਡੰਡਿਆਂ ਨਾਲ਼ ਲੋਕਾਂ ਨੂੰ ਦਬਾਅ ਕੇ ਉਨ੍ਹਾਂ ਤੋਂ ਜ਼ਬਰੀ ਆਪਣਾ ਆਦਰ ਕਰਵਾਉਂਦਾ ਸੀ। ਝੁਕਣ ਤੋਂ ਇਨਕਾਰੀ ਬੰਦਿਆਂ ਨੂੰ ਸ਼ਰੇਆਮ ਚੌਰਾਹਿਆਂ ਵਿੱਚ ਫਾਹੇ ਟੰਗਵਾ ਦਿੰਦਾ ਸੀ।
ਸੁਖਵਿੰਦਰ ਸਿੰਘ ਸਭਰਾਅ ਦੀ ਕਿਤਾਬ ਸੰਤਾਂ ਦੇ ਕੌਤਕ ਵਿੱਚ ਇੱਕ ਵਾਕਿਆ ਦਰਜ ਹੈ ਕਿ ਇਸੇ ਤਰ੍ਹਾਂ ਦਾ ਹੀ ਇੱਕ ਬਾਬਾ ਜਦੋਂ ਆਰਾਮ ਕੁਰਸੀ `ਤੇ ਬੈਠਾ ਲੱਤਾਂ ਪਸਾਰੀ ਪਿਆ ਸੀ ਤੇ ਉਸ ਦੇ ਸ਼ਰਧਾਲੂ ਉਹਦੇ ਪੈਰਾਂ `ਤੇ ਸਿਰ ਰੱਖ ਕੇ ਮੱਥੇ ਟੇਕ ਰਹੇ ਸਨ ਤਾਂ ਉੱਥੇ ਕਿਸੇ ਰੌਸ਼ਨ ਦਿਮਾਗ਼ ਵਿਅਕਤੀ ਨੇ ਬਾਬੇ ਨੂੰ ਇਸ ਬਾਰੇ ਪੁੱਛ ਹੀ ਲਿਆ ਤਾਂ ਬਾਬਾ ਬੜੀ ਢੀਠਤਾਈ ਨਾਲ਼ ਕਹਿਣ ਲੱਗਾ, “ਗੁਰਮੁਖੋ, ਕੀ ਕਰੀਏ ਅਸੀਂ ਤਾਂ ਬਹੁਤ ਰੋਕਦੇ ਹਾਂ ਪਰ ਸ਼ਰਧਾਲੂ ਬਦੋ ਬਦੀ ਮੱਥਾ ਟੇਕੀ ਜਾਂਦੇ ਹਨ”
ਰੌਸ਼ਨ ਦਿਮਾਗ਼ ਵਿਅਕਤੀ ਕਹਿਣ ਲੱਗਾ, “ਬਾਬਾ ਜੀ, ਜੇ ਕੋਈ ਆਦਮੀ ਆ ਕੇ ਬਦੋ ਬਦੀ ਤੁਹਾਡੀ ਦਸਤਾਰ ਉਤਾਰਨ ਪੈ ਗਿਆ ਤਾਂ ਕੀ ਉਸ ਨੂੰ ਦਸਤਾਰ ਉਤਾਰਨ ਦੇਵੋਗੇ” ? ਬਾਬੇ ਪਾਸ ਕੋਈ ਉੱਤਰ ਨਹੀਂ ਸੀ ਤੇ ਉਹ ਵਾੜ `ਚ ਫ਼ਸੇ ਬਿੱਲੇ ਵਾਂਗ ਦੇਖਣ ਲੱਗਾ।
ਇਨ੍ਹਾਂ ਲੋਕਾਂ ਦੀ ਇਹ ਭੁੱਖ ਏਨੀ ਪ੍ਰਬਲ ਹੋ ਜਾਂਦੀ ਹੈ ਕਿ ਇਹ ਮਰ ਕੇ ਵੀ ਲੋਕਾਂ ਤੋਂ ਮੱਥੇ ਟਿਕਵਾਉਣੇ ਨਹੀਂ ਭੁੱਲਦੇ। ਮਰਨ ਤੋਂ ਪਹਿਲਾਂ ਹੀ ਅਜਿਹੇ ਇੰਤਜ਼ਾਮ ਕਰ ਜਾਂਦੇ ਹਨ। ਕੋਈ ਆਪਣੀਆਂ ਜੁੱਤੀਆਂ ਨੂੰ, ਕੋਈ ਆਪਣੇ ਕੱਪੜਿਆਂ ਨੂੰ ਤੇ ਕੋਈ ਆਪਣੇ ਗ਼ੁਸਲਖ਼ਾਨੇ ਨੂੰ ਹੀ ‘ਪੂਜਣਯੋਗ’ ਬਣਾ ਜਾਂਦਾ ਹੈ।
ਪਿੱਛੇ ਜਿਹੇ ਇੱਕ ਡੇਰੇ ਵਿੱਚ ਵਿਆਹ ਦੇ ਪ੍ਰੋਗਰਾਮ `ਤੇ ਜਾਣ ਦਾ ਮੌਕਾ ਮਿਲਿਆ। ਇਹ ਉਹੀ ਡੇਰਾ ਹੈ ਜਿੱਥੇ ਦੇ ਇੱਕ ਸਾਧ ਦੀ ਵੀਡੀਓ ਪਿਛਲੇ ਸਾਲ ਕਰੋੜਾਂ ਲੋਕਾਂ ਨੇ ਯੂ-ਟਿਊਬ `ਤੇ ਦੇਖੀ ਜਿਸ ਵਿੱਚ ਇਹ ਸਾਧ ਆਰਾਮ ਕੁਰਸੀ `ਤੇ ਲੱਤਾਂ ਪਸਾਰ ਕੇ ਬੈਠਾ ਹੈ ਤੇ ਪੈਰ ਉਸ ਨੇ ਪਾਣੀ ਦੇ ਟੱਬ ਵਿੱਚ ਪਾਏ ਹੋਏ ਹਨ ਤੇ ਦੋ ਬੀਬੀਆਂ ਉਸ ਸਾਧ ਦੇ ਪੈਰ ਮਲ਼ ਮਲ਼ ਕੇ ਧੋ ਰਹੀਆਂ ਹਨ ਤੇ ਨਾਲ਼ ਸ਼ਬਦ ਵੱਜ ਰਿਹਾ ਹੈ, “ਸਤਿਗੁਰ ਕੇ ਚਰਨ ਧੋਇ ਧੋਇ ਪੀਵਾ” ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਸ਼ਬਦ ਸਾਧ ਦੇ ਚੇਲਿਆਂ ਨੇ ਫੁਟੇਜ ਨਾਲ਼ ਪਾਇਆ ਕਿ ਵੀਡੀਓ ਕਲਿੱਪ ਪਾਉਣ ਵਾਲ਼ੇ ਸੱਜਣਾਂ ਨੇ ਸਾਧ ਦੀ ਮਿੱਟੀ ਪੁੱਟਣ ਲਈ ਪਾਇਆ ਹੈ। ਇਹ ਬੀਬੀਆਂ ਫੇਰ ਉਹੀ ਗੰਦਾ ਪਾਣੀ ਬੁੱਕਾਂ ਨਾਲ਼ ਪੀ ਰਹੀਆਂ ਹਨ। ਕੁੱਝ ਸਾਲ ਪਹਿਲਾਂ ਵੀ ਇੱਕ ਸਾਧ ਬਾਰੇ ਸੁਣਿਆ ਸੀ ਕਿ ਜਦੋਂ ਉਹ ਉਪਰਲੀ ਮੰਜ਼ਿਲ ਦੇ ਗ਼ੁਸਲਖ਼ਾਨੇ ਵਿੱਚ ਨਹਾਉਂਦਾ ਹੁੰਦਾ ਸੀ ਤਾਂ ਲੋਕ ਹੇਠਾਂ ਕੈਨੀਆਂ ਤੇ ਬੋਤਲਾਂ ਫੜੀ `ਚ੍ਰਨਾਮਿਤ’ ਲੈਣ ਲਈ ਖੜ੍ਹੇ ਹੁੰਦੇ ਸਨ।
ਇੱਕੀਵੀਂ ਸਦੀ ਵਿੱਚ ਵੀ ਜੇ ਸਿੱਖ ਮਾਨਸਿਕਤਾ ਦਾ ਇਹ ਹਾਲ ਹੈ ਤਾਂ ਸਿੱਖੀ ਦਾ ਪ੍ਰਚਾਰ ਕਰਨ ਵਾਲੀਆਂ ਸੰਸਥਾਵਾਂ ਨੂੰ ਆਪਣੇ ਗਿਰੇਵਾਨ ਵਿੱਚ ਝਾਤੀ ਮਾਰਨ ਦੀ ਲੋੜ ਹੈ।
ਖੈਰ, ਮੈਂ ਇਸ ਡੇਰੇ ਦੀ ਗੱਲ ਕਰ ਰਿਹਾ ਸਾਂ। ਮੇਨ ਹਾਲ ਵਿੱਚ ਸਟੇਜ ਤੋਂ ਥੋੜ੍ਹਾ ਜਿਹਾ ਉਰੇ ਤਿੰਨ ਚਾਰ ਇੰਚ ਉੱਚੀ ਇੱਕ ਗੱਦੀ ਲਾਈ ਹੋਈ ਸੀ ਤੇ ਗੱਦੀ ਦੇ ਦੋ ਪਾਸਿਆਂ `ਤੇ ਵੱਡੇ ਵੱਡੇ ਸਿਰਹਾਣੇ ਰੱਖ ਕੇ ਛੋਟੇ ਤੇ ਵੱਡੇ ਤੌਲੀਏ ਰੱਖੇ ਹੋਏ ਸਨ ਤੇ ਤਾਜ਼ੇ ਫੁੱਲਾਂ ਦਾ ਇੱਕ ਗ਼ੁਲਦਸਤਾ ਰੱਖਿਆ ਹੋਇਆ ਸੀ। ਡੇਰੇ ਨਾਲ਼ ਜੁੜੇ ਹੋਏ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰ ਕੇ ਫਿਰ ਉਸ ਗੱਦੀ ਨੂੰ ਡੰਡਉਤ ਕਰਦੇ ਸਨ। ਅਖਾਉਤੀ ਅੰਮ੍ਰਿਤਧਾਰੀ ਸੰਗਤਾਂ ਵੀ ਇਸ ਗੱਦੀ ਨੂੰ ਮੱਥੇ ਟੇਕ ਰਹੀਆਂ ਸਨ। ਦਾਸ ਸੋਚ ਰਿਹਾ ਸੀ ਕਿ ਕੀ ਅੰਮ੍ਰਿਤ ਛਕਾਉਣ ਵੇਲੇ ਪੰਜਾਂ ਸਿੰਘਾਂ ਨੇ ਇਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਮਨਮੱਤਾਂ ਕਰਨ ਬਾਰੇ ਵਰਜਿਆ ਨਹੀਂ? ਮੈਂ ਇਸ ਬਾਰੇ ਜਦੋਂ ਇੱਕ ਸੱਜਣ ਨਾਲ਼ ਵਿਚਾਰ ਕੀਤੀ ਤਾਂ ਉਹ ਕਹਿਣ ਲੱਗਾ ਕਿ ਹੁਣ ਇਨ੍ਹਾਂ ਡੇਰਿਆਂ ਵਾਲ਼ਿਆਂ ਨੇ ਅੰਮ੍ਰਿਤ ਵੀ ਆਪਣਾ ਆਪਣਾ ਬਣਾ ਲਿਆ ਹੈ ਤੇ ਸੰਭਵ ਹੈ ਕਿ ਇਹ ਆਪਣਾ ਹੀ ਕੋਡ ਆਫ਼ ਕੰਡਕਟ ਦੱਸਦੇ ਹੋਣ।
ਇਕ ਹੋਰ ਸਿੰਘ ਨਾਲ਼ ਵਿਚਾਰ ਹੋਈ ਤਾਂ ਉਸ ਨੇ ਵੀ ਆਪਣਾ ਤਜਰਬਾ ਦੱਸਦਿਆਂ ਕਿਹਾ ਕਿ ਉਹ ਇੱਕ ਵਾਰੀ ਸਿੰਘਾਂ ਦੇ ਘਰ ਮੁਰੰਮਤ ਦਾ ਕੰਮ ਕਰਨ ਗਿਆ। ਕੰਮ ਕਰਨ ਲਈ ਉਸ ਨੂੰ ਬੈੱਡਰੂਮ ਵਿੱਚ ਜਾਣਾ ਪੈਣਾ ਸੀ। ਘਰ ਦਿਆਂ ਵਲੋਂ ਉਹਨੂੰ ਜੋੜਾ ਉਤਾਰਨ ਲਈ ਕਿਹਾ ਗਿਆ। ਉਹਨੇ ਸਮਝਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ ਪਰ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਨੇ ਸਜੇ ਹੋਏ ਪਲੰਘ ਉਪਰ ਚੱਪਲਾਂ ਦਾ ਜੋੜਾ ਰੱਖਿਆ ਹੋਇਆ ਦੇਖਿਆ। ਇਹ ਘਰ ਉਸ ਮਰਹੂਮ ਬਾਬੇ ਦਾ ਸੀ ਜਿਸ ਨੇ ਸਾਰੀ ਉਮਰ ਲੋਕਾਂ ਨੂੰ ਧਾਗੇ ਤਵੀਤਾਂ ਦੇ ਚੱਕਰਾਂ ਵਿੱਚ ਪਾ ਕੇ ਲੁੱਟਿਆ ਤੇ ਉਹ ਕਈ ਸਾਲ ਇੱਕ ਡੇਰੇ ਦਾ ਸੰਚਾਲਕ ਰਿਹਾ ਜਿੱਥੇ ਅੰਮ੍ਰਿਤਧਾਰੀ ਵੀ ਪਹਿਲਾਂ ਉਸ ਨੂੰ ਮੱਥਾ ਟੇਕਦੇ ਤੇ ਫੇਰ ਸ੍ਰੀ ਗੁਰੂ ਗ੍ਰੰਥ ਸਹਿਬ ਨੂੰ ਮੱਥਾ ਟੇਕਣ ਲਈ ਦਰਬਾਰ ਵਿੱਚ ਜਾਂਦੇ। ਸਰਕਾਰੇ ਦਰਬਾਰੇ ਪਹੁੰਚ ਹੋਣ ਕਰ ਕੇ ਉਹ ਗ਼ਲਤ ਅੰਸਰਾਂ ਦੀਆਂ ਪੈਰਵਾਈਆਂ ਵੀ ਕਰਦਾ ਰਿਹਾ। ਘਰ ਦਿਆਂ ਤੋਂ ਪਤਾ ਲੱਗਿਆ ਕਿ ਬੇਅੰਤ ‘ਸ਼ਰਧਾਲੂ’ ਹੁਣ ਇੱਥੇ ਆ ਕੇ ‘ਬਾਬਾ ਜੀ’ ਦੀਆਂ ਚਪਲਾਂ ਨੂੰ ਮੱਥਾ ਟੇਕਦੇ ਹਨ ਤੇ ਚੜ੍ਹਾਵਾ ਚੜ੍ਹਾਉਂਦੇ ਹਨ।
ਖ਼ਾਲਸਾ ਜੀ ਆਉ, ਇਹੋ ਜਿਹੇ ਪਖੰਡੀਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰੀਏ। ਗੁਰੂ ਨਾਨਕ ਦੀ ਸਿੱਖੀ ਦਾ ਹੋਕਾ ਦੇਈਏ ਨਹੀਂ ਤਾਂ ਅਸੀਂ ਆਉਣ ਵਾਲ਼ੀ ਪੀੜ੍ਹੀ ਨੂੰ ਅੰਨ੍ਹੇ ਖੂਹ ਵਿੱਚ ਧੱਕਾ ਦੇ ਰਹੇ ਹੋਵਾਂਗੇ।
ਨਿਰਮਲ ਸਿੰਘ ਕੰਧਾਲਵੀ
.