.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧ ਸਟੀਕ

(ਲੋੜੀਂਦੀ ਗੁਰਮੱਤ ਵਿਚਾਰ ਸਹਿਤ) (ਭਾਗ ੧)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ, ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਵਾਰ ਮਾਝ ਕੀ, ਮਹਲਾ ੧- ਇਹ ਵਾਰ, “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਪੰਨਾਂ ਨੰ: ੧੩੭ ਤੋਂ ੧੫੮ ਤੱਕ ਦਰਜ ਹੈ ਅਤੇ ਪਹਿਲੇ ਪਾਤਸ਼ਾਹ, ਗੁਰੂ ਨਾਨਕ ਸਾਹਿਬ ਦੀ ਰਚਨਾ ਹੈ। ਇਤਿਹਾਸਕਾਰਾਂ ਅਨੁਸਾਰ ਇਸ ਵਾਰ ਦਾ ਰਚਨਾ ਕਾਲ, ਗੁਰੂ ਨਾਨਕ ਪਾਤਸ਼ਾਹ ਦਾ, ਕਰਤਾਰਪੁਰ ਸਾਹਿਬ ਦਾ ਨਿਵਾਸ ਵਾਲਾ ਸਮਾਂ ਹੀ ਮੰਨਿਆਂ ਜਾਂਦਾ ਹੈ। ਇਸ ਵਾਰ `ਚ ਕੁਲ ੨੭ ਪਉੜੀਆਂ ਤੇ ੬੩ ਸਲੋਕ ਹਨ। ਉਪ੍ਰੰਤ ਇਨ੍ਹਾਂ ੬੩ ਸਲੋਕਾਂ `ਚ ੪੮ ਸਲੋਕ ਪਹਿਲੇ ਪਾਤਸ਼ਾਹ ਦੇ, ਦਸ ਸਲੋਕ ਦੂਜੇ ਪਾਤਸ਼ਾਹ ਦੇ, ਤਿੰਨ ਸਲੋਕ ਤੀਜੇ ਪਾਤਸ਼ਾਹ ਦੇ ਅਤੇ ਚਾਰ ਸਲੋਕ ਚੌਥੇ ਪਾਤਸ਼ਾਹ ਦੇ ਹਨ। ਉਥੇ ਇਸ ਵਾਰ ਦਾ ਸਿਰਲੇਖ ਹੈ “ਵਾਰ ਮਾਝ ਕੀ ਤਥਾ ਸਲੋਕ ਮਹਲਾ ੧”। ਜਿਸ ਦੇ ਅਰਥ ਹਨ ਕਿ ਇਹ ਵਾਰ ਮਾਝ ਰਾਗ `ਚ ਪਹਿਲੇ ਪਾਤਸ਼ਾਹ ਦੀ ਰਚਨਾ ਹੈ। ਉਪ੍ਰੰਤ ‘ਤਥਾ ਸਲੋਕ’ ਦੇ ਅਰਥ ਹਨ, ਪਹਿਲੇ ਪਾਤਸ਼ਾਹ ਨੇ ਜਦੋਂ ਇਸ ਵਾਰ ਦੀ ਰਚਨਾ ਕੀਤੀ ਤਾਂ ਸਲੋਕ ਇਸ ਵਾਰ ਦਾ ਹਿੱਸਾ ਨਹੀਂ ਸਨ।

ਇਸ ਤਰ੍ਹਾਂ ਜਦੋਂ ਵਾਰ ਦੀ ਬਣਤਰ ਨੂੰ ਗਹੁ ਨਾਲ ਵਿਚਾਰਿਆ ਜਾਵੇ ਤਾਂ ਵੀ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇਹ ਵਾਰ ਗੁਰਦੇਵ ਨੇ ਨਿਰੋਲ ਇਕਾਂਤ ਸਥਾਨ `ਤੇ ਬੈਠ ਕੇ ਲਿਖੀ ਹੈ। ਇਹ ਅੰਦਾਜ਼ਾ ਇਸ ਗੱਲ ਤੋਂ ਵੀ ਹੁੰਦਾ ਹੈ ਕਿ ਇਸ ਵਾਰ ਦੀ ਹਰੇਕ ਪਉੜੀ ਦੀ ਬਨਾਵਟ ਇੱਕ ਸਾਰ, ਇਕੋ ਜਿਹੀ ਅਤੇ ਕਾਵ ਸ਼ੈਲੀ ਨੂੰ ਪੂਰੀ ਤਰ੍ਹਾਂ ਧਿਆਨ `ਚ ਰਖ ਕੇ ਕੀਤੀ ਹੋਈ ਹੈ। ਇਥੇ ਹਰੇਕ ਪਉੜੀ `ਚ ਅੱਠ ਅੱਠ ਪੰਕਤੀਆਂ ਹਨ ਤੇ ਉਹ ਵੀ ਇਕੋ ਚਾਲ ਤੇ ਬਣਤਰ ਅਨੁਸਾਰ। ਪੰਥ ਦੀ ਚਲਦੀ ਫ਼ਿਰਦੀ ਯੁਨੀਵਰਿਸਿਟੀ ਪ੍ਰੋ: ਸਾਹਿਬ ਸਿੰਘ ਜੀ ਅਨੁਸਾਰ ਵੀ, ਗੁਰਦੇਵ ਦੀ ਇਸ ਵਾਰ ਦਾ ਰਚਨਾ ਕਾਲ, ਗੁਰਦੇਵ ਦਾ ਪੂਰਣ ਟਿਕਾਅ ਵਾਲਾ ਸਮਾਂ ਭਾਵ ਕਰਤਾਰ ਪੁਰ ਸਾਹਿਬ ਦਾ ਨਿਵਾਸ ਹੀ ਹੈ।

ਉਂਝ ਵੀ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵਾਰਾਂ ਦੀ ਕੁਲ ਗਿਣਤੀ ਬਾਈ ਹੈ। ਜਦਕਿ ਇਹ ਸਾਰੀਆਂ ਵਾਰਾਂ ਇੱਕ ਇੱਕ ਤੇ ਵੱਖ ਵੱਖ ਵਿਸ਼ੇ ਨੂੰ ਲੈ ਕੇ ਪਉੜੀਆਂ ਦੇ ਨਾਲ ਨਾਲ ਲੜੀਆਂ ਦੇ ਰੂਪ `ਚ ਹਨ। ਠੀਕ ਉਸੇ ਤਰ੍ਹਾਂ ਜਿਵੇਂ ਕਿਸੇ ਉੱਚੀ ਬਲਕਿ ਬਹੁਤ ਉੱਚੀ ਮੰਜ਼ਿਲ `ਤੇ ਚੜ੍ਹਣ ਲਈ ਵੀ, ਪਉੜੀਆਂ ਚੜ੍ਹਣ ਲਈ, ਇੱਕ ਇੱਕ ਪਉੜੀ ਕਰ ਕੇ ਹੀ ਚੜ੍ਹਿਆ ਜਾ ਸਕਦਾ ਹੈ, ਸਿਧੀ ਛਲਾਂਗ ਲਗਾ ਕੇ ਨਹੀਂ। ਜਦਕਿ ਅਜੋਕੇ ਸਮੇਂ ਲਿਫ਼ਟਾਂ ਰਾਹੀਂ ਵੀ ਮੰਜ਼ਿਲ ਤੋਂ ਬਾਅਦ ਮੰਜ਼ਿਲ ਟੱਪ ਕੇ ਹੀ ਚੜ੍ਹਿਆ ਜਾਂਦਾ ਹੈ, ਇੱਕ ਦੰਮ ਨਹੀਂ। ਇਸ ਤਰ੍ਹਾਂ ਗੁਰਬਾਣੀ ਵਿਚਲੀਆਂ ਇਹ ਬਾਈ ਵਾਰਾਂ ਵੀ ਜਗਿਆਸੂ ਨੂੰ ਸੰਸਾਰ ਦੇ ਅਤਿ ਹੇਠਲੇ ਤੇ ਬਿਵਣ ਵਾਲੇ ਤਲ ਤੋਂ ਚੁੱਕ ਕੇ, ਸਿਧਾ ਆਤਮਕ ਤੌਰ `ਤੇ ਜੀਵਨ-ਦਾਤੇ ਅਕਾਲ ਪੁਰਖ ਨਾਲ ਜੋੜਣ `ਚ ਸਮ੍ਰਥ ਹਨ। ਫ਼ਿਰ ਕੇਵਲ ਇਹੀ ਨਹੀਂ, ਗੁਰਬਾਣੀ ਅੰਦਰ ਬਾਣੀ ਜਪੁ ਤੋਂ ਅਰੰਭ ਕਰ ਕੇ ਗੁਰਬਾਣੀ ਖਜ਼ਾਨੇ `ਚ ਜਿਤਣੀਆਂ ਵੀ ਲੰਮੀਆਂ ਰਚਨਾਵਾਂ ਹਨ, ਸਾਰੀਆਂ ਇੱਕ ਇੱਕ ਲੜੀ `ਚ ਹਨ। ਇਸ ਤਰ੍ਹਾਂ ਅਰੰਭਕ ਬਾਣੀ ਕੇਵਲ ਜਪੁ ਹੀ ਨਹੀਂ ਬਲਕਿ ਬਾਣੀ ਸੁਖਮਨੀ ਸਾਹਿਬ, ਸਿਧ ਗੋਸ਼ਟ, ਅਨੰਦ ਸਾਹਿਬ ਆਦਿ ਕੁੱਝ ਹੋਰ ਬਾਣੀਆਂ ਵੀ ਇਸੇ ਗਿਣਤੀ `ਚ ਆਉਂਦੀਆਂ ਹਨ।

ਵਾਰਾਂ `ਚ ਸਲੋਕਾਂ ਸਬੰਧੀ-ਇਸ ਤੋਂ ਇਲਾਵਾ ਇਹ ਵੀ ਦੇਖਣਾ ਹੈ ਕਿ ਇਸ ਵਾਰ ਦੇ ਸਿਰਲੇਖ `ਚ ਜੋ ‘ਤਥਾ ਸਲੋਕ’ ਵਾਲਾ ਲਫ਼ਜ਼ ਆਇਆ ਹੈ ਤਾਂ ਉਹ ਕੀ ਹੈ? ਦਰਅਸਲ ਇਹ ਲਫ਼ਜ਼ ਕੇਵਲ ਇਥੇ ਹੀ ਨਹੀਂ ਆਇਆ, ਬਲਕਿ ਹੋਰ ਵੀ ਕੁੱਝ ਵਾਰਾਂ ਦੇ ਸਿਰਲੇਖਾਂ `ਚ ਇਸੇ ਤਰ੍ਹਾਂ ਆਇਆ ਹੈ ਜਿਵੇਂ “ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ” (ਪੰ: ੮੩) “॥ ਆਸਾ ਮਹਲਾ ੧॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ. .” (ਪੰ: ੪੬੨), “ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ” (ਪੰ: ੭੦੫) “ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩” (ਪੰ: ੭੮੫)। ਉਪ੍ਰੰਤ ਜਦੋਂ ਇਨ੍ਹਾਂ ਵਾਰਾਂ ਅੰਦਰੋਂ ਦਰਸ਼ਨ ਕਰਦੇ ਹਾਂ ਤਾਂ ਲਗਭਗ ਹਰੇਕ ਵਾਰ `ਚ ਪਉੜੀਆਂ ਦੇ ਨਾਲ ਨਾਲ ਕੁੱਝ ਸਲੋਕ ਵੀ ਦਰਜ ਹੋਏ ਹਨ।

ਇਸ ਤਰ੍ਹਾਂ ਵਾਰਾਂ `ਚ ਜੋ ਸਲੋਕ ਦਰਜ ਹੋਏ ਹਨ, ਵਾਰਾਂ ਦੇ ਉਪ੍ਰੋਕਤ ਸਿਰਲੇਖਾਂ `ਤੇ ਦਿੱਤੀ ਹੋਈ ਸੂਚਨਾ ‘ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਾਰੇ ਸਲੋਕ ਕਦੇ ਵੀ, ਮੂਲ ਵਾਰਾਂ ਦਾ ਹਿੱਸਾ ਨਹੀਂ ਸਨ। ਜਦੋਂ ਇਸ ਬਾਰੇ ਹੋਰ ਵੇਰਵੇ `ਚ ਜਾਂਦੇ ਹਾਂ ਤਾਂ ਵਾਰਾਂ ਵਿਚਲੀਆਂ ਗਵਾਹੀਆਂ ਤੋਂ ਵੀ ਇਸ ਬਾਰੇ ਬਹੁਤੇਰੇ ਸਬੂਤ ਮਿਲ ਜਾਂਦੇ ਹਨ। ਬਲਕਿ ਉਨ੍ਹਾਂ ਹੀ ਸਬੂਤਾਂ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਵਾਰਾਂ `ਚ ਸਲੋਕ ਪੰਜਵੇਂ ਪਾਤਸ਼ਾਹ ਨੇ ਬਾਣੀ ਨੂੰ ਤਰਤੀਬ ਦੇਣ ਸਮੇਂ ਅਤੇ ‘ਆਦਿ ਬੀੜ’ ਦੀ ਸੰਪਾਦਨਾ ਸਮੇਂ ਆਪ ਜੋੜੇ ਹਨ। ਇਹੀ ਨਹੀਂ, ਇਸ ਦੇ ਲਈ ਇੱਕ ਹੋਰ ਬਹੁਤ ਵੱਡਾ ਸਬੂਤ ਇਹ ਵੀ ਹੈ ਕਿ ਗੁਰਦੇਵ ਨੇ ਜੋ ਸਲੋਕ ਵਾਰਾਂ `ਚ ਨਹੀਂ ਜੋੜੇ ਉਨ੍ਹਾਂ ਨੂੰ ਇੱਕ ਵੱਖਰਾ ਸਿਰਲੇਖ “ਸਲੋਕ ਵਾਰਾਂ ਤੇ ਵਧੀਕ” ਵਾਲਾ ਦੇ ਦਿੱਤਾ। ਦਰਅਸਲ ਇਹ ਇਕੱਲਾ ਸਿਰਲੇਖ ਹੀ, ਵਾਰਾਂ ਵਿਚਲੀ ਸਲੋਕਾਂ ਸਬੰਧੀ ਇਸ ਸਚਾਈ ਨੂੰ ਪ੍ਰਗਟ ਕਰ ਦਿੰਦਾ ਹੈ। ਇਸ ਤਰ੍ਹਾਂ ਇਹ ਵਿਸ਼ਾ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀਆਂ ਅਜੋਕੀਆਂ ਬੀੜਾਂ ਦੇ ਪੰਨਾਂ ਨੰ: ੧੪੧੦ `ਤੇ “ਸਲੋਕ ਵਾਰਾਂ ਤੇ ਵਧੀਕ” ਦੇ ਸਿਰਲੇਖ ਹੇਠ ਦਰਜ ਹਨ।

ਇਤਨਾ ਹੀ ਨਹੀਂ, ਫ਼ਿਰ ਜਦੋਂ ਕੇਵਲ ਸਲੋਕਾਂ ਦੇ ਵਿਸ਼ੇ ਨੂੰ ਲੈ ਕੇ ਗੁਰਬਾਣੀ ਦੇ ਖਜ਼ਾਨੇ ਵਿੱਚੋਂ ਹੋਰ ਦਰਸ਼ਨ ਕਰਦੇ ਹਾਂ ਤਾਂ ਸਲੋਕਾਂ ਦੀਆਂ ਲੜੀਆਂ `ਚ ਹੀ ਉਥੇ ਸਾਨੂੰ ਕਬੀਰ ਸਾਹਿਬ ਦੇ, ਫ਼ਰੀਦ ਸਾਹਿਬ ਦੇ, ਨੌਵੇਂ ਪਾਤਸ਼ਾਹ ਦੇ ੳਪ੍ਰੰਤ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੰਪੂਰਣਤਾ ਸਮੇਂ ਪੰਜਵੇਂ ਪਾਤਸ਼ਾਹ ਦੇ ਦੋ ਹੋਰ ਸਲੋਕ ਵੀ ਮਿਲਦੇ ਹਨ। ਇਸ ਤਰ੍ਹਾਂ, ਇਸ ਸਿਲਸਿਲੇ `ਚ ਚੂੰਕਿ ਸਾਰੀਆਂ ਵਾਰਾਂ ਹੀ ਗੁਰੂ ਹਸਤੀਆਂ ਦੀ ਹਨ, ਸ਼ਾਇਦ ਇਸੇ ਲਈ ਗੁਰਦੇਵ ਨੇ ਗੁਰਬਾਣੀ ਸੇ ਸੰਗ੍ਰਿਹ ਭਾਵ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਫ਼ਰੀਦ ਸਾਹਿਬ ਤੇ ਕਬੀਰ ਸਾਹਿਬ ਦੇ ਸਲੋਕਾਂ ਨੂੰ ਵੱਖਰੇ ਸਿਰਲੇਖ ਨਾਲ ਅਤੇ ਵੱਖਰਾ ਸਥਾਨ ਦਿੱਤਾ। ਇਸੇ ਤਰ੍ਹਾਂ ਨੋਂਵੇ ਪਾਤਸ਼ਾਹ ਦੇ ਸਲੋਕ ਵੀ ਚੂੰਕਿ “ਆਦਿ ਬੀੜ” ਦੀ ਸੰਪਾਦਨਾ ਤੋਂ ਬਾਅਦ ਲਿਖੇ ਗਏ ਸਨ। ਇਸ ਲਈ ਉਨ੍ਹਾਂ ਸਲੋਕਾਂ ਨੂੰ ਵੀ ਦਸਮੇਸ਼ ਜੀ ਨੇ ਵੱਖਰਾ ਸਿਰਲੇਖ ਦੇ ਕੇ ਆਦਿ ਬੀੜ ਦੀ ਸੰਪੂਰਣਤਾ ਤੋਂ ਪਹਿਲਾਂ ਦਰਜ ਕੀਤਾ।

ਇਸ ਤਰ੍ਹਾਂ ਇਹ ਸਾਰੇ ਸਲੋਕ ਵੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀਆਂ ਅਜੋਕੀਆ ਬੀੜਾਂ `ਚ ਇਸ ਤਰ੍ਹਾਂ ਦਰਜ ਹਨ: “ਸਲੋਕ ਭਗਤ ਕਬੀਰ ਜੀਉ ਕੇ” (ਪੰ: ੧੩੬੪), “ਸਲੋਕ ਸੇਖ ਫਰੀਦ ਕੇ” (ਪੰ: ੧੩੭੭) ਅਤੇ “ਸਲੋਕ ਮਹਲਾ ੯” (ਪੰ: ੧੪੨੬)। ਇਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਦੇ ਆਪਣੇ ਕੇਵਲ ਦੋ ਸਲੋਕ ਹੋਰ ਵੀ ਹਨ। ਤਾਂ ਤੇ ਇਨ੍ਹਾਂ ਦੋ ਦਲੋਕਾਂ ਨੂੰ ਵੀ ਪੰ: ੧੪੨੯ `ਤੇ ਦੋ ਵੱਖ ਵੱਖ ਸਿਰਲੇਖ ਦੇ ਕੇ ਇਸ ਤਰ੍ਹਾਂ ਦਰਜ ਕੀਤਾ ਹੋਇਆ ਹੈ ਜਿਵੇਂ “ਮੁੰਦਾਵਣੀ ਮਹਲਾ ੫॥” ਥਾਲ ਵਿਚਿ ਤਿੰਨਿ ਵਸਤੂ ਪਈਓ….” ਅਤੇ “ਸਲੋਕ ਮਹਲਾ ੫॥” ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ….” ਉਪ੍ਰੰਤ ਅਰਥਾਂ ਪੱਖੋਂ ਇਨ੍ਹਾਂ ਦੋਨਾਂ ਸਲੋਕਾਂ ਦੇ ਵੇਰਵੇ `ਚ ਜਾਵੋ ਤਾਂ ਇਥੇ ਵੀ ਵਿਸ਼ਾ ਦਿਨ ਦੇ ਚਾਨਣੇ ਵਾਂਗ ਸਪਸ਼ਟ ਹੋ ਜਾਂਦਾ ਹੈ। ਇਥੇ ਵੀ ਦੇਖਣਾ ਹੈ ਕਿ ‘ਆਦਿ ਬੀੜ’ ਦੀ ਸੰਪਾਦਨਾ ਵੀ ਪੰਜਵੇਂ ਪਾਤਸ਼ਾਹ ਨੇ ਆਪ ਕੀਤੀ ਤੇ ਬਾਣੀ ਨੂੰ ਤਰਤੀਬ ਵੀ ਪੰਜਵੇਂ ਗੁਰਦੇਵ ਨੇ ਆਪ ਦਿੱਤੀ। ਤਾਂ ਤੇ ਦੀਰਘ ਵਿਚਾਰ ਦਾ ਵਿਸ਼ਾ ਇਹ ਹੈ ਕਿ ਉਹ ਕਿਹੜਾ ਖਾਸ ਕਾਰਨ ਹੈ ਜੋ ਗੁਰਦੇਵ ਨੇ ਸਲੋਕਾਂ ਸਬੰਧੀ ਆਪਣੀ ਬਣਾਈ ਹੋਈ ਤਰਤੀਬ ਨੂੰ ਇਥੇ ਪੁੱਜ ਕੇ, ਆਪ ਹੀ ਤੋੜ ਵੀ ਦਿੱਤਾ ਤਾਂ ਕਿਉਂ? ਸਲੋਕਾਂ ਸਬੰਧੀ ਆਪਣੀਆਂ ਬਣਾਈਆਂ ਹੋਈਆਂ ਲੀਹਾਂ ਨੂੰ ਗੁਰਦੇਵ ਨੇ ਆਪ ਹੀ ਤੋੜਿਆ ਵੀ, ਤਾਂ ਕਿਉਂ?

ਇਸ ਤਰ੍ਰ੍ਹਾਂ ਜਦੋਂ ਇਨ੍ਹਾਂ ਸਲੋਕਾਂ ਦੇ ਅਰਥਾਂ ਵੱਲ ਜਾਂਦੇ ਹਾਂ ਤਾਂ ਇਸ ਸਾਰੇ ਦਾ ਕਾਰਨ ਵੀ ਆਪਣੇ ਆਪ ਤੇ ਸਹਿਜੇ ਹੀ ਸਪਸ਼ਟ ਹੋ ਜਾਂਦਾ ਹੈ। ਇਨ੍ਹਾਂ ਸਲੋਕਾਂ `ਚ ਪਹਿਲਾ ਸਲੋਕ ਹੈ “ਮੁੰਦਾਵਣੀ ਮਹਲਾ ੫॥” “ਥਾਲ ਵਿਚਿ ਤਿੰਨਿ ਵਸਤੂ ਪਈਓ….” ਜੋ ਬਾਣੀ ਦੀ ਸੰਪੂਰਣਤਾ ਸਬੰਧੀ ਸਪਸ਼ਟ ਸੂਚਨਾ ਵੀ ਦੇ ਰਿਹਾ ਹੈ। ਜਦਕਿ ਇਸੇ ਲੜੀ `ਚ ਤੇ ਇਸ ਤੋਂ ਬਾਅਦ ਦੂਜਾ ਸਲੋਕ ਹੈ “ਸਲੋਕ ਮਹਲਾ ੫॥ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ….”। ਇਹ ਸਲੋਕ ਗੁਰਦੇਵ ਰਾਹੀਂ ਬਾਣੀ ਰਚਨਾ ਦੀ ਸੰਪੂਰਣਤਾ ਨੂੰ ਸਪਸ਼ਟ ਕਰਣ ਉਪ੍ਰੰਤ, ਸਪਸ਼ਟ ਹੀ ਅਕਾਲ ਪੁਰਖ ਦੇ ਸ਼ੁਕਰਾਣੇ ਨਾਲ ਸਬੰਧਤ ਹੈ।

ਇਥੋਂ ਇਹ ਵੀ ਆਪ ਮੁਹਾਰੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਜਦੋਂ ਸੰਪੂਰਣ ਬਾਣੀ ਦੀ ਸੰਪਾਦਨਾ ਤੇ ਤਰਤੀਬ ਪੰਜਵੇਂ ਪਾਤਸ਼ਾਹ ਦੇ ਕਰ ਕਮਲਾਂ ਤੋਂ ਸਿਰੇ ਚੜ੍ਹੀ ਤਾਂ ਯਕੀਨਣ ਇਸ ਸਬੰਧ `ਚ ਸੰਪੂਰਣਤਾ ਸਬੰਧੀ ਸੂਚਨਾ ਅਤੇ ਅਕਾਲ ਪੁਰਖ ਦਾ ਇਸ ਸਬੰਧੀ ਸ਼ੁਕਰਾਣਾ ਵੀ, ਨਿਮ੍ਰਤਾ ਦੇ ਪੁੰਜ, ਪੰਜਵੇਂ ਗੁਰਦੇਵ ਨੇ ਆਪ ਹੀ ਕਰਣਾ ਸੀ ਅਤੇ ਉਹ ਵੀ ਉਚੇਚੇ ਤੌਰ `ਤੇ। ਇਸੇ ਕਾਰਨ, ਇਥੇ ਨਾ ਹੀ ਸਲੋਕਾਂ ਦੀ ਤਰਤੀਬ ਵਾਲੇ ਵਿਸ਼ੇ ਦਾ ਸਬੰਧ ਰਹਿ ਗਿਆ ਸੀ ਤੇ ਨਾ ਹੀ ਇਹ ਦੋਵੇਂ ਇੱਕ ਦੂਜੇ ਨਾਲ ਸਬੰਧਤ ਸਲੋਕ ਜਾਂ ਰਚਨਾਵਾਂ, ਪੰਜਵੇਂ ਪਾਤਸ਼ਾਹ ਤੋਂ ਬਿਨਾ ਕਿਸੇ ਹੋਰ ਲਿਖਾਰੀ ਵੱਲੋਂ ਹੀ ਹੋਣੀਆਂ ਸਨ।

ਇਸ ਲਈ ਵਾਰਾਂ ਸਬੰਧੀ ਅਰਥ ਵਿਚਾਰ ਤੋਂ ਪਹਿਲਾਂ, ਵਾਰਾਂ ਦੀਆਂ ਪਉੜੀਆਂ ਨਾਲ ਸਬੰਧਤ, ਵਾਰਾਂ ਵਿਚਲੇ ਇਨ੍ਹਾਂ ਸਲੋਕਾਂ ਵਾਲੇ ਵਿਸ਼ੇ ਦੀ ਤਹਿ `ਚ ਜਾਣਾ ਵੀ ਬਹੁਤ ਜ਼ਰੂਰੀ ਸੀ। ਫ਼ਿਰ ਵੀ ਜੇ ਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਤਾਂ ਇਹ ਵੀ ਸੰਭਵ ਹੈ ਕਿ ਕੋਈ ਵੀ ਸੱਜਨ ਡਿੰਗੇ ਟੇੜ੍ਹੇ ਢੰਗ ਨਾਲ ਵਾਰਾਂ ਦੇ ਮਨ ਮਰਜ਼ੀ ਦੇ ਅਰਥ ਤਾਂ ਕਰ ਲਵੇ। ਇਸ ਤਰ੍ਹਾਂ ਇਹ ਵੀ ਸੰਭਵ ਹੈ ਕਿ ਅਜਿਹਾ ਸੱਜਨ, ਆਪਣੀ ਤਸੱਲੀ ਵੀ ਕਰ ਲਵੇ ਕਿ ਮੈਂ ਵਾਰ ਦੇ ਬਹੁਤ ਵਧੀਆਂ ਅਰਥ ਕਰ ਦਿੱਤੇ ਹਨ। ਇਸ ਤੋਂ ਬਾਅਦ ਇਹ ਵੀ ਸੰਭਵ ਹੈ ਕਿ ਅਜੋਕੇ ਕਮਜ਼ੋਰ ਤੇ ਅਣ-ਅਧੀਕਾਰੀ ਗੁਰਮੱਤ ਪ੍ਰਚਾਰ ਦੇ ਯੁੱਗ `ਚ, ਇਨ੍ਹਾਂ ਵਾਰਾਂ ਨਾਲ ਸਬੰਧਤ, ਆਪਣੇ ਰਾਹੀਂ ਮਨ ਮਰਜ਼ੀ ਦੇ ਕੀਤੇ ਅਰਥਾਂ, ਕਥਾਵਾਂ ਤੇ ਵਿਆਖਿਆਵਾਂ ਪ੍ਰਤੀ ਬਹੁਤੀਆਂ ਸੰਗਤਾਂ ਤੋਂ ਵਾਹ ਵਾਹ ਤੇ ਤਗ਼ਮੇ ਲੈਣ `ਚ ਵੀ ਸਫ਼ਲ ਹੋ ਜਾਵੇ।

ਜਦਕਿ ਇਸ ਸਾਰੇ ਦੇ ਬਾਵਜੂਦ, ਜੇ ਕਰ ਇਸੇ ਤਰ੍ਹਾਂ ਹੀ ਚਲਦਾ ਗਿਆ ਤਾਂ ਇਹ ਸੰਭਵ ਹੈ ਕਿ ਇਨ੍ਹਾਂ ਵਾਰਾਂ ਅਤੇ ਸਮੂਚੀ ਗੁਰਬਾਣੀ ਰਚਨਾ ਰਾਹੀਂ ਗੁਰਦੇਵ ਵੱਲੋਂ, ਗੁਰੂ ਕੀਆਂ ਸੰਗਤਾਂ ਲਈ ਜੋ ਇਲਾਹੀ ਆਦੇਸ਼, ਪੈਗ਼ਾਮ ਤੇ ਸਿਖਿਆਵਾਂ ਦਿੱਤੀਆਂ ਜਾ ਰਹੀਆਂ ਹਨ। ਉਪ੍ਰੰਤ ਗੁਰਬਾਣੀ ਦੀ ਸੇਧ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਅਨੁਸਾਰ ਜਿਹੜੀ ਜੀਵਨ ਜਾਚ ਸਿਖਾਈ ਤੇ ਪ੍ਰਗਟ ਕੀਤੀ ਜਾ ਰਹੀ ਹੈ, ਅਸੀਂ ਉਸ ਦੇ ਵਾਰਿਸ ਵੀ ਨਾ ਬਣ ਸਕੀਏ। ਇਸ ਲਈ ਇਸ ਵਿਸ਼ੇ ਵੱਲ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਸੀ। ਇਸ ਤਰ੍ਹਾਂ ਇਸ ਵਿਚਾਰ ਲੜੀ `ਚ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਖਾਸ ਤੌਰ `ਤੇ ਜਦੋਂ ਕੁੱਝ ਵਾਰਾਂ ਦੇ ਸਿਰਲੇਖਾਂ `ਚ ਗੁਰਦੇਵ ਨੇ ਸਲੋਕਾਂ ਸਬੰਧੀ ਜੋ ਸੂਚਨਾ ਦਿੱਤੀ ਹੈ ਤਾਂ ਕਿਉਂ? ਸਪਸ਼ਟ ਹੈ ਕਿ ਜਦੋਂ ਗੁਰਦੇਵ ਨੇ ਆਦਿ ਬੀੜ ਦੀ ਸੰਪਾਦਨਾ ਤੇ ਬਾਣੀ ਨੂੰ ਤਰਤੀਬ ਦੇਣ ਸਮੇਂ, ਉਚੇਚੇ ਇਹ ਸੂਚਨਾ ਦਿੱਤੀ ਤਾਂ ਇਸ ਦਾ ਕੁੱਝ ਨਾ ਕੁੱਝ ਮਕਸਦ ਜ਼ਰੂਰ ਹੈ। ਫ਼ਿਰ ਉਹ ਵੀ ਉਦੋ, ਜਦੋਂ ਇਹ ਸੂਚਨਾ ਵੀ ਗੁਰਦੇਵ ਨੇ ਆਪ ਦਿੱਤੀ ਹੋਈ ਹੋਵੇ, ਕਿਸੇ ਹੋਰ ਨੇ ਨਹੀਂ।

ਵਾਰਾਂ `ਚ ਸਲੋਕਾਂ ਦਾ ਮਕਸਦ? -ਤਾਂ ਤੇ ਇਸ ਸਚਾਈ ਨੂੰ ਦ੍ਰਿੜ ਕਰ ਕੇ ਸਮਝਣਾ ਹੈ ਕਿ ਇਨ੍ਹਾਂ ਵਾਰਾਂ `ਚ ਗੁਰਦੇਵ ਰਾਹੀਂ ਜੋੜੇ ਗਏ ਇਹ ਸਲੋਕ ਬੇਮਕਸਦ ਨਹੀਂ ਹਨ। ਦਰਅਸਲ, ਗੁਰਦੇਵ ਨੇ ਇਨ੍ਹਾਂ ਬਾਈ ਵਾਰਾਂ `ਚੋਂ ਵੀਹ ਵਾਰਾਂ `ਚ, ਹਰੇਕ ਪਉੜੀ ਤੋਂ ਬਾਅਦ ਦੋ ਤੋਂ ਲੈ ਕੇ ਸੱਤ ਦੀ ਗਿਣਤੀ ਤੱਕ ਸਲੋਕ ਜੋੜੇ ਹੋਏ ਹਨ। ਇਸ ਤਰ੍ਹਾਂ ਇਨ੍ਹਾਂ ਬਾਈ ਵਾਰਾਂ `ਚੋਂ ਬੇਸ਼ੱਕ ਦੋ ਵਾਰਾਂ ਅਜਿਹੀਆਂ ਵੀ ਹਨ ਜਿਨ੍ਹਾਂ ਵਾਰਾਂ `ਚ ਗੁਰਦੇਵ ਨੇ ਸਲੋਕ ਨਹੀਂ ਜੋੜੇ। ਇਸ ਤਰ੍ਹਾਂ ਜਿਨ੍ਹਾਂ ਵਾਰਾਂ `ਚ ਗੁਰਦੇਵ ਨੇ ਸਲੋਕ ਨਹੀਂ ਜੋੜੇ, ਇਹ ਵਾਰਾਂ ਹਨ, (੧) “ਬਸੰਤ ਕੀ ਵਾਰ ਮਹਲਾ ੫” (ਪੰ: ੧੧੯੩) ਅਤੇ (੨) “ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮ ਆਖੀ” (ਪੰ: ੯੬੬)।

ਇਹ ਵੀ ਕਿ ਪੰਜਵੇਂ ਪਾਤਸ਼ਾਹ ਦੀ ਆਪਣੀ ਰਚਨਾ “ਬਸੰਤ ਕੀ ਵਾਰ ਮਹਲਾ ੫” `ਚ ਪਉੜੀਆਂ ਨਾਲ ਸਲੋਕ ਨਹੀਂ ਜੋੜੇ। ਉਪ੍ਰੰਤ ਇਹ ਵੀ ਕਿ ਬਾਕੀ ਵੀਹ ਵਾਰਾਂ ਤੋਂ ਹੱਟ ਕੇ, ਇਹ ਇਕੋ ਇੱਕ ਵਾਰ ਹੈ ਜਿਸ `ਚ ਕੇਵਲ ਤਿੰਨ ਪਉੜੀਆਂ ਹੀ ਹਨ। ਵਿਦਵਾਨਾਂ ਅਨੁਸਾਰ ਦਰਅਸਲ ਗੁਰਦੇਵ ਰਾਹੀਂ ਇਸ ਵਾਰ ਨੂੰ ਬਹੁਤ ਛੋਟੇ ਰੂਪ `ਚ ਦੇਣਾ ਅਤੇ ਇਸ `ਚ ਸਲੋਕਾਂ ਨੂੰ ਨਾ ਜੋੜਣਾ, ਇਸ ਦਾ ਇਕੋ ਹੀ ਮਕਸਦ ਸਾਹਮਣੇ ਆਉਂਦਾ ਹੈ। ਇਸ ਦੇ ਮਕਸਦ ਬਾਰੇ ਸਪਸ਼ਟ ਅੰਦਾਜ਼ਾ ਹੁੰਦਾ ਹੈ ਕਿ ਗੁਰਦੇਵ ਨੇ ਇਸ ਵਾਰ ਰਾਹੀਂ ਗੁਰਬਾਣੀ ਵਿਚਲੀਆਂ ਵਾਰਾਂ ਦੇ ਅਸਲ ਸਰੂਪ ਨੂੰ ਸੰਗਤਾਂ ਸਾਹਮਣੇ ਪ੍ਰਗਟ ਕੀਤਾ ਹੈ।

ਗੁਰਬਾਣੀ ਵਿਚਲੀਆਂ ਵਾਰਾਂ ਦਾ ਵੇਰਵਾ- “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਵਾਰਾਂ ਦੀ ਕੁਲ ਗਿਣਤੀ ਬਾਈ (੨੨) ਹੈ। ਇਨ੍ਹਾਂ ਬਾਈ ਵਾਰਾਂ `ਚੋ ਤਿੰਨ ਵਾਰਾਂ ਪਹਿਲੇ ਪਾਤਸ਼ਾਹ ਦੀਆਂ ਹਨ। ਜਦਕਿ ਦੂਜੇ ਪਾਤਸ਼ਾਹ ਦੀ ਕੋਈ ਵਾਰ ਨਹੀਂ। ਤੀਜੇ ਪਾਤਸ਼ਾਹ ਦੀਆਂ ਚਾਰ ਵਾਰਾਂ ਹਨ। ਉਪ੍ਰੰਤ, ਚੌਥੇ ਪਾਤਸ਼ਾਹ ਦੀਆਂ ਅੱਠ ਵਾਰਾਂ ਅਤੇ ਪੰਜਵੇਂ ਪਾਤਸ਼ਾਹ ਦੀਆਂ ਛੇ ਵਾਰਾਂ ਹਨ। ਇਸ ਤਰ੍ਹਾਂ ਗੁਰੂ ਹਸਤੀਆਂ ਦੀਆਂ ਇਨ੍ਹਾਂ ਵਾਰਾਂ ਦੀ ਗਿਣਤੀ ਇੱਕੀ ਬਣਦੀ ਹੈ। ਫ਼ਿਰ ਇਸ ਤੋਂ ਬਾਅਦ “ਇਕ ਵਾਰ ਸਤਾ ਬਲਵੰਡ ਜੀ” ਦੀ ਹੈ। ਇਸ ਤਰ੍ਹਾਂ ਗੁਰੂ ਕੀਆਂ ਸੰਗਤਾਂ ਦੇ ਗਿਆਤ ਲਈ, ਗੁਰਬਾਣੀ ਵਿਚਲੀਆਂ ਇਨ੍ਹਾਂ ਬਾਈ ਵਾਰਾਂ ਦਾ ਵੇਰਵਾ, ਹੇਠ ਦਿੱਤੇ ਅਨੁਸਾਰ ਇਸ ਤਰ੍ਹਾਂ ਹੈ:-

(੧) ਸਿਰੀ ਰਾਗ ਵਾਰ ਮਹਲਾ ੪ ਰਾਗਾ ਵਿਚਿ ਸ੍ਰੀਰਾਗੁ ਹੈ (ਪੰ: ੮੩),

(੨) ਵਾਰ ਮਾਝ ਕੀ ਮਹਲਾ ੧ ਗੁਰੁ ਦਾਤਾ ਗੁਰੁ ਹਿਵੈ ਘਰੁ (ਪੰ: ੧੩੭)

(੩) ਗਉੜੀ ਕੀ ਵਾਰ ਮਹਲਾ ੪ ਸਤਿਗੁਰੁ ਪੁਰਖੁ ਦਇਆਲੁ ਹੈ (ਪੰ: ੩੦੦)

(੪) ਗਉੜੀ ਕੀ ਵਾਰ ਮਹਲਾ ੫ ਹਰਿ ਹਰਿ ਨਾਮੁ ਜੋ ਜਨੁ ਜਪੈ (ਪੰ: ੩੧੮)

(੫) ਆਸਾ ਕੀ ਵਾਰ ਮਹਲਾ ੧ ਬਲਿਹਾਰੀ ਗੁਰ ਆਪਣੇ (ਪੰ: ੪੬੨)

(੬) ਗੂਜਰੀ ਕੀ ਵਾਰ ਮਹਲਾ ੩ ਇਹੁ ਜਗਤੁ ਮਮਤਾ ਮੁਆ (ਪੰ: ੫੦੮),

(੭) ਗੂਜਰੀ ਕੀ ਵਾਰ ਮਹਲਾ ੫ ਅੰਤਰਿ ਗੁਰੁ ਆਰਾਧਣਾ (ਪੰ: ੫੧੭)

(੮) ਬਿਹਾਗੜੇ ਕੀ ਵਾਰ ਮਹਲਾ ੪ ਗੁਰ ਸੇਵਾ ਤੇ ਸੁਖੁ ਪਾਈਐ (ਪੰ: ੫੪੮)

(੯) ਵਡਹੰਸ ਕੀ ਵਾਰ ਮਹਲਾ ੪ ਸਬਦਿ ਰਤੇ ਵਡ ਹੰਸ ਹੈ (ਪੰ: ੫੮੫)

(੧੦) ਸੋਰਠਿ ਕੀ ਵਾਰ ਮਹਲਾ ੪ ਸੋਰਠਿ ਸਦਾ ਸੁਹਾਵਣੀ ਜੇ (ਪੰ: ੬੪੨)

(੧੧) ਜੈਤਸਰੀ ਕੀ ਵਾਰ ਮਹਲਾ ੫ ਆਦਿ ਪੂਰਨ ਮਧਿ ਪੂਰਨ (ਪੰ: ੭੦੫)

(੧੨) ਵਾਰ ਸੂਹੀ ਕੀ ਮਹਲਾ ੩ ਸੂਹੈ ਵੇਸਿ ਦੋਹਾਗਣੀ (ਪੰ: ੭੮੫)

(੧੩) ਬਿਲਾਵਲ ਕੀ ਵਾਰ ਮਹਲਾ ੪ ਸਖੀ ਆਉ ਸਖੀ ਵਸਿ (ਪੰ: ੮੪੯)

(੧੪) ਰਾਮਕਲੀ ਕੀ ਵਾਰ ਮਹਲਾ ੩ ਸਤਿਗੁਰੁ ਸਹਜੈ ਦਾ ਖੇਤੁ ਹੈ (ਪੰ: ੯੪੭)

(੧੫) ਰਾਮਕਲੀ ਕੀ ਵਾਰ ਮਹਲਾ ੫ ਜੈਸਾ ਸਤਿਗੁਰੁ ਸੁਣੀਦਾ (ਪੰ: ੯੫੭)

(੧੬) ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮ ਆਖੀ ਨਾਉ ਕਰਤਾ ਕਾਦਰੁ ਕਰੇ (ਪੰ: ੯੬੬)

(੧੭) ਮਾਰੂ ਵਾਰ ਮਹਲਾ ੩ ਵਿਣੁ ਗਾਹਕ ਗੁਣ ਵੇਚੀਐ (ਪੰ: ੧੦੮੬)

(੧੮) ਮਾਰੂ ਵਾਰ ਮਹਲਾ ੫ ਡਖਣੇ ਤੂ ਚਉ ਸਜਣ ਮੈਡਿਆ (ਪੰ: ੧੦੯੪)

(੧੯) ਬਸੰਤ ਕੀ ਵਾਰ ਮਹਲਾ ੫ ਹਰਿ ਕਾ ਨਾਮੁ ਧਿਆਇ ਕੈ (ਪੰ: ੧੧੯੩)

(੨੦) ਸਾਰੰਗ ਕੀ ਵਾਰ ਮਹਲਾ ੪ ਗੁਰੁ ਕੁੰਜੀ ਪਾਹੂ ਨਿਵਲੁ (ਪੰ: ੧੨੩੭)

(੨੧) ਵਾਰ ਮਲਾਰ ਮਹਲਾ ੧ ਗੁਰਿ ਮਿਲਿਐ ਮਨੁ ਰਹਸੀਐ (ਪੰ: ੧੨੭੮)

(੨੨) ਕਾਨੜੇ ਕੀ ਵਾਰ ਮਹਲਾ ੪ ਰਾਮ ਨਾਮੁ ਨਿਧਾਨੁ ਹਰਿ (ਪੰ: ੧੩੧੨)

ਪਉੜੀਆਂ ਤੇ ਸਲੋਕਾਂ ਦਾ ਆਪਸੀ ਸਬੰਧ-ਗੁਰਬਾਣੀ ਅਰਥ ਵਿਚਾਰ ਪੱਖੋਂ, ਜੇ ਕਰ ਵਾਰਾਂ ਵਿਚਲੀਆਂ ਪਉੜੀਆਂ ਦੇ ਨਾਲ ਨਾਲ ਗੁਰਦੇਵ ਰਾਹੀਂ ਜੋੜੇ ਹੋਏ ਸਲੋਕਾਂ ਵਾਲੇ ਵਿਸ਼ੇ ਵੱਲ ਕੇਵਲ ਓਪਰੀ ਝਾਤ ਹੀ ਪਾਉਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਇਥੋਂ ਗੁਰਬਾਣੀ ਤਰਤੀਬ ਦਾ ਇੱਕ ਹੋਰ ਬਹੁਤ ਵੱਡਾ ਤੇ ਹੈਰਾਣਕੁਣ ਪੱਖ ਵੀ ਉਘੜ ਕੇ ਸਾਡੇ ਸਾਹਮਣੇ ਆਉਂਦਾ ਤੇ ਪ੍ਰਗਟ ਹੁੰਦਾ ਹੈ।

ਇਸ ਤਰ੍ਹਾਂ ਇਹ ਪੱਖ ਹੈ ਕਿ ਜਿਵੇਂ ਵਾਰਾਂ ਦੀਆਂ ਲੜੀਆਂ `ਚ ਹਰੇਕ ਪਉੜੀ ਮਨੁੱਖ ਦੇ ਜੀਵਨ ਨੂੰ ਇੱਕ ਤੋਂ ਬਾਅਦ ਦੂਜੀ ਪਉੜੀ, ਆਤਮਕ ਪੱਖੋਂ ਆਪਣੇ ਤੋਂ ਅਗ਼ਲੀ ਪਉੜੀ `ਤੇ ਚੜ੍ਹਾਉਂਦੀ ਹੋਈ ਆਤਮਕ ਮੰਡਲਾਂ `ਚ ਲੈ ਜਾਂਦੀ ਹੈ। ਉਪ੍ਰੰਤ ਜੀਵਨ ਦੀ ਇਹੀ ਉਡਾਰੀ “ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ” (ਪੰ: ੨੭੮) ਅਥਵਾ “ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ” (ਪੰ: ੮੪੬) ਅਨੁਸਾਰ ਜੀਊਂਦੇ ਜੀਅ ਮਨੁੱਖ ਲਈ ਪ੍ਰਭੂ ਮਿਲਾਪ ਦਾ ਸਾਧਨ ਬਣ ਜਾਂਦੀ ਹੈ।

ਠੀਕ ਇਨ੍ਹਾਂ ਹੀ ਲੀਹਾਂ ਤੇ ਗੁਰਦੇਵ ਨੇ ਕੁਲ ਬਾਈ `ਚੋਂ ਵੀਹ ਵਾਰਾਂ ਦੀ ਹਰੇਕ ਪਉੜੀ `ਚ ਜੋ ਦੋ ਤੋਂ ਲੈ ਕੇ ਸੱਤ ਦੀ ਗਣਤੀ ਤੱਕ ਸਲੋਕ ਵਰਤੇ ਹਨ ਉਥੇ ਵੀ ਗੁਰਦੇਵ ਦੀ ਦੂਰ ਦਰਸ਼ਿਤਾ ਦੀ ਇੰਤਹਾ ਤੇ ਕਮਾਲ ਹੋਈ ਪਈ ਹੈ। ਉਥੇ ਵੀ ਕਮਾਲ ਇਹ ਹੈ ਕਿ ਹਰੇਕ ਪਉੜੀ ਦਾ ਜੋ ਕੇਂਦਰੀ ਭਾਵ ਤੇ ਉਸ ਪਉੜੀ ਤੋਂ ਸੰਗਤਾਂ ਲਈ ਮੂਲ ਗੁਰਮੱਤ ਸੇਧ ਮਿਲਦੀ ਹੈ, ਨਾਲ ਵਰਤੇ ਸਲੋਕਾਂ ਰਾਹੀਂ, ਪਉੜੀ ਵਾਲੇ ਉਸੇ ਵਿਸ਼ੇ ਦੀ ਵਿਆਖਿਆ ਕੀਤੀ ਹੋਈ ਹੈ ਅਤੇ ਉਸੇ ਨੂੰ ਹੋਰ ਖੋਲਿਆ ਹੋਇਆ ਹੈ।

ਜਦਕਿ ਇਸ ਤੋਂ ਪਹਿਲਾਂ ਅਸੀਂ ਇਸ ਵਿਸ਼ੇ ਨੂੰ, ਇਸੇ ਲੜੀ `ਚ ਦਿੱਤੀ ਜਾ ਚੁੱਕੀ “ਬਾਣੀ ਆਸਾ ਕੀ ਵਾਰ ਸਟੀਕ ਅਤੇ ਗੁਰਮੱਤ ਵਿਚਾਰ ਦਰਸ਼ਨ” `ਚ ਭਲੀ ਪ੍ਰਕਾਰ ਦੇਖ ਚੁੱਕੇ ਹਾਂ ਅਤੇ ਇਸ ਦੀ ਪਹਿਚਾਣ ਵੀ ਕਰ ਚੁੱਕੇ ਹਾਂ। ਕਿਉਂਕਿ ਉਥੇ ਵੀ ਅਸਾਂ ਹਰੇਕ ਪਉੜੀ ਦੇ ਨਾਲ ਇੱਕ ਵਿਸ਼ੇਸ਼ ਕਾਲਮ “ਗੁਰਮੱਤ ਵਿਚਾਰ ਦਰਸ਼ਨ” ਵੀ ਜੋੜਿਆ ਸੀ। ਫ਼ਿਰ ਇਹੀ ਨਹੀਂ, ਉਥੇ ਵੀ ਹਰੇਕ ਪਉੜੀ ਦੀ ਸਮਾਪਤੀ ਤੋਂ ਬਾਅਦ, ਪਉੜੀ ਅਤੇ ਸਲੋਕਾਂ ਵਿਚਲੀ ਇਸੇ ਵਿਸ਼ੇਸ਼ਤਾ ਨੂੰ ਸਾਹਮਣੇ ਲਿਆਉਣ ਤੇ ਸਪਸ਼ਟ ਕਰਣ ਲਈ ਇੱਕ ਹੋਰ ਵਿਸ਼ੇਸ਼ ਕਾਲਮ “ਪਉੜੀ ਅਤੇ ਸਲੋਕਾਂ ਦੀ ਆਪਸੀ ਸਾਂਝ” ਦਿੱਤਾ ਸੀ।

ਜਦਕਿ ਉਹ ਰਚਨਾ, ਗੁਰੂ ਕੀਆਂ ਸੰਗਤਾਂ ਦੀ ਸਹੂਲਿਅਤ ਲਈ, ਸਾਡੇ ਅਤੀ ਸਤਿਕਾਰ ਜੋਗ ਸ੍ਰ: ਮਖਣ ਸਿੰਘ ਜੀ ਪੁਰੇਵਾਲ ਦੇ ਸਹਿਯੋਗ ਨਾਲ ਉਨ੍ਹਾਂ ਦੀ ਹਰ ਮਨ ਪਿਆਰੀ ਸਾਈਟ ਰਾਹੀਂ www. sikhmarg,cm `ਤੇ ਵੀ ਵੀਹ (੨੦) ਕਿਸ਼ਤਾਂ `ਚ ਛਪ ਕੇ ਸਾਰੇ ਸੰਸਾਰ `ਚ ਪਹੁੰਚ ਗਈ ਸੀ। ਇਹੀ ਨਹੀਂ ਦਾਸ ਦੀ ਉਹ ਰਚਨਾ ਅੱਜ ਵੀ www. sikhmarg,cm `ਤੇ ਗੁਰੂ ਕੀਆਂ ਸੰਗਤਾਂ ਲਈ ਉਸੇ ਤਰ੍ਹਾਂ ਪ੍ਰਾਪਤ ਹੈ ਜੀ। ਇਸ ਤੋਂ ਬਾਅਦ ਸ਼ੱਕ ਨਹੀਂ ਕਿ ਉਸ ਰਚਨਾ ਭਾਵ “ਬਾਣੀ ਆਸਾ ਕੀ ਵਾਰ ਸਟੀਕ ਅਤੇ ਗੁਰਮੱਤ ਵਿਚਾਰ ਦਰਸ਼ਨ” ਸਬੰਧੀ ਸੰਸਾਰ ਭਰ `ਚੋਂ ਬਹੁਤ ਸ਼ਲਾਘਾ ਵੀ ਪ੍ਰਾਪਤ ਹੋਈ ਹੈ।

ਇਸ ਤੋਂ ਬਾਅਦ ਇਤਨਾ ਹੀ ਨਹੀਂ ਬਲਕਿ ਅਕਾਲ ਪੁਰਖ ਦੀ ਅਪਾਰ ਬਖ਼ਸ਼ਿਸ਼ ਸਦਕਾ, ਲਗਭਗ ਪਿਛਲੇ ਡੇੜ੍ਹ-ਦੋ ਸਾਲ ਸਾਲਾਂ ਤੋਂ, ਕੁੱਝ ਲੋੜੀਂਦੀਆਂ ਸੁਧਾਈਆਂ ਤੋਂ ਬਾਅਦ ਦਾਸ ਦੀ ਉਹ ਲਿਖਿਤ ਅਥਵਾ ਰਚਨਾ ਭਾਵ “ਬਾਣੀ ਆਸਾ ਕੀ ਵਾਰ ਸਟੀਕ ਅਤੇ ਗੁਰਮੱਤ ਵਿਚਾਰ ਦਰਸ਼ਨ” ਪੁਸਤਕ ਦੇ ਰੂਪ `ਚ ਵੀ ਸੰਸਾਰ ਭਰ `ਚ ਪੁੱਜ ਰਹੀ ਹੈ। ਦਰਅਸਲ ਹੱਥਲੀ ਰਚਨਾ “ਮਾਝ ਵੀ ਵਾਰ ਮ: ੧” ਸਟੀਕ `ਚ ਵੀ ਫ਼ਿਰ ਤੋਂ ਉਹੀ ਢੰਗ ਭਾਵ ਹਰੇਕ ਪਉੜੀ ਦੇ ਅਰਥਾਂ ਤੋਂ ਬਾਅਦ ਅਮੁੱਕੀ ਪਉੜੀ ਨਾਲ ਬੇਸ਼ੱਕ ਸੰਖੇਪ ਪਰ ਸਬੰਧਤ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਵੀ ਦਿੱਤੇ ਜਾ ਰਹੇ ਹਨ। ਫ਼ਿਰ ਉਸ ਤੋਂ ਬਾਅਦ ਹਰੇਕ ਪਉੜੀ ਦੀ ਸਮਾਪਤੀ `ਤੇ ‘ਪਉੜੀ ਅਤੇ ਸਲੋਕਾਂ ਦੀ ਆਪਸੀ ਸਾਂਝ’ ਵੀ ਉਸੇ ਤਰ੍ਹਾਂ ਸਪਸ਼ਟ ਕਰਣ ਯਤਣ ਕੀਤਾ ਜਾ ਰਿਹਾ ਹੈ।

ਉਹ ਵੀ ਇਸ ਵਿਚਾਰ ਨਾਲ ਤਾ ਕਿ ਗੁਰੂ ਕੀਆਂ ਸੰਗਤਾਂ ਤੇ ਪਾਠਕਾਂ ਨੂੰ ਭਲੀ ਭਾਂਤ ਅਤੇ ਨਾਲ ਨਾਲ ਇਹ ਵੀ ਸਪਸ਼ਟ ਹੁੰਦਾ ਜਾਵੇ ਕਿ ਗੁਰਦੇਵ ਨੇ ਵਾਰਾਂ `ਚ ਹਰੇਕ ਪਉੜੀ ਨਾਲ ਸਲੋਕ ਕੇਵਲ ਸਲੋਕਾਂ ਦੀ ਭਰਤੀ ਕਰਣ ਲਈ ਹੀ ਨਹੀਂ ਵਰਤੇ ਹੋਏ। ਬਲਕਿ ਹਰੇਕ ਪਉੜੀ `ਚ ਆਉਣ ਵਾਲੇ ਕੇਂਦਰੀ ਭਾਵ ਨੂੰ ਗੁਰਦੇਵ ਨੇ ਹਰੇਕ ਪਉੜੀ ਨਾਲ ਵਰਤੇ ਸਲੋਕਾਂ ਰਾਹੀਂ ਹੋਰ ਖੋਲਿਆ ਹੈ। ਇਸ ਤਰ੍ਹਾਂ ਗੁਰਦੇਵ ਨੇ ਹਰੇਕ ਪਉੜੀ ਨਾਲ ਸਲੋਕਾਂ ਨੂੰ ਪਉੜੀ ਵਿਚਲੀ ਗੁਰਮੱਤ ਸੇਧ ਨੂੰ ਹੋਰ ਸਪਸ਼ਟ ਕਰਣ ਲਈ ਵਿਆਖਿਆ ਰੂਪ `ਚ ਵਰਤਿਆ ਹੋਇਆ ਹੈ। (ਚਲਦਾ) #012 MkV.GVDs01.04.12.1#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.