.

ਸਿਧ ਗੋਸਟਿ (ਕਿਸ਼ਤ ਨੰ: 19)

ਨਾਨਕ ਪਾਤਸਾਹ ਜੀ ਤੱਤ ਸਮਝਾਉਣ ਜਾ ਰਹੇ ਹਨ: -
ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ।।
ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ।।
ਗੁਰਮੁਖਿ ਹੋਵੇ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ।।
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਾਚੈ ਰਹੇ ਸਮਾਏ।।
ਨਾਮੇ ਨਾਮਿ ਰਹੇ ਬੈਰਾਗੀ ਸਾਚੁ ਰਖਿਆ ਉਰਿ ਧਾਰੇ।।
ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੇ ਦੇਖਹੁ ਰਿਦੈ ਬੀਚਾਰੇ।। ੬੮।।
ਪਦ ਅਰਥ: ਕਿਤੁ ਕਿਤੁ ਬਿਧਿ - ਕਿਹੜੀ ਕਿਹੜੀ ਵਿਧੀ ਨਾਲ। ਜਗੁ ਉਪਜੈ – ਜਗਤ ਵਿੱਚ ਉਪਜਦਾ ਹੈ। ਕਿਤੁ ਕਿਤੁ ਬਿਧਿ ਜਗ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ – ਕਿਹੜੀ ਕਿਹੜੀ ਵਿਧੀ ਨਾਲ, ਹੇ ਭਾਈ, ਹਉਮੈ ਰੂਪ ਦੁੱਖ ਜਗਤ ਅੰਦਰ ਉਪਜਦਾ ਹੈ। ਪੁਰਖਾ – ਹੇ ਭਾਈ। ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ – ਹੇ ਭਾਈ, ਨਾਮ, ਭਾਵ ਸੱਚ, ਜੀਵਣ ਵਿੱਚੋਂ ਵਿਸਰਣ ਨਾਲ ਹਉਮੈ ਰੂਪ ਦੁੱਖ ਪ੍ਰਾਪਤ ਹੁੰਦਾ ਹੈ। ਗੁਰਮੁਖਿ ਹੋਵੇ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ – ਗੁਰਮੁਖਿ ਹੋਵੇ – ਜਿਹੜਾ ਉਸ ਕਰਤੇ ਦਾ ਹੋ ਜਾਵੇ। ਜੋ ਉਸਦਾ ਹੋ ਜਾਂਦਾ ਹੈ ਉਹ ਉਸ ਦੇ ਅਤਿ ਉੱਚੇ ਗਿਆਨ ਤਤੁ ਨੂੰ ਵੀਚਾਰਦਾ ਹੈ। ਉਸਦੀ ਹਉਮੈ ਉਸ ਸੱਚ ਰੂਪ ਕਰਤੇ ਦੀ ਬਖ਼ਸ਼ਿਸ਼ ਨਾਲ ਭਸਮ ਹੋ ਜਾਂਦੀ ਹੈ। ਸਬਦਿ – ਬਖ਼ਸ਼ਿਸ਼ ਨਾਲ। ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਾਚੈ ਰਹੇ ਸਮਾਏ – ਉਹਨਾ ਦਾ ਤਨ-ਮਨ ਨਿਰਮਲ ਹੋ ਜਾਂਦਾ ਹੈ। ਉਹ ਨਿਰਮਲ ਦੀ ਨਿਰਮਲ ਬਖਸ਼ਿਸ਼ ਵਿੱਚ ਹੀ ਲੀਨ ਰਹਿੰਦਾ ਹੈ। ਨਾਮੇ ਨਾਮਿ ਰਹੇ ਬੈਰਾਗੀ ਸਾਚੁ ਰਖਿਆ ਉਰਿ ਧਾਰੇ – ਉਹ ਸੱਚੇ ਦੀ ਸੱਚੀ ਬਖਸ਼ਿਸ਼ ਦੁਆਰਾ ਬੈਰਾਗ ਵਿੱਚ ਰਹਿੰਦਾ ਹੈ, ਅਤੇ ਸੱਚ ਨੂੰ ਹੀ ਆਪਣੇ ਜੀਵਣ ਦਾ ਅਧਾਰ ਬਣਾਉਂਦਾ ਹੈ। ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੇ ਦੇਖਹੁ ਰਿਦੈ ਬੀਚਾਰੇ – ਹੇ ਭਾਈ, ਨਾਨਕ ਆਖਦਾ ਹੈ ਕਿ ਸੱਚੇ ਦੇ ਸੱਚ ਨੂੰ ਆਪਣੇ ਜੀਵਣ ਦਾ ਅਧਾਰ ਬਣਾਉਣ ਤੋਂ ਬਗ਼ੈਰ ਕਦੇ ਕੋਈ ਜੋਗੁ (ਉੱਤਮ) ਨਹੀਂ ਹੋ ਸਕਦਾ, ਇਸ ਗੱਲ ਨੂੰ ਆਪਣੇ ਮਨ ਅੰਦਰ ਵੀਚਾਰ ਕੇ ਦੇਖਣ ਦੀ ਲੋੜ ਹੈ।
ਅਰਥ: - ਹੇ ਭਾਈ, ਇਹ ਗੱਲ ਵੀਚਾਰਨ ਦੀ ਲੋੜ ਹੈ ਕਿ ਕਿਹੜੀ ਵਿਧੀ ਨਾਲ ਸੰਸਾਰ ਅੰਦਰ ਹਉਮੈ ਰੋਗ ਉਪਜਦਾ ਹੈ, ਅਤੇ ਕਿਹੜੀ ਵਿਧੀ ਨਾਲ ਇਸ ਹਉਮੈ ਰੂਪ ਦੁੱਖ ਦਾ ਖ਼ਾਤਮਾ ਹੁੰਦਾ ਹੈ। ਹੇ ਭਾਈ, ਨਾਮ ਰੂਪ ਸੱਚ ਦੇ ਵਿਸਾਰਨ ਨਾਲ ਹਉਮੈ ਦਾ ਦੁੱਖ ਉਪਜਦਾ ਹੈ, ਅਤੇ ਸੱਚ ਮਨੁੱਖੀ ਜੀਵਣ ਵਿੱਚੋਂ ਵਿਸਾਰਣ ਨਾਲ ਦੁੱਖਾਂ ਦੀ ਹੀ ਪ੍ਰਾਪਤੀ ਹੁੰਦੀ ਹੈ। ਇਸਦਾ ਇਲਾਜ ਇਹ ਹੈ ਕਿ ਮਨੁੱਖ ਉਸ ਇਕੁ ਕਰਤੇ ਦਾ ਹੋ ਜਾਵੇ, ਉਹ ਉਸਦੇ ਅਤਿ ਉੱਚੇ ਤੱਤ ਗਿਆਨ ਨੂੰ ਵੀਚਾਰੇ। ਜੋ ਵੀਚਾਰਦਾ ਹੈ ਉਸਦਾ ਹੀ ਹਉਮੈ ਰੋਗ ਉਸ ਸੱਚ ਰੂਪ ਕਰਤੇ ਦੀ ਬਖ਼ਸ਼ਿਸ਼ ਨਾਲ ਖ਼ਤਮ ਹੋ ਜਾਂਦਾ ਹੈ, ਅਤੇ ਉਸਦਾ ਤਨ ਮਨ ਨਿਰਮਲ ਪ੍ਰਭੂ ਦੀ ਨਿਰਮਲ ਬਖ਼ਸ਼ਿਸ਼ ਵਿੱਚ ਲੀਨ ਹੋ ਜਾਂਦਾ ਹੈ। ਉਹ ਸੱਚੇ ਦੀ ਸੱਚੀ ਬਖ਼ਸ਼ਿਸ਼ ਦੇ ਬੈਰਾਗ ਵਿੱਚ ਹਮੇਸ਼ਾ ਲੀਨ ਰਹਿੰਦਾ ਹੈ, ਅਤੇ ਉਹ ਸੱਚ ਨੂੰ ਹੀ ਆਪਣੇ ਜੀਵਣ ਦਾ ਅਧਾਰ ਬਣਾਉਂਦਾ ਹੈ। ਹੇ ਭਾਈ, ਨਾਨਕ ਆਖਦਾ ਹੈ ਨਾਮ ਭਾਵ ਸੱਚੇ ਦੇ ਸੱਚ ਨੂੰ ਆਪਣੇ ਜੀਵਣ ਦਾ ਅਧਾਰ ਬਣਾਉਣ ਤੋਂ ਬਗ਼ੈਰ ਕੋਈ ਜੋਗੁ (ਉੱਤਮ) ਨਹੀਂ ਹੋ ਸਕਦਾ। ਇਹ ਗੱਲ ਹੀ ਆਪਣੇ ਅੰਦਰ ਵੀਚਾਰਨ ਦੀ ਲੋੜ ਹੈ।
ਅਉਧੂ: -
ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ।।
ਗੁਰਮੁਖਿ ਸਚੁ ਬਾਣੀ ਪਰਗਟੁ ਹੋਇ।।
ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ।।
ਗੁਰਮੁਖਿ ਨਿਜ ਘਰਿ ਵਾਸਾ ਹੋਇ।।
ਗੁਰਮੁਖਿ ਜੋਗੀ ਜੁਗਤਿ ਪਛਾਣੈ।।
ਗੁਰਮੁਖਿ ਨਾਨਕ ਏਕੋ ਜਾਣੈ।। ੬੯।।
ਪਦ ਅਰਥ: - ਗੁਰਮੁਖਿ ਸਾਚੁ ਸ਼ਬਦੁ – ਹੇ ਨਾਨਕ! ਤੇਰੇ ਮੁਤਾਬਕ ਸੱਚ ਰੂਪ ਕਰਤੇ ਦੀ ਸੱਚ ਰੂਪ ਬਖ਼ਸ਼ਿਸ਼ ਨੂੰ ਕੋਈ ਵਿਰਲਾ ਹੀ ਵੀਚਾਰਦਾ ਹੈ। ਗੁਰਮੁਖਿ ਸਚੁ ਬਾਣੀ ਪਰਗਟੁ ਹੋਇ – ਗੁਰਮੁਖਿ – ਕਰਤਾ। ਜੋ ਵੀਚਾਰਦਾ ਹੈ ਉਸ ਨੂੰ ਹੀ ਕਰਤੇ ਦੀ ਸੱਚ ਰੂਪ ਬਖ਼ਸ਼ਿਸ਼ ਪ੍ਰਤੱਖ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਪਰਗਟ – ਪ੍ਰਤੱਖ ਰੂਪ ਵਿੱਚ ਪ੍ਰਾਪਤੀ ਹੋਣਾ। ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ – ਇਸ ਸੱਚ ਨੂੰ ਕੋਈ ਵਿਰਲਾ ਹੀ ਬੁੱਝਦਾ ਹੈ, ਉਸਦਾ ਹੀ ਉਸ ਸੱਚ ਰੂਪ ਕਰਤੇ ਦੀ ਬਖਸ਼ਿਸ਼ ਅੰਦਰ ਮਨ ਭਿੱਜਦਾ ਹੈ ਭਾਵ ਟਿਕਦਾ ਹੈ। ਬੂਝੈ – ਬੁਝ ਲੈਣਾ, ਜਾਣ ਲੈਣਾ। ਮਨੁ ਭੀਜੈ – ਮਨੁ ਦਾ ਭਿੱਜਣਾ, ਮਨ ਦਾ ਟਿਕਾਉ ਵਿੱਚ ਆਉਣਾ। ਗੁਰਮੁਖਿ ਨਿਜ ਘਰਿ ਵਾਸਾ ਹੋਇ – ਉਸਦੇ ਆਪਣੇ ਨਿਜ ਘਰ ਵਿੱਚ ਹੀ ਉਸ ਸੱਚ ਰੂਪ ਕਰਤੇ ਦਾ ਵਾਸਾ ਹੋ ਜਾਂਦਾ ਹੈ। ਗੁਰਮੁਖਿ ਜੋਗੀ ਜੁਗਤਿ ਪਛਾਣੈ – ਫਿਰ ਜੋਗੀ ਵੀ ਉਹੀ ਹੈ ਜੋ ਕਰਤੇ ਦੀ ਜੁਗਤਿ ਨੂੰ ਪਛਾਣੇ, ਭਾਵ ਆਪਣੇ ਆਪ ਨੂੰ ਕਰਤੇ ਦੀ ਕਿਰਤ ਅਤੇ ਕਰਤੇ ਨੂੰ ਹੀ ਕਰਤਾ ਸਮਝੇ, ਅਤੇ ਸੱਚ ਨੂੰ ਆਪਣਾ ਜੀਵਣ ਅਧਾਰ ਬਣਾਵੇ। “ਸੋ ਜੋਗੀ ਜੋ ਜੁਗਤਿ ਪਛਾਣੈ।। ਗੁਰ ਪਰਸਾਦੀ ਏਕੋ ਜਾਣੈ।। “- ਰਾਗ ਧਨਾਸਰੀ ਮ: ੧।। ਗੁਰਮੁਖਿ ਨਾਨਕ ਏਕੋ ਜਾਣੈ – ਹੇ ਨਾਨਕ ਜੋ ਉਸ ਇਕੁ ਸੱਚ ਰੂਪ ਕਰਤੇ ਨੂੰ ਹੀ ਸੱਚਾ ਜਾਣਦਾ ਹੈ, ਉਹ ਹੀ ਇਸ ਜੁਗਤਿ ਨੂੰ ਪਛਾਣ ਸਕਦਾ ਹੈ।
ਅਰਥ: - ਹੇ ਨਾਨਕ! ਤੇਰੇ ਮੁਤਾਬਕ ਸੱਚ ਰੂਪ ਕਰਤੇ ਦੀ ਸੱਚ ਰੂਪ ਬਖ਼ਸ਼ਿਸ਼ ਨੂੰ ਕੋਈ ਵਿਰਲਾ ਹੀ ਵੀਚਾਰਦਾ ਹੈ। ਵੀਚਾਰਨ ਵਾਲੇ ਨੂੰ ਹੀ ਸੱਚ ਰੂਪ ਕਰਤੇ ਦੀ ਸੱਚ ਰੂਪ ਬਖ਼ਸ਼ਿਸ਼ ਪਰਤੱਖ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਪਰ, ਅਜਿਹੇ ਵਿਰਲੇ ਮਨੁੱਖ ਹੀ ਹਨ, ਜਿਹੜੇ ਸੱਚ ਰੂਪ ਕਰਤੇ ਨੂੰ ਹੀ ਕਰਤਾ ਜਾਣਦੇ ਹਨ। ਉਨ੍ਹਾਂ ਦਾ ਹੀ ਮਨ ਸੱਚ ਰੂਪ ਕਰਤੇ ਉੱਪਰ ਭਿੱਜਦਾ ਭਾਵ ਟਿਕਦਾ ਹੈ। ਜੋ ਬੁੱਝਦਾ ਹੈ, ਭਾਵ ਸੱਚੇ ਨੂੰ ਸੱਚਾ ਜਾਣ ਲੈਂਦਾ ਹੈ, ਉਸਦੇ ਹੀ ਆਪਣੇ ਹਿਰਦੇ ਰੂਪੀ ਨਿਜ ਘਰ ਵਿੱਚ ਸੱਚ ਦਾ ਵਾਸਾ ਹੁੰਦਾ ਹੈ। ਹੇ ਨਾਨਕ, ਫਿਰ ਉਹ ਆਪਣੇ ਆਪ ਨੂੰ ਕਰਤੇ ਦੀ ਕਿਰਤ ਅਤੇ ਕਰਤੇ ਨੂੰ ਕਰਤਾ ਸਮਝਦਾ ਹੈ, ਅਤੇ ਇਸ ਅਸਲ ਜੁਗਤਿ ਨੂੰ ਪਛਾਣਦਾ ਹੈ ਅਤੇ ਜੋਗੀ ਅਖਵਾਉਣ ਦਾ ਹੱਕਦਾਰ ਬਣਦਾ ਹੈ।
ਅੱਗੇ ਨਾਨਕ ਪਾਤਸਾਹ ਜੀ ਅਉਧੂ ਨੂੰ ਕਹਿ ਰਹੇ ਹਨ ਕਿ ਅਉਧੂ ਤੈਨੂੰ ਇਹ ਸਮਝ ਪੈ ਗਈ ਹੈ ਕਿ ਅਸਲੀਅਤ ਕੀ ਹੈ।
ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ।।
ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ।।
ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਏ।।
ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ।।
ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ।।
ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ।। ੭੦।।

ਪਦ ਅਰਥ: - ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ – ਸਦੀਵੀ ਸਥਿਰ ਰਹਿਣ ਵਾਲੇ ਦੇ ਸਿਮਰਨ ਤੋਂ ਬਿਨਾਂ ਕੋਈ ਜੋਗ ਨਹੀਂ। ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਇ – ਨਾ ਹੀ ਉਸ ਸਦੀਵੀ ਸਥਿਰ ਰਹਿਣ ਵਾਲੇ ਅੱਗੇ ਝੁਕਣ ਤੋਂ ਬਗ਼ੈਰ, ਕਿਸੇ ਹੋਰ ਅੱਗੇ ਝੁਕਣ ਤੋਂ, ਮੁਕਤਿ ਹੀ ਹੋ ਸਕਦਾ ਹੈ। ਭੇਟੇ – ਝੁਕਣਾ। ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਏ – ਨਾ ਹੀ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਤੋਂ ਬਗ਼ੈਰ ਇਹ ਸੱਚ ਜਾਣਿਆ ਹੀ ਜਾ ਸਕਦਾ ਹੈ। ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ – ਸੱਚੇ ਨੂੰ ਸੱਚਾ ਨਾ ਜਾਨਣ ਕਰਕੇ ਸਦੀਵੀ ਸਥਿਰ ਰਹਿਣ ਵਾਲੇ ਅੱਗੇ ਝੁਕਣ ਤੋਂ ਬਗ਼ੈਰ ਹਉਮੈ ਦਾ ਸ਼ਿਕਾਰ ਵੱਡਾ ਦੁਖ ਪਾਉਂਦਾ ਹੈ। ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ – ਸਦੀਵੀ ਸਥਿਰ ਰਹਿਣ ਵਾਲੇ ਅੱਗੇ ਨਾ ਝੁਕਣ ਵਾਲਾ ਘੋਰ ਹਉਮੈ ਦੇ ਹਨੇਰੇ ਵਿੱਚ ਰਹਿੰਦਾ ਹੈ। ਬਿਨੁ ਗੁਰ ਮੁਆ ਜਨਮੁ ਹਾਰਿ – ਹੇ ਭਾਈ, ਨਾਨਕ ਆਖਦਾ ਹੈ - ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਤੋਂ ਬਗ਼ੈਰ ਮਨੁੱਖ ਆਪਣੀ ਹਉਮੈ ਵਿੱਚ ਹੀ ਜੀਵਣ ਦੀ ਬਾਜ਼ੀ ਹਾਰ ਜਾਂਦਾ ਹੈ। ਭਾਵ ਹਉਮੈ ਵਿੱਚ ਆਪਣੇ ਆਪ ਨੂੰ ਕਰਤਾ ਸਮਝਣ ਵਾਲਾ ਮਨੁੱਖ ਆਪਣ ਜੀਵਣ ਵਿਅਰਥ ਗੁਆ ਜਾਂਦਾ ਹੈ। ਆਪਣੇ ਪੱਲੇ ਝੂਠ ਹੀ ਬੰਨ੍ਹ ਕੇ ਸੰਸਾਰ ਤੋਂ ਕੂਚ ਕਰ ਜਾਂਦਾ ਹੈ।
ਅਰਥ: - ਹੇ ਭਾਈ, ਇਹ ਗੱਲ ਵਾਕਿਆ ਹੀ ਸੱਚ ਹੈ ਜੋ ਤੂੰ ਸਮਝ ਲਈ ਹੈ ਕਿ ਉਸ ਸੱਚੇ ਸਦੀਵੀ ਸਥਿਰ ਰਹਿਣ ਵਾਲੇ ਦੇ ਸਿਮਰਨ ਭਾਵ ਸੱਚ ਨੂੰ ਆਪਣੇ ਜੀਵਣ ਵਿੱਚ ਅਭਿਆਸ ਕਰਨ ਤੋਂ ਬਗ਼ੈਰ ਕੋਈ ਜੋਗੀ ਨਹੀਂ ਹੋ ਸਕਦਾ। ਨਾਂ ਹੀ ਉਸ ਸਦੀਵੀ ਸਥਿਰ ਰਹਿਣ ਵਾਲੇ ਅੱਗੇ ਝੁਕਣ ਤੋਂ ਬਗ਼ੈਰ ਆਪਣੇ ਆਪ ਨੂੰ ਕਰਤਾ ਅਖਵਾਉਣ ਵਾਲਿਆ ਦੇ ਚੁੰਗਲ ਤੋਂ ਕੋਈ ਮੁਕਤਿ ਹੋ ਸਕਦਾ ਹੈ। ਉਸ ਅੱਗੇ ਝੁਕਣ ਤੋਂ ਬਗ਼ੈਰ ਇਹ ਨਾਮੁ ਸੱਚ ਵਾਕਿਆ ਹੀ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਹਾਂ, ਇਹ ਗੱਲ ਜ਼ਰੂਰ ਹੈ ਕਿ ਉਸ ਸੱਚੇ ਸਤਿਗੁਰ ਅੱਗੇ ਝੁਕਣ ਤੋਂ ਬਗ਼ੈਰ ਕਿਸੇ ਹੋਰ ਦੇਹ ਅੱਗੇ ਝੁਕਣਾ ਇੱਕ ਕਿਸਮ ਦਾ ਬਹੁਤ ਵੱਡਾ ਰੋਗ ਹੈ। ਉਸ ਨੂੰ ਸਮਰਪਣ ਨਾਂ ਹੋ ਕੇ ਜੋ ਆਪਣੇ ਆਪ ਨੂੰ ਕਰਤਾ ਸਮਝਦਾ ਹੈ, ਉਹ ਹਉਮੈ ਦੇ ਘੋਰ ਹਨੇਰੇ ਵਿੱਚ ਭਟਕਦਾ ਹੈ। ਹੇ ਭਾਈ, ਨਾਨਕ ਆਖਦਾ ਹੈ, ਇਸ ਤਰ੍ਹਾਂ ਦਾ ਵਿਅਕਤੀ ਗੁਰ ਬਖਸ਼ਿਸ਼ ਪ੍ਰਾਪਤ ਕਰਨ ਤੋਂ ਬਗ਼ੈਰ ਆਪਣੇ ਜੀਵਣ ਦੀ ਖੇਡ ਹਾਰਕੇ ਚਲਾ ਜਾਂਦਾ ਹੈ।
ਭਾਵ ਜੋ ਕੋਈ ਮਨੁੱਖ ਸਦੀਵੀ ਸਥਿਰ ਰਹਿਣ ਵਾਲੇ ਕਰਤੇ ਦੀ ਬਰਾਬਰੀ ਕਰਦਾ ਹੈ, ਆਪਣੇ ਆਪ ਨੂੰ ਕਰਤਾ ਅਖਵਾਉਂਦਾ ਹੈ, ਦੁਨੀਆ ਸਾਹਮਣੇ ਝੂਠ ਬੋਲਦਾ ਹੈ, ਇੱਕ ਦਿਨ ਦੁਨੀਆ ਤੋਂ ਮੌਤ ਦੇ ਅੱਗੇ ਆਪਣੇ ਜੀਵਣ ਦੀ ਬਾਜ਼ੀ ਹਾਰਕੇ ਚਲਾ ਜਾਂਦਾ ਹੈ। ਦੁਨੀਆਂ ਦੇ ਸਾਹਮਣੇ ਉਸਦੇ ਬੋਲੇ ਹੋਏ ਝੂਠ ਦਾ ਪਾਜ ਉੱਘੜ ਜਾਂਦਾ ਹੈ। ਕਰਤੇ ਦੀ ਬਰਾਬਰੀ ਕਦਾਚਿਤ ਨਹੀਂ ਹੋ ਸਕਦੀ, ਕਰਤਾ ਨਾਂ ਜੰਮਦਾ ਹੈ, ਨਾਂ ਹੀ ਮਰਦਾ ਹੈ।
ਅਖੀਰ ਵਿੱਚ ਅਉਧੂ ਆਪ ਹੀ ਦੇਹਧਾਰੀ ਪਰੰਪਰਾ ਨੂੰ ਰੱਦ ਕਰਦਾ ਹੈ: -
ਗੁਰਮੁਖਿ ਮਨੁ ਜੀਤਾ ਹਉਮੈ ਮਾਰਿ।।
ਗੁਰਮੁਖਿ ਸਾਚੁ ਰਖਿਆ ਉਰ ਧਾਰਿ।।
ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ।।
ਗੁਰਮੁਖਿ ਦਰਗਹ ਨ ਆਵੈ ਹਾਰਿ।।
ਗੁਰਮੁਖਿ ਮੇਲਿ ਮਿਲਾਏ ਸ+ ਜਾਣੈ।।
ਨਾਨਕ ਗੁਰਮੁਖਿ ਸਬਦਿ ਪਛਾਣੈ।। ੭੧।।

ਪਦ ਅਰਥ: - ਗੁਰਮੁਖਿ ਮਨੁ ਜੀਤਾ ਹਉਮੈ ਮਾਰਿ – ਹੇ ਨਾਨਕ! ਜਿਸ ਕਿਸੇ ਨੇ ਕਰਤੇ ਦੀ ਬਖ਼ਸ਼ਿਸ਼ ਨਾਲ ਹਉਮੈ ਨੂੰ ਮਾਰਕੇ ਆਪਣੇ ਮਨ ਨੂੰ ਜਿੱਤ ਲਿਆ। ਗੁਰਮੁਖਿ ਸਾਚੁ ਰਖਿਆ ਉਰ ਧਾਰਿ – ਉਸਨੇ ਹੀ ਸੱਚ ਰੂਪ ਕਰਤੇ ਨੂੰ ਸੱਚ ਜਾਣਕੇ ਆਪਣੇ ਹਿਰਦੇ ਵਿੱਚ ਟਿਕਾਇਆ। ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ – ਉਹ ਇਹ ਜਾਣ ਲੈਂਦਾ ਹੈ ਕਿ ਕਰਤਾ ਹੀ ਜਗ ਜੇਤੂ ਹੈ ਸਦੀਵੀ ਹੈ ਬਾਕੀ ਸੱਭ ਜਿਹੜੇ ਆਪਣੇ ਆਪ ਨੂੰ ਕਰਤਾ ਅਖਵਾਉਂਦੇ ਹਨ ਮੌਤ ਉਨ੍ਹਾਂ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀ ਹੈ। ਗੁਰਮੁਖਿ ਦਰਗਹ ਨ ਆਵੈ ਹਾਰਿ – ਇਕੁ ਕਰਤਾ ਹੀ ਸਦੀਵੀ ਹੈ ਜੋ ਇਸ ਸੰਸਾਰ ਰੂਪੀ ਦਰਗਹ ਵਿੱਚ ਕਦੀ ਮੌਤ ਅੱਗੇ ਹਾਰਦਾ ਨਹੀਂ ਉਹ ਹੀ ਸਦੀਵੀ ਹੈ। ਗੁਰਮੁਖਿ ਮੇਲਿ ਮਿਲਾਏ ਸ+ ਜਾਣੈ – ਜੋ ਉਸ ਸੱਚ ਰੂਪ ਕਰਤੇ ਨਾਲ ਆਪਣੇ ਆਪ ਨੂੰ ਜੋੜਦਾ ਹੈ ਉਹ ਹੀ ਇਸ ਸੱਚ ਨੂੰ ਜਾਣ ਸਕਦਾ ਹੈ। ਨਾਨਕ ਗੁਰਮੁਖਿ ਸਬਦਿ ਪਛਾਣੈ – ਹੇ ਨਾਨਕ! ਤੇਰੀ ਸਿੱਖਿਆ ਮੁਤਾਬਕ ਆਪਣੇ ਆਪ ਨੂੰ ਸੱਚ ਰੂਪ ਕਰਤੇ ਨਾਲ ਜੋੜਨ ਵਾਲਾ ਹੀ ਉਸਦੀ ਬਖ਼ਸ਼ਿਸ਼ ਨੂੰ ਪਛਾਣ ਸਕਦਾ ਹੈ।
ਅਖੀਰ ਕਰਤਾ ਹੀ ਜੇਤੂ ਹੈ ਜੋ ਕਦੇ ਦਰਗਹ ਹਾਰਦਾ ਨਹੀਂ।
ਅਰਥ: - ਹੇ ਨਾਨਕ ਤੇਰੇ ਮੁਤਾਬਕ ਜਿਸ ਕਿਸੇ ਨੇ ਵੀ ਸਦੀਵੀ ਸੱਚ ਰੂਪ ਕਰਤੇ ਦੀ ਬਖ਼ਸ਼ਿਸ਼ ਨਾਲ ਆਪਣੀ ਹਉਮੈ ਮਾਰਕੇ ਮਨ ਨੂੰ ਜਿੱਤ ਲਿਆ ਹੈ, ਉਸਨੇ ਹੀ ਸੱਚ ਰੂਪ ਕਰਤੇ ਨੂੰ ਸੱਚ ਜਾਣ ਕੇ ਆਪਣੇ ਹਿਰਦੇ ਵਿੱਚ ਟਿਕਾਇਆ ਹੈ। ਉਹ ਇਹ ਜਾਣ ਲੈਂਦਾ ਹੈ ਕਿ ਇਕੁ ਸੱਚ ਰੂਪ ਕਰਤਾ ਹੀ ਜੱਗ-ਜੇਤੂ ਹੈ, ਸਦੀਵੀ ਹੈ, ਬਾਕੀ ਸਭ ਆਪਣੇ ਆਪ ਨੂੰ ਕਰਤਾ ਅਕਵਾੳਣ ਵਾਲਿਆਂ ਨੂੰ ਮੌਤ ਆਪਣੇ ਕਲਾਵੇ ਵਿੱਚ ਲੈ ਲੈਂਦੀ ਹੈ। ਇੱਕ ਸੱਚ ਰੂਪ ਕਰਤਾ ਹੀ ਹੈ, ਜੋ ਆਪਣੀ ਸੱਚ ਰੂਪ ਦਰਗਾਹ ਵਿੱਚ ਕਦੀ ਮੌਤ ਅੱਗੇ ਹਾਰਦਾ ਨਹੀਂ, ਉਹ ਹੀ ਸਦੀਵੀ ਹੈ। ਹੇ ਨਾਨਕ! ਤੇਰੀ ਸਿੱਖਿਆ ਮੁਤਾਬਕ ਆਪਣੇ ਆਪ ਨੂੰ ਸੱਚ ਰੂਪ ਕਰਤੇ ਨਾਲ ਜੋੜਨ ਵਾਲਾ ਹੀ ਉਸਦੀ ਬਖ਼ਸ਼ਿਸ਼ ਨੂੰ ਸੱਚ ਰੂਪ ਵਿੱਚ ਪਛਾਣ ਸਕਦਾ ਹੈ। ਜਿਹੜਾ ਮਨੁੱਖ ਆਪਣੇ ਆਪ ਨੂੰ ਸੱਚ ਰੂਪ ਕਰਤੇ ਨਾਲ ਜੋੜਦਾ ਹੈ ਉਹੀ ਇਸ ਸੱਚ ਨੂੰ ਜਾਣ ਸਕਦਾ ਹੈ।
ਨੋਟ: - ਇਸ ਤਰ੍ਹਾਂ ਅਉਧੂ ਨੇ ਗੁਰਮਤਿ ਸਿਧਾਂਤ ਨੂੰ ਕਬੂਲਿਆ।
ਨਾਨਕ ਜੀ ਹੁਣ ਇਸ ਗੱਲਬਾਤ ਦਾ ਸਾਰਅੰਸ਼ ਦੱਸ ਰਹੇ ਹਨ ਅਤੇ ਇਸ ਵਿਚਾਰ ਚਰਚਾ ਨੂੰ ਸਮਾਪਤ ਕਰਨ ਲਈ ਕਹਿ ਰਹੈ ਹਨ: -
ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ।।
ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ।।
ਨਾਮੈ ਹੀ ਤੇ ਸਭੁ ਪਰਗਟੁ ਹੋਵੇ ਨਾਮੇ ਸੋਝੀ ਪਾਈ।।
ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ।।
ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ।।
ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ।। ੭੨।।

ਪਦ ਅਰਥ: - ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ, ਬਿਨੁ ਨਾਵੈ ਜੋਗੁ ਨ ਹੋਈ – ਹੇ ਅਉਧੂ ਸੁਣ ਇਸ ਵੀਚਾਰ ਦਾ ਨਿਬੇੜਾ ਕਰੀੲ, ੇ ਭਾਵ ਮੁਕਦੀ ਗੱਲ ਇਹ ਹੈ ਕਿ ਸੱਚ ਨੂੰ ਆਪਣੇ ਜੀਵਣ ਵਿੱਚ ਅਪਣਾਉਣ ਤੋਂ ਬਗ਼ੈਰ ਕੋਈ ਜੋਗੀ ਨਹੀਂ ਹੋ ਸਕਦਾ। ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ – ਜੋ ਦਿਨ ਰਾਤ ਸੱਚੇ ਦੇ ਸੱਚ ਵਿੱਚ ਆਪਣੇ ਆਪ ਨੂੰ ਰੰਗਕੇ ਸੱਚ ਵਿੱਚ ਮਸਤ ਹੋ ਜਾਂਦੇ ਹਨ, ਨਾਮ ਸੱਚ ਦੀ ਬਖ਼ਸ਼ਿਸ਼ ਦੁਆਰਾ ਸਦੀਵੀ ਸੁਖ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ। ਨਾਮੈ ਹੀ ਤੇ ਸਭੁ ਪਰਗਟੁ ਹੋਵੇ ਨਾਮੇ ਸੋਝੀ ਹੋਈ – ਉਸ ਸੱਚੇ ਦੇ ਸੱਚ ਨੂੰ ਆਪਣੇ ਜੀਵਣ ਵਿੱਚ ਅਪਣਾਉਣ ਨਾਲ ਹੀ ਸੋਝੀ ਹੁੰਦੀ ਹੈ ਅਤੇ ਸੋਝੀ ਹੋਣ ਨਾਲ ਹੀ ਸਭ ਨੂੰ ਪ੍ਰਤੱਖ ਰੂਪ ਵਿੱਚ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ। ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੇ ਆਪਿ ਖੁਆਈ – ਸੱਚੇ ਨੂੰ ਸੱਚ ਜਾਨਣ ਤੋਂ ਬਗ਼ੈਰ ਤਰ੍ਹਾਂ-ਤਰ੍ਹਾਂ ਦੇ ਭੇਖੀ ਆਪਣੇ ਆਪ ਨੂੰ ਸੱਚੇ ਅਖਵਾ ਕੇ ਹੋਰਨਾ ਨੂੰ ਖੁਆਰ ਗੁਮਰਾਹ ਕਰਦੇ ਹਨ। ਬਹੁਤੇਰੇ – ਬਹੁਤ ਤਰ੍ਹਾਂ ਦੇ ਭਾਵ ਤਰ੍ਹਾਂ-ਤਰ੍ਹਾਂ ਦੇ। ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ – ਹੇ ਅਉਧੂ, ਉਹਨਾ ਦਾ ਖਹਿੜਾ ਛੱਡਕੇ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਨਾਲ ਹੀ ਅਸਲ ਸੱਚ ਰੂਪ ਜੋਗ ਦੇ ਤਰੀਕੇ ਦੀ ਜਾਣਕਾਰੀ ਹੋ ਸਕਦੀ ਹੈ। ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ – ਨਾਨਕ ਆਖਦਾ ਹੈ, ਇਸ ਗੱਲ ਦੀ ਆਪਣੇ ਮਨ ਨਾਲ ਵੀਚਾਰ ਕਰ ਕੇ ਦੇਖਣ ਤੋਂ ਬਗ਼ੈਰ ਆਪਣੇ ਆਪ ਨੂੰ ਸੱਚੇ ਅਖਵਾਕੇ ਗੁੰਮਰਾਹ ਕਰਨ ਵਾਲਿਆ ਦੇ ਚੁੰਗਲ ਤੋਂ ਮੁਕਤਿ ਨਹੀਂ ਹੋਇਆ ਜਾ ਸਕਦਾ।
ਅਰਥ: -ਹੇ ਅਉਧੂ, ਸੁਣ ਇਸ ਵੀਚਾਰ ਦਾ ਨਿਬੇੜਾ ਕਰੀਏ। ਮੁੱਕਦੀ ਗੱਲ ਇਹੀ ਹੈ ਕਿ ਸੱਚ ਨੂੰ ਆਪਣੇ ਜੀਵਣ ਵਿੱਚ ਅਪਣਾਉਣ ਤੋ ਬਗ਼ੈਰ ਕੋਈ ਜੋਗੀ ਨਹੀਂ ਹੋ ਸਕਦਾ। ਜੋ ਸੱਚੇ ਦੇ ਸੱਚ ਵਿੱਚ ਆਪਣੇ ਆਪ ਨੂੰ ਰੰਗਕੇ ਸੱਚ ਵਿੱਚ ਮਸਤ ਹੋ ਜਾਂਦੇ ਹਨ, ਭਾਵ ਸੱਚ ਨੂੰ ਆਪਣੇ ਜੀਵਣ ਵਿੱਚ ਢਾਲ ਲੈਂਦੇ ਹਨ, ਨਾਮ ਸੱਚ ਦੀ ਬਖਸ਼ਿਸ਼ ਦੁਆਰਾ ਸਦੀਵੀ ਸੁਖ ਉਨ੍ਹਾਂ ਨੂੰ ਹੀ ਪ੍ਰਾਪਤ ਹੁੰਦਾ ਹੈ। ਉਸ ਸੱਚੇ ਦੇ ਸੱਚ ਨੂੰ ਆਪਣੇ ਜੀਵਣ ਵਿੱਚ ਅਪਣਾਉਣ ਨਾਲ ਹੀ ਸੋਝੀ ਹੁੰਦੀ ਹੈ, ਅਤੇ ਸਭ ਨੂੰ ਪ੍ਰਤੱਖ ਰੂਪ ਵਿੱਚ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ। ਸੱਚੇ ਨੂੰ ਸੱਚ ਕਰਕੇ ਜਾਨਣ ਤੋਂ ਬਗ਼ੈਰ ਤਰ੍ਹਾਂ ਤਰ੍ਹਾਂ ਦੇ ਭੇਖੀ ਆਪਣੇ ਆਪ ਨੂੰ ਸੱਚੇ ਅਖਵਾ ਕੇ ਖੁਆਰ, ਗੁੰਮਰਾਹ ਕਰਦੇ ਹਨ। ਹੇ ਅਉਧੂ, ਜੋ ਆਪਣੇ ਆਪ ਨੂੰ ਸੱਚੇ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਉਨ੍ਹਾਂ ਦਾ ਖਹਿੜਾ ਛੱਡਕੇ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਨਾਲ ਹੀ ਅਸਲ ਸੱਚ ਰੂਪ ਜੋਗ-ਵਿਧੀ ਦੀ ਜਾਣਕਾਰੀ ਹੋ ਸਕਦੀ ਹੈ। ਹੇ ਅਉਧੂ, ਨਾਨਕ ਆਖਦਾ ਹੈ - ਸੱਚ ਦੀ ਆਪਣੇ ਮਨ ਨਾਲ ਵੀਚਾਰ ਕਰਕੇ ਦੇਖਣ ਤੋਂ ਬਗ਼ੈਰ, ਆਪਣੇ ਆਪ ਨੂੰ ਸੱਚੇ ਅਖਵਾਕੇ ਗੁੰਮਰਾਹ ਕਰਨ ਵਾਲਿਆਂ ਦੇ ਚੁੰਗਲ ਤੋਂ ਮੁਕਤਿ ਨਹੀਂ ਹੋਇਆ ਜਾ ਸਕਦਾ।

ਬਲਦੇਵ ਸਿੰਘ ਟੋਰਾਂਟੋ
.