.

ਜਸਬੀਰ ਸਿੰਘ ਵੈਨਕੂਵਰ

ਭਾਈ ਬਲਵੰਡ ਰਾਇ ਅਤੇ ਭਾਈ ਸੱਤੇ ਦੀ ਵਾਰ ਸਬੰਧੀ ਕੁੱਝ ਭਰਮ ਭੁਲੇਖੇ

(ਕਿਸ਼ਤ ਨੰ: 02)

ਗੁਰੂ ਗ੍ਰੰਥ ਸਾਹਿਬ ਦੇ ਸਮੂਹ ਬਾਣੀਕਾਰਾਂ ਦੀ ਕਥਨੀ ਅਤੇ ਕਰਣੀ ਵਿੱਚ ਅੰਤਰ ਨਹੀਂ ਸੀ; ਇਹ ਸਾਰੇ ਹੀ ਕਥਨੀ ਅਤੇ ਕਰਣੀ ਦੇ ਸੂਰਮੇ ਸਨ। ਪਰੰਤੂ ਸਾਡੇ ਇਤਿਹਾਸ ਵਿੱਚ ਜਿਸ ਤਰ੍ਹਾਂ ਨਾਲ ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਜੀ ਨੂੰ ਪੇਸ਼ ਕੀਤਾ ਗਿਆ ਹੈ, ਉਸ ਤੋਂ ਇਹ ਹੀ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਦੋਵੇਂ ਬਾਣੀਕਾਰ ਸਾਧਾਰਨ ਕੀਰਤਨੀਏ ਹੀ ਸਨ। ਜਿਸ ਤਰ੍ਹਾਂ ਨਾਲ ਆਮ ਕੀਰਤਨੀਏ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਦਾ ਸ਼ਿਕਾਰ ਹੁੰਦੇ ਹਨ, ਉਸੇ ਤਰ੍ਹਾਂ ਇਹਨਾਂ ਦੋਵਾਂ ਨੂੰ ਦਰਸਾਇਆ ਗਿਆ ਹੈ। ਇਤਨਾ ਹੀ ਨਹੀਂ ਜ਼ਿਆਦਾਤਰ ਲੇਖਕਾਂ ਵਲੋਂ ਇਹਨਾਂ ਨੂੰ ਅਭਿਮਾਨੀ, ਲਾਲਚੀ ਅਤੇ ਮੌਕਾ ਪ੍ਰਸਤ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।
ਇਹਨਾਂ ਬਾਰੇ ਹੀ ਨਹੀਂ ਸਗੋਂ ਇਹਨਾਂ ਦੀ ਰਚਿਤ ਵਾਰ ਨੂੰ ਇੱਕ ਪਾਸੇ ਟਿਕੇ ਦੀ ਵਾਰ ਕਿਹਾ ਗਿਆ ਹੈ ਦੂਜਾ ਪਾਸੇ ਇਸ ਨੂੰ ਮਾਫ਼ੀਨਾਮਾ ਦਾ ਦਰਸਾਇਆ ਹੈ। ਸਾਡੇ ਲੇਖਕਾਂ ਅਨੁਸਾਰ ਇਹਨਾਂ ਨੇ ਇਹ ਵਾਰ ਆਤਮ ਬੁਲੰਦੀ ਨੂੰ ਛੂਹ ਕੇ ‘ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ’ ਦੇ ਗੁਰਵਾਕ ਅਨੁਸਾਰ ਆਪਣੇ ਨਿਜੀ ਅਨੁਭਵ ਦੁਆਰਾ ਨਹੀਂ ਬਲਕਿ ਗੁਰੂ ਅਰਜਨ ਸਾਹਿਬ ਤੋਂ ਆਪਣੀ ਭੁੱਲ ਬਖ਼ਸ਼ਾਉਣ ਅਤੇ ਕੁਸ਼ਟੀ ਰੋਗ ਤੋਂ ਛੁਟਕਾਰਾ ਪਾਉਣ ਲਈ, ਗੁਰੂ ਸਾਹਿਬ ਜੀ ਦੇ ਕਹਿਣ `ਤੇ ਹੀ ਉਚਾਰਣ ਕੀਤੀ ਸੀ। ਇਸ ਤਰ੍ਹਾਂ ਇਹਨਾਂ ਦੀ ਰਚਿਤ ਵਾਰ ਨੂੰ ਮਹਿਜ਼ ਇੱਕ ਮਾਫ਼ੀਨਾਮਾ ਹੀ ਸਮਝਿਆ ਗਿਆ ਹੈ। ਇਹਨਾਂ ਦੀ ਇਸ ਵਾਰ ਨੂੰ ਇਸ ਰੂਪ ਵਿੱਚ ਪੇਸ਼ ਕਰਨ ਦੇ ਕਾਰਨ ਹੀ ਇੱਕ ਵਿਦਵਾਨ ਨੇ ਇਹ ਸੁਝਾਵ ਦਿੱਤਾ ਹੈ ਕਿ, “ਇਹਨਾਂ {ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ} ਦਾ ਲਿਖਤੀ ਪ੍ਰਸਤਾਵ ਸਿੱਖ ਇਤਿਹਾਸ ਦਾ ਰੀਕਾਰਡ ਹੈ। ਭਾਵ ਜੋ ਗੁਰੂ ਕੀ ਨਿੰਦਾ ਕਰਦਾ ਹੈ ਉਸ ਦਾ ਐਸਾ ਮੰਦਾ ਹਾਲ ਹੁੰਦਾ ਹੈ।” ਲੇਖਕ ਹੁਰਾਂ ਨੇ ਫਿਰ ਇਹ ਕਹਿਣ ਤੋਂ ਵੀ ਸੰਕੋਚ ਨਹੀਂ ਕੀਤਾ ਕਿ, “ਵੈਸੇ ਇਹ ਮੁਆਫੀ ਨਾਮਾ ਗੁਰਬਾਣੀ ਦੀ ਤੁਲਤਾ ਨਹੀਂ ਰਖਦਾ।” (ਵਿਸਤਾਰ ਲਈ ਦੇਖੋ-ਗੁਰਬਾਣੀ ਬੇਉਰਾ ਦੀ ਭੁਮਿਕਾ- ਲੇਖਕ: ਸ੍ਰੀ ਮਾਨ ਭਾ: ਹਰਿਭਜਨ ਸਿੰਘ ਜੀ ਜਥੇਦਾਰ ਪੰਚ ਖਾਲਸਾ ਦੀਵਾਨ)
(ਨੋਟ: ਪੰਚ ਖਾਲਸਾ ਦੀਵਾਨ ਨਾਲ ਸਬੰਧਤ ਵਿਦਵਾਨਾਂ ਦੀ ਇਸ ਵਾਰ ਬਾਰੇ ਹੀ ਨਹੀਂ ਬਲਕਿ ‘ਭਗਤਾਂ ਦੀ ਬਾਣੀ, ਭੱਟਾਂ ਦੇ ਸਵਈਆਂ, ਸੁੰਦਰ ਜੀ ਦੀ ਸਦ’ ਸਬੰਧੀ ਵੀ ਅਜਿਹੀ ਹੀ ਧਾਰਨਾ ਸੀ। ਇਹਨਾਂ ਵਿਦਵਾਨਾਂ ਇਹ ਦਾ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਰਚਨਾਵਾਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਪਿੱਛੋਂ ਗੁਰੂ ਘਰ ਦੇ ਵਿਰੋਧੀਆਂ ਵਲੋਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਲਈ ਇਹ ਸੱਜਣ ਧੁਰ ਕੀ ਅਥਵਾ ਸੱਚੀ ਬਾਣੀ ਕੇਵਲ ਗੁਰੂ ਸਾਹਿਬਾਨ ਦੀ ਉਚਾਰਣ ਕੀਤੀ ਹੋਈ ਬਾਣੀ ਨੂੰ ਹੀ ਮੰਨਦੇ ਹਨ।
ਕਈ ਵਿਦਵਾਨ ਇਹ ਤਾਂ ਮੰਨਦੇ ਹਨ ਕਿ ਗੁਰੂ ਅਰਜਨ ਸਾਹਿਬ ਜੀ ਨੇ ਆਪ ਹੀ ਭਗਤਾਂ ਦੀ ਬਾਣੀ, ਭੱਟਾਂ ਦੇ ਸਵਈਏ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੇ ਹਨ, ਪਰੰਤੂ ਗੁਰੂ ਸਾਹਿਬਾਨ ਦੀ ਬਾਣੀ ਤੋਂ ਛੁੱਟ ਕਿਸੇ ਹੋਰ ਬਾਣੀ ਨੂੰ ਗੁਰਮਤਿ ਦੀ ਜੀਵਨ-ਜੁਗਤ ਦਾ ਅੰਗ ਨਹੀਂ ਮੰਨਦੇ। ਜਿਵੇਂ ਇੱਕ ਵਿਦਵਾਨ ਸੱਜਣ ਇਸ ਸਬੰਧ ਵਿੱਚ ਲਿਖਦੇ ਹਨ, “ਭਗਤਾਂ ਦੀ ਬਾਣੀ ਨੂੰ ਸਿੱਖ ਰਹਿਤ ਮਰਯਾਦਾ ਜਾਂ ਧਾਰਮਕ ਨਿਸਚਿਆਂ ਦਾ ਆਧਾਰ ਨਹੀਂ ਮੰਨਣਾ ਚਾਹੀਦਾ. . ਗੁਰਸਿੱਖ ਦੀ ਰਹਿਤ ਦਾ ਆਧਾਰ ਕੇਵਲ ਗੁਰੂ ਸਾਹਿਬਾਂ ਦੀ ਉਚਾਰੀ ਹੋਈ ਬਾਣੀ ਅਤੇ ਉਨ੍ਹਾਂ ਦੇ ਪਾਏ ਪੂਰਨੇ ਹਨ।” (ਸਿੱਖ ਇਤਿਹਾਸ ਭਾਗ ਪਹਿਲਾ-ਲੇਖਕ: ਪ੍ਰੋ: ਕਰਤਾਰ ਸਿੰਘ ਜੀ) ਪਰੰਤੂ ਖ਼ਾਲਸਾ ਪੰਥ ਨੇ ਇਹਨਾਂ ਵਿਦਵਾਨ ਸੱਜਣਾਂ ਦੇ ਇਹਨਾਂ ਸੁਝਾਵਾਂ ਨੂੰ ਕਿਸੇ ਤਰ੍ਹਾਂ ਦੀ ਅਹਿਮੀਅਤ ਨਹੀਂ ਦਿੱਤੀ ਹੈ। ਖ਼ਾਲਸਾ ਪੰਥ ਸਮੁੱਚੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਦੇ ਰੂਪ ਵਿੱਚ ਸਵੀਕਾਰ ਕਰਦਾ ਹੋਇਆ ਇਸ ਅੱਗੇ ਆਪਣਾ ਸੀਸ ਝੁਕਾਉਂਦਾ ਹੈ।)
ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਅਤੇ ਇਹਨਾਂ ਵਲੋਂ ਉਚਾਰਣ ਕੀਤੀ ਹੋਈ ਵਾਰ ਬਾਰੇ ਇਸ ਤਰ੍ਹਾਂ ਦੀ ਕਹਾਣੀ ਘੜਨ ਵਾਲੀ ਨਿਰਸੰਦੇਹ ਉਹ ਧਿਰ ਸੀ, ਜਿਸ ਨੇ ਗੁਰਮਤਿ ਦੇ ਨਿਮਨ ਲਿਖਤ ਸਿਧਾਂਤ ਨੂੰ ਕਦੀ ਵੀ ਅਮਲੀ ਰੂਪ ਵਿੱਚ ਸਵੀਕਾਰ ਨਹੀਂ ਸੀ ਕੀਤਾ: ‘ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥’ (ਪੰਨਾ ੧੩੩੦)
ਅਜਿਹੀ ਧਾਰਨਾ ਰੱਖਣ ਵਾਲੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕੇ ਕਿ ਮਿਰਾਸੀ ਜਾਤ ਨਾਲ ਸਬੰਧ ਰੱਖਣ ਵਾਲੇ ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਵੀ ਗੁਰੂ ਸਾਹਿਬਾਨ ਨਾਲ ਬਿਰਾਜਮਾਨ ਹੋ ਕੇ, ਇਸ ਤਰ੍ਹਾਂ ਦਾ ਇੱਜ਼ਤ-ਮਾਣ ਮਾਣ ਸਕਣ। ਭਾਈ ਬਲਵੰਡ ਅਤੇ ਭਾਈ ਸੱਤਾ ਜੀ ਬਾਰੇ ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲਿਆਂ ਦੇ ਸਾਹਮਣੇ ਸਮੱਸਿਆ ਇਹ ਸੀ ਕਿ ਇਸ ਵਾਰ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਬਾਹਰ ਕੱਢ ਨਹੀਂ ਸੀ ਸਕਦੇ, ਚੂੰਕਿ ਇਸ ਨੂੰ ਗੁਰੂ ਸਾਹਿਬ ਨੇ ਆਪ ਦਰਜ ਕਰਵਾਇਆ ਹੈ। ਇਸ ਲਈ ਇਸ ਤਰ੍ਹਾਂ ਦੀ ਕਹਾਣੀ ਘੜ ਕੇ ਇਹਨਾਂ ਦੇ ਨਾਲ ਸਬੰਧਤ ਕਰ ਦਿੱਤੀ ਗਈ।
ਇਹ ਸਭ ਕੁੱਝ ਉਸੇ ਤਰਜ਼ ਤੇ ਹੋਇਆ ਹੈ ਜਿਸ ਤਰਜ਼ ਤੇ ਭਗਤ ਕਬੀਰ ਸਾਹਿਬ ਅਤੇ ਭਗਤ ਰਵਿਦਾਸ ਜੀ ਨਾਲ ਹੋਇਆ ਹੈ। ਐਸੀ ਸ਼੍ਰੇਣੀ ਨੂੰ ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਨੂੰ ਭਗਤ ਦੇ ਰੂਪ ਵਿੱਚ ਸਵੀਕਾਰ ਕਰਨਾ ਪਿਆ; ਪਰ ਆਪਣੇ ਪੂਰਵਜਾਂ ਦੇ ਕਥਨਾਂ ਨੂੰ ਸਹੀ ਪਰਮਾਣਤ ਕਰਨ ਲਈ ਜਿੱਥੇ ਕਬੀਰ ਸਾਹਿਬ ਬਾਰੇ ਇਹ ਕਹਾਣੀ ਘੜ ਲਈ ਕਿ ਇਹ ਕਿਸੇ ਬ੍ਰਾਹਮਣੀ ਦੀ ਕੁੱਖੋ ਜਨਮੇ ਹਨ, ਉੱਥੇ ਰਵਿਦਾਸ ਜੀ ਬਾਰੇ ਇਹ ਕਹਾਣੀ ਘੜ ਲਈ ਕਿ ਆਪ ਪਿਛਲੇ ਜਨਮ ਵਿੱਚ ਬ੍ਰਾਹਮਣ ਸਨ। ਰਵਿਦਾਸ ਜੀ ਨੂੰ ਆਪਣੇ ਗੁਰੂ ਦੇ ਸਰਾਪ ਕਾਰਨ ਚਮਾਰ ਦੇ ਘਰ ਜਨਮ ਲੈਣਾ ਪਿਆ।
ਕਹਾਣੀ ਘੜਨ ਵਾਲੇ ਨੂੰ ਭਗਤ ਰਵਿਦਾਸ ਜੀ ਨੂੰ ਪਿਛਲੇ ਜਨਮ ਦਾ ਬ੍ਰਾਹਮਣ ਦਰਸਾਉਣ ਨਾਲ ਹੀ ਸਤੁੰਸ਼ਟੀ ਨਹੀਂ ਸੀ ਹੋਈ। ਇਸ ਲਈ ਉਸ ਨੇ ਭਗਤ ਜੀ ਬਾਰੇ ਇੱਕ ਹੋਰ ਕਹਾਣੀ ਘੜ ਲਈ ਸੀ ਕਿ ਆਪ ਜੀ ਦੇ ਸ਼ਰਧਾਲੂਆਂ ਵਿਚੋਂ ਜਿਹੜੇ ਬ੍ਰਾਹਮਣ ਜਾਤ ਨਾਲ ਸਬੰਧਤ ਸਨ, ਉਹਨਾਂ ਦੇ ਮਨ ਵਿੱਚ ਹਮੇਸ਼ਾਂ ਤੌਖ਼ਲਾ ਲੱਗਾ ਰਹਿੰਦਾ ਸੀ ਕਿ ਉਹ ਬ੍ਰਾਹਮਣ ਹੋ ਕੇ ਇੱਕ ਚਮਾਰ ਦੇ ਚੇਲੇ ਹਨ। ਭਗਤ ਜੀ ਨੇ ਆਪਣੇ ਇਹਨਾਂ ਸ਼ਰਧਾਲੂਆਂ ਦਾ ਸ਼ੰਕਾ ਦੂਰ ਕਰਨ ਲਈ ਇੱਕ ਦਿਨ ਇਉਂ ਕਿਹਾ, “ਪਿਆਰੇ ਪੰਡਤੋ! ਮੈਂ ਇਸ ਜਨਮ ਤੋਂ ਪਹਿਲਾਂ ਇੱਕ ਬ੍ਰਾਹਮਣ ਬ੍ਰਹਮ ਚਾਰੀ ਸੀ ਤੇ ਮੇਰੇ ਗੁਰੂ ਸ੍ਰੀ ਸੁਆਮੀ ਰਾਮਾ ਨੰਦ ਜੀ ਮਹਾਰਾਜ ਸਨ। ਉਹਨਾਂ ਦੀ ਆਗਿਆ ਸੀ ਕਿ ਮੈਂ ਅਮੁਕੇ ਬਾਣੀਏ ਦੇ ਘਰੋਂ ਭਿਛਿਆ ਨਾ ਲਿਆਵਾਂ। ਇੱਕ ਦਿਨ ਮਜਬੂਰ ਹੋ ਕੇ ਮੈਂ ਗੁਰੂ ਜੀ ਦੀ ਆਗਿਆ ਨੂੰ ਨਾ ਮੰਨ ਕੇ ਉਸੇ ਬਾਣੀਏ ਦੇ ਘਰੋਂ ਭਿਛਿਆ ਲਿਆਂਦੀ, ਜਿਸ ਤੇ ਗੁਰੂ ਸ੍ਰੀ ਸੁਆਮੀ ਰਾਮਾ ਨੰਦ ਜੀ ਮੇਰੇ ਤੇ ਨਰਾਜ਼ ਹੋ ਕੇ ਆਖਣ ਲਗੇ, ਜਾ ਚਮਾਰ ਹੋ ਜਾ। ਮੈਂ ਗੁਰੂ ਜੀ ਦੇ ਸਰਾਪ ਦੀ ਵਜ੍ਹਾ ਨਾਲ ਮਰ ਕੇ ਇਹਨਾਂ ਚਮਾਰਾਂ ਦੇ ਘਰ ਜਨਮ ਲੀਤਾ ਹੈ। ਮੇਰੇ ਗਲ ਵਿੱਚ ਪਹਿਲੇ ਜਨਮ ਦਾ ਜਨੇਊ ਹੁਣ ਤਕ ਹੈ। ਇਹ ਕਹਿਕੇ ਭਗਤ ਰਵਿਦਾਸ ਜੀ ਨੇ ਆਪਣੇ ਸਰੀਰ ਦੀ ਚਮੜੀ ਉਧੇੜ ਕੇ ਹੇਠੋਂ ਇੱਕ ਬੜਾ ਸੋਹਣਾ ਜੰਜੂ ਦਿਖਾ ਦਿਤਾ। ਇਸ ਤਰ੍ਹਾਂ ਰਵਿਦਾਸ ਜੀ ਨੇ ਆਪਣੇ ਪਹਿਲੇ ਜਨਮ ਦਾ ਪੂਰਾ ਸਬੂਤ ਦੇ ਦਿਤਾ। ਫੇਰ ਆਖਣ ਲਗੇ ਹੇ ਮਿਤਰੋ! ਜਿਸ ਤਰ੍ਹਾਂ ਨਾਟਕ ਕਰਨ ਵਾਲਾ ਕੋਈ ਖਤਰੀ ਨਾਟਕ ਦੇ ਵਿੱਚ ਭੰਗੀ ਬਣਦਾ ਹੈ ਤੇ ਭੰਗੀ ਦਾ ਪਾਰਟ ਅਦਾ ਕਰਦਾ ਹੈ ਤਾਂ ਉਹ ਭੰਗੀ ਨਹੀਂ ਬਣ ਜਾਂਦਾ। ਉਹ ਖਤਰੀ ਹੀ ਰਹਿੰਦਾ ਹੈ। ਇਸੇ ਤਰ੍ਹਾਂ ਇੱਕ ਬ੍ਰਾਹਮਣ ਚੁਮਾਰ ਦਾ ਨਾਟਕ ਕਰਦਾ ਹੋਇਆ ਕਦੀ ਭੀ ਚਮਾਰ ਨਹੀਂ ਹੋ ਸਕਦਾ, ਉਹ ਬ੍ਰਾਹਮਣ ਹੀ ਰਵੇਗਾ। ਮੈਂ ਤਾਂ ਗੁਰੂ ਜੀ ਦੀ ਆਗਿਆ ਨੂੰ ਪਾਲਨ ਕਰਨ ਵਾਸਤੇ ਇਹ ਚਮਾਰ ਦਾ ਸਾਂਗ ਬਣਕੇ ਦੱਸ ਰਿਹਾ ਹਾਂ। ਅਸਲ ਵਿੱਚ ਚਮਾਰ ਨਹੀਂ ਹਾਂ। ਇੱਕ ਸੱਚਾ ਤੇ ਸੁੱਚਾ ਬ੍ਰਾਹਮਣ ਹੀ ਹਾਂ। ਇਸ ਦਾ ਸਬੂਤ ਮੈਂ ਆਪਣੀ ਖਲੜੀ ਉਧੇੜ ਕੇ ਆਪਣਾ ਜਨੇਊ ਦਿਖਾ ਦਿਤਾ ਹੈ। ਮੇਰੀ ਯੁਕਤੀ ਤੇ ਪ੍ਰਮਾਣ ਇਹ ਦੋਵੇਂ ਹੀ ਮੇਰੇ ਬ੍ਰਾਹਮਣ ਹੋਣ ਦੇ ਕਾਫੀ ਸਬੂਤ ਹਨ। ਸੋ ਤੁਸੀਂ ਆਪਣੇ ਮਨ ਦੀ ਸ਼ੰਕਾਂ ਦੂਰ ਕਰ ਦਿਓ ਕਿ ਸਾਡਾ ਗੁਰੂ ਚਮਾਰ ਹੈ। ਚਮਾਰ ਨਹੀਂ ਸਗੋਂ ਇੱਕ ਸੱਚਾ ਤੇ ਸੁਚਾ ਬ੍ਰਾਹਮਣ ਹੈ।” (ਅਸਲੀ ਜਨਮ ਸਾਖੀ ਬ੍ਰਹਮ ਗਿਆਨੀ ਭਗਤ ਰਵਿਦਾਸ ਜੀ- ਲੇਖਕ ਗਿਆਨੀ ਪ੍ਰਤਾਪ ਸਿੰਘ)
ਚੂੰਕਿ ਇਹਨਾਂ ਭਗਤਾਂ ਦੀ ਹੋਂਦ ਸਦੀਆਂ ਤੋਂ ਬ੍ਰਾਹਮਣ ਵਲੋਂ ਪ੍ਰਚਾਰੀ ਜਾ ਰਹੀ ਵਿਚਾਰਧਾਰਾ ਨੂੰ ਝੂਠਲਾ ਰਹੀ ਸੀ। ਜਿਹੜੀ ਜਮਾਤ ਸਦੀਆਂ ਤੋਂ ਇਹ ਪ੍ਰਚਾਰ ਕਰਦੀ ਰਹੀ ਹੋਵੇ ਕਿ ਬ੍ਰਹਮ ਦਾ ਗਿਆਨ ਕੇਵਲ ਬ੍ਰਾਹਮਣ ਕੁਲ ਨਾਲ ਸਬੰਧਤ ਪ੍ਰਾਣੀ ਨੂੰ ਹੀ ਹੋ ਸਕਦਾ ਹੈ ਅਤੇ ਜਿਹਨਾਂ ਦੁਆਰਾ ਲਿਖੇ ਗਏ ਧਰਮ ਗ੍ਰੰਥਾਂ ਵਿੱਚ ਵੀ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੋਵੇ ਕਿ, “ਸੇਵੀਐ ਵਿਪ੍ਰ ਗਯਾਨ ਗੁਣ ਹੀਨਾ। ਸ਼ੂਦ੍ਰ ਨ ਸੇਵੀਐ ਗਯਾਨ ਪ੍ਰਬੀਨਾ” (ਤੁਲਸੀ ਜੀ), ਅਜਿਹੀ ਸ਼੍ਰੇਣੀ ਇਹ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੀ ਸੀ ਕਿ ਇੱਕ ਚਮਾਰ ਜਾਤ ਨਾਲ ਸਬੰਧਤ ਵਿਅਕਤੀ ਆਮ ਲੋਕਾਂ ਨੂੰ ਹੀ ਨਹੀਂ ਸਗੋਂ ਬ੍ਰਾਹਮਣਾਂ ਨੂੰ ਵੀ ਆਤਮ ਗਿਆਨ ਦੀ ਸੋਝੀ ਪ੍ਰਦਾਨ ਕਰਦਾ ਹੋਵੇ। ਇਸ ਲਈ ਇਹਨਾਂ ਵਲੋਂ ਇਸ ਤਰ੍ਹਾਂ ਦੀਆਂ ਕਹਾਣੀਆਂ ਦੁਆਰਾ ਇਹ ਸਿੱਧ ਕਰਨ ਦੀ ਕੋਸ਼ਸ਼ ਕੀਤੀ ਗਈ ਕਿ ਜੋ ਕੁੱਝ ਸ਼ਾਸ਼ਤਰਾਂ ਵਿੱਚ ਸ਼ੂਦਰ ਅਤੇ ਬ੍ਰਾਹਮਣ ਦੇ ਸਬੰਧ ਵਿੱਚ ਕਿਹਾ ਗਿਆ ਹੈ ਉਹ ਝੂਠ ਨਹੀਂ ਹੈ। ਇਸ ਲਈ, ਇਹ ਭਗਤ ਸ਼ੂਦਰ ਨਹੀਂ ਬਲਕਿ ਬ੍ਰਾਹਮਣੀ ਦੇ ਪੇਟੋਂ ਹੀ ਜਨਮੇ ਹੋਏ ਹਨ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਕਬੀਰ ਸਾਹਿਬ ਅਤੇ ਰਵਿਦਾਸ ਜੀ ਦੋਵੇਂ ਹੀ ਬਨਾਰਸ ਦੇ ਵਸਨੀਕ ਸਨ। ਇਹਨਾਂ ਦੋਹਾਂ ਬਾਰੇ ਹੀ ਇਸ ਤਰ੍ਹਾਂ ਦੀਆਂ ਕਹਾਣੀਆਂ ਘੜੀਆਂ ਗਈਆਂ ਹਨ।
ਭਗਤ ਕਬੀਰ ਸਾਹਿਬ ਜਾਂ ਭਗਤ ਰਵਿਦਾਸ ਜੀ ਨਾਲ ਤਾਂ ਇਹੋ ਜਿਹੀਆਂ ਕਹਾਣੀਆਂ ਉਹਨਾਂ ਲੋਕਾਂ ਨੇ ਘੜ ਕੇ ਪ੍ਰਚਾਰੀਆਂ ਹਨ ਜਿਹਨਾਂ ਨੇ ਸ਼ੂਦਰ ਨੂੰ ਜਮਾਂਦਰੂ ਹੱਕਾਂ ਤੋਂ ਸਦੀਆਂ ਤੀਕ ਵਾਂਝਿਆ ਰੱਖਿਆ ਸੀ। ਪਰੰਤੂ ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਨਾਲ ਇਹੋ ਜਿਹਾ ਅਨਿਆਂ ਬੇਗਿਾਨਿਆਂ ਨਹੀਂ ਸਗੋਂ ਆਪਣਿਆਂ ਨੇ ਕੀਤਾ ਹੈ; ਜਾਂ ਇੰਜ ਆਖੀਏ ਕਿ ਸਿੱਖਾਂ ਦਾ ਭੇਖ ਧਾਰਨ ਕਰਨ ਵਾਲਿਆਂ ਨੇ ਕਹਾਣੀ ਘੜੀ ਅਤੇ ਜਿਸ ਮਨਘੜਤ ਕਹਾਣੀ ਨੂੰ ਸਾਡੇ ਲੇਖਕਾਂ ਨੇ ਵੀ ਸੱਚ ਮੰਨ ਕੇ ਅਤੇ ਪ੍ਰਚਾਰ ਕੇ ਇਹਨਾਂ ਦੋਹਾਂ ਨਾਲ ਭਾਰੀ ਅਨਿਆਂ ਕੀਤਾ ਹੈ।
ਜਿਸ ਤਰ੍ਹਾਂ ਭਾਈ ਮਰਦਾਨਾ ਜੀ ਨਾਲ ਬਹੁਤ ਹੀ ਘਟੀਆ ਅਤੇ ਹਾਸੋ ਹੀਣੀਆਂ ਗੱਲਾਂ ਜੋੜ ਕੇ ਇਹ ਦਰਸਾਉਣ ਦੀ ਕੋਸ਼ਸ਼ ਕੀਤੀ ਹੈ ਕਿ ਜਿਵੇਂ ਭਾਈ ਮਰਦਾਨਾ ਜੀ ਸਾਰੀ ਉਮਰ ਗੁਰੂ ਨਾਨਕ ਸਾਹਿਬ ਨਾਲ ਰਹਿ ਕੇ ਵੀ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਨੂੰ ਨਹੀਂ ਸਮਝ ਸਕੇ। ਸਭ ਤੋਂ ਵਧੀਕ ਗੁਰੂ ਨਾਨਕ ਸਾਹਿਬ ਦੀ ਸੰਗਤ ਮਾਣਨ ਵਾਲੇ ਭਾਈ ਮਰਦਾਨਾ ਜੀ ਸਾਰੀ ਆਯੂ ਡਰਪੋਕ, ਭੁੱਖੜ ਅਤੇ ਲਾਲਚੀ ਤਬੀਅਤ ਦੇ ਮਾਲਕ ਹੀ ਬਣੇ ਰਹੇ।
ਅਜਿਹੀ ਸ਼੍ਰੇਣੀ ਵਲੋਂ ਹੀ ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਨੂੰ ਅਜਿਹੀ ਦ੍ਰਿਸ਼ਟੀ ਨਾਲ ਹੀ ਦੇਖਿਆ ਗਿਆ। ਇਹਨਾਂ ਦੋਹਾਂ ਨੂੰ ਆਤਮ ਗਿਆਨੀਆਂ ਦੇ ਰੂਪ ਵਿੱਚ ਨਹੀਂ ਸਗੋਂ ਅਤਿ ਦਰਜੇ ਦੇ ਲਾਲਚੀ, ਗ਼ੁਸਤਾਖ਼ ਅਤੇ ਮੌਕਾ ਪ੍ਰਸਤ ਦੇ ਰੂਪ ਵਿੱਚ ਦਰਸਾਇਆ ਗਿਆ। ਇਹਨਾਂ ਨੇ ਇਹ ਵਾਰ ਇਹਨਾਂ ਵਲੋਂ ਆਤਮਕ ਬੁਲੰਦੀਆਂ ਨੂੰ ਛੂਹਣ ਦੀ ਪ੍ਰਤੀਕ ਨਹੀਂ ਹੈ ਬਲਕਿ ਇਹਨਾਂ ਵਲੋਂ ਆਪਣੇ ਕੋੜ੍ਹ ਦੇ ਰੋਗ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਗੁਰੂ ਸਾਹਿਬ ਦੇ ਕਹਿਣ `ਤੇ ਮਜਬੂਰੀ ਵਿੱਚ ਉਚਾਰਣ ਕੀਤੀ ਹੈ। ਇਸ ਲਈ ਇਹ ਵਾਰ ਮਹਿਜ਼ ਇੱਕ ਮਾਫ਼ੀਨਾਮਾ ਹੈ ਇਸ ਤੋਂ ਵਧੀਕ ਕੁੱਛ ਵੀ ਨਹੀਂ।
ਇਸ ਤਰ੍ਹਾਂ ਦੀ ਕਹਾਣੀ ਘੜਨ ਵਾਲੇ ਨੇ ਇਹ ਕਹਾਣੀ ਘੜ ਕੇ ਇਹਨਾਂ ਨੂੰ ਹੀ ਨਹੀਂ ਸਗੋਂ ਗੁਰੂ ਸਾਹਿਬਾਨ ਨੂੰ ਵੀ ਨੀਵਾਂ ਦਿਖਾਉਣ ਦੀ ਕੁਚੇਸ਼ਟਾ ਕੀਤੀ ਹੈ। ਗੁਰੂ ਅਰਜਨ ਸਾਹਿਬ ਵਲੋਂ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਉਸਤਤ ਕਰਨ ਲਈ ਕਹਿਣਾ ਅਤੇ ਫਿਰ ਇਹਨਾਂ ਦੀ ਇਸ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਦਾ ਜਿਸ ਰੂਪ ਵਿੱਚ ਵਰਣਨ ਕੀਤਾ ਗਿਆ ਹੈ, ਉਹ ਗੁਰੂ ਲਿਵ ਦੇ ਅਨੁਕੂਲ ਨਹੀਂ ਹੈ। ਇਹ ਗੱਲ ਕੋਈ ਵਧੇਰੇ ਵਿਆਖਿਆ ਦੀ ਮੁਥਾਜ਼ ਵੀ ਨਹੀਂ ਹੈ ਕਿ ਮਜਬੂਰੀ ਵਿੱਚ ਕਿਸੇ ਵਲੋਂ ਕੀਤੀ ਗਈ ਉਸਤਤ, ਉਸਤਤ ਨਹੀਂ ਬਲਕਿ ਖ਼ੁਸ਼ਾਮਦ ਹੁੰਦੀ ਹੈ। ਕੀ ਗੁਰੂ ਅਰਜਨ ਸਾਹਿਬ ਇਹਨਾਂ ਵਲੋਂ ਇਸ ਤਰ੍ਹਾਂ ਦੀ ਉਸਤਤ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਦੇ? ਗੁਰਬਾਣੀ ਵਿਚੋਂ ਗੁਰੂ ਲਿਵ ਨੂੰ ਸਮਝਣ ਵਾਲੇ ਹਰੇਕ ਪ੍ਰਾਣੀ ਦਾ ਉੱਤਰ ਨਾਂਹ ਵਿੱਚ ਹੀ ਹੋਵੇਗਾ। ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਜੀ ਦੀ ਇਹ ਰਚਨਾ ਜੇਕਰ ਮਹਿਜ਼ ਇੱਕ ਮਾਫ਼ੀਨਾਮਾ ਹੀ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਭਾਗ ਕਦਾਚਿਤ ਨਾ ਬਣਦੀ।
ਗੁਰੂ ਘਰ ਦੇ ਸ਼ਰਧਾਵਾਨ ਗੁਰਸਿੱਖਾਂ ਨਾਲ ਇਸ ਤਰ੍ਹਾਂ ਦਾ ਅਨਿਆਂ ਬਿਗਾਨਿਆ ਨੇ ਨਹੀਂ ਬਲਕਿ ਆਪਣਿਆਂ ਨੇ ਹੀ ਕੀਤਾ ਹੈ। ਇਹ ਕਹਾਣੀ ਕਿਸ ਤਰ੍ਹਾਂ ਸ਼ੁਰੂ ਹੋਈ ਅਤੇ ਕਿਸ ਤਰ੍ਹਾਂ ਭਿੰਨ ਭਿੰਨ ਲੇਖਕਾਂ ਵਲੋਂ ਇਸ ਨੂੰ ਆਪੋ ਆਪਣੇ ਢੰਗ ਨਾਲ ਬਿਆਨ ਕੀਤਾ ਗਿਆ, ਇਸ ਨੂੰ ਸਮਝਣ ਲਈ, ਸ਼ੁਰੂ ਤੋਂ ਹੀ ਵਿਸਤਾਰ ਸਹਿਤ ਪਾਠਕਾਂ ਨਾਲ ਸਾਂਝਿਆ ਕਰ ਰਹੇ ਹਾਂ ਤਾਂ ਕਿ ਪਾਠਕ ਆਪ ਹੀ ਇਸ ਗੱਲ ਤੋ ਜਾਣੂ ਹੋ ਸਕਣ ਕਿ ਭਾਈ ਬਲਵੰਡ ਰਾਇ ਅਤੇ ਭਾਈ ਸੱਤਾ ਡੂਮ ਜੀ ਨਾਲ ਇਸ ਅਨਿਆਂ ਦੀ ਸ਼ੁਰੂਆਤ ਕਿਵੇਂ ਹੋਈ। ਕਿਸ ਤਰ੍ਹਾਂ ਵੱਖ ਵੱਖ ਲੇਖਕਾਂ ਨੇ ਇਸ ਮਨਘੜਤ ਕਹਾਣੀ ਨੂੰ ਸੱਚ ਮੰਨ ਕੇ ਆਪੋ ਆਪਣੇ ਢੰਗ ਨਾਲ ਪੇਸ਼ ਕਰਕੇ, ਇਹਨਾਂ ਮਹਾਨ ਗੁਰੂ ਕੇ ਸਿੱਖਾਂ ਨਾਲ ਅਨਿਆਂ ਕਰਨ ਦੇ ਨਾਲ ਗੁਰੂ ਅਰਜਨ ਸਾਹਿਬ ਨੂੰ ਵੀ ਉਹਨਾਂ ਦੇ ਵਿਅਕਤੀਤਵ ਦੇ ਉਲਟ ਦਰਸਾਇਆ ਹੈ।
ਚੱਲਦਾ




.