.

ਰਾਜਾਸ੍ਰਮ, ਮਿਤਿ ਨਹੀ ਜਾਨੀ ਤੇਰੀ

ਰਾਜਾਸ੍ਰਮ, ਮਿਤਿ ਨਹੀ ਜਾਨੀ ਤੇਰੀ॥ ਤੇਰੇ ਸੰਤਨ ਕੀ ਹਉ ਚੇਰੀ॥ ੧॥ ਰਹਾਉ॥ ਹਸਤੋ ਜਾਇ, ਸੁ ਰੋਵਤੁ ਆਵੈ, ਰੋਵਤੁ ਜਾਇ, ਸੁ ਹਸੈ॥ ਬਸਤੋ ਹੋਇ, ਹੋਇ ਸ ਊਜਰੁ, ਊਜਰੁ ਹੋਇ, ਸੁ ਬਸੈ॥ ੧॥ ਜਲ ਤੇ ਥਲ ਕਰਿ ਥਲ ਤੇ ਕੂਆ, ਕੂਪ ਤੇ ਮੇਰੁ ਕਰਾਵੈ॥ ਧਰਤੀ ਤੇ ਆਕਾਸਿ ਚਢਾਵੈ, ਚਢੇ ਅਕਾਸਿ ਗਿਰਾਵੈ॥ ੨॥ ਭੇਖਾਰੀ ਤੇ ਰਾਜੁ ਕਰਾਵੈ, ਰਾਜਾ ਤੇ ਭੇਖਾਰੀ॥ ਖਲ ਮੂਰਖ ਤੇ ਪੰਡਿਤੁ ਕਰਿਬੋ, ਪੰਡਿਤ ਤੇ ਮੁਗਧਾਰੀ॥ ੩॥ ਨਾਰੀ ਤੇ ਜੋ ਪੁਰਖੁ ਕਰਾਵੈ, ਪੁਰਖਨ ਤੇ ਜੋ ਨਾਰੀ॥ ਕਹੁ ਕਬੀਰ ਸਾਧੂ ਕੋ ਪ੍ਰੀਤਮੁ, ਤਿਸੁ ਮੂਰਤਿ ਬਲਿਹਾਰੀ॥ ੪॥ ੨॥ (ਪੰਨਾ ੧੨੫੨)

ਸ਼ਬਦ ਦੀ ਬਣਤਰ ਬਾਰੇ:- ਰਾਗ ਸਾਰੰਗ ਵਿੱਚ ਉਚਾਰਿਆ ਹੋਇਆ ਭਗਤ ਕਬੀਰ ਜੀ ਦਾ ਏਹ ਸ਼ਬਦ ਪਾਵਨ ਗੁਰੂ ਗ੍ਰੰਥ ਸਾਹਿਬਜੀ ਦੇ ਪੰਨਾ ਨੰ. ੧੨੫੨ ਤੇ ਅੰਕਿਤ ਹੈ। ਸ਼ਬਦ ਵਿੱਚ ਇੱਕ ਬੰਧ ਰਹਾਉ ਵਾਲਾ ਹੈ, ਅਤੇ ਹੋਰ ਚਾਰ ਬੰਧ ਹਨ। ਪਹਿਲੇ ਤਿਨ ਬੰਧ ਮਨ ਦੀਆਂ ਦੋ ਅਵਸਥਾਵਾਂ (ਇਕ ਸਚ ਦੇ ਗਿਆਨ ਨਾਲ ਜੁੜੀ ਹੋਈ, ਅਤੇ ਦੂਜੀ ਮਨ ਦੇ ਖਿਆਲਾਂ ਨਾਲ ਜੁੜੀ ਹੋਈ) ਦਾ ਬਿਆਨ ਕਰਦੇ ਹਨ, ਅਤੇ ਚੌਥਾ ਅਤੇ ਅਖੀਰਲਾ ਬੰਧ ਪਰਮਾਤਮਾ ਦੇ ਮਿਲਾਪ ਦੀ, ਗਿਆਨ ਰੂਪ ਤੱਤ ਦੀ ਨਿਚੋੜ ਵਾਲੀ ਅਵਸਥਾ ਬਿਆਨ ਕਰਦਾ ਹੈ। ਵੈਸੇ ਤਾਂ ਇਸ ਸ਼ਬਦ ਦੇ ਪਰਚਲੱਤ ਅਰਥ ਕੁੱਛ ਇਸ ਪਰਕਾਰ ਕੀਤੇ ਜਾਂਦੇ ਹਨ, ਜਿਸ ਤਰ੍ਹਾਂ ਕਿ, ਪਰਮਾਤਮਾ ਵੱਸੇ ਹੋਇਆ ਨੂੰ ਉਜਾੜ ਦੇਂਦਾ ਹੈ, ਜੇੜੇ ਉਜੜੇ ਹੋਏ ਨੇ ਉਹਨਾਂ ਨੂੰ ਵਸਾ ਦੇਂਦਾ ਹੈ, ਭੇਖਾਰੀ ਨੂੰ ਰਾਜਾ ਬਣਾ ਦੇਂਦਾ ਹੈ, ਅਤੇ ਰਾਜੇ ਨੂੰ ਭੇਖਾਰੀ ਬਣਾ ਦੇਂਦਾ ਹੈ, ਇਤੀਆਦ ਭਾਵ ਪਰਮਾਤਮਾ ਮਨੁੱਖਾਂ ਨੂੰ ਚੁਣ ਚੁਣ ਕੇ, ਹਰ ਸੁਖ ਅਤੇ ਦੁਖ ਦੇਈ ਜਾ ਰਿਹਾ ਹੈ, ਭਾਵ ਪਰਮਾਤਮਾ ਇਸੀ ਕਾਜ ਵਿੱਚ ਲੱਗਾ ਹੋਇਆ ਹੈ, ਲੇਕਿਨ ਗੁਰਮਤਿ ਦਾ ਆਸ਼ਾ ਕੁਛ ਹੋਰ ਹੈ। ਗੁਰੂ ਪੰਜਵੇ ਪਾਤਸ਼ਾਹਿ ਬਾਵਨ ਅਖਰੀ ਵਿੱਚ ਇਸ ਪਉੜੀ ਰਾਹੀਂ ਪਰਮਾਤਮਾ ਦਾ ਅੱਟਲ ਨਿਯਮ ਸਮਝਾ ਰਹੇ ਹਨ। “ਪਉੜੀ॥ ਮਮਾ ਮਾਗਨਹਾਰ ਇਆਨਾ॥ ਦੇਨਹਾਰ ਦੇ ਰਹਿਓ ਸੁਜਾਨਾ॥ ਜੋ ਦੀਨੋ ਸੋ ਏਕਹਿ ਬਾਰ॥ ਮਨ ਮੂਰਖ ਕਹ ਕਰਹਿ ਪੁਕਾਰ॥ ਜਉ ਮਾਗਹਿ ਤਉ ਮਾਗਹਿ ਬੀਆ॥ ਜਾ ਤੇ ਕੁਸਲ ਨ ਕਾਹੂ ਥੀਆ॥ ਮਾਗਨਿ ਮਾਗ ਤ ਏਕਹਿ ਮਾਗ॥ ਨਾਨਕ ਜਾ ਤੇ ਪਰਹਿ ਪਰਾਗ॥ ੪੧॥” {ਪੰਨਾ ੨੫੮} ਇਸ ਪਉੜੀ ਵਿੱਚ ਗੁਰੂ ਸਾਹਿਬ ਨੇ ਮਨੁੱਖ ਦੀ ਮੰਗ ਕੀ ਹੋਣੀ ਚਾਹਿਦੀ ਹੈ, ਬਕਮਾਲ ਸਮਝਾਈ ਹੈ, “ਮਾਗਨਿ ਮਾਗ ਤ ਏਕਹਿ ਮਾਗ॥ ਨਾਨਕ ਜਾ ਤੇ ਪਰਹਿ ਪਰਾਗ” ਜੇ ਮਨ ਨੇ ਕੁੱਛ ਮੰਗਣਾ ਹੀ ਹੈ, ਤਾਂ ਪਰਮਾਤਮਾ ਦੇ ਗੁਣ ਮੰਗੇ ਜੇੜੇ ਇਸ ਨੂੰ ਅਪਣੀਆਂ ਮੰਗਾਂ ਤੋਂ ਪਰਲੇ ਬੰਨੇ ਲੈ ਜਾਣ। ਜੇ ਮਨੁੱਖ ਸਦਾ ਅਪਣੇ ਮਨ ਦੇ ਅਧਾਰਿਤ ਮੰਗਾਂ ਦੀ ਪੁਕਾਰ ਕਰ ਰਿਹਾ ਹੈ, ਤਾਂ ਗੁਰੂ ਸਾਹਿਬ ਕਹ ਰਹੇ ਹਨ ਐਸਾ ਮਨ ਸਚ ਦੇ ਗਿਆਨ ਤੋਂ ਅਨਜਾਨ ਹੈ। ਪਰਮਾਤਮਾ ਨੇ ਜੋ ਦੇਣਾ ਸੀ ਇਕੋ ਵਾਰ ਦੇ ਦਿੱਤਾ ਸੀ, ਮੂਰਖ ਮਨ ਪੁਕਾਰਾਂ ਕਰਦਾ ਰਹਿਂਦਾ ਹੈ। ਮਨ ਵਾਸਤੇ ਪਰਮਾਤਮਾ ਦੇ ਗੁਣ ਹੀ ਆਤਮਕ ਜੀਵਨ ਦਾ ਅਧਾਰ ਹਨ, ਕਬੀਰ ਜੀ ਦੇ ਇਸ ਸ਼ਬਦ ਰਾਹੀਂ ਸਮਝਣ ਦੀ ਨਿਮਾਣੀ ਜਈ ਕੋਸ਼ੀਸ਼ ਕਰਦੇ ਹਾਂ।

ਰਾਜਾਸ੍ਰਮ, ਮਿਤਿ ਨਹੀ ਜਾਨੀ ਤੇਰੀ॥ ਤੇਰੇ ਸੰਤਨ ਕੀ ਹਉ ਚੇਰੀ॥ ੧॥ ਰਹਾਉ॥

ਪਦ ਅਰਥ:-ਰਾਜਾਸ੍ਰਮ-ਰਾਜੇ ਦਾ ਆਸ਼੍ਰਮ, ਪਰਮਾਤਮਾ ਦਾ ਟਿਕਾਣਾ, ਮਨੁੱਖ ਦਾ ਹਿਰਦਾ। ਮਿਤਿ-ਮਾਪ, ਮਰਯਾਦਾ, ਕੀਮਤ। ਚੇਰੀ-ਦਾਸੀ।

ਰਹਾਉ ਦੇ ਬੰਧ ਵਿੱਚ ਕਬੀਰਜੀ ਨੇ ਮਨ ਦੀਆਂ ਦੋ ਅਵਸਥਾਵਾਂ ਬਿਆਨ ਕੀਤੀਆਂ ਹਨ, । “ਮਿਤਿ ਨਹੀ ਜਾਨੀ ਤੇਰੀ॥” ਮਨ ਦੀ ਇੱਕ ਅਵਸਥਾ ਉਹ ਹੈ, ਜਦ ਇਸ ਕੋਲ ਸਚ ਦਾ ਗਿਆਨ ਹੋਂਦਿਆਂ ਸੋਂਦਿਆ, ਹਿਰਦੇ ਵਿੱਚ ਗੁਣ ਵਸਦਿਆਂ ਹੋਇਆਂ ਭੀ, ਉਹਨਾਂ ਦੀ ਕੀਮਤ ਨਹੀ ਜਾਣਦਾ, ਅਤੇ ਅਪਣੇ ਬਣਾਏ ਹੋਏ ਨਿਯਮਾਂ ਦੇ ਅਧਾਰ ਤੇ ਜੀਵਨ ਜਿਉਂਦਾ ਹੋਂਦਾ ਹੈ, ਜਿਸ ਕਾਰਣ ਆਤਮਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ।

“ਤੇਰੇ ਸੰਤਨ ਕੀ ਹਉ ਚੇਰੀ॥” ਮਨ ਦੀ ਦੂਜੀ ਅਵਸਥਾ ਉਹ ਹੈ ਜਦ ਏਹ, ਪੂਰਨ ਗੁਰੂ ਨੂੰ ਸਮਰਪਿਤ ਹੋਕੇ, ਸਚ ਦੇ ਗਿਆਨ ਦਾ, ਪਰਮਾਤਮਾ ਦੇ ਬਣਾਏ ਹੋਏ ਨਿਯਮਾਂ ਦਾ ਦਾਸ ਬਣ ਜਾਂਦਾ ਹੈ, ਉਹਨਾਂ ਨਿਯਮਾਂ ਅਨੂਸਾਰ ਜੀਵਨ ਜਿਉਣ ਲੱਗ ਪੈਂਦਾ ਹੈ, ਤੱਦ ਏਹ ਆਤਮਕ ਤੌਰ ਤੇ ਬਲਵਾਨ ਹੋ ਜਾਂਦਾ ਹੈ।

ਪਰਮਾਤਮਾ ਦੇ ਨਿਯਮ ਅਪਣੇ ਆਪ ਵਿੱਚ ਪੂਰਨ ਹਨ, ਉਹਨਾਂ ਵਿੱਚ ਕਿਸੀ ਪਰਕਾਰ ਦੀ ਕਮੀ ਨਹੀ ਹੈ। ਇਸ ਨੂੰ ਸਮਝਣ ਵਾਸਤੇ ਗੁਰੂ ਪੰਜਵੇ ਪਾਤਸ਼ਾਹ ਜੀ ਦੀ ਉਚਰਿਤ ਬਾਣੀ ਬਾਵਨ ਅਖਰੀ ਵਿੱਚੋਂ ਇਸ ਪਉੜੀ ਨੂੰ ਸਮਝਦੇ ਹਾਂ।

ਪਉੜੀ॥ ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ॥ ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ॥ ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ॥ ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣ ਤਾਸ॥ ਖੇਲਹਿ ਬਿਗਸਹਿ ਅਨਦ ਸਿਉ ਜਾ ਕਉ ਹੋਤ ਕ੍ਰਿਪਾਲ॥ ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ॥ ਖੇਦੁ ਨ ਦੂਖੁ ਨ ਡਾਨੁ ਤਿਹ ਜਾ ਕਉ ਨਦਰਿ ਕਰੀ॥ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ॥ ੧੮॥ ਪੰਨਾ ੨੫੩॥

ਪਉੜੀ : —ਖੂਨਾ—ਘਾਟ, ਕਮੀ। ਪਾਹਿ—ਪਾਸ। ਭਾਵੈ—ਜਿਵੇਂ ਮਨ ਨੂੰ ਭਾਉਂਦਾ ਹੈ। ਤਹ ਤਹ—ਉਥੇ ਉਥੇ। ਭਾਵੈ … ਜਾਹਿ— (ਭਗਤ ਜਨ) ਉਸ ਦੀ ਰਜ਼ਾ ਵਿੱਚ ਤੁਰਦੇ ਹਨ। ਸਹਜ—ਅਡੋਲਤਾ। ਗੁਣਤਾਸ—ਗੁਣਾਂ ਦਾ ਖ਼ਜ਼ਾਨਾ ਪਰਮਾਤਮਾ। ਬਿਗਸਹਿ—ਖਿੜੇ ਰਹਿੰਦੇ ਹਨ। ਗਨੀਵ—ਧਨਾਢ, ਗ਼ਨੀ। ਗ੍ਰਿਹਿ—ਹਿਰਦੇ-ਘਰ ਵਿਚ। ਖੇਦੁ—ਕਲੇਸ਼। ਡਾਨੁ—ਡੰਨ। ੧੮।

ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ॥ ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ॥ -ਪਰਮਾਤਮਾ ਦੇ ਸਚ ਦੇ ਗਿਆਨ ਵਾਲੇ ਖਜਾਨੇ ਵਿੱਚ, ਭਾਵ ਨਿਯਮਾਵਲੀ ਬਨਾਣ ਵਿੱਚ ਕੋਈ ਘਾਟ ਨਹੀ ਰੱਖੀ, ਨਿਯਮ ਅਪਣੇ ਆਪ ਵਿੱਚ ਸੰਪੂਰਣ ਹਨ। ਮਨੁੱਖ ਵਾਸਤੇ ਸਾਰੇ ਨਿਯਮ ਇਕੋ ਵਾਰ ਬਣਾ ਦਿੱਤੇ ਸੀ, ਜਿਸ ਮਨ ਨੂੰ ਏਹੁ ਨਿਯਮ ਭਾਂਵਦੇ ਹਨ, ਉਹ ਉਹਨਾਂ ਨਿਯਮਾਂ ਅਨੂਸਾਰ ਤੁਰਦਾ ਹੈ। ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ॥ ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣ ਤਾਸ॥ -ਜਿਸ ਮਨ ਨੂੰ ਸਚ ਦਾ ਗਿਆਨ ਭਾ ਜਾਂਦਾ ਹੈ, ਭਾਵ ਜੇੜਾ ਮਨ ਗੁਰੂ ਦੀ ਮਤ ਨੂੰ ਸਮਰਪਿਤ ਹੋ ਜਾਂਦਾ ਹੈ, ਤਾਂ ਮਨ ਇਸੀ ਨੂੰ ਜੀਵਨ ਦੀ ਪੂੰਜੀ ਬਣਾ ਲੈਂਦਾ ਹੈ, ਇਸੀ ਨੂੰ ਜੀਵਨ ਵਿੱਚ ਖਰਚਦਾ ਹੈ। ਇਸ ਅਨਮੋਲ ਖਜਾਨੇ ਨੂੰ ਸਦਾ ਚੇਤੇ ਰਖਣ ਸਦਕੇ, ਖਿਮਾ, ਨਮਰਤਾ, ਖੇੜਾ, ਅਤੇ ਸਹਿਜ ਇਹਨਾਂ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਖੇਲਹਿ ਬਿਗਸਹਿ ਅਨਦ ਸਿਉ ਜਾ ਕਉ ਹੋਤ ਕ੍ਰਿਪਾਲ॥ ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ॥ -ਇਸ ਤਰ੍ਹਾਂ ਮਨ ਜੀਵਨ ਰੂਪ ਕਦਮਾਂ ਤੇ, ਪਰਮਾਤਮਾ ਦਿਆਂ ਗੁਣਾਂ ਦੀ ਕਿਰਪਾ ਸਦਕੇ, ਸਦਾ ਖੇੜੇ ਵਿੱਚ ਟਿੱਕ ਜਾਂਦਾ ਹੈ, ਹਿਰਦੇ ਰੂਪ ਘਰ ਵਿੱਚ ਗੁਣਾਂ ਦਾ ਖਜਾਨਾ ਕੱਠਾ ਕਰਣ ਵਿੱਚ ਸਫਲ ਹੋ ਜਾਂਦਾ ਹੈ। ਖੇਦੁ ਨ ਦੂਖੁ ਨ ਡਾਨੁ ਤਿਹ ਜਾ ਕਉ ਨਦਰਿ ਕਰੀ॥ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ॥ ੧੮॥ -ਜਿਸ ਮਨ ਕੋਲ ਗੁਣਾਂ ਦਾ ਖਜਾਨਾ ਕੱਠਾ ਹੋ ਜਾਂਦਾ ਹੈ, ਮਾਨੋ ਉਸਨੂੰ ਜੀਵਨ ਮਨੋਰਥ ਦੀ ਸਮਝ ਆ ਜਾਂਦੀ ਹੈ। ਇਸ ਤਰ੍ਹਾਂ ਮਨ ਰੱਬੀ ਨਿਯਮਾਂ ਦੀ ਕਿਰਪਾ ਸਦਕੇ, ਆਤਮਕ ਦੁਖ, ਪਛੋਤਾਵਾ ਯਾ ਫਿਰ ਕਿਸੀ ਵੀ ਕਦਮ ਤੇ ਆਤਮਕ ਤੌਰ ਤੇ ਨੁਕਸਾਨ ਨਹੀ ਸਹਿਂਦਾ। ੧੮।

ਪਰਮਾਤਮਾ ਦੇ ਹੁਕਮ ਵਿੱਚ ਮਨੁੱਖ ਦਾ ਜਨਮ ਹੋਂਦਾ ਹੈ, ਅਤੇ ਹੁਕਮ ਵਿੱਚ ਹੀ ਮਨੁੱਖ ਸੁਆਸ ਪੂਰੇ ਕਰ ਲੈਂਦਾ ਹੈ। ਜਨਮ ਤੋਂ ਲੈਕੇ ਮਰਨ ਤੱਕ ਇਸ ਵਿਚਲੇ ਸਮੇ ਲਈ ਮਨ ਅਪਣੇ ਆਪ ਵਿੱਚ ਸੁਤੰਤਰ ਹੈ, ਇੱਕ ਸਚ ਦੇ ਗਿਆਨ ਵਾਲੀ ਗੁਰੂ ਦੀ ਮਤਿ ਹੈ, ਦੂਜੀ ਇਸਦੀ ਅਪਣੀ ਹੋਛੀ ਮਤਿ ਹੈ, ਜਿਸ ਮਰਜੀ ਵਿਚਾਰ ਦਾ ਧਾਰਨੀ ਹੋ ਸਕਦਾ ਹੈ ਇਸਦੀ ਅਪਣੀ ਮਰਜ਼ੀ ਉੱਤੇ ਨਿਰਭਰ ਹੈ। ਰਹਾਉ ਵਾਲੀ ਇਸ ਵਿਚਾਰ ਨੂੰ ਮੁਖ ਰੱਖ ਕੇ, ਸ਼ਬਦ ਨੂੰ ਵਿਚਾਰਦੇ ਹਾਂ। ੧। ਰਹਾਉ।

ਹਸਤੋ ਜਾਇ, ਸੁ ਰੋਵਤੁ ਆਵੈ, ਰੋਵਤੁ ਜਾਇ, ਸੁ ਹਸੈ॥ ਬਸਤੋ ਹੋਇ, ਹੋਇ ਸ ਊਜਰੁ, ਊਜਰੁ ਹੋਇ, ਸੁ ਬਸੈ॥ ੧॥

ਪਦ ਅਰਥ:- ਹਸਤੋ-ਹਾਸਾ, ਖੇੜਾ (ਚੜਦੀਕਲਾ)। ਰੋਵਤ-ਰੋਣਾ, ਪਛੋਤਾਵਾ (ਢਹਿਂਦੀ ਕਲਾ)। ਜਾਇ-ਚਲਾ ਜਾਂਦਾ ਹੈ। ਬਸਤੇ-ਵੱਸੇ ਹੋਏ। ਊਜਰ-ਗੈਰ ਆਬਾਦ।

ਸ਼ਬਦ ਦੇ ਰਹਾਉ ਵਾਲੇ ਬੰਧ ਵਿੱਚ ਸ਼ਮੁੱਚੇ ਸਬਦ ਦਾ ਭਾਵ ਅਰਥ ਹੋਂਦਾ ਹੈ। ਕਬੀਰ ਜੀ ਦੇ ਇਸ ਸ਼ਬਦ ਦੀ ਬਣਤਰ ਭੀ ਕਮਾਲ ਦੀ ਹੈ। ਹਰੇਕ ਬੰਧ ਰਹਾਉ ਵਾਲੇ ਭਾਵ ਅਰਥਾਂ ਨਾਲ ਬਕਮਾਲ ਰਲਦਾ ਹੈ। ਮਿਤਿ ਨਹੀ ਜਾਨੀ ਤੇਰੀ॥ -ਜਦ ਮਨ ਕੋਲ ਸਚ ਦਾ ਗਿਆਨ ਨਹੀ ਹੋਂਦਾ ਤਾਂ, “ਹਸਤੋ ਜਾਇ” ਭਾਵ ਚੜਦੀਕਲਾ ਚਲੀ ਜਾਂਦੀ ਹੈ, ਅਤੇ “ਰੋਵਤੁ ਆਵੈ” ਭਾਵ ਢਹਿਂਦੀ ਕਲਾ ਸਹਿਜੇ ਹੀ ਆ ਜਾਂਦੀ ਹੈ। ਤੇਰੇ ਸੰਤਨ ਕੀ ਹਉ ਚੇਰੀ॥ -ਜਦ ਮਨ ਪੂਰਨ ਤੌਰ ਤੇ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ, ਰੱਬੀ ਨਿਯਮਾਵਲੀ ਦਾ ਗੁਲਾਮ ਹੋ ਜਾਂਦਾ ਹੈ, ਤਾਂ’ ਰੋਵਤ ਜਾਇ” ਭਾਵ ਢਹਿਂਦੀਕਲਾ ਚਲੀ ਜਾਂਦੀ ਹੈ, ਅਤੇ “ਸੁ ਹਸੈ” ਚੜਦੀਕਲਾ ਸਹਿਜੇ ਹੀ ਆ ਜਾਂਦੀ ਹੈ। ਇਸੀ ਤਰ੍ਹਾਂ ਦੂਜੀ ਤੁੱਕ ਵਿੱਚ, ਬਸਤੋ ਹੋਇ, ਹੋਇ ਸ ਊਜਰੁ- ਜਦ ਮਨ ਕੋਲ ਸਚ ਦਾ ਗਿਆਨ ਨਹੀ ਹੋਂਦਾ ਤਾਂ ਹਿਰਦੇ ਤੇ ਸਦਾ ਵਸਦੇ ਪਰਮਾਤਮਾ ਦੇ ਗੁਣ ਨਜ਼ਰ ਨਹੀ ਆਉਂਦੇ, ਗੈਰ ਆਬਾਦ ਲਗਦੇ ਹਨ। ਊਜਰੁ ਹੋਇ, ਸੁ ਬਸੈ -ਦੂਸਰਾ ਪੱਖ ਮਨ ਨੂੰ ਸਚ ਸਮਝ ਆ ਜਾਣ ਤੇ, ਜਿਨਾਂ ਰੱਬੀ ਗੁਣਾਂ ਨੂੰ ਗੈਰ ਆਬਾਦ ਸਮਝਦਾ ਸੀ, ਸਹਿਜੇ ਹੀ ਹਿਰਦੇ ਉਤੇ ਪਰਤੱਖ ਨਜ਼ਰ ਆ ਜਾਂਦੇ ਹਨ। ੧।

ਜਲ ਤੇ ਥਲ ਕਰਿ ਥਲ ਤੇ ਕੂਆ, ਕੂਪ ਤੇ ਮੇਰੁ ਕਰਾਵੈ॥ ਧਰਤੀ ਤੇ ਆਕਾਸਿ ਚਢਾਵੈ, ਚਢੇ ਅਕਾਸਿ ਗਿਰਾਵੈ॥ ੨॥

ਪਦ ਅਰਥ:- ਜਲ-ਪਾਣੀ, ਜੋ ਜਿਆਉਂਦਾ ਹੈ। ਥਲ-ਸੁਕੀ ਥਾਂ। , ਕੂਆ-ਖੂਹ। , ਕੂਪ- ਖੂਹ। , ਮੇਰ-ਪਹਾੜ, ਸੁਮੇਰ ਪਰਬਤ। ਤੇ-ਤੌਂ, ਦੁਆਰਾ।

ਜਲ ਤੇ ਥਲ ਕਰਿ ਥਲ ਤੇ ਕੂਆ -ਜਦ ਮਨ ਸਤਿਗੁਰਿ ਨੂੰ ਸਮਰਪਿਤ ਨਹੀ ਹੋਂਦਾ ਤੱਦ ਪਰਮਾਤਮਾ ਦੇ ਗੁਣ, (ਆਤਮਕ ਤੌਰ ਤੇ ਜਿਆਉਣ ਵਾਲਾ ਅੰਮ੍ਰਿਤ ਰੂਪੀ ਜਲ) ਸੁਕ ਜਾਂਦਾ ਹੈ, ਮਨ ਦਾ ਸੋਚਣ ਦਾ ਮਿਆਰ ਖੂਹ ਵਰਗਾ ਥੱਲੇ ਨੂੰ ਚਲਾ ਜਾਂਦਾ ਹੈ। ਕੂਪ ਤੇ ਮੇਰੁ ਕਰਾਵੈ -ਲੇਕਿਨ ਜਦ ਮਨ, ਸਚ ਨੂੰ ਸਮਰਪਿਤ ਹੋ ਜਾਂਦਾ ਹੈ, ਤਾਂ ਸੋਚਣੀ ਦਾ ਮਿਆਰ ਜੇੜਾ ਖੂਹ ਵਰਗਾ ਥੱਲੇ ਨੂੰ ਚਲਾ ਗਿਆ ਸੀ, ਸਚ ਦੇ ਗਿਆਨ ਸਦਕੇ, ਪਰਬਤ ਵਰਗੀ ਉੱਚੀ ਮਿਆਰ ਵਾਲਾ ਹੋ ਜਾਂਦਾ ਹੈ। ਦੂਜੀ ਤੁੱਕ ਵਿੱਚ ਕਬੀਰ ਜੀ ਕਹਿ ਰਹੇ ਹਨ, ਧਰਤੀ ਤੇ ਆਕਾਸਿ ਚਢਾਵੈ- ਜਦ ਮਨ ਕੋਲ ਸਚ ਦਾ ਗਿਆਨ ਨਹੀ ਹੋਂਦਾ ਤਾਂ, ਧਰਤੀ ਭਾਵ ਹਿਰਦੇ ਦੀ ਸਥੀਰ ਸੋਚ ਤੋਂ, ਹਉਮੇ ਕਾਰਣ ਅਹੰਕਾਰੀ ਬਿਰਤੀ ਵਾਲਾ ਹੋ ਜਾਂਦਾ ਹੈ। ਲੇਕਿਨ ਸਚ ਦੀ ਸਮਝ ਆ ਜਾਣ ਤੇ, ਚਢੇ ਅਕਾਸਿ ਗਿਰਾਵੈ -ਆਕਾਸ਼ ਵਰਗੀ ਅਹੰਕਾਰੀ ਬਿਰਤੀ ਨੂੰ ਥੱਲੇ ਲੈ ਆਉਂਦਾ ਹੈ। (ਇਸ ਤਰ੍ਹਾਂ ਭੀ ਲੈ ਸਕਦੇ ਹਾਂ, ਉੱਚੀ ਸੁਰਤਿ ਹੋ ਜਾਣ ਸਦਕੇ, ਅਹੰਕਾਰੀ ਮਨੋਤ ਨੂੰ ਗਿਰਾਣ ਵਿੱਚ ਸਫਲ ਹੋ ਜਾਂਦਾ ਹੈ। ੨।

ਭੇਖਾਰੀ ਤੇ ਰਾਜੁ ਕਰਾਵੈ, ਰਾਜਾ ਤੇ ਭੇਖਾਰੀ॥ ਖਲ ਮੂਰਖ ਤੇ ਪੰਡਿਤੁ ਕਰਿਬੋ, ਪੰਡਿਤ ਤੇ ਮੁਗਧਾਰੀ॥ ੩॥

ਪਦ ਅਰਥ:-ਭੇਖਾਰੀ-ਭੀਖ ਮੰਗਣ ਵਾਲਾ। (ਖਲ-ਮੂਰਖ। ਪੰਡਿਤ-ਵਿਦਵਾਨ, ਗਿਆਨਵਾਨ। ਮੁਗਧਾਰੀ-ਮੂਰਖ

“ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ॥” ਪੰਨਾ ੫੯੮-ਪਰਮਾਤਮਾ ਪੂਰਨ ਮਤਿ ਦੇਣ ਦੇ ਸਮਰੱਥ ਹੈ, ਮਨ ਸਦਾ ਲਈ ਮੰਗਤਾ ਹੈ। ਭੇਖਾਰੀ ਤੇ ਰਾਜੁ ਕਰਾਵੈ -ਜੇ ਤਾਂ ਮਨ ਕੋਲ ਸਚ ਦਾ ਗਿਆਨ ਨਹੀ ਹੋਂਦਾ ਤਾਂ ਏਹ, ਗੁਣਾਂ ਦੀ ਦਾਤ ਨਹੀ ਲੈ ਪਾਂਦਾ, ਨਮਰਤਾ ਵਾਲਾ ਗੁਣ ਨਹੀ ਲੈਂਦਾ, ਸਗੋਂ ਅਹੰਕਾਰੀ ਹੋ ਜਾਂਦਾ ਹੈ। ਰਾਜਾ ਤੇ ਭੇਖਾਰੀ -ਦੂਸਰਾ ਪੱਖ, ਮਨ ਗੁਰੂ ਨੂੰ ਸਮਰਪਿਤ ਹੋਕੇ, ਅਹੰਕਾਰੀ ਬਿਰਤੀ ਤੋਂ ਬਦਲਕੇ, ਸਦਾ ਨਮਰਤਾ ਵਿੱਚ ਟਿੱਕ ਜਾਂਦਾ ਹੈ, ਭਾਵ ਗੁਰੂ ਦੀ ਮਤਿ ਲੈਣ ਵਿੱਚ ਸਫਲ ਹੋ ਜਾਂਦਾ ਹੈ। ਦੂਸਰੀ ਤੁੱਕ ਵਿੱਚ ਕਬੀਰ ਜੀ ਕਹਿ ਰਹੇ ਹਨ, ਖਲ ਮੂਰਖ ਤੇ ਪੰਡਿਤੁ ਕਰਿਬੋ -ਜੇੜਾ ਮਨ ਸਚ ਦੇ ਗਿਆਨ ਤੋਂ ਗਾਫਿਲ ਹੈ, ਭਾਵ ਮੂਰਖ ਹੈ, ਉਹ ਭੀ ਗੁਰੂ ਨੂੰ ਸਮਰਪਿਤ ਹੋਣ ਤੇ, ਗਿਆਨਵਾਨ ਹੋ ਜਾਂਦਾ ਹੈ। ਪੰਡਿਤ ਤੇ ਮੁਗਧਾਰੀ॥ -ਜਿਸ ਮਨ ਕੋਲ ਸਚ ਦਾ ਗਿਆਨ ਨਹੀ ਹੈ, ਕਿਤਨਾ ਭੀ ਗਿਆਨਵਾਨ ਹੋਵੇ, ਪੰਡਿਤ ਹੋਵੇ ਤਾਂ ਭੀ ਗਾਫਿਲ ਹੀ ਸਮਝੋ। ੩।

॥ ਨਾਰੀ ਤੇ ਜੋ ਪੁਰਖੁ ਕਰਾਵੈ, ਪੁਰਖਨ ਤੇ ਜੋ ਨਾਰੀ॥ ਕਹੁ ਕਬੀਰ ਸਾਧੂ ਕੋ ਪ੍ਰੀਤਮੁ, ਤਿਸੁ ਮੂਰਤਿ ਬਲਿਹਾਰੀ॥ ੪॥ ੨॥

ਪਦ ਅਰਥ:-ਨਾਰੀ-ਇਸਤਰੀ, ਔਰਤ, ਪਤਨੀ। ਪੁਰਖੁ-ਸਰਬ ਵਿਆਪਕ ਪਰਮਾਤਮਾ। ਪੁਰਖਨ-ਪੁਰਖਾਂ, ਹਸਤਿਆਂ। ਪ੍ਰੀਤਮ-ਚਾਹਵਾਨ, ਪ੍ਰੇਮੀ, ਲੋਚਵਾਨ। ਮੂਰਤਿ-ਰੂਪ, ਤਸਵੀਰ, ਸ਼ਕਲ।

ਕਬੀਰ ਜੀ, ਇਸ ਸ਼ਬਦ ਦੇ ਅਖੀਰਲੇ ਬੰਧ ਵਿੱਚ, ਗਿਆਨ ਰੂਪ ਤੱਤ ਦੀ, ਆਤਮਕ ਜੀਵਨ ਦੇਣ ਵਾਲੇ ਅੰਮ੍ਰਿਤ ਦੀ ਗੱਲ ਸਮਝਾ ਰਹੇ ਹਨ। ਕਬੀਰ ਜੀ ਅਪਣੇ ਮਨ ਨੂੰ ਸੰਬੋਧਨ ਕਰਕੇ, ਕਹਿ ਰਹੇ ਹਨ ਕਿ, ਮੈ ਮੇਰੇ ਮਨ ਦੀ ਉਸ ਅਵਸਥਾ ਤੋਂ, ਮਨ ਦੇ ਉਸ ਰੂਪ ਤੋਂ ਬਲਿਹਾਰੀ ਜਾਂਦਾ ਹਾਂ, ਜੇੜਾ ਗੁਰੂ ਦਾ, ਪਰਮਾਤਮਾ ਦਾ ਚਾਹਵਾਨ ਹੈ, ਸਚ ਦੇ ਗਿਆਨ ਦਾ ਪ੍ਰੇਮੀ ਹੈ। ਪਰਮਾਤਮਾ ਦੇ ਗੁਣਾਂ ਸਦਕੇ, ਸਚ ਦੇ ਗਿਆਨ ਸਦਕੇ, ਪੂਰਨ ਗੁਰੂ ਦੇ ਉਪਦੇਸ਼ਾਂ ਸਦਕੇ, ਹਰੇਕ ਜੀਵ ਇਸਤਰੀ (ਨਾਰੀ) ਸਰਬ ਵਿਆਪਕ ਪਰਮਾਤਮਾ ਦਾ ਰੂਪ (ਪੁਰਖੁ) ਹੀ ਹੋ ਜਾਂਦੀ ਹੈ। ਪੁਰਖਨ ਭਾਵ ਬਹੁਤੇ ਪੁਰਖ ਭਾਵ ਹਰੇਕ ਜੀਵ ਇਸਤਰੀ ਗੁਰੂ ਨੂੰ ਸਮਰਪਿਤ ਹੋਕੇ, ਗੁਣਾਂ ਰੂਪ ਪਤੀ ਪਰਮਾਤਮਾ ਦੀ ਸੁਹਾਗਣ ਪਤਨੀ ਹੋਣ ਦਾ ਮਾਣ ਪ੍ਰਾਪਤ ਕਰ ਲੈਂਦੀ ਹੈ। ੪। ਗੁਰੂ ਤੀਜੇ ਪਾਤਸ਼ਾਹ ਦਾ ਏਹ ਸਲੋਕ ਕਬੀਰ ਜੀ ਦੇ ਇਸ ਖਿਆਲ ਨੂੰ ਹੋਰ ਸੌਖਾ ਕਰ ਦੇਂਦਾ ਹੈ” ਮਃ ੩॥ ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ॥ ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ॥ ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀੑ ਹਉਮੈ ਸਬਦਿ ਜਲਾਈ॥ {ਪੰਨਾ ੫੯੨} “

ਫੁੱਲਬੀਰ ਸਿੰਘ
.