.

ਨਾਮ ਸਿਮਰਨ ਜ਼ਰੂਰੀ ਹੈ

ਕਿਸੇ ਡੇਰੇ ਦੀ ਇਹ ਅਖੌਤੀ ਨਾਮ ਸਿਮਰਨ ਦੇ ਉਪਦੇਸ਼ ਦੀ ਸੂਚੀ ਖਾਲਸਾ ਨਿਊਜ਼ ਦੀ ਵੈਬਸਾਈਟ ਤੇ ਛਪੀ ਸੀ ਇਸ ਲਈ ਗੁਰਮਤਿ ਦੇ (ਨਾਮ ਸਿਮਰਨ) ਪੱਖ ਨੂੰ ਸਾਂਝਾ ਕਰਨ ਲਈ ਇਸ ਨੂੰ ਬੜੇ ਸੰਖੇਪ ਤੌਰ ਤੇ ਨੰਬਰ ਬਾਰ ਵੀਚਾਰਿਆ ਗਿਆ ਹੈ। ਗੁਰਬਾਣੀ ਪਰਮਾਤਮਾ ਦੇ ਨਿਯਮਾਂ ਅਨੁਸਾਰ “ਹੁਕਮ ਰਜਾਈ” ਚੱਲਣ ਦੀ ਵਿਧੀ ਸਿਖਾਂਦੀ ਹੈ। ਇਸ ਦਾ ਗਿਆਨ, ਜੀਵਨ ਵਿੱਚ ਚਿਰਾਂ ਤੋਂ ਪਏ, ਵਹਿਮਾਂ ਤੇ ਭਰਮ ਭੁਲੇਖਿਆਂ ਨੂੰ ਦੂਰ ਕਰਕੇ ਮਨ ਨੂੰ ਪਾਕ ਕਰਨ ਦੇ ਸਮਰੱਥ ਹੈ। ਗੁਰਬਾਣੀ ਨੂੰ ਮੰਤ੍ਰ ਬਣਾ ਕੇ ਗਿਣਤੀ ਮਿਣਤੀ ਦੇ ਪਾਠਾਂ ਤੱਕ ਸੀਮਤ ਕਰ ਦੇਣਾ ਉਚਿੱਤ ਨਹੀ ਬਲਿਕੇ: ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ ॥ (੧੨੭) ਪੜ੍ਹ, ਬੁੱਝ ਤੇ ਮਨ ਵਸਾ ਕੇ ਜੀਵਨ ਵਿੱਚ ਢਾਲਣਾ ਹੈ। ਗੁਰਮਤਿ ਤੇ ਚੱਲ ਕੇ ਹੀ ਰੱਬੀ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਇਹੀ ਗੁਰਸਿੱਖ ਲਈ ਨਾਮ ਸਿਮਰਨ ਤੇ ਮਨ ਦੀ ਸਾਧਨਾ ਹੈ ਜੋ ਕੋਈ ਕਰਮ ਕਾਂਡ ਨਹੀ ਹੈ। ਕਿਸੇ ਇੱਕ ਸ਼ਬਦ ਨੂੰ ਮੰਤ੍ਰ ਬਣਾ ਕੇ ਬਾਰ ਬਾਰ ਰੱਟਣਾ ਇੱਕ ਕਰਮ ਕਾਂਡ ਹੈ ਜੋ ਗੁਰਮਤ ਅਨੁਕੂਲ ਨਹੀ ਹੈ।

ਅਖੌਤੀ ਨਾਮ ਸਿਮਰਨ ਗੁਰਬਾਣੀ ਦੀ ਕਸਵੱਟੀ ਤੇ

1) ਸੂਚੀ ਅਨੁਸਾਰ ਜਾਪਦਾ ਹੈ ਜਿਵੇਂ ਬਾਣੀ ਪੜ੍ਹਨੀ ਸੁਣਨੀ (ਬਾਣੀ ਨਾਲ ਸਾਂਝ) ਤੇ ਨਾਮ ਸਿਮਰਨ ਦੋ ਅਲੱਗ ਅਲੱਗ ਵਸਤੂਆਂ ਹਨ ਤੇ ਨਾਮ ਸਿਮਰਨ ਦੀ ਮਹੱਤਾ ਬਾਣੀ ਨਾਲੋਂ ਵਧੇਰੇ ਦਰਸਾਈ ਗਈ ਹੈ ਕਿਉਂਕਿ ਇਸ ਨਾਲ ਸਭ ਕੁੱਝ ਪ੍ਰਾਪਤ ਹੋ ਜਾਂਦਾ ਹੈ ਪਰ ਗੁਰਬਾਣੀ ਫੁਰਮਾਨ ਤਾਂ ਇਹ ਹੈ: ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥ ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈ.॥ (੧੨੩੯) ਭਾਈ ਗੁਰਦਾਸ ਜੀ ਗੁਰੂ ਨਾਨਕ ਨੂੰ ਗੁਰਮੁਖਿ ਲਿਖਦੇ ਹਨ “ਗੁਰਮੁਖਿ ਕਲਿ ਵਿੱਚ ਪਰਗਟੁ ਹੋਆ”। ਸ਼ਬਦ ਭਾਵ: ਗੁਰਮੁਖਿ ਬਾਣੀ (ਗੁਰੂ ਦੀ ਬਾਣੀ, ਹੁਕਮ) ਹੀ ਨਾਮ ਹੈ ਜਿਸ ਨੂੰ ਹਿਰਦੇ ਵਿੱਚ ਵਸਾ ਕੇ ਪੰਛੀ (ਵਾਂਗ ਉਡਾਰੂ) ਮਤ ਵਸਿ ਆ ਜਾਂਦੀ ਹੈ। ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥ ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ ॥ (797)। ਭਾਵ: ਜਿਸ ਮਨੁੱਖ ਨੂੰ ਸਤਿਗੁਰੂ ਦੀ ਮਤ (ਸਿਖਿਆ) ਪ੍ਰਾਪਤ ਹੋ ਜਾਂਦੀ ਹੈ ਉਹ ਮਨੁੱਖ ਗੁਰੂ (ਗੁਰਬਾਣੀ) ਵਿੱਚ ਲੀਨ ਰਹਿੰਦਾ ਹੈ। ਜਿਹੜਾ ਮਨੁੱਖ ਗੁਰਬਾਣੀ ਨਾਲ ਦਿਲੋਂ ਸਾਂਝ ਪਾ ਲੈਂਦਾ ਹੈ (ਮਨ ਵਸਾ ਲੈਂਦਾ ਹੈ) ਉਸ ਦੇ ਅੰਦਰ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ। ਗੁਰੂ ਦੀ ਮਤ (ਹੁਕਮ) ਹੀ ਨਾਮ ਹੈ। ਗੁਰਮਤਿ ਨਾਮੁ ਪਰਾਪਤਿ ਹੋਇ ॥ ਵਡਭਾਗੀ ਹਰਿ ਪਾਵੈ ਸੋਇ ॥ (੧੧੭੫)। ਭਾਵ: ਗੁਰੂ ਦੀ ਮਤਿ ਤੇ ਚਲਿਆਂ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਉਹ ਵਡਭਾਗੀ ਮਨੁੱਖ ਪ੍ਰਭੂ ਨੂੰ ਮਿਲ ਪੈਂਦਾ ਹੈ (ਕਿਉਂਕਿ ਗੁਰੂ ਦੀ ਮਤ ਹੀ ਨਾਮ ਹੈ)। ਗੁਰ ਸਬਦੀ ਮਨਿ ਨਾਮਿ ਨਿਵਾਸੁ ॥ ਨਾਨਕ ਸਚੁ ਭਾਂਡਾ ਜਿਸੁ ਸਬਦ ਪਿਆਸ ॥ {ਪੰਨਾ 158} ਗੁਰੂ ਦੇ ਸ਼ਬਦ (ਗੁਰਬਾਣੀ) ਦੀ ਬਰਕਤ ਨਾਲ ਮਨੁੱਖ ਦੇ ਮਨ ਵਿੱਚ ਨਾਮ ਦਾ ਨਿਵਾਸ ਹੋ ਜਾਂਦਾ ਹੈ। ਹੇ ਨਾਨਕ, ਉਹ ਅਸਲ ਹਿਰਦਾ ਹੈ ਜਿਸ ਨੂੰ ਗੁਰੂ ਦੇ ਸ਼ਬਦ ਤੇ ਚਲਣ ਦੀ ਤਾਂਘ ਰਹਿੰਦੀ ਹੈ। ਗੁਰੂ ਦਾ ਸ਼ਬਦ ਹੀ ਨਾਮ (ਹੁਕਮ) ਹੈ ਤੇ ਉਸ ਨੂੰ ਮਨ ਵਸਾ ਕੇ ਉਸ ਤੇ ਚੱਲਣਾ ਹੀ ਨਾਮ ਸਿਮਰਨ ਹੈ। ਇਹਨਾਂ ਵਿੱਚ ਵਖਰੇਵਾਂ ਕਰਕੇ, ਇੱਕ ਨੂੰ ਦੂਜੇ ਨਾਲੋਂ ਵਿਸ਼ੇਸ਼ਤਾ ਦੇਣੀ ਅਗਿਆਨਤਾ ਹੈ। ਸਪਸ਼ਟ ਹੈ ਕਿ ਗੁਰਬਾਣੀ ਤੇ ਚੱਲਿਆਂ ਹੀ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਜਿਸ ਨੂੰ ਨਾਮ (ਖਜ਼ਾਨਾ) ਪ੍ਰਾਪਤ ਹੋ ਜਾਵੇ ਉਸਦੀ ਇੱਛਾ ਹੀ ਖਤਮ ਹੋ ਜਾਂਦੀ ਹੈ ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥ (੪੬)। ਮਨ ਦੀ ਇੱਛਾ ਦਾ ਖਤਮ ਹੋ ਜਾਣਾ ਹੀ ਉਸ ਦਾ ਪੂਰੀ ਹੋ ਜਾਣਾ ਹੈ ਅਤੇ ਇਹੀ ਸਭ ਕੁੱਝ ਦੀ ਪ੍ਰਾਪਤੀ ਹੈ।

2) ਅਗਰ ਨਾਮ ਆਪ ਜਪਣਾ ਪੈਂਦਾ ਹੈ ਤਾਂ ਗੁਰਬਾਣੀ ਤੇ ਵੀ ਆਪ ਹੀ ਚੱਲਣਾ ਪੈਂਦਾ ਹੈ ਕਿਉਂਕਿ ਗੁਰਬਾਣੀ ਤੇ ਨਾਮ ਦੋ ਵੱਖਰੀਆਂ ਵਸਤੂਆਂ ਨਹੀ ਹਨ। ਅਗਿਆਨਤਾ ਕਾਰਨ ਇਹਨਾਂ ਦਾ ਵਖਰੇਵਾਂ ਹੀ (ਸੱਚੇ) ਨਾਮ (ਗੁਰਬਾਣੀ ਤੇ ਚੱਲਣ) ਨੂੰ ਅਖੌਤੀ ਨਾਮ (ਕਿਸੇ ਇੱਕ ਸ਼ਬਦ ਦਾ ਜਾਪ) ਬਣਾ ਦਿੰਦਾ ਹੈ। ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥ (੧੦੬੬)। ਇਸ ਜਗਤ ਵਿੱਚ (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਬਾਣੀ ਆ ਵਸਦੀ ਹੈ ਉਹ ਇਸ ਬਾਣੀ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥ {ਪੰਨਾ 317} ਸਤਿਗੁਰ ਦਾ ਹੁਕਮ ਕਮਾਉਣ (ਗੁਰਬਾਣੀ ਤੇ ਚਲਣ) ਦੀ ਘਾਲ ਹੀ ਜਪ ਕਮਾਉਣਾ ਹੈ ਤੇ ਇਹੀ ਕੀਤੀ ਘਾਲ ਸਤਿਗੁਰੂ ਥਾਇ ਪਾਉਂਦਾ ਹੈ।

3) ਰਸਨਾਂ ਨਾਲ ਜਪੇ ਨਾਮ ਬਾਰੇ ਗੁਰਬਾਣੀ ਦਾ ਫੁਰਮਾਨ ਹੈ: ਜਿਹਬਾ ਏਕ ਉਸਤਤਿ ਅਨੇਕ ॥ ਸਤਿ ਪੁਰਖ ਪੂਰਨ ਬਿਬੇਕ ॥ ਕਾਹੂ ਬੋਲ ਨ ਪਹੁਚਤ ਪ੍ਰਾਨੀ ॥ ਅਗਮ ਅਗੋਚਰ ਪ੍ਰਭ ਨਿਰਬਾਨੀ ॥ (੨੮੭) ਭਾਵ: ਮਨੁੱਖ ਦੀ ਜੀਭ ਇੱਕ ਹੈ ਪਰ ਉਸ (ਸਦਾ ਵਿਆਪਕ ਪ੍ਰਭੂ) ਦੇ ਗੁਣ ਅਨੇਕਾਂ ਹਨ। ਮਨੁੱਖ ਕਿਸੇ ਬੋਲਾਂ ਦੁਆਰਾ ਪਰਮਾਤਮਾ ਤਕ ਨਹੀ ਪਹੁੰਚ ਸਕਦਾ ਕਿਉਂਕਿ (ਵਾਸਨਾ ਰਹਿਤ) ਪਰਮਾਤਮਾ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਹੈ। ਫਿਰ ਮੂੰਹ ਨਾਲ ਕੁਛ ਬੋਲ ਕੇ ਉਸ ਨੂੰ ਪਾਉਣ ਦਾ ਸਵਾਲ ਹੀ ਨਹੀ ਰਹਿ ਜਾਂਦਾ। ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ (ਜਪ)। ਜੇ ਇੱਕ ਜੀਭ ਤੋਂ ਲੱਖਾਂ ਹੋ ਜਾਣ, ਅਤੇ ਲੱਖਾਂ ਤੋਂ ਵੀਹ ਲੱਖ ਹੋ ਜਾਣ, ਤੇ ਇਹਨਾ ਨਾਲ ਪਰਮਾਤਮਾ ਦੇ ਨਾਮ ਨੂੰ ਇੱਕ ਇੱਕ ਲੱਖ ਵਾਰ ਆਖੀਏ ਤਾਂ ਇਹ ਕੂੜੇ ਮਨੁੱਖ ਦੀ ਕੂੜੀ ਠੀਸ ਹੈ। ਇਸ ਤਰਾਂ ਦੇ ਗਿਣਤੀ ਮਿਣਤੀ ਦੇ ਸਿਮਰਨ ਨਾਲ ਪਰਮਾਤਮਾ ਨੂੰ ਤਾਂ ਨਹੀ ਪਾ ਸਕਦਾ ਪਰ ਝੂਠੇ ਅਹੰਕਾਰ ਨੂੰ ਜ਼ਰੂਰ ਪਾ ਲਵੇਗਾ। ਰਸਨਾ ਨਾਮੁ ਸਭੁ ਕੋਈ ਕਹੈ ॥ ਸਤਿਗੁਰੁ ਸੇਵੇ ਤਾ ਨਾਮੁ ਲਹੈ ॥ (੧੨੬੨) (ਉਂਞ ਤਾਂ) ਹਰ ਕੋਈ ਜੀਭ ਨਾਲ ਹਰ-ਨਾਮ ਉਚਰਦਾ ਹੈ ਪਰ ਮਨੁੱਖ ਤਦੋਂ ਹੀ ਹਰ-ਨਾਮ ਪ੍ਰਾਪਤ ਕਰਦਾ ਹੈ ਜਦੋਂ ਗੁਰੂ ਦੀ ਸ਼ਰਨ ਪੈਂਦਾ ਹੈ (ਭਾਵ ਗੁਰਬਾਣੀ ਤੇ ਚਲਦਾ ਹੈ)। ਇਹੀ ਕਾਰਨ ਹੈ ਕਿ ਗੁਰਮੁਖਿ (ਗੁਰਸਿਖਿਆ ਤੇ ਚਲਣ ਵਾਲੇ) ਦੀ ਸੰਗਤਿ ਲਾਭਦਾਇਕ ਹੈ।

4) ਅਖੌਤੀ ਨਾਮ ਸਿਮਰਨ (ਕਿਸੇ ਇੱਕ ਸ਼ਬਦ ਦੇ ਰੱਟਣ) ਨਾਲ ਮਨ ਦੀ ਮੈਲ ਨਹੀ ਉਤਰਨੀ ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ (੩੯)। ਪਰ ਗੁਰਬਾਣੀ ਉਪਦੇਸ਼ ਤੇ ਚੱਲ ਕੇ ਇਸ ਮਨ ਦੀ ਮੈਲ ਐਸੀ ਉਤਰੇਗੀ ਕਿ ਇਹ ਮੁੜ ਕਦੇ ਮੈਲਾ ਨਹੀ ਹੋਵੇਗਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਹਰਿ ਹਰਿ, ਰਾਮ ਰਾਮ ਜਾਂ ਕਿਸੇ ਹੋਰ ਇੱਕ ਸ਼ਬਦ ਦਾ ਰੱਟਣ ਕਰਕੇ ਥੱਕ ਜਾਂਦੇ ਹਨ (ਫਿਰ ਭੀ ਹਉਮੈ ਦੀ) ਮੈਲ (ਉਹਨਾਂ ਪਾਸੋਂ) ਧੋਤੀ ਨਹੀ ਜਾ ਸਕਦੀ। ਗਿਆਨ ਰਤਨਿ ਮਨੁ ਮਾਜੀਐ ਬਹੁੜਿ ਨ ਮੈਲਾ ਹੋਇ ॥ (੯੯੨) ਇਸ ਤਰਾਂ ਗੁਰੂ ਦੇ ਗਿਆਨ (ਗੁਰਬਾਣੀ, ਨਾਮ) ਨਾਲ ਮਾਂਝਿਆ ਮਨ ਮੁੜ ਮੈਲਾ ਨਹੀ ਹੋਵੇਗਾ। ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ ॥ (੬੩੭)। ਗੁਰੂ ਦੇ ਗਿਆਨ (ਗੁਰਬਾਣੀ, ਨਾਮ) ਵਿੱਚ ਨ੍ਹਾ ਕੇ ਹੀ ਮਨ ਤਨ ਪਵਿੱਤ੍ਰ ਹੋ ਸਕਦਾ ਹੈ। ਗੁਰਬਾਣੀ ਹੀ ਗੁਰੂ ਦਾ ਗਿਆਨ ਹੈ ਤੇ ਇਹੀ ਨਾਮ ਹੈ ਜਿਸ ਰਾਹੀਂ ਮਨ ਦੀ ਮੈਲ ਦੂਰ ਹੁੰਦੀ ਹੈ ਤੇ ਮਨੁੱਖ ਬੁਰੇ ਕੰਮਾਂ ਤੋਂ ਸੰਕੋਚ ਕਰਦਾ ਹੈ।

5) ਗੁਰਮਤਿ (ਨਾਮ) ਵਿੱਚ ਹੀ, ਮਨੁੱਖ ਦੇ ਮਨ ਨੂੰ ਪਵਿੱਤ੍ਰ ਕਰਨ ਤੇ ਜੀਵਨ ਬਦਲਨ ਦੀ ਸ਼ਕਤੀ ਹੈ। ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰੁ ॥ ਗੁਰ ਸਬਦੀ ਸਚੁ ਪਾਇਆ ਦੂਖ ਨਿਵਾਰਣਹਾਰੁ ॥ (੩੬) ਜਿਨ੍ਹਾ ਦੀ ਜ਼ਿੰਦਗੀ ਦਾ ਆਸਰਾ ਨਾਮ (ਗੁਰਬਾਣੀ) ਹੈ ਉਹਨਾ ਨੂੰ ਸਦੀਵੀ ਸੁੱਖ (ਆਨੰਦ) ਪ੍ਰਾਪਤ ਹੋ ਜਾਂਦਾ ਹੈ ਕਿਉਂਕਿ ਗੁਰਬਾਣੀ ਦੁਆਰਾ ਹੀ ਉਹਨਾ ਨੇ ਦੁੱਖਾਂ ਦੀ ਨਵਿਰਤੀ ਕਰਨ ਵਾਲੇ ਪ੍ਰਭੂ ਨੂੰ ਪਾ ਲਿਆ। ਗੁਰਬਾਣੀ, ਦੁਖਿਆਵੀ ਜ਼ਿੰਦਗੀ ਨੂੰ ਸੁੱਖਾਂ ਵਿਚ, ਬਦਲਣ ਦੀ ਸਮਰੱਥਾ ਰੱਖਦੀ ਹੈ। ਗੁਰਬਾਣੀ ਸੁਣਿ ਮੈਲੁ ਗਵਾਏ ॥ ਸਹਜੇ ਹਰਿ ਨਾਮੁ ਮੰਨਿ ਵਸਾਏ ॥ਰਹਾਉ ॥ (੬੬੫) ਗੁਰੂ ਦੀ ਬਾਣੀ ਦੁਆਰਾ ਹੀ (ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਹੁੰਦੀ ਹੈ। ਇਹ ਬਾਣੀ ਆਤਮਕ ਅਡੋਲਤਾ ਵਿੱਚ ਟਿਕਾ ਕੇ ਪਰਮਾਤਮਾ ਦਾ ਨਾਮ ਮਨ ਵਿੱਚ ਵਸਾ ਦਿੰਦੀ ਹੈ। ਗੁਰਬਾਣੀ ਤੇ ਚੱਲਿਆਂ ਹੀ ਇੱਛਾ ਰਹਿਤ ਹੋਇਆ ਜਾ ਸਕਦਾ ਹੈ। ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ ॥ ਗੁਰਮੁਖਿ ਭਏ ਨਿਰਾਸ ਪਰਮ ਸੁਖੁ ਪਾਇਆ ॥ (੧੨੪੯) ਗੁਰਮਤਿ ਤੇ ਚੱਲਿਆਂ ਹੀ ਨਿਰ-ਆਸ ਹੋ ਕੇ ਪਰਮ ਸੁੱਖ ਨੂੰ ਪਾਇਆ ਜਾ ਸਕਦਾ ਹੈ।

6) ਗੁਰਬਾਣੀ ਨੂੰ ਪੜ੍ਹ, ਬੁੱਝ ਕੇ ਮਨ ਵਸਾਉਣ ਨੂੰ ਹੀ ਜੀਵਨ ਆਧਾਰ ਬਨਾਉਣ ਦੀ ਲੋੜ ਹੈ ਕਿ ਜੀਵਨ ਪਲਟ ਜਾਵੇਗਾ। ਫੇਰ ਕਿਸੇ ਧਰਮ ਕਰਮ ਦੀ ਲੋੜ ਨਹੀ ਰਹਿੰਦੀ। ਗੁਰਬਾਣੀ ਫੁਰਮਾਨ ਹੈ: ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥ ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥ (੪੨੨)। ਆਵਾਗਉਣ ਵਿੱਚ ਪਈ ਹੋਈ ਸ੍ਰਿਸ਼ਟੀ ਵਿੱਚ ਆਪਣੇ ਵਲੋਂ ਹਰ ਕੋਈ ਤੇਰਾ ਨਾਮ ਜਪਦਾ ਹੈ ਪਰ ਗੁਰਮਤਿ ਤੇ ਚੱਲਣ ਵਾਲਾ ਹੀ ਤੇਰੇ ਹੁਕਮ (ਨਾਮ) ਨੂੰ ਬੁੱਝਦਾ ਹੈ ਬਾਕੀ ਮਨਮਤ ਤੇ ਤੁਰਨ ਵਾਲੀ ਲੁਕਾਈ ਭਟਕਦੀ ਫਿਰਦੀ ਹੈ। ਇਸ ਲਈ ਗੁਰਮਤਿ ਤੇ ਚੱਲਣਾ ਹੀ ਨਾਮ ਸਿਮਰਨ ਹੈ ਜਿਸ ਨੂੰ ਕਦੇ ਭੁੱਲਣਾ ਨਹੀ ਚਾਹੀਦਾ। ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ ॥ ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥ ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ ॥ {ਪੰਨਾ 1060} ਗੁਰੂ ਦੇ ਸ਼ਬਦ (ਗੁਰਬਾਣੀ) ਨੂੰ ਮਨ ਵਸਾਉਣ ਦੀ ਕਮਾਈ ਕਰਨ ਤੋਂ ਬਿਨਾ ਕੋਈ ਹੋਰ ਜਪ, ਤਪ, ਸੰਜਮ ਦਾ ਉਦਮ ਮਨੁੱਖ ਦੀ ਜ਼ਿੰਦਗੀ ਵਿੱਚ ਕੰਮ ਨਹੀ ਆਉਂਦਾ। ਗੁਰਬਾਣੀ ਨੂੰ ਮਨ ਵਸਾ ਕੇ ਉਸ ਤੇ ਚੱਲਣ ਨਾਲ ਹੀ ਪਰਮਾਤਮਾ ਨਾਲ ਸਾਂਝ ਪੈਂਦੀ ਹੈ ਤੇ ਉਸ ਵਿੱਚ ਲੀਨ ਹੋਇਆ ਜਾ ਸਕਦਾ ਹੈ। ਇਹੀ ਨਾਮ ਦੀ ਪ੍ਰਾਪਤੀ ਹੈ।

7) ਅਗਰ ਇਕੱਲੇ ਬੈਠ ਕੇ ਨਾਮ ਸਿਮਰਨ ਤੋਂ ਭਾਵ, ਗੁਰਬਾਣੀ ਪੜ੍ਹਨ, ਬੁੱਝਣ ਤੇ ਮਨ ਵਸਾਉਣ ਤੋਂ ਬਿਨਾ ਕੁੱਝ ਹੋਰ ਹੈ ਤਾਂ ਇਹ ਇੱਕ ਮਨ ਘੜਤ ਕਰਮ ਕਾਂਡ ਹੀ ਹੈ ਜੋ ਗੁਰਮਤ ਵਿੱਚ ਪ੍ਰਵਾਨ ਨਹੀ। ਸੁਰਤ ਨੂੰ ਟਿਕਾਉਣ ਲਈ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨਾ, ਬੁੱਝਣਾ ਤੇ ਮਨ ਵਸਾਉਣਾ ਹੈ ਤੇ ਇਹੀ ਨਾਮ ਸਿਮਰਨ ਹੈ। ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ ॥ ਜਿਉ ਭਾਵੈ ਤਿਉ ਰਾਖੁ ਤੂੰ ਮੈ ਹਰਿ ਨਾਮੁ ਅਧਾਰੁ ॥ (62) ਜਿਸ ਦੀ ਸੁਰਤ ਸ਼ਬਦ (ਗੁਰਬਾਣੀ ਦੇ ਵੀਚਾਰ) ਵਿੱਚ ਜੁੜੀ ਹੋਵੇ ਉਸ ਦੇ ਅੰਦਰ ਅਨੰਦ ਪੈਦਾ ਹੁੰਦਾ ਹੈ। ਹੇ ਪ੍ਰਭੂ ਮੈਨੂੰ ਭੀ ਆਪਣੀ ਰਜ਼ਾ ਵਿੱਚ ਰੱਖ ਤੇ ਇਹੀ (ਹੁਕਮ ਰਜਾਈ ਚੱਲਣਾ) ਤੇਰਾ ਨਾਮ, ਮੇਰੇ ਜੀਵਨ ਦਾ ਆਸਰਾ ਬਣ ਜਾਵੇ। ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥ (੧੦)। ਹੇ ਮੇਰੇ ਮਿੱਤ੍ਰ ਗੁਰੂ, ਮੈਨੂੰ ਪ੍ਰਭੂ ਦਾ ਨਾਮ-ਚਾਨਣ (ਗੁਰਗਿਆਨ) ਬਖਸ਼। ਗੁਰੂ ਦੀ ਦੱਸੀ ਮੱਤ ਰਾਹੀਂ ਮਿਲਿਆ ਨਾਮ ਮੇਰੀ ਜਿੰਦ ਦਾ ਸਾਥੀ ਬਣਿਆਂ ਰਹੇ। ਪ੍ਰਭੂ ਦੀ ਸਿਫਤਿ ਸਾਲਾਹ (ਗੁਰਬਾਣੀ) ਮੇਰੀ ਜ਼ਿੰਦਗੀ ਦੇ ਸਫਰ ਲਈ ਰਾਸ-ਪੂੰਜੀ ਬਣੀ ਰਹੇ। ਇਸੇ ਤਰੀਕੇ ਨਾਲ ਸੁਰਤ ਟਿਕਾਉਣ ਵਿੱਚ ਸਹਾਇਤਾ ਮਿਲੇਗੀ।

8) ਅਖੌਤੀ ਨਾਮ (ਇਕ ਸ਼ਬਦ ਨੂੰ ਬਾਰ ਬਾਰ ਰੱਟਣ) ਨੂੰ ਕੋਈ ਫਲ ਨਹੀ ਲੱਗਣਾ ਪਰ (ਅਸਲੀ) ਨਾਮ (ਗੁਰਬਾਣੀ ਤੇ ਚੱਲਣਾ) ਜੀਵਨ ਨੂੰ ਪਲਟਾ ਕੇ ਰੱਖ ਦੇਵੇਗਾ। ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥ (੬੬)। ਗੁਰੂ (ਗੁਰਬਾਣੀ) ਦੀ ਸਰਨ ਪੈਣ ਤੋਂ ਬਿਨਾ ਪ੍ਰਭੂ ਨਾਲ ਸਾਂਝ ਨਹੀ ਪੈਂਦੀ ਤੇ ਨਾ ਹੀ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਹੁੰਦਾ ਹੈ।

9) ਨਾਮ (ਗੁਰਬਾਣੀ) ਦੀ ਕਦਰ ਵੀ ਕੋਈ ਵਿਰਲਾ ਹੀ ਜਾਣਦਾ ਹੈ: ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥ {ਪੰਨਾ 935} ਕੋਈ ਵਿਰਲਾ ਗੁਰਮੁਖਿ ਗੁਰਬਾਣੀ ਨੂੰ ਵੀਚਾਰਦਾ ਹੈ। ਇਹ ਸਤਿਗੁਰ ਦੀ ਬਾਣੀ ਮਨੁੱਖ ਨੂੰ ਸਵੈ-ਸਰੂਪ ਵਿੱਚ ਟਿਕਾ ਦਿੰਦੀ ਹੈ (ਭਾਵ ਮਨ ਨੂੰ ਅਡੋਲ ਕਰ ਦਿੰਦੀ ਹੈ)। ਗੁਰ ਕਾ ਸਬਦੁ ਕੋ ਵਿਰਲਾ ਬੂਝੈ ॥ (120) ਕੋਈ ਵਿਰਲਾ ਹੀ ਗੁਰੁ ਦੇ ਸ਼ਬਦ (ਗੁਰਬਾਣੀ) ਨੂੰ ਸਮਝਦਾ ਹੈ।

10) ਸਬਰ, ਸੰਤੋਖ ਤੇ ਨਿਮਰਤਾ ਜਿਹੇ ਗੁਣਾਂ ਦੀ ਪ੍ਰਾਪਤੀ ਗੁਰਬਾਣੀ ਦੁਆਰਾ ਹੀ ਹੁੰਦੀ ਹੈ। ਗੁਰ ਉਪਦੇਸਿ ਦਇਆ ਸੰਤੋਖੁ ॥ ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ ॥ (੧੧੫੨)। ਗੁਰੂ ਦੀ ਸਿਖਿਆ ਉੱਤੇ ਤੁਰਿਆਂ (ਮਨੁੱਖ ਦੇ ਹਿਰਦੇ ਵਿਚ) ਦਇਆ ਤੇ ਸੰਤੋਖ ਪੈਦਾ ਹੁੰਦਾ ਹੈ ਤੇ ਨਾਮ ਖਜ਼ਾਨਾ, ਜੋ ਜੀਵਨ ਪਵਿੱਤ੍ਰ ਕਰਨ ਵਾਲਾ ਪਦਾਰਥ ਹੈ, ਪ੍ਰਗਟ ਹੋ ਜਾਂਦਾ ਹੈ। ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥ (੧੪੭) (ਪੂਰਨ) ਸੰਤੋਖ (ਸਰੂਪ) ਗੁਰੂ (ਗੁਰਬਾਣੀ ਮਾਨੋ ਇਕ) ਰੁੱਖ ਹੈ ਜਿਸ ਨੂੰ ਧਰਮ (ਰੂਪ) ਫੁਲ ਲਗਦਾ ਹੈ ਤੇ ਗਿਆਨ (ਰੂਪ) ਫਲ ਲਗਦੇ ਹਨ। ਸਬਰ, ਸੰਤੋਖ ਤੇ ਨਿਮਰਤਾ ਜਿਹੇ ਸ਼ੁਭ ਗੁਣ ਗੁਰਬਾਣੀ ਤੇ ਚੱਲਿਆਂ ਹੀ ਪ੍ਰਾਪਤ ਹੁੰਦੇ ਹਨ।

11) ਰਿਧੀਆਂ ਸਿਧੀਆਂ ਨਿਰੋਲ ਮੋਹ (ਰੂਪ) ਹਨ ਤੇ (ਇਹਨਾ ਨਾਲ) ਹਰੀ ਦਾ ਨਾਮ ਹਿਰਦੇ ਵਿੱਚ ਨਹੀ ਵਸ ਸਕਦਾ। : ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥ (593) ਇਸ ਲਈ ਜਿਥੇ ਰਿਧਿ ਸਿਧਿ ਦਾ ਮੋਹ ਹੈ ਉਥੇ ਨਾਮ ਨਹੀ ਹੋ ਸਕਦਾ ਤੇ ਜਿਥੇ ਨਾਮ ਹੈ ਉਥੇ ਰਿਧੀਆਂ ਸਿਧੀਆਂ ਦਾ ਮੋਹ ਨਹੀ। ਅਗਰ ਕਿਸੇ ਅਖੌਤੀ ਨਾਮ ਜਪਣ ਨਾਲ ਰਿਧੀਆਂ ਸਿਧੀਆਂ ਆਉਂਦੀਆਂ ਹਨ ਤਾਂ ਉਹ ਅੰਦਰੋਂ ਉਠੇ ਮੋਹ ਦਾ ਹੀ ਪ੍ਰਗਟਾਵਾ ਹੈ ਜਿਸਦੇ ਹੁੰਦਿਆਂ ਨਾਮ ਪ੍ਰਾਪਤ ਨਹੀ ਹੋ ਸਕਦਾ ਕਿਉਂਕਿ ਇਹ (ਮੋਹ ਅਤੇ ਨਾਮ) ਆਪਾ-ਵਿਰੋਧੀ ਹਨ ਤੇ ਦੋਵੇਂ ਇਕੱਠੇ ਨਹੀ ਹੋ ਸਕਦੇ। ਇਹਨਾ ਨੂੰ ਇਕੱਠੇ ਕਰਨਾ ਅਗਿਆਨਤਾ ਹੈ।

12) ਗੁਰਮਤਿ ਦੁਆਰਾ ਨਾਮ ਜਪਣ (ਗੁਰਬਾਣੀ ਤੇ ਚੱਲਣ) ਦੇ ਸਮੇ ਦੀ ਕੋਈ ਪਾਬੰਧੀ ਨਹੀ ਤੇ ਇਹ ਅੱਠੇ ਪਹਿਰ, ਰਾਤ ਦਿਨ ਤੇ ਸਾਸ ਸਾਸ ਜਪਿਆ ਜਾ ਸਕਦਾ ਹੈ ਕਿਉਂਕਿ ਇਹ ਕੋਈ ਬਾਹਰਲਾ ਕਰਮ ਕਾਂਡ ਨਹੀ। ਅਖੌਤੀ ਨਾਮ ਸਿਮਰਨ ਨੂੰ ਗੁਰਬਾਣੀ ਪ੍ਰਵਾਨ ਨਹੀ ਕਰਦੀ: ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥ ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥ (੪੯੧)। ਨਿਰੀ ਜੀਭ ਨਾਲ ਪਰਮਾਤਮਾ ਦਾ ਨਾਮ ਆਖਿਆਂ ਸਫਲਤਾ ਪ੍ਰਾਪਤ ਨਹੀ ਹੁੰਦੀ। ਗੁਰੂ (ਗੁਰਬਾਣੀ) ਦੀ ਕਿਰਪਾ ਨਾਲ ਪਰਮਾਤਮਾ ਮਨ ਵਿੱਚ ਆ ਵਸਦਾ ਹੈ ਤੇ ਸਫਲਤਾ ਮਿਲਦੀ ਹੈ। ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ (੫੫੫)। ਮੂੰਹ ਨਾਲ ਤਾਂ ਸਾਰਾ ਸੰਸਾਰ ਹੀ ਰਾਮ ਰਾਮ (ਜਾਂ ਕੋਈ ਹੋਰ ਸ਼ਬਦ) ਆਖਦਾ ਫਿਰਦਾ ਹੈ, ਪਰ ਇਸ ਤਰਾਂ ਰਾਮ ਨਹੀ ਪਾਇਆ ਜਾਂਦਾ ਕਿਉਂਕਿ ਉਹ ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਉਹ ਬਹੁਤ ਵਡ੍ਹਾ, ਅਤੁਲ ਤੇ ਅਮੁਲ ਹੈ ਜੋ ਕਿਤੋਂ ਖਰੀਦਿਆ ਭੀ ਨਹੀ ਜਾ ਸਕਦਾ।

13) ਜਦੋਂ ਤੱਕ ਮਨੁੱਖ ਧਰਮ ਦੇ ਕਰਮ ਕਾਂਡਾਂ ਦਾ ਵਖਾਵਾ ਨਹੀ ਕਰ ਲੈਂਦਾ ਉਸ ਨੂੰ ਧਰਮੀ ਹੋਣ ਦਾ ਧਰਵਾਸ ਹੀ ਨਹੀ ਬੱਝਦਾ, ਇਸ ਲਈ ਲੋਕ ਪਚਾਰੇ ਲਈ ਹਉਂ ਵਿੱਚ ਕੀਤੇ ਕਰਮ ਧਰਮ ਦੇ ਬੰਧਨਾਂ ਵਿੱਚ ਫਸ ਕੇ ਸਗੋਂ ਦੁਖ ਸਹੇੜ ਲੈਂਦਾ ਹੈ। ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਂਹੀ ॥ (੧੪੧੮) ਜੇ ਨਾਮ ਜਪਣ ਨੂੰ ਬਾਰ ਬਾਰ ਜੀਅ ਕਰੇ ਤਾਂ ਗੁਰੂ ਦੇ ਇਸ ਵਾਕ ਦੀ ਵੀਚਾਰ ਲਾਭਦਾਇਕ ਹੋਵੇਗੀ: ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥ ਗੁਰਮੁਖਿ ਸਾਚੇ ਸਾਚੈ ਦਰਬਾਰਿ ॥ ਰਹਾਉ (੩੫੫) ਗੁਰੂ ਦੇ ਸ਼ਬਦ ਦੀ ਵੀਚਾਰ ਹੀ ਸੱਚਾ ਨਾਮ ਹੈ ਤੇ ਇਸ ਤੇ ਚੱਲਣ ਵਾਲੇ (ਗੁਰਮੁਖਿ) ਹੀ (ਅਸਲ ਵਿੱਚ ਨਾਮ ਸਿਮਰਦੇ ਹਨ ਤੇ) ਪ੍ਰਭੂ ਦੇ ਦਰਬਾਰ ਸੁਰਖਰੂ ਹੁੰਦੇ ਹਨ। ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ ॥ (੫੩੮)। ਹੇ ਮੇਰੀ ਜਿੰਦੇ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਗੁਰੂ ਦੀ ਮੱਤ ਉਤੇ ਤੁਰਿਆਂ ਹੀ ਮਿਲਦਾ ਹੈ।

14) ਅੱਖਾਂ ਬੰਦ ਕਰਕੇ ਨਹੀ, ਬਲਿਕੇ ਅੱਖਾਂ ਖੋਲ ਕੇ ਪੂਰੇ ਧਿਆਨ ਨਾਲ ਗੁਰਬਾਣੀ ਪੜ੍ਹੋ, ਵੀਚਾਰੋ ਤੇ ਫਿਰ ਇਸ ਨੂੰ ਹਿਰਦੇ ਵਿੱਚ ਟਿਕਾਵੋ ਤਾਂ ਕੇ ਜ਼ਿੰਦਗੀ ਵਿੱਚ ਵਿਚਰਦਿਆਂ ਇਹ ਕੰਮ ਆਵੇ ਤੇ ਮਨ ਦੇ ਫੁਰਨਿਆਂ ਨੂੰ ਰੋਕ ਪਾਵੇ। ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥ (੭੮੯) ਮਨੁੱਖ ਦਾ ਇਹ ਮਨ (ਫੁਰਨਿਆਂ ਰਾਹੀਂ) ਦਸੀਂ ਪਾਸੀਂ ਦੌੜਦਾ ਫਿਰਦਾ ਹੈ ਪਰ (ਗੁਰੂ ਦੀ ਮੱਤ ਤੇ ਚਲਣ ਵਾਲੇ ਦਾ ਮਨ) ਗੁਰੂ (ਗੁਰਬਾਣੀ) ਨੇ ਹੀ ਰੋਕ ਕੇ ਰੱਖਿਆ ਹੈ। ਸਾਰੀ ਲੁਕਾਈ ਪ੍ਰਭੂ ਦੇ ਨਾਮ ਦੀ ਤਾਂਘ ਕਰਦੀ ਹੈ ਪਰ ਇਹ ਮਿਲਦਾ ਗੁਰੂ ਦੀ ਮੱਤ ਤੇ ਚੱਲਿਆਂ ਹੀ ਹੈ। ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥ (1046) ਪ੍ਰਭੂ ਨੇ ਅੇਸੀ ਮਰਯਾਦਾ ਬਣਾ ਰੱਖੀ ਹੈ ਕਿ ਗੁਰੂ (ਦੀ ਸ਼ਰਨ ਪੈਣ) ਤੋਂ ਬਿਨਾ (ਭਾਵ ਗੁਰਮਤਿ ਤੇ ਚੱਲੇ ਬਿਨਾ) ਕੋਈ ਮਨੁੱਖ ਪ੍ਰਭੂ ਦਾ ਨਾਮ ਪ੍ਰਾਪਤ ਨਹੀ ਕਰ ਸਕਦਾ। ਇਹ ਗੁਰਬਾਣੀ ਦਾ ਅਟੱਲ ਫੈਸਲਾ ਹੈ ਜਿਸ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ।

15) ਜਿਥੋਂ ਤੱਕ ਹੋ ਸਕੇ ਗੁਰਬਾਣੀ ਪੜ੍ਹ, ਬੁੱਝ ਕੇ ਮਨ ਵਸਾਉਣੀ ਹੈ ਤਾਂ ਕੇ ਮਨ ਨਿਰਮਲ ਤੇ ਜੀਵਨ ਸੁਖੀ, ਸ਼ਾਂਤ ਤੇ ਅਨੰਦਤ ਬਣ ਸਕੇ। ਸਰੀਰਕ ਰੀਡ ਦੀ ਹੱਡੀ ਸਿੱਧੀ ਕਰਨ ਨਾਲ ਮਨ ਦੀ ਪਵਿੱਤ੍ਰਤਾ ਨਹੀ ਆਉਣੀ। ਗੁਰ ਕਾ ਸਬਦੁ ਵਸੈ ਮਨਿ ਜਾ ਕੈ ॥ ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥ ਸੂਖ ਸਹਜ ਆਨੰਦ ਨਾਮ ਰਸੁ ਅਨਹਦ ਬਾਣੀ ਸਹਜ ਧੁਨਾ ॥ (੧੦੭੯) ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ (ਗੁਰਬਾਣੀ) ਟਿਕ ਜਾਂਦਾ ਹੈ, ਉਸ ਦਾ ਦੁੱਖ ਦਰਦ ਦੂਰ ਹੋ ਜਾਂਦਾ ਹੈ ਤੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ। ਆਤਮਕ ਅਡੋਲਤਾ ਤੇ ਸੁੱਖ ਅਨੰਦ ਬਣੇ ਰਹਿੰਦੇ ਹਨ। ਪਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ ਤੇ ਉਸ ਦੇ ਅੰਦਰ ਇਕ-ਰਸ ਆਤਮਕ ਅਡੋਲਤਾ ਦੀ ਰੌ ਚਲੀ ਰਹਿੰਦੀ ਹੈ। ਗੁਰਮਤਿ ਤੇ ਚੱਲਣ ਲਈ ਚੌਂਕੜੀ ਮਾਰ ਕੇ ਬੈਠਣਾ ਜ਼ਰੂਰੀ ਨਹੀ ਕਿਉਂਕਿ ਗੁਰ ਫੁਰਮਾਨ ਹੈ: ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥{ਪੰਨਾ 522} ਜੇ ਸਤਿਗੁਰੂ ਮਿਲ ਪਏ (ਗੁਰਬਾਣੀ ਨਾਲ ਸਾਂਝ ਪੈ ਜਾਵੇ) ਤਾਂ ਜੀਵਨ ਦੀ ਸਹੀ ਜਾਚ ਆ ਜਾਂਦੀ ਹੈ ਤੇ ਫਿਰ ਹਸਦਿਆਂ, ਖੇਡਦਿਆਂ, ਪਹਿਨਦਿਆਂ ਤੇ ਖਾਦਿਆਂ ਵਿਕਾਰਾਂ ਤੋਂ ਬਚੇ ਰਹੀਦਾ ਹੈ। ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥ ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥ {ਪੰਨਾ 650} ਸਾਰੇ ਸਿਧ ਤੇ ਸਾਧਿਕ ਨਾਮ ਨੂੰ, ਬ੍ਰਿਤੀਆਂ ਜੋੜ ਜੋੜ ਕੇ, ਖੋਜਦੇ ਥੱਕ ਗਏ ਹਨ ਪਰ ਸਤਿਗੁਰੂ ਤੋਂ ਬਿਨਾ (ਗੁਰਮਤਿ ਤੇ ਚੱਲੇ ਬਿਨਾ) ਕਿਸੇ ਨੂੰ ਨਹੀ ਲੱਭਾ । ਗੁਰੂ ਦੀ ਮਤ (ਗੁਰਬਾਣੀ) ਤੇ ਚੱਲਣ ਵਾਲੇ ਨੂੰ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ।

16) ਨਾਮ ਤੇ ਬਾਣੀ ਦੋਵੇਂ ਅਲੱਗ ਅਲੱਗ ਨਹੀ ਬਲਿਕੇ ਇਕੋ ਹੀ ਹਨ ਤੇ ਜੋ ਇਸ ਦੁਆਰਾ ਮਨ ਦੀ ਸਾਧਨਾ ਵਿੱਚ ਲੱਗੇ ਰਹਿਣਗੇ ਉਹ ਮੰਜ਼ਲ ਤੇ ਪਹੁੰਚ ਹੀ ਜਾਣਗੇ। ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥ (759) ਗੁਰੂ ਦਾ ਗਿਆਨ (ਗੁਰਬਾਣੀ) ਹੀ ਨਾਮ ਪਦਾਰਥ ਹੈ ਜਿਸ ਨੂੰ ਗੁਰੂ ਮਨੁੱਖ ਦੇ ਹਿਰਦੇ ਵਿੱਚ ਪੱਕਾ ਕਰਦਾ ਹੈ। ਜੋ ਮਨੁੱਖ ਗੁਰਬਾਣੀ ਤੇ ਚਲਦਾ ਹੈ ਉਹ ਵਡਭਾਗੀ ਹੀ ਇਸ ਪਦਾਰਥ ਨੂੰ ਹਾਸਲ ਕਰਦਾ ਹੈ। ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥ ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥ (੫੧੦) ਜੀਵਾਂ ਦੇ ਕਰਮਾਂ ਦੀ ਬਿਧ ਬਨਾਣ ਵਾਲਾ ਪ੍ਰਭੂ ਕਿਸੇ ਸਿਆਣਪ ਜਾਂ ਚਤੁਰਾਈ ਨਾਲ ਨਹੀ ਮਿਲਦਾ ਸਿਰਫ ਗੁਰੂ ਦੇ ਸ਼ਬਦ (ਗੁਰਬਾਣੀ) ਦੁਆਰਾ ਹਿਰਦੇ ਵਿੱਚ ਵਸਦਾ ਹੈ ਤੇ ਸੌਖਾ ਹੀ ਪਛਾਣਿਆ ਜਾਂਦਾ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.