.

ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ

(“ਇਲਾਹੀ ਨਦਰ ਦੇ ਪੈਂਡੇ” ਜਿਲਦ ਚੌਥੀ ਦੀ ਦ੍ਰਿਸ਼ਟੀ ਰਾਹੀਂ ਪੋ. ਹਰਿੰਦਰ ਸਿੰਘ ਮਹਿਬੂਬ ਦੇ ਅਕਾਲ ਚਲਾਣੇ ਦੀ ਦੂਜੀ ਬਰਸੀ ਤੇ)

“ਧੁਰੋਂ ਸੁਤੰਤਰ ਨੂਰ” ੧ (ਸਫ਼ਾ ੧੧੬, ਇ. ਨ. ਪੈਂਡੇ ਜਿਲਦ ਚੌਥੀ) “ਨਿਰਭੈ ਬਾਜ਼ਾਂ ਵਾਲੜੇ” ੨ (ਸ. ੧੩੫) ਪੈਗ਼ੰਬਰਾਂ ਦੇ ਸ਼ਹਿਨਸ਼ਾਹ, ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਦੀ ਰੂਹ ਦੇ ਬੁਰਜ ਬਹੁਤ ਉਚੇ ਹਨ (“ਉਚੇ ਬੁਰਜ ਗੁਰੁ ਦੀ ਰੂਹ ਦੇ” ੩ ਸ. ੧੧੪)। ਆਪ ਜੀ ਦੇ ਦਿਲ ਵਿੱਚ ਅਕਾਲ ਪੁਰਖ ਰੂਪ ਚੰਬੇ ਦੀ ਬੂਟੀ ਲੱਗੀ ਹੋਈ ਹੈ (ਪੁਰਖ ਅਕਾਲ ਚੰਬੇ ਦੀ ਬੂਟੀ, ਦਿਲ ਵਿੱਚ ਸਤਗੁਰ ਲਾਈ ਹੂ” ੪ ਸ. ੧੧੪)। ਆਪ ਜੀ ਦੋ ਤੇਗ਼ਾਂ ਦੀ ਨਿਆਰੀ ਲਿਸ਼ਕ ਵਾਲੇ “ਸੰਤ ਨਰਿੰਦ” ੫ (ਸ. ੬੬) ਜਾਂ ਬਾਦਸ਼ਾਹ ਦਰਵੇਸ਼ ਹਨ। ਆਪ ਜੀ ਦੀ ਇਲਾਹੀ ਸ਼ਖ਼ਸ਼ੀਅਤ ਵਿੱਚ ਆਪ ਤੋਂ ਪਹਿਲੇ ਨੌ ਗੁਰੂਆਂ ਦੀ ੧੯੭ ਸਾਲ ਦੀ ਘਾਲ, ਕਮਾਈ ਤੇ ਤੇਜ ਪਰਤਾਪ ਦਾ ਮੁਕੰਮਲ ਨੂਰ, ਪਵਿੱਤਰਤਾ ਤੇ ਗ਼ੈਬੀ ਅਮਲ ਝਲਕ ਰਹੇ ਹਨ। ਗੁ. ਨਾਨਕ ਦੇ ਜਮਾਲ ਤੇ ਜੁਰਅਤ ਦੀ ਅਕਾਲੀ ਸ਼ਾਨ (ਸ. ੫੬) ਨਾਲ “ਤੌਹੀਦ ਦੀ ਤੇਗ਼” ੫ (ਸ. ੫੬) ਲੈ ਕੇ “ਭੈ ਦੇ ਰੋਗ ਨਿਵਾਰਣ ਲਈ” ੬ (ਸ. ੬੭) ਤੇ ਗ਼ਰੀਬਾਂ ਨੂੰ ਗਲੇ ਲਾਉਣ ਲਈ “ਅਮਲ ਅਸੰਖ ਦੀ ਪੰਡ ਉਚਾ ਕੇ” (ਸ. ੬੯) ਸ੍ਰੀ ਅਨੰਦ ਪੁਰ ਸਾਹਿਬ ਦੀ ਉਚੀ ਠੇਰੀ ਉਤੇ ਰਣਜੀਤ ਨਗਾਰੇ ਤੇ ਚੋਟ ਮਾਰ ਕੇ ਗੁਰਾਂ ਨੇ “ਦਿੱਤਾ ਦਾਤ ਦਾ ਹੋਕਾ” ੭ (ਸ. ੬੯) ਕਿਉਂਕਿ ਨਿਰਭੈ ਗੁਰੁ ਜੋਤ ਖ਼ਾਕ ਦੇ ਪਰਦੇ ਉਹਲੇ ਛੁਪੀ ਨਹੀ ਰਹਿਣਾ ਚਾਹੁੰਦੀ (“ਛੁਪੀ ਰਹੇ ਗੁਰ ਜੋਤ ਸਦਾ ਨਾ, ਖ਼ਾਕ ਦੇ ਪਰਦੇ ਉਹਲੇ” ੮ (ਸ. ੬੬)। ਗੁਰੂ ਜੋਤ ਨੇ ਤਾਂ ਆਪਣੇ ਨਿਰਾਲੇ ਤੇ ਲਾ-ਮਿਸਾਲ ਅੰਦਾਜ਼ ਵਿੱਚ ਨਿਰਭਉ ਤੇ ਨਿਰਵੈਰ ਕੇਲਾਂ ਕਰਨੀਆਂ ਹਨ ਤੇ “ਨੂਰਾਨੀ ਰਾਹ ਸਿਰਜਣੇ ਹਨ (“ਰਚੇ ਨੂਰਾਨੀ ਰਾਹ ਮਰਦ ਅਗੰਮੜਾ” ੯ (ਸ. ੫੫)। ਆਪ ਜੀ ਦੀ ਇਸ ਇਲਾਹੀ ਜੋਤ ਤੋਂ ਆਤਮਿਕ ਲਾਹੇ ਲਾਭ ਲੈਣ ਵਾਲੇ ਲੋਕਾਂ ਲਈ ਵੀ ਮਹਾਂ ਮਾਨਵ, ਗੁਰਾਂ ਨੇ ਰਣਜੀਤ ਨਗਾਰੇ ਤੇ ਚੋਟ ਰਾਹੀਂ ਸੁਨੇਹੜੇ ਦੇਣੇ ਹਨ। ਮਹਾਂ ਮਾਨਵ ਦੀ ਧਰਮੀ ਸਾਬਤ ਸੂਰਤ ਦੀ ਪਿਤਾ ਧਰਵਾਸ ਜਾਂ ਮਾਂ-ਅਪਣੱਤ ਜਹੀ ਗੁਰ-ਸੈਨਤ ਇਸ ਰਣਜੀਤ ਨਗਾਰੇ ਦੀ ਗੂੰਜ ਤੇ ਧਮਕ ਰਾਹੀਂ ਲੋਕਾਂ ਤੱਕ ਉਪੜਦੀ ਹੈ “ਮਾਨਵ ਨੂੰ ਉਹ ਨਜ਼ਰ ਦਸਦੀ, ਧਰਮ ਦੀ ਸਾਬਤ ਸੂਰਤ। ਮਾਂ-ਅਪਣੱਤ ਜਹੀ ਗੁਰ-ਸੈਨਤ, ਨਾਲ ਨਜ਼ਰ ਜੋ ਖੇਲੀ। “ ੧੦ (ਸ. ੬੬)

ਜਦ ਰਣਜੀਤ ਨਗਾਰਾ ਇਲਾਹੀ ਨਾਦ ਕਰਦਾ ਹੈ ਤਾਂ ਉਸ ਦੀ ਪਰਬਲ ਗੂੰਜ ਤੇ ਧਮਕ ਚਾਰ ਚੁਫੇਰੇ ਫ਼ਿਜ਼ਾ ਚ ਫੈਲਦੀ ਹੈ: “ਗੂੰਜ ਸੁਣੇ ਰਣਜੀਤ ਚੋਂ ਪਰਬਲ” ੧੧ (ਸ. ੧੧੬) ਜਾਂ “ਬਲੀ ਗੂੰਜ ਰਣਜੀਤ ਦੀ ਸੁਣਦੀ” ੧੨ (ਸ. ੧੨੦) ਤਾਂ ਦੂਰ ਦਿਸਹੱਦਿਆਂ ਤੱਕ “ਅਭੈ ਪਦ ਦਾਨ ਸਿਮਰਨ ਸੁਆਮੀ ਕੋ” (ਜੈਤਸਰੀ ਮ. ੫), ਜੇਤੂ ਅੰਦਾਜ਼ ਵਿੱਚ ਆਪਣੀ ਨਿਰਾਲੀ “ਅਟੱਲ ਜਿੱਤ” ੧੩ (ਸ. ੧੧੩) ਦਾ ਜਸ਼ਨ ਮਨਾਉਂਦੀ ਜਿੱਥੇ ਕਾਇਰਾਂ, ਗੀਧੀਆਂ, ਬੁਜ਼ਦਿਲਾਂ ਦੇ ਕੰਮਜ਼ੋਰ ਦਿਲਾਂ ਵਿੱਚ ਦਹਿਲ ਤੇ ਭੈਅ ਦਾ ਮਾਰੂ ਪਰਭਾਵ ਛੱਡਦੀ ਹੈ ਉਥੇ ਸਿਰੜ ਵਾਲੇ ਬਹਾਦਰਾਂ, ਜੋਧਿਆਂ, ਵਲੀਆਂ, ਸਿੰਘਾਂ, ਸ਼ਹੀਦਾਂ, ਮੁਰੀਦਾਂ ਤੇ ਸਾਦਕਾਂ ਨੂੰ ਇੱਕ ਅਨੋਖਾ ਅੰਮ੍ਰਿਤ ਭਰਪੂਰ ਚਾਅ ( “ਉਮਕਿਉ ਹੀਓ ਮਿਲਨ ਪ੍ਰਭ ਤਾਈ” ੧੪) ਤੇ ਸੁਕੂਨ ਬਖ਼ਸ਼ਦੀ ਅਗਾਂਹ ਆਉਣ ਵਾਲੇ ਯੁੱਧਾਂ ਦੇ ਇਲਾਹੀ ਨਜ਼ਾਰੇ ਵੀ ਜ਼ਿਹਨ ਚ ਜ਼ਹੂਰ-ਪਜ਼ੀਰ ਕਰਦੀ ਹੈ। ਇਨ੍ਹਾਂ ਦੋਹਾਂ ਤਰ੍ਹਾਂ ਦੇ (ਗੁਰਮੁਖ ਅਤੇ ਮਨਮੁਖ) ਲੋਕਾਂ ਚੋਂ ਮੁਖ ਤੋਰ ਤੇ ਬਾਈਧਾਰ ਦੇ ਰਾਜੇ ਅਤੇ ਦਿੱਲੀ ਵਿਖੇ ਔਰੰਗਾ ਇੱਕ ਪਾਸੇ ਹਨ। ਉਨ੍ਹਾਂ ਨੂੰ ਰਣਜੀਤ ਨਗਾਰੇ ਦਾ ਇਲਾਹੀ ਨਾਦ ਅਤੇ ਗੁਰੂ ਜੀ ਦੀ ਕਲਗੀ ਬਹੁਤ ਚੁਭਦੀਆਂ ਹਨ, ਖ਼ਾਸ ਤੌਰ ਤੇ ਗੜ੍ਹਵਾਲੀਏ ਫ਼ਤੇ ਸ਼ਾਹ ਨੂੰ ਰਣਜੀਤ ਨਗਾਰੇ ਦੀ ਅਵਾਜ਼ ਨਿੱਤ ਨਵੇਂ ਸੂਰਜ ਜ਼ਹਿਰ ਦੀ ਪਾਣ ਚਾੜ੍ਹਦੀ ਹੈ ਜਦ ਕਿ ਦੂਜੇ ਪਾਸੇ ਨੇੜੇ ਗੁਆਂਢ ਵਿਚਲੇ ਸਢੌਰੇ ਦੇ ਪੀਰ ਬੁੱਧੂ ਸ਼ਾਹ ਜਾਂ ਬਦਰੁੱਦੀਨ ਸੂਫ਼ੀ ਫ਼ਕੀਰ ਨੂੰ ਅੰਮ੍ਰਿਤ ਦੇ ਗੱਫੇ ਵੰਡਦੀ ਹੈ। ਦਰ ਅਸਲ, ਰਣਜੀਤ ਨਗਾਰੇ ਦਾ ਨਾਦ ਮਨਮੁਖ ਤੇ ਗੁਰਮੁਖ ਲੋਕਾਂ ਨੂੰ ਆਪੋ ਆਪਣੀ ਭਉ ਭਾਵਨੀ ਅਨੁਸਾਰ ਨਰਕੀ ਡਰ ਤੇ ਉੱਜਲ ਸਵੇਰੇ ਦੀ ਆਸ ਦੇ ਆਲਮ ਵਿੱਚ ਧਕੇਲਦਾ ਹੈ: “ਭੈਅ ਉਮੀਦ ਦੇ ਪੈਗ਼ਾਮਾਂ ਨੂੰ, ਪਿਆ ਨਗਾਰਾ ਵੰਡੇ” ੧੫ (੧੧੪)। ਇਸ ਲੇਖ ਵਿੱਚ ਦੁਵੱਲੀ ਪਰਖ ਦਾ ਉਲੇਖ ਹੋਵੇਗਾ। ਇੱਕ ਤਾਂ ਪੈਗ਼ੰਬਰਾਂ ਦੇ ਸ਼ਹਿਨਸ਼ਾਹ ਗੁਰੁ ਗੋਬਿੰਦ ਸਿੰਘ ਆਪਣੀ ਅਜ਼ਮਾਇਸ਼ ਚੋਂ ਸਫਲਤਾ ਪੂਰਬਕ ਪਾਸ ੧੬ (ਸ. ੧੨) ਹੋ ਰਹੇ ਹਨ ਜਿਵੇਂ ਉਨ੍ਹਾਂ ਦੇ ਨੌਂ ਪੂਰਵਜ ਹੋਏ ਸਨ ੧੭ (ਸ. ੨੪)। ਤੇ ਦੂਜੇ ਪਾਸੇ, ਆਪਣੇ ਸਿੱਖਾਂ ਸ਼ਹੀਦਾਂ, ਮੁਰੀਦਾਂ, ਜੋਧਿਆਂ, ਬਲਕਾਰਾਂ, ਫੌਜਦਾਰਾਂ, ਸਰਦਾਰਾਂ, ਸਿਕਦਾਰਾਂ, ਚੌਧਰੀਆਂ, ਤੇ ਰਾਜਿਆਂ, ਸਮਰਾਟਾਂ, ਮੁਗਲਾਂ ਹਿੰਦੂਆਂ ਤੇ ਸੂਫੀ ਫਕੀਰਾਂ ਸਭਨਾਂ ਨੂੰ ਅਜ਼ਮਾਇਸ਼ ਵਿੱਚ ਪਾ ਕੇ ਉਨ੍ਹਾਂ ਨੂੰ ਨਿਰਖ ਪਰਖ ਰਹੇ ਹਨ ( “ਕਚ ਪਕਾਈ ਓਥੈ ਪਾਇ” ੩੫ਵੀਂ ਪੌੜੀ ੧੮ ਜਪੁ ਜੀ)। ਇਹ ਸਾਰਾ ਬਿਰਤਾਂਤ ਇਲਾਹੀ ਨਦਰ ਦੇ ਪੈਂਡੇ, ਜਿਲਦ ਚੌਥੀ ਚ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਕਾਵਿਕ ਤੇ ਫਿਲਾਸਫਰਾਨਾ ਦੀਰਘ ਦ੍ਰਿਸ਼ਟੀ ਰਾਹੀਂ ਨਿਰੂਪਤ ਸ੍ਰੀ ਕਲਗੀਧਰ ਪਿਤਾ ਜੀ ਦੀ ਜੀਵਨੀ, ਅਤੇ ‘ਸਹਿਜੇ ਰਚਿਓ ਖ਼ਾਲਸਾ`ਚੋਂ ਉਪਲਭਦ ਵਿਚਾਰਾਂ ਦੇ ਅਧਾਰ ਤੇ ਨਜਿੱਠਿਆ ਜਾਵੇਗਾ। ਕਵੀ ਪ੍ਰੋ. ਮਹਿਬੂਬ ਇੰਞ ਦੱਸਦੇ ਹਨ:

ਦੈਵੀ ਜੁੰਬਸ਼ ਵਿਚੋਂ ਘੜਦਾ, ਫਿਰ ਰਣਜੀਤ ਨਗਾਰਾ।

ਗੂੰਜ ਸੁਣੀ ਤਾਂ ਸੁਣੇ ਸਤਲੁਜੋਂ, ਨਾਦ ਜਾਪ ਦਾ ਮਿੱਠਾ ੧੯ (੧੧੨)

ਫ਼ਜਰੀਂ ਬੁੱਧੂ ਸ਼ਾਹ ਧੌਂਸੇ ਦੀ, ਸੁਣਦਾ ਧਮਕ ਨਵੇਲੀ

ਧਰੁ ਦੇ ਸੱਚ ਨੂੰ ਲੈ ਸੋਦਰੁ ਤੇ, ਜਿਉਂ ਪੁੱਜੇ ਗੁਰ ਬੇਲੀ ੨੦ (੧੪੨)

ਪਈ ਤੰਬੋਲੋਂ ਦੂਣ ਤੇ, ਜਦ ਕਲਗੀ ਦੀ ਭਾ

ਨਾਗ-ਜੀਭ ਲਈ ਕੰਠ ਚੋਂ, ਬਾਈਧਾਰ ਉਗਾ। ੨੧ (ਸ. ੧੩੩)

ਸਹਸ ਮੇਘ-ਗਰਜ ਤੋਂ ਨਿਆਰਾ, ਨਾਦ ਨਗਾਰੇ ਸੰਦਾ

ਆਲਮਗੀਰ ਦੀ ਨੀਂਦਰ ਡੰਗੇ, ਸੂਖਮ ਸਹਿਮ ਜਲੰਦਾ। ੨੨ (ਸ. ੧੧੪)

ਇਸ ਅਕਾਰਣ ਈਰਖਾ ਤੇ ਸਾੜੇ ਕਰਕੇ ਬਾਈਧਾਰ ਦੇ ਰਾਜੇ ਸਾਜਿਸ਼ਾਂ ਕਰਦੇ ਹਨ। ਫਲਸਰੂਪ, ਅਕਾਰਣ ਭੰਗਾਣੀ ਦਾ ਯੁਧ ਵੀਹ ਸਾਲ ਦੀ ਉਮਰੇ ਗੁਰੂ ਜੀ ਉਪਰ ਆ ਪਿਆ ਹੈ: “ਜੰਗੀ ਰਮਜ਼ਾਂ ਲਿਸ਼ਕੀਆਂ, ਸੰਤ ਸਿਪਾਹ ਤੇ ਆ” (ਸ. ੧੩੬)। ਦਿਸਦਾ ਕਾਰਣ ਭਾਵੇਂ ਕੋਈ ਨਹੀਂ ਸੀ ਪਰ ਬੇ-ਤਹਾਸ਼ਾ ਹਿੰਦੂ ਅਵਾਮ ਦੀ ਸੁਰਤ ਦਬੇਲ ਹੈ ਹਜ਼ਾਰਾਂ ਸਾਲਾਂ ਦੀ ਗ਼ੁਲਾਮੀ ਨੂੰ ਬਿਨਾਂ ਹੀਲ ਹੁੱਜਤ ਝੱਲੀ ਜਾਂਦੇ ਹਨ ਜਿਵੇਂ “ਬਿਸਟਾ ਕੇ ਕੀੜੇ, ਬਿਸਟਾ ਕਮਾਵਹਿ, ਫਿਰਿ ਬਿਸਟਾ ਮਾਹਿ ਪਚਾਵਣਿਆ।। “ (ਸ. ੧੧੬, ਗੁ, ਗ੍ਰੰਥ) ੨੩ ਵਾਂਗ ਉਪਰੋਂ ਉਪਰੋਂ ਜੇਤੂ ਮੁਸਲਮਾਨ ਹਮਲਾ-ਆਵਰ ਦੀ ਚਾਪਲੂਸੀ ਕਰਦੇ, ਅੰਦਰਖਾਤੇ ਕਰਮਕਾਂਡੀ ਪੂਜਾ ਕਰਦੇ ਹਨ ੨੪ (ਆਸਾ ਦੀ ਵਾਰ)। ਜਦ ਕਿ ਮੁਸਲਮਾਨ ਹਮਲਾ-ਆਵਰ ਜਿਨ੍ਹਾਂ ਰਾਜ ਕਾਜ ਸਾਂਭਣ ਚ ਫ਼ਖ਼ਰ ਸਮਝ ਰਖਿਆ ਹੈ, ਵੀ ਆਪਣੇ ਧਰਮ ਵਿੱਚ ਕਾਇਮ ਨਹੀਂ ਹਨ। ਨਕਲ ਹੀ ਨਕਲ ਪਰਧਾਨ ਹੈ, ਜਿਸ ਦੀ ਮਾਂ ਆਪੋ ਆਪਣੇ ਧਰਮਾਂ ਦਾ ‘ਬੱਜਰ ਤ੍ਰਿਸਕਾਰ` ਹੈ।। ਕਵੀ ਪ੍ਰੋ. ਮਹਿਬੂਬ ਦੇ ਲਫਜ਼ਾਂ ਵਿੱਚ ਉਪਰੋਕਤ ਦੋਵੇਂ ਧਰਮਾਂ ਦੇ ਧਾਰਨੀ ਲੋਕ ਕੀ ਕਰਦੇ ਹਨ:

ਕਾਜ਼ੀ ਜੋਗੀ ਪੰਡਤ ਸੁਣਦੇ, ਹੋ ਹੈਰਾਨ ਵਿਚਾਰੇ

ਸ਼ਰ੍ਹ ਕਰਮ ਵਿੱਚ ਤਪਾਂ ਦੀ ਭੁੱਬਲ, ਖੁਭ ਮਾਰਨ ਫੁੰਕਾਰੇ।

ਸਮੇਂ ਦੇ ਨਾਲ ਝੁਲਸਕੇ ਲਟਕਣ, ਖੰਭ ਧਰਮ ਦੇ ਠੰਢੇ

ਗੂੰਜ ਸੁਣੇ ਰਣਜੀਤ ਦੀ ਪਰਬਲ, ਖੁਣਸ ਖਾਣ, ਮਨ ਹੰਭੇ ੨੫ (੧੧੩)।

ਪੁਸ਼ਤਾਂ ਜਦ ਨੇ ਭੁੱਲਦੀਆਂ, ਵਹੀ ਦੀ ਜ਼ਿੰਦਾ ਤਾਨ

ਸੁਰਤ-ਕਮਾਨ ਤੇ ਜਦੋਂ ਨਾ, ਸ਼ਬਦ ਦੇ ਦੈਵੀ ਤਾਣ

ਥਲਾਂ ਵਿੱਚ ਪਿਰ-ਬਾਗ਼ ਨੂੰ ਭੁਲ ਜਾਣ ਅਸਵਾਰ

ਰਹਿਣ ਕੁਰਾਨ ਦੇ ਹਰਫ਼ ਨਾ, ਪੁਸ਼ਤਾਂ ਦੇ ਦਿਲਦਾਰ

ਬਣ ਜਾਂਦੀ ਪੈਗ਼ੰਬਰੀ, ਸ਼ਾਹਾਂ ਦੇ ਕਾਨੂੰਨ।

ਕੌਮਾਂ ਏਸੇ ਮੋੜ ਤੇ, ਬੇ-ਲਗ਼ਾਮ ਹੋ ਕੂਣ ੨੬ (੧੩੪)

ਭਾਵ ਦੋਵੇਂ ਫਿਰਕੇ ਮੁਸਲਮਾਨ, ਨਬੀ ਦਾ ਦੀਨ ਤੇ ਹਿੰਦੂ, ਆਪੋ ਆਪਣੇ ਧਰਮਾਂ ਦੀ (ਪਹਿਲ-ਤਾਜ਼ਗੀ=) ਅਸਲੀ ਸਿਖਿਆ ਭੁੱਲ ਚੁੱਕੇ ਹਨ। ਦੋੇਵੇਂ ਹਿੰਦੂ ਅਤੇ ਮੁਸਲਮਾਨ ਲੋਕ ਸੱਚੇ ਧਰਮ ਦੀ ਅਸਲੀਅਤ ਤੋਂ ਕੋਰੇ ਅਣਭਿਜ ਤੇ ਹੀਣੇ ਹਨ। ਗੁਰੂ ਜੀ ਦੀ ਤਨਖ਼ਾਹਦਾਰ ਫ਼ੌਜ ਵਿੱਚ ਪੰਜ ਸੌ ਪਠਾਣ ਸਨ। ਤੇ ਪੰਜ ਸੌ ਹੀ ਕੜਾਹ ਖਾਣੇ ਭਗਵੇਂ ਕਪੜਿਆਂ ਵਾਲੇ ਉਦਾਸੀ ਸਾਧੂ ਵੀ ਸਨ। ਪਤਾ ਲਗਦਿਆਂ ਸਾਰ ਕਿ ਭੰਗਾਣੀ ਦਾ ਯੁਧ ਆ ਪਿਆ ਹੈ, ਪਠਾਣ ਪਹਾੜੀਆਂ ਨਾਲ ਜਾ ਰਲੇ ਤੇ ਉਦਾਸੀ ਰਾਤੋ ਰਾਤ ਦੌੜ ਗਏ। ਪਠਾਣਾਂ ਚੋਂ ਕਾਲ਼ੇ ਖਾਂ ਤੇ ਉਦਾਸੀਆਂ ਦਾ ਮਹੰਤ ਕ੍ਰਿਪਾਲ ਦਾਸ ਸਿਦਕ ਚ ਪੂਰੇ ਰਹੇ। ਸੁਰਤਾਂ ਦਬੇਲ ਹੋ ਕੇ ਇੰਨੀਆਂ ਨਿੱਘਰ ਜਾਣ (ਜਾਂ ‘ਬੱਜਰ ਤ੍ਰਿਸਕਾਰ` ਦੀਆਂ ਸ਼ਿਕਾਰ ਹੋਣ) ਦੇ ਅੱਠ ਕਾਰਣ ਕਵੀ ਜੀ ੨੭ (੧੩੪) ਨੇ ਲਿਖੇ ਹਨ: (੧) ਲੋਕ ਆਪਣੇ ਗੁਰਾਂ ਪੀਰਾਂ ਦਾ ਉਪਦੇਸ਼ ਭੁੱਲ ਗਏ ਸਨ। (੨) ਸ਼ਬਦ ਦੇ ਤਾਣ ਦੀ ਸੇਧ-ਹੀਣ ਕੌਮੀ ਦਸ਼ਾ (੩) ਬੇ-ਵਫ਼ਾ ਤੇ ਬਈਮਾਨ, ਧਰਮ ਦੇ ਮੋਹਰੀ ਲੋਕ (ਨੈਣੀ ਸ਼ਰ੍ਹਾ ਦੇ ਕਾਜੀਆਂ, ਰੀਣ ਨ ਲਸੇ ਈਮਾਨ। (੪) ਹਿਰਸ, ਹਸਦ ਦੇ ਉੱਚੇ ਟਿੱਲੇ, ਗੁੰਬਦ ਤੇ ਮੀਨਾਰਾਂ ਉਸਰ ਗਈਆਂ ਸਨ। (੫) ਅਸਵਾਰ (ਦੋਵੇਂ ਰਾਜਨੀਤਕ ਲੀਡਰ ਅਤੇ ਫੌਜ ਦੇ ਸਿਰਕਰਦੇ) ਭਟਕ ਚੁੱਕੇ ਹਨ (ਥਲਾਂ ਵਿੱਚ ਪਿਰ ਬਾਗ਼ ਨੂੰ, ਭੁੱਲ ਜਾਣ ਅਸਵਾਰ) ਆਪਣੇ ਮੁਰਸ਼ਦ ਦੇ ਬਚਨ ਇਨ੍ਹਾਂ ਨੂੰ ਭੁੱਲ ਗਏ ਸਨ ਜਿਸ ਕਰਕੇ ਭਟਕਣ ਹੋਈ ਸੀ। (੬) ਉਦਾਂ ਮੰਦਰਾਂ ਮਸਜਿਦਾਂ ਚ ਕਰਮਕਾਂਡ ਮੁਤਬਾਤਰ ਚਾਲੂ ਰਖਦੇ ਸਨ ਜਿਵੇਂ ਅਜ ਕਲ੍ਹ ਸਾਡੇ ਗੁਰਦੁਆਰਿਆਂ ਚ ਚਲਦਾ ੨੮ ਹੈ। (ਭਾਵੇਂ ਸ਼ਰ੍ਹਾ ਤੇ ਸਜਦਿਆਂ, ਵਿੱਚ ਰਹਿਣ ਸਚਿਆਰ।) (੭) ਇਸ ਕਰਮਕਾਂਡ ਦਾ ਜਨੂੰਨ (ਸਿਖਰ, ਇੰਤਹਾ, ਪਾਗਲਪਨ) ਰੱਬੀ ਬੰਦਿਆਂ ਤੋਂ ਪਰਦਾ ਕਰਦੈ ਭਾਵ ਉਨ੍ਹਾਂ ਨੂੰ ਦੇਖਣ ਤੋਂ ਅਸੱਮਰਥ ਰਹਿੰਦਾ ਹੈ (ਰੱਬ ਦੀ ਜ਼ਾਤ ਤੋਂ, ਪਰਦਾ ਕਰੇ ਜਨੂੰਨ। ਭਾਵੇਂ ਰਹੇ ਉਹ ਰੌਸ਼ਨੀ, ਦਿਸੇ ਨ ਵਿੱਚ ਹਜੂਮ। ਸ. ੧੩੪) ਜਿਵੇਂ ਗੁਰਬਾਣੀ ਦਾ ਫੁਰਮਾਨ ਹੈ: ਬਾਹਰ ਦਿਸੈ ਚਾਨਣਾਂ, ਦਿਲਿ ਅੰਧਿਆਰੀ ਰਾਤ।। (੮) ਫਿਰ, ਦਿਲ ਵਿੱਚ ਧਰਵਾਸ ਨਹੀਂ ਆਉਂਦਾ; ਫਲਸਰੂਪ, ਉਪਰੋਕਤ ਹੁਣੇ ਕਥੇ ਲੋਕ ਬੇ-ਧਰਵਾਸੇ ਜਾਂ ਜੀਅ-ਭਿਆਣੇ ਰਹਿੰਦੇ ਹਨ। ਅਜਿਹੇ ‘ਬੱਜਰ ਤ੍ਰਿਸਕਾਰ` (ਮੁਕੰਮਲ ਬਿ-ਅਦਬੀ) ਦੀ ਗ੍ਰਿਫਤ ਵਿੱਚ ਆਏ ਬੇ-ਲਗਾਮ ਲੋਕਾਂ ਦੇ ਹਜੂਮ ਅਤੇ ਰਾਜਨੀਤਕ ਲੋਕ ਕੀ ਕਰਦੇ ਹਨ? ਹੇਠਾਂ ਕਵੀ ਜੀ ਤਿੰਨ ਨੁਕਤਿਆਂ ਚ ਗੱਲ ਸਮਝਾਉਂਦੇ ਹਨ:

1) ਰਾਜਨੀਤਕ ਲੋਕ ਆਪਣੇ ਬਣਾਏ ਕਾਨੂੰਨਾਂ ਨੂੰ “ਪੈਗ਼ੰਬਰੀ” ਦਾ ਬਣਾਉਟੀ ਨਾਮ ਦੇ ਦਿੰਦੇ ਹਨ (ਬਣ ਜਾਂਦੀ ਪੈਗ਼ੰਬਰੀ, ਸ਼ਾਹਾਂ ਦੇ ਕਾਨੂੰਨ)। ਮਸਲਨ, ਮੋਮੋਠੱਗਣੇ ਸਵਾਂਗ ਬਣਾ ਕੇ ਦੰਭੀ ਲੋਕ ਅਕਾਲ ਤਖਤ ਤੋਂ ਖ਼ਿਲਤਾਂ ਤੇ ਖ਼ਿਤਾਬ ਰਾਜਨੀਤਕ ਲੋਕ ਲੈ ਲੈਂਦੇ ਹਨ, ਅਕਾਲ ਤਖਤ ਦੀ ਜ਼ਾਹਰੀ ਬੁਲੰਦੀ ਦੇ ਹੇਠਾਂ ਖੜਕੇ, ਫੋਟੋ ਖਿਚਵਾ ਲੈਂਦੇ ਹਨ ਆਪਣੀ ਝੂਠੀ ਵਡਿਆਈ ਤੇ ਪਖੰਡ ਨੂੰ ਬਰਕਰਾਰ ਰੱਖਣ ਲਈ, ਕਿਉਂ? ਅਗਾਂਹ ਦੱਸਦੇ ਹਨ:

2) ਪੈਸੇ ਤੇ ਹਿਰਸ ਦੀ ਖ਼ਾਤਰ ਤੇ ਸੁੰਞੇ ਮਨ ਵਿੱਚ ਈਰਖਾ, ਨਫ਼ਰਤ, ਦਵੈਸ਼ ਭਰੀ ਹੁੰਦੀ ਹੈ। ਉਹ ਲੋਕ ਸ਼ੈਤਾਨ ਦੇ ਵਾਹਣ ਬਣੇ ਹੁੰਦੇ ਹਨ ਉਨ੍ਹਾ ਦਾ ਮਨ ਸੁੰਞਾ ਹੁੰਦਾ ਹੈ। ਗੁਰਾਂ ਪੀਰਾਂ ਦੀਆਂ ਪੈੜਾਂ ਦੇ ਨਿਸ਼ਾਨ, ਉਨ੍ਹਾਂ ਰਾਜਨੀਤਕਾਂ ਤੇ ਉਨ੍ਹਾਂ ਦੇ ਸੇਵਕਾਂ ਨੂੰ ਅੰਨ੍ਹੇ ਹੋਇਆਂ ਨੂੰ ਕੁੱਝ ਨਹੀਂ ਦਿਸਦਾ। (ਜ਼ਰ ਦੀ ਹਿਰਸ ਤੇ ਈਰਖਾ, ਮਨ ਸੁੰਞਾ ਭਰਮਾਣ। ਰੇਤ ਦੀ ਛੁਹ ਤੋਂ ਮੇਟਦਾ, ਨਬੀ ਪੈੜ ਸ਼ੈਤਾਨ। ਸ. ੧੩੪)

3) ਅੰਦਰਖਾਤੇ ਮਨੋ-ਮਨੀ ਉਹ ਲੋਕ ਭੈ ਭਰਮ ਦੇ ਮਾਰੇ ਤੇ ਉਦਾਸ ਹੁੰਦੇ ਹਨ।

ਅਜਿਹੀ ਤਰਸਯੋਗ ਹਾਲਤ ਦੇ ਵਕਤਾਂ ਵੇਲੇ ਉਹ ਰਾਜਨੀਤਕ ਲੋਕ ਆਮ ਅਵਾਮ ਨੂੰ ਧੋਖਾ ਦਿੰਦੇ ਹਨ:

ਏਸੇ ਮੋੜ ਤੇ ਗੁਰੂ ਨੂੰ, ਦੇਵਣ ਦਗ਼ਾ ਪਠਾਨ

ਜ਼ਰ ਦੀ ਹਿਰਸ ਤੇ ਈਰਖਾ, ਮਨ ਸੁਞਾ ਭਰਮਾਣ

ਰੇਤ ਦੀ ਛੁਹ ਤੋਂ ਮੇਟਦਾ ਨਬੀ ਪੈੜ ਸ਼ੈਤਾਨ

ਐਪਰ ਲਾਵੇ ਆਇਕੇ, ਮੁੜ ਜਬਰੀਲ ਨਿਸ਼ਾਨ

ਜਦੋਂ ਕਾਫ਼ਲੇ ਆਂਵਦੇ, ਕੋ ਵਿਰਲਾ ਇਨਸਾਨ

ਨਬੀ ਦੇ ਰਾਹ ਨੂੰ ਵੇਖ ਕੇ, ਹਰਿਆ ਕਰੇ ਈਮਾਨ

ਇਉਂ ਹੀ ਕਾਲ਼ੇ ਖਾ ਰਿਹਾ, ਗੁਰ-ਘਰ ਦਾ ਮਹਿਮਾਨ

ਜਗਮਗ ਜਗਮਗ ਕਰ ਰਹੀ, ਜਿਸ ਦੀ ਦੀਨ-ਪਛਾਣ ੨੮ (੧੩੪)।

ਪੰਜ ਸੌ ਉਦਾਸੀਆਂ ਦੀ ਗੁਰੁ ਜੀ ਨਾਲ਼ ਸਿਰਫ ਕੜਾਹ ਖਾਣ ਦੀ ਕੱਚੀ ਸਾਂਝ ਵੀ ਉਸੇ ਵੇਲੇ ਤੜੱਕ ਕਰਕੇ ਟੁੱਟ ਗਈ:

ਹੋਏ ਉਦਾਸੀ-ਪੰਧ ਵੀ, ਨਾ-ਸ਼ੁਕਰੇ ਤੇ ਬਾਂਝ

ਜਦ ਗੁਰ-ਘਰ ਤੇ ਜਾਨ ਦੀ, ਟੁੱਟੀ ਕੱਚੀ ਸਾਂਝ

ਚਾਦਰ ਲੈ ਕੇ ਰਾਤ ਦੀ, ਨੱਸੇ ਚੋਰਾਂ ਵਾਂਗ

ਜਾਪੇ ਮਗਰ ਉਦਾਸੀਆਂ, ਭੈਅ ਦੀ ਪਾਗਲ ਕਾਂਗ

ਬਚਿਆ ਬਸ ਕਿਰਪਾਲ ਸੀ, ਬੁਝੀ ਨਾ ਦਰਸ਼ਨ-ਤਾਂਘ

ਨਾ-ਸ਼ੁਕਰੇ ਇਸ ਜਗਤ ਤੇ, ਪਿਆ ਉਲਾਰੇ ਸਾਂਗ ੨੯ (੧੩੪)।

ਭਾਵੇਂ ਸਿੱਖੀ ਜਾਂ ਤੀਸਰ ਪੰਥ ਦਾ ਹੁਣ ਤੱਕ ਦਾ ਵੱਡਾ ਦਸਤੂਰ ਅਜ਼ਮਾਇਸ਼ ਦਾ ਰਾਹ ਹੀ ਰਿਹਾ ਹੈ ਤੇ ਇੱਕ ਅੱਖਰ ਨੂੰ ਵੀ ਖੰਨਿਅਹੁੰ ਤਿਖੀ ਧਾਰ ਉੱਤੇ ਅਜ਼ਮਾਏ ਬਿਨਾਂ ਪਰਵਾਣ ਨਹੀਂ ਕਰਦਾ। ਕਿਉਂਕਿ ਧਰਤੀ ਧਰਮਸਾਲ ਦਾ ਅਸੂਲ਼ ਹੈ ਕਿ ਹਰੇਕ ਚੀਜ਼ ਨੇ ਆਪਣੇ ਹੋਣ ਦੀ ਪ੍ਰੀਖਿਆ ਦੇਣੀ ਹੈ ੩੦ (ਸ. ਰ. ਖ਼ਾ. ੧੨੮)। ਤੇ ਇਮਤਿਹਾਨ ਚੋਂ ਪਾਸ ਹੋ ਕੇ ਦਿਖਾਲਣਾਂ ਹੈ: ਪਾਸ ਹੁੰਦੇ ਨਾ ਇਮਤਿਹਾਨ ਬਾਝੋਂ। ਸਰੀਰ ਚ ਲੋਭ ਰੱਤ ਨਾ ਹੋਵੇ ਤਾਂ “ਅੰਮ੍ਰਿਤ ਕਾਇਆਂ ਰਹੈ ਸੁਖਾਲੀ” ਮਹੱਲਾ ੧ (ਸਫਾ ੧੫੪-੫ ਗੁ. ਗ੍ਰੰਥ)। ਫੇਰ ਭੀ ਉਪਰੋਕਤ ਦੋਵੇਂ ਜਥੇ ਕਾਇਰਾਂ ਵਾਂਗ ਦੌੜ ਕੇ ਆਪੋ ਆਪਣੇ ਦੀਨ ਨੂੰ ਛੱਡ ਦੁਨੀ ਨੂੰ ਪਿਆਰਾ ਸਾਬਤ ਕਰ ਗਏ ਸਨ। ਪਰ ਉਨ੍ਹਾ ਚੋਂ ਸਿਰਫ ਦੋ ਬੰਦੇ ਪਾਸ ਹੋਏ ਸਨ, ਵਿਰਲੇ ਬੰਦੇ ਹੀ ਸਦਾ ਮਿਤਿਹਾਨਾਂ ਚੋਂ ਪਾਸ ਹੁੰਦੇ ਹਨ। ਇਹ ਸਿੱਖੀ ਦੀ ਦਸ਼ਮੇਸ਼ ਗੁਰਾਂ ਵਲੋਂ ਪਹਿਲੀ ਪਰਖ ਸੀ।

ਜੁੱਧ ਲੜਦਿਆਂ ਜੰਗ ਜਿੱਤ ਕੇ ਜਿਹੜੇ ਸਿਦਕ ਪਾਲ ਗਏ ਅਤੇ ਇਹ ਸਿੱਖੀ ਦੀ ਦੂਜੀ ਪਰਖ ਸੀ ਜਿਸ ਵਾਰੇ ਕਵੀ ਐਉਂ ਲਿਖਦਾ ਹੈ:

ਭੰਗਾਣੀ ਰਣਖੇਤ ਨੂੰ, ਸਾਜ਼-ਸੁਰਾਂ ਦੇ ਵਾਂਗ

ਮੱਲ ਲਿਆ ਸੀ ਸੂਰਿਆਂ, ਲੈ ਸਰ ਤੇਗ਼ਾਂ ਸਾਂਗ।

ਬੁਧੂ ਸੰਗੋ ਸ਼ਾਹ ਨੇ, ਚੜ੍ਹ ਮਾਮੇ ਕਿਰਪਾਲ

ਕਲਗ਼ੀਧਰ ਦਾ ਹੁਕਮ ਹੋ, ਘੇਰ ਲਏ ਤ੍ਰੈ ਕਾਲ।

ਹੋਏ ਪੁੱਤ ਸ਼ਹੀਦ ਸੀ, ਬੁੱਧੂ ਸ਼ਾਹ ਦੇ ਦੋ

ਸੰਗੋ ਸ਼ਾਹ ਤੇ ਜੀਤ ਵੀ, ਤੁਰੇ ਛੋਡ ਜਗ-ਮੋਹ।

ਫਿਰ ਦਸ਼ਮੇਸ਼ ਨੇ ਮਾਰਿਆ, ਹਰੀ ਚੰਦ ਬਲਵਾਨ

ਵਿਚ ਅਲਪ ਅਨੰਤਤਾ, ਲਸਿਆ ਨਵਾਂ ਨਿਸ਼ਾਨ ੩੧ (੧੩੬)।

ਪਾਉਂਟਾ ਸਾਹਿਬ ਤੋਂ ਵਿਛੜਨ ਲਗਿਆਂ ਦੂਜੀ ਪਰਖ ਚੋਂ ਪੀਰ ਬੁੱਧੂ ਸ਼ਾਹ ਜੀ ਪਾਸ ਹੋਏ:

ਪੀਰ ਕਹੇ ਤਕ ਜਮੁਨ ਨੂੰ, “ਦੋ ਪੁੱਤਰ ਗਏ ਦੂਰ

ਜੰਗ ਭੰਗਾਣੀ ਪਾਕ ਦਾ, ਹੈ ਖੇਵਟ ਦਸਤੂਰ ੩੨ (੧੩੯)।

ਪੌਂਟਿਓਂ ਵਾਪਸ ਅਨੰਦ ਪੁਰ ਨੂੰ ਤੁਰੇ ਹਨ:

ਧੌਂਸੇ ਨਾਲ ਦੂਰ ਪਰਵਾਜ਼ਾਂ, ਆਉਣ ਕਹਿਕਸ਼ਾਂ ਤਰ ਕੇ

ਪੁਰੀ ਅਂਨੰਦ ਦੇ ਦਿਲ ਤੇ ਸੁੱਤੇ ਤੇ, ਤਰਬ ਅਕਹਿ ਆ ਧੜਕੇ ੧੭ (ਸ. ੧੪੧) ੱ।

ਗਲੀ ਗਲੀ ਸਾਢੌਰੇ ਦੀ ਵਿਚ, ਸਦ ਰਣਜੀਤ ਜਾਂ ਦਿੱਤੀ

ਪੀਰ ਕਿਹਾ: ਇਸਲਾਮ ਦੀ ਬਾਜ਼ੀ, ਆਲਮਗ਼ੀਰ ਨਾ ਜਿੱਤੀ

ਸੱਚ ਮਨਜ਼ੂਰ ਹੋਏ ਜਿਸ ਛਿਣ ਤੇ, ਓਹੀ ਜਿੱਤ ਸੁਹਾਣੀ

ਭਾਵੇਂ ਵਿੱਚ ਕਰਬਲਾ ਹੋਵੇ, ਭਾਵੇਂ ਵਿੱਚ ਭੰਗਾਣੀ। ੩੩ (੧੪੩)।

ਹੁਣ ਤੀਜੀ ਪਰਖ ਪਹਾੜੀਆਂ ਅਤੇ ਪਹਾੜਨਾਂ ਦੀ ਹੋਈ। ਪਹਾੜਨਾਂ ਨੂੰ ਗੁਰੂ ਜੀ ਤੇ ਜ਼ਰਾ ਦੀ ਜ਼ਰਾ ਸ਼ਰਧਾ ਉਪਜੀ ਪਰ ਉਹ ਵੀ ਥੋੜ੍ਹਾ ਚਿਰ ਰਹੀ, ਚਿਰ ਸਥਾਈ ਨਾ ਬਣ ਸਕੀ। ਕਿਉਂਕਿ ਕਵੀ ਦੱਸਦਾ ਹੈ:

ਚਾਏ ਕੰਤ ਪਹਾੜਨਾ, ਛੁਹ ਬਖ਼ਸ਼ਿਸ਼ ਦੇ ਨੂਰ

ਕੁਝ ਹੀ ਛਿਣ ਪਰ ਦਿਲਾਂ ਤੇ, ਰਹੀ ਵਰਸਦੀ ਭੂਰ।

ਤਾਜਵਰਾਂ ਰਣ-ਸੁਤਿਆਂ, ਕੋਲ ਨ ਲੰਮੇ ਤਾਣ

ਹਰੀ ਸ਼ਾਖ ਦੇ ਸੁਪਨ ਨੂੰ, ਧੁਰ ਤੱਕ ਕਿਵੇਂ ਲਿਜਾਣ? ੩੪ (ਸ. ੧੩੭)

ਭਾਵ ਬੜਾ ਸਪਸ਼ਟ ਹੈ ਕਿ ਉਨ੍ਹਾਂ ਦੀਆਂ ਆਤਮਾਵਾਂ ਵਿੱਚ ਸੱਚ ਹੱਕ ਜਾਂ ਸੱਚੇ ਰੱਬ ਦੀ ਭਜਨ ਬੰਦਗੀ ਦੇ ਪਰਤਾਪ ਦਾ ਲੰਮਾ ਤਾਣ ਨਹੀਂ ਸੀ ਜਿਸ ਕਰਕੇ ਸਿਦਕ ਦੀ ਬੇੜੀ ਨਹੀਂ ਚੜ੍ਹ ਸਕੇ। ਗੁਰੂ ਜੀ ਉਪਰ ਸ਼ਰਧਾ ਝਲਕ ਵਾਂਗ ਆਈ ਤੇ ਜਾਂਦੀ ਨੂੰ ਸਮਾਂ ਨਹੀਂ ਲੱਗਾ। ਇਸ ਲਈ ਪਹਾੜੀਏ ਪਹਾੜਨਾਂ ਅਜ਼ਮਾਇਸ਼ ਚੋਂ ਫੇਲ਼੍ਹ ਹੋ ਗਏ। ਉਨ੍ਹਾਂ ਵਕਤ ਖੁੰਝਾ ਦਿੱਤਾ: “ਗਏ ਸਹੰਸ ਪਹਾੜੀਏ, ਬੇ-ਰਾਹ ਕਾਲ ਚ ਖੋ” (ਸ. ੧੯੭)।

ਅਨੰਦ ਪੁਰ ਵਿਖੇ ਪੰਜ ਕਿਲ੍ਹੇ ਗੁਰਾਂ ਨੇ ਸਾਜੇ ਸਨ। ਸਿੱਖਾਂ ਨੂੰ ਪੰਜ ਕਕਾਰ ਦੀ ਵਰਦੀ ਦੀ ਬਖ਼ਸ਼ਿਸ਼ ਹੋਈ। ਹੋਰ ਕੌਤਕਾਂ ਸਮੇਤ ਗੁਰਾਂ ਨੇ ਸਮਝਾਇਆ ਕਿ ਉਨ੍ਹਾਂ ਦੀ ਤੇਗ਼ ਕੀ ਹੈ:

ਕਹਿਣ: “ਮਿਰੀ ਤੇਗ਼ ਹੈ ਪੱਤਣ, ਗੁਰੂ-ਖੇਵਟਾਂ ਸੰਦਾ

ਦਿਸ਼ਾ, ਕਾਲ, ਗਗਨ ਲੰਘ ਆਵਣ, ਜਦ ਨਿੱਜ ਕੌਲ ਪੁਗੰਦਾ ੩੫ (੧੭੪)।

ਹੁਣ ਚੌਥੀ ਪਰਖ ਦੀ ਅਜ਼ਮਾਇਸ਼ ਦਾ ਵਕਤ ਆਣ ਪਹੁੰਚਾ ਤਾਂ ਕੇਸ ਗੜ੍ਹ ਨੀਲਾ ਤੰਬੂ ਤਣ ਗਿਆ:

ਕੇਸ ਗੜ੍ਹ ਦਾ ਨੀਲਾ ਤੰਬੂ, ਤਰਕੇ ਤਲੇ ਅਕਾਸ਼ਾਂ

ਚਾਅ ਭਰੇ ਮੇਲੇ ਦੇ ਤਨ ਮਨ, ਛੁਹਣ ਅਕੱਥ ਪਿਆਸਾਂ ੩੬ (੧੭੬)।

ਰਾਜ਼ ਗ਼ੈਬ ਦੇ ਸਭ ਵਿਸਮਾਦੀ, ਬਗ਼ਲਗੀਰ ਸੰਗ ਤੰਬੂ

ਵੇਈਂ ਤੋਂ ਪਟਨੇ ਦਾ ਪੈਂਡਾ, ਤੰਦ ਤੰਦ ਨੂੰ ਰੰਗੇ ੩੭ ((੧੭੭)

ਤੰਬੂ ਦਾ ਸੀ ਰਾਜ਼ ਅਲੌਕਿਕ, ਮਹਾਂ ਇਕੱਲ ਚ ਪਰਬਲ

ਹੜ੍ਹ ਸੰਗਤ ਦੇ ਦਿਲ ਵਿੱਚ ਵੱਜੇ, ਸਗਲਾ ਗਗਨ ਨਗਾਰਾ ੩੮ (੧੭੮)।

ਭੇਤ-ਭਰੇ ਤੰਬੂ ਦੇ ਸਾਵ੍ਹੇ, ਜਾਪੇ ਪੰਚ ਸੁਆਲੀ

ਹੱਥ ਅਦਿੱਖ ਛੁਹਾਵੇ ਇਸ ਤੇ, ਆਣ ਜੁਗਾਂ ਦਾ ਵਾੱਲੀ ੩੯ (੧੭੮)।

ਪੈਗ਼ੰਬਰਾਂ ਦੇ ਸਰਦਾਰ ਨੇ ਜਗਤ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ:

ਅੰਮ੍ਰਿਤ ਬਾਟੇ ਦੇ ਵਿੱਚ ਖੰਡਾ, ਗੁਰ ਦਸ਼ਮੇਸ਼ ਹਿਲਾਵਣ

ਤਬਕਾਂ ਤੇ ਮਿਜ਼ਰਾਬ ਫਿਰੇ ਜਿਉਂ! ਸੁਰ ਅਨੰਦੁ ਇਉਂ ਗਾਵਣ ੪੦ (੧੮੫)।

ਤੇਗ਼ ਦੇ ਪੱਤਣ ਤੇ ਹੇਠ ਲਿਖੇ ਪੰਜ ਪਿਆਰੇ ਨਿੱਤਰੇ ਤੇ ਸੁੱਚੀ ਪਰਖ ਚੋਂ ਸਾਬਤ-ਕਦਮੀ ਪਾਸ ਹੋਏ ਕਿਉਂਕਿ ਉਨ੍ਹਾਂ ਤੇਗ਼ ਦੇ ਡੂੰਘੇ ਰਾਜ਼ ਪਛਾਣ ਲਏ ਸਨ:

ਦਯਾ, ਧਰਮ, ਹਿੰਮਤ ਤੇ ਮੁਹਕਮ, ਸਾਹਿਬ ਜ਼ਿੰਦ ਅਜ਼ਮਾਈ

ਫੜੇ ਅਛੁਹ, ਅਣਤੱਕੇ ਦਾਮਨ, ਪ੍ਰੇਮ-ਨਦਰ ਲਹਿਰਾਈ ੪੧ (੧੭੫)

ਪੰਜ ਪਿਆਰੇ ਜਿਵੇਂ ਪਛਾਣਨ, ਰਾਜ਼ ਤੇਗ਼ ਦੇ ਡੂੰਘੇ

ਗੁਰੂ ਸ਼ਬਦ ਇਉਂ ਸਿੰਘ ਸੰਞਾਣੇ, ਬੇਮੁਖ ਹੋ ਨ ਊਂਘੇ ੪੨ (੧੭੭)।

ਪੰਜਵੀਂ ਪਰਖ ਚ ਗੁਰੂ ਜੀ ਆਪ ਆਂਉਂਦੇ ਹਨ ਜਦ ਉਹ ਅੰਮ੍ਰਿਤ ਮੰਗਦੇ ਹਨ: “ਪੰਜ ਤੋਂ ਮੰਗਣ ਭੀਖ” ਤੇ ਪੰਜ ਪਿਆਰਿਆਂ ਦਾ ਪਹਿਲਾ ਸਿੱਖ ਦਸਵਾਂ ਪਾਤਸ਼ਾਹ ਆਪ ਬਣਦਾ ਹੈ, ਤੇ ਪੈਗ਼ੰਬਰੀ ਪਰਖ ਚੋਂ ਪਾਸ ਹੁੰਦੇ ਹਨ:

ਗੁਰ ਦੇਵਣ ਆਵਾਜ਼, “ਅੰਮ੍ਰਿਤ ਮੰਗਦਾਂ

ਪੰਜਾਂ ਨੂੰ ਦਿਲ-ਰਾਜ਼, ਬਖ਼ਸ਼ ਤਰੰਗਦਾਂ” ੪੩ (੧੮੮)।

ਇਵੇਂ ਹੀ ਗੁਰਾਂ ਨੇ ਹੋਰ ਅਨੇਕਾਂ ਸਿੱਖਾਂ, ਸੇਵਕਾਂ, ਸ਼ਹੀਦਾਂ, ਮੁਰੀਦਾਂ, ਜੰਗੀ ਯੋਧਿਆਂ ਤੇ ਸਾਧਕਾਂ ਦੀ ਅਜਮਾਇਸ਼ ਕੀਤੀ ਦਾ ਉਨ੍ਹਾਂ ਦੇ ਬਾਕੀ ਦੇ ਜੀਵਨ ਬ੍ਰਿਤਾਂਤ ਤੋਂ ਪਤਾ ਚਲਦਾ ਹੈ, ਜਿਹੜਾ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੁਆਰਾ ‘ਇਲਾਹੀ ਨਦਰ ਦੇ ਪੈਂਡੇ`, ਜਿਲਦ ਚੌਥੀ ਦੇ ੫੩੫ ਸਫਿਆਂ ਵਿਖੇ ਕਾਵਿ ਆਵੇਸ਼ ਦਾ ਜਾਮਾ ਪਹਿਨ ਚੁਕਾ ਹੈ।

ਭਵਿਖ ਵਿਚ, ਅਜਮਾਇਸ਼ ਚੋਂ ਸਹੀ ਸਲਾਮਤ ਕਾਮਯਾਬ ਹੋਣ ਲਈ ਗੁਰੁ ਗੋਬਿੰਦ ਸਿੰਘ ਜੀ ਨੇ ਬਾਨ੍ਹਣੂੰ ਪੂਰਾ ਬੰਨ੍ਹਿਆਂ ਹੋਇਆ ਹੈ, ਕਿਉਂਕਿ ਗੁਰਾਂ ਦੀ ਪੈਗ਼ੰਬਰੀ ਬਜ਼ੁਰਗੀ ਲਾ-ਮਿਸਾਲ ਹੈ। ਉਨ੍ਹਾਂ ਆਪਣੀ ਇਲਾਹੀ ਜੋਤ ਸ੍ਰੀ ਗੁਰੁ ਗ੍ਰੰਥ ਵਿੱਚ ਧਰ ਕੇ ਪਾਵਨ ਬੀੜ ਨੂੰ ਸਿੱਖਾਂ ਦਾ ਜੁਗੋ ਜੁਗ ਅਟੱਲ ਗੁਰੁ ਥਾਪ ਦਿੱਤਾ। ਇਵੇਂ ਜਿਥੇ ਪਾਵਨ ਬੀੜ ਗੁਰੁ ਜੀ ਦੀ ਪੈਗ਼ੰਬਰੀ ਬਜ਼ੁਰਗੀ ਦਾ ਸੂਰਜ ਬਲਦਾ ਰਖੇਗੀ, ਉਥੇ ‘ਬਿਪਰ-ਸੰਸਕਾਰ` (ਬ੍ਰਾਹਮਣ ਦੀ ਰਾਜਨੀਤਕ, ਧਾਰਮਿਕ, ਸਮਾਜਿਕ, ਕੂਟਨੀਤਕ ਸਰਦਾਰੀ, ਦੋਵੇਂ ਸ਼ਖਸੀ ਤੇ ਪੰਥਕ ਰੂਪ ਵਿੱਚ ਕਬੂਲੀ ਗ਼ੁਲਾਮੀ ਤੇ ਗੁਰਾਂ ਦੀ ਸਿੱਖੀ ਛੱਡ ਕੇ ਬ੍ਰਾਹਮਣੀ ਅਸਰ ਥੱਲੇ ਲੱਗ ਕੇ ਜੀਵਨ ਜੀਊਣਾ) ਤੋਂ ਸਿੱਖ ਕੌਮ ਨੂੰ ਬਚਾਵੇਗੀ। ਤੇ ਜਦੋਂ ਜਦੋਂ ਵੀ ਬਿਪਰ-ਸੰਸਕਾਰ ਛਿਦ੍ਰ ਪੈਦਾ ਕਰੇਗਾ ਜਾਂ ‘ਸਿੱਖ ਰਹਿਤ ਮਰਯਾਦਾ` ਵਿੱਚ ਖ਼ਲਲ ਪਾਏਗਾ ਤਾਂ ਵੀ ਗੁਰੁ ਗ੍ਰੰਥ ਦੇ ਫ਼ਰਮਾਨ ਚੋਂ ‘ਸਿੱਖ ਰਹਿਤ ਮਰਯਾਦਾ` ਉਜਾਗਰ ਹੋਵੇਗੀ। ਗੁਰੂ ਜੀ ਦਾ ਨਿਸ਼ਾਨਾ ਸਿਰਫ ਤਾਂ ਹੀ ਮੂਰਤੀਮਾਨ ਜਾਂ ਸਾਕਾਰ ਹੋਵੇਗਾ ਜੇ ਸਿੱਖ ਕੌਮ ਆਪਣੇ ਅੰਦਰ ਘਰ ਕਰ ਚੁਕੇ “ਬਿਪਰ ਸੰਸਕਾਰ” ਦੀ ਜੜ੍ਹ “ਸਲਾਮ ਜਵਾਬ ਦੋਵੈ ਕਰੇ” ੪੪ ਵਾਲੇ “ਬੱਜਰ ਤ੍ਰਿਸਕਾਰ” (ਜਾਂ ਮੁਕੰਲ ਬਿ-ਅਦਬੀ) ਦੀ ਕਰਮਕਾਂਡੀ ਮਾਰ (ਦੇਖੋ: ਸਹਿਜੇ ਰਚਿਓ ਖ਼ਾਲਸਾ (੧੯੮੮), ਸਫਾ ੨੫੧-੨੫੩) ਤੋਂ ਬਚ ਕੇ ਅਸਲ ਅਰਥਾਂ ਚ ਸਿੱਖੀ ਨੂੰ ਕਮਾਵੇਗੀ। ਚੇਤਾ ਰਹੇ, ਇਹ ‘ਬਿਪਰ ਸੰਸਕਾਰ` (ਬ੍ਰਾਹਮਣ ਦਾ ਰੋਅਬ, ਦਬਦਬਾ ਤੇ ਫੋਕਾ ਕਰਮਕਾਂਡ) ਹੀ ਹੈ ਜਿਹੜਾ ਅਜਮਾਇਸ਼ ਚੋਂ ਸਿੱਖਾਂ ਨੂੰ ਵਾਰ ਵਾਰ ਫੇਲ੍ਹ ਕਰਦਾ ਹੈ। ੧੯੪੭ ਈ. ਚ ਅੱਧੀ ਸਿੱਖ ਕੌਮ ਜਾਅਲੀ ਕੌਮੀ-ਲੀਡਰਾਂ ਦੇ ਰੂਪ ਚ ਬਿਪ੍ਰ ਸੰਸਕਾਰ ਨੇ ਮਰੁਆ ਦਿੱਤੀ, ਰਹਿੰਦੀ ਅੱਧੀ ੧੯੮੪ ਈ: ਚ ਅਕਾਲ ਤਖਤ ਦੀ ਜੰਗ ਤੋਂ ਬਾਦ ਦੇ ਲਾਲਚੀ ਮਾਨਸਿੱਕਤਾ ਵਾਲੇ ਰਸਗੁਲ-ਖਾਣੇ, ਜੂਸ-ਪੀਣੇ ਧੂਸ ਲੀਡਰਾਂ ਨੇ ‘ਓਪਰੇਸ਼ਨ ਵੁੱਡਰੋਜ਼` ਮਾ-ਤਹਿਤ ਹੋ ਕੇ ਮਰੁਆ ਦਿੱਤੀ ਜਿਹਦੇ ਅੰਕੜੇ ਅਤੇ ਅਸਲੀਅਤ ਤੁਹਾਡੇ ਸਾਹਮਣੇ ਹੀ ਹਨ।

ਕਵੀ ਜੀ ਨੂੰ ਅਜੇ ਵੀ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਇਸ ਲਈ ਪੜ੍ਹੋ, ਅੰਤ ਵਿਚ, ਉਨ੍ਹਾਂ ਦੇ ਆਪਣੇ ਵਚਨ: “ਜਦੋਂ ਖ਼ਾਲਸਾ ਪੰਥ ਦੇ ਸਿਦਕ ਨੂੰ ਢਾਹ ਲੱਗੇਗੀ, ਦਿਲ ਡੋਲੇਗਾ, ਆਦਰਸ਼ ਟੁੱਟਣਗੇ ਤੇ ਇਕੱਲ ਵਿੱਚ ਖੜੇ ਬੇ-ਧਰਵਾਸੇ ਦੀਆਂ ਅੱਖਾਂ ਭਰਣਗੀਆਂ” ਤਾਂ, ਪ੍ਰੋ. ਹਰਿੰਦਰ ਸਿੰਘ ਮਹਿਬੂਬ ਕਹਿੰਦੇ ਹਨ (ਸਫਾ ੩੫੪ ਸਹਿਜੇ ਰਚਿਓ ਖ਼ਾਲਸਾ; ੧੯੮੮) ਕਿ “ਗੁਰੂ ਗ੍ਰੰਥ ਸਾਹਿਬ ਦੀ ਗੁਰੂ-ਲਿਵ ਉਸ ਦੇ ਗੁਆਚੇ ਆਤਮਕ ਸਿੰਘਾਸਣ ਨੂੰ ਮੁੜ ਨਿਹਚਲ ਆਸਣ ਵਿੱਚ ਬਦਲ ਦੇਵੇਗੀ, ਪਿਤਾ ਧਰਵਾਸ ੪੫ ਪਰਤੇਗਾ ਤੇ ਚੜ੍ਹਦੀ ਕਲਾ ਦਾ ਡੰਕਾ ਵਜੇਗਾ”। ਫਲ ਸਰੂਪ ਸਿੱਖੀ, ਅਜਮਾਇਸ਼ ਚੋਂ ਇੱਕ ਵਾਰ ਫਿਰ ਪਾਸ ਹੋਵੇਗੀ।

ਸਿੱਖ ਕੌਮ ਦੇ ਦੇਸਾਂ ਪ੍ਰਦੇਸਾਂ ਵਿਖੇ ਲੀਡਰੀ ਦਾ ਫੋਕਾ ਢੌਂਗ ਰਚਦੇ ਅਜੋਕੇ ਮਖੌਟੇਧਾਰ ਲੀਡਰਾਂ ਦਾ ਕੋਈ ਭਰੋਸਾ ਨਹੀਂ, ਉਹ ਭਾਵੇਂ ਫੇਰ ਵੀ ਫੇਲ੍ਹ ਹੀ ਹੋਣ।

ਅਮਰੀਕ ਸਿੰਘ ਧੌਲ
.